Ghareeb Adami Ate Soorbir De Tinn Anaar-Georgian Folk Tale

ਗ਼ਰੀਬ ਆਦਮੀ ਅਤੇ ਸੂਰਬੀਰ ਦੇ ਤਿੰਨ ਅਨਾਰ-ਜਾਰਜੀਅਨ ਲੋਕ ਕਹਾਣੀ

ਇੱਕ ਵਾਰ ਇੱਕ ਗ਼ਰੀਬ ਆਦਮੀ ਕੋਲ ਕੁਝ ਵੀ ਨਹੀਂ ਸੀ, ਨਾ ਘਰ ਤੇ ਨਾ ਪਰਿਵਾਰ। ਉਸ ਨੇ ਜੰਗਲ ਵਿੱਚ ਇੱਕ ਝੌਂਪੜੀ ਬਣਾ ਲਈ ਅਤੇ ਉੱਥੇ ਰਹਿਣ ਲੱਗ ਪਿਆ।
ਉਹ ਲੱਕੜੀਆਂ ਇਕੱਠੀਆਂ ਕਰਦਾ ਅਤੇ ਸ਼ਹਿਰ ਲਿਜਾ ਕੇ ਵੇਚ ਦਿੰਦਾ ਤੇ ਕੁਝ ਖਾਣ ਲਈ ਲੈ ਆਉਂਦਾ। ਇੱਕ ਦਿਨ ਉਹ ਲੱਕੜੀਆਂ ਦਾ ਗੱਠਾ ਸ਼ਹਿਰ ਲੈ ਗਿਆ। ਉਸ ਨੇ ਇਸ ਨੂੰ ਵੇਚ ਕੇ ਜੋ ਕੁਝ ਖਾਣ ਲਈ ਲਿਆ, ਉਸ ਨੂੰ ਆਪਣੀ ਜੈਕਟ ਵਿੱਚ ਤੁੰਨ ਲਿਆ।
ਰਸਤੇ ਵਿੱਚ ਉਹ ਬਾਦਸ਼ਾਹ ਦੇ ਮਹਿਲ ਕੋਲੋਂ ਦੀ ਲੰਘਿਆ। ਬਾਦਸ਼ਾਹ ਦੀ ਧੀ ਉਸ ਨੂੰ ਦੇਖ ਕੇ ਆਖਣ ਲੱਗੀ, ‘‘ਪਿਤਾ ਜੀ ਦੇਖੋ, ਸ਼ੈਤਾਨ ਆ ਰਿਹਾ ਹੈ।’’ ਉਸ ਦੇ ਪਿਤਾ ਨੇ ਦੇਖਿਆ ਤੇ ਕਿਹਾ ਕਿ ਇਹ ਤਾਂ ਇੱਕ ਗ਼ਰੀਬ ਆਦਮੀ ਹੈ, ਸ਼ੈਤਾਨ ਨਹੀਂ। ਬਾਦਸ਼ਾਹ ਨੂੰ ਆਪਣੀ ਧੀ ’ਤੇ ਗੁੱਸਾ ਆ ਗਿਆ। ਉਹ ਆਖਣ ਲੱਗਿਆ, ‘‘ਇਹ ਸ਼ੈਤਾਨ ਨਹੀਂ, ਆਦਮੀ ਹੈ।’’
‘‘ਇਹ ਆਦਮੀ ਕਿਵੇਂ ਹੋ ਸਕਦੈ? ਇਹ ਤਾਂ ਸਾਰਾ ਕਾਲਾ ਹੈ ਅਤੇ ਇਸ ਦੇ ਕੱਪੜੇ ਵੀ ਕਿੰਨੇ ਅਜੀਬ ਹਨ। ਇਹ ਸ਼ੈਤਾਨ ਹੀ ਹੈ।’’ ਰਾਜਕੁਮਾਰੀ ਨੇ ਜ਼ੋਰ ਦੇ ਕੇ ਕਿਹਾ।
ਬਾਦਸ਼ਾਹ ਅਤੇ ਉਸ ਦੀ ਧੀ ਬਹਿਸ ਕਰਨ ਲੱਗ ਪਏ। ਬਾਦਸ਼ਾਹ ਨੂੰ ਐਨਾ ਗੁੱਸਾ ਆਇਆ ਕਿ ਉਸ ਨੇ ਗੁੱਸੇ ਵਿੱਚ ਰਾਜਮੁਕਾਰੀ ਨੂੰ ਉਸ ਗ਼ਰੀਬ ਆਦਮੀ ਨਾਲ ਵਿਆਹ ਕਰਨ ਲਈ ਆਖ ਦਿੱਤਾ ਅਤੇ ਇਹ ਵੀ ਕਹਿ ਦਿੱਤਾ ਕਿ ਜੇ ਉਹ ਇਨਕਾਰ ਕਰੇਗੀ ਤਾਂ ਉਸ ਦਾ ਸਿਰ ਕਟਵਾ ਦਿੱਦਾ ਜਾਵੇਗਾ।
ਰਾਜਕਮੁਾਰੀ ਐਨੀ ਡਰ ਗਈ ਕਿ ਉਸ ਨੇ ਮਰਨ ਨਾਲੋਂ ਗ਼ਰੀਬ ਆਦਮੀ ਨਾਲ ਵਿਆਹ ਕਰਨ ਦਾ ਫ਼ੈਸਲਾ ਕਰ ਲਿਆ। ਉਸ ਨੇ ਕੁਝ ਚੀਜ਼ਾਂ ਗੱਠੜੀ ਵਿੱਚ ਬੰਨ੍ਹੀਆਂ ਅਤੇ ਉਸ ਦੇ ਪਿੱਛੇ ਦੌੜਦੀ ਨੇ ਆਵਾਜ਼ ਮਾਰੀ, ‘‘ਰੁਕੋ।’’
ਗ਼ਰੀਬ ਆਦਮੀ ਨੇ ਇੱਕ ਵਾਰ ਤਾਂ ਮੁੜ ਕੇ ਦੇਖਿਆ ਪਰ ਇਹ ਸੋਚ ਕੇ ਕਿ ਐਨੀ ਖ਼ੂਬਸੂਰਤ ਮੁਟਿਆਰ ਉਸ ਨੂੰ ਆਵਾਜ਼ ਨਹੀਂ ਮਾਰ ਸਕਦੀ, ਉਹ ਆਪਣੇ ਰਸਤੇ ’ਤੇ ਚੱਲਦਾ ਰਿਹਾ।
ਅੱਗੇ ਜਾ ਕੇ ਗ਼ਰੀਬ ਆਦਮੀ ਆਪਣੀ ਝੌਂਪੜੀ ਵਿੱਚ ਵੜ ਗਿਆ ਅਤੇ ਰਾਜ ਕੁਮਾਰੀ ਉਸ ਦੇ ਪਿੱਛੇ ਚਲੀ ਗਈ।
‘‘ਤੂੰ ਇੱਥੇ ਕਿਉਂ ਆਈ ਐਂ?’’ ਗ਼ਰੀਬ ਆਦਮੀ ਨੇ ਪੁੱਛਿਆ।
‘‘ਮੈਨੂੰ ਤੇਰੇ ਨਾਲ ਵਿਆਹ ਕਰਾਉਣਾ ਪੈਣੇ।’’ ਉਸ ਨੇ ਆਖਿਆ।

ਇੱਕ ਵਾਰ ਤਾਂ ਗ਼ਰੀਬ ਆਦਮੀ ਡਰ ਗਿਆ। ਫਿਰ ਉਸ ਨੇ ਸੋਚਿਆ ਕਿ ਉਹ ਉਸ ਨੂੰ ਖੁਆਏਗਾ ਕਿੱਥੋਂ? ਇਹ ਸੋਚ ਕੇ ਉਸ ਨੇ ਰਾਜਕੁਮਾਰੀ ਨੂੰ ਕਿਹਾ,‘‘ਮੈਂ ਤਾਂ ਮਸਾਂ ਆਪਣਾ ਗੁਜ਼ਾਰਾ ਲੱਕੜਾਂ ਵੇਚ ਕੇ ਕਰਦਾਂ। ਮੈਂ ਤੈਨੂੰ ਕਿਵੇਂ ਰੱਖ ਸਕਦਾਂ?’’
‘‘ਚਿੰਤਾ ਨਾ ਕਰ, ਮੈਂ ਆਪਣਾ ਗੁਜ਼ਾਰਾ ਵੀ ਕਰ ਕਰ ਲਵਾਂਗੀ ਤੇ ਤੇਰਾ ਵੀ ਹੋ ਜਾਵੇਗਾ।’’ ਰਾਜ ਕੁਮਾਰੀ ਨੇ ਆਖਿਆ।
ਫਿਰ ਉਹ ਆਖਣ ਲੱਗੀ, ‘‘ਆਹ ਸਕਾਫ਼ ਦੇਖ ਜਿਹੜਾ ਮੈਂ ਬੁਣਿਐ। ਇਹ ਪੰਜ ਸੌ ਸੋਨੇ ਦੇ ਸਿੱਕਿਆਂ ਦਾ ਹੈ। ਕੀਮਤ ਇਸ ਵਿੱਚ ਬੁਣੀ ਹੋਈ ਹੈ। ਇਸ ਨੂੰ ਵੇਚ ਕੇ ਧਨ ਘਰ ਲੈ ਆ।’’
ਗ਼ਰੀਬ ਆਦਮੀ ਸਕਾਫ਼ ਲੈ ਕੇ ਮੰਡੀ ਚਲਾ ਗਿਆ। ਇੱਕ ਸੌਦਾਗਰ ਨੇ ਸਕਾਫ਼ ਦੀ ਕੀਮਤ ਪੁੱਛੀ।
‘‘ਕੀਮਤ ਤਾਂ ਇਸ ਦੇ ਵਿੱਚ ਹੀ ਬੁਣੀ ਹੋਈ ਹੈ।’’ ਗ਼ਰੀਬ ਆਦਮੀ ਨੇ ਕਿਹਾ।
‘‘ਮੇਰੇ ਨਾਲ ਘਰ ਚੱਲ, ਮੈਂ ਤੈਨੂੰ ਇਸ ਦੀ ਕੀਮਤ ਦੇ ਦਿਆਂਗਾ।’’ ਉਸ ਨੇ ਆਖਿਆ।
ਉਹ ਗ਼ਰੀਬ ਆਦਮੀ ਨੂੰ ਆਪਣੇ ਘਰ ਲੈ ਗਿਆ। ਉਸ ਨੂੰ ਗ਼ਰੀਬ ਆਦਮੀ ਨੂੰੂ ਸੋਨੇ ਦੇ ਪੰਜ ਸੌ ਸਿੱਕੇ ਦਿੱਤੇ ਅਤੇ ਚੰਗਾ ਖੁਆ ਪਿਆ ਕੇ ਵਾਪਸ ਭੇਜ ਦਿੱਤਾ।
ਗ਼ਰੀਬ ਆਦਮੀ ਧਨ ਘਰ ਲੈ ਆਇਆ।
ਉਸ ਦੀ ਪਤਨੀ ਨੇ ਇੱਕ ਹੋਰ ਸਕਾਫ਼ ਬੁਣਿਆ, ਜਿਸ ਦੀ ਓਨੀ ਹੀ ਕੀਮਤ ਸੀ ਅਤੇ ਆਪਣੇ ਪਤੀ ਨੂੰ ਫੜਾਉਂਦਿਆਂ ਆਖਣ ਲੱਗੀ, ‘‘ਇਸ ਨੂੰ ਵੀ ਮੰਡੀ ਵੇਚ ਆਓ।’’
ਉਸ ਨੇ ਦੂਜਾ ਸਕਾਫ਼ ਵੀ ਮਾਰਕੀਟ ਲਿਜਾ ਕੇ ਵੇਚਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਾ ਵਿਕਿਆ।
ਇੱਕ ਆਦਮੀ ਨੇ ਉਸ ਦੀ ਕੀਮਤ ਪੁੱਛੀ ਅਤੇ ਆਖਣ ਲੱਗਿਆ, ‘‘ਮੇਰੇ ਕੋਲ ਧਨ ਨਹੀਂ ਪਰ ਜੇ ਤੂੰ ਚਾਹੇ ਤਾਂ ਧਨ ਦੀ ਥਾਂ ਤਿੰਨ ਨਸੀਹਤਾਂ ਦੇ ਸਕਦਾ ਹਾਂ।’’
‘‘ਨਹੀਂ, ਮੈਂ ਇਸ ਨੂੰ ਨਸੀਹਤਾਂ ਬਦਲੇ ਨਹੀਂ ਵੇਚਾਂਗਾ।’’ ਗ਼ਰੀਬ ਆਦਮੀ ਨੇ ਕਿਹਾ।
ਉਹ ਸਕਾਫ਼ ਲੈ ਕੇ ਘਰ ਮੁੜ ਆਇਆ।
‘‘ਕੀ ਕਿਸੇ ਨੇ ਵੀ ਇਸ ਨੂੰ ਖ਼ਰੀਦਣਾ ਨ੍ਹੀਂ ਚਾਹਿਆ?’’ ਪਤਨੀ ਨੇ ਪੁੱਛਿਆ।
‘‘ਨਹੀਂ, ਕਿਸੇ ਨੇ ਮੈਨੂੰ ਇਸ ਦੇ ਬਦਲੇ ਤਿੰਨ ਨਸਹੀਤਾਂ ਦੀ ਪੇਸ਼ਕਸ਼ ਕੀਤੀ ਸੀ ਪਰ ਮੈਂ ਨਾਂਹ ਕਰ ਦਿੱਤੀ।’’ ਪਤੀ ਨੇ ਆਖਿਆ।
ਪਤਨੀ ਗੁੱਸੇ ’ਚ ਬੋਲੀ, ‘‘ਝੱਟਪਟ ਵਾਪਸ ਚਲਾ ਜਾਹ। ਉਸੇ ਆਦਮੀ ਨੂੰ ਲੱਭ ਕੇ ਉਸ ਨੂੰ ਨਸੀਹਤਾਂ ਬਦਲੇ ਸਕਾਫ਼ ਵੇਚ ਆ।’’
ਉਹ ਫਿਰ ਮੰਡੀ ਚਲਾ ਗਿਆ। ਉਹ ਕਿੰਨਾ ਚਿਰ ਉਸ ਆਦਮੀ ਨੂੰ ਲੱਭਦਾ ਰਿਹਾ ਅਤੇ ਜਦੋਂ ਵਾਪਸ ਮੁੜਨ ਲੱਗਿਆ ਤਾਂ ਅਖੀਰ ਉਹ ਆਦਮੀ ਉਸ ਨੂੰ ਮਿਲ ਹੀ ਗਿਆ। ਗ਼ਰੀਬ ਆਦਮੀ ਨੇ ਉਸ ਆਦਮੀ ਨੂੰ ਕਿਹਾ, ‘‘ਮੈਂ ਤਿੰਨ ਨਸੀਹਤਾਂ ਬਦਲੇ ਤੈਨੂੰ ਸਕਾਫ਼ ਵੇਚਣ ਲਈ ਤਿਆਰ ਹਾਂ।’’
‘‘ਮੇਰੇ ਨਾਲ ਆ ਜਾ।’’ ਆਦਮੀ ਨੇ ਕਿਹਾ।
ਆਦਮੀ ਉਸ ਨੂੰ ਘਰ ਲੈ ਗਿਆ ਅਤੇ ਆਖਣ ਲੱਗਿਆ ਕਿ ਪਹਿਲੀ ਨਸੀਹਤ ਇਹ ਹੈ ਕਿ ਸੋਚਣ ਤੋਂ ਬਿਨਾਂ ਕੁਝ ਨਾ ਕਹੋ, ਸਗੋਂ ਪਹਿਲਾਂ ਸੋਚੋ ਤੇ ਫਿਰ ਕੁਝ ਕਹੋ। ਦੂਜੀ ਇਹ ਹੈ ਕਿ ਜੇ ਤੁਹਾਨੂੰ ਕਿਸੇ ਵਿਅਕਤੀ ਬਾਰੇ ਕੁਝ ਦੱਸਿਆ ਜਾਵੇ, ਇਹ ਚਾਹੇ ਕੁਝ ਵੀ ਹੋਵੇ ਤੇ ਚਾਹੇ ਇਹ ਵੀ ਕਿ ਉਹ ਤੁਹਾਨੂੰ ਮਾਰਨਾ ਚਾਹੁੰਦਾ ਹੈ ਤਾਂ ੳਸ ਵਿਅਕਤੀ ਨੂੰ ਮਾਰਨ ਦੀ ਕਾਹਲ ਨਾ ਕਰੋ ਅਤੇ ਪਹਿਲਾਂ ਇਹ ਜਾਣੋ ਕਿ ਕੀ ਇਹ ਸੱਚ ਹੈ ਅਤੇ ਤੀਜੀ ਇਹ ਹੈ ਕਿ ਜੇ ਤੁਸੀਂ ਦਰਿਆ ਕੋਲ ਹੋ ਅਤੇ ਤੁਹਾਨੂੰ ਕੋਈ ਪੁੱਛਦਾ ਹੈ ਕਿ ਕੀ ਇੱਥੇ ਪੱਤਣ ਹੈ ਤਾਂ ਲਾਪਰਵਾਹੀ ਨਾਲ ਇਹ ਕਹਿਣਾ ਉਚਿਤ ਨਹੀਂ ਕਿ ਮੇਰੇ ਖ਼ਿਆਲ ਵਿੱਚ ਹੈ ਕਿਉਂਕਿ ਉਹ ਅੱਗੇ ਜਾ ਕੇ ਡੁੱਬ ਸਕਦਾ ਹੈ। ਤੁਹਾਨੂੰ ਕਹਿਣਾ ਚਾਹੀਦਾ ਹੈ ਕਿ ਮੈਨੂੰ ਨਹੀਂ ਪਤਾ ਅਤੇ ਤੁਸੀਂ ਆਪ ਹੀ ਵੇਖ ਲਓ।
ਫਿਰ ਉਸ ਨੇ ਗ਼ਰੀਬ ਆਦਮੀ ਨੂੰ ਮਹਿੰਗੇ ਤੋਹਫ਼ੇ ਦੇ ਕੇ ਘਰ ਭੇਜ ਦਿੱਤਾ।
ਗ਼ਰੀਬ ਆਦਮੀ ਨੇ ਘਰ ਜਾ ਕੇ ਆਪਣੀ ਪਤਨੀ ਨੂੰ ਤਿੰਨੇ ਨਸੀਹਤਾਂ ਦੱਸੀਆਂ।
ਪਤਨੀ ਨੇ ਕਿਹਾ ਕਿ ਇਹ ਨਸੀਹਤਾਂ ਕਦੇ ਨਾ ਭੁੱਲੀ। ਇਹ ਔਖੇ ਵੇਲੇ ਕੰਮ ਆਉਣਗੀਆਂ। ਹੁਣ ਤੂੰ ਕੋਈ ਕੰਮ ਲੱਭ ਲੈ। ਧਨ ਕਮਾ ਕੇ ਲਿਆ। ਫਿਰ ਆਪਾਂ ਬਲਦਾਂ ਦੀ ਜੋੜੀ ਖ਼ਰੀਦਾਂਗੇ ਅਤੇ ਮੌਜ ਕਰਾਂਗੇ।
ਗ਼ਰੀਬ ਆਦਮੀ ਸ਼ਹਿਰ ਵੱਲ ਨੂੰ ਤੁਰ ਪਿਆ। ਰਸਤੇ ਵਿੱਚ ਉਸ ਨੂੰ ਤਿੰਨ ਸੌਦਾਗਰ ਮਿਲੇ।
‘‘ਸ਼ੁਭ ਦਿਨ!’’ ਸੌਦਾਗਰਾਂ ਨੇ ਆਖਿਆ।
‘‘ਸ਼ੁਭ ਦਿਨ!’’ ਗ਼ਰੀਬ ਆਦਮੀ ਨੇ ਵੀ ਆਖਿਆ।
‘‘ਕੀ ਤੂੰ ਸਾਡੇ ਲਈ ਕੰਮ ਕਰੇਂਗਾ?’’
‘‘ਕਿਉਂ ਨਹੀਂ, ਜ਼ਰੂਰ ਕਰਾਂਗਾ।’’
‘‘ਸਾਲ ਭਰ ਦਾ ਕੀ ਲਏਂਗਾ?’’
‘‘ਸੋਨੇ ਦੇ ਸੱਠ ਸਿੱਕੇ।’’
ਸੌਦਾਗਰਾਂ ਨੇ ਉਸ ਨੂੰ ਉਸ ਦੀ ਸਾਲ ਭਰ ਦੀ ਮਜ਼ਦੂਰੀ ਪੇਸ਼ਗੀ ਦੇ ਰੂਪ ਵਿੱਚ ਦੇ ਦਿੱਤੀ।
ਗ਼ਰੀਬ ਆਦਮੀ ਨੇ ਧਨ ਲਿਆ ਅਤੇ ਆਪਣੇ ਇੱਕ ਵਤਨੀ ਕੋਲ ਘਰ ਭੇਜ ਦਿੱਤਾ। ਆਪ ਉਹ ਸੌਦਾਗਰਾਂ ਦੇ ਪਿੱਛੇ-ਪਿੱਛੇ ਚੱਲ ਪਿਆ।
ਉਹ ਤਿੰਨ ਦਿਨ ਤੇ ਤਿੰਨ ਰਾਤਾਂ ਚਲਦੇ ਰਹੇ। ਉਨ੍ਹਾਂ ਨੂੰ ਕਿਤੇ ਪਾਣੀ ਨਾ ਮਿਲਿਆ। ਫਿਰ ਉਹ ਇੱਕ ਪਹਾੜ ਦੇ ਰਸਤੇ ’ਤੇ ਆ ਗਏ। ਪਹਾੜ ਦੇ ਪਿੱਛੇ ਖੱਡ ਵਿੱਚ ਇੱਕ ਚਸ਼ਮਾ ਸੀ। ਸੌਦਾਗਰਾਂ ਨੇ ਉਸ ਨੂੰ ਇੱਕ ਜੱਗ ਫੜਾਉਂਦਿਆਂ ਆਖਿਆ, ‘‘ਖੱਡ ਵਿੱਚੋਂ ਸਾਡੇ ਲਈ ਪਾਣੀ ਲੈ ਆ।’’ ਉਹ ਉਸ ਨੂੰ ਉਸ ਦੀ ਮੌਤ ਕੋਲ ਭੇਜ ਰਹੇ ਸਨ। ਪਾਣੀ ਦੇ ਉਸ ਜੱਗ ਕਰਕੇ ਉਸ ਨੇ ਮਰ ਜਾਣਾ ਸੀ।
ਉਹ ਪਾਣੀ ਕੋਲ ਗਿਆ ਅਤੇ ਉੱਥੇ ਉਸ ਨੇ ਇੱਕ ਸੁੰਦਰ ਸੂਰਬੀਰ ਦੇਖਿਆ ਜਿਹੜਾ ਹਥਿਆਰਾਂ ਨਾਲ ਲੈਸ ਸੀ ਅਤੇ ਇੱਕ ਡੱਡੂ ਨਾਲ ਖੇਡ ਰਿਹਾ ਸੀ।
‘‘ਭਰਾਵਾ, ਮੈਨੂੰ ਦੱਸ ਕਿ ਕੌਣ ਜ਼ਿਆਦਾ ਸੋਹਣੈਂ- ਮੈਂ ਜਾਂ ਇਹ ਡੱਡੂ?’’ ਸੂਰਬੀਰ ਨੇ ਉਸ ਨੂੰ ਪੁੱਛਿਆ।
ਡੱਡੂ ਉਸ ਦੇ ਮੋਢੇ ’ਤੇ ਟਪੂਸੀਆਂ ਮਾਰ-ਮਾਰ ਖੇਡ ਰਿਹਾ ਸੀ। ਗ਼ਰੀਬ ਆਦਮੀ ਆਪਣੇ ਦਿਮਾਗ਼ ਵਿੱਚ ਆਈ ਪਹਿਲੀ ਗੱਲ ਆਖਣ ਹੀ ਲੱਗਿਆ ਸੀ ਕਿ ਉਸ ਨੂੰ ਪਹਿਲੀ ਨਸੀਹਤ ਯਾਦ ਆ ਗਈ ਕਿ ਸੋਚਣ ਤੋਂ ਬਿਨਾਂ ਕੁਝ ਨਹੀਂ ਕਹਿਣਾ ਚਾਹੀਦਾ। ਉਹ ਤਿੰਨ ਕਦਮ ਪਿੱਛੇ ਵੱਲ ਮੁੜਿਆ। ਉਸ ਨੇ ਕੁਝ ਦੇਰ ਲਈ ਸੋਚਿਆ। ਉਸ ਨੂੰ ਡਰ ਲੱਗਣ ਲੱਗਿਆ ਕਿ ਜੇ ਉਸ ਨੇ ਕਹਿ ਦਿੱਤਾ ਕਿ ਸੂਰਬੀਰ, ਡੱਡੂ ਨਾਲੋਂ ਜ਼ਿਆਦਾ ਸੋਹਣਾ ਹੈ ਤਾਂ ਸੂਰਬੀਰ ਗੁੱਸੇ ਵਿੱਚ ਆ ਕੇ ਕਿਤੇ ਉਸ ਦਾ ਕਤਲ ਨਾ ਕਰ ਦੇਵੇ। ਉਸ ਨੇ ਸੋਚਿਆ ਕਿ ਸੂਰਬੀਰ ਦੇ ਪ੍ਰਸ਼ਨ ਪਿੱਛੇ ਕੋਈ ਰਹੱਸ ਜ਼ਰੂਰ ਹੈ।
‘‘ਬੋਲ। ਤੂੰ ਚੁੱਪ ਕਿਉਂ ਹੈਂ?’’ ਸੂਰਬੀਰ ਨੇ ਆਖਿਆ।
‘‘ਗ਼ਰੀਬ ਆਦਮੀ ਨੇ ਸੋਚਿਆ ਕਿ ਚੰਗਾ ਇਹੀ ਹੋਵੇਗਾ ਜੇ ਉਹ ਆਖ ਦੇਵੇ ਕਿ ਡੱਡੂ ਜ਼ਿਆਦਾ ਸੋਹਣਾ ਹੈ।’’
‘‘ਡੱਡੂ ਜ਼ਿਆਦਾ ਸੋਹਣਾ ਹੈ।’’ ਉਸ ਨੇ ਆਖਿਆ।
ਇਹੀ ਜਵਾਬ ਸੂਰਬੀਰ ਚਾਹੁੰਦਾ ਸੀ। ਜਿਉਂ ਹੀ ਗ਼ਰੀਬ ਆਦਮੀ ਨੇ ਆਖਿਆ ਕਿ ਡੱਡੂ ਜ਼ਿਆਦਾ ਸੋਹਣਾ ਹੈ ਤਾਂ ਡੱਡੂ ਦੀ ਚਮੜੀ ਧਮਾਕੇ ਨਾਲ ਫਟ ਗਈ ਅਤੇ ਇਸ ਵਿੱਚੋਂ ਬਹੁਤ ਹੀ ਖ਼ੂਬਸੂਰਤ ਮੁਟਿਆਰ ਬਾਹਰ ਆ ਗਈ।
ਸੂਰਬੀਰ ਬੇਹੱਦ ਖ਼ੁਸ਼ ਹੋ ਗਿਆ। ਉਸ ਨੇ ਗ਼ਰੀਬ ਆਦਮੀ ਨੂੰ ਚੁੰਮਿਆ ਅਤੇ ਗਲਵੱਕੜੀ ਵਿੱਚ ਲੈ ਲਿਆ। ਫਿਰ ਉਸ ਨੇ ਦੱਸਿਆ ਕਿ ਇਹ ਜਵਾਬ ਲੈਣ ਅਤੇ ਜਾਦੂ-ਟੂਣੇ ਵੱਸ ਪਈ ਰਾਜਕੁਮਾਰੀ ਨੂੰ ਇਸ ਤੋਂ ਮੁਕਤੀ ਦਿਵਾਉਣ ਲਈ ਪਤਾ ਨਹੀਂ ਉਸ ਨੇ ਕਿੰਨਿਆਂ ਨੂੰ ਮੌਤ ਦੇ ਘਾਟ ਉਤਾਰਿਆ ਹੈ। ਹੁਣ ਸਭ ਨੂੰ ਦੱਸ ਦੇ ਕਿ ਚਸ਼ਮਾ ਆਜ਼ਾਦ ਹੈ ਕਿਉਂਕਿ ਮੈਂ ਇੱਥੋਂ ਜਾ ਰਿਹਾ ਹਾਂ।
ਜਾਣ ਤੋਂ ਪਹਿਲਾਂ ਸੂਰਬੀਰ ਨੇ ਗ਼ਰੀਬ ਆਦਮੀ ਨੂੰ ਤਿੰਨ ਜਾਦੂ ਦੇ ਅਨਾਰ ਦਿੱਤੇ ਅਤੇ ਕਿਹਾ ਕਿ ਇਹ ਤੇਰੇ ਕੰਮ ਆਉਣਗੇ। ਫਿਰ ਉਸ ਨੇ ਔਰਤਾਂ ਵਾਲੀ ਸੁਨਹਿਰੀ ਬੈਲਟ ਗ਼ਰੀਬ ਆਦਮੀ ਨੂੰ ਦਿੱਤੀ ਅਤੇ ਕਿਹਾ ਕਿ ਜੇ ਤੇਰੀ ਪਤਨੀ ਹੈ ਤਾਂ ਉਹ ਇਹ ਬੈਲਟ ਲਾ ਲਵੇ, ਉਹ ਸੁਨਹਿਰੀ ਘੁੰਗਰਾਲੇ ਵਾਲਾਂ ਵਾਲੇ ਪੁੱਤਰ ਨੂੰ ਜਨਮ ਦੇਵੇਗੀ।
ਇਹ ਸਭ ਆਖ ਕੇ ਸੂਰਬੀਰ, ਖ਼ੂਬਸੂਰਤ ਰਾਜਕੁਮਾਰੀ ਨੂੰ ਨਾਲ ਲੈ ਕੇ ਚਲਾ ਗਿਆ।
ਗ਼ਰੀਬ ਆਦਮੀ ਨੇ ਅਨਾਰ ਅਤੇ ਸੁਨਹਿਰੀ ਬੈਲਟ ਇੱਕ ਕੱਪੜੇ ਵਿੱਚ ਲਪੇਟੇ ਅਤੇ ਇੱਕ ਸਾਥੀ ਰਾਹੀਂ ਆਪਣੀ ਪਤਨੀ ਕੋਲ ਭੇਜ ਦਿੱਤੇ।
ਗ਼ਰੀਬ ਆਦਮੀ ਨੂੰ ਜਿਊਂਦਾ ਦੇਖ ਕੇ ਅਤੇ ਪਾਣੀ ਨਾਲ ਭਰਿਆ ਜੱਗ ਦੇਖ ਕੇ ਸੌਦਾਗਰ ਹੈਰਾਨ ਰਹਿ ਗਏ। ਉਹ ਗ਼ਰੀਬ ਆਦਮੀ ਨੂੰ ਪੁੱਛਣ ਲੱਗੇ, ‘‘ਕੀ ਚਸ਼ਮੇ ਕੋਲ ਕੋਈ ਨਹੀਂ ਸੀ?’’
‘‘ਸੀ ਪਰ ਉਹ ਚਲਿਆ ਗਿਐ।’’ ਗ਼ਰੀਬ ਆਦਮੀ ਨੇ ਆਖਿਆ। ਹੁਣ ਚਸ਼ਮਾ ਆਜ਼ਾਦ ਹੈ। ਫਿਰ ਗ਼ਰੀਬ ਆਦਮੀ ਨੇ ਉਨ੍ਹਾਂ ਨੂੰ ਸਾਰੀ ਕਹਾਣੀ ਸੁਣਾ ਦਿੱਤੀ।
ਗ਼ਰੀਬ ਆਦਮੀ ਦੇ ਸਾਥੀ ਨੇ ਉਸ ਦੀ ਪਤਨੀ ਨੂੰ ਕੱਪੜੇ ਵਿੱਚ ਲਪੇਟੀਆਂ ਸਾਰੀਆਂ ਚੀਜ਼ਾਂ ਦੇ ਦਿੱਤੀਆਂ। ਪਤਨੀ ਨੇ ਇੱਕ ਅਨਾਰ ਤੋੜਿਆ ਤਾਂ ਅੱਧੇ ਵਿੱਚੋਂ ਮਹਿਲ ਤੇ ਬਾਗ਼ ਵਾਲਾ ਇੱਕ ਸ਼ਾਨਦਾਰ ਸ਼ਹਿਰ ਨਿਕਲਿਆ। ਉਸ ਨੇ ਘੋੜੇ, ਭੇਡਾਂ ਤੇ ਬਲਦ ਖੇਤਾਂ ਵਿੱਚ ਚਰਨ ਲਈ ਛੱਡ ਦਿੱਤੇ ਅਤੇ ਆਪਣੇ ਪਤੀ ਦੀ ਵਾਪਸੀ ਦੀ ਉਡੀਕ ਕਰਨ ਲੱਗੀ।
ਗ਼ਰੀਬ ਆਦਮੀ ਨੇ ਬਾਰਾਂ ਮਹੀਨੇ ਕੰਮ ਕੀਤਾ। ਸੌਦਾਗਰਾਂ ਨੇ ਉਸ ਨੂੰ ਵਧੀਆ ਸੇਵਾ ਕਰਨ ਕਰਕੇ ਹੋਰ ਧਨ ਦੇ ਕੇ ਭੇਜ ਦਿੱਤਾ। ਹੁਣ ਉਨ੍ਹਾਂ ਨੂੰ ਨੌਕਰ ਦੀ ਲੋੜ ਹੀ ਨਹੀਂ ਸੀ ਰਹੀ ਕਿਉਂਕਿ ਚਸ਼ਮਾ ਆਜ਼ਾਦ ਹੋ ਗਿਆ ਸੀ। ਚਸ਼ਮੇ ਕਰਕੇ ਹੀ ਉਹ ਕਾਮੇ ਰੱਖਦੇ ਸਨ।
ਜਦੋਂ ਗ਼ਰੀਬ ਆਦਮੀ ਆਪਣੀ ਝੌਂਪੜੀ ਕੋਲ ਪਹੁੰਚਿਆ ਤਾਂ ਰਸਤੇ ਵਿੱਚ ਉਸ ਨੇ ਕੁਝ ਬਲਦ ਚਰਦੇ ਦੇਖੇ।
‘‘ਇਹ ਬਲਦ ਕਿਸ ਦੇ ਨੇ?’’ ਉਸ ਨੇ ਆਜੜੀਆਂ ਨੂੰ ਪੁੱਛਿਆ।
ਆਜੜੀਆਂ ਨੇ ਉਸ ਨੂੰ ਉਸੇ ਦਾ ਨਾਂ ਦੱਸਿਆ।
ਉਹ ਸੋਚਣ ਲੱਗਿਆ ਕਿ ਉਹ ਉਸ ਦੀ ਖਿੱਲੀ ਉਡਾ ਰਹੇ ਹਨ। ਉਹ ਖਿਝ ਗਿਆ। ਉਸ ਨੂੰ ਗੁੱਸਾ ਵੀ ਆਇਆ ਪਰ ਉਸ ਨੇ ਕੁਝ ਨਾ ਆਖਿਆ ਅਤੇ ਆਪਣੇ ਰਸਤੇ ’ਤੇ ਚੱਲਦਾ ਰਿਹਾ।
ਅੱਗੇ ਉਸ ਨੇ ਭੇਡਾਂ ਦੇ ਝੁੰਡ ਦੇਖੇ ਅਤੇ ਪੁੱਛਿਆ ਕਿ ਇਹ ਕਿਸ ਦੇ ਹਨ। ਉਸ ਨੇ ਦੁਬਾਰਾ ਆਪਣਾ ਹੀ ਨਾਂ ਸੁਣਿਆ।
ਉਹ ਜੰਗਲ ਵਿੱਚ ਗਿਆ। ਉਸ ਨੇ ਦੇਖਿਆ ਕਿ ਉਸ ਦੀ ਝੌਂਪੜੀ ਕਿਤੇ ਨਹੀਂ ਸੀ ਅਤੇ ਉਸ ਦੀ ਥਾਂ ਇੱਕ ਸ਼ਾਨਦਾਰ ਮਹਿਲ ਸੀ।
ਗ਼ਰੀਬ ਆਦਮੀ ਪਹਿਲਾਂ ਤਾਂ ਹਿਚਕਚਾਇਆ ਪਰ ਫਿਰ ਉਹ ਇਸ ਦੇ ਵਿਹੜੇ ਵਿੱਚ ਚਲਿਆ ਗਿਆ।
ਉਸ ਨੇ ਉੱਥੇ ਜਾ ਕੇ ਆਪਣੀ ਪਤਨੀ ਬਾਰੇ ਪੁੱਛਿਆ ਤਾਂ ਜੁਆਬ ਮਿਲਿਆ ਕਿ ਸਾਡੀ ਮਾਲਕਣ ਉੱਪਰ ਪਹਾੜ ’ਤੇ ਮਹਿਲ ਵਿੱਚ ਰਹਿੰਦੀ ਹੈ।
ਗ਼ਰੀਬ ਆਦਮੀ ਨੂੰ ਬੜੀ ਹੈਰਾਨੀ ਹੋਈ ਪਰ ਉਸ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ।
ਉਸ ਨੂੰ ਸਾਰੇ ਪਾਸਿਓਂ ਨੌਕਰਾਂ ਨੇ ਘੇਰ ਲਿਆ ਅਤੇ ਪੁੱਛਣ ਲੱਗੇ ਕਿ ਉਸ ਨੂੰ ਕੀ ਚਾਹੀਦਾ ਹੈ? ਕੀ ਉਸ ਨੂੰ ਕੰਮ ਚਾਹੀਦਾ ਹੈ?
‘‘ਹਾਂ।’’ ਉਸ ਨੇ ਆਖਿਆ।
ਫਿਰ ਉਹ ਸਾਰੇ ਉੱਚੀ-ਉੱਚੀ ਗੱਲਾਂ ਕਰਨ ਲੱਗੇ।
‘‘ਸਾਨੂੰ ਇਸ ਦੀ ਲੋੜ ਨ੍ਹੀਂ।’’ ਕੁਝ ਨੇ ਆਖਿਆ।
‘‘ਸਾਨੂੰ ਲੋੜ ਐ।’’ ਹੋਰਨਾਂ ਨੇ ਆਖਿਆ।
ਫਿਰ ਇੱਕ ਬੁੱਢਾ ਬੱਤਖਾਂ ਦਾ ਰਖਵਾਲਾ ਆਖਣ ਲੱਗਿਆ, ‘‘ਮੈਂ ਇਸ ਨੂੰ ਬੱਤਖਾਂ ਦੀ ਰਾਖੀ ਲਈ ਲੈ ਜਾਵਾਂਗਾ।’’ ਇਸ ਤਰ੍ਹਾਂ ਉਹ ਉੱਥੇ ਨੌਕਰ ਲੱਗ ਗਿਆ।
ਇੱਕ ਮਹੀਨਾ ਲੰਘ ਗਿਆ। ਗ਼ਰੀਬ ਆਦਮੀ ਬੱਤਖਾਂ ਦੀ ਰਾਖੀ ਦਾ ਕੰਮ ਕਰਦਾ ਰਿਹਾ। ਇੱਕ ਦਿਨ ਉਹ ਬੁੱਢੇ ਆਦਮੀ ਨੂੰ ਆਖਣ ਲੱਗਿਆ, ‘‘ਮੈਂ ਆਪਣੀ ਮਾਲਕਣ ਨੂੰ ਮਿਲਣਾ ਚਾਹੁੰਦਾ ਹਾਂ।’’
‘‘ਮੇਰੇ ਵਿੱਚ ਐਨੀ ਹਿੰਮਤ ਨਹੀਂ ਕਿ ਮੈਂ ਉਸ ਕੋਲ ਜਾਵਾਂ।’’ਬੁੱਢੇ ਆਦਮੀ ਨੇ ਆਖਿਆ। ਫਿਰ ਉਸ ਨੇ ਕਿਹਾ ਕਿ ਜੇ ਆਪਾਂ ਨੌਕਰਾਣੀ ਹੱਥ ਸੁਨੇਹਾ ਭੇਜ ਦੇਈਏ!
ਉਨ੍ਹਾਂ ਨੇ ਨੌਕਰਾਣੀ ਹੱਥ ਸੁਨੇਹਾ ਭੇਜ ਦਿੱਤਾ ਕਿ ਇੱਕ ਆਦਮੀ ਜਿਹੜਾ ਇੱਕ ਮਹੀਨੇ ਤੋਂ ਇੱਥੇ ਕੰਮ ਕਰ ਰਿਹਾ ਹੈ, ਮਾਲਕਣ ਨੂੰ ਮਿਲਣਾ ਚਾਹੁੰਦਾ ਹੈ।
ਮਾਲਕਣ ਬਾਲਕੋਨੀ ਵਿੱਚ ਆ ਗਈ ਅਤੇ ਇਹ ਸੋਚ ਕੇ ਕਿ ਕੀ ਪਤਾ ਉਸ ਦਾ ਪਤੀ ਹੀ ਹੋਵੇ, ਉਸ ਨੇ ਨੌਕਰਾਂ ਨੂੰ ਹੁਕਮ ਦਿੱਤਾ ਕਿ ਉਹ ਉਸ ਨੂੰ ਉਸ ਕੋਲ ਲੈ ਆਉਣ।
ਉਹ ਉਨ੍ਹਾਂ ਨਾਲ ਤੁਰ ਪਿਆ ਅਤੇ ਸੋਚਣ ਲੱਗਿਆ ਕਿ ਪਤਾ ਨਹੀਂ ਕੀ ਹੋਵੇਗਾ।
ਮਾਲਕਣ ਨੇ ਉੱਪਰੋਂ ਵੇਖਿਆ ਤੇ ਆਪਣੇ ਪਤੀ ਨੂੰ ਪਛਾਣ ਲਿਆ ਅਤੇ ਨੌਕਰਾਂ ਨੂੰ ਆਖਿਆ, ‘‘ਉਸ ਨੂੰ ਇੱਥੋਂ ਇਸ ਤਰ੍ਹਾਂ ਚੁੱਕ ਕੇ ਲੈ ਆਉ ਕਿ ਉਸ ਦੇ ਪੈਰ ਧਰਤੀ ਨੂੰ ਨਾ ਛੋਹਣ।’’
ਨੌਕਰਾਂ ਨੇ ਉਸ ਨੂੰ ਚੁੱਕਿਆ ਅਤੇ ਉੱਚੀ-ਉੱਚੀ ‘ਜੀ ਆਇਆਂ’ ਆਖਿਆ ਪਰ ਅੰਦਰੋਂ ਉਹ ਗੁੱਸੇ ਨਾਲ ਭਰੇ ਹੋਏ ਸਨ ਕਿ ਇੱਕ ਸਾਧਾਰਨ ਬੱਤਖਾਂ ਦੇ ਰਖਵਾਲੇ ਨੂੰ ਐਨਾ ਮਾਣ-ਸਤਿਕਾਰ ਦਿੱਤਾ ਜਾ ਰਿਹਾ ਹੈ।
ਉਹ ਉਸ ਨੂੰ ਆਪਣੀ ਮਾਲਕਣ ਕੋਲ ਲੈ ਆਏ।
ਮਾਲਕਣ ਨੇ ਸਾਰੇ ਨੌਕਰਾਂ ਨੂੰ ਭੇਜ ਦਿੱਤਾ ਅਤੇ ਆਪਣੇ ਪਤੀ ਨੂੰ ਸੁੰਦਰ ਵਸਤਰ ਪਹਿਨਾਏ। ਫਿਰ ਉਹ ਉਸ ਦੀ ਬਾਂਹ ਵਿੱਚ ਬਾਂਹ ਪਾ ਕੇ ਟਹਿਲਣ ਲੱਗੀ।
ਜਦ ਨੌਕਰਾਂ ਨੂੰ ਪਤਾ ਲੱਗਿਆ ਕਿ ਇਹ ਤਾਂ ਉਨ੍ਹਾਂ ਦਾ ਮਾਲਕ ਹੈ ਤਾਂ ਉਹ ਡਰ ਗਏ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਅਪਰਾਧ ਦੀ ਸਜ਼ਾ ਮਿਲੇਗੀ ਪਰ ਉਹ ਗੁੱਸੇ ਨਾ ਹੋਇਆ ਅਤੇ ਉਸ ਨੇ ਕਿਸੇ ਨੂੰ ਨੌਕਰੀਓਂ ਨਾ ਕੱਢਿਆ।
ਉਹ ਕਮਰਿਆਂ ਕੋਲ ਦੀ ਲੰਘਦਾ, ਉਨ੍ਹਾਂ ਦਾ ਨਿਰੀਖਣ ਕਰਨ ਲੱਗਿਆ। ਇੱਕ ਕਮਰੇ ਵਿੱਚ ਉਸ ਨੇ ਝੂਲੇ ਵਿੱਚ ਇੱਕ ਸੁਨਹਿਰੀ ਘੁੰਗਰਾਲੇ ਵਾਲਾਂ ਵਾਲਾ ਲੜਕਾ ਵੇਖਿਆ। ਉਹ ਗੁੱਸੇ ਵਿੱਚ ਆ ਗਿਆ। ਉਸ ਨੇ ਆਪਣੇ ਖੰਜਰ ਨੂੰ ਹੱਥ ਪਾਇਆ ਅਤੇ ਆਪਣੀ ਪਤਨੀ ਨੂੰ ਮਾਰਨ ਹੀ ਲੱਗਿਆ ਸੀ ਕਿ ਉਸ ਨੂੰ ਉਹ ਨਸੀਹਤ ਯਾਦ ਆ ਗਈ ਕਿ ਕਿਸੇ ਨੂੰ ਮਾਰਨ ਤੋਂ ਪਹਿਲਾਂ ਵੀ ਸੋਚੋ। ਉਹ ਸੋਚਣ ਲੱਗਿਆ ਅਤੇ ਉਸ ਨੂੰ ਯਾਦ ਆਇਆ ਕਿ ਉਸ ਨੇ ਆਪਣੀ ਪਤਨੀ ਨੂੰ ਸੁਨਹਿਰੀ ਬੈਲਟ ਭੇਜੀ ਸੀ ਅਤੇ ਇਹ ਵੀ ਕਿ ਸੂਰਬੀਰ ਨੇ ਕੀ ਕਿਹਾ ਸੀ।
ਉਸ ਦੀ ਪਤਨੀ ਉਸ ਨੂੰ ਆਖਣ ਲੱਗੀ, ‘‘ਇਹ ਸਭ ਕੁਝ ਤੂੰ ਆਪਣੀ ਮਿਹਨਤ ਨਾਲ ਕਮਾਇਆ ਹੈ। ਯਾਦ ਕਰ ਕਿ ਤੂੰ ਮੈਨੂੰ ਇੱਕ ਸੋਨੇ ਦੀ ਬੈਲਟ ਤੇ ਤਿੰਨ ਅਨਾਰ ਭੇਜੇ ਸਨ। ਇਹ ਸ਼ਹਿਰ ਤੇ ਮਹਿਲ ਸਾਰੇ ਜਾਦੂਈ ਅਨਾਰ ਦੇ ਅੱਧੇ ਹਿੱਸੇ ’ਚੋਂ ਨਿੱਕਲੇ ਹਨ। ਅਜੇ ਵੀ ਢਾਈ ਅਨਾਰ ਬਚੇ ਪਏ ਹਨ।’’
ਇਹ ਸੁਣ ਕੇ ਆਦਮੀ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਹੁਣ ਉਹ ਦੋਵੇਂ ਖ਼ੁਸ਼-ਖ਼ੁਸ਼ ਰਹਿਣ ਲੱਗੇ।

ਫਿਰ ਇੱਕ ਦਿਨ ਪਤਨੀ ਨੇ ਆਖਿਆ, ‘‘ਮੇਰੇ ਪਿਤਾ ਜੀ ਨੂੰ ਸੱਦਾ ਭੇਜੋ ਕਿ ਆ ਕੇ ਸਾਨੂੰ ਮਿਲ ਜਾਣ।’’
‘‘ਬਿਲਕੁਲ ਠੀਕ।’’ ਪਤੀ ਨੇ ਆਖਿਆ।
ਉਨ੍ਹਾਂ ਨੇ ਇੱਕ ਸਫ਼ੈਦ ਘੋੜਾ ਚੁਣਿਆ, ਉਸ ਨੂੰ ਚਾਂਦੀ ਦੀ ਕਾਠੀ ਤੇ ਚਾਂਦੀ ਦੇ ਸਾਜ਼ੋ-ਸਾਮਾਨ ਨਾਲ ਸਜਾਇਆ ਅਤੇ ਇੱਕ ਨੌਕਰ ਦੇ ਸਫ਼ੈਦ ਕੋਟ ਪਾ ਕੇ ਉਸ ਨੂੰ ਬਾਦਸ਼ਾਹ ਨੂੰ ਨਿਉਂਦਾ ਦੇਣ ਲਈ ਭੇਜ ਦਿੱਤਾ।
ਉਨ੍ਹਾਂ ਨੇ ਉਸ ਨੂੰ ਆਦੇਸ਼ ਦਿੱਤਾ ਕਿ ਰਸਤੇ ਵਿੱਚ ਕਿਸੇ ਨੂੰ ਕੁਝ ਨਾ ਦੱਸੀਂ ਅਤੇ ਇਹ ਵੀ ਕਿਹਾ ਕਿ ਬਾਦਸ਼ਾਹ ਨੂੰ ਵੀ ਨਾ ਦੱਸੀਂ ਕਿ ਤੂੰ ਸਾਡਾ ਨੌਕਰ ਐਂ। ਸਿਰਫ਼ ਇਹੀ ਆਖਣਾ ਕਿ ਤੁਹਾਡੇ ਜਵਾਈ ਨੇ ਤੁਹਾਨੂੰ ਨਿਉਂਦਾ ਭੇਜਿਆ ਹੈ।
ਨੌਕਰ ਬਾਦਸ਼ਾਹ ਕੋਲ ਗਿਆ ਅਤੇ ਆਖਣ ਲੱਗਿਆ, ‘‘ਸ੍ਰੀਮਾਨ ਜੀ, ਤੁਹਾਡੇ ਜਵਾਈ ਨੇ ਤੁਹਾਨੂੰ ਆਉਣ ਲਈ ਅਤੇ ਮਹਿਮਾਨ ਬਣਨ ਲਈ ਬੇਨਤੀ ਕੀਤੀ ਹੈ।’’
ਬਾਦਸ਼ਾਹ ਹੱਸ ਪਿਆ ਅਤੇ ਨੌਕਰ ਨੂੰ ਆਖਣ ਲੱਗਿਆ, ‘‘ਸੋਹਣੇ ਆਦਮੀ, ਤੈਨੂੰ ਸ਼ਰਮ ਨ੍ਹੀਂ ਆਉਂਦੀ ਕਿ ਤੂੰ ਉਸ ਬਦਨਸੀਬ ਮੰਗਤੇ ਦਾ ਸੁਨੇਹਾ ਲੈ ਕੇ ਆਇਐਂ? ਉਸ ਵਿੱਚ ਐਨੀ ਹਿੰਮਤ ਕਿੱਥੋਂ ਆ ਗਈ ਕਿ ਉਹ ਮੈਨੂੰ ਭਾਵ ਬਾਦਸ਼ਾਹ ਨੂੰ, ਆਪਣਾ ਮਹਿਮਾਨ ਬਣਾਉਣ ਲਈ ਸੱਦਾ ਦੇਵੇ?’’
ਨੌਕਰ ਵਾਪਸ ਮੁੜ ਗਿਆ ਅਤੇ ਜਾ ਕੇ ਆਪਣੇ ਮਾਲਕ ਤੇ ਮਾਲਕਣ ਨੂੰ ਦੱਸਿਆ ਕਿ ਬਾਦਸ਼ਾਹ ਨੇ ਉਸ ਨੂੰ ਕੀ ਕਿਹਾ।
ਅਗਲੇ ਦਿਨ ਉਨ੍ਹਾਂ ਨੇ ਇੱਕ ਲਾਲ ਘੋੜੇ ’ਤੇ ਸੋਨੇ ਦੀ ਕਾਠੀ ਪਾਈ ਅਤੇ ਇੱਕ ਨੌਕਰ ਨੂੰ ਸੋਨੇ ਦੀ ਪੋਸ਼ਾਕ ਪਹਿਨਾ ਕੇ ਬਾਦਸ਼ਾਹ ਕੋਲ ਭੇਜਿਆ।
‘‘ਦਿਆਲੂ ਸ੍ਰੀਮਾਨ ਜੀ, ਤੁਹਾਡੇ ਜਵਾਈ ਨੇ ਤੁਹਾਨੂੰ ਬੇਨਤੀ ਕੀਤੀ ਐ ਕਿ ਤੁਸੀਂ ਉਨ੍ਹਾਂ ਦਾ ਮਹਿਮਾਨ ਬਣਨ ਦੀ ਖ਼ੁਸ਼ੀ ਉਨ੍ਹਾਂ ਨੂੰ ਬਖ਼ਸ਼ੋ।’’ ਨੌਕਰ ਨੇ ਬਾਦਸ਼ਾਹ ਨੂੰ ਆਖਿਆ।
ਰਾਣੀ ਬਾਦਸ਼ਾਹ ਨੂੰ ਆਖਣ ਲੱਗੀ, ‘‘ਆਪਾਂ ਕੁਝ ਨੌਕਰ ਤੇ ਖਾਣਾ ਨਾਲ ਲੈ ਜਾਈਏ ਤੇ ਉਸ ਨੂੰ ਬਾਹਰ ਬੁਲਾ ਕੇ ਕੁਝ ਧਨ ਦੇ ਦਈਏ। ਆਖ਼ਰ ਹੈ ਤਾਂ ਸਾਡਾ ਜਵਾਈ।’’
ਨੌਕਰ ਨੇ ਵਾਪਸ ਜਾ ਕੇ ਦੱਸਿਆ ਕਿ ਬਾਦਸ਼ਾਹ ਆ ਰਿਹਾ ਹੈ ਅਤੇ ਆਪਣਾ ਖਾਣਾ ਨਾਲ ਲਿਆ ਰਿਹਾ ਹੈ।
ਬਾਦਸ਼ਾਹ ਨੇ ਰਸਤੇ ਵਿੱਚ ਭੇਡਾਂ ਦੇ ਝੁੰਡ ਵੇਖੇ।
‘‘ਇਹ ਭੇਡਾਂ ਕਿਸ ਦੀਆਂ ਨੇ?’’ ਉਸ ਨੇ ਪੁੱਛਿਆ।
ਆਜੜੀਆਂ ਨੇ ਉਸ ਦੇ ਜਵਾਈ ਦਾ ਨਾਂ ਲਿਆ।
ਉਹ ਅੱਗੇ ਗਿਆ ਅਤੇ ਉਸ ਨੇ ਘੋੜਿਆਂ ਦੇ ਦਲ ਵੇਖੇ।
‘‘ਇਹ ਘੋੜੇ ਕਿਸ ਦੇ ਨੇ?’’ ਉਸ ਨੇ ਪੁੱਛਿਆ।
ਉਸ ਨੂੰ ਫਿਰ ਉਸ ਦੇ ਜਵਾਈ ਦਾ ਨਾਂ ਹੀ ਦੱਸਿਆ ਗਿਆ।
ਬਾਦਸ਼ਾਹ ਨੇ ਘੋੜਿਆਂ ਵੱਲ ਵੇਖਿਆ ਅਤੇ ਨੌਕਰਾਂ ਨੂੰ ਖਾਣੇ ਸਮੇਤ ਵਾਪਸ ਭੇਜ ਦਿੱਤਾ।
‘‘ਮੇਰਾ ਜਵਾਈ ਜ਼ਰੂਰ ਅਮੀਰ ਹੋ ਗਿਆ ਹੋਣੈਂ। ਉਸ ਕੋਲ ਆਪਣਾ ਖਾਣਾ ਤੇ ਨੌਕਰ ਲੈ ਕੇ ਜਾਣਾ ਸ਼ਰਮਿੰਦਗੀ ਵਾਲੀ ਗੱਲ ਹੋਏਗੀ।’’ ਉਸ ਨੇ ਸੋਚਿਆ।
ਉਸ ਨੇ ਹੋਰ ਅੱਗੇ ਜਾ ਕੇ ਸ਼ਾਨਦਾਰ ਸ਼ਹਿਰ ਅਤੇ ਫਿਰ ਮਹਿਲ ਦੇਖਿਆ ਜਿੱਥੇ ਉਸ ਦੀ ਧੀ ਤੇ ਜਵਾਈ ਬਾਲਕੋਨੀ ਵਿੱਚ ਟਹਿਲ ਰਹੇ ਸਨ।
ਬਾਦਸ਼ਾਹ ਤੇ ਰਾਣੀ ਉੱਪਰ ਗਏ। ਉਨ੍ਹਾਂ ਆਪਣੀ ਧੀ ਤੇ ਜਵਾਈ ਨੂੰ ਗਲਵੱਕੜੀ ਵਿੱਚ ਲੈ ਲਿਆ ਅਤੇ ਉਨ੍ਹਾਂ ਨੂੰ ਚੁੰਮਣ ਲੱਗੇ।
‘‘ਤੁਸੀਂ ਸਾਡੇ ਕੋਲ ਪਹਿਲਾਂ ਕਿਉਂ ਨ੍ਹੀਂ ਆਏ? ਕੀ ਅਸੀਂ ਤੁਹਾਡੇ ਯੋਗ ਨਹੀਂ ਸੀ?’’ ਧੀ ਨੇ ਪੁੱਛਿਆ।
ਬਾਦਸ਼ਾਹ ਤੇ ਰਾਣੀ ਨੂੰ ਕੋਈ ਗੱਲ ਨਹੀਂ ਸੀ ਔੜ ਰਹੀ।
ਫਿਰ ਉਹ ਮਹਾਂ-ਭੋਜ ਵਾਲੇ ਹਾਲ ਵਿੱਚ ਗਏ।
ਮੇਜ਼ ’ਤੇ ਖਾਣ-ਪੀਣ ਵਾਲੀਆਂ ਅਜਿਹੀਆਂ ਚੀਜ਼ਾਂ ਸਜਾਈਆਂ ਹੋਈਆਂ ਸਨ ਜਿਹੜੀਆਂ ਬਾਦਸ਼ਾਹ ਨੇ ਪਹਿਲਾਂ ਕਦੇ ਨਹੀਂ ਸਨ ਦੇਖੀਆਂ।
ਜਦ ਉਹ ਖਾਣਾ ਖਾ ਚੁੱਕੇ ਤਾਂ ਧੀ ਨੇ ਆਪਣੇ ਪਿਤਾ ਨੂੰ ਆਖਿਆ, ‘‘ਪਿਤਾ ਜੀ, ਮੈਂ ਤੁਹਾਨੂੰ ਕੁਝ ਵੇਚਣੈਂ।’’
ਉਹ ਢਾਈ ਅਨਾਰ ਲੈ ਆਈ ਅਤੇ ਆਖਣ ਲੱਗੀ, ‘‘ਜੇ ਤੁਸੀਂ ਇਹ ਖ਼ਰੀਦ ਸਕਦੇ ਓ ਤਾਂ ਖ਼ਰੀਦ ਲਓ।’’
ਬਾਦਸ਼ਾਹ ਨੇ ਉਸ ਨੂੰ ਦੋ ਅਨਾਰਾਂ ਬਦਲੇ ਧਨ ਦੇ ਦਿੱਤਾ ਪਰ ਉਸ ਕੋਲ ਬਚਿਆ ਅੱਧਾ ਅਨਾਰ ਖ਼ਰੀਦਣ ਲਈ ਧਨ ਨਹੀਂ ਸੀ ਰਿਹਾ।
ਫਿਰ ਬਾਦਸ਼ਾਹ ਨੇ ਆਪਣੇ ਜਵਾਈ ਨੂੰ ਅਸ਼ੀਰਵਾਦ ਦਿੱਤਾ ਅਤੇ ਆਪਣੀ ਜੰਜ਼ੀਰੀ ਉਸ ਦੀ ਗਰਦਨ ਦੁਆਲੇ ਪਾ ਦਿੱਤੀ ਤੇ ਆਪਣਾ ਰਾਜ-ਭਾਗ ਉਸ ਨੂੰ ਸੌਂਪ ਦਿੱਤਾ।

(ਡਾ. ਹਰਨੇਕ ਸਿੰਘ ਕੈਲੇ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ