Toofani Petrel Da Geet (Story in Punjabi) : Maxim Gorky
ਤੂਫ਼ਾਨੀ ਪੇਤਰੇਲ ਦਾ ਗੀਤ (ਕਹਾਣੀ) : ਮੈਕਸਿਮ ਗੋਰਕੀ
ਸਾਗਰ ਦੇ ਸਲੇਟੀ ਮੈਦਾਨ 'ਤੇ ਹਵਾ
ਹੈ ਬੱਦਲ ਇਕੱਠੇ ਕਰ ਰਹੀ ।
ਬੱਦਲਾਂ ਤੇ ਸਾਗਰ ਦੇ ਦਰਮਿਆਨ
ਕਾਲੀ ਬਿਜਲੀ ਦੀ ਲਕੀਰ ਵਾਂਗ,
ਤੂਫ਼ਾਨੀ ਪੇਤਰੇਲ
ਹੈ ਮਾਣ ਨਾਲ ਮੰਡਲਾ ਰਿਹਾ ।
ਹੁਣੇ ਖੰਭ ਨਾਲ ਛੂੰਹਦਾ ਲਹਿਰ ਨੂੰ,
ਹੁਣੇ ਤੀਰ ਵਾਂਗ ਉੱਠਦਾ
ਬੱਦਲਾਂ ਵੱਲ ਜਾਂਦਾ
ਉਹ ਹੈ ਚਿੱਲਾ ਰਿਹਾ,
ਤੇ-ਬੱਦਲ ਉਸ ਦੀ
ਹੌਸਲੇ ਭਰੀ ਚੀਖ ਵਿੱਚ
ਸੁਣ ਰਹੇ ਨੇ ਸੰਦੇਸ਼ ਕੋਈ ।
ਇਸ ਚੀਖ ਵਿਚ ਹੈ
ਸਿੱਕ ਤੂਫ਼ਾਨ ਦੀ ।
ਬੱਦਲਾਂ ਨੂੰ
ਇਸ ਵਿਚ ਹੈ ਸੁਣਾਈ ਦੇ ਰਹੀ,
ਰੋਹ ਦੀ ਤਾਕਤ,
ਜੋਸ਼ ਦਾ ਭਾਂਬੜ
ਤੇ ਜਿੱਤ ਵਿਚ ਯਕੀਨ ।
ਮੁਰਗ਼ਾਬੀਆਂ
ਤੂਫ਼ਾਨ ਤੋਂ ਪਹਿਲਾਂ ਨੇ ਕੁਰਲਾ ਰਹੀਆਂ-
ਕੁਰਲਾ ਰਹੀਆਂ,
ਉਡਦੀਆਂ ਨੇ ਉਹ ਸਾਗਰ 'ਤੇ ਇਧਰ ਉਧਰ,
ਤੇ ਸਹਿਮ ਆਪਣੇ ਨੂੰ
ਤੂਫ਼ਾਨ ਸਾਮ੍ਹਣੇ ਤਿਆਰ ਨੇ
ਸਾਗਰ ਦੀ ਤਹਿ ਵਿਚ ਲੁਕਾਉਣ ਲਈ ।
ਤੇ ਗਰੇਬੇ ਵੀ ਨੇ ਕੁਰਲਾ ਰਹੇ-
ਅਪਹੁੰਚ ਏ ਉਹਨਾਂ ਲਈ
ਜੀਵਨ ਦੇ ਘੋਲ ਦੀ ਖ਼ੁਸ਼ੀ :
ਡਰ ਰਹੇ ਨੇ ਉਹ
ਤੂਫ਼ਾਨੀ ਗਰਜ ਤੋਂ ।
ਮੂਰਖ ਪੈਂਗਵਿਨ
ਆਪਣੇ ਮੋਟੇ ਸਰੀਰ ਸਹਿਮ ਨਾਲ ਨੇ
ਚਟਾਨਾਂ ਵਿਚ ਲੁਕਾਉਂਦੇ ਫਿਰ ਰਹੇ ।
…ਮਾਣ ਭਰਿਆ ਤੂਫ਼ਾਨੀ ਪੇਤਰੇਲ ਹੀ ਬਸ
ਝੱਗ ਨਾਲ ਚਿੱਟੇ ਹੋਏ ਸਾਗਰ ਤੇ
ਹੈ ਦਲੇਰੀ ਤੇ ਆਜ਼ਾਦੀ ਨਾਲ ਮੰਡਲਾ ਰਿਹਾ ।
ਸਾਗਰ ਉਤੇ ਬੱਦਲ ਹੁੰਦੇ ਜਾ ਰਹੇ ਨੇ
ਹੋਰ ਨੀਵੇਂ, ਹੋਰ ਕਾਲੇ,
ਤੇ ਲਹਿਰਾਂ ਨੇ ਗਾ ਰਹੀਆਂ
ਤੇ ਗਰਜ ਨੂੰ ਮਿਲਣ ਲਈ ਨੇ
ਉਹ ਉਛਾਲੇ ਲਾ ਰਹੀਆਂ ।
ਬਿਜਲੀ ਹੈ ਕੜਕਦੀ,
ਰੋਹ ਨਾਲ ਝੱਗੋਝੱਗ ਹੋਈਆਂ ਲਹਿਰਾਂ ਚੀਖਦੀਆਂ,
ਹਵਾਵਾਂ ਨਾਲ ਬਿਦ ਰਹੀਆਂ ਨੇ ।
ਔਹ ਹਵਾ ਨੇ ਲਹਿਰਾਂ ਦੇ ਝੁੰਡ ਨੂੰ
ਆਪਣੀ ਤਕੜੀ ਗਲਵਕੜੀ ਵਿਚ ਹੈ ਜਕੜਿਆ
ਤੇ ਘੁਮਾ ਕੇ ਵਹਿਸ਼ੀ ਕਰੋਧ ਨਾਲ
ਉਹਨਾਂ ਨੂੰ
ਪਟਕ ਕੇ ਚਟਾਨਾਂ 'ਤੇ ਹੈ ਮਾਰਿਆ,
ਉਹਨਾਂ ਦੇ ਜਮੁਰਦੀ ਸਮੂਹ ਨੂੰ
ਫੁਹਾਰ ਤੇ ਤੁਪਕੇ ਬਣਾ ਦਿੱਤਾ ਹੈ ਖਿੰਡਾ ।
ਚੀਖਦਾ ਮੰਡਲਾ ਰਿਹਾ ਹੈ ਤੂਫ਼ਾਨੀ ਪੇਤਰੇਲ,
ਕਾਲੀ ਬਿਜਲੀ ਦੀ ਲਕੀਰ ਵਾਂਗ,
ਤੀਰ ਵਾਂਗ ਬੱਦਲਾਂ ਨੂੰ ਵਿੰਨ੍ਹਦਾ,
ਪਰਾਂ ਨਾਲ ਲਹਿਰਾਂ ਦੀ ਝੱਗ ਨੂੰ ਛੰਡਦਾ ।
ਔਹ ਉਹ ਹੈ ਮੰਡਲਾ ਰਿਹਾ,
ਦੈਂਤ ਵਾਂਗ-ਮਾਣ ਭਰਿਆ,
ਕਾਲਾ ਦੈਂਤ ਤੂਫ਼ਾਨ ਦਾ,
-ਕਦੀ ਰੋਂਦਾ, ਕਦੀ ਹੱਸਦਾ ।
ਬੱਦਲਾਂ 'ਤੇ ਹੱਸਦਾ,
ਤੇ ਖ਼ੁਸ਼ੀ ਨਾਲ ਰੋਣ ਲੱਗ ਪੈਂਦਾ ਹੈ ਉਹ !
ਉਹ ਗਰਜ ਦੇ ਰੋਹ ਵਿਚ,
-ਕੋਮਲਭਾਵੀ ਦੈਂਤ-
ਹੈ ਕਦੇ ਦਾ ਉਸਦੀ ਬਕਣ ਸੁਣਦਾ ਪਿਆ,
ਉਸ ਦਾ ਵਿਸ਼ਵਾਸ ਏ,
ਕਿ ਬੱਦਲ ਸੂਰਜ ਨੂੰ ਲੁਕਾ ਸਕਦੇ ਨਹੀਂ-
ਨਹੀਂ, ਲੁਕਾ ਸਕਦੇ ਨਹੀਂ !
ਹਵਾ ਹੈ ਚਿੰਘਾੜ ਰਹੀ ।…
ਬਿਜਲੀ ਏ ਕੜਕ ਰਹੀ ।…
ਬੱਦਲਾਂ ਦੇ ਝੁੰਡ ਦੀ
ਅਥਾਹ ਖਾਈ ਦੇ ਉਤੇ
ਨੀਲੀਆਂ ਲਾਟਾਂ ਵਿਚ ਨੇ ਬਲ ਰਹੇ ।
ਬਿਜਲੀ ਦੇ ਤੀਰ ਸਾਗਰ ਏ ਬੋਚਦਾ
ਤੇ ਡੂੰਘਾਣਾਂ ਆਪਣੀਆਂ ਵਿਚ
ਜਾ ਏ ਬੁਝਾਉਂਦਾ ।
ਮੇਲ੍ਹਦੇ ਨੇ ਅੱਗ ਦੇ ਸੱਪਾਂ ਵਾਂਗ
ਇਹਨਾਂ ਬਿਜਲੀਆਂ ਦੇ ਪਰਤੌ
ਸਾਗਰ ਵਿਚ ਮਿਟਦੇ ਹੋਏ ।
"ਤੂਫ਼ਾਨ !
ਬਹੁਤ ਜਲਦੀ ਆਉਣ ਵਾਲਾ ਹੈ ਤੂਫ਼ਾਨ !"
ਰੋਹ ਨਾਲ ਚਿੰਘਾੜਦੇ ਸਾਗਰ 'ਤੇ
ਬਿਜਲੀਆਂ ਵਿਚਕਾਰ
ਦਲੇਰ ਤੂਫ਼ਾਨੀ ਪੇਤਰੇਲ
ਮਾਣ ਨਾਲ ਹੈ ਮੰਡਲਾ ਰਿਹਾ;
ਜਿੱਤ ਦਾ ਪੈਗ਼ੰਬਰ ਕੂਕਦਾ ਹੈ ਉਹ:
"ਸ਼ਾਲਾ ! ਖ਼ੂਬ ਜ਼ੋਰ ਨਾਲ ਆਏ ਤੂਫ਼ਾਨ !"
(ਅਨੁਵਾਦਕ ਗੁਰੂਬਖ਼ਸ਼ ਸਿੰਘ)