Dahin Vi Kade Garm Keeti Hai : Hari Krishan Mayer
ਦਹੀਂ ਵੀ ਕਦੇ ਗਰਮ ਕੀਤੀ ਹੈ (ਆਪ ਬੀਤੀ) : ਹਰੀ ਕ੍ਰਿਸ਼ਨ ਮਾਇਰ
ਸਾਡੀ ਕਲਾਸ ਦੇ ਮੁੰਡਿਆਂ ਦੀਆਂ ਵੱਖੋ ਵੱਖਰੇ ਕੰਮ ਕਰਨ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਸਨ। ਕੁਝ ਮੁੰਡੇ ਕਮਰੇ ਦੀ ਸਫ਼ਾਈ ਕਰਦੇ। ਕੁਝ ਬੋਰਡ 'ਤੇ ਹਾਜ਼ਰੀ ਲਾਉਂਦੇ। ਅੱਜ ਦਾ ਵਿਚਾਰ ਲਿਖਦੇ। ਖ਼ਬਰਾਂ ਲਿਖਦੇ ਸਨ। ਕੁਝ ਪ੍ਰਾਰਥਨਾ 'ਚ ਸਪੀਕਰ ਚੁੱਕ ਕੇ ਲੈ ਜਾਂਦੇ ਅਤੇ ਤਾਰਾਂ ਜੋੜਦੇ ਸਨ। ਕੁਝ ਮੁੰਡੇ ਅਧਿਆਪਕਾਂ ਦੀ ਰੋਟੀ ਗਰਮ ਕਰਦੇ ਅਤੇ ਚਾਹ ਬਣਾਉਂਦੇ ਸਨ। ਪਿੰਡਾਂ ਦੇ ਬੱਚੇ, ਅਧਿਆਪਕਾਂ ਲਈ ਨਿੰਮ ਜਾਂ ਕਿੱਕਰ ਦੀਆਂ ਦਾਤਣਾਂ ਵੀ ਲੈ ਕੇ ਆਉਂਦੇ ਸਨ। ਇਸੇ ਲੜੀ ਵਿੱਚ ਇੱਕ ਦਿਨ ਮੇਰੀ ਤੇ ਮੱਕੂ ਦੀ ਵਾਰੀ ਅਧਿਆਪਕਾਂ ਦੀ ਰੋਟੀ ਗਰਮ ਕਰਨ ਦੀ ਸੀ। ਰੋਟੀਆਂ ਗਰਮ ਕਰਨ ਦੀ ਵਾਰੀ ਨੂੰ ਸਾਡੀ ਕਲਾਸ ਦੇ ਮੁੰਡੇ ਪਸੰਦ ਕਰਦੇ ਸਨ। ਇਸ ਦਾ ਕਾਰਨ ਇਹ ਸੀ ਕਿ ਅਧਿਆਪਕ ਦਿਆ ਸਾਗਰ ਹੋਰਾਂ ਦੀ ਅਲਮਾਰੀ ਖੋਲ੍ਹ ਕੇ ਮੁੰਡੇ ਚੀਨੀ ਦੇ ਫੱਕੇ ਮਾਰਦੇ ਹੁੰਦੇ ਸਨ। ਕੱਚ ਦੀ ਰੂੰ ਵਾਲੀ ਸ਼ੀਸ਼ੀ 'ਚੋਂ ਸੁਆਲੀਨ ਦੀਆਂ ਗੋਲੀਆਂ ਕੱਢ ਕੇ ਖਾਂਦੇ।
ਅਸੀਂ ਡੱਬਿਆਂ 'ਚੋਂ ਕੱਢ ਕੇ ਰੋਟੀ, ਦਾਲ, ਸਬਜ਼ੀ ਵਾਲੇ ਡੱਬੇ ਸਟੋਵ ਨੇੜੇ ਰੱਖ ਲਏ ਸਨ। ਪਹਿਲਾਂ ਦਾਲ-ਸਬਜ਼ੀਆਂ ਗਰਮ ਕੀਤੀਆਂ। ਫਿਰ ਰੋਟੀਆਂ ਸੇਕੀਆਂ। ਮਾਸਟਰ ਦਿਆ ਸਾਗਰ ਦੇ ਇੱਕ ਡੱਬੇ ਵਿੱਚ ਚਿੱਟਾ ਤਰਲ ਸੀ। ਪਤਾ ਨਹੀਂ ਕਿ ਇਹ ਦਹੀਂ ਸੀ ਜਾਂ ਖੀਰ। ਮੈਂ ਦੁਚਿੱਤੀ ਵਿੱਚ ਪੈ ਗਿਆ। ''ਇਹ ਦਹੀਂ ਨਹੀਂ ਲੱਗਦੀ, ਖੀਰ ਐ, ਰੱਖਦੇ ਸਟੋਵ 'ਤੇ।'' ਮੱਕੂ ਨੇ ਪੂਰੇ ਯਕੀਨ ਨਾਲ ਕਿਹਾ। ''ਨਹੀਂ ਮੱਕੂ, ਕਿਤੇ ਕੰਮ ਵਿਗੜ ਹੀ ਨਾ ਜਾਵੇ?'' ਮੈਂ ਚਿੰਤਾ ਜਤਾਈ।
''ਫਿਰ ਚੱਟ ਕੇ ਦੇਖ ਲੈ।'' ਮੱਕੂ ਨੇ ਸਲਾਹ ਦਿੱਤੀ।
''ਜੂਠੀ ਹੋ ਜਾਊਗੀ।'' ਮੈਂ ਡਰ ਜ਼ਾਹਰ ਕੀਤਾ।
''ਚੱਲ ਫਿਰ, ਲੈ ਬਾਬੇ ਦਾ ਨਾਂ, ਰੱਖ ਦੇ ਸਟੋਵ 'ਤੇ।'' ਮੱਕੂ ਨੇ ਹੱਲਾਸ਼ੇਰੀ ਦਿੱਤੀ। ਮੈਂ ਜਕੋ-ਤਕੀ ਜਿਹੀ ਵਿੱਚ ਚਿੱਟੇ ਤਰਲ ਵਾਲਾ ਡੱਬਾ ਸਟੋਵ ਦੀ ਲਾਟ 'ਤੇ ਰੱਖ ਦਿੱਤਾ। ਤਰਲ ਪਦਾਰਥ ਮਿੰਟਾਂ ਵਿੱਚ ਉਬਾਲਾ ਖਾ ਗਿਆ। ਅਸੀਂ ਦਾਲ, ਸਬਜ਼ੀ, ਰੋਟੀਆਂ, ਚਿੱਟੇ ਤਰਲ ਵਾਲਾ ਡੱਬਾ, ਪਾਣੀ ਦਾ ਜੱਗ ਮੇਜ਼ 'ਤੇ ਰੱਖ ਆਏ ਸਾਂ। ਅਧਿਆਪਕ ਇੱਕ ਇੱਕ ਕਰਕੇ ਉੱਥੇ ਆ ਗਏ ਸਨ। ਉਹ ਖਾਣਾ ਖਾਣ ਲੱਗ ਪਏ ਸਨ। ਉਹ ਇੱਕ-ਦੂਜੇ ਨਾਲ ਦਾਲ, ਸਬਜ਼ੀ, ਆਚਾਰ, ਚੱਟਣੀ ਆਦਿ ਸਾਂਝੀ ਕਰ ਰਹੇ ਸਨ। ਮੈਂ ਤੇ ਮੱਕੂ ਕਮਰੇ ਦੀ ਬਾਰੀ 'ਚੋਂ ਉਨ੍ਹਾਂ ਵੱਖ ਦੇਖੀ ਜਾਂਦੇ ਸਾਂ। ਵਿੰਹਦਿਆਂ-ਵਿੰਹਦਿਆਂ ਮਾਸਟਰ ਦਿਆ ਸਾਗਰ ਨੇ ਨੱਕ ਉਪਰ ਰੁਮਾਲ ਰੱਖਦਿਆਂ ਦੂਜੇ ਅਧਿਆਪਕ ਬਲਦੇਵ ਕ੍ਰਿਸ਼ਨ ਨੂੰ ਕਿਹਾ, ''ਕੁਝ ਸੜਿਆ ਲੱਗਦਾ ਹੈ?''
''ਹਾਂ, ਕਿਸੇ ਡੱਬੇ ਵਿੱਚੋਂ ਸੜਨ ਦੀ ਗੰਧ ਆ ਰਹੀ ਹੈ।'' ਬਲਦੇਵ ਕ੍ਰਿਸ਼ਨ ਨੇ ਹਾਮੀ ਭਰੀ। ਦਹੀਂ ਵਾਲੇ ਡੱਬੇ 'ਚੋਂ ਰੋਟੀ ਦੀ ਬੁਰਕੀ ਡੁਬੋ ਕੇ ਜਦੋਂ ਮਾਸਟਰ ਦਿਆ ਸਾਗਰ ਨੇ ਮੂੰਹ 'ਤੇ ਧਰੀ ਤਾਂ ਉਹ ਤਾਂ ਥੂ-ਥੂ ਕਰਨ ਲੱਗਾ।
''ਯਾਰ, ਜੁਆਕਾਂ ਨੇ ਤਾਂ ਦਹੀਂ 'ਚੋਂ ਵੀ ਧੂੰਆਂ ਕੱਢ ਦਿੱਤਾ।'' ਦਿਆ ਸਾਗਰ ਦੁਖੀ ਮਨ ਨਾਲ ਬੋਲਿਆ।
''ਉਏ… ਮੁੰਡਿਓ, ਅੱਜ ਰੋਟੀ ਦੀ ਵਾਰੀ ਵਾਲਿਆਂ ਨੂੰ ਬੁਲਾ ਕੇ ਲਿਆਇਓ।'' ਦਿਆ ਸਾਗਰ ਨੇ ਸਾਹਮਣੇ ਥੜ੍ਹੇ 'ਤੇ ਬੈਠੇ ਮੁੰਡਿਆਂ ਨੂੰ ਕਿਹਾ। ਜੁਆਕ ਮੈਨੂੰ ਤੇ ਮੱਕੂ ਨੂੰ ਮਾਸਟਰ ਦਿਆ ਸਾਗਰ ਕੋਲ ਲੈ ਗਏ। ਅਸੀਂ ਕੰਬ ਗਏ। ਇੰਨਾ ਡਰ ਤਾਂ ਸ਼ਾਇਦ ਕਿਸੇ ਨੂੰ ਅਦਾਲਤ ਦੀ ਪੇਸ਼ੀ ਮੌਕੇ ਵੀ ਨਹੀਂ ਲੱਗਦਾ ਹੋਣਾ।
''ਓਏ ਮੂਰਖੋ, ਦਹੀਂ ਵੀ ਕਦੇ ਗਰਮ ਕੀਤੀ ਹੈ ਕਿਸੇ ਨੇ?'' ਦਿਆ ਸਾਗਰ ਨੇ ਸਾਨੂੰ ਸੁਆਲ ਕੀਤਾ।
ਅਸੀਂ ਤਾਂ ਡੁੰਨ ਵੱਟੇ ਬਣ ਖਲੋਤੇ ਰਹੇ ਸਾਂ।
''ਬੋਲੋ ਵੀ ਕੁਝ।'' ਦਿਆ ਸਾਗਰ ਚੀਕਿਆ। ''ਮੱਕੂ ਕਹਿੰਦਾ ਸੀ ਕਿ ਇਹ ਦਹੀਂ ਨਹੀਂ, ਖੀਰ ਹੈ। ਮੈਨੂੰ ਚੱਟ ਕੇ ਦੇਖਣ ਨੂੰ ਵੀ ਕਹਿੰਦਾ ਸੀ।'' ਮੈਂ ਕਹਿ ਦਿੱਤਾ। ਮੱਕੂ ਤਾਂ ਨੀਵੀਂ ਪਾਈ ਖੜ੍ਹਾ ਸੀ।
''ਕਿਉਂ ਮੱਕੂ, ਤੈਨੂੰ ਇਹ ਖੀਰ ਦਿਸਦੀ ਐ?'' ਦਿਆ ਸਾਗਰ ਮੱਕੂ 'ਤੇ ਗੜਕਿਆ।
''ਗ਼ਲਤੀ ਹੋ ਗਈ ਸਰ, ਅੱਗੋਂ ਤੋਂ ਨਹੀਂ ਕਰਾਂਗੇ।'' ਅਸੀਂ ਦੋਵਾਂ ਨੇ ਲੇਲ੍ਹੜੀ ਕੱਢੀ।
''ਜੇ ਤੁਹਾਨੂੰ ਪਤਾ ਨਹੀਂ ਲੱਗਦਾ ਸੀ ਤਾਂ ਮੈਨੂੰ ਪੁੱਛ ਲੈਂਦੇ। ਰੋਟੀ ਖਾਣ ਦਾ ਮਜ਼ਾ ਹੀ ਕਿਰਕਿਰਾ ਕਰ ਦਿੱਤਾ।'' ਦਿਆ ਸਾਗਰ ਨੇ ਲੰਮਾ ਸਾਹ ਭਰਦਿਆਂ ਕਿਹਾ।
''ਅੱਗੇ ਤੋਂ ਨਹੀਂ ਕਰਦੇ ਸਰ।'' ਅਸੀਂ ਇਕੱਠੇ ਬੋਲੇ।
''ਹੁਣ ਤੁਹਾਡੀ ਵਾਰੀ ਲਾਉਣੀ ਹੀ ਨਹੀਂ।'' ਦਿਆ ਸਾਗਰ ਬੋਲਿਆ।
''ਫਿਰ ਸਾਡੀ ਵਾਰੀ ਕਿੱਥੇ ਹੋਵੇਗੀ?'' ਅਸੀਂ ਪੁੱਛਿਆ।
''ਦੋ ਹਫ਼ਤੇ ਤੁਸੀਂ ਦੋਵਾਂ ਨੇ ਕਮਰੇ ਸਾਫ਼ ਕਰਕੇ ਧੋਣੇ ਹਨ।'' ਮਾਸਟਰ ਦਿਆ ਸਾਗਰ ਨੇ ਹੁਕਮ ਸੁਣਾ ਦਿੱਤਾ।
ਬੱਸ ਫਿਰ ਕੀ ਸੀ, ਮੈਂ ਤੇ ਮੱਕੂ ਝਾੜੂ ਚੁੱਕ ਕੇ ਪਹਿਲਾਂ ਕਮਰਾ ਸਾਫ਼ ਕਰਦੇ, ਗੋਡਿਆਂ ਤੀਕਰ ਪਜਾਮੇ ਚਾੜ੍ਹ ਕੇ ਪਾਈਪ ਨਾਲ ਕਮਰਾ ਧੋਂਦੇ, ਮੇਜ਼ ਕੁਰਸੀ ਰੱਖਦੇ, ਬੋਰਡ ਸਾਫ਼ ਕਰਕੇ, ਟੇਢੀ ਤਾਰੀਖ਼ ਪਾਉਂਦੇ, ਚਾਕ ਰੱਖਦੇ। ਸਾਰੀ ਕਲਾਸ ਸਾਡੇ ਵੱਲ ਦੇਖ-ਦੇਖ ਕੇ ਹੱਸਦੀ। ਉਹ ਗੱਲਾਂ ਭਾਵੇਂ ਆਪਣੀਆਂ ਹੀ ਕਰਦੇ ਹੁੰਦੇ, ਪਰ ਸਾਨੂੰ ਲੱਗਦਾ ਕਿ ਸਾਡੀ 'ਦਹੀਂ' ਗਰਮ ਕਰਨ ਵਾਲੀ ਗੱਲ ਕਰਦੇ ਹੋਣਗੇ। ਮੱਕੂ ਮੈਨੂੰ ਕਹਿੰਦਾ, ''ਹਰੀ, ਆਪਾਂ ਉਹ ਕੰਮ ਕੀਤਾ ਜੋ ਕਦੇ ਕਿਸੇ ਨੇ ਨਹੀਂ ਕੀਤਾ ਹੋਣਾ ਤੇ ਨਾ ਹੀ ਕਦੇ ਕੋਈ ਕਰੇਗਾ।'' ਅਸੀਂ ਦੋਵੇਂ ਤਾੜੀ ਮਾਰ ਕੇ ਹੱਸ ਪੈਂਦੇ ਸਾਂ। ਪਤਾ ਨਹੀਂ ਸਾਡੀ ਅਕਲ ਕਿੱਥੇ ਘਾਹ ਚਰਨ ਚਲੀ ਗਈ ਸੀ। ਭੋਰਾ ਵੀ ਨਹੀਂ ਸੋਚਿਆ ਕਿ ਦਹੀਂ ਨੂੰ ਵੀ ਕੋਈ ਗਰਮ ਕਰਦਾ ਹੈ।
ਰੋਟੀ ਗਰਮ ਕਰਨ ਦੀ ਵਾਰੀ ਖੁੱਸਣ 'ਤੇ ਸਾਨੂੰ ਇਉਂ ਮਹਿਸੂਸ ਹੋਇਆ ਜਿਵੇਂ ਕੋਈ ਕਿਲਾ ਢਹਿ ਗਿਆ ਹੋਵੇ। ਸਾਨੂੰ ਯਾਦ ਆਉਂਦਾ ਕਿ ਅਸੀਂ ਕਿਵੇਂ ਚੀਨੀ ਦੇ ਫੱਕੇ ਮਾਰਦੇ ਹੁੰਦੇ ਸਾਂ, ਸੁਆਲੀਨ ਦੀਆਂ ਗੋਲੀਆਂ ਚੂਸਦੇ ਸਾਂ ਅਤੇ ਬੰਡਲ ਖੋਲ੍ਹ ਕੇ ਪਹਿਲਾਂ ਹੀ ਟੈਸਟਾਂ ਦੇ ਨੰਬਰ ਦੇਖ ਲੈਂਦੇ ਸਾਂ। ਇਹ ਕੋਈ ਘੱਟ ਸਹੂਲਤਾਂ ਸਨ? ਇਹ ਸਹੂਲਤਾਂ ਇੱਕੋ ਝਟਕੇ 'ਚ ਵਾਪਸ ਲੈ ਲਈਆਂ ਗਈਆਂ। ਅਸੀਂ ਮਾਸਟਰ ਦਿਆ ਸਾਗਰ ਦੀਆਂ ਨਜ਼ਰਾਂ ਵਿੱਚ ਹੌਲੇ ਪੈ ਗਏ ਸਾਂ। ਮੈਂ ਤੇ ਮੱਕੂ ਕਦੇ-ਕਦੇ ਸੋਚਦੇ ਕਿ ਹੁਣ ਹੋਰ ਮੁੰਡੇ ਚੀਨੀ ਦੇ ਫੱਕੇ ਮਾਰਦੇ ਹੋਣਗੇ। ਅਸੀਂ ਤਾਂ ਡਰਦੇ ਮਾਰੇ ਰੋਟੀ ਗਰਮ ਕਰਨ ਵਾਲੇ ਮੁੰਡਿਆਂ ਕੋਲ ਹੀ ਨਾ ਜਾਂਦੇ।
''ਦਹੀਂ ਵੀ ਸਾਡੇ ਤੋਂ ਬਿਨਾਂ ਹੋਰ ਕੋਈ ਨਹੀਂ ਗਰਮ ਕਰ ਸਕਦਾ।'' ਅਸੀਂ ਦੋਵੇਂ ਠਹਾਕਾ ਮਾਰ ਕੇ ਹੱਸ ਪੈਂਦੇ।
ਹੁਣ ਪਤਾ ਨਹੀਂ ਮੱਕੂ ਕਿੱਥੇ ਹੋਵੇਗਾ। ਇਹ ਗੱਲਾਂ ੧੯੬੬-੬੭ ਦੀਆਂ ਹਨ। ਹੁਣ ਵੀ ਮਾਸਟਰ ਦਿਆ ਸਾਗਰ ਹੋਰੀਂ ਮੇਰੇ ਚੇਤਿਆਂ ਵਿੱਚ ਆ ਜਾਂਦੇ ਹਨ। ਮੈਨੂੰ ਪੂਰਾ ਯਕੀਨ ਹੈ ਕਿ ਉਹ ਜਦੋਂ ਵੀ ਮੈਨੂੰ ਮਿਲਣਗੇ ਤਾਂ ਜ਼ਰੂਰ ਪੁੱਛਣਗੇ, ''ਓਏ, ਦਹੀਂ ਵੀ ਕਦੇ ਕਿਸੇ ਨੇ ਗਰਮ ਕੀਤੀ ਹੈ?''