Deep Se Deep Jale (Vand De Dukhre) : Sanwal Dhami

ਦੀਪ ਸੇ ਦੀਪ ਜਲੇ (ਵੰਡ ਦੇ ਦੁੱਖੜੇ) : ਸਾਂਵਲ ਧਾਮੀ

“ਸੰਤਾਲੀ ਤੋਂ ਪਹਿਲਾਂ ਪਹਾੜਾਂ ਵਿਚ ਬੜੀ ਗ਼ਰੀਬੀ ਸੀ। ਸਾਡੇ ਇਲਾਕੇ ਦੇ ਬਹੁਤੇ ਲੋਕਾਂ ਨੂੰ ਅੰਮ੍ਰਿਤਸਰ ਤੇ ਲਾਹੌਰ ਨੇ ਹੀ ਪਾਲਿਆ। ਇਹ ਸ਼ਹਿਰ ਬੜੇ ਗ਼ਰੀਬ ਪਰਿਵਾਰ ਸਨ। ਇਨ੍ਹਾਂ ਸ਼ਹਿਰਾਂ ਵਿਚੋਂ ਪਹਾੜਾਂ ਵੱਲ ਕੋਈ ਮਰ ਕੇ ਮੁੜਦਾ ਸੀ ਤੇ ਜਾਂ ਫਿਰ ਮਰਨ ਲਈ।”

ਇਹ ਬੋਲ ਸਨ, ਪੰਡਤ ਰਾਜਾ ਰਾਮ ਜੀ ਦੇ। ਇਨ੍ਹਾਂ ਦਾ ਜਨਮ ਨਵੰਬਰ 1926 ਨੂੰ ਮੁਬਾਰਕਪੁਰ ਵਿਚ ਹੋਇਆ। 1966 ਤਕ ਇਹ ਪਿੰਡ ਹੁਸ਼ਿਆਰਪੁਰ ਦੀ ਊਨਾ ਤਹਿਸੀਲ ’ਚ ਪੈਂਦਾ ਸੀ। ਰਾਜਾ ਰਾਮ ਹੋਰੀਂ ਚੌਥੀ ਤਕ ਆਪਣੇ ਪਿੰਡ ਦੇ ਸਕੂਲ ਵਿਚ ਪੜ੍ਹੇ, ਪੰਜਵੀਂ ਤੋਂ ਅੱਠਵੀਂ ਤਕ ਅੰਬੋਟੇ ਤੇ ਅਗਾਂਹ ਨੌਵੀਂ ਵਿਚ ਦੌਲਤਪੁਰ ਦੇ ਸਕੂਲ ਚਲੇ ਗਏ। ਉੱਥੋਂ ਫੇਲ੍ਹ ਹੋ ਕੇ ਇਹ ਢੋਲਵਾਹੇ ਦੇ ਸਕੂਲ ਵਿਚ ਦਾਖਲ ਹੋ ਗਏ। ਇਹ ਨੌਵੀਂ ਵਿਚ ਪੜ੍ਹਦੇ ਸਨ, ਜਦੋਂ 1943 ਵਿਚ ਇਨ੍ਹਾਂ ਦਾ ਵਿਆਹ ਹੋ ਗਿਆ।

“ਸਾਡੇ ਘਰ ਦੋ ਲੜਕੇ ਹੋਏ। ਦੋਵੇਂ ਮਰ ਗਏ। ਫਿਰ ਕੋਈ ਬੱਚਾ ਨਾ ਹੋਇਆ। ਮੇਰਾ ਕਿਸੇ ਹੋਰ ਥਾਂ ਰਿਸ਼ਤਾ ਹੁੰਦਾ ਸੀ, ਪਰ ਘਰਵਾਲੀ ਰੋ ਪਈ। ਮੈਂ ਦੂਜਾ ਵਿਆਹ ਨਾ ਕਰਵਾਇਆ। 2003 ’ਚ ਉਹ ਵੀ ਮੈਨੂੰ ਛੱਡ ਕੇ ਚਲੀ ਗਈ। ਮੈਂ ਉਦੋਂ ਤੋਂ ਇਕੱਲਾ ਹਾਂ।” ਉਹ ਥੋੜ੍ਹਾ ਉਦਾਸ ਹੁੰਦਿਆਂ ਬੋਲੇ।

ਉਨ੍ਹਾਂ ਦਾ ਛੋਟਾ ਜਿਹਾ ਘਰ ਮੈਨੂੰ ਉਨ੍ਹਾਂ ਨਾਲੋਂ ਵੱਧ ਉਦਾਸ ਲੱਗਿਆ। ਮੈਂ ਉਨ੍ਹਾਂ ਨੂੰ ਜ਼ਿੰਦਗੀ ਦੀ ਕਹਾਣੀ ਸੁਣਾਉਣ ਲਈ ਆਖਿਆ ਤਾਂ ਉਹ ਬੋਲੇ,“ਇਕ ਮਾਲ ਅਫ਼ਸਰ ਸੀ। ਉਹ ਮੇਰੇ ਬਾਪ ਨੂੰ ਪਹਾੜਾਂ ’ਚੋਂ ਆਪਣੇ ਨਾਲ ਲਾਹੌਰ ਲੈ ਗਿਆ। ਮੇਰਾ ਬਾਪ ਤੀਹ-ਪੈਂਤੀ ਸਾਲ ਉਸਦਾ ਮੁਣਸ਼ੀ ਰਿਹਾ। ਸੋਲਾਂ ਰੁਪਏ ਤਨਖਾਹ ਹੁੰਦੀ ਸੀ। ਆਖ਼ਰੀ ਉਮਰੇ ਉਹ ਪਿੰਡ ਆ ਗਿਆ। ਉਸਦੀ ਮੌਤ ਕਰਕੇ ਮੈਂ ਦਸਵੀਂ ਦਾ ਇਮਤਿਹਾਨ ਨਾ ਦੇ ਸਕਿਆ। ਮੈਂ ਉਸ ਮਾਲ ਅਫ਼ਸਰ ਨੂੰ ਚਿੱਠੀ ਲਿਖੀ- ਬਾਪ ਦੀ ਮੌਤ ਕਾਰਨ ਮੇਰੇ ਸਕੂਲ ਦੀ ਪੜ੍ਹਾਈ ਠੱਪ ਹੋ ਗਈ ਹੈ। ਮੈਂ ਅਗਾਂਹ ਪੜ੍ਹਨਾ ਚਾਹੁੰਦਾ ਹਾਂ। ਜਵਾਬੀ ਖ਼ਤ ਵਿਚ ਉਸਨੇ ਮੈਨੂੰ ਆਪਣੇ ਕੋਲ ਲਾਹੌਰ ਬੁਲਾ ਲਿਆ।

ਮੈਂ ਮਾਲ ਅਫ਼ਸਰ ਦੀ ਕੋਠੀ ਪਹੁੰਚਿਆ। ਉਹ ਆਖਣ ਲੱਗਾ- ਪਹਿਲਾਂ ਤੇਰਾ ਟੈਸਟ ਲੈਣਾ, ਮੈਂ ਫਿਰ ਤੈਨੂੰ ਕਿਸੇ ਸਕੂਲ ਵਿਚ ਦਾਖਲ ਕਰਵਾਉਣਾ। ਮੈਂ ਹੱਥ ਜੋੜਦਿਆਂ ਕਿਹਾ-ਗੱਲ ਸੁਣੋ ਜੀ, ਪਿੰਡਾਂ ਤੇ ਸ਼ਹਿਰਾਂ ਦੀ ਪੜ੍ਹਾਈ ਦਾ ਬੜਾ ਫ਼ਰਕ ਹੁੰਦਾ। ਮੈਂ ਹੁਣ ਕਿਸੇ ਵੀ ਟੈਸਟ ਵਿਚੋਂ ਪਾਸ ਨਹੀਂ ਹੋ ਸਕਦਾ। ਉਨ੍ਹਾਂ ਮੈਨੂੰ ਕੋਰੀ ਨਾਂਹ ਕਰ ਦਿੱਤੀ। ਇਸਤੋਂ ਬਾਅਦ, ਮੈਂ ਆਪਣੇ ਪਹਾੜਾਂ ਵੱਲ ਦੇ ਕਿਸੇ ਰਸੋਈਏ ਨੂੰ ਬੇਨਤੀ ਕੀਤੀ ਕਿ ਉਹ ਮੈਨੂੰ ਕਿਸੇ ਸਕੂਲ ਵਿਚ ਦਾਖਲ ਕਰਵਾ ਦੇਵੇ। ਉਹ ਮੈਨੂੰ ਡੀ.ਏ.ਵੀ.ਹਾਈ ਸਕੂਲ ਦੇ ਹੈੱਡਮਾਸਟਰ ਭਗਵਾਨ ਦਾਸ ਜੀ ਦੇ ਘਰ ਲੈ ਗਿਆ। ਮੈਂ ਉਨ੍ਹਾਂ ਦੇ ਪੈਰੀਂ ਹੱਥ ਲਗਾਇਆ। ਮੈਂ ਕੱਛਾ ਪਾਇਆ ਹੋਇਆ ਸੀ। ਖਸਤਾ ਹਾਲ ਕਮੀਜ਼ ਤੇ ਗੰਢੀ ਹੋਈ ਜੁੱਤੀ। ਜਦੋਂ ਉਨ੍ਹਾਂ ਨੇ ਮੇਰੀ ਹਾਲਤ ਵੇਖੀ ਤਾਂ ਮੈਨੂੰ ਆਪਣੀ ਜੇਬ ਵਿਚੋਂ ਕੱਢ ਕੇ ਪੰਜ ਰੁਪਏ ਦਿੰਦਿਆਂ ਕਿਹਾ-ਪਹਿਲਾਂ ਕੱਪੜੇ ਸੰਵਾ। ਮੈਂ ਕਿਹਾ- ਤੁਸੀਂ ਮੈਨੂੰ ਦੋ ਰੁਪਏ ਦਿਓ। ਮੈਂ ਕੱਪੜੇ ਖ਼ਰੀਦ ਲਏ। ਮੁਜੰਗ ਦੇ ਲਾਗੇ ਜੇਲ੍ਹ ਰੋਡ ’ਤੇ ਇਕ ਦਰਜ਼ੀ ਹੁੰਦਾ ਸੀ। ਮੁਹੰਮਦ ਰਸੂਲ ਨਾਂ ਸੀ, ਉਸਦਾ। ਮੈਂ ਉਸਨੂੰ ਆਪਣੀ ਕਹਾਣੀ ਸੁਣਾਈ। ਉਸਨੇ ਮੇਰੇ ਕੱਪੜੇ ਮੁਫ਼ਤ ’ਚ ਸੀਅ ਦਿੱਤੇ। ਦੋ ਪਜਾਮੇ ਤੇ ਇਕ ਕਮੀਜ਼। ਇਕ ਰੁਪਏ ਛੇ ਆਨੇ ਦੇ ਬਣੇ। ਛੇ ਕੁ ਆਨੇ ਦੇ ਮੈ ਫਲੀਟ ਲੈ ਲਏ। ਬਾਕੀ ਦੇ ਪੈਸੇ ਮੈਂ ਦੂਸਰੀ ਸ਼ਾਮ ਉਨ੍ਹਾਂ ਨੂੰ ਮੋੜ ਦਿੱਤੇ।

ਦਾਖਲੇ ਦੀ ਗੱਲ ਚੱਲੀ ਤਾਂ ਉਨ੍ਹਾਂ ਵੀ ਟੈਸਟ ਲੈਣ ਦੀ ਗੱਲ ਆਖੀ। ਮੈਂ ਕਿਹਾ- ਤੁਸੀਂ ਮੇਰਾ ਚਾਰ ਮਹੀਨੇ ਦੇ ਬਾਅਦ ਟੈਸਟ ਲੈ ਲਿਓ। ਹੈਡਮਾਸਟਰ ਹੋਰਾਂ ਦੇ ਕੋਲ ਬੈਠੇ ਉਨ੍ਹਾਂ ਦੇ ਰਿਸ਼ਤੇਦਾਰ ਨੇ ਕਿਹਾ- ਇਸਨੂੰ ਦਾਖਲ ਕਰ ਲਓ। ਇਸਦੀ ਫੀਸ ਮੈਂ ਦੇ ਦਊਂਗਾ। ਉਹ ਬੰਦਾ ਮੈਨੂੰ ਆਪਣੇ ਘਰ ਲੈ ਗਿਆ। ਇਕ ਕਮਰਾ ਦੇ ਦਿੱਤਾ। ਨਿੱਕੇ-ਮੋਟੇ ਕੰਮਾਂ ਬਦਲੇ ਉਹ ਮੈਨੂੰ ਰੋਟੀ ਦੇਈ ਜਾਂਦੇ ਸੀ। ਮੈਂ ਰਾਤ ਨੂੰ ਦੋ ਵਜੇ ਤਕ ਪੜ੍ਹਦਾ। ਦੋ ਕੁ ਮਹੀਨਿਆਂ ਬਾਅਦ ਉਨ੍ਹਾਂ ਦੀ ਬੁੱਢੀ ਮਾਂ ਕਹਿਣ ਲੱਗੀ- ਸਾਡਾ ਬਿਲ ਬਹੁਤ ਆ ਗਿਆ। ਤੂੰ ਰਾਤ ਨੂੰ ਪੜ੍ਹਿਆ ਨਾ ਕਰ।

ਇੱਛਰੇ ਨੂੰ ਜਾਂਦੀ ਜੇਲ੍ਹ ਰੋਡ ’ਤੇ ਚਾਰ ਬੱਤੀਆਂ ਲੱਗੀਆਂ ਹੋਈਆਂ ਸਨ। ਮੈਂ ਰਾਤ ਨੂੰ ਉੱਥੇ ਪੜ੍ਹਨ ਲੱਗ ਪਿਆ। ਇਸਦੇ ਨਜ਼ਦੀਕ ਕੰਪਨੀ ਬਾਗ਼ ਸੀ। ਇਕ ਰਾਤ ਉੱਥੋਂ ਇਕ ਮੇਮ ਗੁਜ਼ਰੀ। ਤੁਰਦਾ-ਤੁਰਦਾ ਉਸਦਾ ਬੱਚਾ ਅਚਾਨਕ ਡਿੱਗ ਪਿਆ। ਮੈਂ ਹੱਥਲੀ ਕਿਤਾਬ ਸੁੱਟੀ ਤੇ ਉਸ ਬੱਚੇ ਨੂੰ ਚੁੱਕ ਲਿਆ। ਮੇਮ ਫਰਾਟੇਦਾਰ ਅੰਗਰੇਜ਼ੀ ਬੋਲੇ। ਮੈਂ ਉਸਨੂੰ ਕਿਹਾ- ਮੈਡਮ ਸਪੀਕ ਸਲੋਅਲੀ, ਸੋ ਆਈ ਕੈਨ ਏਬਲ ਟੂ ਅੰਡਰਸਟੈਂਡ ਯੂਅਰ ਵਰਡਜ਼। ਉਸਨੇ ਮੇਰਾ ਧੰਨਵਾਦ ਕੀਤਾ ਤੇ ਮੈਨੂੰ ਆਪਣੇ ਘਰ ਲੈ ਗਈ। ਉਹ ਮੈਡੀਕਲ ਕਾਲਜ ’ਚ ਪ੍ਰੋਫੈਸਰ ਲੱਗੀ ਹੋਈ ਸੀ। ਉਸਦੇ ਕੋਲ ਦੋ ਨੌਕਰ ਸਨ। ਮੈਂ ਉਸਨੂੰ ਆਖਿਆ- ਮੈਂ ਮੁਫ਼ਤ ਵਿਚ ਤੁਹਾਡੇ ਘਰ ਨਹੀਂ ਰਹਿ ਸਕਦਾ। ਤੁਸੀਂ ਇਕ ਨੌਕਰ ਹਟਾ ਦਿਓ।

ਉਨ੍ਹਾਂ ਨੇ ਮੈਨੂੰ ਇਕ ਕਮਰਾ ਦੇ ਦਿੱਤਾ। ਉਸ ਵਿਚ ਮੇਜ਼, ਕੁਰਸੀ ਤੇ ਬੈੱਡ ਸਜਿਆ ਪਿਆ ਸੀ। ਮੈਂ ਤਿੰਨ ਵਜੇ ਉੱਠਣਾ। ਘਰ ਦਾ ਆਲਾ-ਦੁਆਲਾ ਸਾਫ਼ ਕਰਨਾ। ਕੁਝ ਦਿਨਾਂ ਬਾਅਦ ਉਹ ਮੇਰੇ ਲਈ ਕੱਪੜੇ ਲੈ ਆਈ। ਮੈਂ ਕਿਹਾ- ਇਹ ਪੁਰਾਣੇ ਕੱਪੜੇ ਨੇ। ਮੈਂ ਇਨ੍ਹਾਂ ਨੂੰ ਨਫ਼ਰਤ ਕਰਦਾ ਹਾਂ। ਉਸਨੇ ਮੈਥੋਂ ਮੁਆਫ਼ੀ ਮੰਗੀ ਤੇ ਮੈਨੂੰ ਅੰਗਰੇਜ਼ ਦੀ ਦੁਕਾਨ ’ਤੇ ਲੈ ਗਈ। ਮੈਂ ਉਸਦੇ ਕੋਲੋਂ ਸਿਰਫ਼ ਦੋ ਰੁਪਏ ਮੰਗੇ ਤੇ ਆਪਣੇ ਹਿਸਾਬ ਨਾਲ ਕੱਪੜੇ ਖ਼ਰੀਦ ਲਏ। ਉਸੀ ਮੁਸਲਮਾਨ ਦਰਜ਼ੀ ਨੇ ਮੁਫ਼ਤ ’ਚ ਸੀਅ ਦਿੱਤੇ। ਉਹ ਮੇਮ ਮੈਨੂੰ ਰੋਜ਼ ਸਵੇਰੇ ਅੰਗਰੇਜ਼ੀ ਪੜ੍ਹਾਉਂਦੀ ਤੇ ਸ਼ਾਮ ਨੂੰ ਸੁਣਦੀ ਸੀ। ਮੇਰੇ ਘਰ ਦੇ ਹਾਲਾਤ ਸੁਣਕੇ ਉਹ ਰੋ ਪਈ ਤੇ ਹਰ ਮਹੀਨੇ ਸਾਡੇ ਘਰ ਪੰਦਰਾਂ ਰੁਪਏ ਭੇਜਣ ਲੱਗ ਪਈ।

ਮੈਂ ਰੋਜ਼ਾਨਾ ਪੈਦਲ ਸਕੂਲ ਜਾਂਦਾ। ਇਕ ਮੁਸਲਮਾਨ ਸੀ, ਟਾਂਗੇ ਵਾਲਾ। ਉਹ ਕਹਿਣ ਲੱਗਾ- ਮੈਂ ਵੀ ਰੋਜ਼ ਓਧਰ ਹੀ ਜਾਂਦਾ, ਤੂੰ ਸਕੂਲ ਤਕ ਮੇਰੇ ਟਾਂਗੇ ਵਿਚ ਬੈਠ ਜਾਇਆ ਕਰ। ਚਾਰ ਮਹੀਨਿਆਂ ਬਾਅਦ ਮੇਰਾ ਟੈਸਟ ਹੋਇਆ। ਮੈਂ ਪਾਸ ਹੋ ਗਿਆ। ਸਕੂਲ ਵਾਲਿਆਂ ਨੇ ਮੇਰੀ ਫੀਸ ਮੁਆਫ਼ ਕਰ ਦਿੱਤੀ। ਆਖਰ ਮੈਂ ਦਸਵੀਂ ਪਾਸ ਕਰ ਲਈ। ਸੱਚੀ ਗੱਲ ਤਾਂ ਇਹ ਹੈ ਕਿ ਜੇ ਉਹ ਮੇਮ ਮੈਨੂੰ ਨਾ ਮਿਲਦੀ ਤਾਂ ਮੈਂ ਕਦੇ ਵੀ ਪਾਸ ਨਹੀਂ ਸੀ ਹੋ ਸਕਦਾ।

ਮੈਂ ਡੀ.ਏ.ਵੀ. ਕਾਲਜ ਵਿਚ ਦਾਖਲ ਹੋ ਗਿਆ। ਉੱਥੇ ਮੈਂ ਦਸ-ਪੰਦਰਾਂ ਦਿਨ ਹੀ ਗਿਆ। ਐੱਸ.ਪੀ.ਸਿੰਘਾ, ਰਜਿਸਰਾਰ ਪੰਜਾਬ ਯੂਨੀਵਰਸਿਟੀ ਨੂੰ ਮੈਂ ਆਪਣੀ ਕਹਾਣੀ ਸੁਣਾਈ। ਉਨ੍ਹਾਂ ਨੇ ਮੈਨੂੰ ਪੰਜਾਬ ਨੈਸ਼ਨਲ ਬੈਂਕ ’ਚ ਨੌਕਰ ਕਰਾ ਦਿੱਤਾ। ਬੈਂਕ ਹੁੰਦੀ ਸੀ, ਨੀਲਾ ਗੁਬੰਦ ਲਾਹੌਰ ’ਚ। ਗੋਬਿੰਦ ਰਾਮ ਸਾਡੇ ਮੈਨੇਜਰ ਸੀ ਤੇ ਅਸੀਂ ਕੁੱਲ ਤਿੰਨ ਕਲਰਕ ਹੁੰਦੇ ਸਾਂ। ਇਕ ਮੁਸਲਮਾਨ ਵੀ ਸੀ। ਬਹਾਉਦੀਨ ਨਾਂ ਸੀ ਉਸਦਾ।

ਲਾਹੌਰ ’ਚ ਰਹਿੰਦਿਆਂ ਮੈਂ ਦੇਸ਼ ਦੇ ਸਾਰੇ ਲੀਡਰ ਵੇਖੇ। ਅਕਬਰੀ ਮੰਡੀ, ਰੇਲਵੇ ਸਟੇਸ਼ਨ, ਮੁਜੰਗ, ਲਾਹੌਰੀ ਗੇਟ, ਮਾਛੀ ਗੇਟ, ਪੁਰਾਣੀ ਅਨਾਰਕਲੀ, ਨਵੀਂ ਅਨਾਰਕਲੀ, ਮਾਲ ਰੋਡ, ਮੈਕਮੈਲਨ ਰੋਡ, ਪੱਤੋਕੀ ਰੋਡ, ਜੇਲ੍ਹ ਰੋਡ। ਛੁੱਟੀ ਵਾਲੇ ਦਿਨ ਮੈਂ ਇਨ੍ਹਾਂ ਥਾਵਾਂ ’ਤੇ ਘੁੰਮਦਾ ਰਹਿੰਦਾ ਸਾਂ।

ਮੈਨੂੰ ਬੈਂਕ ਵਿਚ ਲੱਗਿਆਂ ਥੋੜ੍ਹੇ ਦਿਨ ਹੀ ਹੋਏ ਸਨ ਕਿ ਦੰਗੇ ਸ਼ੁਰੂ ਹੋ ਗਏ। ਜਿਸ ਦਿਨ ਚੌਦਾਂ ਅਗਸਤ ਨੂੰ ਪਾਕਿਸਤਾਨ ਬਣਨਾ ਸੀ, ਬਹਾਉਦੀਨ ਮੈਨੂੰ ਕਹਿਣ ਲੱਗਾ- ਪੰਡਤ ਜੀ, ਅੱਜ ਮਾਛੀ ਗੇਟ ’ਤੇ ਬਹੁਤ ਕਤਲੋ-ਗਾਰਤ ਹੋਣੀ ਏਂ, ਤੁਸੀਂ ਲਾਹੌਰ ਛੱਡ ਜਾਓ।

ਸਾਢੇ ਤਿੰਨ ਵਜੇ ਗੱਡੀ ਚੱਲਣੀ ਸੀ। ਮੈਂ ਹੈਰਾਨ ਸਾਂ ਕਿ ਉਹ ਮਾਸੂਮ ਜਿਹਾ ਨੌਜਵਾਨ ਕਿਵੇਂ ਮੇਰੇ ਮੂਹਰੇ ਛਾਤੀ ਡਾਹ ਕੇ ਤੁਰ ਪਿਆ ਸੀ। ਉਹ ਮੈਨੂੰ ਆਪ ਗੱਡੀ ’ਚ ਬਿਠਾਲ ਕੇ ਗਿਆ। ਟਿਕਟ ਦੇ ਇਕ ਰੁਪਈਆ ਪੰਦਰਾਂ ਆਨੇ ਵੀ ਉਸਨੇ ਹੀ ਖ਼ਰਚੇ। ਜਦੋਂ ਸਾਡੀ ਗੱਡੀ ਮੁਗ਼ਲਪੁਰਾ ਟੱਪੀ ਤਾਂ ਵਢਾਂਗਾ ਸ਼ੁਰੂ ਹੋ ਗਿਆ। ਲਾਹੌਰ ’ਚ ਮੇਰਾ ਸਭ ਕੁਝ ਰਹਿ ਗਿਆ। ਮੈਂ ਉੱਥੋਂ ਨੰਗ-ਧੜੰਗ ਆਇਆ। ਹੁਸ਼ਿਆਰਪੁਰ ਰੇਲਵੇ ਸਟੇਸ਼ਨ ਤੋਂ ਵੀਹ ਮੀਲ ਮੁਬਾਰਕਪੁਰ ਤਕ ਮੈਂ ਨੰਗੇ ਪੈਰੀਂ ਗਿਆ। ਬਸ ਦੋ ਆਨੇ ਸਨ, ਮੇਰੀ ਜੇਬ ’ਚ।

ਉਦੋਂ ਤਕ ਸਾਡੇ ਪਿੰਡ ਦੇ ਮੁਸਲਮਾਨ ਹਾਲੇ ਗਏ ਨਹੀਂ ਸਨ। ਮੈਂ ਕੁਝ ਦੋਸਤਾਂ ਨੂੰ ਇਕੱਠਾ ਕੀਤਾ ਤੇ ਅਮਨ ਕਮੇਟੀ ਬਣਾ ਲਈ। ਨੇੜਲੇ ਬਹੁਤੇ ਪਿੰਡਾਂ ਵਿਚ ਬਹੁਤ ਵੱਢ-ਟੁੱਕ ਹੋਈ, ਪਰ ਅਸੀਂ ਆਪਣੇ ਪਿੰਡ ਕਿਸੇ ਨੂੰ ਤੱਤੀ ਵਾਅ ਨਹੀਂ ਲੱਗਣ ਦਿੱਤੀ। ਮੁਸਲਮਾਨਾਂ ਦੀ ਡੱਟ ਕੇ ਹਿਫਾਜ਼ਤ ਕੀਤੀ। ਅਸੀਂ ਉਨ੍ਹਾਂ ਨੂੰ ਚੌਹਾਲ ਕੈਂਪ ਤਕ ਛੱਡ ਕੇ ਵੀ ਆਏ ਸਾਂ।

ਸੱਚ ਆਖਾਂ, ਮੈਂ ਤਾਂ ਬਹੁਤ ਹੀ ਭੋਲਾ ਤੇ ਡਰਾਕਲ ਜਿਹਾ ਮੁੰਡਾ ਸਾਂ। ਬਸ ਬਹਾਉਦੀਨ ਦੀ ਦਿਆਨਤਦਾਰੀ ਨੇ ਮੈਨੂੰ ਹਿੰਮਤ ਬਖ਼ਸ਼ੀ। ਮੈਂ ਸਭ ਨਾਲੋਂ ਮੂਹਰੇ ਹੋ ਕੇ ਤੁਰਦਾ ਸਾਂ। ਛਾਤੀ ਚੌੜੀ ਕਰਕੇ। ਬਿਲਕੁਲ ਬਹਾਉਦੀਨ ਵਾਂਗ।

ਮਾਂ, ਚਾਚੇ-ਤਾਏ ਤੇ ਬਰਾਦਰੀ ਦੇ ਹੋਰ ਲੋਕ ਮੈਥੋਂ ਬੜੇ ਹੈਰਾਨ ਸਨ। ਉਹ ਮੈਨੂੰ ਰੋਕਦੇ। ਕਈ ਤਰ੍ਹਾਂ ਦੇ ਡਰਾਵੇ ਦਿੰਦੇ। ਮੈਨੂੰ ਜਾਨ ਤਲੀ ’ਤੇ ਧਰ ਕੇ ਗ਼ੈਰ-ਮਜ਼ਹਬੀਆਂ ਦੀ ਮਦਦ ਕਰਨ ਦਾ ਕਾਰਨ ਪੁੱਛਦੇ। ਮੈਂ ਮੁਸਕਰਾ ਛੱਡਦਾ। ਮੈਂ ਉਨ੍ਹਾਂ ਨੂੰ ਕਿਵੇਂ ਸਮਝਾਉਂਦਾ ਕਿ ਮੈਨੂੰ ਹਰ ਮੁਸਲਮਾਨ ਵਿਚੋਂ ਬਹਾਉਦੀਨ ਨਜ਼ਰ ਆਉਣ ਲੱਗ ਪਿਆ ਏ!

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸਾਂਵਲ ਧਾਮੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ