Yaar (Story in Punjabi) : Ismat Chughtai
ਯਾਰ (ਕਹਾਣੀ) : ਇਸਮਤ ਚੁਗ਼ਤਾਈ
ਜਦੋਂ ਅਕਬਰ ਨੇ ਫਰੀਦਾ ਨੂੰ ਰਿਆਜ਼ ਨਾਲ ਮਿਲਵਾਇਆ ਸੀ, ਉਹਨਾਂ ਦੀ ਨਵੀਂ-ਨਵੀਂ ਸ਼ਾਦੀ ਹੋਈ ਸੀ। ਰਿਆਜ਼ ਭੋਲੀ-ਭਾਲੀ ਸੂਰਤ ਵਾਲਾ ਚੁੱਪੂ ਜਿਹਾ ਮੁੰਡਾ ਸੀ।
“ਅਸੀਂ ਦੋਵੇਂ ਇਕੋ ਗਲੀ ਵਿਚ ਗੋਲੀਆਂ ਤੇ ਕਬੱਡੀ ਖੇਡਦੇ ਵੱਡੇ ਹੋਏ ਸਾਂ। ਸਬੱਬ ਨਾਲ ਕਾਲਜ ਵਿਚ ਵੀ ਸਾਥ ਨਹੀਂ ਸੀ ਛੁੱਟਿਆ...ਫੇਰ ਇਹ ਵੀ ਬੰਬਈ ਆ ਗਿਆ; ਕਿੰਨਾਂ ਅਜੀਬ ਇਤਫ਼ਾਕ ਐ!” ਅਕਬਰ ਨੇ ਕਿਹਾ ਸੀ, “ਬਸ, ਜ਼ਰਾ ਬੋਰਿੰਗ ਜਿਹਾ ਬੰਦਾ ਏ।” ਤੇ ਇਹ ਵਾਕ ਵੀ ਨਾਲ ਹੀ ਜੋੜ ਦਿੱਤਾ ਸੀ।
ਸ਼ੁਰੂ-ਸ਼ੁਰੂ ਵਿਚ ਤਿੰਨੇ ਲਗਭਗ ਇਕੱਠੇ ਹੀ ਨਜ਼ਰ ਆਉਂਦੇ—ਸਿਨੇਮੇ ਦੀਆਂ ਤਿੰਨ ਟਿਕਟਾਂ ਖਰੀਦੀਆਂ ਜਾਂਦੀਆਂ; ਹੋਟਲ ਵਿਚ ਤਿੰਨ ਸੀਟਾਂ ਰਿਜ਼ਰਵ ਕਰਵਾਈਆਂ ਜਾਂਦੀਆਂ। ਰਿਆਜ਼ ਦਾ ਨਾਲ ਹੋਣਾ ਵੀ ਜ਼ਰੂਰੀ ਸਮਝਿਆ ਜਾਂਦਾ ਸੀ। ਫੇਰ ਜਿਵੇਂ-ਜਿਵੇਂ ਸ਼ਾਦੀ ਪੁਰਾਣੀ ਹੁੰਦੀ ਗਈ ਤੇ ਅਕਬਰ ਦੇ ਰੁਝੇਵੇਂ ਵਧਦੇ ਗਏ—ਫਰੀਦਾ ਤੇ ਰਿਆਜ਼ ਦਾ ਸਾਥ ਵਧਦਾ ਗਿਆ। ਅਕਬਰ ਤਾਂ ਨਵੇਂ ਦੋਸਤਾਂ ਤੇ ਨਵੇਂ ਰੁਝੇਵਿਆਂ ਕਾਰਨ ਦੇਰ ਨਾਲ ਆਉਂਦੇ—ਰਿਆਜ਼ ਸਿੱਧਾ ਦਫ਼ਤਰੋਂ ਘਰ ਆ ਜਾਂਦਾ। ਚਾਹ ਪੀ ਕੇ ਅਖ਼ਬਾਰ ਜਾਂ ਕੋਈ ਮੈਗਜ਼ੀਨ ਦੇਖਦਾ, ਕਦੀ ਦੋਵੇਂ ਕੈਰਮ ਜਾਂ ਤਾਸ਼ ਖੇਡਣ ਲੱਗਦੇ, ਕਦੀ ਕਿਸੇ ਸਹੇਲੀ ਨੂੰ ਮਿਲਣ ਜਾਣਾ ਹੁੰਦਾ ਤੇ ਅਕਬਰ ਨੇ ਦੇਰ ਨਾਲ ਆਉਣਾ ਹੁੰਦਾ ਤਾਂ ਉਹ ਰਿਆਜ਼ ਨੂੰ ਨਾਲ ਲੈ ਜਾਂਦੀ। ਅਕਬਰ ਤਾਂ ਕਦੀ ਕਦੀ ਔਰਤਾਂ ਦੀਆਂ ਬੇਅਰਥ ਗੱਲਾਂ ਤੋਂ ਉਕਤਾ ਕੇ ਟਲ ਵੀ ਆਉਂਦੇ, “ਤੂੰ ਰਿਆਜ਼ ਨਾਲ ਵਾਪਸ ਆ ਜਾਵੀਂ।”
ਤੇ ਉਹ ਰਿਆਜ਼ ਨਾਲ ਵਾਪਸ ਆ ਜਾਂਦੀ।
ਸ਼ਾਦੀ ਪੁਰਾਣੀ ਹੁੰਦੀ ਗਈ, ਪਰ ਰਿਆਜ਼ ਦਾ ਮਹੱਤਵ ਦਿਨੋਂ-ਦਿਨ ਵਧਦਾ ਗਿਆ। ਫਰੀਦਾ ਨੇ ਜਾਣੇ-ਅਣਜਾਣੇ ਵਿਚ ਹੀ ਪਤੀ ਵਾਲੇ ਸਾਰੇ ਉਪਰਲੇ ਕੰਮ ਰਿਆਜ਼ ਤੋਂ ਲੈਣੇ ਸ਼ੁਰੂ ਕਰ ਦਿੱਤੇ ਸਨ—ਨੌਕਰਾਂ ਦੀ ਮੁਰੰਮਤ; ਰਾਸ਼ਨ ਕਾਰਡ ਬਣਵਾਉਣਾ; ਸ਼ਾਪਿੰਗ ਲਈ ਨਾਲ-ਨਾਲ ਧੱਕੇ ਖਾਣਾ; ਛੋਟੇ-ਛੋਟੇ ਖ਼ਤ ਲਿਖਣਾ; ਬੈਂਕ ਵਿਚ ਰੁਪਏ ਜਮ੍ਹਾਂ ਕਰਵਾ ਆਉਣਾ ਜਾਂ ਕਢਵਾ ਲਿਆਉਣਾ ਤੇ ਹੋਰ ਨਿੱਕੇ-ਮੋਟੇ ਕੰਮ ਕਰਨੇ।
ਇੱਥੋਂ ਤਕ ਕਿ ਜਦੋਂ ਫਰੀਦਾ ਦਾ 'ਮਿਸ ਕੈਰੇਜ਼' ਹੋਇਆ ਤਾਂ ਖੁਸ਼ਕਿਸਮਤੀ ਨਾਲ ਰਿਆਜ਼ ਦਫ਼ਤਰ ਵਿਚ ਮਿਲ ਗਿਆ, ਉਸਨੇ ਆ ਕੇ ਹਸਪਤਾਲ ਪਹੁੰਚਾਇਆ। ਉਸ ਦਿਨ ਅਕਬਰ ਦੇ ਕਿਸੇ ਅਫ਼ਸਰ ਦੀ ਵਿਦਾਇਗੀ ਪਾਰਟੀ ਸੀ। ਜਦੋਂ ਉਹ ਉੱਥੋਂ ਰਾਤ ਦੇ ਦੋ ਵਜੇ ਘਰ ਪਹੁੰਚੇ ਤਾਂ ਬੇਗ਼ਮ ਦੀ ਬਦਹਾਲੀ ਦਾ ਪਤਾ ਲੱਗਿਆ। ਪਰ ਸਵੇਰ ਦੀ ਉਡੀਕ ਕਰਨੀ ਪਈ ਸੀ। ਅਫ਼ਸਰ ਨੂੰ ਸਟੇਸ਼ਨ ਤੋਂ ਵਿਦਾ ਕਰਕੇ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਰਿਆਜ਼ ਦੀ ਉੱਜੜੀ ਸੂਰਤ ਦੇਖ ਕੇ ਉਹਨਾਂ ਦਾ ਰੰਗ ਵੀ ਉੱਡ ਗਿਆ। ਉਹ ਸਾਰੀ ਰਾਤ ਬੈਂਚ ਉੱਤੇ ਬੈਠਾ ਉਂਘਦਾ ਰਿਹਾ ਸੀ...ਅਕਬਰ ਨੇ ਉਸਨੂੰ ਜਬਰਦਸਤੀ ਆਰਾਮ ਕਰਨ ਲਈ ਭੇਜ ਦਿੱਤਾ।
ਉਹਨਾਂ ਨੂੰ ਰੋਜ਼ ਹਸਪਤਾਲ ਜਾਣ ਦੀ ਵਿਹਲ ਨਹੀਂ ਸੀ, ਇਸ ਲਈ ਉਹ ਰਿਆਜ਼ ਨੂੰ ਫ਼ੋਨ ਕਰਕੇ ਦਵਾਈਆਂ ਵਗ਼ੈਰਾ ਖ਼ਰੀਦ ਕੇ ਦੇ ਆਉਣ ਦੀ ਹਦਾਇਤ ਕਰ ਦੇਂਦੇ। ਹਸੀਨ ਇਤਫ਼ਾਕ ਕਹੋ ਜਾਂ ਕਿਸਮਤ ਜਦੋਂ ਉਹ ਠੀਕ ਹੋਈ ਤੇ ਉਸਨੂੰ ਹਸਪਤਾਲੋਂ ਘਰ ਲੈ ਆਉਣ ਲਈ ਮੋਟਰ ਲੈ ਕੇ ਪਹੁੰਚੇ ਤਾਂ ਪਤਾ ਲੱਗਿਆ ਕਿ ਉਹ ਸਵੇਰੇ ਹੀ ਰਿਆਜ਼ ਨਾਲ ਘਰ ਜਾ ਚੁੱਕੀ ਹੈ। ਰਿਆਜ਼ ਨੇ ਦਫ਼ਤਰੋਂ ਛੁੱਟੀ ਲੈ ਲਈ ਸੀ। ਸ਼ਾਮੀਂ ਜਦੋਂ ਅਕਬਰ ਦਫ਼ਤਰੋਂ ਘਰ ਆਏ ਤਾਂ ਰਿਆਜ਼ ਘਰ ਸੰਭਾਲੀ ਬੈਠਾ ਸੀ।
ਫੇਰ ਦਿਨ ਲੰਘਦੇ ਗਏ। ਅਕਬਰ ਦੀ ਬੇਧਿਆਨੀ ਤੇ ਲਾਪ੍ਰਵਾਹੀ ਕਰਕੇ ਕੁਝ ਹੋਰ ਜ਼ਿੰਮੇਵਾਰੀਆਂ ਵੀ ਰਿਆਜ਼ ਦੇ ਮੋਢੇ 'ਤੇ ਆ ਗਈਆਂ। ਉਹ ਅਜੇ ਤਕ ਛੜਾ ਜੋ ਸੀ। ਇਕ ਦੋ ਜਣਿਆਂ ਨੇ ਰਿਸ਼ਤੇ ਦੀ ਗੱਲ ਤੋਰੀ ਵੀ, ਪਰ ਉਹ ਟਾਲ ਗਿਆ ਸੀ, “ਬਈ ਆਪਾਂ ਨੂੰ ਇਹਨਾਂ ਘਰ ਗ੍ਰਹਿਸਤੀ ਦੇ ਚੱਕਰਾਂ ਤੋਂ ਡਰ ਲੱਗਦੈ।” ਤੇ ਗੱਲ ਆਈ ਗਈ ਹੋ ਗਈ ਸੀ। ਅਕਬਰ ਤਾਂ ਹਮੇਸ਼ਾ ਉਸਨੂੰ ਇਹੀ ਨਸੀਹਤ ਕਰਦੇ, “ਮੀਆਂ ਏਸ ਚੱਕਰ 'ਚ ਨਾ ਫਸੀਂ, ਕਿਸੇ ਕੰਮ ਦਾ ਨਹੀਂ ਰਹਿਣਾ। ਆਪਣੀ ਜਿਹੜੀ ਗੱਤ ਹੈ, ਉਹ ਤੂੰ ਵੇਖ ਈ ਰਿਹੈਂ—ਵਿਆਹ ਝੰਜਟ ਈ ਐ ਨਿਰਾ।”
ਫੇਰ ਬਾਲ-ਬੱਚੇ ਹੋਏ। ਅਕਬਰ ਤਾਂ ਬੱਚਿਆਂ ਦੀ 'ਚਿਆਂ-ਪਿਆਂ' ਤੋਂ ਘਬਰਾ ਕੇ ਕੱਲਬ ਚਲੇ ਜਾਂਦੇ ਜਾਂ ਕਿਸੇ ਯਾਰ ਦੋਸਤ ਨਾਲ ਪੀਣ-ਪਿਆਉਣ ਦਾ ਪ੍ਰੋਗਰਾਮ ਬਣਾ ਬਹਿੰਦੇ, ਰਿਆਜ਼ ਦਫ਼ਤਰੋਂ ਸਿੱਧਾ ਉਹਨਾਂ ਦੇ ਘਰ ਚਲਾ ਜਾਂਦਾ। ਬੱਚਿਆਂ ਨਾਲ ਖੇਡਦਾ, ਰੋਂਦੇ ਨਿਆਣੇ ਨੂੰ ਸ਼ਹਿਦ ਚਟਾਉਂਦਾ, ਗਰਾਈਪ ਵਾਟਰ ਦੇ ਦਿੰਦਾ—ਫਰੀਦਾ ਨੂੰ ਅਜਿਹੇ ਪੁੱਠੇ ਸਿੱਧੇ ਕੰਮ ਲੈਣ ਵਿਚ ਬੜਾ ਮਜ਼ਾ ਆਉਂਦਾ ਸੀ। ਉਹ ਬੜੇ ਬੇਤੁਕੇ ਢੰਗ ਨਾਲ ਬੱਚਿਆਂ ਦੇ ਨੇਪਕਿਨ ਬਦਲਦਾ ਜਾਂ ਨੁਹਾਉਣ ਵੇਲੇ ਪਾਣੀ ਪਾਉਂਦਾ ਤਾਂ ਉਹ ਹੱਸ-ਹੱਸ ਕੇ ਲੋਟਪੋਟ ਹੋ ਜਾਂਦੀ...ਪਹਿਲਾਂ-ਪਹਿਲਾਂ ਉਸਨੂੰ ਬੜੀ ਘਬਰਾਹਟ ਹੁੰਦੀ ਸੀ ਤੇ ਉਹ ਸਿਰ ਤੋਂ ਪੈਰਾਂ ਤੀਕ ਆਪ ਵੀ ਭਿੱਜ ਜਾਂਦਾ ਸੀ, ਪਰ ਫਰੀਦਾ ਮੰਨ੍ਹਾਂ ਕਰਦੀ ਤਾਂ ਕਹਿੰਦਾ, “ਕੋਈ ਗੱਲ ਨਹੀਂ।”
“ਵੈਸੇ ਚੰਗਾ ਏ...ਤੂੰ ਇਹ ਕੰਮ ਸਿੱਖ ਲਏਂ ਤਾਂ ਤੇਰੀ ਬੀਵੀ ਨੂੰ ਮੌਜਾਂ ਹੋ ਜਾਣਗੀਆਂ।” ਫਰੀਦਾ ਹੱਸਣ ਲੱਗਦੀ ਤੇ ਰਿਆਜ਼ ਵੀ ਹੱਸ ਪੈਂਦਾ। ਕਦੀ ਕੋਈ ਬੱਚਾ ਬਿਨਾਂ ਕਾਰਨ ਹੀ ਰੋਣ ਲੱਗਦਾ, ਫਰੀਦਾ ਕਿਸੇ ਹੋਰ ਕੰਮ ਵਿਚ ਰੁੱਝੀ ਹੁੰਦੀ ਤਾਂ ਰਿਆਜ਼ ਨੂੰ ਡਾਂਟ ਦੇਂਦੀ, “ਓਇ ਹੋਇ ਕੇਹੇ ਬੇਹੂਦਾ ਮਰਦ ਓ-ਜੀ, ਬੱਚਾ ਰੋ ਰਿਹੈ, ਜ਼ਰਾ ਵਰਾਅ ਵੀ ਲਓ ਨਾ।”
“ਉੱਲੂ ਦੀ ਔਲਾਦ ਚੁੱਪ ਈ ਨਹੀਂ ਕਰਦਾ ਪਿਆ।”
“ਤੇ ਟੁੱਟੇ ਹੱਥਾਂ ਨਾਲ ਚੁੱਕਿਆ ਨਹੀਂ ਜਾਂਦਾ?”
ਤੇ ਉਹ ਬੱਚੇ ਨੂੰ ਚੁੱਕ ਕੇ ਉਸਨੂੰ ਵਰਾਉਣ ਖਾਤਰ ਬਾਂਦਰਾਂ ਵਾਂਗਰ ਅਜੀਬ-ਅਜੀਬ ਹਰਕਤਾਂ ਕਰਨ ਲੱਗ ਪੈਂਦਾ...ਬੱਚਾ ਵਿਰ ਜਾਂਦਾ।
ਜਿਵੇਂ-ਜਿਵੇਂ ਬੱਚੇ ਵੱਡੇ ਹੋਏ ਰਿਆਜ਼ ਦੀਆਂ ਜ਼ਿੰਮੇਵਾਰੀਆਂ ਵੀ ਵਧ ਗਈਆਂ। ਉਹਨਾਂ ਨੂੰ ਕਿਸ ਸਕੂਲ ਵਿਚ ਦਾਖ਼ਲ ਕਰਵਾਉਣਾ ਹੈ? ਓਵਨ ਰਿਆਜ਼ ਦੇ ਕਿਸ ਦੋਸਤ ਰਾਹੀਂ ਸਸਤਾ ਮਿਲ ਸਕਦਾ ਹੈ? ਖੰਡ ਬਲੈਕ ਵਿਚ ਲਿਆਉਣੀ ਪੈਂਦੀ ਤਾਂ ਫਰੀਦਾ ਤੇ ਫਰੀਦਾ ਦੀਆਂ ਸਾਰੀਆਂ ਸਹੇਲੀਆਂ ਲਈ ਰਿਆਜ਼ ਹੀ ਪ੍ਰਬੰਧ ਕਰੇ। ਖ਼ੁਦ ਅਕਬਰ ਇਹਨਾਂ ਕੰਮਾਂ ਤੋਂ ਜੀਅ ਚੁਰਾਉਂਦੇ ਸਨ। ਕਦੀ ਕੋਈ ਅਜਿਹੀ ਫ਼ਿਲਮ ਲੱਗਦੀ, ਜਿਸ ਵਿਚ ਅਕਬਰ ਦੀ ਦਿਲਚਸਪੀ ਨਾ ਹੁੰਦੀ ਤਾਂ ਉਹ ਖ਼ੁਦ ਕਹਿ ਦੇਂਦੇ, “ਤੁਸੀਂ ਰਿਆਜ਼ ਨਾਲ ਜਾ ਕੇ ਦੇਖ ਆਇਓ, ਮੈਨੂੰ ਅਜਿਹੀਆਂ ਫ਼ਿਲਮਾਂ ਚੰਗੀਆਂ ਨਹੀਂ ਲੱਗਦੀਆਂ।”
ਅਕਬਰ ਦੀ ਵਧੇਰੇ ਦਿਲਚਸਪੀ ਪੀਣ-ਪਿਆਉਣ ਵੱਲ ਹੁੰਦੀ ਜਾ ਰਹੀ ਸੀ।
ਸਪਸ਼ਟ ਹੈ ਇਸ ਹਾਲ ਵਿਚ ਰਿਆਜ਼ ਰਾਤ ਦਾ ਖਾਣਾ ਵੀ ਇੱਥੇ ਹੀ ਖਾਣ ਲੱਗਿਆ। ਫਰੀਦਾ ਉਸ ਨਾਲ ਬੱਚਿਆਂ ਨੂੰ ਸੈਰ ਕਰਵਾਉਣ ਲੈ ਜਾਂਦੀ, ਸਰਕਸ ਦਿਖਾ ਲਿਆਉਂਦੀ, ਸ਼ਾਮੀਂ ਦੋਵੇਂ ਰਲ ਕੇ ਬੱਚਿਆਂ ਨਾਲ ਖੇਡਦੇ। ਫੇਰ ਪਿਆਰ-ਪੁਚਕਾਰ ਕੇ ਕੱਪੜੇ ਬਦਲਦੇ ਤੇ ਸੰਵਾਅ ਦੇਂਦੇ। ਅਕਬਰ ਨੂੰ ਇਹਨਾਂ ਝੰਜਟਾਂ ਲਈ ਬਿਲਕੁਲ ਵਿਹਲ ਨਹੀਂ ਸੀ। ਬੱਚੇ ਵੀ ਪਿਓ ਨਾਲ ਨਹੀਂ ਸਨ ਖੁੱਲ੍ਹ ਸਕੇ—ਰਿਆਜ਼ ਦੇ ਮੋਢੇ 'ਤੇ ਚੱੜ੍ਹ ਕੇ 'ਅੰਕਲ ਅੰਕਲ' ਕਰਦੇ ਰਹਿੰਦੇ, ਖਰਚਣ ਲਈ ਪੈਸੇ ਮੰਗਦੇ, ਨਵੀਆਂ-ਨਵੀਆਂ ਫਰਮਾਇਸ਼ਾਂ ਕਰਦੇ, ਅਕਬਰ ਤਾਂ ਫਰੀਦਾ ਨੂੰ ਬੱਸ ਘਰ ਦਾ ਖਰਚਾ ਦੇ ਦੇਂਦੇ ਸਨ। ਉਹਨਾਂ ਨੂੰ ਤੋਹਫ਼ੇ ਦੇਣ ਦੀ ਲੋੜ ਵੀ ਕੀ ਸੀ? ਇਹ ਬੱਚੇ ਵੀ ਤਾੜ ਗਏ ਸਨ।
ਹਨੇਰੀ ਆਵੇ, ਮੀਂਹ ਆਵੇ ਰਿਆਜ਼ ਦੇ ਆਉਣ ਵਿਚ ਨਾਗਾ ਨਹੀਂ ਸੀ ਪੈਂਦਾ—ਜੇ ਕਿਸੇ ਦਿਨ, ਕਿਸੇ ਕਾਰਨ ਕਰਕੇ, ਉਹ ਨਾ ਆਉਂਦਾ ਤਾਂ ਸਾਰਾ ਘਰ ਪ੍ਰੇਸ਼ਾਨ ਹੋ ਜਾਂਦਾ। ਫਰੀਦਾ ਡੌਰ-ਭੌਰ ਜਿਹੀ ਹੋਈ ਫਿਰਦੀ, ਸਾਰੇ ਪ੍ਰੋਗਰਾਮ ਉਲਟੇ-ਪੁਲਟੇ ਹੋ ਜਾਂਦੇ। 'ਖ਼ੁਦਾ ਜਾਣੇ ਰਿਆਜ਼ ਨੂੰ ਕੀ ਹੋ ਗਿਐ...ਕਿਤੇ ਬਿਮਾਰ ਤਾਂ ਨੀਂ ਹੋ ਗਿਆ? ਕੋਈ ਐਕਸੀਡੈਂਟ ਤਾਂ ਨਹੀਂ ਹੋ ਗਿਆ?' ਸੋਚਦੀ ਰਹਿੰਦੀ। ਕਦੀ ਨੌਕਰ ਨੂੰ ਉਸ ਵੱਲ ਦੌੜਾਂਦੀ, ਕਦੀ ਗੁਆਂਢੀਆਂ ਦੇ ਘਰੋਂ ਫ਼ੋਨ ਕਰਦੀ—ਜੇ ਬਦਕਿਸਮਤੀ ਨਾਲ ਰਿਆਜ਼ ਕਿਸੇ ਦੋਸਤ ਨਾਲ ਸਿਨੇਮਾ ਦੇਖਣ ਚਲਾ ਗਿਆ ਹੁੰਦਾ ਤਾਂ ਦੂਜੇ ਦਿਨ ਉਸਦੀ ਸ਼ਾਮਤ ਆ ਜਾਂਦੀ।
“ਕਿੱਥੇ ਮਰ ਗਿਆ ਸੈਂ, ਜਲੀਲ ਆਦਮੀ! ਮੈਨੂੰ ਫ਼ੋਨ ਹੀ ਕਰ ਦਿੱਤਾ ਹੁੰਦਾ ਤਾਂ ਮੈਂ ਏਨੀ ਪ੍ਰੇਸ਼ਾਨ ਤਾਂ ਨਾ ਹੁੰਦੀ। ਫ਼ਿਲਮ ਦੀਆਂ ਟਿਕਟਾਂ ਮੰਗਵਾਈਆਂ ਸਨ, ਬੜੀ ਮੁਸ਼ਕਿਲ ਨਾਲ ਵਾਪਸ ਹੋਈਆਂ ਨੇ...ਜੇ ਨਾ ਹੁੰਦੀਆਂ ਤਾਂ ਤੈਨੂੰ ਪੈਸੇ ਭਰਨੇ ਪੈਣੇ ਸੀ।”
ਬੱਚੇ ਵੀ ਪਿੱਛੇ ਪੈ ਜਾਂਦੇ—'ਅਸੀਂ ਤੁਹਾਡੇ ਨਾਲ ਨਹੀਂ ਬੋਲਣਾ, ਤੁਸੀਂ ਕਲ੍ਹ ਆਏ ਕਿਉਂ ਨਹੀਂ?' ਜੁਰਮਾਨਾ ਵਸੂਲ ਕਰਕੇ ਸੁਲਾਹ ਹੁੰਦੀ ਤੇ ਉਹ ਪੂਰੀ ਪਾਬੰਦੀ ਨਾਲ ਫੇਰ ਆਉਣ ਲੱਗ ਪੈਂਦਾ।
ਜੇ ਕਦੀ ਰਿਆਜ਼ ਦੀ ਤਬੀਅਤ ਖ਼ਰਾਬ ਹੋ ਜਾਂਦੀ ਤਾਂ ਫਰੀਦਾ ਬੱਚਿਆਂ ਨੂੰ ਨਾਲ ਲੈ ਕੇ ਉਸ ਦੇ ਘਰ ਉੱਤੇ ਧਾਵਾ ਬੋਲ ਦੇਂਦੀ। ਉਸਦੀ ਸੇਵਾ ਘੱਟ, ਆਪਣੀ ਜ਼ਿਆਦਾ ਕਰਵਾਉਂਦੀ। ਇਹਨਾਂ ਝਗੜਿਆਂ ਤੋਂ ਜਾਨ ਬਚਾਉਣ ਖਾਤਰ ਰਿਆਜ਼ ਬਿਮਾਰ ਹੁੰਦਿਆਂ ਹੀ ਉਹਨਾਂ ਦੇ ਘਰ ਆਣ ਲੇਟਦਾ।
ਤੇ ਫੇਰ ਇੰਜ ਹੋਣ ਲੱਗਿਆ ਕਿ ਜੇ ਕਿਸੇ ਦਿਨ ਅਕਬਰ ਗਲਤੀ ਨਾਲ ਛੇਤੀ ਘਰ ਆ ਜਾਂਦੇ ਤਾਂ ਬੀਵੀ ਬੱਚੇ ਸਾਰੇ ਹੀ ਘਬਰਾ ਜਾਂਦੇ ਕਿ 'ਇਹਨਾਂ ਉੱਤੇ ਕਿਹੜੀ ਮੁਸੀਬਤ ਆਣ ਪਈ ਹੈ ਬਈ ਏਨੀ ਛੇਤੀ ਘਰ ਆਉਣਾ ਪੈ ਗਿਐ?' ਫਰੀਦਾ ਤੇ ਰਿਆਜ਼ ਦਾ ਪ੍ਰੋਗਰਾਮ ਉਲਟ-ਪੁਲਟ ਹੋ ਜਾਂਦਾ—ਸਿਨੇਮੇ ਦੇ ਦੋ ਟਿਕਟ ਮੰਗਵਾਏ ਹੁੰਦੇ, ਤੀਜਾ ਕਿਸੇ ਹੋਰ ਨੰਬਰ ਦਾ ਮਿਲਦਾ ਤੇ ਯਕੀਨਨ ਰਿਆਜ਼ ਨੂੰ ਅਲੱਗ ਬੈਠਣਾ ਪੈਂਦਾ। ਮਾਰੇ ਸ਼ਰਮਿੰਦਗੀ ਦੇ ਮਜ਼ਾ ਕਿਰਕਿਰਾ ਹੁੰਦਾ ਸੋ ਵੱਖਰਾ ਕਿ ਰੋਜ਼ ਤਾਂ ਜਿੱਥੇ ਚਾਹੇ ਉਸ ਨੂੰ ਘਸੀਟ ਕੇ ਲੈ ਜਾਂਦੀ ਹੈ, ਇਕ ਦਿਨ ਪਤੀ ਆ ਟਪਕੇ ਤਾਂ ਉਸ ਗਰੀਬ ਨੂੰ ਦੁੱਧ 'ਚੋਂ ਮੱਖੀ ਵਾਂਗ ਕੱਢ ਕੇ ਪਰ੍ਹਾਂ ਸੁੱਟ ਦਿੱਤਾ ਗਿਆ।
ਖਾਣੇ ਦੀ ਮੇਜ਼ ਉੱਤੇ ਵੀ ਸਭ ਗੜਬੜ ਹੋ ਜਾਂਦਾ—ਅਕਸਰ, ਅਕਬਰ ਲਈ ਮੇਜ਼ ਉੱਤੇ ਪਲੇਟ ਲਾਈ ਹੀ ਨਹੀਂ ਸੀ ਜਾਂਦੀ। ਰਾਤੀਂ ਦੋ ਢਾਈ ਵਜਾ ਕੇ ਆਉਂਦੇ ਤਾਂ ਆਪਣੇ ਕਮਰੇ ਵਿਚ ਹੀ ਖਾਣੇ ਵਾਲੀ ਟਰੇ ਮੰਗਵਾ ਲੈਂਦੇ। ਜਿਸ ਦਿਨ ਉਹ ਜਲਦੀ ਆ ਜਾਂਦੇ, ਇੰਜ ਲੱਗਦਾ ਕੋਈ ਮਹਿਮਾਨ ਬੇਮੌਕੇ ਆ ਵੜਿਆ ਹੈ। ਜਲਦੀ-ਜਲਦੀ ਉਹਨਾਂ ਲਈ ਜਗ੍ਹਾ ਬਣਾਈ ਜਾਂਦੀ—ਰਿਆਜ਼ ਜਿਹੜਾ ਆਮ ਕਰਕੇ ਫਰੀਦਾ ਦੇ ਨੇੜੇ ਹੀ ਬੈਠਦਾ ਹੁੰਦਾ ਸੀ ਤਾਂਕਿ ਬੱਚਿਆਂ ਨੂੰ ਖਾਣਾ ਦੇਣ ਵਿਚ ਉਸਦੀ ਮਦਦ ਕੀਤੀ ਜਾ ਸਕੇ, ਆਖ਼ਰੀ ਕੁਰਸੀ ਉੱਤੇ, ਦੂਰ ਜਾ ਬੈਠਦਾ। ਬੱਚੇ ਹੈਰਾਨੀ ਨਾਲ ਉਸ ਤਬਦੀਲੀ ਨੂੰ ਵੇਖਦੇ। ਫਰੀਦਾ ਨੂੰ ਬੜੀ ਪ੍ਰੇਸ਼ਾਨੀ ਹੁੰਦੀ ਕਿ ਅਕਬਰ ਬਿਲਕੁਲ ਓਪਰਿਆਂ ਵਾਂਗ ਖਾਂਦੇ ਰਹਿੰਦੇ ਸਨ ਤੇ ਫਰੀਦਾ ਨੂੰ ਇਕੱਲਿਆਂ ਹੀ ਬੱਚਿਆਂ ਨੂੰ ਸੰਭਾਲਨਾ ਪੈਂਦਾ ਸੀ। ਜੇ ਅਕਬਰ ਕੁਝ ਮਦਦ ਕਰਨ ਦੀ ਕੋਸ਼ਿਸ਼ ਕਰਦੇ ਤਾਂ ਹੋਰ ਗੜਬੜ ਹੋ ਜਾਂਦੀ—
“ਓ-ਹੋ! ਏਨੇ ਚਾਵਲ ਇਸ ਦੀ ਪਲੇਟ ਵਿਚ ਪਾ ਦਿੱਤੇ...ਮਾਰੋਗੇ ਕੰਬਖਤ ਨੂੰ। ਉਂਜ ਈ ਇਹਨੂੰ ਖੰਘ ਲੱਗੀ ਹੋਈ ਏ। ਨਾ, ਦਹੀਂ ਨਾ ਦਿਓ। ਓ-ਹੋ ਇਹ ਚਟਨੀ ਤਾਂ ਬੱਚਿਆਂ ਲਈ ਸੀ—ਤੁਸਾਂ ਖ਼ਤਮ ਕਰ ਦਿੱਤੀ।” ਤੇ ਅਕਬਰ ਦੋਸ਼ੀ ਬਣਿਆਂ ਬੈਠਾ ਰਹਿ ਜਾਂਦਾ।
“ਰਿਆਜ਼ ਬੈਠੇ-ਬੈਠੇ ਖ਼ੁਦ ਠੂੰਸ ਰਹੇ ਓ, ਏਨਾ ਨਹੀਂ ਹੁੰਦਾ ਬਈ ਬੱਚਿਆਂ ਨੂੰ ਵੀ ਖੁਆ ਦਿਆਂ। ਮੇਰੇ ਦੋ ਹੱਥ ਨੇ, ਕੀ ਕੀ ਕਰਾਂ?” ਉਹ ਘੁਰਕਦੀ ਤੇ ਬਿੰਦ ਵਿਚ ਹੀ ਰਿਆਜ਼ ਸਾਰੀ ਮੇਜ਼ ਦਾ ਚਾਰਜ ਸਾਂਭ ਲੈਂਦਾ। ਬੜੇ ਹੀ ਹਿਸਾਬ-ਕਿਤਾਬ ਨਾਲ ਉਹ ਖਾਣਾ ਵਰਤਾਉਂਦਾ—ਕਿਸ ਨੂੰ ਕਿਹੜੀ ਬੋਟੀ ਪਸੰਦ ਹੈ, ਅੱਜ ਕਿਸ ਦੀ ਗੁਰਦੇ ਦੀ ਵਾਰੀ ਹੈ, ਕਿਸ ਦੀ ਹੱਡੀ ਦੀ ਵਾਰੀ ਹੈ, ਰਾਇਤਾ ਕਿਸ ਨੂੰ ਮਿਲੇਗਾ, ਕਿਸ ਨੂੰ ਸੂਪ...ਤੇ ਨਾਲੇ ਕਿਸ ਨੂੰ ਧਮਕਾਉਂਣਾ ਹੈ, ਕਿਸ ਨੂੰ ਪੁਚਕਾਰਨਾਂ ਹੈ, ਕਿਸ ਨੂੰ ਜ਼ਰਾ ਵੀ ਘੂਰਿਆ ਗਿਆ ਤਾਂ ਸਾਰੀ ਮੇਜ਼ ਉਲਟ ਦਏਗਾ, ਕਿਹੜਾ ਘੂਰੇ ਬਿਨਾਂ ਭੁੱਖਾ-ਰੋਂਦਾ ਰਹਿ ਜਾਏਗਾ।
ਨਾਲੇ ਉਹ ਚੁਟਕਲੇ ਤੇ ਹਾਸਾ ਮਜ਼ਾਕ—ਰੋਟੀ ਦੀ ਕਹਾਣੀ; ਬੋਟੀ ਦਾ ਕਿੱਸਾ। ਮਿਰਚਾਂ ਦੇ ਚਟਪਟੇ ਚੁਟਕਲੇ—ਅਕਬਰ ਕਦ ਜਾਣਦੇ ਸਨ? ਉਹ ਤਾਂ ਰਿਆਜ਼ ਨੂੰ ਹੀ ਆਉਂਦੇ ਸਨ। ਉਹ ਉਹਨਾਂ ਦਾ ਨਿੱਜੀ ਚੁਹਲ-ਮਜ਼ਾਕ ਜਿਹੜਾ ਬਾਹਰ ਵਾਲੇ ਨਹੀਂ ਸਮਝ ਸਕਦੇ ਸਨ—ਤੇ ਅਕਬਰ ਬਾਹਰ ਵਾਲੇ ਹੀ ਸਨ; ਲੂੰਬੜੀ ਦੀ ਦਾਅਵਤ ਵਿਚ ਸਾਰਖ ਵਾਂਗ ਚੁੱਪ-ਗੜੁੱਪ ਤੇ ਉਕਤਾਏ ਹੋਏ, ਖਾਣਾ ਜ਼ਹਿਰ ਮਾਰ ਕਰਦੇ ਰਹਿੰਦੇ।
ਅਕਬਰ ਦਿੱਲੀ ਨਹੀਂ ਜਾ ਸਕਦੇ ਸਨ। ਛੁੱਟੀਆਂ ਤਾਂ ਸਨ, ਪਰ ਉਹਨੀਂ ਦਿਨੀ ਕ੍ਰਿਕਟ ਮੈਚ ਸ਼ੁਰੂ ਹੋ ਰਹੇ ਸਨ, ਤੇ ਉਹ ਮੈਚਾਂ ਦੇ ਦੀਵਾਨੇ ਸਨ। ਕਦੀ ਰਿਆਜ਼ ਵੀ ਇਹਨਾਂ ਮੈਚਾਂ ਦਾ ਦੀਵਾਨਾ ਹੁੰਦਾ ਹੁੰਦਾ ਸੀ ਪਰ ਕਿਉਂਕਿ ਫਰੀਦਾ ਨੂੰ ਉਹਨਾਂ ਉੱਤੇ ਖਿਝ ਚੜ੍ਹਦੀ ਸੀ, ਸੋ ਉਸ ਨੇ ਕਹਿ-ਕਹਿ ਕੇ ਦਿਲਚਸਪੀ ਮੁਕਾਅ ਦਿੱਤੀ ਸੀ। ਮੈਚ ਆਉਂਦਾ ਤਾਂ ਉਸ ਨੂੰ ਇੰਜ ਮਹਿਸੂਸ ਹੁੰਦਾ—ਉਸ ਦੀ ਜਾਨ ਉਪਰ ਸੌਕਣ ਆਣ ਬੈਠੀ ਹੈ। ਇਸ ਲਈ ਉਸ ਨੇ ਅਜੀਬ-ਅਜੀਬ ਚਾਲਾਂ ਚੱਲ ਕੇ ਰਿਆਜ਼ ਦੀ ਇਹ ਮੈਚ ਵੇਖਣ ਦੀ ਆਦਤ ਛੁਡਵਾਈ—ਉਹ ਉਹਨੀਂ ਦਿਨੀ ਪਿਕਨਿਕ ਦੇ ਪ੍ਰੋਗਰਾਮ ਬਣਾ ਲੈਂਦੀ, ਸਿਨੇਮੇ ਦੇ ਟਿਕਟ ਮੰਗਵਾ ਲੈਂਦੀ, ਹਰ ਵੇਲੇ ਮੈਚ ਦੀਆਂ ਬੁਰਾਈਆਂ ਕਰਦੀ ਰਹਿੰਦੀ। ਡੈਂਟਿਸਟ ਤੋਂ ਸਮਾਂ ਲੈ ਲੈਂਦੀ...ਬਗ਼ੈਰ ਰੜਕਿਆਂ ਰਿਆਜ਼ ਦੀ ਦਿਲਚਸਪੀ ਖ਼ਤਮ ਹੋ ਗਈ। ਹਾਂ, ਤੈਰਾਕੀ ਦਾ ਸ਼ੌਕ ਕਾਇਮ ਰਿਹਾ। ਹਾਲਾਂਕਿ ਫਰੀਦਾ ਨੂੰ ਪਾਣੀ ਤੋਂ ਡਰ ਲੱਗਦਾ ਸੀ, ਪਰ ਉਹ ਬੱਚਿਆਂ ਨਾਲ ਜਾਂਦੀ। ਰਿਆਜ਼ ਬੱਚਿਆਂ ਨੂੰ ਤੈਰਨਾ ਸਿਖਾਉਂਦਾ ਤੇ ਉਹ ਕਿਨਾਰੇ 'ਤੇ ਬੈਠੀ ਸਵੈਟਰ ਬੁਣਦੀ ਰਹਿੰਦੀ।
ਸ਼ੁਰੂ ਸ਼ੁਰੂ ਵਿਚ ਉਸ ਨੇ ਅਕਬਰ ਲਈ ਸਵੈਟਰ ਬੁਣੇ, ਪਰ ਉਹਨਾਂ ਨੇ ਉਹ ਸਵੈਟਰ ਖਾਸ ਤੌਰ 'ਤੇ ਆਪਣੇ ਉਹਨਾਂ ਦੋਸਤਾਂ ਨੂੰ ਦੇ ਦਿੱਤੇ ਜਿਹੜੇ ਫਰੀਦਾ ਨੂੰ ਜ਼ਹਿਰ ਲੱਗਦੇ ਸਨ। ਰਿਆਜ਼ ਨੇ ਵੀਹ ਵੀਹ ਸਾਲ ਪੁਰਾਣੀਆਂ ਚੀਜ਼ਾਂ ਵੀ ਸੰਭਾਲ ਕੇ ਰੱਖੀਆਂ ਹੋਈਆਂ ਸਨ। ਹਰ ਸਾਲ ਉਹ ਇਕ ਨਵੇਂ ਸਵੈਟਰ ਦੇ ਨਾਲ ਪੁਰਾਣੇ ਸਵੈਟਰ ਦੀ ਮੁਰੰਮਤ ਵੀ ਕਰ ਦੇਂਦੀ।
ਇਸ ਦੇ ਬਾਵਜ਼ੂਦ ਵੀ ਅਕਬਰ ਤੇ ਫਰੀਦਾ ਮੀਆਂ-ਬੀਵੀ ਸਨ। ਉਹਨਾਂ ਦੇ ਬੱਚੇ ਹੋਏ ਸਨ; ਉਹ ਇਕੋ ਘਰ ਵਿਚ, ਇਕੋ ਕਮਰੇ ਵਿਚ ਰਹਿੰਦੇ ਸਨ। ਉਹਨਾਂ ਦੇ ਪਲੰਘ ਵਿਚਕਾਰ ਸਿਰਫ ਢਾਈ ਫੁੱਟ ਦਾ ਫਾਸਲਾ ਸੀ। ਸਪਸ਼ਟ ਹੈ ਬੱਚਿਆਂ ਨੂੰ ਲੈ ਕੇ ਫਰੀਦਾ ਦੇ ਇਕੱਲੇ ਦਿੱਲੀ ਜਾਣ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ—ਮਜ਼ਬੂਰਨ ਰਿਆਜ਼ ਦਾ ਟਿਕਟ ਵੀ ਖਰੀਦਿਆ ਗਿਆ।
ਫਰੀਦਾ ਆਪਣੇ ਭਰਾ ਦੇ ਘਰ ਠਹਿਰੀ। ਭਰਾ ਦੇ ਭਾਬੀ ਮੇਰਠ ਕਿਸੇ ਦੋਸਤ ਦੀ ਸ਼ਾਦੀ ਵਿਚ ਗਏ ਹੋਏ ਸਨ ਤੇ ਘਰੇ ਆਪਣੇ ਦੋਵਾਂ ਬੱਚਿਆਂ ਨੂੰ ਛੱਡ ਗਏ ਸਨ। ਦਿੱਲੀ ਵਿਚ ਖ਼ੂਬ ਮਜ਼ੇ ਕੀਤੇ, ਖ਼ੂਬ ਸੈਰਾਂ ਕੀਤੀਆਂ। ਪਿੱਛਲੀ ਵਾਰੀ ਅਕਬਰ ਨਾਲ ਆਈ ਸੀ...ਉਹਨਾਂ ਨੂੰ ਬਾਹਰ ਜਾਣ ਤੋਂ ਬੜੀ ਘਬਰਾਹਟ ਹੁੰਦੀ ਸੀ। ਹੋਟਲ ਵਿਚ ਠਹਿਰੇ ਸਨ। ਸ਼ਾਮ ਹੁੰਦਿਆਂ ਹੀ ਲੋਕ ਸ਼ੁਗਲ ਲਈ ਆਣ ਜੁੜਦੇ, ਬੜੀ ਚਹਿਲ-ਪਹਿਲ ਰਹਿੰਦੀ—ਪਰ ਬੱਚੇ ਨਾਲ ਨਹੀਂ ਸਨ; ਉਹ ਉਹਨਾਂ ਨੂੰ ਰਿਆਜ਼ ਕੋਲ ਛੱਡ ਗਈ ਸੀ। ਬਿਲਕੁਲ ਨਵੇਂ ਹਨੀਮੂਨ ਵਰਗਾ ਮਜ਼ਾ ਆ ਗਿਆ ਸੀ। ਪਰ ਕਦੀ-ਕਦੀ ਬੱਚਿਆਂ ਦੀ ਯਾਦ ਆ ਕੇ ਮਜ਼ਾ ਕਿਰਕਿਰਾ ਕਰ ਦੇਂਦੀ ਸੀ—ਪਰ ਇਸ ਵਾਰੀ ਬੱਚੇ ਨਾਲ ਸਨ, ਅਕਬਰ ਦੀ ਗ਼ੈਰ-ਹਾਜ਼ਰੀ ਉਸ ਨੇ ਵਾਰੀ-ਵਾਰੀ ਮਹਿਸੂਸ ਕੀਤੀ...ਪਰ ਹੁਣ ਤਾਂ ਕੁਝ ਆਦਤ ਜਿਹੀ ਪੈ ਗਈ ਸੀ।
ਰਿਆਜ਼ ਨੇ ਖ਼ੂਬ ਸੈਰ ਕਰਵਾਈ, ਤਸਵੀਰਾਂ ਖਿੱਚੀਆਂ, ਫਰੀਦਾ ਦੀਆਂ, ਖਿੜ-ਖਿੜ ਹੱਸਦੇ ਹੋਏ ਬੱਚਿਆਂ ਦੀਆਂ। ਕਦੀ ਫਰੀਦਾ ਕਹਿੰਦੀ, “ਰਿਆਜ਼ ਤੂੰ ਵੀ ਆ ਜਾ...ਕਿਸੇ ਨੂੰ ਕਹਿ ਬਟਨ ਦਬਾ ਦਏ।” ਤੇ ਰਿਆਜ਼ ਵੀ ਫਰੀਦਾ ਦੇ ਨੇੜੇ ਆਣ ਖੜ੍ਹਾ ਹੁੰਦਾ—ਆਸੇ ਪਾਸੇ ਬੱਚੇ ਹੁੰਦੇ।
ਭਰਾ ਦੇ ਬੱਚੇ ਮਨੂੰ ਤੇ ਸ਼ਹੀਨਾ ਜਿਹੜੇ ਪਹਿਲੀ ਵਾਰੀ ਫਰੀਦਾ ਦੇ ਬੱਚਿਆਂ ਨੂੰ ਮਿਲੇ ਸਨ, ਰਿਆਜ਼ ਨੂੰ ਅੰਕਲ ਕਹਿੰਦੇ ਸਨ ਤੇ ਬੜੇ ਘੁਲ-ਮਿਲ ਗਏ ਸਨ। ਪਰ ਇਕ ਦਿਨ ਸ਼ਹੀਨਾ ਨੇ ਬੜੀ ਹੈਰਾਨੀ ਨਾਲ ਪੁੱਛਿਆ, “ਤੁਸੀਂ ਆਪਣੇ ਡੈਡੀ ਨੂੰ ਅੰਕਲ ਕਿਉਂ ਕਹਿੰਦੇ ਓ?”
“ਕਿਸ ਨੂੰ?”
“ਅੰਕਲ ਰਿਆਜ਼ ਨੂੰ...”
“ਸਿੱਲੀ...ਅੰਕਲ ਰਿਆਜ਼, ਸਾਡੇ ਅੰਕਲ ਨੇ।”
“ਅੱਛਾ! ਇਹ ਤੁਹਾਡੇ ਡੈਡੀ ਨਹੀਂ?” ਸ਼ਹੀਨਾ ਨੇ ਭੋਲੇ ਪਨ ਨਾਲ ਪੁੱਛਿਆ ਤੇ ਬੱਚਿਆਂ ਨੇ ਉਸ ਦਾ ਬੜਾ ਮਜ਼ਾਕ ਉਡਾਇਆ—“ਅੰਕਲ ਇਹ ਤੁਹਾਨੂੰ ਸਾਡੇ ਡੈਡੀ ਸਮਝਦੀ ਏ...ਉੱਲੂ ਕਿਤੋਂ ਦੀ।”
ਰਿਆਜ਼ ਕੱਚਾ ਜਿਹਾ ਹੋ ਕੇ, ਕੱਚਾ-ਜਿਹਾ ਹਾਸਾ, ਹੱਸਿਆ, ਫਰੀਦਾ ਦਾ ਵੀ ਹਾਸਾ ਨਿਕਲ ਗਿਆ।
“ਤਾਂ ਕੀ ਤੂੰ ਮੇਰੀ ਬੇਟੀ ਨਹੀਂ?” ਰਿਆਜ਼ ਨੇ ਕਿਹਾ।
“ਪਰ...” ਬੱਚੀ ਦੀ ਸਮਝ ਵਿਚ ਨਹੀਂ ਸੀ ਆ ਰਿਹਾ ਕਿ ਆਪਣੀ ਗੱਲ ਕਿੰਜ ਸਮਝਾਵੇ।
“ਜਾਹ ਭੰਗਣੇ ਤੂੰ ਮੇਰੀ ਬੇਟੀ ਨਹੀਂ...ਹੁਣ ਮੰਗੀ ਫੇਰ ਚਾਕਲੇਟ।”
“ਊਂ...ਬੇਟੀ ਤਾਂ ਹਾਂ ਤੁਹਾਡੀ।” ਬੱਚੀ ਉਸ ਦੇ ਗਲ਼ ਨਾਲ ਝੂਟ ਗਈ ਸੀ।
ਫਰੀਦਾ ਦੀ ਸਹੇਲੀ ਨੇ ਖਾਣੇ ਦਾ ਸੱਦਾ ਦਿੱਤਾ, “ਬੱਚਿਆਂ ਦਾ ਕੀ ਕੀਤਾ ਜਾਏ!”
“ਕੱਲ੍ਹ ਅਲਮ-ਸਲਮ ਖਾਣ ਨਾਲ ਗਲ਼ਾ ਦਰਦ ਹੋ ਰਿਹੈ...ਤੂੰ ਚਲੀ ਜਾਵੀਂ ਮੈਂ, ਬੱਚਿਆਂ ਨੂੰ ਸੰਭਾਲ ਲਵਾਂਗਾ—” ਰਿਆਜ਼ ਨੇ ਚਿੰਤਾ ਹੀ ਮੁਕਾਅ ਦਿੱਤੀ। ਫਰੀਦਾ ਖੁਸ਼-ਖੁਸ਼ ਤਿਆਰ ਹੋਈ, ਪਰ ਜਾਣ ਤੋਂ ਪਹਿਲਾਂ ਉਸ ਨੂੰ ਗਰਾਰੇ ਕਰਨ ਲਈ ਗਰਮ ਪਾਣੀ ਦੇ ਗਈ, ਪੈਂਸਲੀਨ ਦੀਆਂ ਗੋਲੀਆਂ ਚੂਸਣ ਦੀ ਹਦਾਇਤ ਕੀਤੀ, ਬੱਚਿਆਂ ਬਾਰੇ ਕੁਝ ਹਦਾਇਤਾਂ ਦਿੱਤੀਆਂ ਤੇ ਬਣ-ਠਣ ਕੇ ਚਲੀ ਗਈ।
“ਉਫ਼...ਇਹ ਪੀਲੀਏ ਮਾਰੀ ਸਾੜੀ ਦੇਖ-ਦੇਖ ਬੜੀ ਖਿਝ ਚੜ੍ਹਦੀ ਏ। ਖ਼ੁਦਾ ਦੀ ਸਹੁੰ ਏਂ, ਕਿਸੇ ਦਿਨ ਇਸ ਨੂੰ ਭੱਠੀ 'ਚ ਪਾ ਦਿਆਂਗਾ।” ਪਲੰਘ ਉੱਤੇ ਪਏ ਰਿਆਜ਼ ਨੇ ਕਿਹਾ ਸੀ।
“ਊਂ-ਹ, ਤੁਸੀਂ ਕੌਣ ਹੁੰਦੇ ਓ-ਜੀ...” ਉਸ ਨੇ ਟਾਲਨਾਂ ਚਾਹਿਆ ਪਰ ਆਦਮ ਕੱਦ ਸ਼ੀਸ਼ੇ ਵਿਚ ਦੇਖਿਆ ਤਾਂ ਇੰਜ ਲੱਗਿਆ ਰਿਆਜ਼ ਠੀਕ ਹੀ ਕਹਿੰਦਾ ਹੈ ਤੇ ਸਾੜ੍ਹੀ ਬਦਲ ਲਈ।
ਪਾਰਟੀ ਸ਼ਾਨਦਾਰ ਸੀ। ਸਾਰਿਆਂ ਨੇ ਉਸ ਦੇ ਪਤੀ ਬਾਰੇ ਪੁੱਛਿਆ। ਇਹ ਦੱਸਦਿਆਂ ਹੋਇਆਂ ਉਸ ਨੂੰ ਆਪਣੀ ਹੱਤਕ ਜਿਹੀ ਮਹਿਸੂਸ ਹੋਈ ਕਿ ਉਹ ਮੈਚ ਕਰਕੇ ਨਹੀਂ ਆਏ...ਕਿਸੇ ਨੂੰ ਕੁਝ ਦੱਸਿਆ, ਕਿਸੇ ਨੂੰ ਕੁਝ; ਗੱਲ ਟਾਲ ਗਈ।
“ਬੱਚਿਆਂ ਨੂੰ ਰਿਆਜ਼ ਕੋਲ ਛੱਡ ਆਈ ਆਂ, ਪ੍ਰੇਸ਼ਾਨ ਕਰਦੇ ਹੋਣਗੇ।” ਸਹੇਲੀ ਨੇ ਰੁਕਣ ਲਈ ਜ਼ੋਰ ਦਿੱਤਾ ਤਾਂ ਫਰੀਦਾ ਨੇ ਕਿਹਾ।
“ਬਈ ਬੜੀ ਖ਼ੂਬ ਓ, ਮੀਆਂ ਤੋਂ ਬੱਚੇ ਪਲਵਾਂਦੀ ਓ...” ਸਹੇਲੀ ਦੇ ਮੀਆਂ ਨੇ ਸ਼ਿਕਾਇਤ ਰੂਪੀ ਮਜ਼ਾਕ ਕੀਤਾ।
“ਪਰ ਮੇਰੇ ਮੀਆਂ ਤਾਂ ਬੰਬਈ ਵਿਚ ਨੇ।”
“ਤੁਸੀਂ ਤਾਂ ਕਹਿ ਰਹੇ ਸੀ ਕਿ ਬੱਚੇ ਰਿਆਜ਼ ਕੋਲ ਛੱਡ ਆਏ ਓ...”
“ਓਏ-ਹੋਏ, ਬਈ ਡਾਰਲਿੰਗ...ਹਾਓ-ਸਿੱਲੀ, ਫਿੱਦੀ ਦੇ ਹਸਬੈਂਡ ਦਾ ਨਾਂ ਤਾਂ ਅਕਬਰ ਏ।” ਸਹੇਲੀ ਨੇ ਗੱਲ ਸੁਲਝਾ ਦਿੱਤੀ।
“ਔਹ...ਤੇ ਰਿਆਜ਼—?”
“ਅਕਬਰ ਦੇ ਬਚਪਨ ਦੇ ਦੋਸਤ...ਬਲਕਿ ਭਰਾ ਹੀ ਸਮਝੋ।”
“ਬਲਕਿ ਅਕਬਰ ਹੀ ਸਮਝ ਲਓ ਤਾਂ ਕੀ ਹਰਜ਼ ਏ?” ਇਕ ਜ਼ੋਰਦਾਰ ਠਹਾਕਾ ਗੂੰਜਿਆ।
ਫਰੀਦਾ ਨੂੰ ਅਚਵੀ ਜਿਹੀ ਮਹਿਸੂਸ ਹੋਈ। ਕਿੰਨੇ ਚੀਪ ਨੇ ਇਹ ਲੋਕ...ਊਂਹ, ਲਾਹਨਤ ਏ! ਇਹਨਾਂ ਨੂੰ ਕੌਣ ਸਮਝਾਏ। ਕਈ ਵਾਰੀ ਲੋਕਾਂ ਨੇ ਗਲਤੀ ਨਾਲ ਰਿਆਜ਼ ਨੂੰ ਉਸ ਦਾ ਪਤੀ ਸਮਝ ਲਿਆ ਸੀ, ਉਸ ਨੂੰ ਬੁਰਾ ਨਹੀਂ ਸੀ ਲੱਗਿਆ...ਹਾਂ, ਉਹ ਲੋਕ ਮੂਰਖ ਜ਼ਰੂਰ ਲੱਗੇ ਸਨ। ਕੀ ਹੁੰਦਾ ਏ ਅਜਿਹੀਆਂ ਗੱਲਾਂ ਨਾਲ, ਕੀ ਵਿਗੜਦਾ ਹੈ—ਪਰ ਗੱਲ ਜ਼ਿਆਦਾ ਸੁਲਝਦੀ ਮਹਿਸੂਸ ਨਾ ਹੋਈ ਤਾਂ ਸਹੇਲੀ ਨੇ ਕਿਹਾ, “ਰਿਆਜ਼ ਦੀ ਸ਼ਾਦੀ ਜ਼ੀਨਤ ਨਾਲ ਕਿਉਂ ਨਹੀਂ ਕਰਵਾ ਦੇਂਦੀ?”
“ਬਈ ਕਿੰਨੀ ਵਾਰੀ ਕਹਿ ਚੁੱਕੀ ਆਂ ਕੰਬਖ਼ਤ ਨੂੰ, ਸੁਣਦਾ ਈ ਨਹੀਂ। ਮਜ਼ਾਕ ਵਿਚ ਟਾਲ ਜਾਂਦੈ।”
“ਤੂੰ ਜ਼ੋਰ ਪਾ ਕੇ ਕਹੇਂਗੀ ਤਾਂ ਉਹ ਜ਼ਰੂਰ ਮੰਨ ਜਾਏਗਾ...”
“ਤਾਂ ਤੇਰਾ ਮਤਲਬ ਏ ਮੈਂ ਉਸ ਨੂੰ ਕਿਹਾ ਹੀ ਨਹੀਂ?” ਫਰੀਦਾ ਹਿਰਖ ਗਈ।
“ਨਹੀਂ ਜ਼ਰਾ ਜ਼ੋਰ ਦੇ ਕਹਿ ਨਾ...”
“ਮੈਂ ਕਿੰਜ ਜ਼ੋਰ ਦੇ ਕੇ ਕਹਾਂ...ਕੋਈ ਬੱਚਾ ਏ ਕਿ ਢਾਹ ਕੇ ਦੁਆਈ ਪਿਲਾਅ ਦਿਆਂ।” ਉਹ ਹੋਰ ਹਿਰਖ ਗਈ।
“ਓ-ਹੋ, ਇਸ 'ਚ ਹਿਰਖਣ ਵਾਲੀ ਕਿਹੜੀ ਗੱਲ ਏ?”
''ਮੈਂ ਕਿਉਂ ਹਿਰਖਣ ਲੱਗੀ...” ਫਰੀਦਾ ਨੇ ਲਾਲ ਪੀਲੀ ਹੁੰਦਿਆਂ ਕਿਹਾ।
“ਚੱਲ ਛੱਡ ਪਰ੍ਹਾਂ...” ਸਹੇਲੀ ਆਪਣੀ ਜਾਨ ਛੁਡਾ ਕੇ ਨੱਸੀ। ਫਰੀਦਾ ਛਿੱਥੀ ਜਿਹੀ ਹੋ ਗਈ। ਲੋਕ ਸਮਝਦੇ ਨੇ ਉਹ ਰਿਆਜ਼ ਦੀ ਸ਼ਾਦੀ ਨਹੀਂ ਹੋਣ ਦੇਂਦੀ...ਉਸ ਨੂੰ ਰਿਆਜ਼ ਉੱਤੇ ਗੁੱਸਾ ਆਉਣ ਲੱਗ ਪਿਆ। ਉਸ ਨੇ ਕਿੰਨੀ ਵਾਰੀ ਕਿਹਾ ਹੈ ਕਿ ਕੰਬਖ਼ਤ ਸ਼ਾਦੀ ਕਿਉਂ ਨਹੀਂ ਕਰਵਾਂਦਾ, ਹਮੇਸ਼ਾ ਟਾਲ ਦੇਂਦਾ ਏ।
“ਚੱਲ ਛੱਡ, ਦਫਾ ਕਰ ਪਰ੍ਹਾਂ...ਕੀ ਮੂਰਖਾਂ ਵਾਲੀਆਂ ਗੱਲਾਂ ਕਰਦੀ ਪਈ ਏਂ...ਬਈ ਮੈਂ ਝੰਜਟ 'ਚ ਨਹੀਂ ਪੈਣਾ ਚਾਹੁੰਦਾ...'' ਤੇ ਉਹ ਬੱਚਿਆਂ ਨਾਲ ਰਲ ਕੇ ਹੋਰ ਉਧਮ ਮਚਾਉਣ ਲੱਗ ਪੈਂਦਾ, ਕਦੀ ਝਿੜਕ-ਝਿੜਕ ਕੇ ਉਹਨਾਂ ਨੂੰ ਹੋਮ ਵਰਕ ਕਰਵਾਉਣ ਲੱਗ ਪੈਂਦਾ। ਉਹਨਾਂ ਦੀਆਂ ਰਿਪੋਰਟਾਂ ਉੱਤੇ ਗੌਰ ਕਰਨਾ, ਉਹਨਾਂ ਦੇ ਟੀਚਰਾਂ ਨੂੰ ਮਿਲਣਾ—ਇਹ ਵਿਚਾਰੇ ਅਕਬਰ ਦੇ ਵੱਸ ਦਾ ਰੋਗ ਨਹੀਂ ਸੀ। ਉਹ ਤਾਂ ਬਿਨਾਂ ਦੇਖੇ ਦਸਤਖ਼ਤ ਕਰ ਦੇਂਦੇ ਸਨ ਤੇ ਕਹਿੰਦੇ ਸਨ, “ਰਿਆਜ਼ ਜ਼ਰਾ ਤੂੰ ਹੀ ਗੌਰ ਕਰ ਲਵੀਂ, ਆਪਣੇ ਵੱਸ ਤੋਂ ਤਾਂ ਬਾਹਰ ਦੀਆਂ ਗੱਲਾਂ ਨੇ।”
ਇਕ ਦਿਨ ਰਿਆਜ਼ ਬੜੇ ਗੁੱਸੇ ਵਿਚ ਬਾਹਰੋਂ ਆਇਆ ਸੀ ਤੇ ਫਰੀਦਾ ਨੂੰ ਡਾਂਟਣ ਲੱਗ ਪਿਆ ਸੀ, “ਕੁਝ ਹੋਸ਼ ਵੀ ਏ, ਸਾਹਬਜ਼ਾਦੀ ਦੇ ਹੁਣੇ ਤੋਂ ਖੰਭ ਨਿਕਲਣ ਲੱਗ ਪਏ ਨੇ...ਪਤਾ ਨਹੀਂ ਕਿਹੜੇ ਮੁੰਡਿਆਂ ਨਾਲ ਤੁਰੀ ਫਿਰਦੀ ਸੀ, ਖ਼ੁਦਾ ਦੀ ਸੌਂਹ ਮੇਰਾ ਪਾਰਾ ਚੜ੍ਹ ਚੱਲਿਆ ਸੀ...”
“ਮੇਰੇ ਤਾਂ ਆਖੇ ਹੀ ਨਹੀਂ ਲੱਗਦੀ...” ਫਰੀਦਾ ਨੇ ਰੁਹਾਂਸੀ ਹੋ ਕੇ ਕਿਹਾ ਸੀ।
“ਆਖੇ ਨਹੀਂ ਲੱਗਦੀ ਤਾਂ ਘੜ ਦੇ ਚੁੜੈਲ ਨੂੰ...ਨਹੀਂ ਤਾਂ ਮੈਂ ਘੜ ਦੇਣਾ ਏਂ।”
“ਕੁੱਟਣ ਮਾਰਨ ਨਾਲ ਕੀ ਹੋਏਗਾ...?” ਫੇਰ ਦੋਵੇਂ ਜਣੇ ਬੱਚਿਆਂ ਦੀ ਸਾਈਕਾਲੋਜ਼ੀ ਬਾਰੇ ਸੋਚ-ਸੋਚ ਕੇ ਪ੍ਰੇਸ਼ਾਨ ਹੁੰਦੇ ਰਹੇ। ਦੋਵਾਂ ਵਿਚੋਂ ਕਿਸੇ ਨੂੰ ਵੀ ਖ਼ਿਆਲ ਨਹੀਂ ਸੀ ਆਇਆ ਕਿ ਇਸ ਮਾਮਲੇ ਵਿਚ ਅਕਬਰ ਦੀ ਰਾਏ ਵੀ ਲੈਣੀ ਚਾਹੀਦੀ ਹੈ। ਕੀ ਫਾਇਦਾ ਸੀ...ਵਾਧੂ ਪ੍ਰੇਸ਼ਾਨ ਹੋ ਜਾਣਗੇ। ਉਹਨਾਂ ਦੀ ਸ਼ਰਾਬ ਪੀਣ ਦੀ ਆਦਤ ਏਨੀ ਵਧ ਗਈ ਸੀ ਕਿ ਜ਼ਰਾ ਜਿੰਨੀ ਗੱਲ ਉੱਤੇ ਪ੍ਰੇਸ਼ਾਨ ਹੋ ਜਾਂਦੇ ਸਨ ਤੇ ਫੇਰ ਸਭ ਦੀ ਜ਼ਿੰਦਗੀ ਹਰਾਮ ਹੋਣ ਲੱਗਦੀ ਸੀ।
ਦਿੱਲੀ ਦੀ ਸੈਰ ਹੋ ਚੁੱਕੀ ਸੀ। ਬੱਚਿਆਂ ਦੀਆਂ ਛੁੱਟੀਆਂ ਵੀ ਖ਼ਤਮ ਹੋ ਰਹੀਆਂ। ਫਰੀਦਾ ਨੂੰ ਭਰਾ-ਭਰਜਾਈ ਦੀ ਉਡੀਕ ਸੀ ਕਿ ਆ ਜਾਣ ਤਾਂ ਉਹਨਾਂ ਨੂੰ ਮਿਲ ਕੇ ਚੱਲੀਏ।
“ਅਕਬਰ ਨਹੀਂ ਆਏ—?” ਉਹਨਾਂ ਆਉਂਦਿਆਂ ਹੀ ਹੈਰਾਨੀ ਨਾਲ ਪੁੱਛਿਆ।
“ਨਹੀਂ, ਕੋਈ ਕੰਮ ਸੀ—?” ਫਰੀਦ ਸੁਤੇ ਸੁਭਾਅ ਬੋਲ ਗਈ।
“ਤੇ ਅਹਿ ਬਾਹਰ ਕਮਰੇ 'ਚ ਕੌਣ ਰਹਿ ਰਿਹੈ—?”
“ਰਿਆਜ਼।” ਫਰੀਦਾ ਨੇ ਲਾਪ੍ਰਵਾਹੀ ਨਾਲ ਕਿਹਾ, ਪਰ ਉਸ ਨੂੰ ਡਰ ਲੱਗਣ ਲੱਗ ਪਿਆ।
“ਰਿਆਜ਼...ਯਾਨੀ ਉਹ ਤੇਰੇ ਨਾਲ ਏਥੇ ਵੀ ਆਇਐ?”
“ਹਾਂ...ਪਰ—” ਫਰੀਦਾ ਉਹਨਾਂ ਦੇ ਪੁੱਛਣ ਢੰਗ ਕਰਕੇ ਸਹਿਮ ਗਈ।
“ਮੈਂ ਇਹਨਾਂ ਹਰਕਤਾਂ ਨੂੰ ਕਤਈ ਬਰਦਾਸ਼ਤ ਨਹੀਂ ਕਰ ਸਕਦਾ¸” ਉਹ ਭੜਕੇ।
“ਓ-ਹੋ ਬਈ, ਜਾਣ ਵੀ ਦਿਓ।” ਭਾਬੀ ਨੇ ਸਮਝਾਇਆ, “ਬਾਹਰ ਆਵਾਜ਼ ਜਾਏਗੀ।”
“ਆਵਾਜ਼ ਜਾਏਗੀ ਤਾਂ ਜਾਣ ਦੇਅ...ਮੈਂ ਕਿਸੇ ਹਲਾਲਜਾਦੇ ਤੋਂ ਡਰਦਾ ਵਾਂ? ਸ਼ਰਮ ਨਹੀਂ ਆਉਂਦੀ, ਹੁਣ ਤਾਂ ਧੀ ਜਵਾਨ ਹੋ ਗਈ ਏ...ਤੇਰੇ ਇਹ ਗੁਣ ਵੇਖ ਕੇ ਉਹ ਕੀ ਸਿਖੇਗੀ? ਤੂੰ ਅਕਬਰ ਦੀਆਂ ਅੱਖਾਂ 'ਚ ਘੱਟਾ ਪਾ ਰਹੀ ਏਂ, ਪਰ ਮੈਨੂੰ ਉੱਲੂ ਨਹੀਂ ਬਣਾ ਸਕਦੀ—ਸਾਰੀ ਦੁਨੀਆਂ ਤੇਰੇ ਜੰਮਣ ਤੇ ਥੁੱਕ ਰਹੀ ਏ।”
ਮੇਰੇ ਜੰਮਣ 'ਤੇ ਥੁੱਕ ਰਹੀ ਏ?' ਫਰੀਦਾ ਨੇ ਸੋਚਿਆ।
“ਅਕਬਰ ਵਰਗਾ ਬੇਸ਼ਰਮ ਬੰਦਾ ਮੈਂ ਅੱਜ ਤਾਈਂ ਨਹੀਂ ਵੇਖਿਆ...ਕੀ ਉਸ ਨੂੰ ਕੁਝ ਦਿਖਾਈ ਨਹੀਂ ਦਿੰਦਾ?”
'ਕੀ ਦਿਖਾਈ ਨਹੀਂ ਦਿੰਦਾ—?' ਫਰੀਦਾ ਫੇਰ ਸੋਚਦੀ ਹੈ।
“ਪਰ ਤੇਰੀ ਇਹ ਹਿੰਮਤ ਕਿ ਤੂੰ ਮੇਰੇ ਘਰ 'ਚ ਗੰਦ ਪਾਉਣ ਡਈ ਏਂ...”
'ਗੰਦ—?' ਇਹ ਸੋਚ ਦੇ ਫਰੀਦਾ ਦਾ ਮੂੰਹ ਲਾਲ ਹੋ ਗਿਆ।
“...ਆਪਣੇ ਯਾਰ ਨੂੰ ਨਾਲ ਲਈ ਫਿਰਦੀ ਏਂ...” ਭਾਬੀ ਨੇ ਬੜਾ ਹੀ ਰੋਕਿਆ ਪਰ ਉਹ ਕਹਿ ਹੀ ਗਏ।
'ਯਾਰ!' ਫਰੀਦਾ ਦਾ ਦਿਲ ਕੀਤਾ ਉੱਚੀ-ਉੱਚੀ ਠਹਾਕੇ ਲਾਏ—ਰਿਆਜ਼ ਉਸ ਦਾ ਯਾਰ ਹੈ। ਪਰ ਠਹਾਕਾ ਉਸ ਦੇ ਗਲ਼ੇ ਵਿਚ ਹੀ ਕਿਤੇ ਅਟਕ ਕੇ ਰਹਿ ਗਿਆ; ਵੀਹ ਵਰ੍ਹੇ, ਪਲਾਂ-ਛਿਣਾ ਵਿਚ ਅੱਖਾਂ ਸਾਹਮਣਿਓਂ ਲੰਘ ਗਏ। ਯਾਰ! ਦੁਨੀਆਂ ਦੀਆਂ ਨਜ਼ਰਾਂ ਵਿਚ ਰਿਆਜ਼ ਉਸ ਦਾ ਯਾਰ ਨਹੀਂ ਸੀ, ਤਾਂ ਕੌਣ ਸੀ?...ਤੇ ਉਹ ਚੁੱਪਚਾਪ ਉੱਠ ਕੇ ਸਾਮਾਨ ਬੰਨ੍ਹਣ ਲੱਗ ਪਈ।
(ਅਨੁਵਾਦ: ਮਹਿੰਦਰ ਬੇਦੀ, ਜੈਤੋ)