Punjab Poetry : Gurjant Takipur

ਪੰਜਾਬੀ ਕਵਿਤਾਵਾਂ : ਗੁਰਜੰਟ ਤਕੀਪੁਰ



1. ਮੇਰੇ ਸਮੇਂ ਦਾ ਪੰਜਾਬ

ਏਦਾਂ ਦਾ ਨੀ ਸੋਚਿਆ ਸੀ ਗੁਰਾਂ ਮੇਰਿਆਂ ਪੰਜਾਬ, ਕਿ ਰੁਲੇ ਗਲੀ-ਗਲੀ ਇੱਕ ਦਿਨ ਪੰਥ ਦੀ ਕਿਤਾਬ। ਜੀਹਨੇ ਕਰਕੇ ਸੀ ਕਿਰਤ ਫਿਰ ਪਿੱਛੋਂ ਵੰਡ ਛਕਣਾ, ਉਹ ਖੁਦਕੁਸ਼ੀ ਵੱਟਾਂ ਉੱਤੇ ਕਰੀ ਜਾਂਦਾ ਬੇਹਿਸਾਬ। ਇੱਕ ਇੱਕ ਪਿੰਡ ਇਹਨਾ ਕਈ ਧੜਿਆਂ 'ਚ ਵੰਡ 'ਤਾ, ਨਿੱਤ ਖੇਡਦੇ ਨੇ ਚਾਲਾਂ ਵੇਖੋ ਰਾਜਨੀਤੀ ਦੇ ਜਨਾਬ। ਸਰੀਰ ਹੀ ਨੇ ਚੱਲੀ ਜਾਂਦੇ ਮਰੇ ਚਿਰਾਂ ਤੋਂ ਜ਼ਮੀਰ ਸਾਡੇ, ਘਰੋਂ ਮਿਲੇ ਨਾ ਕਿਤਾਬ ਕੋਈ ਪਰ ਮਿਲੇ ਮੇਜ਼ ਤੇ ਸ਼ਰਾਬ। ਵਿਰਲਾ ਹੀ ਲੱਭੇ ਅੱਜ ਸੱਚਾ ਸੁੱਚਾ ਕੋਈ ਫ਼ਕੀਰ ਇੱਥੇ, ਵੇਖ ਬਣੀ ਜਾਂਦੇ ਹੀਰੋ ਹੁਣ ਸਾਡੀ ਜਨਤਾ ਦੇ ਸਾਧ। ਛੱਡ ਦਿਓ ਫੁੱਲ ਕੁਝ ਜੋ ਰੱਖਾਂ ਗੁਰਾਂ ਦੇ ਮੈਂ ਚਰਨੀ, ਸਮੇਟ ਲਏ ਇਸ਼ਕ ਨੇ ਆਪਣੇ 'ਚ ਸਾਰੇ ਹੀ ਗੁਲਾਬ। ਰੱਖ ਗੁਰਾਂ ਤੇ ਯਕੀਨ ਬਸ ਇੱਕ ਦਿਨ ਪੂਰੇ ਹੋਣਗੇ, ਅੱਖਾਂ ਤੇਰੀਆਂ 'ਚ 'ਤਕੀਪੁਰ' ਜਿਹੜੇ ਚੱਲਦੇ ਖ਼ੁਆਬ।

2. ਪੰਜਾਬ

ਸੋਚ 'ਤੇ ਸਮਝ ਵਾਲੀ ਅਸੀਂ ਪਾੜ ਸੁੱਟੀ ਹੈ ਕਿਤਾਬ, ਵਿੱਚ ਡੇਰਿਆਂ ਦੇ ਜਾ ਕੇ ਵੇਖੋ ਬਹਿ ਗਿਆ ਪੰਜਾਬ । ਉਹੀ ਹਵਾ, ਪਾਣੀ 'ਤੇ ਸਾਰੀ ਵੇਖੋ ਉਹੀ ਹੈ ਜ਼ਮੀਨ, ਪਰ ਖ਼ੁਸ਼ਬੋ ਤੋਂ ਹੈ ਸੱਖਣਾ ਅੱਜ ਖਿੜਿਆ ਗੁਲਾਬ । ਪਹਿਲਾਂ ਵੰਡਿਆ ਪੰਜਾਬ ਫਿਰ ਮੈਨੂੰ ਵੰਡ ਛੱਡਿਆ, ਪਿਆਓ ਦੋ ਘੁੱਟ ਪਾਣੀ ਹੁਣ ਪਿਆਸਾ ਹੈ ਝਨਾਬ । ਆਪੇ ਪਉਗੀ ਕਦਰ ਵੇਖੀਂ ਨਸ਼ੀਲੇ ਤੇਰੇ ਨੈਣਾਂ ਦੀ, ਬੰਦ ਠੇਕਿਆਂ ਤੇ ਹੋ ਗਈ ਜਦੋਂ ਮਿਲਣੀ ਸ਼ਰਾਬ । ਨਾ ਏ ਤੋੜਿਆਂ ਸੀ ਟੁੱਟਦਾ ਕਦੇ ਕਿਸੇ ਵੈਰੀ ਤੋਂ, ਸਾਡੇ ਹੌਂਸਲੇ ਨੂੰ ਆ ਗਈ ਦੱਸੋ ਅੱਜ ਕਾ'ਤੋਂ ਦਾਬ । ਮਾਂ ਬੋਲੀ ਪਿੱਛੇ ਨਾਅਰੇ ਤਾਂ ਸਾਰੇ ਅਸੀਂ ਮਾਰਦੇ, ਦੱਸੋ ਬੋਤੇ ਉੱਤੋਂ ਊਠ ਦਾ ਕਿਹੜਾ ਲਾਹੂਗਾ ਨਕਾਬ । ਜਿਹੜੇ ਭਗਤ, ਸਰਾਭੇ ਸਾਡੇ ਦਿਲਾਂ ਵਿੱਚ ਲਾਏ ਸੀ, "ਤਕੀਪੁਰ" ਹੁਣ ਆਖੇ ਉਹ ਕਿਉਂ ਸੁੱਕ ਗਏ ਨੇ ਖ਼ਾਬ ।

3. ਮਾਂ ਬੋਲੀ

ਸਕੂਲਾਂ ਵਿੱਚ ਬੇਗਾਨੀ 'ਤੇ ਘਰਾਂ ਵਿੱਚ ਗੁਆਂਢਣ ਭਾਸ਼ਾ ਬੋਲੀ ਜਾਂਦੀ ਏ, ਇਹ ਕਿਧਰੇ ਸੰਕੇਤ ਤਾਂ ਨਹੀਂ ਮਾਂ ਬੋਲੀ ਪੰਜਾਬੀ ਦੇ ਬਿਰਧ ਆਸ਼ਰਮ ਜਾਣ ਦੇ।

4. ਸੁੱਕੇ ਪੱਤੇ

ਬੇਸ਼ੱਕ ਇੱਕ ਤੇਜ਼ ਤਰਾਰ ਹਵਾ ਦਾ ਬੁੱਲਾ ਸਾਨੂੰ ਆਪਣੀ ਹੋਂਦ ਤੋਂ ਬੜੀ ਦੂਰ ਸੁੱਟ ਦੇਵੇਗਾ ਪਰ ਅਸੀਂ ਇੰਨੇ ਵੀ ਬੇਗਾਨੇ ਨਹੀਂ ਹੁੰਦੇ; ਕਿਸੇ ਅਜਨਬੀ ਦੇ ਠਰ ਰਹੇ ਹੱਥਾਂ ਨੂੰ ਗਰਮਾਹਟ ਤਾਂ ਦੇ ਹੀ ਸਕਦੇ ਹਾਂ।

5. ਜਵਾਨੀ

ਨਾ ਸੋਚੋ ਇੱਕ ਦਿਨ ਇਹ ਜਵਾਨੀ ਇੱਕਠੀ ਹੋਵੇਗੀ ਤੇ ਆਪਣੇ ਹੱਕਾਂ ਲਈ ਲੜੇਗੀ ਇੱਥੇ ਤਾਂ ਜਵਾਨੀ ਬਸ, ਰੈਲੀਆਂ ਲਈ ਵਰਤੀ ਜਾਂਦੀ ਏ।

6. ਅਵਾਰਾਗਰਦੀ

ਮੈਂ ਆਸ਼ਕੀ ਜਾਂ ਬਦਮਾਸ਼ੀ ਦੀ ਸੋਚ ਲੈ ਕੇ ਗਲੀਆਂ ਨਹੀਂ ਕੱਛਦਾ ਮੈਂ ਤਾਂ ਕਵਿਤਾਵਾਂ ਦੀ ਭਾਲ ਵਿੱਚ ਗਲੀਆਂ 'ਚ ਫਿਰਦਾ ਹਾਂ, ਪਤਾ ਨਹੀਂ ਕਿਹੜੇ ਮੋੜ 'ਤੇ ਕੋਈ ਕਵਿਤਾ ਮੇਰੀ ਉਡੀਕ ਕਰ ਰਹੀ ਹੋਵੇ 'ਤੇ ਮੈਂਨੂੰ ਕਹਿ ਰਹੀ ਹੋਵੇ ਤੂੰ ਹੁਣ ਆ ਰਿਹਾ ਹੈਂ ਏਨੇ ਦਿਨ ਕਿੱਥੇ ਸੀ ਮੈਂ ਜ਼ੁਬਾਨ ਤੋਂ ਚੁੱਪ 'ਤੇ ਸਿਰ ਨੀਵਾਂ ਕਰ ਲੈਂਦਾ ਹਾਂ 'ਤੇ ਆਖਦਾ ਹਾਂ ਸ਼ਾਇਦ ਕਈ ਦਿਨਾਂ ਤੋਂ ਸ਼ਹਿਰ ਵਿੱਚ ਕਰਫਿਊ ਲੱਗ ਰਿਹਾ ਸੀ।

7. ਖ਼ੁਦਕੁਸ਼ੀ ਦਾ ਜਨਮ

ਕਿੱਥੇ ਹੋਇਆ ਸੀ ਇਸ ਖ਼ੁਦਕੁਸ਼ੀ ਦਾ ਜਨਮ 'ਤੇ ਕੀ ਹੈ ਇਹਦੀ ਜਨਮ ਤਰੀਕ ਕਿਸ ਦੀ ਦੇਖ-ਰੇਖ ਹੇਠ ਪਲਿਆ ਹੈ ਇਸਦਾ ਬਚਪਨ 'ਤੇ ਕਿਸਦੀ ਉਂਗਲ ਫੜ ਘੁੰਮੇ ਇਹਨੇ ਸ਼ਹਿਰਾਂ ਦੇ ਸ਼ਹਿਰ ਤੇ ਪਿੰਡਾਂ ਦੇ ਪਿੰਡ। ਹੁਣ ਲੱਗਦੈ ਹੈ ਜਿਵੇਂ ਜਵਾਨੀ ਇਸਦੀ ਪੰਜਾਬ ਦੇ ਪਿੰਡਾਂ ਵਿੱਚ ਬੀਤ ਰਹੀ ਹੈ ਤਾਂ ਹੀ ਤਾਂ ਛੱਡਿਆ ਨਹੀਂ ਇਹਨੇ ਕਿਸੇ ਵੀ ਘਰ ਦਾ ਇੱਕ ਕਰਜ਼ਈ ਹੋਇਆ ਬਾਪ ਜਦੋਂ ਕਿਤੇ ਕੱਲਾ ਬੈਠਾ ਸੋਚੀਂ ਪੈਂਦਾ ਕਿਸੇ ਧੀ ਦਾ ਬਾਬਲ ਇਹ ਖ਼ੁਦਕੁਸ਼ੀ ਲੈ ਜਾਂਦੀ ਉਹਨੂੰ ਉਹਦੀ ਬਾਂਹ ਫੜ ਕੇ ਕਿਸੇ ਕੋਨੇ ਪਈ ਮੋਨੋ ਦੀ ਸ਼ੀਸ਼ੀ ਕੋਲ ਜਾਂ ਖੇਤ ਮੋਟਰ 'ਤੇ ਲੱਗੀ ਟਾਹਲੀ ਕੋਲ ਉਸ ਤੜਫਦੇ ਜਿਸਮ ਨੂੰ ਵੇਖ ਕੇ ਬੜਾ ਖਿੜ-ਖਿੜਾ ਕੇ ਹੱਸਦੀ ਇਹ ਖ਼ੁਦਕੁਸ਼ੀ, ਮੈਂ ਹੁਣ ਚੁੱਪ ਹਾਂ 'ਤੇ ਸੋਚ ਰਿਹਾਂ ਕਿ ਕਿੰਨੀ ਕੁ ਉਮਰ ਹੋਵੇਗੀ ਇਸ ਖ਼ੁਦਕੁਸ਼ੀ ਦੀ ਕਿਤੇ ਇਹ ਅਮਰ ਤਾਂ ਨਹੀਂ।

8. ਦੁੱਖ ਭੰਜਨੀ ਬੇਰੀ

ਬੜੀ ਕਰਮਾ ਵਾਲੀ ਏ ਤੂੰ ਜੋ ਤੇਰਾ ਜਨਮ ਗੁਰੂ ਦੇ ਸਿਫਤੀ ਘਰ ਵਿੱਚ ਹੋਇਆ ਏ ਹਰ ਰੋਜ ਤੇਰੀ ਸਵੇਰ ਤੇ ਸ਼ਾਮ ਗੁਰੂ ਦੀ ਬਾਣੀ ਸੁਣਦਿਆਂ ਲੰਘਦੀ ਏ ਤੇਰੇ ਥੱਲੇ ਕੀਤਾ ਇਸ਼ਨਾਨ ਸੁੱਖਾਂ ਦੀ ਪ੍ਰਾਪਤੀ ਕਰਾਉਂਦਾ ਏ ਤੈਨੂੰ ਲੱਗਿਆ ਫਲ ਵੀ ਬਾਣੀ ਜਿੰਨਾਂ ਮਿੱਠਾ 'ਤੇ ਆਨੰਦ ਭਰਭੂਰ ਏ ਦੂਰੋਂ ਨੇੜਿਉਂ ਆਈ ਸੰਗਤ ਲਈ ਤੇਰੀ ਛਾਂ ਗੁਰੂ ਦਾ ਮਿਹਰ ਭਰਿਆ ਹੱਥ ਹੈ ਦੁੱਖ ਭੰਜਨੀ ਬੇਰੀ ਤੂੰ ਬੜੀ ਕਰਮਾ ਵਾਲੀ ਏ।

9. ਖੇਤ

ਹੋਈ ਜਾਂਦੇ ਸੁੰਨੇ ਹੁਣ ਵੇਖੋ ਪਿੰਡਾਂ ਵਾਲੇ ਖੇਤ ਬਈ, ਜ਼ਿੰਦਗੀ ਹੱਥੋਂ ਜਾਵੇ ਕਿਰਦੀ ਬਣ ਮੁੱਠੀ ਵਾਲੀ ਰੇਤ ਬਈ। ਵਿੱਚੇ ਰਹਿ ਗਈ ਬੈਂਕ ਦੀ ਕਿਸ਼ਤ ਤੀਜੀ ਤਾਰਨੀ, ਧਮਕੀਆਂ ਭਰੇ ਗੇੜੇ ਉੱਤੋਂ ਮਾਰੀ ਜਾਂਦਾ ਸੇਠ ਬਈ। ਸੋਚਦਿਆਂ ਲੰਘ ਜਾਂਦੀ ਸਾਰੀ ਸਾਰੀ ਰਾਤ ਹੁਣ, ਪੈਰੋਂ ਉੱਤੇ ਹੋਵੇ ਨਾ ਹੁਣ ਮੰਜੇ ਵਾਲਾ ਖੇਸ ਬਈ। ਮਿੱਟੀ ਨਾਲ ਘੁਲਦਿਆਂ ਹੋ ਗਏ ਹਾਂ ਮਿੱਟੀ ਅਸੀਂ, ਸ਼ਾਹੂਕਾਰ ਆਖੇ ਮਿੱਟੀ ਸਾਰੀ ਪਾਉ ਮੇਰੇ ਪੇਟ ਬਈ। ਆਏ ਦਿਨ ਜਿੱਥੇਂ ਦਾ ਹੁਣ ਜੱਟ ਪਿਆ ਮਰਦਾ, ਮੈਂ ਸੁਣਿਆ ਹੈ ਨਾਮ ਉਹਦਾ ਪੰਜਾਬ ਪ੍ਰਦੇਸ਼ ਬਈ। ਵੱਟਾਂ ਉੱਤੇ ਤੁਰਦੀਆਂ ਹੁਣ ਪਈਆਂ ਖ਼ੁਦਕੁਸ਼ੀਆਂ, ਸ਼ੀਸ਼ੀ ਸਪਰੇਅ ਦੀ ਕੋਈ ਲੱਭੇ ਨਵਾਂ ਭੇਸ ਬਈ। ਅੱਜ ਇੰਝ ਕਿਉਂ ਹੈ ਮਰਦਾ ਅੰਨਦਾਤਾ ਦੇਸ਼ ਦਾ, ਸੁਣੋ ਕੋਈ ਪੁਕਾਰ ਇਹਦੀ ਕਿਉਂ ਬੈਠੇ ਮੂੰਹ ਲਪੇਟ ਬਈ।

10. ਉਮਰੋਂ ਵੱਧ ਸਿਆਣਾ ਕਰ 'ਤਾ ਔਖੇ ਆਏ ਰਾਹਾਂ ਨੇ

ਉਮਰੋਂ ਵੱਧ ਸਿਆਣਾ ਕਰ 'ਤਾ ਔਖੇ ਆਏ ਰਾਹਾਂ ਨੇ, ਸੱਚ ਝੂਠ ਦਾ ਕੀਤਾ ਨਿਤਾਰਾ ਵੱਡਿਆਂ ਦੀਆਂ ਸਲਾਹਾਂ ਨੇ। ਲੁਕਦਾ ਰਿਹਾ ਜਿਸ ਤੋਂ ਸੱਜਣਾ ਮੈਂ ਉਮਰ ਹੀ ਸਾਰੀ, ਲਿਆ ਉਸੇ ਅੱਗੇ ਖੜਾ ਹੈ ਕੀਤਾ ਮੈਨੂੰ ਮੇਰੇ ਗੁਨਾਹਾਂ ਨੇ। ਅਵਾਜ ਦਿਲਾਂ ਦੀ ਪਹੁੰਚੀ ਹੈ ਕੋਈ ਉਡੀਕੇ ਪਰਲੇ ਪੱਤਣ, ਪਰ ਦੇ ਮਿੱਠਾ ਜ਼ਹਿਰ ਡੋਬਿਆ ਆਪਣੇ ਕੁਝ ਮਲਾਹਾਂ ਨੇ। ਮਨ ਤੋਂ ਮੁੱਕਿਆ, ਰੂਹ ਤੋਂ ਮੁੱਕਿਆ ਮੁੱਕਿਆ ਕੁੱਲ ਜਹਾਨੋਂ, ਹੈ ਜਿਉਂਦੇ ਦੀ ਸੋਚਦੀ ਦਰਸਾਈ ਮੈਨੂੰ ਮੇਰੇ ਸਾਹਾਂ ਨੇ। ਕੋਈ ਹੈ ਖਿੜਦਾ ਕੋਈ ਹੈ ਸੜਦਾ ਕੋਈ ਪਿਆ ਹੈ ਤਪਦਾ, ਕਿਸੇ ਨੂੰ ਜ਼ਿੰਦਗੀ ਵੀ ਤਾਂ ਦਿੱਤੀ ਹੈ ਰੁੱਖਾਂ ਦੀਆਂ ਛਾਵਾਂ ਨੇ। ਮੰਨਿਆ ਕਿ ਸਭ ਰਿਸ਼ਤੇ ਹੀ ਹੋ ਗਏ ਨੇ ਅੱਜ ਪੈਸੇ ਦੇ, ਪਰ ਗਲਵਕੜੀ ਵੀ ਤਾਂ ਦੇਣੀ ਹੈ ਮੇਰੀਆਂ ਦੋ ਬਾਹਾਂ ਨੇ। ਸਮੇਂ ਤੋਂ ਪਹਿਲਾਂ ਕੁੱਝ ਨੀ ਹੋਣਾ ਲੱਖ ਕਰੋ ਤਦਬੀਰਾਂ, "ਤਕੀਪੁਰ" ਤੈਨੂੰ ਜਿਉਂਦੇ ਹੈ ਰੱਖਣਾ ਕਿਸੇ ਦੀਆਂ ਦੁਆਵਾਂ ਨੇ।

11. ਤੁਹਾਡਾ ਸਕੂਲ

ਬੱਚਿਓ ਖ਼ੂਬ ਤੁਸੀਂ ਕਰੋ ਪੜ੍ਹਾਈਆਂ, ਮਾਪਿਆਂ ਦੀਆਂ ਵੇਖੋ ਦੁਆਵਾਂ ਆਈਆਂ। ਹੁਣ ਉੱਠ ਸਵੇਰੇ ਤੁਸੀਂ ਕਰੋ ਇਸ਼ਨਾਨ, ਮੱਥਾ ਟੇਕ ਗੁਰੂ ਨੂੰ ਤੁਸੀਂ ਲਵੋ ਗਿਆਨ। ਫਿਰ ਮਾਪਿਆਂ ਦੇ ਤੁਸੀਂ ਪੈਰੀ ਹੱਥ ਲਾਓ, ਹੱਸਦੇ ਹੱਸਦੇ ਤੁਸੀਂ ਸਕੂਲ ਫਿਰ ਜਾਓ। ਹੁਣ ਵਿੱਚ ਜਮਾਤ ਦੇ ਤੁਸੀਂ ਕਰੋ ਪੜ੍ਹਾਈ, ਪੁੱਛੋ ਅਧਿਆਪਕ ਨੂੰ ਜੇ ਸਮਝ ਨਾ ਆਈ। ਬੜੀ ਉਡੀਕ ਜਿਹਦੀ ਸੀ ਅੱਧੀ ਛੁੱਟੀ ਆਈ, ਖਾਣਾ ਖਾਣ ਤੋਂ ਪਹਿਲਾਂ ਕਰੋ ਹੱਥ ਸਫਾਈ । ਫਿਰ ਇੱਕ ਖੇਡਣ ਦਾ ਪੀਰੀਅਡ ਆਇਆ, ਸੱਚੀ ਇੱਕ ਦੂਜੇ ਨੂੰ ਅਸੀਂ ਬੜਾ ਹਸਾਇਆ। ਹੁਣ ਜਮਾਤ ਸਾਡੇ ਸੀ ਮੈਡਮ ਜੀ ਆਏ, ਉਹਨਾ ਨੇ ਸਾਨੂੰ ਸੀ ਕੁਝ ਪਾਠ ਪੜ੍ਹਾਏ। ਸਮੇਂ ਬਾਅਦ ਹੀ ਥੋੜ੍ਹੇ ਇੱਕ ਘੰਟੀ ਵੱਜੀ, ਫਿਰ ਘਰ ਜਾਵਣ ਦੀ ਸਾਨੂੰ ਤੇਜ਼ੀ ਲੱਗੀ। ਬੱਚਿਓ ਰੋਜ਼ ਤੁਸੀਂ ਜਾਇਓ ਸਕੂਲ, ਕੱਲ ਨੂੰ ਫਿਰ ਤੁਸੀਂ ਆਇਓ ਸਕੂਲ।

12. ਕਿਤਾਬਾਂ

ਪੜ੍ਹੋ ਕਿਤਾਬਾਂ ਗਿਆਨ ਵਧੇਗਾ, ਬਣੋ ਸਿਆਣੇ ਮਾਣ ਵਧੇਗਾ । ਕਿਤਾਬਾਂ ਤੋਂ ਬਿਨਾ ਹੈ ਕਮਰਾ, ਜਿਵੇਂ ਫੁੱਲ ਤੋਂ ਬਿਨਾ ਹੈ ਗ਼ਮਲਾ। ਕਿਤਾਬਾਂ ਸਾਡੀਆਂ ਦੋਸਤ ਪੱਕੀਆਂ, ਇਹਨਾ ਨਾਲ ਨੇ ਗੱਲਾਂ ਸੱਚੀਆਂ। ਕਿਤਾਬਾਂ ਨੂੰ ਨਾ ਕਦੇ ਵੀ ਪਾੜੋ, ਇਹਨਾ ਨੂੰ ਨਾ ਅੱਗ ਵਿੱਚ ਸਾੜੋ। ਇਹਨਾ ਨਾਲ ਅਸੀਂ ਦੋਸਤੀ ਪਾਈਏ, ਰਾਹ ਜ਼ਿੰਦਗੀ ਦੇ ਸਦਾ ਸੌਖੇ ਲੰਘਾਈਏ। ਵਿੱਚ ਤੋਹਫੇ ਦੇ ਅਸੀਂ ਦਈਏ ਕਿਤਾਬਾਂ, ਇੱਕ ਦੂਜੇ ਤੋਂ ਸਦਾ ਲਈਏ ਕਿਤਾਬਾਂ।

13. ਗੁਰੂ ਵੱਲ ਨੂੰ

ਕੋਈ ਆਉਂਦਾ ਨੰਗੇ ਪੈਰੀਂ ਤੇ ਕੋਈ ਆਉਂਦਾ ਏ ਸਿਰ ਢੱਕ ਕੇ, ਪਰ ਹੁਣ ਤਾਂ ਕੋਈ ਆਉਂਦਾ ਨਹੀ ਸਿਰ ਤਲੀ ਤੇ ਰੱਖ ਕੇ । ਮੈਂ ਪੜ੍ਹੇ 52 ਹੁਕਮਨਾਮੇ ਇਹਦਾ ਤਾਂ ਕਿਤੇ ਵੀ ਜ਼ਿਕਰ ਨਹੀ, ਪਤਾ ਨਹੀ ਕੌਣ ਟਿਕਾ ਗਿਆ ਸੂਰਮਾ ਉਸ ਕੁੜੀ ਦੀ ਅੱਖ ਤੇ । ਨਾ ਮੁੱਲ ਪਾਇਆ ਸ਼ਹੀਦੀਆਂ ਦਾ ਨਾ ਗੱਲ ਕਿਸੇ ਨੇ ਮੰਨੀ, ਵੇਖੋ ਡਾਕੇ ਅੱਜ ਵੀ ਪਏ ਵੱਜਦੇ ਇੱਕ ਗਰੀਬ ਦੇ ਹੱਕ ਤੇ। ਇਹ ਮੁਸੀਬਤਾਂ ਤੇ ਤਕਲੀਫਾਂ ਕਿਉਂ ਬਸ ਮੇਰੇ ਲਈ ਹੀ ਬਣੀਆਂ, ਮੈਂ ਦੋ ਟਾਇਮ ਪਾਠ ਵੀ ਕਰਦਾ ਦੇਵਾਂ ਉਲਾਂਭੇ ਗੁਰੂ ਨੂੰ ਅੱਕ ਕੇ। ਜਿਨ੍ਹਾਂ ਪਾਈਆਂ ਸ਼ਹੀਦੀਆਂ ਉਨ੍ਹਾ ਦੱਸੋ ਕੀ ਸੀ ਗੁਰੂ ਤੋਂ ਮੰਗਿਆ, ਅਸੀਂ ਮੰਗੀਏ ਭਵਿੱਖ ਔਲਾਦ ਦਾ 10 ਰੁਪਏ ਗੋਲਕ ਤੇ ਰੱਖ ਕੇ। ਅੱਜ ਵੇਖ ਕਲਗੀਆਂ ਵਾਲਿਆ ਕੀ ਕੀਤਾ ਪੱਗ ਤੇਰੀ ਦਾ ਹਾਲ, ਆਪੇ ਇੱਕ ਦੂਜੇ ਦੀ ਲਾਉਂਦੇ ਨੇ ਫੋਕੇ ਹੰਕਾਰਾਂ ਦੇ ਵਿੱਚ ਡੱਕ ਕੇ।

14. ਖ਼ਤ

ਇਹ ਜੋ ਮੈਂ ਤੈਨੂੰ ਖ਼ਤ ਪਾ ਰਿਹਾ ਹਾਂ ਏ ਮੇਰਾ ਆਖ਼ਰੀ ਖ਼ਤ ਏ ਹੁਣ ਤੱਕ ਮੈਂ ਤੈਨੂੰ ਜਿੰਨੇ ਵੀ ਖ਼ਤ ਪਾਏ ਉਹਨਾ ਵਿੱਚ ਤੇਰੇ ਪਿਆਰ ਦਾ 'ਤੇ ਤੇਰੇ ਹੁਸਨ ਦਾ ਜ਼ਿਕਰ ਹੁੰਦਾ ਰਿਹਾ ਪਰ ਇਸ ਆਖਰੀ ਖ਼ਤ ਨੂੰ ਮੈਂ ਕੁੱਜੇ ਵਿੱਚ ਸਮੁੰਦਰ ਬਣਾ ਕੇ ਭੇਜ ਰਿਹਾ ਹਾਂ ਮੈਨੂੰ ਯਕੀਨ ਹੈ ਏ ਖ਼ਤ ਪੜ੍ਹ ਕੇ ਤੈਨੂੰ ਪਹਿਲਾਂ ਵਾਲੇ ਸਾਰੇ ਖ਼ਤ ਭੁੱਲ ਜਾਣਗੇ ਇਸ ਖ਼ਤ ਦੀ ਇਕ ਇਹ ਵੀ ਖ਼ਾਸੀਅਤ ਹੈ ਕਿ ਤੂੰ ਇਸ ਖ਼ਤ ਨੂੰ ਬਿਨਾਂ ਪਲਕਾਂ ਝਪਕੇ ਇੱਕੋ ਵਾਰ ਪੜ੍ਹ ਲਵੇਂਗੀ, 'ਤੇ ਮੈਂ ਇਸ ਗੱਲ ਦਾ ਪੱਕਾ ਇਕਰਾਰ ਨਹੀ ਕਰ ਸਕਦਾ ਕਿ ਖ਼ਤ ਨੂੰ ਪੜ੍ਹ ਕੇ ਤੇਰੀ ਅੱਖ ਵਿੱਚ ਹੰਝੂ ਆਵੇ ਜਾਂ ਨਾ ਆਵੇ। ਹੁਣ ਬਸ ਕਰਾਂ ਮੈਂ ਖ਼ਤ ਦੇ ਬਾਹਰ ਵਾਲੀਆਂ ਗੱਲਾਂ ਕਰਨੀਆਂ ਤੇ ਲਿਖ ਦੇਵਾਂ ਮੈਂ ਤੇਰੇ ਤੇ ਮੇਰੇ ਪਿਆਰ ਨੂੰ ਦੋ ਸ਼ਬਦਾਂ ਵਿੱਚ "ਅੱਜ ਤੋਂ ਇਮਤਿਹਾਨ ਸ਼ੁਰੂ ਏ ਤੇਰੀ ਉਡੀਕ ਤੇ ਮੇਰੇ ਸਾਹਾਂ ਦਾ" ਵੇਖਦਿਆਂ ਪਹਿਲਾਂ ਕੌਣ ਮੁੱਕਦਾ ਹੈ ਤੇਰੀ ਉਡੀਕ, ਜਾਂ ਮੇਰੇ ਸਾਹ।

15. ਸੋਚ

ਮੈਂ ਜਾਣਦਾ ਹਾਂ ਭਗਤ ਸਿੰਘ ਨੇ ਸਾਂਡਰਸ ਨੂੰ ਗੋਲੀ ਮਾਰੀ ਸੀ 'ਤੇ ਮੈਂ ਇਹ ਵੀ ਜਾਣਦਾ ਹਾਂ ਕਿ ਭਗਤ ਸਿੰਘ ਨੂੰ ਕਿਤਾਬਾਂ ਨਾਲ ਮੁਹੱਬਤ ਸੀ ਪਰ ਹਰ ਵਾਰ ਮੇਰੀ ਸੋਚ ਭਗਤ ਸਿੰਘ ਦੇ ਪਿਸਤੌਲ ਤੇ ਕਿਉਂ ਰੁਕ ਜਾਂਦੀ ਹੈ ਉਸ ਦੀਆਂ ਪੜ੍ਹੀਆਂ ਹੋਈਆਂ ਕਿਤਾਬਾਂ ਤੱਕ ਕਿਉਂ ਨਹੀ ਪਹੁੰਚਦੀ ਇਸ ਪਿੱਛੇ ਕਿਸ ਦੀ ਸੋਚ ਕੰਮ ਕਰ ਰਹੀ ਏ ਮੈਨੂੰ ਕੁਝ ਸੋਚਣਾ ਪਵੇਗਾ ਨਹੀਂ ਤਾਂ ਵਪਾਰਕ ਟੋਲਿਆਂ ਨੇ ਨੌਜਵਾਨਾਂ ਅੱਗੇ ਭਗਤ ਸਿੰਘ ਦਾ ਸਿਰਫ਼ ਹਥਿਆਰਬੰਦ ਇਤਿਹਾਸ ਹੀ ਪੇਸ਼ ਕਰਨਾ ਹੈ।

16. ਚੁੱਪ

ਸਵਾਲ ਵੀ ਬੜੇ ਨੇ ਉਹਦੀ ਚੁੱਪ ਵਿੱਚ, ਬੋਲ ਵੀ ਬੜੇ ਨੇ ਉਹਦੇ ਦੁੱਖ ਵਿੱਚ। ਹੁਣ ਸਹਿਮੇ ਸਹਿਮੇ ਇਹ ਤਾਂ ਰਹਿੰਦੇ ਨੇ, ਕਦੇ ਨਾਗ ਜ਼ਹਿਰੀਲੇ ਸੀ ਉਹਦੀ ਗੁੱਤ ਵਿੱਚ। ਸਾਡੇ ਵੱਲ ਦੀ ਗੱਲ ਹੁਣ ਮੌਸਮ ਵੀ ਨਹੀਂ ਕਰਦੇ, ਆਉਣ ਪੱਤਝੜ ਦੇ ਸੁਪਨੇ ਬਹਾਰਾਂ ਦੀ ਰੁੱਤ ਵਿੱਚ। ਹਰ ਕੋਈ ਲੈ ਕੇ ਆਸਰਾ ਉਹਦਾ ਮੰਜ਼ਿਲ ਵੱਲ ਮੁੜ ਜਾਂਦਾ, ਪਰ ਜ਼ਿੰਦ ਕਿੰਨ੍ਹੇ ਹੈ ਪਾਉਣੀ ਮੋੜ 'ਤੇ ਖੜੇ ਬੁੱਤ ਵਿੱਚ। ਉਹਨੇ ਦਸ ਕਿੱਲਿਆਂ ਦਾ ਟੱਕ ਕੱਲ ਹੋਰ ਲੈ ਲਿਆ, ਸਮਝਣ ਵਾਲਾ ਸਮਝ ਰਿਹਾ ਕਿ ਫ਼ਰਕ ਹੈ ਧੀ ਤੇ ਪੁੱਤ ਵਿੱਚ।

17. ਸਰਬੰਸਦਾਨੀ

ਮਿਸਾਲ ਮਿਲਦੀ ਨੀ ਇਸ ਜੱਗ ਅੰਦਰ ਪੁੱਤ ਕੌਮ ਤੋਂ ਵਾਰੇ ਜਿਨ੍ਹੇ ਚਾਰ ਹੋਣ, ਉਹ ਲਾ ਕੰਡਿਆਂ ਦੀ ਸੇਜ ਨੀ ਸੌਂ ਸਕਦੇ ਮਹਿਲਾਂ ਨਾਲ ਜਿੰਨਾਂ ਦੇ ਪਿਆਰ ਹੋਣ। ਤੇਰੇ ਲਈ ਮੁੱਲ ਨਹੀ ਹੀਰੇ ਮੋਤੀਆਂ ਦਾ ਤੁਸੀਂ ਹੱਸ ਕੇ ਗੋਦਾਵਰੀ ਰੋੜ੍ਹ ਦਿੱਤੇ, ਕੀ ਯਾਦ ਹੈ ਉਹਨਾਂ ਨੂੰ ਤੇਰੀ ਕੁਰਬਾਨੀ ਸੀ ਜਿਹਨਾਂ ਲਈ ਪਿਤਾ ਦਿੱਲੀ ਤੋਰ ਦਿੱਤੇ। ਖੰਡੇ ਬਾਟੇ ਦੀ ਪਾਹੁਲ ਐਸੀ ਪਿਆ ਦਿੱਤੀ ਬੰਦਾ ਇਕ ਇਕ ਬਣ ਕੇ ਸ਼ੇਰ ਆਇਆ, ਤਲਵਾਰ ਤੇਰੀ ਨੇ ਹੈ ਸੱਚ ਦੀ ਮੋਹਰ ਲਾਈ ਜਿੱਥੇ ਜਿੱਥੇ ਸੀ ਪਾਪ ਦਾ ਹਨ੍ਹੇਰ ਆਇਆ। ਜੰਗ ਛਿੜੀ ਐਸੀ ਕਿ ਕਦੇ ਭੁੱਲਣੀ ਨਹੀਂ ਨਾ ਗੜ੍ਹੀ ਭੁੱਲਣੀ ਹੈ ਕਦੇ ਚਮਕੌਰ ਵਾਲੀ, ਸਿੱਖ ਕੌਮ ਨੂੰ ਗੱਦਾਰੀ ਪਸੰਦ ਨਹੀਂਓਂ ਸਿੰਘਾਂ ਕੀਤੀ ਹੈ ਗੱਲ ਸਦਾ ਜ਼ੋਰ ਵਾਲੀ। ਰਹੇ ਵੱਸਦੀ ਕੌਮ ਕਲਗੀ ਵਾਲਿਆ ਤੇਰੀ ਤੂੰ ਜਿਹਨਾਂ ਲਈ ਸਰਬੰਸ ਵਾਰਿਆ ਏ, ਹਰ ਥਾਂ ਮੁਸੀਬਤਾਂ ਹੱਸ ਝੱਲੀਆਂ, ਨਾ ਹੰਝੂ ਇੱਕ ਵੀ ਅੱਖ 'ਚੋਂ ਉਤਾਰਿਆ ਏ। ਵਿੱਚ ਆਨੰਦਪੁਰ ਹੋਲਾ ਖੇਡਿਆ ਏ ਤੇ ਰੰਗ ਕੇਸਰੀ ਦਿੱਤਾ ਦਸਤਾਰਾਂ ਨੂੰ, ਜਿਉਣਾਂ ਅਣਖ ਨਾਲ ਤੇ ਮਰਨਾ ਕੌਮ ਲਈ ਸਿਖਾ ਦਿੱਤਾ ਹੈ ਸਿੱਖ ਸਰਦਾਰਾਂ ਨੂੰ। ਬਾਜਾਂ ਵਾਲਿਆ ਤੇਰੀ ਤਲਵਾਰ ਨੇ ਵੀ ਰੰਗ ਵੱਖਰੇ ਤੋਂ ਵੱਖਰਾ ਵਿਖਾ ਛੱਡਿਆ, ਵੈਰੀ ਆਉਂਦੇ ਰਹੇ ਬੜੇ ਚੜ੍ਹ ਚੜ੍ਹ ਕੇ ਪਰ ਇਹਨੇ ਵੈਰੀ ਨੂੰ ਬਿਪਤਾ 'ਚ ਪਾ ਛੱਡਿਆ। ਆਪ ਹੀ ਸਾਜੇ ਨੇ ਦਸ਼ਮੇਸ਼ ਪਿਤਾ, ਇਹ 52 ਕਵੀ ਹੀ ਤੇਰੇ ਨੇ, ਕੀ ਦੱਸਾਂ ਤੁਹਾਡੀਆਂ ਨੇ ਅਮੁੱਕ ਸਿਫਤਾਂ ਕਾਗਜ਼ ਮੁੱਕ ਚੱਲੇ ਵੇਖ ਲੈ ਮੇਰੇ ਨੇ। ਪਿਤਾ ਦਸ਼ਮੇਸ਼ ਕਿਵੇ ਕਰਾਂ ਸ਼ੁਕਰਾਨਾ ਤੇਰਾ ਤੁਸਾਂ ਪ੍ਰੀਤ ਖ਼ਾਲਸੇ ਨਾਲ ਪਾ ਦਿੱਤੀ, ਮੈਂ ਕਿੱਥੇ ਕੁਝ ਲਿਖਣ ਜੋਗਾ ਸੀ ਤੁਸੀਂ ਸ਼ਬਦ ਗੁਰੂ ਦੀ ਸਾਂਝ ਸਿਖਾ ਦਿੱਤੀ।

18. ਥਾਪੜਾ ਕਲਗੀਆਂ ਵਾਲੇ ਦਾ

ਪੈਰ ਪੈਰ ਤੇ ਸਾਡੇ ਨਾ' ਜ਼ੁਲਮ ਹੋਏ ਅਸੀਂ ਫਿਰ ਵੀ ਸੱਚ ਨਾਲ ਖਲੋਣ ਸਿੱਖੇ, ਸਾਨੂੰ ਥਾਪੜਾ ਏ ਕਲਗੀਆਂ ਵਾਲੇ ਦਾ ਵੱਜੇ ਕੰਡੇ ਤੋਂ ਅਸੀਂ ਨਾ ਕਦੇ ਰੋਣ ਸਿੱਖੇ। ਅਸੀਂ ਪੀਤੀ ਹੈ ਖੰਡੇ ਦੀ ਪਾਹੁਲ ਪਹਿਲਾਂ ਫਿਰ ਬਣ-ਬਣ ਕੇ ਸਿੰਘ ਆਏ ਹਾਂ, ਬਸ ਲੜਨਾ ਅਸੀਂ ਇੱਕ ਸੱਚ ਦੀ ਖ਼ਾਤਰ ਪਰ ਨਾ ਡਰੇ ਤੇ ਨੇ ਡਰਾਉਣ ਸਿੱਖੇ। ਬਾਜਾਂ ਵਾਲੇ ਨੇ ਸਾਨੂੰ ਤਲਵਾਰ ਦਿੱਤੀ ਦਿੱਤੀ ਹੌਂਸਲੇ ਨਾਲ ਸ਼ਿੰਗਾਰ ਕੇ ਜੀ, ਪਹਿਲਾਂ ਦਈਏ ਪਹਿਲ ਸਮਝੌਤਿਆਂ ਨੂੰ ਪਿੱਛੋਂ ਵੈਰੀ ਨਾਲ ਹਾਂ ਟਕਰਾਉਣ ਸਿੱਖੇ। ਬੜੇ ਆਏ ਸਾਨੂੰ ਆਪਣੇ ਚ ਮਿਲਾਉਣ ਵਾਲੇ ਪਰ ਸੋਚ ਉਹਨਾ ਦੀ ਨਾ ਮੇਚ ਖਾਧੀ, ਸਾਡੀ ਜਿੰਦ ਬਸ ਖਾਲਸੇ ਲੇਖੇ ਲੱਗੀ ਏ ਨਾ ਹੋਰ ਕਿਸੇ ਅਸੀਂ ਹਾਂ ਹੋਣ ਸਿੱਖੇ। ਤੁਸੀਂ ਹਰ ਵਾਰ ਨਾ ਮੌਤ ਦਾ ਲੈ ਕੇ ਕਿਉਂ ਸਾਨੂੰ ਸਦੀਆਂ ਤੋਂ ਡਰਾਉਂਦੇ ਆਏ ਹੋ, ਅਸੀਂ ਪੁੱਤ ਹਾਂ ਬਾਜਾਂ ਵਾਲੇ ਦੇ ਸਦਾ ਹੱਸ ਹੱਸ ਕੇ ਮੌਤ ਨੂੰ ਹਾਂ ਵਿਆਹੁਣ ਸਿੱਖੇ। ਸਾਡੀ ਗਿਣਤੀ ਬੇਸ਼ੱਕ ਥੋੜ੍ਹੀ ਏ ਪਰ ਪਰਚਮ ਕੁਰਬਾਨੀਆਂ ਦਾ ਹੈ ਸਿਖਰਾਂ ਤੇ, ਵੇਖਣਾ ਗਿਣਤੀ 'ਚ ਨਾ ਕਿਤੇ ਉਲਝ ਜਾਣਾ ਅਸੀਂ ਸਵਾ ਲੱਖ ਨਾਲ ਇਕ ਲੜਾਉਣ ਸਿੱਖੇ। ਸਾਨੂੰ ਖ਼ਾਲਸੇ ਨੇ ਦਿੱਤੀ ਜ਼ੁਰਅਤ ਐਸੀ ਅੱਖਾਂ ਮੌਤ ਦੀਆਂ ਅੱਖਾਂ ਵਿੱਚ ਪਾਉਨੇ ਆਂ, ਲੜ ਲੜ ਕੇ ਸ਼ਹੀਦੀਆਂ ਪਾ ਜਾਈਏ ਫੱਟ ਵੈਰੀ ਦੇ ਨਾ ਹੰਝੂਆਂ ਨਾਲ ਧੋਣ ਸਿੱਖੇ। ਤੁਸੀਂ ਧਰਮ ਬਦਲ ਲਓ ਆਪਣਾ ਲਾਲਚ ਦਿੱਤਾ ਸਾਨੂੰ ਬੜੇ ਤੋਹਫਿਆਂ ਦਾ, ਸਾਨੂੰ ਪਸੰਦ ਨਹੀਂਓ ਸਿੰਘਾਸਨ ਵੈਰੀ ਦਾ ਅਸੀਂ ਤਕੀਪੁਰੀਆ ਸਰਦਾਰ ਕਹਾਉਣ ਸਿੱਖੇ।

19. ਗੁਰੂ ਗੋਬਿੰਦ ਸਿੰਘ

ਮਾਤਾ ਗੁਜਰੀ ਲਾਲ ਐਸਾ ਜੰਮਿਆ ਏ ਜਿਹਦੇ ਵਰਗਾ ਨੀ ਕੋਈ ਹੋ ਸਕਦਾ, ਪਿਤਾ ਵੇਖੇ ਬੜੇ ਮੈਂ ਇਸ ਜੱਗ ਅੰਦਰ ਪਰ ਪਿਤਾ ਤੇਰੇ ਵਰਗਾ ਨੀ ਕੋਈ ਹੋ ਸਕਦਾ। ਕਿਲਾ ਆਨੰਦਪੁਰ ਦਾ ਗੁਰੂ ਜੀ ਛੱਡ ਆਏ ਨਾਲੇ ਛੱਡ ਆਏ ਕਈ ਨਿਸ਼ਾਨੀਆਂ ਵੀ, ਅਸੀਂ ਹੱਸ ਛੱਡਣੇ ਸਿੰਘਾਸਨ ਜਾਣਦੇ ਹਾਂ ਨਾ ਲਾਲਚ ਹੀਰਿਆਂ ਦਾ ਸਾਨੂੰ ਮੋਹ ਸਕਦਾ। ਤੀਰਾਂ ਤੇਰਿਆਂ ਸੀ ਦੁਸ਼ਮਣ ਵਿੰਨ੍ਹ ਛੱਡੇ ਵਿੰਨ੍ਹੇ ਵੱਡੇ ਤੋਂ ਵੱਡੇ ਪੈਂਦੇ ਖਾਨ ਏਥੇ, ਨੂਰ ਚਿਹਰੇ ਦਾ ਝੱਲਿਆ ਜਾਵੇ ਨਾ ਫਿਰ ਕੌਣ ਬਾਜਾਂ ਵਾਲੇ ਨੂੰ ਹੈ ਛੋਹ ਸਕਦਾ। ਕੋਸ਼ਿਸ਼ਾਂ ਤੁਹਾਡੀਆਂ ਨੇ ਹੀ ਤੁਹਾਨੂੰ ਬੜੀ ਵਾਰ ਹੈ ਇੱਥੇ ਸੀ ਨਿਰਾਸ਼ ਕੀਤਾ, ਖੋਹ ਲਵੋਗੇ ਤੁਸੀਂ ਖਾਣ ਪਾਣ ਸਾਡਾ ਪਰ ਸੂਰਬੀਰਤਾ ਸਿੱਖੀ ਦੀ ਨੀ ਕੋਈ ਖੋਹ ਸਕਦਾ। ਦੋ ਨੀਹਾਂ ਵਿੱਚ ਸੀ ਚੀਣੇ ਗਏ ਤੇ ਦੋ ਹੱਸ ਕੇ ਜੰਗ ਵੱਲ ਨੂੰ ਆਪੇ ਤੋਰ ਦਿੱਤੇ, ਤੁਸੀਂ ਰੀਸਾਂ ਬਾਣੇ ਤੋਂ ਕਰਦੇ ਹੋ ਪਰ ਕੁਰਬਾਨੀਆਂ 'ਚ ਕੌਣ ਬਰਾਬਰ ਹੈ ਖਲੋ ਸਕਦਾ। ਕਿਲੇ ਉੱਚੇ ਤੋਂ ਉੱਚੇ ਮੈਂ ਵੇਖ ਡਿੱਠੇ ਪਰ ਉਚਾਈ ਵਿੱਚ ਨਾ ਬਹੁਤੀ ਗੱਲ ਹੁੰਦੀ, ਸੀ ਜਿੱਥੇ ਇੰਦਰ ਵੀ ਸੀਸ ਝੁਕਾਉਂਦਾ ਰਿਹਾ ਆਨੰਦਪੁਰ ਵਰਗਾ ਨੀ ਕੋਈ ਹੋ ਸਕਦਾ।

20. ਤਲਵਾਰ

ਪਿਤਾ ਦਸ਼ਮੇਸ਼ ਤੇਰੀ ਬੋਲਾਂ ਤਲਵਾਰ ਮੈਂ, ਫੱਟ ਮੇਰੇ ਕਈ ਲੱਗੇ ਪਰ ਮੰਨੀ ਨਾ ਹਾਰ ਮੈਂ। ਤੁਸੀਂ ਚੌਦਾਂ ਜੰਗਾਂ ਲੜੀਆਂ ਪਰ ਪੱਲਾ ਨਾ ਮੈ ਛੱਡਿਆ, ਸਦਾ ਹੁਕਮ ਤੁਹਾਡੇ ਦਾ ਹੈ ਕੀਤਾ ਸਤਿਕਾਰ ਮੈ। ਤੁਸੀਂ ਸਭ ਕੁਝ ਵਾਰ ਕੇ ਜਦੋਂ ਮਾਛੀਵਾੜੇ ਆਏ ਸੀ, ਲਾਇਆ ਟਿੰਡ ਦਾ ਸਰਾਣਾਂ ਉਦੋਂ ਬੈਠੀ ਪੱਬਾਂ ਭਾਰ ਮੈਂ। ਮੈਨੂੰ ਗੜ੍ਹੀ ਚਮਕੌਰ ਵਿੱਚ ਕਿਆ ਦਿੱਤਾ ਤੁਸੀਂ ਹੌਂਸਲਾ, ਹੱਥ ਸਿਰ ਤੇ ਤੁਹਾਡਾ ਉਦੋਂ ਦਿੱਤੇ ਵੈਰੀ ਸੀ ਖਿਲਾਰ ਮੈਂ। ਵੱਜੀ ਚੋਟ ਨਗਾਰੇ ਤੇ ਸੀ ਜਦੋਂ ਮੈਨੂੰ ਕਿਤੇ ਸੁਣਦੀ, ਦਿਲ ਮੇਰਾ ਕਾਹਲਾ ਪਵੇ ਆਵਾਂ ਮਿਆਨ ਵਿੱਚੋਂ ਬਾਹਰ ਮੈਂ। ਹੋਇਆ ਕੀ ਘੋੜਾ ਤੇ ਅੱਜ ਬਾਜ਼ ਨਹੀਂ ਤੁਹਾਡੇ ਨਾਲ, ਕਿਵੇਂ ਕਰੇਗਾ ਵਾਰ ਕੋਈ ਖੜ੍ਹੀ ਸਾਹਮਣੇ ਹਾਂ ਢਾਲ ਮੈਂ। ਆਖਰੀ ਸਵਾਸਾਂ ਤੱਕ ਮੈਂ ਨਾਲ ਗਈ ਹਾਂ ਨੰਦੇੜ ਤਾਈਂ, ਹੁਣ ਤੇਰੇ ਬਾਝੋਂ ਪਾਤਸ਼ਾਹ ਕਿਵੇਂ ਕੱਟਾਂ ਦਿਨ ਚਾਰ ਮੈਂ।

21. ਕੀਮਤ

ਵਿਕਣ ਵਾਲੇ ਤਾਂ ਤੁਰ ਗਏ ਲੈ ਕੇ ਕੀਮਤ ਲੱਖਾਂ ਦੀ, ਅਸੀਂ ਅੱਜ ਵੀ ਵੇਖ ਲੈ ਬੈਠੇ ਕਰਦਾ ਗੋਡੀ ਕੱਖਾਂ ਦੀ। ਸਾਡਾ ਹੱਸਣਾ, ਰੋਣਾ, ਖੇਡਣਾ ਹੁਣ ਫੋਨ ਤੈਅ ਕਰਦਾ ਏ, ਲੋਕੋ ਬਣ ਕੇ ਰਹਿ ਗਈ ਗੱਲ ਬੁਝਾਰਤ ਪਿੱਪਲਾਂ ਸੱਥਾਂ ਦੀ। ਅਸੀਂ ਕਰਕੇ ਆਪਣਾ ਕੰਮ ਕੋਈ ਕੀਮਤ ਲੈ ਲੈਂਦੇ ਹਾਂ, ਪਰ ਕੀਮਤ ਕੌਣ ਚੁਕਾਏਗਾ ਦੱਸੋ ਇਹਨਾਂ ਦੋ ਹੱਥਾਂ ਦੀ। ਜੋ ਉੱਚ ਕੀਮਤੀ ਆਉਂਦੇ ਸੀ ਮੈਂ ਖ਼ਰੀਦ ਲਏ ਕਈ ਚਿਹਰੇ, ਪਰ ਮੈਥੋਂ ਕੀਮਤ ਤਾਰ ਨੀ ਹੋਣੀ ਕਦੇ ਉਹਦੀਆਂ ਅੱਖਾਂ ਦੀ। ਗੱਲ ਗੱਲ ਤੇ ਕੀਮਤ ਸਾਥੋਂ ਹੁਣ ਕਿਸਮਤ ਵੀ ਮੰਗਦੀ ਏ, ਅਸੀਂ ਸੁਪਨੇ ਵਿੱਚ ਹੀ ਕਰ ਸਕਦੇ ਹਾਂ ਸਵਾਰੀ ਰੱਥਾਂ ਦੀ। ਜਦੋਂ ਹੱਥ ਪੈਰ ਸਲਾਮਤ ਸੀ ਘਰ ਉਡੀਕ ਸੀ ਮੇਰੀ ਕਰਦਾ, ਹੁਣ ਉਡੀਕ ਨਾ ਕਰੇ ਕੋਈ ਪਈਆਂ ਸਿਵਿਆਂ ਵਿਚ ਲੱਤਾਂ ਦੀ।

22. ਦਿਲ ਤੇ ਮੈਂ

ਮੈਂ ਰਾਤਾਂ ਨੂੰ ਹੁਣ ਮੰਦਰ ਉੱਸਰਦੇ ਵੇਖੇ ਨੇ, ਤੇ ਦਿਨ ਦਿਹਾੜੇ ਇਨਸਾਨ ਗਿਰਦੇ ਵੇਖੇ ਨੇ। ਜੋ ਦਿਲ ਵਿੱਚ ਬੈਠੇ ਸੀ ਬੜੀ ਪੱਕੀ ਥਾਂ ਬਣਾ ਕੇ, ਮੈਂ ਅੱਜ ਉਹ ਸਖਸ਼ ਹੱਥਾਂ ਚੋਂ ਕਿਰਦੇ ਵੇਖੇ ਨੇ। ਉਹ ਅਕਸਰ ਘਰ ਵਿੱਚ ਵੀ ਇਕੱਲੇ ਹੀ ਰਹਿੰਦੇ ਨੇ, ਪਰ ਕਦੇ ਕਦੇ ਮੈਂ ਵਿੱਚ ਵੀਰਾਨ ਵੀ ਫਿਰਦੇ ਵੇਖੇ ਨੇ। ਅਣਜਾਣ ਤਾਂ ਸਾਨੂੰ ਹਰ ਮੋੜ ਤੇ ਹੀ ਨੇ ਮਿਲ ਪੈਂਦੇ, ਜੋ ਦਿਲ ਨੂੰ ਚੰਗੇ ਲੱਗਦੇ ਉਹ ਕਾਫ਼ੀ ਚਿਰਦੇ ਵੇਖੇ ਨੇ। ਲੱਗੀ ਤੋਂ ਜੋ ਨਿੱਤ ਹੀ ਤਾੜੀ ਮਾਰ ਕੇ ਆਉਂਦੇ ਸੀ, ਟੁੱਟੀ ਵੇਲੇ ਉਹ ਮੈਂ ਅੱਖ ਬਚਾ ਕੇ ਮਿਲਦੇ ਵੇਖੇ ਨੇ। ਹਿਸਾਬ ਤੋਂ ਪਰੇ ਹੈ ਜਾਇਦਾਦ ਜਿਹੜੇ ਸਾਧੂਆਂ ਦੀ, ਸਮਾਂ ਆਉਣ ਤੇ ਉਹ ਚਾਰਦਿਵਾਰੀ ਘਿਰਦੇ ਵੇਖੇ ਨੇ। ਅਮੀਰ ਲੁੱਟ ਕੇ ਖਾ ਜਾਏ ਦੇਸ਼ ਨੂੰ ਫ਼ਰਕ ਨਹੀਂ ਪੈਂਦਾ, ਜੋ ਢਿੱਡੋਂ ਭੁੱਖੇ ਨੇ ਇਨਾਮ ਰੱਖੇ ਉਹਨਾਂ ਦੇ ਸਿਰਦੇ ਵੇਖੇ ਨੇ। ਬੇਸ਼ੱਕ ਅਸੀਂ ਸ਼ਕਲੋਂ ਕਿਸੇ ਨੂੰ ਨਾ ਕਰ ਸਕੇ ਪ੍ਰਭਾਵਿਤ, ਜੋ ਦਿਲ ਨੂੰ ਪੜ੍ਹ ਲੈਂਦੇ ਉਹ ਤਕੀਪੁਰ ਨੂੰ ਮਿਲਦੇ ਵੇਖੇ ਨੇ।

23. ਨਕਲੀ

ਉਹਨਾਂ ਦੇ ਕਮਰੇ ਵਿਚ ਇੱਕ ਕੋਨੇ ਤੇ ਕੁਝ ਨਕਲੀ ਫੁੱਲ ਪਏ ਸਨ ਮੈਂ ਉਹਨਾ ਦੇ ਨਜ਼ਦੀਕ ਹੀ ਬੈਠਾ ਸੀ ਪਰ ਉਹਨਾ ਦੀ ਖ਼ੁਸ਼ਬੂ ਮੇਰੇ ਨਜ਼ਦੀਕ ਨਹੀਂ ਸੀ ਫਿਰ ਏਧਰ ਉਧਰ ਵੇਖਦਿਆਂ ਮੇਰੀ ਨਜ਼ਰ ਸ਼ੋਅ-ਕੇਸ ਚ ਪਏ ਇਕ ਚਿੜੀਆਂ ਦੇ ਜੋੜੇ ਤੇ ਪਈ ਉਹਨਾਂ ਦੇ ਖੁੱਲੇ ਪਰਾਂ ਨੂੰ ਵੇਖ ਕੇ ਲੱਗ ਰਿਹਾ ਸੀ ਕੇ ਇਹ ਗ਼ੁਲਾਮ ਨਹੀਂ ਪਰ ਉਹਨਾਂ ਦੀ ਚੀਂ ਚੀਂ ਮੈਨੂੰ ਕਿਸੇ ਵੀ ਕੋਨੇ ਤੋਂ ਸੁਣਾਈ ਨਹੀਂ ਸੀ ਦੇ ਰਹੀ ਸਮਾਂ ਕਾਫੀ ਹੋ ਗਿਆ ਸੀ ਬੈਠਿਆਂ ਨੂੰ ਸੋਚਿਆ ਹੁਣ ਘਰ ਵੱਲ ਨੂੰ ਮੁੜਿਆ ਜਾਵੇ ਕਮਰੇ ਵਿੱਚੋਂ ਨਿਕਲ ਕੇ ਮੈਂ ਵਿਹੜੇ ਵੱਲ ਜਦ ਆਇਆ ਕਿ ਵੇਖਦਾਂ ਕੁਝ ਬੱਚੇ ਨਕਲੀ ਪੈੱਨ ਕਾਪੀਆਂ ਤੇ ਨਕਲੀ ਖਾਣੇ ਦੀਆਂ ਚੀਜ਼ਾਂ ਨਾਲ ਖੇਡ ਰਹੇ ਸਨ ਹੁਣ ਮੈਂ ਉਹਨਾਂ ਤੋਂ ਆਉਣ ਦੀ ਆਗਿਆ ਮੰਗੀ ਤੇ ਕੋਲ ਖੜੀ ਵੱਡੀ ਬੇਬੇ ਦੇ ਜਾ ਪੈਰੀਂ ਹੱਥ ਲਾਏ ਤੇ ਬੇਬੇ ਨੇ ਮੈਨੂੰ ਅਸਲੀ ਅਸੀਸਾਂ ਨਾਲ ਨਵਾਜਿਆ, ਹੁਣ ਘਰ ਨੂੰ ਆਉਂਦਾ ਮੈਂ ਰਾਹ ਵਿਚ ਬਸ ਇਹੀ ਸੋਚ ਰਿਹਾ ਸੀ ਕਿ ਸਾਡੇ ਘਰਾਂ ਅੰਦਰ ਹਾਲੇ ਹੋਰ ਕੀ ਕੀ ਨਕਲੀ ਆਵੇਗਾ।

24. ਕੁਦਰਤ

ਇਹਨਾਂ ਪੱਤਿਆਂ ਨੇ ਅੱਜ ਕਿਉਂ ਰੌਲਾ ਪਾਇਆ ਏ, ਲੱਗਦਾ ਏ ਇਹਨਾਂ ਚ ਕੋਈ ਅੱਜ ਨਵਾਂ ਆਇਆ ਏ। ਵੇਖੋ ਫੁੱਲਾਂ ਨੇ ਮਹਿਕ ਖਿਲਾਰੀ ਹਰਿਆਵਲ ਚਾਰੇ ਪਾਸੇ, ਪਾਣੀ ਜਿਵੇਂ ਇਹਨਾਂ ਨੂੰ ਕਿਸੇ ਬੁੱਕਾਂ ਨਾਲ ਪਿਆਇਆ ਏ। ਕੋਈ ਮੀਹਾਂ ਵਿਚ ਨੱਚਦਾ ਤੇ ਕੋਈ ਹਵਾਵਾਂ ਵਿਚ ਗਾਉਂਦਾ, ਅੱਜ ਬੱਦਲ ਜਿਵੇਂ ਇਹਨਾਂ ਤੇ ਖ਼ੁਸ਼ੀਆਂ ਦਾ ਛਾਇਆ ਏ। ਮੈਨੂੰ ਥੋੜਾ ਥੋੜਾ ਸੁਣਿਆ ਤੇ ਦਿਲ ਵਿਚ ਉਤਰ ਗਿਆ, ਜਿਵੇਂ ਗੀਤ ਕਿਸੇ ਨੇ ਦੂਰ ਮਿੱਠਾ ਜਿਹਾ ਗਾਇਆ ਏ। ਅੱਜ ਝੂਮਣ ਟਾਹਣੀਆਂ ਤੇ ਖਿੜ ਖਿੜ ਹੱਸਣ ਪੱਤੀਆਂ, ਲੱਗੇ ਜਿਵੇਂ ਰੁੱਖਾਂ ਨੂੰ ਕਿਸੇ ਗਲ਼ ਨਾਲ ਲਾਇਆ ਏ। ਕਿਤੇ ਮੋਰ ਨੇ ਪੈਲਾਂ ਪਾਉਂਦੇ ਤੇ ਕਿਤੇ ਚਿੜੀਆਂ ਕੂਕਦੀਆਂ, ਮੇਰੇ ਦਿਲ ਨੂੰ ਚੰਗਾ ਲੱਗਦਾ ਜੋ ਗੀਤ ਇਹਨਾਂ ਗਾਇਆ ਏ। ਕੀ ਮੁੱਲ ਹੈ ਸਾਡੇ ਕੋਲ ਇਸ ਕੁਦਰਤ ਨੂੰ ਦੇਣ ਲਈ, ਬਸ ਆਪਣੇ ਲਈ ਅਸੀਂ ਇਹਦਾ ਉਜਾੜਾ ਪਾਇਆ ਏ। ਆਓ ਰਲ ਮਿਲ ਚੁੱਕੀਏ ਬੀੜਾ ਕੁਦਰਤ ਨੂੰ ਸਾਂਭਣ ਦਾ, ਵੇਖ 'ਤਕੀਪੁਰ' ਕੁਦਰਤ ਨੇ ਸਾਨੂੰ ਕਿੰਨਾ ਕੁਝ ਵਖਾਇਆ ਏ।

25. ਮਹਿਫ਼ਿਲ

ਕਿਸੇ ਨੂੰ ਮਹਿਫ਼ਿਲ ਵਿਚ ਆਉਣਾ ਮੇਰਾ ਚੰਗਾ ਨਹੀਂ ਲੱਗਾ, ਤੇ ਫਿਰ ਨਜ਼ਰਾਂ 'ਚ ਨਜ਼ਰ ਪਾਉਣਾ ਮੇਰਾ ਚੰਗਾ ਨਹੀਂ ਲੱਗਾ। ਹੁਣ ਵਕਤ ਵੀ ਤਾਅਨੇ ਦੇਵੇ ਕਿਉਂ ਮੈਨੂੰ ਵੀ ਕੀਤਾ ਖ਼ਰਾਬ, ਉੱਥੇ ਕਿਸੇ ਨੂੰ ਗਲ ਨਾਲ ਲਾਉਣਾ ਮੇਰਾ ਚੰਗਾ ਨਹੀਂ ਲੱਗਾ। ਤਿੱਖੀ ਨਜ਼ਰ ਸੀ ਉਹਨਾਂ ਦੀ ਮੇਰੇ ਤੇ ਤਪਦੇ ਸੂਰਜ ਵਾਂਗ, ਕਿਸੇ ਨੂੰ ਮੱਥੇ ਤੇ ਚੰਨ ਟਕਾਉਣਾ ਮੇਰਾ ਚੰਗਾ ਨਹੀਂ ਲੱਗਾ। ਘਰੋਂ ਤਾਂ ਸੋਚ ਕੇ ਤੁਰਿਆ ਸੀ ਉਹਨਾਂ ਨੂੰ ਹੋਵੇਗੀ ਉਡੀਕ, ਕਿਸੇ ਨੂੰ ਸਰਦਲ ਤੇ ਪੈਰ ਪਾਉਣਾ ਮੇਰਾ ਚੰਗਾ ਨਹੀਂ ਲੱਗਾ। ਜੋ ਹਰ ਕੰਮ ਚ ਹਰ ਥਾਂ ਤੇ ਮੈਥੋਂ ਹਾਂ ਹੀ ਸੁਨਣਾ ਚਾਹੁੰਦੇ ਸੀ, ਪਰ ਅੱਜ ਹਾਂ 'ਚ ਹਾਂ ਮਿਲਾਉਣਾ ਮੇਰਾ ਚੰਗਾ ਨਹੀਂ ਲੱਗਾ। ਜੋ ਚਿਹਰੇ ਦੀ ਉਦਾਸੀ ਪੜ ਕੇ ਸਾਡਾ ਹਾਲ ਸਮਝ ਲੈਂਦੇ ਸੀ, ਅੱਜ ਉਹਨਾਂ ਨੂੰ ਹੱਸ ਕੇ ਬਲਾਉਣਾ ਮੇਰਾ ਚੰਗਾ ਨਹੀਂ ਲੱਗਾ। ਅਕਸਰ ਹੁੰਦੀ ਦੇਰੀ ਤੋਂ ਉਹ ਮੇਰੇ ਨਾਲ ਨਰਾਜ਼ ਵੀ ਹੁੰਦੇ ਸੀ, ਪਰ ਅੱਜ ਸਮੇਂ ਤੋਂ ਪਹਿਲਾਂ ਆਉਣਾ ਮੇਰਾ ਚੰਗਾ ਨਹੀਂ ਲੱਗਾ। ਕੁਝ ਗੱਲਾਂ ਦਿਲ ਵਿੱਚ ਰੱਖ ਕੇ ਵਾਪਸ ਤਾਂ ਮੁੜ ਆਇਆ ਹਾਂ, ਉੱਥੋਂ ਆਉਣ 'ਤੇ ਹੱਥ ਜੋੜ ਆਉਣਾ ਮੇਰਾ ਚੰਗਾ ਨਹੀਂ ਲੱਗਾ।

26. ਉਡੀਕ

ਆਖਰੀ ਸਾਹਾਂ ਤੱਕ ਤੇਰੀ ਉਡੀਕ ਕਿਉਂ ਨਾ ਹੁੰਦੀ ਮੈਨੂੰ ਤੇਰੇ ਨੈਣਾਂ ਵਿਚਲੇ ਹੰਝੂਆਂ ਨੇ ਹੀ ਤਾਂ ਮੇਰੇ ਬਲ ਰਹੇ ਹੱਥਾਂ ਨੂੰ ਝੁਲਸਣ ਤੋਂ ਬਚਾਉਣਾ ਦੀ ਕੋਸ਼ਿਸ਼ ਕਰਨੀ ਸੀ, ਫਿਰ ਮੈਂ ਤੇਰੀ ਉਡੀਕ ਕਿਉਂ ਨਾ ਕਰਦਾ ਮੇਰੇ ਸੜ-ਭੁੱਜ ਰਹੇ ਦਿਲ ਨੇ ਤੈਨੂੰ ਅਲਵਿਦਾ ਵੀ ਤਾਂ ਕਹਿਣਾ ਸੀ।

27. ਉਮੀਦ

ਕਈਆਂ ਨੂੰ ਉਮੀਦ ਸੀ ਕਿ ਮੈਂ ਕੁਝ ਵੀ ਬਣ ਸਕਦਾ ਨਹੀਂ ਕੱਖ ਭੰਨ ਕੇ ਦੂਹਰਾ ਵੀ ਕਰ ਸਕਦਾ ਨਹੀਂ। ਮੈਂ ਉਹਨਾਂ ਤੋਂ ਮੁਆਫ਼ੀ ਚਾਹੁੰਦਾ ਹਾਂ, ਕਿ ਮੈਂ ਉਹਨਾਂ ਦੀ ਉਮੀਦ 'ਤੇ ਖ਼ਰਾ ਉਤਰ ਨਾ ਸਕਿਆ! ਸਭ ਕੁਝ ਹੀ ਉਲਟਾ ਹੋਇਆ ਜੋ ਜੋ ਉਹਨਾਂ ਮੇਰੇ 'ਚ ਤੱਕਿਆ, ਨਾ ਮੈਂ ਹਾਰਿਆ ਨਾ ਮੈਂ ਥੱਕਿਆ! ਹਾਂ ਹਾਂ! ਮੈਂ ਉਹਨਾਂ ਤੋਂ ਮੁਆਫ਼ੀ ਚਾਹੁੰਣਾਂ, ਕਿ ਮੈਂ ਉਹਨਾਂ ਦੀ ਉਮੀਦ 'ਤੇ ਖ਼ਰਾ ਉਤਰ ਨਾ ਸਕਿਆ!

28. ਪੈਰਾਂ ਦੇ ਨਿਸ਼ਾਨ

ਟਾਹਲੀ ਦੀ ਛਾਂ ਹੇਠਾਂ ਪਏ ਪੈਰਾਂ ਦੇ ਨਿਸ਼ਾਨ ਪਏ ਦੱਸਦੇ ਨੇ, ਕੋਈ ਆਇਆ ਸੀ 'ਤੇ ਉਡੀਕ ਕਰਦਾ ਕਰਦਾ ਚਲਾ ਗਿਆ ਜਿੱਥੋਂ ਤੱਕ ਟਾਹਲੀ ਦੀ ਛਾਂ ਦਾ ਪਰਛਾਵਾਂ ਸੀ ਉਹਦੇ ਕਦਮ ਵੀ ਉੱਥੋਂ ਤੱਕ ਹੀ ਰਹੇ ਇਕ ਵੀ ਕਦਮ ਉਹਨੇ ਧੁੱਪ ਦੀ ਦਹਿਲੀਜ਼ ਤੇ ਨਹੀਂ ਰੱਖਿਆ ਟਾਹਲੀ ਦਾ ਕੋਈ ਵੀ ਪੱਤਾ ਜਾਂ ਟਾਹਣੀ ਜ਼ਮੀਨ ਤੇ ਨਹੀਂ ਦਿਸ ਰਿਹਾ ਤੇ ਪੈਰਾਂ ਦੇ ਨਿਸ਼ਾਨ ਵੀ ਦੂਰੀ ਬਰਾਬਰ ਦੀ ਬਣਾਈ ਬੈਠੇ ਨੇ, ਹੁਣ ਲੱਗਦੇ ਉਡੀਕ ਤਾਂ ਸੀ ਕਿਸੇ ਨੂੰ ਮੇਰੀ ਪਰ ਉਹ ਗੁੱਸੇ ਵਾਲੀ ਨਹੀਂ ਦੁਪਹਿਰ ਦੇ ਤਪਦੇ ਪਲਾਂ ਵਿਚ ਵੀ ਦਿਲ ਨੂੰ ਠੰਡਕ ਦੇਣ ਵਾਲੀ ਹੁਣ ਮੈਂ ਉਹਨਾਂ ਪੈਰਾਂ ਦੇ ਨਿਸ਼ਾਨਾਂ ਨੂੰ ਵਾਰ ਵਾਰ ਵੇਖ ਰਿਹਾ ਹਾਂ ਜੋ ਖੱਬੇ ਵੱਲ ਨੂੰ ਮੁੜਦੇ ਨੇ ਤੇ ਮੈਨੂੰ ਕਹਿ ਰਹੇ ਹੋਣ ਤੂੰ ਸੱਜੇ ਵੱਲ ਨੂੰ ਜਾ ਤੇ ਕੱਲ ਸਮੇਂ ਸਿਰ ਆ ਜਾਂਵੀ।

29. ਸਵੇਰ

ਮੈਂ ਸਾਰੀ ਰਾਤ ਉਸ ਮੋੜ 'ਤੇ ਖੜ ਕੇ ਤੈਨੂੰ ਉਡੀਕਦਾ ਰਿਹਾ ਕੇ ਤੂੰ ਹੁਣ ਆਈ, ਹੁਣ ਆਈ..... ਪਰ ਤੂੰ ਆਪਣੇ ਸਮੇਂ 'ਤੇ ਹੀ ਆਈ ਪਰ ਆ ਕੀ! ਤੂੰ ਤਾਂ ਇਕੱਲੀ ਆਉਣ ਦਾ ਵਾਅਦਾ ਕੀਤਾ ਸੀ? ਤੇ ਆਪਣੀ ਪਿੱਠ ਪਿੱਛੇ ਮਘਦਾ ਹੋਇਆ ਸੂਰਜ ਵੀ ਲੈ ਆਈ, ਚਲ ਆ ਜੇ ਦੇਰ ਨਾਲ ਵੀ ਆਈ ਏਂ ਫੜ ਉਂਗਲ ਹੁਣ ਘਰ ਨੂੰ ਚੱਲੀਏ, ਨਾਲੇ ਤੈਨੂੰ ਪਤੇ ਤੇਰੇ ਆਉਣ ਤੋਂ ਪਹਿਲਾਂ ਬੇਬੇ ਗੁਰੂ ਵੀ ਜਾ ਆਈ ਹੋਣੀ ਏ ਪਰ ਇਕ ਗੱਲ ਤਾਂ ਪੱਕੀ ਏ ਚਾਹ ਉਹ ਤੇਰੀ ਉਡੀਕ ਤੋਂ ਬਾਅਦ ਹੀ ਬਣਾਉਂਦੀ ਏ, ਮੈਂ ਵੀ ਬਸ ਤੇਰੀ ਏਸੇ ਹੀ ਗੱਲ ਦਾ ਕਾਇਲ ਹਾਂ, ਕਿ ਤੂੰ ਸਾਰਿਆਂ ਦੇ ਘਰ ਇੱਕੋ ਵੇਲੇ ਤੇ ਦੱਬੇ ਪੈਰੀਂ ਹੀ ਜਾਨੀਂ ਏਂ।

30. ਕੋਸ਼ਿਸ਼

ਮੈਂ ਤੇਰੇ ਤੋਂ ਤੇਰਾ ਆਪਾ ਲੈਣ ਦੀ ਕੋਸ਼ਿਸ਼ ਕਰ ਰਿਹਾਂ। ਜ਼ੁਬਾਨੋਂ ਚੁੱਪ ਦਿਲੋਂ ਕੁਝ ਕਹਿਣ ਦੀ ਕੋਸ਼ਿਸ਼ ਕਰ ਰਿਹਾਂ। ਉਹ ਇਕਦਮ ਛੱਡ ਗਏ ਤਾਂ ਖ਼ੁਦ ਨੂੰ ਕਿਵੇਂ ਸੰਭਾਲਾਂਗਾ, ਥੋੜੀ ਥੋੜੀ ਪੀੜ ਹੁਣੇ ਹੀ ਸਹਿਣ ਦੀ ਕੋਸ਼ਿਸ਼ ਕਰ ਰਿਹਾਂ। ਸਾਫ਼ ਪਤਾ ਹੈ ਹੱਥਾਂ 'ਤੇ ਕਿਸੇ ਹੋਰ ਦੀ ਮਹਿੰਦੀ ਲੱਗਣਾ ਏਂ, ਫਿਰ ਵੀ ਕੁਝ ਪਲ ਮੈਂ ਕੋਲ ਰਹਿਣ ਦੀ ਕੋਸ਼ਿਸ਼ ਕਰ ਰਿਹਾਂ। ਹੁਣ ਕੋਈ ਰਸਤਾ ਨੀ ਦਿਸਦਾ ਉਹਦੀ ਸਰਦਲ ਤੇ ਜਾਣ ਦਾ, ਫਿਰ ਵੀ ਬਣ ਦਰਿਆ ਉਸ ਵੱਲ ਵਹਿਣ ਦੀ ਕੋਸ਼ਿਸ਼ ਕਰ ਰਿਹਾਂ। ਉਹ ਸ਼ੀਸ਼ੇ ਦੇ ਵਿਚ ਸੂਰਤ ਭਾਂਵੇ ਕਿਸ ਹੋਰ ਦੀ ਤੱਕਦੇ ਨੇ, ਮੈਂ ਬਣ ਸੁਰਮਾ ਅੱਖਾਂ ਵਿਚ ਪੈਣ ਦੀ ਕੋਸ਼ਿਸ਼ ਕਰ ਰਿਹਾਂ। ਜ਼ਮਾਨੇ ਦੀਆਂ ਨਜ਼ਰਾਂ ਵੀ ਨੇ ਸਾਡੇ ਤੇ ਇਸ ਲਈ ਮੈਂ ਦਿਲਾ, ਹੋ ਜਿਸਮਾਂ ਤੋਂ ਦੂਰ ਨਜ਼ਰਾਂ ਨਾਲ ਖਹਿਣ ਦੀ ਕੋਸ਼ਿਸ਼ ਕਰ ਰਿਹਾਂ। ਉਦਾਸੀ ਤਾਂ ਕਦੋਂ ਵੀ ਆ ਸਕਦੀ ਏ 'ਤਕੀਪੁਰ' ਉਹਦੇ ਚਿਹਰੇ ਤੇ, ਮੈਂ ਬਣ ਹਾਸਾ ਉਹਦੇ ਹੋਠਾਂ ਤੇ ਬਹਿਣ ਦੀ ਕੋਸ਼ਿਸ਼ ਕਰ ਰਿਹਾਂ।

31. ਜਖ਼ਮ

ਸਾਡੇ ਕਿਸੇ ਦੀ ਯਾਦ 'ਚ ਦਿਲ ਤੇ ਜਖ਼ਮ ਵੀ ਰਿਸਦੇ ਨੇ। ਕਿਉਂ ਟੁੱਟੇ ਕੱਚ ਨੂੰ ਬਸ ਸਾਡੇ ਪੈਰ ਹੀ ਦਿਸਦੇ ਨੇ। ਜਿਸ ਦੇ ਹੁਸਨ ਲਈ ਕਰ ਦਿੱਤਾ ਸੀ ਨਿਲਾਮ ਖ਼ੁਦ ਨੂੰ, ਖੜ ਵੇਖ ਰਹੇ ਹਾਂ ਦੂਰ ਉਹ ਕਿਹੜੀ ਕੀਮਤ ਤੇ ਵਿਕਦੇ ਨੇ। ਜੋ ਸਾਨੂੰ ਸਮੁੰਦਰ ਮੰਨ ਕੇ ਆਪ ਮੁੜ ਗਏ ਸੀ ਕਿਨਾਰੇ ਤੋਂ, ਵੇਖਦਿਆਂ ਹੋਰਾਂ ਦੇ ਵਹਾਅ 'ਚ ਉਹ ਕਿੱਥੋਂ ਤੱਕ ਟਿਕਦੇ ਨੇ। ਤੂੰ ਮੂੰਹ-ਨੇਰੇ ਆਉਂਦੀ ਸੀ ਤੇ ਖੜੇ ਪੈਰ ਹੀ ਮੁੜ ਜਾਂਦੀ ਸੀ, ਹੁਣ ਦੱਸ ਤੇਰੇ ਵਿਹੜੇ ਦੇ ਸੂਰਜ ਤੇਰੇ ਆਖੇ ਛਿਪਦੇ ਨੇ। ਕਿਸੇ ਤੋਂ ਛੱਲਾ ਕਿਸੇ ਤੋਂ ਗਾਨੀ ਏ ਪ੍ਰਮਾਣ ਕਿਹੜੀ ਯੋਗਤਾ ਦੇ, ਦੱਸ ਤੇਰੇ ਤੋਂ ਤੇਰੇ ਅਕਸ ਕੁਆਰੇ ਹੁਣ ਕੀ ਪਏ ਸਿੱਖਦੇ ਨੇ। ਅਸੀਂ ਤਾਂ ਕਦੋਂ ਦਾ ਛੱਡ ਚੁੱਕੇ ਹਾਂ ਸਰੀਰ ਕਿਸੇ ਦੀ ਯਾਦ 'ਚ, ਉਹ ਚਾਲਾਂ ਸਾਡੀ ਮੌਤ ਦੀਆਂ ਖੌਰੇ ਕੀ-ਕੀ ਮਿਥਦੇ ਨੇ। ਅਸੀਂ ਕੁਝ ਭੁੱਲਦੇ ਤਾਂ ਸਾਡੀ ਰੂਹ ਸੀ ਨਿਚੋੜਨ ਤੱਕ ਜਾਂਦੀ, ਨਵੇਂ ਸੱਜਣ ਹੁਣ ਤੇਰੀ ਘੁਰੀ ਤੋਂ ਦੱਸ ਕਿੰਨੇ ਕੁ ਲਿਫ਼ਦੇ ਨੇ। ਅਸੀਂ ਤਾਂ ਸੋਚਿਆ ਸੀ ਨਾਲ ਕਲਮ ਲਿਖਾਂਗੇ ਇਸ਼ਕ ਤੇਰਾ, ਪਰ ਹੰਝੂ 'ਤਕੀਪੁਰ' ਦੇ ਕਾਗਜ਼ 'ਤੇ ਤੇਰੀ ਬੇਵਫਾਈ ਲਿਖਦੇ ਨੇ।

32. ਅਧੂਰੀ ਚਾਹਤ

ਧੁੱਪ ਬਣ ਕੇ ਤੇਰੇ 'ਚੋਂ ਕੁਝ ਵੀ ਸੋਖ ਨਾ ਸਕਿਆ। ਜਿਸ ਮੋੜ ਤੇ ਸੋਚਿਆ ਸੀ ਤੈਨੂੰ ਰੋਕ ਨਾ ਸਕਿਆ। ਪਾਉਣ ਲਈ ਤੈਨੂੰ ਏਨਾ ਗਹਿਰਾ ਉੱਤਰ ਗਿਆ, ਭੁੱਲਣ ਲਈ ਤੈਨੂੰ ਕੁਝ ਵੀ ਸੋਚ ਨਾ ਸਕਿਆ। ਮੇਰੇ 'ਚ ਮੌਜੂਦਗੀ ਕਿਸੇ ਦੀ ਏਨੀ ਹੋ ਗਈ, ਮੈਂ ਆਪਣੇ ਆਪ ਦਾ ਬਣ ਕੋਚ ਨਾ ਸਕਿਆ। ਸੰਜੀਦਗੀ ਨਾਲ ਵਛਾਇਆ ਸੀ ਜਾਲ ਇਸ਼ਕ ਦਾ, ਫਿਰ ਵੀ ਤੇਰੀ ਪਰਛਾਈ ਨੂੰ ਦਬੋਚ ਨਾ ਸਕਿਆ। ਤਹਿ ਹੀ ਲਾਉਂਦਾ ਰਿਹਾ ਤੇਰੀ ਆਪਣੇ ਆਪ 'ਚ, ਇਕ ਪਲ ਵੀ ਓਹਲੇ ਹੋ ਤੈਨੂੰ ਖਰੋਚ ਨਾ ਸਕਿਆ। ਮੈਂ ਵੇਂਹਦਾ ਰਿਹਾ ਹੋਰਾਂ ਦੀ ਗਾਚਣੀ ਦੇ ਰੰਗ ਨੂੰ ਹੀ, ਪਰ ਆਪਣੀ ਪੈਂਤੀ ਲਈ ਤੈਨੂੰ ਪੋਚ ਨਾ ਸਕਿਆ। ਖੂਹ ਮਿਲਦੇ ਸਾਰ ਹੀ ਉਹ ਸੀ ਸਾਥੋਂ ਵਿੱਛੜ ਗਏ, 'ਤਕੀਪੁਰ' ਪਿਆਸੇ ਹੋਠਾਂ ਲਈ ਬਣ ਓਕ ਨਾ ਸਕਿਆ।

33. ਰਾਹ

ਰਾਹ ਤੁਰਦਿਆਂ ਹੀ ਬਣਦੇ ਨੇ 'ਤੇ ਕਾਸ਼ ! ਜੇ ਮੈਂ ਤੇਰੀਆਂ ਪੈੜਾਂ ਤੇ ਪੈਰ ਰੱਖਦਾ ਹੁੰਦਾ ਤੇ ਖੌਰੇ ਹੁਣ ਤੱਕ ਤਾਂ ਰਾਹ ਬਣ ਹੀ ਜਾਣਾਂ ਸੀ। ਪਰ ਇੰਝ ਵੀ ਨਹੀਂ ਕੇ ਮੈਂ ਕੋਸ਼ਿਸ਼ ਨਹੀਂ ਕੀਤੀ ਪਹਿਲਾਂ-ਪਹਿਲਾਂ ਤਾਂ ਮੈਂ ਤੇਰੀਆਂ ਪੈੜਾਂ ਤੇ ਆਪਣੇ ਪੈਰਾਂ ਦਾ ਮੇਚਾ ਹੀ ਲੈਂਦਾ ਰਿਹਾ, ਕੇ ਜੇ ਕਿਧਰੇ ਉੱਨੀ ਇੱਕੀ ਦਾ ਵੀ ਫ਼ਰਕ ਰਹਿ ਗਿਆ ਤਾਂ ਤੇਰੇ ਪਿੰਡ ਦੇ ਰਾਹ ਵਿਚਲੇ ਸਰਕੰਡਿਆਂ ਨੇ ਮੂੰਹ ਜੋੜ ਗੱਲਾਂ ਕਰਨੀਆਂ ਨੇ ਕੀ ਤੇਰੀਆਂ ਪੈੜਾਂ 'ਤੇ ਕਿਸੇ ਅਜਨਬੀ ਦੇ ਪੈਰ ਕਿਵੇਂ ਪਰ ਹੁਣ ਏਥੇ ਏਨੀ ਗੱਲ ਚੰਗੀ ਹੋ ਗਈ ਤੇਰੀਆਂ ਪੈੜਾਂ 'ਤੇ ਮੇਰੇ ਪੈਰਾਂ ਦਾ ਮੇਚ ਠੀਕ ਬਹਿ ਗਿਆ। 'ਤੇ ਹੁਣ ਮੈਂ ਸ਼ੁਰੂ ਕਰਨ ਵਾਲਾ ਸੀ ਸਰਕੰਡਿਆਂ ਦੀ ਅੱਖ ਤੋਂ ਬਚਾ ਤੇਰੀਆਂ ਪੈੜਾਂ ਪਿੱਛੇ ਆਪਣੇ ਪੈਰਾਂ ਦਾ ਸਫ਼ਰ ਪਰ ਕੰਧਾਂ ਦੇ ਕੰਨਾਂ ਨੇ ਮੇਰੇ ਪੈਰਾਂ ਦਾ ਸਫ਼ਰ ਸ਼ੁਰੂਆਤ ਤੋਂ ਪਹਿਲਾਂ ਹੀ ਮੁਕਾ ਮੇਰੀ ਝੋਲੀ ਪਾ ਦਿੱਤਾ ਮੈਂ ਬੱਸ ਏਨਾ ਹੀ ਸੁਣਿਆ ਉਹ ਜਦੋਂ ਵੀ ਮੇਰੇ ਵੱਲ ਆਈ ਰਾਹ ਵਿੱਚ ਕਿਸੇ ਦੀ ਉਡੀਕ ਰੱਖ ਕੇ ਆਈ।

34. ਨਾਲ-ਨਾਲ

ਹਾਲੇ ਬੇਸ਼ੱਕ ਤੇਰੇ ਇਹਨਾਂ ਨੈਣਾਂ ਦੇ ਵਿਚ ਸੁਰਮਾ ਏ। ਪਰ ਸਾਡੀ ਯਾਦ ਚ ਕਦੇ ਏਨੇ ਹੰਝੂ ਬਣ ਕੇ ਖੁਰਨਾ ਏ। ਮੇਰੀ ਰੂਹ ਦਾ ਪਰਛਾਵਾਂ ਤੇਰੇ ਕਦਮਾਂ ਹੇਠ ਹੀ ਹੋਵੇਗਾ, ਤੂੰ ਜਿਹੜੇ ਜਿਹੜੇ ਰਾਹਾਂ ਤੇ ਕਿਸੇ ਨਾਲ ਵੀ ਤੁਰਨਾ ਏ। ਅਸੀਂ ਹੀ ਜਾਣਦੇ ਹਾਂ ਤੇਰੀ ਇਕ ਝਲਕ ਦੀ ਕੀਮਤ, ਲੋਕ ਭਾਂਵੇ ਮੈਨੂੰ ਆਖਦੇ ਤੂੰ ਖਾਲੀ ਹੱਥ ਹੀ ਮੁੜਨਾ ਏ। ਤੇਰੀ ਯਾਦ ਤੋਂ ਸਿਵਾਏ ਕੁਝ ਹੋਰ ਸਾਨੂੰ ਵੀ ਨਹੀਂ ਪਤਾ, ਤੇਰੇ ਪਿੰਡ ਦੀ ਨਹਿਰ ਚ ਹਾਲੇ ਸਾਡਾ ਕੀ ਕੀ ਰੁੜਨਾ ਏ। ਕਿਸੇ ਦਾ ਟੁੱਟਿਆ ਟੁਕੜਾ ਉਸ ਨਾਲ ਹੀ ਜੁੜਦਾ ਏ, ਤੇਰੇ ਹੱਥੋਂ ਟੁੱਟਿਆ ਦਿਲ ਹੁਣ ਹੋਰ ਤੋਂ ਕਿੱਥੋਂ ਜੁੜਨਾ ਏ। ਮਾਣ ਕੀ ਕਰਨਾ ਦੌਲਤ ਦਾ ਏ ਕਦੋਂ ਵੀ ਥੁੜ ਸਕਦੀ ਏ, ਇਸ਼ਕ ਤੇਰੇ ਲਈ ਅਲਫਾਜ਼ ਸਾਡੇ ਕੋਲ ਨਾ ਥੁੜਨਾ ਏ। ਜਿਸ ਮੋੜ ਤੋਂ ਵੱਖ ਹੋਣ ਵੇਲੇ ਮੈਂ-ਮੈਂ ਨਹੀਂ ਰਹਿੰਦਾ ਸੀ, ਭਾਂਵੇ ਮੰਜ਼ਿਲ ਹੋਵੇ ਹੋਰ 'ਤਕੀਪੁਰ' ਉਹ ਮੋੜ ਤਾਂ ਮੁੜਨਾ ਏ।

35. ਇਸ਼ਕ

ਇਸ਼ਕ ਨਵਾਂ ਏ ਹਾਲੇ ਸੁਪਨੇ ਚ ਆਉਣਾ ਔਖਾ ਏ। ਥੋੜ੍ਹੀ ਉਡੀਕ ਨਾ ਕੀਤੀ ਏ ਇਸ਼ਕ ਨਾਲ ਧੋਖਾ ਏ। ਆਦਤ ਹੈ ਸੁਪਨੇ ਚ ਬੋਲਣ ਦੀ ਤੇਰਾ ਨਾਂ ਜ਼ਬਾਨ ਤੇ, ਤੇਰਾ ਸ਼ੀਸ਼ੇ ਮੁਹਰੇ ਖੜ ਕੇ ਸੁਰਮਾ ਪਾਉਣਾ ਸੌਖਾ ਏ। ਤੇਰੇ ਮਾਪੇ ਜੇ ਮੁੰਡਾ ਲੱਭਦੇ ਨੇ ਤਾਂ ਫਿਰ ਕੀ ਹੋਇਆ, ਜੇ ਤੇਰਾ ਦਿਲ ਨੀ ਵਰ ਲੱਭਦਾ ਸਾਡੇ ਕੋਲ ਮੌਕਾ ਏ। ਭਿੱਜਣ ਨਾ ਤੇਰੇ ਵੀ ਹੱਥ ਕਦੇ ਖਾਰੇ ਹੰਝੂਆਂ ਨਾਲ, ਮੈਂ ਉਂਝ ਦੁਆ ਕੀਤੀ ਫ਼ਿਲਹਾਲ ਦੋਵੇਂ ਪਾਸੇ ਸੋਕਾ ਏ। ਮੈਨੂੰ ਲੱਗਦਾ ਨੀ ਕਦੇ ਲੋੜ ਪਊ ਠੇਕੇ ਤੇ ਜਾਣ ਦੀ, ਤੇਰੀਆਂ ਨਜ਼ਰਾਂ ਵਿਚ ਹੀ ਨਸ਼ਾ ਸਾਡੇ ਲਈ ਚੋਖਾ ਏ। ਬੇਸ਼ੱਕ ਉਹਨਾਂ ਸਾਰੀਆਂ ਘਰ ਵਿਚ ਰੱਖ ਲਏ ਨੇ ਮੋਰ, ਪਰ ਤੇਰੀ ਤੋਰ ਦਾ ਤਾਂ ਸੱਚੀ ਅੰਦਾਜ਼ ਹੀ ਅਨੋਖਾ ਏ। ਕੀ ਕਰਨਾ ਰੰਗਾਂ ਦਾ ਹਰ ਰੰਗ ਵਿਚ ਏ ਤੇਰੀ ਸੂਰਤ, ਤੂੰ ਇੰਝ ਦਿਲ ਤੇ ਛਪ ਗਈ ਹੁਣ ਤਾਂ ਸੋਚਣਾ ਔਖਾ ਏ। ਨਾ ਦੌਲਤ ਨਾ ਸ਼ੋਹਰਤ ਮੇਰੀ ਅਮੀਰੀ ਮੇਰੇ ਖ਼ਿਆਲ, ਜਿਸ ਨੇ 'ਤਕੀਪੁਰ' ਨੂੰ ਲੁੱਟ ਲਿਆ ਉਹ ਤੇਰਾ ਕੋਕਾ ਏ।

36. ਢਲਦੀ ਸ਼ਾਮ

ਹੁਣ ਜਿਹੜੀ ਵੀ ਸ਼ਾਮ ਤੇਰੇ ਬਿਨਾਂ ਢਲਦੀ ਏ। ਜਿਸਮ ਸਹਿਮਿਆ ਤੇ ਅੰਦਰ ਹਨੇਰੀ ਚਲਦੀ ਏ। ਬਾਹਰੋਂ ਬੇਸ਼ੱਕ ਹੱਸ ਕੇ ਅਲਵਿਦਾ ਆਖ ਰਿਹਾਂ, ਪਰ ਅੰਦਰ ਤਾਂ ਮੇਰੇ ਉਹਦੀ ਚਾਹਤ ਪਲਦੀ ਏ। ਕੀ ਪਤਾ ਮੇਰਾ ਹੀ ਨਾਮ ਨਾ ਨਿਕਲ ਆਵੇ ਹੇਠੋਂ, ਉਹ ਸੁੱਕੀ ਹੋਈ ਮਹਿੰਦੀ ਨੂੰ ਪਈ ਚੋਰੀ ਮਲਦੀ ਏ। ਗਰਮ ਹਵਾ ਦੇ ਬੁੱਲੇ ਹੁਣ ਲੰਘ ਰਹੇ ਨੇ ਛੋਹ ਕੇ, ਕੀ ਪਤਾ ਸਾਡੀ ਯਾਦ ਚ ਓਵੀ ਪਈ ਜਲਦੀ ਏ। ਦਿਲ ਦੇ ਕੇ ਕਿਸੇ ਨੂੰ ਉਸਨੇ ਕੁਝ ਵੱਡਾ ਕੀਤਾ ਏ, ਛੋਟੇ-ਛੋਟੇ ਕੰਮਾਂ ਤੋਂ ਉਹ ਹੁਣ ਪਈ ਟਲਦੀ ਏ। ਵਿਚਕਾਰ ਜੇ ਲੱਭ ਕੋਈ ਤੂੰ ਥਾਂ ਸੁਰੱਖਿਅਤ, ਇਸ ਤੇ ਨਾ ਪਾ ਆਲ੍ਹਣਾ ਏ ਟਾਹਣੀ ਫ਼ਲ ਦੀ ਏ। ਤੇਰੇ ਘਰ ਦੇ ਚੁੱਲੇ ਚੋਂ ਬੇਸ਼ੱਕ ਧੂੰਆਂ ਨਿਕਲ ਰਿਹਾ, 'ਤਕੀਪੁਰ' ਦੇ ਸੀਨੇ 'ਚ ਤਾਂ ਹਿਜ਼ਰ ਦੀ ਅੱਗ ਬਲਦੀ ਏ।

37. ਕਿਤਾਬ

ਕਾਸ਼ ! ਤੂੰ ਵੀ ਕਿਤਾਬਾਂ ਪੜਦੀ ਹੁੰਦੀ ਤਾਂ ਮੇਰੀ ਕਵਿਤਾ ਦੇ ਅਰਥ ਹੋਰ ਡੂੰਘੇ ਹੁੰਦੇ। ਪਰ ਇਕ ਦਿਨ ਤੈਨੂੰ ਰਾਹ ਵਿਚ ਰੋਕ ਮੈਂ ਕਿਤਾਬ ਫੜਾ ਹੀ ਦਿੱਤੀ ਤੂੰ ਦੋ ਕੁ ਮਹੀਨੇ ਘਰ ਰੱਖ ਅੱਧੀ ਕੁ ਪੜੀ ਕਹਿ ਕੇ ਮੈਨੂੰ ਵਾਪਸ ਕਰ ਛੱਡੀ ਪਰ ਮੈਂ ਇੱਥੇ ਹੀ ਕਿੱਥੇ ਰੁਕਣ ਵਾਲਾ ਸੀ, 'ਤੇ ਹੁਣ ਉਡੀਕ ਕਰਨ ਲੱਗਾ ਤੇਰੇ ਜਨਮ ਦਿਵਸ ਦੀ ਤੈਨੂੰ ਇਕ ਕਿਤਾਬ ਤੋਹਫ਼ੇ ਵਿਚ ਦੇਣ ਲਈ ਤੇ ਹੁਣ ਦੱਸ ਤੂੰ ਕੀ ਕਰੇਂਗੀ ਤੋਹਫ਼ਾ ਤਾਂ ਲੈਣਾ ਹੀ ਪਵੇਗਾ ਕਿਉਂਕਿ ਏ ਲਏ ਜਾਂਦੇ ਨੇ ਵਾਪਸ ਨਹੀਂ ਕੀਤੇ ਜਾਂਦੇ।

38. ਚੜ੍ਹਦੀ ਸਵੇਰ

ਹਰ ਚੜ੍ਹਦੀ ਸਵੇਰ ਨੂੰ ਭਾਂਵੇ ਮੇਰਾ ਚਿਹਰਾ ਪਹਿਲਾਂ ਵਰਗਾ ਹੀ ਹੁੰਦਾ ਏ, ਪਰ ਹਰ ਚੜ੍ਹਦੀ ਸਵੇਰ ਨੂੰ ਮੇਰੇ ਅੰਦਰ ਤੇਰੇ ਲਈ ਬੜਾ ਕੁਝ ਨਵਾਂ ਹੁੰਦਾ ਏ। 'ਤੇ ਤੇਰੀ ਦਸਤਕ ਮੇਰੇ ਲਈ ਬਸ ਦਸਤਕ ਹੀ ਨਹੀਂ ਹੁੰਦੀ ਏ ਕਿਸੇ ਗਜ਼ਲ ਦਾ ਮਤਲਾ ਬਣ ਜਾਂਦੀ ਏ, ਤੇ ਫਿਰ ਤੇਰਾ ਆਸ ਪਾਸ ਰਹਿਣਾ ਸਾਡੀ ਗਜ਼ਲ ਦਾ ਪੂਰਾ ਹੋਣਾ ਹੁੰਦਾ ਏ। ਪਰ ਇਸ ਦੋ ਪਲ ਦੀ ਖ਼ੁਸ਼ੀ ਲਈ ਸਾਨੂੰ ਕਿਸੇ ਦੀ ਨਰਾਜ਼ਗੀ ਵੀ ਸਹਿਣੀ ਪੈਂਦੀ ਏ ਕੁਝ ਡਾਇਰੀ ਦੇ ਪੰਨਿਆਂ ਦੀ ਤੇ ਕੁਝ ਘੜੀਆਂ ਹੋਈਆਂ ਕਲਮਾਂ ਦੀ ਉਹ ਘਰ ਪਰਤੇ ਦਾ ਮੂੰਹ ਵੇਖ ਹੀ ਪਛਾਣ ਲੈਂਦੇ ਨੇ ਕੇ ਅੱਜ ਏ ਫੇਰ ਘਰ ਅਧੂਰਾ ਪਰਤਿਆ ਏ ਤੇ ਅਸੀਂ ਰੋਜ਼ ਏਸ ਨੂੰ ਪੂਰਾ ਕਰ ਭੇਜਦਿਆਂ ਤੇ ਪਤਾ ਨੀ ਕੌਣ ਏ ਜੇ ਰੋਜ਼ ਇਸ ਨੂੰ ਅਧੂਰਾ ਕਰ ਛੱਡਦਾ ਏ।

39. ਦਿਲਾਸਾ

ਉਹ ਮੁੜ ਆਵੇਗੀ ਇਹ ਕਹਿ ਦਿਲ ਨੂੰ ਟਾਲ ਰਿਹਾਂ। ਖੌਰੇ ਕਿੱਥੇ ਗੁਆਚਾ ਮੈਂ ਖੁਦ ਨੂੰ ਖੁਦ ਚੋਂ ਭਾਲ ਰਿਹਾਂ। ਹੁਣ ਤਾਂ ਬਸ ਸਮਾਂ, ਉਮਰ ਤੇ ਟਾਇਮ ਬੀਤਦਾ ਏ, ਉਹੀ ਪਲ ਸੀ ਹੁਸੀਨ ਜਦ ਜਦ ਤੇਰੇ ਨਾਲ ਰਿਹਾ। ਧਰਤੀ ਪੈਰਾਂ ਲਈ ਤੇ ਅਕਾਸ਼ ਜ਼ੁਲਫਾਂ ਲਈ ਖੁੱਲੇ, ਪਰ ਅਸੀਂ ਜਿੱਥੇ ਵੀ ਰਹੇ ਸਾਡੇ ਸਿਰ ਤੇ ਜਾਲ ਰਿਹਾ। ਤੂੰ ਫਿਕਰ ਨਾ ਕਰ ਤੇਰੇ ਸਾਰੇ ਹੀ ਖ਼ਤ ਮਹਿਫੂਜ਼ ਨੇ, ਮੈਂ ਵਿਛੋੜੇ ਦੀ ਅੱਗ ਚ ਸਭ ਕੁਝ ਆਪਣਾ ਹੀ ਬਾਲ ਰਿਹਾਂ। ਜੋ ਇਕੱਠਿਆਂ ਨੇ ਮੁਲਾਕਾਤਾਂ ਦੀ ਛਾਵੇਂ ਪਾਲਿਆ ਸੀ, ਮੈਂ ਉਹੀ ਬੂਟਾ ਉਸ ਥਾਂ ਤੇ ਬਹਿ ਇਕੱਲਾ ਪਾਲ ਰਿਹਾਂ। ਜਿਹਦੀਆਂ ਪੈੜਾਂ ਨੂੰ ਵੀ ਹਵਾ ਦੂਰ ਉਡਾ ਕੇ ਲੈ ਗਈ ਏ, ਮੈਂ ਉਸ ਦੀ ਯਾਦ ਚ ਭਲਾ ਕਿਉਂ ਜ਼ਿੰਦਗੀ ਗਾਲ ਰਿਹਾਂ। ਇਕੱਲੀ ਤੇਰੀ ਯਾਦ ਨਾਲ ਹੀ ਹੁਣ ਕਿੱਥੇ ਕੰਮ ਸਰਦਾ ਏ, ਤਾਰਿਆਂ ਦਾ ਵੀ ਗਿਣ ਗਿਣ ਕੇ ਮੈਂ ਕਰ ਬੁਰਾ ਹਾਲ ਰਿਹਾਂ। 'ਤਕੀਪੁਰ' ਲੱਖ ਕੋਸ਼ਿਸ਼ ਕਰੇ ਹਰਫ਼ਾਂ ਨੂੰ ਭਰਮਾਉਣ ਦੀ, ਪਰ ਮੈਂ ਹਰ ਅੱਖਰ ਨੂੰ ਬਸ ਤੇਰੇ ਇਸ਼ਕ ਚ ਢਾਲ ਰਿਹਾਂ।

40. ਚਿਣਗ ਤੋਂ ਭਾਂਬੜ ਤੱਕ

ਤੇਰਾ ਬਸ ਉਸ ਮੋੜ ਤੇ ਇਕ ਵਾਰ ਆਉਣਾ ਲਾਜ਼ਮੀ ਸੀ ਹੁਣ ਜੇ ਤੇਰੀ ਕੋਈ ਮਜ਼ਬੂਰੀ ਵੀ ਹੋਵੇਗੀ ਤਾਂ ਮੈਂ ਤੈਨੂੰ ਬੇਵਫ਼ਾ ਨਹੀਂ ਆਖਾਂਗਾ ਮੈਨੂੰ ਤਾਂ ਬਸ ਤੇਰੀਆਂ ਨਜ਼ਰਾਂ ਦੀ ਇਕ ਚਿਣਗ ਹੀ ਕਾਫੀ ਏ, ਭਾਂਬੜ ਮੈਂ ਆਪੇ ਬਾਲ ਲਵਾਂਗਾ। ਬੇਸ਼ੱਕ ਏ ਜ਼ਮਾਨਾ ਹੁਣ ਧੂੰਏਂ ਚ ਅੰਨੀਆਂ ਹੋ ਰਹੀਆਂ ਮੇਰੀਆਂ ਏ ਅੱਖਾਂ ਨੂੰ ਵੇਖ ਕੋਲੋਂ ਹੱਸ ਕੇ ਲੰਘ ਜਾਂਦਾ ਏ ਪਰ ਸਮੇਂ ਕੋਲ ਹਰ ਚੀਜ਼ ਦਾ ਇਲਾਜ ਏ ਤੇ ਅਸੀਂ ਵੀ ਉਸ ਹੀ ਉਡੀਕ ਚ ਬੈਠੇ ਹਾਂ, ਕੀ ਕਦੋਂ ਏ ਧੂੰਆਂ ਭਾਂਬੜ ਬਣੇ ਤੇ ਸਾਡੇ ਚਿਹਰੇ ਦਾ ਰੰਗ ਤੇਰੀ ਯਾਦ 'ਚ ਡੁੱਬਦੇ ਸੂਰਜ ਦੀ ਲਾਲੀ ਵਰਗਾ ਹੋ ਜਾਵੇ।

41. ਪ੍ਰਭਾਵ

ਹੁਣ ਕਿਸੇ ਦੇ ਹੱਸ ਰਹੇ ਜਾਂ ਉਦਾਸ ਚਿਹਰੇ ਦਾ ਮੇਰੇ ਤੇ ਸ਼ਰੇਆਮ ਪ੍ਰਭਾਵ ਪੈਂਦਾ ਏ। ਇਸ ਲਈ ਨਹੀਂ ਕੀ ਉਹ ਸੂਰਤ ਮੈਨੂੰ ਚੰਗੀ ਲੱਗਦੀ ਏ ਬਲਕਿ ਏਸ ਲਈ ਕੀ ਮੇਰੇ ਕੋਲ ਉਸ ਚਿਹਰੇ ਤੇ ਹੋ ਰਹੀ ਕਿਸੇ ਵੀ ਹਰਕਤ ਨੂੰ ਸ਼ਬਦਾਂ ਚ ਪਰੋਣ ਦਾ ਹੁਨਰ ਜੋ ਹੈ। ਤੇ ਦੱਸ ਫੇਰ ਮੈਂ ਤੇਰੇ ਇਸ ਸੱਜਰੇ ਜਹੇ ਹੰਝੂ ਨੂੰ ਕਿੰਝ ਵਿਅਰਥ ਜਾਣ ਦਿਆਂ, ਤੂੰ ਨਹੀਂ ਜਾਣਦੀ ਜਦ ਤੇਰੇ ਇਸ ਹੰਝੂ 'ਚ ਮੇਰੇ ਸ਼ਬਦ ਤਾਰੀਆਂ ਲਾਉਂਣਗੇ ਤਾਂ ਤੇਰੇ ਇਸ ਹੰਝੂ ਦੀ ਉਮਰ ਕਿੰਨੀ ਲੰਮੀ ਹੋ ਜਾਵੇਗੀ। ਤੇ ਹੁਣ ਤੂੰ ਦੱਸ ਮੇਰਾ ਖਾਲੀ ਜਿਹਾ ਘਰ ਮੁੜ ਆਉਣਾ ਚੰਗਾ ਏ ਜਾਂ ਕਿਸੇ ਦਾ ਪ੍ਰਭਾਵ ਲੈ ਕੇ।

42. ਥਾਂ

ਤੂੰ ਪੁੱਛਿਆ ਨਾ ਕਰ ਬਸ ਸਿੱਧਾ ਆ ਜਾਇਆ ਕਰ ਤੇਰੇ ਲਈ ਦਿਲ ਵਿਚ ਥਾਂ ਹੀ ਥਾਂ ਏ, ਬੜੇ ਪੁੱਛ ਕੇ ਮੁੜ ਜਾਂਦੇ ਕਿ ਜੇ ਸਾਨੂੰ ਇਸ ਚ ਪੱਕੀ ਥਾਂ ਨਹੀਂ ਦੇ ਸਕਦੇ ਘੱਟੋ ਘੱਟ ਕਿਰਾਏ ਤੇ ਤਾਂ ਦੇ ਸਕਦੇ ਹੋ ਮੈਂ ਕਿਹਾ ਨਹੀਂ ਇੱਥੇ ਹਰ ਪਲ ਕਿਸੇ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਏ ਤੇ ਜੇ ਉਹਨੂੰ ਸਾਡੇ ਤੋਂ ਬਗ਼ੈਰ ਇੱਥੇ ਕਿਸੇ ਹੋਰ ਦਾ ਸ਼ੱਕ ਵੀ ਪੈ ਗਿਆ ਤਾਂ ਅਸੀਂ ਕੁਝ ਲੈਣ ਜੋਗੇ ਤਾਂ ਹੋਜਾਂਗੇ ਪਰ ਦੇਣ ਜੋਗੇ ਕੁਝ ਨੀ ਰਹਿਣਾ।

43. ਉਦਾਸੀ ਦਾ ਅਨੰਦ

ਇਹ ਕੁਦਰਤ ਵੀ ਚਾਹੁੰਦੀ ਸੀ ਇੱਕ ਵਾਰ ਦੂਰ ਹੋਣ ਤੋਂ ਪਹਿਲਾਂ ਇਹਨੂੰ ਉਹਦਾ ਚਿਹਰਾ ਵਿਖਾ ਦਿੱਤਾ ਜਾਏ, ਕਿਉਂਕਿ ਕੇਵਲ ਧੜਕਦੇ ਹੋਏ ਦਿਲਾਂ ਨੇ ਹੀ ਨਹੀਂ ਇਹਨਾਂ ਰੁੱਖਾਂ ਦੀਆਂ ਛਾਵਾਂ ਨੇ ਤੇ ਇਹਨਾਂ ਕੱਚਿਆਂ ਜਿਆਂ ਰਾਹਾਂ ਨੇ ਵੀ ਇਹਦੀ ਉਦਾਸੀ ਦਾ ਅਨੰਦ ਲੈਣਾ ਏ।

44. ਜਦ ਦਿਲ ਟੁੱਟਿਆ

ਜਿਸ ਦਿਨ ਮੇਰੇ ਤੋਂ ਕੱਚ ਦਾ ਗਲਾਸ ਟੁੱਟਿਆ ਮਾਂ ਨੇ ਘੂਰੀ ਜਹੀ ਵੱਟ ਕੇ ਆਖਿਆ ਧਿਆਨ ਨਾਲ ਕੰਮ ਨਹੀਂ ਕਰ ਸਕਦੀ ਹਾਲੇ ਪਿਛਲੇ ਹਫ਼ਤੇ ਹੀ ਤਾਂ ਨਵੇਂ ਲਏ ਸੀ ਤੋੜ ਕੇ ਉਹ ਮਾਰਿਆ, ਮੈਂ ਇਕ ਲਈ ਪਲ ਸੋਚਿਆ ਕਿਸੇ ਟੁੱਟੀ ਹੋਈ ਚੀਜ਼ ਦਾ ਵਾਕਿਆ ਹੀ ਏਨਾ ਦੁੱਖ ਹੁੰਦਾ ਏ। ਫਿਰ ਇਕ ਦਿਨ ਘਰ ਦੀ ਸਾਫ਼-ਸਫ਼ਾਈ ਕਰਦਿਆਂ ਮੇਰੇ ਕੋਲੋਂ ਦਾਦਾ ਜੀ ਦੀ ਫੋਟੋ ਵਾਲਾ ਸ਼ੀਸ਼ਾ ਟੁੱਟ ਗਿਆ ਪਿਤਾ ਜੀ ਨੇ ਘੂਰੀ ਤਾਂ ਨਹੀਂ ਵੱਟੀ ਪਰ ਆਖਿਆ, ਬੇਟਾ ਜੀ ਥੋੜਾ ਧਿਆਨ ਨਾਲ ਕੰਮ ਕਰਿਆ ਕਰੋ ਹੁਣ ਹੇਠਾਂ ਡਿੱਗੇ ਕੱਚ ਦੇ ਟੁਕੜੇ ਮੈਂ ਬੜੇ ਧਿਆਨ ਨਾਲ ਚੁੱਕੇ ਤੇ ਦਾਦਾ ਜੀ ਦੀ ਫੋਟੇ ਨੂੰ ਬੜੇ ਧਿਆਨ ਨਾਲ ਵੇਖ ਕੇ ਮੈਂ ਵਾਪਸ ਮੁੜ ਆਈ। ਹੁਣ ਕਿਸੇ ਨੇ ਇਕ ਦਿਨ ਇਕ ਫੁੱਲ ਤੋੜਿਆ ਤੇ ਲਿਆ ਮੇਰੀ ਖੁੱਲੀ ਕਿਤਾਬ ਦੇ ਪੰਨਾ ਨੰਬਰ ਚਾਲੀ ਤੇ ਰੱਖ ਦਿੱਤਾ ਮੈਂ ਉਹ ਸਾਦਗੀ ਭਰਿਆ ਚਿਹਰਾ ਵੇਖ ਕੇ ਕਿਤਾਬ ਬੰਦ ਕਰ ਲਈ ਤੇ ਘਰ ਨੂੰ ਪਰਤ ਆਈ ਏਧਰ ਜਿਵੇਂ-ਜਿਵੇਂ ਉਸ ਫੁੱਲ ਦੀਆਂ ਪੱਤੀਆਂ ਮੁਰਝਾ ਰਹੀਆਂ ਸਨ ਉਧਰ ਕਿਸੇ ਦੇ ਅਰਮਾਨ ਹਰੇ ਹੋ ਰਹੇ ਸਨ। ਫਿਰ ਉਸ ਚਿਹਰੇ ਦਾ ਆਖਣਾ ਸੀ ਮੈਂ ਤੇਰੇ ਲਈ ਤਾਰੇ ਤੋੜ ਸਕਦਾ ਹਾਂ, ਮੈਂ ਥੋੜਾ ਡਰ ਗਈ ਤੇ ਆਖਿਆ ਨਹੀਂ ਮੈਂ ਕੁਝ ਵੀ ਟੁੱਟਿਆ ਹੋਇਆ ਆਪਣੇ ਕੋਲ ਨਹੀਂ ਰੱਖਣਾ ਕੱਲ ਵਾਲਾ ਫੁੱਲ ਵੀ ਮੈਂ ਰਾਹ ਵਿੱਚ ਹੀ ਸੁੱਟ ਗਈ ਸੀ ਉਸ ਚਿਹਰੇ ਦਾ ਆਖਣਾ ਸੀ ਠੀਕ ਹੈ ਜ਼ਨਾਬ ਜਿਵੇਂ ਤੁਸੀਂ ਆਖੋ ਫਿਰ ਇਕ ਦਿਨ ਉਸ ਚਿਹਰੇ ਨੇ ਇਕ ਹੋਰ ਫੁੱਲ ਤੋੜਿਆ 'ਤੇ ਕਿਸੇ ਹੋਰ ਖੁੱਲੀ ਕਿਤਾਬ ਵਿਚ ਰੱਖ ਦਿੱਤਾ ਹੁਣ ਕੁਝ ਖੜਾਕ ਤਾਂ ਨਹੀਂ ਹੋਇਆ ਪਰ ਕੁਝ ਟੁੱਟਿਆ ਜ਼ਰੂਰ ਸੀ ਜੋ ਵੀ ਸੀ ਮੈਂ ਆਪਣੇ ਨਾਲ ਲਿਜਾਣਾ ਮੁਨਾਸਿਬ ਨਾ ਸਮਝਿਆ, ਤੇ ਇੰਝ ਹੀ ਉਦਾਸ ਚਿਹਰਾ ਲੈ ਕੇ ਘਰ ਪਰਤ ਆਈ ਮਾਂ ਨੇ ਪੁੱਛਿਆ ਕੀ ਹੋਇਆ ਉਦਾਸ ਲੱਗ ਰਹੀਂ ਏ ਕੁਝ ਨੀ ਬਸ, ਕੁਝ ਟੁੱਟ ਗਿਆ ਸੀ ਝੱਲੀ ਹਰ ਨਿੱਕੀ-ਨਿੱਕੀ ਗੱਲ ਦਿਲ ਤੇ ਲਾ ਲੈਂਦੀ ਏ।

45. ਜੇ ਨਾ ਤੇਰੀ ਨਾਲ ਯਾਰੀ ਹੁੰਦੀ

ਜੇ ਨਾ ਤੇਰੀ ਨਾਲ ਯਾਰੀ ਹੁੰਦੀ। ਹੁਣ ਤੱਕ ਤੇਰੀ ਫੋਟੋ ਪਾੜੀ ਹੁੰਦੀ। ਤੂੰ ਲੱਭਦੀ ਫਿਰ ਪਰਛਾਵਾਂ ਸਾਡਾ, ਜਦ ਤੂੰ ਕੱਲੀ - ਕਾਰੀ ਹੁੰਦੀ। ਜੇ ਸਾਨੂੰ ਤੂੰ ਭੁੱਲਣਾ ਹੁੰਦਾ, ਫਿਰ ਤੇਰੇ ਹੱਥ ਚ ਆਰੀ ਹੁੰਦੀ। ਉਹ ਇਸ਼ਕ ਨਹੀਂ ਫਿਰ ਸੌਦਾ ਹੁੰਦਾ, ਜਿਸ ਚ ਨਾ ਖੱਜਲ-ਖ਼ੁਆਰੀ ਹੁੰਦੀ। ਦੱਸ ਮੈਂ ਕਿੱਥੇ ਹੋਣਾ ਸੀ ਸ਼ਾਇਰ, ਅੱਜ ਜੇ ਤੂੰ ਮੇਰੀ ਸਾਰੀ ਹੁੰਦੀ। ਤੇਰਾ ਨਾਂ ਦੱਸ ਕਿੰਝ ਝੂਲਦਾ, ਜੇ ਮੈਂ ਨਾ ਬਾਜ਼ੀ ਹਾਰੀ ਹੁੰਦੀ। ਡੁੱਬ ਜਾਣਾ ਸੀ ਮੈਂ ਵੀ ਆਖ਼ਿਰ, ਜੇ ਮੇਰੀ ਕਸ਼ਤੀ ਭਾਰੀ ਹੁੰਦੀ। ਸੋਹਣਾ ਲੱਗਦਾ ਤੇਰੇ ਸੁਪਨੇ ਚ ਆਉਂਦਾ, ਜੇ ਤੇਰੀ ਅੱਖ ਕੁਆਰੀ ਹੁੰਦੀ। ਬਸ ਤੈਨੂੰ ਵੇਖਣ ਲਈ ਬੈਠਾ ਰਹਿੰਦਾ, ਜੇ 'ਤਕੀਪੁਰ' ਦਿਲ ਵਿਚ ਬਾਰੀ ਹੁੰਦੀ।

46. ਨੈਣਾਂ ਚੋਂ

ਬੜਾ ਕੁਝ ਉਹਦੇ ਨੈਣਾਂ ਚੋਂ ਕੱਢ ਲਿਆਇਆ ਹਾਂ। ਬੜਾ ਕੁਝ ਉਹਦੇ ਕਦਮਾਂ ਤੇ ਛੱਡ ਆਇਆ ਹਾਂ। ਜਿਸ ਦਾ ਕੰਡਾ ਹਰ ਵਾਰ ਉਹਦੇ ਹੀ ਪੈਰ ਵੱਜਦਾ, ਓਸ ਕਿੱਕਰ ਦੀ ਜੜ ਅੱਜ ਮੈਂ ਵੱਢ ਆਇਆ ਹਾਂ। ਖ਼ਤ ਸੁਰੱਖ਼ਿਅਤ ਵਾਪਸ ਲੈਣ ਦੀ ਓਸ ਕੀਤੀ ਗੁਜਾਰਿਸ਼, ਪਰ ਮੈਂ ਹੰਝੂ ਤੇ ਖ਼ਤਾਂ ਨੂੰ ਕਰ ਰਲਗੱਡ ਆਇਆ ਹਾਂ। ਤੈਨੂੰ ਪਾਉਣਾ ਜਾ ਨਾ ਪਾਉਣਾ ਏ ਮਰਜ਼ੀ ਉਹਦੀ ਏ, ਮੈਂ ਤਾਂ ਬਣਦੀ ਝੋਲੀ ਖ਼ੁਦਾ ਅੱਗੇ ਅੱਡ ਆਇਆ ਹਾਂ। ਆਉਂਦੇ ਜਾਂਦੇ ਉਹਨਾਂ ਦੀ ਕਦੇ ਤਾਂ ਨਜ਼ਰ ਪਵੇਗੀ, ਚਿਹਰੇ ਵਰਗਾ ਪਰਛਾਵਾਂ ਫਿਰਨੀ ਤੇ ਗੱਡ ਆਇਆ ਹਾਂ। ਮਾਸ ਕਿਸੇ ਦੀਆਂ ਯਾਦਾਂ ਨੇ ਵੇਖ ਨੋਚ ਲਿਆ ਏ ਸਾਡਾ, ਮੈਂ ਕਰ ਕੇ ਅੱਜ ਕਿਸੇ ਦੇ ਨਾਂ ਕੱਲੇ ਹੱਡ ਆਇਆ ਹਾਂ। ਉਹ ਜਦ ਵੀ ਡਿੱਗਣ ਤਾਂ ਸਿੱਧੇ ਸਾਡੇ ਦਿਲ ਚ ਪਹੁੰਚਣ, ਮੈਂ ਉਹਨਾਂ ਦੇ ਰਾਹ ਚ ਏਨੀ ਡੂੰਘੀ ਕਰ ਖੱਡ ਆਇਆ ਹਾਂ। ਕੰਧ ਕਰਨ ਵਾਲੇ ਮਜ਼ਦੂਰ ਮੈਂ ਮੋੜ ਦਿੱਤੇ ਨੇ ਵਾਪਸ, ਭਾਂਵੇ ਹੋ ਕੇ ਉਹਦੇ ਤੋਂ ਮੈਂ ਅੱਜ ਅੱਡ ਆਇਆ ਹਾਂ।

47. ਰੁੱਖ ਦੀ ਚੀਕ

ਇੱਥੇ ਕਿਸੇ ਵੀ ਰੁੱਖ ਨੇ ਖ਼ੁਦਕੁਸ਼ੀ ਨਹੀਂ ਕੀਤੀ ਸਾਰਿਆਂ ਦੇ ਸਿਰ ਕਲਮ ਕੀਤੇ ਗਏ ਨੇ ਕਿਸੇ ਨੇ ਆਪਣੇ ਘਰ ਦਾ ਹੰਢਣਸਾਰ ਫ਼ਰਨੀਚਰ ਬਣਵਾਉਣਾ ਸੀ ਤੇ ਕਿਸੇ ਨੇ ਆਪਣੀ ਪਦਵੀ ਅਨੁਸਾਰ ਕੁਰਸੀ, ਇਹਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਹਰ ਕਿਸੇ ਨੂੰ ਆਪਣੀ-ਆਪਣੀ ਵਸਤੂ ਦਿਸ ਰਹੀ ਸੀ ਕਿਸੇ ਨੂੰ ਮੰਜਾ ਕਿਸੇ ਨੂੰ ਪੀੜਾ ਕਿਸੇ ਨੂੰ ਚਰਖ਼ਾ ਤੇ ਕਿਸੇ ਨੂੰ ਬੰਸਰੀ ਹਰ ਕੋਈ ਆਪਣੀ ਵਸਤੂ ਦਾ ਅਕਾਰ ਤੇ ਡਿਜ਼ਾਇਨ ਵੇਖ ਖ਼ੁਸ਼ ਹੋ ਰਿਹਾ ਸੀ ਇੱਕ ਰੁੱਖ ਹੀ ਸੀ ਜੋ ਆਪਣੀ ਚੀਕ ਦੱਬੀ ਬੈਠਾ ਸੀ ਹੁਣ ਇਕ ਦਿਨ ਮਹਿਮਾਨ ਆਏ ਤੇ ਸੋਫ਼ਿਆਂ ਤੇ ਮੰਜਿਆਂ ਤੇ ਬਹਿ ਕੇ ਚਲੇ ਗਏ ਚਰਖ਼ੇ ਵਾਲੀ ਨੇ ਪੂਣੀਆਂ ਕੱਤੀਆਂ ਤੇ ਚਰਖ਼ਾ ਇਕ ਪਾਸੇ ਲਾ ਛੱਡਿਆ ਕਿਸੇ ਨੇ ਵੀ ਉਸ ਰੁੱਖ ਦਾ ਦਰਦ ਨਾ ਛੋਇਆ। ਇਕ ਦਿਨ ਕਿਸੇ ਘਰ ਬੜਾ ਵੱਡਾ ਸਮਾਗਮ ਸੀ ਤੇ ਉੱਥੇ ਇਕ ਬੰਸਰੀ ਵਾਲਾ ਵੀ ਬੁਲਾਇਆ ਗਿਆ ਕੰਨਾਂ ਵਿਚ ਘੁਸਰ ਮੁਸਰ ਹੋ ਰਹੀ ਸੀ ਏ ਕੀ ਕਰੇਗਾ ਦੋ ਕੁ ਚੀਕਾਂ ਮਾਰ ਕੇ ਚਲਿਆ ਜਾਵੇਗਾ ਪਰ ਜਦੋਂ ਉਸ ਦੀਆਂ ਚੀਕਾਂ ਖਤਮ ਹੋਈਆਂ ਤਾਂ ਸਾਰਿਆਂ ਦੀਆਂ ਅੱਖਾਂ ਹੰਝੂਆਂ ਨਾਲ ਨਮ ਹੋ ਚੁੱਕੀਆਂ ਸਨ ਦਰਅਸਲ ਏ ਚੀਕ ਉਸ ਰੁੱਖ ਦੀ ਚੀਕ ਜੋ ਦਰਦ ਬਣ ਕੇ ਉਸ ਬੰਸਰੀ ਵਿੱਚੋਂ ਨਿਕਲ ਰਹੀ ਸੀ।

48. ਜੇ ਹਵਾ ਬਣ ਤੈਨੂੰ ਛੋਹਾਂ ਕੋਈ ਇਤਰਾਜ਼ ਤਾਂ ਨਹੀਂ

ਜੇ ਹਵਾ ਬਣ ਤੈਨੂੰ ਛੋਹਾਂ ਕੋਈ ਇਤਰਾਜ਼ ਤਾਂ ਨਹੀਂ। ਮੈਂ ਗੱਲ ਦਿਲ ਦੀ ਕਰਨੀ ਦਿਲ ਚ ਕੋਈ ਰਾਜ਼ ਤਾਂ ਨਹੀਂ। ਦਿਲ ਦੇ ਇੱਕ ਪਾਸੇ ਬਹਿ ਜਾਵਾਂਗਾ ਮੈਂ ਚੁੱਪ ਜਿਹਾ ਕਰਕੇ, ਦੱਸ ਕਿਸੇ ਨੂੰ ਕੀ ਪਤਾ ਲੱਗੂ ਮੈਂ ਕੋਈ ਸਾਜ਼ ਤਾਂ ਨਹੀਂ। ਤੂੰ ਹੁਣੇ ਹੀ ਮੁੜੀ ਹੈਂ ਮਰ ਅੰਦਰ ਦਾ ਹਰ ਕੋਨਾ ਫੋਲ ਕੇ, ਦੱਸ ਮੇਰੇ ਅੰਦਰ ਇਸ ਇਲਾਵਾ ਹੋਰ ਕੋਈ ਅੰਦਾਜ਼ ਤਾਂ ਨਹੀਂ। ਦਿਲ ਦੀ ਇਸ ਪੀੜ ਨੂੰ ਮੈਂ ਉਮਰ ਭਰ ਸਹਿਣਾ ਚਾਹੁੰਦਾ ਹਾਂ, ਜ਼ਰਾ ਪੁੱਛ ਦੱਸ ਬਜ਼ਾਰ ਚੋਂ ਇਸ ਦਾ ਕੋਈ ਇਲਾਜ ਤਾਂ ਨਹੀਂ। ਮੈਂ ਕੋਸ਼ਿਸ਼ ਕਰ ਰਿਹਾ ਹਾਂ ਸ਼ਬਦਾਂ ਦਾ ਤਾਜ ਬਣਾਉਣ ਦੀ, ਦੱਸ ਕਿਤੇ ਤੇਰੇ ਸੁਪਨੇ ਚ ਆਗਰੇ ਵਾਲਾ ਤਾਜ ਤਾਂ ਨਹੀ। ਤੈਨੂੰ ਰੋਜ਼ ਨੀਂਦ ਚ ਇਕਦਮ ਉੱਠਣ ਦੀ ਆਦਤ ਪੈ ਗਈ ਏ, ਗੌਰ ਕਰਿਆ ਕਰ ਕਿਤੇ ਤਕੀਪੁਰ ਨੇ ਮਾਰੀ ਵਾਜ਼ ਤਾਂ ਨਹੀਂ।

49. ਰੱਬ

ਰੱਬ ਹੈ ਪਰ ਮੈਂ ਲੱਭਣਾ ਨਹੀਂ ਜਿਸ ਨੂੰ ਲੱਭਣ ਲਈ ਬੜੇ ਇਸ ਜ਼ਹਾਨ ਤੇ ਹੋ ਕੇ ਚਲੇ ਗਏ ਤੇ ਕੁਝ ਹਾਲੇ ਵੀ ਲੱਭ ਰਹੇ ਨੇ ਜਿਸ ਦਿਨ ਉਹਨਾਂ ਨੂੰ ਮਿਲ ਗਿਆ ਤੇ ਹੋ ਸਕਦੈ ਫਿਰ ਮੈਨੂੰ ਵੀ ਕਿਸੇ ਮੋੜ ਤੇ ਮਿਲ ਪਵੇ ਫਿਲਹਾਲ ਮੈਂ ਉਸ ਰੱਬ ਨੂੰ ਲੱਭਣ ਚ ਇਹ ਕੀਮਤੀ ਸਮਾਂ ਗਵਾਉਣਾ ਨਹੀਂ ਚਾਹੁੰਦਾ। ਮੈਨੂੰ ਹੋਰ ਵੀ ਬੜੇ ਕੰਮ ਨੇ ਜੋ ਇਸ ਜਨਮ ਚ ਕਰਨੇ ਜਰੂਰੀ ਨੇ ਏਥੇ ਰੱਬ ਲੱਭਣ ਵਾਲੇ ਉਹਦਾ ਹੀ ਨਾਂ ਵਰਤ ਕੇ ਆਪਣਾ ਢਿੱਡ ਭਰ ਰਹੇ ਨੇ ਤੇ ਆਪਣੇ ਬੱਚਿਆਂ ਨੂੰ ਪਰਦੇਸ਼ ਦੇ ਕਿਸੇ ਸ਼ਹਿਰ ਚ ਵਸਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਤੇ ਮੈਨੂੰ ਤੈਨੂੰ ਆਖਦੇ ਨੇ ਰੱਬ ਤੁਹਾਡੇ ਆਸ ਪਾਸ ਹੀ ਹੈ ਬਸ ਵੇਖਣ ਵਾਲੀ ਨਜ਼ਰ ਚਾਹੀਦੀ ਏ।

50. ਮੈਨੂੰ ਯਾਦ ਏ

ਭੇਜੇ ਤੇਰੇ ਖਤਾਂ ਦੀ ਤਰੀਕ ਮੈਨੂੰ ਯਾਦ ਏ। ਵੱਖ ਹੋਣ ਵੇਲੇ ਦੀ ਤਕਲੀਫ਼ ਮੈਨੂੰ ਯਾਦ ਏ। ਸਭ ਦੀ ਮੌਜੂਦਗੀ ਚ ਤੇਰਾ ਸੰਖੇਪ ਜਿਹਾ ਵੇਖਣਾ, ਨਸ਼ੇਆਈ ਜੀ ਨਜ਼ਰ ਤੇਰੀ ਬਰੀਕ ਮੈਨੂੰ ਯਾਦ ਏ। ਜੋ ਸੀਨੇ ਵਿਚ ਰਹਿੰਦੀ ਏ ਹਾਲੇ ਵੀ ਮੇਰੇ ਸੁਲਗਦੀ, ਖੌਰੇ ਕਿੰਨੇ ਦੱਬ ਲਈ ਉਹ ਚੀਕ ਮੈਨੂੰ ਯਾਦ ਏ। ਚਾਹੁੰਦਿਆਂ ਵੀ ਮੈਂ ਜਿਸ ਨੂੰ ਪਾਰ ਨਾ ਕਰ ਸਕਿਆ, ਜੋ ਨੈਣਾਂ ਨਾਲ ਖਿੱਚੀ ਉਹ ਲੀਕ ਮੈਨੂੰ ਯਾਦ ਏ। ਸਫ਼ਲਤਾ ਹੀ ਚੇਤੇ ਰੱਖਾਂ ਏਡਾ ਵੀ ਖ਼ੁਦਗਰਜ਼ ਨਹੀਂ, ਤੈਨੂੰ ਪਾਉਣ ਦੀ ਅਸਫਲ ਰਹੀ ਤਰਕੀਬ ਮੈਨੂੰ ਯਾਦ ਏ। ਸਾਡੀ ਮੌਜੂਦਗੀ ਚ ਤੂੰ ਖ਼ੁਦ ਨੂੰ ਲੱਭਦੀ ਰਹਿੰਦੀ ਸੀ, ਗ਼ੈਰਮੌਜੂਦਗੀ ਜੋ ਆਇਆ ਨਜਦੀਕ ਮੈਨੂੰ ਯਾਦ ਏ। ਸਾਥੋਂ ਫਾਸਲਾ ਬਣਾ ਕੇ ਰੱਖਣਾ ਤੈਨੂੰ ਚੰਗਾ ਲੱਗਦਾ ਸੀ, ਮੈਂ ਕਿੰਨੇ ਕਦਮ ਆਇਆ ਨੇੜੇ ਹਾਲੇ ਤੀਕ ਮੈਨੂੰ ਯਾਦ ਏ। ਹੁਣ ਗੱਲ ਗੱਲ ਚੋਂ "ਤਕੀਪੁਰ" ਦੇ ਸਲੀਕਾ ਝਲਕਦਾ ਏ, ਕਦੇ ਤੇਰੇ ਨੈਣਾਂ ਚੋਂ ਲਾਈ ਜੋ ਉਹ ਡੀਕ ਮੈਨੂੰ ਯਾਦ ਏ।

51. ਮੇਰਾ ਨਾਂ

ਚਲੋ ਉਹਨੇ ਆਪਣੇ ਦਿਲ ਤੋਂ ਸਾਨੂੰ ਕਿਤੇ ਬੁਲਾਇਆ ਤਾਂ ਹੈ ਚਾਹੇ ਆਪਣੇ ਮਹਿੰਦੀ ਵਾਲੇ ਹੱਥਾਂ ਤੇ ਲਿਖੇ ਨਾਂ ਨੂੰ ਵਖਾਉਣ ਨੂੰ ਹੀ ਸਹੀ ਮੈਂ ਇਕ ਪਲ ਉਸ ਨਾਂ ਨੂੰ ਬੜੀ ਗੌਰ ਨਾਲ ਵੇਖਾਂਗਾ ਤੇ ਦੂਜੇ ਪਲ ਸੋਚਾਂਗਾ ਮੇਰਾ ਨਾਂ ਬਸ ਚਾਰ ਪੰਜ ਵਾਰ ਉਹਦੀ ਜ਼ੁਬਾਨ ਤੇ ਹੀ ਆਉਣਾ ਸੀ ਉਹਦੇ ਮਹਿੰਦੀ ਵਾਲੇ ਹੱਥਾਂ ਤੇ ਨਹੀਂ ਹੁਣ ਭਲਕੇ ਚਾਹੇ ਮੇਰਾ ਨਾਂ ਅਖ਼ਬਾਰਾਂ ਚ ਆਵੇ ਜਾਂ ਟੀ ਵੀ ਤੇ ਕੀ ਫ਼ਰਕ ਪੈਂਦਾ ਏ ਉਹ ਕੱਲ ਨੂੰ ਜਦ ਮੇਰਾ ਨਾਂ ਪੜੇਗੀ ਜਾਂ ਸੁਣੇਂਗੀ ਆਪਣਾ ਥੋੜੀ ਮਹਿਸੂਸ ਕਰੇਗੀ ਬਸ ਏਨਾ ਸੋਚੇਗੀ ਏਸ ਨਾਂ ਦਾ ਸਖ਼ਸ਼ ਕੁਝ ਸਮਾਂ ਮੇਰੇ ਨਾਲ ਵੀ ਵਿਚਰਿਆ ਸੀ।

52. ਨਜ਼ਰਾਂ ਦੀ ਮੁਲਾਕਾਤ

ਅਸੀਂ ਮਿਲਣ ਤਾਂ ਆਏ ਸੀ ਇੱਕ ਅਣਜਾਣ ਜਹੀ ਜਗਾ 'ਤੇ ਬੈਠ ਕੇ ਆਪਣੇ ਦਿਲਾਂ 'ਚ ਜੰਮ ਚੁੱਕੀਆਂ ਗੱਲਾਂ ਨੂੰ ਖਰੋਚਣ ਲਈ, ਪਰ ਲੱਗਦਾ ਇਹਨਾਂ ਨਜ਼ਰਾਂ ਨੂੰ ਮਨਜ਼ੂਰ ਨਹੀਂ ਸੀ ਕੇ ਇਹਨਾਂ ਵਿਚਕਾਰ ਲਫ਼ਜ਼ ਆਉਂਦੇ। ਸਾਡਾ ਇੱਕ ਇੱਕ ਪਲ ਹੁਣ ਸਾਡੀਆਂ ਨਜ਼ਰਾਂ ਬਿਆਨ ਕਰ ਰਹੀਆਂ ਸਨ ਦਿਲ ਤਾਂ ਦੋਹਾਂ ਦਾ ਕਰਦਾ ਹੋਵੇਗਾ ਕਿ ਸੀਨੇ ਚੋਂ ਕੱਢ ਆਪਣਾ ਆਪਣਾ ਦਿਲ ਇੱਕ ਦੂਜੇ ਦੇ ਸਾਂਵੇ ਰੱਖ ਦਈਏ, 'ਤੇ ਫਿਰ ਪੰਨਾ ਦਰ ਪੰਨਾ ਪਲਟ ਕੇ ਪੜਦੇ ਰਹੀਏ। ਪਰ ਇਹਨਾਂ ਨਜ਼ਰਾਂ ਦੀ ਗਹਿਰਾਈ 'ਚ ਅਸੀਂ ਏਨਾ ਗਹਿਰਾ ਉਤਰ ਗਏ ਕੇ ਸਾਨੂੰ ਯਾਦ ਹੀ ਨਾ ਰਿਹਾ ਕੀ ਸਾਡੇ ਕੋਲ ਆਪਣੀ ਗੱਲ ਕਹਿਣ ਲਈ ਹੋਠ ਵੀ ਨੇ। 'ਤੇ ਸ਼ਾਇਦ ਅੱਜ ਇਹਨਾਂ ਹੋਠਾਂ ਨੂੰ ਵੀ ਕੁਝ ਚੰਗਾ ਨਾ ਲੱਗਾ ਹੋਵੇ ਕੇ ਇਹ ਸੁੱਚੇ ਹੀ ਪਰਤ ਰਹੇ ਨੇ ਵਾਪਸ ਆਪਣੇ ਆਪਣੇ ਘਰਾਂ ਨੂੰ, ਹੁਣ ਅਸੀਂ ਅਲਵਿਦਾ ਦੀ ਸਾਂਝ ਪਾਈ 'ਤੇ ਪਰਤ ਆਏ ਆਪਣੀਆਂ ਆਪਣੀਆਂ ਬਰੂਹਾਂ ਵੱਲ ਪਰ ਦਿਲਾਂ ਚ ਨਰਾਜ਼ਗੀ ਹਾਲੇ ਵੀ ਸੀ ਕੇ ਏਨਾ ਵਕਤ ਬੈਠ ਗੁਜਾਰਿਆ 'ਤੇ ਦਿਲ ਦਾ ਦਰਦ ਜ਼ਬਾਨ ਬਣ ਕੇ ਕਿਉਂ ਆ ਨਾ ਸਕਿਆ ਸਾਡੇ ਦੋਹਾਂ ਦੇ ਹੋਠਾਂ 'ਤੇ ਪਰ ਸ਼ਾਇਦ ਇਹ ਮਿਲਣੀ ਹੋਠਾਂ ਦੀ ਨਹੀਂ ਬਸ ਨਜ਼ਰਾਂ ਦੀ ਸੀ।

53. ਉਧਾਲਿਆ ਹੋਇਆ ਦਿਲ

ਇਕ ਸਾਊ ਜਹੀ ਮੁਟਿਆਰ ਦਾ ਕੋਈ ਲੈ ਗਿਆ ਦਿਲ ਉਧਾਲ। ਬਿਨ ਧੜਕਣ ਦੇ ਹੁਣ ਹੋਇਆ ਪਿਆ ਇਹ ਜਿਸਮ ਹਾਲੋ ਬੇਹਾਲ। ਅਸੀਂ ਤੀਆਂ ਵਾਂਗੂੰ ਮਾਣਦੇ ਸੀ ਜ਼ਿੰਦਗੀ ਦੀ ਇਕੱਲਤਾ ਨੂੰ, ਹੁਣ ਸੁਪਨਿਆਂ ਵਿਚ ਵੀ ਹੁੰਦਾ ਏ ਸੱਚੀ ਕੋਈ ਮੇਰੇ ਨਾਲ। ਪਹਿਲਾਂ ਇਹਨਾਂ ਤੇ ਹਕੂਮਤ ਬਸ ਸੁਰਮੇਂ ਦੀ ਹੀ ਸੀ, ਹੁਣ ਨੈਣਾ ਵਿੱਚ ਚੁੱਬੀਆਂ ਲਾਉਂਦੇ ਨੇ ਖ਼ੂਬਸੂਰਤ ਜਹੇ ਖਿਆਲ। ਮੇਰੀ ਮਾਂ ਤਾਂ ਅੱਜ ਵੀ ਇਹਨਾਂ ਨੂੰ ਬਸ ਗੁੱਤਾਂ ਹੀ ਮੰਨਦੀ ਏ, ਪਰ ਕੋਈ ਮੰਨੀ ਬੈਠਾ ਇਹਨਾਂ ਨੂੰ ਹੁਣ ਜ਼ੁਲਫ਼ਾਂ ਵਾਲਾ ਜਾਲ। ਮੈਂ ਫੁੱਲਾਂ ਵਰਗੀ ਹਾਂ ਤੇ ਮੈਨੂੰ ਜਾਵੇ ਨਾ ਕੋਈ ਮਿੱਧ, ਕੋਈ ਭੇਜ ਰਿਹਾ ਸੁਨੇਹੇ ਮੈਂ ਬਣ ਜਾਵਾਂ ਤੇਰੀ ਢਾਲ। ਤੂੰ ਆਖੀ ਨਾ ਮੈਨੂੰ ਮਿਲਣ ਲਈ ਕਿਸੇ ਪੁਰਾਣੇ ਖੂਹ ਤੇ, ਮੈਂ ਨੀ ਚਾਹੁੰਦੀ ਚਾਹ ਦੀਆਂ ਚੁਸਕੀਆਂ ਦਾ ਵਿਸ਼ਾ ਮੇਰੀ ਚਾਲ। ਉਹਦੇ ਲਈ ਮੈਂ ਖੁਦ ਨੂੰ ਦਸਤਾਰ ਬਣਾ ਵੀ ਸਕਦੀ ਹਾਂ, ਜੋ ਧੀਆਂ ਵਾਂਗੂੰ ਲਵੇ ਇਕ ਚੁੰਨੀ ਮੇਰੀ ਨੂੰ ਪਾਲ। ਇਸ ਪੀੜ ਦੇ ਸੇਕ ਨਾਲ ਤਿੜਕ ਨਾ ਜਾਣ ਹੁਣ ਹੱਡ ਮੇਰੇ, ਆਖਾਂ ਤਕੀਪੁਰ ਨੂੰ ਕੋਈ ਲਿਖ ਕਵਿਤਾ ਜਦ ਸੀਨੇ ਚ ਉੱਠੇ ਉਬਾਲ।

54. ਤੇਰੀ ਸੂਰਤ

ਜਦੋਂ ਮੇਰੀ ਚੁੱਪ ਵੀ ਚੁੱਪ ਹੋ ਜਾਂਦੀ ਏ ਮੈਂ ਉਦੋਂ ਹੀ ਕਰਦਾ ਹਾਂ ਇਹਨਾਂ ਕਾਗਜ਼ਾਂ ਨਾਲ ਤੇਰੇ ਸੱਜਰੇ ਜਹੇ ਹਾਸੇ ਦੀ ਗੱਲ। ਕਿਸੇ ਸੱਪ ਦੀ ਪੈੜ ਵਾਂਗ ਮੈਂ ਸ਼ਬਦਾਂ ਦੇ ਅਰਥਾਂ 'ਚ ਬੜੇ ਵਿੰਗ ਵਲ ਪਾਉਣ ਦੀ ਕੋਸ਼ਿਸ਼ ਕਰਦਾ ਹਾਂ, ਪਰ ਕਵਿਤਾ ਦੇ ਖ਼ਤਮ ਹੁੰਦਿਆਂ ਹੀ ਇਹ ਸ਼ਬਦ ਝੱਟ ਤੇਰੀ ਸੂਰਤ ਨੂੰ ਪਛਾਣ ਲੈਂਦੇ ਨੇ। ਫਿਰ ਸੋਚਿਆ ਵੇਖਾਂ ਤਾਂ ਸਹੀ ਕਿਤੇ ਇਹ ਸ਼ਬਦ ਝੂਠ ਤਾਂ ਨਹੀਂ ਬੋਲ ਰਹੇ 'ਤੇ ਜਦ ਉਸ ਕਾਗਜ਼ ਨੂੰ ਚੁੱਕ ਮੈਂ ਦੀਵਾਰ ਤੇ ਲੱਗੇ ਕਿੱਲ ਉੱਤੇ ਟੰਗ ਕੇ ਦੋ ਕਦਮ ਪਿਛਾਂਹ ਆਇਆ ਤਾਂ ਵਾਕਿਆ ਹੀ ਉਸ 'ਚੋਂ ਤੇਰੀ ਸੂਰਤ ਦਿਖਾਈ ਦੇ ਰਹੀ ਸੀ।

55. ਟੁੱਟਿਆ ਜਦੋਂ ਦਾ ਦਿਲ ਰੂਹ ਬਿਮਾਰ ਪੈ ਗਈ ਏ

ਟੁੱਟਿਆ ਜਦੋਂ ਦਾ ਦਿਲ ਰੂਹ ਬਿਮਾਰ ਪੈ ਗਈ ਏ। ਉਵੀ ਸੁਣਿਆ ਮੰਜੇ ਤੇ ਅੱਜ ਇਕਸਾਰ ਪੈ ਗਈ ਏ। ਮੈਂ ਹੱਥੀਂ ਦਿੱਤਾ ਸੀ ਪਾਣੀ ਵਿਹੜੇ ਦਿਆਂ ਫੁੱਲਾਂ ਨੂੰ, ਫਿਰ ਪਤਾ ਨਹੀਂ ਕਿਉਂ ਪੱਲੇ ਹਾਰ ਪੈ ਗਈ ਏ। ਸੁਣਿਆ ਸੀ ਅਸਮਾਨ ਤਾਂ ਸਭ ਦਾ ਸਾਂਝਾ ਹੁੰਦਾ ਏ, ਉੱਡਦੇ ਏਥੇ ਵੀ ਵੇਖ ਕੱਲੇ ਨੂੰ ਪਿੱਛੇ ਡਾਰ ਪੈ ਗਈ ਏ। ਏਥੇ ਮੈਂ ਮੁਟਿਆਰਾਂ ਦੀ ਨਹੀਂ ਕਰ ਰਿਹਾ ਨਿੰਦਿਆ, ਸੁਣਿਆ ਏ ਦੋ ਯਾਰਾਂ ਵਿਚ ਇੱਕ ਨਾਰ ਪੈ ਗਈ ਏ। ਵੱਲੋਂ ਡਾਕਖ਼ਾਨੇ ਤੋਂ ਆਉਂਦਾ ਇਕ ਖ਼ੁਸ਼ ਵੇਖਿਆ ਚਿਹਰਾ, ਲੱਗਦਾ ਸੱਜਣ ਪੁਰਾਣਿਆਂ ਨੂੰ ਅੱਜ ਤਾਰ ਪੈ ਗਈ ਏ। ਹੁਣ ਰਾਤ ਵੀ ਮੈਂ ਬੜੀ ਸਲੀਕੇ ਨਾਲ ਗੁਜ਼ਾਰਦਾ ਹਾਂ, ਪਿੱਛੇ ਜਦੋਂ ਸੁਪਨਿਆਂ ਵਾਲੀ ਮੁਟਿਆਰ ਪੈ ਗਈ ਏ। ਜ਼ੁਲਮ ਉਦੋਂ ਹੀ ਟੱਪ ਆਇਆ ਸੀ ਸਾਡੀਆਂ ਕੰਧਾਂ ਨੂੰ, ਵਿੱਚ ਮਿਆਨ ਦੇ ਜਦੋਂ ਦੀ ਵੇਖ ਤਲਵਾਰ ਪੈ ਗਈ ਏ। ਏਵੀ ਇਕ ਸੁਪਨਾ ਸੀ ਮੇਰਾ ਮੈਂ ਲੈ ਕੇ ਆਉਂਦੀ ਭੱਤਾ, ਪਰ ਪੈਲੀ ਹੀ ਤੇਰੀ ਤਕੀਪੁਰ ਸਰਹੱਦੋਂ ਪਾਰ ਪੈ ਗਈ ਏ।

56. ਇੱਥੇ ਕੌਣ ਨਹੀਂ ਜੋ ਸਿਖ਼ਰ ਤੇ ਝੰਡਾ ਗੱਡਦਾ ਏ

ਇੱਥੇ ਕੌਣ ਨਹੀਂ ਜੋ ਸਿਖ਼ਰ ਤੇ ਝੰਡਾ ਗੱਡਦਾ ਏ। ਪਰ ਕੋਈ ਵਿਰਲਾ ਹੀ ਆਪਣਾ ਇਸ਼ਕ ਭੰਡਦਾ ਏ। ਮੁਟਿਆਰ ਦੂਰ ਜਾਂਦੀ ਲੱਗੇ ਸਭ ਨੂੰ ਹਵਾ ਵਰਗੀ, ਜਦ ਨੇੜੇ ਆਉਂਦੀ ਤਾਂ ਭੁਲੇਖਾ ਪਾਉਂਦੀ ਕੰਡਦਾ ਏ। ਦੱਸੋ ਕੀਹਨੂੰ ਕੀਹਨੂੰ ਚਾਹੀਦੇ ਦਿਲ ਪਰਚਾਉਣ ਲਈ, ਮੁੰਡਾ ਉਸ ਮੁਟਿਆਰ ਦੇ ਅੱਜ ਹਾਸੇ ਵੰਡਦਾ ਏ। ਮੈਂ ਰੋਜ਼ ਹੀ ਰੇਤੀ ਮਾਰਦਾਂ ਵੇਖ ਦਾਤਾਂ ਨੂੰ ਚੰਡਣ ਲਈ, ਉਹ ਕੌਣ ਜੋ ਤੇਰੀਆਂ ਸੇਲੀਆਂ ਨੂੰ ਏਨਾ ਤਿੱਖਾ ਚੰਡਦਾ ਏ। ਉਹ ਲਾਉਂਦੇ ਰਹੇ ਅੰਦਾਜ਼ਾ ਇਸ ਨੂੰ ਸਮਝਣ ਲਈ, ਤੂੰ ਹੀ ਹੱਸਿਆ ਹੋਣਾ ਜੋ ਟੁਕੜਾ ਮਿਲਿਆ ਖੰਡਦਾ ਏ। ਜੇ ਤੈਨੂੰ ਸਫ਼ਰ ਦਾ ਸੌਂਕ ਹੈ ਕੋਈ ਮਾੜੀ ਗੱਲ ਨਹੀਂ, ਕੋਈ ਤੇਰੀਆਂ ਪੈੜਾਂ ਨੂੰ ਹੁਣ ਨਜ਼ਰਾਂ ਨਾਲ ਗੰਢਦਾ ਏ। ਇੱਕ ਅੱਧੀ ਗ਼ਜ਼ਲ ਤਾਂ ਵੇਖ ਨਿਕਲ ਹੀ ਆਉਂਦੀ ਏ, ਜਦ 'ਤਕੀਪੁਰ' ਤੇਰੀ ਯਾਦ 'ਚ ਇਸ ਦਿਲ ਨੂੰ ਫੰਡਦਾ ਏ।

57. ਅਸਤ ਹੁੰਦਾ ਸੂਰਜ

ਅਸਤ ਹੋ ਰਹੇ ਸੂਰਜ ਨਾਲ ਸਾਡੀ ਸਾਂਝ ਪੁਰਾਣੀ ਲੱਗਦੀ ਏ, ਜਦੋਂ ਇਹ ਦਸਹੱਦਿਆਂ ਤੋਂ ਪਾਰ ਜਾਣ ਲੱਗਦੈ ਤਾਂ ਸਾਨੂੰ ਤੇਰੇ ਚਿਹਰੇ ਦਾ ਅਕਸ ਉਸੇ ਪਲ ਨਜ਼ਰੀਂ ਪੈ ਜਾਂਦੈ। 'ਤੇ ਇਹਦੀ ਲਾਲੀ ਦਾ ਰੰਗ ਤੇਰੇ ਓਸ ਸੂਟ ਨਾਲ ਮਿਲਦਾ ਏ ਜੀਹਨੂੰ ਲੈਣ ਤੋਂ ਪਹਿਲਾਂ ਤੂੰ ਸਾਡੀ ਪੱਗ ਦਾ ਰੰਗ ਪੁੱਛਿਆ ਸੀ।

58. ਇਕ ਮੁਲਾਕਾਤ ਇਹ ਵੀ

ਸਾਡੀ ਇਕ ਮੁਲਾਕਾਤ ਹਾਲੇ ਵੀ ਬਾਕੀ ਏ ਜਦੋਂ ਤੂੰ ਸਰੋਂ ਫੁੱਲਾ ਸੂਟ ਪਾਇਆ ਹੋਵੇਗਾ 'ਤੇ ਮੈਂ ਚਿੱਟੇ ਕੁੜਤੇ ਨਾਲ ਕਿਸੇ ਵੀ ਰੰਗ ਦਾ ਪਰਨਾ ਬੰਨਿਆ ਹੋਵੇਗਾ, ਮੈਂ ਖੇਤ ਬੈਠਾ ਤੇਰਾ ਇੰਤਜਾਰ ਕਰ ਰਿਹਾ ਹੋਵਾਂਗਾ 'ਤੇ ਤੂੰ ਰਸਤੇ ਚ ਆਉਂਦੀ ਹੋਈ ਕਰਨ ਵਾਲੀਆਂ ਗੱਲਾਂ ਦਾ ਰੱਟਾ ਮਾਰ ਰਹੀ ਹੋਵੇਂਗੀ। ਹੁਣ ਆਪਾਂ ਦੋਵੇਂ ਤਿੰਨ ਸੌਂ ਫੁੱਟ ਡੂੰਘੀ ਤੇ ਚਲਦੀ ਮੋਟਰ ਕੋਲ ਬਹਿ ਕੇ ਦਿਲ ਦੀਆਂ ਗੱਲਾਂ ਕਰ ਰਹੇ ਹੋਵਾਂਗੇ ਤੇਰੇ ਮੂੰਹੋਂ ਨਿੱਕਲੇ ਕੁਝ ਸਵਾਲਾਂ ਦੇ ਜਵਾਬ ਤਾਂ ਮੈਂ ਬੋਲ ਕੇ ਦੇ ਹੀ ਰਿਹਾ ਹੋਵਾਂਗਾ, ਪਰ ਤੇਰੇ ਨੈਣਾਂ ਵਿਚਲੇ ਸਵਾਲਾਂ ਦੇ ਜਵਾਬ ਮੈਂ ਪਾਣੀ ਦੀ ਭਰੀ ਖੇਲ ਚੋਂ ਇਕ ਬੁੱਕ ਭਰ ਤੇ ਤੇਰੇ ਚਿਹਰੇ 'ਤੇ ਕੁਝ ਛਿੱਟੇ ਪਾ ਕੇ ਦੇ ਰਿਹਾ ਹੋਵਾਂਗਾ। ਹੁਣ ਤੂੰ ਏਸ ਮੁਲਾਕਾਤ ਤੇ ਆਉਣ ਲਈ ਛੇਤੀ ਦੇ ਨਾਲ-ਨਾਲ ਕਾਹਲ ਵੀ ਕਰੀਂ ਕਿਉਂ ਕੇ ਜੇ ਮੈਂ ਨਾ ਭੁੱਲਦਾ ਹੋਵਾਂ ਤਾਂ ਮੈਂ ਕਿਸੇ ਅਖਬਾਰ 'ਚ ਪੜਿਆ ਸੀ 'ਤੇ ਕਈ ਮਾਹਿਰਾਂ ਕੋਲੋਂ ਵੀ ਸੁਣਿਆ ਸੀ ਕਿ ਆੳਣ ਵਾਲੇ ਸਮੇਂ 'ਚ ਪਾਣੀ ਦੀ ਕਿੱਲਤ ਵੀ ਆ ਸਕਦੀ ਏ। 'ਤੇ ਮੈਂ ਨਹੀਂ ਚਾਹੁੰਦਾ ਸਾਡੀ ਏਸ ਮੁਲਾਕਾਤ 'ਚ ਪਾਣੀ ਗ਼ੈਰ-ਹਾਜ਼ਰ ਹੋਵੇ।

59. ਵਕਤ

ਬੜੀ ਭਾਰੀ ਮੁਸ਼ੱਕਤ ਮਗਰੋਂ ਉਸ ਨੇ ਟਾਇਮ-ਪੀਸ ਲੈਣ ਲਈ ਕੁਝ ਪੈਸੇ ਘਟਾਏ ਸੀ, ਮੈਂ ਸੋਚ ਰਿਹਾ ਸੀ ਕੋਲ ਖੜਾ ਆਪਣਾ ਵਕਤ ਲਿਆਉਣ ਲਈ ਏ ਉਹਦੀ ਪਹਿਲੀ ਕੋਸ਼ਿਸ਼ ਹੋਵੇਗੀ।

60. ਤੇਰੀ ਥਾਂ

ਤੇਰੀ ਥਾਂ ਕੋਈ ਦਿਲ ਵਿਚ ਕਿਵੇਂ ਲੈ ਸਕਦੈ, ਤੇਰੀ ਥਾਂ ਲੈਣ ਲਈ ਦਿਲ ਵਿਚ ਥਾਂ ਵੀ ਤਾਂ ਹੋਵੇ।

61. ਮੁਲਾਕਾਤ

ਮੈਨੂੰ ਉਡੀਕ ਸੀ ਤੇਰੇ ਖ਼ਤ ਦੀ ਜੋ ਆਇਆ ਹੀ ਨਹੀਂ। ਉਹ ਕਹਿੰਦੇ ਆਉਂਦਾ ਕਿੱਥੋਂ ਅਸੀਂ ਪਾਇਆ ਹੀ ਨਹੀਂ। ਮੈਂ ਕਿਹਾ ਨੈਣਾਂ 'ਚ ਨਹੀਂ ਦਿਸ ਰਹੀ ਮੇਰੀ ਉਡੀਕ, ਕਹਿੰਦੇ ਇੰਤਜ਼ਾਰ ਹੈ ਹੋਰ ਦਾ ਤੈਨੂੰ ਬੁਲਾਇਆ ਹੀ ਨਹੀਂ। ਇਹ ਸੁਣ ਕੇ ਵੀ ਨਹੀਂ ਵੱਜੀ ਸਾਥੋਂ ਲੀਕ ਉਹਦੇ ਨਾਂ 'ਤੇ, ਦੱਸ ਕਿਉਂ ਉਡੀਕ ਕਰਦੈਂ ਅਸੀਂ ਤੈਨੂੰ ਚਾਹਿਆ ਹੀ ਨਹੀਂ। ਪਾਗਲ ਤਾਂ ਨਹੀਂ ਮੇਰੇ ਬਾਰੇ ਇਹਨਾਂ ਕੁਝ ਲਿਖੀ ਜਾਨੈਂ, ਮੈਂ ਤੇਰੀ ਇਕ ਵੀ ਸਤਰ ਨੂੰ ਹੋਠਾਂ ਨਾਲ ਗਾਇਆ ਹੀ ਨਹੀਂ। ਤੂੰ ਆਪੀ ਸੋਚ ਭਲਾ ਆਉਂਦਾ ਕਿਵੇਂ ਕਾਂ ਸਾਡੇ ਬਨੇਰੇ 'ਤੇ, ਨਾਂ ਤੇਰਾ ਲੈ ਕੇ ਮੰਜਾ ਕਦੇ ਵਿਹੜੇ 'ਚ ਡਾਇਆ ਹੀ ਨਹੀਂ। ਮਾਂ ਆਖਦੀ ਕਿਵੇਂ ਐਨੀ ਛੇਤੀ ਏ ਘਸ ਜਾਂਦਾ ਏ ਮਾਂਜਾ, ਅਕਸ ਤੇਰਾ ਹੂੰਝਿਆ ਹੀ ਸੀ ਕਦੇ ਟਿਕਾਇਆ ਹੀ ਨਹੀਂ। "ਤਕੀਪੁਰ" ਕੀ ਸੋਚ ਕੇ ਪੁੱਛਦੀ ਮੈਂ ਤੇਰੇ ਪਿੰਡ ਦਾ ਰਾਹ, ਮੈਂ ਤਾਂ ਪਾਣੀ ਸਾਂ ਪਰ ਤੂੰ ਰੰਗ ਵਾਂਗ ਸਮਾਇਆ ਹੀ ਨਹੀਂ।

62. ਘਾਹ

ਕੋਈ ਚਾਅ ਨਹੀਂ ਸਾਨੂੰ ਫੁੱਲ ਬਣ ਕੇ ਖਿੜਨ ਦਾ 'ਤੇ ਸਾਰਿਆਂ ਨੂੰ ਪਸੰਦ ਆਉਣ ਦਾ, ਜੋ ਕੂਲੇ ਜਹੇ ਹੱਥਾਂ ਨਾਲ ਟੁੱਟ ਕੇ ਬੜਾ ਮਾਣ ਮਹਿਸੂਸ ਕਰਦਾ ਹੋਵੇ। ਉਦੋਂ ਗਿਣਤੀ ਦੇ ਸਾਹ ਹੁੰਦੇ ਨੇ ਤੇਰੇ ਕੋਲ ਜਦੋਂ ਕੋਈ ਜਾਂਦਾ-ਜਾਂਦਾ ਤੇਰੀ ਧੌਣ ਮਰੋੜ ਜਾਂਦਾ ਏ ਮੈਨੂੰ ਤਾਂ ਸਮਝ ਨੀ ਆਉਂਦੀ ਕੀ ਉਦੋਂ ਤੇਰੇ 'ਤੇ ਕੀ ਬੀਤਦੀ ਹੋਵੇਗੀ ਜਦੋਂ ਤੈਨੂੰ ਸ਼ਰਧਾ ਲਈ ਤੋੜ ਕੇ ਸੁੱਟ ਦਿੱਤਾ ਜਾਂਦਾ ਏ ਕਿਸੇ ਕਬਰ ਦੀ ਹਿੱਕ 'ਤੇ। ਨਾ ਨਾ ਮੈਨੂੰ ਲੋੜ ਨਹੀਂ ਫੁੱਲ ਬਣ ਕੇ ਸਾਰਿਆਂ ਨੂੰ ਪਸੰਦ ਆਉਣ ਦੀ ਮੈਂ ਤਾਂ ਘਾਹ ਹਾਂ ਜਦੋਂ 'ਤੇ ਜਿੱਥੇ ਦਿਲ ਕੀਤਾ ਉੱਗ ਆਵਾਂਗਾ।

63. ਹਾਲਾਤ-ਏ-ਪਿੰਡ

ਹੋਰ ਨਿਕਲਦੇ ਅਰਥ ਏਥੇ 'ਤੇ ਹੋਰ ਹੁੰਦੀਆਂ ਨੇ ਗੱਲਾਂ। ਹੁਣ ਛੱਡ ਇਹਨਾਂ ਦੀ ਢਾਣੀ ਮੈਂ ਹੋਰ ਕੋਈ ਥਾਂ ਮੱਲਾਂ। ਛਿੜਦੀ ਜਿਹਦੀ ਗੱਲ ਹੈ ਏਥੇ ਉਹੀ ਨਿਕਲੇ ਚੋਰ, ਬਸ ਕਹਿਣ ਨੂੰ ਪਾਈ ਫਿਰਦੇ ਨੇ ਚਿੱਟੀਆਂ ਸਾਰੇ ਖੱਲਾਂ। ਵਾਰੋ-ਵਾਰੀ ਹੋ ਚੱਲੇ ਨੇ ਹੁਣ ਸਾਰੇ ਹੀ ਪਰਦੇਸੀ ਪਿੰਡ ਆਖਦੈ ਦਿਲ ਨੀ ਲੱਗਦਾ ਹੁਣ ਮੈਂ ਵੀ ਏਥੋਂ ਚੱਲਾਂ। ਕੋਈ ਉੱਚੀ ਨੀਵੀਂ ਹੁਣ ਨੀ ਸਹਿੰਦਾ ਬਦਲ ਗਏ ਨੇ ਯੁੱਗ, ਗੱਲ ਕਿਸੇ ਨੂੰ ਇੰਝ ਪਈ ਚੀਰੇ ਜਿਓਂ ਪੈਲੀ ਚੱਲਣ ਹੱਲਾਂ। ਚਾਨਣ ਹੁਣ ਕੋਈ ਜਰਦਾ ਨਾ ਤੇ ਹਨੇਰਾ ਸਭ ਨੂੰ ਭਾਵੇ, ਲੱਭਣੇ ਔਖੇ ਕਿਰਦਾਰ ਨੇ ਉੱਚੇ ਬਸ ਉੱਚੀਆਂ ਦਿਸਣ ਵੱਲਾਂ। ਵੱਸ ਨੀ ਚਲਦਾ ਬਹੁਤਿਆਂ ਦਾ ਨਹੀਂ ਤਾਂ ਤਖ਼ਤੇ ਪਲਟਣ, ਰੋਸ ਏਨਾਂ ਚੋਂ ਇੰਝ ਹੈ ਉੱਠਦਾ ਜਿਓਂ ਸਮੁੰਦਰ 'ਚੋਂ ਨੇ ਛੱਲਾਂ। ਮਧਾਣੀ ਪਿੱਛੋਂ ਚੜ੍ਹੇ ਚਾਟੀ 'ਤੇ ਪਹਿਲਾਂ ਮੂੰਹ 'ਤੇ ਚੁਗਲੀ, ਅਵਾਰਾ ਪਸ਼ੂ ਤਾਂ ਨਿਕਲੇ ਪਿੰਡੋਂ ਬਾਠ ਨਿਕਲਣ ਨਾਹੀਂ ਗੱਲਾਂ।

64. ਨਾਂ

ਲੋਕੀਂ ਘਰ ਬਣਾਉਂਦੇ ਰਹੇ ਅਸੀਂ ਬਣਾਇਆ ਨਾਂ। ਲੋੜ ਨਹੀਂ ਅਖ਼ਬਾਰ ਨੂੰ ਘੱਲਾਂ ਤੂੰ ਸੁਣ ਲੈਂ ਬਸ ਤਾਂ। ਫਿਰ ਨੁੱਚੜ ਜਾਣੈ ਮੈਂ ਵੇਖੀ ਸਾਰੇ ਦੇ ਸਾਰੇ, ਲਿਖ ਤੇਰੇ ਹੱਥੋਂ ਹੋ ਗਈ ਜੇ ਸੱਚੀਂ ਮੈਨੂੰ ਨਾਂ। ਹੱਲ ਕਰਨਾ ਹੀ ਪੈਣਾ ਹੈ ਸਾਨੂੰ ਇਕ ਦੂਸਰੇ ਨੂੰ, ਨਾ ਤੇਰੇ ਵਿਚ ਨਾ ਮੇਰੇ ਵਿਚ ਆਉਂਦੀ ਹੈ ਕੋਈ ਜਾਂ। ਵਿਚ ਮੁਕਾਬਲੇ ਇਸ਼ਕ ਨਾ ਆਵੇ ਆਖੀ ਗੱਲ ਸਿਆਣੀ, ਦੱਸ ਪਾਇਆ ਹੈ ਅੱਜ ਤੱਕ ਕੋਈ ਧੁੱਪ ਵੱਡੀ ਜਾਂ ਛਾਂ। ਦੱਸ ਕੱਚ ਵਿੱਚੋਂ ਕੀ ਆਪਾ ਵੇਖਣਾ ਖੌਰੇ ਕੱਚਾ ਨਿਕਲੇ, ਵੇਖ ਲਵਾਂ ਤੇਰੇ 'ਚੋਂ ਖ਼ੁਦ ਨੂੰ ਜੇ ਨਜ਼ਰਾਂ ਚੁੱਕੇ ਉਤਾਂਹ। ਪਹਿਲੀ ਵਾਰ ਮਿਲੇ ਸਾਂ ਜਿੱਥੇ ਸੀ ਬੜਾ ਪਿਆਰਾ ਗੁੰਬਦ, ਅੱਜਕਲ ਲੋਕਾਂ ਪਾਇਆ ਰੌਲਾ ਉਹ ਸੀ ਕੱਚੀ ਪੱਕੀ ਥਾਂ। ਅਸੀਂ ਤਾਂ ਸੋਚਿਆ ਨਾਲ ਇਸ਼ਾਰੇ ਬੁਲਾਉਂਦੀ ਰਹਿੰਦੀ ਏ, ਪਰ ਕੀ ਪਤਾ ਸੀ ਸਾਨੂੰ ਤੇਰੀ ਹੁਣ ਵੰਗਾਂ ਮੰਗਦੀ ਬਾਂਹ। ਤਕੀਪੁਰ ਸਮਝ ਤਾਂ ਗਈ ਹੋਣੀ ਏ ਬੇਸ਼ੱਕ ਪਿੱਛੇ ਨਾ ਮੁੜ ਵੇਖੇ, ਤੁਰਿਆ ਕੋਈ ਤਾਂ ਆਉਂਦਾ ਏ ਮੇਰੀਆਂ ਪੈੜਾਂ ਤੋਂ ਪਿਛਾਂਹ।

65. ਕੀ ਹੋਇਆ ਜੇ ਆਣ ਪਈ

ਕੀ ਹੋਇਆ ਜੇ ਆਣ ਪਈ ਮੁਸੀਬਤ ਇਕ ਹੈ ਭਾਰੀ। ਆਓ ਰਲ ਕੇ ਆਪਾਂ ਚੁੱਕੀਏ ਅੱਜ ਵੱਡੀ ਜਿੰਮੇਵਾਰੀ। ਸਾਫ ਸੁਥਰਾ ਬਣ ਕੇ ਰਹੀਏ ਪਹਿਲਾ ਇਹ ਅਸੂਲ, ਫ਼ਤਿਹ ਬੁਲਾਈਏ ਇਕ ਦੂਜੇ ਨੂੰ ਖੜ ਕੇ ਥੌੜੀ ਦੂਰ। ਦਵਾ ਨਾਲੋਂ ਪਰਹੇਜ਼ ਹੈ ਚੰਗਾ ਆਖੀ ਗੱਲ ਸਿਆਣੀ, ਘਰਾਂ ਚ ਰਹਿ ਸਮਾਂ ਲੰਘਾਈਏ ਘੱਟ ਕਰੀਏ ਆਉਣੀ ਜਾਣੀ। ਵਿਹੜੇ ਦੇ ਵਿਚ ਬੂਟੇ ਲਾ ਕੇ ਨਾਲ ਕੁਦਰਤ ਗੱਲਾਂ ਕਰੀਏ, ਛਾਂਵੇ ਬਹਿ ਕੇ ਰੁੱਖਾਂ ਦੀ ਫਿਰ ਆਪਾਂ ਕਿਤਾਬਾਂ ਪੜੀਏ। ਦੁੱਖ ਸੁੱਖ ਦੋਵੇਂ ਹੁੰਦੇ ਕੱਪੜੇ ਇਕ ਲਹਿੰਦਾ ਇਕ ਪੈਂਦਾ, ਉਹ ਰਹਿੰਦਾ ਖੁਸ਼ਹਾਲ ਹੈ ਫਿਰ ਜਿਹੜਾਂ ਨਹੀਂ ਹੈ ਢਹਿੰਦਾ। ਚੰਗੀ ਜੀਵਨ ਜਾਚ ਹੈ ਦਿੰਦੀ ਨਿੱਤ ਬੰਦੇ ਨੂੰ ਉਤਸ਼ਾਹ, ਜਿੰਦਗੀ ਦੀ ਬੇੜੀ ਪਾਰ ਹੈ ਲੰਘੇ ਜੇ ਚੰਗਾ ਮਿਲੇ ਮਲਾਹ। ਸਮਾਂ ਜੇ ਦਿੱਤਾ ਕੁਦਰਤ ਨੇ ਤਾਂ ਪੜੀਏ ਜ਼ਰਾ ਇਤਿਹਾਸ, ਸਾਡੀ ਕੌਮ ਦੇ ਸੂਰਮਿਆਂ ਨੇ ਸਾਨੂੰ ਕੀ ਕੀ ਦਿੱਤਾ ਖ਼ਾਸ। ਭਲਾ ਸਰਬੱਤ ਮੰਗੀਏ ਆਪਾਂ ਗੱਲ ਗੁਰੂਆਂ ਪੀਰਾਂ ਆਖੀ, ਨਵੀਂ ਉਮੀਦ ਦੇ ਨਾਲ ਆਪਾਂ ਤਕੀਪੁਰ ਖੋਲੀਏ ਨਵੀਂ ਤਾਕੀ।

66. ਤੇਰਾ ਮੇਰਾ ਸਾਕ

ਉਹਨੂੰ ਜਿਹੜਾ ਆਖਣਾ ਸੀ ਬਸ ਇਕ ਵਾਕ ਏ। ਕਿਉਂ ਲੋਕਾਂ ਵਿਚ ਬਣਿਆ ਨਾ ਤੇਰਾ ਮੇਰਾ ਸਾਕ ਏ। ਸਮਝ ਤਾਂ ਗਏ ਸੀ ਤੇਰੀ ਓਪਰੀ ਜੀ ਅੱਖ ਤੋਂ, ਕੋਈ ਸੱਜਣਾਂ ਦੇ ਦਿਲ ਪਿੱਛੇ ਲਾਈ ਬੈਠਾ ਘਾਤ ਏ। ਤੂੰ ਸੁਪਨੇ 'ਚ ਆਉਣਾ 'ਤੇ ਸੀ ਝੱਟ ਦਿਨ ਚੜਦਾ, ਸਾਨੂੰ ਹੁਣ ਪਤਾ ਲੱਗਾ ਏ ਬੜੀ ਲੰਮੀ ਰਾਤ ਏ। ਹੋਏ ਨਹੀਓਂ ਪਾਰ ਉਹਨਾਂ ਤੋਂ ਸੁੱਕੇ ਦਰਿਆ ਵੀ, ਮੁਹੱਬਤਾਂ ਦੇ ਵਿਚ ਜਿੰਨਾਂ ਵੇਖੀ ਏਥੇ ਜਾਤ ਏ। ਚਾਰ ਦਿਨ ਰਹਿਣਾ ਜਿੱਥੇ ਉਹ ਮਹਿਲ ਨਾ ਤੂੰ ਵੇਖ, ਅੰਤ ਨੂੰ ਤਾਂ ਇੱਕੋਂ ਥਾਂਏ ਵੇਖ ਹੋਣਾਂ ਆਪਾਂ ਖਾਕ ਏ। ਸਾਡੇ ਨਾਲ ਬੋਲ ਤੇਰਾ ਰਿਹਾ ਸਿਰ ਤੋਂ ਉਚੇਰਾ ਸੀ, ਤੇਰਾ ਸੁਣਿਆ ਏਂ ਗ਼ੈਰਾਂ ਨਾਲ ਚੰਗਾ ਇਖ਼ਲਾਕ ਏ। ਖ਼ੁਦ ਨਾਲ ਗੱਲ ਕਰਾਂ ਜਦੋਂ ਤੇਰੇ ਇਤਿਹਾਸ ਦੀ, ਝੱਟ ਕਹਿ ਦੇਵਾਂ ਦਿਲ ਨੂੰ ਮੈਂ ਇਹ ਤਾਂ ਮਿਥਿਹਾਸ ਏ।

67. ਬੰਦੇ

ਹੁਣ ਲੱਭਦੇ ਨੀ ਦਿਲਦਾਰੇ ਬੰਦੇ। ਉਂਝ ਕਹਿਣ ਨੂੰ ਏਥੇ ਸਾਰੇ ਬੰਦੇ। ਛੱਡ ਗਏ ਨੇ ਹੁਣ ਡੰਗਰ ਚਾਰਨੋਂ, ਪਰ ਬੰਦਾ ਚਾਰਨ ਲਈ ਕਾਹਲੇ ਬੰਦੇ। ਇਹ ਧਰਤੀ 'ਤੇ ਨਾ ਤੋੜਨ ਤੋਰੀਆਂ, ਜੋ ਅਸਮਾਨੋਂ ਲਾਉਂਦੇ ਤਾਰੇ ਬੰਦੇ। ਦੁਨੀਆਂ ਜਿੱਤਣ ਦੀ ਪਾਈ ਫੋਟੋ, ਪਰ ਆਪਣੇ ਆਪ ਤੋਂ ਹਾਰੇ ਬੰਦੇ। ਨਿੱਤ ਨੀਵੇਂ ਹੋ ਕੇ ਲੈ ਲੈਂਦੇ ਵੱਢੀ, ਜੋ ਉੱਚੇ ਲਾਉਂਦੇ ਨੇ ਨਾਅਰੇ ਬੰਦੇ। ਕਈਆਂ ਨੂੰ ਏਥੇ ਅੱਖ ਠਾਰਦੀ, ਹੁਣ ਠੰਡ ਨਾ ਅੱਜ-ਕਲ ਠਾਰੇ ਬੰਦੇ। ਡਰਦਾ ਰੱਬ ਵੀ ਹੱਥ ਨਾ ਪਾਵੇ, ਏਥੇ ਨਸ਼ਿਆਂ ਨੇ ਜੋ ਮਾਰੇ ਬੰਦੇ। ਲਿਫਾਫਿਆਂ ਵਰਗੀਆਂ ਕਰਦੇ ਗੱਲਾਂ, ਜੋ ਪੈਸੇ ਪੱਖੋਂ ਨੇ ਭਾਰੇ ਬੰਦੇ। ਉਹ ਨਾ ਬਹੁਤੀ ਤੂੰ ਤੂੰ ਕਰਦੇ, ਤਕੀਪੁਰ ਜ਼ਹਿਨ ਤੋਂ ਜੋ ਨੇ ਭਾਰੇ ਬੰਦੇ।

68. ਮੇਰੇ ਕੋਲ

ਅੱਜ ਬਹੁਤਾ ਮੇਰੇ ਕੋਲ ਬਹਿ ਗਈ। ਉਹ ਕੀ ਪਤਾ ਕੀ ਬੋਲ ਬਹਿ ਗਈ। ਮੈਂ ਸੋਚਿਆ ਕੋਈ ਪਿਆਰ ਦੀ ਕਰਨੀ, ਪਰ ਗੱਲ ਛੇੜ ਤੂੰ ਹੋਰ ਬਹਿ ਗਈ। ਬੁਲਾਇਆ ਤਾਂ ਦਿਲ ਖੋਲਣ ਨੂੰ ਸੀ, ਤੂੰ ਚੁੰਨੀ ਦੀਆਂ ਗੰਢਾਂ ਖੋਲ ਬਹਿ ਗਈ। ਨਾਲੇ ਪਤਾ ਤੈਨੂੰ ਮੈਂ ਸਿੱਧਾ ਤੇ ਸਾਧਾ, ਫਿਰ ਵੀ ਕਰਕੇ ਗੱਲ ਗੋਲ ਬਹਿ ਗਈ। ਤੇਰਾ ਪੱਕਾ ਹੋਣਾ ਕੋਈ ਪਿੱਛਾ ਕਰਦਾ, ਜਿਹੜਾ ਪੈਰਾਂ ਤੇ ਪਾਣੀ ਡੋਲ ਬਹਿ ਗਈ। ਧੀ ਮਾਪਿਆਂ ਦੀ ਜ਼ਿੱਦੀ ਸੀ ਜਿਹੜੀ, ਕਰਨ ਗੱਲਾਂ ਅੱਜ ਸੋਹਲ ਬਹਿ ਗਈ। ਕੁੜੀ ਕਿੱਧਰ ਗਈ ਉਹ ਸੁੱਘੜ-ਸਿਆਣੀ, ਅੱਜ ਲੱਗਾ ਨੇੜੇ ਕੋਈ ਅਣਭੋਲ ਬਹਿ ਗਈ। ਬਸ ਹਵਾ ਹੀ ਸਰਕਦੀ ਰਹੀ ਸਾਡੇ ਚੋਂ, ਤਕੀਪੁਰ ਏਨੀ ਹੋ ਕੇ ਉਹ ਕੋਲ ਬਹਿ ਗਈ।

69. ਅੰਦਰ

ਅੰਦਰ ਕੁਝ ਇਸ ਤਰਾਂ ਦਾ ਚਲਦਾ ਹੈ। ਨਾ ਹੀ ਗਲਦਾ ਹੈ 'ਤੇ ਨਾ ਹੀ ਬਲਦਾ ਹੈ। ਨਾ ਉਮੰਗ ਸਵੇਰ ਦੀ ਨਾ ਦੁਪਹਿਰ ਦਾ ਜ਼ੋਬਨ, ਸਾਡਾ ਸੂਰਜ ਹੁਣ ਕੁਝ ਇਸ ਤਰਾਂ ਢਲਦਾ ਹੈ। ਫੇਰ ਨਾ ਆਖੀਂ ਦੱਸਿਆ ਨੀ ਆਹ 'ਤੇ ਮਿਲ ਜਾ, ਮੈਨੂੰ ਲੱਗਦਾ ਮੇਰੇ ਕੋਲ ਦਿਨ ਜਿਵੇਂ ਕੱਲ ਦਾ ਹੈ। ਉਹਦੀ ਨਾ ਨੇ ਵੀ ਮੈਨੂੰ ਨੁੱਕਰੇ ਲਾ ਛੱਡਿਆ ਏ, ਭਲਾ ਬਿਨ ਪਾਣੀ ਤੋਂ ਰੁੱਖ ਕਿੰਨਾ ਕੁ ਫਲਦਾ ਹੈ। ਆਪਣੇ ਆਪ ਤੋਂ ਬੇਮੁੱਖ ਹੋਣਾ ਸੌਖਾ ਨਹੀਂ ਹੁੰਦਾ, ਦੱਸੋ ਮੈਨੂੰ ਛੱਡ ਕੇ ਏਥੇ ਕੌਣ ਮੇਰੇ ਵੱਲ ਦਾ ਹੈ। ਜਿੰਦਗੀ ਦੇ ਵਿਚ ਜਿਹੜੇ ਵਿਚਾਲੇ ਹੀ ਛੱਡ ਜਾਵਣ, ਨਾ ਕਦੇ ਫੇਰ ਉਹ ਸੱਜਣ ਆ ਸੁਪਨੇ ਵਿਚ ਰਲਦਾ ਹੈ। ਮਿੱਟੀ ਤੇ ਤੁਰਨਾ ਮੇਰਾ ਨਾ ਕਈਆਂ ਨੂੰ ਚੰਗਾ ਲੱਗਾ, ਆਖਰ ਤਕੀਪੁਰ ਹੁਣ ਪੰਨਿਆਂ 'ਤੇ ਹੀ ਚਲਦਾ ਹੈ।

70. ਧੂੜ-ਗਜਲ

ਤੇਰੇ ਰਾਹ ਦੀ ਧੂੜ ਸੀ ਜਿਹੜੀ। ਕੀ ਆਖਾਂ ਕੀ ਲੱਗਦੀ ਮੇਰੀ। ਚੁੱਕ ਹੱਥਾਂ ਵਿਚ ਓਸੇ ਹੀ ਵੇਲੇ, ਮੈਂ ਦਿਲ ਦੀਆਂ ਵੱਟਾਂ 'ਤੇ ਸਾਰੀ ਕੇਰੀ। ਕਦਮ ਤੇਰੇ ਦੀ ਮੈਂ ਛਾਪ ਨਾ ਭੁੱਲਿਆ, ਤੂੰ ਜੁੱਤੀ ਬਦਲੀ ਭਾਂਵੇ ਕਿਹੜੀ-ਕਿਹੜੀ। ਖਿੱਲਰੇ ਵਾਲਾਂ ਦੀ ਗੱਲ ਹੀ ਹੋਰ ਸੀ, ਭਾਂਵੇ ਨੈਣ ਨਕਸ਼ ਤੋਂ ਤੂੰ ਸੋਹਣੀ ਬਥੇਰੀ। ਅੱਖਾਂ ਕੱਢ-ਕੱਢ ਵੇਖਾਂ ਮੈਂ ਉਹਨੂੰ, ਜੋ ਤੇਰੀਆਂ ਜੁਲਫ਼ਾਂ ਨੂੰ ਛੇੜੇ ਹਨੇਰੀ। ਮੈਂ ਛਾਂ ਕਿੱਕਰ ਦੀ ਮੱਲ ਕੇ ਬੈਠਾ, ਦੱਸ ਤੈਨੂੰ ਆਉਣ 'ਚ ਕਿਉਂ ਹੋਈ ਦੇਰੀ। ਫ਼ੈਸ਼ਨ ਰਹਿੰਦਾ ਹੁਣ ਅੱਖਾਂ ਕੱਢਦਾ, ਕਾਹਦੀ ਤੇਰੀ ਸਾਦਗੀ ਨਾ ਰੂਹ ਲਬੇੜੀ। ਬਜ਼ਾਰ ਹੋ ਗਿਆ ਸੜ ਕੇ ਕੋਲਾ, ਜਦ ਪੱਗ ਨਾਲ ਹੱਸੀ ਚੁੰਨੀ ਤੇਰੀ। ਟੀਸੀ ਵਾਲਾ ਤੈਨੂੰ ਬੇਰ ਖਵਾਉਂਣਾ, ਘਰ ਤਕੀਪੁਰ ਦੇ ਹੈ ਉੱਚੀ ਬੇਰੀ।

71. ਹਾਕਮ

ਮੂੰਹ ਦੀ ਰੋਟੀ ਖੋਹਣ ਆ ਗਏ ਕਿਹੜੇ ਕਿਹੜੇ ਹਾਕਮ ਨੇ। ਏ ਇਕ ਦੂਜੇ ਦੇ ਲੱਗਦੇ ਸਾਂਢੂ ਨਾ ਤੇਰੇ ਮੇਰੇ ਹਾਕਮ ਨੇ। ਸਬਰ ਸੰਤੋਖ ਨਾ ਪਰਖੋ ਸਾਡਾ ਨਹੀਂ ਫਿਰ ਤਖ਼ਤੇ ਪਲਟਣਗੇ, ਆਖ਼ਿਰ ਲੱਭਣੇ ਆਉਂਦੇ ਸਾਨੂੰ ਏਥੇ ਜਿਹੜੇ ਜਿਹੜੇ ਹਾਕਮ ਨੇ। ਭੁੱਲੀਏ ਨਾ ਇਤਿਹਾਸ ਹਾਕਮੋਂ ਬਹਿ ਕੇ ਉੱਚੀਆਂ ਥਾਵਾਂ ਤੇ, ਫਿਰ ਚੰਗੀ ਤਰ੍ਹਾਂ ਜਾਣਦੇ ਸਾਨੂੰ ਏਥੇ ਜਿਹੜੇ ਜਿਹੜੇ ਹਾਕਮ ਨੇ। ਚੋਰਾਂ ਦੇ ਨਾਲ ਰਲ ਕੇ ਕੁੱਤੀ ਆਈ ਏ ਵੇਚ ਜ਼ਮੀਨਾਂ ਨੂੰ, ਸ਼ਰਮ ਨਾਲ ਇਹ ਮਰਦੇ ਕਿਉਂ ਨੀ ਏਹੋ ਜਹੇ ਜੋ ਹਾਕਮ ਨੇ। ਨੌਜਵਾਨੀ ਨੂੰ ਨਸ਼ੇ ਤੇ ਲਾ ਕੇ ਮੋਬਾਈਲ ਵੰਡੀ ਜਾਂਦੇ ਨੇ, ਪਰ ਰੋਟੀ ਜੋਗਰਾ ਕੰਮ ਨਾ ਦਿੰਦੇ ਇਹੀ ਜਿਹੜੇ ਹਾਕਮ ਨੇ। ਸੰਭਲ ਜਾਓ ਓਏ ਇਕੱਠੇ ਹੋ ਕੇ ਹਾਲੇ ਵੀ ਤਾਂ ਵੇਲਾ ਜੇ, ਮੈਂ ਇਹਦੀ ਉਹਦੀ ਗੱਲ ਨੀ ਕੀਤੀ ਏਥੇ ਸਭ ਦੇ ਵਿਹੜੇ ਹਾਕਮ ਨੇ। ਛੱਡ ਕੇ ਸਾਰੀਆਂ ਧੜੇਬਾਜ਼ੀਆਂ ਇਕ ਹੋਣਾ ਹੀ ਪੈਣਾ ਹੈ, ਫਿਰ ਕਿਸੇ ਜੋਗਾ ਨਾ ਛੱਡਣਾ ਇਹਨਾਂ ਜੋ ਤੇਰੇ ਮੇਰੇ ਹਾਕਮ ਨੇ। ਛੱਡ ਦਿਓ ਓਏ ਰੰਗ ਪੱਗਾਂ ਦੇ ਹੁਣ ਇਹਨਾਂ ਪਛਾਣ ਲਓ, ਆਓ ਤਕੀਪੁਰ ਲੱਭਣ ਚੱਲੀਏ ਏਥੇ ਕਿਹੜੇ ਕਿਹੜੇ ਹਾਕਮ ਨੇ।

72. ਗਜ਼ਲ

ਯਾਰ ਆਖਾਂ ਜਾਂ ਦੁਸ਼ਮਣ ਮੈਂ ਸੀਨੇ ਵੱਜੇ ਖੰਜਰ ਨੂੰ। ਕੀ ਦੱਸਾਂ ਕਿਵੇਂ ਫਰੋਲਿਆ ਇਹਨੇ ਮੇਰੇ ਅੰਦਰ ਨੂੰ। ਸੋਨਾ,ਚਾਂਦੀ, ਪਿੱਤਲ ਏ ਨੇ ਪੁਸ਼ਾਕਾਂ ਰੱਬ ਦੀਆਂ, ਮਜ਼ਦੂਰ ਦੇ ਹੱਥੋਂ ਬਣੀ ਇੱਟ ਕਿੰਝ ਲਾਵਾਂ ਮੰਦਰ ਨੂੰ। ਪਾਠ ਪੁਸਤਕਾਂ ਪੜ੍ਹ ਕੇ ਨੰਬਰ ਤਾਂ ਉਸ ਲੈ ਲਏ ਨੇ, ਵੇਖ ਕੇ ਕੀ ਕਰਨਾ ਸ਼ਾਨੇ ਪੰਜਾਬ ਦੇ ਮਹਿਲ ਖੰਡਰ ਨੂੰ। ਜਦ ਵਕਤ ਮਿਲੇ ਤਾਂ ਮੈਨੂੰ ਟੋਏ ਭਰਦਾ ਰਹਿੰਨਾਂ ਵਾਂ, ਆਖਿਰ ਰਾਹ ਤਾਂ ਜਾਂਦਾ ਹੋਣਾ ਏ ਕਿਸੇ ਦੀ ਮੰਜ਼ਿਲ ਨੂੰ। ਵਾਰੀ ਪਹਿਲਾਂ ਆ ਜਾਵੇ ਤੇ ਕਿਸਮਤ ਚੰਗੀ ਮੰਨ ਲਓ, ਗੌਰ ਨਾਲ ਕਿੱਥੋਂ ਵੇਂਦਾ ਡਾਕਟਰ ਅਖੀਰਲੇ ਨੰਬਰ ਨੂੰ। ਨਹੀਂ ਵੀ ਦੁੱਧ ਦਿੰਦਾ ਮੋਹ ਤੇ ਹੈ ਨਾ ਮੇਰਾ ਉਹਦੇ ਨਾਲ, ਮੈਂ ਦੱਸ ਆਖਾਂ ਕਿੰਝ ਅਵਾਰਾ ਕਿੱਲੇ ਬੰਨੇ ਡੰਗਰ ਨੂੰ। ਐਵੇਂ ਪਾਉਂਦੇ ਰੌਲਾ ਲੋਕੀ ਕੇ ਉਹਨੇ ਦੁਨੀਆਂ ਜਿੱਤੀ ਸੀ, ਪੋਰਸ ਵੀ ਤਾਂ ਏਥੇ ਹੀ ਮਿਲਿਆ ਸੀ ਵੱਡੇ ਸਿਕੰਦਰ ਨੂੰ।

73. ਉਦੋਂ ਭਲੇ ਵੇਲੇ ਸੀ

ਉਦੋਂ ਭਲੇ ਵੇਲੇ ਸੀ ਜਦੋਂ ਮੈਂ ਤੇਰੀ ਅੱਖ 'ਤੇ ਕੰਨਾਂ ਦੇ ਝੁਮਕਿਆਂ 'ਤੇ ਮਰਦਾ ਸੀ, 'ਤੇ ਤੂੰ ਮੇਰੀ ਖੁੱਲ੍ਹੀ ਕਵਿਤਾ 'ਤੇ ਖੇਤ ਆਲੀ ਮੋਟਰ 'ਤੇ ਮਰਦੀ ਸੀ। ਪਰ ਅੱਜ ਦਾ ਪਿਆਰ ਪਹਿਲਾਂ ਆਪਣਾ ਦੇਸ਼ ਬਦਲਦਾ ਦੂਜੀ ਗੱਲ ਫੇਰ ਕਰਦਾ!

74. ਕੁਝ ਕੁ ਦਿਨਾਂ ਬਾਅਦ ਹੀ

ਕੁਝ ਕੁ ਦਿਨਾਂ ਬਾਅਦ ਹੀ ਓਨੇ ਆਪਣੇ ਸਾਰੇ ਦੇ ਸਾਰੇ ਖ਼ਤ ਮੇਰੇ ਤੋਂ ਵਾਪਸ ਮੰਗ ਲਏ। ਮੈਂ ਸਾਰੀ ਰਾਤ ਨੀਂਦਰ ਨੂੰ ਅੱਖਾਂ ਤੋਂ ਦੂਰ ਬਿਠਾ ਸਾਰੇ ਦਾ ਸਾਰਾ ਇਹਨਾਂ ਸਵਾਲਾਂ 'ਚ ਡੁੱਬਾ ਰਿਹਾ ਕੀ ਖੌਰੇ ਕੀ ਗੁਨਾਹ ਕਰ ਬੈਠਾ ਮੈਂ! ਜੋ ਹਫ਼ਤੇ ਭਰ 'ਚ ਹੀ ਮੇਰੇ ਤੋਂ ਉਹਦਾ ਯਕੀਨ ਉੱਠ ਚੁੱਕਾ ਏ। ਪਰ ਮੇਰੀ ਸਾਰੀ ਰਾਤ ਸਵਾਲਾਂ ਨੂੰ ਪਲਟਦਿਆਂ 'ਤੇ ਇਕਸਾਰ ਕਰਦਿਆਂ 'ਚ ਹੀ ਨਿਕਲ ਗਈ, ਦਿਲ 'ਤੇ ਦਿਮਾਗ ਦੇ ਸਮਝ ਭੋਰਾ ਨਾ ਆਇਆ। ਹੁਣ ਸਵੇਰ ਦੇ ਪਹੁ-ਫੁਟਾਲੇ ਤੋਂ ਪਹਿਲਾਂ ਹੀ ਮੈਂ ਆਪਣੀ ਕਿਤਾਬਾਂ ਵਾਲੀ ਅਲਮਾਰੀ 'ਚੋਂ ਉਹਦੇ ਸਾਰੇ ਦੇ ਸਾਰੇ ਖ਼ਤ ਕੱਢੇ ਲਏ, ਜੋ ਕਿਸੇ ਰਾਜ ਮਹਿਲ ਦੇ ਸ਼ਾਹੀ ਖ਼ਜ਼ਾਨੇ ਵਾਂਗ ਸਾਂਭੇ ਹੋਏ ਸਨ, 'ਤੇ ਹੁਣ ਮੈਂ ਉਹਦੀ ਦੱਸੀ ਸਰਹਿੰਦੀ ਇੱਟਾਂ ਵਾਲੀ ਕਿਸੇ ਪੁਰਾਣੀ ਜਹੀ ਹਵੇਲੀ ਵੱਲ ਨੂੰ ਤੁਰ ਪਿਆ। 'ਤੇ ਰਾਹ ਵਿੱਚ ਜਾਂਦਾ ਜਾਂਦਾ ਵੀ ਸੋਚਾਂ ਕੇ ਕੀ ਗੱਲ ਹੋ ਸਕਦੀ ਏ ਮਨਾਂ, 'ਤੇ ਜੇ ਮੇਰੇ ਕੋਲ ਓਹਦੀ ਗੱਲ ਦਾ ਜਵਾਬ ਹੀ ਨਾ ਹੋਇਆ ਫੇਰ! ਫੇਰ ਕਿਹੜੇ ਖੂਹ-ਖਾਤੇ 'ਚ ਜਾ ਕੇ ਮਰਾਂਗੇ। ਹੁਣ ਮੇਰੇ ਹੱਥਾਂ ਦੀਆਂ ਛੁੱਟੀਆਂ ਤਰੇਲੀਆਂ ਨੇ ਉਹਦੇ ਇਕ ਦੋ ਖ਼ਤ ਵੀ ਸਿੱਲੇ ਕਰ ਛੱਡੇ ਸਨ, 'ਤੇ ਚੰਦਰੀ ਧੜਕਣ ਵੀ ਏਨੀ ਵਧੀ ਪਈ ਸੀ ਜਿਵੇਂ, ਕੋਈ ਸਖ਼ਸ਼ ਆਪਣੇ ਆਖ਼ਰੀ ਸਾਹਾਂ 'ਤੇ ਹੋਵੇ, ਜਦ ਮੈਂ ਸਾਹਮਣੇ ਹਵੇਲੀ ਵੱਲ ਨੂੰ ਨਜ਼ਰ ਮਾਰੀ 'ਤੇ ਉਹ ਮੇਰੀ ਉਡੀਕ 'ਚ ਆਪਣੇ ਕਦਮਾਂ ਨੂੰ ਏਧਰ-ਓਧਰ ਲੈ ਕੇ ਜਾ ਰਹੀ ਸੀ। ਉਹਨੇ ਠੰਡੇ ਜੇ ਰੰਗ ਦਾ ਸੂਟ 'ਤੇ ਸਿਰ 'ਤੇ ਸਿਤਾਰਿਆਂ ਵਾਲੀ ਚੁੰਨੀ ਲਈ ਹੋਈ ਸੀ। ਪਰ ਹਾਲੇ, ਚਿਹਰੇ ਦੇ ਹਾਵ-ਭਾਵ ਵੇਖਣੇ ਬਾਕੀ ਸਨ, ਜਿੰਨਾਂ ਤੋਂ ਮੈਂ ਕੋਈ ਅੰਦਾਜ਼ਾ 'ਤੇ ਲਾ ਸਕਾਂ ਕੇ ਹੋਣ ਵਾਲੀ ਗੱਲ ਮੇਰੇ ਪਿਆਰ ਦੇ ਭਵਿੱਖ 'ਤੇ ਕਿੰਨਾ ਕੁ ਅਸਰ ਕਰੇਗੀ। ਪਰ ਏ ਪਹਿਲੀ ਵਾਰ ਸੀ ਜਦ ਮੇਰੇ ਤੋਂ ਉਹਦਾ ਚਿਹਰਾ ਨਹੀਂ ਸੀ ਪੜਿਆ ਗਿਆ, ਨਹੀਂ 'ਤੇ ਉਹਦੇ ਚਿਹਰੇ 'ਤੇ ਮੈਂ ਹੁਣ ਤੱਕ ਕੋਈ ਪੰਦਰਾਂ-ਵੀਹ ਕਵਿਤਾਵਾਂ ਤਾਂ ਲਿਖੀਆਂ ਹੀ ਹੋਣਗੀਆਂ, ਜੋ ਕੁਝ ਛਪੀਆਂ ਨੇ, 'ਤੇ ਕੁਝ ਅਣਛਪੀਆਂ। ਹੁਣ ਵਾ ਨਾ ਲੱਗਦੀ ਵੇਖ ਕੇ ਮੈਂ ਉਹਨੂੰ ਵਰਕੇ ਤਾਂ ਮੋੜ ਦਿੱਤੇ ਪਰ ਅੱਖਰ ਸਾਂਭ ਲਏ, ਓਹਦੀ ਏ ਗੱਲ ਸਮਝਣ ਦੀ ਦੇਰ ਸੀ ਕਿ ਉਹਨੇ ਆਪਣੇ ਸਾਰੇ ਦੇ ਸਾਰੇ ਖ਼ਤ ਮੇਰੀਆਂ ਅੱਖਾਂ ਸਾਹਵੇਂ ਹੀ ਹਵਾ 'ਚ ਉਛਾਲ ਦਿੱਤੇ। 'ਤੇ ਕਹਿੰਦੀ, ਕਮਲਿਆ ! ਮੈਂ ਵੀ ਵੇਖਣਾ ਹੀ ਸੀ ਕੀ ਕੱਲੀਆਂ ਨਿਸ਼ਾਨੀਆਂ ਹੀ ਸਾਂਭਦਾ ਏਂ! ਜਾਂ ਮੈਨੂੰ ਵੀ।

75. ਨੈਣ

ਜੋ ਉਹਦੇ ਨੈਣ ਪਵਿੱਤਰ ਨੇ। ਉਹ ਸਾਡੇ ਵੀ ਤਾਂ ਮਿੱਤਰ ਨੇ। ਨਹੀਂ ਖੁਸ਼ਬੋ ਤੇਰੀ ਮੌਜੂਦਗੀ ਜਹੀ, ਭਾਵੇਂ ਲੱਖ ਪਏ ਏਥੇ ਇੱਤਰ ਨੇ। ਦਿਨ ਢਲੇ ਤੋਂ ਪਾਉਂਦੇ ਰੌਲਾ, ਬੈਠੇ ਛੱਪੜ ਕਿਨਾਰੇ ਤਿੱਤਰ ਨੇ। ਸਿੱਧੇ ਵੱਜਣ ਦਿਲ ਦੇ ਮੱਥੇ, ਨੈਣ ਵੀ ਤੇਰੇ ਬਚਿੱਤਰ ਨੇ। ਤੇਰੀ ਤੱਕਣੀਂ ਵੇਖ ਕੇ ਸੂਰਜ ਜਹੀ, ਹਨੇਰੇ ਹੁੰਦੇ ਤਿੱਤਰ-ਬਿੱਤਰ ਨੇ। ਵੇਖੀਂ ਜਾਵਾਂ ਦਿਲ 'ਤੇ ਲਾ-ਲਾ, ਜੋ ਤੇਰੇ ਚਿਹਰੇ ਦੇ ਸਟਿੱਕਰ ਨੇ। ਤੇਰੇ ਵਿਹੜੇ ਗੁਲਾਬ ਨੇ ਖਿੜਦੇ, ਤਕੀਪੁਰ ਦੇ ਬੂਹੇ ਕਿੱਕਰ ਨੇ।

76. ਸੋਚਣ ਲਈ ਮਜ਼ਬੂਰ ਕਰੇਂਗੀ

ਸੋਚਣ ਲਈ ਮਜ਼ਬੂਰ ਕਰੇਂਗੀ। ਹੁਣ ਤੂੰ ਈ ਮੈਨੂੰ ਮਸ਼ਹੂਰ ਕਰੇਂਗੀ। ਮੈਂ ਜਿੰਨਾਂ ਤੇਰੇ ਨੇੜ ਨੂੰ ਆਵਾਂ, ਤੂੰ ਇਕ ਦਿਨ ਓਨਾ ਦੂਰ ਕਰੇਂਗੀ। ਮੰਨਿਆ ਤੂੰ ਬਰਨਾਲੇ ਰਹਿੰਦੀ, ਪਰ ਕੁਝ ਨਾ ਕੁਝ ਸੰਗਰੂਰ ਕਰੇਂਗੀ। ਦੌਰੇ 'ਚ ਪਾ ਲਿਆ ਈ ਦਿਲ ਮੇਰੇ ਨੂੰ, ਅੱਜ ਨੀ ਛੱਡਦੀ ਤੂੰ ਚੂਰ ਕਰੇਂਗੀ। ਹਰ ਗੱਲ 'ਤੇ ਆਪਣਾ ਪੱਖ ਏਂ ਰੱਖਦੀ, ਤੂੰ ਲੱਗਦਾ ਚੇਂਜ ਦਸਤੂਰ ਕਰੇਂਗੀ। ਹਰ ਚੌਥੇ ਦਿਨ ਨੂੰ ਜੱਜ ਬਦਲਦਾ, ਤੂੰ ਹੋਰ ਕਿੰਨੇ ਕੁ ਕਸੂਰ ਕਰੇਂਗੀ? ਹੋਠਾਂ ਦੇ ਨਾਲ ਲਾ ਛੱਡਿਆ ਈ, ਤਕੀਪੁਰ ਨੂੰ ਮਿੱਠਾ ਖਜੂਰ ਕਰੇਂਗੀ?

77. ਗ਼ਜ਼ਲ-ਉਹਦੀ ਗੱਲ, ਮੇਰਾ ਹੱਲ

ਉਹਦੀ ਗੱਲ, ਮੇਰਾ ਹੱਲ। ਮੇਰੀਆਂ ਤਲੀਆਂ ਤੂੰ ਨਾਲ ਚੱਲ। ਖਿੱਦੋ ਵਾਂਗੂੰ ਰਿੜਿਆ ਆਵਾਂ, ਸੱਜਣਾਂ ਤੇਰੇ ਦਿਲ ਦੇ ਵੱਲ। ਅੱਜ ਖ਼ੁਦ ਨੂੰ ਤੇਰੇ ਜੋਗਾ ਕਰਲਾਂ, ਜੇ ਤੂੰ ਮੈਨੂੰ ਮਿਲਣਾ ਕੱਲ। ਤੈਨੂੰ ਬਨੇਰੇ ਵਾਲੇ ਕਾਂ ਦੀ ਸਹੁੰ, ਤੂੰ ਵੀ ਕੋਈ ਸੁਨੇਹਾ ਘੱਲ। ਹਾਈ ਅਲਰਟ ਏ ਦਿਲ ਮੇਰੇ ਨੂੰ, ਤੇਰੇ ਨੈਣਾਂ 'ਚੋਂ ਉੱਠੀ ਛੱਲ। ਦਿਲ ਹਲੂਣਦਾ ਪਿਆ ਈ ਮੈਨੂੰ, ਸੁਣ ਕੇ ਤੇਰੇ ਝੁਮਕਿਆਂ ਦੇ ਟੱਲ। ਮੁੱਧੇ ਮੂੰਹ ਤੇਰੀ ਤੱਕਣੀ ਸੁੱਟਦੀ, ਤਕੀਪੁਰ ਅਖਾੜਿਆਂ ਵਾਲੇ ਮੱਲ।

78. ਤੀਆਂ

ਸਦੀ ਇੱਕੀਵੀਂ 'ਚ ਆ ਗਈਆਂ ਨੇ ਪਹਿਲੀ ਕਤਾਰ 'ਚ ਧੀਆਂ। ਆਓ ਏਸ ਖ਼ੁਸ਼ੀ ਵਿੱਚ ਰਲ ਕੇ ਆਪਾਂ ਮਨਾਈਏ ਤੀਆਂ। ਵਿੱਚ ਅਖ਼ਬਾਰੀਂ ਪੈਂਦਾ ਰੌਲਾ ਇਹ ਮੁੰਡਿਆਂ ਦੇ ਬਰਾਬਰ ਨੇ, ਪਰ ਕਿ ਬਰਾਬਰ ਸਮਝਿਆ ਇਹਨੂੰ ਇਹਦੇ ਘਰ ਦੇ ਜੀਆਂ। ਬਾਬੇ ਨਾਨਕ ਦੇ ਦਿੱਤਾ ਏ ਬੜਾ ਉੱਚਾ ਸਾਨੂੰ ਰੁਤਬਾ, ਹੁਣ ਅਸਾਂ ਨੀ ਨੀਵੀਆਂ ਹੋਣਾ ਲੱਖ ਆਖਣ ਪੰਡਤ, ਮੀਆਂ। ਖੁੱਲੇ ਬੇਸ਼ੱਕ ਹੋਣ ਬਥੇਰੇ ਪਰ ਵਸਦੇ ਇਹਨਾਂ ਨਾਲ ਵਿਹੜੇ, ਸਦਾ ਤਕੀਪੁਰ ਰਹਿਣ ਵਸਦੀਆਂ ਏ ਧੀਆਂ 'ਤੇ ਏ ਤੀਆਂ।

79. ਨਾਲੇ ਕਮਲੀ ਹੱਸ ਪੈਂਦੀ ਏ

ਨਾਲੇ ਕਮਲੀ ਹੱਸ ਪੈਂਦੀ ਏ। ਕੋਲ ਆਵਾਂ ਤੇ ਨੱਸ ਪੈਂਦੀ ਏ। ਮੈਂ ਤੇ ਇਹਨਾਂ ਨੂੰ ਢਿੱਲੀਆਂ ਰੱਖਨਾਂ, ਪਰ ਉਹ ਨਜ਼ਰਾਂ ਨੂੰ ਕੱਸ ਲੈਂਦੀ ਏ। ਵੇਖ ਲਈਂ ਪਰ ਹੋਵੀਂ ਨਾ ਉਹਦਾ, ਪਹਿਲਾਂ ਦਿਲ ਨੂੰ ਗੱਲ ਏ ਦੱਸ ਲੈਂਦੀ ਏ। ਚਿੰਤਾ, ਝੋਰੇ ਵਗਾਹ ਕੇ ਮਾਰਦੀ, ਹਾਸੇ ਕੋਲ ਉਹ ਰੱਖ ਲੈਂਦੀ ਏ। ਤੱਕਣੀ ਹੋਰ ਵੀ ਤਿੱਖੀ ਹੁੰਦੀ ਹੋਜੇ, ਜਦ ਮੁੱਖ ਚੁੰਨੀ ਨਾ ਢੱਕ ਲੈਂਦੀ ਏ। ਨੂਰ ਚਿਹਰੇ ਤੇ ਇਹਨਾ ਜ਼ਿਆਦਾ, ਖੜੀ ਫ਼ਸਲ ਵੀ ਪੱਕ ਲੈਂਦੀ ਏ। ਏਨੇ ਜੇ ਉਹਦੇ ਪਿਆਰ ਦੇ ਚਰਚੇ, ਨਫ਼ਰਤ ਵੀ ਆਪਣੇ ਹੱਕ ਲੈਂਦੀ ਏ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ