Vadde Din Di Ik Kahani (Story in Punjabi) : Maxim Gorky
ਵੱਡੇ ਦਿਨ ਦੀ ਇੱਕ ਕਹਾਣੀ (ਕਹਾਣੀ) : ਮੈਕਸਿਮ ਗੋਰਕੀ
ਇੱਕ ਛੋਟੇ ਮੁੰਡੇ ਅਤੇ ਕੁੜੀ ਦੀ ਕਹਾਣੀ ਜਿਹੜੇ
ਬਰਫ਼ੀਲੀ ਠੰਢ ’ਚ ਕਾਂਬੇ ਨਾਲ਼ ਮਰੇ ਨਹੀਂ
ਇਹ ਇੱਕ ਆਮ ਰਿਵਾਜ ਹੋ ਗਿਆ ਹੈ ਕਿ ਸਾਲ ਵਿੱਚ ਇੱਕ ਵਾਰ ਵੱਡੇ ਦਿਨ ਦੀਆਂ ਕਹਾਣੀਆਂ ਵਿੱਚ ਕੁਝ ਛੋਟੇ ਮੁੰਡੇ ਅਤੇ ਕੁੜੀਆਂ ਨੂੰ ਬਰਫ਼ ਜਾਂ ਪਾਲ਼ੇ ਵਿੱਚ ਜਮਾ ਕੇ ਮਾਰ ਦਿੱਤਾ ਜਾਂਦਾ ਹੈ। ਵੱਡੇ ਦਿਨ ਦੀ ਸਨਮਾਨਿਤ ਕਹਾਣੀ ਦਾ ਵਿਚਾਰਾ ਗਰੀਬ ਛੋਟਾ ਮੁੰਡਾ ਜਾਂ ਗਰੀਬ ਛੋਟੀ ਕੁੜੀ ਆਮ ਤੌਰ ’ਤੇ ਕਿਸੇ ਕਿਲ੍ਹੇ ਦੀ ਖਿੜਕੀ ਰਾਹੀਂ ਸ਼ਾਨਦਾਰ ਦੀਵਾਨਖਾਨੇ ਵਿੱਚ ਜਗਮਗਾਉਂਦੇ ਵੱਡੇ ਦਿਨ ਦੇ ਦਰੱਖਤ ਨੂੰ ਮੁਗਧ ਹੋ ਕੇ ਦੇਖਦੇ ਰਹਿੰਦੇ ਹਨ ਅਤੇ ਫਿਰ ਬਰਫ਼-ਪਾਲ਼ੇ ਵਿੱਚ ਜੰਮ ਕੇ ਮਰ ਜਾਂਦੇ ਹਨ, ਕੁੜੱਤਣ ਅਤੇ ਘੋਰ ਨਿਰਾਸ਼ਾ ਵਿੱਚ ਡੁੱਬੇ ਹੋਏ।
ਇਹਨਾਂ ਲੇਖਕਾਂ ਦੇ ਨੇਕ ਇਰਾਦੇ ਦੀ ਮੈਂ ਕਦਰ ਕਰਦਾ ਹਾਂ, ਬਾਵਜੂਦ ਉਸ ਨਿਰਦਈਪੁਣੇ ਦੇ, ਜਿਸ ਨਾਲ਼ ਉਹ ਆਪਣੇ ਇਹਨਾਂ ਨੰਨ੍ਹੇ ਨਾਇਕ ਅਤੇ ਨਾਇਕਾਵਾਂ ਦਾ ਟਿਕਟ ਕਟਾਉਂਦੇ ਹਨ। ਮੈਂ ਜਾਣਦਾ ਹਾਂ ਕਿ ਇਹ ਲੇਖਕ ਇਹਨਾਂ ਗਰੀਬ ਛੋਟੇ ਬੱਚਿਆਂ ਨੂੰ ਠੰਡ ’ਚ ਇਸ ਲਈ ਜਮ੍ਹਾ ਦਿੰਦੇ ਹਨ ਤਾਂ ਕਿ ਛੋਟੇ ਅਮੀਰ ਬੱਚਿਆਂ ਨੂੰ ਉਹਨਾਂ ਦੀ ਹੋਂਦ ਦੀ ਯਾਦ ਦੁਆਈ ਜਾ ਸਕੇ, ਪਰ ਜਿੱਥੋਂ ਤੱਕ ਮੇਰਾ ਸਬੰਧ ਹੈ, ਐਨੇ ਚੰਗੇ ਮਕਸਦ ਲਈ ਵੀ ਕਿਸੇ ਛੋਟੇ ਗਰੀਬ ਮੁੰਡੇ ਜਾਂ ਛੋਟੀ ਗਰੀਬ ਕੁੜੀ ਨੂੰ ਜਮ੍ਹਾ ਕੇ ਮਾਰ ਦੇਣਾ ਮੇਰੇ ਵੱਸ ਤੋਂ ਬਾਹਰੀ ਗੱਲ ਹੈ। ਮੈਂ ਖੁਦ ਬਰਫ਼-ਪਾਲ਼ੇ ਵਿੱਚ ਜੰਮ ਕੇ ਕਦੇ ਨਹੀਂ ਮਰਿਆ ਅਤੇ ਨਾ ਹੀ ਮੈਂ ਕਿਸੇ ਛੋਟੇ ਗਰੀਬ ਮੁੰਡੇ ਜਾਂ ਕੁੜੀ ਨੂੰ ਕਦੇ ਠੰਢ ਨਾਲ਼ ਜੰਮ ਕੇ ਮਰਦੇ ਵੇਖਿਆ ਹੈ। ਇਸ ਲਈ ਮੈਨੂੰ ਡਰ ਹੈ ਕਿ ਠੰਢ ’ਚ ਆਕੜ ਕੇ ਮਰਨ ਦੀ ਵੇਦਨਾ ਦਾ ਚਿਤਰਣ ਕਰਨ ਦਾ ਮੇਰਾ ਯਤਨ ਜੇਕਰ ਮੈਂ ਅਜਿਹਾ ਕੀਤਾ ਤਾਂ ਕਿਤੇ ਹਾਸੋਹੀਣਾ ਬਣ ਕੇ ਨਾ ਰਹਿ ਜਾਵੇ। ਹੋਰ ਤਾਂ ਹੋਰ ਇਹ ਥੋੜ੍ਹਾ ਅਜੀਬ ਜਿਹਾ ਵੀ ਲੱਗਦਾ ਹੈ ਕਿ ਇੱਕ ਜਿਉਂਦੇ ਜਾਗਦੇ ਪ੍ਰਾਣੀ ਨੂੰ ਸਿਰਫ਼ ਇਸ ਲਈ ਮਾਰ ਦਿੱਤਾ ਜਾਵੇ ਤਾਂ ਕਿ ਇੱਕ ਦੂਜੇ ਜਿਉਂਦੇ ਜਾਗਦੇ ਪ੍ਰਾਣੀ ਨੂੰ ਉਸਦੀ ਹੋਂਦ ਦਾ ਅਹਿਸਾਸ ਕਰਵਾਇਆ ਜਾ ਸਕੇ।
ਅਤੇ ਇਹੀ ਵਜ੍ਹਾ ਹੈ ਕਿ ਮੈਨੂੰ ਇੱਕ ਅਜਿਹੇ ਛੋਟੇ ਮੁੰਡੇ ਅਤੇ ਕੁੜੀ ਦੀ ਕਹਾਣੀ ਸੁਣਾਉਣੀ ਜ਼ਿਆਦਾ ਪਸੰਦ ਹੈ ਜਿਹੜੇ ਬਰਫ਼ੀਲੀ ਠੰਢ ਵਿੱਚ ਆਕੜ ਕੇ ਮਰੇ ਨਹੀਂ।
ਵੱਡੇ ਦਿਨ ਤੋਂ ਇੱਕ ਦਿਨ ਪਹਿਲਾਂ ਦੀ ਸ਼ਾਮ ਸੀ। ਛੇ ਵਜੇ ਦਾ ਸਮਾਂ ਸੀ। ਹਵਾ ਚੱਲ ਰਹੀ ਸੀ, ਬਰਫ਼ ਦੇ ਬੱਦਲ ਉਡਾਉਂਦੀ ਹੋਈ। ਇਹ ਠੰਢੇ ਪਾਰਦਰਸ਼ੀ ਬੱਦਲ਼, ਝਿਲਮਿਲ ਚੂਰੇ ਵਰਗੇ ਹੌਲ਼ੇ ਅਤੇ ਪਤਲੇ, ਚਾਰੇ ਪਾਸੇ ਉੱਡਦੇ ਫਿਰ ਰਹੇ ਸਨ। ਉਹ ਰਾਹੀਆਂ ਦੇ ਚਿਹਰਿਆਂ ਨਾਲ਼ ਟਕਰਾਉਂਦੇ, ਗੱਲ੍ਹਾਂ ਵਿੱਚ ਸੂਈਆਂ ਜਿਹੀਆਂ ਚੋਭਦੇ, ਅਤੇ ਘੋੜਿਆਂ ਦੀਆਂ ਗਰਦਨਾਂ ’ਤੇ ਬਰਫ਼ ਛਿੜਕ ਜਾਂਦੇ। ਘੋੜੇ ਆਪਣੇ ਸਿਰ ਝਟਕਦੇ, ਜ਼ੋਰ ਨਾਲ਼ ਹਿਣਕਦੇ ਅਤੇ ਆਪਣੀਆਂ ਨਾਸਾਂ ਵਿੱਚੋਂ ਭਾਫ ਦੇ ਬੱਦਲ਼ ਛੱਡਦੇ। ਬਿਜਲੀ ਦੀਆਂ ਤਾਰਾਂ ’ਤੇ ਬਰਫ਼ ਇੰਜ ਪਈ ਸੀ ਕਿ ਉਹ ਸਫੈਦ ਰੇਸ਼ਮੀ ਰੱਸੀਆਂ ਵਰਗੀਆਂ ਜਾਪਦੀਆਂ ਸਨ। ਅਸਮਾਨ ਬਿਲਕੁਲ ਸਾਫ਼ ਅਤੇ ਤਾਰਿਆਂ ਨਾਲ਼ ਭਰਿਆ ਹੋਇਆ ਸੀ। ਤਾਰੇ ਐਨੀ ਤੀਬਰਤਾ ਨਾਲ਼ ਚਮਕ ਰਹੇ ਸਨ ਕਿ ਇੰਝ ਲੱਗਦਾ ਸੀ ਜਿਵੇਂ ਕਿਸੇ ਨੇ, ਵੱਡੇ ਦਿਨ ਦੇ ਸ਼ੁਭ ਅਵਸਰ ’ਤੇ, ਉਹਨਾਂ ਨੂੰ ਪਾਲਿਸ਼ ਨਾਲ਼ ਰਗੜ ਕੇ ਚਮਕਾ ਦਿੱਤਾ ਹੋਵੇ, ਭਾਵੇਂ ਕਿ ਇਹ ਇੱਕ ਅਸੰਭਵ ਜਿਹੀ ਗੱਲ ਸੀ।
ਸੜ੍ਹਕ ਤੇ ਲੋਕਾਂ ਦੀ ਚਹਿਲ-ਪਹਿਲ ਅਤੇ ਸ਼ੋਰ-ਸ਼ਰਾਬਾ ਵਧ ਰਿਹਾ ਸੀ। ਸੜ੍ਹਕ ਦੇ ਵਿਚਾਲੇ ਘੋੜੇ ਥਿਰਕ ਰਹੇ ਸਨ ਅਤੇ ਲੋਕ ਫੁੱਟਪਾਥਾਂ ’ਤੇ ਚੱਲ ਰਹੇ ਸਨ ਕੁਝ ਕਾਹਲ਼ੀ-ਕਾਹਲ਼ੀ ਅਤੇ ਕੁਝ ਅਰਾਮ ਨਾਲ਼ ਹੌਲ਼ੀ-ਹੌਲ਼ੀ। ਕੁਝ ਕਾਹਲ਼ੀ ਵਿੱਚ ਇਸ ਲਈ ਸਨ ਕਿ ਉਹਨਾਂ ਨੂੰ ਚਿੰਤਾਵਾਂ ਅਤੇ ਜਿੰਮੇਵਾਰੀਆਂ ਦਾ ਅਹਿਸਾਸ ਸੀ ਅਤੇ ਉਹਨਾਂ ਕੋਲ਼ ਗਰਮ ਕੋਟ ਨਹੀਂ ਸਨ, ਅਤੇ ਦੂਜੇ ਲੋਕ ਅਰਾਮ ਨਾਲ਼ ਇਸ ਲਈ ਚੱਲ ਰਹੇ ਸਨ ਕਿ ਉਹ ਇਹਨਾਂ ਜਿੰਮੇਵਾਰੀਆਂ ਦੇ ਭਾਰ ਤੋਂ ਅਜ਼ਾਦ ਸਨ ਅਤੇ ਉਹਨਾਂ ਕੋਲ਼ ਗਰਮ ਸਗੋਂ ਰੂੰਦਾਰ ਕੋਟ ਸਨ।
ਅਜਿਹੇ ਲੋਕਾਂ ਵਿੱਚੋਂ ਹੀ ਇੱਕ ਜਿਹੜਾ ਚਿੰਤਾਵਾਂ ਤੋਂ ਅਜ਼ਾਦ ਸੀ ਅਤੇ ਉਸਨੇ ਖੂਬਸੂਰਤ ਕਾਲਰ ਵਾਲ਼ਾ ਕੋਟ ਪਹਿਨਿਆ ਹੋਇਆ ਸੀ, ਉਹ ਵੀ ਇਹੋ ਜਿਹਾ ਜਿਸ ਵਿੱਚ ਪੈਬੰਦ ਲੱਗਿਆ ਹੋਇਆ ਸੀ, ਬਹੁਤ ਹੀ ਕਾਇਦੇ ਨਾਲ਼ ਪਟੜੀ ’ਤੇ ਚੱਲ ਰਿਹਾ ਸੀ। ਉਸ ਭੱਦਰ-ਪੁਰਸ਼ ਦੇ ਬਿਲਕੁਲ ਪੈਰਾਂ ਹੇਠ ਲੀਰਾਂ ਅਤੇ ਲੋਗੜ ਵਿੱਚ ਲਿਪਟੀਆਂ ਦੋ ਛੋਟੀਆਂ-ਛੋਟੀਆਂ ਗੇਂਦਾਂ ਜਿਹੀਆਂ ਦਿਖਾਈ ਦਿੱਤੀਆਂ ਅਤੇ ਨਾਲ਼ ਹੀ ਦੋ ਨੰਨ੍ਹੀਆਂ ਅਵਾਜ਼ਾਂ ਸੁਣਾਈ ਦਿੱਤੀਆਂ:
‘‘ਕਿਰਪਾ ਦੇ ਸਾਗਰ…’’ ਇੱਕ ਛੋਟੀ ਕੁੜੀ ਨੇ ਸੁਰ ਛੇੜਿਆ।
‘‘ਬਾਦਸ਼ਾਹਾਂ ਦੇ ਬਾਦਸ਼ਾਹ…’’ ਇੱਕ ਛੋਟੇ ਮੁੰਡੇ ਦੀ ਧੁਨ ਵੀ ਉਸਦੇ ਨਾਲ਼ ਮਿਲ ਗਈ।
‘‘ਇੱਕ ਟੁੱਕ ਰੋਟੀ ਲਈ ਦਾਨ ਕਰੋ, ਕੁਝ ਤਾਂ ਦਿਓ, ਮਾਲਿਕ!’’
‘‘ਇੱਕ ਕੋਪੇਕ ਰੋਟੀ ਲਈ। ਤਿਓਹਾਰ ਦੇ ਦਿਨ ਲਈ!’’
ਇਸ ਤਰ੍ਹਾਂ ਦੋਹਾਂ ਨੇ ਆਪਣੀ ਬੇਨਤੀ ਪੂਰੀ ਕੀਤੀ।
ਇਹ ਬੱਚੇ ਹੀ ਇਸ ਕਹਾਣੀ ਦੇ ਨਾਇਕ ਅਤੇ ਨਾਇਕਾ ਸਨ ਛੋਟੇ ਗਰੀਬ ਬੱਚੇ। ਮੁੰਡੇ ਦਾ ਨਾਮ ਸੀ ਮਿਸ਼ਕਾ ਪਿ੍ਸ਼ਚ ਅਤੇ ਕੁੜੀ ਦਾ ਕਾਤਕਾ ਰਿਆਬਾਯਾ।
ਉਸ ਭੱਦਰ-ਪੁਰਸ਼ ਨੇ ਰੁਕਣ ਦੀ ਵੀ ਤਕਲੀਫ਼ ਨਾ ਕੀਤੀ, ਇਸ ਲਈ ਬੱਚੇ ਬਾਰ-ਬਾਰ ਉਸਦੇ ਪੈਰਾਂ ਵਿੱਚ ਗੋਤੇ ਲਗਾਉਂਦੇ ਅਤੇ ਉਸਦੇ ਸਾਹਮਣੇ ਆ ਕੇ ਖੜੇ ਹੋ ਜਾਂਦੇ। ਕਾਤਕਾ ਵੱਧ ਤੋਂ ਵੱਧ ਉਮੀਦ ਨਾਲ਼ ਸਾਹ ਰੋਕ ਕੇ ਫੁਸਫੁਸਾ ਕੇ ਕਹਿੰਦੀ: ‘‘ਸਿਰਫ਼ ਇੱਕ ਟੁੱਕ ਰੋਟੀ,’’ ਅਤੇ ਮਿਸ਼ਕਾ ਇਸ ਸੱਜਣ ਦਾ ਰਾਹ ਰੋਕਣ ਦੀ ਕੋਈ ਕਸਰ ਨਾ ਛੱਡਦਾ।
ਉਹ ਆਦਮੀ ਜਦੋਂ ਇਸ ਸਭ ਕਾਸੇ ਤੋਂ ਅੱਕ ਗਿਆ ਤਾਂ ਉਸਨੇ ਆਪਣੇ ਫ਼ਰਦਾਰ ਕੋਟ ਦਾ ਬਟਨ ਖੋਲ੍ਹ ਕੇ ਆਪਣਾ ਬਟੂਆ ਬਾਹਰ ਕੱਢਿਆ, ਨੱਕ ਕੋਲ਼ ਬਟੂਏ ਨੂੰ ਫੜਫੜਾਉਂਦੇ ਹੋਏ ਉਸ ਵਿੱਚੋਂ ਇੱਕ ਸਿੱਕਾ ਕੱਢਿਆ, ਫਿਰ ਉਸ ਸਿੱਕੇ ਨੂੰ ਆਪਣੇ ਸਾਹਮਣੇ ਫੈਲੇ ਛੋਟੇ-ਛੋਟੇ ਅਤੇ ਬੇਹੱਦ ਗੰਦੇ ਹੱਥਾਂ ਵਿੱਚੋਂ ਇੱਕ ਵਿੱਚ ਸੁੱਟ ਦਿੱਤਾ।
ਲੀਰਾਂ ਦੀਆਂ ਉਹ ਦੋ ਗੇਂਦਾਂ, ਇੱਕ ਹੀ ਪਲ ਵਿੱਚ, ਇਸ ਸੱਜਣ ਦੇ ਰਾਹ ’ਚੋਂ ਹਟ ਕੇ ਇੱਕ ਫਾਟਕ ’ਤੇ ਜਾ ਪਹੁੰਚੀਆਂ, ਜਿੱਥੇ ਉਹ ਕੁਝ ਦੇਰ ਇੱਕ ਦੂਜੇ ਨਾਲ਼ ਲਿਪਟੀਆਂ ਖੜੀਆਂ ਰਹੀਆਂ ਅਤੇ ਚੁੱਪਚਾਪ ਸੜ੍ਹਕ ਦੇ ਉੱਤੇ-ਥੱਲੇ ਨਜ਼ਰ ਮਾਰਦੀਆਂ ਰਹੀਆਂ।
‘‘ਬੁੱਢਾ ਸ਼ੈਤਾਨ, ਕੰਬਖਤ ਨੇ ਸਾਡੇ ਵੱਲ ਦੇਖਿਆ ਤੱਕ ਨਹੀਂ,’’ ਛੋਟੇ ਗਰੀਬ ਮੁੰਡੇ ਨੇ ਕੁੜੱਤਣ ਨਾਲ਼ ਭਰੇ ਜੇਤੂ ਅੰਦਾਜ਼ ਵਿੱਚ ਫੁਸਫੁਸਾਉਂਦਿਆਂ ਕਿਹਾ।
‘‘ਉਹ ਮੋੜ ਦੇ ਪਰਲੇ ਪਾਸੇ, ਕੋਚਵਾਨਾਂ ਵੱਲ, ਗਿਆ ਹੈ,’’ ਕੁੜੀ ਨੇ ਦੱਸਿਆ: ‘‘ਪਰ ਪਤੰਦਰ ਨੇ ਦਿੱਤਾ ਕੀ ਹੈ?’’
‘‘ਦਸ ਕੋਪੇਕ,’’ ਮਿਸ਼ਕਾ ਨੇ ਲਾਪਰਵਾਹੀ ਨਾਲ਼ ਕਿਹਾ।
‘‘ਤਾਂ ਹੁਣ ਕੁੱਲ ਕਿੰਨੇ ਹੋ ਗਏ?’’
‘‘ਸੱਤਰ ਕੋਪੇਕ।’’
‘‘ਅੱਛਾ! ਐਨੇ? ਅੱਜ ਤਾਂ ਫਿਰ ਜਲਦੀ ਹੀ ਘਰ ਚਲੇ ਜਾਵਾਂਗੇ, ਕਿਉਂ ਠੀਕ ਹੈ ਨਾ? ਠੰਢ ਬਹੁਤ ਹੈ!’’
‘‘ਐਨੀ ਵੀ ਕੀ ਜਲਦੀ ਹੈ,’’ ਮਿਸ਼ਕਾ ਨੇ ਉਤਸ਼ਾਹ ’ਤੇ ਪਾਣੀ ਫੇਰਦਿਆਂ ਕਿਹਾ: ‘‘ਨਾਲ਼ੇ ਧਿਆਨ ਰੱਖ, ਬਹੁਤਾ ਖੁੱਲ੍ਹ ਕੇ ਕੰਮ ਨੀ ਕਰਨਾ। ਜੇ ਕਿਤੇ ਥਾਣੇਦਾਰ ਨੇ ਫੜ ਲਿਆ ਨਾ ਤਾਂ ਤੇਰੇ ਸਾਰੇ ਵਾਲ਼ ਕਟਵਾ ਕੇ ਤੈਨੂੰ ਕਬੂਤਰੀ ਬਣਾ ਦਊ। ਉਏ ਔਹ ਦੇਖ, ਇੱਕ ਬਜਰਾ ਤੁਰਿਆ ਆ ਰਿਹੈ। ਚੱਲ ਚੱਲੀਏ!’’
ਇਹ ਬਜਰਾ ਇੱਕ ਮੋਟੀ ਔਰਤ ਸੀ ਜਿਸਨੇ ਖੱਲ ਦਾ ਕੋਟ ਪਹਿਨਿਆ ਹੋਇਆ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਮਿਸ਼ਕਾ ਇੱਕ ਬਹੁਤ ਹੀ ਸ਼ੈਤਾਨ ਮੁੰਡਾ ਸੀ, ਬਹੁਤ ਹੀ ਗੰਵਾਰ ਅਤੇ ਵੱਡਿਆਂ ਦੀ ਇੱਜ਼ਤ ਨਾ ਕਰਨ ਵਾਲ਼ਾ।
‘‘ਦਯਾ ਦੀ ਦੇਵੀ…’’ ਉਹ ਮਮਿਆਇਆ।
‘‘ਮਾਂ ਮਰੀਅਮ ਦੇ ਨਾਮ ’ਤੇ…’’ ਕਾਤਕਾ ਨੇ ਸਾਥ ਦਿੱਤਾ।
‘‘ਛੀ! ਕੰਬਖਤ ਤਿੰਨ ਕੋਪੇਕ ’ਤੇ ਹੀ ਰਹਿ ਗਈ, ਬੁੱਢੀ ਚੁੜੇਲ!’’ ਮਿਸ਼ਕਾ ਨੇ ਉਸਨੂੰ ਬੁਰਾ-ਭਲਾ ਕਿਹਾ ਅਤੇ ਫਿਰ ਛਾਲ਼ ਮਾਰ ਕੇ ਫਾਟਕ ’ਤੇ ਪਹੁੰਚ ਗਿਆ।
ਬਰਫ਼ ਦੇ ਬੱਦਲ ਅਜੇ ਵੀ ਸੜ੍ਹਕ ’ਤੇ ਘੁੰਮ ਰਹੇ ਸਨ ਅਤੇ ਹਵਾ ਪਹਿਲਾਂ ਨਾਲ਼ੋਂ ਹੋਰ ਤੇਜ਼ ਹੁੰਦੀ ਜਾ ਰਹੀ ਸੀ। ਟੈਲੀਗ੍ਰਾਫ ਦੀਆਂ ਤਾਰਾਂ ਭਿਣਭਿਣਾ ਰਹੀਆਂ ਸਨ। ਬਰਫ਼-ਗੱਡੀਆਂ ਦੀਆਂ ਸਲੈਬਾਂ ਹੇਠ ਬਰਫ਼ ਚਰਮਰਾ ਰਹੀ ਸੀ। ਅਤੇ ਸੜ੍ਹਕ ਦੇ ਪਰਲੇ ਪਾਸਿਓਂ, ਕਿਤੋਂ ਦੂਰੋਂ, ਕਿਸੇ ਔਰਤ ਦੇ ਖਿੜਖਿੜਾ ਕੇ ਹੱਸਣ ਦੀ ਗੂਂਜਦਾਰ ਅਵਾਜ਼ ਆ ਰਹੀ ਸੀ।
‘‘ਕਿਉਂ ਅੱਜ ਚਾਚੀ ਅਨਫਿਸਾ ਫਿਰ ਨਸ਼ੇ ’ਚ ਟੱਲੀ ਹੋਊਗੀ, ਹੈ ਨਾ?’’ ਕਾਤਕਾ ਨੇ ਪੁੱਛਿਆ ਤੇ ਆਪਣੇ ਸਾਥੀ ਨਾਲ਼ ਹੋਰ ਚੰਗੀ ਤਰ੍ਹਾਂ ਜੁੜ ਕੇ ਬੈਠ ਗਈ।
‘‘ਲੱਗਦਾ ਤਾਂ ਇਹੀ ਹੈ। ਫਿਰ ਉਸਨੂੰ ਰੋਕ ਵੀ ਕਿਹੜਾ ਸਕਦੈ? ਪੂਰੀ ਟੱਲੀ ਹੋਊਗੀ,’’ ਮਿਸ਼ਕਾ ਨੇ ਨਿਸ਼ਚਿਤ ਸੁਰ ਵਿੱਚ ਜਵਾਬ ਦਿੱਤਾ।
ਹਵਾ ਛੱਤਾਂ ’ਤੋਂ ਬਰਫ਼ ਸਮੇਟਦੀ ਹੋਈ ਸੀਟੀ ਦੀ ਅਵਾਜ਼ ਵਿੱਚ ਵੱਡੇ ਦਿਨ ਦੀ ਧੁਨ ਵਿੱਚ ਗੁਣਗੁਣਾ ਰਹੀ ਸੀ। ਇੱਕ ਦਰਵਾਜ਼ਾ ਖੁੱਲਣ ਦੀ ਖਟਾਕ ਦੀ ਅਵਾਜ਼ ਆਈ। ਫਿਰ ਸ਼ੀਸ਼ੇ ਦੇ ਦਰਵਾਜ਼ੇ ਦੀ ਝਨਝਨਾਹਟ ਸੁਣਾਈ ਦਿੱਤੀ ਅਤੇ ਕਿਸੇ ਨੇ ਡੂੰਘੀ ਜਿਹੀ ਆਵਾਜ਼ ਵਿੱਚ ਹਾਕ ਮਾਰੀ:
‘‘ਕੋਚਵਾਨ!’’
‘‘ਚਲੋ, ਘਰ ਚੱਲੀਏ!’’ ਕਾਤਕਾ ਨੇ ਕਿਹਾ।
‘‘ਤੂੰ ਤਾਂ ਜਿਉਣਾ ਦੁੱਭਰ ਕਰ ਦਿੱਤਾ,’’ ਭਰੇ ਦਿਲ ਨਾਲ਼ ਮਿਸ਼ਕਾ ਫਟ ਪਿਆ: ‘‘ਪਤਾ ਨਹੀਂ, ਘਰ ਜਾਣ ਦਾ ਤੇਰੇ ਸਿਰ ’ਤੇ ਕੀ ਭੂਤ ਸਵਾਰ ਹੋਇਆ ਹੈ?’’
‘‘ਉੱਥੇ ਇੰਨੀ ਠੰਢ ਨਹੀਂ ਹੈ,’’ ਕਾਤਕਾ ਨੇ ਸੰਖੇਪ ਵਿੱਚ ਸਫਾਈ ਦਿੰਦੇ ਹੋਏ ਕਿਹਾ: ‘‘ਕੁਝ ਤਾਂ ਨਿੱਘ ਮਿਲ਼ੇਗਾ।’’
‘‘ਬੜਾ ਨਿੱਘ ਮਿਲ਼ੇਗਾ, ਵਾਹ!’’ ਮਿਸ਼ਕਾ ਨੇ ਉਸਨੂੰ ਤਾਹਨਾ ਮਾਰਿਆ: ‘‘ਤੇ ਜਦੋਂ ਉਹ ਸਾਰੇ ’ਕੱਠੇ ਹੋ ਕੇ ਤੈਨੂੰ ਨਚਾਉਣਗੇ ਉਦੋਂ… ਫਿਰ ਕਿਵੇਂ ਲੱਗੂਗਾ? ਜਾਂ ਫਿਰ, ਜਿਵੇਂ ਕਿ ਪਿਛਲੀ ਵਾਰ ਹੋਇਆ ਸੀ, ਜੇ ਉਹਨਾਂ ਨੇ ਜਬਰਦਸਤੀ ਤੇਰੇ ਗਲ਼ੇ ਵਿੱਚ ਵੋਦਕਾ ਉਲੱਦ ਕੇ ਤੈਨੂੰ ਛੱਤ ਤੱਕ ਉਛਾਲਣਾ ਸ਼ੁਰੂ ਕਰ ਦਿੱਤਾ ਫਿਰ? ਘਰ? ਵਾਹ!’’
ਅਤੇ ਉਸਨੇ ਇੱਕ ਅਜਿਹੇ ਆਦਮੀ ਦੇ ਅੰਦਾਜ਼ ਵਿੱਚ ਆਪਣੇ ਮੋਢੇ ਸੁੰਗੇੜੇ ਜਿਹੜਾ ਇਹ ਗੱਲ ਜਾਣਦਾ ਹੋਵੇ ਕਿ ਉਹ ਕੀ ਹੈ। ਅਤੇ ਜਿਸਨੂੰ ਆਪਣੀ ਗੱਲ ਸਹੀ ਹੋਣ ਬਾਰੇ ਕੋਈ ਸ਼ੱਕ ਨਹੀਂ ਹੈ। ਕਾਤਕਾ ਨੇ ਵਲ਼ ਜਿਹਾ ਖਾ ਕੇ ਇੱਕ ਡੂੰਘੀ ਜਿਹੀ ਉਬਾਸੀ ਲਈ ਅਤੇ ਫਾਟਕ ਦੇ ਇੱਕ ਕੋਨੇ ਵਿੱਚ ਢਹਿ ਪਈ।
‘‘ਤੂੰ ਬਸ ਚੁੱਪ ਹੀ ਰਹਿ। ਜੇ ਠੰਢ ਲੱਗੇ ਤਾਂ ਦੰਦ ਘਰੋਟ ਲਓ ਤੇ ਜੀਅ ਤਕੜਾ ਰੱਖੋ। ਫਿਰ ਨਹੀਂ ਲੱਗਦੀ। ਤੂੰ ਤੇ ਮੈਂ ਕਿਸੇ ਦਿਨ ਮਿਲ਼ ਕੇ ਚੰਗੀ ਮੌਜ ਕਰਾਂਗੇ। ਇਹ ਕਿਹੜੀ ਗੱਲ ਹੈ। ਮੈਂ ਸਿਰਫ਼ ਐਨਾ ਚਾਹੁੰਦਾ ਹਾਂ ਕਿ…’’
ਅਤੇ ਉਸਨੇ ਆਪਣੀ ਗੱਲ ਅਧੂਰੀ ਛੱਡ ਦਿੱਤੀ ਇਸ ਲਈ ਕਿ ਉਸਦੀ ਸਾਥਣ ਜਗਿਆਸਾ ਨਾਲ਼ ਬੇਚੈਨ ਹੋ ਉੱਠੇ। ਪਰ ਉਹ, ਜਗਿਆਸਾ ਦਾ ਭੋਰਾ ਵੀ ਭਾਵ ਦਿਖਾਏ ਬਿਨ੍ਹਾਂ, ਸੁੰਗੜ ਕੇ ਹੋਰ ਵੀ ਦੂਹਰੀ ਹੋ ਗਈ। ਮਿਸ਼ਕਾ ਨੇ, ਥੋੜਾ ਫ਼ਿਕਰਮੰਦ ਹੋ ਕੇ, ਉਸਨੂੰ ਝੰਜੋੜਿਆ:
‘‘ਕਾਤਕਾ, ਦੇਖ, ਸੌਣਾ ਨਹੀਂ। ਕਿਤੇ ਪਾਲ਼ਾ ਨਾ ਮਾਰ ਜਾਵੇ। ਸੁਣ ਰਹੀਂ ਹੈਂ?’’
‘‘ਘਬਰਾ ਨਾ, ਮੈਨੂੰ ਕੋਈ ਪਾਲ਼ਾ ਨੀ ਮਾਰਨ ਲੱਗਿਆ,’’ ਕਾਤਕਾ ਨੇ ਕਿਹਾ। ਠੰਢ ਨਾਲ਼ ਉਸਦੇ ਦੰਦ ਵੱਜ ਰਹੇ ਸਨ।
ਜੇ ਕਿਤੇ ਮਿਸ਼ਕਾ ਨਾ ਹੁੰਦਾ ਤਾਂ ਕਾਤਕਾ ਕਦੋਂ ਦੀ ਪਾਲ਼ੇ ਵਿੱਚ ਜੰਮ ਕੇ ਮਰ ਗਈ ਹੁੰਦੀ। ਪਰ ਉਸ ਨਿੱਕੇ ਜਿਹੇ ਤਲਛੱਟੀ ਮੁੰਡੇ ਦਾ ਪੱਕਾ ਇਰਾਦਾ ਸੀ ਕਿ ਉਹ ਵੱਡੇ ਦਿਨ ਦੇ ਮੌਕੇ ’ਤੇ ਅਜਿਹੀ ਘਟੀਆ ਗੱਲ ਕਦੇ ਨਹੀਂ ਹੋਣ ਦੇਵੇਗਾ।
‘‘ਲੇਟ ਨਾ, ਉੱਠ ਕੇ ਬੈਠ। ਲੇਟਣਾ ਤਾਂ ਹੋਰ ਵੀ ਬੁਰਾ ਹੈ। ਗੋਡੇ ਤਾਂ ਨਹੀਂ ਟੁੱਟੇ। ਸਿੱਧਾ ਖੜਾ ਆਦਮੀ ਵੱਡਾ ਦਿਸਦਾ ਹੈ ਅਤੇ ਉਸਨੂੰ ਫਿਰ ਠੰਢ ਨਹੀਂ ਫੜਦੀ। ਵੱਡਿਆਂ ਨੂੰ ਠੰਢ ਮਾਰ ਨਹੀਂ ਕਰਦੀ। ਮਿਸਾਲ ਲਈ ਘੋੜਿਆਂ ਨੂੰ ਹੀ ਦੇਖ ਲਓ। ਉਹ ਕਦੇ ਠੰਢ ਵਿੱਚ ਜੰਮ ਕੇ ਨਹੀਂ ਮਰਦੇ। ਆਦਮੀ ਘੋੜਿਆਂ ਨਾਲ਼ੋਂ ਛੋਟੇ ਹਨ ਇਸ ਲਈ ਉਹ ਹਮੇਸ਼ਾ ਜੰਮ ਜਾਂਦੇ ਹਨ। ਮੇਰੀ ਗੱਲ ਮੰਨ ਲੈ, ਉੱਠ ਕੇ ਬੈਠ। ਪੂਰਾ ਇੱਕ ਰੂਬਲ ਹੋ ਜਾਵੇ ਤਾਂ ਲੱਗੇ ਕਿ ਹਾਂ ਅੱਜ ਦਾ ਦਿਨ ਵੀ ਕੁਝ ਹੈ।’’
ਕਾਤਕਾ, ਜਿਸਦਾ ਸਾਰਾ ਸਰੀਰ ਕੰਬ ਰਿਹਾ ਸੀ, ਉੱਠ ਕੇ ਬੈਠ ਗਈ।
‘‘ਸੱਚੀ ਗੱਲ ਹੈ ਕਿਆ ਭਿਆਨਕ ਠੰਢ ਹੈ’’ ਉਹ ਬੁੜਬੁੜਾਈ।
ਅਤੇ ਠੰਢ, ਸਚਮੁਚ ਹੀ ਬੇਹੱਦ ਭਿਆਨਕ ਹੋ ਰਹੀ ਸੀ। ਬਰਫ਼ ਦੇ ਬੱਦਲ਼ਾਂ ਨੇ ਗੂੜ੍ਹੇ ਸੰਘਣੇ ਲੋਹੜਿਆਂ ਦਾ ਰੂਪ ਧਾਰ ਲਿਆ ਸੀ, ਕਿਤੇ ਉਹ ਖੰਭਿਆਂ ਦੀ ਸ਼ਕਲ ਵਿੱਚ ਦਿਖਾਈ ਦੇ ਰਹੇ ਸਨ ਅਤੇ ਕਿਤੇ ਲੰਮੀ ਚਾਦਰ ਦੀ ਸ਼ਕਲ ਵਿੱਚ, ਜਿਸ ਵਿੱਚ ਬਰਫ਼ ਦੇ ਕਣ ਹੀਰਿਆਂ ਵਾਂਗ ਜੜ੍ਹੇ ਹੋਏ ਸਨ। ਜਦੋਂ ਉਹ ਸੜ੍ਹਕ ’ਤੇ ਲੈਂਪਾਂ ਉੱਪਰੋਂ ਮੰਡਰਾਉਂਦੇ ਹੋਏ ਗੁਜ਼ਰਦੇ ਜਾਂ ਦੁਕਾਨਾਂ ਦੇ ਚਮਕਦੇ ਸ਼ੋਅਕੇਸਾਂ ਦੇ ਸਾਹਮਣਿਓਂ ਦੀ ਲੰਘਦੇ ਤਾਂ ਬਹੁਤ ਹੀ ਖੂਬਸੂਰਤ ਲੱਗਦੇ। ਉਹ ਸਤਰੰਗੀ ਪੀਂਘ ਦੇ ਰੰਗਾਂ ਵਿੱਚ ਜਗਮਗਾਉਂਦੇ ਅਤੇ ਉਹਨਾਂ ਦੀ ਤੇਜ਼ ਠੰਢੀ ਚਮਕ ਅੱਖਾਂ ਵਿੱਚ ਚੁਭਣ ਲੱਗ ਪੈਂਦੀ।
ਪਰ ਆਪਣੇ ਨੰਨ੍ਹੇ ਨਾਇਕ ਅਤੇ ਨਾਇਕਾ ਦੀ ਇਸ ਸਮੁੱਚੇ ਸੁਹੱਪਣ ਵਿੱਚ ਕੋਈ ਦਿਲਚਸਪੀ ਨਹੀਂ ਸੀ।
‘‘ਓ-ਹੋ!’’ ਆਪਣੀ ਖੁੱਡ ਜਿਹੀ ਵਿੱਚੋਂ ਆਪਣੀ ਸਿਰੀ ਬਾਹਰ ਕੱਢਦਿਆਂ ਮਿਸ਼ਕਾ ਨੇ ਕਿਹਾ: ‘‘ਇਹ ਤਾਂ ਪੂਰਾ ਝੁੰਡ ਤੁਰਿਆ ਆਉਂਦਾ ਹੈ। ਉੱਠ ਕਾਤਕਾ ਉਹਨਾਂ ਨੂੰ ਫੜੀਏ!’’
‘‘ਦਯਾ ਦੇ ਸਾਗਰ…’’ ਤੀਰ ਵਾਂਗ ਸਿੱਧੀ ਸੜ੍ਹਕ ’ਤੇ ਪਹੁੰਚ ਕੇ ਕੰਬਦੀ ਅਵਾਜ਼ ਵਿੱਚ ਛੋਟੀ ਕੁੜੀ ਭਿਣਭਿਣਾਈ।
‘‘ਕੁਝ ਤਾਂ ਦਿਓ, ਮੇਰੇ ਮਾਲਿਕ!’’ ਮਿਸ਼ਕਾ ਨੇ ਅਰਜੋਈ ਕੀਤੀ ਅਤੇ ਫਿਰ ਅਚਾਨਕ ਚੀਖ਼ ਪਿਆ: ‘‘ਭੱਜ, ਕਾਤਕਾ, ਭੱਜ!’’
‘‘ਭੂਤਨੇ! ਇੱਕ ਵਾਰ ਹੱਥ ਲੱਗ ਜਾਓ ਬਸ। ਫਿਰ ਦੇਖਿਓ ਕੀ ਹਾਲ ਕਰਦਾਂ ਮੈਂ ਤੁਹਾਡਾ, ਸ਼ੈਤਾਨ!’’ ਸ਼ਤੀਰ ਵਰਗੇ ਲੰਮੇ ਪੁਲਸੀਏ ਨੇ, ਜਿਹੜਾ ਅਚਾਨਕ ਪਟੜੀ ’ਤੇ ਪ੍ਰਗਟ ਹੋ ਗਿਆ ਸੀ, ਭੜਕ ਕੇ ਕਿਹਾ।
ਪਰ ਉਹ ਤਾਂ ਗਾਇਬ ਹੋ ਚੁੱਕੇ ਸਨ। ਦੋ ਲੀਰਾਂ ਦੀਆਂ ਗੇਂਦਾਂ ਰੁੜ੍ਹਦੀਆਂ ਹੋਈਆਂ ਅੱਖੋਂ ਓਹਲੇ ਹੋ ਗਈਆਂ ਸਨ।
‘‘ਗਾਇਬ ਹੋ ਗਏ, ਸ਼ੈਤਾਨ ਦੇ ਬੱਚੇ!’’ ਪੁਲਸੀਆ ਕਲ਼ਪਿਆ ਅਤੇ ਸੜ੍ਹਕ ’ਤੇ ਨਜ਼ਰ ਮਾਰਦਿਆਂ ਭਲੇ ਸੁਭਾਅ ਨਾਲ਼ ਮੁਸਕੁਰਾ ਪਿਆ।
ਅਤੇ ਸ਼ੈਤਾਨ ਦੇ ਬੱਚੇ ਤੀਰ ਵਾਂਗ ਭੱਜੇ ਜਾ ਰਹੇ ਸਨ ਤੇ ਹੱਸ ਰਹੇ ਸਨ। ਕਾਤਕਾ ਦਾ ਪੈਰ ਵਾਰ-ਵਾਰ ਉਸਦੀਆਂ ਲੀਰਾਂ ’ਚ ਫਸ ਜਾਂਦਾ ਤੇ ਉਹ ਡਿੱਗ ਪੈਂਦੀ।
‘‘ਹਾਏ ਰੱਬਾ, ਫਿਰ ਡਿੱਗ ਪਈ!’’ ਆਪਣੇ ਪੈਰਾਂ ’ਤੇ ਖੜੇ ਹੋਣ ਲਈ ਜੂਝਦੀ ਉਹ ਕਹਿੰਦੀ, ਪਿੱਛੇ ਮੁੜ ਕੇ ਡਰ ਨਾਲ਼ ਵੇਖਦੀ, ਅਤੇ ਉਸਦੇ ਮੁੱਖੜੇ ਤੇ ਇੱਕਦਮ ਹਾਸਾ ਖੇਡਣ ਲੱਗ ਪੈਂਦਾ, ‘‘ਕਿੱਥੇ ਗਿਆ ਉਹ ਮਰਦੂਦ?’’
ਮਿਸ਼ਕਾਹਾਸੇ ਨਾਲ਼ ਦੂਹਰਾ ਹੋਇਆ ਰਾਹੀਆਂ ਨਾਲ਼ ਟਕਰਾਉਂਦਾ ਅਤੇ ਇਸ ਜੁਰਮ ਬਦਲੇ ਕਈ ਵਾਰ ਉਸਨੂੰ ਕਰਾਰੀਆਂ ਝਿੜਕਾਂ ਖਾਣੀਆਂ ਪੈਂਦੀਆਂ।
‘‘ਬਸ, ਬਸ, ਬਥੇਰੀਆਂ ਲੋਟਣੀਆਂ ਖਾ ਲਈਆਂ, ਸ਼ੈਤਾਨ ਚੁੱਕੇ ਤੈਨੂੰ… ਜ਼ਰਾ ਸ਼ਕਲ ਤਾਂ ਦੇਖ ਆਪਣੀ ਕੀ ਬਣ ਗਈ ਏਂ? ਬੁੱਧੂ ਕਿਸੇ ਥਾਂ ਦੀ! ਲੈ, ਫਿਰ ਡਿੱਗ ਪਈ! ਹਾਏ ਰੱਬਾ, ਤੂੰ ਤਾਂ ਮੈਨੂੰ ਹਸਾ-ਹਸਾ ਕੇ ਮਾਰ ਹੀ ਸੁੱਟੇਂਗੀ!’’
ਕਾਤਕਾ ਦੀਆਂ ਲੋਟਣੀਆਂ ਨੇ ਉਸ ਵਿੱਚ ਭਾਰੀ ਉਤਸ਼ਾਹ ਭਰ ਦਿੱਤਾ ਸੀ।
‘‘ਉਹ ਹੁਣ ਸਾਨੂੰ ਕਦੇ ਨਹੀਂ ਫੜ ਸਕਦਾ। ਜ਼ਿਆਦਾ ਭੱਜਣ ਦੀ ਲੋੜ ਨਹੀਂ ਹੈ। ਉਹ ਐਨਾ ਬੁਰਾ ਨਹੀਂ ਹੈ। ਉਹ ਦੂਜਾ, ਜਿਸਨੇ ਸੀਟੀ ਮਾਰੀ ਸੀ। ਇੱਕ ਵਾਰ ਮੈਂ ਭੱਜ ਰਿਹਾ ਸੀ ਕਿ ਇੱਕਦਮ ਅਚਾਨਕ ਖਟਾਕ! ਸਿੱਧਾ ਰਾਤ ਦੀ ਡਿਊਟੀ ਦੇ ਰਹੇ ਸੰਤਰੀ ਦੇ ਢਿੱਡ ਵਿੱਚ ਜਾ ਧਸਿਆ ਅਤੇ ਮੇਰਾ ਸਿਰ ਬੜੀ ਜ਼ੋਰ ਨਾਲ਼ ਉਸਦੇ ਡੰਡੇ ਨਾਲ਼ ਵੱਜਿਆ!’’
‘‘ਮੈਨੂੰ ਯਾਦ ਹੈ। ਐਨਾ ਵੱਡਾ ਗੋਮੜ ਹੋ ਗਿਆ ਸੀ,’’ ਕਾਤਕਾ ਨੇ ਕਿਹਾ ਅਤੇ ਇੱਕ ਵਾਰ ਫਿਰ ਹੱਸਦੀ-ਹੱਸਦੀ ਦੂਹਰੀ ਹੋ ਗਈ।
‘‘ਬਸ ਕਰ ਹੁਣ। ਬਹੁਤ ਹੱਸ ਲਈ,’’ ਮਿਸ਼ਕਾ ਨੇ ਭਾਰੀ ਮੂੰਹ ਬਣਾ ਕੇ ਉਸਨੂੰ ਰੋਕਿਆ: ‘‘ਅਤੇ ਮੈਂ ਜੋ ਕਹਿੰਦਾ ਹਾਂ, ਉਹ ਸੁਣ।’’
ਦੋਨੇ ਗੰਭੀਰ ਅਤੇ ਫਿਕਰਮੰਦ ਸ਼ਕਲ ਬਣਾ ਕੇ ਨਾਲ਼-ਨਾਲ਼ ਤੁਰਨ ਲੱਗ ਪਏ।
‘‘ਮੈਂ ਉੱਥੇ ਤੈਨੂੰ ਝੂਠ ਕਿਹਾ ਸੀ। ਦਸ ਨਹੀਂ, ਉਸ ਬੁੱਢੇ ਨੇ ਮੇਰੇ ਹੱਥ ਵਿੱਚ ਵੀਹ ਕੋਪੇਕ ਦਿੱਤੇ ਸਨ। ਅਤੇ ਉਸਤੋਂ ਪਹਿਲਾਂ ਵੀ ਮੈਂ ਤੈਨੂੰ ਝੂਠ ਕਿਹਾ ਸੀ ਇਸ ਡਰੋਂ ਕਿ ਕਿਤੇ ਤੂੰ ਫਿਰ ਘਰ ਜਾਣ ਦੀ ਰਟ ਨਾ ਲਗਾ ਲਵੇਂ। ਅੱਜ ਦਾ ਦਿਨ ਬਹੁਤ ਵਧੀਆ ਰਿਹਾ। ਜਾਣਦੀ ਹੈਂ, ਕਿੰਨਾ ਮਿਲ਼ਿਆ? ਇੱਕ ਰੂਬਲ ਅਤੇ ਪੰਜ ਕੋਪੇਕ। ਹੈ ਨਾ ਵਧੀਆ?’’
‘‘ਹੋਰ ਨਹੀਂ ਤਾਂ ਕੀ?’’ ਕਾਤਕਾ ਨੇ ਲੰਮਾ ਸਾਹ ਭਰਿਆ: ‘‘ਚਾਹੋ ਤਾਂ ਇਸ ਨਾਲ਼ ਜੁੱਤੀਆਂ ਖਰੀਦ ਸਕਦੇ ਹਾਂਕਬਾੜੀ ਬਜ਼ਾਰ ’ਚੋਂ।’’
‘‘ਜੁੱਤੀਆਂ, ਹੂੰ! ਉਹ ਤਾਂ ਮੈਂ ਵੈਸੇ ਹੀ ਉੜਾ ਕੇ ਤੈਨੂੰ ਦੇ ਸਕਦਾ ਹਾਂ। ਜ਼ਰਾ ਸਬਰ ਕਰ। ਕਿੰਨੇ ਹੀ ਦਿਨਾਂ ਤੋਂ ਜੁੱਤੀਆਂ ਦੀ ਇੱਕ ਜੋੜੀ ’ਤੇ ਮੇਰੀ ਨਜ਼ਰ ਹੈ। ਦਾਅ ਲੱਗਣ ਦੀ ਦੇਰ ਹੈ ਬਸ, ਸਫ਼ਾਚੱਟ ਕਰਕੇ ਲੈ ਆਊਗਾ। ਪਰ ਗੱਲ ਸੁਣ ਚੱਲ, ਹੁਣ ਜ਼ਰਾ ਕੌਫ਼ੀ ਹਾਊਸ ਚੱਲੀਏ। ਕਿਉਂ ਠੀਕ ਹੈ ਨਾ?’’
‘‘ਚਾਚੀ ਨੂੰ ਫਿਰ ਪਤਾ ਲੱਗ ਜਾਣੈ ਤੇ ਉਹ ਆਪਣੀ ਮੁਰੰਮਤ ਕਰੂ, ਜਿਵੇਂ ਉਦੋਂ ਹੋਇਆ ਸੀ,’’ ਕਾਤਕਾ ਨੇ ਸ਼ੱਕ ਨਾਲ਼ ਕਿਹਾ, ਪਰ ਕੌਫ਼ੀ ਹਾਊਸ ਵਿੱਚ ਜਾ ਕੇ ਨਿੱਘੇ ਹੋਣ ਦਾ ਮੋਹ ਐਨਾ ਪ੍ਰਬਲ ਸੀ ਕਿ ਉਸਨੂੰ ਲੁਕਾਉਣਾ ਮੁਸ਼ਕਿਲ ਸੀ।
‘‘ਮੁਰੰਮਤ ਕਰੂਗੀ? ਨਹੀਂ, ਇਹਦੀ ਨੌਬਤ ਨਹੀਂ ਆਉਂਦੀ। ਆਪਾਂ ਇੱਕ ਅਜਿਹੇ ਕੌਫ਼ੀ ਹਾਊਸ ਵਿੱਚ ਜਾਵਾਂਗੇ ਜਿੱਥੇ ਕੋਈ ਵੀ ਪੰਛੀ ਇਹ ਨਾ ਪਛਾਣ ਸਕੇ ਕਿ ਆਪਾਂ ਕੌਣ ਹਾਂ।’’
‘‘ਅੱਛਾ, ਸੱਚੀਂ?’’ ਕਾਤਕਾ ਨੇ ਉਤਸ਼ਾਹ ਨਾਲ਼ ਕਿਹਾ।
‘‘ਅੱਛਾ ਤਾਂ ਸੁਣ ਫਿਰ, ਆਪਾਂ ਕੀ ਕਰਾਂਗੇ। ਸਭ ਤੋਂ ਪਹਿਲੀ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਆਪਾਂ ਅੱਧਾ ਪੌਂਡ ਸਾਸੇਜ ਲਵਾਂਗੇ ਅੱਠ ਕੋਪੇਕ ਦੇ, ਫਿਰ ਅੱਧਾ ਪੌਂਡ ਸਫੈਦ ਰੋਟੀ ਪੰਜ ਕੋਪੇਕ ਦੀ। ਤੇਰਾਂ ਕੋਪੇਕ ਤਾਂ ਇਹ ਹੋਏ। ਇਸ ਤੋਂ ਬਾਅਦ ਤਿੰਨ ਤਿੰਨ ਕੋਪੇਕ ਦੀਆਂ ਮਿੱਠੀਆਂ ਰੋਟੀਆਂ ਲਵਾਂਗੇ, ਛੇ ਕੋਪੇਕ ਇਹ ਹੋਏ। ਇਸ ਤਰ੍ਹਾਂ ਕੁੱਲ ਉੱਨੀ ਕੋਪੇਕ ਹੋ ਗਏ। ਫਿਰ ਇੱਕ ਕੇਤਲੀ ਚਾਹ ਛੇ ਕੋਪੇਕ ਦੀ। ਪੂਰੇ ਪੱਚੀ ਕੋਪੇਕ, ਜ਼ਰਾ ਸੋਚ ਕੇ ਤਾਂ ਵੇਖ! ਨਾਲ਼ੇ ਸਾਡੇ ਕੋਲ਼ ਬਾਕੀ ਬਚੇ ਰਹਣਗੇ…’’
ਮਿਸ਼ਕਾ ਹਿਚਕਿਚਾ ਕੇ ਚੁੱਪ ਹੋ ਗਿਆ। ਕਾਤਕਾ ਨੇ ਉਸਨੂੰ ਭਾਰੀ ਅਤੇ ਸ਼ੱਕੀ ਨਜ਼ਰਾਂ ਨਾਲ਼ ਵੇਖਿਆ।
‘‘ਐਨਾ ਖਰਚਾ!’’ ਉਸਨੇ ਦੱਬੀ ਜਿਹੀ ਅਵਾਜ਼ ਵਿੱਚ ਪੁੱਛਿਆ।
‘‘ਬੋਲ ਨਾ, ਚੁੱਪ ਕਰਕੇ ਸੁਣ। ਜ਼ਿਆਦਾ ਨਹੀਂ ਹੈ। ਇਸਤੋਂ ਬਿਨਾਂ ਅੱਠ ਕੋਪੇਕ ਦੀਆਂ ਚੀਜ਼ਾਂ ਆਪਾਂ ਹੋਰ ਖਾਵਾਂਗੇ। ਕੁੱਲ ਤੇਤੀ ਕੋਪੇਕ ਅਤੇ ਜਦੋਂ ਇਹ ਸਭ ਕਰਨਾ ਹੀ ਹੈ ਤਾਂ ਫਿਰ ਕਹਿਣਾ-ਸੁਣਨਾ ਕੀ? ਵੱਡੇ ਦਿਨ ਦਾ ਤਿਓਹਾਰ ਹੈ, ਕਿਉਂ, ਹੈ ਕਿ ਨਹੀਂ? ਤੇ ਸਾਡੇ ਕੋਲ਼ ਬਾਕੀ ਬਚੇਗਾ… ਜੇ ਪੱਚੀ ਕੋਪੇਕ ਖ਼ਰਚੇ ਤਾਂ ਅੱਸੀ ਕੋਪੇਕ … ਜੇ ਤੇਤੀ ਖ਼ਰਚੇ ਤਾਂ ਸਤੱਤਰ ਕੋਪੇਕ… ਸੱਤ ਦਸ-ਦਸ ਦੇ ਤੇ ਕੁਝ ਭਾਨ ਬਚੂਗੀ। ਦੇਖ, ਕਿੰਨਾ ਬਚ ਗਿਆ? ਉਸ ਬੁੱਢੀ ਨੂੰ ਹੋਰ ਕੀ ਚਾਹੀਦਾ ਹੈ? ਐਨਾ ਹੀ ਬਥੇਰਾ ਹੈ ਉਸ ਸ਼ੈਤਾਨ ਦੀ ਮਾਸੀ ਲਈ। ਚਲੋ, ਚਲੋ। ਜਲਦੀ ਕਰੋ।’’
ਹੱਥਾਂ ਵਿੱਚ ਹੱਥ ਪਾ, ਨੱਚਦੇ-ਟੱਪਦੇ ਉਹ ਪਟੜੀ ’ਤੇ ਤੁਰ ਪਏ। ਬਰਫ਼ ਦੇ ਕਣ ਉੱਡਦੇ ਉਹਨਾਂ ਦੀਆਂ ਅੱਖਾਂ ਨਾਲ਼ ਟਕਰਾਉਂਦੇ ਤੇ ਉਹਨਾਂ ਨੂੰ ਕੁਝ ਦਿਖਾਈ ਨਾ ਦਿੰਦਾ। ਵਾਰ-ਵਾਰ ਬਰਫ਼ ਦਾ ਬੱਦਲ ਉੱਤੋਂ ਉਹਨਾਂ ’ਤੇ ਝਪਟਦਾ ਅਤੇ ਉਹਨਾਂ ਦੋਹਾਂ ਦੇ ਛੋਟੇ ਆਕਾਰਾਂ ਨੂੰ ਪਾਰਦਰਸ਼ੀ ਚਾਦਰ ਦੀ ਲਪੇਟ ਵਿੱਚ ਲੈ ਲੈਂਦਾ, ਜਿਸਨੂੰ ਉਹ ਭੋਜਨ ਅਤੇ ਨਿੱਘ ਦੀ ਉਮੀਦ ਵਿੱਚ ਰੰਗੇ ਹੋਏ, ਇੱਕਦਮ ਤਾਰ ਤਾਰ ਕਰਕੇ ਵਗਾਹ ਮਾਰਦੇ।
‘‘ਸੁਣ,’’ ਕਾਤਕਾ ਨੇ ਤੇਜ਼ ਤੇਜ਼ ਤੁਰਨ ਕਾਰਨ ਜਿਸਨੂੰ ਸਾਹ ਚੜ੍ਹ ਰਿਹਾ ਸੀ ਸਾਹੋ-ਸਾਹ ਹੁੰਦਿਆਂ ਕਿਹਾ: ‘‘ਤੂੰ ਚਾਹੇ ਰਾਜੀ ਰਹਿ ਜਾਂ ਗੁੱਸੇ, ਜੇ ਉਸਨੂੰ ਪਤਾ ਲੱਗ ਗਿਆ ਤਾਂ ਮੈਂ ਤਾਂ ਸਾਫ਼ ਦੱਸ ਦੇਣਾ ਇਹ ਸਾਰੀ ਤੇਰੀ ਕਰਤੂਤ ਹੈ, ਮੈਂ ਪਰਵਾਹ ਨਹੀਂ ਕਰਦੀ ਤੂੰ ਹਰ ਵਾਰ ਭੱਜ ਜਾਂਦਾ ਹੈਂ, ਭੁਗਤਣਾ ਮੈਨੂੰ ’ਕੱਲੀ ਨੂੰ ਪੈਂਦਾ ਹੈ, ਉਹ ਮੈਨੂੰ ਹਮੇਸ਼ਾ ਫੜ ਲੈਂਦੀ ਹੈ ਤੇ ਤੇਰੇ ਨਾਲ਼ੋਂ ਕਿਤੇ ਜ਼ਿਆਦਾ ਕੁੱਟ ਪੈਂਦੀ ਹੈ, ਸਮਝ ਗਿਆ ਨਾ? ਮੈਂ ਸਾਰਾ ਕੁਝ ਦੱਸ ਦੇਣਾ।’’
‘‘ਠੀਕ ਹੈ, ਜੋ ਦਿਲ ਕਰੇ ਦੱਸ ਦਈਂ,’’ ਮਿਸ਼ਕਾ ਨੇ ਗਰਦਨ ਹਿਲਾਈ ‘‘ਜੇ ਉਹ ਮਾਰੂਗੀ ਤਾਂ ਦੇਖ ਲਵਾਂਗੇ! ਮੈਂ ਦੇਖ ਲਊਗਾ। ਜਾਹ, ਤੂੰ ਵੀ ਆਪਣੀ ਮਨਆਈ ਕਰ ਲੈ।’’
ਮੂੰਹ ਨਾਲ਼ ਸੀਟੀ ਵਜਾਉਂਦਾ, ਸਿਰ ਪਿੱਛੇ ਨੂੰ ਸੁੱਟੀ, ਵੀਰ-ਭਾਵਨਾ ਵਿੱਚ ਫੁੱਲਿਆ ਉਹ ਤੁਰਿਆ ਜਾ ਰਿਹਾ ਸੀ। ਉਸਦਾ ਚਿਹਰਾ ਪਤਲਾ ਸੀ। ਉਸਦੀਆਂ ਅੱਖਾਂ ਵਿੱਚ ਸ਼ੈਤਾਨੀ ਭਰੀ ਹੋਈ ਸੀ ਅਤੇ ਉਹਨਾਂ ਵਿੱਚ ਆਮ ਤੌਰ ’ਤੇ ਅਜਿਹਾ ਭਾਵ ਝਲਕਦਾ ਸੀ ਜਿਹੜਾ ਉਸਦੀ ਇਸ ਛੋਟੀ ਉਮਰ ਨਾਲ਼ ਬਿਲਕੁਲ ਵੀ ਮੇਲ਼ ਨਹੀਂ ਖਾਂਦਾ ਸੀ। ਉਸਦਾ ਨੱਕ ਤਿੱਖਾ ਅਤੇ ਕੁਝ ਕੁ ਮੁੜਿਆ ਹੋਇਆ ਸੀ।
‘‘ਲਓ, ਕੌਫ਼ੀ ਹਾਊਸ ਆ ਗਿਆ। ਇੱਕ ਨਹੀਂ, ਦੋ। ਦੱਸੋ ਫਿਰ ਕਿੱਧਰ ਚੱਲੀਏ?’’
‘‘ਛੋਟੇ ਵਿੱਚ। ਪਰ ਚੱਲ, ਪਹਿਲਾਂ ਕਰਿਆਨੇ ਦੀ ਦੁਕਾਨ ’ਤੇ ਚੱਲਦੇ ਹਾਂ।’’
ਖਾਣ ਦੀਆਂ ਸਾਰੀਆਂ ਚੀਜ਼ਾਂ ਖਰੀਦਣ ਤੋਂ ਬਾਅਦ ਉਹ ਛੋਟੇ ਕੌਫ਼ੀ ਹਾਊਸ ਵਿੱਚ ਦਾਖਿਲ ਹੋਏ।
ਕੌਫੀ ਹਾਊਸ ਧੂੰਏ, ਭਾਫ਼ ਤੇ ਤਿੱਖੀ ਖੱਟੀ ਗੰਧ ਨਾਲ਼ ਭਰਿਆ ਹੋਇਆ ਸੀ। ਅਵਾਰਾ, ਭਿਖਾਰੀ, ਕੋਚਵਾਨ ਅਤੇ ਸਿਪਾਹੀ ਹਨੇਰੇ ਵਿੱਚ ਲਿਪਟੇ ਬੈਠੇ ਸਨ ਤੇ ਬੇਹੱਦ ਗੰਦੇ ਵੇਟਰ ਮੇਜ਼-ਕੁਰਸੀਆਂ ਵਿਚਕਾਰ ਮੰਡਰਾ ਰਹੇ ਸਨ। ਚੀਕ-ਚਿਹਾੜਾ, ਗਾਣੇ ਅਤੇ ਗਾਲ਼ਾਂ ਦਾ ਬਜ਼ਾਰ ਗਰਮ ਸੀ।
ਕੋਨੇ ਵਿੱਚ ਇੱਕ ਖਾਲੀ ਮੇਜ਼ ਪਿਆ ਸੀ। ਮਿਸ਼ਕਾ ਨੇ ਉਸਨੂੰ ਦੇਖਿਆ ਅਤੇ ਤੀਰ ਵਾਂਗ ਸਿੱਧਾ ਉੱਥੇ ਪਹੁੰਚ ਗਿਆ। ਉਸਨੇ ਆਪਣਾ ਕੋਟ ਲਾਹ ਕੇ ਉੱਥੇ ਰੱਖ ਦਿੱਤਾ ਅਤੇ ਫਿਰ ਕਾਉਂਟਰ ਕੋਲ਼ ਪਹੁੰਚਿਆ। ਕਾਤਕਾ ਵੀ, ਸ਼ਰਮੀਲੀਆਂ ਜਿਹੀਆਂ ਨਜ਼ਰਾਂ ਨਾਲ਼ ਆਲ਼ੇ-ਦੁਆਲ਼ੇ ਦੇਖਦੀ ਹੋਈ ਆਪਣਾ ਕੋਟ ਲਾਹੁਣ ਲੱਗ ਪਈ।
‘‘ਕਿਉਂ, ਬਈ, ਚਾਹ ਮਿਲ਼ੂਗੀ?’’ ਕਾਉਂਟਰ ਨੂੰ ਆਪਣੀਆਂ ਮੁੱਠੀਆਂ ਨਾਲ਼ ਹੌਲ਼ੀ-ਹੌਲ਼ੀ ਵਜਾਉਂਦੇ ਹੋਏ ਮਿਸ਼ਕਾ ਨੇ ਉੱਥੇ ਬੈਠੇ ਆਦਮੀ ਨੂੰ ਪੁੱਛਿਆ।
‘‘ਚਾਹ? ਮਿਲੂਗੀ ਕਿਉਂ ਨਹੀਂ? ਥੋੜੀ ਤਕਲੀਫ ਕਰੋ। ਉੱਥੋਂ ਥੋੜਾ ਗਰਮ ਪਾਣੀ ਲੈ ਲਓ। ਨਾਲ਼ੇ ਦੇਖ, ਕੋਈ ਚੀਜ਼ ਟੁੱਟਣੀ ਨਹੀਂ ਚਾਹੀਦੀ। ਜੇ ਭੰਨ-ਤੋੜ ਕੀਤੀ ਤਾਂ ਅਜਿਹਾ ਸਬਕ ਸਿਖਾਉਂਗਾ ਕਿ ਯਾਦ ਰੱਖੇਂਗਾ।’’
ਪਰ ਉਦੋਂ ਤੱਕ ਮਿਸ਼ਕਾ ਪਾਣੀ ਲੈਣ ਲਈ ਖਿਸਕ ਗਿਆ ਸੀ।
ਦੋ ਮਿੰਟ ਬਾਅਦ ਉਹ ਆਪਣੀ ਸਾਥਣ ਨਾਲ਼ ਬੈਠਾ ਕਾਗਜ਼ ਵਿੱਚ ਤੰਬਾਕੂ ਲਪੇਟ ਕੇ ਪਰਪੱਕ ਅੰਦਾਜ਼ ਨਾਲ਼ ਆਪਣੇ ਲਈ ਇੱਕ ਤਾਜ਼ਾ ਸਿਗਰਟ ਬਣਾ ਰਿਹਾ ਸੀ ਉਸ ਕੋਚਵਾਨ ਵਾਂਗ, ਜਿਹੜਾ ਦਿਨ ਵਿੱਚ ਕਾਫ਼ੀ ਮਜ਼ਦੂਰੀ ਕਰ ਚੁੱਕਿਆ ਹੋਵੇ। ਕਾਤਕਾ ਮੰਤਰ-ਮੁਗਧ ਹੋਈ ਉਸਨੂੰ ਦੇਖ ਰਹੀ ਸੀ। ਉਸਦੇ ਦਿਲ ਵਿੱਚ ਇਸ ਗੱਲ ਦਾ ਰੋਹਬ ਛਾਇਆ ਹੋਇਆ ਸੀ ਕਿ ਲੋਕਾਂ ਵਿੱਚ ਉਹ ਕਿੰਨੇ ਵਧੀਆ ਅਤੇ ਸਹਿਜ ਢੰਗ ਨਾਲ਼ ਵਿਵਹਾਰ ਕਰਦਾ ਹੈ। ਕੌਫ਼ੀ ਹਾਊਸ ਦੇ ਕੰਨ-ਪਾੜੂ ਰੌਲ਼ੇ-ਰੱਪੇ ਵਿੱਚ ਉਹ ਸੱਤ ਜਨਮ ਵੀ ਆਪਣੇ ਆਪ ਨੂੰ ਸੰਭਾਲ ਕੇ ਨਹੀਂ ਰੱਖ ਸਕਦੀ, ਹੋਰ ਨਹੀਂ ਤਾਂ ਇਹੀ ਇੱਕ ਡਰ ਸਦਾ ਉਸਦੇ ਸਿਰ ’ਤੇ ਸਵਾਰ ਰਹਿੰਦਾ ਕਿ ਕੋਈ ਪਲ ਆ ਰਿਹਾ ਹੈ ਜਦੋਂ ਉਸਨੂੰ ਕੰਨ ਤੋਂ ਫੜ ਕੇ ਇੱਥੋਂ ਬਾਹਰ ਕੱਢ ਦਿੱਤਾ ਜਾਵੇਗਾ। ਪਰ, ਚਾਹੇ ਦੁਨੀਆ ਇੱਧਰੋਂ ਉੱਧਰ ਹੋ ਜਾਵੇ, ਮਿਸ਼ਕਾ ਸਾਹਵੇਂ ਉਹ ਆਪਣੇ ਇਹ ਹਾਵ-ਭਾਵ ਅਤੇ ਸ਼ੱਕ ਜ਼ਾਹਿਰ ਨਹੀਂ ਹੋਣ ਦੇ ਸਕਦੀ। ਇਸ ਲਈ ਉਹ ਆਪਣੇ ਸੋਨੇ ਰੰਗੇ ਵਾਲ਼ਾਂ ਨੂੰ ਥਪਥਪਾਉਣ ਅਤੇ ਸਿੱਧੇ-ਸਾਦੇ ਤੇ ਲਾਪਰਵਾਹੀ ਵਾਲ਼ੇ ਅੰਦਾਜ਼ ਵਿੱਚ ਆਲ਼ੇ-ਦੁਆਲ਼ੇ ਦੇਖਣ ਲੱਗ ਪਈ। ਇੰਜ ਕਰਨ ਦੀ ਕੋਸ਼ਿਸ਼ ਵਿੱਚ ਉਸਦੀਆਂ ਮੈਲ਼ੀਆਂ ਗੱਲ੍ਹਾਂ ’ਤੇ ਰੰਗ ਦਾ ਹੜ੍ਹ ਜਿਹਾ ਆ ਗਿਆ ਅਤੇ ਆਪਣਾ ਅਟਪਟਾਪਣ ਲੁਕਾਉਣ ਲਈ ਉਸਨੇ ਆਪਣੀਆਂ ਨੀਲੀਆਂ ਅੱਖਾਂ ਸੁੰਗੇੜ ਲਈਆਂ। ਇਸ ਦੌਰਾਨ ਮਿਸ਼ਕਾ, ਅਹਾਤੇ ਦੇ ਚੌਂਕੀਦਾਰ ਸਿਗਨੇਈ ਦੇ ਲਹਿਜੇ ਅਤੇ ਸ਼ਬਦਾਂ ਵਿੱਚ ਉਸਨੂੰ ਪਾਠ ਪੜ੍ਹਾ ਰਿਹਾ ਸੀ। ਇਹ ਚੌਂਕੀਦਾਰ, ਉਸ ਸਮੇਂ ਵੀ ਜਦੋਂ ਉਹ ਨਸ਼ੇ ਵਿੱਚ ਪੂਰੀ ਤਰ੍ਹਾਂ ਟੱਲੀ ਹੁੰਦਾ ਮਿਸ਼ਕਾ ਨੂੰ ਬੜਾ ਪ੍ਰਭਾਵਸ਼ਾਲੀ ਆਦਮੀ ਜਾਪਦਾ ਸੀ ਅਤੇ ਹੁਣੇ-ਹੁਣੇ ਚੋਰੀ ਦੇ ਜੁਰਮ ਵਿੱਚ ਤਿੰਨ ਮਹੀਨੇ ਦੀ ਜੇਲ੍ਹ ਕੱਟ ਕੇ ਆਇਆ ਸੀ। ਇਸ ਲਈ ਉਸਦੇ ਲਹਿਜੇ ਅਤੇ ਸ਼ਬਦਾਂ ਵਿੱਚ ਗੱਲ ਕਰਦਾ ਮਿਸ਼ਕਾ ਕਾਤਕਾ ਨੂੰ ਕਹਿ ਰਿਹਾ ਸੀ:
‘‘ਹਾਂ ਤਾਂ ਮਿਸਾਲ ਲਈ, ਸਮਝ ਲੈ ਕਿ ਤੂੰ ਭੀਖ ਮੰਗਣ ਜਾ ਰਹੀ ਹੈਂ। ਹੁਣ ਭੀਖ ਕਿਵੇਂ ਮੰਗੀ ਜਾਂਦੀ ਹੈ? ਸਿਰਫ਼ ਇਹੀ ਚੀਕਦੇ ਰਹਿਣਾ ਕਿ ਦਯਾ ਕਰੋ, ਦਯਾ ਕਰੋ, ਬਿਲਕੁਲ ਬੇਕਾਰ ਹੈ। ਇਹ ਕੋਈ ਤਰੀਕਾ ਨਹੀਂ ਹੈ। ਤੁਹਾਨੂੰ ਜੋ ਕਰਨਾ ਚਾਹੀਦਾ ਹੈ ਉਹ ਇਹ ਹੈ ਕਿ ਉਸ ਮਰਦੂਦ ਦੇ ਪੈਰਾਂ ਵਿੱਚ ਉਲਝ ਜਾਓ ਇਸ ਤਰ੍ਹਾਂ ਕਿ ਉਹ ਘਬਰਾ ਜਾਵੇ ਅਤੇ ਡਰ ਜਾਵੇ ਕਿ ਕਿਤੇ ਉਹ ਲੜਖੜਾ ਕੇ ਤੁਹਾਡੇ ਉੱਪਰ ਹੀ ਨਾ ਡਿੱਗ ਪਏ।’’
‘‘ਇਹ ਤਾਂ ਮੈਂ ਕਰ ਲਵਾਂਗੀ,’’ ਕਾਤਕਾ ਨੇ ਦੱਬੀ ਜਿਹੀ ਅਵਾਜ਼ ਵਿੱਚ ਸਹਿਮਤੀ ਜ਼ਾਹਿਰ ਕੀਤੀ।
‘‘ਬਹੁਤ ਖੂਬ,’’ ਉਸਦੇ ਸਾਥੀ ਨੇ ਪ੍ਰਸ਼ੰਸਾ ਵਿੱਚ ਸਿਰ ਹਿਲਾਉਂਦਿਆਂ ਕਿਹਾ: ‘‘ਇਹੀ ਅਸਲੀ ਚੀਜ਼ ਹੈ। ਹੁਣ, ਮਿਸਾਲ ਲਈ, ਚਾਚੀ ਅਨਫਿਸਾ ਨੂੰ ਹੀ ਦੇਖ ਲਓ। ਚਾਚੀ ਅਨਫ਼ਿਸਾ ਕੀ ਹੈ? ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਉਹ ਪਿਆਕੜ ਹੈ। ਅਤੇ ਇਸਤੋਂ ਇਲਾਵਾ…’’
ਅਤੇ ਮਿਸ਼ਕਾ ਨੇ, ਪ੍ਰਸ਼ੰਸਾਯੋਗ ਦਲੇਰੀ ਨਾਲ਼, ਖੁੱਲ੍ਹ ਕੇ ਦੱਸਿਆ ਕਿ ਚਾਚੀ ਅਨਫ਼ਿਸਾ ਇਸਤੋਂ ਇਲਾਵਾ ਹੋਰ ਕੀ ਹੈ।
ਕਾਤਕਾ ਨੇ ਸਿਰ ਹਿਲਾ ਕੇ ਚਾਚੀ ਬਾਰੇ ਉਸਦੇ ਮੁਲਾਂਕਣ ਨਾਲ਼ ਸਹਿਮਤੀ ਜਤਾਈ।
‘‘ਤੂੰ ਉਸਦੀ ਗੱਲ ਨਹੀਂ ਮੰਨਦੀ। ਇਹ ਠੀਕ ਨਹੀਂ ਹੈ। ਤੈਨੂੰ ਮਿਸਾਲ ਦੇ ਤੌਰ ’ਤੇ, ਕਹਿਣਾ ਚਾਹੀਦਾ ਹੈ ‘ਮੈਂ ਚੰਗੀ ਕੁੜੀ ਬਣਾਂਗੀ, ਚਾਚੀ ਤੁਹਾਡੀ ਗੱਲ ਦਾ ਮੈਂ ਧਿਆਨ ਰੱਖੂੰਗੀ…’ ਦੂਸਰੇ ਸ਼ਬਦਾਂ ਵਿੱਚ ਇਹ ਕਿ ਉਸਨੂੰ ਮੁਲਾਇਮ ਮੱਖਣ ਲਾਈ ਚੱਲ ਅਤੇ ਫਿਰ ਜੋ ਦਿਲ ਕਰੇ ਕਰ, ਇਹੀ ਸਹੀ ਢੰਗ ਹੈ।’’
ਮਿਸ਼ਕਾ ਚੁੱਪ ਹੋ ਗਿਆ ਅਤੇ ਰੋਹਬਦਾਰ ਢੰਗ ਨਾਲ਼ ਆਪਣੇ ਢਿੱਡ ’ਤੇ ਖਾਜ ਕਰਨ ਲੱਗ ਪਿਆ, ਜਿਵੇਂ ਕਿ ਆਪਣਾ ਭਾਸ਼ਣ ਝਾੜਨ ਤੋਂ ਬਾਅਦ ਸਿਗਨੇਈ ਕਰਦਾ ਸੀ। ਤੇ ਜਦੋਂ ਉਸਨੂੰ ਹੋਰ ਕੋਈ ਗੱਲ ਨਾ ਸੁੱਝੀ ਤਾਂ ਆਪਣਾ ਸਿਰ ਹਲਕਾ ਜਿਹਾ ਝਟਕਿਆ ਅਤੇ ਕਿਹਾ:
‘‘ਹਾਂ ਤਾਂ ਹੁਣ ਖਾਣਾ ਸ਼ੁਰੂ ਕਰਨਾ ਚਾਹੀਦਾ ਹੈ।’’
‘‘ਚਲੋ, ਸ਼ੁਰੂ ਕਰੀਏ,’’ ਕਾਤਕਾ ਨੇ, ਜਿਹੜੀ ਬੜੀ ਦੇਰ ਤੋਂ ਰੋਟੀ ਅਤੇ ਸਾਸੇਜ ਵੱਲ ਭੁੱਖੀਆਂ ਨਜ਼ਰਾਂ ਨਾਲ਼ ਵੇਖ ਰਹੀ ਸੀ, ਸਿਰ ਹਿਲਾ ਕੇ ਸਹਿਮਤੀ ਜਤਾਈ।
ਅਤੇ ਸਿੱਲ੍ਹ ਦੀ ਗੰਧ ਨਾਲ਼ ਭਰੇ ਚਾਨਣ-ਰਹਿਤ ਇਸ ਕੌਫ਼ੀ ਹਾਊਸ ਦੇ ਇੱਕ ਹਨ੍ਹੇਰੇ ਕੋਨੇ ਵਿੱਚ ਉਹ ਆਪਣਾ ਰਾਤ ਦਾ ਖਾਣਾ ਖਾਣ ਲੱਗੇ। ਗੰਦੇ ਗੀਤ ਅਤੇ ਭੱਦੀਆਂ ਗਾਲ਼ਾਂ ਦੀ ਅਵਾਜ਼ ਬੈਕਗਰਾਉਂਡ ਮਿਊਜ਼ਿਕ ਦਾ ਕੰਮ ਕਰ ਰਹੀ ਸੀ। ਦੋਨੇ ਬੜੀ ਲਗਨ ਨਾਲ਼, ਆਪਣੀ ਪਸੰਦ ਤੇ ਨਾਪਸੰਦ ਬਾਰੇ ਗੱਲਬਾਤ ਕਰਦੇ ਹੋਏ ਅਤੇ ਵਿੱਚ-ਵਿਚਾਲ਼ੇ ਰੁਕਦੇ-ਰੁਕਦੇ ਸੱਚੇ ਰਈਸਾਂ ਵਾਂਗ ਖਾ ਰਹੇ ਸਨ। ਅਤੇ ਜੇਕਰ ਕਾਤਕਾ, ਸ਼ਾਲੀਨਤਾ ਦੀ ਭਾਵਨਾ ਭੁੱਲ ਕੇ, ਲਾਲਚ ਦੇ ਮਾਰੇ ਆਪਣੇ ਮੂੰਹ ਵਿੱਚ ਐਨੀ ਵੱਡੀ ਬੁਰਕੀ ਪਾ ਲੈਂਦੀ ਕਿ ਉਸਦੀਆਂ ਗੱਲ੍ਹਾਂ ਕੁੱਪੇ ਵਾਂਗੂੰ ਫੁੱਲ ਜਾਂਦੀਆਂ ਤੇ ਡੇਲੇ ਬਾਹਰ ਨਿਕਲ਼ ਆਉਂਦੇ , ਤਾਂ ਸ਼ਾਂਤ ਅਤੇ ਸਥਿਰ ਮਿਸ਼ਕਾ ਲਾਡ-ਪਿਆਰ ਦੇ ਲਹਿਜੇ ਨਾਲ਼ ਕਹਿੰਦਾ:
‘‘ਐਨੀ ਵੀ ਕੀ ਜਲਦੀ ਹੈ, ਰਾਣੀ ਸਾਹਿਬਾ?’’
ਅਤੇ ਫਿਰ, ਉਸ ਭਾਰੀ-ਭਰਕਮ ਬੁਰਕੀ ਨੂੰ ਨਿਗਲਣ ਦੀ ਕਾਹਲ਼ੀ ਵਿੱਚ ਉਸਦਾ ਸਾਹ ਜਿਹਾ ਘੁਟਣ ਲੱਗ ਪੈਂਦਾ।
ਅਤੇ ਇਹੀ ਮੇਰੀ ਕਹਾਣੀ ਦਾ ਅੰਤ ਹੈ। ਬਿਨ੍ਹਾਂ ਕਿਸੇ ਅਫ਼ਸੋਸ ਜਾਂ ਪਛਤਾਵੇ ਤੋਂ ਮੈਂ ਇਹਨਾਂ ਬੱਚਿਆਂ ਨੂੰ ਵੱਡੇ ਦਿਨ ਦੀ ਰਾਤ ਗੁਜ਼ਾਰਨ ਲਈ ਇਕੱਲੇ ਛੱਡ ਸਕਦਾ ਹਾਂ। ਤੇ ਤੁਸੀਂ ਪੱਕੀ ਤਰ੍ਹਾਂ ਇਹ ਗੱਲ ਸਮਝ ਲਓ ਕਿ ਉਹਨਾਂ ਦੇ ਠੰਢ ਵਿੱਚ ਜੰਮ ਕੇ ਮਰਨ ਦਾ ਖ਼ਤਰਾ ਬਿਲਕੁਲ ਵੀ ਨਹੀਂ ਹੈ। ਉਹ ਆਪਣੇ ਪੂਰੇ ਰੰਗ ਵਿੱਚ ਹਨ। ਆਖ਼ਿਰ ਉਹਨਾਂ ਨੂੰ ਠੰਢ ਵਿੱਚ ਜਮ੍ਹਾ ਕੇ ਮਾਰ ਦੇਣ ਨਾਲ਼ ਮੇਰਾ ਜਾਂ ਇਸ ਦੁਨੀਆਂ ਦਾ ਕੀ ਫ਼ਾਇਦਾ ਹੋਵੇਗਾ?
ਮੈਨੂੰ ਇਹ ਬਹੁਤ ਹੀ ਵੱਡੀ ਅਤੇ ਭਾਰੀ ਮੂਰਖਤਾ ਜਾਪਦੀ ਹੈ ਕਿ ਬੱਚਿਆਂ ਨੂੰ ਪਾਲ਼ੇ ਵਿੱਚ ਜਮ੍ਹਾ ਕੇ ਮਾਰ ਦਿੱਤਾ ਜਾਵੇ ਖਾਸ ਕਰਕੇ ਉਸ ਹਾਲਤ ਵਿੱਚ, ਜਦੋਂ ਕਿ ਉਹ ਪੱਕਾ ਕਿਸੇ ਨਾ ਕਿਸੇ ਦਿਨ ਮਰਨਗੇ, ਪਰ ਇਸ ਨਾਲ਼ੋਂ ਕਿਤੇ ਜ਼ਿਆਦਾ ਸਿੱਧੇ-ਸਾਦੇ ਅਤੇ ਸਧਾਰਣ ਢੰਗ ਨਾਲ਼।
(1894)
(ਅਨੁਵਾਦ : ਸਵਜੀਤ)