Umeed De Bande (Punjabi Essay) : Harpreet Singh Kahlon
ਉਮੀਦ ਦੇ ਬੰਦੇ (ਲੇਖ) : ਹਰਪ੍ਰੀਤ ਸਿੰਘ ਕਾਹਲੋਂ
ਬੋਲਤੀ ਖਿੜਕੀ : ਹਰਪ੍ਰੀਤ ਸਿੰਘ ਕਾਹਲੋਂ
(ਉਹਨਾਂ ਮਿੱਤਰਾਂ ਦੇ ਨਾਮ ਜਿੰਨ੍ਹਾਂ ਨੂੰ ਯਕੀਨ ਹੈ ਕਿ ਪੰਜਾਬ ਬਾਬਾ ਫ਼ਰੀਦ,ਗੁਰੂ ਨਾਨਕ,ਵਾਰਿਸ ਤੇ ਬੁੱਲ੍ਹੇ ਦੀ ਸਾਂਝੀ ਧਰਤੀ ਹੈ।)
ਕਰਤਾਰਪੁਰ ਸਾਹਿਬ ਦੇ ਲਾਂਘੇ ਨੇ ਸਰਹੱਦਾਂ ਨੂੰ ਮੁੜ ਚਰਚਾ 'ਚ ਲਿਆ ਦਿੱਤਾ ਹੈ।ਦੋਵੇਂ ਪਾਸੇ ਪੰਜਾਬ
'ਚ ਇਹਨੂੰ ਲੈਕੇ ਅਜਬ ਚਾਅ ਹੈ।ਕਿਉਂ ਕਿ ਇਹ ਲਾਂਘਾ ਨਿਰਾ ਪੁਰਾ ਧਾਰਮਿਕ ਅਹਿਸਾਸ ਹੀ ਨਹੀਂ ਸਗੋਂ
ਇਸ ਨਾਲ ਉਸ ਧਰਤੀ ਦੇ ਲੋਕਾਂ ਨੂੰ ਚਾਅ ਹੈ ਜਿਹੜੇ ੪੭ ਦੀ ਵੰਡ ਦੌਰਾਨ ਆਪਣੀ ਮਿੱਟੀ ਤੋਂ ਜੁਦਾ ਹੋ
ਗਏ ਸਨ।ਦੋਹੀਂ ਪਾਸੀ ਸਾਡੇ ਬਜ਼ੁਰਗਾਂ ਦੀ ਚੇਤਨਾ 'ਚ ਲਾਹੌਰ,ਪਿਸ਼ੌਰ,ਚਾਂਦਨੀ ਚੌਂਕ,ਚਾਵੜੀ ਬਜ਼ਾਰ ਹੀ
ਘੁੰਮਦਾ ਰਿਹਾ ਹੈ।ਕਈਆਂ ਲਈ ਇਸ ਮੁੱਹਬਤ 'ਚ ਅਜਬ ਬੂ ਵੀ ਹੈ।ਪਾਕਿਸਤਾਨ ਦੀ ਦਰਿਆ ਦਿੱਲੀ 'ਤੇ
ਭਰੌਸਾ ਕਾਇਮ ਨਹੀਂ ਹੋ ਰਿਹਾ।ਕੈਪਟਨ ਅਮਰਿੰਦਰ ਸਿੰਘ ਨੂੰ ਏਜੰਸੀਆਂ ਦੀ ਸਾਜਿਸ਼ ਮਹਿਸੂਸ ਹੁੰਦੀ
ਹੈ।ਸਿਆਸਤ ਦੀਆਂ ਅਜਿਹੀਆਂ ਪੇਚੀਦਾ ਤੰਦਾਂ 'ਚ ਮੋਹ ਦੀਆਂ ਤੰਦਾਂ ਦੀ ਗੱਲ ਕੌਣ ਕਰੇ ? ਫਿਰ ਤੋਂ
ਸ਼ੁਰੂ ਹੋਈ ਹੈ ਇਹ ਕਹਾਣੀ ਅਤੇ ਇਸ ਸਿਲਸਿਲੇ 'ਚ ਉਹਨਾਂ ਬੰਦਿਆਂ ਦਾ ਜ਼ਿਕਰ ਬਣਦਾ ਹੈ ਜਿੰਨ੍ਹਾਂ
ਸਰਹੱਦਾਂ ਤੋਂ ਉੱਪਰ ਉੱਠਕੇ ਮੁਹੱਬਤ ਦਾ ਸੁਨੇਹਾ ਵੰਡਿਆ ਅਤੇ ਮੋਏ ਮਿੱਤਰਾਂ ਨੂੰ ਯਾਦ
ਰੱਖਿਆ ਅਤੇ ਅੱਧੀਆਂ ਅਧੂਰੀਆਂ ਕਹਾਣੀਆਂ ਨੂੰ ਜੋੜਣ ਦਾ ਕੰਮ ਕੀਤਾ।ਇਹ ਉਮੀਦ ਦੇ ਬੰਦੇ ਸਨ
ਅਤੇ ਹਨ ਜਿਹੜੇ ਜੋੜਣ ਦੀਆਂ ਗੱਲਾਂ ਕਰਦੇ ਹਨ ਕਿਉਂ ਕਿ ਇਹਨਾਂ ਨੂੰ ਉਮੀਦ ਹੈ ਕਿ ਅਖੀਰ
ਬੰਬਾਂ,ਬਾਰੂਦਾਂ ਦੀ ਦਹਿਸ਼ਤ ਤੋਂ ਦੂਰ ਅਮਨ,ਪਿਆਰ ਦੀ ਧਰਤੀ ਹੀ ਸਾਂਝੀਵਾਲਤਾ ਦੀ ਫ਼ਸਲ ਉਗਾਉਂਦੀ ਹੈ।
ਸੰਦੀਪ ਦੱਤ
੪੦ ਸਾਲ ਪਹਿਲਾਂ ਉੱਤਰ ਪ੍ਰਦੇਸ਼ (ਹੁਣ ਉੱਤਰਖੰਡ) ਤੋਂ ਪ੍ਰਤਾਪ ਦੱਤ ਨੂੰ ਪਰਵਾਸ ਰੋਜ਼ੀ ਰੋਟੀ ਦੀ ਭਾਲ 'ਚ ਲੁਧਿਆਣੇ ਲੈ ਆਇਆ।ਉਹਨਾਂ ਦਾ ੨੪ ਸਾਲਾਂ ਪੁੱਤਰ ਸੰਦੀਪ ਦੱਤ ਪੰਜਾਬੀ ਹੋ ਗਿਆ।ਸੰਦੀਪ ਨੂੰ ਉਰਦੂ ਸਿੱਖਣ ਦਾ ਚਾਅ ਸ. ਪ੍ਰੇਮ ਸਿੰਘ ਬਜਾਜ ਤੱਕ ਲੈ ਆਇਆ।ਇੰਡੀਅਨ ਐਕਸਪ੍ਰੈਸ 'ਚ ਪ੍ਰੇਮ ਸਿੰਘ ਬਜਾਜ ਦੀ ਕਹਾਣੀ ਸੰਦੀਪ ਨੂੰ ੪੭ ਦੀ ਵੰਡ ਤੱਕ ਲੈ ਆਈ।ਪ੍ਰੇਮ ਸਿੰਘ ਬਜਾਜ ਪਿਛਲੇ ੨੨ ਸਾਲਾਂ ਤੋਂ ਲੁਧਿਆਣੇ ਉਰਦੂ ਸਿਖਾ ਰਹੇ ਹਨ ਅਤੇ ਪਿੱਛੋਂ ਉਹ ਸਰਗੋਧੇ ਤੋਂ ਲੁਧਿਆਣੇ ਆਕੇ ਵੱਸੇ।ਸੰਦੀਪ ਕਹਿੰਦਾ ਹੈ ਕਿ ਪ੍ਰੇਮ ਸਿੰਘ ਹੁਣਾਂ ਨੇ ੧੦ਵੀਂ ਲਾਹੌਰ ਤੋਂ ਕੀਤੀ ਸੀ।ਇਹ ਇਮਤਿਹਾਨ ਲਾਹੌਰ ਪੰਜਾਬ ਯੂਨੀਵਰਸਿਟੀ ਵੱਲੋਂ ਲਏ ਜਾਂਦੇ ਸਨ।੪੭ 'ਚ ਪ੍ਰੇਮ ਸਿੰਘ ਹੁਣਾਂ ਦੱਸਵੀਂ ਲੱਹੌਰ ਕੀਤੀ ਅਤੇ ਨਤੀਜਾ ਇੱਧਰ ਆਕੇ ਸੁਣਿਆ।ਇਹਨਾਂ ਸਾਲਾਂ 'ਚ ਸੰਦੀਪ ਨੇ ਪਾਕਿਸਤਾਨੀ ਪੱਤਰਕਾਰ ਬੀਨਾ ਸਰਵਰ ਦਾ ਫੇਸਬੁੱਕ ਪੇਜ਼ 'ਅਮਨ ਕੀ ਆਸ਼ਾ' ਜੋੜਿਆ।ਬੀਨਾ ਅੱਜ ਕੱਲ੍ਹ ਅਮਰੀਕਾ 'ਚ ਪ੍ਰੋਫੈਸਰ ਹਨ।ਬੀਨਾ ਹੁਣਾਂ ਦੇ ਇਸ ੧੪ ਹਜ਼ਾਰ ਦੇ ਗਰੁੱਪ 'ਚੋਂ ਸੰਦੀਪ ਦੀ ਦੋਸਤੀ ਰਾਵਲਪਿੰਡੀ ਦੇ ਫੈਜ਼ਲ ਹਯਾਤ ਨਾਲ ਹੋਈ।ਜਿੱਥੋਂ ਦੋ ਦੋਸਤਾਂ ਨੇ ਮਿਲਕੇ 'ਬੋਲਤੀ ਖਿੜਕੀ' ਨਾਮ ਦਾ ਫੇਸਬੁੱਕ ਪੇਜ਼ ਬਣਾਇਆ।ਜਿੱਥੇ ਸੰਦੀਪ ਅਤੇ ਫੈਜ਼ਲ ਨੇ ਆਪੋ ਆਪਣੇ ਦੇਸ਼ਾਂ 'ਚੋਂ ੪੭ ਦੀ ਵੰਡ 'ਚ ਪਰਵਾਸ ਕੀਤਿਆਂ ਦੇ ਜੱਦੀ ਪਿੰਡ ਪਹੁੰਚ ਪਹੁੰਚ ਉਹਨਾਂ ਪਿੰਡਾਂ ਬਾਰੇ ਲਾਈਵ ਕਰਨਾ ਸ਼ੁਰੂ ਕੀਤਾ।ਇਹ ਇੰਝ ਸੀ ਜਿਵੇਂ ਬਸ਼ੀਰ ਬਾਪੂ ਨੂੰ ਆਪਣਾ ਹੁਸ਼ਿਆਰਪੁਰ ਦਾ ਪਿੰਡ ਵੇਖਣਾ ਅਤੇ ਕਰਨੈਲ ਸਿੰਘ ਦਾ ਲਾਇਲਪੁਰੋਂ ਆਪਣਾ ਚੱਕ ੭੦ ਵੇਖਣਾ।ਕੁਝ ਸਾਂਝਾ ਇੰਝ ਵੀ ਹੁੰਦੀ ਹਨ ਕਿ ਸੰਦੀਪ ਦਾ ੪੭ ਦੀ ਵੰਡ ਅਤੇ ਉਸ ਨਾਲ ਜੁੜੇ ਪਰਵਾਸ ਨਾਲ ਸਿੱਧਾ ਕੋਈ ਰਿਸ਼ਤਾ ਨਹੀਂ ਹੈ ਪਰ ਕਿਤੇ ਨਾ ਕਿਤੇ ਉਹਨਾਂ ਦੇ ਪਿਤਾ ਨੇ ਜਿਹੜਾ ਯੂਪੀ ਤੋਂ ਪੰਜਾਬ ਨੂੰ ਪਰਵਾਸ ਕੀਤਾ,ਉਸ ਪਰਵਾਸ ਅਤੇ ਬੰਦੇ ਦੇ ਰਿਸ਼ਤੇ ਨੂੰ ਉਹ ਆਪਣੇ ਦਿਲ ਦੇ ਕਿਸੇ ਕੋਨੇ ਮਹਿਸੂਸ ਕਰਦਾ ਸੀ ਜਿਹਦੇ ਕਰਕੇ ਉਹਨੇ ਬਾਅਦ 'ਚ ਵੰਡ ਤੋਂ ਉਪਜੀਆਂ ਅਜਿਹੀਆਂ ਹਜ਼ਾਰਾਂ ਕਹਾਣੀਆਂ ਲੱਭੀਆ ਅਤੇ ਅਜੇ ਵੀ ਲੱਭ ਰਿਹਾ ਹੈ।ਸੰਦੀਪ ਕਹਿੰਦਾ,"ਆਪਣੇ ਦੇਸ਼ ਲਈ ਮੇਰਾ ਪਿਆਰ ਅਤੇ ਈਮਾਨਦਾਰੀ ਸਾਬਤ ਕਰਨ ਲਈ ਮੈਨੂੰ ਪਾਕਿਸਤਾਨ ਮੁਰਦਾਬਾਦ ਕਹਿਣ ਦੀ ਲੋੜ ਨਹੀਂ,ਇਸ ਡਿਸਕੋਰਸ ਤੋਂ ਬਾਹਰ ਆਓ।"
ਫੈਜ਼ਲ ਹਯਾਤ
ਸੰਦੀਪ ਦਾ ਰਾਵਲਪਿੰਡੀ ਰਹਿੰਦਾ ਦੋਸਤ ਫੈਜ਼ਲ ਹਯਾਤ ੨੦ ਸਾਲਾਂ ਦਾ ਹੈ ਅਤੇ ਪੱਤਰਕਾਰੀ ਦੀ ਪੜ੍ਹਾਈ ਕਰ ਰਿਹਾ ਹੈ।ਫੈਜ਼ਲ ਹਯਾਤ ਦਾ ਕੰਮ ਸੰਦੀਪ ਮੁਤਾਬਕ ਚਣੌਤੀ ਭਰਿਆ ਸੀ।ਕਿਉਂ ਕਿ ਦੋਵਾਂ ਦੇਸ਼ਾਂ 'ਚ ਜਿੱਥੇ ਇੱਕ ਦੂਜੇ ਨੂੰ ਬੇਪਨਾਹ ਪਿਆਰ ਕਰਨ ਵਾਲੇ ਲੋਕ ਹਨ ਉੱਤੇ ਇੱਕ ਦੂਜੇ ਨੂੰ ਨਫਰਤ ਕਰਦੇ ਲੋਕ ਵੀ ਹਨ ਜੋ ਨਹੀਂ ਚਾਹੁੰਦੇ ਕਿ ਦੋ ਦੇਸ਼ਾਂ ਦਰਮਿਆਨ ਮੁਹੱਬਤ ਵਧੇ।ਫੈਜ਼ਲ ਹਯਾਤ ਦੇ ਪਿਤਾ ਪਾਕਿਸਤਾਨ ਫੌਜ 'ਚ ਅਫ਼ਸਰ ਰਹੇ ਹਨ।ਪਰ ਇਸਦੇ ਬਾਵਜੂਦ ਫੈਜ਼ਲ ਨੇ ਵਿਰੋਧ ਦੀ ਪਰਵਾਹ ਕੀਤੇ ਬਗੈਰ ਚੜ੍ਹਦੇ ਪੰਜਾਬ ਅਤੇ ਭਾਰਤ 'ਚ ਪਾਕਿਸਤਾਨੋਂ ਆਏ ਬੰਦਿਆਂ ਲਈ ਉਹਨੇ ਦੇ ਪਿਛੋਕੜ ਦੀਆਂ ਕਹਾਣੀਆਂ ਇੱਕਠੀਆਂ ਕਰ ਉਹਨਾਂ ਬੰਦਿਆਂ ਤੱਕ ਸੰਦੀਪ ਜ਼ਰੀਏ ਪਹੁੰਚਾਈਆ।ਫੈਜ਼ਲ ਦੇ ਬਜ਼ੁਰਗ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਅਤੇ ਇੱਥੋਂ ੪੭ 'ਚ ਉਹ ਪਾਕਿਸਤਾਨ ਤੁਰ ਗਏ।ਫੈਜ਼ਲ ਹੁਣੀ 'ਬੋਲਤੀ ਖਿੜਕੀ' ਰਾਹੀਂ ੩ ਅਪ੍ਰੈਲ ੨੦੧੭ ਤੋਂ ਹਫਤੇ 'ਚ ੨ ਕਹਾਣੀਆਂ ਕਹਿੰਦੇ ਆ ਰਹੇ ਹਨ।ਇਹਨਾਂ 'ਚੋਂ ਇੱਕ ਕਹਾਣੀ ਭਾਰਤ ਤੋਂ ਅਤੇ ਦੂਜੀ ਕਹਾਣੀ ਪਾਕਿਸਤਾਨ ਤੋਂ ਹੁੰਦੀ ਹੈ।ਉਹਨਾਂ ਦੇ ਇਸ ਮੁਹੱਬਤ ਭਰੇ ਕੰਮ ਨੂੰ ਮਿਡ ਡੇ,ਸਕੂਪਵੂਹਪ,ਦੀ ਹਿੰਦੂ ਤੋਂ ਲੈਕੇ ਅੰਗਰੇਜ਼ੀ ਅਖ਼ਬਾਰਾਂ ਕਵਰ ਕਰ ਚੁੱਕੀਆਂ ਹਨ।੧੫ ਅਗਸਤ ੨੦੧੭ ਤੱਕ ਫੈਜ਼ਲ ਹੁਣਾਂ ਮਿਲਕੇ ੪੦ ਕਹਾਣੀਆਂ ਕਹੀਆਂ ਹਨ।
ਰੀਤਿਕਾ ਸ਼ਰਮਾ
ਰੀਤਿਕਾ ਲੁਧਿਆਣੇ ਅੰਗਰੇਜ਼ੀ ਦੀ ਪ੍ਰੋਫੈਸਰ ਸੀ ਜੋ ਅੱਜ ਕੱਲ੍ਹ ਕਨੇਡਾ 'ਚ ਰਹਿੰਦੀ ਹੈ।ਸੰਦੀਪ ਅਤੇ ਫੈਜ਼ਲ ਦੀ ਇਹ ਤੀਜੀ ਸਾਥੀ ਹੈ।ਸੰਦੀਪ ਅਤੇ ਫੈਜ਼ਲ ਨੇ ਮਿਲਕੇ ਜਿਹੜੀਆਂ ਕਹਾਣੀਆਂ ਇੱਕਠੀਆਂ ਕੀਤੀਆਂ ਹਨ ਉਹਨਾਂ ਦੀ ਵੰਡ ਦੀ ਇਹਨਾਂ ਦਸਤਾਵੇਜ਼ੀ ਕਹਾਣੀਆਂ ਦੀ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਵੱਲੋਂ ਕਿਤਾਬ ਆ ਰਹੀ ਹੈ।ਲੱਗਭਗ ਡੇੜ ਸਾਲ 'ਚ ਰੀਤਿਕਾ ਹੁਣਾਂ ਮਿਲਕੇ ੨੦੦ ਤੋਂ ਵੱਧ ਬੰਦਿਆਂ ਤੱਕ ਪਹੁੰਚ ਕੀਤੀ ਹੈ।ਜਿਹਨਾਂ 'ਚੋਂ ੧੦੦ ਬੰਦਿਆਂ ਨਾਲ ਆਹਮੋ ਸਾਹਮਣੇ,ਫੋਨ 'ਤੇ,ਫੇਸਬੁੱਕ 'ਤੇ ਮੁਲਾਕਾਤ ਕੀਤੀ ਗਈ।ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਵਿਜੈ ਕੁਮਾਰ ਚੋਪੜਾ ਜੀ ਲਾਇਲਪੁਰ ਦਾ ਪਿਛੋਕੜ ਰੱਖਦੇ ਹਨ।ਸਮੇਤ ਇਹਨਾਂ ਦੀ ਕਹਾਣੀ ਦੇ ੬੦ ਕਹਾਣੀਆਂ ਦੀ ਇਹ ਕਿਤਾਬ ਆ ਰਹੀ ਹੈ।ਇਸ ਲਈ ਸੰਦੀਪ,ਫੈਜ਼ਲ,ਰੀਤਿਕਾ ਹੁਣਾਂ ਸਿੰਧ,ਪਖਤੂਨ,ਕਰਾਚੀ ਤੋਂ ਲੈਕੇ ਲਹਿੰਦੇ ਚੜ੍ਹਦੇ ਪੰਜਾਬ ਸਮੇਤ ੫ ਦੇਸ਼ਾਂ ਦੇ ੫੮ ਸ਼ਹਿਰਾਂ 'ਚ ੪੭ ਦੀ ਵੰਡ ਦੀਆਂ ਖਿੰਡੀਆਂ ਕਹਾਣੀਆਂ ਨੂੰ ਇੱਕ ਕਿਤਾਬ 'ਚ ਸਮੇਟਿਆ ਹੈ।ਭਾਰਤ ਤੋਂ ਸੰਦੀਪ ਦੱਤ,ਕਨੇਡਾ ਤੋਂ ਰੀਤਿਕਾ ਸ਼ਰਮਾ ਅਤੇ ਪਾਕਿਸਤਾਨ ਤੋਂ ਫੈਜ਼ਲ ਹਯਾਤ ਨੇ ਮਿਲਕੇ ਅਮਨ ਤੇ ਸ਼ਾਂਤੀ ਅਤੇ ਸਰਹੱਦਾਂ ਨੂੰ ਮਿਟਾਉਂਦੇ ਹੋਏ ਮੁਹੱਬਤਨਾਮਾ ਸਿਰਜਣ ਦੀ ਕੌਸ਼ਿਸ਼ ਕੀਤੀ ਹੈ।ਤਿੰਨੋ ਭਰ ਜਵਾਨੀ ਵਾਲੇ ਨੌਜਵਾਨ ਹਨ ਅਤੇ ਇਹਨਾਂ ਨੌਜਵਾਨਾਂ ਦਾ ਨਫਰਤਾਂ ਦੇ ਦੌਰ ਅੰਦਰ ਅਜਿਹਾ ਕੰਮ ਇਹਨਾਂ ਨੂੰ ਯਕੀਨਨ 'ਉਮੀਦ ਦੇ ਬੰਦੇ' ਬਣਾਉਂਦਾ ਹੈ।
ਵਿਛੜਿਆਂ ਨੂੰ ਮਿਲਾਉਂਦਾ ਬਾਪੂ : ਹਰਪ੍ਰੀਤ ਸਿੰਘ ਕਾਹਲੋਂ
(ਉਹਨਾਂ ਮਿੱਤਰਾਂ ਦੇ ਨਾਮ ਜਿੰਨ੍ਹਾਂ ਨੂੰ ਯਕੀਨ ਹੈ ਕਿ ਪੰਜਾਬ ਬਾਬਾ ਫ਼ਰੀਦ,ਗੁਰੂ ਨਾਨਕ,ਵਾਰਿਸ ਤੇ ਬੁੱਲ੍ਹੇ ਦੀ ਸਾਂਝੀ ਧਰਤੀ ਹੈ।)
ਹਰਭਜਨ ਸਿੰਘ ਬਰਾੜ
੭੪ ਸਾਲਾਂ ਹਰਭਜਨ ਸਿੰਘ ਅੰਮ੍ਰਿਤਸਰ ਰਹਿੰਦੇ ਹਨ।ਪਰ ਉਹਨਾਂ ਦੇ ਦਿਲ 'ਚ ਅੱਜ ਵੀ ਮੁਲਤਾਨ ਖ਼ਾਨੇਵਾਲ ਦਾ ਪਿੰਡ ਚੱਕ ੧੦੭ ਵੱਸਦਾ ਹੈ।ਹਰਭਜਨ ਸਿੰਘ ਕਹਿੰਦੇ ਹਨ ਕਿ ਉਹਨਾਂ ਦੇ ਪਿੰਡ ਤੋਂ ੨ ਮੀਲ 'ਤੇ ਹੀ ਸੱਜਣ ਠੱਗ ਦਾ ਪਿੰਡ ਸੀ ਜੋ ਬਾਅਦ 'ਚ ਗੁਰੂ ਨਾਨਕ ਸਾਹਿਬ ਦੇ ਸਿੱਖ ਬਣ ਗਏ।ਮੇਰੇ ਬਜ਼ੁਰਗਾਂ ਨੇ ਪੰਜਾਬ ਮੇਲ ਰਾਹੀਂ ਵਾਇਆ ਫਿਰੋਜ਼ਪੁਰ ਲਹਿੰਦੇ ਪੰਜਾਬ ਤੋਂ ਵੰਡ ਵੇਲੇ ਸਫਰ ਕਰਦਿਆਂ ਮੋਗੇ ਆ ਡੇਰੇ ਲਾਏ ਸਨ।ਆਪਣੀ ਮਿੱਟੀ ਤੋਂ ਉੱਠਣਾ ਸਗੋਂ ਇਹਨੂੰ ਪੁੱਟਣਾ ਕਹੋ,ਇਸ ਤੋਂ ਵੱਡਾ ਕਹਿਰ ਕੀ ਹੋਵੇਗਾ।ਹਰਭਜਨ ਸਿੰਘ ਮਹਿਸੂਸਦੇ ਹਨ ਕਿ ਵੰਡ ਕੀ ਸੀ ਅਤੇ ਇਸ ਦੌਰਾਨ ਵਿਛੜੇ ਪਰਿਵਾਰਾਂ ਦਾ ਦੁੱਖ ਕੀ ਹੈ।ਇਸੇ ਦਰਦ 'ਚੋਂ ਉਹਨਾਂ ਆਪਣੀ ਭੂਮਿਕਾ ਤਰਾਸ਼ੀ ਅਤੇ ਸਾਂਈ ਮੀਆਂ ਮੀਰ ਇੰਟਰਨੈਸ਼ਨਲ ਫਾਉਂਡੇਸ਼ਨ ਬਣਾਈ।ਇਸ ਤਹਿਤ ਹਰਭਜਨ ਸਿੰਘ ਹੁਣ ਤੱਕ ੧੫੦੦ ਜੀਆਂ ਨੂੰ ਦੋਹੀਂ ਪਾਸੀ ਮਿਲਾ ਚੁੱਕੇ ਹਨ ਜੋ ਵੰਡ ਦੌਰਾਨ ਆਪਣੇ ਪਰਿਵਾਰਾਂ ਤੋਂ ਵਿਛੜਕੇ ਦੋਹੀਂ ਪਾਸੀ ਰਹਿ ਰਹੇ ਹਨ। ਉਹਨਾਂ ਮੁਤਾਬਕ ਕਿੰਨੇ ਹੀ ਹਿੰਦੂ,ਸਿੱਖ,ਮੁਸਲਮਾਨਾਂ ਦੀਆਂ ਕੁੜੀਆਂ ਦੋਹੀਂ ਪਾਸੀ ਆਪਣੇ ਪਰਿਵਾਰ ਤੋਂ ਵਿਛੜ ਗਵਾਚ ਗਈ ਜਾਂ ਉਧਾਲੀ ਲਈਆਂ।ਵੰਡ ਦੀ ਤ੍ਰਾਸਦੀ ਦਾ ਜ਼ਿਕਰ ਕਰਦੇ ਹੋਏ ਹਰਭਜਨ ਸਿੰਘ ਦੱਸਦੇ ਹਨ ਕਿ ਉਹਨਾਂ ਤੋਂ ਪਹਿਲਾਂ ੨੦੦੫ 'ਚ ਮੋਗੇ ਨੇੜਿਓਂ ਬੀਬੀ ਮੁਖਤਿਆਰ ਕੌਰ ਹੁਣਾਂ ਨੂੰ ਮਿਲਾਇਆ ਸੀ।ਮੁਖਤਿਆਰ ਕੌਰ ਦਾ ਅਸਲ ਨਾਮ ਭਾਨੋ ਸੀ ਅਤੇ ਮੁਸਲਮਾਨ ਪਰਿਵਾਰ ਦੀ ਇਸ ਕੁੜੀ ਦਾ ਪਰਿਵਾਰ ਹੁਣ ਸਿਆਲਕੋਟ ਵੱਸਦਾ ਹੈ।ਸਿਆਲਕੋਟੋਂ ਭਾਨੋ ਦੇ ਭਰਾਵਾਂ ਨੇ ਬੜੀ ਕੌਸ਼ਿਸ਼ ਕੀਤੀ ਕਿ ਵੰਡ ਵੇਲੇ ਕਾਫਲੇ ਤੋਂ ਵਿਛੜੀ ਉਹਨਾਂ ਦੀ ਭੈਣ ਲੱਭ ਜਾਵੇ ਪਰ ਉਹ ਨਾ ਲੱਭੀ।ਉਹਨਾਂ ਨੂੰ ਜਦੋਂ ਲੱਭਿਆ ਗਿਆ ਤਾਂ ਬੀਬੀ ਨੇ ਆਪਣੇ ਭਰਾਵਾਂ ਨਾਲ ਜਾਣੋ ਮਨਾਂ ਕਰ ਦਿੱਤਾ ਸੀ ਕਿਉਂ ਕਿ ਬੀਬੀ ਮੁਤਾਬਕ ਉਹਨਾਂ ਦਾ ਹੁਣ ਪਰਿਵਾਰ ਸੀ,ਬੱਚੇ ਸਨ ਅਤੇ ਹੁਣ ਉਹ ਬੀਬੀ ਮੁਖਤਿਆਰ ਕੌਰ ਸੀ।ਹਰਭਜਨ ਸਿੰਘ ਮੁਤਾਬਕ ਉਹਨਾਂ ਦੇ ਭਰਾਵਾਂ ਦੇ ਜ਼ੋਰ ਪਾਉਣ 'ਤੇ ਬੀਬੀ ਮੁਖਤਿਆਰ ਕੌਰ ੨੦੦੫ 'ਚ ਪਾਕਿਸਤਾਨ ਆਪਣੇ ਭਰਾਵਾਂ ਨੂੰ ਮਿਲਕੇ ਵਾਪਸ ਆਈ।ਹਰਭਜਨ ਸਿੰਘ ਬਰਾੜ ਕਹਿੰਦੇ ਹਨ ਕਿ ਵੱਗਦੀ ਫਿਰਕੂ ਹਵਾਵਾਂ 'ਚ ਵਿਛੜਿਆਂ ਨੂੰ ਮਿਲਾਉਣ ਦੀ ਇਹ ਸੇਵਾ ਮੈਨੂੰ ਉਹਨਾਂ ਪੰਛੀਆਂ ਵਾਂਗੂ ਬਣਾਉਂਦੀ ਹੈ ਜਿਹਨਾਂ ਲਈ ਸਰਹੱਦਾਂ ਦੀ ਬੰਦਿਸ਼ ਨਹੀਂ ਅਤੇ ਮੁਹੱਬਤ ਦਾ ਪੈਗ਼ਾਮ ਵੰਡਦੇ ਉੱਡਦੇ ਰਹਿੰਦੇ ਹਨ।
ਕਹਾਣੀਆਂ 'ਚੋਂ ਲੱਭਦਾ ਵੰਡ ਦੀ ਟੀਸ, ਸਾਵਲ ਧੰਮੀ
ਸਿੰਗੜੀਵਾਲ ਹੁਸ਼ਿਆਰਪੁਰ ਤੋਂ ਸਾਵਲ ਧੰਮੀ ਹੁਣੀ ਪੰਜਾਬੀ ਅਦਬ ਦਾ ਜਾਣਿਆ ਪਛਾਣਿਆ ਨਾਮ ਹੈ।ਪਰ ੪੭ ਦੀ ਵੰਡ ਤੋਂ ਉਪਜੇ ਹਲਾਤ 'ਚ ਸਾਵਲ ਜੋ ਕੰਮ ਕਰ ਰਹੇ ਹਨ ਉਹ ਗੌਰ ਕਰਨ ਵਾਲਾ ਹੈ।ਸਾਵਲ ਹੁਣੀ ਦੱਸਦੇ ਹਨ ਕਿ ਸੋਹਣ ਸਿੰਘ ਸੀਤਲ ਹੁਣਾਂ ਦਾ ਨਾਵਲ 'ਤੂਤਾਂ ਵਾਲਾ ਖੂਹ' ਪੜ੍ਹਕੇ ਦੋ ਗੱਲਾਂ ਮੇਰੇ ਜ਼ਿਹਨ 'ਚ ਰਹਿ ਗਈ ਸਨ।ਇੱਕ ਕਿ ਸਾਡੀ ਹਿੰਦੂ,ਸਿੱਖ,ਮੁਸਲਮਾਨਾਂ ਦੀ ਸਾਂਝ ਪੰਜਾਬੀਅਤ ਦੀ ਵੱਡੀ ਵਿਰਾਸਤ ਸੀ ਜਿਹੜੀ ਅਸੀਂ ੪੭ ਦੀ ਫਿਰਕੂ ਹਵਾ 'ਚ ਮਧੋਲ ਦਿੱਤੀ।ਦੂਜਾ ਇਹ ਅਮੀਰ ਸੱਭਿਆਚਾਰ,ਬੋਲੀ,ਸਾਂਝੀਆਂ ਰਵਾਇਤਾਂ ਦਾ ਦਸਤਾਵੇਜ਼ ਸਾਂਭਣ ਦੀ ਲੋੜ ਹੈ ਤਾਂ ਕਿ ਆਉਣ ਵਾਲੀਆਂ ਨਸਲਾਂ ਆਪਣੇ ਸਾਂਝੇ ਸੱਭਿਆਚਾਰ ਬਾਰੇ ਜਾਗਰੂਕ ਰਹਿਣ।ਸਾਵਲ ਧੰਮੀ ਹੁਣਾਂ ਇਸ ਲਈ ਸੰਤਾਲੀਨਾਮਾ ਯੂ ਟਿਊਬ ਚੈਨਲ ਬਣਾਇਆ ਹੈ ਜਿਹਦੇ ੨੨ ਹਜ਼ਾਰ ਸਬਸਕ੍ਰਾਈਬਰ ਹਨ।ਇੱਥੇ ਸਾਵਲ ਹੁਣਾਂ ਉਹਨਾਂ ਸਾਰੇ ਬਜ਼ੁਰਗਾਂ ਦੀ ਵੀਡੀਓ ਡਾਕੂਮੈਟੇਸ਼ਨ ਕੀਤੀ ਹੈ ਜਿਹੜੇ ੪੭ ਦੀ ਵੰਡ 'ਚ ਲਹਿੰਦੇ ਪੰਜਾਬ ਤੋਂ ਇੱਧਰ ਆ ਗਏ।ਸਾਵਲ ਕਹਿੰਦੇ ਹਨ ਕਿ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੀਏ ਕਿ ਲਹਿੰਦਾ ਤੇ ਚੜ੍ਹਦਾ ਪੰਜਾਬ ਇੱਕ ਹੈ ਅਤੇ ਹੈਵਾਨੀਅਤ ਦੀ ਉਮਰ ਚਾਹੇ ਕਿੰਨੀ ਵੀ ਹੋਵੇ ਪਰ ਅਖੀਰ ਇਨਸਾਨ ਇਨਸਾਨ ਹੀ ਹੁੰਦਾ ਹੈ ਸੋ ਇਸ ਫਿਰਕੂ ਹਵਾਵਾਂ ਦੀ ਮਰਜ਼ ਸਮਝੀਏ ਇਹਨਾਂ ਹਵਾਵਾਂ ਨੇ ਸਾਨੂੰ ਕੁਝ ਨਹੀਂ ਦੇਣਾ।
ਗੁਰਦੁਆਰਿਆਂ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਦੀ ਅਰਦਾਸ, ਕੁਲਦੀਪ ਸਿੰਘ ਵਡਾਲਾ, ਭਵੀਸ਼ਨ ਸਿੰਘ ਗੁਰਾਇਆ
ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈਕੇ ਬਹੁਤ ਸਾਰੇ ਬੰਦਿਆਂ ਦਾ ਜ਼ਿਕਰ ਬਣਦਾ ਹੈ।ਨਵਜੋਤ ਸਿੱਧੂ-ਇਮਰਾਨ ਦੋਸਤੀ ਨੇ ਇਸ ਸਿਲਸਿਲੇ ਨੂੰ ਬਹੁਤ ਸਾਰਥਕ ਕੀਤਾ ਹੈ।ਪਰ ਇਸ ਲਈ ਕੁਲਦੀਪ ਸਿੰਘ ਵਡਾਲਾ ਨੂੰ ਭੁਲਾਇਆ ਨਹੀਂ ਜਾ ਸਕਦਾ।ਨਕੋਦਰ ਤੋਂ ਕੁਲਦੀਪ ਸਿੰਘ ਵਡਾਲਾ ਹੁਣਾਂ ਹਰ ਮੱਸਿਆ ਕਰਤਾਰਪੁਰ ਸਾਹਿਬ ਲਾਂਘੇ ਲਈ ਡੇਰਾ ਬਾਬਾ ਨਾਨਕ ਤੋਂ ਅਰਦਾਸ ਕਰਨੀ ਸ਼ੁਰੂ ਕੀਤੀ ਸੀ।ਦਰਅਸਲ ਇਹ ਸਿਲਸਿਲਾ ੬੮ ਸਾਲਾਂ ਡੇਰੇ ਬਾਬਾ ਨਾਨਕ ਨੇੜੇ ਪਿੰਡ ਲਾਲਪੁਰਾ ਤੋਂ ਭਵੀਸ਼ਨ ਸਿੰਘ ਗੁਰਾਇਆ ਨੇ ਸ਼ੁਰੂ ਕੀਤਾ ਸੀ।੧੯੯੪ ਤੋਂ ਭਵੀਸ਼ਨ ਸਿੰਘ ਗੁਰਾਇਆ ਡੇਰਾ ਬਾਬਾ ਨਾਨਕ ਨੇੜੇ ਕਰਾਤਾਪੁਰ ਸਾਹਿਬ ਲਾਂਘੇ ਲਈ ਸ਼ਾਂਤਮਈ ਮਾਰਚ ਕੱਢਣਾ ਸ਼ੁਰੂ ਕੀਤਾ ਸੀ।ਇਸ ਨੂੰ ਲੈਕੇ ਨਵੰਬਰ ੨੦੦੦ 'ਚ ਪਹਿਲੀ ਰਿਪੋਰਟ ਵੀ ਆਈ ਸੀ।ਜਨਵਰੀ ੨੦੦੧ 'ਚ ਭਵੀਸ਼ਨ ਸਿੰਘ ਗੁਰਾਇਆ ਨੇ ਬਾਰਡਰ 'ਤੇ ਡੇਰਾ ਬਾਬਾ ਨਾਨਕ ਨੇੜੇ ਇਹ ਖ਼ਬਰ ਰੌਸ਼ਨੀ 'ਚ ਲਿਆਂਦੀ ਸੀ ਕਿ ਪਾਕਿਸਤਾਨ ਸਰਕਾਰ ਲਾਂਘੇ ਲਈ ਤਿਆਰ ਹੈ।ਇਸ ਲਈ ਉਹਨਾਂ ਬਕਾਇਦਾ ਉਹਨਾਂ ਦਿਨਾਂ 'ਚ ਹੋਰਡਿੰਗ ਵੀ ਲਗਾਏ ਸਨ।ਫਿਰ ੧੪ ਅਪ੍ਰੈਲ ੨੦੦੧ ਤੋਂ ਜਲੰਧਰ ਤੋਂ ਕੁਲਦੀਪ ਸਿੰਘ ਵਡਾਲਾ ਨੇ ਕਰਤਾਰਪੁਰ ਸਾਹਿਬ ਲਾਂਘੇ ਲਈ ਹਰ ਮੱਸਿਆ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਅਤੇ ੨੦੧੮ ਮਈ ਮਹੀਨੇ ਉਹਨਾਂ ਦੇ ਅਕਾਲ ਚਲਾਣੇ ਤੱਕ ਉਹਨਾਂ ਬਿਨਾਂ ਨਾਂਗਾ ਅਜਿਹਾ ਕੀਤਾ।ਭਵੀਸ਼ਨ ਸਿੰਘ ਗੁਰਾਇਆ ਕਹਿੰਦੇ ਹਨ ਕਿ ਇਹ ਉਹਨਾਂ ਦੀ ਅਰਦਾਸ ਨੂੰ ਬੂਰ ਪਿਆ ਹੈ ਅਤੇ ਕੁਦਰਤ ਦੇ ਰੰਗ ਵੇਖੋ ਕਿ ਉਹਨਾਂ ਦੇ ਤੁਰ ਜਾਣ ਮਗਰੋਂ ਤਿੰਨ ਕੁ ਮਹੀਨਿਆਂ ਅੰਦਰ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਦਿਲ ਨੂੰ ਤਸੱਲੀ ਦਿੰਦੀ ਖ਼ਬਰ ਨਸ਼ਰ ਹੋ ਗਈ।ਭਵੀਸ਼ਨ ਸਿੰਘ ਗੁਰਾਇਆ ਕਹਿੰਦਾ ਹਨ ਕਿ ਕਰਤਾਰਪੁਰ ਸਾਹਿਬ ਨਾਲ ਮੇਰੀ ਇੱਕ ਤੰਦ ਮੇਰੀ ਮਾਂ ਜ਼ਰੀਏ ਵੀ ਜੁੜਦੀ ਹੈ।ਮੇਰੀ ਮਾਂ ਦਾ ਵੰਡ ਤੋਂ ਪਹਿਲਾਂ ਦਾ ਇਲਾਕਾ ਇਹੋ ਸੀ।ਇੱਥੇ ਆਏ ਹੜ੍ਹਾ ਤੋਂ ਬਾਅਦ ਗੁਰਦੁਆਰਾ ਸਾਹਿਬ ੧੯੨੫ 'ਚ ਮੁੜ ਬਣਾਇਆ ਗਿਆ ਸੀ।ਗੁਰਦੁਆਰੇ ਦੀ ਸੇਵਾ ਲਈ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਹੁਣਾਂ ਯੋਗਦਾਨ ਵੀ ਪਾਇਆ ਸੀ।ਉਹਨਾਂ ਸਮਿਆਂ 'ਚ ਗੁਰਦੁਆਰੇ ਦੀ ਸੇਵਾ 'ਚ ਮੇਰੇ ਮਾਤਾ ਜੀ ਨੇ ਵੀ ਸੇਵਾ ਕੀਤੀ ਸੀ।ਉਹਨਾਂ ਦੇ ਕਿੱਸਿਆਂ 'ਚ ਇਸ ਇਲਾਕੇ ਦੀਆਂ ਕਈ ਗੱਲਾਂ ਹੁੰਦੀ ਸਨ।
ਜਾਨ ਮੈਕਡਨਾਲਡ
ਇੱਕ ਸਾਬਕਾ ਅਮਰੀਕਨ ਸਫੀਰ ਹੈ ਜੋ ੪੦ ਸਾਲ ਅਮਰੀਕਨ ਕੂਨਟਨੀਤਕ ਅਤੇ ਸਫੀਰ ਰਹਿਣ ਮਗਰੋਂ ੧੯੮੭ ਵਿੱਚ ਰਿਟਾਇਰ ਹੋਇਆ।ਇਹਨਾਂ ੧੯੯੨ ਵਿੱਚ ਇੰਟਰਨੈਸ਼ਨਲ ਮਲਟੀਟ੍ਰੈਕ ਡਿਪਲੋਮੈਸੀ ਨਾਮ ਦੀ ਸੰਸਥਾਂ ਬਣਾਈ ਜੋ ਦੁਨੀਆਂ ਵਿੱਚ ਸਮਾਜਕ ਆਰਥਕ ਅਤੇ ਵੱਖ ਵੱਖ ਕੌਮਾਂ ਵਿੱਚ ਅਮਨ ਦਾ ਮਾਹੌਲ ਬਣਾਉਣ ਲਈ ਕੰਮ ਕਰ ਰਹੀ ਹੈ।ਜਾਨ ਨੇ ਪਹਿਲਾਂ ਕਸ਼ਮੀਰ ਵਿੱਚ ਉੜੀ ਮੁਜ਼ਫਰਾਬਾਦ ਬੱਸ ਸੇਵਾ ਦੀ ਲਾਮਬੰਦੀ ਕੀਤੀ ਸੀ।੨੦੧੦ ਵਿੱਚ 'ਤੇਰੀ ਸਿੱਖ ਸੰਸਥਾ' ਅਤੇ ਯੂਨਾਈਟਡ ਸਿੱਖਜ਼ ਨਾਮ ਦੀ ਸੰਸਥਾ ਨੇ ਜਾਨ ਦੇ ਆਈ.ਐੱਮ.ਟੀ.ਡੀ ਤੱਕ ਕਰਤਾਰਪੁਰ ਮਸਲੇ ਨੂੰ ਲੈਕੇ ਪਹੁੰਚ ਕੀਤੀ।ਉਸ ਤੋਂ ਬਾਅਦ ਜਾਨ ਦੀ ਸੰਸਥਾ ਨੇ ਕਰਤਾਰਪੁਰ ਸਾਹਿਬ ਲਾਂਘੇ ਲਈ ਵੀ ਸੰਸਾਰ ਭਰ 'ਚ ਅਗਵਾਈ ਕੀਤੀ।ਇਸੇ ਸਿਲਸਿਲੇ 'ਚ ਭਾਰਤ ਅਤੇ ਪਾਕਿਸਤਾਨ ਦੇ ਵੱਖ ਵੱਖ ਅਦਾਰਿਆਂ ਤੱਕ ਪਹੁੰਚ ਕੀਤੀ ਗਈ ਅਤੇ ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਸ਼ਾਂਤੀ ਲਾਂਘੇ ਦੇ ਖਰਚੇ ਦੀ ਰਿਪੋਰਟ ਤਿਆਰ ਕੀਤੀ ਗਈ ਸੀ।ਇਸ ਗੱਲਬਾਤ 'ਚ ਖਾਕਾ ਅਤੇ ਖਰਚੇ ਦੀ ਰਿਪੋਰਟ 'ਚ ਜ਼ਿਕਰ ਹੈ ਕਿ ਕੁੱਲ ਖਰਚਾ ੧੭ ਮਿਲੀਅਨ ਡਾਲਰ ਹੈ।ਇਸਨੂੰ ਤਿਆਰ ਕਰਨ 'ਚ ੧੪.੮ ਮਿਲੀਅਨ ਡਾਲਰ ਪਾਕਿਸਤਾਨ ਦਾ ਅਤੇ ੨.੨ ਮਿਲੀਅਨ ਡਾਲਰ ਭਾਰਤ ਦਾ ਖਰਚਾ ਆਉਣ ਦੀ ਸੰਭਾਵਨਾ ਹੈ।
ਲਾਲਾ ਮੁਨੀ ਲਾਲ ਚੋਪੜਾ ਅਤੇ ਰਾਣਾ ਮਨਜ਼ੂਰ ਖ਼ਾਨ ਦੇ ਪਰਿਵਾਰਾਂ ਦੀ ਸਾਂਝ : ਹਰਪ੍ਰੀਤ ਸਿੰਘ ਕਾਹਲੋਂ
(ਉਹਨਾਂ ਮਿੱਤਰਾਂ ਦੇ ਨਾਮ ਜਿੰਨ੍ਹਾਂ ਨੂੰ ਯਕੀਨ ਹੈ ਕਿ ਪੰਜਾਬ ਬਾਬਾ ਫ਼ਰੀਦ,ਗੁਰੂ ਨਾਨਕ,ਵਾਰਿਸ ਤੇ ਬੁੱਲ੍ਹੇ ਦੀ ਸਾਂਝੀ ਧਰਤੀ ਹੈ।)
ਇੱਕ ਸੀ ਲਾਲਾ ਮੁਨੀ ਲਾਲ ਚੋਪੜਾ ਅਤੇ ਇੱਕ ਸਨ ਰਾਣਾ ਮਨਜ਼ੂਰ ਖ਼ਾਨ ਅਤੇ ਰਾਣਾ ਅਨਵਰ ਖ਼ਾਨ ਚੌਧਰੀ।ਹਿੰਦੂ ਤੇ
ਮੁਸਲਮਾਨ ਪਰਿਵਾਰਾਂ 'ਚ ਮੁਹੱਬਤ ਦਾ ਬੇਪਨਾਹ ਰਿਸ਼ਤਾ ਵੀ ਵੰਡ ਦੀ ਲਕੀਰ ਖਤਮ ਨਾ ਕਰ ਸਕਿਆ।ਲਾਲਾ ਮੁਨੀ ਲਾਲ ਦਾ
ਪੋਤਰਾ ਅਭਿਸ਼ੇਕ ਚੋਪੜਾ ਕਹਿੰਦਾ ਹੈ ਕਿ ਜਦੋਂ ਬਾਪੂ ਚੌਧਰੀ ਹੁਣੀਂ ਗਏ ਤਾਂ ਸੋਚਿਆ ਸੀ ਕਿ ਇਹ ਫੇਰ-ਬਦਲ
ਕੁਝ ਮਹੀਨਿਆਂ 'ਚ ਰੁੱਕ ਜਾਣਾ ਅਤੇ ਬਾਪੂ ਚੌਧਰੀ ਹੁਣੀ ਮੁੜ ਰਾਹੋਂ ਆ ਜਾਣਗੇ।ਪਰ ਉਹ ਨਹੀਂ ਆਏ।ਰਣਾ
ਅਨਵਰ ਖ਼ਾਨ ਹੁਣਾਂ ਦਾ ਪਰਿਵਾਰ ਲਾਇਲਪੁਰ ਪਿੰਡ ਸੰਤ ਸਿੰਘ ੨੦੭ ਗਾਫਬੇਸ ਜਾ ਵੱਸਿਆ।੮੦ ਦੇ ਦਹਾਕਿਆਂ 'ਚ
ਉਹਨਾਂ ਦੀ ਸਾਡੇ ਸਿਰਨਾਵੇਂ 'ਤੇ ਪਾਕਿਸਤਾਨੋਂ ਚਿੱਠੀ ਆਈ।ਚਿੱਠੀ 'ਚ ਬੱਚਿਆਂ ਦੇ ਵੱਡੇ ਹੋਣ ਦੀਆਂ ਖ਼ਬਰਾਂ
ਸਨ।ਗੁੱਡੀਆਂ ਦੇ ਵਿਆਹੇ ਜਾਣ ਦੀਆਂ ਖ਼ਬਰਾਂ ਸਨ ਅਤੇ ਬਾਪੂ ਚੌਧਰੀ ਵੱਲੋਂ ਆਪਣੇ ਪੁੱਤਰਾਂ ਕੋਲ ਲਾਲਾ ਜੀ ਦਾ
ਕੀਤਾ ਜ਼ਿਕਰ ਸੀ ਕਿ ਪੁੱਤਰੋ ਮੌਕਾ ਮਿਲਿਆ ਤਾਂ ਰਾਹੋਂ ਆਪਣੇ ਚਾਚੇ ਨੂੰ ਮਿਲਕੇ ਆਇਓ।
ਅਭਿਸ਼ੇਕ ਦੱਸਦਾ ਹੈ ਕਿ ਚਿੱਠੀਆਂ ਦੇ ਅਜਿਹੇ ਸਿਲਸਿਲੇ ਤੋਂ ਬਾਅਦ ਜਦੋਂ ੧੯੯੫ 'ਚ ਐੱਸ.ਟੀ.ਡੀ ਹੁੰਦੀ ਸੀ, ਉਹ
ਆਪਣੇ ਦਾਦਾ ਜੀ ਨੂੰ ਲੈਕੇ ਜਾਂਦਾ ਸੀ ਤੇ ਫੋਨ 'ਤੇ ਗੱਲਾਂ ਹੁੰਦੀਆਂ ਸਨ।ਅਭਿਸ਼ੇਕ ਉਦੋਂ ੭-੮ ਸਾਲ ਦਾ
ਸੀ।ਦਾਦਾ ਜੀ ਨੇ ਫੋਨ ਕੀਤਾ ਤਾਂ ਉਧਰੋਂ ਭਰੀ ਅਵਾਜ਼ 'ਚ ਖ਼ਬਰ ਸੀ ਕਿ ਰਾਣਾ ਅਨਵਰ ਖ਼ਾਨ ਫੌਤ ਹੋ ਗਏ ਨੇ।ਉਦਣ
ਦਾਦਾ ਜੀ ਬੜਾ ਰੋਏ ਅਤੇ ਮੁੜ ਕਦੀ ਫੋਨ ਨਹੀਂ ਆਇਆ।ਅਭਿਸ਼ੇਕ ਕਹਿੰਦਾ ਹੈ ਕਿ ਫੇਸਬੁੱਕ ਆਉਣ 'ਤੇ
ਬੜਾ ਲੱਭਣ ਦੀ ਕੌਸ਼ਿਸ਼ ਕੀਤੀ ਪਰ ਸਹੀ ਥਹੁ ਪਤਾ ਨਹੀਂ ਮਿਲਿਆ।
ਅਭਿਸ਼ੇਕ ਹੁਣਾਂ ਦੀ ਇੱਕ ਸਾਂਝ ਰਾਣਾ ਆਫਤਾਬ ਅਹਿਮਦ ਖ਼ਾਨ ਹੁਣਾਂ ਨਾਲ ਹੈ।ਕੁਝ ਸਾਲ ਪਹਿਲਾਂ ਫੈਸਲਾਬਾਦ
(ਲਾਇਲਪੁਰ) ਤੋਂ ਉਹ ਰਾਹੋਂ ਆਏ।ਰਾਹੋਂ ਰਾਣਾ ਆਫਤਾਬ ਦੇ ਨਾਨਕੇ ਅਤੇ ਉਹਨਾਂ ਦੀ ਬੇਗ਼ਮ ਨਿਘਾਤ
ਆਫਤਾਬ ਦੇ ਦਾਦਕੇ ਹਨ।ਅਭਿਸ਼ੇਕ ਦੱਸਦਾ ਹੈ ਕਿ ਲਾਲਾ ਜੀ ਨੇ ਨਿਘਾਤ ਭੂਆ ਨੂੰ ਵਿਹਿੰਦਿਆ ਹੀ ਸਿਆਣਕੇ
ਕਿਹਾ ਸੀ ਕਿ ਧੀਏ ਤੂੰ ਰਾਣਾ ਸਦੀਕ ਅਲੀ ਦੀ ਕੁੜੀ ਏ।ਰਾਣਾ ਆਫਤਾਬ ਅਹਿਮਦ ਖ਼ਾਨ ਤਹਿਰੀਖ-ਏ-ਇੰਸਾਫ ਤੋਂ
ਪਾਕਿਸਤਾਨ 'ਚ ਆਗੂ ਹਨ।ਅਭਿਸ਼ੇਕ ਕਹਿੰਦਾ ਹੈ ਕਿ ਭੂਆ ਹੁਣਾਂ ਨਾਲ ਸਾਡਾ ਇਹ ਰਿਸ਼ਤਾ ਬੜਾ ਗੂੜ੍ਹਾ ਹੈ
ਅਤੇ ਉਹਨਾਂ ਦੀਆਂ ਦੋ ਕੁੜੀਆਂ ਅਤੇ ਇੱਕ ਮੁੰਡਾ ਹੈ ਜਿਹਨਾਂ ਨਾਲ ਗਾਹੇ ਬਗਾਹੇ ਸਾਡੀ ਗੱਲਬਾਤ ਹੁੰਦੀ
ਰਹਿੰਦੀ ਹੈ।
ਵਾਇਆ ਕਰਤਾਰਪੁਰ ਸਾਹਿਬ ਰਾਹੋਂ-ਨਾਰੋਵਾਲ ਨਾਨਾ ਦੋਹਤਾ ਤੇ ਸਰਹੱਦਾਂ
ਰਾਹੋਂ ਦੇ ਚੌਧਰੀ ਅਬਦੁਲ ਰਹਿਮਾਨ ਦਾ ਦੋਹਤਾ ਅਹਿਸਨ ਇਕਬਾਲ ਨਾਰੋਵਾਲ ਤੋਂ ਮੈਂਬਰ ਆਫ ਨੈਸ਼ਨਲ ਅਸੈਂਬਲੀ
ਜੇ ਰਾਹੋਂ ਦੇ ਚੌਧਰੀ ਅਬਦੁਲ ਰਹਿਮਾਨ ਨੂੰ ਕੋਈ ਨਹੀਂ ਜਾਣਦਾ ਤਾਂ ਉਹ ਰਾਹੋਂ ਦੇ ਇਤਿਹਾਸ ਨੂੰ ਨਹੀਂ
ਜਾਣ ਸਕਦਾ।ਰਾਹੋਂ ਦੇ ਇਸ ਜਗੀਰਦਾਰ ਦੀ ੨੭੦੦ ਕਿਲ੍ਹਾ ਜ਼ਮੀਨ ਸੀ।ਜਲੰਧਰ ਤੋਂ ਨਵਾਂ ਸ਼ਹਿਰ ਅਤੇ ਜੇਜੋਂ ਗੜ੍ਹਸ਼ੰਕਰ
ਤੇ ਰਾਹੋਂ ਨੂੰ ਆਉਂਦੀਆਂ ਦੋ ਰੇਲ ਲਾਈਨਾਂ 'ਚੋਂ ਰਾਹੋਂ ਤੱਕ ਰੇਲਵੇ ਲਾਈਨ ਵਿਛਾਉਣ ਲਈ ਚੌਧਰੀ ਸਾਹਬ
ਨੇ ਜ਼ਮੀਨ ਦਾਨ ਕੀਤੀ ਸੀ।ਰਾਹੋਂ ਦੇ ਪਲੇਟਫਾਰਮ ਲਈ ਵੀ ਉਹਨਾਂ ਜ਼ਮੀਨ ਦਿੱਤੀ ਸੀ।ਇਹ ਦਿਲਚਸਪ ਗੱਲ ਹੈ ਕਿ ਸ਼ਿਮਲੇ ਰੇਲ
ਲਾਈਨ ੧੯੦੩ 'ਚ ਵਿਛੀ ਸੀ ਅਤੇ ਉਸ ਤੋਂ ੧੦ ਸਾਲ ਬਾਅਦ ਰਾਹੋਂ 'ਚ ਰੇਲਵੇ ਲਾਈਨ ਪਹੁੰਚ ਗਈ ਸੀ।ਰਾਹੋਂ ਨਗਰ
ਕੌਂਸਲ ੧੮੭੮ 'ਚ ਬਣੀ ਸੀ।੧੯੧੧ 'ਚ ਇੱਥੇ ਨਗਰ ਕੌਂਸਲ ਦੇ ਮੈਂਬਰ ਨੋਮੀਨੇਸ਼ਨ ਰਾਹੀਂ ਆਉਣੇ ਸ਼ੁਰੂ
ਹੋਏ।ਚੌਧਰੀ ਅਬਦੁਲ ਰਹਿਮਾਨ ਉਹਨਾਂ ਵੇਲਿਆਂ 'ਚ ਨਗਰ ਕੌਂਸਲ ਦੇ ਪ੍ਰਧਾਨ ਵੀ ਰਹੇ।੧੯੨੭ ਤੋਂ ਲੈਕੇ ੧੯੪੫ ਤੱਕ
ਚੌਧਰੀ ਅਬਦੁਲ ਰਹਿਮਾਨ ਬ੍ਰਿਟਿਸ਼ ਪੰਜਾਬ 'ਚ ੨੦ ਸਾਲ ਪੰਜਾਬ ਵਿਧਾਨ ਸਭਾ ਮੈਂਬਰ ਵੀ ਰਹੇ।੪੭ ਦੀ ਵੰਡ 'ਚ ਚੌਧਰੀ
ਸਾਹਬ ਨੂੰ ਵੀ ਉਧਰ ਜਾਣਾ ਪਿਆ।ਚੌਧਰੀ ਅਬੁਦਲ ਰਹਿਮਾਨ ਲਹਿੰਦੇ ਪੰਜਾਬ 'ਚ ਪਿੰਡ ਖ਼ਾਨਗਾਹ
ਡੋਗਰਾ,ਰਹੀਮਾਬਾਦ 'ਚ ਵੱਸੇ।
ਪਾਕਿਸਤਾਨ 'ਚ ਚੌਧਰੀ ਸਾਹਬ ਦੀ ਧੀ ਨਿਸਾਰ ਫਾਤਿਮਾ ਵੀ ਉੱਘੀ ਸਿਆਸਤਦਾਨ ਰਹੀ ਹੈ ਅਤੇ ਉਹਨਾਂ ਦਾ ਪੁੱਤਰ
ਅਹਿਸਨ ਇਕਬਾਲ ਚੌਧਰੀ ਨਾਰੋਵਾਲ ਤੋਂ ਸਿਆਸਤਦਾਨ ਹਨ।ਇਹ ਅਜਬ ਇਤਫਾਕ ਹੈ ਕਿ ਰਾਹੋਂ ਦਾ ਵਸਨੀਕ ਨਾਨਾ
ਅਤੇ ਨਾਨੇ ਦਾ ਦੋਹਤਾ ਨਾਰੋਵਾਲ 'ਚ ਬੈਠਾ ਵਾਇਆ ਕਰਤਾਰਪੁਰ ਸਾਹਿਬ ਦੇ ਲਾਂਘੇ ਆਪਣੀਆਂ ਜੜ੍ਹਾਂ ਦੀ
ਕਹਾਣੀ ਨੂੰ ਕਿਵੇਂ ਮਹਿਸੂਸ ਕਰਦਾ ਹੋਵੇਗਾ।ਅਜਿਹੀਆਂ ਹਜ਼ਾਰਾਂ ਕਹਾਣੀਆਂ ਸਾਂਝਾ ਦੀਆਂ ਹਨ ਜੋ ਪੰਜ ਆਬ ਦੀ
ਧਰਤੀ 'ਚ ਖਿੰਡੀਆਂ ਪਈਆਂ ਹਨ ਅਤੇ ਦੋਹਾਂ ਦੇਸ਼ਾਂ 'ਚ ਬੈਠੇ ਬੰਦਿਆਂ ਨੂੰ ਮੁਹੱਬਤ ਨਾਲ ਇਹਨਾਂ
ਕਹਾਣੀਆਂ ਨੂੰ ਇੱਕਠਿਆਂ ਕਰਨ ਦਾ ਹੰਭਲਾ ਮਾਰਨਾ ਚਾਹੀਦਾ ਹੈ।
"ਮੈਂ ਕੁਝ ਸਾਲ ਪਹਿਲਾਂ ਰਾਹੋਂ ਗਿਆ ਸੀ ਜਿੱਥੇ ਮੈਨੂੰ ਬਹੁਤ ਸੱਜਣ ਮਿਲੇ ਜਿੰਨ੍ਹਾ ਮੇਰੇ ਨਾਨੇ ਦੀਆਂ
ਯਾਦਾਂ ਤਾਜ਼ਾ ਕੀਤੀਆਂ।ਮੈਂ ਉਹਨਾਂ ਦੀ ਪੁਰਾਣੀ ਹਵੇਲੀ ਵੀ ਵੇਖੀ ਸੀ ਅਤੇ ਮੇਰੇ ਅੰਮੀ ਨਿਸਾਰ
ਫਾਤਿਮਾ ਵੀ ਮੈਨੂੰ ਨਾਨਾ ਜੀ ਅਤੇ ਰਾਹੋਂ ਬਾਰੇ ਬੜਾ ਕੁਝ ਦੱਸਦੇ ਰਹੇ ਹਨ।ਮੇਰੀ ਦੁਆ ਹੈ ਕਿ ਦੋ
ਦੇਸ਼ਾਂ ਦੇ ਦਰਮਿਆਨ ਸਬੰਧ ਅਮਨ ਅਤੇ ਭਾਈਚਾਰੇ ਵਾਲੇ ਬਣ ਜਾਣ ਅਤੇ ਲਹਿੰਦਾ ਚੜ੍ਹਦਾ ਪੰਜਾਬ
ਆਪਣੀਆਂ ਜੜ੍ਹਾਂ 'ਚ ਫਿਰ ਤੋਂ ਮੁਹੱਬਤਾਂ ਨਾਲ ਆਬਾਦ ਹੋਵੇ।ਮੇਰੀ ਖੁਸ਼ਨਸੀਬੀ ਹੈ ਕਿ ਸ਼੍ਰੀ ਕਰਤਾਰਪੁਰ
ਸਾਹਿਬ ਮੇਰੇ ਹਲਕੇ 'ਚ ਗੁਰਦੁਆਰਾ ਹੈ।ਇਹ ਕੋਰੀਡੋਰ ਮੈਨੂੰ ਮੇਰੇ ਨਾਨੇ ਹੁਣਾਂ ਦੀ ਵਿਰਾਸਤ ਨਾਲ ਵੀ
ਜੋੜਦਾ ਹੈ ਅਤੇ ਉਹਨਾਂ ਲੋਕਾਂ ਨਾਲ ਵੀ ਜਿਹੜੇ ਵੰਡ ਦੌਰਾਨ ਆਪਸੀ ਭਾਈਚਾਰਾ ਗੁਆਕੇ ਵੱਖ ਹੋ ਗਏ
ਸਨ।ਇਹ ਲਾਂਘਾ ਸ਼ਾਂਤੀ ਅਤੇ ਸਾਂਝੀਵਾਲਤਾ ਦੇ ਉਹੀ ਸੰਦੇਸ਼ ਵੰਡੇਗਾ ਜਿਹਦੀਆਂ ਸਿੱਖਿਆਵਾਂ ਗੁਰੂ
ਨਾਨਕ ਸਾਹਿਬ ਨੇ ਸਾਨੂੰ ਦਿੱਤੀਆਂ।" – ਅਹਿਸਨ ਇਕਬਾਲ ਚੌਧਰੀ
ਰਾਹੋਂ ਦੇ ਮੌਜੂਦਾ ਨਗਰ ਕੌਂਸਲ ਪ੍ਰਧਾਨ ਹੇਮੰਤ ਕੁਮਾਰ ਰਣਦੇਵ ਕਹਿੰਦੇ ਹਨ ਕਿ ਚੌਧਰੀ ਅਬਦੁਲ ਰਹਿਮਾਨ
ਦਾ ਨਾਮ ਸਾਡੇ ਰਾਹੋਂ 'ਚ ਬੜੇ ਪਿਆਰ ਅਤੇ ਇੱਜ਼ਤ ਨਾਲ ਲਿਆ ਜਾਂਦਾ ਹੈ।ਸਾਡੀ ਦਿਲੀ ਇੱਛਾ ਹੈ ਕਿ ਰਾਹੋਂ ਦੇ
ਪਲੇਟਫਾਰਮ ਦਾ ਨਾਮ ਉਹਨਾਂ ਦੇ ਨਾਮ 'ਤੇ ਹੋਏ।ਹੇਮੰਤ ਕੁਮਾਰ ਦੱਸਦੇ ਹਨ ਪਿਛਲੇ ਦਿਨਾਂ 'ਚ ਰਾਹੋਂ ਰੇਲਵੇ
ਲਾਈਨ ਬੰਦ ਹੋ ਰਹੀ ਸੀ ਪਰ ਚੌਧਰੀ ਸਾਹਬ ਦੀ ਵਸੀਅਤ ਮੁਤਾਬਕ ਇਹ ਬੰਦ ਨਾ ਹੋ ਸਕੀ।ਇਸ ਨੂੰ ਲੈਕੇ ਸਾਡੇ
ਰਾਹੋਂ ਦੇ ਵਸਨੀਕਾਂ ਨੇ ਵਿਰੋਧ ਵੀ ਕੀਤਾ ਸੀ।ਚੌਧਰੀ ਸਾਹਬ ਦੀ ਰੇਲਵੇ ਨੂੰ ਦਾਨ ਕੀਤੀ ਜ਼ਮੀਨ ਦੀ ਵਸੀਅਤ ਇੰਝ ਹੈ
ਕਿ ਜੇ ਇੱਥੇ ਰੇਲਵੇ ਲਾਈਨ ਨਹੀਂ ਰਹੇਗੀ ਤਾਂ ਇਸ ਜ਼ਮੀਨ 'ਤੇ ਰੇਲ ਮਹਿਕਮੇ ਦਾ ਕੋਈ ਹੱਕ ਨਹੀਂ ਰਹੇਗਾ।ਹੇਮੰਤ
ਕੁਮਾਰ ਦੱਸਦੇ ਨੇ ਕਿ ਰਾਹੋਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉਹਨਾਂ ਦੇ ਰਾਜ ਦਾ ਆਖਰੀ ਸਟੇਸ਼ਨ ਸੀ।ਰਾਹੋਂ
ਵੱਡਾ ਵਪਾਰਕ ਨਗਰ ਰਿਹਾ ਹੈ।ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੀਆਂ ਨਸਲਾਂ ਚੌਧਰੀ ਅਬਦੁਲ ਰਹਿਮਾਨ ਨੂੰ
ਉਹਨਾਂ ਦੇ ਰਾਹੋਂ ਲਈ ਦਿੱਤੇ ਪਿਆਰ ਨੂੰ ਕਦੀ ਨਾ ਭੁੱਲਣ।
ਵਰੁਣ ਗਰੋਵਰ : ਹਰਪ੍ਰੀਤ ਸਿੰਘ ਕਾਹਲੋਂ
ਵਰੁਣ ਗਰੋਵਰ ਹਿੰਦੀ ਸਿਨੇਮੇ ਦਾ ਗੀਤਕਾਰ ਹੈ।੨੦੧੫ 'ਚ ਵਰੁਣ ਨੇ ਸੰਜੇ ਨਾਲ ਮਿਲਕੇ ਇੱਕ ਗੀਤ ਲਿਖਿਆ ਸੀ।ਇਸ ਗੀਤ
ਨੂੰ ਇੰਡੀਅਨ ਓਸ਼ਨ ਬੈਂਡ ਦੇ ਰਾਹੁਲ ਰਾਮ ਨੇ ਗਾਇਆ ਸੀ।ਐਸੀ ਤੈਸੀ ਡੇਮੋਕ੍ਰੇਸੀ ਨਾਮ ਦੇ ਇਸ ਗੀਤ 'ਚ ਦੇਸ਼
ਦੀ ਸੰਵਿਧਾਨਕ ਮੂਲ ਭਾਵਨਾ ਦੇ ਉਲਟ ਫਿਰਕੂਵਾਦ ਅਤੇ ਕੱਟੜਵਾਦ ਦੇ ਖਿਲਾਫ ਵਿਅੰਗ ਸੀ।ਗੀਤ ਦੇ ਬੋਲ ਸਨ-
ਮੇਰੇ ਸਾਹਮਣੇ ਵਾਲੀ ਸਰਹੱਦ ਪਰ ਕਹਿਤੇ ਹੈ ਦੁਸ਼ਮਨ ਰਹਿਤਾ ਹੈ
ਪਰ ਗੌਰ ਸੇ ਦੇਖਾ ਜਬ ਉਸ ਕੋ ਵੋ ਤੋ ਮੇਰੇ ਜੈਸਾ ਦਿਖਤਾ ਹੈ
ਇਸ ਗੀਤ ਨੂੰ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਨੇ ਬੇਪਨਾਹ ਹੁੰਗਾਰਾ ਦਿੱਤਾ ਜੋ ਦੋ ਦੇਸ਼ਾਂ ਦਰਮਿਆਨ ਅਮਨ
ਸ਼ਾਂਤੀ ਦੀ ਉਮੀਦ ਕਰਦੇ ਹਨ।ਇਸ ਗੀਤ ਦੀ ਚਰਚਾ ਐਨੀ ਸੀ ਕਿ ਇਸ ਗੀਤ ਨੂੰ ਹੁੰਗਾਰਾ ਦਿੰਦਾ ਪਾਕਿਸਤਾਨ ਤੋਂ ਵੀ
ਗੀਤ 'ਐਸੀ ਤੈਸੀ ਹਿਪੋਕ੍ਰੇਸੀ' ਰਚਿਆ ਗਿਆ।ਇਸ ਗੀਤ ਨੂੰ ਮੁਹੰਮਦ ਹਸਨ ਮਿਰਾਜ਼ ਨੇ ਲਿਖਿਆ ਸੀ ਅਤੇ ਮੁਜਤਬਾ
ਅਲੀ ਨੇ ਗਾਇਆ ਸੀ।
ਰਿਸ਼ਤੇ ਉਡੀਕਦੇ ਵੀਜ਼ਾ
ਗੁਲਜ਼ਾਰ ਸਾਹਿਬ ਲਿਖਦੇ ਹਨ ਕਿ ਭਾਰਤ ਮੇਰਾ ਦੇਸ਼ ਹੈ ਅਤੇ ਪਾਕਿਸਤਾਨ ਮੇਰਾ ਮੁਲਕ ਹੈ।ਉਹਨਾਂ ਦਾ ਹੀ ਇੱਕ ਗੀਤ
ਹੈ।
ਕਿੱਸੇ ਲੰਮੇ ਨੇ ਲਕੀਰਾਂ ਦੇ
ਗੋਲੀ ਨਾਲ ਗੱਲ ਕਰਦੇ
ਬੋਲ ਚੁੱਭਦੇ ਨੇ ਵੀਰਾਂ ਦੇ
ਜੋ ਗੁਲਜ਼ਾਰ ਸਾਹਬ ਕਹਿ ਰਹੇ ਹਨ ਉਹ ਦੋਵੇਂ ਪਾਸੇ ਰਹਿੰਦੇ ਹਜ਼ਾਰਾਂ ਬਜ਼ੁਰਗਾਂ ਦੇ ਜਜ਼ਬਾਤ ਹਨ।
ਮਲੇਰਕੋਟਲੇ ਤੋਂ ਖ਼ਾਲਦਾ ਬੀਬੀ ਦੱਸਦੀ ਹੈ ਕਿ ਰਿਸ਼ਤੇ 'ਚ ਮੇਰੇ ਭਰਾ ਫੈਸਲਾਬਾਦ ਰਹਿੰਦੇ ਹਨ।ਅਜ਼ਾਦੀ ਤੋਂ ਬਾਅਦ
ਅਸੀਂ ਆਪੋ ਆਪਣੀਆਂ ਥਾਵਾਂ 'ਤੇ ਰਹੇ।ਸਾਡੇ ਭਾਣੇ ਪਾਕਿਸਤਾਨ-ਹਿੰਦੂਸਤਾਨ ਦੋਵੇਂ ਜਿਊਣ ਪਰ ਸਾਨੂੰ
ਸੀ ਸਾਡੀਆਂ ਰਿਸ਼ਤੇਦਾਰੀਆਂ ਇੱਕ ਦੂਜੇ ਨੂੰ ਮਿਲਦੀਆਂ ਰਹਿਣ।
ਇਹਨਾਂ ਸਿਆਸਤਾਂ ਨੇ ਵੀਜ਼ੇ ਬਣਾਏ ਅਤੇ ਇਹਨਾਂ ਵੀਜ਼ਿਆਂ ਦੇ ਹੁਕਮ ਤੋਂ ਬਿਨਾਂ ਅਸੀਂ ਇੱਕ ਦੂਜੇ ਨੂੰ ਮਿਲ
ਨਹੀਂ ਸਕਦੇ।ਖ਼ਾਲਦਾ ਬੀਬੀ ਦੱਸਦੀ ਹੈ ਕਿ ਫੈਸਲਾਬਾਦ,ਝੰਗ ਤੋਂ ਮੇਰੀਆਂ ਭੂਆ ਆਪਣੀ ਅੰਮੀ ਦੀ ਮੌਤ 'ਤੇ ਵੀ
ਆ ਨਹੀਂ ਸਕੀਆ ਸਨ।ਉਹ ਵੰਡ ਤੋਂ ੩੦ ਸਾਲ ਬਾਅਦ ਭਾਰਤ ਫੇਰਾ ਪਾ ਸਕੀਆ।
ਇੰਝ ਹੀ ਮਲੇਰਕੋਟਲੇ ਤੋਂ ਆਸ਼ੀਆ ਦੇ ਮਾਮਾ ਜੀ ਮੁਹੰਮਦ ਇਮਰਾਨ ਫੈਸਲਾਬਾਦ ਰਹਿੰਦੇ ਹਨ।ਆਸ਼ੀਆ
ਮੁਤਾਬਕ ਉਹਨਾਂ ਦੇ ਮਾਮਾ ਇਮਰਾਨ ਜਦੋਂ ਵੀ ਫੋਨ ਕਰਦੇ ਹਨ ਤਾਂ ਇਧਰ ਇਲਾਕਾ ਕਿੰਨਾ ਬਦਲ ਗਿਆ
ਹੈ,ਨਾਭੇ ਸ਼ਹਿਰ ਦੀਆਂ ਗੱਲਾਂ ਆਦਿ ਪੁੱਛਦੇ ਰਹਿੰਦੇ ਹਨ।ਮੁਹੰਮਦ ਇਮਰਾਨ ਕਹਿੰਦੇ ਹਨ ਕਿ ਵੰਡ ਹੋਈ।ਜੋ
ਅਤੀਤ 'ਚ ਹੋ ਗਿਆ ਸੋ ਹੋ ਗਿਆ।ਪਰ ਅੱਗੋਂ ਕੁਝ ਬੇਹਤਰ ਹੋਵੇ।ਇਮਰਾਨ ਮੁਤਾਬਕ ਉਹਨਾਂ ਦਾ ਕੀ ਕਸੂਰ ਕਿ ਉਹ
ਆਪਣੇ ਰਿਸ਼ਤਿਆਂ ਤੋਂ ਦੂਰ ਹੋ ਗਏ ਹਨ।ਕਦੀ ਵੀਜ਼ਾ ਮਿਲ ਜਾਂਦਾ ਹੈ ਕਦੀ ਨਹੀਂ ਮਿਲਦਾ।ਆਪਣੇ ਰਿਸ਼ਤਿਆਂ ਨੂੰ
ਭੱਜੀਆਂ ਬਾਹਵਾਂ ਹੁਣ ਇੱਕ ਮੋਹਰ ਦਾ ਇੰਤਜ਼ਾਰ ਕਰਦੀਆਂ ਹਨ।
ਇਹੋ ਗੱਲ ਸਮਾਨੇ ਤੋਂ ਨਿਰਮਲ ਸਿੰਘ ਵੜੈਚ ਕਹਿੰਦੇ ਹਨ।ਨਿਰਮਲ ਸਿੰਘ ਗੁਰੂ ਨਾਨਕ ਗੁਰਪੁਰਬ 'ਤੇ ਆਪਣੇ
ਪਰਿਵਾਰ ਨਾਲ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਪਾਕਿਸਤਾਨ ਜਾਕੇ ਆਏ ਹਨ।ਉਹ ਕਹਿੰਦੇ ਹਨ,"ਗੁਰਦੁਆਰਾ
ਨਨਕਾਣਾ ਸਾਹਿਬ ਦੇ ਦਰਸ਼ਨ ਕਰਕੇ ਵਧੀਆ ਲੱਗਾ ਪਰ ਦਿਲਾਂ 'ਚ ਤਮੰਨਾ ਸੀ ਕਿ ਅਸੀਂ ਆਪਣੇ ਜੱਦੀ ਪਿੰਡ ਗੁਜਰਾਂਵਾਲਾ
ਦੇ ਰਡਿਆਣਾ ਵੜੈਚ ਨੂੰ ਵੇਖ ਸਕੀਏ।ਸਰਕਾਰਾਂ ਨੂੰ ਚਾਹੀਦਾ ਹੈ ਕਿ ਵੰਡ ਵੇਲੇ ਜਿਹੜੇ ਪਰਿਵਾਰ ਆਪਣੇ ਜੱਦੀ
ਪਿੰਡਾਂ ਤੋਂ ਵਿਛੜ ਗਏ ਉਹਨਾਂ ਨੂੰ ਆਪੋ ਆਪਣੇ ਪਿੰਡ ਵਿਖਾਏ ਜਾਣ।ਪਤਾ ਨਹੀਂ ਸਾਡੀ ਉਮਰ ੫ ਸਾਲ ਹੈ
ਜਾਂ ੧੦ ਸਾਲ ਆਖਰ ਸਾਡੇ ਤੋਂ ਕਿਸੇ ਨੂੰ ਕੀ ਖਤਰਾ ਹੈ।"
ਆਲਮੀ ਪੰਜਾਬੀ ਸੰਗਤ
ਇਸ ਸਿਲਸਿਲੇ 'ਚ ਆਲਮੀ ਪੰਜਾਬੀ ਸੰਗਤ ਕਾਫੀ ਸਾਰਥਕ ਕੰਮ ਕਰ ਰਹੀ ਹੈ।ਆਲਮੀ ਪੰਜਾਬੀ ਸੰਗਤ ਨੇ ੧੫ ਅਗਸਤ
੨੦੧੭ ਨੂੰ ਮੁਆਫੀਨਾਮੇ ਦੀ ਅਰਦਾਸ ਪ੍ਰੋਗਰਾਮ ਉਲੀਕਿਆ ਸੀ।ਲੁਧਿਆਣੇ ਹੋਏ ਇਸ ਪ੍ਰੋਗਰਾਮ 'ਚ ਸਮੂਹ
ਪੰਜਾਬੀ ਭਾਈਚਾਰੇ ਨੇ ੪੭ ਦੀ ਵੰਡ 'ਚ ਆਪਸੀ ਸਾਂਝਾ ਭੁੱਲਕੇ ਕੀਤੀ ਕਤਲੋਗਾਰਤ ਲਈ ਮਾਫੀ ਮੰਗੀ ਸੀ ਕਿ ਕਿਤੇ ਨਾ
ਕਿਤੇ ਅਸੀਂ ਖੁਦ ਪੰਜਾਬੀ ਇਸ ਲਈ ਜ਼ਿੰਮੇਵਾਰ ਹਾਂ ਜਿਹਨਾਂ ਪੰਜਾਬ ਦੀ ਆਪਸੀ ਸਾਂਝ ਭੁੱਲਕੇ ਬੰਦੇ
ਹਿੰਦੂ,ਮੁਸਲਮਾਨ,ਸਿੱਖ ਵੇਖਣੇ ਸ਼ੁਰੂ ਕਰ ਦਿੱਤੇ।ਮੁੰਬਈ ਮਿਰਰ ਨੇ ਇਸ ਨੂੰ ਸਾਲ ਦੀਆਂ ਵੱਡੀਆਂ ਘਟਨਾਵਾਂ 'ਚ
ਜ਼ਿਕਰ ਅਧੀਨ ਲਿਆਂਦਾ ਸੀ ਜੋ ਮਨੁੱਖਤਾ ਦਾ ਸੰਦੇਸ਼ ਵੰਡਦੀਆਂ ਸਨ।ਆਲਮੀ ਪੰਜਾਬੀ ਸੰਗਤ ਦੇ ਮਨੁੱਖਤਾ ਨੂੰ
ਸਮਰਪਿਤ ਦੋ ਦੇਸ਼ਾਂ ਦਰਮਿਆਨ ਅਮਨ ਅਤੇ ਸ਼ਾਂਤੀ ਦੀ ਇਸੇ ਕੌਸ਼ਿਸ਼ ਨੂੰ ਧਿਆਨ 'ਚ ਲਿਆਕੇ ਪਟਿਆਲਾ ਤੋਂ ਲੋਕ
ਸਭਾ ਮੈਂਬਰ ਡਾ.ਧਰਮਵੀਰ ਗਾਂਧੀ ਨੇ ਪਿਛਲੇ ਦਿਨਾਂ 'ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਵੀ ਕੀਤੀ ਸੀ
ਅਤੇ ਇਹ ਨਜ਼ਰੀਆ ਰੱਖਿਆ ਸੀ।ਡਾ ਗਾਂਧੀ ਮੁਤਾਬਕ ਵੰਡ ਤੋਂ ਵਿਛੜੇ ਬੰਦਿਆਂ ਨੂੰ ਆਪਣਾ ਪੁਰਾਣਾ ਪਿੰਡ
ਸ਼ਹਿਰ ਵੇਖਣ ਲਈ ਸਰਕਾਰਾਂ ਵੱਲੋਂ ਫ੍ਰੀ ਵੀਜ਼ਾ ਪੋਲਿਸੀ ਲਿਆਉਣੀ ਚਾਹੀਦੀ ਹੈ।ਆਪਣੀ ਮਿੱਟੀ ਤੋਂ ਜੁਦਾ ਹੋਣ ਤੋਂ
ਵੱਡਾ ਸੰਤਾਪ ਕੋਈ ਨਹੀਂ ਹੁੰਦਾ।
ਆਲਮੀ ਪੰਜਾਬੀ ਸੰਗਤ ਤੋਂ ਗੰਗਵੀਰ ਕੁਮਾਰ ਕਹਿੰਦੇ ਹਨ ਕਿ ਕਰਤਾਰਪੁਰ ਲਾਂਘਾ ਇੱਕ ਸ਼ੁਰੂਆਤ ਹੈ ਇਹ
ਸ਼ੁਰੂਆਤ ਉਸੇ ਥਾਂ ਤੋਂ ਹੈ ਜਿੱਥੋ ਅਸੀਂ ਬਾਬੇ ਨਾਨਕ ਦੇ ਫਲਸਫੇ ਤੋਂ ਮੁਨਕਰ ਹੋਏ ਸੀ, ਪੰਜਾਬ ਦੀ
ਸਮਾਜਕ, ਆਰਥਕ ਅਤੇ ਸਿਆਸੀ ਸਿਹਤ ਲਈ ਇਹ ਬਹੁਤ ਵੱਡੀ ਪਹਿਲ ਹੈ, ਲਾਂਘਾ ਖੁੱਲਣ ਨਾਲ ਜਿੱਥੇ ਅਜੋਕੇ ਦੌਰ ਦੀਆਂ
ਪੀੜ੍ਹੀਆਂ ਵਿੱਚ ਨਫਰਤੀ ਵਰਤਾਰਾ ਖਤਮ ਹੋ ਰਿਹਾ ਹੈ ਉੱਥੇ ਇਹ ਮੁੜ ਤੋਂ ਨਵੀਂ ਸਾਂਝ ਦੀ ਨੀਂਹ ਰੱਖ ਰਿਹਾ ਹੈ।
ਦੂਸਰੇ ਪੱਖਾਂ ਨੂੰ ਵੀ ਵੇਖਿਏ ਤਾਂ ਇਹ ਲਾਂਘਾ ਬਾਕੀ ਰਾਹ ਖੋਲਣ ਲਈ ਵੀ ਆਸ ਜਗਾ ਰਿਹਾ ਹੈ, ਪੰਜਾਬ ਦੇ ਖਿੱਤੇ
ਵਿੱਚ ਸੈਲਾਨੀਆਂ ਦੀ ਗਿਣਤੀ ਵੱਧ ਜਾਵੇਗੀ ਅਤੇ ਇਸ ਨਾਲ ਹੋਟਲ, ਢਾਬਾ, ਪੰਜਾਬੀ ਜੁੱਤੀ ਅਤੇ ਫੁਲਕਾਰੀ ਦੇ ਵਪਾਰ
ਵਿੱਚ ਵੀ ਵਾਧਾ ਹੋਵੇਗਾ।ਮੈਂ ਇਸ ਲਾਂਘੇ ਤੋਂ ਅਗਲੇ ਦੌਰ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ, ਮੈਂ
ਚਾਹੁੰਦਾ ਹਾਂ ਕਿ ਇਸੇ ਲਾਂਘੇ ਦੇ ਵਰਗਾ ਦੂਸਰਾ ਵੱਡਾ ਕੌਰੀਡੌਰ ਬਾਬਾ ਬ੍ਰਹਮ ਸ਼ੇਖ ਦਰਬਾਰ ਵਿੱਚ ਬਣੇ ਉਸ
ਤੋਂ ਇਲਾਵਾ ਪਾਕਿਸਤਾਨ ਸਰਕਾਰ ਕੋਲ ਇਹ ਆਸ ਵੀ ਕਰਦਾ ਹਾਂ ਕਿ ਉਹ ਟਿੱਲਾ ਜੋਗੀਆਂ ਅਤੇ ਹੋਰ ਵਿਰਾਸਤੀ ਥਾਂਵਾ
ਦੀ ਵੀ ਸਾਰ ਲਵੇ ਅਤੇ ਇਹਨਾਂ ਨੂੰ ਵਿਰਾਸਤੀ ਥਾਂਵਾ ਵਜੋਂ ਸੰਭਾਲ ਕਰੇ, ਮੈਂ ਚਾਹੁੰਦਾ ਹਾਂ ਕਿ ਬਾਬਾ ਫਰੀਦ,
ਬਾਬਾ ਬੁੱਲੇ ਸ਼ਾਹ ਅਤੇ ਦਾਤਾ ਸਾਹਿਬ ਦੇ ਦਰਬਾਰ ਵਿੱਚ ਵੀ ਸ਼ਾਮਲ ਹੋਣ ਲਈ ਖੁੱਲਦਿਲੀ ਨਾਲ ਵੀਜ਼ੇ ਲੱਗਣ ਅਤੇ ਬਾਬਾ
ਫਰੀਦ ਦਾ ਮੇਲਾ ਤਾਂ ਸਾਂਝੇ ਤੌਰ ਤੇ ਦੋਵੇਂ ਪਾਸੇ ਪੰਜਾਬ ਸਰਕਾਰ ਮਨਾਉਣ ਲਈ ਅੱਗੇ ਆਵੇ ਤਾਂ ਜੋ ਅਸੀ
ਕੌਮਾਂਤਰੀ ਪੱਧਰ ਤੇ ਆਪਣੀ ਵਿਰਾਸਤੀ ਸਾਂਝ ਨੂੰ ਦੁਨੀਆਂ ਅੱਗੇ ਰੱਖ ਸਕੀਏ।
ਸੋਹਣੀ ਧਰਤੀ ਅੱਲ੍ਹੇ ਰੱਖੇ ਕਦਮ ਕਦਮ ਆਬਾਦ
ਇਸ ਦੁਆ ਨਾਲ ਦੋਹਾਂ ਦੇਸ਼ਾਂ 'ਚ ਵੱਸਦੇ ਉਹਨਾਂ ਉਮੀਦ ਦੇ ਬੰਦਿਆਂ ਨੂੰ ਸਲਾਮ ਤਾਂ ਹੈ ਜਿਹਨਾਂ ਨੂੰ ਯਕੀਨ ਹੈ ਕਿ ਪੰਜਾਬ ਦੀ ਧਰਤੀ ਬਾਬਾ ਫ਼ਰੀਦ,ਗੁਰੂ ਨਾਨਕ ਸਾਹਿਬ,ਵਾਰਸ,ਬੁਲ੍ਹੇ ਅਤੇ ਸ਼ੇਖ ਬ੍ਰਹਮ ਦੀ ਸਾਂਝੀ ਧਰਤੀ ਹੈ।
ਅਤੀਤ ਦੀਆਂ ਖਿੰਡੀਆਂ ਕਤਰਾਂ ਨੂੰ ਸਾਂਭਣ ਦਾ ਤਹੱਈਆ ਕਰਦੀ ਬੀਬੀ ਗੁਰਮੀਤ ਕੌਰ : ਹਰਪ੍ਰੀਤ ਸਿੰਘ ਕਾਹਲੋਂ
ਤ੍ਰਾਸਦੀਆਂ ਦਾ ਨਾਸੂਰ ਰਾਜ਼ੀ ਨਹੀਂ ਹੁੰਦਾ ਕਦੀ।ਬੰਦਿਆਂ ਦੇ ਚੇਤੇ ਉਹਨਾਂ ਸਮਿਆਂ 'ਚ ਖੜ੍ਹੋ ਜਾਂਦੇ
ਹਨ।ਉਹਨਾਂ ਤੋਂ ਅੱਗੇ ਵੱਧਣ ਦਾ ਹੰਭਲਾ ਮਾਰਨਾ ਉਮੀਦ ਦੇ ਰਾਹ 'ਚ ਕੀਤਾ ਵੱਡਾ ਕੰਮ ਹੁੰਦਾ ਹੈ।ਜਿਹੜਾ
ਬੰਦੇ ਅਜਿਹਾ ਕਰਦੇ ਹਨ ਉਹਨਾਂ ਨੂੰ ਕੀ ਲੋੜ ਹੈ ਅਜਿਹਾ ਕਰਨ ਦੀ।ਪਰ ਉਹ ਕਰਦੇ ਹਨ ਕਿਉਂ ਕਿ ਉਹਨਾਂ ਨੂੰ
ਉਮੀਦ ਹੈ ਕਿ 'ਬਹਾਰੇਂ ਫਿਰ ਆਏਂਗੀ' !
ਅਮਰੀਕਾ ਵੱਸਦੀ ਸਮਾਜੀ ਕਾਰਕੂਨ ਤੇ ਲਿਖਾਰੀ ਗੁਰਮੀਤ ਕੌਰ ਦੀ ਕਹਾਣੀ ਉਮੀਦ ਦੀ ਰੌਸ਼ਨੀ ਲੱਭਦਾ ਕਿਰਦਾਰ ਹੀ ਤਾਂ
ਹੈ।੫੦ ਸਾਲਾਂ ਗੁਰਮੀਤ ਕੌਰ ਕਾਨਪੁਰ 'ਚ ਜੰਮੀ ਪਲੀ,ਇੰਦੌਰ 'ਚ ਵੱਡੀ ਹੋਈ ਅਤੇ ੧੫ ਸਾਲ ਦੀ ਭਰ ਜੁਆਨੀ 'ਚ ੧੯੮੪
ਦੀ ਕਾਲੀ ਹਨੇਰੀ ਨੇ ਗੁਰਮੀਤ ਕੌਰ ਦੀ ਜ਼ਿੰਦਗੀ ਦੀਆਂ ਕੁੱਲ ਰੌਸ਼ਨੀਆਂ ਖੋਹ ਲਈਆਂ।ਭਾਰਤ ਦੀ ਪ੍ਰਧਾਨਮੰਤਰੀ
ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖ ਵਿਰੋਧੀ ਨਫਰਤ ਦੀ ਜੱਦ 'ਚ ਗੁਰਮੀਤ ਕੌਰ ਹੁਣਾਂ ਦਾ ਘਰ ਵੀ ਅੱਗ ਦੀ ਚਪੇਟ
'ਚ ਆਇਆ।੫-੬ ਘੰਟੇ ਤਾਂ ਪਰਿਵਾਰ ਨੂੰ ਇੱਕ ਦੂਜੇ ਬਾਰੇ ਸਹੀ ਪਤਾ ਹੀ ਨਾ ਲੱਗਾ ਕਿ ਜਿਉਂਦੇ ਹਾਂ ਕਿ ਮਰ
ਗਏ।ਆਲੇ ਦੁਆਲੇ ਤੋਂ ਪਹੁੰਚਦੀਆਂ ਖ਼ਬਰਾਂ ਨੇ ਕਾਨਪੁਰ 'ਚ ਗੁਰਮੀਤ ਕੌਰ ਦੇ ਤਿੰਨ ਭਰਾਵਾਂ ਦੇ ਕਤਲ ਹੋ ਜਾਣ
ਦੀ ਪੁਸ਼ਟੀ ਕੀਤੀ।ਇੱਥੋਂ ਹੀ ਗੁਰਮੀਤ ਕੌਰ ਹੁਣਾਂ ਦੀ ਕਹਾਣੀ ਨੇ ਨਵੇਂ ਰਾਹ ਲੱਭੇ ਅਤੇ ੧੯੯੧ 'ਚ ਅਮਰੀਕਾ ਪੜ੍ਹਣ
ਲਈ ਆ ਗਏ।ਗੁਰਮੀਤ ਕੌਰ ਦੱਸਦੇ ਹਨ ਕਿ ਉਹਨਾਂ ਸਮਿਆਂ 'ਚ ਪੜ੍ਹਾਈ ਕਰਨ ਲਈ ਆਈਲੈਟਸ ਵਰਗਾ ਰੁਝਾਣ ਨਹੀਂ
ਸੀ।ਕੁੜੀਆਂ ਦਾ ਵਿਦੇਸ਼ ਪੜ੍ਹਣ ਲਈ ਆਉਣ ਤਾਂ ਦੂਰ ਦੀ ਗੱਲ ਸੀ।ਅਤੀਤ 'ਚ ਰਿਸਦੇ ਜ਼ਖ਼ਮਾਂ ਨੇ ਜ਼ਿੰਦਗੀ ਨੂੰ ਜੋ
ਤਜਰਬੇ ਦਿੱਤੇ ਉਸ 'ਚ ਮਨ 'ਚ ਇੱਕ ਜੱਦੋਜਹਿਦ ਇਹ ਸੀ ਕਿ ਨਫ਼ਰਤ ਨੂੰ ਖਤਮ ਕਰਨ ਲਈ ਮੁਹੱਬਤ ਦੇ ਗੀਤ ਉਸਾਰਨੇ
ਪੈਣਗੇ।ਇਹਨਾਂ ਮੁਹੱਬਤਾਂ ਚੋਂ ਹੀ ਸਾਂਝੀਵਾਲਤਾ ਪੈਦਾ ਹੋਵੇਗੀ ਅਤੇ ਫਿਰ ਕੋਈ ਧਰਮਾਂ ਦੇ ਨਾਮ 'ਤੇ
ਕਤਲੇਆਮ ਨਹੀਂ ਕਰ ਸਕੇਗਾ।
ਇਹਨਾਂ ਹਲਾਤਾਂ 'ਚੋਂ ਲੰਘਦਿਆਂ ਗੁਰਮੀਤ ਕੌਰ ਪੰਜਾਬ,ਪੰਜਾਬੀ,ਪੰਜਾਬੀਅਤ ਨੂੰ ਲੈਕੇ ਸਰਗਰਮ ਹੈ।ਉਹ
ਕਿਤਾਬਾਂ ਲਿਖਦੀ ਹੈ ਇਸ ਉਮੀਦ ਨਾਲ ਕਿ ਕੋਈ ਬੱਚਾ ਆਪਣੀ ਮਾਂ ਬੋਲੀ ਦਾ ਰਾਹ ਨਾ ਭੁੱਲ ਜਾਵੇ।ਉਹ
ਰੋਮਨ,ਗੁਰਮੁੱਖੀ ਅਤੇ ਸ਼ਾਹਮੁੱਖੀ ਵਿੱਚ ਸੋਹਣੇ ਪੰਜਾਬ ਦੀਆਂ ਮੋਹਣੀਆਂ ਬਾਤਾਂ–ਫੇਸੀਨੇਟਿੰਗ ਫੋਕਟੇਲ
ਆਫ ਪੰਜਾਬ ਲੜੀ ਤੋਰਦੀ ਹੈ।ਕਿਉਂ ਕਿ ਉਹ ਜਾਣਦੀ ਹੈ ਕਿ ਵੰਡ ਨੇ ਪੰਜਾਬ ਦੀ ਸਾਂਝੀਵਾਲਤਾ ਦੀ ਜਿਹੜੀ ਤੰਦ ਤੋੜੀ
ਸੀ ਉਸ 'ਚ ਹਿੰਦੂ,ਮੁਸਲਮਾਨ ਅਤੇ ਸਿੱਖਾਂ ਨੂੰ ਫਿਰ ਤੋਂ ਇੱਕ ਹੋਣਾ ਚਾਹੀਦਾ ਹੈ ਅਤੇ ਆਪਣੇ ਪੰਜਾਬੀ ਹੋਣ
ਦੀ ਹੋਂਦ ਨੂੰ ਪਛਾਣਨਾ ਚਾਹੀਦਾ ਹੈ।ਗੁਰਮੀਤ ਕੌਰ ਮੁਤਾਬਕ ਇਹ ਮੂਲ ਪਛਾਣਨ ਦੀ ਗਾਥਾ ਹੈ।ਇਸੇ 'ਚੋਂ
ਉਮੀਦ ਤੁਰੇਗੀ ਅਤੇ ਸਾਨੂੰ ਯਕੀਨ ਹੋਵੇਗਾ ਕਿ ਸਾਡੀ ਧਰਤੀ ਬਾਬਾ ਫ਼ਰੀਦ,ਗੁਰੂ ਨਾਨਕ,ਵਾਰਸ,ਬੁੱਲ੍ਹੇ ਦੀ ਸਾਂਝੀ
ਧਰਤੀ ਹੈ।ਇੱਥੇ ਵੇਦ,ਉਪਨਿਸ਼ਦ ਰਚੇ ਗਏ ਅਤੇ ਜਪੁਜੀ ਸਾਹਿਬ ਦੀ ਬਾਣੀ ਹੈ,ਕੰਨਾਂ 'ਚ ਪੈਂਦੀ ਅਜ਼ਾਨ ਹੈ ਅਤੇ ਸਭ
ਦਾ ਮੂਲ ਸਭੈ ਸਾਂਝੀਵਾਲ ਸਦਾਇਣ ਦਾ ਹੀ ਹੈ।ਇਸ ਲਈ ਮੈਂ ਨਿਰੰਤਰ ਸਰਗਰਮ ਹਾਂ ਕਿਉਂ ਕਿ ਮੈਨੂੰ ਯਕੀਨ ਹੈ।
ਖੁਲ੍ਹੇ ਦਰਸ਼ਨ ਦੀਦਾਰ ਦੀ ਅਰਦਾਸ-ਕਰਤਾਰਪੁਰ ਲਾਂਘਾ
੨੦੧੮ ਦੇ ੨੬ ਨਵੰਬਰ ਨੂੰ ਕਰਤਾਰਪੁਰ ਲਾਂਘੇ ਲਈ ਭਾਰਤ ਸਰਕਾਰ ਡੇਰਾ ਬਾਬਾ ਨਾਨਕ ਤੋਂ ਸ਼ੁਰੂਆਤ ਕਰਦੀ ਹੈ।੨੮ ਨਵੰਬਰ ਨੂੰ ਪਾਕਿਸਤਾਨ ਤੋਂ ਵੀ ਆਪਣੇ ਪਹਿਲਾਂ ਤੋਂ ਮਿੱਥੇ ਪ੍ਰੋਗਰਾਮ ਤਹਿਤ ਕਰਤਾਰਪੁਰ ਲਾਂਘੇ ਖੋਲ੍ਹਣ ਦੇ ਸਿਲਸਿਲੇ 'ਚ ਪ੍ਰੋਗਰਾਮ ਕੀਤਾ ਜਾਂਦਾ ਹੈ।ਇਸ ਪੂਰੇ ਸਿਲਸਿਲੇ ਬਾਰੇ ੩੦ ਨਵੰਬਰ ਦੀ ਜੱਗਬਾਣੀ ਅਖ਼ਬਾਰ ਦੀ ਵਿਸ਼ੇਸ਼ ਕਵਰੇਜ 'ਚ ਗੁਰਮੀਤ ਕੌਰ ਕਰਤਾਰਪੁਰ ਸਾਹਿਬ ਦੀ ਕੀਤੀ ਯਾਤਰਾ ਦਾ ਬਿਆਨ ਕਰਦੇ ਹਨ।ਇਸ ਤੋਂ ਬਾਅਦ ਉਹਨਾਂ ਦੀ ਇਹ ਚਿੰਤਾ ਸ਼ੁਰੂ ਹੁੰਦੀ ਹੈ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਉਸਾਰਦਿਆਂ ਉਥੋਂ ਦਾ ਕੁਦਰਤੀ ਸੁਹਜ ਨਾ ਵਿਗੜੇ।ਇਸ ਲਈ ਬਕਾਇਦਾ ਉਹ ੨੦ ਦਿਸੰਬਰ ਨੂੰ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਨੂੰ ਚਿੱਠੀ ਲਿਖਦੇ ਹਨ।ਇਹ ਚਿੱਠੀ ਜੱਗਬਾਣੀ 'ਚ ਅਤੇ ਪਾਕਿਸਤਾਨ 'ਚ ਅੰਗਰੇਜ਼ੀ ਅਖ਼ਬਾਰ ਡਾਨ 'ਚ ਵੀ ਛਪਦੀ ਹੈ।ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਵਿਰਾਸਤ ਦੀ ਸਾਂਭ ਸੰਭਾਲ ਬਾਰੇ ਜਾਗਰੂਕਤਾ ਫੈਲਾਉਣ ਵਾਲੇ ਸਮਾਜੀ ਕਾਰਕੂਨ ਵਿਕਰਮਜੀਤ ਸਿੰਘ ਕਹਿੰਦੇ ਹਨ ਕਿ ਵਿਰਾਸਤਾਂ ਨੂੰ ਸਾਂਭਦੇ ਹੋਏ ਉਹਨਾਂ ਦੀ ਉਸਾਰੀ ਕਰਕੇ ਸੰਭਾਲ ਕਰਨਾ ਹੋਰ ਗੱਲ ਹੈ ਪਰ ਵਿਰਾਸਤਾਂ ਦੀ ਉਸਾਰੀ ਕਰਦਿਆਂ ਪੂਰੀ ਦਿੱਖ ਹੀ ਬਦਲ ਦੇਣਾ ਵਿਰਾਸਤਾਂ ਪ੍ਰਤੀ ਕੀਤਾ ਵੱਡਾ ਖਿਲਵਾੜ ਹੈ।ਅੱਜ ਨੂੰ ਸਮਝਦਿਆਂ ਭੱਵਿਖ ਬਾਰੇ ਵਿਉਂਤਬੰਦੀ ਕਰਨ ਲਈ ਅਤੀਤ ਦੀ ਨਿਸ਼ਾਨਦੇਹੀ ਨਾਲ ਸੰਵਾਦ ਕਰਨਾ ਪਵੇਗਾ।ਉਦਾਹਰਨ ਦੇ ਤੌਰ 'ਤੇ ਜਲ੍ਹਿਆਂਵਾਲੇ ਬਾਗ ਜਾਕੇ ਅਸੀਂ ਉਸ ਬਾਗ 'ਚੋਂ ਜੇ ੧੯੧੯ ਦੇ ਸਾਕੇ ਦਾ ਦਰਦ ਮਹਿਸੂਸ ਕਰਨਾ ਹੈ ਤਾਂ ਸਾਨੂੰ ਉਹ ਬਾਗ ਆਪਣੇ ਉਸ ਰੂਪ 'ਚ ਸਾਂਭਣਾ ਪਵੇਗਾ ਨਹੀਂ ਤਾਂ ਮੈਨੂੰ ਦੁੱਖ ਹੈ ਕਿ ਜਲਿਆਂਵਾਲਾ ਬਾਗ ਆਏ ਗਏ ਸੈਲਾਨੀਆਂ ਲਈ ਮਹਿਜ਼ ਪਾਰਕ ਬਣਕੇ ਹੀ ਰਹਿ ਗਿਆ ਹੈ।
ਵਿਰਾਸਤ ਨੂੰ ਲੈਕੇ ਚਿੰਤਾ
ਗੁਰਮੀਤ ਕੌਰ ਕਹਿੰਦੇ ਹਨ ਕਿ ਜਦੋਂ ਇੰਨੀਆਂ ਅਰਦਾਸਾਂ 'ਚ ਸਾਡੇ ਗੁਰਧਾਮਾਂ ਦੇ ਵਿਛੋੜੇ ਦਾ ਦਰਦ ਹੈ ਅਤੇ ਲਾਂਘੇ ਮਾਰਫਤ ਸਾਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਨਸੀਬ ਹੋ ਰਹੇ ਹਨ ਤਾਂ ਇਹ ਸਿਰਫ ਮੱਥਾ ਟੇਕਣ ਅਤੇ ਸ਼ਰਧਾਲੂਆਂ ਦਾ ਗੁਰੂਧਾਮ ਤੱਕ ਮਹਿਦੂਦ ਨਹੀਂ ਹੈ।ਕਰਤਾਰਪੁਰ ਸਾਹਿਬ ਦੇ ਲਾਂਘੇ ਤੋਂ ਸਾਨੂੰ ਗੁਰੂ ਨਾਨਕ ਸਾਹਬ ਨੂੰ ਯਾਦ ਕਰਦਿਆਂ ਉਹਨਾਂ ਦੇ ਕਰਤਾਰਪੁਰ ਸਾਹਿਬ ਨੂੰ ਬਾਬੇ ਨਾਨਕ ਦੇ ਵਿਰਾਸਤੀ ਪਿੰਡ ਵਜੋਂ ਉਸਾਰਨਾ ਪਵੇਗਾ।ਜਿੱਥੇ ਉਹਨਾਂ ਵੱਲੋਂ ਕਿਰਤ ਕਰਨ,ਵੰਡ ਛੱਕਣ ਦੇ ਸੰਦੇਸ਼ ਮਹਿਸੂਸ ਹੋਣੇ ਚਾਹੀਦੇ ਹਨ।ਜਿੱਥੋਂ ਪੰਜਾਬ ਦੀ ਖੇਤੀ 'ਚ ਕਿਸਾਨ ਖੁਦਕੁਸ਼ੀਆਂ,ਜ਼ਹਿਰੀ ਖੇਤੀ ਅਤੇ ਦੂਸ਼ਿਤ ਆਬੋ ਹਵਾ ਦੀ ਚਿੰਤਾ ਹੈ ਤਾਂ ਬਾਬੇ ਨਾਨਕ ਦੇ ਕੁਦਰਤੀ ਖੇਤੀ ਦੇ ਸੰਦੇਸ਼ ਵੀ ਇੱਥੋਂ ਹੀ ਮਹਿਸੂਸ ਕਰਨੇ ਪੈਣਗੇ।ਇਸ ਸਿਲਸਿਲੇ 'ਚ ਸਾਡੀ ਕੌਸ਼ਿਸ਼ ਰਹਿਣੀ ਚਾਹੀਦੀ ਹੈ ਕਿ ਕਰਤਾਰਪੁਰ ਸਾਹਿਬ ਦੀ ਦਿਖ ਨੂੰ ਆਧੁਨਿਕੀਕਰਨ ਦੇ ਨਾਮ ਥੱਲੇ ਬਦਲਿਆ ਨਾ ਜਾਵੇ।ਇਸ ਉਸਰ ਰਹੇ ਲਾਂਘੇ 'ਚ ਬਾਬੇ ਨਾਨਕ ਦੇ ਖੇਤ,ਹਰਿਆਵਲ,ਖੂਹ,ਉਹਨਾਂ ਦੀ ਮਜ਼ਾਰ ਹਰ ਕੁਝ ਤਹਿਸ ਨਹਿਸ ਹੋ ਰਿਹਾ ਹੈ।ਧਰਮ ਦੇ ਰਾਹ ਦੀ ਰੂਹਦਾਰੀਆਂ ਨੂੰ ਸਮਝਦਿਆਂ ਸਾਨੂੰ ਕੌਸ਼ਿਸ਼ ਕਰਨੀ ਚਾਹੀਦੀ ਹੈ ਕਿ ਕਰਤਾਰਪੁਰ ਸਾਹਿਬ ਦੀ ਮਨਮੋਹਨੀ ਕੁਦਰਤੀ ਦਿੱਖ ਨਾਲ ਖਿਲਵਾੜ ਨਾ ਕੀਤਾ ਜਾਵੇ।
ਪਟੀਸ਼ਨ ਮਾਰਫਤ ਬਣਦਾ ਕਾਫ਼ਲਾ
ਗੁਰਮੀਤ ਕੌਰ ਹੁਣਾਂ ਇਮਰਾਨ ਖ਼ਾਨ ਨੂੰ ਕਰਤਾਰਪੁਰ ਸਾਹਿਬ ਬਾਰੇ ਲਿਖੀ ਚਿੱਠੀ ਤੋਂ ਬਾਅਦ ਆਨਲਾਈਨ ਪਟੀਸ਼ਨ ਪਾਈ ਹੈ।ਚੇਂਜ ਡਾਟ ਓ.ਆਰ.ਜੀ ਮਾਰਫਤ ੧੦ ਹਜ਼ਾਰ ਦਸਤਖ਼ਤਾਂ ਨਾਲ ਗੁਰਮੀਤ ਕੌਰ ਅਮਰੀਕਾ,ਕਨੇਡਾ,ਪਾਕਿਸਤਾਨ ਦੇ ਉੱਚ ਅਧਿਕਾਰੀਆਂ ਨੂੰ ਮਿਲਣਾ ਚਾਹੁੰਦੇ ਹਨ।ਉਹਨਾਂ ਦੀ ਇਸ ਚਿੰਤਾਂ ਦਾ ਜ਼ਿਕਰ ਕਰਦਿਆਂ ਪੰਜਾਬ ਤੋਂ ਨਵਜੋਤ ਸਿੰਧ ਸਿੱਧੂ ਹੁਣਾਂ ਵੀ ਇਮਰਾਨ ਖ਼ਾਨ ਨੂੰ ਚਿੱਠੀ ਲਿਖਕੇ ਇਸ ਵੱਲ ਧਿਆਨ ਦਵਾਇਆ ਹੈ।ਗੁਰਮੀਤ ਕੌਰ ਕਹਿੰਦੇ ਹਨ ਕਿ ਤੁਹਾਨੂੰ ਕੌਸ਼ਿਸ਼ ਕਰਨੀ ਚਾਹੀਦੀ ਹੈ ਕਿਉਂ ਕਿ ਤੁਸੀਂ ਇਹ ਹੰਭਲਾ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰ ਰਹੇ ਹੋ।ਇਸ ਕਾਫਲੇ 'ਚ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਅਮਰੀਕਨ ਸਿੱਖ ਕੌਂਸਲ,ਗਲੋਬਲ ਸਿੱਖ ਕੌਂਸਲ,ਸੁਪਰੀਮ ਸਿੱਖ ਕੌਂਸਲ ਅਸਟ੍ਰੇਲੀਆ ਵੀ ਸਹਿਯੋਗ ਦੇ ਰਹੇ ਹਨ।ਗੁਰਮੀਤ ਕੌਰ ਪਟੀਸ਼ਨ ਤੋਂ ਇਲਾਵਾ ਕਰਤਾਰਪੁਰ ਲਾਂਘੇ ਲਈ 'ਥਾਨੁ ਸੁਹਾਵਾ ਕਰਤਾਰਪੁਰ ਦੀ ਅਬੋਡ ਬਲਿੱਸਫੁੱਲ' ਨਾਮ ਦੇ ਫੇਸਬੁੱਕ ਸਫ਼ੇ ਰਾਹੀਂ ਲਗਾਤਾਰ ਇਸ ਬਾਰੇ ਗੱਲ ਕਰ ਰਹੇ ਹਨ।
ਪਾਕਿਸਤਾਨ ਸਰਕਾਰ ਤੋਂ ਉਮੀਦ
ਗੁਰਮੀਤ ਕੌਰ ਮੁਤਾਬਕ ਪਿਛਲੇ ਦਿਨਾਂ 'ਚ ਰੋਹਤਾਸ ਕਿਲ੍ਹੇ ਨੇੜੇ ਗੁਰਦੁਆਰਾ ਚੋਆ ਸਾਹਿਬ,ਜੇਹਲਮ 'ਚ ਮਾਤਾ ਸਾਹਿਹਬ ਕੌਰ ਦਾ ਜਨਮ ਅਸਥਾਨ ਅਤੇ ਭਾਈ ਕਰਮ ਸਿੰਘ ਆਹਲੂਵਾਲੀਆ ਦਾ ਜਨਮ ਅਸਥਾਨ ਵਿਰਾਸਤੀ ਥਾਵਾਂ ਐਲਾਨਕੇ ਪਾਕਿਸਤਾਨ ਸਰਕਾਰ ਨੇ ਉਹਨਾਂ ਨੂੰ ਸੰਭਾਲਣ ਦਾ ਤਹੱਈਆ ਕੀਤਾ ਹੈ।ਹਰੀ ਸਿੰਘ ਨਲੂਆ ਦੇ ਜਮਰੌਦ ਦੇ ਕਿਲ੍ਹੇ ਨੂੰ ਵਿਰਾਸਤੀ ਥਾਂ ਵਜੋਂ ਸੰਭਾਲਣ ਦੀ ਗੱਲ ਹੋਈ ਹੈ ਤਾਂ ਕਰਤਾਰਪੁਰ ਸਾਹਿਬ ਦੇ ਵਿਰਾਸਤੀ ਅਧਾਰ ਨੂੰ ਵੀ ਪਾਕਿਸਤਾਨ ਸਰਕਾਰ ਵੱਲੋਂ ਸਮਝਣਾ ਚਾਹੀਦਾ ਹੈ।
ਵਿਰਾਸਤ ਦੀ ਨਿਸ਼ਾਨਦੇਹੀ ਕਿਉਂ ਜ਼ਰੂਰੀ
ਇਹ ਇਮਾਰਤਾਂ ਸਿਰਫ ਇੱਟਾਂ ਦਾ ਢਾਂਚਾ ਨਹੀਂ ਹੁੰਦਾ।ਇਹ ਵਿਰਾਸਤੀ ਇਮਾਰਤਾਂ ਆਪਣੇ ਆਪ 'ਚ ਪੂਰੀ ਸਾਖੀ ਹੁੰਦੀਆਂ ਹਨ।ਇਹਨਾਂ ਮਾਰਫਤ ਸਾਡੇ ਬੱਚਿਆਂ ਨੇ ਇਤਿਹਾਸ ਦੀਆਂ ਨਿਸ਼ਾਨਦੇਹੀਆਂ ਕਰਨੀਆਂ ਹਨ।ਅਸੀਂ ਜਿੱਥੋਂ ਆਏ ਹਾਂ,ਅਸੀਂ ਜਿੱਥੇ ਜਾਵਾਂਗੇ ਇਸ ਦਰਮਿਆਨ ਸਾਡੇ ਪੁਰਖਿਆਂ ਦੀ ਪੂਰੀ ਗਾਥਾ ਵੀ ਨਾਲ ਤੁਰਦੀ ਹੈ ਅਤੇ ਇਹੋ ਗਾਥਾ ਦਾ ਇੱਕ ਖਾਸ ਅਤੇ ਮੁੱਢਲਾ ਅਧਾਰ ਇਹ ਵਿਰਾਸਤਾਂ ਹੁੰਦੀਆਂ ਹਨ ਜਿੰਨ੍ਹਾਂ ਨੂੰ ਲੈਕੇ ਅਸੀਂ ਅਣਗਹਿਲੀ ਕਰਦੇ ਹਾਂ।
ਗਰਮ ਹਵਾ 'ਚ ਠੰਡੀ ਹਵਾ ਦੀ ਵਿਰਾਸਤ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ : ਹਰਪ੍ਰੀਤ ਸਿੰਘ ਕਾਹਲੋਂ
"ਇੱਕ ਮੁਲਕ ਦੀ ਉਹ ਥਾਂ ਹੈ,ਇੱਥੋਂ ਬਹੁਤ ਦੂਰ,ਜਿੱਥੇ ਮੇਰੇ ਅੰਮੀ-ਅੱਬਾ ਦਫ਼ਨ ਨੇ।ਉੱਥੇ ਮੇਰਾ ਸਭ ਤੋਂ
ਵੱਡਾ ਪੁੱਤਰ ਵੀ ਦਫ਼ਨ ਏ ਜੋ ਨਿੱਕੀ ਉੱਮਰ ਸਾਨੂੰ ਛੱਡ ਗਿਆ।ਉੱਥੋਂ ਦੀਆਂ ਗਲੀਆਂ 'ਚ ਮੇਰੀ ਯਾਦਾਂ ਹਨ ਅਤੇ
ਮੈਂ ਹੁਣ ਇਸ ਸਭ ਤੋਂ ਦੂਰ ਉਸ ਥਾਂ ਰਹਿ ਰਿਹਾ ਹਾਂ ਜੀਹਨੂੰ ਨਵਾਂ ਮੁਲਕ ਪਾਕਿਸਤਾਨ ਕਹਿੰਦੇ ਹਨ।" ਸਆਦਤ ਹਸਨ ਮੰਟੋ, ਪਾਕਿਸਤਾਨ ਤੋਂ
ਇਹ ਪੀੜ ਉਹਨਾਂ ਲੱਖਾਂ ਬੰਦਿਆਂ ਦਾ ਬਿਆਨ ਹੈ ਜੋ ਆਪਣੀ ਮਿੱਟੀ ਤੋਂ ਹਿਜਰਤ ਕਰਦੇ ਰਫਿਊਜ਼ੀ ਬਣੇ।ਇਸ ਦਰਦ
ਦੀਆਂ ਸਦੀਆਂ ਨੂੰ ਲੁਧਿਆਣਾ ਦੇ ਜਾਮਾ ਮਸੀਤ ਦੇ ਸ਼ਾਹੀ ਇਮਾਮ ਅਤੇ ਅਜ਼ਾਦੀ ਘੁਲਾਟੀਏ ਮੌਲਾਨਾ ਹਬੀਬ
ਉਰ ਰਹਿਮਾਨ ਲੁਧਿਆਣਵੀ ਨੇ ਉਦੋਂ ਹੀ ਮਹਿਸੂਸ ਕਰ ਲਿਆ ਸੀ ਜਦੋਂ ਪਾਕਿਸਤਾਨ ਦੀ ਮੰਗ ਉੱਠੀ ਸੀ।ਉਹਨਾਂ
ਮੁਸਲਿਮ ਲੀਗ ਦਾ ਵਿਰੋਧ ਕੀਤਾ ਸੀ।ਉਹਨਾਂ ਨੂੰ ਇਹ ਫ਼ਿaਮਪ;ਕਰ ਸੀ ਕਿ ਇੰਝ ਭਾਰਤ ਦੇ ਟੁਕੜੇ ਤਾਂ ਹੋਣਗੇ ਪਰ ਪੰਜਾਬ
ਦੇ ਪੰਜ ਦਰਿਆ ਵੀ ਵੰਡੇ ਜਾਣੇ ਹਨ।ਆਪਣੀਆਂ ਤਕਰੀਰਾਂ 'ਚ ਉਹਨਾਂ ਸਦਾ ਇਹਦੀ ਵਕਾਲਤ ਕੀਤੀ ਅਤੇ ਸਾਂਝੀ ਵਿਰਾਸਤ
ਦੇ ਵਾਸਤੇ ਪਾਏ।
ਲੁਧਿਆਣਾ ਦੇ ਰੇਲਵੇ ਸਟੇਸ਼ਨ 'ਤੇ ਅਤੇ ਅਜਿਹੀਆਂ ਕਈ ਥਾਵਾਂ ਜਿੱਥੇ ਪਾਣੀ ਵੀ ਹਿੰਦੂ ਪਾਣੀ ਅਤੇ ਮੁਸਲਮਾਨ
ਪਾਣੀ ਵੱਜੋਂ ਵੰਡਿਆ ਸੀ,ਉਹਨਾਂ ਇਹਨਾਂ ਪਾਣੀਆਂ ਨੂੰ ਇੱਕ ਕਰਨ ਦੀ ਕੌਸ਼ਿਸ਼ ਕੀਤੀ।ਲੋਕਾਂ ਦੇ ਘੜੇ ਵੱਖੋ
ਵੱਖਰੇ ਸਨ ਅਤੇ ਮੌਲਾਨਾ ਕਹਿੰਦੇ ਸਨ ਕਿ ਜੇ ਅਸੀਂ ਪੰਜਾਬ ਦੀ ਰੂਹ ਨੂੰ ਸਮਝਣਾ ਹੈ ਤਾਂ ਸਾਨੂੰ
ਹਿੰਦੂਆਂ ਅਤੇ ਮੁਸਲਮਾਨਾਂ ਦੇ ਪਾਣੀ ਇੱਕ ਕਰਨੇ ਪੈਣਗੇ।
ਲੁਧਿਆਣਵੀ ਪਰਿਵਾਰ
ਲੁਧਿਆਣੇ ਦੇ ਪਿੰਡ ਬਲੀਆਵਾਲ ਤੋਂ ਲੁਧਿਆਣਵੀ ਪਰਿਵਾਰ ਦੀ ਵਿਰਾਸਤ ਆਪਣੇ ਆਪ 'ਚ ਪੰਜਾਬ ਦੀ ਸਾਂਝਾ ਦਾ
ਦਸਤਾਵੇਜ਼ ਹੈ।ਮੁਹੰਮਦ ਉਸਮਾਨ ਰਹਿਮਾਨ ਲੁਧਿਆਣਵੀ ਲੁਧਿਆਣਾ ਦੇ ਨਾਇਬ ਸ਼ਾਹੀ ਇਮਾਮ ਹਨ।ਮੌਲਾਨਾ
ਹਬੀਬ ਉਰ ਰਹਿਮਾਨ ਲੁਧਿਆਣਵੀ ਇਹਨਾਂ ਦੇ ਪੜਦਾਦਾ ਸਨ।ਮੁਹੰਮਦ ਉਸਮਾਨ ਕਹਿੰਦੇ ਹਨ ਕਹਾਣੀ ਸੁਣਨੀ
ਪਏਗੀ ਮੌਲਾਨਾ ਅਬਦੁੱਲ ਸ਼ਾਹ ਕਾਦਰੀ ਤੋਂ,ਇਹ ਮੁੰਹਮਦ ਉਸਮਾਨ ਦੇ ਪੜਦਾਦੇ ਦੇ ਪੜਦਾਦਾ ਸਨ।੧੮੫੭ ਦੇ
ਗਦਰ 'ਚ ਸ਼ਾਹ ਕਾਦਰੀ ਹੁਣਾਂ ਨੇ ਬ੍ਰਿਟਿਸ਼ ਕੰਪਨੀ ਖਿਲਾਫ ਹੋਈ ਬਗਾਵਤ 'ਚ ਹਿੱਸਾ ਲਿਆ ਸੀ।
ਬਲੀਆਵਾਲ ਸਤਲੁਜ ਦੇ ਕੰਢੇ ਮੱਤੇਵਾੜੇ ਦੇ ਜੰਗਲਾਂ ਕੋਲ ਪੈਂਦਾ ਪਿੰਡ ਹੈ।ਉਹਨਾਂ ਸਮਿਆਂ 'ਚ ਮੰਨਿਆ
ਜਾਂਦਾ ਹੈ ਕਿ ਸ਼ਾਹ ਵਲੀਉੱਲਾ ਮੁਹੱਦਸ ਦੇਹਲਵੀ ਦਾ ਭਾਰਤ 'ਚ ਬਹੁਤ ਨਾਮ ਸੀ।ਭਾਰਤ ਦੇ ਬਹੁਤੇ ਮੁਸਲਮਾਨ
ਉਹਨਾਂ ਦੇ ਉਲੀਕੇ ਪ੍ਰਬੰਧ 'ਤੇ ਤੁਰਦੇ ਹਨ।ਕਹਿੰਦੇ ਹਨ ਕਿ ਆਮ ਲੋਕਾਂ ਦੀ ਪਹੁੰਚ ਤੱਕ ਪਵਿੱਤਰ ਕੁਰਾਨ ਸ਼ਰੀਫ਼
ਦੀ ਉਹਨਾਂ ਵਿਆਖਿਆ ਕੀਤੀ।ਇਹਨਾਂ ਕੋਲ ਮੌਲਾਨਾ ਸ਼ਾਹ ਕਾਦਰੀ ਹੁਣਾਂ ਨੂੰ ਉਹਨਾਂ ਦੀ ੮-੧੦ ਦੀ ਉਮਰ 'ਚ
ਵਲੀਆਬਾਦ ਦੇ ਮੌਲਾਨਾ ਅਬਦੁੱਲਾ ਵਲੀ ਦਿੱਲੀ ਲੈਕੇ ਆਏ।ਬਲੀਆਬਾਦ ਪਿੰਡ ਦਾ ਨਾਮ ਇਹਨਾਂ ਦੇ ਨਾਮ 'ਤੇ
ਸੀ।ਸ਼ਾਹ ਵਲੀਉੱਲਾ ਮੁਹੱਦਸ ਦੇਹਲਵੀ ਦਾ ਰੁੱਤਬਾ ਦੇਵਬੰਦ ਦੇ ਸਿਲਸਿਲੇ 'ਚ ਜਾਮੀਆ ਮਾਲੀਆ,ਅਲੀਗੜ੍ਹ ਜਿਹੀਆਂ
ਯੂਨੀਵਰਸਿਟੀਆਂ 'ਚ ਖਾਸ ਰਿਹਾ ਹੈ।ਦੇਹਲਵੀ ਉਹਨਾਂ ਦਿਨਾਂ 'ਚ ਜੈਰਾਜਪੁਰ (ਜੈਪੁਰ) ਰਹਿੰਦੇ ਸਨ।ਇੱਥੋਂ
ਤਾਲੀਮਯਾਫ਼ਤਾ ਮੌਲਾਨਾ ਸ਼ਾਹ ਕਾਦਰੀ ਬਲੀਆਬਾਦ ਆ ਗਏ।
ਇਸੇ ਦੌਰਾਨ ਅਫਿਗਾਨਿਸਤਾਨ 'ਚ ਦੂਜੀ ਕਹਾਣੀ ਚੱਲ ਰਹੀ ਹੈ।ਇੱਥੇ ਅਮੀਰ ਦੋਸਤ ਮੁੰਹਮਦ ਖ਼ਾਨ ਨੇ ਕਬਜ਼ਾ ਕੀਤਾ
ਹੋਇਆ ਹੈ।ਸ਼ਾਹ ਸਜਾਉਨ ਮੁਲਕ ਕਾਬਲੋਂ ਨੱਠਕੇ ਭਾਰਤ ਆ ਗਿਆ ਹੈ।ਵਾਇਸਰਾਏ ਨਾਲ ਗੱਲਬਾਤ ਮਗਰੋਂ
ਉਹਨਾਂ ਨੂੰ ਭਾਰਤ ਦੇ ਸਰਹੱਦੀ ਸ਼ਹਿਰ ਲੁਧਿਆਣਾ 'ਚ ਬਾਦਸ਼ਾਹਤ ਰੁਤਬੇ ਬਰਾਬਰ ਮਹਿਮਾਨ ਵਜੋਂ ਆਸਰਾ ਦਿੱਤਾ
ਜਾਂਦਾ ਹੈ।ਇੱਥੇ ਹੀ ਸ਼ਾਹ ਮੁਲਕ ਮੌਲਾਨਾ ਸ਼ਾਹ ਕਾਦਰੀ ਨੂੰ ਮਿਲੇ ਅਤੇ ਬਲੀਆਬਾਦ ਤੋਂ ਬੇਨਤੀ ਕਰਦਿਆਂ
ਲੁਧਿਆਣੇ ਸ਼ਾਹਿਰ 'ਚ ਲੈ ਆਏ।ਮੌਲਾਨਾ ਅਬਦੁੱਲ ਸ਼ਾਹ ਕਾਦਰੀ ਨੇ ਇੱਥੇ ਮੌਜਪੁਰਾ ਬਾਜ਼ਾਰ 'ਚ ਮੁਸਲਮਾਨਾਂ
ਦੀ ਬਸਤੀ 'ਚ ਆਪਣਾ ਰਹਿਣ ਬਸੇਰਾ ਚੁਣਿਆ।ਇਹ ੧੮੩੬ ਦੀਆਂ ਗੱਲਾਂ ਹਨ।ਇੰਝ ਮੌਲਾਨਾ ਸ਼ਾਹ ਕਾਦਰੀ ਲੁਧਿਆਣੇ
ਜਾਮਾ ਮਸੀਤ ਦੇ ਪਹਿਲੇ ਸ਼ਾਹੀ ਇਮਾਮ ਬਣੇ।
ਸ਼ਾਹ ਮੁਲਕ ਸ਼ਾਹ ਜਮਨ ਦਾ ਭਰਾ ਸੀ।ਦੁਰਾਣੀ ਰਜਵਾੜੇ 'ਚੋਂ ਸ਼ਾਹ ਮੁਲਕ ਨੇ ਹੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ
ਸਿੰਘ ਨੂੰ ਕੋਹਿਨੂਰ ਹੀਰਾ ਤੋਹਫੇ ਵਜੋਂ ਦਿੱਤਾ ਸੀ।ਇਸੇ ਸਿਲਸਿਲੇ 'ਚ ਹੀ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼
ਫੌਜਾਂ ਨੇ ਆਪੋ ਆਪਣੀ ਦੋਸਤੀ ਨਿਭਾਉਂਦਿਆਂ ਸ਼ਾਹ ਮੁਲਕ ਲਈ ਅਫਗਾਨਿਸਤਾਨ 'ਚ ਤਖ਼ਤਾ ਪਲਟਾਇਆ
ਸੀ।ਬੇਸ਼ੱਕ ਸ਼ਾਹ ਮੁਲਕ ਇਸ ਤੋਂ ਬਾਅਦ ਇੱਕ ਸਾਲ ਹੀ ਰਾਜ ਕਰ ਸਕਿਆ।
ਇਸ ਕਹਾਣੀ ਦੇ ਦੂਜੇ ਪਾਸੇ ਸਾਂਝ 'ਚ ਅਮੀਰ ਦੋਸਤ ਮੁੰਹਮਦ ਖ਼ਾਨ ਵੀ ਮੌਲਾਨਾ ਸ਼ਾਹ ਕਾਦਰੀ ਦੀ ਇੱਜ਼ਤ ਕਰਦਾ
ਸੀ।੧੮੫੭ ਦੀ ਕ੍ਰਾਂਤੀ ਦੌਰਾਨ ਮੌਲਾਨਾ ਕਾਦਰੀ ਨੇ ਮਦਦ ਲਈ ਆਪਣੇ ਪੁੱਤਰ ਸੈਫ ਉਰ ਰਹਿਮਾਨ ਨੂੰ ਕਾਬੁਲ
ਭੇਜਿਆ ਸੀ।ਅੱਜ ਵੀ ਅਫਗਾਨਿਸਤਾਨ ਦੇ ਸ਼ੌਰ ਬਾਜ਼ਾਰ ਮੁਹੱਲੇ 'ਚ ਲੁਧਿਆਣਵੀ ਪਰਿਵਾਰ ਦੀ ਦੂਜੀ ਨਸਲ ਜਿਊਂਦੀ ਹੈ।
ਮੌਲਾਨਾ ਸ਼ਾਹ ਕਾਦਰੀ ਦੇ ਪੜਪੋਤੇ ਨੇ ਆਪਣੇ ਪਰਿਵਾਰ ਦੇ ਇਸੇ ਜਜ਼ਬੇ ਨੂੰ ਅੱਗੇ ਚੱਲਕੇ ਭਾਰਤ ਦੀ ਅਜ਼ਾਦੀ
ਦੌਰਾਨ ਤੋਰਿਆ।ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ੧੯੨੯ ਦੀ ਮਜਲਿਸ-ਏ-ਅਹਿਰਾਰ ਦੇ ਹਿੱਸਾ ਸਨ।ਇਹ ਵੱਖਰੀ
ਸੋਸ਼ਲਿਸਟ ਮੁਸਲਿਮ ਜਮਾਤ ਸੀ ਜੋ ਸਭ ਦੀ ਗੱਲ ਕਰਦੀ ਹੋਈ ਆਪਣਾ ਨਜ਼ਰੀਆ ਮੁਸਲਿਮ ਲੀਗ ਤੋਂ ਵੱਖਰਾ ਰੱਖਦੀ
ਸੀ।ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਪੰਜਾਬ ਅਤੇ ਪੰਜਾਬੀਅਤ ਨੂੰ ਸਾਂਝੀਵਾਲਤਾ ਨਾਲ ਬਾਖੂਬੀ
ਬੁਣਿਆ,ਤਰਾਸ਼ਿਆ ਅਤੇ ਸਮਝਿਆ ਸੀ।ਉਹਨਾਂ ਇਸ ਲਈ ਬਕਾਇਦਾ ਮਹਾਤਮਾ ਗਾਂਧੀ ਨਾਲ ਨਰਾਜ਼ਗੀ ਰੱਖੀ ਸੀ ਕਿ
ਬਾਪੂ ਫਿਰਕਾਪ੍ਰਸਤ ਮੁਸਲਮਾਨਾਂ ਅੱਗੇ ਗੋਡੇ ਟੇਕ ਗਏ ਸਨ।
੧੯੪੭…ਉਹ ਦਿਨ
ਲੁਧਿਆਣੇ 'ਚ ਆਜ਼ਾਦੀ ਦੇ ਉਹਨਾਂ ਦਿਨਾਂ 'ਚ ਲੋਕਾਂ ਨੂੰ ਯਕੀਨ ਨਹੀਂ ਸੀ ਕਿ ਮੁਲਕ ਦੀ ਤਕਸੀਮ ਹੋ ਜਾਵੇਗੀ।ਦੇਸ਼
ਆਜ਼ਾਦ ਹੋਇਆ।ਸ਼ਾਹੀ ਮਸੀਤ 'ਚ ਝੰਡਾ ਲਹਿਰਾਇਆ ਗਿਆ।ਉਹ ਦਿਨ ਰਮਜ਼ਾਨ ਸ਼ਰੀਫ ਦੇ ਸਨ।ਰੋਜ਼ੇ ਚੱਲ ਰਹੇ
ਸਨ।ਹਾਫ਼ਿਜ਼ ਅਬੁਦਲ ਨੇ ਗੀਤ ਗਾਇਆ
ਆਓ ਮਨਾਏ ਜਸ਼ਨ-ਏ-ਮਸੱਰਤ
ਆਜ ਵਤਨ ਆਜ਼ਾਦ ਹੂਆ ਹੈ…
ਕਹਿੰਦੇ ਹਨ ਕਿ ਅਫਵਾਹ ਫੈਲੀ ਕਿ ਅੰਮ੍ਰਿਤਸਰ ਕੱਟ-ਵੱਢ ਹੋਈ ਹੈ।ਇੱਕ ਹਫਤੇ ਬਾਅਦ ਲੁਧਿਆਣੇ ਸ਼ਰਨਾਰਥੀ
ਆਉਣੇ ਸ਼ੁਰੂ ਹੋ ਗਏ।ਮੁਹੱਲਿਆਂ 'ਚ ਲੜਾਈਆਂ ਸ਼ੁਰੂ ਹੋ ਗਈਆਂ।ਬਲੋਚ ਰੈਜ਼ੀਮੇਂਟ ਪਹੁੰਚੀ ਤਾਂ ਉਹਨਾਂ
ਹਿਫਾਜ਼ਤ ਨਾਲ ਮੁਸਲਮਾਨਾਂ ਨੂੰ ਪਾਕਿਸਤਾਨ ਭੇਜਣਾ ਸ਼ੁਰੂ ਕੀਤਾ।ਇਸ ਪੂਰੇ ਮਾਹੌਲ 'ਚ ਮੌਲਾਨਾ ਹਬੀਬ ਉਰ
ਰਹਿਮਾਨ ਲੁਧਿਆਣਵੀ ਨੂੰ ਪਰਿਵਾਰ ਵਾਲੇ ਉਧਰ ਜਾਣ ਨੂੰ ਕਹਿੰਦੇ ਸਨ।
ਮਸ਼ਹੂਰ ਕਾਂਗਰਸੀ ਬਾਪੂ ਬਚਨ ਸਿੰਘ ਹੁਣਾਂ ਆਪਣਾ ਧਰਮ ਨਿਭਾਇਆ ਅਤੇ ਕਿੰਨੇ ਪਰਿਵਾਰਾਂ ਨੂੰ ਕਤਲੋਗਾਰਤ
ਹੋਣ ਤੋਂ ਬਚਾਇਆ।ਇਸੇ ਕਰਕੇ ਫਿਰਕੂ ਤਾਕਤਾਂ ਬਾਪੂ ਬਚਨ ਸਿੰਘ ਦਾ ਵੀ ਕਤਲ ਕਰਨਾ ਚਾਹੁੰਦੀਆਂ ਸਨ।ਮਾਸਟਰ
ਤਾਜ਼ੂਦੀਨ ਅੰਸਾਰੀ ਨੇ ਕੌਸ਼ਿਸ਼ ਕੀਤੀ ਕਿ ਲੜਾਈ ਨਾ ਹੋਏ।ਸ਼ਹਿਰ 'ਚ ਫਸਾਦ ਨਾ ਰੁਕੇ।ਸ਼ਰਾਰਤੀ ਅਨਸਰਾਂ ਨੂੰ
ਮੌਕਾ ਮਿਲਿਆ।ਮੌਲਾਨਾ ਮੁਲਕ ਨਹੀਂ ਛੱਡਣਾ ਚਾਹੁੰਦੇ ਸਨ।ਉਹ ਕਹਿੰਦੇ ਸਨ ਕਿ ਇਹ ਮੇਰਾ ਮੁਲਕ ਹੈ ਅਤੇ
ਇਸ ਆਜ਼ਾਦੀ ਲਈ ਅਸੀਂ ਘਾਲਣਾ ਕੀਤੀ ਸੀ।ਪਰਿਵਾਰ ਕਹਿੰਦਾ ਸੀ ਕਿ ਚਲੇ ਜਾਈਏ ਪਰ ਮੌਲਾਨਾ ਸਾਹਬ ਅੜੇ
ਰਹੇ।ਕਸ਼ਮਕਸ਼ 'ਚ ੨ ਮਹੀਨੇ ਲੰਘ ਗਏ।ਆਜ਼ਾਦੀ ਕਾਹਦੀ ਸੀ ਵੰਡ ਸੀ ਅਤੇ ਹਿਜਰਤ ਜਿਉਂ ਸ਼ੁਰੂ ਹੋਈ ੮ ਮਹੀਨੇ ਚੱਲਦੀ
ਰਹੀ।ਇਸ ਤੋਂ ਬਾਅਦ ਵੀ ਚੱਲਦੀ ਰਹੀ।ਕਿੰਨੇ ਰਾਹ 'ਚ ਰੁਲ ਗਏ ਅਤੇ ਕਿੰਨੇ ਪਹੁੰਚ ਗਏ ਅਤੇ ਜਿਹੜੇ ਪਹੁੰਚ ਗਏ
ਉਹਨਾਂ ਦੀਆਂ ਗੱਲਾਂ 'ਚੋਂ ਵੰਡ ਤਾਉਮਰ ਰਿਹਾ ਹੈ।ਇਹ ਕੌੜਾ ਸੱਚ ਹੈ।
ਉਸ ਸਾਲ ਬੜਾ ਮੀਂਹ ਪਿਆ,ਜਿਵੇਂ ਰੱਬ ਰੌਂਦਾ ਹੋਵੇ।ਸੋਣ ਭਾਂਦੋਂ ਦੇ ਮਹੀਨੇ ਅਤੇ ਡਰ ਕਿ ਕਿਸੇ ਵੇਲੇ ਵੀ ਕਤਲ ਹੋ
ਸਕਦਾ ਹੈ।ਮੌਲਾਨਾ ਸਾਹਿਬ ਅਤੇ ਪਰਿਵਾਰ ਨੇ ਸੋਚਿਆ ਦਿੱਲੀ ਚਲੇ ਜਾਈਏ ਪਰ ਡਰ ਇਹ ਸੀ ਕਿ ਦੋਰਾਹੇ ਵਾਲੀ ਨਹਿਰ ਵੀ
ਟੱਪ ਨਹੀਂ ਹੋਣੀ।ਅਖੀਰ ਸਪੈਸ਼ਲ ਰੇਲਗੱਡੀ ਦਾ ਇੰਤਜ਼ਾਮ ਕੀਤਾ ਗਿਆ ਅਤੇ ਪਾਕਿਸਤਾਨ ਨੂੰ ਰਵਾਨਾ ਹੋ
ਗਏ।ਮੌਲਾਨਾ ਹਬੀਬ ਉਰ ਰਹਿਮਾਨ ਆਪਣੀ ਬੇਗ਼ਮ ਸ਼ਫ਼ਾਤ ਬੇਗ਼ਮ ਅਤੇ ਬੱਚਿਆਂ ਨਾਲ ਲਾਹੌਰ ਪਹੁੰਚੇ।ਇੱਥੇ
ਮੌਲਾਨਾ ਅਹਿਮਦ ਅਲੀ ਲਾਹੌਰੀ ਨੇ ਆਸਰਾ ਦਿੱਤਾ।ਅਹਿਮਦ ਅਲੀ ਲਾਹੌਰੀ ਦਾ ਨਾਮ ਬੜੇ ਅਦਬ ਨਾਲ ਲਿਆ ਜਾਂਦਾ
ਹੈ।ਇਹ ਸਰਦਾਰ ਤੋਂ ਮੁਸਲਮਾਨ ਬਣੇ ਸਨ।ਇੱਥੋਂ ਮੌਲਾਨਾ ਸਾਹਬ ਆਪਣੇ ਪਰਿਵਾਰ ਨਾਲ ਬਹਾਵਲਪੁਰ ਨਵਾਬ ਦੇ
ਸੱਦੇ 'ਤੇ ਬਹਾਵਲਪੁਰ ਚਲੇ ਗਏ।ਪਰ ਮੌਲਾਨਾ ਸਾਹਬ 'ਤੇ ਪਾਕਿਸਤਾਨ 'ਚ ਹਮਲੇ ਹੋਏ।ਮੁਸਲਿਮ ਲੀਗ ਵੱਲੋਂ ਵਿਰੋਧ ਵੀ
ਕੀਤਾ ਗਿਆ ਕਿਉਂ ਕਿ ਮੌਲਾਨਾ ਸਾਹਬ ਨੇ ਮੁਸਲਿਮ ਲੀਗ ਦੀ ਸਦਾ ਖਿਲਾਫਤ ਕੀਤੀ ਸੀ।ਗੱਲ ਪੰਡਿਤ ਜਵਾਹਰ ਲਾਲ ਨਹਿਰੂ
ਕੋਲ ਪਹੁੰਚੀ।ਉਹਨਾਂ ਮੁੜ ਭਾਰਤ ਦਾ ਸੱਦਾ ਦਿੱਤਾ।ਮਲਿਕਾ ਸਾਰਾਬਾਈ ਦੀ ਭੈਣ ਲਾਹੌਰ ਏਅਰਪੋਰਟ 'ਤੇ
ਸੀ।ਉਹਦੀ ਮਦਦ ਨਾਲ ਵਾਇਆ ਦਿੱਲੀ ਮੁੜ ਪੰਜਾਬ ਪਹੁੰਚੇ।ਪਰ ਇਸ ਹਿਜਰਤ ਨੇ ਬਹੁਤ ਕੁਝ ਖੋਹ ਲਿਆ ਸੀ।ਜਿਹਦਾ
ਇੱਕ ਕਿੱਸਾ ਸ਼ਫਾਤ ਬੇਗ਼ਮ ਹੈ।
ਇੱਕ ਸੀ ਸ਼ਫਾਤ ਬੇਗ਼ਮ
ਮੌਲਾਨਾ ਮੁਹੰਮਦ ਉਸਮਾਨ ਰਹਿਮਾਨ ਲੁਧਿਆਣਵੀ ਦੱਸਦੇ ਹਨ ਕਿ ਵੰਡ ਤੋਂ ਬਾਅਦ ਬਹਾਵਲਪੁਰ ਆਏ ਤਾਂ
ਪੜਦਾਦੀ ਸ਼ਫਾਤ ਬੇਗ਼ਮ ਕਹਿੰਦੇ ਕਿ ਲਾਹੌਰ ਹੀ ਚੱਲੀਏ।ਲੁਧਿਆਣਾ ਛੁੱਟ ਗਿਆ ਸੋ ਗਿਆ ਪਰ ਲਾਹੌਰ ਤੋਂ
ਲੁਧਿਆਣਾ ਨੇੜੇ ਲੱਗਦਾ ਹੈ।ਮੌਲਾਨਾ ਹਬੀਬ ਉਰ ਰਹਿਮਾਨ ਨੂੰ ਅਹਿਸਾਸ ਸੀ ਕਿ ਸ਼ਫਾਤ ਬੇਗ਼ਮ ਵੰਡ ਦਾ ਗ਼ਮ ਲੈ
ਗਈ ਹੈ।ਸ਼ਫਾਤ ਬੇਗ਼ਮ ਨੇ ਰਾਹ ਜਾਂਦੇ ਹਿੰਦੂ,ਮੁਸਲਮਾਨਾਂ ਸਿੱਖਾਂ ਨੂੰ ਪੁੱਛਣਾ ਕਿ ਤੁਸੀਂ ਕਿਦਾਂ ਇੱਕ ਦੂਜੇ
ਦੇ ਪਿਆਰ ਨੂੰ ਭੁਲਾਕੇ ਕੱਟ-ਵੱਢ ਕੀਤੀ।
ਇਸ ਵੰਡ 'ਚ ਸ਼ਫ਼ਾਤ ਬੇਗ਼ਮ ਦਾ ਦਰਦ ਸੀ ਕਿ ਘਰ ਢੁਹਾਇਆ,ਕੁਰਕੀਆਂ ਹੋਈਆਂ,ਆਜ਼ਾਦੀ ਦੀ ਲੜਾਈ 'ਚ ਘਾਲਣਾ
ਕੀਤੀ ਅਤੇ ਜਦੋਂ ਅਜ਼ਾਦੀ ਆਈ ਤਾਂ ਮਿੱਟੀ ਛੱਡਣੀ ਪਈ।ਇਸ ਹਾਲ ਹਵਾਲ 'ਚ ਮੌਲਾਨਾ ਸਾਹਬ ਦੇ ਦੋ ਮੁੰਡੇ ਵਿਛੜ
ਗਏ।ਉਹਨਾਂ ਦੀ ਇੱਕ ਕੁੜੀ ਗੋਦ 'ਚ ਸੀ।ਬਾਰਿਸ਼ਾਂ ਦੇ ਇਹਨਾਂ ਦਰਦ ਭਰੇ ਮੌਸਮਾਂ 'ਚ ਹੈਜ਼ਾ ਫੈਲਣ ਕਰਕੇ ਉਹਨੇ
ਆਖਰੀ ਸਾਹ ਗੋਦ 'ਚ ਹੀ ਲਏ।
੧੯੪੮ ਜਨਵਰੀ ਨੂੰ ਬਿਨਾਂ ਪਾਸਪੋਰਟ ਦੇ ਜਦੋਂ ਮੁੜ ਭਾਰਤ ਆਏ ਤਾਂ ਦਿੱਲੀ ਹੁੰਦੇ ਹੋਏ ਲੁਧਿਆਣਾ ਪਹੁੰਚੇ
ਤਾਂ ਸਾਹਮਣੇ ਆਪਣੇ ਹੀ ਘਰ 'ਚ ਲਾਇਲਪੁਰ ਤੋਂ ਆਏ ਪਰਿਵਾਰ ਨੂੰ ਵੇਖਿਆ।ਰਫਿਊਜ਼ੀ ਪਰਿਵਾਰ ਨੂੰ ਮੁਹੱਲੇ
ਵਾਲਿਆਂ ਦੱਸਿਆ ਕਿ ਕਿ ਇਹ ਇਸ ਘਰ ਦੇ ਮਾਲਕ ਹਨ ਤਾਂ ਸ਼ਫ਼ਾਤ ਬੇਗ਼ਮ ਕਹਿੰਦੇ ਕਿ ਨਹੀਂ ਹੁਣ ਇਹੋ ਇਸ ਦੇ ਮਾਲਕ
ਹਨ।ਜਿਵੇਂ ਅਸੀਂ ਉਝੜੇ ਉਂਝ ਹੀ ਇਹ ਉਝੜਕੇ ਆਏ ਹਨ।ਇਸ ਉਜਾੜੇ 'ਚ ਉਂਝ ਵੀ ਰਫਿਊਜ਼ੀ ਪਰਿਵਾਰ ਦਾ ਹਾਲ
ਇਹ ਸੀ ਕਿ ਇੱਕ ਹੀ ਘਰ 'ਚ ਤਿੰਨ ਤਿੰਨ ਪਰਿਵਾਰ ਰਹਿ ਰਹੇ ਸਨ।
ਮੌਜ਼ਪੁਰ ਦੀ ਮਸੀਤ ਦਾ ਆਪਣਾ ਹੀ ਮਾਹੌਲ ਸੀ।ਇੱਥੇ ਮਸੀਤ 'ਚ ਹੀ ਸਿੱਖਾਂ ਦੇ ਵਿਆਹ ਵੀ ਹੁੰਦੇ ਸਨ ਕਿਉਂ ਕਿ
ਭੀੜੇ ਮੁਹੱਲੇ 'ਚ ਸਾਂਝੀ ਖੁੱਲੀ ਥਾਂ ਇਹੋ ਸੀ।ਲੋਕਾਂ 'ਚ ਆਪਸੀ ਪਿਆਰ ਸੀ।ਸ਼ਫਾਤ ਬੇਗ਼ਮ ਇਹਨਾਂ ਸਮਿਆਂ ਦਾ
ਵਜੂਦ ਸੀ।ਵੰਡ ਦੇ ਗ਼ਮ ਨੇ ਸ਼ਫਾਤ ਬੇਗ਼ਮ ਨੂੰ ੬ ਮਹੀਨੇ ਤੋਂ ਵੱਧ ਜ਼ਿੰਦਾ ਨਾ ਰਹਿਣ ਦਿੱਤਾ।ਸ਼ਫਾਤ ਬੇਗ਼ਮ
ਕਹਿੰਦੇ ਸਨ ਕਿ ਮੈਂ ਉਹਨਾਂ ਨੂੰ ਸਿੱਖ,ਹਿੰਦੂ,ਮੁਸਲਮਾਨ ਨਹੀਂ ਮੰਨਦੀ ਜਿਹਨਾਂ ਆਪਸ 'ਚ ਪੰਜਾਬੀਆਂ
ਨੂੰ ਕਤਲ ਕੀਤਾ।ਪੰਜਾਬ ਇੱਕ ਆਦਰਸ਼ ਸੀ ਅਤੇ ਸ਼ਫ਼ਾਤ ਬੇਗ਼ਮ ਉਸ ਪੰਜਾਬ ਦੇ ਵਾਸੀ ਸਨ।
ਸਾਡਾ ਪੰਜਾਬ
ਕੋਈ ਪੁਰਖਿਆਂ ਦੀ ਆਸੀਸ ਹੈ ਕਿ ਖ਼ਤਮ ਨਹੀਂ ਹੋਵੇਗੀ।ਇਸੇ ਦੀ ਬਰਕਤ 'ਚ ਅੱਜ ਵੀ ਉਮੀਦ ਹੈ।ਮੌਲਾਨਾ ਮੁਹੰਮਦ ਉਸਮਾਨ ਰਹਿਮਾਨ ਲੁਧਿਆਣਵੀ ਆਪਣੇ ਪੜਦਾਦੇ ਨੂੰ ਯਾਦ ਕਰਦਿਆਂ ਕਹਿੰਦੇ ਹਨ ਕਿ ਸ਼ਕਲ ਸੂਰਤ ਅਤੇ ਸੱਭਿਅਤਾ ਮੁਤਾਬਕ ਜੇ ਅਸੀਂ ਇੱਕ ਦੂਜੇ ਨੂੰ ਕਬੂਲਦੇ ਹਾਂ,ਤਾਂ ਹੀ ਅਸੀਂ ਸਹੀ ਲੀਹੇ ਹਾਂ,ਨਹੀਂ ਤਾਂ ਅਸੀਂ ਫਿਰਕਾਪ੍ਰਸਤ ਹਾਂ।ਸਾਡਾ ਦੂਜੇ ਨੂੰ ਉਹਦੇ ਢੰਗ ਨਾਲ ਤਸਲੀਮ ਕਰਨ ਦਾ ਨਾਮ ਹੀ ਪੰਜਾਬੀਅਤ ਹੈ।ਇੱਕ ਦੂਜੇ ਦੀਆਂ ਰਵਾਇਤਾਂ ਅਤੇ ਵਜੂਦ ਦਾ ਸਤਕਾਰ ਕਰੋ।ਕੌਸ਼ਿਸ਼ ਕਰੋ ਹਿੰਦੂ ਮਸੀਤਾਂ 'ਚ ਆਉਣ,ਮੁਸਲਮਾਨ ਗੁਰਦੁਆਰਿਆਂ 'ਚ ਜਾਣ ਅਤੇ ਸਿੱਖ ਮੰਦਰਾਂ 'ਚ ਆਉਣ।ਕਈ ਵਾਰ ਇੱਕ ਦੂਜੇ ਬਾਰੇ ਜਾਣਕਾਰੀ ਨਾ ਹੋਣਾ ਹੀ ਸਾਡੀਆਂ ਦੂਰੀਆਂ ਨੂੰ ਬਰਕਰਾਰ ਰੱਖਦਾ ਹੈ।ਧਰਮ ਨਹਾਇਤ ਹੀ ਵੱਡਾ ਅਤੇ ਰੂਹਾਨੀ ਜਜ਼ਬਾ ਹੈ।ਧਰਮ ਦੀ ਅਗਿਆਨਤਾ 'ਚ ਫਤਵੇ ਹਨ,ਸਿਰ ਕਲਮ ਕਰਨ ਦੀਆਂ ਗੱਲਾਂ ਹਨ ਅਤੇ ਬਾਈਕਾਟ ਕਰਨ ਦੇ ਚਰਚੇ ਹਨ।ਇੱਕ ਦੂਜੇ ਨੂੰ ਸੱਦਾ ਦਿਓ।ਜੀ ਆਇਆਂ ਨੂੰ ਹੀ ਸਾਂਝੀਵਾਲਤਾ ਦਾ ਪਹਿਲਾ ਸਿਰਨਾਵਾਂ ਹੈ।
ਜ਼ਿੰਦਗੀ 'ਚ ਉਮੀਦ ਦਾ ਸਿਲਸਿਲਾ – ਜਗਵਿੰਦਰ ਸਿੰਘ : ਹਰਪ੍ਰੀਤ ਸਿੰਘ ਕਾਹਲੋਂ
ਉਹ ਸੜਕ 'ਤੇ ਆਪਣੇ ਕਿਸੇ ਦੋਸਤ ਨਾਲ ਖੜੋਤਾ ਸੀ।ਕੋਈ ਦੂਰੋਂ ਗੱਡੀ 'ਚ ਬੈਠਾ
ਉਹਨੂੰ ਨਿਹਾਰ ਰਿਹਾ ਸੀ।ਫਿਰ ਉਹ ਗੱਡੀ ਵਾਲਾ ਉਹਦੇ ਕੋਲ ਆਇਆ ਅਤੇ ਉਹਨੂੰ ੧੦
ਰੁੱਪਏ ਦਿੱਤੇ।
ਮੁੰਡੇ ਨੂੰ ਕੁਝ ਸਮਝ ਨਹੀਂ ਆਇਆ।
ਉਹਨੇ ਪੱਛਿਆ ਕਿ ਇਹ ਕੀ ?
ਜਵਾਬ ਸੀ ਕਿ ਉਹ ਉਸ ਦੀ ਮਦਦ ਕਰਨਾ ਚਾਹੁੰਦਾ ਹੈ।
ਉਹਨੇ ਕਿਹਾ ਕਿ ਮੈਂ ਇਹ ਨਹੀਂ ਲੈ ਸਕਦਾ।
ਬਦਲੇ 'ਚ ਉਸ ਬੰਦੇ ਨੇ ਪਹਿਲਾਂ ੫੦ ਰੁਪਏ ਕੱਢੇ,ਫਿਰ ੧੦੦ ਤੇ ਫਿਰ ੫੦੦ ਰੁਪਏ ਤੱਕ
ਵਧਾਕੇ ਦਿੱਤੇ! ਪਰ ਉਹ ਲੈਣਾ ਨਹੀਂ ਚਾਹੁੰਦਾ ਸੀ।ਦੇਣ ਵਾਲਾ ਉਹਨੂੰ ਭੀਖ ਦੇ ਰਿਹਾ
ਸੀ।ਅਜਿਹਾ ਕਿਉਂ ?
ਇਹ ਜਗਵਿੰਦਰ ਸਿੰਘ ਸੀ।
ਪਾਤੜਾਂ ਦਾ ਇਹ ਮੁੰਡਾ ਜਮਾਂਦਰੂ ਹੀ ਬਿਨਾਂ ਬਾਹਵਾਂ ਤੋਂ ਪੈਦਾ ਹੋਇਆ ਅਤੇ
ਉਹਨੂੰ ਪੈਸੇ ਦੇਣ ਵਾਲਾ ਬੰਦਾ ਸਮਾਜ ਅੰਦਰ ਇੱਕ ਬਣੀ ਸੋਚ ਮੁਤਾਬਕ ਉਹਨੂੰ
ਸੜਕ 'ਤੇ ਖੜ੍ਹਿਆ ਵੇਖ ਭੀਖ ਦੇ ਰਿਹਾ ਸੀ।
ਜਗਵਿੰਦਰ ਮੁਤਾਬਕ ਸਾਡੇ ਜਹੇ ਵਿਕਲਾਂਗ ਲੋਕਾਂ ਨੂੰ ਕੁਝ ਸੱਜਣ ਭੀਖ ਮੰਗਣ ਵਾਲੇ ਹੀ
ਸਮਝਦੇ ਹਨ।ਜਗਵਿੰਦਰ ਕਹਿੰਦਾ ਹੈ ਕਿ ਇਸ 'ਚ ਉਹਦਾ ਕਸੂਰ ਨਹੀਂ ਅਸਲ 'ਚ ਸੋਚ ਅਜਿਹੀ ਬਣ
ਚੁੱਕੀ ਹੈ।ਇਸ ਘਟਨਾ ਨੂੰ ਯਾਦ ਕਰਦਾ ਜਗਵਿੰਦਰ ਦੱਸਦਾ ਹੈ ਕਿ ਪਹਿਲਾਂ ਤਾਂ ਉਹ
ਸਮਝਿਆ ਨਹੀਂ ਕਿ ਕੀ ਹੋ ਰਿਹਾ ਸੀ।ਜਦੋਂ ਉਹਨੂੰ ਸਮਝ ਆਈ ਤਾਂ ਉਹਨੇ ਸਾਹਮਣੇ
ਵਾਲੇ ਬੰਦੇ ਨੂੰ ਦੱਸਿਆ ਕਿ ਤੁਸੀ ਮੇਰੇ ਪ੍ਰਤੀ ਕੋਈ ਅਜਿਹਾ ਵਿਚਾਰਗੀ ਭਰਿਆ ਤਰਸ ਨਾ
ਵਿਖਾਓ।
ਮੈਨੂੰ ਅਜਿਹੇ ਤਰਸ ਦੀ ਲੋੜ ਨਹੀਂ।ਮੈਂ ਰਾਸ਼ਟਰੀ ਪੱਧਰ ਦਾ ਸਾਈਕਲਿਸਟ ਹਾਂ।
ਜਗਵਿੰਦਰ,ਜ਼ਿੰਦਗੀ ਅਤੇ ਮਾਂ
ਮਾਂ ਕਹਿੰਦੀ ਸੀ ਕਿ ਇੱਕ ਸਮਾਂ ਆਵੇਗਾ ਜਦੋਂ ਅਸੀ ਤੇਰੇ ਨਾਲ ਨਹੀਂ ਹੋਵਾਂਗੇ।ਫਿਰ ਤੈਨੂੰ ਆਪਣਾ ਆਪ ਸੰਭਾਲਣਾ ਪਵੇਗਾ।ਤੂੰ ਬਿਜਾਏ ਕਿਸੇ ਦੇ ਬੋਝ ਬਣੇ,ਜੇ ਤੂੰ ਆਪਣੀ ਸਾਂਭ ਸੰਭਾਲ ਆਪ ਕਰਨੀ ਸਿੱਖੇ ਤਾਂ ਵਧੀਆ ਹੋਵੇਗਾ।ਜਗਵਿੰਦਰ ਦੱਸਦੇ ਹਨ ਕਿ ਮੈਨੂੰ ਜ਼ਿੰਦਗੀ 'ਚ ਹਰ ਤਾਲੀਮ ਮੇਰੀ ਮਾਂ ਤੋਂ ਮਿਲੀ ਹੈ।ਜਗਵਿੰਦਰ ਨੂੰ ਰਸੌਈ ਦੀ ਖਾਸ ਖਿੱਚ ਹੈ।ਜਗਵਿੰਦਰ ਰਸੌਈ ਦੀ ਸ਼ੈਲਫ 'ਤੇ ਬੈਠ ਗੈਸ-ਚੁੱਲ੍ਹੇ 'ਤੇ ਆਪ ਹੀ ਕੜਾਹੀ ਧਰ ਬਹਿੰਦਾ ਹੈ।ਉਹ ਲਜੀਜ਼ ਸ਼ੈਵਾਂ ਬਣਾਉਦਾ ਅਤੇ ਖਾਂਦਾ,ਜ਼ਿੰਦਗੀ ਦਾ ਜਸ਼ਨ ਮਨਾਉਂਦਾ ਹੈ।
ਜਗਵਿੰਦਰ ਅਤੇ ਸਾਈਕਲ
ਜਗਵਿੰਦਰ ਆਪਣੀ ਹਰ ਗੱਲ ਜ਼ਿੰਦਗੀ ਦੀ ਜ਼ਿੰਦਾਦਲੀ ਤੋਂ ਸ਼ੁਰੂ ਕਰਦਾ ਹੈ।ਉਹਦੀਆਂ ਗੱਲਾਂ
ਅੰਦਰ ਖੁਦ ਨੂੰ ਸਾਬਤ ਕਰਨ ਦੀ ਜੱਦੋਜਹਿਦ ਨਹੀਂ ਹੈ।ਬੱਸ ਉਹ ਖੁਦ ਲਈ ਸੰਤੁਸ਼ਟ ਹੋਣਾ
ਚਾਹੁੰਦਾ ਹੈ।ਉਹ ਖੁਸ਼ ਰਹਿਣਾ ਚਾਹੁੰਦਾ ਹੈ ਅਤੇ ਆਪਣੇ ਆਪ ਲਈ ਕੁਝ ਕਰਨਾ
ਚਾਹੁੰਦਾ ਹੈ।ਇਸੇ ਅਹਿਸਾਸ ਨਾਲ ਹੀ ਜਗਵਿੰਦਰ ਨੇ ਸਾਈਕਲ ਚਲਾਉਣਾ ਸ਼ੁਰੂ
ਕੀਤਾ।ਜਗਵਿੰਦਰ ਕਹਿੰਦਾ ਹੈ ਕਿ ਕਰਾਉਣ ਵਾਲਾ ਤਾਂ ਵਾਹਿਗੁਰੂ ਸੀ।ਬੱਸ ਮੈਨੂੰ ਇਹ ਸੀ
ਕਿ ਸਾਈਕਲ ਸਿੱਖਣਾ ਚਾਹੀਦਾ ਹੈ।
ਜਗਵਿੰਦਰ ਕਹਿੰਦਾ ਹੈ ਕਿ ਸਾਈਕਲ ਦਾ ਘਰ ਆਉਣਾ ਇੰਝ ਹੋਇਆ ਸੀ ਕਿ ਸਕੂਲ ਜਾਣ
ਲੱਗਿਆਂ, ਮਾਪਿਆਂ ਸੋਚਿਆ ਭੈਣ ਨੂੰ ਸਾਈਕਲ ਦਿੱਤਾ ਜਾਵੇ ਤਾਂ ਕਿ ਉਹ ਸਾਈਕਲ
ਚਲਾਵੇ ਅਤੇ ਜਗਵਿੰਦਰ ਪਿੱਛੇ ਬੈਠਕੇ ਜਾ ਸਕੇ।ਪਰ ਤਿੰਨ ਭੈਣਾਂ ਅਤੇ ਇੱਕ ਨਿੱਕੇ ਵੀਰ ਦਾ
ਜਗਵਿੰਦਰ ਕੁਝ ਹੋਰ ਸੋਚ ਰਿਹਾ ਸੀ।ਭੈਣ ਸਾਈਕਲ ਚਲਾਉਣ ਲੱਗਿਆਂ ਡਿੱਗਣ ਤੋਂ ਡਰਦੀ ਸੀ ਅਤੇ
ਜਗਵਿੰਦਰ ਸੋਚਦਾ ਸੀ ਕਿ ਡਿੱਗ-ਡਿੱਗਕੇ ਇੱਕ ਦਿਨ ਸਾਈਕਲ ਚਲਾਉਣਾ ਸਿੱਖ ਲਵਾਂਗਾ।
ਜਗਵਿੰਦਰ ਦੱਸਦਾ ਹੈ ਕਿ ਉਹ ਪਹਿਲਾਂ ਸਾਈਕਲ ਬਾਰੇ ਸੋਚਦਾ ਸੀ।ਫਿਰ ਚਲਾਉਣ ਬਾਰੇ ਸੋਚਦਾ
ਸੀ।ਫਿਰ ਜਿਉਂ ਜਿਉਂ ਉਹ ਸਾਈਕਲ ਚਲਾਉਂਦਿਆ ਡਿੱਗਦਾ ਗਿਆ ਤਾਂ ਉਹਦਾ ਵਿਸ਼ਵਾਸ਼
ਬਣਦਾ ਗਿਆ ਕਿ ਉਹ ਸਾਈਕਲ ਚਲਾ ਸਕਦਾ ਹੈ।ਸਾਈਕਲ ਚਲਾਉਣ ਤੋਂ ਬਾਅਦ ਇਰਾਦਾ ਇਹ
ਹੋ ਗਿਆ ਕਿ ਉਹ ਸਾਈਕਲ ਦੋੜਾ ਸਕਦਾ ਹੈ।
ਜਗਵਿੰਦਰ ਅਤੇ ਚਿੱਤਰਕਾਰੀ
ਜਗਵਿੰਦਰ ਆਪਣੇ ਜਜ਼ਬਾਤ ਆਪਣੇ ਹੀ ਕੈਨਵਸ 'ਤੇ ਚਿਤਰਦਾ ਹੈ।ਹਜ਼ਾਰਾਂ ਰੰਗਾਂ ਨਾਲ ਅਹਿਸਾਸ ਨੂੰ ਤਸਵੀਰ ਬਣਾਉਂਦਾ ਉਹ ਬੱਚਿਆਂ 'ਚ ਬਤੌਰ ਡ੍ਰਾਇੰਗ ਅਧਿਆਪਕ ਬਹੁਤ ਸਹਿਜ ਮਹਿਸੂਸ ਕਰਦਾ ਹੈ।ਬੇਸ਼ੱਕ ਜਗਵਿੰਦਰ ਆਪਣੀ ਕਾਬਲੀਅਤ ਨਾਲ ਜਲ ਅਤੇ ਭੂਮੀ ਮਹਿਕਮੇ 'ਚ ਸਰਕਾਰੀ ਨੌਕਰੀ ਕਰ ਰਿਹਾ ਹੈ ਪਰ ਜਗਵਿੰਦਰ ਚਾਹੁੰਦਾ ਹੈ ਕਿ ਉਹ ਕਿਸੇ ਤਰ੍ਹਾਂ ਚਿੱਤਰਕਲਾ ਨੂੰ ਬਤੌਰ ਅਧਿਆਪਣ ਆਪਣਾ ਕਿੱਤਾ ਬਣਾਵੇ ਅਤੇ ਇਸੇ 'ਚ ਸਰਕਾਰੀ ਨੌਕਰੀ ਕਰੇ।
ਸੁਫਨਿਆਂ ਭਰੀ ਉਡਾਰੀ
ਜਗਵਿੰਦਰ ਆਪਣੇ ਸੁਫ਼ਨੇ ਬਤੌਰ ਸਾਈਕਲਿਸਟ ਪੂਰੇ ਕਰਨਾ ਚਾਹੁੰਦਾ ਹੈ।ਉਹਦਾ ਮੰਨਣਾ ਹੈ ਕਿ ਜੇ ਸਹੀ ਸਿਖਲਾਈ ਅਤੇ ਚੰਗੀ ਮਦਦ ਮਿਲੇ ਤਾਂ ਭਾਰਤ ਦਾ ਪੈਰਾ ਓਲੰਪਿਕ 'ਚ ਵੀ ਸਾਈਕਿਲਿੰਗ ਦਾ ਸੋਨ ਤਮਗਾ ਆ ਸਕਦਾ ਹੈ।ਮੇਰਾ ਮੰਨਣਾ ਹੈ ਕਿ ਤੁਸੀ ਜੋ ਚਾਹੋ ਕਰ ਸਕਦੇ ਹੋ ਬੱਸ ਤੁਹਾਨੂੰ ਜ਼ਿੰਦਗੀ 'ਚ ਚੱਲਦੇ ਰੱਖਣ ਦੀ ਹੀ ਲੋੜ ਹੈ।
ਅਗਰ ਸੂਰਜ ਨਾ ਬਣ ਸਕੇ ਤੋ ਸ਼ਮਾ ਹੀ ਸਹੀ
ਮੇਰੇ ਸੁਫਨਿਆਂ 'ਚ ਇਹ ਗੱਲ ਹੀ ਖਾਸ ਹੈ।ਹੋ ਸਕਦਾ ਹੈ ਮੈਂ ਵੱਡੇ ਸਮਾਜ ਲਈ ਰੋਲ ਮਾਡਲ ਨਾ ਬਣ ਸਕਾਂ।ਪਰ ਜੇ ਮੈਂ ਆਪਣੇ ਪਰਿਵਾਰ ਲਈ,ਭੈਣ ਭਰਾਵਾਂ ਲਈ ਜਾਂ ਆਪਣੇ ਹੀ ਮੁਹੱਲੇ ਦਾ ਆਦਰਸ਼ ਬਣ ਜਾਵਾਂ,ਇਹ ਗੱਲ ਵੀ ਬਹੁਤ ਬਹੁਤ ਵੱਡੀ ਹੈ।
ਦਿਲ ਵਾਲੀ ਗੱਲ
ਜਗਵਿੰਦਰ ਕਹਿੰਦਾ ਹੈ ਵਾਰ ਵਾਰ ਡਿੱਗਦੇ ਰਹੋ।ਜ਼ਿੰਦਗੀ ਅੰਦਰ ਅਸਫਲਤਾ ਹੀ ਤੁਹਾਨੂੰ ਤੁਹਾਡੀ ਮੰਜ਼ਿਲ ਵੱਲ ਵਧਾਵੇਗੀ।ਤੁਸੀ ਕਦੀ ਵੀ ਹੌਂਸਲਾ ਨਾ ਹਾਰੋ।ਜ਼ਿੰਦਗੀ ਇੰਝ ਹੀ ਹੈ।ਪਲ 'ਚ ਮਾੜੇ ਦਿਨ ਤੇ ਪਲ 'ਚ ਸੁਨਹਿਰੇ ਦਿਨ,ਪਲ 'ਚ ਛਾਂ ਤੇ ਪਲ 'ਚ ਧੁੱਪ ! ਜ਼ਿੰਦਗੀ ਦੇ ਇਸ ਉਤਾਰ ਚੜਾਅ ਦਾ ਮੁਕਾਬਲਾ ਕਰੋ।
ਜਿੱਤ ਦੇ ਨਿਸ਼ਾਨ
ਜਗਵਿੰਦਰ ਸਟੇਟ ਸਾਈਕਲਿੰਗ 'ਚ ਸੋਨ ਤਗਮਾ ਜੇਤੂ ਹਨ।੩ ਬ੍ਰੇਵੇ ਲਗਾ ਚੁੱਕੇ ਹਨ।ਇਹ
੨੦੮,੨੧੨,੩੦੦ ਕਿਲੋਮੀਟਰ ਦੇ ਹੁੰਦੇ ਹਨ ਅਤੇ ਇਸ 'ਚ ਹਰ ਕੋਈ ਹਿੱਸਾ ਲੈ ਸਕਦਾ
ਹੈ।ਇਹਨਾਂ ਬ੍ਰੇਵੇ 'ਚ ਮੁੰਡੇ ਕੁੜੀਆਂ ਬਰਾਬਰ ਸ਼ਾਮਲ ਹੁੰਦੇ ਹਨ।ਇਹਨਾਂ 'ਚ
ਕੁਆਲੀਫਾਈ ਸਮਾਂ ੧੩.੫ ਘੰਟੇ ਦਾ ਹੁੰਦਾ ਹੈ ਪਰ ਮੈਂ ੯ ਘੰਟੇ 'ਚ ਹੀ ਪੂਰਾ ਕਰ
ਲਿਆ ਸੀ।ਇਸੇ ਤਰ੍ਹਾਂ ਜਗਵਿੰਦਰ ਕੋਨਾਰਕ ਇੰਟਰਨੈਸ਼ਨਲ ਉੜੀਸਾ ਸਾਈਕਲੋਥੋਨ ੩੫
ਕਿਲੋਮੀਟਰ 'ਚ ਵੀ ਹਿੱਸਾ ਲੈ ਚੁੱਕੇ ਹਨ।ਦਿੱਲੀ ਦੇ ਅੰਦਰ ਹੋਏ ਮਲੇਸ਼ੀਆ ਕੁਆਲੀਫਾਈ 'ਚ ਵੀ
ਹਿੱਸਾ ਲਿਆ ਸੀ।
ਜਗਵਿੰਦਰ ਸਿੰਘ 'ਚੋਂ ਜੇ ਤੁਹਾਨੂੰ ਕੋਈ ਉਮੀਦ ਵਿਖਦੀ ਹੈ ਤਾਂ ਉਸ ਉਮੀਦ ਦੀ ਇੱਕ
ਰੌਸ਼ਨੀ ਆਪਣੇ ਅੰਦਰ ਵੀ ਲੱਭਣ ਦੀ ਕੌਸ਼ਿਸ਼ ਕਰਨਾ।ਇਸ ਦੌਰ ਅੰਦਰ ਸੰਘਰਸ਼,ਮਿਹਨਤ,ਧੱਕੇ
ਹਨ ਅਤੇ ਇਸ ਤੋਂ ਮੁਨਕਰ ਨਹੀਂ ਪਰ ਜੇ ਅਸੀ ਖੁਦ ਨੂੰ ਲੈਕੇ ਯਕੀਨ 'ਚ ਹਾਂ ਤਾਂ ਸਭ ਕੁਝ
ਕਰ ਸਕਦੇ ਹਾਂ।ਜਗਵਿੰਦਰ ਦੇ ਇਸੇ ਹੌਂਸਲਿਆਂ ਨੂੰ ਓਲਪਿੰਕ ਨਿਰਮਾਤਾ ਪਿਅਰੇ ਡੀ.
ਕਿਊਬ੍ਰਟਿਨ ਇੰਝ ਵੇਖਦੇ ਸਨ ਕਿ ਓਲੰਪਿਕ ਖੇਡਾਂ 'ਚ ਜਿੱਤਣਾ ਮਹੱਤਵਪੂਰਨ ਨਹੀਂ ਸਗੋਂ
ਓਲੰਪਿਕ 'ਚ ਹਿੱਸਾ ਲੈਣਾ ਮਾਇਨੇ ਰੱਖਦਾ ਹੈ।ਜਿੱਤਣ ਨਾਲੋਂ ਜ਼ਿਆਦਾ ਜ਼ਿੰਦਗੀ 'ਚ
ਸੰਘਰਸ਼ ਕਰਨਾ ਮਾਇਨੇ ਰੱਖਦਾ ਹੈ।