Suneha (Punjabi Story) : Darshan Singh Ashat
ਸੁਨੇਹਾ (ਕਹਾਣੀ) : ਦਰਸ਼ਨ ਸਿੰਘ ਆਸ਼ਟ
ਦੀਵਾਲੀ ਨੇੜੇ ਆ ਰਹੀ ਸੀ। ਮਨਦੀਪ ਦਾ ਚਾਅ ਵਧਦਾ ਜਾ ਰਿਹਾ ਸੀ। ਉਹ ਸੋਚ ਰਿਹਾ ਸੀ ਕਿ ਉਹ ਇਸ ਵਾਰੀ ਇੰਨੀ ਆਤਿਸ਼ਬਾਜ਼ੀ ਚਲਾਏਗਾ ਕਿ ਉਸ ਦੇ ਦੋਸਤ ਮੂੰਹ ਵਿੱਚ ਉਂਗਲਾਂ ਪਾ ਕੇ ਰਹਿ ਜਾਣਗੇ। ਉਹ ਦੋਸਤਾਂ ਨੂੰ ਬੰਬ ਪਟਾਕਿਆਂ ਦੀਆਂ ਕਿਸਮਾਂ ਗਿਣਾਉਣ ਲੱਗਦਾ, ਅਨਾਰ, ਹਵਾਈਆਂ, ਮੁਰਗਾ ਬੰਬ, ਆਲੂ ਬੰਬ, ਫੁਲਝੜੀਆਂ, ਡੱਬਾ ਬੰਬ, ਰੇਲਾਂ, ਚੱਕਰੀਆਂ….।
ਮਨਦੀਪ ਨੇ ਪਿਛਲੇ ਸਾਲ ਵੀ ਬੜੀ ਆਤਿਸ਼ਬਾਜ਼ੀ ਚਲਾਈ ਸੀ। ਮਾਪਿਆਂ ਦਾ ਇਕਲੌਤਾ ਪੁੱਤ ਹੋਣ ਕਾਰਨ ਉਹ ਆਪਣੀ ਹਰ ਇੱਛਾ ਮਨਵਾ ਲੈਂਦਾ ਸੀ।
ਮਨਦੀਪ ਦਾ ਗੂੜ੍ਹਾ ਦੋਸਤ ਸੀ ਰਮਣੀਕ। ਰਮਣੀਕ ਦਾ ਘਰ ਮਨਦੀਪ ਤੋਂ ਦੂਰ ਸੀ ਪਰੰਤੂ ਉਹ ਜਮਾਤ ਵਿੱਚ ਬੈਠਦੇ ਇਕੱਠੇ ਹੀ ਸਨ। ਕਈ ਦਿਨਾਂ ਤੋਂ ਰਮਣੀਕ ਸਕੂਲ ਨਹੀਂ ਸੀ ਆ ਰਿਹਾ। ਮਨਦੀਪ ਨੂੰ ਪਤਾ ਸੀ ਕਿ ਰਮਣੀਕ ਦੇ ਪਾਪਾ ਬਿਮਾਰ ਰਹਿੰਦੇ ਹਨ, ਪਰ ਇਹ ਨਹੀਂ ਸੀ ਪਤਾ ਕਿ ਉਨ੍ਹਾਂ ਨੂੰ ਕੀ ਬਿਮਾਰੀ ਸੀ? ਉਸ ਦੇ ਪਾਪਾ ਨੂੰ ਸਾਹ ਦੀ ਬਿਮਾਰੀ ਸੀ।
ਇੱਕ ਦਿਨ ਮਨਦੀਪ ਆਪਣੇ ਸਾਈਕਲ 'ਤੇ ਰਮਣੀਕ ਦੇ ਘਰ ਗਿਆ। ਉਸ ਨੇ ਵੇਖਿਆ, ਉਸ ਦੇ ਪਾਪਾ ਪੰਪ ਨਾਲ ਸਾਹ ਦੀ ਦਵਾਈ ਲੈ ਰਹੇ ਸਨ। ਉਹ ਵਾਰ ਵਾਰ ਖੰਘ ਵੀ ਰਹੇ ਸਨ। ਉਨ੍ਹਾਂ ਦੀ ਹਾਲਤ ਵੇਖ ਕੇ ਮਨਦੀਪ ਦਾ ਮਨ ਉਦਾਸ ਹੋ ਗਿਆ। ਉਸ ਨੇ ਘਰ ਆ ਕੇ ਆਪਣੇ ਦਾਦਾ ਜੀ ਨੂੰ ਰਮਣੀਕ ਦੇ ਪਾਪਾ ਦੀ ਬਿਮਾਰੀ ਬਾਰੇ ਦੱਸਿਆ। ਦਾਦਾ ਜੀ ਨਾਲ ਮਨਦੀਪ ਦਾ ਬੜਾ ਪਿਆਰ ਸੀ। ਉਹ ਕਈ ਵਾਰੀ ਕਹਾਣੀ ਸੁਣਦਾ ਸੁਣਦਾ ਉਨ੍ਹਾਂ ਨਾਲ ਸੌਂ ਜਾਂਦਾ ਸੀ।
ਰਾਤ ਨੂੰ ਮਨਦੀਪ ਨੇ ਰਮਣੀਕ ਦੇ ਪਾਪਾ ਵਾਲੀ ਗੱਲ ਦਾਦਾ ਜੀ ਨੂੰ ਦੱਸੀ। ਗੱਲ ਸੁਣ ਕੇ ਦਾਦਾ ਜੀ ਨੇ ਪੁੱਛਿਆ,
'ਅੱਜ ਕਹਾਣੀ ਸੁਣਨੀ ਐ ਫੇਰ ?'
'ਹਾਂ ਦਾਦਾ ਜੀ..।'
ਮਨਦੀਪ ਉਤਸੁਕਤਾ ਨਾਲ ਬੋਲਿਆ।
ਦਾਦਾ ਜੀ ਮਨਦੀਪ ਨੂੰ ਇੱਕ ਅਜਿਹੀ ਕਹਾਣੀ ਸੁਣਾਉਣ ਲੱਗ ਪਏ ਜਿਸ ਵਿੱਚ ਜੰਗਲ ਨੂੰ ਅੱਗ ਲੱਗ ਜਾਂਦੀ ਹੈ। ਇੱਕ ਚਿੜੀ ਵਾਰ ਵਾਰ ਨਦੀ 'ਤੇ ਜਾ ਕੇ ਪਾਣੀ ਨਾਲ ਆਪਣੀ ਚੁੰਝ ਭਰਦੀ ਹੈ ਅਤੇ ਅੱਗ ਉੱਪਰ ਜਾ ਕੇ ਸੁੱਟ ਦਿੰਦੀ ਹੈ। ਫਿਰ ਨਦੀ 'ਤੇ ਆਉਂਦੀ ਹੈ ਤੇ ਫਿਰ ਚੁੰਝ ਵਿੱਚ ਪਾਣੀ ਭਰ ਕੇ ਅੱਗ ਉੱਪਰ ਜਾ ਸੁੱਟਦੀ ਹੈ।
ਮਨਦੀਪ ਨੇ ਕਹਾਣੀ ਸੁਣਦੇ ਸੁਣਦੇ ਉਤਸੁਕਤਾ ਨਾਲ ਦਾਦਾ ਜੀ ਨੂੰ ਵਿੱਚੋਂ ਹੀ ਸਵਾਲ ਕੀਤਾ, 'ਪਰ ਦਾਦਾ ਜੀ, ਨਿੱਕੀ ਜਿਹੀ ਚਿੜੀ ਜੰਗਲ ਦੀ ਅੱਗ ਨੂੰ ਕਿਵੇਂ ਬੁਝਾ ਸਕਦੀ ਹੈ ?'
'ਹਾਂ, ਕਹਾਣੀ ਵਿੱਚ ਹੁਣ ਇਸੇ ਗੱਲ ਦਾ ਜ਼ਿਕਰ ਆਵੇਗਾ। ਸੁਣ। ਇੱਕ ਰਿਸ਼ੀ ਚਿੜੀ ਨੂੰ ਵਾਰ ਵਾਰ ਅਜਿਹਾ ਕਰਦਾ ਵੇਖ ਰਿਹਾ ਸੀ। ਉਸ ਨੇ ਚਿੜੀ ਨੂੰ ਇਹੀ ਸਵਾਲ ਕੀਤਾ, ਜਿਹੜਾ ਤੂੰ ਮੈਨੂੰ ਕੀਤਾ ਹੈ। ਰਿਸ਼ੀ ਨੇ ਪੁੱਛਿਆ, 'ਚਿੜੀਏ, ਕੀ ਤੇਰੀ ਚੁੰਝ ਵਿਚਲਾ ਪਾਣੀ ਅੱਗ ਦੇ ਭਾਂਬੜ ਨੂੰ ਬੁਝਾ ਸਕਦਾ ਹੈ ?'
'ਚਿੜੀ ਨੇ ਜਵਾਬ ਦਿੱਤਾ ਕਿ ਉਸ ਨੂੰ ਵੀ ਪਤਾ ਹੈ ਕਿ ਉਸ ਦੀ ਚੁੰਝ ਵਿਚਲੀਆਂ ਪਾਣੀ ਦੀਆਂ ਬੂੰਦਾਂ ਜੰਗਲ ਦੀ ਭਿਆਨਕ ਅੱਗ ਨੂੰ ਨਹੀਂ ਬੁਝਾ ਸਕਦੀਆਂ ਪਰੰਤੂ ਜਦੋਂ ਕਦੇ ਜੰਗਲ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਉਸ ਦਾ ਨਾਂ ਜੰਗਲ ਨੂੰ ਅੱਗ ਲਗਾਉਣ ਵਾਲਿਆਂ ਵਿੱਚ ਨਹੀਂ, ਅੱਗ ਬੁਝਾਉਣ ਵਾਲਿਆਂ ਵਿੱਚ ਲਿਖਿਆ ਜਾਵੇਗਾ। ਇਹ ਸੁਣ ਕੇ ਰਿਸ਼ੀ ਚਿੜੀ ਤੋਂ ਪ੍ਰੇਰਣਾ ਲੈਂਦਾ ਹੈ ਅਤੇ ਖ਼ੁਦ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦਾ ਹੈ। ਇੰਨੇ ਨੂੰ ਹੋਰ ਰਾਹੀ ਵੀ ਉਨ੍ਹਾਂ ਨਾਲ ਰਲ ਜਾਂਦੇ ਹਨ ਅਤੇ ਸਾਰੇ ਇਕੱਠੇ ਹੋ ਕੇ ਜੰਗਲ ਦੀ ਅੱਗ ਉੱਪਰ ਕਾਬੂ ਪਾ ਲੈਂਦੇ ਹਨ।'
ਕਹਾਣੀ ਸੁਣ ਕੇ ਮਨਦੀਪ ਸੁੱਤਾ ਨਹੀਂ ਸਗੋਂ ਕਿਸੇ ਡੂੰਘੀ ਸੋਚ ਵਿੱਚ ਡੁੱਬ ਗਿਆ।
'ਕੀ ਸੋਚ ਰਿਹਾ ਏਂ ਮਨਦੀਪ ?' ਦਾਦਾ ਜੀ ਨੇ ਪੁੱਛਿਆ।
ਮਨਦੀਪ ਇਕਦਮ ਝੁੰਜਲਾ ਜਿਹਾ ਗਿਆ। ਬੋਲਿਆ, 'ਦਾਦਾ ਜੀ, ਕੀ ਮੈਂ ਵੀ ਚਿੜੀ ਵਾਂਗ ਕਰ ਸਕਦਾ ਹਾਂ ?'
'ਚਿੜੀ ਬਣ ਕੇ ਜੰਗਲ ਦੀ ਅੱਗ ਬੁਝਾਵੇਂਗਾ ?' ਦਾਦਾ ਜੀ ਨੇ ਅਣਜਾਣ ਹੁੰਦੇ ਪੁੱਛਿਆ।
ਮਨਦੀਪ ਬੋਲਿਆ, 'ਹਾਂ ਦਾਦਾ ਜੀ, ਮੈਂ ਵੀ ਅੱਗ ਬੁਝਾਵਾਂਗਾ। ਜੰਗਲ ਦੀ ਨਹੀਂ ਪ੍ਰਦੂਸ਼ਣ ਦੀ। ਮੈਂ ਪਾਪਾ ਕੋਲੋਂ ਪਟਾਕੇ ਖ਼ਰੀਦਣ ਲਈ ਪੰਜ ਹਜ਼ਾਰ ਰੁਪਏ ਲਏ ਹਨ, ਪਰ ਹੁਣ ਮੈਂ ਇੱਕ ਵੀ ਪਟਾਕਾ ਨਹੀਂ ਖ਼ਰੀਦਾਂਗਾ। ਆਪਣੇ ਦੋਸਤਾਂ ਨੂੰ ਵੀ ਇਹੀ ਕਹਾਂਗਾ। ਚਿੜੀ ਵਾਲੀ ਕਹਾਣੀ ਸੁਣਾ ਕੇ।'
ਦਾਦਾ ਜੀ ਬੋਲੇ, 'ਸਾਬਾਸ਼ ਬੱਚੇ, ਤੂੰ ਚਿੜੀ ਵਾਲੀ ਕਹਾਣੀ ਵਿਚਲਾ ਅਸਲੀ ਸੁਨੇਹਾ ਸਮਝ ਲਿਆ ਏ। ਜੇ ਤੇਰੇ ਵਰਗੇ ਬੱਚੇ ਪ੍ਰਦੂਸ਼ਣ ਦਾ ਖ਼ਾਤਮਾ ਕਰਨ ਦਾ ਫ਼ੈਸਲਾ ਲੈ ਲੈਣ ਤਾਂ ਸਾਡਾ ਆਲਾ ਦੁਆਲਾ ਹਰਿਆ ਭਰਿਆ ਹੋ ਸਕਦਾ ਹੈ। ਅਸੀਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਤੇ ਸਾਡੀ ਉਮਰ ਹੋਰ ਵੀ ਲੰਮੀ ਹੋ ਸਕਦੀ ਹੈ।'
ਮਨਦੀਪ ਨੇ ਦਾਦਾ ਜੀ ਦਾ ਹੱਥ ਘੁੱਟਦਿਆਂ ਕਿਹਾ, 'ਦਾਦਾ ਜੀ, ਮੈਂ ਅਜਿਹਾ ਹੀ ਕਰਾਂਗਾ। ਇਹ ਮੇਰਾ ਦ੍ਰਿੜ ਨਿਸ਼ਚਾ ਏ।' ਮਨਦੀਪ ਬੋਲਿਆ।
ਦਾਦਾ ਜੀ ਨੇ ਉਸ ਨੂੰ ਗਲਵਕੜੀ ਵਿੱਚ ਲੈ ਲਿਆ।