Tutta Hoia Sira (Punjabi Story) : Sukhbir
ਟੁੱਟਾ ਹੋਇਆ ਸਿਰਾ (ਕਹਾਣੀ) : ਸੁਖਬੀਰ
ਉਸ ਦਿਨ ਫੇਰ ਮਾਂ ਨੇ ਬੜੀ ਫ਼ਿਕਰਮੰਦ ਹੋ
ਕਿ ਮੇਰੇ ਨਾਲ ਨਾਲ ਤੋਸ਼ੀ ਦੇ ਰਿਸ਼ਤੇ ਦੀ ਗੱਲ
ਛੇੜੀ, "ਤੈਨੂੰ ਤਾਂ ਜਿਵੇਂ ਕੋਈ ਫ਼ਿਕਰ ਹੀ ਨਹੀਂ।
ਇਨੀ ਵੱਡੀ ਹੋ ਗਈ ਏ। ਇਸ ਕੱਤਕ ਤੋਂ ਵੀਹਵਾਂ
ਲਗ ਗਿਆ ਏ। ਹੁਣ ਹੋਰ ਨਹੀਂ ਮੈਂ ਉਡੀਕ
ਸਕਣਾ।"
ਅਸਲ ਵਿਚ, ਤੋਸ਼ੀ ਦੇ ਰਿਸ਼ਤੇ ਬਾਰੇ ਮੈਨੂੰ
ਫ਼ਿਕਰ ਸੀ ਵੀ, ਤੇ ਨਹੀਂ ਵੀ। ਹਾਲੀਂ ਉਹ ਪੜ੍ਹ
ਰਹੀ ਸੀ। ਮੈਂ ਸੋਚਦਾ ਕਿ ਉਹ ਬੀ.ਏ. ਕਰ ਲਏ,
ਸਗੋਂ ਐਮ.ਏ. ਕਰ ਲਏ, ਫੇਰ ਹੀ ਕਿਤੇ ਰਿਸ਼ਤਾ
ਕੀਤਾ ਜਾ ਸਕਦਾ ਹੈ। ਨਾਲੇ, ਉਹ ਮੈਨੂੰ ਇਨੀ
ਮਾਸੂਮ ਜਿਹੀ ਲਗਦੀ ਕਿ ਕਦੇ ਏਡੀ ਵਡੀ ਜਾਪੀ
ਹੀ ਨਹੀਂ ਸੀ ਕਿ ਉਸ ਦੇ ਰਿਸ਼ਤੇ ਦਾ ਖ਼ਾਸ ਫ਼ਿਕਰ
ਹੁੰਦਾ।
ਮਾਂ ਨਾਲ ਗੱਲਾਂ ਕਰਦਿਆਂ ਅਚਾਨਕ ਮੈਨੂੰ
ਅਨੂਪ ਦਾ ਖ਼ਿਆਲ ਆਇਆ ਤੇ ਹੈਰਾਨੀ ਹੋਈ
ਕਿ ਭਲਾ ਇਸ ਤੋਂ ਪਹਿਲਾਂ ਕਦੇ ਉਸ ਦਾ ਖ਼ਿਆਲ
ਕਿਉਂ ਨਹੀਂ ਸੀ ਆਇਆ। ਉਂਜ, ਮਾਂ ਦੇ ਨੁਕਤੇ
ਤੋਂ ਸੋਚਿਆਂ ਉਸ ਦਾ ਖਿਆਲ ਆਉਣਾ ਸੰਭਵ
ਸੀ ਵੀ ਨਹੀਂ।
ਅਨੂਪ ਉਨ੍ਹੀਂ ਦਿਨੀਂ ਹਿੰਦੁਸਤਾਨ ਦੇ ਜੰਗਲੀ
ਇਲਾਕਿਆਂ ਦਾ ਦੌਰਾ ਕਰ ਰਿਹਾ ਸੀ। ਇਹ ਉਸ
ਦਾ ਇਕ ਤਰ੍ਹਾਂ ਦਾ ਝੱਲਪੁਣਾ ਹੀ ਸੀ। ਇਕ ਵਾਰ
ਉਸਨੂੰ ਖ਼ਿਆਲ ਆਇਆ ਕਿ ਉਹ ਇਲਾਕੇ
ਵੇਖਣੇ ਚਾਹੀਦੇ ਹਨ, ਤਾਂ ਕੁਝ ਦਿਨ ਉਨ੍ਹਾਂ
ਇਲਾਕਿਆਂ ਬਾਰੇ ਪੜ੍ਹਦਾ ਰਿਹਾ, ਦੋਸਤਾਂ ਨਾਲ
ਗੱਲਾਂ ਕਰਦਾ ਰਿਹਾ, ਤੇ ਫੇਰ ਇਕ ਦਿਨ ਨੌਕਰੀ
ਛੱਡ ਕੇ ਉਨ੍ਹਾਂ ਇਲਾਕਿਆਂ ਦੇ ਦੌਰੇ 'ਤੇ ਤੁਰ ਪਿਆ।
ਉਹ ਸਾਲ ਭਰ ਦਾ ਪ੍ਰੋਗਰਾਮ ਬਣਾ ਕੇ ਗਿਆ
ਸੀ, ਪਰ ਸੱਤਾਂ ਮਹੀਨਿਆਂ ਪਿਛੋਂ ਹੀ ਪਰਤ
ਆਇਆ। ਉਹ ਮੈਨੂੰ ਮਿਲਿਆ, ਤਾਂ ਮੈਂ ਉਸਨੂੰ
ਪਛਾਣ ਹੀ ਨਾ ਸਕਿਆ। ਉਸ ਦੇ ਚਿਹਰੇ 'ਤੇ
ਦਾੜ੍ਹੀ-ਮੁੱਛਾਂ ਸਨ, ਤੇ ਸਿਰ ਦੇ ਵਾਲ ਵਧੇ ਹੋਏ।
ਦਾੜ੍ਹੀ-ਮੁੱਛਾਂ ਵਿਚ ਉਸ ਦਾ ਚਿਹਰਾ ਭਰਿਆ
ਹੋਇਆ ਲਗ ਰਿਹਾ ਸੀ। ਤੇ ਉਸ ਨੇ ਵਧੀਆ
ਸੂਟ ਪਾਇਆ ਹੋਇਆ ਸੀ। ਅਖ਼ੀਰ, ਜਦ ਮੈਂ
ਉਸਨੂੰ ਪਛਾਣਿਆ, ਤਾਂ ਮੇਰੇ ਮੂੰਹੋਂ ਨਿਕਲਿਆ,
"ਜੰਗਲਾਂ ਵਿਚ ਜਾ ਕੇ ਇਹ ਕੀ ਸ਼ਕਲ ਬਣਾ
ਲਈ ਏ!"
"ਇਸ ਸ਼ਕਲ ਕਰਕੇ ਜੰਗਲੀ ਲੋਕਾਂ ਨਾਲ
ਮਿਲਣ-ਜੁਲਣ ਵਿਚ ਬੜੀ ਮਦਦ ਮਿਲੀ ਏ। ਤੇ
ਫੇਰ, ਉਥੇ ਹਜਾਮਤ ਕਰਨ ਦਾ ਸਮਾਂ ਕਿਥੇ
ਮਿਲਦਾ ਸੀ?"
ਅਸੀਂ ਦੇਰ ਤਕ ਗੱਲਾਂ ਕਰਦੇ ਰਹੇ। ਜੰਗਲੀ
ਇਲਾਕਿਆਂ ਦੇ ਲੋਕਾਂ ਦੀ ਰਹਿਣੀ-ਬਹਿਣੀ,
ਖਾਣ-ਪੀਣ, ਰਸਮਾਂ-ਰਿਵਾਜ਼ਾਂ ਤੇ ਸੱਭਿਅਤਾ ਬਾਰੇ
ਅਨੂਪ ਨੇ ਬੜੀਆਂ ਦਿਲਚਸਪ ਗੱਲਾਂ ਦੱਸੀਆਂ।
ਉਸ ਦੀ ਆਪਣੀ ਜ਼ਿੰਦਗੀ ਵੀ ਕੋਈ ਘਟ
ਦਿਲਚਸਪ ਨਹੀਂ ਸੀ। ਕਦੇ ਅਸੀਂ ਕਾਲਜ ਵਿਚ
ਇਕੱਠੇ ਪੜ੍ਹਦੇ ਸਾਂ। ਫੇਰ, ਜ਼ਿੰਦਗੀ ਵਿਚ ਮੈਂ ਹੋਰ
ਪਾਸੇ ਨਿਕਲ ਗਿਆ, ਅਨੂਪ ਹੋਰ ਪਾਸੇ। ਬਿਲਕੁਲ
ਹੀ ਵਖ-ਵਖ ਕਿਸਮ ਦੀਆਂ ਜ਼ਿੰਦਗੀਆਂ ਸਨ
ਸਾਡੀਆਂ, ਪਰ ਫੇਰ ਵੀ ਸਾਡਾ ਆਪਸ ਵਿਚ
ਅਜਿਹਾ ਸੰਬੰਧ ਸੀ ਕਿ ਅਸੀਂ ਮਿਲਦੇ ਤਾਂ
ਘੰਟਿਆਂਬੱਧੀ ਗੱਲਾਂ ਕਰਦੇ, ਘੁੰਮਦੇ-ਫਿਰਦੇ।
ਪੜ੍ਹਾਈ ਪੂਰੀ ਕਰਕੇ ਮੈਂ ਵਪਾਰ ਵਿਚ ਪੈ ਗਿਆ
ਸਾਂ ਪਰ ਅਨੂਪ ਨੇ ਕੋਈ ਕੰਮ ਨਹੀਂ ਸੀ ਫੜਿਆ।
ਉਂਜ, ਵੇਖਿਆ ਜਾਏ ਤਾਂ ਉਹ ਕਈ ਕੰਮਾਂ ਵਿਚ
ਪਿਆ ਸੀ। ਉਹ ਸ਼ੁਰੂ ਤੋਂ ਹੀ ਅਜਿਹਾ ਉਖੜਿਆ
ਸੀ ਕਿ ਉਸ ਦੇ ਪੈਰ ਵਧੇਰੇ ਚਿਰ ਲਈ ਇਕ ਥਾਂ
ਟਿਕੇ ਨਹੀਂ ਸਨ। ਪਿਛਲੇ ਅੱਠਾਂ ਵਰ੍ਹਿਆਂ ਵਿਚ
ਉਸਨੇ ਕਈ ਕੰਮ ਕੀਤੇ ਸਨ, ਜਿਨ੍ਹਾਂ ਵਿਚ ਵਿਹਲੇ
ਬੈਠ ਕੇ ਤੇ ਘੁੰਮ-ਫਿਰ ਕੇ ਸਮਾਂ ਕੱਟਣਾ ਵੀ
ਇਕ ਕੰਮ ਸੀ। ਉਸ ਦੀ ਨਜ਼ਰ ਵਿਚ ਇਹ ਸਭ
ਤੋਂ ਵਧ ਦਿਲਚਸਪ ਤੇ ਅਹਿਮ ਕੰਮ ਸੀ। ਜੰਗਲੀ
ਇਲਾਕਿਆਂ ਦੇ ਦੌਰੇ 'ਤੇ ਜਾਣ ਤੋਂ ਪਹਿਲਾਂ ਉਹ
ਇਕ ਨਵੀਂ ਖੁੱਲ੍ਹੀ ਵਿਗਿਆਪਨ ਕੰਪਨੀ ਵਿਚ
ਆਰਟ-ਡਾਇਰੈਕਟਰ ਲੱਗਾ ਹੋਇਆ ਸੀ, ਜਿਥੇ
ਉਸ ਨੂੰ ਸਾਢੇ ਅੱਠ ਸੌ ਰੁਪਏ ਤਨਖਾਹ ਮਿਲਦੀ
ਸੀ। ਉਹ ਦਫ਼ਤਰ ਵਿਚ ਕਮਰਸ਼ੀਅਲ ਆਰਟ
ਦਾ ਕੰਮ ਕਰਦਾ ਤੇ ਘਰ ਆ ਕੇ ਅਮੂਰਤ ਕਿਸਮ
ਦੇ ਚਿੱਤਰ ਬਣਾਉਂਦਾ। ਉਹ ਕਿਹਾ ਕਰਦਾ,
"ਕਮਰਸ਼ੀਅਲ ਆਰਟ ਦੇ ਕੰਮ ਵਿਚ ਇਨਾਂ
ਅਕੇਵਾਂ ਹੋ ਜਾਂਦਾ ਏ ਤੇ ਐਬਸਟਰੈਕਟ ਪੇਂਟਿੰਗ
ਕਰਕੇ ਉਸ ਤੋਂ ਛੁਟਕਾਰਾ ਪਾਇਆ ਜਾ ਸਕਦਾ
ਏ।"
ਇਸ ਨੌਕਰੀ ਤੋਂ ਪਹਿਲਾਂ ਉਹ ਕਾਲਜ ਵਿਚ
ਪੜ੍ਹਾਉਂਦਾ ਸੀ, ਪਰ ਇਕ ਸਾਲ ਵਿਚ ਹੀ ਅੱਕ
ਗਿਆ ਸੀ। ਉਹ ਕਿਹਾ ਕਰਦਾ, "ਅਜ-ਕਲ੍ਹ ਦੀ
ਤਾਲੀਮ ਦਾ ਪੱਧਰ ਇਨਾ ਨੀਵਾਂ ਏਂ ਕਿ ਪੜ੍ਹਾਉਣ
ਵਿਚ ਕੋਈ ਸਵਾਦ ਹੀ ਨਹੀਂ ਆਉਂਦਾ। ਇੰਜ ਲਗਦਾ
ਏ, ਜਿਵੇਂ ਪੰਜਵੀਂ-ਛੇਵੀਂ ਦੇ ਬੱਚਿਆਂ ਨੂੰ ਪੜ੍ਹਾਉਣਾ
ਪੈ ਰਿਹਾ ਹੋਵੇ। ਕੀਟਸ ਤੇ ਵਰਡਸਵਰਥ ਦੀਆਂ
ਕਵਿਤਾਵਾਂ ਦੇ ਅਰਥ ਦਸ ਦੇਣੇ ਤੇ ਨੋਟਸ ਲਿਖਾ
ਦੇਣੇ ਹੀ ਤਾਂ ਪੜ੍ਹਾਉਣਾ ਨਹੀਂ ਏ। ਤੇ ਜੇ ਰਤਾ
ਸਹੀ ਅਰਥਾਂ ਵਿਚ ਕੀਟਸ ਜਾਂ ਵਰਡਸਵਰਥ
ਪੜ੍ਹਾਇਆ ਜਾਏ ਤਾਂ ਵਿਦਿਆਰਥੀ ਮੂੰਹ ਵੇਖਦੇ
ਰਹਿ ਜਾਂਦੇ ਹਨ।"
ਕਾਲਜ ਦੀ ਨੌਕਰੀ ਕਰਦਿਆਂ ਵੀ ਉਹ ਇਨਾ
ਅੱਕ ਗਿਆ ਸੀ ਕਿ ਉਸ ਨੇ ਨੌਕਰੀ ਛੱਡਣ ਪਿਛੋਂ
ਪੜਯਥਾਰਥਵਾਦੀ ਕਵਿਤਾਵਾਂ ਲਿਖਣੀਆਂ ਸ਼ੁਰੂ
ਕਰ ਦਿੱਤੀਆਂ ਸਨ, ਤੇ ਕੁਝ ਹੀ ਚਿਰ ਪਿਛੋਂ ਉਸ
ਅਕੇਵੇਂ ਤੋਂ ਛੁਟਕਾਰਾ ਪਾ ਗਿਆ ਸੀ। ਫੇਰ, ਉਸਨੇ
ਕਵਿਤਾਵਾਂ ਲਿਖਣੀਆਂ ਛੱਡ ਦਿਤੀਆਂ ਸਨ।
ਅਖ਼ੀਰ, ਪਤਾ ਨਹੀਂ ਉਸ ਦੇ ਮਨ ਵਿਚ ਕੀ
ਆਇਆ ਸੀ ਕਿ ਉਸਨੇ ਕਮਰਸ਼ੀਅਲ
ਆਰਟਿਸਟ ਦੇ ਤੌਰ 'ਤੇ ਨੌਕਰੀ ਕਰ
ਲਈ ਸੀ।
ਕਾਲਜ ਦੀ ਨੌਕਰੀ ਤੋਂ ਪਹਿਲਾਂ
ਉਸਨੇ ਕਈ ਕੁਝ ਕੀਤਾ ਸੀ। ਉਹ ਛੇ
ਮਹੀਨੇ ਕਲਾਸਕੀ ਸੰਗੀਤ ਸਿੱਖਦਾ ਰਿਹਾ
ਸੀ, ਸਾਲ ਭਰ ਰਾਜਨੀਤਿਕ
ਸਰਗਰਮੀਆਂ ਵਿਚ ਲੱਗਾ ਰਿਹਾ ਸੀ,
ਕੁਝ ਚਿਰ ਪੇਂਟਿੰਗ ਦਾ ਕੋਰਸ ਕੀਤਾ ਸੀ,
ਟਿਊਸ਼ਨਾਂ ਕੀਤੀਆਂ ਸਨ, ਜਾਣ-ਬੁੱਝ ਕੇ
ਬੇਕਾਰ ਰਿਹਾ ਸੀ, ਅਵਾਰਾਗਰਦੀ
ਕਰਦਿਆਂ ਇਸ ਸ਼ਹਿਰ ਬਾਰੇ ਇਕ
ਕਿਤਾਬ ਲਿਖਣ ਲਈ ਮਸਾਲਾ ਇਕੱਠਾ
ਕੀਤਾ ਸੀ, ਤੇ ਉਸ ਕਿਤਾਬ ਲਈ ਉਸਨੇ
ਆਪ ਕਈ ਰੇਖਾ-ਚਿਤਰ ਬਣਾਏ ਸਨ,
ਤੇ ਉਸ ਦਾ ਕਹਿਣਾ ਸੀ ਕਿ ਉਸ ਕਿਤਾਬ
ਵਿਚ ਕਿਸੇ ਵੀ ਉਸ ਸ਼ਹਿਰ ਦੀ ਝਲਕ
ਵੇਖੀ ਜਾ ਸਕੇਗੀ, ਜੋ ਪੂੰਜੀਵਾਦੀ ਦੌਰ
'ਚੋਂ ਲੰਘ ਰਿਹਾ ਹੈ।
ਕਾਲਜ ਦੀ ਪੜ੍ਹਾਈ ਦੇ ਦਿਨਾਂ ਵਿਚ
ਵੀ ਅਨੂਪ ਨੂੰ ਸਮਝਣਾ ਸੌਖਾ ਨਹੀਂ ਸੀ।
ਪਹਿਲਾਂ ਉਸਨੇ ਸਾਇੰਸ ਲਈ। ਉਹ
ਡਾਕਟਰ ਬਣਨਾ ਚਾਹੁੰਦਾ ਸੀ। ਫੇਰ,
ਉਸਨੇ ਆਰਟਸ ਲਈ। "ਭਲਾ ਸਾਇੰਸ
ਲੈ ਕੇ ਕਾਲਜ ਦੀ ਜ਼ਿੰਦਗੀ ਦਾ ਕੋਈ
ਸਵਾਦ ਏ! ਪਹਿਲਾਂ ਸਾਰਾ ਦਿਨ ਕਾਲਜ
ਵਿਚ ਪੜ੍ਹਦੇ ਰਹੋ, ਫੇਰ ਘਰ ਜਾ ਕੇ ਪੜ੍ਹਦੇ
ਰਹੋ", ਉਹ ਕਿਹਾ ਕਰਦਾ। ਉਨ੍ਹੀਂ ਦਿਨੀਂ
ਉਸ ਦਾ ਇਕ ਕੁੜੀ ਨਾਲ ਰੁਮਾਂਸ ਹੋਇਆ
ਸੀ ਤੇ ਕੁਝ ਹੀ ਚਿਰ ਪਿਛੋਂ ਟੁਟ ਗਿਆ
ਸੀ। ਬਾਅਦ ਵਿਚ ਕਦੇ ਉਸ ਰੁਮਾਂਸ ਦਾ
ਜ਼ਿਕਰ ਹੁੰਦਾ ਤਾਂ ਉਹ ਹੱਸ ਛਡਦਾ, "ਉਹ
ਵੀ ਕਿਹੋ ਜਿਹਾ ਬਚਪਨ ਸੀ। ਪਤਾ ਨਹੀਂ, ਉਹ
ਕੁੜੀ ਮੈਨੂੰ ਕਿਉਂ ਪਸੰਦ ਆ ਗਈ ਸੀ। ਬਸ,
ਗੁੱਡੀ ਜਿਹੀ ਸੀ। ਸ਼ਾਇਦ ਇਸ ਲਈ ਪਸੰਦ ਆਈ
ਹੋਵੇ ਕਿ ਉਸ ਦੀਆਂ ਅੱਖਾਂ ਇੰਨ-ਬਿੰਨ ਮੇਰੀ ਮਾਂ
ਦੀਆਂ ਅੱਖਾਂ ਵਰਗੀਆਂ ਸਨ। ਮਾਂ ਭਾਵੇਂ ਮੇਰੇ
ਬਚਪਨ ਵਿਚ ਹੀ ਮਰ ਗਈ ਸੀ, ਪਰ ਉਸ ਦੀਆਂ
ਅੱਖਾਂ ਮੈਨੂੰ ਨਹੀਂ ਭੁਲਦੀਆਂ। ਹੋ ਸਕਦਾ ਏ, ਮਨ
ਦੀ ਕਿਸੇ ਡੂੰਘਾਣ ਵਿਚ ਮੈਂ ਆਪਣੀ ਮਾਂ ਨੂੰ ਵੇਖਦਾ
ਹੋਵਾਂ। ਉਂਜ, ਉਹ ਬੜੀ ਮੂਰਖ ਕਿਸਮ ਦੀ ਕੁੜੀ
ਸੀ। ਪੜ੍ਹਾਈ ਵਿਚ ਬਿਲਕੁਲ ਡਫ਼ਰ। ਭਲਾ ਜਿਸ
ਨੂੰ ਕਵਿਤਾਵਾਂ ਵਿਚ ਸਵਾਦ ਨਾ ਆਵੇ, ਉਸਨੂੰ
ਆਰਟਸ ਲੈਣ ਦੀ ਕੀ ਲੋੜ ਸੀ?"
ਸ਼ਾਇਦ ਉਸੇ ਕੁੜੀ ਦੀ ਪ੍ਰੇਰਣਾ ਸਦਕਾ
ਅਨੂਪ ਨੇ ਉਨ੍ਹੀਂ ਦਿਨੀਂ ਰੁਮਾਂਟਿਕ ਕਿਸਮ ਦੀਆਂ
ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਸਨ। ਉਹ
ਕਵਿਤਾਵਾਂ ਪ੍ਰੋਫੈਸਰਾਂ ਨੇ ਬਹੁਤ ਪਸੰਦ ਕੀਤੀਆਂ
ਸਨ। ਇਕ ਪ੍ਰੋਫੈਸਰ ਉਨ੍ਹਾਂ ਨੂੰ ਕਿਸੇ ਪ੍ਰਕਾਸ਼ਕ
ਕੋਲੋਂ ਕਿਤਾਬੀ ਸ਼ਕਲ ਵਿਚ ਛਪਵਾਉਣ ਦਾ ਪ੍ਰਬੰਧ
ਕਰ ਰਿਹਾ ਸੀ, ਪਰ ਅਨੂਪ ਮੰਨਿਆ ਨਹੀਂ ਸੀ।
ਉਸ ਨੇ ਕਿਹਾ ਸੀ, "ਕੁਝ ਠਹਿਰ ਕੇ ਵੇਖਿਆ
ਜਾਏਗਾ।" ਤੇ ਫੇਰ, ਬੀ.ਏ. ਵਿਚ ਪਹੁੰਚ ਕੇ ਉਸਨੇ
ਉਹ ਕਵਿਤਾਵਾਂ ਪਾੜ ਕੇ ਸੁਟ ਦਿਤੀਆਂ ਸਨ।
ਮੈਂ ਸੋਚਿਆ ਕਿ ਤੋਸ਼ੀ ਦੇ ਰਿਸ਼ਤੇ ਬਾਰੇ ਮਾਂ
ਕੋਲ ਅਨੂਪ ਦਾ ਜ਼ਿਕਰ ਕਰਾਂ। ਪਰ ਨਹੀਂ, ਕਿਉਂ
ਨਾ ਪਹਿਲਾਂ ਅਨੂਪ ਨਾਲ ਗੱਲ ਕਰਾਂ? ਪਤਾ ਨਹੀਂ,
ਮੰਨੇ ਕਿ ਨਾ। ਦੋ-ਤਿੰਨ ਸਾਲ ਪਹਿਲਾਂ ਇਕ ਥਾਂ
ਉਸ ਦੇ ਰਿਸ਼ਤੇ ਦੀ ਗੱਲ ਹੋਈ ਸੀ, ਤੇ ਉਹ ਮੰਨ
ਵੀ ਗਿਆ ਸੀ, ਪਰ ਕੁੜੀ ਨੂੰ ਵੇਖਣ ਪਿਛੋਂ ਨਾਂਹ
ਕਰ ਦਿੱਤੀ ਸੀ। "ਉਹ ਤਾਂ ਬਿਲਕੁਲ ਬੱਚੀ ਲਗਦੀ
ਏ। ਉਸ ਨਾਲ ਮੈਂ ਜ਼ਿੰਦਗੀ ਕਿਵੇਂ ਕਟ ਸਕਾਂਗਾ?"
ਉਸਨੇ ਕਿਹਾ ਸੀ। ਉਹ ਕੁੜੀ ਉਸੇ ਕਾਲਜ ਵਿਚ
ਪੜ੍ਹਦੀ ਸੀ, ਜਿਸ ਵਿਚ ਉਹ ਪੜ੍ਹਾਉਂਦਾ ਸੀ। ਉਹ
ਘਰੋਂ ਵੀ ਚੰਗੀ ਸੀ। ਪਰ ਅਨੂਪ ਨੇ ਨਾਂਹ ਕਰ
ਦਿਤੀ ਸੀ।
ਤੋਸ਼ੀ ਬਾਰੇ ਵੀ ਤਾਂ ਉਸ ਦਾ ਇਹੋ ਖ਼ਿਆਲ
ਹੋ ਸਕਦਾ ਏ, ਮੈਂ ਸੋਚਿਆ। ਪਰ ਕਈ ਵਾਰ
ਸੰਜੋਗ ਦਾ ਪਤਾ ਨਹੀਂ ਹੁੰਦਾ। ਅਖ਼ੀਰ, ਇਕ ਦਿਨ
ਮੈਂ ਅਨੂਪ ਨੂੰ ਕਿਹਾ, "ਜੇ ਵਿਹਲ ਹੋਵੇ, ਤਾਂ ਮੇਰਾ
ਇਕ ਛੋਟਾ ਜਿਹਾ ਕੰਮ ਕਰ ਦੇ।"
"ਅੱਜ-ਕਲ੍ਹ ਤਾਂ ਵਿਹਲ ਹੀ ਵਿਹਲ ਏ।
ਦੱਸ ਕੀ ਕੰਮ ਏ? ਵਪਾਰ ਵਿਚ ਤਾਂ ਨਹੀਂ ਨਾ
ਫਸਾਉਣਾ ਚਾਹੁੰਦਾ?"
"ਨਹੀਂ, ਵਪਾਰ ਵਿਚ ਤੂੰ ਕਿੱਥੇ ਫਸੇਂਗਾ!
ਕੰਮ ਤੇਰੇ ਲਈ ਸੌਖਾ ਵੀ ਏ, ਪਰ ਔਖਾ ਵੀ।"
"ਹਾਂ-ਹਾਂ, ਦੱਸ।"
"ਜੇ ਭਲਾ ਹਫਤੇ ਵਿਚ ਦੋ ਦਿਨ ਤੋਸ਼ੀ ਨੂੰ
ਪੜ੍ਹਾ ਦਿਆ ਕਰੇਂ? ਬ੍ਰਾਊਨਿੰਗ ਉਸਨੂੰ ਕੁਝ ਔਖਾ
ਲਗਦਾ ਏ।"
"ਬ੍ਰਾਊਨਿੰਗ ਤਾਂ ਚੰਗੇ-ਚੰਗਿਆਂ ਨੂੰ ਔਖਾ
ਲਗਦਾ ਏ। ਪਰ ਸਵਾਦ ਆ ਜਾਂਦਾ ਏ ਪੜ੍ਹ ਕੇ!
ਇੰਨੀ ਮਨੋਵਿਗਿਆਨਕ ਸਮਝ ਕਿਸੇ ਹੋਰ
ਅੰਗਰੇਜ਼ੀ ਕਵੀ ਵਿਚ ਨਹੀਂ। ਤੇ ਉਸ ਦੀਆਂ
ਕਵਿਤਾਵਾਂ ਵਿਚ ਜੋ ਨਾਟਕੀ ਅੰਸ਼ ਏ, ਉਹ!"
"ਉਹ ਤੂੰ ਤੋਸ਼ੀ ਨੂੰ ਹੀ ਸਮਝਾਈਂ। ਮੈਨੂੰ
ਤਾਂ ਕੋਈ ਵਪਾਰ ਦੀ ਗੱਲ ਸਮਝਾ", ਮੈਂ ਹੱਸ ਕੇ
ਕਿਹਾ।
ਅਨੂਪ ਹੱਸਿਆ। "ਦੋ ਦਿਨ ਤਾਂ ਨਹੀਂ,
ਐਤਵਾਰ ਨੂੰ ਇਕ ਦਿਨ ਲਈ ਆ ਜਾਇਆ
ਕਰਾਂਗਾ। ਵਧੇਰੇ ਸਮਾਂ ਦੇ ਦਿਆਂਗਾ। ਫੇਰ, ਤੂੰ ਵੀ
ਘਰ ਹੋਇਆ ਕਰੇਂਗਾ। ਮਗਰੋਂ ਬਾਹਰ ਕਿਤੇ
ਘੁੰਮਣ ਦਾ ਪ੍ਰੋਗਰਾਮ ਬਣਾ ਲਿਆ ਕਰਾਂਗੇ।"
"ਇਕੋ ਦਿਨ ਸਹੀ। ਉਂਜ, ਤੇਰਾ ਕੀ ਭਰੋਸਾ
ਕਿ ਫੇਰ ਕਿਤੇ ਚਲਾ ਜਾਵੇਂ। ਹਾਂ, ਹੁਣ ਅੱਗੋਂ ਕੀ
ਕਰਨ ਦੀ ਸਲਾਹ ਏ? ਨੌਕਰੀ ਜਾਂ ਹੋਰ ਕੁਝ?"
"ਕੁਝ ਮਹੀਨੇ ਤਾਂ ਆਰਾਮ ਕਰਾਂਗਾ। ਤੇ ਜੇ
ਹੋ ਸਕਿਆ, ਤਾਂ ਜੰਗਲੀ ਕਬੀਲਿਆਂ ਦੀ ਜ਼ਿੰਦਗੀ
ਬਾਰੇ ਇਕ ਕਿਤਾਬ ਲਿਖਾਂਗਾ। ਉਂਜ, ਉਨ੍ਹਾਂ ਬਾਰੇ
ਇਕ ਨਾਵਲ ਦੀ ਰੂਪ-ਰੇਖਾ ਵੀ ਮੇਰੇ ਦਿਮਾਗ
ਵਿਚ ਏ। ਵੇਖੋ ਕਿਹੜੀ ਚੀਜ਼ ਸਿਰੇ ਚੜ੍ਹਦੀ ਏ।"
ਅਨੂਪ ਤੋਸ਼ੀ ਨੂੰ ਪੜ੍ਹਾਉਣ ਲੱਗਾ। ਮਾਂ ਨੂੰ
ਉਸ ਦੀ ਉਹ ਦਾੜ੍ਹੀ-ਮੁੱਛਾਂ ਤੇ ਲੰਮੇ ਵਾਲਾਂ ਵਾਲੀ
ਸ਼ਕਲ ਚੰਗੀ ਨਾ ਲੱਗੀ। ਤੋਸ਼ੀ ਨੇ ਵੀ ਉਸ ਦਾ
ਮਜ਼ਾਕ ਉਡਾਇਆ। "ਜੰਗਲੀ ਲੋਕਾਂ ਵਿਚ ਜਾ ਕੇ
ਆਪ ਵੀ ਜੰਗਲੀ ਬਣ ਗਿਆ ਏ। ਅਜੀਬ ਏ
ਤੁਹਾਡਾ ਇਹ ਦੋਸਤ। ਕਈ ਵਾਰ ਤਾਂ ਉਸ ਦੀਆਂ
ਗੱਲਾਂ ਹੀ ਸਮਝ ਨਹੀਂ ਆਉਂਦਆਂ।" ਤੋਸ਼ੀ ਨੇ
ਉਸ ਦੇ ਜਾਣ ਪਿਛੋਂ ਕਿਹਾ।
"ਪਰ ਬ੍ਰਾਊਨਿੰਗ ਦੀਆਂ ਕਵਿਤਾਵਾਂ ਤਾਂ
ਸਮਝ ਆਈਆਂ ਨਾ?"
"ਹਾਂ, ਉਹ ਤਾਂ ਆਈਆਂ।"
ਅਨੂਪ ਜਦ ਅਗਲੇ ਐਤਵਾਰ ਆਇਆ ਤਾਂ
ਉਸ ਦੀਆਂ ਦਾੜ੍ਹੀ-ਮੁੱਛਾਂ ਸਫਾਚਟ ਸਨ, ਤੇ ਉਸਨੇ
ਸਿਰ ਦੇ ਵਾਲ ਛੋਟੇ ਕਰਵਾ ਲਏ ਸਨ। ਉਸ ਦਾ
ਫੇਰ ਉਹੋ ਪਤਲਾ, ਕੁਝ ਲੰਮਾ, ਤਰਾਸ਼ਿਆ ਹੋਇਆ
ਚਿਹਰਾ ਨਿਕਲ ਆਇਆ ਸੀ, ਜਿਸ 'ਤੇ ਉਸ
ਦੀਆਂ ਹਲਕੇ ਭੂਰੇ ਰੰਗ ਦੀਆਂ ਅੱਖਾਂ ਵਧੇਰੇ
ਲਿਸ਼ਕਵੀਆਂ ਤੇ ਵੱਡੀਆਂ ਜਾਪਣ ਲੱਗੀਆਂ ਸਨ।
"ਕੀ ਹੁਣ ਵੀ ਉਹ ਜੰਗਲੀ ਲਗਦਾ ਏ?"
ਉਸ ਦੇ ਜਾਣ ਪਿਛੋਂ ਮੈਂ ਤੋਸ਼ੀ ਨੂੰ ਪੁਛਿਆ। ਤੋਸ਼ੀ
ਅੱਗੋਂ ਸਿਰਫ ਮੁਸਕਰਾਈ। ਉਸ ਮੁਸਕਰਾਹਟ
ਵਿਚ ਸੰਕੋਚ ਸੀ। ਫੇਰ, ਇਕ ਦਿਨ ਮੈਂ ਤੋਸ਼ੀ ਨੂੰ
ਪੁਛਿਆ, "ਸੁਣਾ, ਬ੍ਰਾਊਨਿੰਗ ਦਾ ਕੀ ਹਾਲ ਏ?
ਹੁਣ ਵੀ ਔਖਾ ਲਗਦਾ ਏ?"
"ਮੈਨੂੰ ਤਾਂ ਕੀ, ਹੁਣ ਤਾਂ ਉਹ ਮੇਰੀਆਂ
ਸਹੇਲੀਆਂ ਨੂੰ ਵੀ ਬੜਾ ਸੌਖਾ ਲੱਗਣ ਲਗ ਪਿਆ
ਏ। ਤੇ ਇੰਨਾ ਚੰਗਾ ਕਵੀ ਏ ਕਿ ਉਸ ਦੇ ਸਾਹਮਣੇ
ਸਾਰੇ ਕਵੀ ਮਾਤ ਹਨ। ਇਨੀ ਮਨੋਵਿਗਿਆਨਕ
ਸਮਝ ਕਿਸੇ ਹੋਰ ਅੰਗਰੇਜ਼ੀ ਕਵੀ ਵਿਚ ਨਹੀਂ ਏ।
ਤੇ ਉਸ ਦੀਆਂ ਕਵਿਤਾਵਾਂ ਵਿਚ ਜੋ ਨਾਟਕੀ ਅੰਸ਼
ਏ, ਉਹ!"
"ਉਹ ਤੂੰ ਕਿਸੇ ਦਿਨ
ਆਪਣੇ ਕਾਲਜ ਦੀ
ਪ੍ਰੋਫ਼ੈਸਰ ਨੂੰ ਸਮਝਾਈਂ,
ਜਿਸ ਤੋਂ ਪੜ੍ਹਨ 'ਤੇ
ਬ੍ਰਾਊਨਿੰਗ ਤੈਨੂੰ ਬੜਾ ਔਖਾ
ਲਗਦਾ ਸੀ।"
ਤਦੇ ਮਾਂ ਨੇ ਕਿਹਾ,
"ਮੁੰਡਾ ਕੀ ਏ, ਹੀਰਾ ਏ!
ਕਿਤੇ ਇਸ ਦੇ ਮਾਂ-ਪਿਓ
ਹੁੰਦੇ ਤਾਂ...।"
ਕੁਝ ਦਿਨਾਂ ਪਿਛੋਂ
ਮੈਨੂੰ ਫੇਰ ਵਪਾਰਕ ਦੌਰੇ
'ਤੇ ਬਾਹਰ ਜਾਣਾ ਪਿਆ।
ਮਾਂ ਤੇ ਤੋਸ਼ੀ ਦੇ ਖਤਾਂ
ਤੋਂ ਘਰ ਦੇ ਹਾਲਾਤ, ਤੋਸ਼ੀ
ਦੀ ਪੜ੍ਹਾਈ, ਤੇ ਅਨੂਪ ਬਾਰੇ
ਪਤਾ ਲਗਦਾ ਰਿਹਾ। ਅਨੂਪ
ਦਾ ਕਦੇ ਕੋਈ ਖ਼ਤ ਨਹੀਂ
ਸੀ ਆਇਆ। ਉਸ ਬਾਰੇ
ਮਸ਼ਹੂਰ ਸੀ ਕਿ ਉਸਨੇ
ਕਦੇ ਕਿਸੇ ਨੂੰ ਖ਼ਤ ਨਹੀਂ
ਸੀ ਲਿਖਿਆ। ਉਸਦੀ
ਨਜ਼ਰ ਵਿਚ ਖ਼ਤ ਲਿਖਣਾ
ਖ਼ਾਹਮਖ਼ਾਹ ਦਾ ਝੰਜਟ ਸੀ।
ਤੇ ਮਾਂ ਤੇ ਤੋਸ਼ੀ ਦੇ
ਖਤਾਂ ਤੋਂ ਇਹ ਵੀ ਪਤਾ
ਲਗਦਾ ਰਿਹਾ ਕਿ ਅਨੂਪ
ਨਾਲ ਤੋਸ਼ੀ ਦਾ ਰਿਸ਼ਤਾ ਹੋ
ਜਾਣ ਦੀ ਸੰਭਾਵਨਾ ਹੈ। ਦੋ
ਮਹੀਨਿਆਂ ਪਿਛੋਂ ਮੈਂ
ਪਰਤਿਆ ਤਾਂ ਤੋਸ਼ੀ ਨੂੰ
ਵੇਖਦਿਆਂ ਹੀ ਸਭ ਕੁਝ
ਸਮਝ ਗਿਆ। ਇਸ ਵਾਰ ਮਾਂ ਨੇ ਹਮੇਸ਼ਾਂ ਵਾਂਗ
ਫ਼ਿਕਰਮੰਦ ਹੋ ਕੇ ਤੋਸ਼ੀ ਦੇ ਰਿਸ਼ਤੇ ਬਾਰੇ ਇਹ
ਨਹੀਂ ਕਿਹਾ ਕਿ ਉਸ ਦਾ ਮੈਨੂੰ ਕੋਈ ਫ਼ਿਕਰ
ਨਹੀਂ ਹੈ। ਸਗੋਂ ਹੁਣ ਉਹ ਤੋਸ਼ੀ ਦਾ ਵਿਆਹ
ਇਨੀ ਛੇਤੀ ਕਰਨ ਲਈ ਤਿਆਰ ਨਹੀਂ ਸੀ।
"ਕਿਹੜੀ ਕਾਹਲ ਪਈ ਏ" ਉਸਨੇ ਕਿਹਾ।
"ਹਾਲੀਂ ਪੜ੍ਹ ਰਹੀ ਏ।' ਚਾਹੇ, ਤਾਂ ਹੋਰ ਪੜ੍ਹ ਲਏ
ਦੋ ਸਾਲ।"
ਮੈਨੂੰ ਆਏ ਨੂੰ ਦਸ ਕੁ ਦਿਨ ਹੀ ਹੋਏ ਸਨ
ਕਿ ਇਕ ਦਿਨ ਤੋਸ਼ੀ ਨੇ ਕਿਹਾ, "ਇਸ ਐਤਵਾਰ
ਨੂੰ ਮੈਂ ਆਪਣੀ ਅੰਗਰੇਜ਼ੀ ਦੀ ਪ੍ਰੋਫੈਸਰ ਨੂੰ ਘਰ
ਸੱਦਿਆ ਏ, ਉਸਨੂੰ ਨਹੀਂ ਜੋ ਬ੍ਰਾਊਨਿੰਗ
ਪੜ੍ਹਾਉਂਦੀ ਏ। ਇਹ ਪ੍ਰੋਫੈਸਰ ਸ਼ੈਕਸਪੀਅਰ
ਪੜ੍ਹਾਉਂਦੀ ਏ। ਤੁਸੀਂ ਘਰ ਹੀ ਰਹਿਣਾ। ਤੇ ਤੁਹਾਡੇ
ਦੋਸਤ ਨੂੰ ਵੀ ਮੈਂ ਕਹਿ ਦਿੱਤਾ ਏ। ਤੁਸੀਂ ਵੀ ਪੱਕਾ
ਕਰ ਦੇਣਾ। ਉਹ ਤੁਹਾਨੂੰ ਮਿਲ ਕੇ ਬਹੁਤ ਖੁਸ਼
ਹੋਵੇਗੀ।"
"ਮੈਨੂੰ?" ਮੈਂ ਸ਼ਰਾਰਤ ਨਾਲ ਕਿਹਾ।
ਤੋਸ਼ੀ ਮੁਸਕਰਾਈ, "ਤੁਹਾਨੂੰ ਦੋਵਾਂ ਨੂੰ ਹੀ।
ਬੜਾ ਚੰਗਾ ਸੁਭਾਅ ਏ ਉਸਦਾ। ਪੜ੍ਹਾਉਂਦੀ ਵੀ
ਬਹੁਤ ਚੰਗਾ ਏ। ਅਸੀਂ ਸਾਰੀਆਂ ਕੁੜੀਆਂ ਉਸ
ਦੀ ਬਹੁਤ ਇੱਜ਼ਤ ਕਰਦੀਆਂ ਹਾਂ।"
"ਚੰਗਾ, ਦਰਸ਼ਨ ਕਰਾਂਗੇ ਅਜਿਹੀ ਦੇਵੀ
ਦੇ! ਪਰ ਕਿਤੇ ਬੁਢੀ ਹੀ ਨਾ ਹੋਵੇ।"
ਤੋਸ਼ੀ ਕੁਝ ਕਹਿੰਦੀ-ਕਹਿੰਦੀ ਰੁਕ ਗਈ।
ਉਹ ਦੂਜੇ ਪਾਸੇ ਵੇਖਣ ਲੱਗੀ, ਤੇ ਫੇਰ ਉਥੋਂ
ਚਲੀ ਗਈ। ਮੈਂ ਇਸ ਦਾ ਕਾਰਨ ਨਾ ਸਮਝ
ਸਕਿਆ।
ਪਰ ਇਹ ਗੱਲ ਉਸ ਵੇਲੇ ਸਮਝ ਆਈ,
ਜਦ ਐਤਵਾਰ ਵਾਲੇ ਦਿਨ ਤੋਸ਼ੀ ਦੀ ਉਸ ਪ੍ਰੋਫੈਸਰ
ਨੂੰ ਵੇਖਿਆ। ਇਨੀ ਕੋਝੀ ਤੀਵੀਂ ਮੈਂ ਇਸ ਤੋਂ
ਪਹਿਲਾਂ ਕਦੇ ਨਹੀਂ ਸੀ ਵੇਖੀ। ਮੈਂ ਉਸਦੀ
ਬਦਸੂਰਤੀ ਦਾ ਬਿਆਨ ਨਹੀਂ ਕਰ ਸਕਦਾ। ਕੱਦਕਾਠ,
ਰੰਗ-ਰੂਪ, ਨੈਣ-ਨਕਸ਼-ਕੋਈ ਵੀ ਤਾਂ ਖੂਬੀ
ਨਹੀਂ ਸੀ ਉਸ ਵਿਚ। ਬੱਤੀਆਂ-ਤੇਤੀਆਂ ਦੀ ਉਮਰ
ਹੋਵੇਗੀ ਉਸ ਦੀ, ਪਰ ਉਹ ਚਾਲੀਆਂ ਦੀ ਲਗਦੀ
ਸੀ। ਅਨਘੜ, ਬੇਡੌਲ ਨਕਸ਼ ਸਨ ਉਸ ਦੇ। ਹਾਂ,
ਉਸ ਦੀਆਂ ਉਨ੍ਹਾਂ ਸਧਾਰਣ ਜਹੀਆਂ ਅੱਖਾਂ ਵਿਚ
ਜ਼ਰੂਰ ਕੋਈ ਗੱਲ ਸੀ, ਤੇ ਲਗਦਾ ਸੀ ਕਿ ਉਹ
ਸਾਧਾਰਣ ਤੀਵੀਂ ਨਹੀਂ ਹੋਵੇਗੀ। ਉਨ੍ਹਾਂ ਅੱਖਾਂ ਵਿਚ
ਅਜਿਹੀ ਚਮਕ ਸੀ ਤੇ ਅਜਿਹੀ ਨਰਮੀ ਕਿ ਉਹ
ਅਗਲੇ ਨੂੰ ਕੀਲ ਲੈਂਦੀਆਂ ਸਨ। ਸ਼ਾਇਦ ਉਸ
ਦੀਆਂ ਅੱਖਾਂ ਹੀ ਸਨ, ਜੋ ਵਿਦਿਆਰਥੀਆਂ ਨੂੰ
ਕੀਲੀ ਰੱਖਦੀਆਂ ਸਨ, ਤੇ ਉਨ੍ਹਾਂ ਨੂੰ ਉਹ ਏਨੀਂ
ਚੰਗੀ ਲਗਦੀ ਸੀ।
ਮੈਂ ਅਨੂਪ ਵਲ ਵੇਖਿਆ। ਉਸ ਨੇ ਵੀ
ਸ਼ਾਇਦ ਉਹੋ ਕੁਝ ਮਹਿਸੂਸ ਕੀਤਾ ਸੀ, ਜੋ ਮੈਂ
ਕੀਤਾ ਸੀ।
ਰਸਮੀ ਜਹੀ ਜਾਣ-ਪਛਾਣ ਮਗਰੋਂ ਅਸੀਂ
ਇਧਰ-ਉਧਰ ਦੀਆਂ ਗੱਲਾਂ ਕਰਨ ਲਗੇ। ਗੱਲਾਂ
ਕਰਦਿਆਂ ਪ੍ਰੋਫੈਸਰ ਦੇ ਚਿਹਰੇ 'ਤੇ ਹਲਕਾ ਜਿਹਾ
ਸੰਕੋਚ ਸੀ, ਤੇ ਆਪਣੇ ਕੋਝੇ ਹੋਣ ਦਾ ਅਹਿਸਾਸ
ਵੀ। ਫੇਰ, ਉਹ ਸਾਧਾਰਣ ਜਹੀਆਂ ਗੱਲਾਂ ਜਿਵੇਂ
ਫੈਲਣ ਲੱਗੀਆਂ, ਤੇ ਅਸੀਂ ਸਾਹਿਤ, ਰਾਜਨੀਤੀ,
ਚਿੱਤਰਕਲਾ ਆਦਿ ਬਾਰੇ ਗੱਲਾਂ ਕਰਨ ਲੱਗੇ। ਗੱਲਾਂ
ਵਿਚ ਜੋ ਪੱਧਰ ਅਨੂਪ ਦਾ ਸੀ, ਉਹ ਪ੍ਰੋਫੈਸਰ ਦਾ
ਵੀ ਸੀ। ਮੈਂ ਉਸ ਪੱਧਰ ਤਕ ਨਹੀਂ ਸਾਂ ਪਹੁੰਚ
ਸਕਦਾ। ਅਖ਼ੀਰ, ਮੈਂ ਗੱਲਾਂ ਕਰਨ ਦੀ ਥਾਂ ਸੁਣਨ
ਲੱਗਾ। ਉਸ ਵੇਲੇ ਪ੍ਰੋਫੈਸਰ ਦੇ ਚਿਹਰੇ 'ਤੇ ਨਾ
ਕੋਈ ਸੰਕੋਚ ਸੀ, ਨਾ ਹੀ ਆਪਣੇ ਕੋਝੇ ਹੋਣ ਦਾ
ਅਹਿਸਾਸ। ਉਹ ਜਿਵੇਂ ਆਪਣੀ ਸਰੀਰਕ ਹੋਂਦ
ਨੂੰ ਭੁਲ ਗਈ ਸੀ। ਉਸਨੇ ਦਸਿਆ ਕਿ ਦੋ ਸਾਲ
ਪਹਿਲਾ ਇਕ ਸਰਕਾਰੀ ਵਜ਼ੀਫ਼ੇ 'ਤੇ ਉਹ ਛੇ
ਮਹੀਨੇ ਯੂਰਪ ਦਾ ਚੱਕਰ ਲਾ ਕੇ ਆਈ ਸੀ। ਤਦ
ਅਨੂਪ ਬੜੀ ਦਿਲਚਸਪੀ ਨਾਲ ਉਥੋਂ ਦੀਆਂ ਗੱਲਾਂ
ਪੁੱਛਣ ਲੱਗਾ। ਉਹ ਇਹ ਸੁਣ ਕੇ ਬਹੁਤ ਖੁਸ਼
ਹੋਇਆ ਕਿ ਉਸਨੇ ਪੈਰਿਸ ਵਿਚ ਮਾਤੀਸ ਤੇ
ਪਿਕਾਸੋ ਦੇ ਅੰਤਲੇ ਦੌਰ ਦੇ ਚਿੱਤਰ ਵੇਖੇ ਸਨ, ਤੇ
ਉਹ ਪਾਲ ਏਲੂਆਰ ਨੂੰ ਵੀ ਮਿਲੀ ਸੀ, ਜਿਸ
ਦੀਆਂ ਕਵਿਤਾਵਾਂ ਦਾ ਉਹ ਖੁਦ ਸ਼ੈਦਾਈ ਸੀ ਤੇ
ਉਸ ਨੂੰ ਫ਼ਰਾਂਸ ਦਾ ਸਭ ਤੋਂ ਵੱਡਾ ਕਈ ਮੰਨਦਾ
ਸੀ। ਉਹ ਦੇਰ ਤਕ ਪੈਰਿਸ ਵਿਚ ਹੋ ਰਹੇ
ਚਿੱਤਰਕਲਾ ਦੇ ਨਵੇਂ ਪ੍ਰਯੋਗਾਂ ਤੇ ਝੁਕਾਵਾਂ ਬਾਰੇ
ਗੱਲਾਂ ਕਰਦਾ ਰਿਹਾ, ਦੂਜੀ ਵੱਡੀ ਜੰਗ ਪਿਛੋਂ ਪੈਦਾ
ਹੋਏ ਉਥੋਂ ਦੇ ਪਿਛਾਂਹਖਿਚੂ ਸਾਹਿਤ ਬਾਰੇ ਬਹਿਸ
ਕਰਦਾ ਰਿਹਾ।
ਖਾਣੇ ਦਾ ਵੇਲਾ ਹੋ ਗਿਆ ਸੀ। ਖਾਣਾ
ਖਾਂਦਿਆਂ ਪ੍ਰੋਫੈਸਰ ਕਵਿਤਾ ਤੇ ਚਿੱਤਰਕਲਾ ਤੋਂ
ਹਟ ਕੇ ਖਾਣ-ਪੀਣ ਦੀਆਂ ਚੀਜ਼ਾਂ ਬਾਰੇ ਗੱਲਾਂ
ਕਰਨ ਲੱਗੀ। ਉਸਨੇ ਖਾਣੇ ਦੀ ਹਰ ਚੀਜ਼ ਦੀ
ਪ੍ਰਸੰ.ਸਾ ਕੀਤੀ, ਹਰ ਚੀਜ਼ ਦੇ ਸਵਾਦ ਨੂੰ
ਸਲਾਹਿਆ। ਇਹ ਪ੍ਰਸ਼ੰਸਾ ਤੋਸ਼ੀ ਦੀ ਵੀ ਸੀ, ਮਾਂ
ਦੀ ਵੀ ਸੀ। ਤੇ ਉਹ ਆਪ ਹੀ ਨਹੀਂ, ਸਾਨੂੰ ਵੀ
ਬੜੇ ਚਾਅ ਤੇ ਸਵਾਦ ਨਾਲ ਖੁਆ ਰਹੀ ਸੀ। ਇੰਜ
ਲੱਗ ਰਿਹਾ ਸੀ, ਜਿਵੇਂ ਉਹ ਆਪ ਘਰ ਵਾਲੀ
ਹੋਵੇ ਤੇ ਅਸੀਂ ਸਾਰੇ ਪ੍ਰਾਹੁਣੇ ਹੋਈਏ। ਅਨੂਪ ਦੀ
ਭੁਖ ਬਹੁਤ ਘਟ ਹੈ, ਪਰ ਪ੍ਰੋਫੈਸਰ ਨੇ ਹਰ ਚੀਜ਼
ਦੇ ਸਵਾਦ ਦੀ ਇਸ ਤਰ੍ਹਾਂ ਪ੍ਰਸੰਸਾ ਕੀਤੀ ਕਿ ਉਹ
ਕਿਤੇ ਵਧ ਖਾਣੋਂ ਨਾ ਰਹਿ ਸਕਿਆ। ਮੈਨੂੰ ਟਮਾਟਰ
ਕਦੇ ਚੰਗੇ ਨਹੀਂ ਸਨ ਲੱਗੇ ਪਰ ਪ੍ਰੋਫੈਸਰ ਦੇ ਕਹਿਣ
'ਤੇ ਖਾਣੇ ਪਏ ਤੇ ਉਹ ਬੁਰੇ ਵੀ ਨਾ ਲੱਗੇ।
ਅਸੀਂ ਖਾਣਾ ਖਾ ਰਹੇ ਸਾਂ, ਤਾਂ ਡਰਾਇੰਗਰੂਮ
ਵਿਚ ਰੇਡੀਓ ਵਜ ਰਿਹਾ ਸੀ। ਇਕ ਗੀਤ
ਖ਼ਤਮ ਹੋਣ 'ਤੇ ਐਸਪਰੋ ਦੀ ਇਸ਼ਤਿਹਾਰਬਾਜ਼ੀ
ਹੋਣ ਲੱਗੀ, ਤਾਂ ਪ੍ਰੋਫੈਸਰ ਨੇ ਮੁਸਕਰਾ ਕੇ ਕਿਹਾ,
"ਗੀਤਾਂ ਦੇ ਪ੍ਰੋਗਰਾਮ ਵਿਚ ਇਸ਼ਤਿਹਾਰਬਾਜ਼ੀ ਸਭ
ਤੋਂ ਵੱਡਾ ਸਿਰ ਦਰਦ ਏ। ਖਾਸ ਕਰ ਐਸਪਰੋ ਦੀ
ਇਸ਼ਤਿਹਾਰਬਾਜ਼ੀ।"
ਅਸੀਂ ਸਾਰੇ ਹੱਸੇ।
ਜਦ ਅਗਲੇ ਗੀਤ ਦੇ ਸਾਜ਼ ਵੱਜਣੇ ਸ਼ੁਰੂ
ਹੋਏ ਤਾਂ ਪ੍ਰੋਫੈਸਰ ਚਾਣਚੱਕ ਬੜੇ ਧਿਆਨ ਨਾਲ
ਸੁਣਨ ਲੱਗੀ। ਤਦ ਉਸ ਦਾ ਧਿਆਨ ਕਿਸੇ ਹਦ
ਤਕ ਖਾਣੇ ਵਲੋਂ ਹਟ ਗਿਆ। ਉਸਦੇ ਚਿਹਰੇ
ਉਤਲਾ ਮੁਸਕਰਾਹਟ ਦਾ ਭਾਵ ਜਾਂਦਾ ਰਿਹਾ ਤੇ
ਉਸ ਦੀ ਥਾਂ ਇਕ ਨਵਾਂ ਭਾਵ ਆਇਆ। ਫੇਰ,
ਜਦ ਇਕ ਗ਼ਜ਼ਲ ਦੇ ਬੋਲ ਸ਼ੁਰੂ ਹੋਏ, ਤਾਂ ਪ੍ਰੋਫ਼ੈਸਰ
ਦਾ ਸਿਰ ਕਿਸੇ ਲੋਰ ਵਿਚ ਹਿਲਿਆ। ਉਹ ਗ਼ਾਲਿਬ
ਦੀ ਗ਼ਜ਼ਲ ਸੀ। ਪ੍ਰੋਫ਼ੈਸਰ ਦੇ ਹੱਥ ਵਿਚਲੀ ਬੁਰਕੀ
ਮੂੰਹ ਤਕ ਨਾ ਜਾ ਸਕੀ। ਤਦ ਉਸ ਦੀਆਂ ਅੱਖਾਂ
ਬੰਦ ਹੋ ਗਈਆਂ ਤੇ ਉਹ ਹਲਕਾ ਜਿਹਾ ਝੂਮਣ
ਲੱਗੀ। ਉਹ ਜਿਵੇਂ ਆਪਣੇ ਆਪ ਵਿਚ ਗਵਾਚ
ਗਈ। ਗ਼ਜ਼ਲ ਨੇ ਉਸਨੂੰ ਕੀਲਿਆ ਹੋਇਆ ਸੀ।
ਗ਼ਜ਼ਲ ਖ਼ਤਮ ਹੋਣ ਪਿਛੋਂ ਵੀ ਉਹ ਕੁਝ ਚਿਰ
ਉਸੇ ਤਰ੍ਹਾਂ ਅੱਖਾਂ ਮੀਟੀ ਬੇਮਲੂਮਾ ਜਿਹਾ ਝੂਮਦੀ
ਰਹੀ। ਅਖ਼ੀਰ, ਉਸਨੇ ਅੱਖਾਂ ਖੋਹਲੀਆਂ, ਤਾਂ ਕੁਝ
ਸੰਕੋਚ ਜਿਹੇ ਵਿਚ ਕਿਹਾ, "ਮਾਫ਼ ਕਰਨਾ, ਗ਼ਜ਼ਲ
ਮੇਰੀ ਬਹੁਤ ਵੱਡੀ ਕਮਜ਼ੋਰੀ ਏ। ਫੇਰ, ਜੇ ਉਹ
ਗ਼ਾਲਿਬ ਦੀ ਗ਼ਜ਼ਲ ਹੋਵੇ!"
ਖਾਣੇ ਪਿਛੋਂ ਅਸੀਂ ਕਾਫ਼ੀ ਪੀ ਰਹੇ ਸਾਂ, ਤੇ
ਇਧਰ-ਉਧਰ ਦੀਆਂ ਹਲਕੀਆਂ-ਫੁਲਕੀਆਂ
ਗੱਲਾਂ ਹੋ ਰਹੀਆਂ ਸਨ ਕਿ ਪ੍ਰੋਫੈਸਰ ਨੇ ਅਨੂਪ ਦੇ
ਹੱਥਾਂ ਵਲ ਵੇਖਦਿਆਂ ਕਿਹਾ, "ਤੁਹਾਡੇ ਹੱਥਾਂ ਦੀ
ਜਿਲਦ ਵਿਚ ਕੋਈ ਖਰਾਬੀ ਨਾ ਹੋ ਜਾਏ, ਕਿਸੇ
ਡਾਕਟਰ ਨੂੰ ਵਿਖਾਓ। ਜਾਂ ਪਹਿਲਾਂ ਕੁਝ ਦਿਨ
ਵਿਟਾਮਿਨ ਬੀ. ਖਾ ਕੇ ਵੇਖੋ। ਉਸਦੀ ਘਾਟ ਲਗਦੀ
ਏ।"
ਉਹ ਕੁਝ ਮਿੰਟ ਰੁਕੀ। ਫੇਰ, ਉਸਨੇ ਕਿਹਾ,
"ਤੁਹਾਡੇ ਗਲ ਵਿਚ ਵੀ ਕੁਝ ਖਰਾਬੀ ਏ। ਕਿਤੇ
ਖੰਘ ਨਾ ਹੋ ਜਾਏ। ਮੇਰੇ ਕੋਲ ਇਕ ਬੜੀ ਚੰਗੀ
ਦਵਾਈ ਏ। ਮੈਂ ਤੋਸ਼ੀ ਦੇ ਹੱਥ ਭੇਜਾਂਗੀ। ਇਕ-ਦੋ
ਦਿਨਾਂ ਵਿਚ ਹੀ ਤੁਹਾਡੀ ਬੈਠੀ ਹੋਈ ਆਵਾਜ਼ ਠੀਕ
ਹੋ ਜਾਵੇਗੀ। ਕਈ ਪ੍ਰੋਫੈਸਰ ਤਾਂ ਉਸਨੂੰ ਖਾ ਕੇ
ਬੜਾ ਉੱਚਾ ਬੋਲਣ ਲੱਗ ਪਏ ਹਨ।" ਉਹ ਠਹਾਕਾ
ਮਾਰ ਕੇ ਹੱਸੀ।
ਅਸੀਂ ਵੀ ਖੁਲ੍ਹ ਕੇ ਹੱਸੇ।
ਫੇਰ, ਉਸਨੇ ਤੋਸ਼ੀ ਵਲ ਸੰਕੇਤ ਕਰਦਿਆਂ
ਕਿਹਾ, "ਇਸਨੂੰ ਕਦੇ ਸ਼ੈਕਸਪੀਅਰ ਵੀ ਪੜ੍ਹਾ
ਦਿਆ ਕਰੋ। ਬ੍ਰਾਊਨਿੰਗ ਦੀ ਤਾਂ ਹੁਣ ਇਹ ਇਨੀ
ਭਗਤ ਹੋ ਗਈ ਏ ਕਿ ਇਕ ਦਿਨ ਕਹਿ ਰਹੀ ਸੀ
ਕਿ ਉਹ ਸ਼ੈਕਸਪੀਅਰ ਨਾਲੋਂ ਵੱਡਾ ਕਵੀ ਏ।"
ਅਨੂਪ ਮੁਸਕਰਾਇਆ। "ਨਹੀਂ, ਹੁਣ ਮੈਂ ਇਸਨੂੰ
ਨਹੀਂ ਪੜ੍ਹਾਵਾਂਗਾ। ਹੁਣ ਤੁਸੀਂ ਹੀ ਇਸ ਨੂੰ ਪੜ੍ਹਾਓ।
ਮੈਂ ਤਾਂ ਇਸਨੂੰ ਬ੍ਰਾਊਨਿੰਗ ਰਤਾ ਸੌਖਾ ਕਰਕੇ
ਦਸਿਆ ਸੀ। ਕਹਿੰਦੀ ਸੀ ਕਿ ਬਹੁਤ ਔਖਾ ਏ।"
ਅਸੀਂ ਫੇਰ ਸਾਰੇ ਹੱਸੇ। ਪਰ ਮੈਨੂੰ ਲੱਗਾ
ਕਿ ਇਸ ਵਾਰ ਤੋਸ਼ੀ ਖੁਲ੍ਹ ਕੇ ਨਹੀਂ ਸੀ ਹੱਸੀ।
ਮੈਂ ਸਮਝ ਗਿਆ। ਝੱਲੀ ਕਿਤੋਂ ਦੀ! ਮੈਂ ਮਨ ਵਿਚ
ਕਿਹਾ। ਅਨੂਪ ਨੇ ਤਾਂ ਉਂਜ ਹੀ ਕਿਹਾ ਹੈ। ਕਿਤੇ
ਪੜ੍ਹਾਉਣੋਂ ਹਟ ਥੋੜ੍ਹਾ ਜਾਏਗਾ? ਜ਼ਰੂਰ ਪੜ੍ਹਾਏਗਾ।
ਤ੍ਰਕਾਲਾਂ ਤੀਕ ਗੱਲਾਂ ਹੁੰਦੀਆਂ ਰਹੀਆਂ।
ਪ੍ਰੋਫੈਸਰ ਦੀਆਂ ਗੱਲਾਂ ਵਿਚ ਬੜੀ ਅਪਣੱਤ ਸੀ।
ਉਸਨੇ ਮੇਰੇ ਤੇ ਮੇਰੇ ਵਪਾਰ ਬਾਰੇ ਬੜੀ ਦਿਸਚਸਪੀ
ਨਾਲ ਗੱਲਾਂ ਪੁਛੀਆਂ। ਤੋਸ਼ੀ ਦੀ ਪੜ੍ਹਾਈ ਬਾਰੇ
ਉਹ ਇੰਜ ਗੱਲਾਂ ਕਰਦੀ ਰਹੀ, ਜਿਵੇਂ ਉਹ ਉਸਦੀ
ਛੋਟੀ ਭੈਣ ਹੋਵੇ। ਇਸੇ ਤਰ੍ਹਾਂ ਉਸ ਨੇ ਅਨੂਪ ਨੂੰ
ਕਿਹਾ ਕਿ ਉਹ ਆਪਣੀ ਪ੍ਰਤਿਭਾ ਨੂੰ ਇਸ ਤਰ੍ਹਾਂ
ਅਜਾਈਂ ਨਾ ਗਵਾਏ ਤੇ ਕਿਸੇ ਵਡੇ ਉਦੇਸ਼ ਨੂੰ
ਸਾਹਮਣੇ ਰਖਕੇ ਕੰਮ ਕਰੇ। ਜੇ ਚਾਹੇ, ਤਾਂ ਉਹ
ਉਸਨੂੰ ਯੂਰਪ ਭੇਜਣ ਦਾ ਵੀ ਪ੍ਰਬੰਧ ਕਰ ਸਕਦੀ
ਹੈ। ਤੇ ਆਪਣੀ ਸਿਹਤ ਦਾ ਪੂਰਾ ਖ਼ਿਆਲ ਰੱਖੇ।
ਹੋਟਲਾਂ ਵਿਚ ਖਾਣਾ ਉੱਕਾ ਹੀ ਛੱਡ ਦੇਵੇ। ਜੇ ਹੋਰ
ਕਿਤੇ ਚੰਗਾ ਪ੍ਰਬੰਧ ਨਾ ਹੁੰਦਾ ਹੋਵੇ ਤਾਂ ਉਨ੍ਹਾਂ ਦੇ
ਹੋਸਟਲ ਵਿਚ ਆ ਕੇ ਖਾ ਲਿਆ ਕਰੇ। ਉਥੋਂ ਦਾ
ਖਾਣਾ ਕਾਫ਼ੀ ਚੰਗਾ ਹੈ।
ਮਾਂ ਨਾਲ ਵੀ ਉਸ ਨੇ ਅਜਿਹੀ ਅਪਣੱਤ ਤੇ
ਨਿੱਘ ਨਾਲ ਗੱਲਾਂ ਕੀਤੀਆਂ ਕਿ ਮਾਂ ਦੀਆਂ ਅੱਖਾਂ
ਵਿਚ ਹੰਝੂ ਆ ਗਏ। ਉਸ ਦੇ ਜਾਣ ਪਿਛੋਂ ਤੋਸ਼ੀ
ਨੇ ਵਿਅੰਗ ਨਾਲ ਮੈਨੂੰ ਕਿਹਾ, "ਕਿਉਂ, ਪਸੰਦ
ਆਈ ਮੇਰੀ ਪ੍ਰੋਫ਼ੈਸਰ? ਦਰਸ਼ਨ ਕਰ ਕੇ ਖੁਸ਼ੀ
ਹੋਈ ਜਾਂ ਨਹੀਂ?"
ਮੈਂ ਕਿਹਾ, "ਜੇ ਇਸ ਕੋਲੋਂ ਪੜ੍ਹਨ ਦਾ ਮੌਕਾ
ਮਿਲੇ ਤਾਂ ਮੈਂ ਮੁੜ ਕਾਲਜ ਵਿਚ ਦਾਖਲ ਹੋਣ
ਲਈ ਤਿਆਰ ਹਾਂ।"
"ਟਿਊਸ਼ਨ ਕਿਉਂ ਨਹੀਂ ਰਖ ਲੈਂਦਾ ਉਸ
ਦੀ?" ਅਨੂਪ ਨੇ ਹੱਸ ਕੇ ਕਿਹਾ।
ਮਾਂ ਉਂਜ ਤਾਂ ਬਹੁਤ ਪਹਿਲਾਂ ਤੋਂ ਹੀ ਤੋਸ਼ੀ
ਦੇ ਵਿਆਹ ਦੀਆਂ ਚੀਜ਼ਾਂ ਤਿਆਰ ਕਰਨ ਵਿਚ
ਲੱਗੀ ਹੋਈ ਸੀ, ਪਰ ਹੁਣ ਉਹ ਹਰ ਵੇਲੇ ਇਸ
ਤਿਆਰੀ ਵਿਚ ਰੁੱਝੀ ਰਹਿਣ ਲੱਗੀ। ਕੁਝ ਚੀਜ਼ਾਂ
ਦਾ ਪ੍ਰਬੰਧ ਕਰਨ ਲਈ ਉਸਨੇ ਮੈਨੂੰ ਕਿਹਾ।
"ਮੇਰਾ ਖ਼ਿਆਲ ਏ ਕਿ ਅਗਲੀਆਂ ਛੁੱਟੀਆਂ ਵਿਚ
ਵਿਆਹ ਰੱਖ ਦਿਤਾ ਜਾਏ। ਹਾਲੀਂ ਦੋ-ਢਾਈ ਮਹੀਨੇ
ਪਏ ਨੇ। ਤਦ ਤਾਈਂ ਸਾਰੀ ਤਿਆਰੀ ਹੋ ਜਾਏਗੀ।"
"ਠੀਕ ਏ" ਮੈਂ ਕਿਹਾ।
ਇਸ ਦੌਰਾਨ ਅਨੂਪ ਤੋਸ਼ੀ ਨੂੰ ਪੜ੍ਹਾਉਂਦਾ
ਰਿਹਾ। ਉਹ ਐਤਵਾਰ ਤੋਂ ਛੁੱਟ ਹਫਤੇ ਵਿਚ ਇਕ
ਦਿਨ ਹੋਰ ਵੀ ਆ ਜਾਂਦਾ ਰਿਹਾ। ਉਸਨੇ ਤੋਸ਼ੀ ਨੂੰ
ਬ੍ਰਾਊਨਿੰਗ ਤੋਂ ਛੁੱਟ ਦੂਜੇ ਅੰਗਰੇਜ਼ੀ ਲੇਖਕ ਵੀ
ਪੜ੍ਹਾਏ, ਤੇ ਅੰਗਰੇਜ਼ੀ ਤੋਂ ਛੁੱਟ ਪੁਲੀਟੀਕਲ
ਸਾਇੰਸ ਦਾ ਵੀ ਕੁਝ ਔਖਾ ਹਿੱਸਾ ਪੜ੍ਹਾਇਆ।
ਇਸੇ ਦੌਰਾਨ ਅਨੂਪ ਦੋ-ਤਿੰਨ ਵਾਰ ਤੋਸ਼ੀ
ਦੇ ਕਾਲਜ ਵੀ ਗਿਆ। ਤੋਸ਼ੀ ਦੀ ਉਸ ਪ੍ਰੋਫ਼ੈਸਰ
ਨੇ ਹੀ ਕਾਲਜ ਵਿਚ ਉਸ ਦਾ ਭਾਸ਼ਣ ਰਖਾਇਆ
ਸੀ। ਭਾਸ਼ਣ ਬਹੁਤ ਸਫਲ ਰਿਹਾ ਸੀ, ਤੇ
ਪ੍ਰਿੰਸੀਪਲ ਨੇ ਅਨੂਪ ਨੂੰ ਕੁਝ ਹੋਰ ਭਾਸ਼ਣ ਦੇਣ
ਦੀ ਬੇਨਤੀ ਕੀਤੀ ਸੀ।
ਇਸੇ ਦੌਰਾਨ ਅਨੂਪ ਨੇ ਕੁਝ ਕਵਿਤਾਵਾਂ
ਲਿਖੀਆਂ, ਪਿਆਰ ਦੀਆਂ ਬਹੁਤ ਸੋਹਣੀਆਂ
ਕਵਿਤਾਵਾਂ। ਜੰਗਲੀ ਲੋਕਾਂ ਦੀ ਜੋ ਜ਼ਿੰਦਗੀ ਉਹ
ਵੇਖ ਕੇ ਆਇਆ ਸੀ, ਉਸ ਬਾਰੇ ਇਕ ਨਾਵਲ
ਲਿਖਣਾ ਸ਼ੁਰੂ ਕੀਤਾ। ਉਸ ਦੇ ਤਿੰਨ ਕਾਂਡ ਉਸਨੇ
ਮੈਨੂੰ ਸੁਣਾਏ ਵੀ। ਮੈਂ ਇਹ ਵੇਖ ਕੇ ਹੈਰਾਨ ਰਹਿ
ਗਿਆ ਕਿ ਉਸਦੀ ਨਜ਼ਰ ਕਿੰਨੀ ਤਿੱਖੀ ਸੀ, ਤੇ
ਕਿੰਨੀ ਗਹਿਰਾਈ ਨਾਲ ਉਸ ਨੇ
ਜੰਗਲੀ ਲੋਕਾਂ ਦੀ ਜ਼ਿੰਦਗੀ
ਨੂੰ ਵੇਖਿਆ ਸੀ ਤੇ ਨਵੀਂ
ਸਭਿਅਤਾ ਤੋਂ ਬੇਲਾਗ
ਉਨ੍ਹਾਂ ਦੇ ਦਿਲਾਂ ਵਿਚ
ਝਾਕਿਆ ਸੀ।
ਮੈਂ ਸੋਚਦਾ ਸਾਂ, ਹੋ
ਸਕਦਾ ਏ ਵਿਆਹ ਪਿਛੋਂ
ਅਨੂਪ ਦੀ ਜ਼ਿੰਦਗੀ ਵਿਚ
ਟਿਕਾਅ ਆ ਜਾਏ, ਤੇ
ਉਹ ਆਪਣੀ ਪ੍ਰਤਿਭਾ ਨੂੰ
ਅਜਾਈਂ ਗਵਾਉਣ ਦੀ ਥਾਂ
ਕੋਈ ਬਹੁਤ ਵੱਡਾ ਕੰਮ ਕਰੇ,
ਕੋਈ ਬਹੁਤ ਵੱਡੀ ਚੀਜ਼ ਪੈਦਾ
ਕਰੇ।
ਉਨ੍ਹੀਂ ਦਿਨੀਂ ਮੈਂ ਫੇਰ
ਮਹੀਨੇ ਦੇ ਦੌਰੇ 'ਤੇ ਬਾਹਰ
ਚਲਾ ਗਿਆ। ਮੈਨੂੰ ਗਿਆਂ
ਹਾਲੀਂ ਦਸ ਹੀ ਦਿਨ ਹੋਏ
ਸਨ ਕਿ ਅਨੂਪ ਦਾ ਖ਼ਤ
ਮਿਲਿਆ। ਖ਼ਤ ਵੇਖ ਕੇ
ਮੈਨੂੰ ਹੈਰਾਨੀ ਹੋਈ।
ਉਸਨੇ ਤਾਂ ਕਦੇ ਕਿਸੇ
ਨੂੰ ਖਤ ਨਹੀਂ ਸੀ
ਲਿਖਿਆ। ਭਲਾ ਇਹ
ਖ਼ਤ ਕਿਉਂ
ਲਿਖਿਆ? ਜਦ ਮੈਂ
ਖ਼ਤ ਖੋਹਲ ਕੇ ਪੜ੍ਹਿਆ,
ਤਾਂ ਮੇਰੀ ਹੈਰਾਨੀ ਦੀ ਹਦ ਨਾ ਰਹੀ। ਚੌਂਹ ਸਤਰਾਂ
ਦਾ ਛੋਟਾ ਜਿਹਾ ਖ਼ਤ ਸੀ ਉਹ, ਜਿਸ ਵਿਚ ਅਨੂਪ
ਨੇ ਲਿਖਿਆ ਸੀ ਕਿ ਇਕ ਦਿਨ ਪਹਿਲਾਂ ਉਸਨੇ
ਅਦਾਲਤ ਵਿਚ ਜਾ ਕੇ ਅੰਗਰੇਜ਼ੀ ਦੀ ਉਸ ਪ੍ਰੋਫੈਸਰ
ਨਾਲ ਵਿਆਹ ਕਰ ਲਿਆ ਹੈ, ਤੇ ਹੁਣ ਉਹ
ਵਿਆਹ ਦੀ ਇਕ ਛੋਟੀ ਜਿਹੀ ਪਾਰਟੀ ਦੇ ਰਿਹਾ
ਹੈ। ਸੋ, ਮੈਂ ਪਤਾ ਦਵਾਂ ਕਿ ਕਦ ਤਕ ਵਾਪਸ
ਆਵਾਂਗਾ।
ਮੈਂ ਕਿੰਨਾਂ ਚਿਰ ਖ਼ਤ ਨੂੰ ਇਕ
ਟੱਕ ਵੇਖਦਾ ਰਿਹਾ ਤੇ ਉਸ
ਦੀਆਂ ਸਤਰਾਂ ਵਿਚ ਅਨੂਪ ਨੂੰ
ਪੜ੍ਹਨ ਦਾ ਜਤਨ
ਕਰਦਾ ਰਿਹਾ।
ਹੌਲੀ-ਹੌਲੀ ਮੇਰੀ
ਹੈਰਾਨੀ ਦੂਰ ਹੁੰਦੀ
ਗਈ, ਤੇ ਮੈਂ ਅਨੂਪ
ਨੂੰ ਉਸਦੇ ਸਹੀ ਰੂਪ
ਵਿਚ ਵੇਖਣ ਲੱਗਾ।
ਇਕ ਵਾਰ ਤੋਸ਼ੀ ਮੇਰੇ
ਸਾਹਮਣੇ ਆਈ, ਤੇ
ਫੇਰ ਮਾਂ। ਪਰ ਤਦੇ
ਖੁਸ਼ੀ ਦੀ ਇਕ
ਲਹਿਰ ਮੇਰੇ
ਅੰਦਰੋਂ
ਉਠੀ ਤੇ
ਮੈਂ ਅਨੂਪ
ਨੂੰ
ਵਧਾਈ ਦਾ ਖ਼ਤ ਲਿਖਣ ਬੈਠ ਗਿਆ, ਤੇ ਇਹ
ਪਤਾ ਦੇਣ ਕਿ ਮੈਂ ਛੇਤੀ ਹੀ ਵਾਪਸ ਆ ਰਿਹਾ ਹਾਂ,
ਤੇ ਪਾਰਟੀ ਦਾ ਪ੍ਰਬੰਧ ਮੈਂ ਖ਼ੁਦ ਕਰਾਂਗਾ, ਤੇ ਉਹ
ਬਹੁਤ ਸ਼ਾਨਦਾਰ ਪਾਰਟੀ ਹੋਵੇਗੀ।