Jarh (Punjabi Story) : Darshan Singh Ashat
ਜੜ੍ਹ (ਕਹਾਣੀ) : ਦਰਸ਼ਨ ਸਿੰਘ ਆਸ਼ਟ
ਭੋਲੂ ਇੱਕ ਪਿੰਡ ਦੇ ਸਕੂਲ ਵਿੱਚ ਪੜ੍ਹਦਾ ਸੀ। ਉਹ ਇਸ ਸਾਲ ਦੂਜੀ ਜਮਾਤ ਵਿੱਚ ਹੋਇਆ ਸੀ। ਇੱਕ ਦਿਨ ਉਸ ਨੇ ਅੱਧੀ ਛੁੱਟੀ ਵੇਲੇ ਆਪਣੇ ਖਾਣੇ ਵਾਲਾ ਡੱਬਾ ਖੋਲਿ੍ਹਆ। ਉਸ ਦੇ ਇੱਕ ਖਾਨੇ ਵਿੱਚ ਉਸ ਦੀ ਮੰਮੀ ਨੇ ਕੁਝ ਜਾਮਣਾਂ ਵੀ ਪਾ ਦਿੱਤੀਆਂ ਸਨ।
ਰੋਟੀ ਖਾਣ ਤੋਂ ਬਾਅਦ ਭੋਲੂ ਨੇ ਜਾਮਣਾਂ ਨੂੰ ਮੁੱਠੀ ਵਿੱਚ ਚੁੱਕਿਆ। ਫਿਰ ਉਹ ਬਾਹਰ ਮੈਦਾਨ ਵੱਲ ਟਹਿਲਣ ਲਈ ਤੁਰ ਪਿਆ। ਉਸ ਦਾ ਦੋਸਤ ਮਨੀ ਵੀ ਉਸ ਦੇ ਨਾਲ ਸੀ। ਉਸ ਨੇ ਮਨੀ ਨੂੰ ਵੀ ਤਿੰਨ ਚਾਰ ਜਾਮਣਾਂ ਦਿੱਤੀਆਂ। ਦੋਵਾਂ ਨੇ ਜਾਮਣਾਂ ਖਾ ਲਈਆਂ, ਪਰ ਆਖ਼ਰੀ ਜਾਮਣ ਦੀ ਗਿਟਕ ਭੋਲੂ ਦੇ ਮੂੰਹ ਵਿੱਚ ਇੱਧਰ ਉੱਧਰ ਗੇੜੇ ਦੇ ਰਹੀ ਸੀ।
ਜਾਮਣ ਦੀ ਗਿਟਕ ਦਾ ਸਾਹ ਘੁਟਣ ਲੱਗਿਆ। ਉਹ ਮਨ ਹੀ ਮਨ ਭੋਲੂ ਨੂੰ ਬੋਲੀ, "ਹੁਣ ਤਾਂ ਬਾਹਰ ਕੱਢ ਕੇ ਸੁੱਟ ਦੇ ਕਿ ਮੈਨੂੰ ਵੀ ਖਾਏਂਗਾ?"
ਭੋਲੂ ਨੇ ਸਕੂਲ ਦੇ ਮੈਦਾਨ ਦੀ ਕੰਧ ਕੋਲ ਮੂੰਹੋਂ ਗਿਟਕ ਕੱਢ ਕੇ ਸੁੱਟ ਦਿੱਤੀ। ਫਿਰ ਉਸ ਨੇ ਪੈਰ ਨਾਲ ਉਸ ਉੱਪਰ ਮਿੱਟੀ ਪਾ ਕੇ ਥੋੜ੍ਹੀ ਜਿਹੀ ਦੱਬ ਵੀ ਦਿੱਤੀ। ਕੁਝ ਹੀ ਦਿਨਾਂ ਬਾਅਦ ਉੱਥੇ ਗਿਟਕ ਵਿੱਚੋਂ ਇੱਕ ਬੂਟਾ ਉੱਗ ਆਇਆ।
ਇੱਕ ਦਿਨ ਸਕੂਲ ਦੇ ਮਾਲੀ ਨੇ ਮੈਦਾਨ ਵਿੱਚ ਪਾਣੀ ਛੱਡਿਆ। ਜਾਮਣ ਦੇ ਬੂਟੇ ਨੂੰ ਵੀ ਪਾਣੀ ਮਿਲ ਗਿਆ। ਉਹਦੇ ਚਿਹਰੇ ‘ਤੇ ਰੌਣਕ ਆ ਗਈ। ਜਾਮਣ ਦਾ ਬੂਟਾ ਹੌਲੀ ਹੌਲੀ ਵੱਡਾ ਹੋਣ ਲੱਗਿਆ। ਉਸ ਦੇ ਪੱਤੇ ਪੁੰਗਰਨੇ ਸ਼ੁਰੂ ਹੋ ਗਏ ਸਨ। ਇਉਂ ਲੱਗਦਾ ਸੀ ਜਿਵੇਂ ਉਸ ਦੇ ਖੰਭ ਉੱਗ ਆਏ ਹੋਣ। ਉਹਦਾ ਦਿਲ ਕਰਦਾ ਕਿ ਅਸਮਾਨ ਵਿੱਚ ਉੱਡਦੇ ਪੰਛੀਆਂ ਵਾਂਗ ਉਹ ਵੀ ਆਪਣੇ ਖੰਭਾਂ ਨਾਲ ਉੱਡਣ ਲੱਗ ਪਵੇ।
ਪੰਦਰਾਂ ਵੀਹ ਦਿਨਾਂ ਬਾਅਦ ਉਹਦਾ ਤਣਾ ਹੋਰ ਵੱਡਾ ਹੋ ਗਿਆ। ਪੱਤੇ ਅਤੇ ਕਰੂੰਬਲਾਂ ਹੋਰ ਵਧੇਰੇ ਪੁੰਗਰ ਗਈਆਂ। ਇੱਕ ਦਿਨ ਉਸ ਨੇ ਅਸਮਾਨ ਵਿੱਚ ਪੰਛੀਆਂ ਦੀ ਡਾਰ ਦੇਖੀ। ਉਹਨੇ ਜ਼ੋਰ ਲਗਾਇਆ ਤਾਂ ਜੋ ਧਰਤੀ ਵਿੱਚੋਂ ਆਪਣੇ ਆਪ ਨੂੰ ਛੁਡਵਾ ਕੇ ਉਨ੍ਹਾਂ ਪੰਛੀਆਂ ਵਿੱਚ ਜਾ ਰਲੇ ਅਤੇ ਖ਼ੂਬ ਉਡਾਰੀਆਂ ਲਾਵੇ, ਪਰ ਉਸ ਨੂੰ ਤਾਂ ਕਿਸੇ ਨੇ ਧਰਤੀ ਵਿੱਚ ਘੁੱਟ ਕੇ ਜਕੜਿਆ ਹੋਇਆ ਸੀ।
"ਤੂੰ ਕੌਣ ਏਂ ਜਿਸ ਨੇ ਮੈਨੂੰ ਜਕੜਿਆ ਹੋਇਆ ਏ? ਮੈਨੂੰ ਛੱਡ ਦੇ। ਮੈਂ ਅਸਮਾਨ ਵਿੱਚ ਪੰਛੀਆਂ ਨਾਲ ਉਡਾਰੀਆਂ ਲਾਉਣੀਆਂ ਨੇ।"
"ਮੈਂ ਤੇਰੀ ਜੜ੍ਹ ਹਾਂ ਨੰਨ੍ਹੇ ਮੁੰਨੇ। ਮੈਂ ਹੀ ਤਾਂ ਤੈਨੂੰ ਜਿੰਦਾ ਰੱਖਣ ਲਈ ਧਰਤੀ ਵਿੱਚੋਂ ਪਾਣੀ ਲੈ ਕੇ ਤੈਨੂੰ ਦਿੰਦੀ ਹਾਂ। ਜੇ ਤੂੰ ਧਰਤੀ ਨਾਲੋਂ ਟੁੱਟ ਗਿਆ ਤੇ ਜਾਂ ਮੈਂ ਤੈਨੂੰ ਛੱਡ ਦਿਤਾ ਤਾਂ ਤੂੰ ਪਲਾਂ ਛਿਣਾਂ ਵਿੱਚ ਸੁੱਕ ਜਾਏਂਗਾ। ਮਰ ਜਾਏਂਗਾ।"
"ਹੈਂ!" ਜਾਮਣ ਦਾ ਬੂਟਾ ਇਕਦਮ ਡਰ ਗਿਆ।
"ਠੀਕ ਐ, ਫਿਰ ਮੈਂ ਨਹੀਂ ਬਣਦਾ ਪੰਛੀ। ਐਵੇਂ ਉੱਡ ਉੱਡ ਕੇ ਥੱਕਦੇ ਰਹਿੰਦੇ ਨੇ। ਮੈਂ ਤਾਂ ਇੱਥੇ ਈ ਠੀਕ ਆਂ।"
ਸਕੂਲ ਵਿੱਚ ਛੁੱਟੀਆਂ ਹੋ ਗਈਆਂ ਸਨ। ਇੱਕ ਦਿਨ ਬੱਦਲਵਾਈ ਹੋਈ। ਠੰਢੀ ਹਵਾ ਰੁਮਕਣ ਲੱਗੀ।
ਜਾਮਣ ਦੇ ਬੂਟੇ ਨੂੰ ਬੜਾ ਆਨੰਦ ਆਇਆ। ਮੀਂਹ ਪਿਆ ਤਾਂ ਉਹ ਬਹੁਤ ਖ਼ੁਸ਼ ਹੋਇਆ। ਬੋਲਿਆ, "ਸਾਹ ਆ ਗਿਆ।"
ਸਕੂਲ ਦੀ ਚਾਰਦੀਵਾਰੀ ਇੱਕ ਥਾਂ ਤੋਂ ਥੋੜ੍ਹੀ ਜਿਹੀ ਟੁੱਟੀ ਹੋਈ ਸੀ। ਮੰਗਲ ੳਸ ਦੇ ਨੇੜਿਉਂ ਦੀ ਆਪਣੀਆਂ ਬੱਕਰੀਆਂ ਲੈ ਕੇ ਖੇਤਾਂ ਵੱਲ ਲੰਘਦਾ ਹੁੰਦਾ ਸੀ। ਇੱਕ ਦਿਨ ਛੁੱਟੀਆਂ ਵਿੱਚ ਉਸ ਦੀ ਬੱਕਰੀ ਛਾਲ ਮਾਰ ਕੇ ਚਾਰਦੀਵਾਰੀ ਰਾਹੀਂ ਸਕੂਲ ਦੇ ਮੈਦਾਨ ਵਿੱਚ ਆ ਵੜੀ ਤੇ ਘਾਹ ਚਰਨ ਲੱਗੀ। ਜਾਮਣ ਦੇ ਬੂਟੇ ਨੇ ਬੱਕਰੀ ਨੂੰ ਪਹਿਲੀ ਵਾਰੀ ਦੇਖਿਆ ਸੀ। ਉਹ ਘਾਹ ਚਰਦੀ ਚਰਦੀ ਉਸ ਵੱਲ ਹੀ ਵਧਦੀ ਆ ਰਹੀ ਸੀ।
"ਹੈਂ, ਇਹ ਤਾਂ ਘਾਹ ਚਰਦੀ ਆ ਰਹੀ ਹੈ। ਇਹ ਤਾਂ ਲੱਗਦੈ ਮੈਨੂੰ ਵੀ ਖਾ ਜਾਏਗੀ।" ਜਾਮਣ ਦੇ ਬੂਟੇ ਦੀ ਚਿੰਤਾ ਵਧਣ ਲੱਗ ਪਈ। ਓਦੋਂ ਤਕ ਬੱਕਰੀ ਚਰਦੀ ਚਰਦੀ ਬੂਟੇ ਕੋਲ ਆ ਗਈ। ਉਹ ਉਸ ਦੇ ਕੋਮਲ ਪੱਤਿਆਂ ਨੂੰ ਮੂੰਹ ਮਾਰਨ ਹੀ ਲੱਗੀ ਸੀ ਕਿ ਬੂਟਾ ਸੁੰਗੜਦਾ ਹੋਇਆ ਬੋਲਿਆ, "ਮੈਨੂੰ ਨਾ ਖਾ। ਮੈਂ ਤਾਂ ਅਜੇ ਬਹੁਤ ਛੋਟਾ ਹਾਂ।"
ਬੱਕਰੀ ਬੜੇ ਹੰਕਾਰ ਵਿੱਚ ਬੋਲੀ, "ਕਿਉਂ ਨਾ ਖਾਵਾਂ? ਤੁਹਾਡੇ ਵਰਗੇ ਬੂਟਿਆਂ ਦੇ ਕੋਮਲ ਕੋਮਲ ਪੱਤੇ ਤੇ ਤਣੇ ਤਾਂ ਮੈਨੂੰ ਬੜੇ ਸੁਆਦੀ ਲੱਗਦੇ ਨੇ।"
ਜਾਮਣ ਦੇ ਬੂਟੇ ਨੇ ਤਰਲਾ ਲਿਆ ਕਿ ਉਹ ਜਦੋਂ ਵੱਡਾ ਹੋ ਗਿਆ ਤਾਂ ਉਸ ਨੂੰ ਆਪਣੇ ਮਿੱਠੇ ਫਲ ਖਾਣ ਲਈ ਦਿਆ ਕਰੇਗਾ। ਇਹ ਸੁਣ ਕੇ ਬੱਕਰੀ ਹੱਸ ਪਈ ਤੇ ਬੋਲੀ, "ਕਿਆ ਪਿੱਦੀ ਕਿਆ ਪਿੱਦੀ ਕਾ ਸ਼ੋਰਬਾ।"
"ਕੀ ਆਖਿਆ ਏ?" ਜਾਮਣ ਦੇ ਬੂਟੇ ਨੇ ਹੈਰਾਨੀ ਨਾਲ ਪੁੱਛਿਆ।
"ਕੁਝ ਨਹੀਂ, ਤੇਰੇ ਗੱਲ ਸਮਝ ਆਉਣ ਵਾਲੀ ਨਹੀਂ।" ਇਹ ਆਖ ਕੇ ਉਹ ਨੇ ਜਾਮਣ ਦੇ ਬੂਟੇ ਦੀ ਟੀਸੀ ਨੂੰ ਮੂੰਹ ਵਿੱਚ ਪਾਇਆ ਤਾਂ ਉਸ ਦੀ ਚੀਕ ਨਿਕਲ ਗਈ।
ਬੱਕਰੀ ਉਸ ਦੇ ਹਰੇ ਕਚੂਰ ਪੱਤੇ ਤੇ ਕਰੂੰਬਲਾਂ ਖਾ ਗਈ। ਉਹ ਤਾਂ ਚਾਹੁੰਦੀ ਸੀ ਕਿ ਉਸ ਨੂੰ ਜੜ੍ਹੋਂ ਹੀ ਪੁੱਟ ਕੇ ਖਾ ਜਾਵੇ, ਪਰ ਉਸ ਦੀ ਜੜ੍ਹ ਡੂੰਘੀ ਲੱਗ ਚੁੱਕੀ ਸੀ। ਜੜ੍ਹ ਨੇ ਆਪਣੇ ਆਪ ਨੂੰ ਜ਼ਮੀਨ ਨਾਲ ਚੰਗੀ ਤਰ੍ਹਾਂ ਜਕੜਿਆ ਹੋਇਆ ਸੀ। ਇਸ ਲਈ ਬੱਕਰੀ ਜਾਮਣ ਦੇ ਬੂਟੇ ਦਾ ਤਣਾ ਬਾਹਰ ਨਾ ਖਿੱਚ ਸਕੀ।
ਹੁਣ ਉੱਥੇ ਜਾਮਣ ਦੇ ਬੂਟੇ ਦਾ ਕੇਵਲ ਥੋੜ੍ਹਾ ਜਿਹਾ ਤਣਾ ਹੀ ਬਾਹਰ ਦਿਸ ਰਿਹਾ ਸੀ ਅਤੇ ਉਹ ਵੀ ਮਧੋਲਿਆ ਹੋਇਆ ਜ਼ਖ਼ਮੀ ਹਾਲਤ ਵਿੱਚ।
ਜੜ੍ਹ ਨੂੰ ਬਹੁਤ ਦੁੱਖ ਹੋਇਆ ਕਿ ਬੱਕਰੀ ਉਸ ਦੇ ਵਧ ਫੁੱਲ ਰਹੇ ਬੂਟੇ ਨੂੰ ਖਾ ਗਈ ਸੀ। ਭਾਵੇਂ ਮਨੁੱਖ ਦੀ ਗ਼ਲਤੀ ਕਾਰਨ ਧਰਤੀ ਵਿੱਚੋਂ ਪਾਣੀ ਦਾ ਪੱਧਰ ਬਹੁਤ ਹੇਠਾਂ ਜਾ ਰਿਹਾ ਸੀ, ਪਰ ਜਾਮਣ ਦੇ ਬੂਟੇ ਦੀ ਜੜ੍ਹ ਵੀ ਹਿੰਮਤ ਨਹੀਂ ਸੀ ਹਾਰ ਰਹੀ। ਉਹ ਧਰਤੀ ਹੇਠਲੀ ਥੋੜ੍ਹੀ ਬਹੁਤੀ ਨਮੀਂ ਵਿੱਚੋਂ ਹੀ ਪਾਣੀ ਦੀ ਬੂੰਦ ਬੂੰਦ ਇਕੱਠੀ ਕਰਕੇ ਆਪਣੇ ਤਣੇ ਨੂੰ ਜਿਊਂਦਾ ਰੱਖ ਰਹੀ ਸੀ।
ਇੱਕ ਦਿਨ ਮੀਂਹ ਦੀਆਂ ਕੁਝ ਬੂੰਦਾਂ ਡਿੱਗੀਆਂ। ਜਾਮਣ ਦੇ ਰੁੰਡ ਮਰੁੰਡ ਤਣੇ ਵਿੱਚ ਜਿਵੇਂ ਸਾਹ ਆ ਗਿਆ ਹੋਵੇ। ਉਸ ਵਿੱਚ ਹਿਲਜੁਲ ਹੋਣ ਲੱਗੀ।
ਇੱਕ ਦੋ ਦਿਨਾਂ ਬਾਅਦ ਉਸ ਤਣੇ ਵਿੱਚੋਂ ਨਿੱਕੀਆਂ ਨਿੱਕੀਆਂ ਕਰੂੰਬਲਾਂ ਫੁੱਟ ਪਈਆਂ। ਇਹ ਕਰੂੰਬਲਾਂ ਉਸ ਦੀਆਂ ਅੱਖਾਂ ਸਨ। ਉਸ ਨੇ ਅੰਗੜਾਈ ਲਈ। ਜਾਮਣ ਦਾ ਤਣਾ ਫਿਰ ਰਾਜ਼ੀ ਹੋਣ ਲੱਗ ਪਿਆ।
ਜੜ੍ਹ ਖ਼ੁਸ਼ ਸੀ। ਇੱਕ ਦਿਨ ਉਸ ਨੇ ਤਣੇ ਨੂੰ ਕਹਿੰਦਿਆਂ ਸੁਣਿਆ, "ਮਾਂ, ਮੈਂ ਤਾਂ ਜਿਊਣ ਦੀ ਆਸ ਹੀ ਛੱਡ ਦਿੱਤੀ ਸੀ, ਪਰ ਹੁਣ ਮੇਰੇ ਪੱਤੇ ਤੇ ਲਗਰਾਂ ਫਿਰ ਪੁੰਗਰਨਗੀਆਂ। ਮੈਂ ਹਾਰਾਂਗਾ ਨਹੀਂ।"
"ਜੇ ਕਿਸੇ ਬੂਟੇ ਦੀਆਂ ਜੜ੍ਹਾਂ ਧਰਤੀ ਵਿੱਚ ਡੂੰਘੀਆਂ ਲੱਗੀਆਂ ਹੋਣ ਤਾਂ ਉਹ ਜ਼ਰੂਰ ਇੱਕ ਨਾ ਇੱਕ ਦਿਨ ਬਿਰਖ ਬਣਦਾ ਹੈ।"
"ਹਾਂ ਮਾਂ, ਮੈਂ ਤੇਰੀ ਬਦੌਲਤ ਇੱਕ ਦਿਨ ਜ਼ਰੂਰ ਰੁੱਖ ਬਣਾਂਗਾ।" ਇਹ ਆਖ ਕੇ ਜਾਮਣ ਦਾ ਬੂਟਾ ਫਿਰ ਝੂਮਣ ਲੱਗ ਪਿਆ।