Saoopuna (Punjabi Essay) : Principal Teja Singh

ਸਾਊਪੁਣਾ (ਲੇਖ) : ਪ੍ਰਿੰਸੀਪਲ ਤੇਜਾ ਸਿੰਘ

ਸਾਊ ਉਹ ਹੈ ਜੋ ਸੋਹਣਾ ਵਰਤੇ। ਅੰਗਰੇਜ਼ੀ ਦੇ ਲਫਜ਼ "ਜੈਂਟਲਮੈਨ" ਵਾਂਗ "ਸਾਊ" ਸ਼ਬਦ ਦੇ ਅਰਥ ਭੀ ਬਦਲਦੇ ਆਏ ਹਨ। ਪਹਿਲਾਂ ਪਹਿਲ ਇਹ ਲਫ਼ਜ਼ ਸਮਾਜਕ ਜਾਂ ਖ਼ਾਨਦਾਨੀ ਵਡਿਆਈ ਦਾ ਵਾਚਕ ਸੀ। ਸਾਊ ਜਾਂ ਰਾਠ ਉਹ ਲੋਕ ਹੁੰਦੇ ਸਨ, ਜਿਹੜੇ ਰਾਜੇ ਦੇ "ਸਾਥੀ" ਹੋਣ, ਰਾਜ ਦਰਬਾਰ ਜਾਂ ਜੰਗ ਵਿਚ ਸ਼ਾਮਿਲ ਹੋ ਕੇ ਉਸ ਦਾ ਸਾਥ ਦੇਣ, ਜਿਹੜੇ ਆਮ ਲੋਕਾਂ ਵਾਂਗ ਮਿਹਨਤ ਮਜ਼ੂਰੀ ਕਰ ਕੇ ਪੇਟ ਪਾਲਣ ਦੀਆਂ ਲੋੜਾਂ ਤੋਂ ਉਤੇ ਹੋਣ। "ਨਾਈਆਂ ਦੀ ਜਿੰਦ ਸਭ ਸਾਊ" ਦੇ ਅਖਾਣ ਵਿਚ ਇਸੇ ਵੰਡ ਵੱਲ ਇਸ਼ਾਰਾ ਹੈ। ਸਾਊ ਲੋਕ "ਭੁਈਂ ਨਹੀਂ ਦੇ ਸਾਈਂ" ਹੁੰਦੇ ਸਨ, ਚੰਗਾ ਖਾਂਦੇ ਤੇ ਸੋਹਣਾ ਹੰਢਾਦੇ ਸਨ। ਉਨ੍ਹਾਂ ਦੇ ਜੁੱਸੇ ਮੱਖਣਾਂ ਦੇ ਪਲੇ ਹੋਏ ਸੋਹਣੇ ਸੁਡੌਲ ਤੇ ਤਿੱਖੇ ਹੁੰਦੇ ਸਨ। ਜੇਡਾ ਸਿਰ ਤੇਡੀ ਸਿਰ ਪੀੜਾ ਦਾ ਅਖਾਣ ਦੱਸਦਾ ਹੈ ਕਿ ਸਿਰ ਸਾਊਆਂ ਦੇ ਵੱਡੇ ਹੁੰਦੇ ਸਨ ਅਤੇ ਉਨ੍ਹਾਂ ਉਤੇ ਉੱਨੀਆਂ ਹੀ ਵੱਡੀਆਂ ਪੱਗਾਂ। ਉਹਨਾਂ ਦਾ ਪਰਿਵਾਰ ਠੁਕ ਅਬਰੋ ਵਾਲਾ ਤੇ ਆਪ ਲੋਕਾਂ ਲਈ ਨਮੂਨੇ ਦਾ ਕੰਮ ਦਿੰਦਾ ਸੀ। ਖਾਸ ਕਰਕੇ ਉਨ੍ਹਾਂ ਦੇ ਬੋਲ ਮਿੱਠੇ, ਕੋਮਲ ਤੇ ਸੱਭਿਅਤਾ ਵਾਲੇ ਹੁੰਦੇ ਸਨ। ਉਨ੍ਹਾਂ ਨੂੰ ਮੌਕੇ ਸਿਰ ਪਹਿਲੀ ਗੱਲ ਆਖਣ ਦੀ ਜਾਚ ਆਉਂਦੀ ਸੀ। ਚਾਲ ਢਾਲ ਵਿਚ ਬਿਨਾਂ ਹੈਂਕੜ ਦੇ ਗੰਭੀਰ, ਅਝੱਕ ਹੋਣ ਦੇ ਬਾਵਜ਼ੂਦ ਨਿੰਮੀ ਨਿੰਮੀ ਲੱਜਾ ਵਾਲੇ ਤੇ ਹੋਛੇ ਦਿਖਾਵੇ ਤੋਂ ਬਿਨਾਂ ਉਦਾਰ-ਚਿੱਤ ਤੇ ਮਿੱਤਰਾਨਾ ਸਲੂਕ ਵਾਲੇ ਹੁੰਦੇ ਸਨ। ਆਪਣੀ ਅਣਖ ਉਤੇ ਮਰ ਮਿਟਣਾ, ਬਾਂਹ ਫੜੀ ਦੀ ਲਾਜ ਰੱਖਣੀ, ਬਚਨ ਦਾ ਪੱਕਾ ਹੋਣਾ, ਔਕੜ ਦੇ ਵੇਲੇ ਢੇਰੀ ਨਾ ਢਾਹ ਬਹਿਣਾ, ਬਲਕਿ ਖਿੜੇ ਮੱਥੇ ਹੌਂਸਲੇ ਨਾਲ ਮੁਸੀਬਤ ਦਾ ਟਾਕਰਾ ਕਰਨਾ ਇਹ ਉਨ੍ਹਾਂ ਦੇ ਗੁਣ ਹੁੰਦੇ ਸਨ। ਇਨ੍ਹਾਂ ਦੇ ਉਲਟ ਅਸਾਊ ਜਾਂ ਕੰਮੀਂ ਲੋਕਾਂ ਦਾ ਖਾਸ ਔਗੁਣ "ਕਮੀਨਗੀ" ਹੁੰਦਾ ਸੀ, ਜਿਸ ਵਿਚ ਨੀਚਤਾ, ਕਾਇਰਤਾ, ਹੋਛਾਪਣ, ਤੰਗਦਿਲੀ, ਨਿਲੱਜਤਾ, ਸੰਗਾਉਣਾ, ਅਵੈੜ, ਮੋਟੀ ਠੁੱਲ੍ਹੀ ਤੇ ਹਰ ਤਰ੍ਹਾਂ ਦਾ ਕੋਝ ਸ਼ਾਮਿਲ ਸੀ।

ਜਿਉ -ਜਿਉਂ ਸਮਾਜ ਦੀ ਬਣਤਰ ਬਦਲਦੀ ਗਈ ਅਤੇ ਖਾਸ-ਖਾਸ ਵਿਹਲੀਆਂ ਜਮਾਤਾਂ ਦੀ ਥਾਂ ਆਮ ਲੋਕਾਂ ਦੀ ਕਦਰ ਵੱਧਦੀ ਗਈ, ਊਚ-ਨੀਚ ਦਾ ਭਾਵ ਨਸਲੀ ਜਾਂ ਖਾਨਦਾਨੀ ਵਿਤਕਰੇ ਉਤੇ ਨਿਰਭਰ ਹੋਣ ਲੱਗਾ, ਤਿਉਂ-ਤਿਉਂ ਸਾਊਪੁਣਾ ਭੀ ਸ਼ਖਸੀ ਗੁਣਾਂ ਲਈ ਵਰਤੀਣ ਲੱਗਾ। ਹੁਣ ਇਹ ਗੁਣ ਨਿਰੀਆਂ ਉੱਚੀਆਂ ਜਾਤੀਆਂ ਵਿਚ ਹੀ ਨਹੀਂ ਵੇਖਿਆ ਜਾਂਦਾ ਬਲਕਿ ਸਧਾਰਨ ਲੋਕਾਂ ਵਿਚ ਵੀ ਮਿਲਦਾ ਹੈ। ਇਸੇ ਦਾ ਨਾਮ ਸ਼ਰਾਫ਼ਤ, ਭਲਮਣਸਾਊ, ਬੀਬਾਪੁਣਾ ਹੈ।

ਇਸ ਗੁਣ ਦੀ ਅੱਜਕੱਲ ਖਾਸ ਲੋੜ ਹੈ। ਲੋਕਾਂ ਵਿਚੋਂ ਭਾਵੇਂ ਨਸਲੀ ਵਿਤਕਰੇ ਘੱਟ ਰਹੇ ਹਨ, ਪਰ ਹੋਰ ਕਈ ਤਰ੍ਹਾਂ ਦੇ ਵਖੇਵੇਂ ਦਮਾਗੀ ਤੇ ਸਮਾਜਕ ਉਨਤੀ ਅਵੁਨਤੀ ਦੇ ਕਾਰਣ ਵੱਧ ਰਹੇ ਹਨ। ਪੜ੍ਹਿਆਂ ਹੋਇਆਂ ਦੀ ਅਨਪੜ੍ਹਾਂ ਨਾਲ ਅਮੀਰਾਂ ਦੀ ਗਰੀਬਾਂ ਨਾਲ ਅਤੇ ਧਰਮ ਦੇ ਠੇਕੇਦਾਰਾਂ ਦੀ ਆਮ ਖੁਲ੍ਹ ਖਿਆਲੀਆਂ ਤੇ ਖੁਲ੍ਹ ਵਰਤੀਆਂ ਨਾਲ ਖਹਿ-ਮਖਹਿ ਬਣੀ ਰਹਿੰਦੀ ਹੈ। ਇਸ ਟਾਕਰੇ ਵਿਚ ਹਰ ਵਕਤ ਇਹ ਖ਼ਤਰਾ ਰਹਿੰਦਾ ਹੈ ਕਿ ਇਕ ਧਿਰ ਦੂਜੀ ਧਿਰ ਨਾਲ ਵਰਤਦਿਆਂ ਸਭਿੱਤਾ ਦੇ ਪੈਂਤੜੇ ਤੋਂ ਥਿੜਕ ਜਾਏ।

ਫਿਰ ਜ਼ਿੰਦਗੀ ਦੀ ਦੋੜ ਭੱਜ ਰੋਜ਼ੀ ਕਮਾਉਣ ਦੀ ਹਫੜਾ-ਦਫੜੀ ਇੰਨੀ ਵੱਧ ਗਈ ਹੈ ਕਿ ਇਸ ਖੇਡ ਵਿਚ ਸਾਊਪੁਣੇ ਦੇ ਨੇਮ ਪਾਲਣੇ ਔਖੇ ਹੋ ਜਾਂਦੇ ਹਨ। ਪਰ ਇਕ ਆਦਮੀ ਆਪਣਾ ਹੀ ਕੰਮ ਸਾਰਨਾ ਚਾਹੁੰਦਾ ਹੈ ਤੇ ਹੋਰਨਾਂ ਤੋਂ ਅਗਾਂਹ ਲੰਘ ਕੇ ਛੇਤੀ ਹੀ ਕਾਮਯਾਬੀ ਦਾ ਮੂੰਹ ਦੇਖਣਾ ਚਾਹੁੰਦਾ ਹੈ। ਇਸ ਉਤਾਵਲ ਵਿਚ ਕਦੀ ਵੇਰ ਸ਼ਰਾਫ਼ਤ ਦਾ ਪੱਲਾ ਹਥੋਂ ਛੜਕ ਜਾਂਦਾ ਹੈ।

ਅੱਜਕੱਲ ਲੋਕਾਂ ਵਿਚ ਸਵੈਮਾਨਤਾ ਦਾ ਇਕ ਗਲਤ ਖਿਆਲ ਘਰ ਕਰ ਗਿਆ ਹੈ। ਉਹ ਹੈ ਆਪਣੀ ਪੁਜੀਸ਼ਨ ਕਾਇਮ ਰੱਖਣ ਦੀ ਹੈਂਕੜ। ਅੱਗੇ ਲੋਕਾਂ ਨੂੰ ਖਿਆਲ ਹੁੰਦਾ ਸੀ ਕਿ ਹਾਏ ਸਾਡਾ ਨੱਕ ਨਹੀਂ ਰਹਿੰਦਾ। ਹੁਣ ਉਸ ਦੀ ਥਾਂ ਪਦਵੀ ਦੇ ਵਿਖਾਵੇ ਨੇ ਮਲ ਲਈ ਹੈ। ਗੱਡੀ ਦੇ ਡੱਬੇ ਵਿਚ ਕੋਲ ਬੈਠਾ ਮੁਸਾਫਰ ਤੇਹ ਨਾਲ ਜਾਂ ਬੀਮਾਰੀ ਨਾਲ ਤੜਫ ਰਿਹਾ ਹੋਵੇ, ਪਰ ਬਾਬੂ ਹੋਰੀਂ ਉਸ ਨਾਲ ਣਗੇ ਭੀ ਨਹੀਂ ਕਿਉਂਕਿ ਉਸ ਨਾਲ ਜਾਣ-ਪਛਾਣ ਨਹੀਂ ਕਰਾਈ ਗਈ। ਮਿੱਟੀ ਵਿਚ ਰੁਲਦੇ ਫਟੜ ਨੂੰ ਮੋਢੇ ਤੇ ਚੁਕ ਕੇ ਹਸਪਤਾਲ ਪੁਚਾਣ ਲਈ ਕੋਈ ਮੈਲੇ ਕਪੜਿਆਂ ਵਾਲਾ ਮਜ਼ਦੂਰ ਨਿਤਰ ਪਵੇ ਤਾਂ ਨਿਤਰੇ, ਪਰ ਇਹ ਕੰਮ ਬੂਟ ਸੂਟ ਪਹਿਨੇ ਹੋਏ ਜੈਂਟਲਮੈਨ ਕੋਲੋਂ ਨਹੀਂ ਹੋਣਾ, ਕਿਉਂਕਿ ਇਉਂ ਕਰਨ ਨਾਲ ਉਸ ਦੀ ਪੈਂਟ ਦੀ ਭਾਨ ਵਿੰਗੀ ਹੋ ਜਾਂਦੀ ਹੈ, ਜਾਂ ਕੋਟ ਦੀ ਤਹਿ ਭਜ ਜਾਂਦੀ ਹੈ। ਲੋਕੀਂ ਵਡਿਆਈ ਇਸ ਵਿਚ ਸਮਝਦੇ ਹਨ ਕਿ ਮੂੰਹ ਵਟ ਕੇ ਮੱਥੇ ਤੇ ਤਿਊੜੀ ਪਾਈ ਰਖਣਾ, ਨਾ ਕਿਸੇ ਨਾਲ ਖੁਲ੍ਹ ਕੇ ਬੋਲਣਾ ਨਾ ਹਸਣਾ। ਅੱਜਕੱਲ ਅਫ਼ਸਰੀ ਦਾ ਅਹੁਦਾ ਇਕ ਉੱਚੀ ਪਹਾੜ ਦੀ ਟੀਸੀ ਹੈ ਜਿਸ ਉਤੇ ਨਿਰੀ ਠੰਡੀ ਸੁੰਞ ਤੇ ਇਕੱਲ ਵਰਤੀ ਰਹਿੰਦੀ ਹੈ। ਐਹੋ ਜਿਹੇ ਬਦਨਸੀਬ ਅਫਸਰ ਨੂੰ ਆਪਣੇ ਨਾਲ ਜਾਂ ਹੇਠਾਂ ਕੰਮ ਕਰਨ ਵਾਲਿਆਂ ਨਾਲ ਕੋਈ ਭਰਾਵਲੀ ਦੀ ਸਾਂਝ ਨਹੀਂ ਹੁੰਦੀ। ਉਸ ਨੂੰ ਜੀ ਕਰਦਾ ਭੀ ਹੋਵੇ ਤਾਂ ਭੀ ਹੀਆ ਨਹੀਂ ਪੈਂਦਾ ਕਿ ਆਪਣੀ ਪਦਵੀ ਦੇ ਮਾਣ ਤੋਂ ਹੇਠਾਂ ਲਹਿ ਕੇ ਕਿਸੇ ਨੂੰ ਸਾਥੀ ਸਮਝ ਕੇ ਗਲਵਕੜੀ ਪਾ ਲਵੇ ਜਾਂ ਹਾਸੇ ਨੂੰ ਹੀ ਆਪਣੇ ਹੋਠਾਂ ਤੋਂ ਬਾਹਰ ਨਿਕਲਣ ਦੇਵੇ।

ਇਕ ਫੋਕਾ ਰੋਅਬ ਦਾਅਬ ਹੈ, ਸਵੈਮਾਨਤਾ ਨਹੀਂ। ਅਸਲ ਸਵੈਮਾਨਤਾ ਬਾਹਰ ਦਿਖਾਵੇ ਵਿਚ ਨਹੀਂ ਆਉਂਦੀ। ਇਹ ਦਿਸੇ ਭੀ ਤਾਂ ਲੋਕਾਚਾਰ ਦੀ ਗੁਲਾਮੀ ਤੋਂ ਸੁਤੰਤਰਤਾ, ਸਚਾਈ, ਅਟਲ ਪਿਆਰ ਤੇ ਆਚਰਣ ਦੀ ਸਫ਼ਾਈ ਦਿੜ੍ਹਤਾ ਵਿਚ ਦਿਸਦੀ ਹੈ। ਇਸੇ ਸਵੈਮਾਨ ਦੇ ਕਾਰਨ ਗਰੀਬ ਆਦਮੀ ਆਪਣੇ ਕੱਚੇ ਕੋਠੇ ਨੂੰ ਲਿੰਬ ਪੋਚ ਕੇ ਰੱਖਦਾ, ਲੋਕਾਂ ਦੇ ਸਾਮ੍ਹਣੇ ਸੁਅੱਛ ਕਪੜੇ ਪਾ ਕੇ ਆਉਂਦਾ ਅਤੇ ਬਿਗਾਨਿਆਂ ਅੱਗੇ ਆਪਣੇ ਦੁਖੜੇ ਫੋਲਣ ਤੋਂ ਸੰਗਦਾ ਹੈ। ਐਸਾ ਸਵੈਮਾਨਤਾ ਵਾਲਾ ਆਦਮੀ ਹੁੰਗਤਾ, ਚਾਪਲੂਸੀ ਤੇ ਹੋਛੀ ਟਿਚਕਰ ਤੋਂ ਪਰੇ ਨਸਦਾ ਹੈ, ਆਪਣੇ ਗੁੱਸੇ ਨੂੰ ਕਾਬੂ ਵਿਚ ਰੱਖਕੇ ਲੋਕਾਂ ਸਾਮ੍ਹਣੇ ਝਗੜਨ ਜਾਂ ਛਿੱਬਾ ਪੈਣ ਤੋਂ ਝਕਦਾ ਹੈ, ਅਤੇ ਜੇ ਕਿਧਰੇ ਕਿਸੇ ਨਾਲ ਕਰੜਾ ਇਨਸਾਫ਼ ਵਰਤਣਾ ਪਏ, ਤਾਂ ਆਪਣੇ ਫੈਸਲੇ ਨੂੰ ਹੈਂਕੜ ਤੋਂ ਸਾਫ਼ ਕਰ ਕੇ ਸੋਹਣੇ ਤੇ ਤਰਸਵਾਨ ਲਹਿਜ਼ੇ ਵਿਚ ਜ਼ਾਹਰ ਕਰਦਾ ਹੈ।

ਸਾਊਪੁਣੇ ਦੀ ਵਰਤੋਂ ਵਿਚ ਇਕ ਹੋਰ ਔਕੜ ਜ਼ਮਾਨੇ ਦੀ ਆਪਣੀ ਪੈਦਾ ਕੀਤੀ ਹੋਈ ਹੈ। ਉਹ ਹੈ ਮਨੁੱਖਾਂ ਦੀ ਪਰਸਪਰ ਸਮਾਨਤਾ ਦਾ ਖ਼ਿਆਲ। ਇਸ ਨਵੇਂ ਖਿਆਲ ਨੇ ਜਿਥੇ ਪੁਰਾਣੀਆਂ ਗੁਲਾਮੀਆਂ ਦੂਰ ਕਰਨ ਵਿਚ ਸਹਾਇਤਾ ਕੀਤੀ ਹੈ, ਉਥੇ ਕਈ ਤਰ੍ਹਾਂ ਦੀ ਸੌਖੀ ਤੇ ਗੁਸਤਾਖੀ ਵਧਾ ਦਿੱਤੀ ਹੈ ਜਿਸ ਨਾਲ ਸਾਊਪਣਾ ਕਾਇਮ ਨਹੀਂ ਰਹਿੰਦਾ। ਮਸਲਨ, ਕਈਆਂ ਲੋਕਾਂ ਨੂੰ ਖਿਆਲ ਹੋ ਗਿਆ ਹੈ ਕਿ ਪੂਰੀ-ਪੂਰੀ ਸਮਾਨਤਾ ਤਦੇ ਹੋ ਸਕਦੀ ਹੈ ਜੇ ਉਮਰ, ਅਕਲ ਤੇ ਪਦਵੀ ਦੀ ਵਡਿਆਈ ਦਾ ਲਿਹਾਜ਼ ਛੱਡ ਕੇ ਸਭ ਨੂੰ ਇਕੋ ਜਿਹਾ ਠੁਠ ਦਿਖਾਇਆ ਜਾਵੇ। ਹੋ ਸਕਦਾ ਹੈ ਕਿ ਸਾਡੇ ਮਾਪੇ ਪੜ੍ਹਾਈ ਵਿਚ ਸਾਥੋਂ ਘਟੀਆ ਹੋਣ, ਪਰ ਇਸ ਕਾਰਣ ਉਨ੍ਹਾਂ ਦੀ ਸਮਝ ਤੇ ਤਜਰਬੇ ਨੂੰ ਹੋਚ ਸਮਝਣਾ ਉਨ੍ਹਾਂ ਦੀ ਨਿਰਾਦਰੀ ਕਰਨਾ ਹੈ। ਸ਼ਰਾਫ਼ਤ ਇਸ ਵਿਚ ਹੈ ਕਿ ਉਨ੍ਹਾਂ ਦੀ ਪਦਵੀ ਦਾ ਅਦਬ ਕਰਦੇ ਹੋਏ ਉਨ੍ਹਾਂ ਦੀਆਂ ਦਲੀਲਾਂ ਨੂੰ ਧੀਰਜ ਨਾਲ ਸੁਣੀਏ ਤੇ ਜੇ ਗਲਤ ਭੀ ਹੋਣ ਤਾਂ ਭੀ ਪਿਆਰ ਵਾਲੇ ਹਾਸੇ ਨਾਲ ਟਾਲ ਦਈਏ ਅਤੇ ਆਪਣੀ ਜਿੱਤ ਦਾ ਦਿਖਾਵਾ ਨਾ ਕਰੀਏ। ਉਸਤਾਦਾਂ ਤੇ ਸ਼ਗਿਰਦ ਦਾ ਸੰਬੰਧ ਵੀ ਇਕ ਪਿਆਰ ਤੇ ਆਦਰ ਵਾਲਾ ਸੰਬੰਧ ਹੈ। ਸਮਾਨਤਾ ਦੇ ਖਿਆਲ ਨਾਲ ਕਈ ਵਾਰੀ ਵਿਦਿਆਰਥੀਆਂ ਨੂੰ ਇਹ ਤੌਖਲਾ ਹੋ ਜਾਂਦਾ ਹੈ ਕਿ ਕਾਲਜ ਵੀ ਕਾਰਖਾਨਿਆਂ ਵਾਕਰ ਹੁੰਦੇ ਹਨ, ਜਿਨ੍ਹਾਂ ਵਿਚ ਮੁੰਡੇ ਮਜ਼ਦੂਰਾਂ ਵਾਕਰ ਕੰਮ ਕਰਦੇ ਹਨ, ਜਾਂ ਇਉਂ ਕਹੋ ਕਿ ਮੁੰਡੇ ਫੀਸ ਦੀ ਸ਼ਕਲ ਵਿਚ ਮਜ਼ੂਰੀ ਦੇਂਦੇ ਹਨ ਤੇ ਪ੍ਰੋਫੈਸਰ ਪੈਸੇ ਲੈ ਕੇ ਪੜ੍ਹਾਈ ਕਰਾਉਂਦੇ ਹਨ। ਜਦ ਭੀ ਪ੍ਰਫ਼ੈਸਰਾਂ ਜਾਂ ਪ੍ਰਬੰਧਕਾਂ ਨਾਲ ਵਿਦਿਆਰਥੀਆਂ ਦਾ ਵਖੇਵਾ ਹੋਇਆ ਝਟ ਹੜਤਾਲ ਦੇ ਰਾਹੋਂ ਉਨ੍ਹਾਂ ਉਤੇ ਦਾਬਾ ਪਾ ਕੇ ਆਪਣੀਆਂ ਸ਼ਰਤਾਂ ਮੰਨਵਾ ਲਈਆਂ। ਕਈ ਵਾਰੀ ਵਿਦਿਆਰਥੀ ਕਾਲਜ ਨੂੰ ਕਲੱਬ ਜਾਂ ਸਭਾ ਮੰਨ ਕੇ ਸਾਰੇ ਫੈਸਲੇ ਆਪਣੀਆਂ ਰਾਵਾਂ ਦੀ ਬਹੁ ਸੰਮਤੀ ਨਾਲ ਮਨਵਾਣਾ ਚਾਹੁੰਦੇ ਹਨ। ਯਾਦ ਰਖਣਾ ਚਾਹੀਦਾ ਹੈ ਕਿ ਕਾਲਜ ਸਭਾ (association) ਨਹੀਂ, ਆਸ਼ਰਮ (institution) ਹੁੰਦਾ ਹੈ। ਜਿਵੇਂ ਘਰ ਵਿਚ ਮਾਪਿਆਂ ਨੂੰ ਬਾਲ ਦੀ ਕਦਰ ਕਰਨੀ ਚਾਹੀਦੀ ਹੈ, ਬਲਕਿ ਰਾਇ ਬਣਾਣ ਤੇ ਉਸ ਨੂੰ ਮਨਾਣ ਦੀ ਜਾਚ ਸਿਖਲਾਣੀ ਚਾਹੀਦੀ ਹੈ, ਪਰ ਅੰਤਮ ਫੈਸਲਾ ਮਾਪਿਆਂ ਦੇ ਹੱਥ ਹੋਣਾ ਚਾਹੀਦਾ ਹੈ ਨਾਕਿ ਸਾਰੇ ਟੱਬਰ ਦੀ ਬਹੁ-ਸੰਮਤੀ ਉਤੇ। ਇਸੇ ਤਰ੍ਹਾਂ ਵਿਦਿਅਕ ਆਸ਼ਰਮਾਂ ਵਿਚ ਪ੍ਰਬੰਧਕਾਂ ਦਾ ਫਰਜ਼ ਹੈ ਕਿ ਉਹ ਵਿਦਿਆਰਥੀਆਂ ਨੂੰ ਸੁਤੰਤਰ ਰਾਇ ਬਣਾਣ ਤੇ ਉਸ ਨੂੰ ਯੋਗਤਾ ਦੇ ਆਸਰੇ ਮੰਨਵਾਣ ਦੀ ਜਾਚ ਸਿਖਾਲਣ, ਪਰ ਵਿਦਿਆਰਥੀਆਂ ਨੂੰ ਆਪਣੀਆਂ ਰਾਵਾਂ ਬਹੁਲਤਾ ਜਾਂ ਆਮਦਨੀ ਦੇ ਘਾਟੇ ਦੇ ਡਰਾਵੇ ਦੇ ਜ਼ੋਰ ਨਾਲ ਆਪਣੀ ਈਨ ਮਨਾਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਸਭਾ ਤੇ ਆਸ਼ਰਮ ਵਿਚ ਫਰਕ ਇਹੋ ਹੁੰਦਾ ਹੈ ਕਿ ਸਭਾ ਵਿਚ ਸਾਰੇ ਮੈਂਬਰ ਆਪੋ ਆਪਣੀ ਸੁਤੰਤਰ ਰਾਇ ਰੱਖਦੇ ਹਨ ਤੇ ਉਨ੍ਹਾਂ ਦੇ ਅਧਿਕਾਰ ਬਰਾਬਰ ਹੁੰਦੇ ਹਨ, ਪਰ ਆਸ਼ਰਮ ਵਿਚ ਸਿਖਾਂਦਰੂ ਇਕੱਠੇ ਹੁੰਦੇ ਹਨ ਜਿਨ੍ਹਾਂ ਦੀ ਟਾਏ ਸੁਤੰਤਰ ਬਣ ਰਹੀ ਹੁੰਦੀ ਹੈ, ਪਰ ਪੂਰੀ ਤਰ੍ਹਾਂ ਬਣੀ ਨਹੀਂ ਹੁੰਦੀ ਅਤੇ ਪ੍ਰਬੰਧ ਵਿਚ ਤਾਂ ਉਨ੍ਹਾਂ ਦੇ ਅਧਿਕਾਰ ਦੀ ਥਾਂ ਈ ਨਹੀਂ ਹੁੰਦੀ। ਐਸੀ ਹਾਲਤ ਵਿਚ ਆਪਣੀ ਰਾਇ ਪ੍ਰਬੰਧਕਾਂ ਤਕ ਪੁਚਾਣਾ ਤਾਂ ਫਰਜ਼ ਹੈ, ਪਰ ਉਸਨੂੰ ਨਿਰੀ ਬਹੁਲਤਾ ਦੇ ਆਸਰੇ ਮਨਵਾਣਾ ਠੀਕ ਨਹੀਂ। ਨਾਲੇ ਏਥੇ ਰਿਸ਼ਤਾ ਮਾਲਕ ਤੇ ਮਜ਼ੂਰਾਂ ਵਾਲਾ ਨਹੀਂ ਹੁੰਦਾ, ਬਲਕਿ ਘਰ ਦੇ ਬੰਦਿਆਂ ਵਾਲਾ ਹੁੰਦਾ ਹੈ, ਜਿਨ੍ਹਾਂ ਨੇ ਰਲ ਕੇ ਕੁਝ ਸਿਖਣਾ ਸਿਖਾਣਾ ਹੈ, ਕੁਝ ਬਣਨਾ ਬਣਾਣਾ ਹੈ, ਨਾ ਕਿ ਕੁਝ ਦੇਣਾ ਜਾਂ ਲੈਣਾ।

ਸਾਊਪੁਣਾ ਕੀ ਹੈ? ਮਨੁੱਖਾਂ ਦੀ ਆਪੋ ਵਿਚ ਦੀ ਸੋਹਣੀ ਵਰਤੋਂ। ਇਹ ਮਨ ਦੀ ਇਕ ਹਾਲਤ ਹੁੰਦੀ ਹੈ ਜੋ ਸਦੀਆਂ ਦੀ ਮਿਹਨਤ ਤੇ ਕਈ ਪੀਹੜੀਆਂ ਦੀ ਰਲਵੀਂ ਤੇ ਲਗਾਤਾਰ ਵਰਤੋਂ ਤੋਂ ਪੈਦਾ ਹੁੰਦੀ ਹੈ। ਇਸ ਵਿਚ ਬਹੁਤਾ ਹੱਥ ਖਾਨਦਾਨੀ ਜੀਵਨ ਜਾਂਚ ਜਾਂ ਰੀਤੀ ਦਾ ਹੁੰਦਾ ਹੈ। ਫਿਰ ਉਸ ਵਿਚ ਮਨੁੱਖ ਦੀ ਆਪਣੀ ਸਮਾਜਿਕ ਰਹਿਣੀ ਦੀਆਂ ਸੁੰਦਰਤਾਈਆਂ ਭੀ ਆ ਸ਼ਾਮਲ ਹੁੰਦੀਆਂ ਹਨ।

ਸਾਊ ਦਾ ਸਭ ਤੋਂ ਵੱਡਾ ਗੁਣ ਹੈ ਕਿ ਉਕ ਕਿਸੇ ਦਾ ਦਿਲ ਨਹੀਂ ਦੁਖਾਣਾ ਚਾਹੁੰਦਾ। ਉਹ "ਸਭਨਾ ਮਨ ਮਾਣਿਕ ਠਾਹੁਣ ਮੂਲਿ ਮਚਾਂਗਵਾ" ਵਾਲੇ ਹੁਕਮ ਉਤੇ ਚੱਲਦਾ ਹੈ। ਗੱਲਾਂ ਕਰਦਿਆਂ ਜੇ ਕਿਸੇ ਰਾਇ ਦਾ ਫ਼ਰਕ ਹੋ ਪਵੇ ਤਾਂ ਉਹ ਆਪਣੀ ਰਾਇ ਦੇ ਕੇ ਦੂਜੇ ਦੀ ਵਿਚਾਰ ਗੋਚਰੇ ਛੱਡ ਦਿੰਦਾ ਹੈ। ਮੁੜ ਮੁੜ ਆਪਣੀ ਰਾਇ ਨੂੰ ਦੁਹਰਾ ਕੇ ਕਿਸੇ ਨੂੰ ਤੰਗ ਕਰਨ ਤੋਂ ਸੰਕੋਚ ਕਰਦਾ ਹੈ। ਇਕ ਵਾਰੀ ਆਪਣੀ ਵਿਚਾਰ ਪੇਸ਼ ਕਰ ਕੇ ਦੇਖਦਾ ਹੈ। ਜੇ ਅਗਲਾ ਆਪਣੀ ਰਾਇ ਨੂੰ ਨਹੀਂ ਬਦਲਦਾ ਤਾਂ ਗੱਲ ਨੂੰ ਘਸੀਟਦਾ ਨਹੀਂ, ਸਗੋਂ ਉਥੇ ਹੀ ਛੱਡ ਕੇ ਕਿਸੇ ਹੋਰ ਪਹਿਲੂ ਨੂੰ ਲੈ ਲੈਂਦਾ ਜਾਂ ਗੱਲ ਹੀ ਪਰਤ ਜਾਂਦਾ ਹੈ। ਦਲੀਲ ਵਿਚ ਧੌਂਸ ਜਾਂ ਪਦਵੀ ਦਾ ਦਾਬਾ ਨਹੀਂ ਸਤਾਂਦਾ। ਅਗਲੇ ਨੂੰ ਆਪਣੇ ਨਾਲ ਸਮਝ ਕੇ ਹੌਲੀ ਹੌਲੀ ਠਰੰਮੇ ਨਾਲ ਗੱਲ ਕਰਦਾ, ਬਲਕਿ ਆਪਣੀ ਗੱਲ ਬਿਆਨ ਕਰ ਕੇ ਸਮਝਾਂਦਾ ਹੈ। ਆਪਸ ਵਿਚ ਵਿਚਾਰ ਕਰਦਿਆਂ ਦੂਜੇ ਦੀ ਕਮਜ਼ੋਰੀ ਦਾ ਨਾਜਾਇਜ਼ ਫਾਇਦਾ ਨਹੀਂ ਉਠਾਂਦਾ ਸਗੋਂ ਉਸ ਦੀ ਦਲੀਲ ਦੇ ਚੰਗੇ ਹਿੱਸੇ ਨੂੰ ਮੰਨ ਕੇ ਤੇ ਪੂਰੀ ਪੂਰੀ ਕਦਰ ਕਰ ਕੇ ਅਗਾਂਹ ਚੱਲਦਾ ਹੈ। ਉਹ ਵਿਰੋਧੀ ਦੇ ਅੰਦਰ ਵੜ ਕੇ ਉਸ ਦੇ ਖ਼ਿਆਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ, ਮਤਾਂ ਉਸ ਨਾਲ ਬੇਇਨਸਾਫੀ ਹੋ ਜਾਏ। ਆਪਣੀ ਬਾਬਤ ਬਹੁਤ ਗੱਲਾਂ ਕਰਨ ਵਾਲਾ ਭੀ ਸਾਊ ਨਹੀਂ ਹੁੰਦਾ, ਕਿਉਂਕਿ ਉਸ ਨੂੰ ਆਪਣੇ ਉਤੇ ਮਾਣ ਹੁੰਦਾ ਹੈ ਤੇ ਦੂਜਿਆਂ ਨੂੰ ਤੁਛ ਸਮਝ ਕੇ ਉਨ੍ਹਾਂ ਦੀ ਗੱਲ ਵਿਚ ਰੁੱਚੀ ਨਹੀਂ ਦੱਸਦਾ। ਸਾਊ ਆਦਮੀ ਕਿਸੇ ਨੂੰ ਗੱਲ ਕਰਦਿਆਂ ਟੋਕਦਾ ਨਹੀਂ। ਜਦ ਤੱਕ ਉਹ ਗੱਲ ਪੂਰੀ ਨਾ ਕਰ ਲਵੇ ਆਪਣੀ ਗੱਲ ਨਹੀਂ ਚਲਾਂਦਾ। ਹੋਰਨਾਂ ਨੂੰ ਧੀਰਜ ਨਾਲ ਸੁਣਨ ਦੀ ਵਾਦੀ ਚੰਗਿਆਂ ਦੀ ਨਿਸ਼ਾਨੀ ਹੈ। ਇਸ ਦੀ ਤਹਿ ਵਿਚ ਇਕ ਨਿਮਰਤਾ ਤੇ ਮਿਠਾਸ ਹੈ ਜੋ ਸਾਰੇ ਗੁਣਾਂ ਦਾ ਤਪ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ:

ਮਿਠਤਿ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ"(ਵਾਰ ਆਸਾ)।
ਇਹ ਨਿਮ੍ਰਤਾ ਤੇ ਮਿਠਾਸ ਸਾਰੇ ਬਜ਼ੁਰਗਾਂ ਵਿਚ ਦੇਖੀ ਜਾਂਦੀ ਹੈ। ਸ਼ਾਹਦੀ ਜੀ ਕਹਿੰਦੇ ਹਨ, "ਸਿਆਣਾ ਆਦਮੀ ਹਲੀਮੀ ਵਰਤਦਾ ਹੈ, ਜਿਵੇਂ ਫੁਲ ਨਾਲ ਲੱਦੀ ਹੋਈ ਟਹਿਣੀ ਧਰਤੀ ਵੱਲ ਝੁਕਦੀ ਹੈ।" ਨਿਊਟਨ, ਜੋ ਇੰਗਲਿਸਤਾਨ ਦਾ ਇਕ ਉੱਘਾ ਸਾਇੰਸਦਾਨ ਹੋਇਆ ਹੈ, ਆਪਣੀ ਅਪਾਰ ਵਿਦਿਆ ਦੇ ਬਾਵਜੂਦ ਕਹਿੰਦਾ ਹੈ ਕਿ ਗਿਆਨ ਇਕ ਅਥਾਹ ਸਮੁੰਦਰ ਵਾਕੁਰ ਮੇਰੇ ਸਾਹਮਣੇ ਖਿਲਰਿਆ ਪਿਆ ਹੈ ਤੇ ਮੈਂ ਉਸ ਦੇ ਕੰਢੇ ਇਕ ਇਆਣੇ ਬਾਲ ਵਾਕਰ ਘੋਗੇ ਚੁਣ ਰਿਹਾ ਹਾਂ। ਸੁਕਰਾਤ ਜੋ ਯੂਨਾਨ ਦਾ ਸਭ ਤੋਂ ਸਿਆਣਾ ਫਲਾਸਫ਼ਰ ਹੋਇਆ ਹੈ, ਕਹਿੰਦਾ ਹੈ ਕਿ ਮੈਨੂੰ ਪੜ੍ਹ ਪੜ੍ਹ ਕੇ ਅੰਤ ਇਕੋ ਗੱਲ ਨਿਸ਼ਚੇ ਹੋਈ ਹੈ ਕਿ ਮੈਨੂੰ ਕੁਝ ਨਹੀਂ ਆਉਂਦਾ।

ਇਹ ਨਿਮ੍ਰਤਾ ਸਭ ਤੋਂ ਅਸਰ ਵਾਲੀ ਤੰਦ ਹੁੰਦੀ ਹੈ ਜਦੋਂ "ਹੋਂਦੈ ਤਾਣਿ ਨਿਤਾਣਿਆਂ ਰਹਹਿ ਨਿਮਾਣਨੀਆਂ' ਵਾਲੀ ਹੋਵੇ। ਹਜ਼ਰਤ ਮੁਹੰਮਦ ਨੇ ਸਾਰੀ ਉਮਰ ਵਿਚ ਕਿਸੇ ਨੂੰ "ਸਲਾਮ ਅਲੈਕਮ" ਆਪਣੇ ਤੋਂ ਪਹਿਲਾਂ ਨਹੀਂ ਸੀ ਕਹਿਣ ਦਿੱਤਾ। ਕਈ ਸੱਜਣ ਕੋਸ਼ਿਸ਼ ਕਰਦੇ ਰਹੇ ਕਿ ਸਾਲਾਮ ਕਰਨ ਵਿਚ ਪਹਿਲ ਕਰਨ, ਪਰ ਹੋ ਨ ਸਕੀ। ਇਕ ਵੇਰ ਨਬੀ ਅਪਣੇ ਨੌਕਰ ਨਾਲ ਮਦੀਨੇ ਜਾ ਰਹੇ ਸਨ। ਉਨ੍ਹਾਂ ਪਾਸ ਇਕੋ ਊਠ ਸੀ, ਜਿਸ ਉਤੇ ਵਾਰੋ ਵਾਰੀ ਚੜ੍ਹਦੇ ਸਨ। ਜਦ ਮਦੀਨੇ ਸ਼ਹਿਰ ਵਿਚ ਵੜਨ ਲੱਗੇ ਤਾਂ ਵਾਰੀ ਨੌਕਰ ਦੀ ਸੀ। ਨਬੀ ਨੂੰ ਨੌਕਰ ਨੇ ਕਿਹਾ "ਰਸੂਲ ਕਰੀਮ! ਤੁਸੀਂ ਚੜ੍ਹੋ। ਲੋਕੀਂ ਵੇਖਣਗੇ ਤਾਂ ਕੀ ਕਹਿਣਗੇ?" ਸ਼ਰਾਫਤ ਦੇ ਪੁਤਲੇ ਨਬੀ ਨੇ ਨਿਹਾ, "ਨਹੀਂ ਤੂੰ ਹੀ ਚੜ੍ਹ। ਮੈਂ ਇਉਂ ਹੀ ਚੰਗਾ ਲਗਦਾ ਹਾਂ।" ਸ਼ਰਾਫਤ ਦੀ ਪਰਖ਼ ਹੀ ਇਹ ਹੈ ਕਿ ਵੱਡੀ ਪਦਵੀ ਵਾਲਾ ਆਹਣੇ ਨੌਕਰਾਂ ਚਾਕਰਾਂ ਜਾਂ ਆਪਣੇ ਹੇਠਾਂ ਕੰਮ ਕਰਨ ਵਾਲਿਆਂ ਨਾਲ ਕਿਵੇਂ ਵਰਤਦਾ ਹੈ। ਗੁਰੂ ਨਾਨਕ ਆਪਣੀ ਇਲਾਹੀ ਵਡਿੱਤਣ ਦੇ ਹੁੰਦਿਆਂ ਆਪਣੇ ਆਪ ਨੂੰ "ਸਗ ਨਾਨਕ", "ਨਾਨਕੁ ਨੀਚੁ", "ਹਮ ਆਦਮੀ ਹਾਂ ਇਕ ਦਮੀ", "ਹਉ ਢਾਢੀ ਵੇਕਾਰ" ਕਹਿੰਦਾ ਹੈ। ਉਹ ਪੈਗੰਬਰਾਂ ਤੇ ਅਵਤਾਰਾਂ ਵਿਚੋਂ ਨਮੂਨੇ ਦਾ ਸਾਊ ਹੋਇਆ ਹੈ, ਜਿਸ ਨੇ ਅਤੁੱਟ ਵਖੇਵੇਂ ਰੱਖਦਿਆਂ ਹੋਇਆਂ ਕਦੀ ਕਿਸੇ ਧਰਮ ਉਤੇ ਸਮੁੱਚੇ ਤੌਰ ਤੇ ਹਮਲਾ ਨਹੀਂ ਕੀਤਾ। ਪਾਪੀਆਂ ਨੂੰ ਭੀ ਰਾਹੇ ਪਾਉਣ ਲੱਗਿਆਂ ਉਨ੍ਹਾਂ ਦੇ ਦਿਲ ਨੂੰ ਠੇਸ ਨਹੀਂ ਲੱਗਣ ਦਿੱਤੀ। ਸੱਜਣ ਠੱਗ ਨੂੰ ਸੁਧਾਰਨ ਲੱਗਿਆਂ (ਦੇਖੋ ਰਾਗ ਸੂਹੀ ਵਿਚ "ਉਜਲ ਕੈਹਾ ਚਿਲਕਣਾ" ਵਾਲਾ ਸ਼ਬਦ) ਉਸ ਨੂੰ ਸਾਊ ਤਰੀਕੇ ਨਾਲ ਸਮਝਾਇਆ ਹੈ ਕਿ ਉਸ ਨੂੰ ਅੰਦਰੋ ਅੰਦਰੀ ਸ਼ਰਮ ਤਾਂ ਪਈ ਆਵੇ, ਪਰ ਬਾਹਰੋਂ ਗੁਰੂ ਜੀ ਦੇ ਸਾਹਮਣੇ ਮੂੰਹ ਕੱਜਣ ਦੀ ਲੋੜ ਨਾ ਪਏ। ਪਹਿਲਾਂ ਉਸ ਦੇ ਨਾਂ ਉਤੇ ਟਕੋਰ ਕਰਦੇ ਹਨ:

"ਸਜਣ ਸੇਈ ਨਾਲਿ ਮੈ ਚਲਦਿਆਂ ਨਾਲ ਚਲੰਨਿ।
ਜਿਥੇ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ।"

ਫੇਰ ਬਾਹਰੋਂ ਚਿਤਰੇ ਹੋਏ ਕੱਠਿਆਂ, ਤੀਰਥਾਂ ਉਤੇ ਬੈਠੇ ਬਗਲਿਆਂ, ਉੱਚ ਲੰਮੇ ਸਿੰਮਲ ਰੁੱਖ ਵੱਲ ਇਸ਼ਾਰਾ ਕਰ ਕੇ ਉਸ ਦਾ ਧਿਆਨ ਆਪਣੀ ਦੰਭ ਵਾਲੀ ਜ਼ਿੰਦਗੀ ਵੱਲ ਦੁਆਂਦੇ ਹਨ ਪਰ ਕਿਤੇ ਵੀ ਇਹ ਮਹਿਸੂਸ ਨਹੀਂ ਹੋਣ ਦਿੰਦੇ ਕਿ ਉਹ ਨੀਵਾਂ ਹੈ ਤੇ ਗੁਰੂ ਜੀ ਉਸ ਤੋਂ ਉੱਚੇ ਹਨ। ਬਲਕਿ ਇਹ ਆਖ ਕੇ ਆਪਣੇ ਆਪ ਨੂੰ ਉਸ ਦੇ ਨਾਲ ਸ਼ਾਮਲ ਕਰ ਲੈਂਦੇ ਹਨ:

"ਅੰਧਲੇ ਭਾਰੁ ਉਠਾਇਆ, ਡੂਗਰ ਵਾਟ ਬਹੁਤੁ।
ਅਖੀ ਲੋੜੀ ਨਾ ਲਹਾ, ਹਉ ਚੜਿ ਲੰਘਾ ਕਿਤ?"

ਉਹ ਨਹੀਂ ਕਹਿੰਦਾ ਕਿ ਹੇ ਸੱਜਣਾ! ਤੂੰ ਅੰਨ੍ਹਾਂ ਹੈਂ, ਤੂੰ ਪਾਪਾਂ ਦਾ ਭਾਰ ਸਿਰ ਤੇ ਚੁੱਕਿਆ ਹੋਇਆ ਹੈ। ਨਹੀਂ, ਸਗੋਂ ਆਪਣੇ ਆਪ ਨੂੰ ਕਹਿੰਦੇ ਹਨ ਕਿ ਮੈਂ ਅੰਨ੍ਹਾਂ ਹਾਂ, ਮੈਂ ਸਿਰ ਤੇ ਭਾਰ ਚੁੱਕਿਆ ਹੋਇਆ ਹੈ ਤੇ ਰਸਤਾ ਬਹੁਤ ਪਹਾੜੀ ਹੈ, ਅੱਖਾਂ ਨਾਲ ਟੋਲਦਾ ਹਾਂ ਪਰ ਰਸਤਾ ਲਭਦਾ ਨਹੀਂ, ਮੈਂ ਕਿਵੇਂ ਚੜ੍ਹ ਕੇ ਪਾਰ ਹੋਵਾਂ?

ਇਸੇ ਤਰ੍ਹਾਂ ਇਕ ਵੇਰ ਲੋਕੀਂ ਇਕ ਤੀਵੀਂ ਨੂੰ ਬਦਕਾਰੀ ਕਰਦਿਆਂ ਫੜ ਕੇ ਈਸਾ ਜੀ ਪਾਸ ਲਿਆਏ। ਈਸਾ ਜੀ ਨੇ ਲੋਕਾਂ ਨੂੰ ਤਾਂ ਆਪਣੀ ਨੇਕੀ ਦੀ ਹੈਂਕੜ ਉਤੇ ਸ਼ਰਮਿੰਦਾ ਕਰ ਕੇ ਤੋਰ ਦਿੱਤਾ, ਪਰ ਤੀਵੀਂ ਉਥੇ ਹੀ ਜ਼ਿਮੀਂ ਤੇ ਬੈਠੀ ਰਹਿ ਗਈ। ਉਹ ਨਜ਼ਾਰਾ ਬੜਾ ਦਰਦਨਾਕ ਹੈ। ਇਕ ਪਾਸੇ ਪਾਪ ਤੋਂ ਸ਼ਰਮ ਖਾਂਦੀ ਇਸਤਰੀ ਬੈਠੀ ਹੋਈ ਜ਼ਿਮੀਂ ਖੇਤਰ ਰਹੀ ਹੈ। ਦੂਜੇ ਪਾਸੇ ਉਸ ਕੋਲੋਂ ਵੀ ਵਧੀਕ ਲੱਜਾਵਾਨ ਹੋਇਆ ਈ ਬੈਠਾ ਰੇਤ ਉਤੇ ਲੀਕਾਂ ਵਾਹ ਰਿਹਾ ਹੈ ਤੇ ਅੱਖ ਚੁੱਕ ਕੇ ਵੀ ਉਸ ਵੱਲ ਨਹੀਂ ਵੇਖਦਾ, ਮਤਾ ਵਿਚਾਰੀ ਨੂੰ ਮੇਰੇ ਵਲੋਂ ਲੱਜਾ ਆਵੇ! ਅੰਤ ਈਸਾ ਨੇ ਤਰਸ ਤੇ ਪਿਆਰ ਦੇ ਜ਼ੋਰ ਨਾਲ ਕਿਹਾ, "ਬੀਬੀ! ਜਾਹ ਇਉਂ ਫੇਰ ਨਾ ਕਰੀਂ।"

ਸਾਊ ਆਦਮੀ ਕਿਸੇ ਦੀ ਭੁੱਲ ਦੇਖ ਕੇ ਆਪਣੇ ਨਿਰਦੋਸ਼ਪੁਣੇ ਦੀ ਆਕੜ ਵਿਚ ਘ੍ਰਿਣਾ ਨਹੀਂ ਕਰਦਾ, ਸਗੋਂ ਉਸ ਦੇ ਅੰਦਰ ਫੜ ਕੇ ਉਸ ਦੀਆਂ ਮਜ਼ਬੂਰੀਆਂ, ਸਮਾਜ, ਘਰ ਬਾਰ ਤੇ ਆਲੇ-ਦੁਆਲੇ ਦੀਆਂ ਕਮਜ਼ੋਰੀਆਂ ਅਤੇ ਮੌਕਿਆਂ ਉਤੇ ਵਿਚਾਰ ਕਰ ਕੇ ਦੋਸ਼ੀ ਨਾਲ ਹਮਦਰਦੀ ਕਰਦਾ ਹੈ ਤੇ ਉਸ ਨੂੰ ਭੁੱਲ ਵਿਚੋਂ ਕੱਢਣ ਦੇ ਆਹਰ ਲਗਦਾ ਹੈ। ਉਸ ਵਿਚ ਕਿਸੇ ਨੂੰ ਆਪਣੇ ਆਪ ਤੋਂ ਨੀਵਾਂ ਸਮਝਣ ਦੀ ਰੁੱਚੀ ਤੇ ਸ਼ਰਮਿੰਦਾ ਕਰਨ ਦੀ ਵਿਹਲ ਨਹੀਂ ਹੁੰਦੀ।

ਉਹ ਨੁਕਸ ਉਸੇ ਆਦਮੀ ਦੇ ਕੱਢਦਾ ਹੈ ਜਿਸ ਨੂੰ ਉਹ ਆਪ ਪਿਆਰ ਕਰਦਾ ਹੈ ਤੇ ਨੁਕਸਾਂ ਤੋਂ ਬਰੀ ਦੇਖਣਾ ਚਾਹੁੰਦਾ ਹੈ। ਨੁਕਸ ਭੀ ਓਹੀ ਦੱਸਦਾ ਹੈ। ਜਿਹੜੇ ਦੂਰ ਹੋ ਸਕਦੇ ਹੋਣ। ਉਹ ਕਿਸੇ ਦੇ ਕੁਦਰਤੀ ਘਾਟਿਆਂ ਜਾਂ ਦੋਸ਼ਾਂ ਵੱਲ ਇਸ਼ਾਰਾ ਨਹੀਂ ਕਰਦਾ। ਮਸਲਨ ਉਹ, ਅੰਨ੍ਹੇ ਜਾਂ ਲੂਲ੍ਹੇ ਨੂੰ ਦੇਖ ਕੇ ਉਸ ਦਾ ਉਸ ਦੀ ਸਰੀਰਕ ਹਾਲਤ ਉਤੇ ਮਖੌਲ ਨਹੀਂ ਕਰਦਾ, ਕਿਉਂਕਿ ਉਹ ਜਾਣਦਾ ਹੈ ਕਿ ਉਸ ਦੇ ਵੱਸ ਦੀ ਗੱਲ ਨਹੀਂ। ਕਿਸੇ ਦੀ ਗਰੀਬੀ ਨੂੰ ਭੀ ਆਪਣੀ ਟਿਚਕਰ ਦਾ ਨਿਸ਼ਾਨਾ ਨਹੀਂ ਬਣਾਉਂਦਾ।

ਉਪਕਾਰ ਕਰਨ ਵੇਲੇ ਦਿਖਾਵਾ ਨਹੀਂ ਕਰਦਾ। ਉਹ ਖ਼ਿਆਲ ਰੱਖਦਾ ਹੈ ਕਿ ਜਿਸ ਨਾਲ ਭਲਾ ਕਰਨ ਲੱਗਾ ਹਾਂ ਉਸ ਦੇ ਮਨ ਨੂੰ ਟੀਸ ਨਾ ਲੱਗੇ, ਉਸ ਨੂੰ ਆਪਣੀ ਗਰੀਬੀ ਜਾਂ ਅਸਮਰਥਾ ਉਤੇ ਲੱਜਾ ਨਾ ਆਵੇ, ਅਸੀਂ ਕਈ ਵਾਰੀ ਦਾਨ ਲੱਗਿਆਂ ਨਾ ਕੇਵਲ ਆਪਣੀ ਉਦਾਰਤਾ ਦਾ ਵਿਖਾਵਾ ਹੀ ਕਰਦੇ ਹਾਂ, ਸਗੋਂ ਜਿਸ ਗਰੀਬ ਦੀ ਸਹਾਇਤਾ ਕਰਦੇ ਹਾਂ ਉਸ ਨੂੰ ਸ਼ਰਮਿੰਦਾ ਕਰ ਕੇ ਉਸ ਦੀ ਮਨੁੱਖਤਾ ਦੀ ਹਤਕ ਕਰਦੇ ਹਾਂ। ਸਾਊ ਮਨੁੱਖ ਨੂੰ ਸ਼ਬਦ-ਭੇਟ ਦਾ ਏਲਾਨ ਕਰਾਂਦਿਆਂ, ਗੁਰਦਵਾਰਿਆਂ ਦੀਆਂ ਚਿੱਟੀਆਂ ਸਿੱਲਾਂ ਉਤੇ ਆਪਣੇ ਢਾਈ ਰੁਪਏ ਦੇ ਦਾਨ ਦਾ ਇਸ਼ਤਿਹਾਰ ਸਦਾ ਲਈ ਉਕਰਵਾਂਦਿਆਂ, ਜਾਂ ਮੁਸਾਫ਼ਰਖਾਨੇ ਲਈ ਚਾਦਰਾਂ ਮੰਜਿਆਂ ਦੇ ਦਾਨ ਦਾ ਅਰਦਾਸੇ ਵਿਚ ਜ਼ਿਕਰ ਕਰਦਿਆਂ ਸ਼ਰਮ ਆਵੇਗੀ। ਸਾਊ ਦਾਨ ਨਹੀਂ ਕਰਦਾ, ਭੇਟ ਕਰਦਾ ਹੈ, ਗ਼ਰੀਬ ਨੂੰ ਆਪਣੇ ਸਾਹਮਣੇ ਹੱਥ ਟੱਡਦਾ ਦੇਖ ਕੇ ਖੁਸ਼ ਨਹੀਂ ਹੁੰਦਾ, ਸਗੋਂ ਉਸ ਦੀ ਪੀੜਾ ਨੂੰ ਆਪਣੀ ਪੀੜਾ ਸਮਝ ਕੇ ਉਸ ਦੇ ਪਾਸ ਹਾਜ਼ਰ ਹੁੰਦਾ ਹੈ ਤੇ ਜੋ ਕੁਝ ਦਿੰਦਾ ਹੈ ਉਸ ਦੀ ਭੇਟ ਕਰਦਾ ਹੈ. ਨਜ਼ਰ ਚੜ੍ਹਾਉਂਦਾ ਹੈ।

ਯਤੀਮ ਬੱਚਿਆਂ ਨੂੰ ਪੀਲੇ ਪੀਲੇ ਕੋਝੇ ਕੱਪੜੇ ਪਵਾ ਕੇ ਗੱਡੀਆਂ ਵਿਚ ਜਾਂ ਦੀਵਾਨਾਂ ਵਿਚ ਦਾਨ ਮੰਗਣ ਲਈ, ਲਈ ਫਿਰਨਾ ਉਨ੍ਹਾਂ ਦੀ ਇਨਸਾਨੀਅਤ ਦੀ ਦੁਰਗੱਤੀ ਕਰਨੀ ਹੈ। ਉਨ੍ਹਾਂ ਨੂੰ ਇਹ ਖ਼ਿਆਲ ਦੇਣਾ ਕਿ ਉਹ ਲਾਵਾਰਸ ਹਨ, ਉਨ੍ਹਾਂ ਦੇ ਬਾਦਸ਼ਾਹੀ ਦਿਲਾਂ ਨੂੰ ਸਵੈ-ਸਤਿਕਾਰ ਤੋਂ ਵਾਂਝਿਆਂ ਰੱਖਣਾ ਹੈ। ਆਸ਼੍ਰਮ ਦਾ ਨਾਂ ਭੀ ਯਤੀਮਖ਼ਾਨਾ ਕਿਉਂ ਹੋਵੇ? ਓਹ ਯਤੀਮ ਨਿਮਾਣੇ ਕਿਉਂ ਅਖਵਾਣ? ਜੇ ਤੁਸੀਂ ਉਨ੍ਹਾਂ ਦੇ ਮਾਪੇ ਨਹੀਂ ਬਣ ਸਕਦੇ ਤੇ ਉਨ੍ਹਾਂ ਲਈ ਇਕ ਪਿਆਰਾ "ਘਰ", ਉਨ੍ਹਾਂ ਦੀਆਂ ਸਧਰਾਂ ਦਾ ਕੇਂਦਰ ਨਹੀਂ ਬਣ ਸਕਦੇ, ਤਾਂ ਤੁਹਾਡਾ ਕੋਈ ਹੱਕ ਨਹੀਂ ਕਿ ਤੁਸੀਂ ਉਨ੍ਹਾਂ ਦੇ ਪਾਲਣ ਦਾ ਬੀੜਾ ਚੁਕੋ।

ਉਹ ਨੇਕੀ ਨੇਕੀ ਨਹੀਂ ਜਿਸ ਦੇ ਕਰਦਿਆਂ ਕਿਸੇ ਦੀ ਹੇਠੀ ਹੁੰਦੀ ਹੋਵੇ। ਜ਼ਾਤ ਪਾਤ, ਛੂਤ ਛਾਤ, ਸ਼ੁਧੀ ਅਸ਼ੁਧੀ, ਮਜ਼੍ਹਬੀ, ਰਾਮਦਾਸੀਏ ਦੇ ਵਿਤਕਰੇ ਸਾਰੇ ਪਰਸਪਰ ਘ੍ਰਿਣਾ ਤੇ ਅਸਾਊਪੁਣੇ ਦੀਆਂ ਨਿਸ਼ਾਨੀਆਂ ਹਨ। ਇਨ੍ਹਾਂ ਨੂੰ ਵੀ ਕਿਸੇ ਸ਼ਕਲ ਵਿਚ ਮੰਨਣਾ ਨਾ ਕੇਵਲ ਭਰਮ ਦੇ ਸਗੋਂ ਸਾਧਾਰਨ ਮਨੁੱਖਤਾ ਦੇ ਉਲਟ ਹੈ।

ਧਾਰਮਕ ਵਖੇਵਿਆਂ ਵਿਚ ਭੀ ਅਸੀਂ ਆਮ ਤੌਰ ਤੇ ਅਸੱਭਿਤਾ ਤੋਂ ਕੰਮ ਲੈਂਦੇ ਹਾਂ। ਆਪੋ ਆਪਣਾ ਮਜ਼੍ਹਬ ਹਰ ਇਕ ਨੂੰ ਪਿਆਰਾ ਹੋਣਾ ਚਾਹੀਦਾ ਹੈ ਅਤੇ ਉਸ ਉਤੇ ਦ੍ਰਿੜ ਹੋਣ ਨਾਲ ਉਸ ਦਾ ਅਸਰ ਜ਼ਿੰਦਗੀ ਵਿਚ ਕੰਮ ਕਰ ਸਕਦਾ ਹੈ। ਮੈਂ ਇਸ ਖੁਲ੍ਹ ਦੇ ਹੱਕ ਵਿਚ ਨਹੀਂ ਕਿ ਆਦਮੀ ਆਪਣਾ ਕੋਈ ਮਜ਼੍ਹਬ ਨਾ ਰਖਦਾ ਹੋਇਆ ਸਾਰਿਆਂ ਮਜ਼੍ਹਬਾਂ ਦਾ ਇਕੋ ਜਿਹਾ ਸ਼ਰਧਾਲੂ ਅਖਵਾਵੇ! ਇਹੋ ਜਿਹਾ। ਆਦਮੀ ਬਮਜ਼੍ਹਬਾ ਹੀ ਹੁੰਦਾ ਹੈ। ਪਰ ਸਾਊਪੁਣਾ ਦੇ ਲਿਹਾਜ਼ ਨਾਲ ਉਹ ਆਦਮੀ ਧਰਮੀ ਨਹੀਂ ਜੋ ਹੋਰਨਾਂ ਦੇ ਮਜ਼੍ਹਬਾਂ ਉਤੇ ਹਮਲੇ ਕਰਦਾ ਹੈ, ਜਾਂ ਇਹ ਕਹਿੰਦਾ ਹੈ ਕਿ ਮੇਰਾ ਮਜ਼੍ਹਬ ਹੀ ਤਾਰਨ ਜੋਗਾ ਹੈ, ਕਿਸੇ ਹੋਰ ਦਾ ਨਹੀਂ। ਸ਼ਰਾਫਤ ਇਸ ਗੱਲ ਦੀ ਮੰਗ ਕਰਦੀ ਹੈ ਕਿ ਮਨੁੱਖ ਮਜ਼੍ਹਬੀ ਮਾਮਲਿਆਂ ਵਿਚ ਪੂਰੀ ਪੂਰੀ ਰਵਾਦਾਰੀ ਵਰਤੇ। ਇਹ ਰਵਾਦਾਰੀ ਨਿਭ ਨਹੀਂ ਸਕਦੀ ਜਦ ਤਕ ਕਿ ਕੋਈ ਧਿਰ ਇਹ ਯਕੀਨ ਨਹੀਂ ਕਰਦੀ ਕਿ ਸਾਰੀ ਸਚਾਈ ਉਸ ਦੇ ਧਰਮ ਵਿਚ ਆਈ ਹੈ ਤੇ ਹੋਰ ਸਭ ਕੁਫ਼ਰ ਦਾ ਘਰ ਹਨ। ਸਾਊ ਦਾ ਨਿਸਚਾ ਇਹ ਹੈ ਵਾਹਿਗੁਰੂ ਦੇ ਹਜ਼ੂਰ ਹਿੰਦੂ ਮੁਸਲਮਾਨ ਈਸਾਈ ਸਭ ਇਕੋ ਜਿਹੇ ਹਨ। ਉਥੇ ਨਿਬੇੜਾ ਇਸ ਗੱਲ ਉਤੇ ਨਹੀਂ ਹੋਣਾ ਕਿ ਅਮੁਕਾ ਆਦਮੀ ਸਿੱਖ ਸੀ ਜਾਂ ਮੁਸਲਮਾਨ, (ਕਿਉਂਕਿ "ਅਗੋ ਜੀਉ ਨਵੇਂ" ਹੋ ਕੇ ਰੱਬ ਦੇ ਹਜ਼ੂਰ ਖੜੇ ਹੋਣਾ ਹੈ।) ਬਲਕਿ ਇਸ ਉਤੇ ਹੋਣਾ ਹੈ ਕਿ ਮਨੁੱਖ ਵਿਚ ਚੰਗਿਆਈ ਕਿਤਨੀ ਸੀ ਅਤੇ ਉਸ ਦਾ ਦਿਲ ਰੱਬ ਦੇ ਨੇੜੇ ਕਿੰਨਾ ਕੁ ਸੀ। ਨੇਕੀ ਤੇ ਪਿਆਰ ਗ੍ਰਹਿਣ ਕਰਨ ਲਈ ਅਤੇ ਆਪਣੀ ਸ਼ਖ਼ਸੀਅਤ ਢਾਲਣ ਲਈ ਇਸ ਨਮੂਨੇ ਦੀ ਸ਼ਖ਼ਸੀਅਤ ਨੂੰ ਸਾਮ੍ਹਣੇ ਰਖਣਾ ਪੈਂਦਾ ਹੈ, ਪਰ ਇਸਦਾ ਇਹ ਅਰਥ ਨਹੀਂ ਕਿ ਜਿਸ ਕਿਸੇ ਨੇ ਈਸ਼ਾ ਦੇ ਸਾਂਚੇ ਵਿਚ ਜ਼ਿੰਦਗੀ ਢਾਲਣੀ ਹੈ, ਉਹ ਇਹ ਮੰਨ ਲਵੇ ਕਿ ਕਿਸੇ ਹੋਰ ਲਈ ਏਹ ਕੰਮ ਗੁਰੂ ਗੋਬਿੰਦ ਸਿੰਘ ਜੀ ਦਾ ਜਾਂ ਮੁਹੰਮਦ ਸਾਹਿਬ ਦਾ ਸਾਂਚਾ ਨਹੀਂ ਕਰ ਸਕਦਾ। ਪੂਰੀ ਪੂਰੀ ਰਵਾਦਾਰੀ ਲਈ ਇਹ ਮਨੌਤ ਜ਼ਰੂਰੀ ਹੈ ਕਿ ਆਪੋ ਆਪਣੀ ਥਾਂ ਸਾਰੇ ਧਰਮ ਮਨੁੱਖ ਨੂੰ ਪੂਰਣਤਾ ਦੇ ਸਕਦੇ ਹਨ।

ਜੇ ਇਹ ਖ਼ਿਆਲ ਮੰਨ ਲਈਏ ਤਾਂ ਅੱਜਕੱਲ ਦੀਆਂ ਆਮ ਮਿਸ਼ਨਰੀ ਮੁਹਿੰਮਾਂ ਸਾਊਪਣੇ ਦੇ ਮਿਆਰ ਤੇ ਪੂਰੀਆਂ ਨਹੀਂ ਉਤਰਦੀਆਂ। ਹਰ ਇਕ ਆਦਮੀ ਨੂੰ ਇਹ ਖੁਲ੍ਹ ਹੋਣੀ ਚਾਹੀਦੀ ਹੈ ਕਿ ਉਹ ਕੋਈ ਧਰਮ ਧਾਰਨ ਕਰ ਲਵੇ ਅਤੇ ਉਸ ਦੇ ਇਸ ਕੰਮ ਵਿਚ ਸਰੇ ਬਣੇ ਸਾਨੂੰ ਹਰ ਤਰ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ, ਪਰ ਇਸ ਕੰਮ ਵਿਚ ਨਿਰੀ ਗਿਣਤੀ ਵਧਾ ਕੇ ਪੁੰਨ ਖਟਣ ਦਾ ਖਿਆਲ ਜਾਂ ਜਿੱਤ ਪ੍ਰਾਪਤ ਕਰਨ ਦਾ ਭਾਵ ਚੰਗਾ ਨਹੀਂ। ਇਹ ਇਕ ਪੁਰਾਣਾ ਸ਼ਹਿਨਸ਼ਾਨੀਅਤ ਵਾਲਾ ਖਿਆਲ ਹੈ, ਜੋ ਜਿਵੇਂ ਮੁਲਕੀ ਮਾਮਲਿਆਂ ਵਿਚੋਂ ਦੂਰ ਹੋ ਰਿਹਾ ਹੈ ਤਿਵੇਂ ਧਰਮ ਦੇ ਦਾਇਰੇ ਵਿਚੋਂ ਵੀ ਦੂਰ ਹੋ ਜਾਏਗਾ। ਸੇਵਾ ਜਾਂ ਉਪਕਾਰ ਦੇ ਇਰਾਦੇ ਨਾਲ ਸਕੂਲ ਜਾਂ ਹਸਪਤਾਲ ਖੋਲ੍ਹਣੇ ਚੰਗੇ ਹਨ ਪਰ ਉਨ੍ਹਾਂ ਦੇ ਪਰਦੇ ਹੇਠ ਦੂਜਿਆਂ ਦੇ ਦਿਲਾਂ ਉਤੇ ਮਜ਼੍ਹਬੀ ਗ਼ਲਬਾ ਪਾਉਣ ਦਾ ਜਤਨ ਕਰਨਾ ਨਾ ਸਿਰਫ਼ ਅਸਾਊਪਣਾ ਹੈ ਬਲਕਿ ਪਾਪ ਹੈ। ਇਕ ਸਿੱਖ ਦਾ ਕਿਸੇ ਚੰਗੇ ਭਲੇ ਗੈਰ-ਸਿੱਖ ਭਰਾ ਨੂੰ ਗਰੀਬੀ ਵਿਚ ਤਕ ਕੇ ਕਹਿਣਾ ਕਿ ਤੂੰ ਆਪਣਾ ਧਰਮ ਛੱਡ ਕੇ ਮੇਰੇ ਧਰਮ ਵਿਚ ਆ ਜਾ, ਨਿਰੀ ਗੁਸਤਾਖੀ ਹੈ। ਏਥੇ ਮੈਨੂੰ ਅੱਜਕੱਲ ਦੇ ਇਕ ਧਰਮੀ ਸਾਊ ਦੀ ਮਿਸਾਲ ਚੇਤੇ ਆਉਂਦੀ ਹੈ। ਭਾਈ ਤਾਰਾ ਸਿੰਘ ਸ਼ਾਹਦਰਾ (ਲਾਹੌਰ) ਦਾ ਵਸਨੀਕ ਸੀ। ਉਸ ਦਾ ਇਕ ਮੁਸਲਮਾਨ ਦੋਸਤ ਮਰਨ ਲਗਿਆਂ ਆਪਣੀ ਤਿੰਨ ਸਾਲ ਦੀ ਛੋਟੀ ਧੀ ਉਸ ਦੇ ਹਵਾਲੇ ਕਰ ਗਿਆ। ਉਸ ਨੇ ਇਸ ਅਮਾਨਤ ਨੂੰ ਚੰਗੀ ਤਰ੍ਹਾਂ ਨਿਬਾਹਿਆ। ਉਸ ਨੇ ਬਾਲੜੀ ਨੂੰ ਧੀਆਂ ਵਾਂਗ ਪਾਲ ਪੋਸ ਕੇ ਵੱਡਾ ਕੀਤਾ, ਪਰ ਉਸ ਦੇ ਧਰਮ ਜਾਂ ਨਿਸਚੇ ਵਿਚ ਕਿਸੇ ਤਰ੍ਹਾਂ ਨਾਲ ਦਖ਼ਲ ਨਾ ਦਿੱਤਾ। ਉਹਨੂੰ ਇਕ ਹਾਫ਼ਜ਼ ਰਖ ਕੇ ਕੁਰਾਨ ਮਜੀਦ ਦਾ ਪਾਠ ਪੜ੍ਹਾਇਆ ਤੇ ਸਮਝਾਇਆ ਅਤੇ ਇਕ ਚੰਗੇ ਮੁਸਲਮਾਨ ਵਰਗੀ ਤਾਲੀਮ ਦੁਆਈ। ਜਦ ਵਿਆਹੁਣ ਜੋਗੀ ਹੋਈ ਤਾਂ ਆਪਣੇ ਪਾਸੋਂ ਸਾਰਾ ਖ਼ਰਚ ਕਰ ਕੇ ਇਕ ਚੰਗੇ ਲਾਇਕ ਮੁਸਲਮਾਨ ਨਾਲ ਉਸ ਦਾ ਨਿਕਾਹ ਪੜ੍ਹਵਾ ਦਿੱਤਾ। ਇਹੋ ਜਿਹੀ ਸ਼ਰਾਫ਼ਤ ਦੇ ਨਮੂਨੇ ਮੁਸਲਮਾਨਾਂ, ਹਿੰਦੂਆਂ ਵਿਚ ਵੀ ਮਿਲਦੇ ਹਨ।

ਸ਼ਰਾਫਤ ਦੇ ਹੋਰ ਵੀ ਕਈ ਗੁਣ ਹਨ ਜੋ ਭਾਈਚਾਰੇ ਦੀ ਸੋਹਣੀ ਵਰਤੋਂ ਵਿੱਚ ਸ਼ਾਮਲ ਹਨ। ਸਾਊ ਲੋਕ ਕਿਸੇ ਦੇ ਸਾਮ੍ਹਣੇ ਨੌਕਰਾਂ ਜਾਂ ਬੱਚਿਆਂ ਨੂੰ ਉੱਚੀ-ਉੱਚੀ ਨਹੀਂ ਕੋਸਦੇ, ਨਾ ਹੀ ਘਰ ਦੇ ਝਗੜੇ ਛੇੜ ਬਹਿੰਦੇ ਹਨ। ਪ੍ਰਾਹੁਣੇ ਦੇ ਸਾਮ੍ਹਣੇ ਕਿਸੇ ਨੂੰ ਗੁੱਸੇ ਹੋਣਾ ਪ੍ਰਾਹੁਣੇ ਦੀ ਨਿਰਾਦਰੀ ਕਰਨਾ ਹੈ। ਕਿਸੇ ਦੇ ਮੂੰਹ ਉਤੇ ਉਸ ਦੀ ਸਿਫ਼ਤ ਕਰਨਾ ਉਸ ਨੂੰ ਸ਼ਰਮਿੰਦਾ ਕਰਨਾ ਹੈ। ਇਸ ਲਈ ਇਹ ਕਮੀਨਗੀ ਵਿਚ ਸ਼ਾਮਲ ਹੈ। ਬਿਨਾਂ ਕੰਮ ਦੇ ਕਿਸੇ ਪਾਸ ਬਹਿ ਰਹਿਣਾ, ਲੰਮੀਆਂ ਗੱਲਾਂ ਕਰਕੇ ਵਕਤ ਗੁਆਉਣਾ, ਤੇ ਉਸ ਨੂੰ ਮੁੜ-ਮੁੜ ਘੜੀ ਕੱਢ ਕੇ ਦਿਖਾਉਣਾ ਤੇ ਮਜਬੂਰ ਕਰਨਾ ਚੰਗਾ ਨਹੀਂ | ਜਦ ਕਿਸੇ ਪਾਸੇ ਜਾਈਏ, ਤਾਂ ਜਦ ਤਕ ਉਹ ਆਪੇ ਕੁਰਸੀ ਨਾ ਦਏ ਜਾਂ ਬੈਠਣ ਲਈ ਨਾ ਕਹੇ ਤਦ ਤਕ ਬੈਠਣਾ ਨਹੀਂ ਚਾਹੀਦਾ। (ਕਈ ਤਾਂ ਐਸੇ ਅੜਬ ਜਾਂ ਆਕੜਖਾਨ ਹੁੰਦੇ ਹਨ ਕਿ ਚਿਰਾਂ ਤਾਈਂ ਖੜੇ ਰਹੋ ਤਾਂ ਕੀ ਉਹ ਬਹਿਣ ਲਈ ਨਹੀਂ ਕਹਿੰਦੇ। ਆਪਣੀ ਅਫ਼ਸਰੀ ਇਸੇ ਵਿਚ ਸਮਝਦੇ ਹਨ।) ਆਪਣੇ ਵਤਨੀ ਭਰਾ ਨਾਲ ਆਪਣੀ ਮਾਦਰੀ ਬੋਲੀ ਛੱਡ ਕੇ ਕਿਸੇ ਹੋਰ ਬੋਲੀ ਵਿਚ ਗੱਲ ਬਾਤ ਕਰਨੀ ਇਕ ਤਰ੍ਹਾਂ ਦਾ ਦਿਖਾਵਾ ਹੈ, ਜੋ ਸਾਊ ਆਦਮੀਆਂ ਨੂੰ ਨਹੀਂ ਜਚਦਾ। ਜਦ ਸਭਾ ਲੱਗੀ ਹੋਵੇ, ਤਾਂ ਦੇਰ ਨਾਲ ਆਉਣਾ ਚੰਗਾ ਨਹੀਂ। ਜਦ ਆਓ ਤਾਂ ਖਿਮਾ ਮੰਗ ਕੇ ਬੈਠੋ। ਜਿਹੜਾ ਆਦਮੀ ਗੱਲ ਬਾਤ ਕਰ ਰਿਹਾ ਹੈ, ਉਸ ਨੂੰ ਚਾਹੀਦਾ ਹੈ ਕਿ ਨਵੇਂ ਆਏ ਸੱਜਣ ਲਈ ਜੋ ਕੁਝ ਕਿਹਾ ਜਾ ਚੁੱਕਾ ਹੈ ਜਾਂ ਜੋ ਕੁਝ ਨਜਿਠਿਆ ਜਾ ਚੁਕਾ ਹੈ, ਉਸ ਦਾ ਸਾਰ-ਅੰਸ਼ ਸੁਣਾ ਦੇਵੇ। ਸੁਣਨ ਵਾਲਿਆਂ ਨੂੰ ਉਬਾਸੀਆਂ ਨਹੀਂ ਲੈਣੀਆਂ ਚਾਹੀਦੀਆਂ, ਕਿਉਂਕਿ ਜਿਵੇਂ ਘੜੀ ਦਸਣ ਨਾਲ ਮਿਲਣ ਆਇਆ ਆਦਮੀ ਚਲੇ ਜਾਣ ਤੇ ਮਜ਼ਬੂਰ ਹੁੰਦਾ ਹੈ, ਤਿਵੇਂ ਸਰੋਤਿਆਂ ਨੂੰ ਉਬਾਸੀਆਂ ਲੈਂਦਿਆਂ ਦੇਖ ਕੇ ਲੈਕਚਰਾਰ ਨੂੰ ਆਪਣਾ ਲੈਕਚਰ ਬੰਦ ਕਰਨ ਦੀ ਸੂਚਨਾ ਹੁੰਦੀ ਹੈ। ਜਾਣ ਲਗਿਆਂ ਆਗਿਆ ਲੈ ਕੇ ਬਾਹਰ ਜਾਣਾ ਚਾਹੀਦਾ ਹੈ। ਕਿਸੇ ਦੇ ਅੰਗ ਨੂੰ ਛੋਹਣ ਲਗੋ ਜਾਂ ਕਪੜੇ ਨੂੰ ਪੈਰ ਲੱਗ ਜਾਵੇ ਤਾਂ ਖਿਮਾ ਮੰਗ ਲੈਣੀ ਚਾਹੀਦੀ ਹੈ। ਕਿਸੇ ਨੂੰ ਸਿਰ ਨੰਗੇ ਜਾਂ ਅਧੜ-ਵੰਞੇ ਨਹੀਂ ਮਿਲਣਾ ਚਾਹੀਦਾ। ਜੇ ਸਰੀਰ ਅੱਧ-ਕੱਜਿਆ ਹੋਵੇ ਤਾਂ ਖਿਮਾਂ ਮੰਗ ਲੈਣੀ ਚਾਹੀਦੀ ਹੈ। ਸਭਾ ਸੁਸਾਇਟੀ ਵਿਚ ਬੈਠਣ ਲਗਿਆਂ ਕਮੀਜ਼ ਜਾਂ ਕੋਟ ਦੇ ਬਟਨ ਖੁਲ੍ਹੇ ਨਹੀਂ ਰਖਣੇ ਚਾਹੀਦੇ। ਬਜ਼ਾਰ ਵਿਚ ਜਾਂ ਆਮ ਪਬਲਕ ਥਾਂ ਤੇ ਖਾਣ ਪੀਣ ਲਈ ਮੂੰਹ ਮਾਰਦਾ ਆਦਮੀ ਚੰਗਾ ਨਹੀਂ ਲੱਗਦਾ। ਖਤ ਲਿਖਣ ਵੇਲੇ ਸੋਹਣੀ ਲਿਖਤ ਕਰਨੀ ਚਾਹੀਦੀ ਹੈ। ਛੇਤੀ-ਛੇਤੀ ਜਾਂ ਸ਼ਿਕਸਤਾ ਲਿਖਣਾ ਪੜ੍ਹਣ ਵਾਲੇ ਦੀ ਨਿਰਾਦਰੀ ਕਰਨਾ ਹੈ।

ਸਾਊ ਆਦਮੀ ਲੋਕਾਂ ਨੂੰ ਬਹੁਤ ਨਸੀਹਤਾਂ ਨਹੀਂ ਕਰਦਾ। ਇਹ ਭੀ ਗੁਸਤਾਖੀ ਗਿਣੀ ਜਾਂਦੀ ਹੈ। ਚੰਗਾ ਫਿਰ ਮੈਂ ਭੀ ਇਹ ਗੁਸਤਾਖੀ ਬੰਦ ਕਰਦਾ ਹਾਂ।

  • ਮੁੱਖ ਪੰਨਾ : ਪ੍ਰਿੰਸੀਪਲ ਤੇਜਾ ਸਿੰਘ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ