Haas-Ras Ate Dharam (Punjabi Essay) : Principal Teja Singh

ਹਾਸ-ਰਸ ਅਤੇ ਧਰਮ (ਲੇਖ) : ਪ੍ਰਿੰਸੀਪਲ ਤੇਜਾ ਸਿੰਘ

ਸਾਡੇ ਦੇਸ ਵਿਚ ਹਾਸ-ਰਸ ਦਾ ਘਾਟਾ ਨਹੀਂ। ਜਿਥੇ ਅਰੋਗਤਾ, ਖੁਲ੍ਹ ਤੇ ਖ਼ੁਸ਼-ਦਿਲੀ ਹੈ, ਉਥੇ ਹਾਸਾ ਮਖ਼ੌਲ ਜ਼ਰੂਰ ਹੋਵੇਗਾ। ਪਰ ਸਿਆਣੇ ਤੇ ਧਾਰਮਕ ਲਿਖਾਰੀ ਆਮ ਤੌਰ ਤੇ ਇਸ ਤੋਂ ਕੰਨੀ ਕਤਰਾਉਂਦੇ ਦਿਸਦੇ ਹਨ।

ਸਾਹਿੱਤਵਾਦੀਆਂ ਨੇ ਨੌਂ ਰਸ ਮੰਨੇ ਹਨ। ਉਨ੍ਹਾਂ ਵਿਚ ਹਾਸ-ਰਸ ਨੂੰ ਥਾਂ ਤਾਂ ਦਿਤੀ ਹੈ, ਪਰ ਇਸ ਨੂੰ ਕੋਈ ਉੱਚਾ ਰਸ ਨਹੀਂ ਮੰਨਿਆ। ਇਸ ਨੂੰ ਇਕ ਨੀਵੇਂ ਦਰਜੇ ਦੀ ਰੁਚੀ ਮੰਨ ਕੇ ਬਹੁਤ ਅਪਣਾਇਆ ਨਹੀਂ। ਆਮ-ਤੌਰ ਤੇ ਹਾਸ-ਰਸ ਤੋਂ ਭਾਵ ਨਿਰਾ ਠੱਠਾ ਮਖ਼ੌਲ ਹੀ ਲਿਆ ਜਾਂਦਾ ਹੈ, ਪਰ ਜਿਉਂ ਜਿਉਂ ਮਨੁੱਖੀ ਆਚਰਣ ਦੇ ਕੋਮਲ ਪਾਸਿਆਂ ਵਲ ਵਧੇਰੇ ਧਿਆਨ ਕੀਤਾ ਜਾ ਰਿਹਾ ਹੈ, ਤਿਉਂ ਤਿਉਂ ਹਾਸ-ਰਸ ਦੀ ਲੋੜ ਅਤੇ ਇਹਦੇ ਡੂੰਘੇ ਭਾਵਾਂ ਦੀ ਕਦਰ ਵਧ ਰਹੀ ਹੈ।

ਅਸਲ ਵਿਚ ਹਾਸ-ਰਸ ਕੋਈ ਵੇਲਾ ਟਪਾਉਣ ਦਾ ਸਮਿਆਨ ਜਾਂ ਵਿਹਲੜਾਂ ਦੀ ਗੱਪ ਸ਼ੱਪ ਦਾ ਨਾਂ ਨਹੀਂ। ਇਹ ਸਾਡੇ ਅੰਦਰ ਜ਼ਮੀਰ ਜਾਂ ਅੰਤਹਕਰਣ ਵਾਂਗੂ ਇਕ ਕੋਮਲ ਭਾਵ ਬਣਾ ਕੇ ਰਖਿਆ ਗਿਆ ਹੈ, ਜਿਸ ਦੀ ਮਦਦ ਨਾਲ ਅਸੀਂ ਕੁਢੰਗੀ ਗਲ ਝਟ ਪਛਾਣ ਜਾਂਦੇ ਹਾਂ ਅਤੇ ਅਤਿ ਚੁਕਣ ਤੋਂ ਬਚੇ ਰਹਿੰਦੇ ਹਾਂ। ਜਿਵੇਂ ਜ਼ਮੀਰ ਜਾਂ ਅੰਤਹਕਰਣ ਦਾ ਕੰਮ ਹੈ ਕਿ ਜਦ ਕੋਈ ਖ਼ਿਆਲ ਜਾਂ ਕੰਮ ਇਖ਼ਲਾਕੀ ਤੌਰ ਤੇ ਮੰਦਾ ਹੋਣ ਲਗੇ ਤਾਂ ਸਾਨੂੰ ਝਟ ਪਟ ਆਗਾਹ ਕਰ ਦੇਵੇ, ਤਿਵੇਂ ਹਾਸ-ਰਸ ਦਾ ਕੰਮ ਹੈ ਕਿ ਜਦ ਸਾਡੇ ਸਾਹਮਣੇ ਕੋਈ ਗਲ ਯੋਗਤਾ ਦੇ ਠਿਕਾਣੇ ਤੋਂ ਹਿਲ ਜਾਵੇ ਜਾਂ ਸੁਹਜ ਦੇ ਪੈਂਤੜੇ ਤੋਂ ਕੁਢੰਗਾ ਰੌਂ ਪਕੜਦੀ ਦਿਸੇ, ਤਾਂ ਝਟ ਸਾਨੂੰ ਪਤਾ ਦੇ ਦੇਵੇ, ਅਤੇ ਜੇ ਅਸੀਂ ਆਪ ਕੋਈ ਬੇਸੁਰੀ ਗਲ ਕਰਨ ਲਗੀਏ ਤਾਂ ਰੁਕ ਜਾਈਏ, ਅਤੇ ਜੇ ਕੋਈ ਹੋਰ ਕਰਨ ਲਗੇ ਤਾਂ ਉਸ ਨੂੰ ਵੇਖਦਿਆਂ ਹਸ ਪਈਏ ਜਾਂ ਦਿਲ ਹੀ ਦਿਲ ਵਿਚ ਗੜ੍ਹਕੀਏ।

ਇਹ ਰਸ ਸਾਡੇ ਸਦਾਚਾਰ ਵਧਾਉਣ ਵਿਚ ਭੀ ਕੰਮ ਆਉਂਦਾ ਹੈ, ਕਿਉਂਕਿ ਇਸ ਦੀ ਹੋਂਦ ਰੂਹ ਦੇ ਨਰੋਏ ਤੇ ਤਕੜਾ ਹੋਣ ਦੀ ਨਿਸ਼ਾਨੀ ਹੈ। ਭਾਵੇਂ ਇਸ ਗੱਲ ਨੂੰ ਅਸੀਂ ਕਿਵੇਂ ਪਏ ਜਾਚੀਏ, ਇਹਦੇ ਵਿਚ ਸ਼ਕ ਨਹੀਂ ਕਿ ਜਿਥੇ ਪਕੀ ਸਿਆਣਪ ਅਤੇ ਆਚਰਣ ਦੀ ਪੂਰਣਤਾ ਹੈ, ਉਥੇ ਹਾਸੇ ਵਾਲੀ ਤਬੀਅਤ ਭੀ ਜ਼ਰੂਰ ਹੁੰਦੀ ਹੈ। ਜਿਥੇ ਹੁਲਾਰੇ ਵਾਲੀ ਤਬੀਅਤ ਨਹੀਂ, ਨਿਰੀ ਪੀਲ-ਮੂੰਹੀ ਉਦਾਸੀ ਹੈ ਜਾਂ ਗਿੱਲੀ ਕਮਲੀ ਦੀ ਝੁਮ ਮਾਰੀ ਹੋਈ ਸੰਜੀਦਗੀ, ਉਥੇ ਕਚਪੁਣਾ ਹੈ, ਕਠੋਰਪੁਣਾ ਹੈ, ਅਲ੍ਹੜਪੁਣਾ ਹੈ, ਜਿਸ ਦੇ ਹੁੰਦਿਆਂ ਆਚਰਣ ਦੀ ਉਸਾਰੀ ਅਧੂਰੀ ਹੀ ਰਹਿੰਦੀ ਹੈ। ਹਾਸ-ਰਸ ਤੋਂ ਬਿਨਾਂ ਨੇਕੀ ਭੀ ਇਕ-ਪਾਸੀ ਜਹੀ, ਰੁੱਖੀ ਅਲੂਣੀ ਜਹੀ, ਜਾਂ ਇਤਨੀ ਮਿੱਠੀ ਹੋਵੇਗੀ ਕਿ ਜੀ ਮਤਲਾ ਜਾਵੇਗਾ।

ਇਹ ਹਾਸ-ਰਸ ਦੀ ਹੋਂਦ ਹੀ ਹੈ ਜਿਸ ਨਾਲ ਸਾਡੀਆਂ ਇਖ਼ਲਾਕੀ ਰੁਚੀਆਂ ਆਪੋ ਆਪਣੀਆਂ ਹੱਦਾਂ ਅੰਦਰ ਰਹਿ ਕੇ ਕੰਮ ਕਰਦੀਆਂ ਅਤੇ ਮਨੁਖਾਂ ਅੰਦਰ ਪ੍ਰਸਪਰ ਪ੍ਰੇਮ ਤੇ ਮੇਲ ਜੋਲ ਵਧਾਉਂਦੀਆਂ ਹਨ। ਨਹੀਂ ਤਾਂ ਪਿਆਰ ਰੋਂਦੂ ਜਿਹਾ ਅਕਾਉਣ ਵਾਲਾ, ਤੇ ਕੁਰਬਾਨੀ ਚੀਕ ਪੁਕਾਰ ਵਾਲੀ ਭਾਰੂ ਜਹੀ ਹੁੰਦੀ। ਇਹ ਰਸ ਭਾਈਚਾਰੇ ਦੀ ਮਸ਼ੀਨ ਦੇ ਪੁਰਜ਼ਿਆਂ ਵਿਚ ਤੇਲ ਦਾ ਕੰਮ ਦਿੰਦਾ ਹੈ, ਜਿਸ ਨਾਲ ਆਪੋ ਵਿਚ ਦੀ ਰਗੜ ਘਟ ਜਾਂਦੀ ਅਤੇ ਰਵਾਦਾਰੀ ਅਤੇ ਮਿਲਵਰਤਣ ਵਧਦੀ ਹੈ। ਇਸ ਦੇ ਨਾ ਹੋਣ ਨਾਲ ਮਹਾਂਭਾਰਤ ਦਾ ਜੰਗ ਹੋਇਆ। ਜੇ ਕੌਰਵਾਂ ਦੇ ਆਗੂ ਵਿਚ ਇਕ ਤੀਵੀਂ ਦੇ ਮਖ਼ੌਲ ਦੇ ਜਰਨ ਦੀ ਤਾਕਤ ਹੁੰਦੀ, ਤਾਂ ਉਹ ਇੱਨਾ ਗੁੱਸਾ ਕਿਉਂ ਕਰਦਾ ਤੇ ਮਹਾਂਭਾਰਤ ਦਾ ਜੰਗ ਕਿਉਂ ਹੁੰਦਾ? ਜੇ ਦੁਰਬਾਸ਼ਾ ਰਿਸ਼ੀ ਜਾਦਵਾਂ ਦੇ ਹਾਸੇ ਨੂੰ ਝਲ ਸਕਦਾ, ਤਾਂ ਜਾਦਵਾਂ ਦੀ ਸਾਰੀ ਕੁਲ ਦਾ ਨਾਸ ਕਿਉਂ ਹੁੰਦਾ?

ਫਿਰ ਭੀ ਹਿੰਦੂ ਇਤਿਹਾਸ ਵਿਚ ਹਾਸ-ਰਸ ਦਾ ਘਾਟਾ ਨਹੀਂ। ਨਾਰਦ ਰਿਸ਼ੀ ਭਗਤਾਂ ਦਾ ਗੁਰੂ ਹੋਇਆ ਹੈ, ਪਰ ਉਸ ਵਿਚ ਮਖ਼ੌਲ ਕਰਨ ਦੀ ਆਦਤ ਚੰਗੀ ਸੀ, ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਹਾਸ-ਰਸ ਦੇ ਹੁੰਦਿਆਂ ਭੀ ਆਦਮੀ ਧਰਮੀ ਹੋ ਸਕਦਾ ਹੈ। ਬਲਕਿ ਮੇਰਾ ਤਾਂ ਖ਼ਿਆਲ ਹੈ ਕਿ ਪੂਰਨ ਧਰਮੀਆਂ ਵਿਚ ਇਹ ਰਸ ਵਧੇਰੇ ਹੁੰਦਾ ਹੈ।

ਕਈ ਸਜਣ ਹਜ਼ਰਤ ਈਸਾ ਵਿਚ ਹਾਸੇ ਵਾਲੀ ਤਬੀਅਤ ਨਹੀਂ ਦੇਖਦੇ, ਅਤੇ ਉਸ ਨੂੰ 'ਮੈਨ ਔਫ ਸਾਰੋ' (ਉਦਾਸ ਮਨੁਖ) ਕਹਿ ਕੇ ਖੁਸ਼ ਹੁੰਦੇ ਹਨ। ਪਰ ਉਸ ਦੇ ਜੀਵਣ ਦੇ ਹਾਲਾਤ ਪੜ੍ਹਨ ਤੋਂ ਪਤਾ ਲਗਦਾ ਹੈ ਕਿ ਉਹ ਬੜਾ ਖੁਸ਼-ਦਿਲ ਸੀ, ਅਤੇ ਉਸ ਨੂੰ 'ਉਦਾਸ ਮਨੁਖ' ਕਹਿਣਾ ਉਸ ਦੀ ਹਤਕ ਕਰਨਾ ਹੈ। ਜਿਹੜਾ ਬੱਚਿਆਂ ਨਾਲ ਪਿਆਰ ਕਰ ਕੇ ਖੇਡ ਸਕਦਾ ਹੈ, ਉਹ ਕਿਵੇਂ ਸ਼ੋਕਾਤਰ ਹੋ ਸਕਦਾ ਹੈ? ਉਸ ਨੇ ਤਾਂ ਸਗੋਂ ਇਹ ਕਿਹਾ ਹੈ ਕਿ ਅਸਮਾਨ ਦੀ ਬਾਦਸ਼ਾਹਤ ਹੀ ਉਨ੍ਹਾਂ ਦੀ ਹੈ ਜੋ ਬੱਚਿਆਂ ਵਾਕਰ ਬਾਲ-ਬੁਧਿ ਹੋ ਕੇ ਰਹਿੰਦੇ ਹਨ। ਈਸਾ ਦਾ ਹਾਸਾ ਬੜਾ ਕੋਮਲ ਜਿਹਾ ਹੁੰਦਾ ਸੀ ਜੋ ਬਰੀਕ ਤਬੀਅਤ ਵਾਲੇ ਹੀ ਸਮਝ ਸਕਦੇ ਸਨ। ਇਕ ਵੇਰ ਉਸ ਦੇ ਵੈਰੀ ਇਕ ਤੀਵੀਂ ਨੂੰ ਫੜ ਕੇ ਉਸ ਦੇ ਪਾਸ ਲਿਆਏ, ਤੇ ਆਖਣ ਲਗੇ, 'ਲੈ ਭਈ! ਤੂੰ ਕਹਿੰਦਾ ਸੈਂ ਮੈਂ ਤੁਹਾਡਾ ਬਾਦਸ਼ਾਹ ਹਾਂ। ਬਾਦਸ਼ਾਹ ਲੋਕ ਨਿਆਂ ਕੀਤਾ ਕਰਦੇ ਹਨ। ਤੂੰ ਭੀ ਨਿਆਂ ਕਰ। ਇਹ ਤੀਵੀਂ ਬਦਚਲਨੀ ਕਰਦੀ ਫੜੀ ਗਈ ਹੈ। ਇਸ ਨੂੰ ਕੀ ਦੰਡ ਦਈਏ?' ਈਸਾ ਨੇ ਕਿਹਾ- 'ਤੁਹਾਡੀ ਧਰਮ ਪੁਸਤਕ ਕੀ ਕਹਿੰਦੀ ਹੈ?' ਕਹਿਣ ਲਗੇ ਕਿ ਇਸ ਅਪ੍ਰਾਧ ਵਾਲੀ ਇਸਤਰੀ ਨੂੰ ਪਥਰ ਮਾਰ ਮਾਰ ਕੇ ਮਾਰ ਦੇਣਾ ਚਾਹੀਦਾ ਹੈ। ਈਸਾ ਨੇ ਕਿਹਾ, 'ਠੀਕ ਹੈ। ਤੁਹਾਡੇ ਵਿਚੋਂ ਜਿਸ ਕਿਸੇ ਨੇ ਇਹ ਗੁਨਾਹ ਨਹੀਂ ਕੀਤਾ, ਉਹ ਇਸ ਨੂੰ ਪਹਿਲਾ ਪਥਰ ਮਾਰ ਕੇ ਆਪਣੇ ਹਥ ਸਫਲੇ ਕਰੇ।' ਇਹ ਸੁਣ ਕੇ ਸਾਰੇ ਇਕ ਇਕ ਕਰਕੇ ਖਿਸਕ ਗਏ, ਅਤੇ ਈਸਾ ਹੋਰੀ ਮੁਸਕ੍ਰਾਉਂਦੇ ਰਹਿ ਗਏ। ਕੌਣ ਕਹਿ ਸਕਦਾ ਹੈ ਕਿ ਇਸ ਤਰ੍ਹਾਂ ਦੀਆਂ ਗਲਾਂ ਕਰਨ ਵਾਲੇ ਵਿਚ ਹਾਸ-ਰਸ ਨਹੀਂ ਸੀ?

ਹਜ਼ਰਤ ਮੁਹੰਮਦ ਸਾਹਿਬ ਬਾਬਤ ਤਾਂ ਜ਼ਰੂਰ ਲੋਕੀ ਖ਼ਿਆਲ ਕਰਦੇ ਹਨ ਕਿ ਓਹ ਹਾਸ-ਰਸ ਤੋਂ ਖ਼ਾਲੀ ਸਨ, ਬਲਕਿ ਉਨ੍ਹਾਂ ਬਾਬਤ ਇਹੋ ਜਹੀਆਂ ਰਵਾਇਤਾਂ ਦਸੀਆਂ ਜਾਂਦੀਆਂ ਹਨ ਕਿ ਉਨ੍ਹਾਂ ਵਿਚ ਬਹੁਤ ਗੁੱਸਾ ਸੀ; ਜਦ ਉਹ ਜੋਸ਼ ਨਾਲ ਵਾਹਜ਼ ਕਰਦੇ ਸਨ, ਤਾਂ ਉਨ੍ਹਾਂ ਦੇ ਮੱਥੇ ਦੀ ਨਾੜ ਉਭਰ ਆਉਂਦੀ ਸੀ। ਪਰ ਜਿਹੜੇ ਉਨ੍ਹਾਂ ਦੇ ਜੀਵਣ ਨੂੰ ਵਧੇਰੇ ਗਹੁ ਨਾਲ ਵਿਚਾਰਦੇ ਹਨ, ਉਨ੍ਹਾਂ ਨੂੰ ਮੁਹੰਮਦ ਸਾਹਿਬ ਬੜੇ ਤਰਸਵਾਨ, ਕੋਮਲ ਅਤੇ ਹਸ-ਮੁਖ ਦਿਸ ਆਉਂਦੇ ਹਨ। ਜਿਹੜਾ ਆਦਮੀ ਵੱਡੀ ਉਮਰ ਵਿਚ ਜਾ ਕੇ ਇਕ ਛੋਟੀ ਉਮਰ ਦੀ ਬਾਲੜੀ ਨਾਲ ਵਿਆਹ ਕਰ ਸਕਦਾ ਅਤੇ ਉਸ ਨੂੰ ਖੁਸ਼ ਰਖ ਸਕਦਾ ਹੈ, ਉਹ ਜ਼ਰੂਰ ਖੁਸ਼-ਦਿਲ ਹੋਣਾ ਹੈ। ਕਹਿੰਦੇ ਹਨ ਕਿ ਹਜ਼ਰਤ ਆਇਸ਼ਾ ਨਾਲ ਬੱਚਿਆਂ ਵਾਕਰ ਦੌੜਦੇ ਭਜਦੇ ਅਤੇ ਤਾੜੀ ਵਜਾਉਂਦੇ ਸਨ। ਆਹਾ! ਉਹ ਕਿਹਾ ਸੋਹਣਾ ਨਜ਼ਾਰਾ ਹੋਣਾ ਹੈ ਜਦੋਂ ਹਜ਼ਰਤ ਮੁਹੰਮਦ ਸਾਹਿਬ ਆਪਣਿਆਂ ਦੋਹਤਿਆਂ ਲਈ ਜ਼ਿਮੀਂ ਉਤੇ ਦੂਹਰੇ ਹੋ ਕੇ ਘੋੜਾ ਬਣਦੇ ਸਨ ਤਾਕਿ ਬਾਲਕ ਉਨ੍ਹਾਂ ਦੀ ਪਿਠ ਤੇ ਸਵਾਰੀ ਕਰਨ! ਇਕ ਵਾਰੀ ਕਹਿੰਦੇ ਹਨ ਕਿ ਹਜ਼ਰਤ ਮੁਹੰਮਦ ਸਾਹਿਬ ਅਤੇ ਹਜ਼ਰਤ ਅੱਲੀ ਖਜੂਰਾਂ ਖਾਣ ਬੈਠੇ। ਦੋਹਾਂ ਦੇ ਵਿਚਕਾਰ ਮੈਚ ਹੋ ਪਿਆ। ਦੋਵੇਂ ਬਿਟ ਬਿਟ ਕੇ ਖਜੂਰਾਂ ਖਾਣ ਲਗੇ, ਅਤੇ ਖਾ ਖਾ ਕੇ ਹਿਟਕਾਂ ਦੇ ਢੇਰ ਲਾਣ ਲਗੇ। ਛੇਕੜ ਹਿਟਕਾਂ ਗਿਣ ਕੇ ਪਤਾ ਲਗਣਾ ਸੀ ਕਿ ਕਿਸ ਨੇ ਖਜੂਰਾਂ ਵਧੇਰੇ ਖਾਧੀਆਂ। ਮੁਹੰਮਦ ਸਾਹਿਬ ਅੱਖ ਬਚਾ ਕੇ ਮਲਕੜੇ ਜਹੇ ਆਪਣੀ ਹਿਟਕ ਅੱਲੀ ਦੇ ਢੇਰ ਉਤੇ ਰਖ ਦਿੰਦੇ। ਇਸ ਤਰ੍ਹਾਂ ਕਰਦਿਆਂ ਅੱਲੀ ਦਾ ਢੇਰ ਵਧਦਾ ਗਿਆ ਅਤੇ ਮੁਹੰਮਦ ਸਾਹਿਬ ਵਾਲੇ ਪਾਸੇ ਥੋੜੀਆਂ ਜਹੀਆਂ ਹਿਟਕਾਂ ਦਿਸਣ ਲਗੀਆਂ। ਅੰਤ ਜਦ ਮੈਂਚ ਖ਼ਤਮ ਹੋਇਆ ਤਾਂ ਮੁਹੰਮਦ ਸਾਹਿਬ ਨੇ ਹੱਸ ਕੇ ਪੁਛਿਆ, 'ਅੱਲੀ! ਖਜੂਰਾਂ ਕਿਸ ਨੇ ਵਧੇਰੇ ਖਾਧੀਆਂ?' ਅਲੀ ਆਖਣ ਲੱਗਾ, 'ਜੀ! ਉਸ ਨੇ ਵਧੇਰੇ ਖਾਧੀਆਂ ਜਿਹੜਾ ਹਿਟਕਾਂ ਸਮੇਤ ਖਾਈ ਗਿਆ।'

ਸਿਖ ਗੁਰੂ ਸਾਹਿਬਾਨ ਵਿਚ ਭੀ ਹਾਸ-ਰਸ ਚੋਖਾ ਸੀ। ਓਹ ਗੁਰੂ ਹੋਣ ਦੇ ਬਾਵਜੂਦ ਖੁਸ਼-ਰਹਿਣੇ ਪੰਜਾਬੀ ਭੀ ਸਨ। ਪੰਜਾਬੀ ਖ਼ਾਸ ਤੌਰ ਤੇ ਅਰੋਗ ਜੁਸੇ ਤੇ ਨਰੋਈ ਜਵਾਨ ਤਬੀਅਤ ਵਾਲਾ ਹੁੰਦਾ ਹੈ। ਇਸੇ ਲਈ ਸਰ ਸੱਯਦ ਨੇ ਉਸ ਨੂੰ 'ਜ਼ਿੰਦਾ-ਦਿਲ' ਕਿਹਾ ਹੈ। ਉਸ ਨੂੰ ਖ਼ਿਆਲ ਦੀਆਂ ਗੁੰਝਲਾਂ ਨਾਲ ਇੱਨਾ ਵਾਸਤਾ ਨਹੀਂ ਪੈਂਦਾ, ਜਿੱਨਾ ਕਿ ਅਮਲੀ ਕੰਮਾਂ ਨਾਲ। ਉਹ ਸਦਾ ਚੜ੍ਹਦੀਆਂ ਕਲਾਂ ਵਿਚ ਰਹਿੰਦਾ ਹੈ। ਉਸ ਦੇ ਹਾਸ-ਰਸ ਵਿਚ ਭੀ ਇਹੋ ਗੁਣ ਪਾਏ ਜਾਂਦੇ ਹਨ। ਇਹ ਰਸ ਨਰੋਆ, ਆਸਵੰਦ ਅਤੇ ਅਮਲੀ ਜ਼ਿੰਦਗੀ ਵਾਲਾ ਹੁੰਦਾ ਹੈ। ਇਸ ਦੇ ਵਿਚ ਖ਼ਿਆਲੀ ਚਲਾਕੀਆਂ ਜਾਂ ਲਫ਼ਜ਼ੀ ਹੇਰਾ ਫੇਰੀਆਂ ਨਹੀਂ ਹੁੰਦੀਆਂ। ਇਹ ਅਮਲੀ ਜ਼ਿੰਦਗੀ ਵਿਚੋਂ ਨਿਕਲਦਾ ਅਤੇ ਅਮਲੀ ਕੰਮਾਂ ਵਿਚ ਜ਼ਾਹਰ ਹੁੰਦਾ ਹੈ। ਲਫ਼ਜ਼ ਲੋੜ ਅਨੁਸਾਰ ਥੋੜੇ ਅਤੇ ਸਾਦੇ ਹੁੰਦੇ ਹਨ। ਜਿਵੇਂ ਜਲ੍ਹਣ ਦਾ ਅਖਾਣ: 'ਜਲ੍ਹਿਆ! ਰੱਬ ਦਾ ਕੀ ਪਾਵਣਾ। ਐਧਰੋਂ ਪੁਟਣਾ ਤੇ ਓਧਰ ਲਾਵਣਾ।' ਜਾਂ 'ਨਿੱਕੇ ਹੁੰਦੇ ਢੱਗੇ ਚਾਰੇ, ਵੱਡੇ ਹੋਏ ਹੱਲ ਵਾਹਿਆ। ਬੁੱਢੇ ਹੋਏ ਮਾਲਾ ਫੇਰੀ, ਰੱਬ ਦਾ ਭੀ ਉਲਾਂਭਾ ਲਾਹਿਆ।'

ਇਹੋ ਜਹੀ ਹਾਸ-ਰਸ ਵਾਲੀ ਤਬੀਅਤ ਸ੍ਰੀ ਗੁਰੂ ਨਾਨਕ ਜੀ ਦੀ ਸੀ। ਦੁਨੀ ਚੰਦ ਇਕ ਧਨਾਢ ਨੂੰ ਸੂਈ ਦੇ ਕੇ ਕਹਿੰਦੇ ਹਨ ਕਿ ਇਹ ਸੂਈ ਮੇਰੇ ਲਈ ਅਗਲੇ ਜਹਾਨ ਲੈ ਚਲੋ; ਉਥੇ ਆ ਕੇ ਮੈਂ ਤੁਹਾਥੋਂ ਲੈ ਲਵਾਂਗਾ। ਉਨ੍ਹਾਂ ਵਿਚ ਇਹ ਰਸ ਨਾਟਕੀ ਢੰਗ ਨਾਲ ਪ੍ਰਗਟ ਹੁੰਦਾ ਸੀ। ਇਕ ਦਿਨ ਗੁਰੂ ਜੀ ਹਰਦੁਆਰ ਜਾ ਨਿਕਲੇ। ਉਥੇ ਗੰਗਾ ਵਿਚ ਖੜੇ ਕਈ ਹਿੰਦੂ ਚੜ੍ਹਦੇ ਪਾਸੇ ਵਲ ਪਾਣੀ ਸੁਟਦੇ ਦੇਖੇ। ਗੁਰੂ ਜੀ ਨੂੰ ਮੌਜ ਆਈ, ਤੇ ਉਹ ਲਹਿੰਦੇ ਵਲ ਛਾਟੇ ਮਾਰਨ ਲਗ ਪਏ। ਲੋਕਾਂ ਪੁਛਿਆ, 'ਇਹ ਕੀ ਕਰ ਰਹੇ ਹੋ?' ਗੁਰੂ ਜੀ ਅਗੋਂ ਪੁਛਣ ਲਗੇ, 'ਤੁਸੀਂ ਕੀ ਕਰ ਰਹੇ ਹੋ?' ਲੋਕਾਂ ਕਿਹਾ, 'ਅਸੀਂ ਆਪਣੇ ਪਿਤਰਾਂ ਨੂੰ ਪਾਣੀ ਦੇ ਰਹੇ ਹਾਂ।' 'ਤੇ ਅਸੀਂ ਕਰਤਾਰਪੁਰ ਵਿਚ ਆਪਣੀਆਂ ਖੇਤੀਆਂ ਨੂੰ ਪਾਣੀ ਦੇ ਰਹੇ ਹਾਂ।' ਸਵਾਲ ਹੋਇਆ, 'ਕਰਤਾਰ ਪੁਰ ਇਥੋਂ ਕਿਤਨੇ ਦੂਰ ਹੈ?' ਉਤਰ: 'ਤਿੰਨ ਕੁ ਸੌ ਮੀਲ।' 'ਫੇਰ ਏਡੇ ਦੂਰ ਤੁਹਾਡਾ ਪਾਣੀ ਕਿਵੇਂ ਪੁਜ ਸਕਦਾ ਹੈ?' 'ਤੇ ਤੁਹਾਡੇ ਪਿਤਰਾਂ ਨੂੰ ਕਿਵੇਂ ਪਾਣੀ ਪੁਜ ਸਕਦਾ ਹੈ, ਜੋ ਅਗਲੇ ਜਹਾਨ ਵਿਚ ਬੈਠੇ ਸੁਣੀਦੇ ਹਨ?' ਇਹੋ ਜਿਹਾ ਨਾਟਕੀ ਮਖ਼ੌਲ ਵਰਤਾ ਕੇ ਗੁਰੂ ਜੀ ਨੇ ਮੱਕੇ ਵਾਲਿਆਂ ਨੂੰ ਅਮਲੀ ਸਿਖਿਆ ਦਿਤੀ ਕਿ ਰੱਬ ਦਾ ਘਰ ਕਿਸੇ ਖ਼ਾਸ ਪਾਸੇ ਵਲ ਨਹੀਂ ਹੁੰਦਾ। ਬਗ਼ਦਾਦ ਵਿਚ ਬਾਂਗ ਦੇ ਕੇ ਇਹੋ ਜਿਹਾ ਕੌਤਕ ਵਰਤਾਇਆ। ਇਕ ਵੇਰ ਮੇਕਰਾਨ ਵਲ ਜਾਂਦਿਆਂ ਰਸਤੇ ਵਿਚ ਇਕ ਪਿੰਡ ਦੇ ਮੁੰਡੇ ਇਕੱਠੇ ਹੋ ਕੇ ਨਚਦੇ ਤੇ ਕੁਦਦੇ ਵੇਖੇ। ਇਹੋ ਜਹੀ ਮਾਸੂਮ ਖ਼ੁਸ਼ੀ ਦਾ ਨਜ਼ਾਰਾ ਵੇਖ ਕੇ ਗੁਰੂ ਜੀ ਕੋਲੋਂ ਰਿਹਾ ਨਾ ਗਿਆ, ਅਤੇ ਆਪਣੀ ਬੁਵੇਲ ਸੰਜੀਦਗੀ ਦਾ ਜੁੱਲਾ ਲਾਹ ਕੇ ਝਟ ਪਟ ਉਨ੍ਹਾਂ ਮੁੰਡਿਆਂ ਦੀ ਟੋਲੀ ਨਾਲ ਰਲ ਪਏ ਅਤੇ ਰਜ ਕੇ ਨਚੇ ਤੇ ਗਿਧਾ ਪਾਇਆ। ਇਨ੍ਹਾਂ ਮੌਕਿਆਂ ਤੇ ਜਦੋਂ ਗੁਰੂ ਜੀ ਬਾਹਰ ਜਾਂਦੇ ਸਨ, ਤਾਂ ਪਹਿਰਾਵਾ ਭੀ ਅਜੀਬ ਜਿਹਾ ਕਰ ਲੈਂਦੇ ਸਨ: ਗੱਲ ਵਿਚ ਖਫਣੀ ਤੇ ਹੱਡੀਆਂ ਦੀ ਮਾਲਾ, ਲੱਕ ਵਿਚ ਚੰਮ ਦੀ ਤਹਿਮਤ ਤੇ ਕਛ ਵਿਚ ਕੂਜ਼ਾ ਤੇ ਮੁਸੱਲਾ।

ਇਹ ਭੀ ਲੋਕਾਂ ਦੇ ਤਰਾਂ ਤਰ੍ਹਾਂ ਦੇ ਭੇਖਾਂ ਦੀ ਮਿਲ-ਗੋਭਾ ਨਕਲ ਸੀ, ਜਿਸ ਤੋਂ ਭਾਵ ਉਨ੍ਹਾਂ ਨੂੰ ਹਾਸ-ਰਸ ਦੇ ਰਾਹੀਂ ਠੀਕ ਕਰਨਾ ਸੀ। ਗੁਰੂ ਜੀ ਨੂੰ ਜਿੰਦਗੀ ਦੀ ਸਧਾਰਣ ਰਹਿਣੀ ਬਹਿਣੀ ਛੱਡ ਕੇ ਕਈ ਤਰ੍ਹਾਂ ਦੇ ਉਸ਼ਟੰਡ ਖੜੇ ਕਰਨ ਵਾਲੀ ਫਕੀਰੀ ਚੰਗੀ ਨਹੀਂ ਲਗਦੀ ਸੀ। ਜਦ ਉਹ ਵੇਖਦੇ ਸਨ ਕਿ ਕਈ ਲੋਕ---
"ਝੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ ਨ ਜਾਹੀ।
ਲਕੀ ਕਾਸੇ ਹਥੀ ਫੁੰਮਣ ਅਰੋ-ਪਿਛੀ ਜਾਹੀ।"
ਤਾਂ ਉਨ੍ਹਾਂ ਨੂੰ ਬੜਾ ਹਾਸਾ ਆਉਂਦਾ ਸੀ। ਇਹੋ ਜਹੇ 'ਦਾਨਹੁ ਤੇ ਇਸਨਾਨਹੁ ਵੰਜੇ' ਹੋਏ ਕੁਚੀਲ ਲੋਕਾਂ ਨੂੰ ਪਹਿਲੋਂ ਤਾਂ ਪਾਣੀ ਜਿਹੀ ਲਾਭਵੰਦੀ ਚੀਜ਼ ਤੋਂ ਨਾ ਸੰਗਣ ਦੀ ਸਿਖਿਆ ਦਿੰਦੇ ਹਨ, ਪਰ ਜਦ ਦੇਖਦੇ ਹਨ ਕਿ ਬਝੀ ਹੋਈ ਰਸਮ ਦੇ ਗ਼ੁਲਾਮ ਕਦੋਂ ਬਣੀ ਹੋਈ ਖੋ ਨੂੰ ਛਡਦੇ ਹਨ, ਤਾਂ ਹਸ ਕੇ ਉਨ੍ਹਾਂ ਨੂੰ ਇਉਂ ਕਹਿ ਕੇ ਛੱਡ ਦਿੰਦੇ ਹਨ:
"ਜੇ ਸਿਰ-ਖੁਬੇ ਨਾਵਨਿ ਨਾਹੀ ਤਾ ਸਤਿ ਚਟੇ ਸਿਰਿ ਛਾਈ।"
ਵਾਰ ਮਾਝ ਦੀ ੨੬ ਵੀਂ ਪਉੜੀ ਦਾ ਇਹ ਸਾਰਾ ਸ਼ਲੋਕ ਪੜ੍ਹਨ ਜੋਗਾ ਹੈ।

ਗੁਰੂ ਅਰਜਨ ਦੇਵ ਜੀ ਨੂੰ ਭੀ ਹਾਸ-ਰਸ ਦੀ ਕਦਰ ਮਲੂਮ ਸੀ, ਇਸੇ ਲਈ ਜਦ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਿੰਦ ਦੇ ਵਖੋ ਵਖ ਇਲਾਕਿਆਂ ਦੇ ਭਗਤਾਂ ਦੀ ਬਾਣੀ ਚੜ੍ਹਾਉਣ ਲਗੇ, ਤਾਂ ਹਾਸੇ ਵਾਲੇ ਸ਼ਬਦ ਭੀ ਚੁਣ ਚੁਣ ਕੇ ਚੜ੍ਹਾਏ। ਜਿਵੇਂ ਧੰਨਾ ਜੀ ਹਰੀ ਅਗੇ ਅਰਦਾਸ ਕਰਨ ਲਗਿਆਂ ਘਰ ਦੀਆਂ ਸਾਰੀਆਂ ਲੁੜੀਂਦੀਆਂ ਵਸਤਾਂ ਬੜੇ ਮਜ਼ੇ ਨਾਲ ਮੰਗਦੇ ਹਨ:
ਦਾਲਿ ਸੀਧਾ ਮਾਗਉ ਘੀਉ। ਹਮਰਾ ਖੁਸੀ ਕਰੈ ਨਿਤ ਜੀਉ।
ਪਨ੍ਹੀਆ [ਜੁਤੀ] ਛਾਦਨੁ [ਕਪੜਾ] ਨੀਕਾ [ਚੰਗਾ, ਸੋਹਣਾ]।
ਅਨਾਜੁ ਮੰਗਉ ਸਤ ਸੀ ਕਾ ।੧। ਗਊ ਭੈਸ ਮੰਗਉ ਲਾਵੇਰੀ।
ਇਕ ਤਾਜਨਿ [ਘੋੜੀ] ਤੁਰੀ ਚੰਗੇਰੀ। ਘਰ ਕੀ ਗੀਹਨਿ [ਔਰਤ]
ਚੰਗੀ। ਜਨੁ ਧੰਨਾ ਲੇਵੈ ਮੰਗੀ ।੨।

ਕਬੀਰ ਜੀ ਭੀ ਭਗਤੀ ਦੀ ਲਹਿਰ ਵਿਚ ਆ ਕੇ ਇਹੋ ਜਹੀਆਂ ਮੰਗਾਂ ਆਪਣੇ ਸਕੇ ਨਜ਼ਦੀਕੀ ਰੱਬ ਅਗੇ ਰਖਦੇ ਹਨ ਅਤੇ ਉਹਨੂੰ ਨੋਟਸ ਦਿੰਦੇ ਹਨ ਕਿ ਜੇ ਸਾਡੀ ਗਲ ਨਹੀਂਊ ਮੰਨਣੀ ਤਾਂ ਅਹਿ ਲਓ ਆਪਣੀ ਮਾਲਾ, ਅਸੀ ਮੁਫ਼ਤ ਨਹੀਂ ਫੇਰ ਸਕਦੇ।

ਭੂਖੇ ਭਗਤਿ ਨ ਕੀਜੈ! ਯਹ ਮਾਲਾ ਅਪਨੀ ਲੀਜੈ ।੧।
ਮਾਧੋ ਕੈਸੀ ਬਨੈ ਤੁਮ ਸੰਗੇ। ਆਪਿ ਨ ਦੇਹੁ ਤ ਲੇਵਉ ਮੰਗੇ। ਰਹਾਉ।
ਦੁਇ ਸੇਰ ਮਾਂਗਉ ਚੂਨਾ [ਆਟਾ]। ਪਾਉ ਘੀਉ ਸੰਗਿ ਲੂਨਾ।
ਅਧ ਸੇਰੁ ਮਾਂਗਉ ਦਾਲੇ। ਮੋਕਉ ਦੋਨਉ ਵਖਤ ਜਵਾਲੇ।੨।
ਖਾਟ ਮਾਂਗਉ ਚਉਪਾਈ [ਚੌਹਾਂ ਪਾਵਿਆਂ ਵਾਲੀ ਹੋਵੇ, ਮਤਾਂ ਔਖੀ ਕਰਦੀ ਰਹੇ]।
ਸਿਰਹਾਨਾ ਅਵਰ ਤੁਲਾਈ।
ਊਪਰ ਕਉ ਮਾਂਗਉ ਖੀਂਧਾ।
ਤੇਰੀ ਭਗਤਿ ਕਰੈ ਜਨ ਥੀਂਧਾ(ਥਿੰਧਾ ਹੋ ਕੇ, ਘਿਉ ਆਦਿ ਤਰ ਚੀਜ਼ਾਂ ਖਾ ਕੇ, ਪੇਟ ਵਲੋਂ ਖੂਬ ਤਿਆਰ-ਬਰ-ਤਿਆਰ ਹੋ ਕੇ]।੩।
ਮੈ ਨਾਹੀ ਕੀੜਾ ਲਬੋ [ਕੋਈ ਨਹੀਂ। ਕੌਣ ਕਹਿੰਦਾ ਹੈ?]।
ਇਕੁ ਨਾਉ ਤੇਰਾ ਮੈ ਫਬੋ। ਕਹਿ ਕਬੀਰ ਮਨੁ ਮਾਨਿਆ।
ਮਨੁ ਮਾਨਿਆ ਤਉ ਹਰਿ ਜਾਨਿਆ।੪।
[ਠੀਕ ਹੈ ਭਈ! ਮਨ ਰਾਜੀ ਹੋਵੇ ਤਾਹੀਓਂ ਹਰੀ ਵਲ ਧਿਆਨ ਕਰ ਸਕੀਦਾ ਹੈ। ਜੇ ਪੇਟ ਨ ਪਈਆਂ ਰੋਟੀਆਂ, ਤਾਂ ਸਭੇ ਗੱਲਾਂ ਖੋਟੀਆਂ]।

ਸਿਖ ਇਤਿਹਾਸ ਵਿਚ ਭਾਈ ਬਿਧੀ ਚੰਦ ਇਕ ਮਸ਼ਹੂਰ ਸਿੱਖ ਹੋਇਆ ਹੈ ਜੋ ਗੁਰੂ ਹਰਗੋਬਿੰਦ ਸਾਹਿਬ ਦੀ ਸੇਵਾ ਤਾਂ ਕਰਦਾ ਸੀ, ਪਰ ਉਸ ਦੀ ਹਰ ਇਕ ਗਲ ਵਿਚ ਮਖ਼ੌਲ ਤੇ ਹਾਸਾ ਭਰਿਆ ਪਿਆ ਹੁੰਦਾ ਸੀ। ਉਸ ਦੇ ਮੌਜ-ਭਰੇ ਕਾਰਨਾਮਿਆਂ ਦਾ ਜ਼ਿਕਰ ਕਰਨ ਲਗਿਆਂ ਮੈਕਾਲਫ਼ ਜਿਹਾ ਬੇਰਸਾ ਲਿਖਾਰੀ ਭੀ ਮੌਜ ਵਿਚ ਆ ਕੇ ਆਪਣੀ ਕਲਮ ਦਾ ਥਕੇਵਾਂ ਲਾਹੁੰਦਾ ਹੈ।

ਪਰ ਧਰਮ ਵਿਚ ਹਾਸ-ਰਸ ਦੀ ਸਭ ਤੋਂ ਵਧੇਰੇ ਯਕੀਨ ਦੁਆਣ ਵਾਲੀ ਮਿਸਾਲ ਸੁਥਰੇ ਸ਼ਾਹ ਦੀ ਹੈ। ਇਹ ਸਜਣ ਜਿਤਨਾ ਧਰਮ ਵਿਚ ਪੱਕਾ ਤੇ ਅਡੋਲ ਸਿਦਕੀ ਸੀ, ਉਤਨਾ ਹੀ ਹਸਮੁਖ ਤੇ ਮਖੌਲੀਆ ਭੀ ਸੀ। ਇਸ ਨੇ ਸਾਰੀ ਉਮਰ ਧਰਮ ਦਾ ਪ੍ਰਚਾਰ ਕਰਦੇ ਬਿਤਾਈ, ਪਰ ਇਸ ਪ੍ਰਚਾਰ ਦਾ ਵਸੀਲਾ ਕੇਵਲ ਹਾਸ-ਰਸ ਸੀ।

ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਹਾਸ-ਰਸ ਨੂੰ ਵਰਤਣ ਵਿਚ ਹੱਦ ਹੀ ਮੁਕਾ ਦਿੱਤੀ। ਉਨ੍ਹਾਂ ਦੀ ਬਾਣੀ ਵਿਚ ਚਪੇ ਚਪੇ ਤੇ ਘੁਘੂ-ਮਟ ਵਾਸੀਆਂ ਤੇ ਅਖਾਂ ਵਿਚ ਤੇਲ ਪਾਣ ਵਾਲੇ ਦੰਭੀਆਂ ਉਤੇ ਮਖ਼ੌਲ ਉਡਾਇਆ ਹੋਇਆ ਹੈ। ਇਕ ਵੇਰ ਉਨ੍ਹਾਂ ਨੇ ਇਕ ਖੋਤੇ ਨੂੰ ਸ਼ੇਰ ਦੀ ਖਲ ਪਵਾ ਕੇ ਖੇਤਾਂ ਵਿਚ ਛੱਡ ਦਿਤਾ। ਲੋਕ ਦੇਖ ਕੇ ਡਰ ਗਏ। ਪਰ ਜਦ ਉਸ ਦੇ ਹੀਂਗਣ ਦੀ ਅਵਾਜ਼ ਸੁਣੀ ਤਾਂ ਹਸ ਪਏ। ਗੁਰੂ ਜੀ ਨੇ ਸਿਖਾਂ ਨੂੰ ਕਿਹਾ ਕਿ ਤੁਹਾਨੂੰ ਮੈਂ ਸ਼ੇਰ ਦਾ ਬਾਣਾ ਦਿਤਾ ਹੈ; ਇਸ ਦੀ ਲਾਜ ਰਖਣੀ; ਅਜੇਹਾ ਨ ਹੋਵੇ ਕਿ ਉਤੋਂ ਉਤੋਂ ਸ਼ਕਲ ਸਿੰਘਾਂ ਵਾਲੀ ਹੋਵੇ, ਤੇ ਵਿਚੋਂ ਅਵਿੱਦਯ ਤੇ ਮੂਰਖ ਰਹਿ ਕੇ ਪਰਖ ਵੇਲੇ ਖੋਤੇ ਵਾਲੀ ਹੀਂਗ ਸੁਣਾ ਦਸੋ। ਦੁਰਗਾ ਦੇ ਪ੍ਰਤੱਖ ਕਰਨ ਲਈ ਜੋ ਨਾਟਕੀ ਢੰਗ ਰਚ ਕੇ ਪੰਡਤਾਂ ਦੇ ਪੁਰਾਣੇ ਵਹਿਮ ਦਾ ਖ਼ਾਤਮਾ ਕੀਤਾ ਸੀ, ਉਹ ਭੀ ਇਸ ਧਾਰਮਕ ਹਾਸ-ਰਸ ਦਾ ਇਕ ਨਮੂਨਾ ਹੈ। ਪੰਜ ਪਿਆਰਿਆਂ ਦੀ ਚੋਣ ਦਾ ਢੰਗ ਭੀ ਇਸੇ ਨਾਟਕੀ ਰਸ ਦਾ ਨਤੀਜਾ ਸੀ।

'ਜੇਹਾ ਸੇਵੈ ਤੇਹੋ ਹੋਵੈ' ਅਨੁਸਾਰ, ਜਿਹਾ ਗੁਰੂ ਸੀ ਤੇਹੋ ਜਹੇ ਉਸ ਦੇ ਸਿੱਖ ਬਣੇ। ਉਨ੍ਹਾਂ ਵਿਚ ਇਕ ਅਣੋਖੀ ਰੰਗੀਲੀ ਤਬੀਅਤ ਸੀ, ਜੋ ਵੱਡੀਆਂ ਵੱਡੀਆਂ ਔਕੜਾਂ ਦੇ ਸਾਮ੍ਹਣੇ ਉਨ੍ਹਾਂ ਨੂੰ ਚੜ੍ਹਦੀਆਂ ਕਲਾਂ ਵਿਚ ਰਖਦੀ ਸੀ। ਮੁਕਤਸਰ ਦੇ ਜੰਗ ਵਿਚ ਜਦ ਸਿਖਾਂ ਨੇ ਦੇਖਿਆ ਕਿ ਅਸੀਂ ਥੋੜੇ ਜਹੇ ਹਾਂ ਤੇ ਦੁਸ਼ਮਣ ਬਹੁਤ ਹਨ, ਤਾਂ ਉਨ੍ਹਾਂ ਇਹ ਢੰਗ ਖੇਡਿਆ ਕਿ ਨਾਲ ਦੀਆਂ ਝਾੜੀਆਂ ਉਤੇ ਚਾਦਰਾਂ ਖਿਲਾਰ ਦਿਤੀਆਂ ਤਾਂ ਜੋ ਦੂਰੋਂ ਤੰਬੂ ਲੱਗੇ ਦਿਸਣ, ਅਤੇ ਪਲ ਪਲ ਮਗਰੋਂ ਸਤਿ ਸ੍ਰੀ ਅਕਾਲ ਦੇ ਜੈਕਾਰੇ ਛਡਣੇ ਸ਼ੁਰੂ ਕਰ ਦਿਤੇ, ਤਾਕਿ ਵੈਰੀ ਇਹ ਸਮਝੇ ਕਿ ਬਾਰ ਬਾਰ ਕੁਮਕ ਪਹੁੰਚ ਰਹੀ ਹੈ।

ਇਸ ਬਹਾਦਰ ਤੇ ਨਾ ਹਾਰਨ ਵਾਲੀ ਤਬੀਅਤ ਦਾ ਸਦਕਾ ਸਿੱਖਾਂ ਵਿਚ ਇਕ ਖ਼ਾਸ ਤਰ੍ਹਾਂ ਦੀ ਬੋਲੀ ਪ੍ਰਚਲਤ ਹੋ ਗਈ ਸੀ, ਜਿਸ ਦੇ ਵਾਚਣ ਤੋਂ ਇਉਂ ਜਾਪਦਾ ਹੈ ਜਿਵੇਂ ਸਿੱਖਾਂ ਲਈ ਦੁਖ ਤੇ ਭੈ ਦਾ ਨਾਸ ਹੀ ਹੋ ਗਿਆ ਹੁੰਦਾ ਹੈ। ਇਸ ਬੋਲੀ ਦੇ ਮੁਹਾਵਰਿਆਂ ਨੂੰ 'ਸਿੰਘਾਂ ਦੇ ਬੋਲੇ' ਕਹਿੰਦੇ ਸਨ। ਕੋਈ ਮਰ ਜਾਏ ਤਾਂ ਚੜ੍ਹਾਈ ਕਰ ਗਿਆ ਕਹਿੰਦੇ ਸਨ, ਮਾਨੋ ਪ੍ਰਾਣੀ ਅਗਲੇ ਜਹਾਨ ਉਤੇ ਹਮਲਾ ਕਰਨ ਗਿਆ ਹੈ। ਸਿੱਖ ਭੁੱਖਾ ਹੋਵੇ ਤਾਂ ਲੰਗਰ ਮਸਤਾਨੇ ਕਹਿੰਦੇ ਸਨ। ਛੋਲਿਆਂ ਨੂੰ ਬਦਾਮ, ਤੇ ਪਿਆਜ਼ ਨੂੰ ਰੁੱਪਾ ਕਹਿੰਦੇ ਸਨ ਅਤੇ ਰੁਪਿਆਂ ਨੂੰ ਛਿਲੜ। ਕੋਈ ਉੱਚਾ ਸੁਣਦਾ ਹੋਵੇ, ਤਾਂ ਕਹਿੰਦੇ ਸਨ ਕਿ ਖ਼ਾਲਸਾ ਚੁਬਾਰੇ ਚੜ੍ਹਿਆ ਹੋਇਆ ਹੈ। ਅੰਨ੍ਹੇ ਨੂੰ ਸੂਰਮਾ ਤੇ ਲੰਙੇ ਨੂੰ ਸੁਚਾਲਾ ਸਿੰਘ, ਮੋਟੇ ਸੋਟੇ ਨੂੰ ਅਕਲਦਾਨ ਜਾਂ ਕਾਨੂੰਗੋ, ਅਤੇ ਘਾਹ ਕਟਣ ਨੂੰ ਬਾਜ਼ ਉਡਾਉਣਾ! ਇਹੋ ਜਹੇ ਹਜ਼ਾਰਾਂ ਹੋਰ ਬੋਲੇ ਹਨ, ਜਿਨ੍ਹਾਂ ਤੋਂ ਇਹ ਪਤਾ ਲਗਦਾ ਹੈ ਕਿ ਸਿਖਾਂ ਵਿਚ ਜਿਥੇ ਧਰਮ ਸੀ, ਉਥੇ ਨਾਲ ਮਰਦਊਪੁਣਾ ਤੇ ਹਾਸ-ਰਸ ਭੀ ਸੀ। ਧਰਮ ਸਾਰੀ ਜ਼ਿੰਦਗੀ ਨੂੰ ਪ੍ਰਫੁੱਲਤ ਕਰਦਾ ਹੈ, ਤੇ ਜਿਥੇ ਇਹ ਸ਼ੁਭ ਕਰਮਾਂ ਦੇ ਪੱਤੇ ਪੈਦਾ ਕਰਦਾ ਹੈ, ਉਥੇ ਵਿਗਾਸ ਵਾਲੀ ਤਬੀਅਤ ਦਾ ਫੁੱਲ ਭੀ ਖਿੜਾਉਂਦਾ ਹੈ।

  • ਮੁੱਖ ਪੰਨਾ : ਪ੍ਰਿੰਸੀਪਲ ਤੇਜਾ ਸਿੰਘ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ