Haas Ras (Punjabi Essay) : Principal Teja Singh

ਹਾਸ-ਰਸ (ਲੇਖ) : ਪ੍ਰਿੰਸੀਪਲ ਤੇਜਾ ਸਿੰਘ



ਹਾਸ-ਰਸ ਨਵੇਂ ਜ਼ਮਾਨੇ ਦੀ ਕਾਢ ਤਾਂ ਨਹੀਂ, ਪਰ ਇਸ ਰਸ ਦੀ ਲੋੜ ਨੂੰ ਇਸੇ ਸਮੇਂ ਨੇ ਅਪਣਾਇਆ ਹੈ। ਕਾਰਣ ਇਹ ਹੈ ਕਿ ਅਜ ਕਲ ਦੀ ਜ਼ਿੰਦਗੀ ਬੜੇ ਰੁਝੇਵੇਂ ਵਾਲੀ ਹੈ, ਜਿਸ ਨਾਲ ਨਾ ਕੇਵਲ ਸਰੀਰ ਹੀ ਆਕੜ ਜਾਂਦਾ ਹੈ, ਸਗੋਂ ਮਨ ਭੀ ਅੱਕ ਥੱਕ ਕੇ ਸੁੰਗੜ ਜਾਂਦਾ ਹੈ। ਇਸ ਨੂੰ ਅਰੋਗਤਾ ਤੋਂ ਇਲਾਵਾ ਕਿਸੇ ਅਜੇਹੇ ਤਜਰਬੇ ਜਾਂ ਵਰਤੋਂ ਦੀ ਲੋੜ ਰਹਿੰਦੀ ਹੈ ਜਿਸ ਨਾਲ ਸਰੀਰ ਦਾ ਅਕੜੇਵਾਂ ਤੇ ਮਨ ਦਾ ਸੁਕੜੇਵਾਂ ਦੂਰ ਹੋ ਜਾਵੇ ਅਤੇ ਇਹ ਫੇਰ ਤਾਜ਼ਾ ਤੇ ਨੌ-ਬਰ-ਨੌ ਹੋ ਕੇ ਕੰਮ ਵਿਚ ਜੁਟ ਪੈਣ। ਇਸ ਲੋੜ ਨੂੰ, ਇਸ ਵਰਤਮਾਨ ਸਮੇਂ ਦੀ ਖ਼ਾਸ ਲੋੜ ਨੂੰ ਨਿਰੀ ਨੇਕੀ, ਪਾਰਸਾਈ ਜਾਂ ਧਾਰਮਕ ਸੰਜਮ ਪੂਰਾ ਨਹੀਂ ਕਰ ਸਕਦੀ। ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣ ਲਈ ਕਸਰਤ ਜਾਂ ਖੇਡ ਦੀ ਲੋੜ ਹੈ। ਸ਼ਾਇਦ ਕੇਸ਼ਬ ਚੰਦਰ ਸੇਨ ਨੇ ਇਸੇ ਲਈ ਕਿਹਾ ਸੀ ਕਿ ਕਈ ਵੇਰ ਤੁਸੀਂ ਫੁਟ-ਬਾਲ ਖੇਡ ਕੇ ਰੱਬ ਦੇ ਉੱਨੇ ਹੀ ਨੇੜੇ ਹੋ ਸਕਦੇ ਹੋ ਜਿੱਨੇ ਕਿ ਗੀਤਾ ਦਾ ਪਾਠ ਕਰ ਕੇ। ਉਸ ਦਾ ਭਾਵ ਇਹ ਨਹੀਂ ਸੀ ਕਿ ਗੀਤਾ ਦਾ ਪਾਠ ਕਰਨਾ ਚੰਗਾ ਨਹੀਂ। ਉਹ ਕੇਵਲ ਇਹ ਦਸਣਾ ਚਾਹੁੰਦਾ ਸੀ ਕਿ ਖੇਡ ਭੀ ਸਰੀਰ ਨੂੰ ਚੁਸਤ ਬਣਾ ਕੇ ਮਨ ਨੂੰ ਨਿਖਾਰਦੀ ਤੇ ਤਿਆਰ-ਬਰ-ਤਿਆਰ ਕਰਦੀ ਹੈ; ਨਹੀਂ ਤਾਂ ਰੋਗੀ ਸਰੀਰ ਵਾਲਾ ਆਦਮੀ ਮਨ ਕਰਕੇ ਭੀ ਕ੍ਰਿਝੂ ਤੇ ਸੁਕੜੂ ਜਿਹਾ ਬਣ ਜਾਂਦਾ ਹੈ। ਉਸ ਵਿਚ ਮਨੁਖਾਂ ਲਈ ਹਮਦਰਦੀ ਦੀ ਲਿਚਕ ਨਹੀਂ ਰਹਿੰਦੀ ਅਤੇ ਨਾ ਹੀ ਪਰਮਾਨੰਦ ਹਰੀ ਨੂੰ ਆਪਣੇ ਅੰਦਰ ਵਸਾਉਣ ਦੀ ਸਮ੍ਰਥਾ। ਕਦੀ ਸਮਾਂ ਸੀ ਕਿ ਸਿਆਣੇ ਲੋਕੀ ਮਨ ਨੂੰ ਅਸਲ ਚੀਜ਼ ਸਮਝਦੇ ਤੇ ਏਸੇ ਨੂੰ ਗਹੁ ਨਾਲ ਸਮਝਣ ਸਮਝਾਣ ਦੀ ਵਾਹ ਲਾਂਦੇ ਸਨ, ਅਤੇ ਸਰੀਰ ਨੂੰ ਇਕ ਬੇਲੋੜੇ ਪਸ਼ੂ ਦੀ ਤਰ੍ਹਾਂ ਔਖਾ ਸੌਖਾ ਹੋ ਕੇ ਬੂਹੇ ਅਗੇ ਬੰਨ੍ਹ ਰਖਣ ਦੀ ਜ਼ਿਮੇਵਾਰੀ ਨਿਬਾਹੁੰਦੇ ਸਨ। ਪਰ ਮੌਜੂਦਾ ਸਮੇਂ ਦੇ ਸਿਆਣੇ ਇਸ ਨੂੰ ਮਨ ਜਿੱਡੀ ਉੱਚੀ ਰੱਬੀ ਦਾਤ ਸਮਝਦੇ ਤੇ ਇਸ ਨੂੰ ਉਸੇ ਤਰ੍ਹਾਂ ਚੰਗੀ ਹਾਲਤ ਵਿਚ ਰਖਣਾ ਜੀਵਣ ਸਫਲਤਾ ਲਈ ਜ਼ਰੂਰੀ ਖ਼ਿਆਲ ਕਰਦੇ ਹਨ। ਸਰੀਰਕ ਤੌਰ ਤੇ ਹਰ ਇਕ ਦੀ ਇਹੋ ਚਾਹ ਰਹਿੰਦੀ ਹੈ ਕਿ ਸਦਾ ਨੌਜਵਾਨ ਬਣੇ ਰਹੀਏ, ਅਤੇ ਖੇਡ ਕੁੱਦ ਕੇ ਇਸ ਨੂੰ ਖਿੜਾਉ ਵਿਚ ਰਖੀਏ।

ਪੂਰਣਤਾ ਲਈ ਜਿਵੇਂ ਸਰੀਰ ਦਾ ਹੁਲਾਰੇ ਵਿਚ ਰਹਿਣਾ ਜ਼ਰੂਰੀ ਹੈ ਤਿਵੇਂ ਹੀ ਮਨ ਦਾ। ਜਿਵੇਂ ਸਰੀਰ ਦੇ ਅਰੋਗ ਤੇ ਖ਼ੁਸ਼ ਹੋਣ ਨਾਲ ਮੂੰਹ ਉਤੋਂ ਤੀਉੜੀਆਂ ਤੇ ਵੱਟ ਦੂਰ ਹੋ ਕੇ ਹਾਸਾ ਜਾਂ ਮੁਸਕ੍ਰਾਹਟ ਆ ਜਾਂਦੀ ਹੈ, ਤਿਵੇਂ ਮਨ ਦੇ ਖਿੜਨ ਨਾਲ ਅੰਦਰੋ ਅੰਦਰ ਇਕ ਹੁਲਾਰਾ ਪੈਦਾ ਹੁੰਦਾ ਹੈ, ਜਿਸ ਨੂੰ 'ਹਾਸ-ਰਸ' ਕਹਿੰਦੇ ਹਨ। ਇਹ ਅੰਦਰ ਦਾ ਗੁਣ ਹੈ, ਜਿਸ ਦੀ ਹੋਂਦ ਬਾਹਰਵਾਰ ਹਸਣ, ਕੂਕਣ, ਜਾਂ ਮੁਸਕ੍ਰਾਹਟ ਦੀ ਸ਼ਕਲ ਵਿਚ ਪਰਗਟ ਹੁੰਦੀ ਹੈ। ਪਰ ਇਹ ਬਾਹਰ ਦੇ ਚਿੰਨ੍ਹ ਕਦੀ ਨਹੀਂ ਵੀ ਦਿਸਦੇ। ਇਸ ਲਈ ਇਸ ਨੂੰ ਬਿਆਨ ਕਰ ਕੇ ਸਮਝਾਉਣਾ ਔਖਾ ਹੈ। ਇਤਨਾ ਕਹਿ ਸਕਦੇ ਹਾਂ ਕਿ ਸਾਡੇ ਦਿਲ ਵਿਚ ਕਿਸੇ ਚੀਜ਼ ਦੀਆਂ ਦੋ ਉਲਟੀਆਂ ਹਾਲਤਾਂ ਦੇ ਟਕਰਾਉਣ ਨਾਲ ਜੋ ਚਮਤਕਾਰ ਪੈਦਾ ਹੁੰਦਾ ਹੈ ਉਹ ਹਾਸ-ਰਸ ਹੈ। ਮਸਲਨ, ਇਕ ਨੰਗੇ ਪਿੰਡੇ ਵਾਲੇ ਜਾਂਗਲੀ ਨੂੰ ਸਿਰ ਤੇ ਟੋਪ ਧਰਿਆ ਵੇਖ ਕੇ ਹਸ ਪਈਦਾ ਹੈ। ਕਿਉਂ? ਇਸ ਲਈ ਕਿ ਜਿਸ ਜਾਂਗਲੀ ਨੂੰ ਅਸੀਂ ਸਦਾ ਨੰਗੇ ਪਿੰਡੇ ਦੇਖਦੇ ਹਾਂ ਅਜ ਇਕ ਹੋਰ ਤੇ ਉਲਟੀ ਹਾਲਤ ਵਿਚ ਦਿਸਦਾ ਹੈ। ਇਨ੍ਹਾਂ ਦੋਹਾਂ ਹਾਲਤਾਂ ਦੇ ਟਾਕਰੇ ਤੋਂ ਇਕ ਖੁਸ਼ੀ ਤੇ ਹਰਾਨਗੀ ਦੀ ਝਰਨਾਟ ਛਿੜਦੀ ਹੈ ਜਿਸ ਨਾਲ ਅਸੀਂ ਹਸ ਪੈਂਦੇ ਹਾਂ। ਇਸੇ ਤਰ੍ਹਾਂ ਜੇ ਪਜਾਮੇ ਨੂੰ ਸਿਰ ਤੇ ਪੱਗ ਵਾਂਗੂ ਬੰਨ੍ਹ ਲਈਏ, ਜਾਂ ਕੁਰਸੀ ਨੂੰ ਸਿਰ ਤੇ ਚੁਕ ਕੇ ਬਹਿ ਜਾਈਏ, ਤਾਂ ਇਹ ਅਣਮਿਲ ਹਾਲਤ ਹਾਸੇ ਵਾਲੀ ਬਣ ਜਾਂਦੀ ਹੈ।

ਇਹ ਅਣਮੇਲ ਦੋ ਤਰ੍ਹਾਂ ਦਾ ਹੁੰਦਾ ਹੈ: ਇਕ ਕਿਸੇ ਕੰਮ ਜਾਂ ਮੌਕੇ ਦਾ ਤੇ ਦੂਜਾ ਜ਼ਬਾਨ ਜਾਂ ਲਿਖਤ ਦਾ। ਉੱਤੇ ਦੱਸੀਆਂ ਮਿਸਾਲਾਂ ਅਮਲੀ ਹਾਸੇ ਦੀਆਂ ਹਨ। ਪੁਰਾਣੇ ਜ਼ਮਾਨੇ ਵਿਚ ਜਾਂ ਆਮ ਲੋਕਾਂ ਵਿਚ ਮਖ਼ੌਲ ਕਰਨੀ ਦਾ ਹੁੰਦਾ ਸੀ। ਇਸ ਵਿਚ ਜ਼ਬਾਨ ਨਹੀਂ ਵਰਤੀ ਜਾਂਦੀ, ਸਗੋਂ ਕਿਸੇ ਚੀਜ਼ ਨੂੰ ਵਿਗਾੜ ਕੇ ਜਾਂ ਭੰਨ ਕੇ ਦੇਖਣ ਦਾ ਚਾਉ ਹੁੰਦਾ ਹੈ। ਜਿਵੇਂ, ਬੁਢੀ ਦਾਦੀ ਦੀ ਆਉ-ਭਗਤ ਲਈ ਉਸ ਦੇ ਅੱਗੇ ਟੁੱਟਾ ਮੂੜ੍ਹਾ ਡਾਹ ਦੇਣਾ, ਜਾਂ ਜੀਜੇ ਹੋਰਾਂ ਦੀ ਜੁੱਤੀ ਛੁਪਾ ਛਡਣੀ ਜਾਂ ਉਸ ਨੂੰ ਸਾਗ ਦੀ ਥਾਂ ਮਹਿੰਦੀ ਘੋਲ ਕੇ ਖੁਆਉਣੀ, ਜਾਂ ਉਸ ਦੇ ਸੋਹਣੇ ਰੇਸ਼ਮੀ ਕਪੜਿਆਂ ਉਤੇ ਚਿਕੜ ਜਾਂ ਰੰਗ ਸੁੱਟ ਕੇ ਤੰਗ ਕਰਨਾ। ਇਹੋ ਜਿਹੇ ਹਾਸੇ ਤੇ ਮਖ਼ੌਲ ਕਰਨ ਦੇ ਮੌਕੇ ਸਾਂਵਿਆਂ, ਤੀਆਂ ਅਤੇ ਹੋਲੀਆਂ ਵਿਚ ਬਹੁਤ ਹੁੰਦੇ ਆਏ ਹਨ। ਕਈ ਵਾਰੀ ਹਾਸੇ ਦਾ ਮੜ੍ਹਾਸਾ ਹੋ ਜਾਂਦਾ ਸੀ, ਮਸਲਨ, ਜੰਵ ਨੂੰ ਭਗ ਪਿਆ ਦੇਣ ਨਾਲ ਕਈ ਖਰੂਦ ਮਚਦੇ ਸਨ ਜਾਂ ਨਾਸ਼ਪਾਤੀਆਂ ਤੇ ਸੇਬਾਂ ਵਿਚ ਸੂਈਆਂ ਟੁੰਗ ਦੇਣ ਨਾਲ ਖਾਣ ਵਾਲਿਆਂ ਦੇ ਗਲੇ ਛਿਲੇ ਜਾਂਦੇ ਸਨ, ਅਤੇ ਕਈ ਵੇਰੀ ਮੌਤ ਤਕ ਨੌਬਤ ਆ ਪੁਜਦੀ ਸੀ।

ਤਾਲੀਮ ਤੇ ਸਭਿੱਤਾ ਦੇ ਵਧਣ ਨਾਲ ਇਹ ਖਰਵੇ ਹਾਸੇ ਘਟ ਗਏ ਹਨ। ਪਰ ਅਮਲੀ ਹਾਸੇ ਤੇ ਮਖੌਲ ਵਧੇਰੇ ਕੋਮਲ ਸ਼ਕਲਾਂ ਵਿਚ ਕਾਇਮ ਹਨ ਤੇ ਕਾਇਮ ਰਹਿਣਗੇ।

ਅਮਲੀ ਹਾਸੇ ਦੀ ਇਕ ਸ਼ਕਲ 'ਕਾਰਟੂਨ' ਜਾਂ ਨਕਲੀ ਤਸਵੀਰ ਹੈ, ਜੋ ਹੁਨਰ ਦੇ ਵਾਧੇ ਨਾਲ ਪ੍ਰਚੱਲਤ ਹੋਈ ਹੈ, ਅਤੇ ਪੱਛਮ ਤੋਂ ਆਈ ਹੈ।

ਜਿਉਂ ਜਿਉਂ ਲੋਕਾਂ ਦੇ ਸੁਭਾ ਕੋਮਲ ਹੁੰਦੇ ਜਾਂਦੇ ਹਨ ਹਾਸ-ਰਸ ਭੀ ਕੋਮਲ ਹੁੰਦਾ ਜਾਂਦਾ ਅਤੇ ਜ਼ਬਾਨ ਜਾਂ ਸਾਹਿੱਤ ਵਿਚ ਵਧੇਰੇ ਪ੍ਰਵੇਸ਼ ਕਰ ਰਿਹਾ ਹੈ। ਪਿੰਡਾਂ ਦੇ ਗਾਉਣਾਂ ਵਿਚ ਹਾਸੇ ਦੀਆਂ ਝਾਕੀਆਂ ਮਿਲਦੀਆਂ ਹਨ। ਇਕ ਤੀਵੀਂ ਖੂਹ ਉਤੇ ਪਣੀ ਭਰ ਰਹੀ ਹੈ। ਕੋਲੋਂ ਲੰਘਦਾ ਸਿਪਾਹੀ ਠਹਿਰ ਜਾਂਦਾ ਹੈ ਤੇ ਕਹਿੰਦਾ ਹੈ:-

ਖੂਹ ਤੇ ਪਾਣੀ ਭਰਦੀਏ ਮੁਟਿਆਰੇ ਨੀ!
ਘੁਟ ਕੁ ਪਾਣੀ ਪਿਲਾ, ਭੋਲੀਏ ਨਾਰੇ ਨੀ!
ਅਪਣਾ ਕਢਿਆ ਵਾਰੀ ਨ ਦਿਆਂ, ਸਪਾਹੀਆ ਵੇ!
ਆਪੇ ਕਢ ਕੇ ਪੀ, ਭੋਲਿਆ ਰਾਹੀਆ ਵੇ!
ਲਜ ਤੇਰੀ ਨੂੰ ਘੁੰਗਰੂ, ਮੁਟਿਆਰੇ ਨੀ!
ਹੱਥ ਲਾਇਆਂ ਝੜ ਪੈਣ, ਭੋਲੀਏ ਨਾਰੇ ਨੀ!
ਸੂਤਨੇ ਦੀ ਵਟ ਲੈ ਡੋਰ, ਸਪਾਹੀਆ ਵੇ!
ਛਿੱਤਰ ਬਣਾ ਲੈ ਡੋਲ, ਸਪਾਹੀਆ ਵੇ!

ਸੂਤਨੇ ਤੇ ਛਿੱਤਰ ਨੂੰ ਕਿਹੜੇ ਕੰਮ ਲਾ ਦੇਣ ਦੀ ਸਲਾਹ ਦੇ ਰਹੀ ਹੈ! ਇਸ ਅਣਮੇਲ ਤੋਂ ਹਾਸਾ ਬਣ ਗਿਆ ਹੈ।

ਲੋਹੜੀ ਦੇ ਗੀਤਾਂ ਵਿਚ ਵੀ ਹਾਸੇ ਦੀਆਂ ਗੱਲਾਂ ਆ ਜਾਂਦੀਆਂ ਹਨ। ਇਸ ਮੌਕੇ ਤੇ ਕੁੜੀਆਂ ਮੁੰਡੇ ਸ਼ਾਮ ਨੂੰ ਆਟਾ, ਦਾਣੇ, ਜਾਂ ਪੈਸੇ ਮੰਗਣ ਚੜ੍ਹਦੇ ਹਨ; ਨਾਲੇ ਮੰਗਦੇ ਹਨ, ਨਾਲੇ ਘੂਰਦੇ ਹਨ। ਦੇਰ ਕਰਨ ਵਾਲੇ ਨੂੰ ਨਿਹੋਰੇ ਤੇ ਮਿਹਣੇ ਦਿੱਤੇ ਜਾਂਦੇ ਹਨ ਜੋ ਹਾਸੇ ਵਾਲੀ ਬੋਲੀ ਵਿਚ ਹੋਣ ਕਰਕੇ ਕਿਸੇ ਨੂੰ ਨਰਾਜ਼ ਨਹੀਂ ਕਰਦੇ। ਜਿਵੇਂ-

ਤੇਰੇ ਕੋਠੇ ਉਤੇ ਮੋਰ,
ਸਾਨੂੰ ਛੇਤੀ ਛੇਤੀ ਤੋਰ।
ਤੇਰੇ ਘਗਰੇ ਦੀ ਲੌਣ,
ਸਾਡਾ ਵਰ੍ਹੇ ਪਿਛੋਂ ਔਣ॥
ਤੂੰ ਤਾਂ ਕੰਮ ਕਰਦੀ ਐਂ ਨੀ,
ਸਾਨੂੰ ਰਾਤ ਪੈਂਦੀ ਹੈ ਨੀ।

ਜਾਂ ਢੇਰ ਚਿਰ ਗਾਉਣ ਮਗਰੋਂ ਇਕ ਛੱਕਾ ਦਾਣੇ ਭੀ ਨਾ ਮਿਲਣ ਤਾਂ ਨਿੰਦਾ ਰਸ ਅਰੰਭ ਹੁੰਦਾ ਹੈ:

ਕੋਠੇ ਉਤੇ ਤੂੜੀ। ਤੇਰੀ ਮਾਂ ਹੋ ਗਈ ਚੂਹੜੀ।
ਕੋਠੇ ਉਤੇ ਮੋਰਨੀ। ਤੇਰੀ ਮਾਂ ਹੋ ਗਈ ਚੋਰਨੀ।
ਤੇਰੀ ਕੋਠੀ ਹੇਠਾਂ ਕੁੱਤਾ। ਕੋਈ ਰਹਿਜੇ ਥੌਡਾ ਸੁੱਤਾ।

ਵਿਆਹਾਂ ਉਤੇ ਜਾਂਞੀਆਂ ਨੂੰ ਰੋਟੀ ਖਾਣ ਵੇਲੇ ਸਿਠਣੀਆਂ ਸੁਣਾ ਸੁਣਾ ਕੇ ਛੇੜਿਆ ਜਾਂਦਾ ਸੀ। ਸਾਲੀਆਂ ਵਲੋਂ ਭੀ ਜੀਜੇ ਨੂੰ ਮਸ਼ਕਰੀਆਂ, ਠਠੇ ਠਠੋਲੀਆਂ ਦੇ ਰਾਹੀਂ ਖ਼ੂਬ ਤੰਗ ਕੀਤਾ ਜਾਂਦਾ ਸੀ, ਅਤੇ ਜੀਜੇ ਦੇ ਪਿਉ ਨੂੰ ਵੀ ਦੂਰੋਂ ਦੂਰੋਂ ਸਿਠਾਂ ਸੁਣਾ ਕੇ ਹਸਾਇਆ ਜਾਂਦਾ ਸੀ:

ਬਾਰਾਂ ਮਹੀਨੇ ਸੁਨਿਆਰਾ ਬਿਠਾਇਆ।
ਚਾਂਦੀ ਦੇ ਗਹਿਣਿਆਂ ਤੇ ਸੋਨਾ ਚੜ੍ਹਾਇਆ।
ਪਿਤਲ ਹੀ ਪਾਵੋ ਆ ਸਹੀ।
'ਥਾਲ' ਰਾਹੀਂ ਭੀ ਸਿਠਣੀਆਂ ਦਿਤੀਆਂ ਜਾਂਦੀਆਂ ਸਨ:

ਚੌਧਰੀਆਂ ਦੀ ਜੰਵ ਆਈ, ਨਾਲ ਆਇਆ ਬਿੱਲਾ।
ਬਿੱਲੇ ਦੀ ਮੈਂ ਟੋਪੀ ਸੀਤੀ, ਚੱਪੇ ਚੱਪੇ ਤਿੱਲਾ।
ਨੀ ਲਾਹੌਰ ਸ਼ਹਿਰ ਬਿੱਲਾ, ਨੀ ਪਸ਼ੌਰ ਸ਼ਹਿਰ ਬਿੱਲਾ।
ਬਿੱਲੇ ਦੇ ਸਿਰ 'ਚ ਠੋਕਿਆ ਕਿੱਲਾ।
ਆਲ ਮਾਲ ਹੋਇਆ ਥਾਲ।
ਥਾਲ ਰਾਹੀਂ ਹੋਰਨਾਂ ਨਾਲ ਭੀ ਮਸ਼ਕਰੀ ਕੀਤੀ ਜਾਂਦੀ ਸੀ:

ਨਿਨਾਣੇ ਨੀ ਨਿਨਾਣੇ! ਤੇਰੇ ਭੇਡ ਜਿੱਨੇ ਆਨੇ।
ਨੀ ਬਘਿਆੜ ਜਿੱਡਾ ਮੂੰਹ, ਨੀ ਤੂੰ ਕਿਸ ਚੰਦਰੇ ਦੀ ਨੂੰਹ?
ਆਲ ਮਾਲ ਹੋਇਆ ਥਾਲ।
ਕਈ ਹੋਰ ਤਰ੍ਹਾਂ ਭੀ ਸਾਂਗਾਂ ਲਾਉਂਦੇ ਸੁਣੀਦੇ ਹਨ:

ਸਿਰ ਸੋਹੇ ਦਸਤਾਰ ਕਿ ਪਿੰਨਾ ਵਾਣ ਦਾ!
ਤੇੜ ਪਈ ਸਲਵਾਰ ਕਿ ਬੁੱਗ ਸਤਾਰ ਦਾ!
ਢਿਡ ਭੜੋਲੇ ਹਾਰ ਕਿ ਮਟਕਾ ਪੋਚਿਆ!
ਵੇਖੋ ਮੇਰਾ ਯਾਰ ਕਿ ਬਣਿਆ ਸਾਂਗ ਹੈ!

ਪੰਜਾਬ ਵਿਚ ਮਨੁੱਖਾਂ, ਬ੍ਰਾਦਰੀਆਂ, ਪਿੰਡਾਂ ਤੇ ਇਲਾਕਿਆਂ ਦੇ ਔਗੁਣ ਦਸਣ ਵਾਲੇ ਗੀਤ ਭੀ ਪ੍ਰਚੱਲਤ ਹਨ, ਜਿਨ੍ਹਾਂ ਨੂੰ "ਸਿੱਠਾਂ" ਕਹਿੰਦੇ ਹਨ; ਜਿਵੇਂ ਇਕ ਪਹਾੜ ਉਤੇ ਵਸਦੇ ਪਿੰਡ ਵਿਆਹੀ ਹੋਈ ਕੁੜੀ ਨੇ ਆਪਣੇ ਸਾਹੁਰੇ ਪਿੰਡ ਦੀ ਸਿੱਠ ਇਉਂ ਜੋੜੀ ਹੈ:

ਨਾ ਦੇਈਂ ਬਾਬਲ 'ਢੱਲੇ'। ਸਿਰ ਪੀੜ ਕਲੇਜਾ ਹੱਲੇ।
ਬਾਹਵਾਂ ਰਹੀਆਂ ਚੱਕੀ। ਤੇ ਲੱਤਾਂ ਰਹੀਆਂ ਢੱਕੀ।
ਦੋ ਨੈਣ ਵੰਞਾਏ ਰੋ ਰੋ। ਸਿਰ ਖੁਥਾ ਪਾਣੀ ਢੋ ਢੋ।

ਇਸੇ ਤਰ੍ਹਾਂ ਜੱਟਾਂ, ਕਿਰਾੜਾਂ, ਆਦਿ ਦੀਆਂ ਸੁਭਾਵਕ ਕਮਜ਼ੋਰੀਆਂ ਬਾਬਤ ਅਖਾਉਣ ਬਣੇ ਮਿਲਦੇ ਹਨ; ਜਿਵੇਂ- ਬੰਨੇ ਜੱਟ ਨਾ ਛੇੜੀਏ, ਤੇ ਹੱਟੀ ਤੇ ਕਿਰਾੜ। ਬੇੜੀ ਮਲਾਹ ਨਾ ਛੇੜੀਏ, ਮਤਾਂ ਭੰਨ ਦੇਇ ਬੁਥਾੜ।

ਗਿੱਧੇ ਵਿਚ ਵੀ ਲੋਕੀਂ ਆਪਣੇ ਪਿੰਡਾਂ ਦੀ ਰਹਿਣੀ ਬਹਿਣੀ ਉਤੇ ਨਜ਼ਰ ਮਾਰਦੇ ਅਤੇ ਦਿਲ ਦੇ ਹੁਲਾਰੇ ਜ਼ਾਹਿਰ ਕਰਦੇ ਹਨ। ਨਵੇਂ ਜ਼ਮਾਨੇ ਦੀ ਰੋਸ਼ਨੀ ਵਿੱਚ ਗਿੱਧਾ ਮੋਇਆ ਨਹੀਂ, ਸਗੋਂ ਹੋਰ ਚਮਕ ਉਠਿਆ ਹੈ। ਇਸ ਦੇ ਰਾਹੀਂ ਭੀ ਹਾਸ-ਰਸ ਜ਼ਾਹਿਰ ਹੁੰਦਾ ਹੈ, ਪਰ ਜ਼ਮਾਨੇ ਦੀ ਬਰੀਕੀ ਮੁਤਾਬਕ ਨਿਮ੍ਹਾ ਨਿਮ੍ਹਾ:

ਸੁਰਮਾ ਤਿੰਨ ਰੱਤੀਆਂ-
ਡਾਕ ਗੱਡੀ ਵਿਚ ਆਇਆ।

ਜਣ ਕੇ ਨੌਂ ਕੁੜੀਆਂ--
ਤੇਰੀ ਚੀਨ ਦੀ ਖੱਟੀ ਦਾ ਮੂੰਹ ਭੰਨ ਦੂੰ।
... ... ...
ਕਾਲਿਆਂ ਨੂੰ ਖ਼ਬਰ ਕਰੋ--
ਗੋਰਾ ਰੰਗ ਡੱਬੀਆਂ ਵਿਚ ਆਇਆ।
... ... ...
ਸਿਰ ਗੁੰਦ ਦੇ, ਕੁਪੱਤੀਏ ਨੈਣੇ!
ਉੱਤੇ ਪਾ ਦੇ ਡਾਕ ਬੰਗਲਾ।
... ... ...
ਹੁਣ ਦੇ ਬਾਬੂਆਂ ਦੇ
ਚਿੱਟੇ ਕਪੜੇ ਤੇ ਖੀਸੇ ਖ਼ਾਲੀ!
... ... ...
ਆਰੀਆਂ ਨੇ ਅਤਿ ਚੱਕ ਲਈ--
ਸਾਰੇ ਪਿੰਡ ਦੇ ਸ਼ਰਾਧ ਬੰਦ ਕੀਤੇ।
... ... ...
ਬਣ ਗਿਆ ਸਿੰਘ-ਸਭੀਆ--
ਜਦੋਂ ਮੁੱਕ ਗਏ ਘੜੇ 'ਚੋਂ ਦਾਣੇ।
... ... ...
ਮੈਂ 'ਕਾਲਣ ਬਣ ਗਈ ਵੇ--
'ਕਾਲੀਆ! ਤੇਰਿਆਂ ਦੁੱਖਾਂ ਦੀ ਮਾਰੀ।
... ... ...
ਹੋ ਗਏ ਬੇਮੋਹੇ--
ਕਿ ਜਿਹੜੇ ਸੰਗ 'ਕਾਲੀਆਂ ਦੇ ਰਲ ਗਏ।
... ... ...
ਛੇਤੀ ਛੇਤੀ ਤੋਰ ਯੱਕੇ ਨੂੰ--
ਮੈਂ ਯਾਰ ਦੀ ਤਰੀਕੀ ਜਾਣਾ।
... ... ...
ਕਾਹਲੀ ਏ ਤਾਂ ਰੇਲ ਚੜ੍ਹ ਜਾ--
ਮੇਰੇ ਯੱਕੇ ਨੇ ਮਟਕ ਨਾਲ ਤੁਰਨਾ।
... ... ...

ਜ਼ਬਾਨੀ ਮਖ਼ੌਲਾਂ ਦਾ ਜ਼ਿਕਰ ਕਰ ਕੇ ਹੁਣ ਆਓ ਪੰਜਾਬੀ ਸਾਹਿੱਤ ਵਿਚ ਹਾਸ-ਰਸ ਨੂੰ ਲੈਂਦੇ ਹਾਂ।

ਸਿਖ ਗੁਰੂਆਂ ਵਿਚ ਚੋਖਾ ਹਾਸ-ਰਸ ਸੀ। ਇਸ ਦੇ ਨਮੂਨੇ ਅਗਲੇ ਕਾਂਡ ਵਿਚ ਦੇਖ ਲੈਣੇ। ਇਨ੍ਹਾਂ ਤੋਂ ਇਲਾਵਾ ਸੁਥਰੇ ਅਤੇ ਜਲ੍ਹਣ ਜੱਟ ਵਰਗੇ ਕਈ ਮੌਜੀ ਭਗਤ ਹੋਏ ਹਨ ਜੋ ਗੱਲਾਂ ਮਖ਼ੌਲ ਵਾਲੀਆਂ ਪਰ ਸਦਾ ਟਿਕਾਣੇ ਦੀਆਂ ਕਰਦੇ ਸਨ।

'ਸੁਥਰਾ ਚਾਲੀ ਮੇਰੀ ਕਹਿੰਦਾ ਹਾਸੇ ਵਿਚ ਲਪੇਟੀ।'
'ਜਲ੍ਹਿਆ! ਰਬ ਦਾ ਕੀ ਪਾਉਣਾ:
ਐਧਰੋਂ ਪੁੱਟਣਾ ਤੇ ਔਧਰ ਲਾਉਣਾ।'
'ਨਿੱਕੇ ਹੁੰਦੇ ਢੱਗੇ ਚਾਰੇ, ਵੱਡੇ ਹੋਏ ਹਲ ਵਾਹਿਆ।
ਬੁਢੇ ਹੋਏ ਮਾਲਾ ਫੇਰੀ, ਰੱਬ ਦਾ ਉਲਾਂਭਾ ਲਾਹਿਆ।'

ਇਨ੍ਹਾਂ ਤੋਂ ਇਲਾਵਾ ਦਮੋਦਰ, ਵਾਰਸ ਸ਼ਾਹ ਆਦਿ ਲਿਖਾਰੀ ਆਪਣੀ ਰਚਨਾ ਵਿਚ ਕਈ ਥਾਈਂ ਹਾਸੇ ਦੀਆਂ ਗੱਲਾਂ ਲਿਖਦੇ ਹਨ। ਦਮੋਦਰ ਵਿਚ ਉਹ ਮੌਜੀ ਤੇ ਖੁਲ੍ਹੀ ਤਬੀਅਤ ਨਹੀਂ ਜੋ ਵਾਰਸ ਸ਼ਾਹ ਦੀ ਸੀ। ਦਮੋਦਰ ਨੇ ਹੀਰ ਦਾ ਕਿੱਸਾ ਉਸ ਵੇਲੇ ਲਿਖਿਆ ਜਦੋਂ ਪੰਜਾਬੀ ਬੋਲੀ ਅਜੇ ਬਹੁਤ ਉੱਨਤੀ ਨਹੀਂ ਸੀ ਕਰ ਚੁਕੀ। ਫੇਰ ਭੀ ਉਸ ਦੀ ਰਚਨਾ ਵਿਚ ਇਕੜ ਦੁਕੜ ਤੁਕਾਂ ਬਹੁਤ ਸਵਾਦੀ ਮਿਲਦੀਆਂ ਹਨ। ਜਿਵੇਂ--

'ਅੱਧਾ ਧੜ ਹੰਨੇ ਵਿਚ ਫਾਥਾ, ਅੱਧਾ ਢੱਠਾ ਧਰਤੀ।
ਆਖ ਦਮੋਦਰ ਕੀਕਣ ਦਿਸੇ: ਜਿਉਂ ਧੋਬੀ ਸੁਥਣ ਘੱਤੀ!'

ਵਾਰਸ ਸ਼ਾਹ ਇਕੜ ਦੁਕੜ ਤੁਕਾਂ ਵਿਚ ਨਹੀਂ, ਬਲਕਿ ਸਾਰੇ ਪੈਰੇ ਦੇ ਪੈਰੇ ਵਿਚ ਹਾਸੇ ਦਾ ਮੌਕਾ ਰਚਦਾ ਹੈ। ਦਮੋਦਰ ਦੇ ਹਾਸੇ ਦਾ ਸਵਾਦ ਇਉਂ ਆਉਂਦਾ ਹੈ ਜਿਵੇਂ ਮੇਜ਼ ਤੇ ਪਏ ਗੁਲਦਸਤੇ ਵਿਚੋਂ ਇਕ ਦੋ ਫੁਲਾਂ ਨੂੰ ਦੇਖ ਕੇ ਆਉਂਦਾ ਹੈ; ਅਤੇ ਵਾਰਸ ਸ਼ਾਹ ਦੇ ਹਾਸੇ ਦਾ ਸਵਾਦ ਇਉਂ ਹੈ ਜਿਵੇਂ ਚੁਬਾਰੇ ਦੀ ਬਾਰੀ ਵਿਚੋਂ ਕਿਸੇ ਖੁਲ੍ਹੇ ਨਜ਼ਾਰੇ ਨੂੰ ਵੇਖੀਏ ਜਿਸ ਵਿਚ ਪਹਾੜ ਦਰਿਆ ਤੇ ਵਾਦੀ ਦੀਆਂ ਕੁਦਰਤੀ ਖੂਬਸੂਰਤੀਆਂ ਭਰੀਆਂ ਪਈਆਂ ਹੋਣ। ਮਿਸਾਲ ਵਜੋਂ ਹੇਠਲੇ ਬੈਂਤ ਲਓ:--

ਮਾਲਾ ਫੇਰਦਾ ਇਸ਼ਕ ਪ੍ਰੋਹਤਣੀ ਦਾ,
ਅੱਗੇ ਭਟਣੀ ਦਾ ਖੜਾ ਕਵਿਤ ਲਾਈ।
ਚੜ੍ਹਿਆ ਊਠ ਤੇ ਇਸ਼ਕ ਬਲੋਚਣੀ ਦਾ,
ਮਾਰੇ ਪਾਸਣੇ ਤੇ ਫਿਰੇ ਸਾਂਗ ਲਾਈ।
ਉਜ਼ੂ-ਸਾਜ਼ਿਆ ਇਸ਼ਕ ਸੱਯਦਾਣੀਆਂ ਦਾ,
ਅੱਗੇ ਖੜਾ ਅਰਾਇਣ ਦਾ ਫੁਲ ਚਾਈ।
ਕੂੰਜ ਵਾਂਗ ਕੁਰਲਾਂਵਦਾ ਸਿਪਾਹਣੀ ਦਾ,
ਜਿਦ੍ਹਾ ਕੰਤ ਪਰਦੇਸੀ, ਨ ਵਾਹ ਕਾਈ।

ਹਰ ਇਕ ਕੌਮ ਦੀ ਔਰਤ ਦਾ ਪ੍ਰੇਮ ਦਸਣ ਲੱਗਿਆਂ ਥੋੜੇ ਲਫ਼ਜ਼ਾਂ ਵਿਚ ਸਾਰੀ ਕੌਮ ਦੀ ਰਹਿਣੀ ਬਹਿਣੀ ਤੇ ਖਾਸ ਖਾਸ ਗੁਣਾਂ ਔਗਣਾਂ ਵਲ ਇਸ਼ਾਰਾ ਕੀਤਾ ਹੈ। ਹੀਰ ਦੇ ਦਾਜ ਵਿਚ ਜੋ ਅਣਗਿਣਤ ਵਸਿੱਤਰ ਰਖੀ ਗਈ, ਉਸ ਵਿਚ ਕੁਝ ਦੇਗਾਂ ਭੀ ਸਨ, ਜਿਨ੍ਹਾਂ ਨੂੰ ਰੱਸੇ ਤੇ ਸੰਗਲਾਂ ਪਾ ਕੇ ਇਉਂ ਖਿਚਦੇ ਸਨ ਜਿਵੇਂ ਸ਼ਾਹੀ ਫੌਜਾਂ ਤੋਪਾਂ ਖਿਚਦੀਆਂ ਹਨ!

'ਦੇਗਾਂ ਖਿਚੀਦੀਆਂ ਘਤ ਜ਼ੰਜੀਰ ਰੱਸੇ,
ਤੋਪਾਂ ਖਿਚਦੇ ਕਟਕ ਪਾਤਸ਼ਾਹੀਆਂ ਦੇ।'

ਦਾਲ ਜਾਂ ਪੁਲਾਉ ਰਿਨ੍ਹਣ ਵਾਲੀਆਂ ਦੇਗਾਂ ਨੂੰ ਜੰਗੀ ਤੋਪਾਂ ਨਾਲ ਤਸ਼ਬੀਹ ਦੇਣਾ ਐਸੇ ਅਣਮੇਲਾਂ ਨੂੰ ਮੇਲਣਾ ਹੈ ਕਿ ਪੜ੍ਹ ਕੇ ਹਾਸਾ ਆ ਜਾਂਦਾ ਹੈ। ਰਾਂਝੇ ਨੇ ਜੋਗੀ ਬਣਨ ਵੇਲੇ ਜੋ ਬਾਲ ਨਾਥ ਨੂੰ ਖੁਸ਼ ਰਹਿਣ ਤੋਂ ਹੋੜਨ ਉਤੇ ਸਲਵਾਤਾਂ ਸੁਣਾਈਆਂ, ਓਹ ਭੀ ਉਸ ਦੇ ਪੰਜਾਬੀਪੁਣੇ ਦਾ ਨਮੂਨਾ ਹਨ। ਉਹ ਕਹਿੰਦਾ ਹੈ:

'ਅਸੀਂ ਜੱਟ ਹਾਂ ਨ੍ਹਾੜੀਆਂ ਕਰਨ ਵਾਲੇ, ਅਸਾਂ ਕਚਕੜੇ ਨਹੀਂ ਪਰੋਵਣੇ ਨੀ।
ਸਾਥੋਂ ਖਪਰੀ ਨਾਦ ਨ ਜਾਇ ਭੀ, ਅਸਾਂ ਢਗੇ ਹੀ ਅੰਤ ਨੂੰ ਜੋਵਣੇ ਨੀ।
ਹਸ ਖੇਡਣਾ ਤੁਸਾਂ ਚਾ ਮਨ੍ਹਾ ਕੀਤਾ, ਅਸਾਂ ਧੂਏਂ ਦੇ ਗੋਹੇ ਨਹੀਂ ਢੋਵਣੇ ਨੀ।'

ਵਰਤਮਾਨ ਸਮੇਂ ਵਿਚ ਐਸ. ਐਸ. ਚਰਨ ਸਿੰਘ 'ਸ਼ਹੀਦ' ਅਤੇ ਈਸ਼ਰ ਸਿੰਘ 'ਈਸ਼ਰ' ਨੇ ਹਾਸ-ਰਸ ਨੂੰ ਚੰਗਾ ਨਿਬਾਹਿਆ ਹੈ। 'ਸ਼ਹੀਦ' ਜੀ ਨੇ ਆਪਣੀ ਕਵਿਤਾ ਦੀ ਕਿਤਾਬ 'ਬਾਦਸ਼ਾਹੀਆਂ' ਵਿਚ ਸੁਥਰੇ ਸ਼ਾਹ ਦੀ ਬਾਦਸ਼ਾਹੀ ਰੁਚੀ ਨੂੰ ਮੁੜ ਸੁਰਜੀਤ ਕੀਤਾ ਹੈ। ਪਰ ਉਨ੍ਹਾਂ ਦੀ ਕਵਿਤਾ ਵਿਚ ਉਹ ਸੰਜਮ ਨਹੀਂ ਜੋ ਅਸਲ ਸੁਥਰੇ ਦੀਆਂ ਗੱਲਾਂ ਵਿਚ ਹੁੰਦੀ ਸੀ, ਇਸ ਲਈ ਇਕੜ ਦੁਕੜ ਤੁਕਾਂ ਯਾਦ ਉਤੇ ਨਹੀਂ ਚੜ੍ਹਦੀਆਂ; ਪਰ ਉਨ੍ਹਾਂ ਦੀ ਕੋਈ ਪੂਰੀ ਕਵਿਤਾ ਲਓ, ਉਸ ਵਿਚ ਸਮੁੱਚੇ ਤੌਰ ਤੇ ਓਹੀ ਸਵਾਦ ਆਵੇਗਾ ਜੋ ਕਿਸੇ ਪੂਰਨ ਹਾਸ-ਰਸ ਵਾਲੀ ਕਵਿਤਾ ਵਿਚੋਂ ਆਉਣਾ ਚਾਹੀਦਾ ਹੈ। ਇਹ ਕਵੀ ਹਸਾਉਣੇ 'ਵਾਕਿਆ' ਨੂੰ ਬਿਆਨ ਕਰਨ ਵਾਲਾ ਹੈ ਨਾ ਕਿ ਹਸਾਉਣੇ 'ਵਾਕ' ਰਚਨ ਵਾਲਾ। ਹਾਂ, 'ਮਜ਼ੇਦਾਰ ਬੇਵਫ਼ਾਈਆਂ', 'ਮੰਗਤਾ ਪਾਤਸ਼ਾਹ' ਆਦਿ ਹਸਾਉਣੇ ਲਫ਼ਜ਼ ਜਾਂ ਇਸਤਰ੍ਹਾਂ ਦੇ ਕਥਨ ਜ਼ਰੂਰ ਯਾਦ ਵਿਚ ਰਹਿ ਜਾਂਦੇ ਹਨ; ਜਿਵੇਂ--

'ਨਿਆਜ਼ ਯਾਰ੍ਹਵੀਂ ਦੀਆਂ ਰੋਟੀਆਂ ਢੇਰ ਮੁੱਲਾਂ ਨੂੰ ਆਈਆਂ।
ਵਾਂਗ ਪਾਥੀਆਂ, ਬਾਹਰ ਮਸੀਤੋਂ, ਧੁੱਪੇ ਸੁਕਣੇ ਪਾਈਆਂ।'

'ਸ਼ਹੀਦ' ਜੀ ਨਸਰ ਵਿਚ ਵੀ ਹਸੌਣੇ ਲੇਖਾਂ ਦਾ ਮੁਢ ਬੰਨ੍ਹ ਗਏ ਹਨ, ਖ਼ਾਸ ਕਰਕੇ ਬਾਬੇ ਵਰਿਆਮੇ ਜਿਹਾ ਇਕ ਐਸਾ ਦਿਲ-ਖਿਚਵਾਂ ਤੇ ਮਖੌਲੀ ਪਾਤਰ ਬਣਾ ਗਏ ਹਨ ਕਿ ਹੁਣ ਤਕ ਉਸ ਦੇ ਨਾਲ ਦਾ ਨਾ ਕੋਈ ਪੰਜਾਬੀ ਸੰਸਾਰ ਵਿਚ ਤੇ ਨਾ ਪੰਜਾਬੀ ਸਾਹਿੱਤ ਵਿਚ ਜੰਮਿਆ ਹੈ। ਹਾਂ ਉਸ ਦੀਆਂ ਨਕਲਾਂ ਕਰਨ ਵਾਲੇ ਹਰ ਇਕ ਅਖਬਾਰ ਵਿਚ ਜੰਮ ਪਏ ਹਨ।

ਈਸ਼ਰ ਸਿੰਘ 'ਈਸ਼ਰ' ਦਾ 'ਭਾਈਆ' ਚੰਗੀ ਮਖ਼ੌਲੀ ਕਿਤਾਬ ਹੈ, ਅਤੇ ਇਸ ਸੰਬੰਧ ਵਿਚ ਬਹੁਤ ਕਦਰ ਜੋਗ ਹੈ। ਇਹ ਲਿਖਾਰੀ ਹਾਸਾ ਲਿਆਉਣ ਲਈ ਕਈ ਤਰੀਕੇ ਵਰਤਦਾ ਹੈ। ਕਦੀ ਤਾਂ ਹਸਾਉਣੇ ਮੌਕੇ ਪੈਦਾ ਕਰਦਾ ਹੈ, ਜਿਵੇਂ ਭਾਈਏ ਦੀ ਕੁਕੜੀ, ਭਾਈਏ ਦਾ ਨੱਕ, ਭਾਈਏ ਦੇ ਸ਼ਗਨ ਮਗਨ, ਆਦਿ, ਜਿਨ੍ਹਾਂ ਦਾ ਖ਼ਿਆਲ ਕਰਦਿਆਂ ਹੀ ਦਿਲ ਵਿਚ ਕੁਤਕੁਤਾਰੀਆਂ ਹੋਣ ਲਗ ਪੈਂਦੀਆਂ ਹਨ। ਨਾਲ ਹੀ ਬੋਲੀ ਭੀ ਸਮੇਂ ਦੇ ਅਨਕੂਲ ਬਹੁਤ ਚੁਸਤ, ਢੁਕਵੀਂ ਤੇ ਮੁਹਾਵਰਿਆਂ ਨਾਲ ਜੜਤ ਹੋਈ ਵਰਤਦਾ ਹੈ। ਜਿਵੇਂ--

'ਆਮਦ ਸਾਡੀ ਉਤੇ ਘਰ ਵਿਚ ਨਾ ਸੀ ਠੀਕਰ ਕਾਣੀ।
ਭਾਈਏ ਜੀ ਦੇ ਥਲਿਓਂ ਸਾਰਾ ਨਿਕਲ ਚੁਕਾ ਸੀ ਪਾਣੀ।'

'ਇਕ ਦਿਨ ਭਾਈਏ ਨੇ ਕਾਣੀ ਜਹੀ ਮਝ ਬੂਰੀ
ਮੁੱਲ ਲੈ ਆਂਦੀ ਕਰਜ਼ਾ ਚਾ ਕੇ ਤੇ।
ਅੱਗੋਂ ਸਿੰਙ ਮਾਰੇ, ਪਿੱਛੋਂ ਲੱਤ ਮਾਰੇ,
ਦੁਧ ਚੋਈਏ ਪਰ ਪਾਸੇ ਭੰਨਾ ਕੇ ਤੇ।

ਚਾਰ ਸੇਰ ਤੋਂ ਦੁਧ ਨਾ ਵਧ ਦੇਂਦੀ,
ਛੇ ਸੇਰ ਪੂਰਾ ਵੰਡਾ ਖਾ ਕੇ ਤੇ।'
... ... ...

'ਬੂੜੀ ਖੋਤੀ ਦੀ ਦਸ ਤੂੰ ਚਾਲ ਕੀ ਏ,
ਅਰਬੀ ਸੋਹਣੇ ਜਹੇ ਘੋੜੇ ਦੀ ਦੌੜ ਅੱਗੇ?
ਤੇਰੀ ਫੱਟੀ ਹੋਈ ਪੱਗ ਦੀ ਜਾਨ ਕੀ ਏ,
ਮੇਰੇ ਥਾਨ ਦੇ ਬੱਧੇ ਗੌੜ ਅੱਗੇ?'


ਆਓ ਹੁਣ ਬੋਲੀ ਵਿਚ ਹਾਸਾ ਲਿਆਉਣ ਦੇ ਕੁਝ ਕੁ ਢੰਗਾਂ ਦੀ ਫੋਲਾ ਫਾਲੀ ਕਰੀਏ।

(੧) ਅਜੋੜਵੇਂ ਲਫ਼ਜ਼ ਇਕੱਠੇ ਕਰਨੇ: ਜਿਵੇਂ-'ਕਿਸੇ ਖੋਤੀ ਵਾਹ ਖਾਧੀ, ਕਿਸੇ ਪੋਥੀ ਵਾਹ ਖਾਧੀ'। ਏਥੇ 'ਖੋਤੀ ਵਾਹੁਣਾ' ਤਾਂ ਸਧਾਰਨ ਗੱਲ ਸੀ, ਪਰ ਜਦੋਂ 'ਪੋਥੀ ਵਾਹੁਣ' ਦਾ ਖਿਆਲ ਆਇਆ ਤਾਂ ਇਕ ਨਵਾਂ ਚਮਤਕਾਰ ਪੈਦਾ ਹੋ ਗਿਆ। ਇਸੇ ਤਰ੍ਹਾਂ ਲਓ: 'ਮਿੱਠਾ ਮਹੁਰਾ'; 'ਨਮਾਜ਼ੀ ਕਾਫ਼ਰਾਂ ਦਾ ਖ਼ੂਨ ਸ਼ਹੀਦਾਂ ਤੇ ਟਪਕਦਾ ਹੈ'; 'ਸੜਕਾਂ ਚੋ ਪਈਆਂ'; 'ਛੰਦ ਬਹਿ ਕੇ ਆਈਏ; ਆਈਏ ਆਈਏ, ਨਾ ਆਈਏ ਤਾਂ ਨਾ ਹੀ ਆਈਏ'; 'ਵਾਹ ਬਈ ਵਾਹ! ਰੋਟੀਆਂ ਨੇ ਕਿ ਗਾਗਰਾਂ ਨੇ'; ਸ੍ਰੀ ਮਤੀ ਗੋਭੀ ਜੀ ਦੇ ਚੀਰ ਹਰਨ ਕੀਤੇ'; 'ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ, ਲੈ ਕਰਿ ਠੇਂਗਾ ਟੰਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ'; ਨੂਰ ਘਟਾਂ ਬੰਨ੍ਹ ਕੇ ਆਇਆ ਹੈਂ'; 'ਦੁਸ਼ਮਣਾਂ ਦਾ ਸਿਰ ਦੁਖਦਾ ਹੈਂ'; 'ਸੁਖ ਨਾਲ ਲੱਤਾਂ ਭੰਨਾ ਆਏ ਹਨ'; 'ਰਲੋ ਮਿਲੋ ਖਾਂ ਤੁਸੀਂ ਸਹੇਲੀਓ ਨੀ, ਲੰਙੇ ਚੁਗਲ ਦੀ ਪੈਜ ਸਵਾਰੀਏ ਨੀ'; ਸਾਰੀ ਹਕੀਕਤ ਇੰਨ ਬਿੰਨ ਸੋਲਾਂ ਆਨੇ ਤੋਲਵੀਂ, ਚਾਲੀ ਸੇਰੀ ਗੇਣਵੀਂ, ਤੇ ਅਲਫ਼ ਤੋਂ ਜ਼ੈੱਡ, ਏ ਤੋਂ ੜਾੜੇ ਅਤੇ ਊੜੇ ਤੋਂ ਯੇ ਤਕ ਸੁਣਾ ਦਿਤੀ'; 'ਚਿੜੀਆਂ ਦਾ ਦੁਧ'; 'ਸੰਗਤਰੇ ਦੀ ਵੇਲ'; 'ਕਣਕ ਦਾ ਦਰਖਤ'; 'ਝੋਟਾ ਚੋਇਆ'; 'ਭੇਡਾਂ ਸਿੰਙ ਕਦੋਂ ਨੇ ਜੰਮੇਂ'; 'ਅਸੀਂ ਦੋ ਕੁ ਮਿੰਟ ਤਿਲਕੇ ਰਹੇ'।
(੨) ਲਫ਼ਜ਼ ਨੂੰ ਵਿਗਾੜਨਾ: ਡਾਕਦਾਰ; ਮਬ੍ਹਜੀ; ਚੀਪ ਹਡੀਟਰ; ਨੁਸ਼ਕਾਨ; ਲੰਬੜ; ਨੌਂਤੀ ਸੌ; ਵਾਫ਼ਕੀ; ਫ਼ਾਇਤਾ (ਫ਼ਾਤਿਹਾ ਦੀ ਥਾਂ)।
(੩) ਲਫ਼ਜ਼ ਦੇ ਅਰਥ ਨੂੰ ਵਿਗਾੜਨਾ: ਸਲਵਾਤਾਂ ਸੁਣਾਈਆਂ ਸੋਹਲੇ ਸੁਣਾਏ।
(੪) ਲਫ਼ਜ਼ ਨੂੰ ਵਡਿਆ ਕੇ ਵਰਤਣਾ: ਚੁਤ੍ਹਾਲ ਸੌ; ਦਾਲਾ; ਮੁਛਹਿਰੇ ਦਾੜ੍ਹਾ; ਜੂਤ, ਚਾਹਟਾ।
(੫) ਗੱਲ ਵਧਾ ਕੇ ਕਹਿਣੀ: ਲਖ ਵਾਰੀ ਕਿਹਾ; ਮੀਂਹ ਦੋ ਘੰਟੇ ਵੱਸੇ ਤਾਂ ਛੱਤ ਛੇ ਘੰਟੇ ਵਸਦੀ ਹੈ; 'ਵਾਰਸ ਸ਼ਾਹ ਨ ਮੁੜਾਂ ਰੰਝੇਟੜੇ ਤੋਂ ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ'; 'ਵਾਰਸ ਸ਼ਾਹ ਨ ਥਾਉਂ ਦਮ ਮਾਰਨੇ ਦਾ, ਚ੍ਹਵਾਂ ਚਸ਼ਮਾਂ ਦੀ ਜਦੋਂ ਘਮਸਾਨ ਹੋਈ'; 'ਜਾਂ ਮੈਂ ਮੰਗਿਆ ਤਾਂ ਲੱਗਾ ਪੈਣ ਘੋਟੂ'।
(੬) ਮਸ਼ਹੂਰ ਕਵਿਤਾ ਜਾਂ ਅਖਾਉਣਾਂ ਦੀ ਸਾਂਗ ਉਤਾਰਨੀ (Parody):
'ਉਠੀ ਫ਼ਜ਼ਰੀ ਪੁੰਨੂੰ ਨਜ਼ਰੀ ਨ ਆਇਆ,
ਹਾਏ ਕੀ ਕਹਿਰ ਕੀਤੋਈ ਖ਼ੁਦਾਇਆ!'
ਇਹ ਇਕ ਮਸ਼ਹੂਰ ਪੁਰਾਣਾ ਸੋਗਕੀ ਗੀਤ ਹੈ। ਇਸ ਦੀ ਨਕਲ ਇਕ ਸਜਣ ਨੇ ਇਉਂ ਕੀਤੀ ਹੈ:

'ਉਠੀ ਫ਼ਜ਼ਰੀ ਪੁੰਨੂ ਬੈਠਾ ਸੀ ਚੁਲ੍ਹੇ,
ਹਾਏ ਕੀ ਕਹਿਰ ਦਾ ਧੂੰਆਂ ਈ ਪਾਇਆ।'

ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ 'ਸਿਖੀ' ਦੇ ਕਈ ਸਾਂਗ ਉਤਾਰੇ ਮਿਲਦੇ ਹਨ; ਜਿਵੇਂ 'ਪੇਟੂ' ਤੇ 'ਘੋਟੂ'। ਇਸੇ ਤਰ੍ਹਾਂ 'ਦਿੱਲੀ-ਤੋੜ ਸਿੰਘ' ਦੇ ਵਜ਼ਨ ਉਤੇ 'ਪਾਪੜ-ਤੋੜ ਸਿੰਘ' ਜਾਂ 'ਤਹ-ਤੋੜ ਸਿੰਘ',ਅਤੇ 'ਬੋਨਾ ਪਾਰਟ' ਦੇ ਵਜ਼ਨ ਉਤੇ 'ਪੋਨਾ-ਪਾੜ' ਬਣਾਣਾ ਇਕ ਮਸ਼ਕੂਲਾ ਹੈ।

(੭) ਬਹੁ-ਅਰਥੇ ਲਫਜ਼ ਵਰਤਣੇ। ਇਸ ਨੂੰ ਯਮਕ ਅਲੰਕਾਰ ਭੀ ਕਹਿੰਦੇ ਹਨ। ਇਸ ਦੀ ਵਰਤੋਂ ਅਜ ਕਲ ਬਹੁਤ ਪਸੰਦ ਨਹੀਂ ਕੀਤੀ ਜਾਂਦੀ। ਮਿਸਾਲ:
'ਭਾਈ ਲਹਿਣਾ! ਤੇ ਲਹਿਣਾ ਤੇ ਮੈਂ ਦੇਣਾ।'

'ਰਾਹ ਦੇ ਰਾਹ ਦੇ ਹਰ ਕੋਈ ਆਖੇ; ਕਿਸ ਕਿਸ ਨੂੰ ਉਹ ਰਾਹ ਦੇ? ਜੇ ਰਾਧੇ ਨਿਤ ਨਾਮ ਅਰਾਧੇ, ਤਦ ਭੇਦ ਖੁਲ੍ਹਣ ਉਸ ਰਾਹ ਦੇ। ਇਕ ਰਾਧੇ ਦੇ ਵੇਖਣ ਕਾਰਨ, ਕਈ ਖੜੇ ਵਿਚ ਰਾਹ ਦੇ! ਬਿਨ ਰਾਹ ਦਸਿਆਂ ਭੇਦ ਨ ਖੁਲ੍ਹਦਾ, ਕਈ ਭੁਲੇ ਫਿਰਨ ਵਿਚ ਰਾਹ ਦੇ।'

ਕਈ ਵੇਰ ਲਫਜ਼ ਦੇ ਇਕ ਭਾਵ ਨੂੰ ਸਾਹਮਣੇ ਲਿਆ ਜਾਂਦਾ ਹੈ, ਪਰ ਉਸ ਦੇ ਦੂਜੇ ਭਾਵ ਵਲ ਗੁਝਾ ਇਸ਼ਾਰਾ ਹੁੰਦਾ ਹੈ ਜੋ ਇਕ ਨਵਾਂ ਚਮਤਕਾਰ ਪੈਦਾ ਕਰ ਦਿੰਦਾ ਹੈ। ਜਿਵੇਂ---

'ਮੋਟਰ ਦਾ ਤੇਲ ਵੀ ਮਸੇਂ ਬਨਾਰਸ ਮੁੜ ਪਹੁੰਚਣ ਜੋਗਾ ਰਹਿ ਗਿਆ ਸੀ ਤੇ ਅੱਗੇ ਰਾਹ ਭੀ ਕੋਈ ਨਹੀਂ ਸੀ। ਤਾਂਤੇ ਸਿਧ ਹੋਇਆ ਕਿ ਕਾਂਸ਼ੀ ਜੀ ਪੁਜੇ ਬਗੈਰ 'ਗਤੀ' ਹੋਣੀ ਮੁਸ਼ਕਲ ਹੈ।'
'ਸੁਥਰਾ ਹਸਿਆ। ਜਾਤ-ਜੂਤ ਤੋਂ ਸੌ ਸੌ ਕੋਹਾਂ ਨਸਿਆ
('ਬਾਦਸ਼ਾਹੀਆਂ')।

ਇਥੇ 'ਜੂਤ' ਦੋ ਤਰ੍ਹਾਂ ਨਾਲ ਵਰਤਿਆ ਗਿਆ ਹੈ: ਇਕ ਤਾਂ ਮੁਹਮਲ ਕਰਕੇ; ਜਿਵੇਂ ਕਹੀਦਾ ਹੈ 'ਮੈਂ ਮਤ ਸ਼ਤ ਕੋਈ ਨਹੀਂ ਦਿੰਦਾ, 'ਤੂੰ ਖ਼ਬਰ ਅਤਰ ਲੈਣ ਨਹੀਂ ਆਇਆ।' ਦੂਜਾ ਅਰਥ 'ਜੁਤੀ ਨੂੰ ਵਡਿਆ ਕੇ 'ਜੂਤ' ਕਹੀਦਾ ਹੈ।

  • ਮੁੱਖ ਪੰਨਾ : ਪ੍ਰਿੰਸੀਪਲ ਤੇਜਾ ਸਿੰਘ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ