Ukki Akko (Punjabi Story) : Prem Gorkhi

ਉੱਕੀ ਅੱਕੋ (ਕਹਾਣੀ) : ਪ੍ਰੇਮ ਗੋਰਖੀ

ਮੈਨੂੰ ਅੱਜ ਸੱਤਵਾਂ ਦਿਨ ਹੈ ਅਮਰੀਕਾ ਆਏ ਨੂੰ। ਮਸੀਂ ਤਾਂ ਕਿਤੇ ਮੇਰਾ ਵੀਜ਼ਾ ਲੱਗਾ ਸੀ। ਮੈਨੂੰ ਆਸ ਸੀ ਵੀਜ਼ਾ ਛੇ ਮਹੀਨੇ ਦਾ ਲੱਗੇਗਾ ਪਰ ਲੱਗਾ ਤਿੰਨ ਮਹੀਨੇ ਦਾ। ਤਾਏ ਦੀ ਦੋਹਤੀ ਦਾ ਵਿਆਹ ਸੀ। ਮੈਂ ਝੂਠੇ ਸੱਚੇ ਕਾਗ਼ਜ਼ ਤਿਆਰ ਕੀਤੇ, ਉਹ ਵੀ ਪੱਚੀ ਸੌ ਰੁਪਏ ਦੇ ਕੇ। ਜਦੋਂ ਮੇਰਾ ਵੀਜ਼ਾ ਥੋੜ੍ਹਾ ਲੱਗਾ ਤਾਂ ਮੈਨੂੰ ਗੁੱਸਾ ਆ ਗਿਆ... ਪਤਾ ਨਈਂ ਕੀਹਦੇ ’ਤੇ। ਛੇ ਹਜ਼ਾਰ ਖਰਚਣ ਦਾ ਸੁਆਦ ਨਾ ਆਇਆ।ਭਾਵੇਂ ਲੱਖੇ ਨੇ ਹਵਾਈ ਟਿਕਟ ਪਹਿਲਾਂ ਹੀ ਭੇਜ ਦਿੱਤੀ ਸੀ ਪਰ ਫਿਰ ਵੀ ਲੀੜੇ-ਲੱਤੇ ਬਣਾਉਂਦਿਆਂ ਮੇਰਾ ਪੰਜਾਹ ਹਜ਼ਾਰ ਖਰਚ ਹੋ ਗਿਆ, ‘‘ਕਿੱਥੇ ਫਾਹਾ ਲੈ ਲਿਆ ਯਾਰ... ਮੈਂ ਤਾਂ ਕਰਜ਼ਾਈ ਹੋ ਕੇ ਬਹਿ ਗਿਆ... ਅਮਰੀਕਾ ਨਾ ਹੋਈ ਇਹ ਤਾਂ ਪੈਹੇ ਖਾਣੀ ਊਠਣੀ ਹੋਈ।’’‘‘ਕਿਉਂ ਰਊਂ ਰਊਂ ਕਰੀ ਜਾਂਦੇ ਆਂ... ਕੰਜੂਸ ਮੱਖੀ ਚੂਸ... ਜੇ ਅੱਜ ਵੀਹ-ਪੰਜਾਹ ਖਰਚੇ ਵੀ ਗਏ ਆ ਤਾਂ ਮਹਾਰਾਜ ਸੁੱਖ ਰੱਖੇ ਪੰਦਰਾਂ ਵੀਹ ਲੱਖ ਲੈ ਕੇ ਵੀ ਮੁੜੋਂਗੇ... ਹੋਰ ਚੌਂਹ ਸਾਲਾਂ ਤੱਕ,’’ ਪਤਨੀ ਨੇ ਮੈਨੂੰ ਹੌਸਲਾ ਦੇਣਾ ਚਾਹਿਆ।‘‘ਵੀਹ ਲੱਖ ਨਾ, ਨਾਲੇ ਹੋਰ ਕੁਸ਼... ਉੱਥੇ ਲੱਖੇ ਦੇ ਘਰ ਨੋਟਾਂ ਵਾਲਾ ਸ਼ਰੀਂਹ ਲੱਗਾ ਖੜ੍ਹਾ ਜਿਹਨੂੰ ਡਾਲਰ ਲੱਗਦੇ ਹੋਣ... ਜੀਤ ਕੌਰੇ ਸਬਜ਼ਬਾਗ਼ ਨਾ ਦੇਖੀ ਜਾਹ... ਮੈਂ ਗਿਆ ਤੇ ਆਇਆ।’’ ਮੈਂ ਪਤਨੀ ਨੂੰ ਚੁੱਪ ਕਰਾਉਣਾ ਚਾਹਿਆ।‘‘ਮੈਨੂੰ ਕਾਹਨੂੰ ਘੂਰਦੇ ਆਂ... ਰੱਬ ਦਾ ਨਾਂ ਲੈ ਕੇ ਘਰੋਂ ਤੁਰਿਓ...’’ਪੈਸੇ ਦੇ ਖਰਚ ਤੋਂ ਡਰਦਾ ਮੈਂ ਇਕੱਲਾ ਹੀ ਦਿੱਲੀ ਨੂੰ ਤੁਰਿਆ। ਮੈਨੂੰ ਕਿਹੜਾ ਏਅਰਪੋਰਟ ਦਾ ਪਤਾ ਨਈਂ ਸੀ। ਪੈਂਤੀ ਵਾਰ ਤਾਂ ਮੈਂ ਇੱਥੇ ਆਇਆ ਸੀ, ਕਿਸੇ ਨੂੰ ਜਹਾਜ਼ੇ ਚੜ੍ਹਾਉਣ ਤੇ ਕਿਸੇ ਉਤਰੇ ਨੂੰ ਲਿਆਉਣ।ਮੇਰੀ ਫਲਾਈਟ ਮਸੀਂ ਕਿਤੇ ਨਿਊਯਾਰਕ ਪਹੁੰਚੀ। ਮੈਨੂੰ ਜਿੱਦਾਂ-ਜਿੱਦਾਂ ਲੱਖੇ ਨੇ ਦੱਸਿਆ ਸੀ ਮੈਂ ਉਸੇ ਤਰ੍ਹਾਂ ਬੋਰਡ ਪੜ੍ਹਦਾ ਸਾਂਫਰਾਂਸਿਸਕੋ ਵਾਲੇ ਜਹਾਜ਼ ਵਿੱਚ ਜਾ ਬੈਠਾ। ਦੁਪਹਿਰੋਂ ਬਾਅਦ ਉਹ ਜਹਾਜ਼ ਮੰਜ਼ਿਲ ’ਤੇ ਜਾ ਲੱਗਾ। ਹਵਾਈ ਅੱਡੇ ਦੀਆਂ ਪੌੜੀਆਂ ਉਤਰਦਿਆਂ, ਮੈਂ ਸਾਹਮਣੇ ਸ਼ੀਸ਼ੇ ਤੋਂ ਪਾਰ, ਲੱਖੇ ਤੇ ਗੋਗੀ ਨੂੰ ਦੂਰੋਂ ਹੀ ਦੇਖ ਲਿਆ ਸੀ ਪਰ ਲੱਖਾ ਐਵੇਂ ਹੀ ਹੱਥ ਹਿਲਾਈ ਜਾਂਦਾ ਸੀ। ਦਰਵਾਜ਼ਾ ਲੰਘ ਕੇ ਮੈਂ ਦੋਵਾਂ ਨੂੰ ਕਲਾਵੇ ਵਿੱਚ ਲੈ ਕੇ ਮਿਲਿਆ।‘‘ਲਖਵੀਰ ਸਿਆਂ ਆਹ ਸਾਂਭ ਯਾਰ ਮੇਰਾ ਅਟੈਚੀ... ਲੈ ਚੱਲ ਇਹਨੂੰ ਰੋੜ੍ਹ ਕੇ, ਮੇਰੀ ਤਾਂ ਬੱਸ ਹੋ ਗਈ ਯਾਰ... ਪਰਸੋਂ ਤਕਾਲਾਂ ਦਾ ਤੁਰਿਆ ਵਾਂ... ਕਿੱਧਰ ਆ ਆਪਣੀ ਗੱਡੀ?’’
‘‘ਭਾ ਜੀ… ਗੱਡੀ ਨੀ ਅਸੀਂ ਲੈ ਕੇ ਆਏ… ਫਰੈਜ਼ਨੋ ਕੁਸ਼ ਲੰਮੀ ਵਾਟ ’ਤੇ ਆ… ਬਈ ਤੁਹਾਨੂੰ ਅਸੀਂ ਵਧੀਆ ਬੱਸ ਵਿੱਚ ਲੈ ਕੇ ਚੱਲਾਂਗੇ,’’ ਗੱਲ ਕਰਦੇ ਲੱਖੇ ਨੇ ਮੇਰਾ ਹੱਥ ਘੁੱਟਿਆ।
‘‘ਸੁਖਚੈਨ ਭਾ ਜੀ… ਗੱਡੀ ਕਰਨੀ ਵੀ ਕੀ ਆ… ਲੰਮੇ ਰੂਟ ਦੀਆਂ ਏਸੀ ਬੱਸਾਂ ਚੱਲਦੀਆਂ… ਨਾਲੇ ਹੈ ਵੀ ਸਸਤੀਆਂ,’’ ਗੋਗੀ ਵੀ ਮੇਰੇ ਬਰਾਬਰ ਹੋ ਕੇ ਬੈਗ ’ਤੇ ਹੱਥ ਮਾਰਦੀ ਬੋਲੀ।
ਲੱਖੇ ਕੇ ਘਰ ਪਹੁੰਚ ਕੇ ਮੈਂ ਪੂਰਾ ਦਿਨ ਤੇ ਪੂਰੀ ਰਾਤ ਸੁੱਤਾ ਰਿਹਾ। ਲੱਖਾ ਤੇ ਗੋਗੀ ਵਿਆਹ ਦੀ ਤਿਆਰੀ ਵਿੱਚ ਲੱਗੇ ਰਹੇ। ਫਿਰ ਵਿਆਹ ਵਾਲਾ ਦਿਨ ਆ ਗਿਆ। ਅੱਜ-ਕੱਲ੍ਹ ਵਿਆਹ ਨੂੰ ਕਿੰਨਾ ਕੁ ਚਿਰ ਲੱਗਦਾ, ਫਿਰ ਉਹ ਵੀ ਅਮਰੀਕਾ ਵਿੱਚ। ਬਰਾਤ ਮਿੱਥੇ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਪਹੁੰਚ ਗਈ। ਪਤਾ ਲੱਗਾ ਕਿ ਵਿਆਂਹਦੜ ਨੇ ਵਰਤ ਰੱਖਿਆ ਸੀ ਤੇ ਉਹਨੇ ਆਨੰਦ ਕਾਰਜ ਕਰਾ ਕੇ ਹੀ ਮੂੰਹ ਨੂੰ ਅੰਨ ਲਾਉਣਾ ਸੀ। ਲਾਵਾਂ ਫੇਰਿਆਂ ਦਾ ਹੀ ਤਾਂ ਕੰਮ ਹੁੰਦਾ। ਜਿਉਂ ਹੀ ਆਨੰਦ ਕਾਰਜ ਹੋਇਆ ਮੁੰਡੇ ਵਾਲੇ ਤਾਂ ਕਾਰਾਂ ਵਿੱਚ ਬੈਠ ਕੁੜੀ ਨੂੰ ਲੈ ਤੁਰਦੇ ਬਣੇ। ਪਤਾ ਲੱਗਾ ਬਈ ਉਨ੍ਹਾਂ ਨੇ ਆਪਣੇ ਸ਼ਹਿਰ ਹੋਟਲ ਵਿੱਚ ਪਾਰਟੀ ਰੱਖੀ ਹੈ।
ਵਿਆਹ ਦਾ ਸਾਰਾ ਕੰਮ ਨਿਪਟਾ ਕੇ ਲੱਖੇ ਨੇ ਮੈਨੂੰ ਕੋਲ ਬਿਠਾ ਲਿਆ ਤੇ ਕਹਿਣ ਲੱਗਾ, ‘‘ਭਾ ਜੀ ਫਰੈਜ਼ਨੋ ’ਚ ਓਨਾ ਕੰਮ ਨੀ ਮਿਲਦਾ ਜਿੰਨਾ ਨਿਊਯਾਰਕ ਜਾਂ ਸ਼ਿਕਾਗੋ ’ਚ ਆ… ਏਥੇ ਤਾਂ ਖੇਤਾਂ ’ਚ ਲੇਬਰ ਦਾ ਕੰਮ ਆਂ, ਅੰਗੂਰ ਤੋੜ ਲਏ… ਬਦਾਮ ’ਕੱਠੇ ਕਰ ਲਏ… ਗਹਾਂ ਫੇਰ ਕਣਕ, ਮੱਕਾ ਸ਼ੁਰੂ ਹੋ ਜਾਊ… ਕਿੰਨੂ ਤੇ ਸੰਤਰੇ ਤੋੜਨ ਦਾ ਕੰਮ। ਨਾਲੇ ਸੁਖਚੈਨ ਭਾ ਜੀ… ਮੈਂ ਤੁਹਾਡੀ ਗੱਲ ਕੀਤੀ ਹੋਈ ਆ ਆਪਣੇ ਇੱਕ ਦੋਸਤ ਨਾਲ… ਮੈਨੂੰ ਤਾਂ ਉਮੀਦ ਸੀ ਤੁਹਾਡਾ ਛੇ ਮਹੀਨੇ ਦਾ ਵੀਜ਼ਾ ਪੱਕਾ ਲੱਗੂ… ਪਰ ਇਨ੍ਹਾਂ ਗੋਰਿਆਂ ਦਾ ਕੁਸ਼ ਨੀ ਪਤਾ ਲੱਗਦਾ… ਛੇ ਮਹੀਨੇ ਦਾ ਲੱਗਦਾ ਤਾਂ ਚਾਰ ਪੰਜ ਮਹੀਨੇ ਕੰਮ ਕਰ ਲੈਂਦੇ… ਡਾਲਰਾਂ ਨਾਲ ਜੇਬਾਂ ਭਰ ਕੇ ਤੁਰਦੇ… ਦੇਖ ਲਓ ਛੁੱਟੀ ਹੋਰ ਮਿਲ ਸਕਦੀ ਆ ਤਾਂ… ਮੈਂ ਤਾਂ ਕਹਿੰਦਾ ਆਂ ਏਥੇ ਹੀ ਟਿਕ ਜਾਓ… ਇੱਕ ਤਕੜੇ ਵਕੀਲ ਕੋਲੋਂ ਕੇਸ ਬਣਾ ਕੇ ਸਟੇਅ ਲਈ ਅਪੀਲ ਕਰ ਲੈਂਦੇ ਆਂ… ਭਾ ਜੀ ਚਾਰ ਪੰਜ ਸਾਲ ਤਾਂ ਚੁਟਕੀ ਮਾਰਦਿਆਂ ਲੰਘ ਜਾਂਦੇ ਆ… ਐਂ ਕਰਕੇ…’’ ਲੱਖੇ ਨੇ ਹੱਥ ਉੱਪਰ ਨੂੰ ਚੁੱਕ ਕੇ ਚੁਟਕੀ ਵਜਾਈ।
‘‘ਹੈ ਕਮਲਾ… ਲਖਬੀਰ ਸਿਆਂ… ਲੋਕ ਤਾਂ ਯਾਰ ਗੌਮਿੰਟ ਜੌਬ ਲੈਣ ਲਈ ਜੇਬਾਂ ਭਰੀ ਫਿਰਦੇ ਆ… ਭਰਾਵਾ ਹੋਰ ਪੰਜ ਛੇ ਸਾਲ ਤੱਕ ਰਟਾਇਰ ਹੋ ਕੇ ਆ ਵੱਜਾਂਗੇ ਤੇਰੇ ਕੋਲ।’’
‘‘ਫੇਰ ਐਂ ਕਰੋ… ਤੁਸੀਂ ਨਿਊਯਾਰਕ ਮੇਰੇ ਦੋਸਤ ਕੋਲ ਜਾ ਪਹੁੰਚੋ… ਤੁਹਾਨੂੰ ਸੰਦੇਹਾਂ ਜਹਾਜ਼ੇ ਚੜ੍ਹਾ ਦਿੰਦੇ ਆਂ… ਤੁਹਾਨੂੰ ਜਾਂਦਿਆਂ ਈ ਉਹਨੇ ਕੰਮ ’ਤੇ ਲੁਆ ਦੇਣਾ…’’
‘‘ਬਿਲਕੁਲ ਠੀਕ ਆ… ਮੇਰਾ ਅਟੈਚੀ ਤਿਆਰ ਕਰੋ।…ਮੇਰੀ ਟਿਕਟ ਦਾ ਕਿੱਦਾਂ ਹੋਊ?’’
‘‘ਉਹ ਨਾ ਫ਼ਿਕਰ ਕਰੋ, ਮੈਂ ਹੁਣੇ ਕਾਲ ਕਰਦਾਂ। …ਏਥੇ ਟਿਕਟਾਂ ਦਾ ਰੇਟ ਘਟਦਾ ਵਧਦਾ ਰਹਿੰਦਾ… ਸੈਚਰਡੇ-ਸੰਡੇ ਥੋੜ੍ਹੀਆਂ ਮਹਿੰਗੀਆਂ ਹੁੰਦੀਆਂ… ਉਹ ਨਾ ਤੁਸੀਂ ਚਿੰਤਾ ਕਰੋ,’’ ਕਹਿ ਕੇ ਲੱਖਾ ਟੈਲੀਫੋਨ ਵੱਲ ਹੋ ਗਿਆ।
ਮੈਂ ਬੇਆਰਾਮੀ ਵਿੱਚ ਨਿਊਯਾਰਕ ਆ ਪਹੁੰਚਾ। ਲੱਖੇ ਦਾ ਦੋਸਤ ਹਰਨੇਕ ਪੂਰਾ ਹੁੱਬ ਕੇ ਮਿਲਿਆ। ਮੇਰੀ ਖ਼ਾਤਰ ਉਹਨੇ ਅੱਜ ਅੱਧੇ ਦਿਨ ਦੀ ਛੁੱਟੀ ਲੈ ਲਈ ਸੀ। ਕਮਰੇ ’ਚ ਪਹੁੰਚ ਕੇ ਦੁਪਹਿਰ ਦੀ ਰੋਟੀ ਖਾਧੀ। ਰੋਟੀ ਵੱਲੋਂ ਵਿਹਲੇ ਹੋਏ ਤਾਂ ਹਰਨੇਕ ਪੁੱਛਣ ਲੱਗਾ, ‘‘ਦੇਖ ਭਾ… ਤੂੰ ਹੁਣ ਮੈਨੂੰ ਦੱਸ ਕੰਮ ਕਿੱਦਾਂ ਦਾ ਕਰਨੈ?’’
‘‘ਕਿੱਦਾਂ ਦਾ ਕੀ… ਬਸ ਕੰਮ ਕਰਨਾ ਆਪਾਂ।’’
‘‘ਮੇਰਾ ਮਤਲਬ ਆ… ਇੱਕ ਤਾਂ ਕੰਮ ਹੈਗਾ ਰਤਾ ਕੈੜਾ ਤੇ ਇੱਕ ਹੈਗਾ ਰਤਾ ਨਰਮ… ਯਾਨੀ ਕਿ ਨਰਮ ਕੰਮ ਦੇ ਹੈਗੇ ਆ ਤੀਹ ਡਾਲਰ ਤੇ ਕੈੜੇ ਕੰਮ ਦੇ ਹੈਗੇ ਆ ਪੰਜਾਹ ਡਾਲਰ… ਨਰਮ ਕੰਮ ਹੈਗਾ ਹੋਟਲ ਵਿੱਚ ਜਿੱਥੇ ਮੁਰਗੇ ਤਲੀ ਜਾਣੇ ਆਂ… ਪਹਿਲੇ ਦਿਨ ਤਾਂ ਐਵੇਂ ਭਾਣਖਾ ਜੇਹੀ ਨਾਸਾਂ ਨੂੰ ਚੜ੍ਹਦੀ ਆ, ਫੇਰ ਨੀ ਪਤਾ ਲੱਗਦਾ… ਤੇ ਕੈੜਾ ਕੰਮ ਹੈਗਾ ਕੰਸਟ੍ਰਕਸ਼ਨ ਦਾ… ਆਹੀ ਮਿਸਤਰੀਆਂ ਦੇ ਨਾਲ… ਇੱਟਾਂ, ਸੀਮਿੰਟ, ਬਜਰੀ ਦਾ…’’
‘‘ਮੇਰਾ ਖਿਆਲ ਇਹ ਠੀਕ ਆ… ਕੰਮ ਹੁੰਦਾ ਤਾਂ ਵਾਕਿਆ ਈ ਕੈੜਾ ਆ ਪਰ ਪੈਹੇ ਤਾਂ ਠੀਕ ਆ…’’ ਗੱਲ ਕਰਕੇ ਮੈਂ ਪਾਣੀ ਪੀਤਾ।
‘‘ਬਸ, ਗੱਲ ਮੁੱਕੀ! ਯਾਰ ਪੰਜਾਹ ਕਿਤੇ ਥੋੜ੍ਹੇ ਆ… ਸੁਖਚੈਨ ਸਿੰਘ ਜੀ, ਤੁਸੀਂ ਇੰਡੀਆ ਦਾ ਹਿਸਾਬ ਲਾ ਕੇ ਦੇਖੋ… ਫੇਰ ਤੁਹਾਡਾ ਰੋਜ਼ ਦਾ ਦੋ ਤਿੰਨ ਘੰਟੇ ਦਾ ਓਵਰਟਾਈਮ… ਦੋ ਹਜ਼ਾਰ ਤੋਂ ਉੱਪਰ ਦਿਹਾੜੀ ਬਣੂੰ…’’
ਗੱਲ ਮੁਕਾ ਕੇ ਹਰਨੇਕ ਮੈਨੂੰ ਬਾਜ਼ਾਰ ਘੁਮਾਉਣ ਲੈ ਗਿਆ। ਇਹ ਅਮਰੀਕਾ ਦਾ ਬਾਜ਼ਾਰ ਸੀ ਕਿ ਜਲੰਧਰ ਦਾ ਰੈਣਕ ਬਾਜ਼ਾਰ… ਜਿਧਰ ਵੀ ਨਿਗ੍ਹਾ ਜਾਵੇ ਪੰਜਾਬੀ ਹੀ ਪੰਜਾਬੀ। ਇੱਕ ਪਾਸੇ ਸੁਨਿਆਰਿਆਂ ਦੀਆਂ ਹੀ ਦੁਕਾਨਾਂ ਤੇ ਦੂਜੇ ਪਾਸੇ ਕੱਪੜੇ ਦੀਆਂ। ਸਾੜ੍ਹੀਆਂ, ਸੂਟ ਬਾਹਰ ਟੰਗੇ ਹੋਏ।
ਜਿੱਥੇ ਹਰਨੇਕ ਰਹਿੰਦਾ ਸੀ ਇਹ ਇਲਾਕਾ ਨਿਊਯਾਰਕ ਤੋਂ ਬਾਹਰ ਪੈਂਦਾ ਸੀ ਕਰੋਨਾ, ਜਿੱਦਾਂ ਜਲੰਧਰੋਂ ਬਾਹਰ ਫਗਵਾੜਾ, ਭੋਗਪੁਰ, ਆਦਮਪੁਰ ਜਾਂ ਕਪੂਰਥਲਾ। ਨਿਊਯਾਰਕ ਦਾ ਵੱਡਾ ਸ਼ਹਿਰ ਮਨਹੱਟਨ ਸੀ ਜਿਹੜਾ ਦੁਨੀਆਂ ਦਾ ਵੱਡਾ ਵਪਾਰਕ ਕੇਂਦਰ ਸੀ ਤੇ ਨਿੱਤ ਅਰਬਾਂ-ਖਰਬਾਂ ਦਾ ਵਪਾਰ ਹੁੰਦਾ ਸੀ। ਵੱਡੇ-ਵੱਡੇ ਹੋਟਲ ਤੇ ਵੱਡੇ ਵਪਾਰਕ ਅਦਾਰੇ। ਗਹੁ ਨਾਲ ਦੇਖਿਆਂ ਤੁਹਾਨੂੰ ਹਰ ਦੇਸ਼, ਹਰ ਪ੍ਰਾਂਤ ਦਾ ਬੰਦਾ ਮਿਲ ਜਾਂਦਾ ਹੈ। ਚਾਰੇ ਪਾਸੇ ਕਾਰਾਂ ਹੀ ਕਾਰਾਂ।
ਸਵੇਰੇ ਤਿਆਰ ਹੁੰਦਿਆਂ ਹਰਨੇਕ ਨੇ ਮੈਨੂੰ ਸਿਰ ’ਤੇ ਰੱਖਣ ਲਈ ਟੋਪੀ ਦਿੱਤੀ ਤੇ ਪਗੜੀ ਇੱਕ ਪਾਸੇ ਰੱਖ ਦਿੱਤੀ। ਅਧੋਰਾਣੀ ਪੈਂਟ ਤੇ ਕਮੀਜ਼ ਫੜਾ ਕੇ ਕਹਿਣ ਲੱਗਾ, ‘‘ਪਾਏ ਹੋਏ ਕੱਪੜੇ ਲਾਹ ਕੇ ਆਹ ਕੱਪੜੇ ਪਾ ਲਈਂ… ਘਬਰਾਉਣਾ ਨਈਂ… ਸਭ ਆਪਣੇ ਈ ਬੰਦੇ ਆ… ਠੇਕੇਦਾਰ ਪਾਕਿਸਤਾਨੀ ਆਂ… ਐਨ ਵਧੀਆ ਬੰਦਾ… ਕੋਈ ਤੇਰ ਮੇਰ ਨਈਂ…’’
ਇਸੇ ਸਮੇਂ ਦਰਵਾਜ਼ੇ ’ਤੇ ਠੱਕ ਠੱਕ ਹੋਈ ਤਾਂ ਹਰਨੇਕ ਨੇ ਉੱਠ ਕੇ ਦਰਵਾਜ਼ਾ ਖੋਲ੍ਹਿਆ। ‘‘ਆਜਾ ਬਈ ਆਜਾ ਬੂਟਾ ਸਿਆਂ… ਇਹ ਆਪਣਾ ਬੰਦਾ ਆ ਸੁਖਚੈਨ ਸਿੰਘ… ਇਹ ਆਪਣੇ ਫਰੈਜ਼ਨੋ ਵਾਲੇ ਲਖਵੀਰ ਸਿੰਘ ਦੇ ਰਿਸ਼ਤੇਦਾਰ ਆ,’’ ਇੱਕ ਤਰ੍ਹਾਂ ਹਰਨੇਕ ਨੇ ਮੇਰੀ ਜਾਣਕਾਰੀ ਬੂਟਾ ਸਿੰਘ ਨੂੰ ਦਿੱਤੀ। ‘‘ਬੂਟਾ ਸਿਆਂ, ਭਾਈ ਬੰਦੇ ਦਾ ਧਿਆਨ ਰੱਖੀਂ… ਬਸ ਦੋ ਢਾਈ ਮਹੀਨੇ ਇਹਨੇ ਰਹਿਣਾ।’’
‘‘ਗੱਲ ਈ ਕੋਈ ਨਈਂ ਭਾ ਜੀ… ਅਮਰੀਕਾ ਆ ਕੇ ਭਲਾ ਕਿਹੜਾ ਮੁੜਦਾ… ਦੋ ਢਾਈ ਮਹੀਨੇ ਦੀ ਗੱਲ ਛੱਡੋ… ਨਾਲੇ ਭਾ ਜੀ ਆਪਾਂ ਭੇਜਾਂਗੇ ਤਾਂ ਈ ਜਾਣਗੇ,’’ ਬੂਟਾ ਸਿੰਘ ਹੱਸ ਕੇ ਬੋਲਿਆ।
‘‘ਗੱਲ ਤਾਂ ਤੇਰੀ ਠੀਕ ਆ… ਸੁਣ ਲਓ ਭਾ ਜੀ,’’ ਹਰਨੇਕ ਵੀ ਹੱਸ ਪਿਆ।
‘‘ਚਲੋ ਦੇਖਾਂਗੇ ਜੀ, ਕੰਮ ਸ਼ੁਰੂ ਕਰੀਏ,’’ ਕਹਿ ਕੇ ਮੈਂ ਵੀ ਹੱਸ ਪਿਆ।
ਗੱਲਾਂ ਕਰਦੇ ਅਸੀਂ ਰੇਲਵੇ ਲਾਈਨ ਦੇ ਹੇਠਾਂ ਚੌਕ ’ਚ ਪਹੁੰਚੇ ਹੀ ਸੀ ਕਿ ਇੱਕ ਵੈਨ ਆ ਕੇ ਸਾਡੇ ਕੋਲ ਰੁਕੀ। ‘‘ਚਲੋ ਬੈਠੋ ਜੀ,’’ ਵੈਨ ਦਾ ਦਰਵਾਜ਼ਾ ਖੋਲ੍ਹ ਕੇ ਬੂਟਾ ਸਿੰਘ ਨੇ ਮੈਨੂੰ ਇਸ਼ਾਰਾ ਕੀਤਾ। ਮੈਂ ਅੰਦਰ ਲੰਘ ਗਿਆ। ਬੂਟਾ ਸਿੰਘ ਮੇਰੇ ਬਰਾਬਰ ਬੈਠਦਾ ਮੂਹਰੇ ਬੈਠੇ ਬੰਦਿਆਂ ਨਾਲ ਗੱਲ ਕਰਨ ਲੱਗਾ, ‘‘ਤਜ਼ਮਲ… ਇਹ ਆ ਭਾ ਜੀ ਜਿਹਦੀ ਮੈਂ ਰਾਤੀਂ ਗੱਲ ਕਰਦਾ ਸੀ। ਇਹ ਹੁਣੇ ਇੰਡੀਆ ਤੋਂ ਆਏ ਆ। ਤਿੰਨ ਸਾਲ ਪਹਿਲਾਂ ਆਪਣੇ ਨਾਲ ਕੰਮ ਨਈਂ ਸੀ ਕਰਦਾ ਹੁੰਦਾ ਲੱਖਾ… ਇਹ ਉਹਦੇ ਰਿਸ਼ਤੇਦਾਰ ਆ… ਬ੍ਰਦਰ ਇਨ ਲਾ।’’
‘‘ਅੱਛਾ ਅੱਛਾ… ਫੇਰ ਤਾਂ ਨਜ਼ਦੀਕੀ ਰਿਸ਼ਤੇਦਾਰ ਆ,’’ ਕਹਿ ਕੇ ਤਜ਼ਮੱਲ ਨੇ ਮੇਰੇ ਵੱਲ ਦੇਖਿਆ ਤੇ ਮੁਸਕਰਾਇਆ। ਉਹਦੇ ਨਾਲ ਬੈਠਾ ਬੰਦਾ ਮੇਰੇ ਵੱਲ ਦੇਖਦਾ ਬੋਲਿਆ, ‘‘ਉਹ ਲੱਖਾ ਕੋਟਲੀ ਥਾਨ ਸਿੰਘ ਵਾਲਾ?’’
‘‘ਓਹੀ ਓਹੀ ਫੁੱਫੜ ਜੀ…’’ ਬੂਟੇ ਨੇ ਸਿਰ ਹਿਲਾਇਆ ਤੇ ਨਾਲ ਹੀ ਕਹਿਣ ਲੱਗਾ, ‘‘ਤਜ਼ਮੱਲ… ਸੈਂਡ ਹੈਨੀ… ਗਲੋ ਦਾ ਡੱਬਾ ਵੀ ਚੁੱਕਣਾ… ਜੀਤ ਦਾ ਫੋਨ ਆਇਆ ਸੀ ਕਹਿੰਦਾ ਮੈਂ ਸੈਵਨਟੀ ਸਿਕਸ ਤੋਂ ਰੱਸੇ ਤੇ ਪੌੜੀ ਲੈ ਕੇ ਆਊਂ… ਜਿਉਂ ਉੱਥੇ ਕੰਮ ਕੀਤਾ ਸਾਮਾਨ ਉੱਥੇ ਹੀ ਰਹਿਣ ਦਿੱਤਾ।’’
‘‘ਚੁੱਕਣਾ ਜਾਂ ਚੁਕਾਉਣਾ ਤਾਂ ਤੁਸੀਂ ਸੀ,’’ ਤਜ਼ਮੱਲ ਨੇ ਜਿਵੇਂ ਟਕੋਰ ਮਾਰੀ। ‘‘ਠੀਕ ਆ ਜਿਹੜੀ ਚੀਜ਼ ਚਾਹੀਦੀ ਆ ਉਹ ਨਜ਼ੀਰ ਦੇ ਸਟੋਰ ਤੋਂ ਚੁੱਕ ਲੈਂਦੇ ਆਂ,’’ ਤਜ਼ਮੱਲ ਨੇ ਗੱਲ ਕਰਦਿਆਂ ਹੀ ਵੈਨ ਖੱਬੇ ਮੋੜੀ ਤੇ ਇੱਕ ਸਟੋਰ ਅੱਗੇ ਜਾ ਰੋਕੀ। ਬੂਟੇ ਨੇ ਇਸ਼ਾਰਾ ਕਰਕੇ ਮੈਨੂੰ ਨਾਲ ਤੋਰ ਲਿਆ, ਫੁੱਫੜ ਵੀ ਨਾਲ ਤੁਰ ਪਿਆ। ਬੂਟੇ ਨੇ ਗਲੋ ਦਾ ਡੱਬਾ ਚੁੱਕਿਆ, ਇੱਕ ਸੀਮਿੰਟ ਦਾ ਥੈਲਾ ਮੈਨੂੰ, ਇੱਕ ਫੁੱਫੜ ਨੂੰ ਤੇ ਇੱਕ ਆਪ ਚੁੱਕ ਕੇ ਬਾਹਰ ਆ ਗਏ। ਤਜ਼ਮੱਲ ਦੋ ਕਿੱਲਾਂ ਦੇ ਡੱਬੇ ਚੁੱਕੀ ਆਇਆ ਤਾਂ ਬੂਟਾ ਇਕਦਮ ਬੋਲਿਆ, ‘‘ਬੱਲੇ ਬੱਲੇ… ਬਈ ਕਿੱਲਾਂ ਦਾ ਤਾਂ ਮੈਨੂੰ ਚੇਤਾ ਈ ਨੀਂ… ਆਹ ਤਾਂ ਚੰਗਾ ਕੀਤਾ।’’
ਵੱਡਾ ਪੁਲ ਲੰਘ ਕੇ ਮਨਹੱਟਨ ਸ਼ੁਰੂ ਹੁੰਦਾ ਸੀ। ਉੱਚੀਆਂ-ਉੱਚੀਆਂ ਇਮਾਰਤਾਂ, ਸਿੱਧੀਆਂ-ਚੌੜੀਆਂ ਸੜਕਾਂ, ਸੱਜੇ ਅਸਮਾਨ ਨੂੰ ਛੂੰਹਦਾ ਟਾਵਰ ਤੇ ਇਨ੍ਹਾਂ ਸਾਰੀਆਂ ਇਮਾਰਤਾਂ ਦੇ ਹੇਠਾਂ ਵਿਛਿਆ ਰੇਲਵੇ ਲਾਈਨਾਂ ਦਾ ਜਾਲ।
ਟੂ ਥਰਟੀ ਫੋਰ ’ਤੇ ਇੱਕ ਇਮਾਰਤ ਦੀ ਛੱਤ ਉਪਰ ਮੁਰੰਮਤ ਦਾ ਕੰਮ ਸੀ। ਸਤੰਬਰ ਅਕਤੂਬਰ ਵਿੱਚ ਬਰਫ਼ ਪੈਣ ਲੱਗ ਜਾਣੀ ਸੀ ਜਿਸ ਤੋਂ ਬਚਾਅ ਲਈ ਛੱਤਾਂ ਦਾ ਠੀਕ ਹੋਣਾ ਜ਼ਰੂਰੀ ਸੀ। ਤਜ਼ਮੱਲ ਨੇ ਗੱਡੀ ਅਜੇ ਅੰਦਰ ਖੜ੍ਹੀ ਹੀ ਕੀਤੀ ਸੀ ਕਿ ਦੂਜੀ ਵੈਨ ਵੀ ਪਹੁੰਚ ਗਈ। ਸਾਰੇ ਬੰਦਿਆਂ ਨੇ ਦੋਵਾਂ ਵੈਨਾਂ ’ਚੋਂ ਸਾਮਾਨ ਬਾਹਰ ਰੱਖਿਆ ਤੇ ਫਿਰ ਕੁਝ ਸਾਮਾਨ ਤਾਂ ਲਿਫਟ ਰਾਹੀਂ ਚਲਾ ਗਿਆ, ਵੱਡੇ ਰੂਲੇ ਸਭ ਨੇ ਮਿਲ ਕੇ ਚੁੱਕੇ ਤੇ ਪੌੜੀਆਂ ਰਾਹੀਂ ਛੱਤ ’ਤੇ ਲੈ ਆਏ। ‘‘ਰੂਲੇ ਹੌਲੀ ਛੱਤ ’ਤੇ ਰੱਖਣੇ ਆਂ… ਸਾਰੀਆਂ ਛੱਤਾਂ ਲੱਕੜੀਆਂ ਦੀਆਂ ਹੁੰਦੀਆਂ,’’ ਬੂਟੇ ਨੇ ਮੇਰੇ ਕੰਨ ਵਿੱਚ ਆਖਿਆ। ਛੱਤਾਂ ਉਪਰ ਪੱਚੀ-ਪੱਚੀ ਫੁੱਟ ਚੌੜੀ ਰਬੜ ਦੀ ਤਹਿ ਵਿਛੀ ਹੋਈ ਸੀ ਜਿਹੜੀ ਬਰਫ਼ ਦੀਆਂ ਦੋ ਰੁੱਤਾਂ ਹੀ ਕੱਢਦੀ। ਚਾਰ-ਪੰਜ ਸਾਲ ਬਾਅਦ ਛੱਤ ਦੀ ਮੁਰੰਮਤ ਕਰਾਉਣੀ ਹੀ ਪੈਂਦੀ ਸੀ।
ਸਾਰੇ ਬੰਦਿਆਂ ਨੇ ਛੱਤ ਉਪਰ ਆ ਕੇ ਕੱਪੜੇ ਬਦਲ ਲਏ। ਪੂਰੀ ਇਮਾਰਤ ਦੀਆਂ ਚਾਰ ਛੱਤਾਂ ਸਨ। ਇਹ ਕੰਮ ਮਹੀਨੇ ਦਾ ਸੀ। ਛੱਤਾਂ ਤੋਂ ਬਿਨਾਂ ਸਾਰੀ ਇਮਾਰਤ ਦੀਆਂ ਪੌੜੀਆਂ ਵਾਲੀਆਂ ਕੰਧਾਂ ਦੀਆਂ ਉਖੜੀਆਂ ਇੱਟਾਂ ਦੀ ਟੀਪ ਵੀ ਕਰਨੀ ਸੀ। ਉਪਰ ਬਨੇਰੇ ਦੇ ਵਾਧਰੇ ਦੇ ਟੁੱਟੇ ਹਿੱਸਿਆਂ ਨੂੰ ਸੀਮਿੰਟ ਦੇ ਮਸਾਲੇ ਨਾਲ ਮੁਰੰਮਤ ਕਰਨਾ ਸੀ। ਇਹ ਕੰਮ ਸੀ ਤਾਂ ਖ਼ਤਰੇ ਵਾਲਾ ਪਰ ਕਰਨਾ ਸੀ, ਤਜ਼ਮੱਲ ਨੇ ਠੇਕਾ ਜੁ ਚੁੱਕਿਆ ਸੀ। ਇਮਾਰਤ ਦੇ ਮੱਥੇ ਨੂੰ ਪੂਰਾ ਸਾਫ਼ ਕਰਕੇ ਉਸ ’ਤੇ ਰੰਗ ਵੀ ਕਰਨਾ ਸੀ, ਤਿੰਨ ਰੰਗੀ ਧਾਰੀ ਵਾਲਾ।
ਬੂਟਾ ਤੇ ਜੀਤ ਬੜੇ ਛੋਹਲੇ ਤੇ ਤਜਰਬੇਕਾਰ ਮਿਸਤਰੀ ਸਨ। ਦੋਵੇਂ ਚਾਰ-ਪੰਜ ਸਾਲ ਤੋਂ ਨਿਊਯਾਰਕ ਵਿੱਚ ਹੀ ਕੰਮ ਕਰ ਰਹੇ ਸਨ। ਬਾਕੀਆਂ ਵਾਂਗ ਉਹ ਵੀ ਏਜੰਟਾਂ ਨੂੰ ਲੱਖਾਂ ਰੁਪਏ ਦੇ ਕੇ ਅਮਰੀਕਾ ਪਹੁੰਚੇ ਸਨ, ਉਹ ਵੀ ਕਈ ਦੇਸ਼ਾਂ ਦੀ ਖਾਕ ਫੱਕ ਕੇ। ਇੱਥੇ ਪਹੁੰਚ ਕੇ ਅਦਾਲਤਾਂ ਵਿੱਚ ਕੇਸ ਪਾ ਦਿੱਤੇ ਪੱਕੇ ਹੋਣ ਲਈ। ਇਨ੍ਹਾਂ ਦੋਵਾਂ ਦੇ ਨਾਲ ਤੀਜਾ ਗੁਰਦੀਪ ਸਿੰਘ ਸੀ ਜਿਹੜਾ ਦੋਵਾਂ ਨਾਲੋਂ ਉਮਰ ਵਿੱਚ ਕੁਝ ਵੱਡਾ ਸੀ। ਇਹ ਤਿੰਨ ਬੰਦੇ ਤਾਂ ਤਜ਼ਮੱਲ ਦੀ ਛੋਟੀ ਜਿਹੀ ਕੰਸਟ੍ਰਕਸ਼ਨ ਕੰਪਨੀ ਦੇ ਇੱਕ ਤਰ੍ਹਾਂ ਪੱਕੇ ਮੁਲਾਜ਼ਮ ਹੀ ਸਨ। ਦੂਜੇ ਪੰਜ-ਛੇ ਤਾਂ ਮੇਰੇ ਵਰਗੇ ਹੀ ਸਨ ‘ਆ ਗਏ ਚਲੇ ਗਏ’। ਤਜ਼ਮੱਲ ਕੋਲ ਦੋ ਵੈਨਾਂ ਸਨ। ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਇਨ੍ਹਾਂ ਵੈਨਾਂ ਵਿਚ ਹੀ ਆਉਂਦੀ। ਵੈਨਾਂ ਰਾਹੀਂ ਹੀ ਕੰਮ ਵਾਲੇ ਬੰਦੇ ਵੀ ਢੋਏ ਜਾਂਦੇ। ਜੇ ਤਜ਼ਮੱਲ ਵਿਹਲਾ ਨਾ ਹੁੰਦਾ ਤਾਂ ਬੂਟਾ ਤੇ ਜੀਤ ਇਹ ਕੰਮ ਕਰਦੇ। ਤਜ਼ਮੱਲ ਕੋਲ ਇੱਕ ਵਧੀਆ ਕਾਰ ਵੀ ਸੀ ਜਿਹੜੀ ਬਹੁਤਾ ਕਰਕੇ ਘਰ ਹੀ ਖੜ੍ਹੀ ਰਹਿੰਦੀ। ਤਜ਼ਮੱਲ ਦਾ ਘਰ ਇਬਰਾਹਿਮ ਲਿੰਕਨ ਪਾਰਕ ਦੇ ਨਾਲ ਲੱਗਦਾ ਸੀ। ਕੁਵੀਨ ਰੋਡ ’ਤੇ, ਦਰਿਆ ਤੋਂ ਪਾਰ।
ਇੱਕ ਦਿਨ ਦੁਪਹਿਰ ਦੀ ਰੋਟੀ ਖਾਣ ਬੈਠੇ ਤਾਂ ਤਜ਼ਮੱਲ ਮੈਨੂੰ ਪੁੱਛਣ ਲੱਗਾ, ‘‘ਕਿਦਾਂ ਚੈਨ ਭਾ ਜੀ, ਚਿੱਤ ਲੱਗ ਗਿਆ ਤੁਹਾਡਾ? ਕੰਮ ’ਚ ਕੋਈ ਮੁਸ਼ਕਲ ਤਾਂ ਨੀਂ ਆ ਰਹੀ?’’
‘‘ਚਿੱਤ ਨੂੰ ਕੀ ਆ ਜੀ… ਕੰਮ ਕਰਨੈ ਤਾਂ ਫਿਰ ਚਿੱਤ ਦੀ, ਦਿਲ ਦੀ ਗੱਲ ਨਾ ਕਰੋ… ਨਾਲੇ ਜੀ ਸਾਰੇ ਤਾਂ ਤੁਸੀਂ ਹੱਸਣ ਖੇਲਣ ਵਾਲੇ ਆਂ… ਕੰਮ ’ਚ ਪਤਾ ਈ ਨੀਂ ਲੱਗਦਾ ਟਾਈਮ ਕਦੋਂ ਬੀਤ ਗਿਆ…’’ ਗੱਲ ਕਰਦਿਆਂ ਮੈਂ ਬੁਰਕੀ ਰੋਕੀ ਰੱਖੀ।
ਅਗਲੇ ਦਿਨ ਤਜ਼ਮੱਲ ਕਾਰ ਲੈ ਕੇ ਆਇਆ। ਮੈਨੂੰ ਬੂਟੇ ਨੇ ਅਗਲੀ ਸੀਟ ’ਤੇ ਬਿਠਾ ਦਿੱਤਾ, ਉਹ ਤੇ ਗੁਰਦੀਪ ਸਿੰਘ ਪਿੱਛੇ ਬੈਠ ਗਏ। ਤਜ਼ਮੱਲ ਨੇ ਕਾਰ ਵੱਡੇ ਪੁਲ ਤੋਂ ਅਜੇ ਲਾਹੀ ਹੀ ਸੀ ਕਿ ਖ਼ਬਰਾਂ ਸੁਣਨ ਲਈ ਆਵਾਜ਼ ਉੱਚੀ ਕਰ ਦਿੱਤੀ ਤੇ ਇਸ਼ਾਰਾ ਕਰਕੇ ਬੋਲਿਆ, ‘‘ਸੁਣੋ ਸੁਣੋ ਯਾਰ… ਬੂਟੇ ਸੁਣ… ਪਲੀਜ਼ ਸਾਇਲੈਂਟ…’’ ਖ਼ਬਰ ਸੁਣ ਕੇ ਮੈਨੂੰ ਧੱਕਾ ਲੱਗਾ ਤੇ ਮੇਰੇ ਮੂੰਹੋਂ ਇਕਦਮ ਨਿਕਲਿਆ, ‘‘…ਹੈਂ! ਨੁਸਰਤ ਚੱਲ ਵਸਿਆ!!’’ ਫਿਰ ਨਾਲ ਹੀ ਤਜ਼ਮੱਲ ਨੇ ਜਿਵੇਂ ਲੇਰ ਮਾਰੀ ਹੋਵੇ, ‘‘ਵੈਰੀ ਸੈਡ! ਬੜੀ ਮਾੜੀ ਖ਼ਬਰ ਆ।’’ ਕਹਿੰਦਿਆਂ ਉਹਨੇ ਕਾਰ ਹੌਲੀ ਕਰਕੇ ਇੱਕ ਪਾਸੇ ਨੂੰ ਕਰਕੇ ਰੋਕ ਲਈ। ਖ਼ਬਰ ਸੁਣ ਕੇ ਬੂਟਾ ਤੇ ਗੁਰਦੀਪ ਸਿੰਘ ਵੀ ਸ਼ਾਂਤ ਹੋ ਗਏ। ਤਜ਼ਮੱਲ ਸਟੇਅਰਿੰਗ ’ਤੇ ਸਿਰ ਰੱਖ ਕੇ ਦੁੱਖ ਵਿੱਚ ਡੁੱਬ ਗਿਆ।
ਬੜੀ ਦੁੱਖ ਭਰੀ ਖ਼ਬਰ ਸੀ, ਪੂਰੀ ਦੁਨੀਆਂ ਦੇ ਸੰਗੀਤ ਪ੍ਰੇਮੀਆਂ ਲਈ ਵੀ। ਨੁਸਰਤ ਫ਼ਤਹਿ ਅਲੀ ਖਾਨ ਕਿਤੇ ਪਾਕਿਸਤਾਨ ਦਾ ਹੀ ਕਲਾਕਾਰ ਥੋੜ੍ਹੋ ਰਹਿ ਗਿਆ ਸੀ, ਉਹ ਤਾਂ ਪੂਰੀ ਦੁਨੀਆਂ ਦਾ ਕਲਾਕਾਰ ਸੀ। ਨੁਸਰਤ ਦਿਲ ਦਾ ਦੌਰਾ ਪੈਣ ਨਾਲ ਚੱਲ ਵਸਿਆ ਸੀ।
ਦੋ ਕੁ ਮਿੰਟ ਬਾਅਦ ਤਜ਼ਮੱਲ ਨੇ ਸਟੇਅਰਿੰਗ ਤੋਂ ਸਿਰ ਚੁੱਕਿਆ, ਅੱਖਾਂ ਸਾਫ਼ ਕੀਤੀਆਂ, ਕਾਰ ਸਟਾਰਟ ਕੀਤੀ ਤੇ ਤੁਰਨ ਲੱਗਾ ਬੋਲਿਆ, ‘‘ਫਰੈਂਡਜ਼ ਤੁਸੀਂ ਸ਼ਾਇਦ ਨਾ ਜਾਣਦੇ ਹੋਵੋ… ਹੁਣੇ ਖ਼ਬਰ ਸੀ ਮੇਰੇ ਕਜ਼ਨ ਬਰਦਰ ਫੌਤ ਹੋ ਗਏ… ਉਹ ਪ੍ਰਸਿੱਧ ਗਾਇਕ ਸਨ ਨੁਸਰਤ ਸਾਹਬ।’’
‘‘ਕੀ ਗੱਲ ਕਰਦੇ ਓ ਭਾ ਜੀ… ਹੁਣ ਉਹ ਸਿਰਫ਼ ਤੁਹਾਡੇ ਈ ਨੀਂ ਸਾਡੇ ਵੀ ਚਹੇਤੇ ਗਾਇਕ ਸਿਗੇ… ਅਸੀਂ ਤਾਂ ਉਨ੍ਹਾਂ ਦਾ ਕਲਾਮ ਯਾਦ ਕਰੀ ਫਿਰਦੇ ਆਂ… ਮੈਂ ਹੁਣੇ ਪੰਜ ਛੇ ਗ਼ਜ਼ਲਾਂ ਤੇ ਕਵਾਲੀਆਂ ਸੁਣਾ ਸਕਦਾਂ। ਖ਼ਬਰ ਸੁਣ ਕੇ ਤਾਂ ਮੈਨੂੰ ਤੁਹਾਡੇ ਨਾਲੋਂ ਵੀ ਵਧ ਧੱਕਾ ਲੱਗਾ,’’ ਗੱਲ ਕਰਦਿਆਂ ਮੇਰੀਆਂ ਅੱਖਾਂ ਵੀ ਛਲਕ ਪਈਆਂ।
ਕੰਮ ’ਤੇ ਪਹੁੰਚਣ ਤੱਕ ਤਜ਼ਮੱਲ ਨੁਸਰਤ ਦੀਆਂ ਗੱਲਾਂ ਕਰੀ ਗਿਆ, ‘‘ਭਾਈ ਜਾਨ ਜਦੋਂ ਵੀ ਅਮਰੀਕਾ ਆਉਂਦੇ ਠਹਿਰਦੇ ਮੇਰੇ ਕੋਲ ਈ… ਅੰਮੀ ਜਾਨ ਨਾਲ ਉਨ੍ਹਾਂ ਨੂੰ ਬਹੁਤ ਲਗਾਓ ਸੀ… ਛੋਟਾ ਹੁੰਦਾ ਉਹ ਮੇਰੀ ਅੰਮੀ ਜਾਨ ਨਾਲ ਈ ਸੌਂਦਾ… ਮੇਰੇ ਵੱਡੇ ਭਾਈ ਦਾ ਹਾਣੀ ਸੀ ਨੁਸਰਤ…’’
ਕੰਮ ਵਾਲੀ ਇਮਾਰਤ ਕੋਲ ਆ ਕੇ ਤਜ਼ਮੱਲ ਨੇ ਕਾਰ ਰੋਕੀ, ਮੇਰੇ ਨਾਲ ਹੱਥ ਮਿਲਾ ਕੇ ਕਹਿੰਦਾ, ‘‘ਚੈਨ ਭਾ ਜੀ… ਅੱਜ ਮੂਡ ਬਹੁਤ ਖਰਾਬ ਹੋ ਗਿਆ… ਫਿਰ ਕਿਸੇ ਦਿਨ ਬੈਠਾਂਗੇ… ਅੰਮੀ ਨੂੰ ਵੀ ਕਿਸੇ ਹੋਰ ਢੰਗ ਨਾਲ ਖ਼ਬਰ ਦੇਣੀ ਆਂ। ਓ ਕੇ ਬ੍ਰਦਰ… ਚੰਗਾ ਬਈ ਬੂਟੇ… ਕੰਮ ਦਾ ਧਿਆਨ ਰੱਖਿਓ,’’ ਤੇ ਕਾਰ ਚਲੀ ਗਈ।
ਤਿੰਨ ਹਫ਼ਤਿਆਂ ਵਿੱਚ ਇਮਾਰਤ ਦਾ ਕੰਮ ਸਿਰੇ ਲੱਗਣ ਵਾਲਾ ਸੀ। ਦੋ ਦਿਨ ਤਜ਼ਮੱਲ ਸਾਡੇ ਕੋਲ ਨਹੀਂ ਆਇਆ। ਜੀਤ ਬੰਦੇ ਲਿਆਉਂਦਾ ਲਿਜਾਂਦਾ ਰਿਹਾ। ਤਜ਼ਮੱਲ ਵੈਨ ਲੈ ਕੇ ਆ ਵੀ ਜਾਂਦਾ, ਜਿਹੜਾ ਸਾਮਾਨ ਚਾਹੀਦਾ ਹੁੰਦਾ ਉਹ ਵੀ ਪਹੁੰਚਦਾ ਕਰ ਦਿੰਦਾ ਪਰ ਰਹਿੰਦਾ ਚੁੱਪ ਚੁੱਪ ਹੀ।
ਇਸੇ ਸਮੇਂ ਤਜ਼ਮੱਲ ਨੇ ਨੇੜੇ ਹੀ ਇੱਕ ਹੋਰ ਵੱਡੀ ਇਮਾਰਤ ਦਾ ਕੰਮ ਲੈ ਲਿਆ। ਅਸੀਂ ਤਿੰਨ ਬੰਦੇ ਇਧਰ ਲੱਗੇ ਰਹੇ, ਬਾਕੀ ਨਵੇਂ ਕੰਮ ’ਤੇ ਜਾ ਲੱਗੇ। ਇਸ ਨਵੇਂ ਠੇਕੇ ਲਈ ਤਜ਼ਮੱਲ ਨੂੰ ਮੈਂ ਵਧਾਈ ਦਿੱਤੀ ਤਾਂ ਉਹਨੇ ਹੱਸ ਕੇ ਮੈਨੂੰ ਜੱਫੀ ਪਾ ਲਈ। ਫਿਰ ਕੁਰਸੀ ’ਤੇ ਬੈਠਦਾ ਬੋਲਿਆ, ‘‘ਚੈਨ ਭਾ ਜੀ… ਅੰਮੀ ਜਾਨ ਨੁਸਰਤ ਦਾ ਬਹੁਤ ਦੁੱਖ ਮੰਨਦੇ ਆ… ਗੱਲ ਕਰਦੇ ਕਰਦੇ ਰੋਣ ਲੱਗ ਪੈਂਦੇ ਨੇ… ਬੜੇ ਦੁਖੀ ਆ… ਕੱਲ੍ਹ ਕੰਮ ਘੱਟ ਆ ਤੁਹਾਡਾ… ਤੁਸੀਂ ਕੱਲ੍ਹ ਛੁੱਟੀ ਕਰ ਲਿਓ ਤੇ ਤਿਆਰ ਰਿਹੋ… ਆਪਾਂ ਘਰ ਚੱਲਣਾ… ਘੜੀ ਪਲ ਮਾਤਾ ਨਾਲ ਗੱਲਾਂ ਕਰਨ ਨਾਲ ਉਧਰੋਂ ਉਨ੍ਹਾਂ ਦਾ ਧਿਆਨ ਹਟੇ… ਬੂਟਾ ਸਿੰਘ ਵੀ ਨਾਲ ਚੱਲੂ… ਸਵੇਰੇ ਦਸ ਕੁ ਵਜੇ ਮੇਰੀ ਵੇਟ ਕਰਿਓ।’’
ਅਗਲੇ ਦਿਨ ਮੈਨੂੰ ਤੇ ਬੂਟੇ ਨੂੰ ਤਜ਼ਮੱਲ ਘਰ ਲੈ ਗਿਆ। ਤਜ਼ਮੱਲ ਦੀ ਬੇਗਮ ਪੜ੍ਹੀ ਲਿਖੀ, ਬੜਾ ਘੱਟ ਬੋਲਦੀ ਤੇ ਸਲੀਕੇ ਵਾਲੀ ਔਰਤ ਸੀ। ‘‘ਅੰਮੀ ਜਾਨ ਆਓ… ਤੁਹਾਨੂੰ ਮਿਲਣ ਆਏ ਨੇ…’’ ਤਜ਼ਮੱਲ ਨੇ ਆਵਾਜ਼ ਮਾਰੀ ਤਾਂ ਪਿੱਛੇ ਵਿਹੜੇ ’ਚੋਂ ਸੱਤਰ ਬਹੱਤਰ ਕੁ ਵਰ੍ਹਿਆਂ ਦੀ ਤਜ਼ਮੱਲ ਦੀ ਮਾਂ ਹੌਲੀ-ਹੌਲੀ ਕਦਮ ਪੁੱਟਦੀ ਸਾਡੇ ਵੱਲ ਆਈ ਤਾਂ ਬੂਟੇ ਨੇ ਖੜ੍ਹੇ ਹੋ ਕੇ ਆਖਿਆ, ‘‘ਅੰਮੀ ਜਾਨ ਇਸਲਾਮਾ ਲੈਕਮ…’’
‘‘ਬਾਲੈਕਮ ਸਲਾਮ ਬੂਟੇ ਪੁੱਤਰ… ਬਾਲੈਕਮ ਸਲਾਮ…’’ ਕਹਿੰਦੇ ਹੋਏ ਉਹ ਸਾਡੇ ਨੇੜੇ ਆ ਗਏ ਤਾਂ ਮੈਂ ਉਠ ਕੇ ਖਲੋ ਗਿਆ ਤੇ ਝੁਕ ਕੇ ਉਨ੍ਹਾਂ ਦੇ ਪੈਰੀਂ ਹੱਥ ਲਾਏ, ‘‘ਮੱਥਾ ਟੇਕਦਾਂ ਮਾਂ ਜੀ…’’
‘‘ਸੁਖੀ ਰਓ… ਸੁਖੀ ਰਓ… ਪੁੱਤਰ ਜੁਆਨੀਆਂ ਮਾਣੋ… ਲੰਮੀਆਂ ਉਮਰਾਂ ਹੋਣ… ਪਰਿਵਾਰ ਸੁਖੀ ਵਸੇ,’’ ਮਾਤਾ ਨੇ ਅਸੀਸਾਂ ਦੇ ਕੇ ਜਿਵੇਂ ਮੇਰੀ ਝੋਲੀ ਭਰ ਦਿੱਤੀ ਤੇ ਫਿਰ ਸਾਡੇ ਕੋਲ ਸੋਫੇ ਉਪਰ ਬੈਠ ਗਈ।
ਮੈਂ ਨੁਸਰਤ ਦਾ ਦੁੱਖ ਵੰਡਾਇਆ ਤਾਂ ਮਾਤਾ ਨੇ ਸਿਰ ਦਾ ਦੁਪੱਟਾ ਸੁਆਰਦਿਆਂ ਦੋਵਾਂ ਹੱਥਾਂ ਨੂੰ ਉਪਰ ਚੁੱਕਿਆ ਤੇ ਬੋਲੇ, ‘‘ਪੁੱਤਾ ਜੋ ਅੱਲਾ ਨੂੰ ਮਨਜ਼ੂਰ… ਜੋ ਪਰਵਰਦਗਾਰ ਦੀ ਇੱਛਾ… ਬੰਦਾ ਕੁਸ਼ ਨਹੀਂ ਕਰ ਸਕਦਾ…’’ ਫਿਰ ਕਦੀ ਮੈਂ, ਕਦੀ ਬੂਟਾ ਤੇ ਕਦੀ ਤਜ਼ਮੱਲ ਨੁਸਰਤ ਦੀਆਂ ਗੱਲਾਂ ਕਰੀ ਗਏ। ਫਿਰ ਚਾਹ ਆ ਗਈ ਤੇ ਮਾਤਾ ਲਈ ਜੂਸ ਦਾ ਗਲਾਸ। ਵਿੱਚ ਨੂੰ ਮਾਤਾ ਮੈਨੂੰ ਮੇਰੇ ਪਰਿਵਾਰ ਬਾਰੇ ਪੁੱਛਣ ਲੱਗੀ ਤਾਂ ਮੇਰੀ ਨਿਗ੍ਹਾ ਮਾਤਾ ਦੀ ਖੱਬੀ ਬਾਂਹ ’ਤੇ ਖੁਣੇ ਹੋਏ ਅੱਖਰਾਂ ’ਤੇ ਗਈ… ਇਹੋ ਜਿਹੇ ਹੀ ਅੱਖਰ ਤਾਂ ਮੇਰੀ ਤਾਈ ਜਾਂ ਕਹਿ ਲਓ ਮੇਰੀ ਮਾਸੀ ਮੱਕੋ ਦੀ ਬਾਂਹ ’ਤੇ ਖੁਣੇ ਹੋਏ ਨੇ। ਮੈਂ ਬਹੁਤ ਧਿਆਨ ਨਾਲ ਅੱਖਰਾਂ ਵੱਲ ਦੇਖਦਿਆਂ ਮਾਤਾ ਨੂੰ ਪੁੱਛ ਲਿਆ, ‘‘ਮਾਂ ਜੀ, ਇਹ ਕੀ ਨਾਂ ਖੁਣਿਆ ਹੋਇਆ?’’
‘‘ਪੁੱਤਰ ਇਹ ਮੇਰਾ ਨਾਂ ਜੇ…’’ ਮਾਤਾ ਬੜੇ ਸਹਿਜ ਨਾਲ ਬੋਲੀ ਹੀ ਸੀ। ਇਸੇ ਸਮੇਂ ਤਜ਼ਮੱਲ ਦੀ ਪਤਨੀ ਆ ਕੇ ਬੋਲੀ, ‘‘ਅੰਮੀ ਨੁਸਰਤ ਭਾਈ ਜਾਨ ਉੱਤੇ ਇੰਡੀਆ ਤੋਂ ਬੜਾ ਵਧੀਆ ਪ੍ਰੋਗਰਾਮ ਆ ਰਿਹਾ… ਦੇਖੋ ਆ ਕੇ।’’
‘‘ਹਾਂ ਹਾਂ… ਆਓ ਦੇਖੀਏ…’’ ਕਹਿ ਕੇ ਤਜ਼ਮੱਲ ਦੂਜੇ ਕਮਰੇ ਵੱਲ ਚਲਾ ਗਿਆ, ਮਾਤਾ ਵੀ ਉੱਠ ਕੇ ਉਧਰ ਚਲੀ ਗਈ। ਮੈਂ ਤੇ ਬੂਟਾ ਵੀ ਕੁਰਸੀਆਂ ਉਪਰ ਬੈਠ ਗਏ।
ਬੰਬਈ ਤੋਂ ਪ੍ਰੋਗਰਾਮ ਆ ਰਿਹਾ ਸੀ। ਗੁਲਜ਼ਾਰ ਫ਼ਿਲਮਾਂ ਵਾਲਾ, ਅਮਿਤਾਭ ਤੇ ਹੋਰ ਨੁਸਰਤ ਦੇ ਤੁਰ ਜਾਣ ’ਤੇ ਦੁੱਖ ਪ੍ਰਗਟ ਕਰ ਰਹੇ ਸਨ, ਗਾਇਕ ਵੀ ਬੋਲ ਰਹੇ ਸਨ।
ਬੂਟਾ ਸਿੰਘ ਉੱਠ ਪਿਆ ਤੇ ਬੋਲਿਆ, ‘‘ਮੈਂ ਤਾਂ ਸਵੇਰੇ ਈ ਦੇਖ ਕੇ ਹਟਿਆਂ… ਛੇ ਵਜੇ ਆ ਰਿਹਾ ਸੀ…। ਤਜ਼ਮੱਲ ਇਹ ਦੇਖ ਕੇ ਸਾਨੂੰ ਵਰਲਡ ਟਰੇਡ ਸੈਂਟਰ ਤੱਕ ਛੱਡਦੇ… ਉੱਥੋਂ ਫਿਰ ਅਸੀਂ ਸਟੈਚੂ ਆਫ਼ ਲਿਬਰਟੀ ਦੇਖਣ ਜਾਣਾ… ਚੈਨ ਭਾ ਜੀ ਨੂੰ ਦੋ ਚਾਰ ਥਾਵਾਂ ਤਾਂ ਘੁਮਾ ਦੇਈਏ… ਨੀਂ ਇਹ ਵੀ ਜਾ ਕੇ ਰੇਸ਼ਮ ਵਾਂਗ ਕਹਿਣਗੇ… ਲੈ ਕੀ ਆ ਯਾਰ, ਚੁੱਕੀ ਫਿਰਦੇ ਆ ਅਮਰੀਕਾ… ਉਹਦੇ ਨਾਲੋਂ ਤਾਂ ਸਾਡੀ ਦਿੱਲੀ ਬੜੀ ਹਾਲੇ ਦੀ ਆ…’’
ਤਜ਼ਮੱਲ ਤੇ ਬੂਟਾ ਹੱਸਦੇ ਹੋਏ ਬਾਹਰ ਆ ਗਏ। ਮੈਂ ਮਾਤਾ ਦੇ ਪੈਰ ਛੂਹ ਕੇ ਤਜ਼ਮੱਲ ਦੀ ਬੇਗਮ ਨੂੰ ਸਲਾਮ ਬੁਲਾ ਕੇ ਬਾਹਰ ਆ ਗਿਆ।
ਕਈ ਇਤਿਹਾਸਕ ਥਾਵਾਂ ਦੇਖ ਕੇ ਜਦੋਂ ਅਸੀਂ ਟਰੇਨ ਵਿੱਚ ਬੈਠੇ ਤਾਂ ਸੂਰਜ ਛਿਪ ਗਿਆ ਸੀ।
‘‘ਚੈਨ ਭਾ ਜੀ… ਜਿਹੜਾ ਤੁਸੀਂ ਮਾਂ ਜੀ ਕੋਲੋਂ ਬਾਂਹ ’ਤੇ ਖੁਣੇ ਨਾਂ ਬਾਰੇ ਪੁੱਛਿਆ ਸੀ… ਮੈਂ ਵੀ ਇੱਕ ਵਾਰੀ ਪੁੱਛ ਲਿਆ ਸੀ… ਮਾਤਾ ਨੇ ਨਾਂ ਤਾਂ ਦੱਸਿਆ ਸੀ… ਹੁਣ ਤਾਂ ਭੁੱਲ ਭੁਲਾ ਗਿਆ… ਲਾਹੌਰ ਦੇ ਨੇੜੇ ਈ ਸੀ ਕਹਿੰਦੇ ਸਾਡਾ ਪਿੰਡ… ਕੀ ਨਾਂ ਆਂ ਦਰਿਆ ਦਾ… ਹਾਂ ਰਾਵੀ ਦੇ ਕੰਢੇ ਹੁਣ ਤਾਂ ਕਹਿੰਦੇ ਸੀ ਸ਼ਹਿਰ ਬਣ ਗਿਆ ਹੁਸੈਨਪੁਰ। ਚੱਲੋ ਆਓ ਇੱਥੇ ਆਪਾਂ ਨੂੰ ਟਰੇਨ ਬਦਲਣੀ ਪੈਣੀ ਆਂ… ਛੇਤੀ ਆ ਜਾਓ…’’ ਤੇ ਅਸੀਂ ਕਾਹਲੀ ਕਾਹਲੀ ਡੱਬੇ ’ਚੋਂ ਉਤਰ ਕੇ ਦੂਜੇ ਤਿਆਰ ਖੜ੍ਹੇ ਡੱਬੇ ਵਿੱਚ ਜਾ ਚੜ੍ਹੇ।
ਡੱਬੇ ਵਿੱਚ ਭੀੜ ਸੀ, ਸਾਨੂੰ ਸੀਟ ਨਹੀਂ ਮਿਲੀ। ਅਸੀਂ ਇੱਕ-ਦੂਜੇ ਤੋਂ ਦੂਰ-ਦੂਰ ਖੜ੍ਹੇ ਸੀ। ਛੇਤੀ ਹੀ ਕਰੋਨਾ ਦਾ ਸਟੇਸ਼ਨ ਆ ਗਿਆ ਤਾਂ ਇੱਕ ਤਰ੍ਹਾਂ ਡੱਬਾ ਖਾਲੀ ਹੀ ਹੋ ਗਿਆ।
‘‘ਬੂਟਾ ਸਿਆਂ, ਬਈ ਆਪਣੇ ਤਾਂ ਏਥੇ ਅੱਠ ਵੱਜਣ ਲੱਗੇ ਆ ਰਾਤ ਦੇ… ਆਪਣੇ ਇੰਡੀਆ ਭਲਾ ਕੀ ਟਾਈਮ ਹੋਊ?’’ ਸਟੇਸ਼ਨ ਦੀਆਂ ਪੌੜੀਆਂ ਉਤਰਦਿਆਂ ਮੈਂ ਬੂਟੇ ਨੂੰ ਪੁੱਛਿਆ।
‘‘ਉੱਥੇ ਭਾ ਜੀ ਐਸ ਵੇਲੇ… ਅੰਮ੍ਰਿਤ ਵੇਲਾ ਹਊ… ਸੱਤ ਦੇ ਕਰੀਬ।’’
‘‘ਮੈਂ ਯਾਰ ਫੋਨ ਕਰਨਾ ਸੀ ਇੰਡੀਆ।’’
‘‘ਕਰੋ ਕਰੋ… ਆਓ ਮੈਂ ਤੁਹਾਨੂੰ ਦੁਕਾਨ ਦੱਸਦਾ, ਉੱਥੋਂ ਕਰ ਲਓ।’’
ਹੇਠਾਂ ਆ ਕੇ ਬੂਟੇ ਨੇ ਮੈਨੂੰ ਇੱਕ ਦੁਕਾਨ ’ਚ ਵਾੜ ਦਿੱਤਾ, ‘‘ਚੈਨ ਭਾ ਜੀ, ਲਓ ਕਰੋ ਫੋਨ, ਮੈਂ ਨਾਲ ਵਾਲੀ ਦੁਕਾਨ ਤੋਂ ਅੱਜ ਵਾਲੀ ਅਖ਼ਬਾਰ ਚੁੱਕ ਲਵਾਂ।’’
ਮੈਂ ਦੁਕਾਨ ਦੇ ਅੰਦਰ ਆ ਕੇ, ਮੁੰਡੇ ਨੂੰ ਨੰਬਰ ਦਿੱਤਾ। ਦੋ ਕੁ ਵਾਰੀ ਮਿਲਾਉਣ ਨਾਲ ਨੰਬਰ ਮਿਲ ਗਿਆ, ‘‘ਭਾਬੀ ਮੈਂ ਆ ਸੁਖਚੈਨ… ਤਾਏ ਜਾਂ ਤਾਈ ਨੂੰ ਫੋਨ ਦੇਈਂ… ਕੀ ਹੋਇਆ? ਦੋਵੇਂ ਰੁੜਕੇ ਨੂੰ ਗਏ ਆ… ਚਲੋ ਮੈਂ ਕੱਲ੍ਹ ਨੂੰ ਐਸ ਵੇਲੇ ਈ ਕਰੂੰ… ਬਹੁਤ ਜ਼ਰੂਰੀ ਗੱਲ ਕਰਨੀ ਆ… ਤਾਏ ਨੂੰ ਕਿਹੋ ਘਰ ਈ ਰਹੇ।’’
ਮੇਰਾ ਚਿੱਤ ਖਰਾਬ ਹੋ ਗਿਆ। ਜਿਸ ਗੱਲ ਨੇ ਮੈਨੂੰ ਦੁਪਹਿਰ ਦੀ ਤੋੜ ਖੋਹੀ ਲਾਈ ਹੋਈ ਸੀ ਉਹਨੇ ਹੁਣ ਮੇਰਾ ਕਾਲਜਾ ਹੋਰ ਤਪਾ ਦਿੱਤਾ।
ਅਗਲੇ ਦਿਨਾਂ ਵਿੱਚ ਕੰਮ ਤੋਂ ਮੁੜਦੇ ਨੇ ਮੈਂ ਦੋ ਤਿੰਨ ਵਾਰੀ ਇੰਡੀਆ, ਘਰ ਫੋਨ ਕੀਤਾ ਪਰ ਲਾਇਨ ਹੀ ਨਹੀਂ ਸੀ ਮਿਲਦੀ। ਮੈਂ ਦੋ ਵਾਰੀ ਫਿਰ ਤਜ਼ਮੱਲ ਦੇ ਘਰ ਵੀ ਜਾ ਕੇ ਵੇਖ ਲਿਆ। ਮਾਤਾ ਦੇ ਪੈਰੀਂ ਹੱਥ ਲਾ ਕੇ ਮੇਰੀ ਨਿਗ੍ਹਾ ਸਿੱਧੀ ਬਾਂਹ ਉਪਰ ਖੁਣੇ ਅੱਖਰਾਂ ’ਤੇ ਜਾਂਦੀ।
ਕਿਤੇ ਦਸੀਂ ਦਿਨੀਂ ਜਾ ਕੇ ਤਾਏ ਨਾਲ ਗੱਲ ਹੋਈ, ‘‘ਤਾਇਆ ਜੀ, ਜਿਹੜੀ ਤੁਸੀਂ ਕਦੀ-ਕਦੀ ਮੇਰੀ ਮਾਂ ਦੀ ਗੱਲ ਕਰਦੇ ਹੁੰਦੇ ਆਂ ਪਈ ਉਹਦੀ ਖੱਬੀ ਬੀਣੀ ਉੱਤੇ ਨਾਂ ਖੁਣਿਆ ਸੀ। ਤੁਹਾਨੂੰ ਯਾਦ ਹੋਣਾ ਉਹ ਉਰਦੂ ਅੱਖਰ ਸੀ ਜਾਂ ਪੰਜਾਬੀ?’’ ਮੇਰੀ ਗੱਲ ਸੁਣ ਕੇ ਤਾਇਆ ਹੱਸ ਪਿਆ ਤੇ ਕਹਿਣ ਲੱਗਾ, ‘‘ਓਏ ਕਮਲਿਆ ਹੈਥੇ ਅਮਰੀਕਾ ਵਿੱਚ ਜਾ ਕੇ ਕਿੱਥੇ ਤੈਨੂੰ ਉਹਦੀ ਯਾਦ ਆ ਗਈ ਮਾੜੇ ਕਰਮਾਂ ਵਾਲੀ ਦੀ… ਉਦੋਂ ਅਸੀਂ ਦੋਵੇਂ ਭਰਾ ਤੇ ਇਹ ਦੋਵੇਂ ਭੈਣਾਂ, ਨੂੰ ਲੈ ਕੇ ਰਾਵੀ ਕੰਢੇ ਚਲੇ ਗਏ ਵਿਸਾਖੀ ਨਾਹੁਣ… ਉੱਥੇ ਮੇਲੇ ’ਤੇ ਦੋਵਾਂ ਨੇ ਨਾ ਖੁਣਵਾਏ ਸੀ… ਤੇਰੀ ਤਾਈ ਤਾਂ ਉਨ੍ਹਾਂ ਅੱਖਰਾਂ ਨੂੰ ਦੇਖ ਕੇ ਹੁਣ ਵੀ ਕੀਰਨੇ ਪਾਉਣ ਬਹਿਜੂ ਅੱਕੋ ਦੇ ਨਾਂ ਨੂੰ… ਪੁੱਤ ਤੇਰੀ ਮਾਂ ਨੂੰ ਲੱਭਣ ਗਿਆ ਤੇਰਾ ਭਾਈਆ ਲਾਭਾ ਮੁੜਿਆ ਨਈਂ ਅੱਜ ਤੱਕ… ਕਿਤੇ ਮਰ ਖਪ ਗਿਆ ਕਮਲਾ… ਜਦੋਂ ਰੌਲਿਆਂ ਵੇਲੇ ਆਪਣੇ ਘਰਾਂ ’ਤੇ ਹੱਲਾ ਬੋਲਿਆ ਉਦੋਂ ਅੱਕੋ ਕੋਠਿਉਂ ਉਤਰਦੀ ਕਿਤੇ ਉੱਕ ਗਈ… ਬਈ ਕਮਲੀਏ ਤੂੰ ਨਾ ਈ ਹੇਠਾਂ ਉੱਤਰ…। …ਓਸ ਹੱਲੇ ਵਿੱਚ ਕਈ ਕੁੜੀਆਂ-ਬੁੜੀਆਂ ਚੁੱਕ ਕੇ ਲੈ ਗਏ ਸੀ… ਤੇਰੀ ਤਾਈ ਮੱਕੋ ਤਾਂ ਕਬੂਲਪੁਰ ਗਈ ਹੋਣ ਕਰਕੇ ਬਚ ਗਈ… ਅਸੀਂ ਘਰਾਂ ਦੇ ਸਾਰੇ ਮਰਦ ਲਾਗਲੇ ਜੰਗਲ ਵੱਲ ਗਏ ਸੀ ਬਾਘ ਨੂੰ ਮਾਰਨ। ਉਦੋਂ ਹੱਲੇ ਵਿੱਚ ਅੱਕੋ ਦੇ ਨਾਲ ਸਾਡੀ ਮਾਂ ਵੀ ਗਈ, ਦੋਵੇਂ ਭੈਣਾਂ ਵੀ ਗਈਆਂ… ਲੈ ਗਏ ਅਗਲੇ ਚੁੱਕ ਕੇ।’’
‘‘ਅੱਛਾ ਤਾਇਆ… ਮੇਰੇ ਪੈਹੇ ਮੁੱਕ ਗਏ… ਫੇਰ ਕਰੂੰ ਗੱਲ।’’ ਮੈਂ ਫੋਨ ਬੰਦ ਕਰ ਦਿੱਤਾ।
ਅਗਲੇ ਦਿਨਾਂ ’ਚ ਫੋਨ ਹੀ ਨਾ ਕਰ ਹੋਇਆ। ਮੈਂ ਤਜ਼ਮੱਲ ਦੀ ਮਾਂ ਨੂੰ ਮਿਲ ਤਾਂ ਦੋ ਵਾਰੀ ਆਇਆ ਪਰ ਬਹੁਤੀ ਗੱਲ ਨਾ ਹੋਈ। ਗੱਲ ਮੈਂ ਕਰਦਾ ਵੀ ਕੀ। ਮਾਤਾ ਵੀ ਮੈਨੂੰ ਕੀ ਪੁੱਛਦੀ… ਬੱਸ ਰੌਲਿਆਂ ਵੇਲੇ ਦੀਆਂ ਹੀ ਉਹ ਗੱਲਾਂ ਕਰਦੀ। ਜਾਂ ਤਜ਼ਮੱਲ, ਤਜ਼ਮੱਲ ਤੋਂ ਵੱਡੇ ਨਜ਼ੀਰ ਤੇ ਧੀ ਸਲਮਾ ਦੀਆਂ। ਉਹ ਦੋਵੇਂ ਵੀ ਅਮਰੀਕਾ ਵਿੱਚ ਹੀ ਸਨ। ਨਜ਼ੀਰ ਕੈਲੇਫੋਰਨੀਆ ਤੇ ਸਲਮਾ ਸ਼ਿਕਾਗੋ ਕੋਲ ਇੱਕ ਸ਼ਹਿਰ ਵਿੱਚ।
ਇੰਡੀਆ ਜਾਣ ਲਈ ਮੇਰਾ ਹਫ਼ਤਾ ਰਹਿ ਗਿਆ ਸੀ। ਇੱਕ ਦਿਨ ਸ਼ਾਮ ਨੂੰ ਆ ਕੇ ਮੈਂ ਆਪਣਾ ਅਟੈਚੀ ਕੱਢ ਕੇ ਵਿਚਲੀਆਂ ਚੀਜ਼ਾਂ ਸੈੱਟ ਕਰ ਕੇ ਰੱਖਣ ਲੱਗਾ। ਗੋਗੀ ਤੇ ਲੱਖੇ ਨੇ ਮੱਲੋਮੱਲੀ ਕਈ ਚੀਜ਼ਾਂ ਖਰੀਦ ਕੇ ਲਿਆ ਦਿੱਤੀਆਂ ਸਨ। ਸਾਰੀਆਂ ਚੀਜ਼ਾਂ ਦੇ ਥੱਲੇ ਪਿਆ ਤਹਿ ਲੱਗਾ ਸੂਟ ਮੈਂ ਬਾਹਰ ਕੱਢ ਲਿਆ। ਇਹ ਸੂਟ ਮੇਰੀ ਪਤਨੀ ਨੇ ਆਪਣੀ ਭੂਆ ਵਾਸਤੇ ਪੈਕ ਕਰਕੇ ਰੱਖਿਆ ਸੀ। ਮੈਨੂੰ ਲੱਖੇ ਨੇ ਦੱਸਿਆ ਸੀ ਉਹ ਸ਼ਹਿਰ ਤਾਂ ਡੇਢ ਸੌ ਮੀਲ ਦੂਰ ਹੈ। ਉੱਥੇ ਜਾਣ ਤੋਂ ਮੈਂ ਘੇਸਲ ਵੱਟ ਲਈ ਸੀ। ਹੁਣ ਸੂਟ ਵੱਲ ਵੇਖ ਕੇ ਮੈਂ ਸੋਚਿਆ ਇਹ ਸੂਟ ਕਿਉਂ ਨਾ ਤਜ਼ਮੱਲ ਦੀ ਮਾਤਾ ਨੂੰ ਦੇ ਦਿੱਤਾ ਜਾਵੇ।
ਸੂਟ ਕੱਢ ਕੇ ਮੈਂ ਵੱਖਰੇ ਲਿਫ਼ਾਫ਼ੇ ਵਿੱਚ ਰੱਖ ਲਿਆ।
ਤਜ਼ਮੱਲ ਨੂੰ ਮੈਂ ਸਵੇਰੇ ਕੰਮ ’ਤੇ ਆਉਂਦਿਆਂ ਹੀ ਦੱਸ ਦਿੱਤਾ ਸੀ ਕਿ ਆਉਂਦੇ ਬੁੱਧਵਾਰ ਨੂੰ ਮੈਂ ਇੰਡੀਆ ਲਈ ਜਹਾਜ਼ੇ ਜਾ ਬੈਠਣਾ। ਦੁਪਹਿਰੇ ਇੱਕ ਵੀਹ ਵਾਲੀ ਫਲਾਈਟ ਏ, ਮੇਰੀ ਇੱਛਾ ਹੈ ਮੈਂ ਜਾਣ ਤੋਂ ਪਹਿਲਾਂ ਮਾਤਾ ਜੀ ਨੂੰ ਇੱਕ ਵਾਰੀ ਹੋਰ ਮਿਲ ਲਵਾਂ… ਫੇਰ ਕਈ ਵਾਰੀ ਟਾਈਮ ਨਈਂ ਲੱਗਦਾ ਹੁੰਦਾ।
ਸ਼ਾਮ ਨੂੰ ਤਜ਼ਮੱਲ ਦੇ ਨਾਲ ਜਾ ਕੇ ਜਦੋਂ ਮੈਂ ਸੂਟ ਮਾਂ ਜੀ ਨੂੰ ਭੇਟ ਕੀਤਾ ਉਹਨੇ ਹੈਰਾਨ ਹੋ ਕੇ ਮੇਰੇ ਵੱਲ ਦੇਖਿਆ ਤੇ ਬੋਲੀ, ‘‘ਪੁੱਤਰ, ਆਹ ਕੀ? ਤੂੰ ਤਾਂ ਬਰਖੁਰਦਾਰ ਸਾਡਾ ਮਹਿਮਾਨ ਆ… ਕੋਈ ਤੋਹਫ਼ਾ, ਕੋਈ ਲੈਣ-ਦੇਣ ਤਾਂ ਅਸੀਓਂ ਕਰਨਾ ਏ… ਪੁੱਤਰ ਸਾਡੇ ਉੱਤੇ ਕਾਹਨੂੰ ਬੋਝ ਪਾਉਂਦੇ ਜੇ…।’’
‘‘ਮਾਂ ਜੀ! ਆਪਣੇ ਧੀਆਂ ਪੁੱਤਰਾਂ ਦਾ ਕੋਈ ਬੋਝ ਨਈਂ ਹੁੰਦਾ… ਮੇਰਾ ਦਿਲ ਕਰਦਾ ਸੀ ਮੈਂ ਤੁਹਾਨੂੰ ਕੁਸ਼ ਦੇਵਾਂ…। ਬੁੱਧਵਾਰ ਮੈਂ ਚਲੇ ਜਾਣਾ।’’
‘‘ਲਓ ਦੱਸੋ ਤਾਂ… ਏਥੇ ਹੀ ਰਹਿ ਪਓ ਪੁੱਤਰਾ… ਭਲਾ ਅਮਰੀਕਾ ਆ ਕੇ ਪਿਛਾਂਹ ਵੀ ਕੋਈ ਮੁੜਦਾ ਜੇ?’’
‘‘ਚਲੋ ਫਿਰ ਦੇਖੂੰਗਾ… ਕੋਈ ਨਾ ਕੋਈ ਸਬੱਬ ਬਣਾਵਾਂਗੇ,’’ ਕਹਿ ਕੇ ਮੈਂ ਤੁਰ ਪਿਆ। ਤਜ਼ਮੱਲ ਮੈਨੂੰ ਮੈਟਰੋ ਵਿੱਚ ਬਿਠਾ ਗਿਆ।
ਮੰਗਲਵਾਰ ਸ਼ਾਮ ਨੂੰ ਹੀ ਤਜ਼ਮੱਲ ਨੇ ਹਰਨੇਕ ਨੂੰ ਕਹਿ ਦਿੱਤਾ ਕਿ ਸੁਖਚੈਨ ਭਾਜੀ ਨੂੰ ਮੈਂ ਏਅਰਪੋਰਟ ’ਤੇ ਛੱਡ ਕੇ ਆਵਾਂਗਾ, ਤੁਹਾਨੂੰ ਐਵੇਂ ਦਿਹਾੜੀ ਖਰਾਬ ਕਰਨ ਦੀ ਲੋੜ ਨਈਂ, ਮੇਰੇ ਨਾਲ ਬੂਟਾ ਵੀ ਜਾਊ।’’
ਸਵੇਰੇ ਗਿਆਰਾਂ ਕੁ ਵਜੇ ਹੀ ਤਜ਼ਮੱਲ ਮੇਰੇ ਕੋਲ ਪਹੁੰਚ ਗਿਆ। ਮੈਂ ਅਟੈਚੀ ਵਿੱਚ ਸਾਮਾਨ ਟਿਕਾ ਦਿੱਤਾ ਤਾਂ ਉਹ ਕਹਿੰਦਾ, ‘‘ਸੁਖਚੈਨ ਭਾ ਜੀ, ਅੰਮੀ ਜਾਨ ਨੇ ਤੁਸਾਂ ਨੂੰ ਕੁਝ ਦੇਣਾ ਜੇ… ਅਟੈਚੀ ’ਚ ਥਾਂ ਕਰ ਲਓ…।’’
ਮੈਂ ਹੱਸ ਪਿਆ ਤੇ ਕਿਹਾ, ‘‘ਮਾਂ ਜੀ ਬੱਸ ਆਸ਼ੀਰਵਾਦ ਦੇ ਦੇਣ… ਲੈਣਾ ਮੈਂ ਕੁੁਝ ਨਈਂ।’’ ਚੱਕ-ਥੱਲ ਕਰਦੇ ਅਸੀਂ ਤੁਰ ਹੀ ਪਏ। ਘਰ ਦੇ ਅੱਗੇ ਪਾਰਕ ਵਿੱਚ ਹੀ ਬੂਟਾ ਤੇ ਮਾਂ ਜੀ ਕੁਰਸੀਆਂ ’ਤੇ ਬੈਠੇ ਜਿਵੇਂ ਸਾਡੀ ਹੀ ਉਡੀਕ ਕਰ ਰਹੇ ਸਨ। ਤਜ਼ਮੱਲ ਨੇ ਗੱਡੀ ਰੋਕੀ, ਮੈਂ ਤੇ ਉਹ ਘਰ ਦੇ ਗੇਟ ਵੱਲ ਵਧੇ। ਮੈਂ ਮਾਂ ਜੀ ਦੇ ਕੋਲ ਖੜ੍ਹ ਗਿਆ। ਤਜ਼ਮੱਲ ਦੀ ਪਤਨੀ ਨੇ ਮੈਨੂੰ ਹੈਲੋ ਕਿਹਾ। ਇਸੇ ਵੇਲੇ ਮਾਤਾ ਨੇ ਬੜਾ ਭਾਰੀ ਕੱਪੜਿਆਂ ਨਾਲ ਭਰਿਆ ਲਿਫ਼ਾਫ਼ਾ ਮੇਰੇ ਵੱਲ ਕਰਦਿਆਂ ਕਿਹਾ, ‘‘ਲੈ ਪੁੱਤਰ ਤਿਲ-ਫੁਲ ਆ… ਸਾਨੂੰ ਯਾਦ ਰੱਖੀ… ਚੱਲ ਮੈਂ ਤੈਨੂੰ ਛੱਡ ਕੇ ਆਉਂਦੀ ਆਂ… ਚੱਲ ਬਈ ਬੂਟੇ ਤੁਰੋ… ਐਵੇਂ ਆਪਾਂ ਲੇਟ ਨਾ ਹੋਈਏ…।’’
ਅਸੀਂ ਤੁਰ ਪਏ। ਇੱਕ ਮੋੜ ’ਤੇ ਮਾਤਾ ਨੇ ਤਜ਼ਮੱਲ ਨੂੰ ਕਿਹਾ, ‘‘ਤਜ਼ਮੱਲ ਪੁੱਤਰ… ਏਥੋ ਫੜ ਲੈ ਦਵਾਈ ਮੇਰੀ… ਫਿਰ ਤੈਨੂੰ ਯਾਦ ਨਈਂ ਰਹਿਣਾ…।’’
‘‘ਉਹ ਹਾਂ ਅੰਮੀ ਜਾਨ? ਲਓ ਹੁਣੇ ਲਓ,’’ ਤਜ਼ਮੱਲ ਨੇ ਕਾਰ ਮਾਰਕੀਟ ਵੱਲ ਮੋੜੀ ਤੇ ਪਾਰਕਿੰਗ ਵਿੱਚ ਜਾ ਰੋਕੀ, ‘‘ਲਓ ਬੈਠੋ ਤੁਸੀਂ ਮੈਂ ਆਇਆ ਪੰਜ ਮਿੰਟ ’ਚ, ‘‘ਕਹਿੰਦਾ ਹੋਇਆ ਤਜ਼ਮੱਲ ਉੱਤਰ ਕੇ ਸ਼ੋਅਰੂਮਾਂ ਵੱਲ ਚਲਾ ਗਿਆ।
‘‘ਲਓ ਪੁੱਛ ਲਓ ਅੰਮੀ ਜਾਨ ਚੈਨ ਭਾ ਜੀ ਕੋਲੋਂ… ਜਲੰਧਰ ਦੇ ਕੋਲ ਕੰਗਣੀਵਾਲ ਤਾਂ ਇਹ ਬਾਅਦ ’ਚ ਆ ਕੇ ਵਸੇ ਆਂ… ਪਹਿਲਾਂ ਤਾਂ ਹੁਸੈਨਪੁਰ ਹੁੰਦੇ ਸੀ… ਕਿਉਂ ਚੈਨ ਭਾ ਜੀ?’’
‘‘ਕਿਉਂ ਕੀ ਗੱਲ ਹੋਈ?’’ ਮੈਂ ਪੁੱਛਿਆ।
‘‘ਪੁੱਤ ਹੁਸੈਨਪੁਰ ਵਾਲੇ ਲਾਭ ਸਿਹੁੰ ਤੇ ਸਾਹਿਬ ਸਿਹੁੰ ਭਰਾ ਆ…’’ ਮੈਂ ਤ੍ਰਭਕ ਕੇ ਮਾਤਾ ਵੱਲ ਦੇਖਿਆ।
‘‘ਪੁੱਤਰ ਚੈਨ… ਇਨ੍ਹਾਂ ਵਿੱਚ ਤੇਰੇ ਤੇ ਤੇਰੀ ਬੇਗਮ ਦੇ ਕੱਪੜੇ ਆ… ਲਾਭ ਸਿਹੁੰ ਤੇ ਸਾਹਿਬ ਸਿਹੁੰ ਦੇ ਸਫਾਰੀ ਸੂਟ ਆ… ਤੁਸੀਂ ਸਾਰੇ ਜਿਉਂਦੇ ਵਸਦੇ ਰਹੋ… ਇੱਕ ਸੂਟ ਮੀਕੋ ਲਈ ਲਾਲ ਰੰਗ ਦਾ…। ਹੁਣ ਪੁੱਤਰਾ ਜਦੋਂ ਵੀ ਅਮਰੀਕਾ ਆਉਣਾ ਸਿੱਧਾ ਸਾਡੇ ਕੋਲ ਈ ਆਈਂ…’’
ਮੈਂ ਕੀ ਬੋਲਦਾ… ਮੈਨੂੰ ਨਾ ਤਾਂ ਕੁਝ ਦਿਸ ਰਿਹਾ ਸੀ ਨਾ ਜ਼ਬਾਨ ਹੀ ਹਿੱਲ ਰਹੀ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਪ੍ਰੇਮ ਗੋਰਖੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ