Gurjant Takipur
ਗੁਰਜੰਟ ਤਕੀਪੁਰ
 Punjabi Kavita
Punjabi Kavita
  

ਗੁਰਜੰਟ ਤਕੀਪੁਰ

ਗੁਰਜੰਟ ਤਕੀਪੁਰ (੬ ਅਪ੍ਰੈਲ ੧੯੯੨-) ਦਾ ਜਨਮ ਸ: ਗੁਰਬਾਜ ਸਿੰਘ ਦੇ ਘਰ ਮਾਤਾ ਗੁਰਮੀਤ ਕੌਰ ਦੀ ਕੁੱਖੋਂ ਪਿੰਡ ਤਕੀਪੁਰ (ਜਿਲ੍ਹਾ ਸੰਗਰੂਰ) ਵਿਖੇ ਹੋਇਆ। ਉਨ੍ਹਾਂ ਦੀ ਵਿੱਦਿਅਕ ਯੋਗਤਾ ਐੱਮ ਏ ਪੰਜਾਬੀ ਹੈ ਤੇ ਅੱਗੇ ਵੀ ਜਾਰੀ ਹੈ। ਉਨ੍ਹਾਂ ਨੂੰ ਪੰਜਾਬੀ ਸਾਹਿਤ ਪੜ੍ਹਨ ਤੇ ਲਿਖਣ ਦਾ ਸ਼ੌਕ ਹੈ।

Punjabi Poetry Gurjant Takipur

ਗੁਰਜੰਟ ਤਕੀਪੁਰ ਪੰਜਾਬੀ ਕਵਿਤਾ

1. ਮੇਰੇ ਸਮੇਂ ਦਾ ਪੰਜਾਬ

ਏਦਾਂ ਦਾ ਨੀ ਸੋਚਿਆ ਸੀ ਗੁਰਾਂ ਮੇਰਿਆਂ ਪੰਜਾਬ,
ਕਿ ਰੁਲੇ ਗਲੀ-ਗਲੀ ਇੱਕ ਦਿਨ ਪੰਥ ਦੀ ਕਿਤਾਬ।

ਜੀਹਨੇ ਕਰਕੇ ਸੀ ਕਿਰਤ ਫਿਰ ਪਿੱਛੋਂ ਵੰਡ ਛਕਣਾ,
ਉਹ ਖੁਦਕੁਸ਼ੀ ਵੱਟਾਂ ਉੱਤੇ ਕਰੀ ਜਾਂਦਾ ਬੇਹਿਸਾਬ।

ਇੱਕ ਇੱਕ ਪਿੰਡ ਇਹਨਾ ਕਈ ਧੜਿਆਂ 'ਚ ਵੰਡ 'ਤਾ,
ਨਿੱਤ ਖੇਡਦੇ ਨੇ ਚਾਲਾਂ ਵੇਖੋ ਰਾਜਨੀਤੀ ਦੇ ਜਨਾਬ।

ਸਰੀਰ ਹੀ ਨੇ ਚੱਲੀ ਜਾਂਦੇ ਮਰੇ ਚਿਰਾਂ ਤੋਂ ਜ਼ਮੀਰ ਸਾਡੇ,
ਘਰੋਂ ਮਿਲੇ ਨਾ ਕਿਤਾਬ ਕੋਈ ਪਰ ਮਿਲੇ ਮੇਜ਼ ਤੇ ਸ਼ਰਾਬ।

ਵਿਰਲਾ ਹੀ ਲੱਭੇ ਅੱਜ ਸੱਚਾ ਸੁੱਚਾ ਕੋਈ ਫ਼ਕੀਰ ਇੱਥੇ,
ਵੇਖ ਬਣੀ ਜਾਂਦੇ ਹੀਰੋ ਹੁਣ ਸਾਡੀ ਜਨਤਾ ਦੇ ਸਾਧ।

ਛੱਡ ਦਿਓ ਫੁੱਲ ਕੁਝ ਜੋ ਰੱਖਾਂ ਗੁਰਾਂ ਦੇ ਮੈਂ ਚਰਨੀ,
ਸਮੇਟ ਲਏ ਇਸ਼ਕ ਨੇ ਆਪਣੇ 'ਚ ਸਾਰੇ ਹੀ ਗੁਲਾਬ।

ਰੱਖ ਗੁਰਾਂ ਤੇ ਯਕੀਨ ਬਸ ਇੱਕ ਦਿਨ ਪੂਰੇ ਹੋਣਗੇ,
ਅੱਖਾਂ ਤੇਰੀਆਂ 'ਚ 'ਤਕੀਪੁਰ' ਜਿਹੜੇ ਚੱਲਦੇ ਖ਼ੁਆਬ।

2. ਪੰਜਾਬ

ਸੋਚ 'ਤੇ ਸਮਝ ਵਾਲੀ ਅਸੀਂ ਪਾੜ ਸੁੱਟੀ ਹੈ ਕਿਤਾਬ,
ਵਿੱਚ ਡੇਰਿਆਂ ਦੇ ਜਾ ਕੇ ਵੇਖੋ ਬਹਿ ਗਿਆ ਪੰਜਾਬ ।

ਉਹੀ ਹਵਾ, ਪਾਣੀ 'ਤੇ ਸਾਰੀ ਵੇਖੋ ਉਹੀ ਹੈ ਜ਼ਮੀਨ,
ਪਰ ਖ਼ੁਸ਼ਬੋ ਤੋਂ ਹੈ ਸੱਖਣਾ ਅੱਜ ਖਿੜਿਆ ਗੁਲਾਬ ।

ਪਹਿਲਾਂ ਵੰਡਿਆ ਪੰਜਾਬ ਫਿਰ ਮੈਨੂੰ ਵੰਡ ਛੱਡਿਆ,
ਪਿਆਓ ਦੋ ਘੁੱਟ ਪਾਣੀ ਹੁਣ ਪਿਆਸਾ ਹੈ ਝਨਾਬ ।

ਆਪੇ ਪਉਗੀ ਕਦਰ ਵੇਖੀਂ ਨਸ਼ੀਲੇ ਤੇਰੇ ਨੈਣਾਂ ਦੀ,
ਬੰਦ ਠੇਕਿਆਂ ਤੇ ਹੋ ਗਈ ਜਦੋਂ ਮਿਲਣੀ ਸ਼ਰਾਬ ।

ਨਾ ਏ ਤੋੜਿਆਂ ਸੀ ਟੁੱਟਦਾ ਕਦੇ ਕਿਸੇ ਵੈਰੀ ਤੋਂ,
ਸਾਡੇ ਹੌਂਸਲੇ ਨੂੰ ਆ ਗਈ ਦੱਸੋ ਅੱਜ ਕਾ'ਤੋਂ ਦਾਬ ।

ਮਾਂ ਬੋਲੀ ਪਿੱਛੇ ਨਾਅਰੇ ਤਾਂ ਸਾਰੇ ਅਸੀਂ ਮਾਰਦੇ,
ਦੱਸੋ ਬੋਤੇ ਉੱਤੋਂ ਊਠ ਦਾ ਕਿਹੜਾ ਲਾਹੂਗਾ ਨਕਾਬ ।

ਜਿਹੜੇ ਭਗਤ, ਸਰਾਭੇ ਸਾਡੇ ਦਿਲਾਂ ਵਿੱਚ ਲਾਏ ਸੀ,
"ਤਕੀਪੁਰ" ਹੁਣ ਆਖੇ ਉਹ ਕਿਉਂ ਸੁੱਕ ਗਏ ਨੇ ਖ਼ਾਬ ।

3. ਮਾਂ ਬੋਲੀ

ਸਕੂਲਾਂ ਵਿੱਚ ਬੇਗਾਨੀ
'ਤੇ ਘਰਾਂ ਵਿੱਚ ਗੁਆਂਢਣ
ਭਾਸ਼ਾ ਬੋਲੀ ਜਾਂਦੀ ਏ,
ਇਹ ਕਿਧਰੇ ਸੰਕੇਤ ਤਾਂ ਨਹੀਂ
ਮਾਂ ਬੋਲੀ ਪੰਜਾਬੀ ਦੇ
ਬਿਰਧ ਆਸ਼ਰਮ ਜਾਣ ਦੇ।

4. ਸੁੱਕੇ ਪੱਤੇ

ਬੇਸ਼ੱਕ ਇੱਕ
ਤੇਜ਼ ਤਰਾਰ ਹਵਾ ਦਾ ਬੁੱਲਾ
ਸਾਨੂੰ ਆਪਣੀ ਹੋਂਦ ਤੋਂ
ਬੜੀ ਦੂਰ ਸੁੱਟ ਦੇਵੇਗਾ
ਪਰ ਅਸੀਂ
ਇੰਨੇ ਵੀ ਬੇਗਾਨੇ ਨਹੀਂ ਹੁੰਦੇ;
ਕਿਸੇ ਅਜਨਬੀ ਦੇ
ਠਰ ਰਹੇ ਹੱਥਾਂ ਨੂੰ
ਗਰਮਾਹਟ ਤਾਂ
ਦੇ ਹੀ ਸਕਦੇ ਹਾਂ।

5. ਜਵਾਨੀ

ਨਾ ਸੋਚੋ
ਇੱਕ ਦਿਨ ਇਹ ਜਵਾਨੀ
ਇੱਕਠੀ ਹੋਵੇਗੀ
ਤੇ ਆਪਣੇ ਹੱਕਾਂ ਲਈ ਲੜੇਗੀ
ਇੱਥੇ ਤਾਂ ਜਵਾਨੀ ਬਸ,
ਰੈਲੀਆਂ ਲਈ ਵਰਤੀ ਜਾਂਦੀ ਏ।

6. ਅਵਾਰਾਗਰਦੀ

ਮੈਂ ਆਸ਼ਕੀ ਜਾਂ ਬਦਮਾਸ਼ੀ ਦੀ ਸੋਚ ਲੈ ਕੇ
ਗਲੀਆਂ ਨਹੀਂ ਕੱਛਦਾ
ਮੈਂ ਤਾਂ ਕਵਿਤਾਵਾਂ ਦੀ ਭਾਲ ਵਿੱਚ
ਗਲੀਆਂ 'ਚ ਫਿਰਦਾ ਹਾਂ,
ਪਤਾ ਨਹੀਂ ਕਿਹੜੇ ਮੋੜ 'ਤੇ
ਕੋਈ ਕਵਿਤਾ ਮੇਰੀ
ਉਡੀਕ ਕਰ ਰਹੀ ਹੋਵੇ
'ਤੇ ਮੈਂਨੂੰ ਕਹਿ ਰਹੀ ਹੋਵੇ
ਤੂੰ ਹੁਣ ਆ ਰਿਹਾ ਹੈਂ
ਏਨੇ ਦਿਨ ਕਿੱਥੇ ਸੀ
ਮੈਂ ਜ਼ੁਬਾਨ ਤੋਂ ਚੁੱਪ
'ਤੇ ਸਿਰ ਨੀਵਾਂ ਕਰ ਲੈਂਦਾ ਹਾਂ
'ਤੇ ਆਖਦਾ ਹਾਂ
ਸ਼ਾਇਦ ਕਈ ਦਿਨਾਂ ਤੋਂ
ਸ਼ਹਿਰ ਵਿੱਚ ਕਰਫਿਊ ਲੱਗ ਰਿਹਾ ਸੀ।

7. ਖ਼ੁਦਕੁਸ਼ੀ ਦਾ ਜਨਮ

ਕਿੱਥੇ ਹੋਇਆ ਸੀ
ਇਸ ਖ਼ੁਦਕੁਸ਼ੀ ਦਾ ਜਨਮ
'ਤੇ ਕੀ ਹੈ ਇਹਦੀ ਜਨਮ ਤਰੀਕ
ਕਿਸ ਦੀ ਦੇਖ-ਰੇਖ ਹੇਠ
ਪਲਿਆ ਹੈ ਇਸਦਾ ਬਚਪਨ
'ਤੇ ਕਿਸਦੀ ਉਂਗਲ ਫੜ
ਘੁੰਮੇ ਇਹਨੇ
ਸ਼ਹਿਰਾਂ ਦੇ ਸ਼ਹਿਰ
ਤੇ ਪਿੰਡਾਂ ਦੇ ਪਿੰਡ।
ਹੁਣ ਲੱਗਦੈ ਹੈ ਜਿਵੇਂ
ਜਵਾਨੀ ਇਸਦੀ
ਪੰਜਾਬ ਦੇ ਪਿੰਡਾਂ ਵਿੱਚ ਬੀਤ ਰਹੀ ਹੈ
ਤਾਂ ਹੀ ਤਾਂ
ਛੱਡਿਆ ਨਹੀਂ ਇਹਨੇ
ਕਿਸੇ ਵੀ ਘਰ ਦਾ ਇੱਕ
ਕਰਜ਼ਈ ਹੋਇਆ ਬਾਪ
ਜਦੋਂ ਕਿਤੇ ਕੱਲਾ ਬੈਠਾ
ਸੋਚੀਂ ਪੈਂਦਾ ਕਿਸੇ ਧੀ ਦਾ ਬਾਬਲ
ਇਹ ਖ਼ੁਦਕੁਸ਼ੀ ਲੈ ਜਾਂਦੀ ਉਹਨੂੰ
ਉਹਦੀ ਬਾਂਹ ਫੜ ਕੇ
ਕਿਸੇ ਕੋਨੇ ਪਈ ਮੋਨੋ ਦੀ ਸ਼ੀਸ਼ੀ ਕੋਲ
ਜਾਂ ਖੇਤ ਮੋਟਰ 'ਤੇ ਲੱਗੀ ਟਾਹਲੀ ਕੋਲ
ਉਸ ਤੜਫਦੇ ਜਿਸਮ ਨੂੰ ਵੇਖ ਕੇ
ਬੜਾ ਖਿੜ-ਖਿੜਾ ਕੇ ਹੱਸਦੀ
ਇਹ ਖ਼ੁਦਕੁਸ਼ੀ,
ਮੈਂ ਹੁਣ ਚੁੱਪ ਹਾਂ
'ਤੇ ਸੋਚ ਰਿਹਾਂ
ਕਿ ਕਿੰਨੀ ਕੁ ਉਮਰ ਹੋਵੇਗੀ
ਇਸ ਖ਼ੁਦਕੁਸ਼ੀ ਦੀ
ਕਿਤੇ ਇਹ ਅਮਰ ਤਾਂ ਨਹੀਂ।

8. ਦੁੱਖ ਭੰਜਨੀ ਬੇਰੀ

ਬੜੀ ਕਰਮਾ ਵਾਲੀ ਏ ਤੂੰ
ਜੋ ਤੇਰਾ ਜਨਮ
ਗੁਰੂ ਦੇ ਸਿਫਤੀ ਘਰ ਵਿੱਚ
ਹੋਇਆ ਏ
ਹਰ ਰੋਜ ਤੇਰੀ ਸਵੇਰ ਤੇ ਸ਼ਾਮ
ਗੁਰੂ ਦੀ ਬਾਣੀ ਸੁਣਦਿਆਂ ਲੰਘਦੀ ਏ
ਤੇਰੇ ਥੱਲੇ ਕੀਤਾ ਇਸ਼ਨਾਨ
ਸੁੱਖਾਂ ਦੀ ਪ੍ਰਾਪਤੀ ਕਰਾਉਂਦਾ ਏ
ਤੈਨੂੰ ਲੱਗਿਆ ਫਲ ਵੀ
ਬਾਣੀ ਜਿੰਨਾਂ ਮਿੱਠਾ
'ਤੇ ਆਨੰਦ ਭਰਭੂਰ ਏ
ਦੂਰੋਂ ਨੇੜਿਉਂ ਆਈ ਸੰਗਤ ਲਈ
ਤੇਰੀ ਛਾਂ
ਗੁਰੂ ਦਾ ਮਿਹਰ ਭਰਿਆ ਹੱਥ ਹੈ
ਦੁੱਖ ਭੰਜਨੀ ਬੇਰੀ
ਤੂੰ ਬੜੀ ਕਰਮਾ ਵਾਲੀ ਏ।

9. ਖੇਤ

ਹੋਈ ਜਾਂਦੇ ਸੁੰਨੇ ਹੁਣ ਵੇਖੋ ਪਿੰਡਾਂ ਵਾਲੇ ਖੇਤ ਬਈ,
ਜ਼ਿੰਦਗੀ ਹੱਥੋਂ ਜਾਵੇ ਕਿਰਦੀ ਬਣ ਮੁੱਠੀ ਵਾਲੀ ਰੇਤ ਬਈ।
ਵਿੱਚੇ ਰਹਿ ਗਈ ਬੈਂਕ ਦੀ ਕਿਸ਼ਤ ਤੀਜੀ ਤਾਰਨੀ,
ਧਮਕੀਆਂ ਭਰੇ ਗੇੜੇ ਉੱਤੋਂ ਮਾਰੀ ਜਾਂਦਾ ਸੇਠ ਬਈ।
ਸੋਚਦਿਆਂ ਲੰਘ ਜਾਂਦੀ ਸਾਰੀ ਸਾਰੀ ਰਾਤ ਹੁਣ,
ਪੈਰੋਂ ਉੱਤੇ ਹੋਵੇ ਨਾ ਹੁਣ ਮੰਜੇ ਵਾਲਾ ਖੇਸ ਬਈ।
ਮਿੱਟੀ ਨਾਲ ਘੁਲਦਿਆਂ ਹੋ ਗਏ ਹਾਂ ਮਿੱਟੀ ਅਸੀਂ,
ਸ਼ਾਹੂਕਾਰ ਆਖੇ ਮਿੱਟੀ ਸਾਰੀ ਪਾਉ ਮੇਰੇ ਪੇਟ ਬਈ।
ਆਏ ਦਿਨ ਜਿੱਥੇਂ ਦਾ ਹੁਣ ਜੱਟ ਪਿਆ ਮਰਦਾ,
ਮੈਂ ਸੁਣਿਆ ਹੈ ਨਾਮ ਉਹਦਾ ਪੰਜਾਬ ਪ੍ਰਦੇਸ਼ ਬਈ।
ਵੱਟਾਂ ਉੱਤੇ ਤੁਰਦੀਆਂ ਹੁਣ ਪਈਆਂ ਖ਼ੁਦਕੁਸ਼ੀਆਂ,
ਸ਼ੀਸ਼ੀ ਸਪਰੇਅ ਦੀ ਕੋਈ ਲੱਭੇ ਨਵਾਂ ਭੇਸ ਬਈ।
ਅੱਜ ਇੰਝ ਕਿਉਂ ਹੈ ਮਰਦਾ ਅੰਨਦਾਤਾ ਦੇਸ਼ ਦਾ,
ਸੁਣੋ ਕੋਈ ਪੁਕਾਰ ਇਹਦੀ ਕਿਉਂ ਬੈਠੇ ਮੂੰਹ ਲਪੇਟ ਬਈ।

10. ਉਮਰੋਂ ਵੱਧ ਸਿਆਣਾ ਕਰ 'ਤਾ ਔਖੇ ਆਏ ਰਾਹਾਂ ਨੇ

ਉਮਰੋਂ ਵੱਧ ਸਿਆਣਾ ਕਰ 'ਤਾ ਔਖੇ ਆਏ ਰਾਹਾਂ ਨੇ,
ਸੱਚ ਝੂਠ ਦਾ ਕੀਤਾ ਨਿਤਾਰਾ ਵੱਡਿਆਂ ਦੀਆਂ ਸਲਾਹਾਂ ਨੇ।

ਲੁਕਦਾ ਰਿਹਾ ਜਿਸ ਤੋਂ ਸੱਜਣਾ ਮੈਂ ਉਮਰ ਹੀ ਸਾਰੀ,
ਲਿਆ ਉਸੇ ਅੱਗੇ ਖੜਾ ਹੈ ਕੀਤਾ ਮੈਨੂੰ ਮੇਰੇ ਗੁਨਾਹਾਂ ਨੇ।

ਅਵਾਜ ਦਿਲਾਂ ਦੀ ਪਹੁੰਚੀ ਹੈ ਕੋਈ ਉਡੀਕੇ ਪਰਲੇ ਪੱਤਣ,
ਪਰ ਦੇ ਮਿੱਠਾ ਜ਼ਹਿਰ ਡੋਬਿਆ ਆਪਣੇ ਕੁਝ ਮਲਾਹਾਂ ਨੇ।

ਮਨ ਤੋਂ ਮੁੱਕਿਆ, ਰੂਹ ਤੋਂ ਮੁੱਕਿਆ ਮੁੱਕਿਆ ਕੁੱਲ ਜਹਾਨੋਂ,
ਹੈ ਜਿਉਂਦੇ ਦੀ ਸੋਚਦੀ ਦਰਸਾਈ ਮੈਨੂੰ ਮੇਰੇ ਸਾਹਾਂ ਨੇ।

ਕੋਈ ਹੈ ਖਿੜਦਾ ਕੋਈ ਹੈ ਸੜਦਾ ਕੋਈ ਪਿਆ ਹੈ ਤਪਦਾ,
ਕਿਸੇ ਨੂੰ ਜ਼ਿੰਦਗੀ ਵੀ ਤਾਂ ਦਿੱਤੀ ਹੈ ਰੁੱਖਾਂ ਦੀਆਂ ਛਾਵਾਂ ਨੇ।

ਮੰਨਿਆ ਕਿ ਸਭ ਰਿਸ਼ਤੇ ਹੀ ਹੋ ਗਏ ਨੇ ਅੱਜ ਪੈਸੇ ਦੇ,
ਪਰ ਗਲਵਕੜੀ ਵੀ ਤਾਂ ਦੇਣੀ ਹੈ ਮੇਰੀਆਂ ਦੋ ਬਾਹਾਂ ਨੇ।

ਸਮੇਂ ਤੋਂ ਪਹਿਲਾਂ ਕੁੱਝ ਨੀ ਹੋਣਾ ਲੱਖ ਕਰੋ ਤਦਬੀਰਾਂ,
"ਤਕੀਪੁਰ" ਤੈਨੂੰ ਜਿਉਂਦੇ ਹੈ ਰੱਖਣਾ ਕਿਸੇ ਦੀਆਂ ਦੁਆਵਾਂ ਨੇ।

11. ਤੁਹਾਡਾ ਸਕੂਲ

ਬੱਚਿਓ ਖ਼ੂਬ ਤੁਸੀਂ ਕਰੋ ਪੜ੍ਹਾਈਆਂ,
ਮਾਪਿਆਂ ਦੀਆਂ ਵੇਖੋ ਦੁਆਵਾਂ ਆਈਆਂ।

ਹੁਣ ਉੱਠ ਸਵੇਰੇ ਤੁਸੀਂ ਕਰੋ ਇਸ਼ਨਾਨ,
ਮੱਥਾ ਟੇਕ ਗੁਰੂ ਨੂੰ ਤੁਸੀਂ ਲਵੋ ਗਿਆਨ।

ਫਿਰ ਮਾਪਿਆਂ ਦੇ ਤੁਸੀਂ ਪੈਰੀ ਹੱਥ ਲਾਓ,
ਹੱਸਦੇ ਹੱਸਦੇ ਤੁਸੀਂ ਸਕੂਲ ਫਿਰ ਜਾਓ।

ਹੁਣ ਵਿੱਚ ਜਮਾਤ ਦੇ ਤੁਸੀਂ ਕਰੋ ਪੜ੍ਹਾਈ,
ਪੁੱਛੋ ਅਧਿਆਪਕ ਨੂੰ ਜੇ ਸਮਝ ਨਾ ਆਈ।

ਬੜੀ ਉਡੀਕ ਜਿਹਦੀ ਸੀ ਅੱਧੀ ਛੁੱਟੀ ਆਈ,
ਖਾਣਾ ਖਾਣ ਤੋਂ ਪਹਿਲਾਂ ਕਰੋ ਹੱਥ ਸਫਾਈ ।

ਫਿਰ ਇੱਕ ਖੇਡਣ ਦਾ ਪੀਰੀਅਡ ਆਇਆ,
ਸੱਚੀ ਇੱਕ ਦੂਜੇ ਨੂੰ ਅਸੀਂ ਬੜਾ ਹਸਾਇਆ।

ਹੁਣ ਜਮਾਤ ਸਾਡੇ ਸੀ ਮੈਡਮ ਜੀ ਆਏ,
ਉਹਨਾ ਨੇ ਸਾਨੂੰ ਸੀ ਕੁਝ ਪਾਠ ਪੜ੍ਹਾਏ।

ਸਮੇਂ ਬਾਅਦ ਹੀ ਥੋੜ੍ਹੇ ਇੱਕ ਘੰਟੀ ਵੱਜੀ,
ਫਿਰ ਘਰ ਜਾਵਣ ਦੀ ਸਾਨੂੰ ਤੇਜ਼ੀ ਲੱਗੀ।

ਬੱਚਿਓ ਰੋਜ਼ ਤੁਸੀਂ ਜਾਇਓ ਸਕੂਲ,
ਕੱਲ ਨੂੰ ਫਿਰ ਤੁਸੀਂ ਆਇਓ ਸਕੂਲ।

12. ਕਿਤਾਬਾਂ

ਪੜ੍ਹੋ ਕਿਤਾਬਾਂ ਗਿਆਨ ਵਧੇਗਾ,
ਬਣੋ ਸਿਆਣੇ ਮਾਣ ਵਧੇਗਾ ।

ਕਿਤਾਬਾਂ ਤੋਂ ਬਿਨਾ ਹੈ ਕਮਰਾ,
ਜਿਵੇਂ ਫੁੱਲ ਤੋਂ ਬਿਨਾ ਹੈ ਗ਼ਮਲਾ।

ਕਿਤਾਬਾਂ ਸਾਡੀਆਂ ਦੋਸਤ ਪੱਕੀਆਂ,
ਇਹਨਾ ਨਾਲ ਨੇ ਗੱਲਾਂ ਸੱਚੀਆਂ।

ਕਿਤਾਬਾਂ ਨੂੰ ਨਾ ਕਦੇ ਵੀ ਪਾੜੋ,
ਇਹਨਾ ਨੂੰ ਨਾ ਅੱਗ ਵਿੱਚ ਸਾੜੋ।

ਇਹਨਾ ਨਾਲ ਅਸੀਂ ਦੋਸਤੀ ਪਾਈਏ,
ਰਾਹ ਜ਼ਿੰਦਗੀ ਦੇ ਸਦਾ ਸੌਖੇ ਲੰਘਾਈਏ।

ਵਿੱਚ ਤੋਹਫੇ ਦੇ ਅਸੀਂ ਦਈਏ ਕਿਤਾਬਾਂ,
ਇੱਕ ਦੂਜੇ ਤੋਂ ਸਦਾ ਲਈਏ ਕਿਤਾਬਾਂ।

 

To veiw this site you must have Unicode fonts. Contact Us

punjabi-kavita.com