Zehar Di Fasal (Punjabi Play) : Sukhwant Hundal & Sadhu Binning

ਜ਼ਹਿਰ ਦੀ ਫਸਲ (ਨਾਟਕ) : ਸੁਖਵੰਤ ਹੁੰਦਲ ਤੇ ਸਾਧੂ ਬਿਨਿੰਗ

ਕਨੇਡਾ ਦੇ ਖੇਤ ਮਜ਼ਦੂਰਾਂ ਦੇ ਨਾਂ

***

(ਕਨੇਡਾ ਦੇ ਫਾਰਮਾਂ ਵਿੱਚ ਵਰਤੀਆਂ ਜਾਂਦੀਆਂ ਕੀੜੇ ਮਾਰ ਦਵਾਈਆਂ ਦੇ ਖੇਤ ਮਜ਼ਦੂਰਾਂ ਉੱਪਰ ਪੈਂਦੇ ਮਾਰੂ ਅਸਰਾਂ ਬਾਰੇ ਇਕ ਪੰਜਾਬੀ ਨਾਟਕ।)

ਪਾਤਰ

ਕਰਮ ਸਿੰਘ: ਇਕ ਸਿਆਣੀ ਉਮਰ ਦਾ ਪੰਜਾਬੀ ਖੇਤ ਮਜ਼ਦੂਰ
ਨਸੀਬ ਕੌਰ: ਇਕ ਸਿਆਣੀ ਉਮਰ ਦੀ ਪੰਜਾਬੀ ਖੇਤ ਮਜ਼ਦੂਰ
ਪ੍ਰੀਤਮ ਸਿੰਘ: ਕਰਮ ਸਿੰਘ ਦੀ ਹੀ ਉਮਰ ਦਾ ਇਕ ਹੋਰ ਪੰਜਾਬੀ ਖੇਤ ਮਜ਼ਦੂਰ
ਬਿੰਦਰ ਸਿੰਘ: ਇਕ ਪੰਜਾਬੀ ਨੌਜਵਾਨ ਖੇਤ ਮਜ਼ਦੂਰ
ਸੁਰਿੰਦਰ ਸਿੰਘ (ਛਿੰਦਾ): ਇਕ ਹੋਰ ਪੰਜਾਬੀ ਨੌਜਵਾਨ ਖੇਤ ਮਜ਼ਦੂਰ
ਟੈਰੀ ਸਿੰਘ: ਫਾਰਮਰ
ਟੀ ਵੀ ਅਨਾਊਂਸਰ
ਡਾਕਟਰ ਸਕਾਟ
ਦਵਾਈਆਂ ਬਣਾਉਣ ਵਾਲੀ ਫਰਮ ਦਾ ਪ੍ਰੈਜ਼ੀਡੈਂਟ
ਸਰਕਾਰ ਦਾ ਨੁਮਾਇੰਦਾ
ਯੂਨੀਅਨ ਦਾ ਨੁਮਾਇੰਦਾ

(ਸੀਨ ਦੇ ਸ਼ੁਰੂ ਹੋਣ ‘ਤੇ ਚਾਰ ਖੇਤ ਮਜ਼ਦੂਰ ਦੋ ਦੋ ਦੇ ਜੁੱਟਾਂ ਵਿੱਚ ਰਸਬੇਰੀ ਤੋੜ ਰਹੇ ਹਨ ਤੇ ਉਨ੍ਹਾਂ ਦੇ ਲੱਕ ਦੁਆਲੇ ਬਾਲਟੀਆਂ ਬੰਨੀਆਂ ਹੋਈਆਂ ਹਨ।)

ਕਰਮ ਸਿੰਘ: ਐਦਾਂ ਨਾ ਅਸੀਂ ਇਕ ਆਰੀ ਨੰਦ ਪੁਰ ਨੂੰ ਜਾਂਦੇ ਸੀ…

(ਬਿੰਦਰ ਬੇਰੀ ਤੋੜਨੀ ਛੱਡ ਕੇ ਉਸ ਦੀ ਗੱਲ ਸੁਣਨ ਲਈ ਖੜ੍ਹ ਜਾਂਦਾ ਹੈ।)

ਨਸੀਬ ਕੌਰ: ਵੇ ਤੂੰ ਕੋਈ ਕੰਮ ਵੀ ਕਰਨਾ ਕਿ ਨਈਂ? ਬਿੰਦ ਕੁ ਮਗਰੋਂ ਢਾਕਾਂ ‘ਤੇ ਹੱਥ ਰੱਖ ਕੇ ਖੜ ਜਾਨੈ, ਇਹਦੀ ਧਗੜੇ ਦੀ ਚੌੜ ਸੁਣਨ।

ਕਰਮ ਸਿੰਘ: ਉਹ ਤੂੰ ਕਿਉਂ ਵਿਚਾਰੇ ਦੇ ਮਗਰ ਹੱਥ ਧੋ ਕੇ ਪਈ ਆਂ, ਮੁੰਡੇ ਨੂੰ ਰਮਾਨ ਕਰਨ ਦੇ ਰਤਾ, ਇੱਥੇ ਸਾਰੀ ਉਮਰ ਕੰਮ ਈ ਕਰਨਾ ਆਂ।

ਬਿੰਦਰ: ਅੰਟੀ ਲੰਚ ਕਦੋਂ ਕੁ ਨੂੰ ਕਰਨਾ?

ਨਸੀਬ ਕੌਰ: ਬਸ ਕਰ ਹਟਿਆ ਕਮਾਈਆਂ ਤੂੰ ਵੀ। ਅਜੇ ਸਵੇਰ ਦਾ ਡੱਕਾ ਤੋੜਿਆ ਨੀ, ਖਾਣ ਦੀ ਨੀਤ ਪਹਿਲਾਂ ਈ ਹੋ ਗਈ। ਉਹ ਜੋ ਤੇਰੇ ਲਗਦੇ ਇਧਰ ਆ ਗਏ ਤਾਂ ਫੇਰ ਪਰਸੋਂ ਆਂਗ ਬਕਣਗੇ। ਉਦੋਂ ਤਾਂ ਫੇਰ ਰੋਲ੍ਹਾਂ ‘ਚ ਲੁਕਦਾ ਹੁੰਨੈ।

ਪ੍ਰੀਤਮ ਸਿੰਘ: ਕਿਉਂ ਬਈ ਉਨ੍ਹਾਂ ਤੋਂ ਡਰ ਕੇ ਰੋਲ੍ਹਾਂ ‘ਚ ਕਾਹਤੇ ਲੁਕਣਾ ਕਿਸੇ ਨੇ? ਆਪਾਂ ਕੰਮ ਕਰਦੇ ਆਂ, ਆਪਾਂ ਨੂੰ ਕਿਸੇ ਤੋਂ ਡਰਨ ਦੀ ਕੀ ਲੋੜ ਪਈ ਆ। ਨਾਲੇ ਇਹ ਠੇਕੇਦਾਰ, ਫਾਰਮਰ ਤਾਂ ਸਗੋਂ ਡਰਦੇ ਨੂੰ ਈ ਜ਼ਿਆਦਾ ਡਰਾਉਂਦੇ ਆ।

ਬਿੰਦਰ: ਅੰਕਲ ਫੇ ਦੱਸਿਆ ਈ ਨਹੀਂ ਕੀ ਹੋਇਆ ਸੀ, ਜਦੋਂ ਤੁਸੀਂ ‘ਨੰਦ ਪੁਰ ਨੂੰ ਗਏ ਸੀ?

ਕਰਮ ਸਿੰਘ: ਨੰਦ ਪੁਰ ਦੀ ਏਦਾਂ ਹੋਈ ਪਈ ਅਸੀਂ ਨਾ ਪਿੰਡੋਂ ਪੂਰਾ ਮਹੈਣ ‘ਕੱਠਾ ਹੋ ਕੇ ਗਏ। ਸਾਡੇ ਨਾ ਪਿੰਡ ਦਾ ਇਕ ਬੰਦਾ ਸੀ ਪੂਰਾ ਛਟਿਆ ਹੋਇਆ ਬਦਮਾਸ਼। ਉਹ ਵੀ ਸਾਡੇ ਨਾਲ ਸੀ। ਉਹਨੇ ਨਾ …

ਨਸੀਬ ਕੌਰ: (ਵਿੱਚੋਂ ਟੋਕ ਕੇ) ਭਾਈਆ ਬਦਮਾਸ਼ਾਂ ਦੀ ਥਾਂ ਕਦੇ ਕਿਸੇ ਚੰਗੇ ਬੰਦੇ ਦੀ ਵੀ ਗੱਲ ਕਰਿਆ ਕਰ, ਕਿਉਂ ਬੁੱਢੇ ਬਾਰੇ ਪਾਪਾਂ ਦਾ ਭਾਗੀ ਬਣਦਾਂ। ਕਦੀ ਰੱਬ ਦਾ ਨਾਂ ਲਿਆ ਕਰ, ਉੱਥੇ ਜਾ ਕੇ ਮਹਾਰਾਜ ਨੂੰ ਹਿਸਾਬ ਕਿਤਾਬ ਵੀ ਦੇਣਾ ਕਿ ਨਹੀਂ?

ਕਰਮ ਸਿੰਘ: ਬਈ ਹਿਸਾਬ ਕਿਤਾਬ ਤਾਂ ਜਿਹੜਾ ਦੇਣਾ ਉਹ ਇੱਥੇ ਹੀ ਦਈ ਜਾਨੇ ਆਂ। ਉੱਤੇ ਧਰਮ ਰਾਜ ਆਹ ਠੇਕੇਦਾਰ ਨਾਲੋਂ ਤੇਰਾ ਖਿਆਲ ਆ ਵੱਧ ਸਖਤੀ ਕਰਨ ਲੱਗਾ ਕਿਤੇ। ਨਾਲੇ ਮੈਂ ਸੁਣਿਆਂ ਉੱਤੇ ਤਾਂ ਲੈ ਕੇ ਈ ਕੱਲੇ ਕੱਲੇ ਨੂੰ ਜਾਂਦੇ ਆ। ਇਹ ਆਪਣਾ ਮਹਾਰਾਜ ਤਾਂ ਟੁੱਟੀ ਜਿਹੀ ਵੈਨ ਵਿੱਚ ਕੱਠੇ ਤੀਹ ਪੈਂਤੀ ਤੂੜ ਲਿਆਉਂਦਾ ਹਰੋਜ਼।

(ਬਿੰਦਰ ਥੋੜ੍ਹਾ ਇਕੱਠਾ ਜਿਹਾ ਹੋਇਆ ਢਿੱਡ ਫੜ ਕੇ ਇਕ ਪਾਸੇ ਜਿਹੇ ਹੋ ਕੇ ਬੈਠ ਜਾਂਦਾ ਹੈ। ਬਾਕੀਆਂ ਦਾ ਉਹਦੀ ਵੱਲ ਉਸੇ ਵਕਤ ਧਿਆਨ ਨਹੀਂ ਜਾਂਦਾ।)

ਨਸੀਬ ਕੌਰ: ਤੇਰੀਆਂ ਤਾਂ ਏਦਾਂ ਦੀਆਂ ਹੀ ਰਹੀਆਂ। (ਪ੍ਰੀਤਮ ਸਿੰਘ ਨੂੰ ਮੁਖਾਤਬ ਹੋ ਕੇ) ਭਾਈਆ ਤੂੰ ਤਾਂ ਖਬਾਰ ਖਬੂਰ ਪੜ੍ਹਦੈਂ ਰੋਜ। ਆਹ ਦੇਸ ਦੇ ਰੌਲੇ ਗੌਲੇ ਦਾ ਕੋਈ ਫਰਕ ਪਿਆ ਕਿ ਨਈਂ ਕੁੱਛ?

ਪ੍ਰੀਤਮ ਸਿੰਘ: ਉੱਥੇ ਨਈ ਭਾਈ ਕੋਈ ਫਰਕ ਪੈਣਾ। ਅਤਿਵਾਦੀਆਂ ਦਾ ਸੂਤ ਲੱਗਦਾ ਤਾਂ ਉਹ ਦੋ ਚਾਰ ਭੁੰਨ ਦਿੰਦੇ ਆ। ਪੁਲਸ ਦਾ ਸੂਤ ਲਗਦਾ ਤਾਂ ਉਹ ਦੋ ਚਾਰ ਮਾਰ ਦਿੰਦੇ ਆ। ਵਿਚਾਰੇ ਲੋਕਾਂ ਦੇ ਨੱਕ ‘ਚ ਦਮ ਆਇਆ ਪਿਆ ਉੱਥੇ ਤਾਂ।

ਕਰਮ ਸਿੰਘ: ਉਏ ਉੱਥੇ ਤਾਂ ਨਸੀਬ ਕੌਰੇ ਤੇਰਾ ਉਪਰਲਾ ਈ ਆ ਕੇ ਕੁਛ ਕਰ ਸਕਦਾ ਹੁਣ। ਲੋਕਾਂ ਦੇ ਵੱਸੋਂ ਤਾਂ ਗੱਲ ਬਾਹਰੀ ਹੋ ਚੁੱਕੀ ਆ।

ਨਸੀਬ ਕੌਰ: (ਬਿੰਦਰ ਵੱਲ ਧਿਆਨ ਕਰਕੇ) ਵੇ ਹੁਣ ਤੂੰ ਚੌਂਕੜਾ ਮਾਰ ਕੇ ਬੈਠ ਗਿਆ। ਅੱਜ ਤੂੰ ਸੌਂਹ ਈ ਖਾਧੀ ਆ ਪਈ ਡੱਕਾ ਤੋੜਨਾ ਈ ਨਈਂ।

ਬਿੰਦਰ: ਅੰਟੀ ਮੇਰਾ ਤਾਂ ਢਿੱਡ ਜਿਹਾ ਦੁਖਦਾ ਆ, ਨਾਲੇ ਦਿੱਲ ਜਿਹਾ ਬੜਾ ਈ ਪੱਟ ਹੁੰਦਾ ਆ।

ਨਸੀਬ ਕੌਰ: ਵੇਲੇ ਕੁਵੇਲੇ ਖਾਣ ਲੱਗਾ ਤਾਂ ਤੂੰ ਦੇਖਦਾ ਨਈਂ ਬਈ ਘੜੀ ਮੂੰਹ ਨੂੰ ਛਿਕਲੀ ਦੇ ਲਵੇਂ। ਇਕ ਤੇਰੀ ਮਾਂ ਵੀ ਉਦਾਂ ਦੀ ਆ, ਘਰੇ ਵੇਹੀਆਂ ਰੋਟੀਆਂ ਹੀ ਤੱਤੀਆਂ ਕਰ ਦਿੰਦੀ ਆ। ਮੈਂ ਭਵਾਂ ਘਰ ਰਾਤ ਨੂੰ ਦਸ ਵਜੇ ਜਾਵਾਂ, ਸਾਰੇ ਟੱਬਰ ਲਈ ਤਾਜ਼ੀ ਰੋਟੀ ਬਣਾ ਕੇ ਖੁਆਊਂ।

ਕਰਮ ਸਿੰਘ: ਓ ਤੇਰੀਆਂ ਕੀ ਰੀਸਾਂ ਜੱਟੀ ਦੀਆਂ…

ਬਿੰਦਰ: (ਉੱਠ ਕੇ ਥੋੜ੍ਹਾ ਇਧਰ ਉਧਰ ਘੁੰਮਦਾ ਹੈ) ਨਈਂ ਅੰਟੀ ਮੈਂ ਤਾਂ ਰਾਤ ਬੱਸ ਡੇਢ ਕੁ ਈ ਰੋਟੀ ਖਾਧੀ ਸੀ। ਸਵੇਰ ਦਾ ਵੀ ਕੁਛ ਨਈਂ ਖਾਧਾ। ਪਤਾ ਨਹੀਂ ਕੱਲ੍ਹ ਪਰਸੋਂ ਦੀ ਏਦਾਂ ਹੀ ਹੁੰਦੀ ਰਹੀ ਆ। ਮੈਂ ਤਾਂ ਸਗੋਂ ਬਹੁਤਾ ਖਿਆਲ ਈ ਨਈ ਕੀਤਾ। ਅੱਜ ਕੁਛ ਜ਼ਿਆਦਾ ਈ ਹੋਣ ਲੱਗ ਪਿਆ। ਖੜ੍ਹੇ ਹੋਣ ਨੂੰ ਵੀ ਜੀ ਨਈਂ ਕਰਦਾ। (ਫਿਰ ਬਹਿਣ ਲੱਗਦਾ ਹੈ।)

ਕਰਮ ਸਿੰਘ: ਉਹ ਤਕੜਾ ਹੋ ਜੁਆਨਾ ਕੁਛ ਨਈ ਹੁੰਦਾ। ਤੂੰ ਮੁੰਡਾ ਖੁੰਡਾ ਆਂ। ਨਾਲੇ ਜੱਟਾਂ ਦੇ ਮੁੰਡੇ ਏਦਾਂ ਦੀਆਂ ਨਿੱਕੀਆਂ ਮੋਟ੍ਹੀਆਂ ਦੀ ਕੋਈ ਪਰਵਾਹ ਨਹੀਂ ਕਰਦੇ ਹੁੰਦੇ। ਜਾਹ ਜਾ ਕੇ ਔਹ ਟਰੈਕਟਰ ਤੱਕ ਦੌੜ ਲਾ ਕੇ ਆ, ਦੇਖੀਂ ਸਭ ਠੀਕ ਹੁੰਦਾ।

ਪ੍ਰੀਤਮ ਸਿੰਘ: ਗਰਮ ਗਰਮ ਚਾਹ ਦਾ ਘੁੱਟ ਪੀ, ਨਾਲੇ ਮੇਰੀ ਲੰਚ ਆਲੀ ਬਿੱਲੀ ‘ਚ ਗੋਲੀਆਂ ਦੀ ਸ਼ੀਸ਼ੀ ਹੋਣੀ ਆਂ। ਉਹਦੇ ‘ਚੋਂ ਦੋ ਕੱਢ ਕੇ ਖਾ ਲੈ।

ਕਰਮ ਸਿੰਘ: ਡਾਕਟਰ ਲੂਈ ਤੋਂ ਲਿਆਇਆਂ?

ਪ੍ਰੀਤਮ ਸਿੰਘ: ਨਹੀਂ ਮੇਰਾ ਡਾਕਟਰ ਹੋਰ ਆ। ਨਾਲੇ ਉਹ ਡਾਕਟਰ ਲੂਈ ਨਈਂ ਨੂਈ ਆ।

(ਬਿੰਦਰ ਉਹਨਾਂ ਦੀਆਂ ਗੱਲਾਂ ਵੱਲ ਧਿਆਨ ਦਿੱਤਿਆ ਬਿਨਾਂ ਬਾਹਰ ਨੂੰ ਚਲੇ ਜਾਂਦਾ ਹੈ।)

ਨਸੀਬ ਕੌਰ: ਆਹ ਮੁੰਡੇ ਦੀ ਮਾਂ ਤਾਂ ਕਹਿੰਦੀ ਹੋਣੀ ਆਂ ਮੇਰਾ ਮੁੰਡਾ ਕਮਾਈਆਂ ਕਰਨ ਗਿਆ ਆ। ਇਹ ਨਈ ਪਤਾ ਬਈ ਉਹ ਢਿੱਡ ਦੁੱਖਣ ਦਾ ਪੱਜ ਪਾ ਬਾਹਰ ਲੰਮਾ ਪਿਆ ਆ। ਕੰਮ ਨੂੰ ਬੜਾ ਨਿਕੰਮਾ ਆ ਇਹ ਮੁੰਡਾ। ਪੂਰਾ ਆਪਣੇ ਪੇ ‘ਤੇ ਗਿਆ। ਉਹਨੇ ਵੀ ਸਾਰੀ ਉਮਰ ਅਮਲ ਈ ਖਾਧਾ, ਕਦੀ ਡੱਕਾ ਨਈ ਦੋਹਰਾ ਕੀਤਾ।

ਕਰਮ ਸਿੰਘ: ਤਾਂਹੀਓਂ ਤਾਂ ਕਹਿੰਦੇ ਹੁੰਦੇ ਆ ਜਿੱਦਾਂ ਦੀ ਕੋਕੋ ਉਦਾਂ ਦੇ ਉਹਦੇ ਬੱਚੇ। ਉਦਾਂ ਵੀ ਇਹ ਟੱਬਰ ਖਾਂਦਾ ਪੀਂਦਾ ਨਈਂ ਚੱਜ ਨਾਲ। ਦੁੱਧ ਘੇ ਤਾਂ ਵੜਨ ਈ ਨਈ ਦਿੰਦੇ ਘਰੇ। ਇਹਦੀ ਮਾਂ ਨੂੰ ਦੇਖੋ ਬਸ ਮਾਰਜੀਨ ਦੀਆਂ ਦੋ ਕੁ ਟੁਕੜੀਆਂ ਜਿਹੀਆਂ ਰੱਖੀਆਂ ਹੁੰਦੀਆਂ ਗਰੋਸਰੀ ਆਲੀ ਬੱਘੀ ‘ਚ। ਉਏ ਏਦਾਂ ਦਾ ਖਾ ਕੇ ਢਿੱਡ ਨਾ ਦੁਖੇ ਤਾਂ ਹੋਰ ਕੀ ਹੋਵੇ? ਲੈ ਮੇਰਾ ਪੋਤਾ ਆ। ਮੈਂ ਨਾ ਉਹਨੂੰ ਨਾਲ ਬਠਾ ਕੇ, ਪਰਾਉਂਠੇ ‘ਤੇ ਚੰਗਾ ਘੇ ਰੱਖ ਖੁਆਊਂ, ਉਮਰ ‘ਚ ਇਹਦੇ ਨਾਲੋਂ ਅੱਧਾ ਹੋਣਾ, ਪਰ ਦੇਖਣ ਨੂੰ ਇਹਦੇ ਨਾਲੋਂ ਦੂਣਾ ਲਗਦਾ।

ਪ੍ਰੀਤਮ ਸਿੰਘ: ਕਰਮ ਸਿਆਂ ਇੱਥੇ ਹੋਰ ਬਹੁਤ ਕੁਛ ਆ ਖਾਣ ਨੂੰ।

ਕਰਮ ਸਿੰਘ: ਪਰ ਜਿਹੜੀ ਗੱਲ ਦੁੱਧ ਘੇ ਨਾਲ ਬਣਦੀ ਆ ਉਹ ਹੋਰ ਕਾਸੇ ਨਾਲ ਕਾਹਤੋਂ ਬਣਦੀ ਆ?

ਨਸੀਬ ਕੌਰ: ਹਾਂ ਭਾਈਆ ਆਹ ਤਾਂ ਤੇਰੀ ਗੱਲ ਬਿਲਕੁਲ ਠੀਕ ਆ। ਅੱਜ ਕੱਲ੍ਹ ਇੱਥੇ ਆ ਕੇ ਲੋਕ ਬੜੀਆਂ ਨਵੀਆਂ ਨਵੀਆਂ ਗੱਲਾਂ ਸਿੱਖੀ ਫਿਰਦੇ ਆ, ਬਈ ਆਹ ਨਈਂ ਚੰਗਾ ਖਾਣ ਨੂੰ ਔਹ ਨਈ ਚੰਗਾ। ਪਰ ਮੈਨੂੰ ਤਾਂ ਆਪ ਨਈਂ ਯਕੀਨ ਆਉਂਦਾ ਜਿੰਨਾ ਚਿਰ ਸਬਜ਼ੀ ਵਿੱਚ ਖੁੱਲ੍ਹਾ ਘੇ ਨਾ ਪਾਇਆ ਹੋਵੇ। ਖਾਵਾਂ ਪੀਵਾਂਗੇ ਨਾ ਤਾਂ ਕੰਮ ਕਿੱਦਾਂ ਕਰਾਂਗੇ। ਨਾਲੇ ਪਈ ਜੇ ਤੈਨੂੰ ਕੱਲ੍ਹ ਪਰਸੋਂ ਦਾ ਏਦਾਂ ਹੁੰਦਾ ਤਾਂ ਜਾ ਕੇ ਡਾਕਟਰ ਨੂੰ ਦਿਖਾ। ਇੱਥੇ ਤਾਂ ਡਾਕਟਰ ਵੀ ਮੁਖਤ ਦੇ ਆ। ਹੈਂ ਦੱਸ ਇੰਨੀ ਵੀ ਅਲਗਰਜ਼ੀ ਕਾਹਦੀ?

ਕਰਮ ਸਿੰਘ: ਇੱਥੇ ਡਾਕਟਰਾਂ ਨੂੰ ਵੀ ਉਦਾਂ ਕਾਹਦੀ ਸਮਝ ਆ। ਬਿਮਾਰੀ ਦਾ ਪਤਾ ਨਈਂ ਲਗਦਾ ਉਹਨਾਂ ਨੂੰ। ਨਿੱਕੀ ਨਿੱਕੀ ਗੱਲ ਨੂੰ ਐਕਸਰੇ ਕਰਾਉਣ ਭੇਜੀ ਜਾਣਗੇ। ਜੇ ਫੇਰ ਦਵਾ ਦੇਣਗੇ ਵੀ ਤਾਂ ਗੋਲੀਆਂ ਜਿਹੀਆਂ ਲਿਖ ਦੇਣਗੇ। ਨਾਲੇ ਕਹਿਣਗੇ ਅਗਲੇ ਹਫਤੇ ਫੇਰ ਆ ਜਾਈਂ। ਸਿੱਧਾ ਪੈਸੇ ਰਗੜਨ ਦਾ ਚੱਕਰ। ਏਦਾਂ ਹੁਣ ਦਸ ਕੀ ‘ਰਾਮ ਆਵੇ।

ਨਸੀਬ ਕੌਰ: ਜਿਹੜੇ ਵੇਲੇ ਮਰਜ਼ੀ ਜਾਓ, ਡਾਕਟਰਾਂ ਦੇ ਭੀੜ ਈ ਲੱਗੀ ਰਹਿੰਦੀ ਆ।

ਕਰਮ ਸਿੰਘ: ਦੇਸ ਡਾਕਟਰ ਕੋਲ ਜਾਣਾ, ਉਹਨੇ ਇਕ ਟੀਕਾ ਜਿਹਾ ਭਰ ਕੇ ਲਾਉਣਾ ਕਾਸੇ ਦਾ, ਦੂਜੇ ਦਿਨ ਬੰਦੇ ਨੇ ਨੌਂ ਬਰ ਨੌਂ ਹੋ ਜਾਣਾ।

ਪ੍ਰੀਤਮ ਸਿੰਘ: ਬਈ ਕਰਮ ਸਿਆਂ ਇੱਥੇ ਬੀਮਾਰੀਆਂ ਵੀ ਹਰ ਰੋਜ਼ ਨਵੀਂਆਂ ਤੋਂ ਨਵੀਂਆਂ ਈ ਸੁਣੀਦੀਆਂ।

ਕਰਮ ਸਿੰਘ: ਉਏ ਇੱਥੇ ਬੀਮਾਰੀਆਂ ਤੋਂ ਬਿਨਾਂ ਹੈ ਵੀ ਕੀ? ਜਿਹਨੂੰ ਮਰਜ਼ੀ ਪੁੱਛ ਲਉ, ਉਹਨੂੰ ਈ ਕੋਈ ਨਾ ਕੋਈ ਬਿਮਾਰੀ ਲੱਗੀ ਹੋਈ ਆ।

ਨਸੀਬ ਕੌਰ: ਅੱਧੀਆਂ ਬੀਮਾਰੀਆਂ ਤਾਂ ਇੱਥੇ ਲੋਕਾਂ ਨੇ ਆਪ ਸਹੇੜੀਆਂ। ਮੂੰਹ ਜਿਹਾ ਘੁੱਟ ਕੇ ਦੌੜੇ ਫਿਰਦੇ ਆ ਹਰ ਵੇਲੇ ਜਿੱਦਾਂ ਲਾਮ ਲੱਗੀ ਹੋਈ ਹੋਵੇ। ਕੋਈ ਕਿਸੇ ਨਾਲ ਹੱਸਦਾ ਖੇਲਦਾ ਨਈਂ ਦੋ ਘੜੀਆਂ, ਕੋਈ ਕਿਸੇ ਨਾਲ ਬੋਲਦਾ ਚਾਲਦਾ ਨਈਂ। ਹਰ ਕੋਈ ਆਪਣੇ ਆਪ ‘ਚ ਡੰਨ ਵੱਟਾ ਜਿਹਾ ਬਣ ਕੇ ਤੁਰਿਆ ਫਿਰੂ। ਇਹਨਾਂ ਲੋਕਾਂ ਦੇ ਅੰਦਰ ਗਮ ਦਾ ਗੋਲਾ ਨਾ ਬਣੂ ਤਾਂ ਹੋਰ ਕੀ ਹਊ। ਬਈ ਜੇ ਬੰਦੇ ਦਾ ਆਤਮਾ ਰਾਮ ਈ ਨਈ ਖੁਸ਼ ਤਾਂ ਸਰੀਰ ਕਿੱਧਰੋਂ ਕਾਇਮ ਰਹੂ।

ਕਰਮ ਸਿੰਘ: ਆਹ ਕੀਤੀ ਆ ਪੂਰੇ ਸੋਲ੍ਹਾਂ ਆਨਿਆਂ ਦੀ ਤੂੰ ਨਸੀਬ ਕੌਰੇ, ਨਈ ਤਾਂ ਵਾਜੇ ਵੇਲੇ ਤਾਂ ਤੂੰ ਵੀ ਜੱਬਲੀਆਂ ਈ ਮਾਰਦੀ ਰਹਿੰਨੀ ਆਂ। ਪਿੰਡ ਸਾਡੇ ਹੁੰਦੀ ਸੀ ਇਕ ਤਾਈ ਬਿਸ਼ਨੀ, ਉਹ ਵੀ ਤੇਰੇ ਆਂਗ, ਗਲੀ ‘ਚ ਫਿਰਦੀ ਉਗ ਦੀਆਂ ਪਤਾਲ ਦੀਆਂ ਮਾਰੀ ਜਾਂਦੀ ਹੁੰਦੀ ਸੀ।

(ਇੰਨੇ ਵਿੱਚ ਇਕ ਪੰਜਾਬੀ ਨੌਜਵਾਨ ਕਾਮਾ (ਛਿੰਦਾ) ਫਸਲਾਂ ਨੂੰ ਦਵਾਈਆਂ ਦਾ ਛਿੜਕਾ ਕਰਨ ਵਾਲਾ ਟੈਂਕ ਪਿੱਠ ਪਿੱਛੇ ਲਾਈ ਦਾਖਲ ਹੁੰਦਾ ਹੈ। ਉਹ ਉਹਨਾਂ ਨਾਲ ਗੱਲਾਂ ਵੀ ਕਰੀ ਜਾਂਦਾ ਹੈ ਤੇ ਦੁਆਈ ਵੀ ਛਿੜਕੀ ਜਾਂਦਾ ਹੈ। ਉਹਦੇ ਸੱਜੇ ਹੱਥ ਵਿੱਚ ਫੜੀ ‘ਹੋਜ਼’ ਵਿੱਚੋਂ ਚਿੱਟਾ ਧੂੰਆਂ ਜਿਹਾ ਨਿਕਲ ਰਿਹਾ ਹੈ।)

ਛਿੰਦਾ: (ਕਰਮ ਸਿੰਘ ਨੂੰ ਮੁਖਾਤਬ ਹੋ ਕੇ) ਕਿੱਦਾਂ ਅੰਕਲ ਚੱਕੀ ਜਾਨਾਂ ਚੌਂਟੇ ਫੇਰ?

ਕਰਮ ਸਿੰਘ: ਓ ਆ ਬਈ ਛਿੰਦਿਆ। ਕਿੱਧਰ ਰਿਹਾ ਦਿੱਸਿਆ ਈ ਨਈਂ ਕਿਤੇ। ਕਦੇ ਕਦੇ ਤਾਂ ਪਤਾ ਨਈਂ ਕਿੱਧਰ ਛੱਪਣ ਹੋ ਜਾਂਦਾ ਤੂੰ?

ਛਿੰਦਾ: (ਕਰਮ ਸਿੰਘ ਦੀ ਗੱਲ ਦਾ ਜੁਆਬ ਦਿੱਤੇ ਬਿਨਾਂ ਹੀ ਨਸੀਬ ਕੌਰ ਨੂੰ) ਐਂਟੀ ਬੜੀ ਮਾਰੋ ਮਾਰ ਤੋੜਨ ਲੱਗੀ ਆਂ, ਕਿਸੇ ਆਏ ਗਏ ਦੀ ਵੀ ਖਬਰ ਨਈਂ। ਕਿੱਥੇ ਲੈ ਕੇ ਜਾਣੀ ਆਂ ਤੈਂ ਇੰਨੀ ਮਾਇਆ? ਮੁੰਡੇ ਤੇਰੇ ਛੱਤਾਂ ਆਲਿਆਂ ਨਾਲ ਵਾਧੂ ਟੈਮ ਲਾ ਲਾ ਧਨ ਦੀਆਂ ਪੰਡਾਂ ਬੰਨੀ ਜਾਂਦੇ ਆ।

ਨਸੀਬ ਕੌਰ: ਏਸ ਮੁਲਕ ‘ਚ ਪੁੱਤਾਂ ਦੀਆਂ ਕਮਾਈਆਂ ਬਾਰੇ ਤੂੰ ਕੀ ਪੁੱਛਦਾਂ? ਢਕੀ ਰਹੇ ਤਾਂ ਭਲੀ ਆ।

(ਏਸ ਸਮੇਂ ਦੌਰਾਨ ਛਿੰਦੇ ਦੀ ‘ਸਪਰੇਅ ਹੋਜ਼’ ਵਿੱਚੋਂ ਥੋੜ੍ਹੀ ਥੋੜ੍ਹੀ ਸਪਰੇਆ ਨਿਕਲੀ ਜਾਂਦੀ ਹੈ।)

ਪ੍ਰੀਤਮ ਸਿੰਘ: (ਪੂਰੇ ਗੁੱਸੇ ਵਿੱਚ) ਉਏ ਐਹਨੂੰ ਤਾਂ ਬੰਦ ਕਰ ਲੈ ਆਪਣੀ ਕੁਲੱਗਦੀ ਨੂੰ ਪਹਿਲਾਂ। ਨਾਸਾਂ ‘ਚ ਦਈ ਜਾਨਾਂ ਸਾਡੇ ਵੀ।

ਕਰਮ ਸਿੰਘ: ਪਰ੍ਹਾਂ ਕਰ ਲੈ ਮੱਲ ਥੋੜ੍ਹਾ ਜਿਹਾ। ਸਾਡੇ ਪ੍ਰੀਤਮ ਸਿੰਘ ਨੂੰ ਏਦਾਂ ਦੀਆਂ ਗੱਲਾਂ ਦਾ ਬਹੁਤ ਫਿਕਰ ਰਹਿੰਦਾ।

ਪ੍ਰੀਤਮ ਸਿੰਘ: ਛਿੰਦਿਆ ਤੂੰ ਮੂੰਹ ‘ਤੇ ਕੁਛ ਪਾ ਲਿਆ ਕਰ। ਤੈਨੂੰ ਦਿੰਦਾ ਨਈ ਬਾਸ ਕੋਈ ਮਾਸਕ ਮੂਸਕ ਪਾਉਣ ਲਈ? ਹੱਥ ਵੀ ਤੇਰੇ ਨੰਗੇ ਈ ਆ। ਇਹ ਸਹੁਰੀਆਂ ਦਵਾਈਆਂ ਬਹੁਤ ਖਤਰਨਾਕ ਹੁੰਦੀਆਂ। ਉਹਨੀਂ ਦੱਸਿਆ ਨਈ ਤੈਨੂੰ ਇਹਦੇ ਬਾਰੇ?

ਛਿੰਦਾ: ਬਾਸ ਅੰਕਲ ਤਾਂ ਕਹਿੰਦਾ ਆ ਕੁਛ ਨੀ ਹੁੰਦਾ ਦਵਾਈਆਂ ਨਾਲ। ਮੈਨੂੰ ਤਾਂ ਉਹਨੇ ਕਦੇ ਕੋਈ ਮਾਸਕ ਮੂਸਕ ਦਿੱਤਾ ਨਈਂ। ਨਾ ਈ ਮੈਂ ਕਿਸੇ ਹੋਰ ਦੇ ਪਾਇਆ ਦੇਖਿਆ।

ਪ੍ਰੀਤਮ ਸਿੰਘ: ਕਾਕਾ ਤੈਨੂੰ ਆਪ ਨੂੰ ਖਿਆਲ ਰੱਖਣਾ ਚਾਹੀਦਾ। ਇਹ ਦਵਾਈਆਂ ਤਾਂ ਬੀਮਾਰੀਆਂ ਦੀਆਂ ਜੜ੍ਹਾਂ ਆਂ। ਸੱਭ ਤਰ੍ਹਾਂ ਦੀਆਂ ਬੀਮਾਰੀਆਂ ਲਗਦੀਆਂ ਇਹਨਾਂ ਨਾਲ। ਉਹ ਬਿੰਦਰ ਵੀ ਤੇਰੇ ਆਂਗ ਪਿਛਲੀ ਵੀਕੇ ਬਿਨਾਂ ਕੁਝ ਪਾਏ ਸਪਰੇਅ ਕਰਨ ਲੱਗਾ ਹੋਇਆ ਸੀ, ਹੁਣ ਉੱਥੇ ਢਿੱਡ ਫੜ ਕੇ ਪਿਆ। ਲੈ ਮੈਂ ਤੇਰੇ ਨਾਲ ਸ਼ਰਤ ਲਾਉਨਾਂ ਬਈ ਉਹਨੂੰ ਇਹਦੇ ਨਾਲ ਈ ਕੁਛ ਹੋਇਆ।

ਨਸੀਬ ਕੌਰ: (ਤ੍ਰਬਕ ਕੇ) ਲੈ ਮੁੰਡੇ ਦਾ ਕਿਸੇ ਨੇ ਮੁੜ ਕੇ ਪਤਾ ਈ ਨਈ ਲਿਆ। ਮੈਂ ਦੇਖਦੀ ਆਂ ਜਾ ਕੇ ਉਹਨੂੰ।

(ਨਸੀਬ ਕੌਰ ਜਾਂਦੀ ਹੈ।)

ਕਰਮ ਸਿੰਘ: ਨਈ ਪ੍ਰੀਤਮ ਸਹਾਂ, ਉਹ ਬਿੰਦਰ ਤਾਂ ਖਾਣ ਪੀਣ ਲੱਗਾ ਨਈ ਸੋਚਦਾ। ਐਵੇਂ ਕੁਛ ਵਾਧੂ ਘਾਟੂ ਖਾ ਲਿਆ ਹੋਣਾ।

ਪ੍ਰੀਤਮ ਸਿੰਘ: ਨਾਲੇ ਤੇਰੇ ਬਾਸ ਨੂੰ ਪਤਾ ਨਈਂ ਪਈ ਇੱਥੇ ਬੰਦੇ ਕੰਮ ਕਰਦੇ ਆ। ਉਹਨੇ ਤੈਨੂੰ ਇੱਥੇ ਸਪਰੇਅ ਕਰਨ ਭੇਜ ਦਿੱਤਾ।

ਛਿੰਦਾ: ਲੈ ਅੰਕਲ ਤੁਸੀਂ ਹੈਸ ਫੀਲਡ ‘ਚ ਤੋੜਦੇ ਆਂ ਮੈਂ ਸਪਰੇਅ ਇਹਦੇ ‘ਚ ਕਰਦਾਂ। ਬਾਸ ਐਂਕਲ ਕਹਿੰਦਾ ਸੀ ਕੁਛ ਨਈਂ ਹੁੰਦਾ ਏਦਾਂ।

ਪ੍ਰੀਤਮ ਸਿੰਘ: ਬੱਲੇ ਉਏ ਤੇਰੇ ਛਿੰਦਾ ਸਿਹਾਂ। ਨਈਂ ਰੀਸਾਂ ਤੇਰੀਆਂ ਵੀ। ਜੋ ਕੁਛ ਉਹ ਤੈਨੂੰ ਕਹਿੰਦਾ ਉਹੀ ਲੈ ਕੇ ਤੁਰ ਪੈਨਾ ਤੂੰ। ਕਦੇ ਆਪਣਾ ਦਿਮਾਗ ਵੀ ਵਰਤ ਲਿਆ ਕਰ?

ਕਰਮ ਸਿੰਘ: ਪ੍ਰੀਤਮ ਸਿੰਹਾਂ ਬਾਹਲਾ ਨਾ ਦਬਕ ਐਵੇਂ ਮੁੰਡੇ ਨੂੰ ਤੂੰ। ਕੁਛ ਨਈ ਹੁੰਦਾ ਇਹਦੇ ਨਾਲ।

ਛਿੰਦਾ: ਤੂੰ ਤਾਂ ਐਂਕਲ ਸੱਚੀ ਬਾਹਲਾ ਈ ਡਰਦਾਂ। ਬਾਸ ਐਂਕਲ ਤਾਂ ਕਹਿੰਦਾ ਬਈ ਇਹਨਾਂ ਦਵਾਈਆਂ ਨਾਲ ਨਿੱਕੇ ਨਿੱਕੇ ਕੀੜੇ ਮਰਦੇ ਨਈ ਬੰਦਿਆਂ ਨੂੰ ਕੀ ਹੋਣ ਲੱਗਾ ਭਲਾ। ਉਹ ਤਾਂ ਕਹਿੰਦਾ ਇਕ ਕੱਪ ਦੀ ਥਾਂ ਡੇਢ ਕੱਪ ਪਾ ਲਿਆ ਕਰ ਭਾਵੇਂ। ਮੈਂ ਕਿਹਾ ਲੈ ਆਪਾਂ ਨੂੰ ਕੀ, ਮੈਂ ਡੇਢ ਦੀ ਥਾਂ ਦੋ ਠੋਕ ਕੇ ਪਾ ਲਏ।

ਕਰਮ ਸਿੰਘ: ਬੱਲੇ ਉਏ ਤੇਰੇ ਨਈਂ ਰੀਸਾਂ ਤੇਰੀਆਂ। ਅੱਜ ਤਾਂ ਫੇਰ ਕੀੜਿਆਂ ਵਾਲੇ ਵੱਟ ਕੱਢੀ ਜਾਂਦਾ ਹੋਣਾ।

(ਇਸ ਗੱਲ ‘ਤੇ ਕਰਮ ਸਿੰਘ ਅਤੇ ਛਿੰਦਾ ਦੋਵੇਂ ਹੱਸਦੇ ਹਨ।)

ਪ੍ਰੀਤਮ ਸਿੰਘ: ਕਰਮ ਸਿਹਾਂ ਤੂੰ ਵੀ ਇਹ ਨਿਆਣੇ ਨਾਲ ਈ ਦੰਦੀਆਂ ਕੱਢੀ ਜਾਨਾਂ। ਇਹ ਦਵਾਈਆਂ ਕੋਈ ਹੱਸਣ ਵਾਲੀ ਗੱਲ ਨਈਂ। ਤੁਹਾਨੂੰ ਲਗਦਾ ਪਈ ਇਹ ਕੀੜਿਆਂ ਨੂੰ ਈ ਮਾਰਦੀਆਂ, ਬੰਦੇ ਦਾ ਕੁਛ ਨਈਂ ਵਿਗਾੜਦੀਆਂ। ਪਰ ਬੰਦੇ ਨੂੰ ਅਸਰ ਇਹ ਹੌਲੀ ਹੌਲੀ ਕਰਦੀਆਂ। ਪਰ ਜਦੋਂ ਫੇਰ ਕਰਦੀਆਂ, ਬਸ ਮੂਧਾ ਕਰਕੇ ਸੁੱਟਦੀਆਂ।

ਕਰਮ ਸਿੰਘ: ਪ੍ਰੀਤਮ ਸਿੰਹਾਂ ਤੈਂ ਕਦੇ ਦੇਖਿਆ ਕੋਈ ਡਿੱਗਿਆ? ਐਂਵੀਂ ਸਾਡੇ ਪਿੰਡ ਆਲੇ ਅਮਰੂ ਝੀਰ ਆਂਗ ਸੁਣੀਆਂ ਸੁਣਾਈਆਂ ‘ਤੇ ਯਕੀਨ ਕਰੀ ਫਿਰਦਾਂ।

ਪ੍ਰੀਤਮ ਸਿੰਘ: ਗੱਲ ਅੱਖੀਂ ਦੇਖਣ ਦੀ ਨਈਂ ਹੁੰਦੀ। ਆਹ ਰੋਜ਼ ਅਖਬਾਰਾਂ, ਟੀæ ਵੀæ ਭਰੇ ਹੁੰਦੇ ਆ ਇਹੋ ਜਿਹੀਆਂ ਖਬਰਾਂ ਨਾਲ। ਇਹਨਾਂ ਦੁਆਈਆਂ ਨਾਲ ਚਮੜੀ ਦੇ ਦਰਜਨਾਂ ਰੋਗ ਲਗਦੇ ਆ, ਕੈਂਸਰ ਹੋ ਜਾਂਦੀ ਆ, ਜੰਮਣ ਆਲਿਆਂ ਬੱਚਿਆਂ ‘ਤੇ ਮਾਰੂ ਅਸਰ ਪੈਂਦਾ, ਛੋਟੇ ਛੋਟੇ ਨਿਆਣਿਆਂ ਨੂੰ ਉਮਰ ਭਰ ਦੇ ਰੋਗ ਲੱਗ ਜਾਂਦੇ ਆ।

ਛਿੰਦਾ: ਬਈ ਪਤਾ ਨਹੀਂ ਬਾਸ ਐਂਕਲ ਤਾਂ ਕਹਿੰਦਾ ਸੀ, ਇਹਨਾਂ ਦਾ ਕੋਈ ਡਰ ਨਈਂ। ਉਹ ਤਾਂ ਕਹਿੰਦਾ ਸੀ ਪਈ ਜਿਹੜੇ ਕਾਰਖਾਨਿਆਂ ‘ਚ ਇਹ ਬਣਦੀਆਂ ਉੱਥੇ ਅਗਲੇ ਪੂਰੇ ਟੈੱਸਟ ਕਰਦੇ ਆ, ਫੇ ਡਾਕਟਰ ਕਈ ਆਰੀ ਚੈੱਕ ਕਰਦੇ ਆ। ਨਾਲੇ ਸਰਕਾਰ ਨੇ ਬੜੇ ਸਖਤ ਕਾਨੂੰਨ ਬਣਾਏ ਹੋਏ ਆ। ਉਹ ਤਾਂ ਕਹਿੰਦਾ ਸੀ ਪਈ ਜੇ ਸੱਚੀਂ ਇਹ ਇੰਨੀਆਂ ਖਤਰਨਾਕ ਹੋਣ ਜਿੰਨੀਆਂ ਆਹ ਯੂਨੀਅਨ ਯਾਨੀਅਨ ਆਲੇ ਕਹਿੰਦੇ ਆ ਤਾਂ ਕੋਈ ਨਾ ਕੋਈ ਬੰਦਾ ਨਾ ਮਰ ਗਿਆ ਹੁੰਦਾ ਹੁਣ ਤਾਈਂ।

ਪ੍ਰੀਤਮ ਸਿੰਘ: ਤੇਰਾ ਬਾਸ ਅੰਕਲ ਤਾਂ ਬਹੁਤ ਕੁਛ ਕਹਿੰਦਾ ਰਹਿੰਦਾ ਆ ਤੂੰ ਉਹਦੀ ਹਰ ਗੱਲ ਦਾ ਨਾ ਯਕੀਨ ਕਰਿਆ ਕਰ, ਕਦੇ ਆਪਣਾ ਸਿਰ ਵੀ “ਯੂਜ” ਕਰ ਲਿਆ ਕਰ । ਤੂੰ ਸੋਚ, ਕਾਰਖਾਨਿਆਂ ਆਲਿਆਂ ਨੇ ਤਾਂ ਆਪਣੇ ਮੁਨਾਫੇ ਬਾਰੇ ਸੋਚਣਾ। ਉਹਨਾਂ ਨੂੰ ਕੀ ਜੇ ਇਹਦੇ ਨਾਲ ਕਿਸੇ ਨੂੰ ਕੈਂਸਰ ਹੁੰਦੀ ਆ। ਨਾਲੇ ਜਿਹੜੀਆਂ ਇਹ ਸਰਕਾਰਾਂ ਹੁੰਦੀਆਂ, ਉਹ ਵੀ ਤਾਂ ਉਹਨਾਂ ਕਾਰਖਾਨੇਦਾਰਾਂ ਦੀਆਂ ਹੀ ਹੁੰਦੀਆਂ, ਉਹ ਉਹਨਾਂ ਦੇ ਖਿਲਾਫ ਕਾਹਤੋਂ ਕੋਈ ਕਾਨੂੰਨ ਬਣਾਉਣ ਲੱਗੀਆਂ।

ਛਿੰਦਾ: ਐਂਕਲ ਆਹ ਤਾਂ ਤੇਰੀ ਗੱਲ ਬਿਲਕੁਲ ਉਹਨਾਂ ਯੂਨੀਅਨ ਆਲਿਆਂ ਅਰਗੀ ਆ। ਉਹ ਵੀ ਨਾ ਹਰ ਗੱਲ ‘ਚ ਕਰੀ ਜਾਣਗੇ ਇਹ ਸਰਕਾਰ ਤਾਂ ਫਾਰਮਰਾਂ ਦੀ ਆ। ਬਾਸ ਐਂਕਲ ਤਾਂ ਦੱਸਦਾ ਹੁੰਦਾ ਬਈ ਸਰਕਾਰ ਉਹਨਾਂ ਨੂੰ ਤੰਗ ਈ ਬੜਾ ਕਰਦੀ ਆ। ਉਹ ਬੜੀਆਂ ਗਾਲ੍ਹਾਂ ਕੱਢਦਾ ਸੀ ਜਦੋਂ ਸਰਕਾਰ ਨੇ ਆਹ ਰੇਟ ਤਿੰਨ ਪੈਂਠ ਤੋਂ ਚਾਰ ਕਰ ਦਿੱਤਾ ਸੀ।

ਪ੍ਰੀਤਮ ਸਿੰਘ: ਚਾਰ ਹੋਣ ਨਾਲ ਉਹਨੂੰ ਕੀ ਫਰਕ ਆ, ਉਹਨੇ ਕਿਹੜਾ ਕਿਸੇ ਨੂੰ ਦਾਂਅ ਨਾਲ ਦੇਣੇ ਆ।

ਕਰਮ ਸਿੰਘ: ਤੁਸੀਂ ਵੀ ਬੜੇ ਫਨੀ ਆਂ, ਗੱਲ ਤੁਸੀਂ ਕੀੜੇ-ਮਾਰ ਦਵਾਈਆਂ ਦੀ ਕਰਦੇ ਸੀ, ਪਹੁੰਚ ਗਏ ਡਾਲਿਆਂ ‘ਤੇ। ਤੁਹਾਡਾ ਵੀ ਪੜ੍ਹਿਆਂ ਲਿਖਿਆਂ ਦਾ ਕੁਛ ਨਈਂ ਪਤਾ ਲੱਗਦਾ।

ਛਿੰਦਾ: ਹਾਂ ਬਈ ਐਂਕਲ ਪੜ੍ਹੇ ਲਿਖੇ ਤਾਂ ਅਸੀਂ ਵਥੇਰੇ ਆਂ। ਆ ਐਂਕਲ ਦਾ ਤਾ ਪਤਾ ਨਈ ਪਰ ਆਪਾਂ ਤਾਂ ਪੂਰੀ ਪੀ. ਐੱਚ. ਡੀ. ਕੀਤੀ ਆ। ਆਹ ਸਾਰੀਆਂ ਦੁਆਈਆਂ ਉਹ ਮੇਰੇ ਤੋਂ ਈ ਚੈੱਕ ਕਰਾਉਂਦੇ ਆ।

(ਸਾਰੇ ਹੱਸਦੇ ਹਨ। ਉਨ੍ਹਾਂ ਦੇ ਹਾਸੇ ਦੌਰਾਨ ਫਾਰਮਰ ਦਾਖਲ ਹੁੰਦਾ ਹੈ।)

ਫਾਰਮਰ: ਤੂੰ ਕੋਈ ਕੰਮ ਵੀ ਕਰ ਲਿਆ ਕਰ, ਐਵੇਂ ਜੱਕੜ ਮਾਰ ਹਿੜ ਹਿੜ ਨਾ ਕਰੀ ਜਾਇਆ ਕਰ। ਤੈਨੂੰ ਕਿਹਾ ਸੀ ਆਹ ਖੇਤ ਲੰਚ ਤੋਂ ਪਹਿਲਾਂ ਪਹਿਲਾਂ ਖਤਮ ਕਰਨਾ। ਤੂੰ ਅਜੇ ਇੱਥੇ ਹੀ ਬੈਠਾਂ। ਤੂੰ ਨਾਲ ਇਨ੍ਹਾਂ ਦਾ ਵੀ ਟੈਮ ਖਰਾਬ ਕਰਦਾਂ।

ਛਿੰਦਾ: ਮੈਂ ਤਾਂ ਪਹਿਲਾਂ ਈ ਚੱਲਿਆ ਸੀ ਐਂਕਲ। ਬੜਾ ਗਰਮ ਲਗਦਾਂ ਕਿਤੇ ਅੱਜ ਫੇਰ ਤਾਂ ਨਈਂ ਐਂਟੀ ਨੇ ਝਿੜਕ ਦਿੱਤਾ?

ਫਾਰਮਰ: ਤੂੰ ਜਾਨਾਂ ਕੇ ਤੈਨੂੰ ਤੋਰਾਂ। (ਥੋੜ੍ਹਾ ਜਿਹਾ ਉਹਦੇ ਵੱਲ ਮਾਰਨ ਲਈ ਉਲਰਦਾ ਹੈ।) ਵੱਡਾ ਆਇਆ ਐਂਟੀ ਦਾ ਭਤੀਜਾ।

ਛਿੰਦਾ: (ਉਸ ਤੋਂ ਬੱਚਦਾ ਹੋਇਆ) ਚੱਲਿਆਂ ਚੱਲਿਆਂ ਐਵੀਂ ਨਾ ਕਿਤੇ ਮਾਰ ਬੈਠੀਂ ਮੇਰੇ। ਕੰਪਨਸੇਸ਼ਨ ‘ਤੇ ਉੱਠ ਜੂੰ। (ਸਟੇਜ ਤੋਂ ਜਾਂਦਾ ਹੈ।)

ਫਾਰਮਰ: ਜੇ ਕੰਪਨਸੇਸ਼ਨ ‘ਤੇ ਜਾਣ ਜੋਗਾ ਛੱਡਿਆ ਤਾਂਹੀ ਜਾਊਂ।

ਕਰਮ ਸਿੰਘ: ਟੈਰੀ ਸਿਹਾਂ ਇਹ ਮੁੰਡਾ ਨਈਂ ਤੈਥੋਂ ਸੂਤ ਆਉਂਦਾ।

ਫਾਰਮਰ: ਉਹ ਸੂਤ ਨੂੰ ਤਾਂ ਐਦੂੰ ਬੜੇ ਬੜੇ ਵੀ ਕਰ ਦਈਏ ਆ। ਇਹ ਤਾਂ ਰਿਸ਼ਤੇਦਾਰੀ ਦਾ ਮਾਮਲਾ ਆ, ਦੱਸ ਕੀ ਕਹੀਏ?

ਪ੍ਰੀਤਮ ਸਿੰਘ: ਟੈਰੀ ਸਿਹਾਂ ਤੂੰ ਮੁੰਡੇ ਨੂੰ ਕੁਛ ਮੂੰਹ ‘ਤੇ ਪਾਉਣ ਨੂੰ ਤਾਂ ਦੇ ਦਿਆ ਕਰ। ਇਹਨਾਂ ਦਵਾਈਆਂ ਨਾਲ ਸੌ ਬੀਮਾਰੀਆਂ ਲਗਦੀਆਂ।

ਫਾਰਮਰ: ਉਹ ਕੁਛ ਨਈਂ ਹੁੰਦਾ ਇਹਨਾਂ ਮੁੰਡਿਆਂ ਖੁੰਡਿਆਂ ਨੂੰ। ਐਨੀਆਂ ਕਿੱਥੋਂ ਖਤਰਨਾਕ ਆ ਇਹ ਦੁਆਈਆਂ।

ਕਰਮ ਸਿੰਘ: ਬਈ ਸਾਡੇ ਪ੍ਰੀਤਮ ਸਿੰਘ ਨੂੰ ਤਾਂ ਬੜਾ ਇਹਨਾਂ ਦਾ ਫਿਕਰ ਰਹਿੰਦਾ ਹਰ ਵੇਲੇ। ਮੈਂ ਤਾਂ ਅੱਗੇ ਵੀ ਕਹਿੰਦਾ ਆਂ ਪਈ ਜੇ ਇਹ ਸੱਚੀਂ ਖਤਰਨਾਕ ਹੋਣ ਤਾਂ ਤੁਸੀਂ ਕੋਈ ਪ੍ਰਬੰਧ ਕਰੋ ਈੰ। ਤੁਹਾਨੂੰ ਵੀ ਤਾਂ ਫਿਕਰ ਹੈ ਇਹਨਾਂ ਦੇ ਖਤਰਿਆਂ ਦਾ। ਤੁਸੀਂ ਕਿਹੜੇ ਨਿਆਣੇ ਆਂ?

ਫਾਰਮਰ: ਫਿਕਰ ਕਿਉਂ ਨਹੀਂ ਯਾਰ ਕਰਮ ਸਿਹਾਂ, ਸਾਨੂੰ ਤਾਂ ਹਰ ਵੇਲੇ ਫਿਕਰ ਰਹਿੰਦਾ। ਸਾਨੂੰ ਯਾਰ ਕਿਤੇ ਪਤਾ ਨਈਂ, ਕਿਹੜੀਆਂ ਦੁਆਈਆਂ ਖਤਰਨਾਕ ਆ ਤੇ ਕਿਹੜੀਆਂ ਨਈਂ। ਨਾਲੇ ਇਹ ਮੁੰਡੇ ਕਿਤੇ ਬਿਗਾਨੇ ਆ? ਸਾਡੇ ਆਪਣੇ ਮੁੰਡੇ ਆ।

ਪ੍ਰੀਤਮ ਸਿੰਘ: ਬਈ ਆਪਣਿਆਂ ਬਿਗਾਨਿਆਂ ਦਾ ਤਾਂ ਮੈਨੂੰ ਪਤਾ ਨਈਂ। ਮੈਨੂੰ ਤਾਂ ਏਨਾ ਪਤਾ ਇਹ ਦਵਾਈਆਂ ਸੇਫ ਨਈਂ। ਇਹਨਾਂ ਨਾਲ ਤਾਂ ਕੈਂਸਰ ਹੋ ਸਕਦੀ ਆ। ਆਹ ਸਵੇਰ ਦਾ ਬਿੰਦਰ ਢਿੱਡ ਫੜੀ ਬੈਠਾ ਸੀ। ਲੈ ਮੈਂ ਸ਼ਰਤ ਨਾਲ ਕਹਿੰਨਾ ਕਿ ਉਹਨੂੰ ਇਹਨਾਂ ਦਵਾਈਆਂ ਨਾਲ ਈ ਕੁਛ ਹੋਇਆ।

ਫਾਰਮਰ: (ਥੋੜ੍ਹਾ ਖਿੱਝ ਕੇ) ਤੂੰ ਪ੍ਰੀਤਮ ਸਿਹਾਂ ਆਪਣੇ ਕੰਮ ਨਾਲ ਮਤਲਬ ਰੱਖ। ਇਹਨਾਂ ਦਵਾਈਆਂ ਨਾਲ ਜਿਹਨੂੰ ਕੈਂਸਰ ਹੋਊਗੀ, ਉਹ ਮੇਰੇ ਨਾਲ ਆਪੇ ਈ ਗੱਲ ਕਰ ਲਊਗਾ। ਤੂੰ ਐਵੀਂ ਵਾਧੂ ਦਾ ਝੰਡਾ ਨਾ ਚੁੱਕੀ ਫਿਰਿਆ ਕਰ। ਨਾਲੇ ਜਿਹੜੀ ਤੂੰ ਬਿੰਦਰ ਦੀ ਗੱਲ ਕਰਦਾਂ, ਉਹਦਾ ਮੈਨੂੰ ਵੀ ਫਿਕਰ ਆ। ਉਹ ਸਾਲਾ ਖਾਣ ਲੱਗਾ ਲਾਲਚ ਕਰ ਜਾਂਦਾ। ਮੈਂ ਆਪਣੇ ਛੋਟੇ ਮੁੰਡੇ ਟੋਨੀ ਨਾਲ ਉਹਨੂੰ ਹੁਣੇ ਈ ਹਸਪਤਾਲ ਭੇਜ ਕੇ ਆਇਆਂ। ਨਸੀਬ ਕੌਰ ਵੀ ਨਾਲ ਈ ਗਈ ਆ। ਤੂੰ ਐਵੀਂ ਨਾ ਬਾਕੀਆਂ ਬਾਰੇ ਫਿਕਰ ‘ਚ ਲੰਬੜਦਾਰ ਬਣਿਆ ਰਿਹਾ ਕਰ।

ਪ੍ਰੀਤਮ ਸਿੰਘ: ਕਿਸੇ ਬਾਰੇ ਨਈਂ ਮੈਂ ਤਾਂ ਆਪਣੇ ਬਾਰੇ ਫਿਕਰਮੰਦ ਆਂ। ਆਹ ਤੇਰੇ ਸਾਹਮਣੇ ਛਿੰਦਾ ਇੱਥੇ ਸਪਰੇਅ ਕਰਦਾ ਗਿਆ। ਤੇਰਾ ਕੀ ਖਿਆਲ ਆ ਇਹ ਦਵਾਈ ਮੇਰੇ ਅੰਦਰ ਨਈਂ ਗਈ। ਤੈਨੂੰ ਚਾਹੀਦਾ ਨਈ ਪਈ ਜਿੱਥੇ ਬੰਦੇ ਕੰਮ ਕਰਦੇ ਹੋਣ ਉੱਥੇ ਸਪਰੇਅ ਨਾ ਕਰਾਵੇਂ।

ਫਾਰਮਰ: ਉਹ ਤੂੰ ਕੌਣ ਹੁੰਨਾਂ ਮੈਨੂੰ ਸਮਝਾਉਣ ਵਾਲਾ। ਮੇਰੇ ਖੇਤ ਆ, ਜੋ ਮੇਰਾ ਜੀਅ ਕਰੂ ਮੈਂ ਤਾਂ ਉਹੀ ਕਰੂੰ। ਮੈਂ ਤਾਂ ਜੇ ਲੋੜ ਹੋਈ ਤਾਂ ਜਿਸ ਖੇਤ ‘ਚ ਬੰਦੇ ਕੰਮ ਕਰਦੇ ਹੋਣਗੇ, ਉੱਥੇ ਵੀ ਸਪਰੇਅ ਕਰਾਊਂ। ਮੈਂ ਤਾਂ ਆਪਾਣਾ ਟੈਮ ਦੇਖਣਾ। ਬੰਦੇ ਥੋੜ੍ਹੇ ਵਿਹਲੇ ਬਿਠਾਲੀ ਰੱਖਣੇ ਆ ਹੁਣ? ਵੱਡਾ ਆਇਆ ਮੱਤਾਂ ਦੇਣ। ਅਖੇ ਤੂੰ ਕੌਣ, ਮੈਂ ਖਾਹ ਮਖਾਹ।

ਪ੍ਰੀਤਮ ਸਿੰਘ: ਮੇਰੀ ਗੱਲ ਦਾ ਗੁੱਸਾ ਕਰਨ ਦੀ ਲੋੜ ਨਈਂ। ਮੈਂ ਤਾਂ ਸੱਚੀ ਗੱਲ ਕੀਤੀ ਆ। ਆਹ ਰੋਜ਼ ਅਖਬਾਰਾਂ ‘ਚ ਅਤੇ ਟੀ. ਵੀ. ‘ਤੇ ਇਹਨਾਂ ਦਵਾਈਆਂ ਦੇ ਖਤਰਿਆਂ ਬਾਰੇ ਰੀਪੋਰਟਾਂ ਆਉਂਦੀਆਂ ਰਹਿੰਦੀਆਂ। ਰੋਜ਼ ਉਹ ਅੰਕੜੇ ਦਸਦੇ ਆ ਪਈ ਐਨਿਆਂ ਨੂੰ ਸਕਿੰਨ ਕੈਂਸਰ ਹੋਈ ਆ, ਐਨਿਆਂ ਨੂੰ ਲਿਵਰ ਦੀ ਪ੍ਰਾਬਲਮ ਹੋਈ ਆ। ਐਨਿਆਂ ਦੇ ਫੇਫੜੇ ਗਲੇ ਆ। ਉਹ ਤਾਂ ਦੱਸਦੇ ਆ ਪਈ ਇਹਨਾਂ ਦੇ ਅਸਰ ਨਾਲ ਹਰ ਸਾਲ ਕਈ ਮੌਤਾਂ ਵੀ ਹੁੰਦੀਆਂ।

ਕਰਮ ਸਿੰਘ: ਸੱਚੀਂ ਬਈ ਪ੍ਰੀਤਮ ਸਿੰਹਾਂ ਇਹ ਦੁਆਈਆਂ ਏਨੀਆਂ ਮਾੜੀਆਂ? ਮੈਂ ਤਾਂ ਤੇਰੀਆਂ ਗੱਲਾਂ ਹਾਸੇ ‘ਚ ਈ ਪਾਉਂਦਾ ਰਿਹਾ। ਟੀæ ਵੀæ ਅਖਬਾਰਾਂ ਵਾਲੇ ਇਹਨਾਂ ਦੁਆਈਆਂ ਬਾਰੇ ਸੱਚੀਂ ਏਦਾਂ ਕਹਿੰਦੇ ਆ?

ਫਾਰਮਰ: ਹਾਂਅ ਕਹਿੰਦੇ ਆ ਇਹਦਾ ਸਿਰ।

ਪ੍ਰੀਤਮ ਸਿੰਘ: ਨਾ ਤੇਰਾ ਕੀ ਖਿਆਲ ਆ, ਮੈਂ ਝੂਠ ਬੋਲਦਾਂ?

ਫਾਰਮਰ: ਕੀ ਪਤਾ ਖਰੇ ਬੋਲਦਾ ਈ ਹੋਵੇਂ? ਮੈਂ ਵੀ ਟੀæ ਵੀæ ਦੇਖਦਾਂ, ਮੈਂ ਤਾਂ ਕਦੀ ਇਹੋ ਜਿਹੀਆਂ ਬਹੁਤੀਆਂ ਗੱਲਾਂ ਸੁਣੀਆਂ ਨਈਂ। ਅੱਛਾ ਦੱਸ ਕਦੋਂ ਕਿਹਾ ਉਹਨਾਂ ਨੇ ਇਹ ਸਭ ਕੁੱਛ?

ਪ੍ਰੀਤਮ ਸਿੰਘ: ਰੋਜ਼ ਕਹਿੰਦੇ ਆ।

ਫਾਰਮਰ: ਕੀ ਕਹਿੰਦੇ ਆ? ਕਿੱਥੇ ਕਹਿੰਦੇ ਆ?

ਪ੍ਰੀਤਮ ਸਿੰਘ: ਆ ਬਹਿ ਜਾ ਇੱਥੇ। ਕਰਮ ਸਿੰਹਾਂ, ਤੂੰ ਵੀ ਆਹ ਮਾਰ ਲੈ ਫਲੈਟ ਮੂਧਾ। ਦੇਖੋ ਕੀ ਕਹਿ ਰਹੇ ਨੇ।

(ਪ੍ਰੀਤਮ ਸਿੰਘ ਸਟੇਜ ਦੇ ਇਕ ਪਾਸੇ ਵੱਲ ਇਸ਼ਾਰਾ ਕਰਦਾ ਹੈ। ਉੱਥੇ ਇਕ ਮੇਜ਼ ਤੇ ਦੋ ਕੁਰਸੀਆਂ ਹਨ, ਜਿਨ੍ਹਾਂ ਉੱਪਰ ਇਕ ਟੀ. ਵੀ. ਅਨਾਊਂਸਰ ਬੈਠੀ ਹੈ। ਉਸ ਦੇ ਬਰਾਬਰ ਇਕ ਟੈਲੀਵਿਜ਼ਨ ਸੈੱਟ ਹੈ- ਇਕ ਪਲਾਈਵੁੱਡ ਦੀ ਵੱਡੀ ਸ਼ੀਟ ਵਿੱਚ ਚੌਰਸ ਛੇਕ ਕੱਟ ਕੇ ਤੇ ਉਸ ਉੱਪਰ ਬਟਨ ਪੇਂਟ ਕਰਕੇ ਟੈਲੀਵਿਯਨ ਦਾ ਪ੍ਰਭਾਵ ਪੈਦਾ ਕੀਤਾ ਜਾ ਸਕਦਾ ਹੈ। ਅਨਾਊਂਸਰ ਖਬਰਾਂ ਵਿੱਚ ਕੀੜੇ ਮਾਰ ਦਵਾਈਆਂ ਬਾਰੇ ਰੀਪੋਰਟ ਪੇਸ਼ ਕਰਦੀ ਹੈ।)

ਟੀ. ਵੀ. ਅਨਾਊਂਸਰ: ਗੁੱਡ ਈਵਨਿੰਗ। ਮੇਰਾ ਨਾਂ ਸੋਫੀਆ ਜੈਕਸਨ ਹੈ। ਹੁਣ ਤੁਸੀਂ ਅੱਜ ਦੀਆਂ ਖਬਰਾਂ ਸੁਣੋ। ਅੱਜ ਦੀ ਸਾਰੀ ਦੁਨੀਆ ਵਿੱਚ ਸਨਸਨੀ ਫੈਲਾਉਣ ਵਾਲੀ ਖਬਰ ਇਹ ਹੈ ਕਿ ਸੱਭ ਦੇ ਹਰਮਨ ਪਿਆਰੇ ਪ੍ਰਿੰਸਿਸ ਡਾਇਨਾ ਤੇ ਪ੍ਰਿੰਸ ਫਿਲਿਪ ਦੇ ਵਿਆਹੁਤਾ ਜੀਵਨ ਵਿਚ ਦੂਰੋਂ ਇਕ ਤ੍ਰੇੜ ਦੇਖੀ ਗਈ। ਸਾਡੇ ਪ੍ਰੀਮੀਅਰ ਵੈਂਡਰ ਜ਼ੈਮ ਨੇ ਇਸ ਲਈ ਕਾਫੀ ਫਿਕਰ ਜ਼ਾਹਰ ਕੀਤਾ ਹੈ ਅਤੇ ਉਨ੍ਹਾਂ ਨੇ ਸ਼ਾਹੀ ਜੋੜੇ ਦੇ ਵਿਚਕਾਰਲੇ ਮਨ-ਮਿਟਾਵ ਨੂੰ ਦੂਰ ਕਰਨ ਲਈ ਸ਼ਾਹੀ ਜੋੜੇ ਨੂੰ ਆਪਣੀ ਲਿਲੀਅਨ ਦੇ ਫੈਂਟਸੀ ਬਾਗ ਵਿੱਚ ਆ ਕੇ ਛੁੱਟੀਆਂ ਗੁਜ਼ਾਰਨ ਦੀ ਪੇਸ਼ਕਸ਼ ਕੀਤੀ ਹੈ। ਵਸ਼ਿੰਗਟਨ ਤੋਂ ਇਕ ਖਬਰ ਮੁਤਾਬਕ ਪ੍ਰਧਾਨ ਰੇਗਨ ਪਿਛਲੀ ਰਾਤੇ ਬਾਰਾਂ ਘੰਟੇ ਗੂਹੜੀ ਨੀਂਦ ਸੁੱਤੇ ਹਨ। ਵਾਈਟ ਹਾਊਸ ਦੇ ਬੁਲਾਰੇ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਅੱਜ ਪ੍ਰਧਾਨ ਰੇਗਨ ਆਪਣੇ ਓਵਲ ਆਫਿਸ ਵਿੱਚ ਨਹੀਂ ਸੌਣਗੇ। ਪ੍ਰੋਗਰਾਮ ਦੇ ਅੱਗੇ ਜਾ ਕੇ ਪ੍ਰੀਮੀਅਰ ਵੈਂਡਰ ਜ਼ੈਮ ਦੀ ਨਵੀਂ ਫਿਲਮ ਵਿੱਚੋਂ ਕੁਝ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ। ਪਰ ਉਸ ਤੋਂ ਪਹਿਲਾਂ ਖੇਤਾਂ ਵਿੱਚ ਵਰਤੀਆਂ ਜਾਂਦੀਆਂ ਕੀੜੇ ਮਾਰ ਦਵਾਈਆਂ ਬਾਰੇ ਇਕ ਰਿਪੋਰਟ:

ਖੇਤਾਂ ‘ਚ ਵਰਤੀਆਂ ਜਾਂਦੀਆਂ ਕੀਟ-ਨਾਸ਼ਕ ਦਵਾਈਆਂ ਅੱਜ ਕੱਲ੍ਹ ਕਾਫੀ ਚਰਚਾ ਦਾ ਵਿਸ਼ਾ ਹਨ। ਕੁੱਝ ਲੋਕਾਂ ਦਾ ਵਿਚਾਰ ਹੈ ਕਿ ਇਹ ਦਵਾਈਆਂ ਕੰਮ ਕਰਨ ਵਾਲਿਆਂ ਦੀ ਸਿਹਤ ‘ਤੇ ਮਾੜਾ ਅਸਰ ਪਾਉਂਦੀਆਂ ਹਨ ਅਤੇ ਉਹ ਇਹਨਾਂ ਦੀ ਵਰਤੋਂ ‘ਤੇ ਰੋਕ ਲਾਉਣ ਦੀ ਮੰਗ ਕਰਦੇ ਹਨ। ਪਰ ਦੂਜੇ ਲੋਕਾਂ ਦਾ ਕਹਿਣਾ ਹੈ ਕਿ ਇਹ ਦਵਾਈਆਂ ਇੰਨੀਆਂ ਖਤਰਨਾਕ ਨਹੀਂ ਅਤੇ ਇਹਨਾਂ ਦੀ ਵਰਤੋਂ ਵੱਧ ਪੈਦਾਵਾਰ ਦੇ ਨਜ਼ਰੀਏ ਤੋਂ ਨਿਹਾਇਤ ਜ਼ਰੂਰੀ ਹੈ। ਦਵਾਈਆਂ ਦੇ ਖਤਰਿਆਂ ਬਾਰੇ ਬੋਲਦਿਆਂ ਡਾਕਟਰ ਸਕਾਟ ਨੇ ਕਿਹਾ:

(ਡਾਕਟਰ ਸਕਾਟ ਸਟੇਜ ਦੇ ਪਿੱਛਿਓਂ ਆ ਕੇ ਪਲਾਈਵੁੱਡ ਵਿੱਚ ਕੀਤੇ ਛੇਕ ਵਿੱਚੋਂ ਬੋਲਣਾ ਸ਼ੁਰੂ ਕਰਦਾ ਹੈ, ਉਸ ਦਾ ਸਿਰਫ ਮੂੰਹ ਸਿਰ ਹੀ ਦਿਸਦਾ ਹੈ। ਉਹ ਅੰਗਰੇਜ਼ੀ ਵਿੱਚ ਬੋਲਣਾ ਸ਼ੁਰੂ ਕਰਦਾ ਹੈ। ਕੁਝ ਦੇਰ ਬਾਅਦ ਰਿਪੋਰਟਰ ਉਹਨੂੰ ਟੋਕ ਕੇ ਸਰਲ ਬੋਲੀ ਵਿੱਚ ਗੱਲ ਕਰਨ ਲਈ ਕਹਿੰਦੀ ਹੈ।)

ਡਾਕਟਰ ਸਕਾਟ: ਵੀ ਆਰ ਓਨਲੀ ਬੀਗਿਨਿੰਗ ਟੂ ਐਪਰੀਸ਼ੀਏਟ ਦੀ ਮੈਗਨੀਚਿਊਡ ਆਫ ਦਾ ਪਰਾਬਲਮ ਆਫ ਸਬ-ਅਕਿਊਟ ਐਕਸਪੋਜ਼ਰਜ਼, ਕਾਰਸੀਨੋਜੈਨਿਕ, ਮਿਊਟਾਜੈਨਿਕ, ਟੈਰਾਟੂਜੈਨਿਕ ਅਫੈਕਟ, ਔਰ ਲੌਂਗ ਟਰਮ ਨਿਓਰੋਲੌਜੀਕਲ ਐਂਡ ਬੀਹੇਵਔਰੀਅਲ ਡਿਸਆਰਡਰਜ਼ ਵਿਚ ਮੇ ਅਰਾਈਜ਼ ਡਿਊਰਿੰਗ ਪ੍ਰੋਡਕਸ਼ਨ, ਐਪਲੀਕੇਸ਼ਨ ਐਂਡ ਯੂਜ਼ ਆਫ ਪੈਸਟੀਸਾਈਡਜ਼।

ਅਨਾਊਂਸਰ: (ਡਾਕਟਰ ਸਕਾਟ ਨੂੰ ਟੋਕ ਕੇ) ਐਕਸਕਿਊਜ਼ ਮੀ ਡਾਕਟਰ, ਕੀ ਤੁਸੀਂ ਸਾਡੇ ਸ੍ਰੋਤਿਆਂ ਦੀ ਸੌਖ ਲਈ ਗੱਲਬਾਤ ਸਰਲ ਬੋਲੀ ਵਿੱਚ ਕਰ ਸਕਦੇ ਹੋ?

ਡਾਕਟਰ ਸਕਾਟ: ਸ਼ੂਅਰ ਸ਼ੂਅਰ! ਮੈਂ ਕਹਿ ਰਿਹਾ ਸਾਂ…

ਅਨਾਊਂਸਰ: ਤੇ ਹੁਣ ਪੇਸ਼ ਹਨ ਦਵਾਈਆਂ ਬਣਾਉਣ ਵਾਲੀ ਫਰਮ ਦੇ ਪ੍ਰੈਜ਼ੀਡੈਂਟ।

(ਪ੍ਰੈਜ਼ੀਡੈਂਟ ਸਟੇਜ ‘ਤੇ ਜਕਦਾ ਜਕਦਾ ਆਉਂਦਾ ਹੈ।)

ਪ੍ਰੈਜ਼ੀਡੈਂਟ: ਆ ਆ ਇਹਦੇ ਬਾਰੇ ਆ… ਪਰ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ, ਅਸੀਂ ਜੋ ਵੀ ਕਰਦੇ ਆਂ, ਲੋਕਾਂ ਦੀ ਤੇ ਸਮਾਜ ਦੀ ਭਲਾਈ ਲਈ ਕਰਦੇ ਹਾਂ। ਆਹ ਪੈਸਟੀਸਾਈਡ ਬਾਰੇ ਆ ਆ ਸਾਡੇ ਵਕੀਲ ਤੇ ਡਾਕਟਰ ਲੋੜੀਂਦੀ ਜਾਣਕਾਰੀ ਦੇ ਚੁੱਕੇ ਹਨ।

ਅਨਾਊਂਸਰ: ਪਰ ਸਰ ਤੁਸੀਂ ਫਰਮ ਦੇ ਮਾਲਕ ਤੇ ਪ੍ਰਧਾਨ ਹੋਣ ਨਾਤੇ ਕੀ ਕਹਿਣਾ ਚਾਹੁੰਦੇ ਹੋ?

ਪ੍ਰੈਜ਼ੀਡੈਂਟ: (ਆਲਾ ਦੁਆਲਾ ਦੇਖਦੇ ਹੋਏ) ਨੋ ਕੁਮੈਂਟ। (ਉਹ ਇੰਨਾ ਕਹਿ ਕੇ ਸਟੇਜ ਤੋਂ ਦੌੜ ਜਾਂਦਾ ਹੈ।)

ਅਨਾਊਂਸਰ: ਇਸ ਮਸਲੇ ਵਿੱਚ ਸਰਕਾਰ ਦਾ ਪੱਖ।

ਸਰਕਾਰ: (ਸਰਕਾਰ ਦਾ ਨੁਮਾਇੰਦਾ ਆਪਣੇ ਪੂਰੇ ਦੰਦ ਦਿਖਾਲਦਾ ਆ ਹਾਜ਼ਰ ਹੁੰਦਾ ਹੈ।) ਇਟਸ ਫੈਨਟਾਸਟਿਕ ਟੂ ਵੀ ਹੀਅਰ। ਬ੍ਰਿਟਿਸ਼ ਕੋਲੰਬੀਆ ਬਹੁਤ ਹੀ ਸੁੰਦਰ ਪ੍ਰੌਵਿੰਸ ਹੈ। ਤੁਹਾਨੂੰ ਆਪਣੇ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ ਕਿ ਤੁਸੀਂ ਇੱਥੇ ਹੋ। ਮੈਂ ਸਰਕਾਰ ਦਾ ਨੁਮਾਇੰਦਾ ਹੁੰਦਿਆਂ ਹੋਇਆਂ ਸਾਰੇ ਧਰਮਾਂ ਤੇ ਰੰਗਾਂ ਦੇ ਲੋਕਾਂ ਨੂੰ ਜੀਅ ਆਇਆਂ ਕਹਿੰਦਾ ਹਾਂ। ਇਸ ਪ੍ਰੌਵਿੰਸ ਨੂੰ ਹੋਰ ਸੋਹਣਾ ਬਣਾਉਣ ਲਈ ਸਾਰਿਆਂ ਨੂੰ ਆਪੋ ਆਪਣੀ ਥਾਂ ਕਠਿਨਾਈਆਂ ਦੀ ਪਰਵਾਹ ਕੀਤੇ ਬਿਨਾਂ ਮਿਹਨਤ ਨਾਲ ਕੰਮ ਕਰਨਾ ਚਾਹੀਦਾ ਹੈ। ਤੁਸੀਂ ਖੇਤਾਂ ‘ਚ ਕਰੋ ਮੈਂ ਆਪਣੇ ਦਫਤਰ ‘ਚ ਬਹਿ ਕੇ ਕਰੂੰਗਾ।

ਅਨਾਊਂਸਰ: ਸਰ ਕੀੜੇ ਮਾਰ ਦਵਾਈਆਂ ਦੇ ਮਸਲੇ ਬਾਰੇ ਤੁਹਾਡੀ ਕੀ ਰਾਇ ਹੈ? ਖੇਤ ਮਜ਼ਦੂਰਾਂ ਦੇ ਨੁਮਾਇੰਦੇ ਕਾਫੀ ਦੇਰ ਤੋਂ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਲਈ ਕਹਿ ਰਹੇ ਹਨ।

ਸਰਕਾਰ: ਕਈ ਕੀੜੇ ਸਮਾਜ ਲਈ ਫਾਇਦੇਮੰਦ ਵੀ ਹੁੰਦੇ ਹਨ। ਦਵਾਈਆਂ ਸਮਾਜ ਲਈ ਜ਼ਰੂਰੀ ਹਨ। ਸਮਾਜ ਵੱਖ ਵੱਖ ਕਿਸਮ ਦੇ ਲੋਕਾਂ ਦਾ ਬਣਿਆ ਹੁੰਦਾ ਹੈ। ਇਹ ਸਭ ਲੋਕ ਸਮਾਜ ਦੀ ਬਿਹਤਰੀ ਲਈ ਆਪਣਾ ਹਿੱਸਾ ਪਾਉਂਦੇ ਹਨ। ਯੂਨੀਅਨਾਂ ਵੀ ਮਾੜੀਆਂ ਨਹੀਂ ਹੁੰਦੀਆਂ। ਯੂਨੀਅਨਾਂ ਦੀ ਪ੍ਰਾਬਲਮ ਇਹ ਹੈ ਕਿ ਜਦੋਂ ਇਹ ਆਕਾਰ ਵਿੱਚ ਵੱਧ ਜਾਂਦੀਆਂ ਹਨ ਤਾਂ ਫੇਰ ਠੀਕ ਨਹੀਂ ਰਹਿੰਦੀਆਂ, ਇਹ ਜਿੰਨੀਆਂ ਛੋਟੀਆਂ ਰਹਿਣ, ਉਨੀਆਂ ਹੀ ਠੀਕ ਰਹਿੰਦੀਆਂ ਹਨ। ਇਸ ਕਰਕੇ ਮੈਂ ਇਹਨਾਂ ਦਾ ਸਾਈਜ਼ ਠੀਕ ਰੱਖਣ ਲਈ ਕਈ ਕਾਨੂੰਨ ਬਣਾਏ ਹਨ।

ਅਨਾਊਂਸਰ: ਬਟ ਸਰ ਕੀੜੇ…

ਸਰਕਾਰ: ਵੈਲ ਨੋ ਮੋਰ ਕੁਮੈਂਟ ਦੈਨ ਦੈਟ। (ਅਨਾਊਂਸਰ ਵੱਲ ਦੇਖ ਕੇ ਉਹਦੇ ਕੱਪੜਿਆਂ ਦੀ ਸਿਫਤ ਕਰਦਾ ਹੈ) ਤੇਰੀ ਡਰੈੱਸ ਤਾਂ ਸੱਚੀਂ ਫੈਨਤਾਸਤਿਕ ਆ। ਡੀਅਰ ਇਹ ਕਿੱਥੋਂ ਲਈ ਆ ਤੁਸੀਂ। ਮੈਂ ਇਹਦੇ ਨਾਲ ਦੀ ਡਰੈੱਸ ਕਿਸੇ ਨੂੰ ਗਿਫਟ ਲੈ ਕੇ ਦੇਣੀ ਚਾਹੁੰਦਾ ਹਾਂ।

ਅਨਾਊਂਸਰ: ਓ, ਥੈਂਕ ਯੂ ਸਰ। ਥੈਂਕ ਯੂ ਵੈਰੀ ਮੱਚ। (ਉਹ ਆਪਣਾ ਝੱਗਾ ਜਿਹਾ ਘੁਮਾਉਂਦੀ ਹੈ। ਫੇਰ ਲੋਕਾਂ ਵੱਲ ਮੂੰਹ ਕਰਕੇ ਕਹਿੰਦੀ ਹੈ।) ਕਿੰਨੀ ਚੰਗੀ ਆ ਸਾਡੀ ਸਰਕਾਰ। ਹੈ ਕਿ ਨਹੀਂ ਫੈਨਤਾਸਤਿਕ। ਹੀ, ਹੀ… ਹੀ ਇਜ਼ ਸੱਚ ਏ ਨਾਈਸ ਗਾਈ। ਵੈੱਲ ਵੀ ਹੈਵ ਟੂ ਗੈੱਟ ਬੈਕ ਟੂ ਅਵਰ ਬਿਜ਼ਨੈੱਸ। ਖੇਤ ਮਜ਼ਦੂਰਾਂ ਦੀ ਜਥੇਬੰਦੀ ਦੇ ਨੁਮਾਇੰਦੇ ਨੇ ਕੀੜੇ ਮਾਰ ਦਵਾਈਆਂ ਬਾਰੇ ਆਪਣੇ ਵਿਚਾਰ ਇਸ ਤਰ੍ਹਾਂ ਪੇਸ਼ ਕੀਤੇ।

ਯੂਨੀਅਨ ਦਾ ਨੁਮਾਇੰਦਾ: ਇੱਥੇ ਖੇਤਾਂ ਦਾ ਕੰਮ ਦੂਜਿਆਂ ਕੰਮਾਂ ਵਾਂਗ ਕਾਫੀ ਖਤਰਨਾਕ ਹੈ। ਹਰ ਸਾਲ ਹਜ਼ਾਰਾਂ ਖੇਤ ਮਜ਼ਦੂਰਾਂ ਦਾ ਕੀੜੇ ਮਾਰ ਦਵਾਈਆਂ ਨਾਲ ਵਾਹ ਪੈਂਦਾ ਹੈ। ਇਕ ਸਰਵੇ ਅਨੁਸਾਰ ਕੰਮ ਕਰਨ ਵਾਲਿਆਂ ਵਿੱਚੋਂ ਪੰਜਵਾਂ ਹਿੱਸਾ ਮਜ਼ਦੂਰ ਸਾਹ ਰਾਹੀਂ ਇਹ ਦਵਾਈਆਂ ਅੰਦਰ ਲੰਘਾਉਂਦੇ ਹਨ। ਦਸਾਂ ਵਿੱਚੋਂ ਅੱਠ ਮਜ਼ਦੂਰਾਂ ਦਾ ਇਹਨਾਂ ਦਵਾਈਆਂ ਨਾਲ ਸਿੱਧਾ ਵਾਹ ਪੈਂਦਾ ਹੈ। ਇਸ ਸਰਵੇ ਅਨੁਸਾਰ ਪਚਵੰਜਾ ਫੀਸਦੀ ਕਾਮਿਆਂ ਉੱਪਰ ਕੰਮ ਕਰਦੇ ਸਮੇਂ ਦਵਾਈਆਂ ਛਿੜਕੀਆਂ ਗਈਆਂ ਹਨ। ਦਸਾਂ ਵਿੱਚੋਂ ਸੱਤ ਜਣੇ ਇਨ੍ਹਾਂ ਦੇ ਅਸਰ ਨਾਲ ਬੀਮਾਰ ਹੋਏ ਹਨ। ਇਹਨਾਂ ਸਾਰੇ ਕਾਰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਕਈ ਸਾਲਾਂ ਤੋਂ ਮੰਗ ਕਰ ਰਹੇ ਹਾਂ ਕਿ ਕੰਪਨਸੇਸ਼ਨ ਬੋਰਡ ਦੂਜੀਆਂ ਇੰਡਸਟਰੀਆਂ ਵਾਂਗ ਖੇਤਾਂ ਵਿੱਚ ਵੀ ਇਨ੍ਹਾਂ ਦੀ ਰੋਕਥਾਮ ਲਈ ਕਾਨੂੰਨ ਬਣਾਵੇ। ਪਰ ਬੋਰਡ ਸਾਡੀ ਕਿਸੇ ਵੀ ਗੱਲ ਵਲ ਧਿਆਨ ਨਈਂ ਦੇ ਰਿਹਾ। ਵਾਰ ਵਾਰ ਵਾਅਦੇ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਮਜ਼ਦੂਰਾਂ ਵਲੋਂ ਇਸ ਬਾਰੇ ਕੋਈ ਖਾਸ ਸ਼ਿਕਾਇਤ ਨਹੀਂ ਕੀਤੀ ਜਾਂਦੀ। ਪਰ ਉਹ ਭੁੱਲ ਜਾਂਦੇ ਹਨ ਕਿ ਅਜਿਹਾ ਕਿਉਂ ਹੈ। ਜਿਸ ਕਿਸਮ ਦੀਆਂ ਅਸੁਰੱਖਿਅਤ ਹਾਲਤਾਂ ਵਿੱਚ ਮਜ਼ਦੂਰ ਕੰਮ ਕਰਦੇ ਹਨ, ਉਹਨਾਂ ਲਈ ਸ਼ਿਕਾਇਤ ਕਰ ਸਕਣਾ ਸੰਭਵ ਹੀ ਨਹੀਂ। ਬੋਰਡ ਵਾਲੇ ਇਕ ਗੱਲ ਹੋਰ ਕਹਿੰਦੇ ਹਨ ਕਿ ਫਾਰਮਰ ਆਪਣੇ ਖੇਤਾਂ ਵਿੱਚ ਇਹਨਾਂ ਦਵਾਈਆਂ ਦੀ ਰੋਕਥਾਮ ਲਈ ਆਪ ਪ੍ਰਬੰਧ ਕਰਨਗੇ। ਪਰ ਜਿਹਨਾਂ ਫਾਰਮਰਾਂ ਦੇ ਖੇਤਾਂ ਵਿੱਚ ਮਜ਼ਦੂਰਾਂ ਦੇ ਰਹਿਣ ਵਾਲੇ ਪੱਚੀ ਫੀਸਦੀ ਕੈਬਿਨਾਂ ਉੱਪਰ ਸਪਰੇਅ ਕਰ ਦਿੱਤਾ ਜਾਂਦਾ ਹੋਵੇ, ਜਿਹਨਾਂ ਫਾਰਮਰਾਂ ਦੇ ਖੇਤਾਂ ਵਿੱਚ ਦਵਾਈਆਂ ਛਿੜਕਣ ਤੋਂ ਬਾਅਦ ਮਜ਼ਦੂਰਾਂ ਲਈ ਹੱਥ ਧੋਣ ਦਾ, ਸ਼ਾਵਰ ਲੈਣ ਦਾ ਪ੍ਰਬੰਧ ਨਾ ਹੋਵੇ, ਅਤੇ ਜਿਹਨਾਂ ਫਾਰਮਰਾਂ ਦੇ ਖੇਤਾਂ ਵਿੱਚ ਮਜ਼ਦੂਰਾਂ ਨੂੰ ਸਪਰੇਅ ਕੀਤੇ ਹੋਏ ਖੇਤਾਂ ਵਿੱਚ ਬੈਠ ਕੇ ਲੰਚ ਕਰਨਾ ਪੈਂਦਾ ਹੋਵੇ, ਅਜਿਹੇ ਫਾਰਮਰਾਂ ਤੋਂ ਆਪਣੇ ਆਪ ਰੋਕਥਾਮ ਦੇ ਪ੍ਰਬੰਧ ਦੀ ਕੀ ਆਸ ਰੱਖੀ ਜਾ ਸਕਦੀ ਹੈ?

ਅਸਲ ਵਿੱਚ ਬਰੋਡ ਉੱਤੇ ਸਰਕਾਰ ਦਬਾਅ ਪਾ ਰਹੀ ਹੈ। ਸਰਕਾਰ ਨੂੰ ਮਜ਼ਦੂਰਾਂ ਦੀ ਸਿਹਤ ਨਾਲੋਂ ਫਾਰਮਰਾਂ ਵੱਲੋਂ ਚੋਣਾਂ ਲਈ ਮਿਲਦੇ ਫੰਡਾਂ ਅਤੇ ਵੋਟਾਂ ਦਾ ਜ਼ਿਆਦਾ ਫਿਕਰ ਹੈ। ਇਸ ਦੇ ਨਾਲ ਹੀ ਖੇਤਾਂ ਵਿੱਚ ਕੰਮ ਕਰਨ ਵਾਲੇ ਜ਼ਿਆਦਾ ਲੋਕ ਘੱਟ ਗਿਣਤੀਆਂ ਦੇ ਲੋਕ ਹਨ, ਸਰਕਾਰ ਨੂੰ ਉਨ੍ਹਾਂ ਦਾ ਬਹੁਤਾ ਫਿਕਰ ਨਹੀਂ।

ਅਨਾਊਂਸਰ: ਵੈੱਲ ਇਹ ਸੀ ਸਾਡੀ ਅੱਜ ਦੀ ਕੀੜੇ ਮਾਰ ਦਵਾਈਆਂ ਬਾਰੇ ਰੀਪੋਰਟ। ਹੁਣ ਅਸੀਂ ਆਪਣਾ ਸਪੈਸ਼ਲ ਪ੍ਰੋਗਰਾਮ ਜਿਹਦੀ ਤੁਸੀਂ ਕਾਫੀ ਬੇਸਬਰੀ ਨਾਲ ਉਡੀਕ ਕਰ ਰਹੇ ਹੋ, ਪੇਸ਼ ਕਰਾਂਗੇ। ਇਸ ਵਿੱਚ ਅਸੀਂ ਮਿਸਟਰ ਵੈਂਡਰਜ਼ਾਮ ਦੀ ਨਵੀਂ ਫਿਲਮ ਦੀਆਂ ਕੁੱਝ ਦਿਲਚਸਪ ਝਾਕੀਆਂ ਪੇਸ਼ ਕਰ ਰਹੇ ਹਾਂ। ਸਾਡੇ ਮਿਸਟਰ ਵੈਂਡਰਜ਼ਾਮ…

ਪ੍ਰੀਤਮ ਸਿੰਘ: ਚੱਲ ਛੱਡ ਬਾਕੀ ਤਾਂ ਐਂਵੀਂ ਇਹਨਾਂ ਦਾ ਬਕਵਾਸ ਈ ਆ।

ਟੈਰੀ ਸਿੰਘ: ਲੈ ਹੁਣ ਤਾਂ ਉਹਨਾਂ ਨੇ ਵਧੀਆ ਇੰਟਰੈਸਟਿੰਗ ਚੀਜ਼ ਦਿਖਾਉਣੀ ਸੀ। ਬਕਵਾਸ ਤਾਂ ਪਹਿਲਾਂ ਸੀ। ਕੋਈ ਸਹੀ ਗੱਲ ਵੀ ਸੀ ਉਹਦੇ ‘ਚ? ਕਿਉਂ ਕਰਮ ਸਿੰਹਾਂ ਪਈ ਕੋਈ ਗੱਲ ਤੇਰੀ ਸਮਝ ‘ਚ?

ਕਰਮ ਸਿੰਘ: ਬਈ ਪਹਿਲਾਂ ਤਾਂ ਕੁਛ ਪਤਾ ਨਈਂ ਲੱਗਾ। ਪਰ ਮਗਰੋਂ ਆ ਕੇ ਆ ਯੂਨੀਅਨ ਆਲੇ ਦੀਆਂ ਗੱਲਾਂ ਕੁਛ ਸਮਝ ਪਈਆਂ। ਬਈ ਬੜਾ ਵਧੀਆ ਬੁਲਾਰਾ ਨਿਕਲਿਆ ਇਹ ਤਾਂ।

ਟੈਰੀ ਸਿੰਘ: ਹਾਂ ਸੁਆਹ ਦਾ ਬੁਲਾਰਾ ਨਿਕਲਿਆ, ਸਾਲਾ ਸਾਰਾ ਝੂਠ ਬੋਲੀ ਜਾਂਦਾ ਸੀ।

ਪ੍ਰੀਤਮ ਸਿੰਘ: ਕਿਹੜੀ ਗੱਲ ਉਹਦੀ ਝੂਠ ਸੀ? ਦੂਰ ਕੀ ਜਾਣਾ, ਤੂੰ ਆਪਣੇ ਫਾਰਮ ਵੱਲ ਈ ਦੇਖ। ਤੇਰੇ ਸਾਹਮਣੇ ਸਾਡੇ ਕੰਮ ਕਰਦਿਆਂ ‘ਤੇ ਛਿੰਦਾ ਇੱਥੇ ਸਪਰੇਅ ਕਰਦਾ ਗਿਆ। ਹੁਣ ਅਸੀਂ ਇੱਥੇ ਈ ਲੰਚ ਖਾਣ ਬਹਿ ਜਾਣਾ। ਸਾਡੇ ਹੱਥ ਮੂੰਹ ਧੋਣ ਲਈ ਵੀ ਇੱਥੇ ਕੋਈ ਪਾਣੀ ਦਾ ਪ੍ਰਬੰਧ ਨਹੀਂ। ਯੂਨੀਅਨ ਆਲਾ ਵੀ ਇਹੋ ਗੱਲਾਂ ਹੀ ਕਹਿੰਦਾ ਸੀ। ਫੇਰ ਦੱਸ ਉਹ ਝੂਠਾ ਕਿਵੇਂ ਹੋਇਆ?

ਟੈਰੀ ਸਿੰਘ: ਝੂਠਾ ਹੋਵੇ ਜਾਂ ਸੱਚਾ ਮੈਨੂੰ ਕਿਸੇ ਸਾਲੇ ਦੀ ਕੋਈ ਪਰਵਾਹ ਨਈਂ। ਸਾਲੇ ਵਿਹਲੇ ਦਫਤਰਾਂ ‘ਚ ਬੈਠੇ ਸਾਨੂੰ ਆ ਕੇ ਮੱਤਾਂ ਦਿੰਦੇ ਆ। ਸਾਨੂੰ ਨਈ ਪਤਾ ਕਿ ਕੀ ਖਤਰਨਾਕ ਆ ਕੀ ਨਈ। ਏਸ ਫਾਰਮ ‘ਚ ਤਾਂ ਜਿੱਦਾਂ ਮੇਰਾ ਜੀ ਕਰੂਗਾ ਮੈਂ ਉਦਾਂ ਈ ਦੁਆਈਆਂ ਛਿੜਕਾਊਂ। ਜਿਹਨੂੰ ਨਈਂ ਪਸੰਦ ਉਹ ਆਪਣਾ ਹੋਰ ਪ੍ਰਬੰਧ ਕਰ ਲਵੇ। ਐਂਵੀਂ ਵਾਧੂ ਦੀ ਟੈਂ ਟੈਂ ਨਾਲ ਮੇਰਾ ਸਿਰ ਨਾ ਖਾਇਆ ਕਰੋ। ਮੇਰੇ ਕੋਲ ਹੈ ਨਈਂ ਟੈਮ ਇਹਨਾਂ ਗੱਲਾਂ ਲਈ। (ਉੱਥੋਂ ਜਾਣ ਲਗਦਾ ਹੈ।)

(ਨਸੀਬ ਕੌਰ ਹਫੀ ਅਤੇ ਘਾਬਰੀ ਹੋਈ ਸਟੇਜ ‘ਤੇ ਦਾਖਲ ਹੁੰਦੀ ਹੈ।)

ਨਸੀਬ ਕੌਰ: ਟੈਰੀ ਸਿੰਹਾਂ ਤੂੰ ਇੱਥੇ ਆਂ। ਮੈਂ ਤੈਨੂੰ ਉਧਰ ਟੋਲਦੀ ਆਈ ਆਂ। ਚੱਲ ਚੰਗਾ ਹੋਇਆ ਤੂੰ ਮਿਲ ਗਿਆਂ। ਚੱਲ ਤੁਰ ਆਪਾਂ ਨੂੰ ਹੁਣੇ ਹਸਪਤਾਲ ਨੂੰ ਜਾਣਾ ਪੈਣਾ। ਚੱਲ ਦਬਾ ਦਬ ਕਰ।

ਕਰਮ ਸਿੰਘ: ਕੀ ਗੱਲ ਹੋਈ ਨਸੀਬ ਕੌਰੇ ਤੂੰ ਇੰਨੀ ਘਾਬਰੀ ਹੋਈ ਕਿਉਂ ਆਂ ਭਾਈ। ਬਿੰਦਰ ਤਾਂ ਠੀਕ ਠਾਕ ਆ ਕਿ ਨਈਂ?

ਪ੍ਰੀਤਮ ਸਿੰਘ: ਤੂੰ ਹਸਪਤਾਲ ਗਈ ਸੀ, ਕੀ ਹਾਲ ਆ ਮੁੰਡੇ ਦਾ ਹੁਣ?

ਨਸੀਬ ਕੌਰ: ਵੇ ਭਾਈ ਉੱਥੋਂ ਈ ਆਈਂ ਆਂ। ਕੁਛ ਨਾ ਪੁੱਛ ਤੂੰ ਮੁੰਡੇ ਦਾ ਹਾਲ ਤਾਂ। ਉਹਨੂੰ ਤਾਂ ਕੋਈ ਸੁਰਤ ਹੀ ਨਈ। ਕਦੀ ਉਲਟੀਆਂ ਕਰਨ ਲੱਗ ਪੈਂਦਾ ਆ, ਕਦੀ ਸਾਰਾ ਸਰੀਰ ਈ ਖਨੂਹੀ ਜਾਂਦਾ ਆ। ਕਦੀ ਡੌਰ ਭੌਰਿਆ ਆਂਗ ਛੱਤ ਵੱਲ ਦੇਖੀ ਜਾਂਦਾ ਆ। ਜੇ ਬੋਲਦਾ ਆ ਤਾਂ ਕਮਲਿਆਂ ਆਂਗ ਜਬਲੀਆਂ ਮਾਰੀ ਜਾਂਦਾ ਆ। ਮਿੰਟ ਮਿੰਟ ਬਾਅਦ ਉਹਦੀ ਹਾਲਤ ਵਿਗੜੀ ਜਾਂਦੀ ਆ।

ਕਰਮ ਸਿੰਘ: ਡਾਕਟਰ ਕੀ ਦਸਦੇ ਆ? ਨੁਕਸ ਕੀ ਆ ਮੁੰਡੇ ਨੂੰ?

ਨਸੀਬ ਕੌਰ: ਭਾਈ ਮੈਨੂੰ ਤਾਂ ਕੁਛ ਨਈ ਪਤਾ ਲੱਗਾ। ਟੋਨੀ ਨੇ ਦੱਸਿਆ ਪਈ ਡਾਕਟਰ ਕਹਿੰਦੇ ਆ ਆਹ ਕੀੜੇ ਮਾਰ ਦੁਆਈਆਂ ਨਾਲ ਈ ਕੁਛ ਹੋਇਆ। ਉਹ ਕਹਿੰਦੇ ਆ ਪਈ ਮੁੰਡਾ ਸ਼ੈਦ ਈ ਬਚੇ। ਟੋਨੀ ਤੋਂ ਉਹ ਦੁਆਈਆਂ ਦੇ ਨਾਂ ਪੁੱਛਦੇ ਆ। ਉਹਨੂੰ ਆਪ ਕੁਛ ਨਈ ਪਤਾ। ਉਹਨੇ ਇੱਥੇ ਆ ਕੇ ਵੀ ਸ਼ੈੱਡ ‘ਚ ਦੁਆਈਆਂ ਆਲੇ ਪੀਪੇ ਜਿਹੇ ਚੱਕ ਥੱਲ ਕੇ ਦੇਖੇ ਆ, ਪਰ ਕਹਿੰਦਾ ਉਹਨਾਂ ‘ਤੇ ਕੁਛ ਲਿਖਿਆ ਈ ਨਈਂ। ਇਸੇ ਕਰਕੇ ਮੈਂ ਟੈਰੀ ਸਿੰਹੁ ਨੂੰ ਲੈਣ ਆਈ ਆਂ। ਡਾਕਟਰ ਕਹਿੰਦੇ ਆ ਜੇ ਦੁਆਈਆਂ ਦਾ ਪਤਾ ਹੋਵੇ ਤਾਂ ਸ਼ੈਦ ਕੁਛ ਕਰ ਸਕਣ। (ਟੈਰੀ ਨੂੰ ਬਾਹੋਂ ਫੜ ਕੇ ਖਿੱਚਦੀ ਹੈ) ਚੱਲ ਚੱਲ ਮੇਰਾ ਵੀਰ ਦੌੜ ਕੇ।

(ਉਹ ਦੋਵੇਂ ਕਾਹਲੀ ਕਾਹਲੀ ਜਾਂਦੇ ਹਨ।)

ਪ੍ਰੀਤਮ ਸਿੰਘ: ਲੈ ਹੁਣ ਸੱਚ ਝੂਠ ਦਾ ਪਤਾ ਲੱਗੂ ਇਹਨੂੰ। ਕਹੇ ‘ਤੇ ਨਹੀਂ ਮੰਨਦੀ ਇਹ ਕੌਮ।

ਕਰਮ ਸਿੰਘ: ਬਈ ਮੁੰਡਾ ਤਾਂ ਅਜੇ ਰੀਣ ਭਰ ਆ। ਜੇ ਮੁੰਡੇ ਨੂੰ ਕੁਛ ਹੋ ਗਿਆ ਤਾਂ ਰੱਬ ਮਾੜੀ ਕਰੂਗਾ ਉਹਦੇ ਘਰਦਿਆਂ ਦੇ ਨਾਲ।

ਪ੍ਰੀਤਮ ਸਿੰਘ: ਕਰਮ ਸਿੰਹਾਂ ਰੱਬ ਨੂੰ ਤੁਸੀਂ ਜ਼ਰੂਰ ਵਿੱਚ ਘਸੋੜ ਲਿਆਉਂਦੇ ਆਂ। ਜਦ ਤੁਸੀਂ ਸ਼ਰੇਆਮ ਜ਼ਹਿਰ ਨਾਲ ਖੇਡਣਾ ਆਂ ਤਾਂ ਫੇਰ ਬੀਮਾਰੀਆਂ ਤਾਂ ਲਗਣੀਆਂ ਈ ਲਗਣੀਆਂ। ਮੌਤਾਂ ਵੀ ਹੋਣਗੀਆਂ। ਮੈਂ ਸਵੇਰ ਦਾ ਰੌਲੀ ਪਾਈ ਜਾਂਦਾ ਪਈ ਮੁੰਡਾ ਕੀੜੇ ਮਾਰ ਦਵਾਈਆਂ ਕਰਕੇ ਬੀਮਾਰ ਹੋਇਆ। ਆਹ ਹੁਣ ਡਾਕਟਰਾਂ ਨੇ ਵੀ ਕਹਿ ਦਿੱਤਾ। ਤੁਹਾਨੂੰ ਯਕੀਨ ਹੁਣ ਮੁੰਡੇ ਮਰੇ ‘ਤੇ ਆਊਗਾ।

ਕਰਮ ਸਿੰਘ: ਬਈ ਮੈਨੂੰ ਤਾਂ ਪ੍ਰੀਤਮ ਸਿੰਹਾਂ ਕੁਛ ਨਈਂ ਸੀ ਪਤਾ ਇਹਨਾਂ ਬਾਰੇ। ਮੈਂ ਤਾਂ ਐਵੀਂ ਮਖੌਲ ਈ ਸਮਝਦਾ ਰਿਹਾ। ਹੁਣ ਮੈਨੂੰ ਯਕੀਨ ਆਉਂਦਾ ਪਈ ਤੇਰੀਆਂ ਸਾਰੀਆਂ ਗੱਲਾਂ ਠੀਕ ਆ।

(ਛਿੰਦਾ ਦਾਖਲ ਹੁੰਦਾ ਹੈ।)

ਛਿੰਦਾ: ਐਂਟੀ ਤੇ ਬਾਸ ਐਂਕਲ ਬੜੇ ਘਾਬਰੇ ਜਿਹੇ ਦੌੜੇ ਗਏ ਆ, ਕੀ ਗੱਲ ਹੋਈ?

ਕਰਮ ਸਿੰਘ: ਉਹ ਭਰਾਵਾ ਗੱਲ ਕੀ ਹੋਣੀ ਆਂ। ਨਸੀਬ ਕੌਰ ਹਸਪਤਾਲੋਂ ਆਈ ਸੀ, ਕਹਿੰਦੀ ਬਿੰਦਰ ਬਹੁਤ ਢਿੱਲਾ ਹੋ ਗਿਆ।

ਛਿੰਦਾ: ਅੱਛਾ ਉਹਨੂੰ ਇੰਨੀ ਛੇਤੀਂ ਕੀ ਹੋ ਗਿਆ?

ਪ੍ਰੀਤਮ ਸਿੰਘ: ਤੈਨੂੰ ਵੀ ਪਤਾ ਲੱਗ ਜਾਊ, ਜੇ ਤੂੰ ਵੀ ਆਪਣੇ ਬਾਸ ਅੰਕਲ ਦੀਆਂ ਯਬਲੀਆਂ ਨੂੰ ਈ ਸੱਚ ਮੰਨਦਾ ਰਿਹਾ ਬਈ ਇਹਨਾਂ ਦਵਾਈਆਂ ਦਾ ਕੋਈ ਡਰ ਨਹੀਂ।

ਛਿੰਦਾ: (ਥੋੜ੍ਹਾ ਗੁੱਸੇ ‘ਚ) ਐਂਕਲ ਤੂੰ ਸਿੱਧੀ ਤਰ੍ਹਾਂ ਗੱਲ ਦੱਸ ਕੀ ਹੋਇਆ ਬਿੰਦਰ ਨੂੰ। ਤੂੰ ਮੇਰੇ ‘ਤੇ ਕਿਉਂ ਚੜ੍ਹੀ ਆਉਨਾਂ?

ਕਰਮ ਸਿੰਘ: ਛਿੰਦਿਆ ਤੂੰ ਆਪਣੇ ਅੰਕਲ ਦੀ ਗੱਲ ਦਾ ਗੁੱਸਾ ਨਾ ਕਰ। ਇਹ ਸੱਚੀ ਗੱਲ ਕਰਦਾ। ਡਾਕਟਰ ਕਹਿੰਦੇ ਆ ਪਈ ਬਿੰਦਰ ਕੀੜੇ ਮਾਰ ਦੁਆਈਆਂ ਨਾਲ ਈ ਬੀਮਾਰ ਹੋਇਆ। ਉਹਦੇ ਬਚਣ ਦਾ ਵੀ ਪੱਕਾ ਨਈਂ ਪਤਾ। ਮੈਂ ਵੀ ਤੇਰੇ ਆਂਗ ਟੈਰੀ ਸਿੰਹੁ ਦੀਆਂ ਗੱਲਾਂ ਦਾ ਈ ਯਕੀਨ ਕਰਦਾ ਰਿਹਾ ਪਈ ਦੁਆਈਆਂ ਦਾ ਕੋਈ ਖਤਰਾ ਨਹੀਂ। ਪਰ ਹੁਣ ਗੱਲ ਦੀ ਸਮਝ ਲੱਗੀ ਆ ਪਈ ਟੈਰ ਿਸਿੰਹੁ ਨੂੰ ਖਤਰਾ ਕਿਉਂ ਨਹੀਂ। ਉਹ ਕਿਉਂ ਵਾਧੂ ਪੈਸੇ ਖਰਚ ਕੇ ਤੁਹਾਨੂੰ ਮਾਸਕ ਲਿਆ ਕੇ ਦੇਵੇ, ਗਲੱਬ ਲਿਆ ਕੇ ਦੇਵੇ। ਕਿਉਂ ਤੁਹਾਡੇ ਹੱਥ ਧੋਣ ਲਈ ਪਾਣੀ ਦਾ ਪ੍ਰਬੰਧ ਕਰੇ, ਤੁਹਾਡੇ ਲਈ ਲੰਚ ਰੂਮ ਬਣਾਵੇ। ਇਹ ਸਭ ਕਰਨ ਲਈ ਤਾਂ ਪੈਸੇ ਖਰਚ ਹੁੰਦੇ ਆ। ਉਹ ਕਿਉਂ ਪੈਸੇ ਖਰਚੇ, ਉਹਨੇ ਕਿਹੜੀਆਂ ਆਪ ਦੁਆਈਆਂ ਛਿੜਕਾਉਣੀਆਂ। ਤਾਂਹੀਓਂ ਤਾਂ ਉਹ ਕਹਿੰਦਾ ਪਈ ਇਹਨਾਂ ਦਾ ਕੋਈ ਖਤਰਾ ਨਹੀਂ। ਉਹਨੂੰ ਤਾਂ ਚੌਂਹ ਡਾਲਰਾਂ ‘ਤੇ ਵਥੇਰੇ ਮਿਲ ਜਾਂਦੇ ਆ ਸਪਰੇਅ ਕਰਨ ਲਈ। ਜੇ ਅੱਜ ਬਿੰਦਰ ਬੀਮਾਰ ਹੋ ਗਿਆ ਤਾਂ ਤੂੰ ਕਰੀ ਜਾਨਾਂ ਆਂ, ਜੇ ਕੱਲ੍ਹ ਨੂੰ ਤੂੰ ਬੀਮਾਰ ਹੋ ਗਿਆ ਤਾਂ ਟੈਰੀ ਸਿੰਹੁ ਕਿਸੇ ਹੋਰ ਨੂੰ ਲੈ ਆਊ, ਘੰਟਿਆਂ ਦਾ ਲਾਲਚ ਦੇ ਕੇ। ਉਹਦਾ ਕੰਮ ਤਾਂ ਚੱਲੀ ਜਾਣਾ, ਜਿੰਨਾ ਚਿਰ ਤੇਰੇ ਮੇਰੇ ਅਰਗਿਆਂ ਨੂੰ ਸਮਝ ਨਈ ਆਉਂਦੀ।

ਪ੍ਰੀਤਮ ਸਿੰਘ: ਕੱਲੀ ਸਮਝ ਦੀ ਗੱਲ ਨਈਂ ਕਰਮ ਸਿੰਹਾਂ, ਆਪਣੇ ਬੰਦਿਆਂ ਨੂੰ ਲਾਲਚ ਬਹੁਤ ਆ। ਡਾਲਰ ਦਿਖਾ ਕੇ ਤਾਂ ਭਾਵੇਂ ਇਹਨਾਂ ਨੂੰ ਕੋਈ ਖੂਹ ‘ਚ ਧੱਕਾ ਦੇ ਦੇਵੇ।

ਕਰਮ ਸਿੰਘ: ਪ੍ਰੀਤਮ ਸਿੰਹਾਂ ਲਾਲਚ ਤੂੰ ਇੱਥੇ ਕੀ ਕਰ ਲਵੇਂਗਾ। ਦੋ ਤਾਂ ਸਾਲੇ ਡਾਲਰ ਬਣਦੇ ਆ ਘੰਟੇ ਦੇ, ਉਹਨਾਂ ਨਾਲ ਕੀ ਕੋਈ ਮਹੱਲ ਉਸਾਰ ਲਊ। ਸਾਲਾ ਮਜ਼ਬੂਰੀ ਨੂੰ ਕਰਨਾ ਪੈਂਦਾ ਕੰਮ ਹੋਰ ਕੀ ਆ। ਹੋਰ ਕਿਤੇ ਮਿਲਦਾ ਨਈ। ਇੱਥੇ ਮਾੜਾ ਜਿਹਾ ਕੁਛ ਕਹੀਏ ਤਾਂ ਅਗਲੇ ਘਰ ਨੂੰ ਤੋਰਨ ਲਈ ਤਿਆਰ ਰਹਿੰਦੇ ਆ। ਨਾ ਸਰਦੇ ਨੂੰ ਮੱਖੀ ਨਿਗਲਣੀ ਪੈਂਦੀ ਆ। ਮਜ਼ਬੂਰੀਆਂ ਮਾਰਦੀਆਂ ਬੰਦੇ ਨੂੰ ਭਾਈ।

ਪ੍ਰੀਤਮ ਸਿੰਘ: ਬਈ ਮਜ਼ਬੂਰੀਆਂ ਤਾਂ ਹੈਗੀਆਂ, ਤੇਰੀ ਗੱਲ ਠੀਕ ਆ। ਪਰ ਬੰਦੇ ਦੀ ਜਾਨ ਨਾਲੋਂ ਤਾਂ ਨਈ ਕੁਛ ਚੰਗਾ। ਆਪਣੀ ਜਾਨ ਦੀ ਤਾਂ ਪਰਵਾਹ ਕਰਨੀ ਚਾਹੀਦੀ ਆ। ਘੱਟੋ ਘੱਟ ਇੱਦਾਂ ਦੇ ਮੌਕੇ ਤਾਂ ਬੰਦੇ ਨੂੰ ਆਪਣੇ ਹੱਕਾਂ ਲਈ ਖੜਨਾ ਚਾਹੀਦਾ। ਪਰ ਆਪਣੇ ਬੰਦਿਆਂ ਤੋਂ ਨਈਂ ਕੋਈ ਆਸ ਕੀਤੀ ਜਾ ਸਕਦੀ। ਇਹਨਾਂ ਦਾ ਤਾਂ ਪੰਥ ਈ ਨਿਆਰਾ। ਲੈ ਆਹ ਹੁਣ ਸੱਭ ਕੁਛ ਛਿੰਦੇ ਦੇ ਸਾਹਮਣੇ ਹੋਇਆ। ਕੋਈ ਹੋਇਆ ਅਸਰ ਇਹਦੇ ‘ਤੇ। ਅਜੇ ਵੀ ਪਿੱਠ ‘ਤੇ ਆਹ ਸਪਰੇਅ ਆਲਾ ਟੈਂਕ ਲਟਕਾਈ ਫਿਰਦਾ। ਲਗਦਾ ਆ ਬਈ ਇਹਨੂੰ ਅਜੇ ਵੀ ਆਪਣੀਆਂ ਗੱਲਾਂ ਦਾ ਕੋਈ ਯਕੀਨ ਨਈਂ। ਇਹਨੂੰ ਆਪਣੇ ਬਾਸ ਅੰਕਲ ਦੀਆਂ ਗੱਲਾਂ ਈ ਸੱਚ ਲਗਦੀਆਂ।

ਛਿੰਦਾ: ਅੰਕਲ ਤੂੰ ਮੈਨੂੰ ਇੰਨਾ ਈ ਕਮਲਾ ਸਮਝਦਾਂ ਪਈ ਮੈਂ ਚਾਰ ਡਾਲਰ ਘੰਟੇ ਬਦਲੇ ਆਪਣੀ ਜਾਨ ਦੇ ਦਊਂਗਾ। ਮੈਂ ਤਾਂ ਉਹਦੇ ‘ਤੇ ਤਾਂ ਯਕੀਨ ਕਰ ਲਿਆ ਪਈ ਉਹ ਕਹਿੰਦਾ ਰਿਹਾ ਮੈਂ ਉਹਦੇ ਲਈ ਉਹਦੇ ਟੋਨੀ ਅਰਗਾ ਈ ਆਂ। ਪਰ ਮੈਨੂੰ ਨਈ ਸੀ ਪਤਾ ਇਹ ਦੁਆਈਆਂ ਇੰਨੀਆਂ ਖਤਰਨਾਕ ਆ। ਮੈਨੂੰ ਵੀ ਅੰਕਲ ਕਰਮ ਸਿੰਹੁ ਆਂਗ ਹੁਣੇ ਈ ਸਾਰੀ ਗੱਲ ਦੀ ਸਮਝ ਲੱਗੀ ਆ। ਲੈ ਹੁਣ ਮੈਂ ਤਾਂ ਕੀ ਇਸ ਫਾਰਮ ‘ਚ ਕੋਈ ਹੋਰ ਵੀ ਬਿਨਾਂ ਸਾਰੀ ਗੱਲਬਾਤ ਜਾਣਿਆ ਸਪਰੇਅ ਨਈ ਕਰਨ ਲੱਗਾ। (ਗੱਲ ਕਰਦਾ ਆਪਣੇ ਪਿਛਿਓਂ ਸਪਰੇਅ ਟੈਂਕ ਲਾਹ ਕੇ ਰੱਖਦਾ ਹੈ।) ਚਲੋ ਮੈਂ ਵੀ ਤੁਹਾਡੇ ਨਾਲ ਆਂ। ਆਪਾਂ ਪੁੱਛਦੇ ਆਂ ਜਾ ਕੇ, ਕਿਉਂ ਉਹ ਸਾਡੀਆਂ ਜਾਨਾਂ ਨਾਲ ਖੇਲਦਾ ਰਿਹਾ? ਕਿਉਂ ਉਹ ਜ਼ਹਿਰ ਦੀਆਂ ਫਸਲਾਂ ਬੀਜਦਾ ਰਿਹਾ?

(ਤਿੰਨੇ ਇਕੱਠੇ ਤੁਰਨ ਦਾ ਐਕਸ਼ਨ ਕਰਦੇ ਹਨ ਅਤੇ ਫਰੀਜ਼ ਹੁੰਦੇ ਹਨ।)

ਸਟੇਜ ‘ਤੇ ਹਨੇਰਾ ਹੁੰਦਾ ਹੈ।

ਵੈਨਕੂਵਰ ਸੱਥ ਵੱਲੋਂ ਨਾਟਕ ‘ਜ਼ਹਿਰ ਦੀ ਫਸਲ’ ਪਹਿਲੇ ਨਾਟਕ ‘ਪਿਕਟ ਲਾਈਨ’ ਦੇ ਨਾਲ ਕਨੇਡੀਅਨ ਫਾਰਮਵਰਕਰਜ਼ ਯੂਨੀਅਨ ਵੱਲੋਂ 1987/88 ਵਿੱਚ ਵਿਉਂਤੇ ਇਕ ਟੂਰ ਵਾਸਤੇ ਤਿਆਰ ਕੀਤਾ ਗਿਆ ਸੀ। ਇਸ ਟੂਰ ਦੌਰਾਨ ਇਹ ਨਾਟਕ ਚਾਰ ਵਾਰ ਪੰਜਾਬੀ ਵਿੱਚ ਅਤੇ ਇਕ ਵਾਰ ਅੰਗਰੇਜ਼ੀ ਵਿੱਚ ਪੇਸ਼ ਕੀਤਾ ਗਿਆ। ਟੂਰ ਦੇ ਅਖੀਰ ‘ਤੇ ਇਹ ਦੋਵੇਂ ਨਾਟਕ ਵੈਨਕੂਵਰ ਦੇ ਮਜ਼ਦੂਰ ਵਰਗ ਦੇ ਮਸ਼ਹੂਰ ਸਲਾਨਾ ਮੇਲੇ ਮੇਅ-ਵਰਕਰਸ ਦੌਰਾਨ ਅੰਗਰੇਜ਼ੀ ਵਿੱਚ ਪੇਸ਼ ਕੀਤੇ ਗਏ। 'ਜ਼ਹਿਰ ਦੀ ਫਸਲ' ਦੀ ਪ੍ਰਦਰਸ਼ਨੀ ਸਮੇਂ ਵੈਨਕੂਵਰ ਸੱਥ ਦੇ ਹੇਠ ਲਿਖੇ ਮੈਂਬਰਾਂ ਨੇ ਹਿੱਸਾ ਲਿਆ।

ਮਨਜੀਤ ਲੇਹਲ
ਮੱਖਣ ਟੁੱਟ
ਮਾਈਕ ਬੈਂਸ
ਅੰਜੂ ਹੁੰਦਲ
ਅਮਨਪਾਲ ਸਾਰਾ
ਹਰਜੀ (ਹਰਜਿੰਦਰ ਸਾਂਗਰਾ)
ਸਾਧੂ ਬਿਨਿੰਗ
ਪਾਲ ਬਿਨਿੰਗ
ਸੁਖਵੰਤ ਹੁੰਦਲ

  • ਮੁੱਖ ਪੰਨਾ : ਪੰਜਾਬੀ ਰਚਨਾਵਾਂ - ਸੁਖਵੰਤ ਹੁੰਦਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਨਾਵਲ, ਨਾਟਕ ਤੇ ਲੇਖ