Karamat (Punjabi Essay) : Principal Teja Singh

ਕਰਾਮਾਤ (ਲੇਖ) : ਪ੍ਰਿੰਸੀਪਲ ਤੇਜਾ ਸਿੰਘ

"ਕਰਾਮਾਤ" ਦਾ ਅਰਥ ਹੈ ਵਡਿਆਈ, ਤੇ ਵਡਿਆਈ ਦਾ ਭਾਵ, ਜੋ ਅਸੀਂ ਸਮਝ ਰਖਿਆ ਹੈ, ਉਲੰਘਣਾ ਕਰਨ ਦੀ ਸਮਰੱਥਾ ਹੈ। ਨੇਮਾਂ ਅੰਦਰ ਰਹਿਣਾ ਆਮ ਲੋਕਾਂ ਦਾ ਕੰਮ ਹੈ। ਵੱਡੇ ਲੋਕ ਕਾਨੂੰਨ ਜਾਂ ਨੇਮ ਤੋਂ ਉਤਾਹਾਂ ਗਿਣੇ ਜਾਂਦੇ ਹਨ। ਕਿਧਰੇ ਮੈਚ ਹੁੰਦਾ ਹੋਵੇ ਜਾਂ ਛਿੰਝ ਪੈਂਦੀ ਹੋਵੇ ਅਤੇ ਪ੍ਰਬੰਧਕਾਂ ਨੇ ਪਿੜ ਦੁਆਲੇ ਰੱਸੀ ਖਿੱਚੀ ਹੋਵੇ, ਤਾਂ ਦੇਖੋਗੇ ਕਿ ਆਮ ਭੀੜ ਤਾਂ ਰੱਸੀ ਦੇ ਪਿੱਛੇ ਖੜੀ ਹੋਵੇਗੀ ਪਰ ਉਨ੍ਹਾਂ ਵਿਚੋਂ ਦੋ ਚਾਰ ਉਚਦੁਮਾਲੀਏ ਅਗਾਂਹ ਨਿਕਰ ਆਉਣਗੇ ਅਤੇ ਪਿੜ ਦੇ ਅੰਦਰ ਇੱਧਰ ਉਧਰ ਭੜਕਦੇ ਫਿਰਨਗੇ, ਬਸ ਏਹੋ ਵੱਡੇ ਹੋਣ ਦੀ ਨਿਸ਼ਾਨੀ ਜੇ। ਆਮ ਲੋਕ ਤਾਂ ਸਿੱਧੇ ਤੇ ਬੱਝਵੇਂ ਰਸਤੇ ਤੇ ਚਲਣਗੇ ਭਾਵੇਂ ਲੰਮਾ ਤੇ ਵਲਦਾਰ ਹੋਵੇ, ਪਰ ਜਿਨ੍ਹਾਂ ਦੇ ਦਿਲ ਵਿਚ ਵੱਡੇ ਹੋਣ ਦਾ ਮਾਣ ਹੈ, ਵਾੜਾਂ ਨੂੰ ਲਤਾੜਦੇ ਤੇ ਚੋਰ-ਪਗਡੰਡੀਆਂ ਬਣਾਉਂਦੇ ਲੰਘਣਗੇ।

ਇਹ ਸੱਚ ਹੈ ਕਿ ਕਈ ਵਾਰੀ ਅਸਲੀ ਵੱਡੇ ਆਦਮੀਆਂ ਨੂੰ ਕਿਸੇ ਉਚੇਰੇ ਕਾਨੂੰਨ ਦੀ ਰੱਖਿਆ ਲਈ ਮਨੁੱਖਾਂ ਦੇ ਪਾਏ ਬੇਮਹਿਨੀ ਬੰਧਨਾਂ ਨੂੰ ਤੋੜਨਾ ਪੈਂਦਾ ਹੈ। ਪਰ ਉਹ ਇਸ ਤੋੜ-ਫੋੜ ਨੂੰ ਆਪਣੇ ਵਡਿੱਤਣ ਦਾ ਖ਼ਾਸ ਹੱਕ ਨਹੀਂ ਮੰਨਦੇ, ਬਲਕਿ ਸਮਾਜਕ ਉੱਨਤੀ ਜਾਂ ਸੁਧਾਰ ਲਈ ਇਹ ਜ਼ਰੂਰੀ ਫ਼ਰਜ਼ ਸਮਝਦੇ ਹਨ, ਜਿਸ ਦੀ ਪੂਰਤੀ ਲਈ ਓਹ ਆਪਣੇ ਉਤੇ ਹਰ ਤਰ੍ਹਾਂ ਦੇ ਕਸ਼ਟ ਸਹਾਰਨ ਲਈ ਤਿਆਰ ਰਹਿੰਦੇ ਹਨ। ਪਰ ਜਿਨ੍ਹਾਂ ਵੱਡੇ ਲੋਕਾਂ ਦਾ ਮੈਂ ਜ਼ਿਕਰ ਕਰ ਰਿਹਾ ਹਾਂ ਉਹ ਨੇਮਾਂ ਨੂੰ ਭੰਗ ਕਰਨ ਵਿਚ ਹੀ ਆਪਣੀ ਵਡਿਆਈ ਸਮਝਦੇ ਹਨ ਅਤੇ ਕਿਸੇ ਡੰਡ ਦਾ ਨਾਂ ਲੈਣਾ ਤਾਂ ਉਨ੍ਹਾਂ ਦੀ ਹਤਕ ਕਰਨਾ ਹੈ। ਇਸੇ ਖ਼ਿਆਲ ਦੇ ਪ੍ਰਚਲਤ ਹੋਣ ਨਾਲ ਕਈ ਵਾਰੀ ਅਸੀਂ ਨਿਰੇ ਕਾਨੂੰਨ ਤੋੜਨ ਨੂੰ ਬਹਾਦਰੀ ਸਮਝਣ ਲੱਗ ਪੈਂਦੇ ਹਾਂ ਅਤੇ ਬੇ-ਟਿਕਟੇ ਸਫ਼ਰ ਕਰਨ ਵਾਲਿਆਂ ਜਾਂ ਸਰਕਾਰ ਨੂੰ ਗਾਲਾਂ ਕੱਢ ਕੇ ਜੇਲ੍ਹ ਜਾਣ ਵਾਲਿਆਂ ਨੂੰ ਹੀਰੋ ਸਮਝ ਕੇ ਸਲਾਹੁੰਦੇ ਹਾਂ।

ਜਦ ਕਾਨੂੰਨ ਦੀਆਂ ਹਦ-ਬੰਦੀਆਂ ਤੋਂ ਉਤਾਂਹ ਹੋਣਾ ਹੀ ਵਡਿਆਈ ਦੀ ਨਿਸ਼ਾਨੀ ਹੈ, ਤਾਂ ਜੋ ਭੀ ਸਾਡੀ ਨਜ਼ਰ ਵਿਚ ਵੱਡਾ ਹੋਵੇਗਾ ਅਸੀਂ ਉਸ ਨੂੰ ਕੁਦਰਤੀ ਤੇ ਅਖ਼ਲਾਕੀ ਨੇਮਾਂ ਤੋਂ ਉਚੇਰਾ ਮੰਨਾਂਗੇ। ਰਾਜ ਇਸੇ ਲਈ ਨਿਹਕਲੰਕ ਮੰਨੇ ਗਏ ਹਨ ਅਤੇ ਨਬੀ, ਪੈਗੰਬਰ ਤੇ ਅਵਤਾਰ ਰੱਬ ਦੇ ਸਾਧਾਰਨ ਨੇਮਾਂ ਤੋਂ ਬਰੀ ਦੱਸੇ ਗਏ ਹਨ। ਓਹ ਸਮੁੰਦਰ ਉਤੇ ਪੈਦਲ ਚਲ ਸਕਦੇ ਸਨ, ਹਵਾ ਵਿਚ ਉੱਡ ਸਕਦੇ ਸਨ, ਕੰਧਾਂ ਦੁੜਾ ਸਕਦੇ ਸਨ, ਇਕੋ ਵੇਲੇ ਦੋ ਥਾਂਵਾਂ ਤੇ ਮੌਜੂਦ ਹੋ ਸਕਦੇ ਸਨ ਜਾਂ ਗੁਪਤ ਪ੍ਰਗਟ ਹੋ ਕੇ ਵਿਚਰ ਸਕਦੇ ਸਨ। ਇਉਂ ਮਲੂਮ ਹੁੰਦਾ ਹੈ ਕਿ ਜਿਵੇਂ ਉਨ੍ਹਾਂ ਲਈ ਕੋਈ ਕੁਦਰਤ ਦਾ ਕਾਨੂੰਨ ਹੁੰਦਾ ਈ ਨਹੀਂ।

ਇਹ ਕੁਦਰਤ ਦਾ ਕਾਨੂੰਨ ਹੈ ਕੀ? ਅਸੀਂ ਸਮਝਦੇ ਹਾਂ ਕਿ ਜਿਵੇਂ ਪਰਜਾ ਦੇ ਪ੍ਰਬੰਧ ਲਈ ਸਰਕਾਰ ਨੇ ਨੇਮ ਬਣਾਏ ਹਨ, ਤਿਵੇਂ ਮਾਦੀ ਦੁਨੀਆਂ ਦੇ ਚਲਾਣ ਲਈ ਸਾਇੰਸ ਨੇ ਕਈ ਕਾਨੂੰਨ ਘੜੇ ਹਨ, ਜਿਨ੍ਹਾਂ ਦਾ ਆਤਮਕ ਦੁਨੀਆਂ ਨਾਲ ਕੋਈ ਸੰਬੰਧ ਨਹੀਂ। ਅਸਲ ਵਿਚ ਇਹ ਭੁਲੇਖਾ ਹੈ। ਕੁਦਰਤ ਦੇ ਕਾਨੂੰਨ ਸਾਇੰਸਦਾਨਾਂ ਨੇ ਨਹੀਂ ਬਣਾਏ, ਰੱਬ ਨੇ ਆਪ ਬਣਾਏ ਹਨ। ਬਣਾਏ ਵੀ ਕਾਹਨੂੰ? ਰੱਬ ਦੀ ਰਜ਼ਾ ਹੀ ਕੁਦਰਤ ਹੈ। ਇਹ ਰਜ਼ਾ ਮਾਦੀ ਤੇ ਆਤਮਕ ਦੋਹਾਂ ਮੰਡਲਾਂ ਵਿਚ ਕੰਮ ਕਰਦੀ ਹੈ। ਜਿਥੋਂ ਤਕ ਜਿਸਦਾ ਤਾਅਲੁਕ ਸਰੀਰਕ ਦੁਨੀਆਂ ਨਾਲ ਹੈ ਇਸ ਨੂੰ 'ਕੁਦਰਤ' ਕਹਿੰਦੇ ਹਨ ਅਤੇ ਜਿਥੋਂ ਤਕ ਇਹ ਪਰਾ-ਸਰੀਰਕ ਦੁਨੀਆਂ ਵਿਚ ਕੰਮ ਕਰਦੀ ਹੈ ਇਸ ਨੂੰ ਆਤਮ-ਰਾਮ ਜਾਂ ਆਤਮ-ਜੋਤਿ ਕਹਿੰਦੇ ਹਨ। ਕੁਦਰਤ ਦੇ ਕਾਨੂੰਨ ਤੇ ਆਤਮ ਮੰਡਲ ਦੇ ਕਾਨੂੰਨ ਇਕ ਕਿਤਾਬ ਦੇ ਦੋ ਭਿੰਨ-ਭਿੰਨ ਅਧਿਆਏ ਹਨ। ਇਕ ਦਾ ਗਿਆਨ ਸਾਇੰਸ ਤੋਂ ਮਿਲਦਾ ਹੈ, ਤੇ ਦੂਜੇ ਦਾ ਧਰਮ ਪੁਸਤਕਾਂ ਤੋਂ: ਹੈਨ ਦੋਵੇਂ ਹੀ ਰੱਬ ਦੀ ਰਜ਼ਾ ਦੇ ਪਹਿਲੂ। ਇਹ ਗਿਆਨ ਲੱਭਣ ਵਾਲੇ ਮਨੁੱਖਾਂ ਨੂੰ ਅਧਾਰ ਲੱਭਾ ਹੋ ਸਕਦਾ ਹੈ, ਪਰ ਜਿਤਨਾ ਕੁ ਲੱਭਾ ਹੈ ਦੋਹਾਂ ਹਾਲਤਾਂ ਵਿਚ ਇੱਜ਼ਤ ਦੇ ਲਾਇਕ ਹੈ। ਸਾਇੰਸ ਨੂੰ ਧਰਮ ਵਲ ਕੈਰੀਆਂ ਅੱਖਾਂ ਨਾਲ ਨਹੀਂ ਦੇਖਣਾ ਚਾਹੀਦਾ, ਤੇ ਨਾ ਹੀ ਧਰਮ ਨੂੰ ਸਾਇੰਸ ਨਾਲ ਘ੍ਰਿਣਾ ਹੋਣੀ ਚਾਹੀਦੀ ਹੈ।

ਜੇ ਸਾਇੰਸ ਵਿਚ ਭੁੱਲਾਂ ਭੀ ਹਨ, ਤਾਂ ਭੀ ਇਸ ਵਿਚ ਕੁਦਰਤ ਦਾ ਕਸੂਰ ਨਹੀਂ। ਕੁਦਰਤਿ ਤਾਂ ਰੱਬ ਦੀ ਹੈ, ਸਾਇੰਸ ਜਾਂ ਸਾਇੰਸਦਾਨਾਂ ਦੀ ਨਹੀਂ,

"ਸਭ ਤੇਰੀ ਕੁਦਰਤਿ ਤੂੰ ਕਾਦਰੁ ਕਰਤਾ" (ਵਾਰ ਆਸਾ)। ਇਹ ਕੁਦਰਤਿ ਸਾਡਾ ਆਪਣਾ ਮਥਿਆ ਨਾਂ ਹੈ। ਇਹ ਆਪ ਕੋਈ ਵੱਖਰੀ ਚੀਜ਼ ਨਹੀਂ। ਇਹ ਤਾਂ ਰੱਬੀ ਰਜ਼ਾ ਦੇ ਵਹਿਣਾਂ ਦਾ ਨਾਂ ਹੈ। 'ਪਾਣੀ ਨਿਵਾਣ ਵਲ ਵਹਿੰਦਾ ਹੈ' ਇਹ ਨੇਮ ਰੱਬ ਦੀ ਆਪਣੀ ਰਜ਼ਾ ਦਾ ਹੈ, ਜੋ ਪਾਣੀ ਵਿਚ ਵਹਿੰਦੀ, ਅੱਗ ਵਿਚ ਬਲਦੀ ਤੇ ਰੋਸ਼ਨੀ ਦਿੰਦੀ ਹੈ। ਇਹ ਰਜ਼ਾ ਅੰਨ੍ਹੇ-ਵਾਹ ਕੰਮ ਨਹੀਂ ਕਰਦੀ, ਬਲਕਿ "ਵਰਤੈ ਤਾਕੋ ਤਾਕੁ" ਸੋਚ ਸਮਝ ਕੇ ਇਸੇ ਮੰਤਵ ਨੂੰ ਲੈ ਕੇ ਸਭ ਤੱਤਾਂ ਨੂੰ ਚਲਾ ਰਹੀ ਹੈ।

ਇਹ ਰਜ਼ਾ ਰੱਬ ਦੀ ਹੈ, ਜੋ ਸਿਆਣਾ ਹੋ ਕੇ ਵਰਤਦਾ ਹੈ। ਉਹ ਕਿਵੇਂ ਆਪਣੀ ਰਜ਼ਾ ਦੇ ਖ਼ਿਲਾਫ਼ ਜਾ ਸਕਦਾ ਹੈ? ਜੇ ਕਰਾਮਾਤ ਦਾ ਅਰਥ ਹੈ ਕੁਦਰਤ ਦੇ ਕਾਨੂੰਨ ਦੇ ਵਿਰੁੱਧ ਜਾਣਾ, ਤਦ ਤਾਂ ਕਰਾਮਾਤ ਦੇ ਮੰਨਣ ਨਾਲ ਇਹ ਮੰਨਣਾ ਪਏਗਾ ਕਿ ਰੱਬ ਕਿਸੇ ਦੇ ਆਖੇ ਲਗ ਕੇ ਆਪਣੀ ਮਰਜ਼ੀ ਦੇ ਵਿਰੁੱਧ ਕੰਮ ਕਰ ਸਕਦਾ ਹੈ। ਇਹ ਹੋ ਨਹੀਂ ਸਕਦਾ। ਕੋਈ ਸਹੀ ਦਿਮਾਗ ਵਾਲਾ ਸਮਰਥ ਆਦਮੀ ਆਪਣੀ ਰਜ਼ਾ ਦੇ ਉਲਟ ਨਹੀਂ ਚਲਦਾ। ਫਿਰ ਰੱਬ ਕਿਵੇਂ ਚਲ ਸਕਦਾ ਹੈ?

ਰੱਬ ਬਾਬਤ ਇਹ ਤੌਖਲਾ ਕਿਵੇਂ ਬਣਿਆ ਕਿ ਉਹ ਆਪਣੀ ਰਜ਼ਾ ਬੇਨੇਮੀ ਹੀ ਚਲਾਉਂਦਾ ਹੈ? ਇਸ ਦੀ ਤਹਿ ਵਿਚ ਇਕ ਭਰਮ ਹੈ ਜੋ ਪੁਰਾਣੇ ਜ਼ਮਾਨੇ ਵਿਚ ਕੰਮ ਕਰਦਾ ਰਿਹਾ ਹੈ। ਉਹ ਇਹ ਹੈ ਕਿ ਲੋਕੀਂ ਰੱਬ ਦੀ ਕੋਈ ਸ਼ਖ਼ਸੀਅਤ ਜਾਂ ਆਚਰਣ ਨਹੀਂ ਸੀ ਮੰਨਦੇ। ਉਸ ਨੂੰ ਇਕ ਹੋਂਦ ਤਾਂ ਮੰਨਦੇ ਹਨ, ਪਰ ਖਾਲੀ ਜਹੀ, ਨਿਰੀ ਦਰਸ਼ਕ ਜਹੀ ਇਕ ਪਸਰੀ ਹੋਈ ਮਹਾਨ ਤਾਕਤ ਜਿਸ ਦੀ ਕੋਈ ਆਪਣੀ ਠੁੱਕ ਤਕ ਤਮੀਜ਼ ਵਾਲੀ ਮਰਜ਼ੀ ਨਹੀਂ ਸੀ ਹੁੰਦੀ। ਫਿਰ ਜਦ ਉਸ ਨੂੰ ਇਕ ਸ਼ਖ਼ਸੀਅਤ ਦਿੱਤੀ ਭੀ ਗਈ, ਤਾਂ ਭੀ ਉਸ ਦਾ ਕੋਈ ਬੱਝਵਾਂ ਸੁਭਾਅ ਜਾਂ ਆਚਰਨ ਨਾ ਮੰਨਿਆ ਗਿਆ। ਜਿਵੇਂ ਚਾਹੇ, ਬਿਨਾਂ ਸੋਚੇ ਵਿਚਾਰੇ, ਇਕ ਨਿੱਕੀ ਜਿਹੀ ਗੱਲ ਤੋਂ ਗੁੱਸੇ ਹੋ ਕੇ ਕੌਮਾਂ ਦਾ ਘਾਣ ਕਰ ਛੱਡਣਾ, ਪੰਜ-ਸੱਤ ਸਾਲ ਦੀਆਂ ਭੁੱਲਾਂ ਬਦਲੇ ਨਿਤਾਣੇ ਬੇਵਸ ਮਨੁੱਖਾਂ ਨੂੰ ਸਦੀਆਂ ਦੇ ਨਰਕਾਂ ਵਿਚ ਜਕੜ ਛੱਡਣਾ, ਕਦੀ ਕਿਸੇ ਪਾਪੀ ਦੇ ਅੰਤਲੇ ਸੁਆਸਾਂ ਨਾਲ ਭੁੱਲ ਕੇ ‘ਨਾਰਾਇਣ' ਕਹਿ ਛੱਡਣ ਨਾਲ ਖੁਸ਼ ਹੋ ਕੇ ਜਾਣਾ ਤੇ ਸਾਰੀ ਉਮਰ ਦੇ ਗੁਨਾਹਾਂ ਨੂੰ ਬਖ਼ਸ਼ ਦੇਣਾ, ਅਤੇ ਕਦੀ ਕਿਸੇ ਟੱਬਰ ਦੇ ਸ਼ੋਰ ਕਰਨ ਨਾਲ ਇਕ ਰਿਸ਼ੀ ਦੀ ਬ੍ਰਿਤੀ ਉਚਾਟ ਹੋ ਜਾਣ ਤੇ ਇੰਨਾ ਗੁੱਸੇ ਹੋ ਜਾਣਾ ਕਿ ਉਸ ਵਿਚਾਰੇ ਟੱਬਰ ਨੂੰ ਇੱਕ ਨਜ਼ਰ ਨਾਲ ਭਸਮ ਕਰ ਕੇ ਭੀ ਰਾਜ਼ੀ ਨਾ ਹੋਣਾ, ਬਲਕਿ ਉਸਦੀ ਗਤੀ ਲਈ ਹਜ਼ਾਰਾਂ ਸਾਲ ਦੀ ਇਕ-ਟੰਗੀ ਭਗਤੀ ਕਰ ਕੇ ਰੀਗਾ ਲਿਆਣ ਉਤੇ ਮਜਬੂਰ ਕਰਨਾ! ਏਹੋ ਜਿਹੇ ਬੇਥਵੇ ਰੱਬ ਦੀ ਰਜ਼ਾ ਕੀ ਹੋ ਸਕਦੀ ਹੈ? ਬੇਥ੍ਹਵੀ। ਇਹੋ ਜਿਹੇ ਰੱਬ ਦੀ ਮਰਜ਼ੀ ਕਿਸੇ ਨੇਮ ਹੇਠਾਂ ਨਹੀਂ ਆ ਸਕਦੀ। ਜਿਵੇਂ ਲੋਂਕੀ ਵਕਤ ਦੇ ਪਾਤਸ਼ਾਹ ਨੂੰ ਖ਼ਦਸਰ, ਬੇਥ੍ਹਵੀ ਰਜ਼ਾ ਦਾ ਮਾਲਕ ਦੇਖਦੇ ਸਨ, ਉਸੇ ਤਰ੍ਹਾਂ ਦਾ ਰੱਬ ਮੰਨ ਲੈਂਦੇ ਸਨ। ਰੱਬ ਕੀ ਸੀ ਇਕ ਵੱਡੇ ਦਰਜ਼ੇ ਦਾ ਮੁਗਲ ਸੀ।

ਪਰ ਮੌਜੂਦਾ ਸਮੇਂ ਵਿਚ ਜਿਵੇਂ ਸੰਸਾਰੀ ਪਾਤਸ਼ਾਹ ਬਾਬਤ ਖ਼ਿਆਲ ਬਦਲ ਗਿਆ ਹੈ, ਤਿਵੇਂ ਰੱਬ ਬਾਬਤ ਭੀ ਪੁਰਾਣਾ ਯਕੀਨ ਬਦਲ ਗਿਆ ਹੈ। ਹੁਣ ਅਸੀਂ ਖਿਆਲ ਕਰਨ ਲੱਗ ਪਏ ਹਾਂ ਕਿ ਰੱਬ ਦਾ ਆਪਣਾ ਇਕ-ਰਸ ਸੁਭਾਅ ਹੈ, ਇਕ ਨੇਮ ਪਾਲੂ ਵਤੀਰਾ ਹੈ, ਅਤੇ ਉਹ ਨਿੱਕੀ-ਨਿੱਕੀ ਗੱਲ ਪਿੱਛੇ ਆਪਣੀ ਰਚਨਾ ਦੇ ਕੰਮਾਂ ਵਿਚ ਸਿੱਧਾ ਦਖ਼ਲ ਨਹੀਂ ਦਿੰਦਾ। ਉਹ ਆਪਣੀ ਮਰਜ਼ੀ ਤਾਂ ਹਰ ਵਕਤ ਵਰਤਦਾ ਹੈ, ਪਰ ਇਹ ਮਰਜ਼ੀ ਬੱਝਵੇਂ ਨੇਮਾਂ ਅਨੁਸਾਰ ਚਲਦੀ ਹੈ, ਜਿਨ੍ਹਾਂ ਨੂੰ ਕੁਦਰਤ ਦੇ ਨੇਮ ਆਖਦੇ ਹਨ। ਉਹ ਮੂੰਹ ਪੀੜ ਕੇ ਆਪ ਕਦੀ ਨਹੀਂ ਬੋਲਿਆ। ਜਦੋਂ ਕੋਈ ਗੱਲ ਮਨੁੱਖਾਂ ਤਕ ਪੁਚਾਣਾ ਚਾਹੁੰਦਾ ਹੈ ਤਾਂ ਮਨੁੱਖਾਂ ਦੇ ਹੀ ਹਿਰਦਿਆਂ ਰਾਹੀਂ ਉਨ੍ਹਾਂ ਦੀ ਹੀ ਬੋਲੀ ਵਿਚ ਬੋਲਦਾ ਹੈ। ਜ਼ਰੂਰੀ ਨਹੀਂ ਕਿ ਪੈਗੰਬਰਾਂ ਰਾਹੀਂ ਜਾਂ ਖ਼ਾਸ ਪੁਸਤਕਾਂ ਰਾਹੀਂ ਹੀ ਬੋਲੇ। ਆਮ ਮਨੁੱਖਾਂ ਦੇ ਦਿਲ ਨੂੰ ਆਪਣੇ ਬੋਲਣ ਦਾ ਜ਼ਰੀਆ ਬਣਾਉਂਦਾ ਹੈ। 'ਦਿਲ ਦਾ ਮਲਾਕੁ ਕਰੇ ਹਾਕੁ। ਕੁਰਾਨ ਕਤੇਬ ਤੇ ਪਾਕੁ’ (ਰਾਮਕਲੀ ਮ:੫) ਬਾਣੀ ਪ੍ਰਭ ਕੀ ਸਭੁ ਕੇ ਬੋਲੈ। ਆਪਿ ਅਡੋਲ ਨਾ ਕਬਹੂ ਡੋਲੈ'(ਸੁਖਮਨੀ): ਜਿਹੜਾ ਭੀ ਕੰਮ ਕਰਨਾ ਹੁੰਦਾ ਹੈ, ਉਹ ਆਪਣੀ ਕੁਦਰਤਿ ਰਾਹੋਂ ਕਰਦਾ ਹੈ। ਇਸ ਤੋਂ ਬਾਹਰ ਕੁਝ ਨਹੀਂ ਹੁੰਦਾ। ਆਸਾ ਦੀ ਵਾਰ ਦੀ ਤੀਜੀ ਪਉੜੀ ਦੇ ਦੂਜੇ ਸਲੋਕ ਵਿਚ ਗੁਰੂ ਨਾਨਕ ਸਾਹਿਬ ਇਹ ਗੱਲ ਸਾਫ਼ ਕਰ ਕੇ ਦੱਸਦੇ ਹਨ ਕਿ ਜੋ ਕੁਝ ਦਿੱਸਦਾ ਜਾਂ ਸੁਣੀਂਦਾ ਹੈ, ਰੱਬ ਦੀ ਕੁਦਰਤ ਅਨੁਸਾਰ ਹੁੰਦਾ ਹੈ। ਸਾਡੇ ਖਾਣ-ਪੀਣ, ਪਹਿਨਣ ਵਿਚ ਕੁਦਰਤ ਕੰਮ ਕਰਦੀ ਹੈ। ਨੇਕੀ ਬਦੀ ਨਾਲ ਅਪਨਾਣ ਦੇ ਭਾਵ ਕੁਦਰਤੀ ਤੌਰ ਤੇ ਸਾਡੇ ਅੰਦਰ ਪੈਦਾ ਹੁੰਦੇ ਤੇ ਸਾਡੇ ਪਾਸੋਂ ਕਰਮ ਕਰਾਉਂਦੇ ਹਨ।

ਸਾਡੀ ਗਤੀ ਰੱਬ ਦੇ ਹੁਕਮ ਥੱਲੇ ਹੈ। ਪਰ ਉਸ ਦੇ ਹੁਕਮ ਦੀ ਕਲਮ ਸਾਡੇ ਕਰਮਾਂ ਅਨੁਸਾਰ ਚਲਦੀ ਹੈ।

"ਕਰਮੀ ਕਰਮੀ ਹੋਇ ਵਿਚਾਰੁ।
ਸਚਾ ਆਪਿ ਸਚਾ ਦਰਬਾਰ।"
(ਜਪੁ)

"ਕਰਮੀ ਵਹੈ ਕਲਾਮ"
(ਵਾਰ ਸਾਰੰਗ ਮ: ੧)

ਇਸੇ ਤਰ੍ਹਾਂ ਰੱਬ ਦੀ ਵਰਤੋਂ ਦੀਆਂ ਹੋਰ ਗੱਲਾਂ ਭਗਤਾਂ ਨੇ ਲਭੀਆਂ ਹੋਈਆਂ ਹਨ। ਉਹ ਕਿਸੇ ਤਰੀਕੇ ਨਾਲ ਮਰਯਾਦਾ ਨਾਲ ਕੰਮ ਕਰਦਾ ਹੈ, ਅੰਨ੍ਹੇ ਵਾਹ ਨਹੀਂ ਕਰਦਾ। ਇਸ ਲਈ ਉਸ ਦੇ ਸੁਭਾਅ ਬਾਬਤ ਕਿਸੇ ਨੂੰ ਭੁਲੇਖਾ ਨਹੀਂ ਪੈ ਸਕਦਾ। ਅਸੀਂ ਸਭ ਕੁਝ ਉਸ ਦੀ ਬਾਬਤ ਨਹੀਂ ਜਾਣ ਸਕਦੇ, ਪਰ ਗੁਰੂ ਪੀਰ ਦੀ ਸਹਾਇਤਾ ਨਾਲ ਉਸ ਦੇ ਭਾਣੇ ਦੀਆਂ ਲੀਹਾਂ ਪਛਾਣ ਸਕਦੇ ਹਾਂ, ਜਿਨ੍ਹਾਂ ਉਤੇ ਚਲ ਕੇ ਆਪਣੇ ਜੀਵਨ ਨੂੰ ਅੰਧ-ਗਤੀ ਦੀਆਂ ਠੋਕਰਾਂ ਤੋਂ ਬਚਾ ਸਕਦੇ ਹਾਂ।

ਇਨ੍ਹਾਂ ਹਾਲਤਾਂ ਵਿਚ ਇਹ ਗੱਲ ਮੰਨਣੀ ਔਖੀ ਹੈ ਕਿ ਰੱਬ ਆਪਣੀ ਕੁਦਰਤ ਦੇ ਨੇਮਾਂ ਦੀ ਉਲੰਘਣਾ ਕਰਦਾ ਹੈ ਜਾਂ ਕਰਨ ਦਿੰਦਾ ਹੈ।

ਇਨ੍ਹਾਂ ਰੱਬੀ ਨੇਮਾਂ ਦੀ ਉਲੰਘਣਾ ਕਰਨ ਦਾ ਖ਼ਿਆਲ ਹੀ ਉਲਟੇ ਪਾਸੇ ਦਾ ਸਵਾਦ ਹੈ, ਇਸੇ ਲਈ ਗੁਰੂ ਨਾਨਕ ਸਾਹਿਬ ਜਪੁ ਜੀ ਵਿਚ "ਰਿਧਿ ਸਿਧਿ" ਨੂੰ "ਅਵਰਾ ਸਾਦੁ" ਕਹਿੰਦੇ ਹਨ। ਜਿਸ ਨੂੰ ਇਹ ਚਸਕਾ ਪੈ ਜਾਏ ਉਸ ਦੇ ਦਿਲ ਵਿਚ ਹਰੀ ਦਾ ਖ਼ਿਆਲ ਨਹੀਂ ਆ ਸਕਦਾ:

"ਰਿਧਿ ਸਿਧਿ ਸਭੁ ਮੋਹੁ ਹੈ, ਨਾਮ ਨ ਵਸੈ ਮਨਿ ਆਇ।"
(ਮ: ੩, ਵਾਰ ਵਡਹੰਸ ਮ: ੪)

ਜਦ ਗੁਰੂ ਨਾਨਕ ਜੀ ਪਾਸੋਂ ਜੋਗੀਆਂ ਨੇ ਕਰਾਮਾਤ ਕਰਨ ਦੀ ਮੰਗ ਕੀਤੀ ਤਾਂ ਗੁਰੂ ਜੀ ਨੇ ਕਿਹਾ ਸੀ:

"ਗੁਰਬਾਣੀ ਸੰਗਤਿ ਬਿਨਾਂ ਦੂਜੀ ਓਟ ਨਹੀਂ ਹੈ ਰਾਤੀ"
(ਭਾਈ ਗੁਰਦਾਸ, ਵਾਰ ੧)

ਭਾਵ ਅਸੀਂ ਆਪਣੇ ਕੰਮ ਵਿਚ ਬਾਣੀ ਤੇ ਸੰਗਤ ਨੂੰ ਹੀ ਵਰਤਦੇ ਹਾਂ, ਸਾਨੂੰ ਕਰਾਮਾਤ ਆਦਿ ਕਿਸੇ ਹੋਰ ਚੀਜ਼ ਦਾ ਆਸਰਾ ਨਹੀਂ। ਗੁਰੂ ਹਰਿ ਗੋਬਿੰਦ ਸਾਹਿਬ ਜੀ ਬਾਬਾ ਅਟਲ ਉਤੇ ਕਰਾਮਾਤ ਕਰਨ ਲਈ ਗੁੱਸੇ ਹੋਏ ਸਨ।

ਗੁਰੂ ਗੋਬਿੰਦ ਸਿੰਘ ਸਾਹਿਬ ਇਸ ਨੂੰ "ਨਾਟਕ ਚੇਟਕ" ਤੇ "ਕੁਕਾਜ਼" ਕਹਿੰਦੇ ਹਨ:

"ਨਾਟਕ ਚੇਟਕ ਕਰਤ ਕੁਕਾਜਾ।
ਪ੍ਰਭ ਲੋਗਨ ਕੇ ਆਵਤ ਲਾਜਾ।"

(ਬਚਿਤ੍ਰ ਨਾਟਕ)

ਉਹ ਕਹਿੰਦੇ ਹਨ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਬਚਾਓ ਲਈ ਕਰਾਮਾਤ ਕਰਨ ਤੋਂ ਨਾਂਹ ਕਰ ਦਿੱਤੀ ਸੀ, ਕਿਉਂਕਿ ਹਰੀ ਦੇ ਭਗਤਾਂ ਨੂੰ ਇਹੋ ਜਿਹੇ ਤਮਾਸ਼ੇ ਕਰਨ ਤੋਂ ਸ਼ਰਮ ਆਉਂਦੀ ਹੈ।

ਤਾਂ ਕੀ ਫਿਰ ਕਰਾਮਾਤ ਹੁੰਦੀ ਹੀ ਨਹੀਂ? ਹੁੰਦੀ ਜ਼ਰੂਰ ਹੈ, ਪਰ ਹੋਰ ਤਰ੍ਹਾਂ ਦੀ।

ਕਰਾਮਾਤ ਉਹ ਹਰਾਨ ਕਰਨ ਵਾਲੀ ਘਟਨਾ ਹੈ ਜਿਸ ਨੂੰ ਵਿਚਾਰ ਜਾਂ ਦਲੀਲ ਨਾਲ ਬਿਆਨ ਨਾ ਕਰ ਸਕੀਏ। ਲੋਕ ਤਾਂ ਕੁਦਰਤ ਦੇ ਆਮ ਵਤੀਰੇ ਤੋਂ ਉਲਟ ਗੱਲਾਂ ਨੂੰ ਕਰਾਮਾਤ ਕਹਿੰਦੇ ਹਨ, ਪਰ ਗੁਰੂ ਨਾਨਕ ਜਿਹੇ ਅਸਲੀਅਤ ਪਛਾਣਨ ਵਾਲੇ ਹਵਾ, ਪਾਣੀ, ਅੱਗ ਤੇ ਧਰਤੀ ਜਿਹੀਆਂ ਸਧਾਰਣ ਚੀਜ਼ਾਂ ਨੂੰ ਰੱਬ ਦੀਆਂ ਕਰਾਮਾਤਾਂ ਮੰਨਦੇ ਹਨ।

"ਵਿਸਮਾਦੁ ਪਵਣੁ ਵਿਸਮਾਦੁ ਪਾਣੀ।
ਵਿਸਮਾਦੁ ਅਗਨੀ ਖੇਡਹਿ ਵਿਡਾਣੀ।
ਵਿਸਮਾਦੁ ਧਰਤੀ ਵਿਸਮਾਦ ਖਾਣੀ।
ਵਿਸਮਾਦੁ ਸਾਦਿ ਲਗਹਿ ਪ੍ਰਾਣੀ।"

(ਵਾਰ ਆਸਾ)

ਪਾਣੀ ਕਿਉਂ ਗਿੱਲਾ ਕਰਦਾ ਹੈ? ਅੱਗ ਕਿਉਂ ਸਾੜਦੀ ਤੇ ਭਾਪ ਗੈਸ ਆਦਿ ਪੈਦਾ ਕਰਕੇ ਤਰ੍ਹਾਂ-ਤਰ੍ਹਾਂ ਦੇ ਕਰਿਸ਼ਮੇ ਕਰ ਦਸਦੀ ਹੈ? ਮਨੁੱਖ ਦੇ ਦਿਲ ਵਿਚ ਕਿਤਨੇ ਸਵਾਲ ਹਨ। ਇਹ ਕੀਹ ਹਨ? ਕਿਉਂ ਹਨ? ਇਕ ਸੁਹਜ-ਸਵਾਦ ਹੀ ਲਓ। ਰਾਗ ਦਾ ਰਸ ਹੀ ਲਓ। ਇਹ ਕਿਉਂ ਇਤਨੀਆਂ ਖਿੱਚਾਂ ਪੈਦਾ ਕਰਦੇ ਹਨ? ਰੂਹ ਨੂੰ ਕਿਉਂ ਰੁੱਖੇ ਤਰੀਕੇ ਨਾਲ ਥਰਥਰਾਉਂਦੇ ਹਨ? ਇਨ੍ਹਾਂ ਗੱਲਾਂ ਦਾ ਜਵਾਬ ਸਾਇੰਸ ਭੀ ਨਹੀਂ ਦੇ ਸਕਦੀ। ਸਾਇੰਸ ਤਾਂ ਕੇਵਲ ਚੀਜ਼ਾਂ ਦੇ ਕੰਮ ਕਰਨ ਦੇ ਤਰੀਕੇ ਦਸਦੀ ਹੈ ਉਨ੍ਹਾਂ ਚੀਜ਼ਾਂ ਦੀ ਉਤਪੱਤੀ ਦਾ ਕਾਰਨ ਨਹੀਂ ਦੱਸ ਸਕਦੀ। ਉਹ "ਕਿਵੇਂ" ਦਾ ਜਵਾਬ ਦਿੰਦੀ ਹੈ "ਕਿਉਂ" ਤੇ "ਕੀਹ" ਦਾ ਨਹੀਂ। ਇਸ ਨੁਕਤੇ ਤੋਂ ਦੇਖੀਏ, ਤਾਂ ਕੁਦਰਤਿ ਆਪ ਇਕ ਮੁਅਜ਼ਜ਼ਾ ਹੈ। ਇਸ ਤੋਂ ਵੱਡਾ ਮੁਅੱਜਜ਼ਾ ਹੋਰ ਕੋਈ ਨਹੀਂ!

ਖੂਬਸੂਰਤੀ ਭੀ ਇਕ ਕਰਾਮਾਤ ਹੈ। ਕੀ ਤੁਸੀਂ ਨੱਕ, ਮੂੰਹ, ਹੋਂਠ, ਅੱਖਾਂ ਦੇਖ ਕੇ ਦੱਸ ਸਕਦੇ ਹੋ ਕਿ ਸੁੰਦਰਤਾ ਕਿਸ ਵਿਚ ਹੈ? ਕੀ ਰੰਗ ਸੰਦਰਤਾ ਹੈ ਜਾਂ ਸੁਡੌਲਤਾ? ਚੰਮ ਸੁੰਦਰਤਾ ਹੈ ਜਾਂ ਇਸ ਦੀ ਨਰਮਾਈ ਤੇ ਕੋਮਲਤਾ? ਇਹ ਇਕ ਅਚੰਭਾ ਹੈ, ਜਿਸ ਦਾ ਕਾਰਣ ਲੱਭਣਾ ਔਖੀ ਹੈ। ਕਈ ਕਹਿਣਗੇ ਇਹ ਵੇਖਣ ਵਾਲੀਆਂ ਚੀਜ਼ਾਂ ਵਿਚ ਹੁੰਦੀ ਹੈ ਖਾਸ ਕਰਕੇ ਉਨ੍ਹਾਂ ਦੀ ਉਤਲੀ ਸਤ੍ਹਾ ਵਿਚ। ਕਈ ਕਹਿਣਗੇ ਨਹੀਂ, ਇਹ ਤਾਂ ਮਨੁੱਖੀ ਮਨ ਦੇ ਅੰਦਰ ਦਾ ਗੁੱਲ ਹੈ।

ਨੇਕੀ ਦਾ ਭਾਵ ਭੀ ਕਰਾਮਾਤ ਹੈ, ਕਿਉਂਕਿ ਇਸ ਨੂੰ ਭੀ ਅਸੀਂ ਦਲੀਲ ਦੀ ਕਸਵਟੀ ਉਤੇ ਨਹੀਂ ਚਾੜ੍ਹ ਸਕਦੇ। ਨੇਕ ਉਹ ਹੈ ਜੋ "ਅਪੁਨਾ ਬਿਗਾੜ ਬਿਗਾਨਾ ਸਾਂਢੈ।" ਕੀ ਇਹ ਆਮ ਵਿਚਾਰ ਦੇ ਅਨੁਕੂਲ ਹੈ? ਮੈਂ ਭਲਾ ਕਿਉਂ ਕਰਾਂ? ਕੀ ਲਾਭ ਦਾ ਖ਼ਿਆਲ ਹੀ ਨੇਕੀ ਦੀ ਅੰਸ਼ ਘਟਾ ਦਿੰਦਾ ਹੈ?

ਕੀ ਪਿਆਰ ਇਕ ਮੁਅਜ਼ਜਾ ਨਹੀਂ? ਕਿਸੇ ਤੀਵੀਂ ਜਾਂ ਮਰਦ ਵਿਚ ਬਹੁਤ ਗੁਣ ਨਾ ਭੀ ਹੋਣ, ਪਰ ਫੇਰ ਭੀ ਉਹ ਇਕ ਦੂਜੇ ਉਤੇ ਜਾਨ ਵਾਰਨ ਲਈ ਤਿਆਰ ਹੁੰਦੇ ਹਨ। ਇਕ ਦੂਜੇ ਨੂੰ ਵੇਖੇ ਬਿਨਾਂ ਰਹਿ ਨਹੀਂ ਸਕਦੇ। ਕੀ ਇਹ ਵਿਚਾਰ ਦੇ ਅਨੁਕੂਲ ਹੈ? ਕੀ ਆਮ ਲੋਕ ਇਨ੍ਹਾਂ ਪ੍ਰੇਮੀਆਂ ਨੂੰ ਦੇਖ ਕੇ ਕਹਿ ਸਕਦੇ ਹਨ ਕਿ ਇਨ੍ਹਾਂ ਦੀ ਖਿੱਚ ਵਿਚ ਵਾਜਬੀ ਕਾਰਨ ਮੌਜੂਦ ਹਨ? ਨਹੀਂ। ਤਾਂ ਫੇਰ ਪਿਆਰ ਮੁਅਜ਼ਜਾ ਹੀ ਹੋਇਆ ਨਾ, ਜੋ ਇਨ੍ਹਾਂ ਦੀਆਂ ਅੱਖਾਂ ਨੂੰ ਉਹ ਕੁਝ ਦਿਖਾ ਰਿਹਾ ਹੈ ਅਤੇ ਦਿਲਾਂ ਨੂੰ ਉਹ ਕੁਝ ਸਮਝਾ ਰਿਹਾ ਹੈ ਜੋ ਸਾਧਾਰਨ ਕਾਰਜ ਤੇ ਕਾਰਨ ਵਾਲੇ ਸੰਬੰਧ ਤੋਂ ਪਰ੍ਹੇ ਹੈ।

ਮੈਂ ਕਰਾਮਾਤ ਵਿਚ ਪੂਰੀ ਤਰ੍ਹਾਂ ਯਕੀਨ ਰੱਖਦਾ ਹਾਂ, ਜਦ ਮੈਂ ਖੜੋ ਕੇ ਵਾਹਿਗੁਰੂ ਅੱਗੇ ਬੇਨਤੀ ਕਰਦਾ ਹਾਂ ਕਿ ਹੇ ਪ੍ਰਭੂ! ਮੇਰੇ ਭਰਾ ਨੂੰ ਬਿਮਾਰੀ ਤੋਂ ਬਚਾ ਲੈ। ਜੇ ਮੈਂ ਕਰਾਮਾਤ ਵਿਚ ਯਕੀਨ ਨਾ ਕਰਦਾ ਤਾਂ ਡਾਕਟਰ ਦੀ ਦਵਾਈ ਉਤੇ ਪੂਰੀ ਤਰ੍ਹਾਂ ਭਰੋਸਾ ਕਰ ਕੇ ਰੱਬ ਦਾ ਬੂਹਾ ਨਾ ਖੜਕਾਂਦਾ। ਮੈਂ ਕਹਿੰਦਾ, ਜ਼ਿਸ ਕਰਕੇ ਬਿਮਾਰੀ ਆਈ ਹੈ ਜਦ ਉਹ ਕਾਰਨ ਦੂਰ ਹੋ ਜਾਣਗੇ ਤਾਂ ਆਪੇ ਅਰੋਗਤਾ ਆ ਜਾਵੇਗੀ। ਪਰ ਨਹੀਂ ਮੈਂ ਅਰਦਾਸ ਉਤੇ ਯਕੀਨ ਰੱਖਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਰੱਬ ਮੇਰੇ ਤਰਲੇ ਸੁਣ ਕੇ ਬਹੁੜੇਗਾ ਅਤੇ ਸਭ ਕਾਰਨਾਂ ਵਿਚ ਦਖ਼ਲ ਦੇ ਕੇ ‘ਕਰਾਮਾਤ' ਕਰੇਗਾ ਤੇ ਮੇਰੇ ਭਰਾ ਨੂੰ ਬਚਾ ਲਏਗਾ। ਅਰਦਾਸ ਵਿਚ ਯਕੀਨ ਕਰਨਾ ਕਰਾਮਾਤ ਨੂੰ ਮੰਨਣਾ ਹੈ। ਜਦੋਂ ਭੀ ਅਰਦਾਸ ਸੁਣੀ ਜਾਂਦੀ ਹੈ, ਮੁਅਜਜ਼ਾ ਹੁੰਦਾ ਹੈ। ਨਹੀਂ ਤਾਂ ਕੋਈ ਅਰਦਾਸ ਕਰੇ ਹੀ ਨਾ।

ਰੱਬ ਅਰਦਾਸ ਸੁਣਦਾ ਹੈ ਅਤੇ ਮੁਅੱਜਜ਼ਾ ਕਰਦਾ ਹੈ। ਪਰ ਕਰਦਾ ਆਪਣੀ ਕੁਦਰਤ ਦੇ ਰਾਹੋਂ ਹੈ। ਅਸੀਂ ਮੀਂਹ ਮੰਗਦੇ ਹਾਂ। ਰੱਬ ਮੀਂਹ ਪਾਂਦਾ ਹੈ ਪਰ ਕਿਵੇਂ? ਸਾਡੀ ਅਰਦਾਸ ਸੁਣ ਕੇ ਰੱਬ ਆਪਣੀ ਕੁਦਰਤ ਦੀਆਂ ਸਾਧਾਰਨ ਸ਼ਕਤੀਆਂ ਨੂੰ ਕੰਮ ਵਿਚ ਲਿਆਂਦਾ ਹੈ ਤੇ ਮੀਂਹ ਪਾਂਦਾ ਹੈ। ਮੀਂਹ ਖਰਿਓ ਨਹੀਂ ਵਰ੍ਹਦਾ। ਪਹਿਲਾਂ ਝੜ ਪੈਂਦਾ ਹੈ। ਫੇਰ ਉਸ ਵਿਚੋਂ ਕਣੀਆਂ ਵਸਦੀਆਂ ਹਨ। ਜੇ ਅੰਨ੍ਹਾ ਅਰਦਾਸ ਕਰੇ ਕਿ ਮੇਰੀਆਂ ਅੱਖਾਂ ਵੱਲ ਹੋ ਜਾਣ ਤਾਂ ਰੱਬ ਹਾਲਾਤ ਮੁਤਾਬਕ ਅਰਦਾਸ ਸੁਣਦਾ ਹੈ। ਅੰਨ੍ਹੇ ਦੀਆਂ ਅੱਖਾਂ ਨੌ ਬਰ ਨੌ ਹੋ ਜਾਂਦੀਆਂ ਹਨ। ਪਰ ਕਿਵੇਂ ? ਉਸ ਦੇ ਆਨਿਆਂ ਵਿਚ ਜਾਂ ਅੱਖਾਂ ਨੂੰ ਦਮਾਗ਼ ਨਾਲ ਜੋੜਨ ਵਾਲੀਆਂ ਨਾੜਾਂ ਵਿਚ ਜੋ ਖ਼ਰਾਬੀਆਂ ਸਨ ਓਹ ਦੂਰ ਹੋ ਕੇ ਪੁਰਾਣੇ ਸੰਬੰਧ ਜੁੜ ਜਾਂਦੇ ਹਨ। ਪਰ ਜੇ ਅੱਖਾਂ ਦੇ ਆਨੇ ਕੱਢੇ ਹੋਏ ਹੋਣ ਜਾਂ ਉਸ ਅੰਗ ਦੇ ਹੋਰ ਜ਼ਰੂਰੀ ਹਿੱਸੇ ਮੌਜੂਦ ਹੀ ਨਾ ਹੋਣ, ਤਾਂ ਉਨ੍ਹਾਂ ਅੰਦਰ ਸੁਜਾਖਾ ਹੋਣ ਦੀ ਤਬਦੀਲੀ ਨਹੀਂ ਹੋ ਸਕਦੀ। ਇਸ ਤਰ੍ਹਾਂ ਮੁਰਦੇ ਭੀ ਜ਼ਿੰਦਾ ਹੋ ਸਕਦੇ ਹਨ, ਪਰ ਸਾਧਾਰਨ ਕੁਦਰਤੀ ਤਰੀਕੇ ਨਾਲ ਅਰਥਾਤ ਮੌਤ ਦੇ ਥੋੜ੍ਹੇ ਚਿਰ ਪਿੱਛੋਂ (ਜਦੋਂ ਅਜੇ ਸਰੀਰ ਗਲਨਾ ਸੜਨਾ ਸ਼ੁਰੂ ਨਹੀਂ ਹੋਇਆ) ਅਰਦਾਸ ਦੇ ਜ਼ਰੀਏ ਰੱਬ ਦੀ ਰਜ਼ਾ ਨੂੰ ਪ੍ਰੇਰਿਆ ਜਾਏ ਤਾਂ ਹੋ ਸਕਦਾ ਹੈ ਕਿ ਸਰੀਰ ਦੀਆਂ ਨਾੜਾਂ ਵਿਚ ਲਹੂ ਫਿਰ ਗੇੜਾ ਲਾਣਾ ਸ਼ੁਰੂ ਕਰ ਦੇਵੇ। ਪਰ ਜੇ ਸਰੀਰ ਸੜ ਕੇ ਸੁਆਹ ਹੋ ਗਿਆ ਹੋਵੇ, ਤਾਂ ਇਹ ਮੁਅਜਜ਼ਾ ਨਹੀਂ ਹੋ ਸਕਦਾ, ਕਿਉਂਕਿ ਕੁਦਰਤ ਦੇ ਸਮਿਆਨ ਖਿੰਡ ਪੁੰਡ ਗਏ ਹਨ। ਅਸੀਂ ਇਹੋ ਜਿਹੇ ਮੁਅਜ਼ਜ਼ੇ ਜਿਥੇ ਭੀ ਕਿਤਾਬਾਂ ਵਿਚ ਲਿਖੇ ਪੜ੍ਹਦੇ ਹਾਂ, ਉਥੇ ਇਹ ਨਹੀਂ ਹੋਇਆ ਕਿ ਮੁਰਦੇ ਦਾ ਸਰੀਰ ਦਫ਼ਨ ਕੀਤਾ ਗਿਆ ਹੋਵੇ ਜਾਂ ਸਾੜ ਦਿੱਤਾ ਗਿਆ ਹੋਵੇ, ਤੇ ਫੇਰ ਸੁਰਜੀਤ ਕੀਤਾ ਗਿਆ ਹੋਵੇ।

ਇਸੇ ਤਰ੍ਹਾਂ ਦਰੱਖ਼ਤਾਂ ਵਿਚ ਕੌੜੇ ਰਸ ਦੀ ਥਾਂ ਕੁਦਰਤੀ ਤੌਰ ਤੇ ਮਿੱਠਾ ਰਸ ਵਹਿਣ ਲੱਗ ਪਏ ਤਾਂ ਸੰਭਵ ਹੈ, (ਜਿਵੇਂ ਗੁਰੂ ਨਾਨਕ ਸਾਹਿਬ ਨੇ ਕੌੜੇ ਰੀਠੇ ਦੇ ਰੁੱਖ ਨੂੰ ਮਿੱਠਾ ਕਰ ਦਿੱਤਾ), ਪਰ ਕਿੱਕਰ ਨਾਲ ਜਲੇਬ ਨਹੀਂ ਲੱਗ ਸਕਦੇ। ਉਹੋ ਕਿੱਕਰ ਦੀਆਂ ਫਲੀਆਂ ਕੌੜੇ ਰਸ ਦੀ ਥਾਂ ਮਿੱਠੇ ਰਸ ਵਾਲੀਆਂ ਹੋ ਸਕਦੀਆਂ ਹਨ, ਪਰ ਇਹ ਨਹੀਂ ਹੋ ਸਕਦਾ ਕਿ ਕੜਾਹੀ ਵਿਚ ਤਲੀਣ ਵਾਲੀ ਮੈਦੇ ਦੀ ਚੀਜ਼ ਰੁੱਖ ਬਿਰਖ ਦਾ ਹਿੱਸਾ ਬਣ ਜਾਵੇ। ਇਹ ਕੁਦਰਤ ਦੇ ਨੇਮ ਦੇ ਉਲਟ ਹੈ। ਅਰਥਾਤ ਰੱਬ ਦੀ ਰਜ਼ਾ ਦੇ ਵਿਰੁੱਧ ਹੈ, ਇਸ ਲਈ ਅਸੰਭਵ ਹੈ।

ਅੱਗੋਂ ਰੱਬ ਦੀ ਰੱਬ ਜਾਣੇ।

  • ਮੁੱਖ ਪੰਨਾ : ਪ੍ਰਿੰਸੀਪਲ ਤੇਜਾ ਸਿੰਘ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ