Rukh Uggan Di Gatha : Chinese Folk Tale
ਰੁੱਖ ਉੱਗਣ ਦੀ ਗਾਥਾ : ਚੀਨੀ ਲੋਕ ਕਹਾਣੀ
ਲੋਕ-ਗਾਥਾਵਾਂ ਵਿੱਚ ਰੁੱਖਾਂ ਬਾਰੇ ਬੜੀਆਂ ਰੌਚਕ ਕਹਾਣੀਆਂ ਪੜ੍ਹਨ ਨੂੰ ਮਿਲਦੀਆਂ ਹਨ। ਅਸਲ ਵਿੱਚ ਰੁੱਖ ਤੇ ਮਨੁੱਖ ਦੀ ਸਾਂਝ ਆਦਿ-ਮਨੁੱਖ ਨਾਲ ਹੀ ਸ਼ੁਰੂ ਹੋ ਗਈ ਸੀ। ਰੁੱਖ, ਮਨੁੱਖ ਤੇ ਦਰਿਆ ਗਤੀਸ਼ੀਲ ਹਨ। ਅਜਿਹੀ ਇੱਕ ਗਾਥਾ ਰੁੱਖਾਂ ਬਾਰੇ ਚੀਨ ਦੇਸ਼ ਨਾਲ ਸਬੰਧਤ ਹੈ।
ਸਦੀਆਂ ਪਹਿਲਾਂ ਚੀਨ ਦੇ ਵਿਚਕਾਰ ਇੱਕ ਪੀਲਾ ਦਰਿਆ ਵਗਦਾ ਹੁੰਦਾ ਸੀ। ਜਦੋਂ ਤੇਜ਼ ਹਵਾ ਵਗਦੀ ਪੀਲੀ ਰੇਤ ਉੱਡਦੀ ਤੇ ਹਵਾ 'ਚ ਰਲ ਜਾਂਦੀ। ਜਦ ਕਦੇ ਮੀਂਹ ਪੈਂਦਾ ਤਾਂ ਚਿੱਕੜ ਹੋ ਜਾਂਦਾ ਤੇ ਪਾਣੀ ਲਹਿਰਾਂ ਬਣ ਧਰਤੀ 'ਤੇ ਵਗਣ ਲਗਦਾ। ਕਹਿੰਦੇ ਨੇ ਉਦੋਂ ਉਸ ਧਰਤੀ 'ਤੇ ਕੋਈ ਵੀ ਰੁੱਖ ਨਹੀਂ ਸੀ, ਘਾਹ-ਪੱਤਰ ਤਾਂ ਕੀ ਹੋਣਾ। ਉੱਥੇ ਮਨੁੱਖ ਵੀ ਕੋਈ ਨਹੀਂ ਸੀ ਰਹਿੰਦਾ। ਸੁੰਨਮ-ਸੁੰਨਾ, ਰੜਾ ਮੈਦਾਨ ਦੂਰ-ਦੂਰ ਤਕ ਫੈਲਿਆ ਹੋਇਆ ਸੀ।
ਤਦ ਇੱਕ ਯੁਆਨ ਨਾਂ ਦੇ ਮਹਾ-ਸੈਨਾਪਤੀ ਨੇ ਮੱਧ ਚੀਨ ਉੱਤੇ ਆਪਣੀ ਫ਼ੌਜ ਨਾਲ ਧਾਵਾ ਬੋਲ ਦਿੱਤਾ। ਫ਼ੌਜ ਨੂੰ ਬੜਾ ਜੋਸ਼ ਚੜ੍ਹਿਆ ਹੋਇਆ ਸੀ। ਉਸ ਪੀਲੀ ਧਰਤੀ 'ਤੇ ਜਦੋਂ ਸੈਨਿਕ ਪਹੁੰਚੇ ਤਾਂ ਸੂਰਜ ਦੇਵਤਾ ਬਹੁਤ ਤਪਿਆ ਹੋਇਆ ਸੀ। ਸੈਨਾਪਤੀ ਯੁਆਨ ਨੇ ਬਹੁਤ ਦੂਰ ਸਰਾਲ ਦੀ ਸ਼ਕਲ ਦਾ ਇੱਕ ਪਹਾੜ ਤੱਕਿਆ। ਉਸ ਨੂੰ ਕਿਆਉ ਪਹਾੜ ਕਹਿੰਦੇ ਸਨ। ਉਸ ਪਹਾੜ ਵੱਲ ਇੱਕ ਬੱਦਲ ਆ ਰਿਹਾ ਸੀ। ਯੁਆਨ ਨੇ ਆਪਣੀ ਲੰਮੀ ਤਲਵਾਰ ਮਿਆਨ 'ਚੋਂ ਕੱਢੀ ਅਤੇ ਉਸ ਬੱਦਲ ਵੱਲ ਸੇਧਦਿਆਂ ਬੜੇ ਜੋਸ਼ ਨਾਲ ਹਵਾ ਵਿੱਚ ਲਹਿਰਾਈ। ਕਹਿੰਦੇ ਨੇ ਤਲਵਾਰ ਦੀ ਲਿਸ਼ਕ ਨਾਲ ਅਚਨਚੇਤ ਵਰਖਾ ਹੋਣ ਲੱਗ ਪਈ। ਜਿਉਂ ਹੀ ਵਰਖਾ ਦੀ ਬੂੰਦ ਧਰਤੀ ਨੂੰ ਛੋਂਹਦੀ, ਉੱਥੇ ਹੀ ਇੱਕ ਨਿੱਕਾ ਜਿਹਾ ਰੁੱਖ ਉੱਗ ਆਉਂਦਾ। ਵਰਖਾ ਪੈਂਦੀ ਰਹੀ ਤੇ ਪਹਾੜ ਉੱਤੇ ਰੁੱਖ ਉੱਗਦੇ ਗਏ। ਪਹਾੜ ਰੁੱਖਾਂ ਨਾਲ ਢਕਿਆ ਗਿਆ।
ਹੁਣ ਉਹ ਪਹਾੜ ਪੀਲਾ ਨਾ ਰਿਹਾ। ਹਰਿਆਵਲ ਹੋ ਗਈ। ਹੋਰ ਰੁੱਖ ਬੂਟੇ ਉੱਗ ਆਏ। ਫੁੱਲ ਖਿੜ ਪਏ, ਪੌਣਾਂ ਵਿੱਚ ਮਹਿਕ ਬਿਖਰ ਗਈ। ਕਈ ਸਾਲ ਬੀਤ ਗਏ। ਕਿਆਉ ਪਹਾੜ ਉੱਤੇ ਰੁੱਖ ਵੱਡੇ ਹੁੰਦੇ ਗਏ। ਰੁੱਖਾਂ 'ਤੇ ਪੰਛੀ ਚਹਿਚਹਾਉਣ ਲੱਗੇ। ਹੋਰ ਜੀਵ-ਜੰਤੂਆਂ ਤੇ ਜਾਨਵਰਾਂ ਨੇ ਉੱਥੇ ਵਾਸਾ ਕਰ ਲਿਆ। ਪਹਾੜ ਰਮਣੀਕ ਥਾਂ ਬਣ ਗਿਆ। ਯੁਆਨ ਸੈਨਾਪਤੀ ਦੀ ਮਹਿਮਾ ਹੋਣ ਲੱਗੀ। ਕਿਹਾ ਜਾਂਦਾ ਹੈ ਕਿ ਉਹ ਰੁੱਖ ਸਰੂ ਦੇ ਸਨ ਜੋ ਹਜ਼ਾਰਾਂ ਵਰ੍ਹੇ ਜੀਵਤ ਰਹਿ ਸਕਦੇ ਸਨ। ਯੁਆਨ ਸੈਨਾਪਤੀ ਰਾਸ਼ਟਰ ਦਾ ਨਾਇਕ ਬਣ ਗਿਆ। ਉਸ ਨੂੰ ਲੋਕੀਂ ਰੁੱਖਾਂ ਦਾ ਰਾਜਾ ਕਹਿਣ ਲੱਗ ਪਏ। ਜਦੋਂ ਯੁਆਨ ਦੀ ਮੌਤ ਹੋਈ, ਸੋਗ ਵਰਤ ਗਿਆ। ਬੜੇ ਸਨਮਾਨਾਂ ਨਾਲ ਉਸ ਨੂੰ ਕਿਆਉ ਪਹਾੜ 'ਤੇ ਹੀ ਦਫ਼ਨਾਇਆ ਗਿਆ। ਕਿਆਉ ਪਹਾੜ ਨੂੰ ਰੁੱਖਾਂ ਦਾ ਜਨਮ ਦਾਤਾ ਮੰਨਿਆ ਗਿਆ।
(ਮਨਮੋਹਨ ਸਿੰਘ ਦਾਊਂ)