Prerak Prasang : Hari Krishan Mayer
ਪ੍ਰੇਰਕ ਪ੍ਰਸੰਗ : ਹਰੀ ਕ੍ਰਿਸ਼ਨ ਮਾਇਰ
1. ਸੰਕਲਪ ਦੀ ਤਾਕਤ
ਲੰਡਨ ਦੀ ਇੱਕ ਬਸਤੀ ਵਿੱਚ ਇੱਕ ਅਨਾਥ ਬੱਚਾ ਰਹਿੰਦਾ ਸੀ। ਉਹ ਅਖ਼ਬਾਰ ਵੇਚ ਕੇ
ਆਪਣਾ ਗੁਜ਼ਾਰਾ ਕਰਦਾ। ਫਿਰ ਉਹ ਕਿਤਾਬਾਂ ਦੀਆਂ ਜਿਲਦਾਂ ਬੰਨ੍ਹਣ ਦਾ ਕੰਮ ਕਰਨ ਲੱਗ ਪਿਆ।
ਉਸ ਬੱਚੇ ਨੂੰ ਪੜ੍ਹਨ ਦਾ ਕਾਫ਼ੀ ਸ਼ੌਕ ਸੀ। ਜਿਹੜੀਆਂ ਕਿਤਾਬਾਂ ਜਿਲਦਾਂ ਬੰਨ੍ਹਣ ਨੂੰ ਆਉਂਦੀਆਂ, ਉਹ
ਉਨ੍ਹਾਂ ਪੁਸਤਕਾਂ ਨੂੰ ਪੜ੍ਹ ਲੈਂਦਾ। ਇੱਕ ਦਿਨ ਜਿਲਦ ਬੰਨ੍ਹਦਿਆਂ, ਉਸ ਦੀ ਨਜ਼ਰ ਇੱਕ ਕਿਤਾਬ ਅੰਦਰ ‘ਬਿਜਲੀ’
ਸਬੰਧੀ ਇੱਕ ਨਿਬੰਧ ਉੱਤੇ ਪਈ। ਉਹ ਨਿਬੰਧ ਉਸ ਨੇ ਸਾਰਾ ਪੜ੍ਹ ਲਿਆ। ਬੜਾ ਹੀ ਦਿਲਚਸਪ ਸੀ ਇਹ ਲੇਖ।
ਉਸ ਨੇ ਦੁਕਾਨਦਾਰ ਕੋਲੋਂ ਉਹ ਕਿਤਾਬ ਇੱਕ ਦਿਨ ਲਈ ਮੰਗ ਲਈ। ਪੂਰੀ ਰਾਤ ਲਾ ਕੇ ਉਸ ਨੇ ਸਾਰੀ ਕਿਤਾਬ
ਪੜ੍ਹ ਲਈ। ਉਹ ਪੁਸਤਕ ਉਸ ਬਾਲਕ ਉੱਪਰ ਗਹਿਰੀ ਛਾਪ ਛੱਡ ਗਈ ਸੀ। ਉਸ ਦਾ ਮਨ ਕੀਤਾ ਕਿ ਉਹ ਪ੍ਰਯੋਗ ਕਰਕੇ ਦੇਖੇ।
ਜਗਿਆਸਾ ਵਧਦੀ ਜਾ ਰਹੀ ਸੀ। ਉਸ ਨੇ ਬਿਜਲੀ ਨਾਲ ਸਬੰਧਤ, ਥੋੜ੍ਹੀਆਂ ਵਸਤਾਂ ਇੱਧਰੋਂ-ਉਧਰੋਂ ਇਕੱਠੀਆਂ ਕੀਤੀਆਂ।
ਇੱਕ ਵਿਅਕਤੀ ਬਾਲਕ ਦੀ ਬਿਜਲੀ ’ਚ ਰੁਚੀ ਦੇਖਦਾ ਹੁੰਦਾ ਸੀ। ਉਹ ਵਿਅਕਤੀ ਬਾਲਕ ਨੂੰ ਇੱਕ ਦਿਨ ਪ੍ਰਸਿੱਧ ਵਿਗਿਆਨਕ ਡੇਵੀ ਦਾ
ਲੈਕਚਰ ਸੁਣਨ ਲਈ ਨਾਲ ਲੈ ਗਿਆ। ਬਾਲਕ ਡੇਵੀ ਦੀਆਂ ਗੱਲਾਂ ਨੂੰ ਬੜੇ ਗਹੁ ਨਾਲ ਸੁਣਦਾ ਰਿਹਾ। ਇਸ ਤੋਂ ਬਾਅਦ ਬੱਚੇ ਨੇ ਲੈਕਚਰ
ਦੀ ਪੜਚੋਲ ਕਰਦਿਆਂ ਆਪਣੇ ਕੁਝ ਵਿਚਾਰ ਲਿਖੇ ਅਤੇ ਡੇਵੀ ਨੂੰ ਭੇਜ ਦਿੱਤੇ। ਡੇਵੀ ਉਸ ਬੱਚੇ ਤੋਂ ਕਾਫ਼ੀ ਪ੍ਰਭਾਵਿਤ ਹੋਇਆ। ਡੇਵੀ ਨੇ
ਉਸ ਬਾਲਕ ਨੂੰ ਆਪਣੇ ਨਾਲ ਕੰਮ ਕਰਨ ਲਈ ਕਿਹਾ। ਬਾਲਕ ਮੰਨ ਗਿਆ ਅਤੇ ਡੇਵੀ ਕੋਲ ਹੀ ਰਹਿਣ ਲੱਗਾ। ਉਹ ਡੇਵੀ ਦਾ
ਸਹਿਯੋਗੀ ਵੀ ਸੀ ਅਤੇ ਨੌਕਰ ਵੀ। ਉਹ ਪੂਰਾ ਦਿਨ ਕੰਮਾਂ-ਕਾਰਾਂ ’ਚ ਰੁੱਝਿਆ ਰਹਿੰਦਾ। ਰਾਤੀਂ ਖੋਜ ਅਧਿਐਨ ਕਰਦਾ। ਥੱਕ ਵੀ ਜਾਂਦਾ,
ਪਰ ਉਸ ਦੇ ਚਿਹਰੇ ’ਤੇ ਸ਼ਿਕਨ ਨਜ਼ਰੀਂ ਨਾ ਪੈਂਦੀ। ਉਹ ਬਿਜਲੀ ਦੇ ਖੇਤਰ ’ਚ ਬੜਾ ਕੁਝ ਕਰ ਗੁਜ਼ਰਨ ਦੀ ਉਮੀਦ ਲਾਈ ਬੈਠਾ ਸੀ।
ਅੰਤ ਉਸ ਨੇ ਬਿਜਲੀ ਦੇ ਖੇਤਰ ਵਿੱਚ ਮਿਹਨਤ ਤੇ ਦ੍ਰਿੜ੍ਹ ਸੰਕਲਪ ਨਾਲ ਆਪਣਾ ਸੁਪਨਾ ਪੂਰਾ ਕੀਤਾ। ਹੌਲੀ-ਹੌਲੀ ਉਹ ਮਹਾਨ
ਭੌਤਿਕ ਵਿਗਿਆਨੀ ਬਣ ਗਿਆ। ਸਾਰਾ ਸੰਸਾਰ ਉਸ ਨੂੰ ‘ਮਾਈਕਲ ਫੈਰਾਡੇਅ’ ਦੇ ਨਾਂ ਨਾਲ ਜਾਣਦਾ ਹੈ। ਉਹੀ ਫੈਰਾਡੇਅ, ਜਿਸ ਨੇ
ਬਿਜਲੀ ਪੈਦਾ ਕਰਨ ਲਈ ਮੁਢਲੇ ਨਿਯਮ ਖੋਜੇ ਸਨ।
2. ਅਭਿਆਸ
ਬਚਪਨ ਵਿੱਚ ਸੁਬਰਾਮਨੀਅਮ ਚੰਦਰ ਸ਼ੇਖਰ ਵਿਗਿਆਨ ਵਿਸ਼ੇ ਵਿੱਚ ਬੜਾ ਕਮਜ਼ੋਰ ਹੁੰਦਾ ਸੀ।
ਉਸ ਨੂੰ ਇਉਂ ਲੱਗਦਾ ਸੀ ਕਿ ਵਿਗਿਆਨ ਵਿੱਚ ਉਸ ਦੇ ਕਦੇ ਵੀ ਚੰਗੇ ਨੰਬਰ ਨਹੀਂ ਆ ਸਕਦੇ। ਉਸ ਨੂੰ
ਵਿਗਿਆਨ ਪੜ੍ਹਾਉਣ ਵਾਲਾ ਅਧਿਆਪਕ ਵੀ ਬੁਰਾ-ਭਲਾ ਬੋਲਦਾ ਰਹਿੰਦਾ। ਸਾਰੀ ਜਮਾਤ ਅੱਗੇ ਉਸ ਨੂੰ
ਸ਼ਰਮਸਾਰ ਕਰਦਾ। ਇੱਕ ਦਿਨ ਵਿਗਿਆਨ ਵਿਸ਼ੇ ਦਾ ਘਰੋਂ ਕੰਮ ਨਾ ਕਰਨ ਕਰਕੇ ਅਧਿਆਪਕ ਨੇ ਸਾਰੀ
ਜਮਾਤ ਸਾਹਮਣੇ ਉਸ ਨੂੰ ਚੰਗਾ ਬੇਇੱਜ਼ਤ ਕੀਤਾ ਅਤੇ ਉਹ ਹੱਤਕ ਮੰਨ ਗਿਆ। ਛੁੱਟੀ ਪਿੱਛੋਂ ਉਹ ਘਰ ਜਾਣ
ਦੀ ਥਾਂ ਨਦੀ ਦੇ ਕੰਢੇ ਘੁੰਮਣ-ਫਿਰਨ ਚਲਾ ਗਿਆ। ਉੱਥੇ ਇੱਕ ਖੂਹ ਸੀ। ਸੁਬਰਾਮਨੀਅਮ ਨੇ ਦੇਖਿਆ ਕਿ
ਜਿਹੜੇ ਪੱਥਰ ਉੱਪਰ ਮਿੱਟੀ ਦੇ ਘੜੇ ਰੱਖੇ ਜਾਂਦੇ ਸਨ, ਉਸ ਥਾਂ ਤੋਂ ਪੱਥਰ ਥੋੜ੍ਹਾ ਘਸ ਚੁੱਕਾ ਸੀ। ਉਸ ਦੇ ਮਨ
ਵਿੱਚ ਖ਼ਿਆਲ ਆਇਆ ਕਿ ਜੇ ਵਾਰ-ਵਾਰ ਘੜੇ ਰੱਖਣ ਨਾਲ ਪੱਥਰ ਘਸ ਸਕਦਾ ਹੈ ਤਾਂ ਵਾਰ-ਵਾਰ
ਅਭਿਆਸ ਕਰਨ ਨਾਲ ਮੈਂ ਵਿਗਿਆਨ ਦਾ ਵਿਸ਼ਾ ਕਿਉਂ ਨਹੀਂ ਸਿੱਖ ਸਕਦਾ?
ਬਾਲਕ ਸੁਬਰਾਮਨੀਅਮ ਉਸ ਦਿਨ ਘਰ ਮੁੜ ਆਇਆ ਅਤੇ ਲਗਾਤਾਰ ਮਿਹਨਤ ਕਰਨ ਲੱਗਾ। ਇਸ ਤਰ੍ਹਾਂ
ਹੌਲੀ-ਹੌਲੀ ਉਸ ਨੂੰ ਵਿਗਿਆਨ ਦਾ ਵਿਸ਼ਾ ਰੌਚਕ ਲੱਗਣ ਲੱਗ ਪਿਆ ਅਤੇ ਉਹ ਵਿਗਿਆਨ ਨੂੰ ਸੌਖਾ ਵਿਸ਼ਾ
ਕਹਿਣ ਲੱਗ ਪਿਆ। ਬਸ, ਫੇਰ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਇਹੀ ਬੱਚਾ ਅੱਗੇ ਜਾ ਕੇ ਮਹਾਨ ਭਾਰਤੀ
ਵਿਗਿਆਨੀ ਬਣਿਆ। ਸਾਲ 1983 ਵਿੱਚ ਉਸ ਦੀ ਖੋਜ ‘ਚੰਦਰ ਸ਼ੇਖਰ ਸੀਮਾ ਸਿਧਾਂਤ’ ਨੂੰ ਭੌਤਿਕ ਵਿਗਿਆਨ ਦੇ
ਖੇਤਰ ਵਿੱਚ ਵਿਲੀਅਮ ਏ ਫੋਲਰ ਦੇ ਨਾਲ ਨੋਬੇਲ ਪੁਰਸਕਾਰ ਮਿਲਿਆ ਸੀ।
3. ਖੋਜੀ ਤੇ ਅਧਿਆਤਮਕਤਾ
ਇੱਕ ਵਾਰ ਭੌਤਿਕ ਵਿਗਿਆਨੀ ਐਲਬਰਟ ਆਈਨਸਟਾਈਨ ਬਰਲਿਨ ਹਵਾਈ ਅੱਡੇ ਤੋਂ ਹਵਾਈ ਜਹਾਜ਼ ਵਿੱਚ ਚੜ੍ਹਿਆ।
ਉਸ ਨੇ ਜੇਬ ’ਚੋਂ ਮਾਲਾ ਕੱਢੀ ਅਤੇ ਮੂੰਹ ਵਿੱਚ ਜਾਪ ਕਰਨ ਲੱਗ ਪਿਆ। ਉਸ ਦੇ ਨਾਲ ਵਾਲੀ ਸੀਟ ’ਤੇ ਬੈਠੇ ਇੱਕ ਗੱਭਰੂ ਨੇ ਉਸ
ਵੱਲ ਬੜੇ ਘਟੀਆ ਜਿਹੇ ਢੰਗ ਨਾਲ ਦੇਖਦਿਆਂ ਆਖਿਆ, ‘‘ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ। ਅੱਜ ਦੁਨੀਆਂ ਕੋਲ ਐਲਬਰਟ
ਆਈਨਸਟਾਈਨ ਵਰਗੇ ਖੋਜੀ ਹਨ। ਤੂੰ ਮਾਲਾ ਫੇਰ ਕੇ ਫੋਕੇ ਪਾਖੰਡ ’ਤੇ ਹੀ ਖਲੋਤਾ ਏਂ।’’ ਗੱਭਰੂ ਮੁੰਡੇ ਨੇ ਆਪਣਾ ਵਿਜ਼ਟਿੰਗ ਕਾਰਡ
ਆਈਨਸਟਾਈਨ ਵੱਲ ਵਧਾਉਂਦਿਆਂ ਕਿਹਾ, ‘‘ਮੈਂ ਅੰਧ-ਵਿਸ਼ਵਾਸਾਂ ’ਚੋਂ ਆਮ ਲੋਕਾਂ ਨੂੰ ਕੱਢਣ ਵਾਲੀ ਖੋਜੀਆਂ ਦੀ ਇੱਕ ਜਥੇਬੰਦੀ ਦਾ
ਪ੍ਰਧਾਨ ਹਾਂ। ਕਦੇ ਵਕਤ ਕੱਢ ਕੇ ਬੈਠਿਓ ਸਾਡੇ ਨਾਲ ਵੀ।’’
ਆਈਨਸਟਾਈਨ ਮੁਸਕਰਾਇਆ ਅਤੇ ਆਪਣਾ ਵਿਜ਼ਟਿੰਗ ਕਾਰਡ ਉਸ ਗੱਭਰੂ ਨੂੰ ਦਿੰਦੇ ਹੋਏ ਮੂੰਹੋਂ ਕੁਝ ਨਾ ਬੋਲਿਆ। ਕਾਰਡ ’ਤੇ
ਆਈਨਸਟਾਈਨ ਦਾ ਨਾਂ ਪੜ੍ਹਦੇ ਸਾਰ ਗੱਭਰੂ ਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ। ਆਈਨਸਟਾਈਨ ਬੋਲਿਆ, ‘‘ਮਿੱਤਰ! ਖੋਜੀ ਹੋਣਾ ਅਤੇ
ਅਧਿਆਤਮਕ ਹੋਣਾ ਦੋ ਉਲਟ ਗੱਲਾਂ ਨਹੀਂ ਹਨ। ਜੇ ਸ਼ਰਧਾ ਬਿਨਾਂ ਵਿਗਿਆਨ ਕੰਮ ਕਰੇਗਾ, ਬਰਬਾਦੀ ਦੇ ਰਸਤੇ ’ਤੇ ਹੀ ਤੁਰੇਗਾ। ਵਿਕਾਸ
ਦੇ ਰਾਹ ’ਤੇ ਨਹੀਂ।’’ ਆਈਨਸਟਾਈਨ ਦੀ ਗੱਲ ਸੁਣ ਕੇ ਗੱਭਰੂ ਮੁੰਡੇ ਦੀ ਸੋਚ ਜੀਕੂੰ ਪਲਟਾ ਹੀ ਖਾ ਗਈ ਸੀ।
4. ਸਾਦਗੀ
ਆਈਨਸਟਾਈਨ ਹੱਦ ਦਰਜੇ ਦਾ ਸਾਊ ਅਤੇ ਸਾਦਾ ਵਿਅਕਤੀ ਸੀ। ਇੱਕ ਵਾਰ ਬੈਲਜੀਅਮ ਦੀ ਮਹਾਰਾਣੀ ਨੇ ਉਸ ਨੂੰ ਵਿਸ਼ੇਸ਼ ਤੌਰ ’ਤੇ ਆਉਣ ਦਾ ਸੱਦਾ-ਪੱਤਰ ਭੇਜਿਆ। ਆਈਨਸਟਾਈਨ ਨੇ ਉੱਥੇ ਜਾਣ ਦਾ ਨਿਓਤਾ ਪ੍ਰਵਾਨ ਕਰ ਲਿਆ। ਬੈਲਜੀਅਮ ਵਿੱਚ ਉਸ ਦੀ ਆਓ-ਭਗਤ ਦੀਆਂ ਤਿਆਰੀਆਂ ਹੋਣ ਲੱਗੀਆਂ। ਸਾਰੇ ਪ੍ਰਬੰਧਾਂ ਦੀ ਦੇਖ-ਰੇਖ ਲਈ ਇੱਕ ਸਵਾਗਤੀ ਕਮੇਟੀ ਬਣਾਈ ਗਈ। ਜਿਸ ਦਿਨ ਆਈਨਸਟਾਈਨ ਨੇ ਬੈਲਜੀਅਮ ਪਹੁੰਚਣਾ ਸੀ, ਸਵਾਗਤੀ ਕਮੇਟੀ ਵਾਲੇ ਉਸ ਨੂੰ ਸਟੇਸ਼ਨ ’ਤੇ ਲੈਣ ਖਾਤਰ ਗਏ। ਉਹ ਕਾਫ਼ੀ ਦੇਰ ਤਕ ਸਟੇਸ਼ਨ ’ਤੇ ਆਈਨਸਟਾਈਨ ਦਾ ਇੰਤਜ਼ਾਰ ਕਰਦੇ ਰਹੇ, ਪਰ ਉਹ ਕਿਧਰੇ ਦਿਖਾਈ ਨਾ ਦਿੱਤਾ। ਸਵਾਗਤੀ ਕਮੇਟੀ ਵਾਲੇ ਨਿਰਾਸ਼ ਹੋ ਕੇ ਵਾਪਸ ਪਰਤ ਆਏ। ਜਦੋਂ ਉਹ ਰਾਣੀ ਦੇ ਮਹਿਲ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਇੱਕ ਬਜ਼ੁਰਗ ਹੱਥ ਵਿੱਚ ਸੂਟਕੇਸ ਫੜੀ ਮਹਿਲ ਦੇ ਮੁੱਖ ਦੁਆਰ ਵੱਲ ਤੁਰਿਆ ਆ ਰਿਹਾ ਸੀ। ਉਹ ਬਜ਼ੁਰਗ ਕੋਈ ਹੋਰ ਨਹੀਂ ਐਲਬਰਟ ਆਈਨਸਟਾਈਨ ਹੀ ਸੀ। ਬਜ਼ੁਰਗ ਦੇ ਮਹਿਲੀਂ ਪੁੱਜ ਜਾਣ ’ਤੇ ਰਾਣੀ ਨੇ ਪੁੱਛਿਆ, ‘‘ਤੁਹਾਨੂੰ ਲੈ ਕੇ ਆਉਣ ਲਈ ਮੈਂ ਕਾਰ ਭੇਜੀ ਸੀ, ਉਸ ਵਿੱਚ ਕਿਉਂ ਨਹੀਂ ਆਏ?’’ ‘‘ਰਾਣੀ ਸਾਹਿਬਾ, ਮੈਨੂੰ ਪੈਦਲ ਤੁਰ ਕੇ ਬੜਾ ਆਨੰਦ ਆਉਂਦਾ ਹੈ।’’ ਉੱਤਰ ’ਚ ਆਈਨਸਟਾਈਨ ਨੇ ਕਿਹਾ। ਬੈਲਜੀਅਮ ਦੀ ਮਹਾਰਾਣੀ ਦੀਆਂ ਨਜ਼ਰਾਂ ਵਿੱਚ ਉਸ ਦਾ ਕੱਦ ਹੋਰ ਵੀ ਉੱਚਾ ਹੋ ਗਿਆ ਸੀ।
5. ਕੰਮ ਕਰਨ ਦੀ ਕਲਾ
ਯੂਨਾਨ ਦੇ ਕਿਸੇ ਪਿੰਡ ਦਾ ਇੱਕ ਮੁੰਡਾ ਦਿਨ ਵਿੱਚ ਜੰਗਲ ’ਚੋਂ ਲੱਕੜੀਆਂ ਕੱਟਦਾ ਅਤੀ ਸ਼ਾਮੀਂ ਨੇੜੇ ਦੇ ਬਾਜ਼ਾਰ ਵਿੱਚ ਵੇਚ
ਆਉਂਦਾ। ਇਸ ਨਾਲ ਹੀ ਉਸ ਦਾ ਗੁਜ਼ਾਰਾ ਚਲਦਾ। ਇੱਕ ਦਿਨ ਕੋਈ ਵਿਦਵਾਨ ਵਿਅਕਤੀ ਬਾਜ਼ਾਰ ’ਚੋਂ ਲੰਘ ਰਿਹਾ ਸੀ,
ਉਸ ਦੀ ਨਜ਼ਰ ਬਾਲਕ ਦੀ ਲੱਕੜੀਆਂ ਦੀ ਗੱਠੜੀ ਉੱਪਰ ਪਈ। ਬੜੇ ਕਲਾਮਈ ਤਰੀਕੇ ਨਾਲ ਗੱਠੜੀ ਬੰਨ੍ਹੀ ਹੋਈ ਸੀ।
ਉਸ ਨੇ ਉਸ ਮੁੰਡੇ ਨੂੰ ਪੁੱਛਿਆ, ‘‘ਤੂੰ ਇਹ ਗੱਠੜੀ ਆਪੇ ਬੰਨ੍ਹੀ ਹੈ?’’
ਲੜਕਾ ਬੋਲਿਆ, ‘‘ਜੀ ਹਾਂ, ਮੈਂ ਦਿਨ ਭਰ ਲੱਕੜੀਆਂ ਕੱਟਦਾ ਹਾਂ, ਆਪੇ ਗੱਠੜੀ ਬੰਨ੍ਹਦਾ ਹਾਂ ਅਤੇ ਸ਼ਾਮ ਨੂੰ ਬਾਜ਼ਾਰ ਵਿੱਚ ਵੇਚ ਆਉਂਦਾ ਹਾਂ।’’
‘‘ਕੀ ਤੂੰ ਇਸ ਗੱਠੜੀ ਨੂੰ ਖੋਲ੍ਹ ਕੇ ਮੁੜ ਬੰਨ੍ਹ ਸਕਦਾ ਏਂ?’’ ਉਸ ਵਿਅਕਤੀ ਨੇ ਪੁੱਛਿਆ। ਉਸ ਮੁੰਡੇ ਨੇ ਗੱਠੜੀ ਖੋਲ੍ਹੀ ਅਤੇ ਮੁੜ
ਸਲੀਕੇ ਨਾਲ ਬੰਨ੍ਹ ਦਿੱਤੀ। ਇਹ ਕੰਮ ਉਹ ਬੜੇ ਧਿਆਨ, ਲਗਨ ਅਤੇ ਤੇਜ਼ੀ ਨਾਲ ਕਰ ਰਿਹਾ ਸੀ। ਮੁੰਡੇ ਦੀ ਇਕਾਗਰਤਾ,
ਲਗਨ ਅਤੇ ਕਲਾਤਮਿਕਤਾ ਤੋਂ ਉਹ ਵਿਅਕਤੀ ਦੰਗ ਰਹਿ ਗਿਆ। ਉਸ ਨੇ ਬਾਲਕ ਨੂੰ ਪੁੱਛਿਆ, ‘‘ਕੀ ਤੂੰ ਮੇਰੇ ਨਾਲ ਚੱਲੇਂਗਾ?
ਮੈਂ ਤੈਨੂੰ ਆਪਣੇ ਕੋਲ ਰੱਖਾਂਗਾ। ਪੜ੍ਹਾਵਾਂਗਾ ਵੀ ਤੇ ਤੇਰਾ ਸਾਰਾ ਖ਼ਰਚਾ ਵੀ ਕਰਾਂਗਾ।’’
ਉਹ ਲੜਕਾ ਪਹਿਲਾਂ ਤਾਂ ਸੋਚੀਂ ਪੈ ਗਿਆ, ਪਰ ਫਿਰ ਜਾਣ ਲਈ ਮੰਨ ਗਿਆ। ਉਸ ਵਿਅਕਤੀ ਨੇ ਮੁੰਡੇ ਦੇ ਰਹਿਣ ਅਤੇ ਪੜ੍ਹਾਈ ਦਾ
ਪ੍ਰਬੰਧ ਕੀਤਾ। ਉਹ ਖ਼ੁਦ ਵੀ ਉਸ ਲੜਕੇ ਨੂੰ ਪੜ੍ਹਾਉਂਦਾ ਅਤੇ ਨਵੀਆਂ-ਨਵੀਆਂ ਗੱਲਾਂ ਬਾਰੇ ਦੱਸਦਾ। ਥੋੜ੍ਹੇ ਹੀ ਸਮੇਂ ਵਿੱਚ ਉਸ ਬਾਲਕ
ਨੇ ਉੱਚੀ ਪੜ੍ਹਾਈ ਕਰ ਲਈ ਅਤੇ ਚੋਖਾ ਗਿਆਨਵਾਨ ਵੀ ਬਣ ਗਿਆ। ਉਹ ਬੱਚਾ ਸੀ ਮਹਾਨ ਗਣਿਤ ਵਿਗਿਆਨੀ ਪਾਈਥਾਗੋਰਸ ਅਤੇ
ਜਿਸ ਵਿਦਵਾਨ ਨੇ ਪਾਈਥਾਗੋਰਸ ਨੂੰ ਆਪਣੇ ਕੋਲ ਰੱਖਿਆ ਸੀ, ਉਹ ਸੀ ਯੂਨਾਨ ਦਾ ਜਾਣਿਆ-ਪਛਾਣਿਆ ਖੋਜੀ ਤੇ ਵਿਚਾਰਕ ਡੇਮੋਕ੍ਰੀਟਸ।
6. ਦਿੜ੍ਹ ਇਰਾਦਾ
ਇੱਕ ਵਾਰ ਸਰ ਜਗਦੀਸ਼ ਚੰਦਰ ਬੋਸ ਯੂਰਪ ਵਿੱਚ ਪੌਦਿਆਂ ਦੀ ਸੰਵੇਦਨਸ਼ੀਲਤਾ ਸਬੰਧੀ ਆਪਣੀ ਖੋਜ ਦਾ ਲੋਕਾਂ ਸਾਹਮਣੇ ਪ੍ਰਦਰਸ਼ਨ ਕਰ ਰਿਹਾ ਸੀ। ਉਹ ਲੋਕਾਂ ਨੂੰ ਦੱਸਣਾ ਚਾਹੁੰਦਾ ਸੀ ਕਿ ਜ਼ਹਿਰ ਜਜ਼ਬ ਕਰ ਲੈਣ ਨਾਲ ਪੌਦੇ ਮਰ ਜਾਂਦੇ ਹਨ।
ਕਿਸੇ ਸ਼ਰਾਰਤੀ ਬੰਦੇ ਨੇ ਉਸ ਕੋਲ ਪਈ ਜ਼ਹਿਰ ਦੀ ਡੱਬੀ ਚੁੱਕ ਲਈ ਅਤੇ ਉਸ ਵਿੱਚੋਂ ਜ਼ਹਿਰ ਬਾਹਰ ਕੱਢ ਕੇ ਖੰਡ ਭਰ ਦਿੱਤੀ। ਸਰ ਜਗਦੀਸ਼ ਚੰਦਰ ਬੋਸ ਲੋਕਾਂ ਸਾਹਮਣੇ ਪ੍ਰਯੋਗ ਕਰ ਕੇ ਦਿਖਾਉਣ ਲੱਗਾ। ਟੱਬ ਵਿੱਚ ਘੋਲੀ ਜ਼ਹਿਰ ਵਿੱਚ ਪੌਦੇ ਨੂੰ ਡੁਬੋਇਆ ਗਿਆ, ਪਰ ਪੌਦੇ ਉੱਤੇ ਜ਼ਹਿਰ ਦਾ ਕੋਈ ਅਸਰ ਨਾ ਹੋਇਆ। ਬੋਸ ਹੈਰਾਨ-ਪ੍ਰੇਸ਼ਾਨ। ਉਸ ਨੇ ਟੱਬ ਵਿੱਚੋਂ ਬੀਕਰ ਭਰ ਕੇ ਬਚੀ ਜ਼ਹਿਰ ਨੂੰ ਮੂੰਹ ਲਾ ਕੇ ਪੀ ਲਿਆ ਅਤੇ ਲੋਕਾਂ ਨੂੰ ਆਖਣ ਲੱਗਾ, ‘‘ਜਿਹੜੀ ਜ਼ਹਿਰ ਨੇ ਪੌਦਿਆਂ ਉੱਤੇ ਕੋਈ ਅਸਰ ਨਹੀਂ ਕੀਤਾ ਉਸ ਦਾ ਮੇਰੇ ਉਪਰ ਵੀ ਕੋਈ ਅਸਰ ਨਹੀਂ ਹੋਵੇਗਾ।’’
ਲੋਕ ਹੈਰਾਨ ਹੋ ਗਏ। ਲੋਕਾਂ ਨੂੰ ਸ਼ਰਾਰਤੀ ਬੰਦੇ ਦੀ ਭਿਣਕ ਪੈ ਗਈ ਸੀ ਜਿਸ ਨੇ ਜ਼ਹਿਰ ਦੀ ਥਾਂ ਡੱਬੀ ਵਿੱਚ ਖੰਡ ਭਰ ਦਿੱਤੀ ਸੀ। ਉਸ ਦੀ ਚੰਗੀ ਬਦਨਾਮੀ ਹੋਈ।
ਜਗਦੀਸ਼ ਚੰਦਰ ਬੋਸ ਨੇ ਮੁੜ ਬੀਕਰ ਵਿੱਚ ਬਰੋਮਾਈਡ ਅਤੇ ਜ਼ਹਿਰ ਘੋਲ ਲਏ। ਇਸ ਜ਼ਹਿਰੀਲੇ ਘੋਲ ਵਿੱਚ ਪੌਦੇ ਨੂੰ ਤਣੇ ਤੀਕ ਡੁਬੋ ਦਿੱਤਾ ਗਿਆ। ਪੌਦੇ ਦੇ ਨਾਲ ਇੱਕ ਯੰਤਰ ਕਰੈਸਕ੍ਰੋਗਰਾਫ ਵੀ ਜੋੜ ਦਿੱਤਾ ਗਿਆ। ਕਰੈਸਕ੍ਰੋਗਰਾਫ ਪੌਦੇ ਦੀ ਨਬਜ਼ ਬਾਰੇ ਦੱਸਦਾ ਸੀ। ਜ਼ਹਿਰੀਲੇ ਘੋਲ ਵਿੱਚ ਰੱਖਣ ਨਾਲ ਪਹਿਲਾਂ ਤਾਂ ਪੌਦੇ ਦੀ ਨਬਜ਼ ਡੋਲਕ (ਪੈਂਡੂਲਮ) ਵਾਂਗ ਇੱਧਰ-ਉਧਰ ਵਧਦੀ ਅਤੇ ਘਟਦੀ ਦੇਖੀ ਗਈ। ਫਿਰ ਨਬਜ਼ ਕੰਬਣ ਲੱਗ ਪਈ ਅਤੇ ਅਚਾਨਕ ਸਥਿਰ ਹੋ ਗਈ। ਪੌਦਾ ਜ਼ਹਿਰ ਦੇ ਪ੍ਰਭਾਵ ਨਾਲ ਮਰ ਚੁੱਕਾ ਸੀ।
ਸਰ ਜਗਦੀਸ਼ ਚੰਦਰ ਬੋਸ ਉਪਰ ਲੋਕਾਂ ਦਾ ਯਕੀਨ ਹੋਰ ਵੀ ਪੱਕਾ ਹੋ ਗਿਆ ਸੀ। ਲੋਕ ਉਸ ਦੇ ਦ੍ਰਿੜ੍ਹ ਇਰਾਦੇ ’ਤੇ ਹੈਰਾਨ ਸਨ।