Ghar Da Piar (Punjabi Essay) : Principal Teja Singh

ਘਰ ਦਾ ਪਿਆਰ (ਲੇਖ) : ਪ੍ਰਿੰਸੀਪਲ ਤੇਜਾ ਸਿੰਘ

ਘਰ ਇੱਟਾਂ ਜਾਂ ਵਟਿਆਂ ਦੇ ਬਣੇ ਕੋਠੇ ਨੂੰ ਨਹੀਂ ਕਹਿੰਦੇ। 'ਘਰ' ਤੋਂ ਭਾਵ ਉਹ ਥਾਂ ਹੈ, ਜਿਥੇ ਮਨੁਖ ਦੇ ਪਿਆਰ ਤੇ ਸਧਰਾਂ ਪਲਦੀਆਂ ਹਨ, ਜਿਥੇ ਬਾਲਪਨ ਵਿਚ ਮਾਂ ਭੈਣ ਤੇ ਭਰਾ ਕੋਲੋਂ ਲਾਡ ਲਿਆ ਹੁੰਦਾ ਹੈ, ਜਿਥੇ ਜਵਾਨੀ ਵਿਚ ਸਾਰੇ ਜਹਾਨ ਨੂੰ ਗਾਹ ਕੇ, ਲਿਤਾੜ ਕੇ, ਖਟੀ ਕਮਾਈ ਕਰ ਕੇ ਮੁੜ ਆਉਣ ਨੂੰ ਜੀ ਕਰਦਾ ਹੈ, ਜਿਥੇ ਬੁਢੇਪੇ ਵਿਚ ਬਹਿ ਕੇ ਸਾਰੇ ਜੀਵਨ ਦੇ ਝਮੇਲਿਆਂ ਤੋਂ ਮਿਲੀ ਵਿਹਲ ਨੂੰ ਅਰਾਮ ਨਾਲ ਕਟਣ ਵਿਚ ਇਉਂ ਸੁਆਦ ਆਉਂਦਾ ਹੈ ਜਿਵੇਂ ਬਚਪਨ ਵਿਚ ਮਾਂ ਦੀ ਝੋਲੀ ਵਿਚ ਆਉਂਦਾ ਸੀ। ਘਰ ਮਨੁਖ ਦੇ ਨਿਜੀ ਵਲਵਲਿਆਂ ਤੇ ਸ਼ਖ਼ਸੀ ਰਹਿਣੀ ਦਾ ਕੇਂਦਰ ਹੁੰਦਾ ਹੈ। ਉਸ ਦੇ ਆਚਰਣ ਬਣਾਉਣ ਵਿਚ ਜਿਥੇ ਸਮਾਜਕ ਤੇ ਮੁਲਕੀ ਆਲੇ-ਦੁਆਲੇ ਦਾ ਅਸਰ ਕੰਮ ਕਰਦਾ ਹੈ, ਉਥੇ ਘਰ ਦੀ ਚਾਰਦਿਵਾਰੀ ਅਤੇ ਇਸ ਦੇ ਅੰਦਰ ਦੇ ਹਾਲਾਤ ਦਾ ਅਸਰ ਵੀ ਘਟ ਕੰਮ ਨਹੀਂ ਕਰਦਾ। ਸਗੋਂ ਮਨੁਖ ਦਾ ਆਚਰਣ ਬਣਦਾ ਹੀ ਘਰ ਵਿਚ ਹੈ। ਇਹੋ ਉਸ ਦੀਆਂ ਰੁਚੀਆਂ ਅਤੇ ਸੁਭਾਉ ਦਾ ਸਾਂਚਾ ਹੈ। ਕਈ ਵਾਰੀ ਜਦ ਮੈਂ ਕਿਸੇ ਸਜਣ ਨੂੰ ਕੋਝੇ, ਸੜੀਅਲ ਜਾਂ ਖਿਝੂ ਸੁਭਾ ਵਾਲਾ ਦੇਖਦਾ ਹਾਂ ਤਾਂ ਮੈਂ ਦਿਲ ਵਿਚ ਕਹਿੰਦਾ ਹਾਂ, ਇਸ ਵਿਚਾਰੇ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਹੋਣਾ।

ਇਕ ਮੇਰੀ ਜਾਣਕਾਰ ਬਿਰਧ ਬੀਬੀ ਜੀ ਹਨ, ਜੋ ਨੇਕੀ ਤੇ ਉਪਕਾਰ ਦੀ ਪੁਤਲੀ ਹਨ। ਸਵੇਰੇ ਸ਼ਾਮ ਬਿਲਾ ਨਾਗਾ ਨਿਤਨੇਮ ਕਰਦੇ ਗੁਰਦੁਆਰੇ ਦੀ ਪ੍ਰਕਰਮਾ ਕਰਦੇ ਹਨ। ਕਿਸੇ ਦੇ ਦੁਖ ਨੂੰ ਦੇਖ ਕੇ ਕਦੀ ਜਰ ਨਹੀਂ ਸਕਦੇ। ਵਲਵਲਾ ਉਨ੍ਹਾਂ ਦਾ ਇੱਨਾ ਕੋਮਲ ਤੇ ਪਵਿੱਤਰ ਹੈ ਕਿ ਚਪੇ ਚਪੇ ਤੇ ਹਮਦਰਦੀ ਨਾਲ ਫਿਸ ਪੈਂਦੇ ਹਨ। ਬਚਿਆਂ ਨੂੰ ਦੇਖ ਕੇ ਤਾਂ ਬਚੇ ਹੀ ਬਣ ਜਾਂਦੇ ਹਨ। ਪਰ ਸੁਭਾ ਉਨ੍ਹਾਂ ਦਾ ਬਹੁਤ ਖਰ੍ਹਵਾ ਹੈ। ਨਿੱਕੀ ਨਿੱਕੀ ਗੱਲ ਤੋਂ ਖਿਝ ਪੈਂਦੇ ਹਨ ਅਤੇ ਗੁੱਸੇ ਵਿਚ ਆ ਕੇ ਆਪੇ ਤੋਂ ਬਾਹਰ ਹੋ ਜਾਂਦੇ ਹਨ। ਉਸ ਹਾਲਤ ਵਿਚ ਉਨ੍ਹਾਂ ਨੂੰ ਦੇਖੋ ਤਾਂ ਮਲੂਮ ਹੁੰਦਾ ਹੈ ਕਿ ਉਨ੍ਹਾਂ ਦੇ ਦਿਲ ਵਿਚ ਕੋਈ ਤਰਸ ਨਹੀਂ, ਕੋਈ ਪਿਆਰ ਨਹੀਂ, ਪਰ ਹੁੰਦੇ ਉਸ ਵਕਤ ਵੀ ਉੱਨੇ ਹੀ ਨਰਮ ਤੇ ਕੋਮਲ ਹਨ। ਕੇਵਲ ਇਹ ਕੋਮਲਤਾ ਤੇ ਨਰਮੀ ਗੁੱਸੇ ਦੇ ਪਰਦੇ ਹੇਠ ਛੁਪੀ ਹੁੰਦੀ ਹੈ। ਇਸ ਗੁੱਸੇ ਤੇ ਝਲਪੁਣੇ ਦਾ ਕਾਰਣ ਉਨ੍ਹਾਂ ਦੀ ਜਿੰਦਗੀ ਦਾ ਪਿੱਛਾ ਫੋਲਣ ਤੋਂ ਇਹ ਮਲੂਮ ਹੁੰਦਾ ਹੈ ਕਿ ਉਨ੍ਹਾਂ ਨੂੰ ਘਰ ਦਾ ਪਿਆਰ ਨਹੀਂ ਮਿਲਿਆ। ਪਤੀ ਜਵਾਨੀ ਵਿਚ ਹੀ ਸਾਥ ਛਡ ਗਿਆ, ਅਤੇ ਝੋਲ ਪੁਤਰਾਂ ਧੀਆਂ ਤੋਂ ਖ਼ਾਲੀ ਰਹੀ। ਕਿਸੇ ਨੇ ਨਿਕੀਆਂ ਨਿੱਕੀਆਂ ਬਾਹਾਂ ਗਲ ਵਿਚ ਪਾ ਕੇ ਨਹੀਂ ਆਖਿਆ, "ਬੀ ਜੀਓ! ਮੈਂ ਕਿੱਡਾ ਸ਼ੋਹਣਾ ਵਾਂ!"

ਮੈਂ ਕਈ ਵੱਡੇ ਵੱਡੇ ਕਥੱਕੜ ਦੇਖੇ ਹਨ ਜੋ ਬਾਹਰ ਪੰਡਾਲਾਂ ਵਿਚ ਕਥਾ ਕਰਦਿਆਂ ਜਾਂ ਵਖਿਆਨ ਦਿੰਦਿਆਂ ਲੋਕਾਂ ਨੂੰ ਆਪਣੀ ਸਿਆਣਪ ਤੇ ਵਿਦਿਆ ਦੇ ਚਮਤਕਾਰ ਦਸ ਕੇ ਹੈਰਾਨ ਕਰ ਦਿੰਦੇ ਹਨ। ਪਰ ਜੇ ਕੋਈ ਦੁਖੀਆ ਜਾਂ ਲੋੜਵੰਦ ਉਨ੍ਹਾਂ ਦੇ ਦਰ ਤੇ ਜਾ ਖੜੋਵੇ ਤਾਂ ਚਾਰ ਚਾਰ ਘੰਟੇ ਸ਼ਾਇਦ ਮੁਲਾਕਾਤ ਲਈ ਉਡੀਕਣਾ ਪਵੇ ਅਤੇ ਜੇ ਮਿਲਣ ਵੀ ਤਾਂ ਉਨ੍ਹਾਂ ਦਾ ਦਿਲ ਹਮਦਰਦੀ ਨਾਲ ਨਹੀਂ ਪੰਘਰਦਾ, ਅੱਖਾਂ ਨਮਰੂਦ ਦੀ ਕਬਰ ਵਾਂਗ ਸਦਾ ਸੁੱਕੀਆਂ ਹੀ ਰਹਿੰਦੀਆਂ ਹਨ, ਕਦੀ ਤਰਸ ਜਾਂ ਪਿਆਰ ਨਾਲ ਸਜਲ ਨਹੀਂ ਹੋਈਆਂ। ਇੱਡੀ ਕਰੜਾਈ ਦਾ ਕਾਰਨ? ਕੇਵਲ ਇਹ ਕਿ ਇਹੋ ਜਹੇ ਸੱਜਣ ਆਪਣਾ ਸਾਰਾ ਸਮਾਂ ਪੋਥੀਆਂ ਫੋਲਣ, ਲਿਖਣ ਜਾਂ-ਜਿਵੇਂ ਇਕ ਸਜਣ ਦੀ ਵਹੁਟੀ ਕਿਹਾ ਕਰਦੀ ਹੈ,-'ਭਾਈ ਹੋਰੀ ਆਪਣੀ ਸਾਰੀ ਜ਼ਿੰਦਗੀ ਹੈਂਡ-ਬੈਗ ਨਾਲ ਮੋਟਰਾਂ ਜਾਂ ਗਡੀਆਂ ਦੇ ਸਫ਼ਰ ਵਿਚ ਹੀ ਟਪਾ ਛਡਦੇ ਹਨ।' ਉਨ੍ਹਾਂ ਵਿਚ ਘਰ ਦਾ ਪਿਆਰ ਨਹੀਂ ਹੁੰਦਾ। ਇਸ ਲਈ ਉਨ੍ਹਾਂ ਦੀ ਜ਼ਿੰਦਗੀ ਰਸ ਤੋਂ, ਨਿਘ ਤੋਂ ਖ਼ਾਲੀ ਕੋਰੀ ਜਹੀ ਹੁੰਦੀ ਹੈ।

ਇਹੋ ਜਹੇ ਉਪਦੇਸ਼ਕ ਤੇ ਲਿਖਾਰੀ ਵਡੇ ਵਡੇ ਗੁਰੂਆਂ ਤੇ ਪੈਗ਼ੰਬਰਾਂ ਦੇ ਜੀਵਣ ਵੀ ਆਪਣੇ ਨਮੂਨੇ ਉਤੇ ਢਾਲਦੇ ਹੋਏ ਉਨ੍ਹਾਂ ਮਹਾਂ ਪੁਰਖਾਂ ਨੂੰ ਭੀ ਆਪਣੇ ਜਹੇ ਕੋਰੇ ਤੇ ਘਰੋਗੀ ਪਿਆਰ ਤੋਂ ਸਖਣੇ ਬਣਾ ਦਸਦੇ ਹਨ। ਗੁਰੂ ਨਾਨਕ ਸਾਹਿਬ ਦਾ ਜੀਵਣ ਇਉਂ ਦਸਦੇ ਹਨ ਕਿ ਜਿਵੇਂ ਉਹ ਕਦੀ ਤੋਤਲੀਆਂ ਗੱਲਾਂ ਕਰਨ ਵਾਲੇ ਬਚਪਨ ਵਿਚੋਂ ਲੰਘੇ ਹੀ ਨਹੀਂ ਹੁੰਦੇ। ਬਾਲਪਣ ਤੋਂ ਹੀ ਉਤਨੀਆਂ ਸਿਆਣੀਆਂ ਤੇ ਪਰਮਾਰਥ ਦੀਆਂ ਗੱਲਾਂ ਕਰਦੇ ਹੁੰਦੇ ਸਨ ਜਿਤਨੀਆਂ ਕਿ ਵੱਡੀ ਉਮਰ ਵਿਚ। ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਬਚਿਆਂ ਦਾ ਭੋਲਾਪਣ, ਅਲਬੇਲੀ ਤਬੀਅਤ, ਭੈਣ ਭਰਾ ਦਾ ਪਿਆਰ, ਲਾਡ ਤੇ ਰੁਸੇਵੇਂ ਮਹਾਂ ਪੁਰਖਾਂ ਦੀ ਬਣਤਰ ਲਈ ਉੱਨੇ ਹੀ ਜ਼ਰੂਰੀ ਹਨ, ਜਿੰਨੇ ਕਿ ਆਮ ਮਨੁਖਾਂ ਲਈ। ਇਸ ਤਜਰਬੇ ਵਿਚੋਂ ਲੰਘਣ ਨਾਲ ਖ਼ਿਆਲਾਂ ਵਲਵਲਿਆਂ ਤੇ ਅਮਲਾਂ ਦੀ ਉਸਾਰੀ ਕੁਦਰਤੀ ਤੌਰ ਤੇ ਹੁੰਦੀ ਹੈ। ਜਿਨ੍ਹਾਂ ਦੀ ਜ਼ਿੰਦਗੀ ਸਧਾਰਨ ਬਣਨੀ ਹੁੰਦੀ ਹੈ, ਉਨ੍ਹਾਂ ਨੂੰ ਬਚਪਨ ਦਾ ਇਹ ਤਜਰਬਾ ਸੰਸਾਰ ਦੇ ਆਮ ਕੰਮਾਂ ਲਈ ਤਿਆਰ ਕਰਦਾ ਹੈ, ਅਤੇ ਜਿਨ੍ਹਾਂ ਨੇ ਪੂਰਣਤਾ ਪ੍ਰਾਪਤ ਕਰਨੀ ਹੁੰਦੀ ਹੈ, ਉਨ੍ਹਾਂ ਲਈ ਘਰ ਦਾ ਪਿਆਰ, ਮਾਪਿਆਂ ਤੋਂ ਉਦਰੇਵਾਂ ਤੇ ਰੋਸਾ, ਭੈਣਾਂ ਦਾ ਥਾਂ ਥਾਂ ਤੇ ਵੀਰ ਨੂੰ ਬਚਾਉਣਾ ਇਕ ਅਜੇਹਾ ਚੁਗਿਰਦਾ ਬਣਾ ਰਖਦਾ ਹੈ, ਜਿਸ ਤੋਂ ਉਨ੍ਹਾਂ ਦੇ ਵਲਵਲੇ ਉਚੇ ਸਾਈਂ ਦੇ ਪਿਆਰ ਵਲ ਪ੍ਰੇਰੇ ਜਾਂਦੇ ਹਨ ਅਤੇ ਸਿਕਾਂ ਸਿਕਣ ਤੇ ਕੁਰਬਾਨੀਆਂ ਕਰਨ ਦੀ ਜਾਚ ਆਉਂਦੀ ਹੈ। ਜਿਨ੍ਹਾਂ ਲਿਖਾਰੀਆਂ ਨੇ ਬਚਪਨ ਦੇ ਜ਼ਰੂਰੀ ਤਜਰਬੇ ਨੂੰ ਨਹੀਂ ਸਮਝਿਆ, ਉਨ੍ਹਾਂ ਨੇ ਈਸਾ ਦਾ ਜੀਵਣ ਉਨ੍ਹਾਂ ਦੇ ਬਚਪਨ ਦਾ ਹਾਲ ਦੇਣ ਤੋਂ ਬਿਨਾਂ ਹੀ ਲਿਖ ਦਿਤਾ, ਅਤੇ ਬੁਧ ਮਹਾਰਾਜ ਅਤੇ ਗੁਰੂ ਨਾਨਕ ਦੇ ਮਾਪਿਆਂ ਦੇ ਆਚਰਣ ਨੂੰ ਬਹੁਤ ਕੋਝੇ ਰੰਗ ਵਿਚ ਰੰਗਿਆ। ਜੇ ਲਿਖਾਰੀਆਂ ਨੂੰ ਖ਼ਿਆਲ ਹੁੰਦਾ ਕਿ ਮਹਾਂ ਪੁਰਖ ਭੀ ਘਰ ਦੇ ਆਲੇ-ਦੁਆਲੇ ਵਿਚੋਂ ਚੰਗਾ ਅਸਰ ਲੈ ਸਕਦੇ ਹਨ, ਤਾਂ ਓਹ ਇਨ੍ਹਾਂ ਦੇ ਮਾਪਿਆਂ ਦਾ ਜ਼ਿਕਰ ਬੜੇ ਸਤਕਾਰ ਨਾਲ ਕਰਦੇ ਅਤੇ ਉਨ੍ਹਾਂ ਦੇ ਘਰੋਗੀ ਚੁਗਿਰਦੇ ਵਿਚੋਂ ਵੀ ਕੁਝ ਮਹਾਨਤਾ ਦੇ ਚਿੰਨ੍ਹ ਲਭਣ ਦਾ ਜਤਨ ਕਰਦੇ। ਮੈਨੂੰ ਤਾਂ ਗੁਰੂ ਨਾਨਕ ਦੇਵ ਦੀ ਜਨਮਸਾਖੀ ਵਿਚੋਂ ਵਧੀਕ ਤੋਂ ਵਧੀਕ ਦਰਦਨਾਕ ਤੇ ਰੋਮਾਂਚ ਕਰ ਦੇਣ ਵਾਲਾ ਨਜ਼ਾਰਾ ਉਹ ਲਭਦਾ ਹੈ, ਜਿਸ ਵਿਚ ਗੁਰੂ ਜੀ ਪਰਦੇਸ-ਯਾਤਰਾ ਕਰ ਕੇ ਘਰ ਨੂੰ ਪਰਤਦੇ ਹਨ, ਪਰ ਦਿਲ ਨੂੰ ਕਰੜਾ ਕਰ ਕੇ ਆਪ ਬਾਹਰ ਖੂਹ ਤੇ ਬਹਿ ਰਹਿੰਦੇ ਹਨ, ਅਤੇ ਭਾਈ ਮਰਦਾਨੇ ਨੂੰ ਆਪਣੇ ਘਰ ਵਾਲਿਆਂ ਦੀ ਖ਼ਬਰ-ਅਤਰ ਲੈਣ ਲਈ ਪਿੰਡ ਭੇਜਦੇ ਹਨ, ਪਰ ਕਹਿੰਦੇ ਹਨ, "ਇਹ ਨਾ ਦਸੀਂ ਕਿ ਮੈਂ ਵੀ ਇਥੇ ਆਇਆ ਹਾਂ।" ਮਰਦਾਨਾ ਮਾਤਾ ਤ੍ਰਿਪਤਾ ਜੀ ਪਾਸ ਪੁਜਦਾ ਹੈ ਅਤੇ ਘਰ ਦਾ ਹਾਲ ਪੁਛ ਕੇ ਵਿਦਾ ਹੋਣ ਲਗਦਾ ਹੈ, ਤਾਂ ਮਾਤਾ ਜੀ ਵੀ ਉਸ ਦੇ ਪਿਛੇ ਪਿਛੇ ਪਿੰਡ ਤੋਂ ਬਾਹਰ ਉਸ ਥਾਂ ਪੁਜਦੇ ਹਨ ਜਿਥੇ ਗੁਰੂ ਜੀ ਬੈਠੇ ਹਨ। ਜੇ ਕਿਸੇ ਨੇ ਮਾਂ ਦੇ ਵਡਿੱਤਣ ਤੇ ਅਰਸ਼ੀ ਅਸਰ ਨੂੰ ਦੇਖਣਾ ਹੋਵੇ ਤਾਂ ਇਸ ਨਜ਼ਾਰੇ ਦੇ ਹਾਲ ਨੂੰ ਪੜ੍ਹੇ। ਮਾਤਾ ਆਪਣੇ ਪੁਤਰ ਨੂੰ ਵੇਖ ਕੇ ਬਿਹਬਲ ਹੋ ਜਾਂਦੀ ਹੈ, ਅਤੇ ਓਸ ਵੇਲੇ ਜੋ ਮਮਤਾ ਵਾਲੇ ਲਫ਼ਜ਼ ਕਹਿੰਦੀ ਹੈ, ਉਨ੍ਹਾਂ ਦਾ ਕਰੁਣਾ-ਰਸ ਉੱਚੀ ਤੋਂ ਉੱਚੀ ਕਵਿਤਾ ਤੇ ਉਚੇ ਤੋਂ ਉਚੇ ਵਲਵਲੇ ਨੂੰ ਮਾਤ ਕਰਦਾ ਹੈ। ਪੁਤਰ ਦਾ ਮੱਥਾ ਚੁੰਮ ਕੇ ਉਹ ਕਹਿੰਦੀ ਹੈ: ਵੇ ਬੱਚਾ! ਮੈਂ ਵਾਰੀ! ਮੈਂ ਤੈਥੋਂ ਵਾਰੀ! ਮੈਂ ਉਨ੍ਹਾਂ ਦੇਸਾਂ ਤੋਂ ਵਾਰੀ! ਉਨ੍ਹਾਂ ਰਾਹਾਂ ਤੋਂ ਵਾਰੀ ਜਿਨ੍ਹਾਂ ਉੱਤੇ ਚਲ ਕੇ ਤੂੰ ਆਇਆ ਹੈਂ!" ਜੇ ਕੋਈ ਸੁਕਾ ਫ਼ਿਲਾਸਫ਼ਰ ਹੁੰਦਾ ਤਾਂ ਓਸ ਵੇਲੇ ਆਪਣੀ ਮਾਂ ਨੂੰ ਕਹਿੰਦਾ, "ਜਾ ਭਈ ਜਾ। ਇਨ੍ਹਾਂ ਤਿਲਾਂ ਵਿਚ ਤੇਲ ਨਹੀਂ। ਤੂੰ ਮਾਇਆ ਦਾ ਰੂਪ ਧਾਰ ਕੇ ਮੈਨੂੰ ਭਰਮਾਉਣ ਆਈ ਹੈ।" ਨਹੀਂ, ਗੁਰੂ ਜੀ ਮਾਤਾ ਜੀ ਦੇ ਬਚਨ ਸੁਣ ਕੇ ਫਿਸ ਪਏ ਅਤੇ ਉਸ ਦੇ ਚਰਨਾਂ ਉਤੇ ਡਿਗ ਕੇ ਰੋਏ, ਖੂਬ ਰੋਏ। ਓਹ ਅਥਰੂ ਹਜ਼ਾਰ ਗਿਆਨ ਧਿਆਨ ਦਾ ਨਚੋੜ ਸਨ, ਹਜ਼ਾਰ ਫ਼ਰਜ਼ਾਂ ਤੇ ਪਰਉਪਕਾਰਾਂ ਦੀ ਜੜ੍ਹ ਨੂੰ ਸਿੰਜਣ ਵਾਲੇ ਸਨ।

ਕੀ ਗੁਰੂ ਨਾਨਕ ਸਾਹਿਬ ਦੇ ਦਿਲ ਉਤੇ ਬੀਬੀ ਨਾਨਕੀ ਦੇ ਪਿਆਰ ਦਾ ਘਟ ਅਸਰ ਸੀ, ਜਿਸ ਨੇ ਬਚਪਨ ਵਿਚ ਲੋਰੀਆਂ ਦੇ ਕੇ ਕੁਛੜ ਚੁਕ ਕੇ ਪਾਲਿਆ ਸੀ ਅਤੇ ਪਿਤਾ ਦੀਆਂ ਚਪੇੜਾਂ ਤੋਂ ਬਚਾਇਆ ਅਤੇ ਖਰੇ ਸੌਦੇ ਕਰਦਿਆਂ ਸਲਾਹਿਆ ਤੇ ਉਤਸ਼ਾਹਿਆ ਸੀ? ਜੇ ਉਹ 'ਨਾਨਕ' ਸਨ ਤਾਂ ਕੀ ਉਹ 'ਨਾਨਕੀ' ਨਹੀਂ ਸੀ?

ਕੀ ਮੁਹੰਮਦ ਸਾਹਿਬ ਦੀ ਜ਼ਿੰਦਗੀ ਉਤੇ ਉਨ੍ਹਾਂ ਦੀ ਬੀਵੀ ਖ਼ਦੀਜਾ ਦਾ ਅਸਰ ਘਟ ਸੀ, ਜਿਸ ਨੇ ਔਖੇ ਤੋਂ ਔਖੇ ਵੇਲੇ ਉਨ੍ਹਾਂ ਦੀ ਮਦਦ ਕੀਤੀ ਤੇ ਉਨ੍ਹਾਂ ਦੇ ਜੀਵਣ-ਆਦਰਸ਼ ਨੂੰ ਸਭ ਤੋਂ ਪਹਿਲਾਂ ਸਮਝ ਕੇ ਉਸ ਵਿਚ ਯਕੀਨ ਕੀਤਾ ਅਤੇ ਸਦਾ ਹੌਸਲਾ ਵਧਾਇਆ? ਜਦ ਹਜ਼ਰਤ ਮੁਹੰਮਦ ਨੂੰ ਰੱਬ ਵਲੋਂ ਬਾਣੀ ਉਤਰਦੀ ਸੀ ਤਾਂ ਉਹ ਥਕ ਕੇ ਇੰਨੇ ਨਿਸਲ ਹੋ ਜਾਂਦੇ ਸਨ ਕਿ ਉਨ੍ਹਾਂ ਨੂੰ ਅਰਾਮ ਦੇ ਕੇ ਮੁੜ ਅਸਲੀ ਹਾਲਤ ਤੇ ਲਿਆਉਣ ਵਾਲੀ ਖ਼ਦੀਜਾ ਹੀ ਸੀ, ਜੋ ਉਨ੍ਹਾਂ ਦਾ ਸਿਰ ਆਪਣੇ ਪੱਟਾਂ ਉਤੇ ਰਖ ਕੇ ਪਿਆਰ ਨਾਲ ਸਭ ਥਕੇਵੇਂ ਦੂਰ ਕਰ ਦਿੰਦੀ ਸੀ।

ਜੇ ਕਾਰਲਾਈਲ ਆਪਣੀ ਤੀਵੀਂ ਨੂੰ ਪਿਆਰ ਕਰਦਾ ਤਾਂ ਉਹ ਇੰਨਾ ਕ੍ਰਿਝੂ ਤੇ ਸੜੂ ਨਾ ਹੁੰਦਾ। ਉਹ ਆਪਣੇ ਕਮਰੇ ਵਿਚ ਬੈਠਾ ਪੜ੍ਹਦਾ ਜਾਂ ਲਿਖਦਾ ਰਹਿੰਦਾ ਸੀ, ਅਤੇ ਉਸ ਦੀ ਵਹੁਟੀ ਵਖ ਬਰਾਂਡੇ ਵਿਚ ਬੈਠੀ ਆਏ ਗਏ ਨੂੰ ਤ੍ਰਾਂਹਦੀ ਰਹਿੰਦੀ। ਜਦ ਕਦੀ ਉਹ ਹੀਆ ਕਰ ਕੇ ਉਸ ਦੇ ਕਮਰੇ ਦਾ ਬੂਹਾ ਖੋਲ੍ਹ ਕੇ ਅੰਦਰ ਝਾਕਦੀ ਤਾਂ ਉਹ ਖਿਝ ਕੇ ਖਾਣ ਨੂੰ ਪੈਂਦਾ ਅਤੇ ਉਸ ਨੂੰ ਤ੍ਰਾਹ ਕੇ ਬਾਹਰ ਕੱਢ ਦਿੰਦਾ। ਉਸ ਦਾ ਸਾਰੇ ਸੰਸਾਰ ਨੂੰ 'ਚੁੱਪ' ਦੇ ਮਜ਼ਮੂਨ ਉਤੇ ਅਮੁੱਕ ਸਿਖਿਆ ਦੇਣ ਦਾ ਕੀ ਲਾਭ ਜਦ ਉਸ ਦੀ ਆਪਣੀ ਕਲਮ ਚੁਪ ਨਹੀਂ ਕਰਦੀ ਅਤੇ ਅਹਿਮਕ ਨਾਈ ਦੀ ਕੈਂਚੀ ਵਾਕਰ ਲੁਤਰ ਲੁਤਰ ਕਰਦੀ ਰਹਿੰਦੀ ਹੈ? ਉਸ ਦਾ ਲੰਮੇ ਲੰਮੇ ਲੇਖ ਲਿਖ ਕੇ ਲੋਕਾਂ ਨੂੰ ਚਾਬਕ ਵਰਗੀ ਵਰ੍ਹਦੀ ਤਾੜਨਾ ਕਰਨ ਦਾ ਕੀ ਲਾਭ ਜੇ ਉਹ ਆਪ ਇਕ ਘਰ ਦੀ ਸੁਆਣੀ ਨੂੰ ਭੀ ਅਰਾਮ ਨਾ ਦੇ ਸਕਿਆ?

ਅਜ ਕਲ ਬਹੁਤ ਸਾਰੀ ਦੁਰਾਚਾਰੀ ਦਾ ਕਾਰਣ ਘਰੋਗੀ ਵਸੋਂ ਦਾ ਘਾਟਾ ਅਤੇ ਬਾਜ਼ਾਰੀ ਰਹਿਣੀ-ਬਹਿਣੀ ਦਾ ਵਾਧਾ ਹੈ। ਘਰ ਘਟ ਰਹੇ ਹਨ, ਅਤੇ ਹੋਟਲ ਵਧ ਰਹੇ ਹਨ। ਲੋਕੀ ਘਰ ਦੇ ਸਦਾਚਾਰੀ ਅਸਰ ਨੂੰ ਨਾ ਜਾਣਦੇ ਹੋਏ, ਬਾਲ ਬੱਚੇ ਤੇ ਤੀਵੀਂ ਦੇ ਨਾਲ ਜੀਵਣ ਬਿਤਾਣ ਦੀ ਥਾਂ ਕਲੱਬਾਂ ਤੇ ਹੋਟਲਾਂ ਦੀ ਰਹਿਣੀ ਨੂੰ ਵਧੇਰੇ ਪਸੰਦ ਕਰਦੇ ਹਨ । ਇਸ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਲੋਕਾਂ ਵਿਚੋਂ ਉਹ ਘਰੋਗੀ ਜ਼ਿਮੇਵਾਰੀ, ਉਹ ਬਿਰਾਦਰੀ ਵਾਲੀ ਸ਼ਰਾਫ਼ਤ, ਅਤੇ ਉਹ ਮਿਠਤ ਤੇ ਨਿਮ੍ਰਤਾ ਵਾਲੇ ਗੁਣ ਘਟ ਰਹੇ ਹਨ, ਜੋ ਕੇਵਲ ਘਰੋਗੀ ਆਚਰਣ ਤੋਂ ਹੀ ਉਪਜਦੇ ਹਨ। ਇਸਤਰੀ ਤੇ ਬੱਚਿਆਂ ਵਿਚ ਕੇਵਲ ਇਤਨੀ ਦਿਲਚਸਪੀ ਦਸੀ ਜਾਂਦੀ ਹੈ ਜਿਤਨੀ ਕਿ ਉਨ੍ਹਾਂ ਨੂੰ ਘਰ ਤੋਂ ਬਾਹਰ ਲੋਕਾਂ ਦੇ ਸਾਹਮਣੇ ਸ਼ੂਕੇ ਬਾਂਕੇ ਬਣ ਕੇ ਦਿਖਾਣ ਜੋਗਾ ਬਣਾ ਦੇਵੇ। ਇਹ ਬਹੁਤ ਘਟ ਦੇਖਿਆ ਜਾਂਦਾ ਹੈ ਕਿ ਘਰ ਦਾ ਮਾਲਕ ਆਪਣੇ ਘਰ ਦੇ ਬੰਦਿਆਂ ਲਈ ਕੋਈ ਦਿਮਾਗੀ, ਸਦਾਚਾਰਕ ਜਾਂ ਆਤਮਕ ਉਨਤੀ ਵਾਲੇ ਸਾਧਨ ਇਕੱਠਾ ਕਰਦਾ ਹੋਵੇ ਜਾਂ ਖੇਡਾਂ, ਪੁਸਤਕਾਂ, ਸਵਾਦੀ ਤਮਾਸ਼ੇ ਜਾਂ ਧਾਰਮਕ ਸਿਖਿਆ ਦੇ ਸਮਿਆਨ ਵਧਾਣ ਦਾ ਜਤਨ ਕਰਦਾ ਹੋਵੇ।

ਮੁੰਡਿਆਂ ਅਤੇ ਵਿਦਿਆਰਥੀਆਂ ਬਾਬਤ ਭੀ ਸ਼ਕਾਇਤ ਕੀਤੀ ਜਾਂਦੀ ਹੈ ਕਿ ਉਹ ਸਮਾਜਕ ਵਰਤੋਂ ਵਿਚ ਕੋਰੇ ਜਹੇ ਗ਼ੈਰ-ਜ਼ਿੰਮੇਵਾਰ ਅਤੇ ਕਈ ਵੇਰ ਸਦਾਚਾਰ ਦੀਆਂ ਹੱਦਾਂ ਟੱਪ ਜਾਣ ਵਾਲੇ ਹੋ ਜਾਂਦੇ ਹਨ। ਇਸ ਦਾ ਕਾਰਣ ਭੀ ਘਰਾਂ ਨੂੰ ਛਡ ਕੇ ਬੋਰਡਿੰਗਾਂ ਦੀ ਰਹਿਣੀ-ਬਹਿਣੀ ਹੈ। ਜਿਹੜਾ ਮੁੰਡਾ ਬਚਪਨ ਤੋਂ ਲੈ ਕੇ ਉਮਰ ਦਾ ਚੋਖਾ ਹਿਸਾ ਮਾਂ, ਭੈਣ, ਭਰਾ ਤੇ ਗੁਆਂਢੀਆਂ ਤੋਂ ਵਖਰਾ ਰਹਿ ਕੇ ਬੋਰਡਿੰਗ ਵਿਚ ਕਟਦਾ ਹੈ, ਉਸ ਵਿਚ ਘਰੋਗੀ ਗੁਣ (ਲੱਜਾ, ਹਮਦਰਦੀ, ਬਰਾਦਰੀ ਦਾ ਸਨਮਾਨ ਆਦਿ) ਨਹੀਂ ਪੈਦਾ ਹੁੰਦੇ। ਚਾਚੀ ਮਰ ਜਾਏ, ਤਾਂ ਮੁੰਡੇ ਨੂੰ ਆਪਣੇ ਚਾਚੇ ਪਾਸ ਜਾ ਕੇ ਪਰਚਾਉਣੀ ਕਰਨ ਦੀ ਜਾਚ ਨਹੀਂ ਆਉਂਦੀ। ਮਾਂ ਨੂੰ ਨਾਲ ਜਾ ਕੇ ਕਹਿਣਾ ਪੈਂਦਾ ਹੈ, “ਕਾਕਾ ਚਾਚੀ ਲਈ ਅਫ਼ਸੋਸ ਕਰਨ ਆਇਆ ਹੈ।"ਇਹੋ ਜਿਹਾ ਰਿਸ਼ਤੇ ਸੰਬੰਧਾਂ ਤੋਂ ਕੋਰਾ ਅਤੇ ਘਰੋਗੀ ਪਿਆਰਾਂ ਤੋਂ ਭੁਖਾ ਰਖਿਆ ਹੋਇਆ ਮੁੰਡਾ ਜਦ ਸਾਲ ਮਗਰੋਂ ਆਪਣੇ ਪਿੰਡ ਜਾਂਦਾ ਹੈ ਤਾਂ ਕੁੜੀਆਂ ਨੂੰ ਵੇਖ ਕੇ ਆਪਣੀਆਂ ਅਖਾਂ ਜਾਂ ਦਿਲ ਨੂੰ ਸੰਭਾਲ ਨਹੀਂ ਸਕਦਾ, ਅਤੇ ਕਈ ਤਰ੍ਹਾਂ ਦੇ ਖਰੂਦ ਮਚਾਂਦਾ ਹੈ।

ਅਸਲੀ ਧਾਰਮਕ ਜੀਵਨ ਦੀ ਨੀਂਹ ਘਰ ਦੀ ਰਹਿਣੀ-ਬਹਿਣੀ ਵਿਚ ਰਖੀ ਜਾ ਸਕਦੀ ਹੈ। ਪਰ ਲੋਕਾਂ ਦੀ ਰੁਚੀ ਘਰਾਂ ਵਲ ਘਟ ਹੋਣ ਕਰਕੇ ਧਾਰਮਕ ਰਹਿਣੀ ਭੀ ਇਕ ਲੋਕਾਚਾਰ ਬਣ ਗਈ ਹੈ। ਧਰਮ ਘਰਾਂ ਵਿਚੋਂ ਨਿਕਲ ਕੇ ਬਜ਼ਾਰਾਂ ਵਿਚ ਆ ਗਿਆ ਹੈ। ਲੋਕੀ ਧਰਮ ਦੀ ਕਮਾਈ ਬਸ ਇਸੇ ਨੂੰ ਸਮਝੀ ਬੈਠੇ ਹਨ ਕਿ ਦਿਨ-ਦਿਹਾਰ ਨੂੰ ਕਿਸੇ ਦੀਵਾਨ ਵਿਚ ਹਾਜ਼ਰ ਹੋ ਕੇ ਪਾਠ ਲੈਕਚਰ ਜਾਂ ਅਰਦਾਸ ਨੂੰ ਸੁਣ ਛਡਣਾ। ਘਰ ਵਿਚ ਇਸਤਰੀ ਬਚਿਆਂ ਨਾਲ ਰਲ ਕੇ ਪਾਠ ਕਰਨਾ ਜਾਂ ਅਰਦਾਸ ਕਰਨੀ ਬਹੁਤ ਘਟ ਦੇਖੀ ਜਾਂਦੀ ਹੈ। ਪਰ ਅਸਲ ਵਿਚ ਧਾਰਮਕ ਰੁਚੀ ਕੇਵਲ ਉਸੇ ਆਦਮੀ ਦੇ ਅੰਦਰ ਪੈਦਾ ਹੋ ਸਕਦੀ ਹੈ ਜੋ ਘਰ ਵਾਲਿਆਂ ਨਾਲ ਰਲ ਕੇ ਕੋਈ ਧਾਰਮਕ ਸੰਸਕਾਰ ਕਰਦਾ ਜਾਂ ਆਪਣੇ ਰੱਬ ਨੂੰ ਯਾਦ ਕਰਦਾ ਹੈ।

ਜਿਹੜੇ ਲੋਕੀਂ ਘਰੋਗੀ ਜੀਵਣ ਛਡ ਕੇ ਸਾਧ ਸੰਤ ਬਣ ਕੇ ਧਰਮ ਕਮਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਕੰਮ ਉਤਨਾ ਹੀ ਔਖਾ ਹੈ ਜਿਤਨਾ ਕਿ ਉਸ ਕਿਸਾਨ ਲਈ ਜੋ ਜ਼ਿਮੀਂ ਨੂੰ ਛਡ ਕੇ ਹਵਾ ਵਿਚ ਬੀ ਬੀਜਣਾ ਚਾਹੇ। ਵਡੇ ਵਡੇ ਮਹਾਂ ਪੁਰਖ ਅਖਵਾਣ ਵਾਲੇ ਜੋ ਗ੍ਰਿਹਸਤ ਤੋਂ ਕੰਨੀ ਕਤਰਾਂਦੇ ਸਨ, ਧਾਰਮਕ ਜਾਂ ਇਖ਼ਲਾਕੀ ਔਕੜ ਪੈਣ ਤੇ ਝਟ ਡਿਗ ਜਾਂਦੇ ਸਨ, (ਕਿਸੇ ਦਾ ਨਾਂ ਕੀ ਲੈਣਾ ਹੋਇਆ?)। ਤੁਸੀਂ ਕਈਆਂ ਦੀਆਂ ਸਾਖੀਆਂ ਪੜ੍ਹਦੇ ਹੋਵੋਗੇ ਕਿ ਓਹ ਸਾਰੀ ਉਮਰ ਜਤੀ ਰਹੇ, ਪਰ ਜਦ ਕਿਸੇ ਦਰਿਆ ਦੇ ਕੰਢੇ ਇਸਤ੍ਰੀਆਂ ਨ੍ਹਾਉਂਦੀਆਂ ਦੇਖੀਆਂ ਤਾਂ ਆਪਣੇ ਆਪ ਉਤੇ ਕਾਬੂ ਨਾ ਰਖ ਸਕੇ। ਕਈ ਤਾਂ ਇਸੇ ਡਰ ਤੋਂ ਕਿ ਕਿਧਰੇ ਮਾਇਆ ਵਿਚ ਵਸ ਨਾ ਜਾਵੀਏ, ਜੰਮਦਿਆਂ ਹੀ ਕਰਮੰਡਲ ਚੁਕ ਕੇ ਬਨਬਾਸ ਕਰਨ ਚਲੇ ਜਾਂਦੇ ਸਨ। ਅੰਤ ਇਹੋ ਜਹਿਆਂ ਨੂੰ ਭੀ ਠੀਕ ਰਸਤਾ ਲਭਦਾ ਸੀ ਤਾਂ ਗ੍ਰਿਸਤੀ ਰਾਜੇ ਜਨਕ ਵਰਗਿਆਂ ਤੋਂ। ਇਸੇ ਲਈ ਸਿਖ ਗੁਰੂਆਂ ਨੇ ਘਰੋਗੀ ਜੀਵਣ ਉਤੇ ਜ਼ੋਰ ਦਿਤਾ, ਕਿਉਂਕਿ ਸਦਾਚਾਰ ਬਣਦਾ ਹੀ ਘਰੋਗੀ ਜੀਵਣ ਤੋਂ ਹੈ। ਧੀਆਂ ਪੁਤਰ ਇਸਤਰੀ ਮਾਤਾ ਪਿਤਾ ਇਹ ਮਾਇਆ ਦੇ ਸੰਬੰਧ ਨਹੀਂ, ਸਗੋਂ ਹਰੀ ਨੇ ਆਪ ਸਾਡੇ ਆਚਰਣ ਢਾਲਣ ਲਈ ਪਵਿੱਤਰ ਸਾਂਚੇ ਬਣਾਏ ਹਨ:
"ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ।
ਸਭਨਾ ਕਉ ਸਨਬੰਧੁ ਹਰਿ ਕਰਿ ਦੀਏ।'(ਗੂਜਰੀ ਮ: ੪)

ਜਿਸ ਨੇ ਕਿਸੇ ਵਿਹਾਰ ਵਿਚ ਪੈ ਕੇ ਨਿਤ ਨਿਤ ਬਦ-ਦਿਆਨਤੀ ਦਾ ਟਾਕਰਾ ਨਹੀਂ ਕੀਤਾ, ਉਸ ਨੇ ਦਿਆਨਤਦਾਰੀ ਦੇ ਗੁਣ ਨੂੰ ਕਿਵੇਂ ਸਿਖਣਾ ਹੋਇਆ? ਇਸੇ ਤਰ੍ਹਾਂ ਜਿਸ ਨੇ ਪਿਤਾ, ਮਾਤਾ, ਭਰਾ, ਭੈਣ, ਪੁਤਰ, ਧੀ ਬਣ ਕੇ ਇਨ੍ਹਾਂ ਔਕੜਾਂ ਦਾ ਮੁਕਾਬਲਾ ਨਹੀਂ ਕੀਤਾ, ਉਸ ਨੂੰ ਇਨ੍ਹਾਂ ਸੰਬੰਧਾਂ ਵਿਚੋਂ ਪੈਦਾ ਹੋਏ ਗੁਣ, ਪਿਤਾ-ਪੁਣਾ, ਪੁਤਰ-ਪੁਣਾ ਆਦਿ ਕਿਵੇਂ ਆ ਸਕਦੇ ਹਨ? ਪਿਆਰ, ਹਮਦਰਦੀ, ਕੁਰਬਾਨੀ, ਸੇਵਾ ਆਦਿ ਗੁਣ ਕਦੀ ਭੀ ਨਹੀਂ ਸਿਖੇ ਜਾ ਸਕਦੇ ਜਦ ਤਕ ਕਿ ਮਨੁਖ ਘਰ ਦੇ ਸੰਬੰਧੀਆਂ ਨਾਲ ਪਿਆਰ, ਉਨ੍ਹਾਂ ਦੀ ਸੰਭਾਲ ਲਈ ਉੱਦਮ ਤੇ ਲਿਆਕਤ ਨਾ ਪੈਦਾ ਕਰੇ।

ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ ਦਾ ਪਿਆਰ ਪੈਦਾ ਹੁੰਦਾ ਹੈ। ਕੇਵਲ ਓਹੀ ਲੋਕ ਆਪਣੇ ਮੁਲਕ ਉੱਤੇ ਹਮਲੇ ਜਾਂ ਅਤਿਆਚਾਰ ਹੁੰਦੇ ਨਹੀਂ ਸਹਾਰ ਸਕਦੇ ਜਿਨ੍ਹਾਂ ਦੇ ਘਰਾਂ ਨੂੰ, ਟਬਰਾਂ ਨੂੰ, ਵਹੁਟੀ ਤੇ ਬੱਚਿਆਂ ਨੂੰ ਨੁਕਸਾਨ ਹੋਣ ਦਾ ਖ਼ਤਰਾ ਹੁੰਦਾ ਹੈ। ਮੈਨੂੰ ਹਿੰਦੁਸਤਾਨ ਉਤਨਾ ਹੀ ਪਿਆਰਾ ਹੈ ਜਿਤਨਾ ਕਿ ਮੈਨੂੰ ਆਪਣੇ ਅਡਿਆਲੇ ਪਿੰਡ ਦਾ ਕੱਚਾ ਕੋਠਾ ਅਤੇ ਉਸ ਵਿਚ ਵਸਦੇ ਬੰਦੇ ਪਿਆਰੇ ਹਨ। ਮੈਨੂੰ ਯਾਦ ਹੈ, ਜਦ ਮੈਂ ਰਾਵਲ ਪਿੰਡੀ ਪੜ੍ਹਦਾ ਹੁੰਦਾ ਸਾਂ ਤਾਂ ਹਰ ਹਫ਼ਤੇ ਐਤਵਾਰ ਕਟਣ ਨੂੰ ਆਪਣੇ ਪਿੰਡ ਜਾਂਦਾ ਹੁੰਦਾ ਸਾਂ। ਜਦ ਮੈਂ 'ਚੀਰ ਪੜਾਂ' ਤੋਂ ਲੰਘ ਕੇ 'ਤ੍ਰਪਿਆਂ' ਕੋਲ ਪੁਜਦਾ ਸਾਂ, ਜਿਥੋਂ ਇਕ ਟਿੱਬੇ ਦੇ ਓਹਲੇ ਮੇਰਾ ਪਿੰਡ ਵਸਦਾ ਦਿਸਦਾ ਸੀ, ਤਾਂ ਪਿੰਡ ਦੀ ਪਿਆਰੀ ਝਾਕੀ ਅੱਖਾਂ ਦੇ ਸਾਹਮਣੇ ਆਉਣ ਤੋਂ ਪਹਿਲਾਂ ਮੈਂ ਉਸ ਟਿੱਬੇ ਕੋਲ ਠਹਿਰ ਜਾਂਦਾ ਸੀ ਅਤੇ ਦਿਲ ਨੂੰ ਚੰਗੀ ਤਰ੍ਹਾਂ ਤਿਆਰ ਕਰ ਕੇ ਪਿੰਡ ਵਲ ਝਾਕਣ ਦਾ ਹੀਆ ਕਰਦਾ ਸਾਂ। ਮੁੜਦੀ ਵੇਰ ਭੀ ਪਿੰਡ ਨੂੰ ਅੱਖਾਂ ਤੋਂ ਓਹਲੇ ਹੋਣ ਤੋਂ ਪਹਿਲਾਂ ਮੁੜ ਮੁੜ ਦੇਖਦਾ ਸਾਂ। ਕਈ ਵੇਰੀ ਉਸ ਦੇ ਓਹਲੇ ਹੋ ਜਾਣ ਦੇ ਮਗਰੋਂ ਕੁਝ ਕਦਮ ਪਿੱਛੇ ਪਰਤ ਕੇ ਮੁੜ ਪਿੰਡ ਨੂੰ ਦੇਖਣ ਜਾਂਦਾ ਸਾਂ। ਪਿੰਡ ਕਿੱਡਾ ਪਿਆਰਾ ਹੈ! ਅਤੇ ਉਸ ਵਿਚ ਵਸਦੇ ਮੇਰੇ ਸੰਬੰਧੀ ਹੋਰ ਭੀ ਪਿਆਰੇ ਹਨ।

  • ਮੁੱਖ ਪੰਨਾ : ਪ੍ਰਿੰਸੀਪਲ ਤੇਜਾ ਸਿੰਘ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ