Lalchi Musafir : Nepali Folk Tale
ਲਾਲਚੀ ਮੁਸਾਫ਼ਿਰ : ਨੇਪਾਲੀ ਲੋਕ ਕਹਾਣੀ
ਤਿੰਨ ਮੁਸਾਫ਼ਿਰ ਆਪਣੇ-ਆਪਣੇ ਪਿੰਡਾਂ ਤੋਂ ਪੀਅਰਸਿੰਗ ਦੇ ਬਸੰਤ ਮੇਲੇ ਲਈ ਜਾਂਦੇ ਹੋਏ ਇੱਕ ਛਾਂਦਾਰ ਵੱਡੇ ਸਾਰੇ ਪਿੱਪਲ ਦੇ ਦਰੱਖਤ ਹੇਠ ਪਹਿਲੀ ਵਾਰ ਮਿਲੇ।
ਪਿੱਪਲ ਹੇਠਲੇ ਵੱਡੇ ਚੌਂਤਰੇ ’ਤੇ ਬੈਠੇ ਤਿੰਨੇ ਮੁਸਾਫ਼ਿਰ ਵੱਖ ਵੱਖ ਤਰ੍ਹਾਂ ਦੇ ਦਿਸਦੇ ਸਨ। ਇੱਕ ਦੀ ਗਰਦਨ ਲੰਮੀ ਤੇ ਪਤਲੀ ਸੀ, ਦੂਜੇ ਦੀ ਛਾਤੀ ਬਹੁਤ ਛੋਟੀ ਸੀ ਅਤੇ ਤੀਜੇ ਦੀ ਇੱਕ ਲੱਤ ਲੱਕੜ ਦੀ ਸੀ। ਸ਼ਕਲ ਸੂਰਤ ਪੱਖੋਂ ਤਾਂ ਉਨ੍ਹਾਂ ਦਾ ਆਪਸ ਵਿੱਚ ਕੋਈ ਮੇਲ ਨਹੀਂ ਸੀ, ਪਰ ਲਾਲਚ ਪੱਖੋਂ ਤਿੰਨੇ ਇੱਕੋ ਜਿਹੇ ਸਨ।
ਤਿੰਨੇ ਮੁਸਾਫ਼ਿਰ ਛੇਤੀ ਹੀ ਇੱਕ ਦੂਜੇ ਨਾਲ ਘੁਲ ਮਿਲ ਗਏ ਅਤੇ ਮੇਲੇ ’ਤੇ ਕੀਤੇ ਜਾਣ ਵਾਲੇ ਮੌਜ-ਮੇਲੇ ਬਾਰੇ ਗੱਲਾਂ ਕਰਨ ਲੱਗੇ। ਉਹ ਜੂਆ ਖੇਡ ਕੇ ਚੰਗੇ ਪੈਸੇ ਕਮਾਉਣ ਅਤੇ ਉਨ੍ਹਾਂ ਨਾਲ ਖਾਣ ਪੀਣ ਵਾਲੀਆਂ ਚੀਜ਼ਾਂ, ਜਿਵੇਂ- ਸ਼ਰਾਬ, ਮਠਿਆਈਆਂ, ਮਸਾਲੇਦਾਰ ਆਂਡੇ, ਚਿਕਨ, ਭੁੰਨੀ ਹੋਈ ਬੱਕਰੀ ਆਦਿ ਖ਼ਰੀਦਣ ਦੀਆਂ ਗੱਲਾਂ ਕਰਨ ਲੱਗੇ।
‘‘ਇਨ੍ਹਾਂ ਗੱਲਾਂ ਨਾਲ ਤਾਂ ਮੈਨੂੰ ਭੁੱਖ ਲੱਗ ਗਈ ਐ।’’ ਪਤਲੀ ਗਰਦਨ ਵਾਲੇ ਆਦਮੀ ਨੇ ਆਖਿਆ। ਉਸ ਨੂੰ ਉਮੀਦ ਸੀ ਕਿ ਦੋਵੇਂ ਉਸ ਨੂੰ ਕੁਝ ਨਾ ਕੁਝ ਖਾਣ ਲਈ ਦੇਣਗੇ। ਉਸ ਦੀ ਆਪਣੀ ਟੋਕਰੀ ਵਿੱਚ ਵੀ ਮੱਕੀ ਦੇ ਦਾਣੇ ਤਾਂ ਸਨ ਪਰ ਉਹ ਚਾਹੁੰਦਾ ਸੀ ਕਿ ਉਨ੍ਹਾਂ ਨੂੰ ਇਨ੍ਹਾਂ ਦਾ ਪਤਾ ਨਾ ਲੱਗੇ, ਨਹੀਂ ਤਾਂ ਇਹ ਉਨ੍ਹਾਂ ਨੂੰ ਵੀ ਦੇਣੇ ਪੈਣਗੇ।
‘‘ਥੋਨੂੰ ਕੀ ਦੱਸਾਂ ਮੇਰੀ ਕੀ ਹਾਲਤ ਐ।’’ ਛੋਟੀ ਛਾਤੀ ਵਾਲੇ ਆਦਮੀ ਨੇ, ਆਪਣੀ ਫਤੂਹੀ ਵਿੱਚ ਛੁਪਾਏ ਉੱਬਲੇ ਆਂਡਿਆਂ ਨੂੰ ਟੋਂਹਦੇ ਹੋਏ ਰੋਂਦੂ ਜਿਹਾ ਬਣ ਕੇ ਆਖਿਆ, ‘‘ਮੈਂ ਤਾਂ ਸੂਰਜ ਚੜ੍ਹਨ ਤੋਂ ਪਹਿਲੋਂ ਪਿੰਡੋਂ ਚੱਲ ਪਿਆ ਸੀ। ਉਦੋਂ ਤੋਂ ਲੈ ਕੇ ਹੁਣ ਤਕ ਕੁਝ ਨ੍ਹੀਂ ਖਾਧਾ ਅਤੇ ਮੇਲੇ ’ਤੇ ਪਹੁੰਚਣ ਤੋਂ ਪਹਿਲਾਂ ਖਾਣ ਵਾਸਤੇ ਹੈ ਵੀ ਕੁਝ ਨ੍ਹੀਂ।’’
ਲੱਕੜ ਦੀ ਲੱਤ ਵਾਲੇ ਆਦਮੀ ਨੇ ਪਿੱਪਲ ਨਾਲ ਢੋਅ ਲਾ ਲਈ ਅਤੇ ਆਪਣੀ ਪਿੱਠ ਪਿੱਛੇ ਸੋਇਆਬੀਨ ਦੇ ਭੁੰਨੇ ਦਾਣਿਆਂ ਵਾਲੇ ਕੱਪੜੇ ਦੀ ਗੱਠੜੀ ਨੂੰ ਸਿਰਹਾਣੇ ਵਾਂਗ ਰੱਖ ਲਿਆ।
ਫਿਰ ਉਹ ਆਪਣੀ ਲੱਕੜ ਦੀ ਲੱਤ ਹਵਾ ਵਿੱਚ ਹਿਲਾਉਂਦਿਆਂ ਆਖਣ ਲੱਗਿਆ, ‘‘ਮੇਰਾ ਤਾਂ ਆਪ ਭੁੱਖ ਨਾਲ ਬੁਰਾ ਹਾਲ ਆ। ਜੇ ਇਸ ਚੌਂਤਰੇ ’ਤੇ ਚਾਹ ਦੀ ਦੁਕਾਨ ਹੁੰਦੀ ਤਾਂ ਮੈਂ ਪੰਜ ਗਲਾਸ ਰੋਕਸ਼ੀ, ਕਾਫ਼ੀ ਸਾਰਾ ਪੀਸਿਆ ਹੋਇਆ ਚਾਵਲ, ਆਮਲੇਟ…’’
ਬਸ, ਪਤਲੀ ਗਰਦਨ ਵਾਲਾ ਆਦਮੀ ਚੀਕਿਆ, ‘‘ਮੈਥੋਂ ਨ੍ਹੀਂ ਇਹ ਗੱਲਾਂ ਸੁਣੀਆਂ ਜਾਂਦੀਆਂ। ਆਪਾਂ ਹੇਠਾਂ ਵਾਦੀ ਵਿੱਚ ਜਾ ਕੇ ਕਿਤੋਂ ਮੁਰਗਾ ਲਿਆਈਏ ਤੇ ਰਲ ਕੇ ਰਿੰਨ੍ਹੀਏ।’’
ਉਸ ਦੇ ਦੋਵੇਂ ਸਾਥੀ ਝੱਟ ਸਹਿਮਤ ਹੋ ਗਏ।
ਪਤਲੀ ਗਰਦਨ ਵਾਲਾ ਆਦਮੀ ਮੁਰਗਾ ਲੈਣ ਚਲਿਆ ਗਿਆ। ਛੋਟੀ ਛਾਤੀ ਵਾਲਾ ਆਦਮੀ ਬਾਲਣ ਲੈਣ ਲਈ ਪਹਾੜੀ ’ਤੇ ਚੜ੍ਹ ਗਿਆ ਅਤੇ ਲੱਕੜ ਦੀ ਲੱਤ ਵਾਲਾ ਆਦਮੀ ਆਜੜੀ ਦੀ ਝੌਂਪੜੀ ’ਚੋਂ ਬਰਤਨ ਲੈਣ ਚਲਿਆ ਗਿਆ।
ਜਲਦੀ ਹੀ ਤਿੰਨੇ ਮੁਸਾਫ਼ਿਰ ਚੌਂਤਰੇ ’ਤੇ ਮੁੜ ਆਏ ਅਤੇ ਦਾਅਵਤ ਦੀ ਤਿਆਰੀ ਕਰਨ ਲੱਗੇ।
ਪਤਲੀ ਗਰਦਨ ਵਾਲੇ ਆਦਮੀ ਨੇ ਮੁਰਗੇ ਦੀ ਗਰਦਨ ਮਰੋੜੀ ਅਤੇ ਉਸ ਦੇ ਟੁਕੜੇ ਕੱਟ ਲਏ। ਫਿਰ ਉਨ੍ਹਾਂ ਨੇ ਅੱਗ ਬਾਲ ਕੇ ਘਿਉ ਵਿੱਚ ਮਸਾਲੇ ਭੁੰਨੇ ਤੇ ਵਿੱਚ ਮੀਟ ਦੇ ਟੁਕੜੇ ਪਾ ਕੇ ਅੱਗ ਦੇ ਆਲੇ ਦੁਆਲੇ ਬੈਠ ਗਏ। ਤੇਜ਼ੀ ਨਾਲ ਅੱਗ ਬਾਲਣ ਲਈ ਤਿੰਨੇ ਜ਼ੋਰ ਜ਼ੋਰ ਦੀ ਫੂਕਾਂ ਮਾਰਨ ਲੱਗੇ। ਵਾਰੀ ਵਾਰੀ ਉਹ ਮੀਟ ਨੂੰ ਹਿਲਾਉਂਦੇ ਰਹੇ। ਫਿਰ ਉਹ ਖ਼ਾਮੋਸ਼ ਹੋ ਗਏ ਅਤੇ ਤਿੰਨਾਂ ਨੇ ਹੀ ਬੜੀ ਉਤਸੁਕਤਾ ਨਾਲ ਬਰਤਨ ਵਿੱਚ ਨਜ਼ਰਾਂ ਗੱਡ ਲਈਆਂ।
ਅਖ਼ੀਰ ਪਤਲੀ ਗਰਦਨ ਵਾਲੇ ਆਦਮੀ ਦਾ ਸਬਰ ਟੁੱਟ ਗਿਆ ਅਤੇ ਕਹਿਣ ਲੱਗਿਆ, ‘‘ਮੈਂ ਦੇਖਦਾਂ ਕਿ ਇਹ ਬਣ ਗਿਐ ਜਾਂ ਨਹੀਂ।’’
ਜਦੋਂ ਉਸ ਨੇ ਪਤੀਲੇ ਤੋਂ ਢੱਕਣ ਚੁੱਕਿਆ ਤਾਂ ਉਸ ਦੇ ਮੂੰਹ ਵਿੱਚ ਪਾਣੀ ਆ ਗਿਆ। ਉਸ ਨੇ ਮੀਟ ਦੇ ਸਭ ਤੋਂ ਵੱਡੇ ਟੁਕੜੇ ’ਤੇ ਝਪਟਾ ਮਾਰਿਆ ਅਤੇ ਇਸ ਨੂੰ ਆਪਣੇ ਮੂੰਹ ਵਿੱਚ ਸੁੱਟ ਕੇ ਸਾਰੇ ਨੂੰ ਨਿਗਲਣ ਦੀ ਕੋਸ਼ਿਸ਼ ਕੀਤੀ, ਪਰ ਇਹ ਟੁਕੜਾ ਜ਼ਿਆਦਾ ਹੀ ਵੱਡਾ ਸੀ। ਉਸ ਨੇ ਜ਼ੋਰ ਤਾਂ ਬਹੁਤ ਲਾਇਆ ਪਰ ਇਹ ਨਾ ਤਾਂ ਅੰਦਰ ਗਿਆ ਅਤੇ ਨਾ ਹੀ ਬਾਹਰ ਆ ਸਕਿਆ। ਇਹ ਉਸ ਦੇ ਗਲੇ ਵਿੱਚ ਹੀ ਫਸ ਗਿਆ ਅਤੇ ਉਹ ਮਰ ਗਿਆ।
ਫਿਰ ਛੋਟੀ ਛਾਤੀ ਵਾਲੇ ਆਦਮੀ ਨੇ ਆਪਣੇ ਨਾਲ ਦੇ ਦੂਜੇ ਸਾਥੀ ਨੂੰ ਕਿਹਾ ਕਿ ਉਹ ਤਾਂ ਮਰ ਗਿਆ ਹੈ। ਹੁਣ ਆਪਾਂ ਦੋਵਾਂ ਨੂੰ ਜ਼ਿਆਦਾ ਮੀਟ ਮਿਲੇਗਾ। ਆਪਣੀ ਕਿਸਮਤ ਕਿੰਨੀ ਚੰਗੀ ਆ, ਹੈ ਨਾ। ਉਸ ਨੇ ਖ਼ੁਸ਼ੀ ਵਿੱਚ ਆਪਣੀ ਛਾਤੀ ’ਤੇ ਐਨੇ ਜ਼ੋਰ ਨਾਲ ਮੁੱਕਾ ਮਾਰਿਆ ਕਿ ਉਹ ਮਰ ਗਿਆ।
ਲੱਕੜ ਦੀ ਲੱਤ ਵਾਲਾ ਆਦਮੀ ਉੱਛਲਿਆ ਅਤੇ ਖ਼ੁਸ਼ੀ ਨਾਲ ਨੱਚਣ ਲੱਗਿਆ। ‘‘ਰੱਬ ਦੇ ਰੰਗ ਬੜੇ ਨਿਆਰੇ ਨੇ। ਕਿਸਮਤ ਮੇਰੇ ਨਾਲ ਐ। ਹੁਣ ਇਹ ਸਾਰਾ ਮੀਟ ਮੇਰਾ ਹੈ।’’
ਐਨਾ ਕਹਿਣ ਦੀ ਦੇਰ ਸੀ ਕਿ ਉਸ ਉਹ ਗਿੱਲੇ ਪੱਤਿਆਂ ’ਤੇ ਤਿਲਕ ਗਿਆ। ਉਸ ਦਾ ਸਿਰ ਜ਼ੋਰ ਨਾਲ ਚੌਂਤਰੇ ’ਤੇ ਪਈ ਚੱਟਾਨ ਨਾਲ ਵੱਜਿਆ ਅਤੇ ਉਹ ਡਿੱਗਣ ਸਾਰ ਹੀ ਮਰ ਗਿਆ।
ਪਿੱਪਲ ਦੇ ਪਿਛਲੇ ਪਾਸੇ ਇੱਕ ਗਿੱਦੜ ਸਬਰ ਨਾਲ ਇੰਤਜ਼ਾਰ ਕਰ ਰਿਹਾ ਸੀ। ਉਹ ਹੌਲੀ ਹੌਲੀ ਆਇਆ। ਫਿਰ ਉਸ ਨੇ ਸਵਾਦੀ ਮੀਟ ਖਾਧਾ, ਬਰਤਨ ਨੂੰ ਚੰਗੀ ਤਰ੍ਹਾਂ ਚੱਟਿਆ ਅਤੇ ਮਸਤ ਚਾਲ ਮੇਲਾ ਵੇਖਣ ਤੁਰ ਪਿਆ।
ਪਿਆਰੇ ਬੱਚਿਓ, ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਖਾਣ-ਪੀਣ ਦੇ ਮਾਮਲੇ ਵਿੱਚ ਕਦੇ ਵੀ ਲਾਲਚ ਨਹੀਂ ਕਰਨਾ ਚਾਹੀਦਾ ਅਤੇ ਹਮੇਸ਼ਾਂ ਵੰਡ ਕੇ ਚੀਜ਼ ਖਾਣੀ ਚਾਹੀਦੀ ਹੈ।
(ਡਾ. ਹਰਨੇਕ ਸਿੰਘ ਕੈਲੇ)