Tipp (Punjabi Story) : Sukhbir
ਟਿੱਪ (ਕਹਾਣੀ) : ਸੁਖਬੀਰ
ਉਸ ਛੋਟੇ ਜਿਹੇ ਰੈਸਤੋਰਾਂ ਵਿਚ ਸਲੀਮ ਨੂੰ
ਜਦ ਵੀ ਵਿਹਲ ਦੇ ਕੁਝ ਛਿਣ ਮਿਲਦੇ ਉਹ ਬਾਰੀ
'ਚੋਂ ਸਾਹਮਣੇ ਕਾਲਜ ਵੱਲ ਵੇਖਣ ਲੱਗਦਾ ਜਿਸ
ਦਾ ਥੋੜ੍ਹਾ ਜਿੰਨਾ ਹੀ ਹਿੱਸਾ ਉਥੋਂ ਵਿਖਾਈ ਦਿੰਦਾ
ਸੀ। ਉਹ ਮੁੰਡਿਆਂ-ਕੁੜੀਆਂ ਨੂੰ ਵੇਖਦਾ ਜਿਨ੍ਹਾਂ ਦੇ
ਚਿਹਰੇ ਦੂਰੀ ਕਰਕੇ ਪੂਰੀ ਤਰ੍ਹਾਂ ਨਹੀਂ ਸਨ ਦਿਸਦੇ।
ਉਂਜ ਵੀ ਉਹ ਚਿਹਰੇ ਉਸ ਨੂੰ ਕਿਸੇ ਹੋਰ ਦੁਨੀਆਂ
ਦੇ ਚਿਹਰੇ ਪ੍ਰਤੀਤ ਹੁੰਦੇ। ਉਹ ਦੁਨੀਆਂ ਜੋ ਉਸ
ਤੋਂ ਬਹੁਤ ਦੂਰ ਸੀ।
ਉਹ ਆਪਣੀ ਹੀ ਕਿਸਮ ਦਾ ਰੈਸਤੋਰਾਂ ਸੀ,
ਜਿਸ ਨੂੰ ਬਣਿਆਂ ਕੁਝ ਹੀ ਚਿਰ ਹੋਇਆ ਸੀ। ਦੀ
ਕੌਰਨਰ ਨਾਂ ਸੀ ਉਸ ਦਾ। ਉਸ ਨੂੰ ਬਾਹਰੋਂ ਵੇਖਣ
ਤੇ ਅਜੀਬ ਜਿਹੇ ਸੁਹੱਪਣ ਦਾ ਅਹਿਸਾਸ ਹੁੰਦਾ।
ਆਲੇ ਦੁਆਲੇ ਦੀਆਂ ਇਮਾਰਤਾਂ ਵਿਚ ਬਿਲਕੁਲ
ਵੱਖਰੀ ਹੋਂਦ ਸੀ ਉਸ ਦੀ। ਵੇਖ ਕੇ ਇਕ ਵਾਰ ਤਾਂ
ਜਰੂਰ ਦਿਲ 'ਚ ਆਉਂਦਾ ਕਿ ਅੰਦਰ ਜਾ ਕੇ ਵੀ
ਵੇਖਿਆ ਜਾਏ। ਤੇ ਅੰਦਰ ਜਾਣ 'ਤੇ ਹੋਰ ਵੀ
ਸੁਹੱਪਣ ਦਾ ਅਹਿਸਾਸ ਹੁੰਦਾ। ਉਥੇ ਬੈਠਿਆਂ ਇਹ
ਨਾ ਲੱਗਦਾ ਕਿ ਆਦਮੀ ਚਹੁੰ ਕੰਧਾਂ ਵਿਚ ਘਿਰਿਆ
ਹੋਇਆ ਹੈ। ਅੰਦਰ ਦਾਖਲ ਹੋਣ 'ਤੇ ਸਾਹਮਣੇ
ਹੱਥ ਖੱਡੀ ਦਾ ਪਰਦਾ ਲੱਗਾ ਹੋਇਆ ਦਿਸਦਾ ਜਿਸ
ਨੇ ਪੂਰੀ ਕੰਧ ਨੂੰ ਢਕਿਆ ਹੋਇਆ ਸੀ। ਉਸ
ਪਰਦੇ ਸਦਕਾ ਕੰਧ ਦਾ ਅਹਿਸਾਸ ਹੀ ਮਿਟ ਗਿਆ
ਸੀ। ਖੱਬੇ ਹੱਥ ਦੀ ਕੰਧ ਦੀ ਸਤਹਿ ਰੇਤ ਦੀ ਬਣੀ
ਹੋਈ ਸੀ ਤੇ ਉਸ ਤੇ ਥਾਂ-ਥਾਂ ਬਿਨਾਂ ਕਿਸੇ ਤਰਤੀਬ
ਦੇ ਸਿੱਪੀਆਂ ਸੰਖ ਤੇ ਛੋਟੇ-ਵੱਡੇ ਪੱਥਰ ਲੱਗੇ ਹੋਏ
ਸਨ। ਸੱਜੇ ਹੱਥ ਦੀ ਕੰਧ ਤੇ ਛੇ ਫੁਟ ਚੌੜਾ ਇੱਕ
ਚਿੱਤਰ ਟੰਗਿਆ ਹੋਇਆ ਸੀ ਸਾਵੇ ਰੰਗ ਦੇ ਪਾਣੀ
ਵਿਚ ਟੁੱਟੀਆਂ ਹੋਈਆਂ ਸ਼ਕਲਾਂ ਵਾਲੀਆਂ
ਤਿਨੁੱਕਰੀਆਂ ਤੇ ਚੌਰਸ ਮੱਛੀਆਂ ਦਾ ਚਿੱਤਰ।
ਚੌਥੀ ਕੰਧ ਸਲੇਟੀ ਰੰਗ ਦੀ ਸੀ ਜਿਸ ਵਿਚ
ਇਕ ਪਾਸੇ ਚੌਰਸ ਬਾਰੀ ਤੇ ਦੂਜੇ ਪਾਸੇ ਬੂਹਾ ਸੀ।
ਪੂਰੀ ਬਾਰੀ ਵਿਚ ਕੱਚ ਲੱਗਾ ਹੋਇਆ ਸੀ ਤੇ
ਬੂਹਾ ਵੀ ਕੱਚ ਦਾ ਹੀ ਬਣਿਆ ਹੋਇਆ ਸੀ।
ਰੈਸਤੋਰਾਂ ਵਿਚ ਸਿਰਫ ਇਕੋ ਬੈਰਾ ਸੀ।
ਸਲੀਮ ਉਸ ਦਾ ਨਾਂ ਸੀ। ਰੈਸਤੋਰਾਂ ਕਿਉਂਕਿ ਹਾਲੀ
ਪੂਰੀ ਤਰ੍ਹਾਂ ਚੱਲਿਆ ਨਹੀਂ ਸੀ ਤੇ ਨਾਲੇ ਉਸ
ਵਿਚ ਕੁਲ ਛੇ ਹੀ ਮੇਜ਼ ਸਨ। ਇਸ ਲਈ ਮਾਲਕ
ਨੇ ਇਕੋ ਬੈਰਾ ਰੱਖਿਆ ਹੋਇਆ ਸੀ। ਵਧੇਰੇ
ਕਰਕੇ ਕਾਲਜ ਦੇ ਵਿਦਿਆਰਥੀ ਹੀ ਉਥੇ ਆਉਂਦੇ
ਸਨ। ਸਾਧਾਰਨ ਹੋਟਲਾਂ ਦੇ ਮੁਕਾਬਲੇ ਵਿਚ ਉਥੇ
ਚੀਜ਼ਾਂ ਦੇ ਦੁਗਣੇ-ਤਿਗਣੇ ਭਾਅ ਸਨ। ਚਾਹ-ਕਾਫ਼ੀ
ਤੋਂ ਛੁੱਟ ਸਮੋਸੇ ਤੇ ਕਈ ਕਿਸਮ ਦੇ ਪਕੌੜੇ ਉਥੋਂ
ਦੀ ਸਪੈਸ਼ਿਅਲਿਟੀ ਸੀ।
ਸਲੀਮ ਇਕ ਪਾਸੇ ਖੜ੍ਹਾ ਬਾਰੀ ਦੇ ਕੱਚ
'ਚੋਂ ਬਾਹਰ ਵੇਖ ਰਿਹਾ ਸੀ ਕਿ ਸੜਕ ਤੇ ਚਾਰ
ਕੁੜੀਆਂ ਰੈਸਤੋਰਾਂ ਵੱਲ ਆਉਂਦੀਆਂ ਦਿਸੀਆਂ।
ਉਹ ਉਸ ਦੀਆਂ ਜਾਣੀਆਂ ਪਛਾਣੀਆਂ ਕੁੜੀਆਂ
ਸਨ ਜੋ ਕਾਲਜ ਵਿਚ ਪੜ੍ਹਦੀਆਂ ਸਨ ਤੇ ਆਮ
ਤੌਰ 'ਤੇ ਉਥੇ ਆਇਆ ਕਰਦੀਆਂ ਸਨ।
ਚਾਰੇ ਕੁੜੀਆਂ ਰੈਸਤੋਰਾਂ ਵਿਚ ਦਾਖ਼ਲ
ਹੋਈਆਂ ਤੇ ਇਕ ਮੇਜ਼ 'ਤੇ ਬੈਠ ਗਈਆਂ। ਸਲੀਮ
ਠੰਢੇ ਪਾਣੀ ਦੇ ਚਾਰ ਗਲਾਸ ਟ੍ਰੇ ਵਿਚ ਰੱਖ ਕੇ
ਉਨ੍ਹਾਂ ਕੋਲ ਗਿਆ ਤੇ ਇਕ-ਇਕ ਕਰ ਕੇ ਉਹ
ਗਿਲਾਸ ਚਹੁੰਆਂ ਕੁੜੀਆਂ ਦੇ ਸਾਹਮਣੇ ਬੜੇ
ਸਲੀਕੇ ਨਾਲ ਰੱਖੇ ਜਿਵੇਂ ਵੱਖ-ਵੱਖ ਤੌਰ 'ਤੇ ਹਰ
ਕਿਸੇ ਨੂੰ ਕਿਹਾ ਹੋਵੇ-ਲਓ, ਪਹਿਲਾਂ ਪਾਣੀ ਪੀਓ,
ਪਿਆਸ ਲੱਗੀ ਹੋਵੇਗੀ।
ਰੈਸਤੋਰਾਂ ਦੇ ਮਾਲਕ ਨੇ ਜਿਸ ਸੁਹਜਸਵਾਦ
ਨਾਲ ਉਹ ਰੈਸਤੋਰਾਂ ਬਣਾਇਆ ਸੀ, ਉਸੇ
ਸੁਹਜ-ਸਵਾਦ ਦੇ ਨੁਕਤੇ ਤੋਂ ਉਸ ਲਈ ਬੈਰਾ
ਚੁਣਿਆ ਸੀ। ਉਸ ਨੂੰ ਅਜਿਹਾ ਬੈਰਾ ਚਾਹੀਦਾ ਸੀ
ਜੋ ਕੁਝ ਪੜ੍ਹਿਆ-ਲਿਖਿਆ ਹੋਵੇ ਤੇ ਜਿਸ ਵਿਚ
ਗੱਲ ਕਰਨ ਦਾ ਸਲੀਕਾ ਹੋਵੇ ਤੇ ਰੈਸਤੋਰਾਂ ਵਿਚ
ਗਾਹਕ ਨਾਲ ਪੇਸ਼ ਆਉਣ ਦਾ ਅਜਿਹਾ ਅੰਦਾਜ਼
ਕਿ ਉਨ੍ਹਾਂ ਤੇ ਖਾਸ ਅਸਰ ਪਏ ਤੇ ਉਹ ਉਥੇ ਬੈਠ
ਕੇ ਖਾਣ-ਪੀਣ ਦੀਆਂ ਚੀਜ਼ਾਂ ਦਾ ਸਵਾਦ ਲੈਣ ਦੇ
ਨਾਲ ਇਕ ਵੱਖਰੀ ਜਿਹੀ ਖੁਸ਼ੀ ਵੀ ਮਹਿਸੂਸ ਕਰਨ
ਤੇ ਉਨ੍ਹਾਂ ਨੂੰ ਅਪਣੱਤ ਦਾ ਅਹਿਸਾਸ ਹੋਵੇ ਜੋ ਕਿ
ਆਮ ਤੌਰ 'ਤੇ ਹੋਟਲਾਂ ਵਿਚ ਨਹੀਂ ਹੁੰਦਾ। ਇਸ
ਸਿਲਸਿਲੇ ਵਿਚ ਉਸ ਨੇ ਬਹੁਤ ਸਾਰੇ ਬੈਰਿਆਂ
ਨਾਲ ਇੰਟਰਵਿਊ ਕੀਤੀ ਸੀ ਤੇ ਉਨ੍ਹਾਂ 'ਚੋਂ ਸਲੀਮ
ਨੂੰ ਚੁਣਿਆ ਸੀ ਜੋ ਪਹਿਲਾਂ ਦੋ ਸਾਧਾਰਨ ਜਿਹੇ
ਹੋਟਲਾਂ ਵਿਚ ਕੰਮ ਕਰ ਚੁੱਕਾ ਸੀ ਤੇ ਉਨ੍ਹੀਂ ਦਿਨੀਂ
ਉਨ੍ਹਾਂ ਨਾਲੋਂ ਰਤਾ ਚੰਗੇ ਇਕ ਹੋਰ ਹੋਟਲ ਵਿਚ
ਕੰਮ ਕਰ ਰਿਹਾ ਸੀ।
ਪਾਣੀ ਦੇਣ ਪਿੱਛੋਂ ਸਲੀਮ ਇੱਕ ਪਾਸੇ ਜਾ
ਕੇ ਖੜ੍ਹਾ ਹੋ ਗਿਆ ਸੀ ਕਿਉਂਕਿ ਉਹ ਜਾਣਦਾ ਸੀ
ਕਿ ਕੁੜੀਆਂ ਕੁਝ ਠਹਿਰ ਕੇ ਹੀ ਆਰਡਰ
ਦੇਣਗੀਆਂ। ਹੁਣ ਉਹ ਬਾਰੀ 'ਚੋਂ ਬਾਹਰ ਨਹੀਂ
ਵੇਖ ਰਿਹਾ। ਕਿਸੇ-ਕਿਸੇ ਵੇਲੇ ਉਸ ਦੀ ਨਜ਼ਰ
ਕੁੜੀਆਂ ਵੱਲ ਚਲੀ ਜਾਂਦੀ ਸੀ। ਉਨ੍ਹਾਂ 'ਚੋਂ ਇਕ
ਕੁੜੀ ਗੁਜਰਾਤਣ ਸੀ ਜਿਸ ਦਾ ਚਿਹਰਾ ਓਨਾ
ਸੋਹਣਾ ਨਹੀਂ ਸੀ ਜਿੰਨਾ ਉਸ ਦਾ ਭਰਿਆ ਹੋਇਆ
ਤੇ ਕਿਸੇ ਹੱਦ ਤੱਕ ਫੁੱਲਿਆ ਹੋਇਆ ਜਿਸਮ
ਸੀ। ਲਿਬਾਸ ਤੋਂ ਉਹ ਬਹੁਤ ਅਮੀਰ ਜਾਪਦੀ ਸੀ।
ਵੱਖ-ਵੱਖ ਕੁੜੀਆਂ ਨਾਲ ਆਉਣ ਤੇ ਆਮ ਤੌਰ
'ਤੇ ਉਹੀ ਬਿਲ ਅਦਾ ਕਰਿਆ ਕਰਦੀ ਸੀ।
ਉਸ ਦੇ ਖੱਬੇ ਹੱਥ ਬੈਠੀ ਕੁੜੀ ਪੰਜਾਬਣ ਸੀ।
ਠੰਢਾ ਤੇ ਸਖਤ ਕਿਸਮ ਦਾ ਚਿਹਰਾ ਸੀ ਉਸ ਦਾ ਤੇ
ਪਤਲੇ-ਪਤਲੇ ਬੁੱਲ੍ਹ, ਜੋ ਹਮੇਸ਼ਾਂ ਪੀਚੇ ਹੋਏ ਰਹਿੰਦੇ।
ਉਸ ਦੀ ਨਜ਼ਰ ਹਰ ਚੀਜ਼ ਵਲ ਕਿਸੇ ਹਕਾਰਤ ਨਾਲ
ਵੇਖਦੀ। ਉਸ ਦਾ ਚਿਹਰਾ ਸੋਹਣਾ ਹੋਣ 'ਤੇ ਵੀ
ਸਲੀਮ ਨੂੰ ਕਦੇ ਸੁਹਣਾ ਨਹੀਂ ਸੀ ਲੱਗਾ। ਉਹ ਉਸ
ਨੂੰ ਕਿਸੇ ਚੀਕਣੀ ਚਿੱਟੀ ਲੱਕੜ ਦਾ ਬਣਿਆ ਹੋਇਆ
ਪ੍ਰਤੀਤ ਹੁੰਦਾ ਸੀ।
ਤੀਜੀ ਐਂਗਲੋਂ ਇੰਡੀਅਨ ਸੀ ਜਿਸ ਦਾ ਮੂੰਹ
ਗੁਜਰਾਤਣ ਕੁੜੀ ਵਲ ਸੀ ਤੇ ਪਿੱਠ ਸਲੀਮ ਵਲ।
ਛੋਟਾ ਜਿਹਾ ਕੱਦ ਸੀ ਉਸ ਦਾ ਤੇ ਪਤਲੀ ਲੰਮੀ
ਧੌਣ। ਉਸ ਨੇ ਵੱਡੇ-ਵੱਡੇ ਪੀਲੇ ਰੰਗ ਦੇ ਫੁੱਲਾਂ
ਵਾਲਾ ਫ਼ਰਾਕ ਪਾਇਆ ਹੋਇਆ ਸੀ। ਫ਼ਰਾਕ ਦਾ
ਕਿਸ਼ਤੀਨੁਮਾ ਕਿਸਮ ਦਾ ਖੁੱਲ੍ਹਾ ਗਲਮਾ ਸੀ, ਜਿਸ
ਦੇ ਦੋਵੇਂ ਸਿਰੇ ਉਸ ਦੇ ਮੋਢਿਆਂ ਤੱਕ ਗਏ ਹੋਏ
ਸਨ। ਉਹ ਬੜੀ ਤੇਜ਼ ਰਫ਼ਤਾਰ ਵਿਚ ਗੱਲਾਂ ਕਰਿਆ
ਕਰਦੀ।
ਚੌਥੀ ਕੁੜੀ ਅੱਜ ਪਹਿਲੀ ਵਾਰ ਉਥੇ ਆਈ
ਸੀ। ਜਦ ਵੀ ਸਲੀਮ ਦੀ ਨਜ਼ਰ ਉਨ੍ਹਾਂ ਕੁੜੀਆਂ
ਵੱਲ ਜਾਂਦੀ ਖ਼ਾਸ ਤੌਰ 'ਤੇ ਉਸ ਕੁੜੀ 'ਤੇ ਟਿਕ
ਜਾਂਦੀ। ਪਰ ਸਲੀਮ ਨੂੰ ਉਸ ਵਿਚ ਕੋਈ ਖ਼ਾਸ
ਗੱਲ ਵਿਖਾਈ ਨਹੀਂ ਸੀ ਦੇ ਰਹੀ। ਕਣਕ-ਵੰਨਾ
ਰੰਗ ਸੀ ਉਸ ਦਾ ਤੇ ਸਾਧਾਰਨ ਜਿਹੇ ਨੈਣ-ਨਕਸ਼।
ਉਸ ਨੇ ਵਾਇਲ ਦੀ ਚਿੱਟੀ ਸਾੜ੍ਹੀ ਬੰਨ੍ਹੀ ਹੋਈ ਸੀ
ਤੇ ਵਾਇਲ ਦਾ ਹੀ ਬਾਹਾਂ ਵਾਲਾ ਚਿੱਟਾ ਬਲਾਊਜ
ਸੀ ਉਸ ਦਾ। ਉਹ ਵਾਰ-ਵਾਰ ਆਪਣੇ ਛੋਟਾ
ਜਿਹਾ ਰੁਮਾਲ ਖੱਬੇ ਹੱਥ ਦੀ ਚੀਚੀ ਤੇ ਲਪੇਟ ਤੇ
ਖੋਲ੍ਹ ਰਹੀ ਸੀ। ਹਾਂ, ਸਲੀਮ ਨੇ ਸੋਚਿਆ ਇਹ
ਖ਼ਾਸ ਗੱਲ ਏ ਇਸ ਵਿਚ। ਕੁੜੀ ਰੁਮਾਲ ਵਲੋਂ
ਬੇਧਿਆਨ ਸੀ ਤੇ ਨਾਲ ਦੀਆਂ ਕੁੜੀਆਂ ਦੀਆਂ
ਗੱਲਾਂ ਸੁਣਦੀ ਹੋਈ ਕਿਸੇ-ਕਿਸੇ ਵੇਲੇ ਮੁਸਕਰਾ
ਪੈਂਦੀ ਸੀ। ਉਹ ਆਪ ਬਹੁਤ ਘੱਟ ਬੋਲ ਰਹੀ ਸੀ।
ਇਕ ਵਾਰ ਜਦ ਉਸ ਦੇ ਵਾਲਾਂ ਦੀ ਲਿਟ ਉਡੀ ਤਾਂ
ਸਲੀਮ ਨੇ ਵੇਖਿਆ ਉਸ ਦੀ ਅੱਖ ਉਪਰ ਮੱਥੇ
ਉਤੇ ਫੁਲਬਹਿਰੀ ਦਾ ਇੱਕ ਚਿੱਟਾ ਦਾਗ਼ ਸੀ। ਉਸ
ਦੇ ਢਿਲੇ ਜਿਹੇ ਵਾਲਾਂ ਦੀਆਂ ਦੋ ਤਿੰਨ ਲਿਟਾਂ ਉਸ
ਦਾਗ਼ ਤੇ ਕੁਝ ਇਸ ਤਰ੍ਹਾਂ ਪੈ ਰਹੀਆਂ ਸਨ ਜਿਵੇਂ
ਉਹ ਸਹਿਜ ਸੁਭਾਵਕ ਤੌਰ 'ਤੇ ਵਾਲਾਂ 'ਚੋਂ ਨਿਕਲ
ਕੇ ਮੱਥੇ 'ਤੇ ਲਟਕ ਆਈਆਂ ਹੋਣ। ਦਾਗ਼ ਨੂੰ
ਵਾਲਾਂ ਨਾਲ ਢਕਣ ਦਾ ਉਸ ਨੇ ਯਤਨ ਨਹੀਂ ਸੀ
ਕੀਤਾ ਹੋਇਆ। ਹਾਂ ਸਲੀਮ ਨੇ ਸੋਚਿਆ ਇਹ ਵੀ
ਇਕ ਖ਼ਾਸ ਗੱਲ ਏ ਇਸ ਵਿਚ। ਕੁੜੀ ਦੇ ਚਿਹਰੇ
ਤੇ ਤਾਜ਼ਗੀ ਸੀ-ਲੂਣੀ ਤਾਜ਼ਗੀ ਤੇ ਸਵੈ ਭਰੋਸੇ ਦਾ
ਭਾਵ ਤੇ ਸਾਦਗੀ ਤੇ ਉਸ ਦੇ ਕੰਨਾਂ ਵਿਚ ਚਾਂਦੀ
ਦੀਆਂ ਵਾਲੀਆਂ ਸਨ। ਹਾਂ, ਇਹ ਇਕ ਹੋਰ ਖ਼ਾਸ
ਗੱਲ ਏ, ਸਲੀਮ ਨੇ ਸੋਚਿਆ, ਜੋ ...।
ਇਕ ਅਧਖੜ੍ਹ ਉਮਰ ਦਾ ਜੋੜਾ ਰੈਸਤੋਰਾਂ
ਵਿਚ ਆ ਕੇ ਬੈਠਾ ਤਾਂ ਸਲੀਮ ਆਰਡਰ ਲੈਣ
ਲਈ ਉਸ ਕੋਲ ਗਿਆ। ਫੇਰ ਜਦ ਇਕ ਦੂਜੇ
ਮੇਜ਼ 'ਤੇ ਬੈਠਾ ਬੰਦਾ ਇਕ ਰੁਪਏ ਦਾ ਨੋਟ ਮੇਜ਼
'ਤੇ ਰੱਖ ਕੇ ਚਲਾ ਗਿਆ ਤਾਂ ਸਲੀਮ ਉਧਰ
ਗਿਆ। ਸੱਤਰ ਪੈਸੇ ਦਾ ਬਿੱਲ ਸੀ ਤੇ ਬਾਕੀ ਤੀਹ
ਪੈਸੇ ਉਹ ਟਿੱਪ ਦੇ ਤੌਰ 'ਤੇ ਛੱਡ ਗਿਆ ਸੀ।
ਤੀਹਾਂ ਪੈਸਿਆਂ ਦੀ ਟਿੱਪ ਪਾ ਕੇ ਸਲੀਮ ਨੂੰ ਖਾਸ
ਤੌਰ 'ਤੇ ਖੁਸ਼ੀ ਹੋਈ।
ਕੁਝ ਚਿਰ ਪਿੱਛੋਂ ਜਦ ਗੁਜਰਾਤਣ ਕੁੜੀ ਨੇ
ਚੁਟਕੀ ਵਜਾ ਕੇ ਸਲੀਮ ਨੂੰ ਬੁਲਾਇਆ ਤਾਂ ਉਹ
ਉਸ ਕੋਲ ਗਿਆ। ਕੁੜੀ ਨੇ ਉਸ ਵੱਲ ਵੇਖਿਆ
ਤੇ ਉਸੇ ਅੰਦਾਜ਼ ਵਿਚ ਜਿਵੇਂ ਉਸ ਦੀ ਨਜ਼ਰ ਨੇ
ਪੁੱਛਿਆ "ਅਜ ਕੀ ਖੁਆਉਣ ਦਾ ਇਰਾਦਾ ਏ?"
"ਅੱਜ ਮੈਂ ਮੇਥੀ ਦੇ ਪਕੌੜਿਆਂ ਦੀ ਸਿਫ਼ਾਰਸ਼
ਕਰਨੀ ਚਾਹਾਂਗਾ।" ਸਲੀਮ ਨੇ ਕਿਹਾ। "ਮੇਥੀ ਦੇ
ਪਕੌੜੇ।" ਗੁਜਰਾਤਣ ਕੁੜੀ ਨੇ ਜਿਵੇਂ ਮਨ ਹੀ
ਮਨ ਵਿਚ ਉਨ੍ਹਾਂ ਦਾ ਸਵਾਦ ਲੈਂਦਿਆਂ ਕਿਹਾ।
"ਜੀ ਹਾਂ, ਖ਼ਾਸ ਤੌਰ 'ਤੇ ਸਿਫ਼ਾਰਸ਼
ਕਰਾਂਗਾ।"
"ਸੋ?" ਗੁਜਰਾਤਣ ਕੁੜੀ ਨੇ ਆਪਣੀਆਂ
ਸਹੇਲੀਆਂ ਵਲ ਵੇਖ ਕੇ ਕਿਹਾ ਜਿਵੇਂ ਉਨ੍ਹਾਂ ਦੀ
ਸਲਾਹ ਲੈਣੀ ਚਾਹੀ ਹੋਵੇ।
ਪੰਜਾਬਣ ਕੁੜੀ ਨੇ ਨੱਕ ਚੜ੍ਹਾਇਆ। ਐਂਗਲੋ
ਇੰਡੀਅਨ ਕੁੜੀ ਦੇ ਚਿਹਰੇ 'ਤੇ ਅਜਿਹਾ ਭਾਵ
ਆਇਆ ਜਿਵੇਂ ਮੇਥੀ ਦੇ ਪਕੌੜੇ ਉਸ ਨੇ ਕਦੇ
ਖਾਧੇ ਨਾ ਹੋਣ ਤੇ ਅੱਜ ਪਹਿਲੀ ਵਾਰ ਵੇਖਣਾ
ਚਾਹੁੰਦੀ ਹੋਵੇ ਕਿ ਉਹ ਕਿਹੋ ਜਿਹੇ ਹੁੰਦੇ ਹਨ।
ਚਿੱਟੀ ਸਾੜ੍ਹੀ ਵਾਲੀ ਕੁੜੀ ਨੇ ਸਹਿਜਸੁਭਾਅ
ਹੀ ਨਜ਼ਰ ਚੁੱਕ ਕੇ ਸਲੀਮ ਦੇ ਚਿਹਰੇ
ਵਲ ਵੇਖਿਆ। ਮੇਥੀ ਦੇ ਪਕੌੜਿਆਂ ਦੀ ਥਾਂ ਉਸ
ਨੂੰ ਸਲੀਮ ਵਿਚ ਵਧੇਰੇ ਦਿਲਚਸਪੀ ਹੋਈ। ਉਹ
ਉਸ ਨੂੰ ਵੱਖਰਾ ਜਿਹਾ ਬੈਰਾ ਲੱਗਾ। ਦੂਜੇ ਹੀ
ਬਿੰਦ ਉਸ ਦੀ ਨਜ਼ਰ ਗੁਜਰਾਤਣ ਕੁੜੀ ਦੀ ਨਜ਼ਰ
ਨਾਲ ਮਿਲੀ ਤੇ ਉਸ "ਸੋ?" ਦੇ ਜਵਾਬ ਵਿਚ
ਕਿਹਾ, "ਅਜਿਹੀ ਸਿਫ਼ਾਰਸ਼ ਕਬੂਲ ਕਰ ਲੈਣੀ
ਚਾਹੀਦੀ ਏ।"
"ਤਾਂ ਠੀਕ ਏ," ਗੁਜਰਾਤਣ ਕੁੜੀ ਨੇ
ਸਲੀਮ ਨੂੰ ਕਿਹਾ, "ਮੇਥੀ ਦੇ ਪਕੌੜੇ ਹੀ ਸਹੀ।"
"ਸ਼ੁਕਰੀਆ," ਸਲੀਮ ਨੇ ਕਿਹਾ ਤੇ ਚਲਾ
ਗਿਆ।
ਚਿੱਟੀ ਸਾੜ੍ਹੀ ਵਾਲੀ ਕੁੜੀ ਨੇ ਉਸ ਨੂੰ
ਜਾਂਦਿਆਂ ਵੇਖਿਆ। ਉਸ ਦੀਆਂ ਅੱਖਾਂ ਵਿਚ ਉਸ
ਲਈ ਹਾਲੀ ਤੀਕ ਦਿਲਚਸਪੀ ਸੀ। ਸਲੀਮ ਪਰਦੇ
ਦੇ ਪਿਛੇ ਗਾਇਬ ਹੋ ਗਿਆ ਤਾਂ ਉਸ ਨੇ ਸੋਚਿਆ
ਸ਼ਾਇਦ ਰੈਤਤੋਰਾਂ ਦਾ ਕਿਚਨ ਹੋਵੇਗਾ ਉਥੇ। ਤਦ
ਉਸ ਨੂੰ ਆਪਣੇ ਘਰ ਦੀ ਇਕ ਪੂਰੀ ਕੰਧ 'ਤੇ
ਖ਼ਾਸ ਕਰ ਉਸ ਕੰਧ ਤੇ ਜਿਸ ਤੇ ਕਿੱਲਾਂ ਦੇ ਬਹੁਤ
ਸਾਰੇ ਨਿਸ਼ਾਨ ਸਨ ਤੇ ਜਿਸ 'ਚੋਂ ਇਕ ਬੂਹਾ ਰਸੋਈ
ਵਲ ਖੁਲ੍ਹਦਾ ਸੀ-ਉਸੇ ਤਰ੍ਹਾਂ ਦਾ ਪਰ ਵੱਖਰੇ
ਡਿਜ਼ਾਇਨ ਦਾ ਪਰਦਾ ਲਾਉਣ ਦਾ ਖਿਆਲ
ਆਇਆ।
ਬਾਕੀ ਤਿੰਨੇ ਕੁੜੀਆਂ ਪਹਿਲਾਂ ਵਾਂਗ ਹੀ ਗੱਲਾਂ
ਵਿਚ ਰੁਝੀਆਂ ਹੋਈਆਂ ਸਨ। ਅਖ਼ੀਰ, ਚਿੱਟੀ ਸਾੜ੍ਹੀ
ਵਾਲੀ ਕੁੜੀ ਵੀ ਪਰਦੇ ਵਲੋਂ ਨਜ਼ਰ ਹਟਾ ਕੇ ਉਨ੍ਹਾਂ
ਨਾਲ ਗੱਲਾਂ ਵਿਚ ਸ਼ਾਮਲ ਹੋ ਗਈ। ਉਹ ਆਪਣੇ
ਇਤਿਹਾਸ ਦੇ ਪ੍ਰੋਫੈਸਰ ਬਾਰੇ ਗੱਲਾਂ ਕਰਦੀਆਂ ਹੋਈਆਂ
ਉਸ ਦਾ ਮਖੌਲ ਉਡਾ ਰਹੀਆਂ ਸਨ।
ਸਲੀਮ ਪਕੌੜੇ ਲੈ ਕੇ ਆਇਆ। ਉਹ
ਮਹਿਕ ਰਹੇ ਸਨ। ਉਸ ਨੇ ਪਕੌੜਿਆਂ ਵਾਲੀ ਵੱਡੀ
ਪਲੇਟ ਮੇਜ਼ ਦੇ ਵਿਚਕਾਰ ਰੱਖੀ, ਫੇਰ ਉਸ ਨਾਲੋਂ
ਛੋਟੀਆਂ ਚਾਰ ਪਲੇਟਾਂ ਚਹੁੰਆਂ ਕੁੜੀਆਂ ਦੇ
ਸਾਹਮਣੇ ਰੱਖੀਆਂ ਉਨ੍ਹਾਂ ਦੇ ਨਾਲ ਚਾਰ ਹੋਰ
ਛੋਟੀਆਂ ਪਲੇਟਾਂ ਰੱਖੀਆਂ ਜਿਨ੍ਹਾਂ ਵਿਚ ਚਟਣੀ ਸੀ
ਤੇ ਨਾਲ ਚਾਰ ਕਾਂਟੇ ਰੱਖੇ ਹੋਏ ਸਨ।
ਚਿੱਟੀ ਸਾੜ੍ਹੀ ਵਾਲੀ ਕੁੜੀ ਸਲੀਮ ਦੇ ਹੱਥਾਂ
ਵਲ ਵੇਖ ਰਹੀ ਸੀ ਜਿਨ੍ਹਾਂ ਵਿਚ ਫੁਰਤੀ ਸੀ, ਸਲੀਕਾ
ਸੀ, ਸਫਾਈ ਸੀ। ਵੇਖਦਿਆਂ-ਵੇਖਦਿਆਂ ਸਲੀਮ
ਨੇ ਸਾਰਾ ਸਾਮਾਨ ਬੜੇ ਤਰੀਕੇ ਨਾਲ ਮੇਜ਼ 'ਤੇ
ਸਜ਼ਾ ਦਿੱਤਾ। ਜਾਂਦਿਆਂ ਉਹ ਪਾਣੀ ਦੇ ਚਾਰ ਹੋਰ
ਗਲਾਸ ਤੇ ਸੌਸ ਦੀ ਬੋਤਲ ਰੱਖ ਗਿਆ।
ਕੁੜੀਆਂ ਪਕੌੜੇ ਖਾਣ ਲੱਗੀਆਂ। ਸਲੀਮ
ਉਨ੍ਹਾਂ ਤੋਂ ਕੁਝ ਦੂਰ ਜਾ ਕੇ ਖਲੋ ਗਿਆ। ਉਹ
ਬੜੀ ਦਿਲਚਸਪੀ ਨਾਲ ਉਨ੍ਹਾਂ ਨੂੰ ਖਾਂਦਿਆਂ ਵੇਖ
ਰਿਹਾ ਸੀ। ਗੁਜਰਾਤਣ ਕੁੜੀ ਇਕ ਪਕੌੜਾ ਚੁਕਦੀ
ਜਿਸ ਨੂੰ ਉਸ ਨੇ ਆਪਣੇ ਅੰਗੂਠੇ ਤੇ ਇਕ ਉਂਗਲ
ਵਿਚਕਾਰ ਇੰਜ ਫੜਿਆ ਹੋਇਆ ਹੁੰਦਾ ਜਿਵੇਂ ਉਹ
ਕੋਈ ਬਿੱਛੂ ਜਾਂ ਕੇਕੜਾ ਹੋਵੇ। ਤਦ ਉਹ ਦੂਜੇ ਹੱਥ
ਵਿਚ ਫੜੇ ਕਾਂਟੇ ਨਾਲ ਕੁਝ ਚਟਣੀ ਤੇ ਸੌਸ ਚੁੱਕ
ਕੇ ਉਸ 'ਤੇ ਪਾਉਂਦੀ ਇਕ ਦੋ ਬਿੰਦ ਉਸ ਨੂੰ
ਵੇਖਦੀ ਤੇ ਫੇਰ ਮੂੰਹ ਵਿਚ ਪਾ ਲੈਂਦੀ। ਪੰਜਾਬਣ
ਕੁੜੀ ਹਮੇਸ਼ਾਂ ਵਾਂਗ ਨੱਕ ਚੜ੍ਹਾਉਂਦੀ ਹੋਈ ਖਾ ਰਹੀ
ਸੀ ਤੇ ਉਸ ਨੇ ਜਿਸ ਬੇਢੰਗੇ ਤਰੀਕੇ ਨਾਲ ਕਾਂਟਾ
ਫੜਿਆ ਹੋਇਆ ਸੀ, ਉਸ 'ਤੇ ਸਲੀਮ ਨੇ ਨੱਕ
ਚੜ੍ਹਾਇਆ। ਤਦੇ ਉਸ ਨੇ ਆਪਣੇ ਵੱਲ ਵੇਖ ਰਹੀ
ਚਿੱਟੀ ਸਾੜ੍ਹੀ ਵਾਲੀ ਕੁੜੀ ਦੀ ਨਜ਼ਰ ਮਹਿਸੂਸ
ਕੀਤੀ ਤਾਂ ਉਸ ਨੂੰ ਘਬਰਾਹਟ ਹੋਈ। ਦੂਜੇ ਹੀ
ਬਿੰਦ ਉਸ ਨੇ ਆਪਣੇ ਮੋਢੇ 'ਤੇ ਰਖਿਆ ਤੌਲੀਆ
ਲਾਹਿਆ, ਰੁਕ ਸਿਰ ਕਰਕੇ ਮੁੜ ਮੋਟੇ 'ਤੇ
ਰੱਖਿਆ ਉਸੇ ਬਿੰਦ ਫੇਰ ਲਾਹ ਲਿਆ ਤੇ ਉਸ
ਪਿੱਛੋਂ ਹੱਥ ਵਿਚ ਹੀ ਫੜੀ ਰੱਖਿਆ। ਇਕ ਵਾਰ
ਉਸ ਦੇ ਦਿਲ ਵਿਚ ਆਇਆ ਕਿ ਉਸ ਕੋਲ ਜਾਏ
ਤੇ ਪੁੱਛੇ "ਫੁਰਮਾਓ, ਹੋਰ ਕੀ ਲਿਆਵਾਂ? ਹੋਰ
ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਹੁਕਮ ਕਰੋ।" ਪਰ
ਉਹ ਉਥੇ ਹੀ ਖੜ੍ਹਾ ਰਿਹਾ ਤੇ ਉਧਰੋਂ ਨਜ਼ਰ ਹਟਾ
ਕੇ ਦੂਜੇ ਪਾਸੇ ਵੇਖਣ ਲੱਗਾ।
ਕੁਝ ਚਿਰ ਪਿੱਛੋਂ ਜਦ ਉਸ ਦੇ ਕੰਨਾਂ ਵਿਚ
ਪਕੌੜਿਆਂ ਸਬੰਧੀ ਕੁੜੀਆਂ ਦੀਆਂ ਗੱਲਾਂ ਪਈਆਂ
ਤਾਂ ਉਸ ਨੇ ਉਧਰ ਵੇਖਿਆ। ਐਂਗਲੋ ਇੰਡੀਅਨ
ਕੁੜੀ ਕਹਿ ਰਹੀ ਸੀ, "ਮੇਥੀ ਦੇ ਪਕੌੜੇ ਵੀ
ਆਪਣੀ ਹੀ ਕਿਸਮ ਦੀ ਚੀਜ਼ ਨੇ।"
"ਪਰ ਕੌੜੇ ਨੇ," ਪੰਜਾਬਣ ਕੁੜੀ ਨੇ ਭੈੜਾ
ਜਿਹਾ ਮੂੰਹ ਬਣਾ ਕੇ ਕਿਹਾ।
"ਇਸ ਕੜੱਤਣ ਦਾ ਵੀ ਆਪਣਾ ਸਵਾਦ
ਏ।" ਚਿੱਟੀ ਸਾੜ੍ਹੀ ਵਾਲੀ ਕੁੜੀ ਨੇ ਕਿਹਾ। ਜਿਵੇਂ
ਕਾਫ਼ੀ ਦਾ ਆਪਣਾ ਸਵਾਦ ਹੁੰਦਾ ਏ। ਜਾਂ ਫੇਰ
ਕਿਸੇ ਹੋਰ ਕੌੜੀ ਜਾਂ ਤਿੱਖੀ ਚੀਜ਼ ਦਾ ਜਿਵੇਂ ਹਰੀ
ਮਿਰਚ ਦਾ।"
"ਹਰੀ ਮਿਰਚ ਯਾਨਿ ਸਾਡੀ ਪੋਇਟਰੀ ਦੀ
ਪ੍ਰੋਫੈਸਰ!" ਗੁਜਰਾਤਣ ਕੁੜੀ ਨੇ ਠਹਾਕਾ
ਮਾਰਿਆ। ਬਾਪ ਰੇ ਕਿੰਨੇ ਤਿੱਖੇ ਸੁਭਾਅ ਦੀ ਤੀਵੀਂ
ਏ! ਜੋ ਵੀ ਉਸ ਨਾਲ ਵਿਆਹ ਕਰੇਗਾ ਉਮਰ
ਭਰ ਸੀ-ਸੀ ਕਰਦਾ ਰਹੇਗਾ।"
ਬਾਕੀ ਕੁੜੀਆਂ ਵੀ ਹੱਸੀਆਂ।
"ਸ਼ਾਇਦ ਵਿਆਹ ਪਿੱਛੋਂ ਉਸ ਦਾ ਸੁਭਾਅ
ਨਰਮ ਪੈ ਜਾਏ," ਚਿੱਟੀ ਸਾੜ੍ਹੀ ਵਾਲੀ ਕੁੜੀ ਨੇ
ਕਿਹਾ।
ਪਕੌੜੇ ਮੁੱਕਣ 'ਤੇ ਆ ਗਏ ਤਾਂ ਸਲੀਮ
ਮੇਜ਼ ਵਲ ਗਿਆ। ਉਸ ਦੇ ਕੁਝ ਪੁੱਛਣ ਤੋਂ ਪਹਿਲਾਂ
ਹੀ ਚਿੱਟੀ ਸਾੜ੍ਹੀ ਵਾਲੀ ਕੁੜੀ ਨੇ ਉਸ ਵੱਲ ਮੂੰਹ
ਚੁੱਕ ਕੇ ਕਿਹਾ, "ਮੇਥੀ ਦੇ ਪਕੌੜਿਆਂ ਦੀ
ਸਿਫ਼ਾਰਸ਼ ਦਾਦ ਦੇ ਕਾਬਿਲ ਏ।"
"ਸ਼ੁਕਰੀਆ", ਸਲੀਮ ਦੇ ਮੂੰਹੋਂ
ਨਿਕਲਿਆ।
"ਤਾਂ ਹੋਰ ਮੰਗਾਏ ਜਾਣ?" ਗੁਜਰਾਤਣ
ਕੁੜੀ ਨੇ ਪੁੱਛਿਆ।
"ਨਹੀਂ," ਉਸ ਨੇ ਕਿਹਾ ਤੇ ਸਲੀਮ ਨੂੰ
ਪੁੱਛਿਆ, "ਹੋਰ ਕਿਸੇ ਚੀਜ਼ ਦੀ ਸਿਫਾਰਸ਼?"
"ਹੋਰ? - ਹੋਰ ਸਮੋਸਿਆਂ ਦੀ ਸਿਫ਼ਾਰਸ਼
ਕਰ ਸਕਦਾ ਹਾਂ। ਪਰ ਉਨ੍ਹਾਂ ਲਈ ਕੁਝ ਚਿਰ
ਰੁਕਣਾ ਪਏਗਾ। ਤਾਜ਼ਾ ਬਣ ਰਹੇ ਨੇ।"
"ਤਾਂ ਬਾਕੀ ਚੀਜ਼ਾਂ ਬੇਹੀਆਂ ਨੇ ਕੀ?"
ਪੰਜਾਬਣ ਕੁੜੀ ਨੇ ਕਿਹਾ।
"ਮਾਫ ਕਰਨਾ," ਸਲੀਮ ਨੇ ਆਪਣੀ
ਤਲਖੀ ਨੂੰ ਦਬਾਉਂਦਿਆਂ ਨਰਮੀ ਨਾਲ ਕਿਹਾ,
"ਬੇਹੀ ਤਾਂ ਇਸ ਰੈਸਤੋਰਾਂ ਵਿਚ ਕੋਈ ਚੀਜ਼ ਨਹੀਂ
ਹੁੰਦੀ।"
"ਤਾਂ ਜੋ ਚੀਜ਼ਾਂ ਬਚ ਜਾਂਦੀਆਂ ਨੇ ਉਨ੍ਹਾਂ ਨੂੰ
ਬਾਹਰ ਸੁੱਟ ਦਿੰਦੇ ਹੋ?"
"ਸੁੱਟਣ ਲਾਇਕ ਚੀਜ਼ਾਂ ਬਚਦੀਆਂ ਹੀ
ਨਹੀਂ।"
"ਖੈਰ, ਦੇਰ ਦੀ ਕੋਈ ਗੱਲ ਨਹੀਂ,"
ਗੁਜਰਾਤਣ ਕੁੜੀ ਨੇ ਕਿਹਾ, "ਸਮੋਸੇ ਹੀ ਆਉਣ
ਤੇ ਨਾਲ ਚਾਹ।"
ਅਗਲੇ ਦਿਨ ਸਿਰਫ਼ ਗੁਜਰਾਤਣ ਤੇ ਚਿੱਟੀ
ਸਾੜ੍ਹੀ ਵਾਲੀ ਕੁੜੀ ਹੀ ਰੈਸਤੋਰਾਂ ਵਿਚ ਆਈਆਂ।
ਸਲੀਮ ਨੇ ਸੋਚਿਆ ਕਿ ਉਹ ਗੁਜਰਾਤਣ ਕੁੜੀ
ਦੀ ਕੋਈ ਨਵੀਂ ਸਹੇਲੀ ਬਣੀ ਹੋਵੇਗੀ। ਜਦ ਵੀ
ਕੋਈ ਕੁੜੀ ਉਸ ਦੀ ਸਹੇਲੀ ਬਣਦੀ ਤਾਂ ਉਹ
ਕੁਝ ਦਿਨ ਲਗਾਤਾਰ ਉਸ ਨੂੰ ਆਪਣੇ ਨਾਲ
ਰੈਸਤੋਰਾਂ ਵਿਚ ਲਿਆਉਂਦੀ। ਆਖ਼ਰ ਕਿਸ ਗੱਲ
ਤੋਂ ਦੋਸਤੀ ਹੋਈ ਹੋਵੇਗੀ ਦੋਹਾਂ ਦੀ? ਸਲੀਮ ਨ
ਸੋਚਿਆ। ਵੇਖਣ ਨੁੰ ਦੋਵੇਂ ਇੱਕ ਦੂਜੀ ਨਾਲੋਂ ਇਕ
ਦਮ ਵੱਖਰੀਆਂ ਲੱਗਦੀਆਂ ਹਨ। ਫੇਰ ਵੀ, ਦੋਵਾਂ
ਵਿਚ ਕੋਈ ਗੱਲ ਸਾਂਝੀ ਜ਼ਰੂਰ ਹੋਵੇਗੀ।
ਜਦ ਉਸ ਨੇ ਪਾਣੀ ਦੇ ਗਲਾਸ ਲਿਆ ਕੇ
ਉਨ੍ਹਾਂ ਦੇ ਸਾਹਮਣੇ ਰੱਖੇ ਤਾਂ ਚਿੱਟੀ ਸਾੜ੍ਹੀ ਵਾਲੀ
ਕੁੜੀ ਨੇ ਉਸ ਵਲ ਮੂੰਹ ਚੁਕ ਕੇ ਪੁੱਛਿਆ, "ਅੱਜ
ਕਿਸ ਚੀਜ਼ ਦੀ ਸਿਫਾਰਸ਼ ਹੋਵੇਗੀ?"
"ਅੱਜ ਗੋਭੀ ਦੇ ਪਕੌੜਿਆਂ ਦੀ ਸਿਫਾਰਸ਼
ਕਰਨੀ ਚਾਹਾਂਗਾ।"
"ਮੇਥੀ ਦੇ ਪਕੌੜਿਆਂ ਦੀ ਕਿਉਂ ਨਹੀਂ?"
ਚਿੱਟੀ ਸਾੜ੍ਹੀ ਵਾਲੀ ਕੁੜੀ ਨੇ ਚਿਹਰੇ ਤੇ ਕੁਝ
ਹੈਰਾਨੀ ਤੇ ਮੁਸਕਰਾਹਟ ਲਿਆ ਕੇ ਕਿਹਾ।
"ਜੇ ਇਜਾਜ਼ਤ ਹੋਵੇ ਤਾਂ ਦੋਵੇਂ ਕਿਸਮ ਦੇ
ਪਕੌੜੇ ਲਿਆ ਕੇ ਦਿੰਦਾ ਹਾਂ। ਤੁਹਾਨੂੰ ਖੁਦ-ਬਖੁਦ
ਆਪਣੇ ਸੁਆਲ ਦਾ ਜੁਆਬ ਮਿਲ ਜਾਏਗਾ।"
"ਜਵਾਬ ਮਿਲ ਗਿਆ ਏ", ਚਿੱਟੀ ਸਾੜ੍ਹੀ
ਵਾਲੀ ਕੁੜੀ ਨੇ ਕਿਹਾ। "ਸੋ ਗੋਭੀ ਦੇ ਹੀ
ਲਿਆਉਣੇ। ਤੇ ਹਾਂ? ਕੇਲਿਆਂ ਦੇ ਪਕੌੜੇ ਨਹੀਂ
ਬਣਾਉਂਦੇ ਕੀ?"
"ਕੇਲਿਆਂ ਦੇ ਤਾਂ ਨਹੀਂ ਬਣਾਏ ਕਦੇ।"
ਸਲੀਮ ਨੇ ਕਿਹਾ।
"ਤਾਂ ਕਦੇ ਕੇਲਿਆਂ ਦੇ ਵੀ ਬਣਾਓ।"
ਚਿੱਟੀ ਸਾੜ੍ਹੀ ਵਾਲੀ ਕੁੜੀ ਇਕ ਬਿੰਦ ਚੁੱਪ
ਰਹੀ। ਫੇਰ ਉਸ ਨੇ ਪੁੱਛਿਆ, "ਇਸ ਰੈਸਤੋਰਾਂ
ਦਾ ਮਾਲਕ ਕੌਣ ਏ?"
ਸਲੀਮ ਨੇ ਉਸ ਬਾਰੇ ਦੱਸਿਆ।
"ਬਹੁਤ ਵਧੀਆ ਸੁਹਜ-ਸਵਾਦ ਵਾਲਾ
ਆਦਮੀ ਹੋਵੇਗਾ, ਜਿਸ ਨੇ ਅਜਿਹਾ ਰੈਸਤੋਰਾਂ
ਬਣਾਇਆ ਏ।" ਉਸ ਨੇ ਜਿਵੇਂ ਸਲੀਮ ਨੂੰ ਵੀ
ਕਿਹਾ ਤੇ ਗੁਜਰਾਤਣ ਕੁੜੀ ਨੂੰ ਵੀ।
"ਬੇਸ਼ਕ," ਸਲੀਮ ਨੇ ਖੁਸ਼ ਹੋ ਕੇ ਕਿਹਾ।
"ਹਰ ਚੀਜ਼ 'ਚੋਂ ਹੀ ਉਸ ਦਾ ਸੁਹਜ-ਸਵਾਦ
ਝਲਕਦਾ ਏ, ਫਰਨਿਸ਼ਿੰਗ 'ਚੋਂ ਖਾਣ-ਪੀਣ ਦੀਆਂ
ਚੀਜ਼ਾਂ 'ਚੋਂ ਇਥੋਂ ਤਕ ਕਿ -ਉਹ ਚਾਣਚੱਕ ਰੁਕੀ
ਨਹੀਂ ਤਾਂ ਉਸ ਦੇ ਮੂੰਹੋਂ ਨਿਕਲ ਜਾਣਾ ਸੀ, "ਬੈਰੇ
'ਚੋਂ ਵੀ।" ਅਜਿਹਾ ਸਲੀਕਾ ਤੇ ਗੱਲਬਾਤ ਕਰਨ
ਦਾ ਅੰਦਾਜ਼ ਉਸ ਨੇ ਕਿਸੇ ਹੋਰ ਹੋਟਲ ਦੇ ਬੈਰੇ
ਵਿਚ ਨਹੀਂ ਸੀ ਵੇਖਿਆ। ਉਸ ਨੇ ਜਾਨਣਾ ਚਾਹਿਆ
ਕਿ ਉਹ ਇਨਾ ਵੱਖਰਾ ਕਿਉਂ ਹੈ ਤੇ ਪੁੱਛਿਆ ਕਿ
ਉਹ ਉਥੇ ਕਦ ਤੋਂ ਕੰਮ ਕਰ ਰਿਹਾ ਹੈ?
"ਜਦ ਤੋਂ ਇਹ ਰੈਸਤੋਰਾਂ ਖੁੱਲ੍ਹਿਆ ਏ,"
ਸਲੀਮ ਨੇ ਕਿਹਾ।
"ਹਾਂ ਤਦ ਤੋਂ ਹੀ ਏ," ਗੁਜਰਾਤਣ ਕੁੜੀ
ਨੇ ਕਿਹਾ।
ਫੇਰ ਚਿੱਟੀ ਸਾੜ੍ਹੀ ਵਾਲੀ ਕੁੜੀ ਨੇ ਪੁੱਛਿਆ,
"ਇਸ ਤੋਂ ਪਹਿਲਾਂ ਕੀ ਸ਼ੁਗਲ ਸੀ?"
ਸਲੀਮ ਨੂੰ ਦੱਸਣ ਵਿਚ ਕੁਝ ਸੰਕੋਚ
ਹੋਇਆ। "ਇਕ ਹੋਰ ਥਾਂ ਨੌਕਰੀ ਕਰਦਾ ਸਾਂ,"
ਉਸ ਨੇ ਕਿਹਾ।
"ਕੇਹੀ ਨੌਕਰੀ?"
"ਬਸ ਇਸੇ ਕਿਸਮ ਦੀ ਸਮਝੋ। ਉਂਜ਼..।"
ਚਿੱਟੀ ਸਾੜ੍ਹੀ ਵਾਲੀ ਕੁੜੀ ਨੇ ਸਵਾਲੀਆ
ਨਜ਼ਰ ਨਾਲ ਉਸ ਵੱਲ ਵੇਖਿਆ।
"ਉਂਜ," ਸਲੀਮ ਨੇ ਕਿਹਾ "ਮੈਂ ਕੁਝ
ਲਿਖਣ ਦਾ ਵੀ ਸ਼ੌਂਕ ਰੱਖਦਾ ਹਾਂ।"
"ਕੀ?" ਗੁਜਰਾਤਣ ਕੁੜੀ ਨੇ ਪੁੱਛਿਆ।
"ਇਹੋ ਅਫਸਾਨੇ ਵਗ਼ੈਰਾ।"
"ਮਤਲਬ?" ਗੁਜਰਾਤਣ ਕੁੜੀ ਅਫਸਾਨੇ
ਲਫ਼ਜ਼ ਦਾ ਮਤਲਬ ਸਮਝ ਨਹੀਂ ਸੀ ਸਕੀ।
"ਸਟੋਰੀਜ਼," ਚਿੱਟੀ ਸਾੜ੍ਹੀ ਵਾਲੀ ਕੁੜੀ ਨੇ
ਦੱਸਿਆ।
"ਅਜੀਬ ਏ।" ਗੁਜਰਾਤਣ ਕੁੜੀ ਦੇ ਚਿਹਰੇ
ਤੇ ਅਵਿਸ਼ਵਾਸ ਦਾ ਭਾਵ ਆਇਆ। ਫੇਰ ਉਸ ਨੇ
ਸਲੀਮ ਵਲ ਮੂੰਹ ਚੁੱਕ ਕੇ ਪੁੱਛਿਆ, "ਮਿਸਟਰੀ
ਸਟੋਰੀਜ਼?"
"ਨਹੀਂ ਸੋਸ਼ਲ ਕਿਸਮ ਦੀਆਂ।" ਸਲੀਮ
ਨੂੰ ਮਾਣ ਹੋਇਆ ਕਿ ਉਹ ਜਾਸੂਸੀ ਨਹੀਂ ਬਲਕਿ
ਸਮਾਜਕ ਕਹਾਣੀਆਂ ਲਿਖਦਾ ਹੈ।
"ਕਿੱਥੇ ਛਪਦੀਆਂ ਨੇ?" ਗੁਜਰਾਤਣ ਕੁੜੀ
ਨੇ ਪੁੱਛਿਆ। ਉਸ ਦੇ ਚਿਹਰੇ 'ਤੇ ਹਾਲੀ ਵੀ ਉਹੋ
ਅਵਿਸ਼ਵਾਸ ਦਾ ਭਾਵ ਸੀ।
ਸਲੀਮ ਦੇ ਚਿਹਰੇ 'ਤੇ ਸੰਕੋਚ ਆਇਆ।
"ਦਰਅਸਲ, ਹਾਲੀ ਤੀਕ ਕਿਤੇ ਛਪੀਆਂ ਨਹੀਂ
ਹਨ। ਛਪ ਨਹੀਂ ਸਕੀਆਂ।
ਗੁਜਰਾਤਣ ਕੁੜੀ ਦੇ ਚਿਹਰੇ ਉਤਲਾ
ਹੈਰਾਨੀ ਤੇ ਅਵਿਸ਼ਵਾਸ ਦਾ ਭਾਵ ਜਾਂਦਾ ਰਿਹਾ।
"ਕੁਲ ਕਿੰਨੇ ਕੁ ਅਫਸਾਨੇ ਲਿਖੇ ਨੇ?"
ਚਿੱਟੀ ਸਾੜ੍ਹੀ ਵਾਲੀ ਕੁੜੀ ਨੇ ਪੁੱਛਿਆ।
"ਜ਼ਿਆਦਾ ਨਹੀਂ, ਇਹੋ ਕੋਈ ਬਾਰਾਂ-ਚੌਦਾਂ।
ਉਂਜ ਹੁਣ ਮੈਂ ਉਨ੍ਹਾਂ 'ਚੋਂ ਤਿੰਨਾਂ ਅਫਸਾਨਿਆਂ ਨੂੰ
ਆਪਸ ਵਿਚ ਜੋੜ ਕੇ ਇਕ ਨਾਵਲਿਟ ਦੀ ਸ਼ਕਲ
ਦੇ ਰਿਹਾ ਹਾਂ।"
"ਕੀ ਥੀਮ ਏ ਉਸ ਦਾ?"
ਸਲੀਮ ਨੇ ਇਕ ਬਿੰਦ ਸੋਚਿਆ, "ਉਹ
ਇਕ ਬੱਚੇ ਤੇ ਉਸ ਦੀ ਮਾਂ ਬਾਰੇ ਹੈ। ਮਾਂ ਕੱਲੀ ਏ
ਯਾਨਿ ਉਸ ਦਾ ਖਾਵੰਦ ਨਹੀਂ ਏ ਤੇ ਪਾਗਲ ਏ ਤੇ
ਬੱਚੇ ਨੂੰ ਪਾਲ-ਪੋਸ ਰਹੀ ਏ। ਫੇਰ ਇਕ ਵਾਰ
ਕਿਸੇ ਐਕਸੀਡੈਂਟ ਵਿਚ ਉਸ ਨੂੰ ਅਜਿਹੀ ਸੱਟ
ਵੱਜਦੀ ਏ ਕਿ ਉਸ ਦਾ ਪਾਗਲਪਨ ਦੂਰ ਹੋ ਜਾਂਦਾ
ਏ। ਤਦ ਉਹ ਆਪਣੇ ਬੱਚੇ ਨੂੰ ਪਛਾਣ ਨਹੀਂ ਸਕਦੀ।
ਉਹ ਉਸ ਨੂੰ ਪਰਾਇਆ ਬੱਚਾ ਲੱਗਦਾ ਏ।
....ਅਖੀਰ ਉਹ ਬੱਚਾ ਵੱਡਾ ਹੋਣ ਤੇ ਘਰੋਂ
ਕਮਾਈ ਕਰਨ ਨਿਕਲਦਾ ਏ ਤੇ ਭਟਕਦਾ ਹੋਇਆ
ਇਕ ਵੱਡੇ ਸ਼ਹਿਰ 'ਚ ਪਹੁੰਚਦਾ ਏ। ਉਥੇ ਇਕ
ਕੁੜੀ ਉਸ ਦੀ ਜ਼ਿੰਦਗੀ 'ਚ ਇੰਜ ਆਉਂਦੀ ਏ,
ਜਿਵੇਂ ਕੋਈ ਖ਼ੁਆਬ ਹੋਵੇ। ਉਹ ਡਰਦਾ ਏ ਕਿ
ਉਹ ਖ਼ੁਆਬ ਗਾਇਬ ਨਾ ਹੋ ਜਾਵੇ। ਇਸ ਗੱਲੋਂ
ਵੀ ਡਰਦਾ ਏ ਕਿ ਕਿਤੇ ਉਹ ਖੁਆਬ ਹਕੀਕਤ
ਨਾ ਬਣ ਜਾਏ ...।"
"ਕਿੰਨਾ ਕੁ ਲਿਖਿਆ ਗਿਆ ਏ?"
"ਉਂਜ ਤਾਂ ਦੋ ਵਾਰ ਪੂਰਾ ਲਿਖਿਆ ਜਾ ਚੁੱਕਾ
ਏ, ਪਰ ਗੱਲ ਨਹੀਂ ਬਣੀ। ਹੁਣ ਨਵੇਂ ਸਿਰਿਓਂ
ਤੀਜੀ ਵਾਰ ਲਿਖ ਰਿਹਾ ਹਾਂ।"
"ਚੰਗਾ, ਤਾਂ ਹੁਣ ਪਕੌੜੇ ਆਉਣ,"
ਗੁਜਰਾਤਣ ਕੁੜੀ ਨੇ ਕਿਹਾ ਉਨ੍ਹਾਂ ਗੱਲਾਂ ਵਿਚ
ਉਸ ਨੂੰ ਕੋਈ ਦਿਲਚਸਪੀ ਮਹਿਸੂਸ ਨਹੀਂ ਸੀ ਹੋ
ਰਹੀ।
ਚਿੱਟੀ ਸਾੜ੍ਹੀ ਵਾਲੀ ਕੁੜੀ ਨੂੰ ਗੁਜਰਾਤਣ
ਕੁੜੀ ਦਾ ਇਸ ਤਰ੍ਹਾਂ ਗੱਲ ਟੁਕ ਕੇ ਪਕੌੜੇ
ਲਿਆਉਣ ਲਈ ਕਹਿਣਾ ਚੰਗਾ ਨਾ ਲੱਗਾ। ਉਹ
ਸਲੀਮ ਦੀਆਂ ਗੱਲਾਂ ਵਿਚ ਦਿਲਚਸਪੀ ਲੈਣ ਲੱਗੀ
ਸੀ। ਸਲੀਮ ਦਾ ਬੈਰਾ ਹੋਣਾ ਤੇ ਨਾਲ ਲਿਖਣਾ ਜਾਂ
ਕਿਹਾ ਜਾਏ ਕਿ ਲੇਖਕ ਹੋਣਾ ਤੇ ਨਾਲ ਬੈਰੇ ਦੀ
ਨੌਕਰੀ ਕਰਨਾ ਉਸ ਨੂੰ ਅਜੀਬ ਜਿਹਾ ਲੱਗਾ ਸੀ।
ਹਾਂ, ਤਾਂ ਇਸ ਵਿਚ ਕੁਝ ਵੱਖਰੀ ਜਿਹੀ ਗੱਲ ਏ
ਉਸ ਨੇ ਮਨ ਵਿਚ ਕਿਹਾ। ਆਮ ਬੈਰਿਆਂ ਨਾਲੋਂ
ਵੱਖਰਾ ਜਿਹਾ ਲੱਗਦਾ ਏ।
ਸਲੀਮ ਪਕੌੜੇ ਲੈ ਕੇ ਆਇਆ। ਜਦ ਉਸ
ਨੇ ਪਕੌੜਿਆਂ ਦੀ ਪਲੇਟ ਮੇਜ਼ ਦੇ ਵਿਚਕਾਰ ਰੱਖ
ਕੇ ਖਾਲੀ ਪਲੇਟਾਂ ਇਕ-ਇਕ ਕਰਕੇ ਦੋਵਾਂ
ਕੁੜੀਆਂ ਦੇ ਸਾਹਮਣੇ ਰੱਖੀਆਂ ਤੇ ਫੇਰ ਚਟਣੀ
ਵਾਲੀਆਂ ਪਲੇਟਾਂ ਵੀ ਰੱਖੀਆਂ ਤਾਂ ਉਹ ਤ੍ਰਬਕਿਆ
ਜਿਵੇਂ ਗਲਤੀ ਕਰ ਬੈਠਾ ਹੋਵੇ। ਉਸੇ ਵੇਲੇ ਉਸ
ਨੇ ਚਿੱਟੀ ਸਾੜ੍ਹੀ ਵਾਲੀ ਕੁੜੀ ਦੇ ਸਾਹਮਣਿਓਂ
ਚਟਣੀ ਵਾਲੀ ਪਲੇਟ ਚੁੱਕ ਕੇ ਗੁਜਰਾਤਣ ਕੁੜੀ
ਦੇ ਸਾਹਮਣੇ ਰੱਖੀ ਤੇ ਉਸ ਦੇ ਸਾਹਮਣੇ ਰੱਖੀ
ਹੋਈ ਪਲੇਟ ਚੁੱਕ ਕੇ ਚਿੱਟੀ ਸਾੜ੍ਹੀ ਵਾਲੀ ਕੁੜੀ
ਦੇ ਸਾਹਮਣੇ ਰੱਖੀ।
ਚਿੱਟੀ ਸਾੜ੍ਹੀ ਵਾਲੀ ਕੁੜੀ ਗੱਲ ਸਮਝ ਗਈ
ਤੇ ਉਸ ਦੇ ਚਿਹਰੇ ਤੇ ਮੁਸਕਰਾਹਟ ਆਈ। ਫੇਰ
ਵੀ ਉਸ ਨੇ ਪੁੱਛਿਆ, "ਕੀ ਇਹ ਵੱਖ-ਵੱਖ
ਕਿਸਮ ਦੀ ਚਟਣੀ ਏ, ਜੋ ਪਲੇਟਾਂ ਬਦਲ ਕੇ
ਰੱਖੀਆਂ ਨੇ?"
"ਨਹੀਂ ਚਟਣੀ ਤਾਂ ਇਕੋ ਕਿਸਮ ਦੀ ਏ।
ਪਰ ਇਨ੍ਹਾਂ ਨੂੰ," ਸਲੀਮ ਨੇ ਗੁਜਰਾਤਣ ਕੁੜੀ
ਵਲ ਸੈਣਤ ਕੀਤੀ, "ਹਮੇਸ਼ਾਂ ਡਬਲ ਚਟਣੀ
ਚਾਹੀਦੀ ਹੈ। ਗਲਤੀ ਨਾਲ ਡਬਲ ਚਟਨੀ ਵਾਲੀ
ਪਲੇਟ ਤੁਹਾਡੇ ਸਾਹਮਣੇ ਰੱਖੀ ਗਈ ਸੀ।"
"ਥੈਂਕ ਯੂ।" ਗੁਜਰਾਤਣ ਕੁੜੀ ਨੇ ਖੁਸ਼ ਹੋ
ਕੇ ਕਿਹਾ।
"ਬਹੁਤ ਖਿਆਲ ਰੱਖਦਾ ਏ ਤੇਰਾ।" ਚਿੱਟੀ
ਸਾੜ੍ਹੀ ਵਾਲੀ ਕੁੜੀ ਨੇ ਸਲੀਮ ਦੇ ਜਾਣ 'ਤੇ ਸ਼ਰਾਰਤ
ਨਾਲ ਕਿਹਾ।
"ਕਿਉਂ ਨਹੀਂ ਰੱਖੇਗਾ, ਹਮੇਸ਼ਾਂ ਵਧੀਆ
ਟਿੱਪ ਦਿਆ ਕਰਦੀ ਹਾਂ।"
"ਤਾਂ ਹੀ।"
ਸਲੀਮ ਉਨ੍ਹਾਂ ਦੇ ਲਾਗੇ ਹੀ ਕੁਝ ਪਰੇ ਜਾ
ਕੇ ਖੜ੍ਹਾ ਹੋ ਗਿਆ। ਉਹ ਕੁਝ ਹੋਰ ਗੱਲਾਂ
ਕਰਨੀਆਂ ਚਾਹੁੰਦਾ ਸੀ। ਇਕ ਦੋ ਵਾਰ ਕੁਝ ਗੱਲਾਂ
ਹੋਈਆਂ ਵੀ ਪਰ ਗੁਜਰਾਤਣ ਕੁੜੀ ਹਰ ਵਾਰ
ਗੱਲ ਟੁਕ ਕੇ ਆਪਣੀ ਗੱਲ ਸ਼ੁਰੂ ਕਰ ਦਿੰਦੀ
ਰਹੀ। ਫੇਰ ਵੀ ਸਲੀਮ ਨੂੰ ਤਸੱਲੀ ਹੋਈ ਕਿ ਉਨ੍ਹਾਂ
ਦੀ ਨਜ਼ਰ ਵਿਚ-ਖ਼ਾਸ ਕਰ ਚਿੱਟੀ ਸਾੜ੍ਹੀ ਵਾਲੀ
ਕੁੜੀ ਦੀ ਨਜ਼ਰ ਵਿਚ-ਉਹ ਸਿਰਫ਼ ਬੈਰਾ ਨਹੀਂ,
ਅਫਸਾਨਾ-ਨਿਗਾਰ ਵੀ ਸੀ। ਇਸ ਖ਼ਿਆਲ ਨਾਲ
ਉਸ ਨੇ ਮਾਣ ਮਹਸੂਸ ਕੀਤਾ ਤੇ ਮਨ ਹੀ ਮਨ
ਵਿਚ ਕਿਹਾ, ਕਈ ਵੱਡੇ-ਵੱਡੇ ਅਦੀਬਾਂ ਨੇ ਵੀ
ਕਿਸੇ ਵੇਲੇ ਗੁਜ਼ਾਰਾ ਕਰਨ ਲਈ ਬੈਰਿਆਂ ਜਾਂ
ਨੌਕਰਾਂ ਦਾ ਕੰਮ ਕੀਤਾ ਸੀ ਤੇ ਇਸ ਗੱਲ ਨੇ
ਮਗਰੋਂ ਜਾ ਕੇ ਉਨ੍ਹਾਂ ਨੂੰ ਅਦੀਬ ਦੇ ਤੌਰ ਤੇ ਹੋਰ
ਵੀ ਮਸ਼ਹੂਰ ਬਣਾ ਦਿੱਤਾ ਸੀ। ਇੱਕ ਦਿਨ ਸ਼ਾਇਦ
ਮੈਂ ਵੀ ਵੱਡਾ ਅਦੀਬ ਬਣਾ ਜਾਵਾਂ। ਤਦ ਹੋ ਸਕਦਾ
ਏ ਕਿ ਇਹ ਕੁੜੀ ਮੇਰੀਆਂ ਚੀਜ਼ਾਂ ਪੜ੍ਹੇ ਤੇ ਇਸ
ਨੂੰ ਯਾਦ ਆਏ ਕਿ ਕਦੇ ਮੈਂ ਇਥੇ ਬੈਰੇ ਦੇ ਤੌਰ
'ਤੇ ਕੰਮ ਕਰਿਆ ਕਰਦਾ ਸੀ। ਤਦ ਇਹ ਖ਼ੁਸ਼
ਹੋਵੇਗੀ ਤੇ ਫ਼ਖ਼ਰ ਮਹਿਸੂਸ ਕਰੇਗੀ ਕਿ ਕਦੇ ਇਸ
ਰੈਸਤੋਰਾਂ ਵਿਚ ਇਸ ਨੇ ਮੇਰੇ ਹੱਥੋਂ ਪਕੌੜੇ ਖਾਧੇ
ਸਨ ਤੇ ਚਾਹ ਪੀਤੀ ਸੀ। ਉਂਜ ਅੱਜ ਵੀ ਇਹ ਮੇਰੇ
ਅਦੀਬ ਹੋਣ ਤੇ ਖ਼ੁਸ਼ੀ ਤੇ ਫ਼ਖ਼ਰ ਮਹਿਸੂਸ ਕਰ
ਰਹੀ ਏ। ਤਦੇ ਤਾਂ ਅਜਿਹੀ ਦਿਲਚਸਪੀ ਨਾਲ ਗੱਲਾਂ
ਕਰ ਰਹੀ ਏ। ਮੌਕਾ ਲੱਗੇ ਤਾਂ ਇਸ ਬਾਰੇ ਵੀ
ਜਾਨਣਾ ਚਾਹੀਦਾ ਏ ਕਿ ਇਹ ਕੌਣ ਏ, ਕਿੱਥੇ
ਰਹਿੰਦੀ ਏ, ਕਿਹੋ ਜਿਹੇ ਸ਼ੌਂਕ ਰੱਖਦੀ ਏ? ਕਿਤੇ
ਇਹ ਡਬਲ ਚਟਣੀ ਖਾ-ਖਾ ਕੇ ਫੁੱਲੀ ਹੋਈ
ਗੁਜਰਾਤਣ ਅੱਜ ਇਸ ਦੇ ਨਾਲ ਨਾ ਹੁੰਦੀ ਤਾਂ
ਇਸ ਬਾਰੇ ਜ਼ਰੂਰ ਕੁਝ ਜਾਣਕਾਰੀ ਹਾਸਲ ਕਰਦਾ।
ਇਹ ਗੁਜਰਾਤਣ ਸਿਰਫ਼ ਜਿਸਮ ਦੀ ਹੀ ਮੋਟੀ
ਨਹੀਂ, ਦਿਮਾਗ ਦੀ ਵੀ ਮੋਟੀ ਏ।...
ਉਸ ਵੇਲੇ ਗੁਜਰਾਤਣ ਕੁੜੀ ਨੇ ਉਸ ਨੂੰ
ਚੁਟਕੀ ਵਜਾ ਕੇ ਬੁਲਾਇਆ ਤਾਂ ਉਸ ਨੂੰ ਉਸ 'ਤੇ
ਗੁੱਸਾ ਆਇਆ। ਕੀ ਜੀਭ ਨਹੀਂ ਏ ਮੂੰਹ ਵਿਚ?
ਉਸ ਨੇ ਮਨ ਵਿਚ ਕਿਹਾ। ਉਂਜ ਤਾਂ ਇੰਨੀਆਂ
ਗੱਲਾਂ ਕਰਦੀ ਏ, ਪਰ ਮੈਨੂੰ ਬੁਲਾਉਣ ਲਈ ਚੁਟਕੀ
ਵਜਾਉਂਦੀ ਏ, ਜਿਵੇਂ ਮੈਂ ਆਦਮੀ ਨਹੀਂ ਕੋਈ
ਜਾਨਵਰ ਹੋਵਾਂ ਜਾਂ ਫੇਰ ਬਿਲਕੁਲ ਹੀ ਮਾਮੂਲੀ
ਜਿਹਾ ਬੈਰਾ ਹੋਵਾਂ।
ਉਹ ਮੇਜ਼ ਕੋਲ ਖਲੋ ਗਿਆ ਤਾਂ ਗੁਜਰਾਤਣ
ਕੁੜੀ ਨੇ ਕਿਹਾ, "ਚਾਹ ਤੇ ਜ਼ਰਾ ਛੇਤੀ।"
ਉਸ ਨੇ ਅੱਗੋਂ ਜਵਾਬ ਨਹੀਂ ਦਿੱਤਾ ਤੇ ਚਾਹ
ਲੈਣ ਚਲਾ ਗਿਆ।
ਉਸ ਦੇ ਅਗਲੇ ਦੋ ਦਿਨ ਕਾਲਜ ਵਿਚ ਛੁੱਟੀ
ਸੀ। ਕਾਲਜ ਦੇ ਮੁੰਡੇ ਕੁੜੀਆਂ ਉਥੇ ਨਹੀਂ ਆਏ
ਤਾਂ ਸਲੀਮ ਨੂੰ ਰੈਸਤੋਰਾਂ ਸੁੰਨਾ-ਸੁੰਨਾ ਮਹਿਸੂਸ
ਹੋਇਆ। ਖ਼ਾਸ ਸੁੰਨਾ ਉਸ ਚਿੱਟੀ ਸਾੜ੍ਹੀ ਵਾਲੀ
ਕੁੜੀ ਦੀ ਅਣਹੋਂਣ ਕਰਕੇ ਮਹਿਸੂਸ ਹੋਇਆ।
ਕਾਲਜ ਵਿਚ ਨਵੀਂ ਹੀ ਆਈ ਲੱਗਦੀ ਏ, ਉਸ ਨੇ
ਸੋਚਿਆ। ਘੱਟ ਬੋਲਣ ਵਾਲੀ ਏ, ਪਰ ਕਈ ਗੱਲਾਂ
ਮੁਸਕਰਾਹਟ ਵਿਚ ਕਹਿ ਜਾਣ ਵਾਲੀ ਏ। ਸਉਲੇ
ਰੰਗ ਦਾ ਵੀ ਆਪਣਾ ਹੁਸਨ ਹੁੰਦਾ ਏ, ਆਪਣੀ
ਕਸ਼ਿਸ਼ ਹੁੰਦੀ ਏ। ਗੋਰੇ-ਚਿੱਟੇ ਰੰਗ ਦੇ ਮੁਕਾਬਲੇ
ਵਿਚ ਕਿੰਨਾ ਸਿਹਤਮੰਦ ਲੱਗਦਾ ਏ। ਕੁਝ ਹਕੀਕਤਾਂ
ਸੱਚਮੁੱਚ ਖ਼ੁਆਬ ਮਹਿਸੂਸ ਹੁੰਦੀਆਂ ਨੇ ਜਾਂ ਕੁਝ
ਖ਼ੁਆਬ ਹਕੀਕਤਾਂ ਨਹੀਂ ਹੋ ਸਕਦੇ। ਹੁਣ ਜਿਵੇਂ
ਇਹ ਚਿੱਟੀ ਸਾੜ੍ਹੀ ਵਾਲੀ ਕੁੜੀ ਏ, ਇਸ ਨੂੰ ਚਿੱਟਾ
ਰੰਗ ਏਨਾ ਪਸੰਦ ਏ, ਉਸ ਦੀ ਪਸੰਦ ਦਾਦ ਦੇ
ਕਾਬਿਲ ਏ। ਚਿੱਟੇ ਰੰਗ 'ਚੋਂ ਪਾਕੀਜ਼ਗੀ ਝਲਕਦੀ
ਏ ਤੇ ਇਕ ਅਜਿਹੀ ਸਾਦਗੀ ਜਿਸ ਤੇ ਆਦਮੀ
ਖ਼ੁਸ਼ੀ ਨਾਲ ਕੁਰਬਾਨ ਹੋ ਸਕਦਾ ਏ।
ਅਗਲੇ ਦਿਨ ਰੈਸਤੋਰਾਂ ਬੰਦ ਹੋਣ ਤੇ ਸਲੀਮ
ਉਹੀ ਸੁੰਞ ਮਹਿਸੂਸ ਕਰਦਾ ਹੋਇਆ ਆਪਣੇ
ਕਮਰੇ ਵਿਚ ਜਾ ਬੈਠਾ।
ਉਸ ਰੈਸਤੋਰਾਂ ਦੇ ਪਿਛਲੇ ਹਿੱਸੇ ਵਿਚ ਇੱਕ
ਛੋਟਾ ਜਿਹਾ ਕਮਰਾ ਸੀ ਜੋ ਉਸ ਨੂੰ ਰਹਿਣ ਲਈ
ਦਿੱਤਾ ਗਿਆ ਸੀ। ਉਹ ਸਾਧਾਰਨ ਜਿਹਾ ਹੁੰਮ
ਭਰਿਆ ਕਮਰਾ ਸੀ। ਕਮਰਾ ਨਹੀਂ ਸਗੋਂ ਕੋਠੜੀ
ਸੀ। ਪਰ ਸਲੀਮ ਖ਼ੁਸ਼ ਸੀ ਕਿ ਉਸ ਨੂੰ ਰਹਿਣ
ਲਈ ਇਕ ਵੱਖਰਾ ਕਮਰਾ ਮਿਲ ਗਿਆ ਸੀ। ਭਾਵੇਂ
ਉਸ ਵਿਚ ਰੈਸਤੋਰਾਂ ਦਾ ਕੁਝ ਸਾਮਾਨ ਵੀ ਰੱਖਿਆ
ਹੋਇਆ ਸੀ। ਰੈਸਤੋਰਾਂ 'ਚੋਂ ਨਿਕਲ ਕੇ ਉਸ ਕਮਰੇ
ਵਿਚ ਜਾਣ ਤੇ ਸਲੀਮ ਨੂੰ ਅਜੀਬ ਜਿਹਾ ਅਹਿਸਾਸ
ਹੁੰਦਾ। ਉਸ ਤੋਂ ਬਿਲਕੁਲ ਉਲਟਾ ਅਹਿਸਾਸ
ਕਮਰੇ 'ਚੋਂ ਰੈਸਤੋਰਾਂ ਵਿਚ ਜਾਣ 'ਤੇ ਹੁੰਦਾ। ਕਦੇ
ਉਹ ਕਮਰੇ ਵਿਚ ਬੈਠਾ ਸੋਚਦਾ, ਕਿਤੇ ਰੈਸਤੋਰਾਂ
ਦੇ ਨਾਲ ਇਸ ਕਮਰੇ ਨੂੰ ਰੰਗ ਕਰਾ ਦਿੱਤਾ ਜਾਂਦਾ
ਤਾਂ ਕਿੰਨਾ ਚੰਗਾ ਹੁੰਦਾ। ਕਾਸ਼ ਕਿਤੇ ਇਸ ਦੀ
ਇਕ ਕੰਧ ਵਿਚ ਬਾਰੀ ਹੀ ਹੁੰਦੀ, ਮੈਂ ਬਾਰੀ ਦੇ
ਕੋਲ ਬੈਠ ਕੇ ਲਿਖਿਆ ਕਰਦਾ। ਕਮਰੇ ਵਿਚ ਬਾਰੀ
ਹੋਣ ਸਦਕਾ ਚਾਰਦੀਵਾਰੀ ਵਿਚ ਬੰਦ ਹੋਣ ਦਾ
ਅਹਿਸਾਸ ਨਹੀਂ ਰਹਿੰਦਾ। ਖ਼ੈਰ, ਫੇਰ ਵੀ ਗ਼ਨੀਮਤ
ਏ ਕਿ ਇਹ ਕਮਰਾ ਮਿਲ ਗਿਆ ਏ। ਇਥੇ ਆਦਮੀ
ਇੱਕਲ ਵਿਚ ਬੈਠ ਸਕਦਾ ਏ ਇਕੱਲ ਵਿਚ ਬੈਠ
ਕੇ ਲਿਖ-ਪੜ੍ਹ ਸਕਦਾ ਏ ਇਕੱਲ ਵਿਚ...। ਪਰ
ਕਦੇ ਇਹ ਇਕੱਲ ਬੜੀ ਬੋਝਲ ਮਹਿਸੂਸ ਹੋਣ
ਲੱਗਦੀ ਏ। ਖ਼ੈਰ ਕੁਝ ਅਰਸਾ ਹੋਰ ਇੱਥੇ ਨਿਕਲ
ਜਾਏ, ਮਾਲਕ ਨਾਲ ਚੰਗੇ ਤੁਅੱਲਕਾਤ ਬਣ ਜਾਣ
ਫੇਰ ਉਸ ਨੂੰ ਕਹਿ ਕੇ ਕਮਰੇ ਨੂੰ ਰੰਗ ਕਰਵਾ ਲਵਾਂਗਾ
ਤੇ ਇਸ ਦੀ ਇਕ ਕੰਧ ਵਿਚ-ਇਸੇ ਪਾਸੇ ਦੀ ਕੰਧ
ਵਿਚ ਜਿਸ ਦੇ ਉਸ ਪਾਰ ਸੜਕ ਏ ਤੇ ਸੜਕ ਦੇ
ਉਸ ਪਾਰ ਇੱਕ ਛੋਟਾ ਜਿਹਾ ਪਾਰਕ ਏ-ਹਾਂ ਇਸੇ
ਕੰਧ ਵਿਚ ਇੱਕ ਨਿੱਕੀ ਜਿਹੀ ਬਾਰੀ ਬਣਵਾਵਾਂਗਾ।
ਬਾਰੀ ਦੀ ਸਿਰਫ਼ ਚੌਖਟ ਹੀ ਤੇ ਉਸ ਵਿਚ ਨੀਲੇ ਰੰਗ
ਦਾ ਪਰਦਾ ਲਾਵਾਂਗਾ ਤੇ ਬਾਰੀ ਦੇ ਕੋਲ ਇਕ ਆਰਾਮ
ਕੁਰਸੀ ਲਿਆ ਕੇ ਰਖਾਂਗਾ।
ਉਸ ਦਿਨ ਜਦ ਉਸ ਨੇ ਆਪਣੇ ਨਾਵਲਿਟ
ਬਾਰੇ ਸੋਚਿਆ ਤਾਂ ਕਈ ਨਵੀਆਂ ਗੱਲਾਂ ਸੁੱਝੀਆਂ ਤੇ
ਉਸ ਦੀ ਇਕ ਬਦਲੀ ਹੋਈ ਸ਼ਕਲ ਸਾਹਮਣੇ ਆਈ
ਜੋ ਵਧੇਰੇ ਕਲਾਤਮਕ ਤੇ ਸੁਲਝੀ ਹੋਈ ਸੀ।
ਕਾਲਜ ਖੁੱਲ੍ਹਣ ਵਾਲੇ ਦਿਨ ਸਲੀਮ ਸਵੇਰੇ
ਛੇਤੀ ਹੀ ਕਿਸੇ ਨਵੇਂ ਚਾਅ ਵਿਚ ਬੜਾ ਹਲਕਾ
ਬਣਿਆ ਹੋਇਆ ਉਠਿਆ ਤੇ ਤਿਆਰ ਹੋ ਕੇ
ਰੈਸਤੋਰਾਂ ਵਿਚ ਆ ਗਿਆ। ਜਦ ਵੀ ਮੌਕਾ ਲੱਗਦਾ
ਉਹ ਬਾਰੀ 'ਚੋਂ ਬਾਹਰ ਕਾਲਜ ਵੱਲ ਵੇਖਦਾ ਹੋਇਆ
ਸੋਚਦਾ ਕਿ ਇਮਾਰਤ ਦੇ ਉਸ ਥੋੜ੍ਹੇ ਜਿੰਨੇ ਹਿੱਸੇ
ਵਿਚ ਸ਼ਾਇਦ ਉਸ ਚਿੱਟੀ ਸਾੜ੍ਹੀ ਵਾਲੀ ਕੁੜੀ ਦੀ
ਝਲਕ ਵਿਖਾਈ ਦੇ ਜਾਏ। ਪਰ ਉਹ ਨਾ ਦਿਸੀ।
ਅਖ਼ੀਰ ਦੁਪਹਿਰ ਹੋ ਗਈ।
ਇਕ ਵਾਰ ਜਦ ਉਸ ਨੇ ਬਾਹਰ ਵੇਖਿਆ
ਤਾਂ ਉਸ ਦੀ ਨਜ਼ਰ ਗੁਜਰਾਤਣ ਕੁੜੀ 'ਤੇ ਪਈ ਜੋ
ਹਮੇਸ਼ਾਂ ਵਾਂਗ ਰਹਿ-ਰਹਿ ਕੇ ਹੱਸਦੀ ਤੇ ਆਪਣੇ
ਸੱਜੇ-ਖੱਬੇ ਤੁਰ ਰਹੀਆਂ ਦੋ ਕੁੜੀਆਂ ਨਾਲ ਗੱਲਾਂ
ਕਰਦੀ ਹੋਈ ਰੈਸਤੋਰਾਂ ਵੱਲ ਆ ਰਹੀ ਸੀ। ਸਲੀਮ
ਤ੍ਰਭਕਿਆ ਕਿਉਂਕਿ ਚਿੱਟੀ ਸਾੜ੍ਹੀ ਵਾਲੀ ਕੁੜੀ
ਉਸ ਦੇ ਨਾਲ ਨਹੀਂ ਸੀ। ਉਨ੍ਹਾਂ ਦੋ ਕੁੜੀਆਂ 'ਚੋਂ
ਇਕ ਤਾਂ ਉਹੋ ਪੰਜਾਬਣ ਸੀ ਤੇ ਦੂਜੀ ਕੋਈ ਹੋਰ
ਕੁੜੀ ਸੀ।
ਕੁੜੀਆਂ ਦੇ ਅੰਦਰ ਆਉਣ ਤੇ ਸਲੀਮ ਦਾ
ਸਾਰਾ ਉਤਸ਼ਾਹ ਮਰ ਗਿਆ ਤੇ ਹੱਥ-ਪੈਰ ਬੋਝਲ
ਬਣ ਗਏ। ਉਸ ਨੇ ਇਕ ਮਸ਼ੀਨ ਵਾਂਗ ਪਾਣੀ ਦੇ
ਤਿੰਨ ਗਲਾਸ ਲਿਆ ਕੇ ਉਨ੍ਹਾਂ ਦੇ ਸਾਹਮਣੇ ਰੱਖੇ
ਤੇ ਇਕ ਪਾਸੇ ਜਾ ਖੜ੍ਹਾ ਹੋਇਆ। ਉਸ ਨੂੰ ਨਿੰਮ੍ਹੀ
ਜਿਹੀ ਆਸ ਸੀ ਕਿ ਚਿੱਟੀ ਸਾੜ੍ਹੀ ਵਾਲੀ ਕੁੜੀ
ਆਏਗੀ। ਸ਼ਾਇਦ ਕਿਸੇ ਕੰਮ ਪਿੱਛੇ ਰੁਕ ਗਈ
ਹੋਵੇ ਤੇ ਕੁਝ ਚਿਰ ਵਿਚ ਆ ਜਾਣ ਵਾਲੀ ਹੋਵੇ,
ਸੋ ਉਹ ਬਾਰੀ 'ਚੋਂ ਬਾਹਰ ਸੜਕ ਵੱਲ ਵੇਖਦਾ
ਰਿਹਾ ਪਰ ਜਦ ਉਸ ਨੇ ਗੁਜਰਾਤਣ ਕੁੜੀ ਦੀ
ਚੁਟਕੀ ਦੀ ਆਵਾਜ਼ ਸੁਣੀ ਤਾਂ ਉਸ ਦੀ ਰਹੀਸਹੀ
ਆਸ ਵੀ ਜਾਂਦੀ ਰਹੀ ਤੇ ਆਰਡਰ ਲੈਣ
ਉਸ ਦੀ ਮੇਜ਼ ਵੱਲ ਗਿਆ। ਅੱਜ ਉਸ ਨੇ ਹਮੇਸ਼ਾਂ
ਦੇ ਉਲਟ ਗੁਜਰਾਤੀ ਕੁੜੀ ਕੋਲ ਕਿਸੇ ਚੀਜ਼ ਦੀ
ਸਿਫਾਰਸ਼ ਨਹੀਂ ਕੀਤੀ, ਨਾ ਹੀ ਗੁਜਰਾਤੀ ਕੁੜੀ
ਨੇ ਉਸ ਨੂੰ ਕੁਝ ਪੁੱਛਿਆ। ਇਕ ਵਾਰ ਸਲੀਮ ਦੇ
ਦਿਲ 'ਚ ਆਇਆ ਕਿ ਉਸ ਨੂੰ ਕਹੇ ਕਿ ਅੱਜ
ਖ਼ਾਸ ਤੌਰ 'ਤੇ ਕੇਲਿਆਂ ਦੇ ਪਕੌੜੇ ਬਣਾਏ ਗਏ
ਹਨ ਜਿਨ੍ਹਾਂ ਬਾਰੇ ਕਿ ਪਿਛਲੀ ਵਾਰ ਉਸ ਨੂੰ ਕਿਹਾ
ਗਿਆ ਸੀ ਤਦੇ ਗੁਜਰਾਤਣ ਕੁੜੀ ਨੇ ਉਸ ਨੂੰ
ਆਂਡਿਆਂ ਦੇ ਸੈਂਡਵਿਚ ਤੇ ਚਾਹ ਲਿਆਉਣ ਲਈ
ਕਿਹਾ। ਸਲੀਮ ਆਰਡਰ ਲੈ ਕੇ ਬਿਨਾਂ ਕੁਝ ਕਹੇ
ਚਲਾ ਗਿਆ।
ਸੈਂਡਵਿਚ ਲਿਆਉਣ ਪਿੱਛੋਂ ਜਦ ਉਹ
ਚਾਹ ਦਾ ਸਾਮਾਨ ਮੇਜ਼ 'ਤੇ ਰੱਖ ਰਿਹਾ ਸੀ ਤਾਂ
ਗੁਜਰਾਤਣ ਕੁੜੀ ਨੇ ਪੁੱਛਿਆ, "ਕੀ ਹਾਲ ਏ
'ਫ਼ਸਾਨਿਆਂ ਦਾ?"
"ਠੀਕ ਏ," ਸਲੀਮ ਨੇ ਹੌਲੀ ਜਿਹਾ ਕਿਹਾ।
"ਗੁੱਡ!" ਗੁਜਰਾਤਣ ਕੁੜੀ ਕੱਪਾਂ ਵਿਚ ਚਾਹ
ਬਣਾਉਣ ਲੱਗੀ।
ਚਾਹ ਪੀਣ ਪਿੱਛੋਂ ਉਸ ਨੇ ਬਿਲ ਮੰਗਵਾਇਆ
ਪੈਸੇ ਦਿੱਤੇ ਤੇ ਦੋਵਾਂ ਕੁੜੀਆਂ ਦੇ ਨਾਲ ਉਠ ਕੇ
ਚਲੀ ਗਈ। ਬਿੱਲ ਦੇ ਪੈਸਿਆਂ 'ਚੋਂ ਜੋ ਪੈਸੇ ਉਸ
ਨੇ ਸਿਰਫ਼ ਉਸ ਨੂੰ ਖ਼ੁਸ਼ ਕਰਨ ਲਈ ਹੀ ਨਹੀਂ
ਆਪਣੀਆਂ ਸਹੇਲੀਆਂ 'ਤੇ ਰੋਅਬ ਪਾਉਣ ਲਈ
ਵੀ ਛੱਡੇ ਸਨ, ਉਹ ਟਿੱਪ ਪਾ ਕੇ ਉਸ ਨੂੰ ਕੁਝ
ਖ਼ੁਸ਼ੀ ਹੋਈ ਤੇ ਗੁਜਰਾਤਣ ਕੁੜੀ ਲਈ ਮਨ ਵਿਚ
ਜੋ ਨਫ਼ਰਤ ਸੀ ਉਹ ਕੁਝ ਘਟੀ।
ਪਰ ਉਹ ਚਿੱਟੀ ਸਾੜ੍ਹੀ ਵਾਲੀ ਕੁੜੀ ਕਿਉਂ
ਨਹੀਂ ਆਈ? ਸਲੀਮ ਨੇ ਸੋਚਿਆ ਤੇ ਸਰਸਰੀ
ਜਿਹੀ ਨਜ਼ਰੇ ਬਾਰੀ 'ਚੋਂ ਬਾਹਰ ਵੇਖਣ ਲੱਗਾ।
ਸ਼ਾਇਦ ਭਲਕੇ ਆਏ। ਜਾਂ ਸ਼ਾਇਦੇ ਕਦੇ ਨਾ ਆਏ।
ਪਰ ਕੇਲਿਆਂ ਦੇ ਪਕੌੜਿਆਂ ਬਾਰੇ ਕਹਿ ਕੇ ਗਈ
ਏ ਤਾਂ ਜ਼ਰੂਰ ਆਏਗੀ। ਉਂਜ ਜੇ ਨਾ ਆਈ ਤਾਂ?
ਜ਼ਿੰਦਗੀ ਪਹਿਲਾਂ ਹੀ ਸੁੰਨੀ ਜਿਹੀ ਲੱਗਦੀ ਏ,
ਹੁਣ ਹੋਰ ਵੀ ਸੁੰਨੀ ਲੱਗਣ ਲੱਗੇਗੀ। ਕੁਝ
ਖ਼ੂਬਸੂਰਤ ਅਹਿਸਾਸ ਜ਼ਿੰਦਗੀ ਨੂੰ ਕਿਸ ਤਰ੍ਹਾਂ
ਰੰਗਾਂ ਨਾਲ ਭਰ ਦਿੰਦੇ ਹਨ। ਪਰ ਜਦ ਉਹ ਜ਼ਿੰਦਗੀ
'ਚੋਂ ਨਿਕਲ ਜਾਂਦੇ ਹਨ ਤਾਂ ਉਸ ਨੂੰ ਹੋਰ ਵੀ ਖ਼ਾਲੀ
ਬਣਾ ਜਾਂਦੇ ਹਨ।
ਸ਼ਾਮ ਹੋ ਗਈ ਸੀ ਤੇ ਸਲੀਮ ਹੁਣ ਕੱਲ੍ਹ
ਦੀ ਉਡੀਕ ਵਿਚ ਸੀ। ਉਹ ਸੋਚ ਰਿਹਾ ਸੀ ਕਿ
ਕੱਲ੍ਹ ਦਾ ਦਿਨ ਚੜ੍ਹੇ, ਦੁਪਹਿਰ ਹੋ ਜਾਏ ਤੇ ਤਦਤਦ
ਮੁਮਕਿਨ ਏ ਕਿ ਚਿੱਟੀ ਸਾੜ੍ਹੀ ਵਾਲੀ ਕੁੜੀ
ਗੁਜਰਾਤਣ ਕੁੜੀ ਨਾਲ ਇਥੇ ਆਏ ਤੇ -
ਚਾਣਚੱਕ ਉਸ ਨੂੰ ਆਪਣੀਆਂ ਅੱਖਾਂ 'ਤੇ
ਜਿਵੇਂ ਯਕੀਨ ਨਾ ਹੋਇਆ ਤੇ ਉਸ ਨੇ ਚਿੱਟੀ ਸਾੜ੍ਹੀ
ਵਾਲੀ ਕੁੜੀ ਨੂੰ ਰੈਸਤੋਰਾਂ ਵਿਚ ਦਾਖ਼ਲ ਹੁੰਦਿਆਂ
ਵੇਖਿਆ। ਹਾਂ, ਉਹੀ ਏ। ਉਸ ਦੀਆਂ ਅੱਖਾਂ
ਚਮਕੀਆਂ ਤੇ ਖ਼ਾਸ ਤੌਰ 'ਤੇ ਇਸ ਗੱਲ ਦੀ ਖ਼ੁਸ਼ੀ
ਹੋਈ ਕਿ ਉਹ ਇਕੱਲੀ ਆਈ ਸੀ ਪਰ ਉਹ ਕੁਝ
ਕਾਹਲ ਵਿਚ ਸੀ। ਉਸ ਨੇ ਰੈਸਤੋਰਾਂ ਵਿਚ ਦਾਖ਼ਲ
ਹੋਣ 'ਤੇ ਵੀ ਘੜੀ ਵੇਖੀ ਸੀ ਤੇ ਮੇਜ਼ 'ਤੇ ਬੈਠ
ਗਈ ਸੀ ਤਾਂ ਫੇਰ ਘੜੀ ਵੇਖੀ ਸੀ। ਉਸ ਕਾਹਲ
ਵਿਚ ਉਸ ਨੇ ਸਲੀਮ ਵੱਲ ਨਹੀਂ ਸੀ ਵੇਖਿਆ।
ਸਲੀਮ ਟ੍ਰੇ ਵਿਚ ਪਾਣੀ ਦਾ ਗਲਾਸ ਰੱਖੀ
ਉਸ ਕੋਲ ਆਇਆ ਤੇ ਜਦ ਉਸ ਨੇ ਗਲਾਸ
ਮੇਜ਼ 'ਤੇ ਰੱਖਿਆ ਤਾਂ ਕੁੜੀ ਨੇ ਉਸ ਵੱਲ ਮੂੰਹ
ਚੁੱਕ ਕੇ ਵੇਖਿਆ। ਸਲੀਮ ਨੂੰ ਲੱਗਾ ਕਿ ਉਸ ਦੇ
ਬੁੱਲ੍ਹਾਂ ਤੇ ਨਿੰਮ੍ਹੀ ਜਿਹੀ ਮੁਸਕਰਾਹਟ ਆਈ ਸੀ।
ਅੱਗੋਂ ਉਹ ਆਪ ਵੀ ਹਲਕਾ ਜਿਹਾ ਮੁਸਕਰਾਇਆ।
ਉਸ ਨੂੰ ਆਸ ਸੀ ਕਿ ਕੁੜੀ ਕੋਈ ਗੱਲ ਕਰੇਗੀ
ਪਰ ਗੱਲ ਕਰਨ ਦੀ ਥਾਂ ਉਸ ਨੇ ਫੇਰ ਘੜੀ ਵੇਖੀ
ਤੇ ਪਾਣੀ ਦਾ ਗਲਾਸ ਚੁੱਕ ਕੇ ਬੁੱਲ੍ਹਾਂ ਨੂੰ ਲਾਇਆ।
ਸਲੀਮ ਉਥੇ ਖੜ੍ਹਾ ਰਿਹਾ ਤਾਂ ਜੋ ਆਰਡਰ ਲੈਣ
ਦੇ ਬਹਾਨੇ ਖ਼ੁਦ ਹੀ ਉਸ ਨਾਲ ਕੋਈ ਗੱਲ ਕਰੇ।
ਤਦੇ ਉਸ ਨੂੰ ਇਕ ਗੱਲ ਚੇਤੇ ਆਈ ਤੇ
ਉਸ ਪਰਦੇ ਵਾਲੀ ਕੰਧ ਵੱਲ ਵੇਖਿਆ।
ਕੁਝ ਹੀ ਚਿਰ ਪਿੱਛੋਂ ਉਹ ਕੇਲਿਆਂ ਦੇ
ਪਕੌੜਿਆਂ ਵਾਲੀ ਪਲੇਟ ਚੁੱਕੀ ਕੁੜੀ ਕੋਲ
ਆਇਆ ਤੇ ਪਲੇਟ ਮੇਜ਼ 'ਤੇ ਰੱਖਦਿਆਂ ਉਸ ਦੇ
ਚਿਹਰੇ ਵੱਲ ਵੇਖਿਆ।
ਕੁੜੀ ਨੇ ਵੀ ਇਕ ਨਜ਼ਰ ਉਸ ਵੱਲ ਵੇਖਿਆ
ਤੇ ਮੁਸਕਰਾ ਕੇ ਕਿਹਾ, "ਬਿਨਾਂ ਆਰਡਰ ਦੇ ਹੀ
ਲੈ ਆਂਦੇ ਨੇ?"
"ਪਿਛਲੀ ਵਾਰ ਆਰਡਰ ਦਿੱਤਾ ਸੀ ਨਾ,"
ਸਲੀਮ ਨੇ ਕਿਹਾ।
"ਪਿਛਲੀ ਵਾਰ?" ਕੁੜੀ ਦੇ ਚਿਹਰੇ ਤੇ
ਹੈਰਾਨੀ ਆਈ।
"ਜੀ, ਪਿਛਲੀ ਵਾਰ ਕੇਲਿਆਂ ਦੇ ਪਕੌੜੇ
ਬਣਾਉਣ ਦੀ ਸਿਫ਼ਾਰਸ਼ ਕੀਤੀ ਸੀ ਨਾ?"
"ਉਹ!" ਕੁੜੀ ਦੇ ਮੂੰਹੋਂ ਨਿਕਲਿਆ। ਫੇਰ
ਉਹ ਸਲੀਮ ਵੱਲ ਵੇਖ ਕੇ ਮੁਸਕਰਾਈ। ਤਦੇ
ਉਸ ਨੇ ਘੜੀ ਵੇਖੀ।
ਸਲੀਮ ਨੇ ਚਟਣੀ ਵਾਲੀ ਪਲੇਟ ਸੌਸ ਦੀ
ਬੋਤਲ ਕਾਂਟਾ, ਪਾਣੀ ਦਾ ਗਲਾਸ ਆਦਿ ਚੀਜ਼ਾਂ
ਮੇਜ਼ ਤੇ ਰੱਖੀਆਂ। ਫੇਰ ਕਿਹਾ, "ਹੋਰ ਕਿਸੇ ਚੀਜ਼
ਦੀ ਲੋੜ ਹੋਵੇ ਤਾਂ ਫ਼ਰਮਾਉਣਾ।"
"ਹੋਰ? ਹੋਰ ਕਿਸ ਚੀਜ਼ ਦੀ ਸਿਫਾਰਸ਼
ਕਰਨੀ ਏ ਅੱਜ?" ਕੁੜੀ ਨੇ ਹਲਕੀ ਜਿਹੀ ਸ਼ਰਾਰਤ
ਨਾਲ ਪੁੱਛਿਆ।
"ਮਾਂਹ ਦੀ ਦਾਲ ਦੇ ਪਕੌੜਿਆਂ ਦੀ।"
"ਪਕੌੜਿਆਂ ਤੋਂ ਛੁੱਟ?"
"ਵੈਜੀਟੇਬਲ ਸੈਂਡਵਿਚ ਦੀ।"
"ਇੰਨੀ ਭੁੱਖ ਮੈਨੂੰ ਨਹੀਂ ਏ।"
"ਤਾਂ ਫੇਰ-ਪਰ ਖਾ ਕੇ ਵੇਖੋ ਇਕ ਵਾਰ।
ਖਾਧਿਆਂ ਭੁੱਖ ਸਗੋਂ ਵਧ ਜਾਏਗੀ, ਤੇ ਖਾਣ ਪਿੱਛੋਂ
ਢਿੱਡ ਬਿਲਕੁਲ ਬੋਝਲ ਮਹਿਸੂਸ ਨਹੀਂ ਹੋਵੇਗਾ।"
"ਤਾਂ ਫੇਰ ਸਿਫ਼ਾਰਸ਼ ਕਬੂਲ ਏ। ਪਰ ਜ਼ਰਾ
ਛੇਤੀ ਲੈ ਕੇ ਆਉਣਾ।"
"ਹੁਣੇ ਹਾਜ਼ਰ ਹੋਇਆ।"
ਕੁੜੀ ਪਕੌੜੇ ਖਾਣ ਲੱਗੀ। ਕਾਹਲ ਵਿਚ
ਹੋਣ 'ਤੇ ਵੀ ਉਹ ਉਨ੍ਹਾਂ 'ਚੋਂ ਉਠਣ ਵਾਲੀ ਮਹਿਕ
ਤੇ ਉਨ੍ਹਾਂ ਦੇ ਸਵਾਦ ਦਾ ਪੂਰਾ ਅਨੰਦ ਲੈਂਦੀ ਹੋਈ
ਖਾ ਰਹੀ ਸੀ।
ਸਲੀਮ ਸੈਂਡਵਿਚ ਲੈ ਕੇ ਆਇਆ।
ਡਬਲਰੋਟੀ ਦੇ ਪਤਲੇ-ਪਤਲੇ ਸੱਜਰੇ ਚਿੱਟੇ
ਟੁਕੜਿਆਂ ਵਿਚੋਂ ਟਮਾਟਰ, ਕੱਕੜੀ ਆਦਿ ਦੇ ਟੋਟੇ
ਤੇ ਸਲਾਦ ਦੇ ਪੱਤੇ ਝਾਕ ਰਹੇ ਸਨ। ਦੋਵਾਂ ਚੌਰਸ
ਟੁਕੜਿਆਂ ਨੂੰ ਅਜੀਬ ਢੰਗ ਨਾਲ ਤਿੰਨਾਂ ਟੋਟਿਆਂ
ਵਿਚ ਕਟਿਆ ਹੋਇਆ ਸੀ। ਕੁੜੀ ਕੁਝ ਬਿੰਦ
ਜਿਵੇਂ ਅੱਖਾਂ ਨਾਲ ਸੈਂਡਵਿਚ ਦਾ ਸਵਾਦ ਮਾਣਦੀ
ਰਹੀ।
ਸਲੀਮ ਉਸ ਤੋਂ ਕੁਝ ਦੂਰ ਜਾ ਕੇ ਖੜ੍ਹਾ
ਹੋ ਗਿਆ ਸੀ ਜਿਥੋਂ ਕਿ ਉਸ ਨਾਲ ਗੱਲ ਕਰ
ਸਕਦਾ ਸੀ।
ਕੁੜੀ ਨੇ ਸੈਂਡਵਿਚ ਖਾਂਦਿਆਂ ਉਸ ਵੱਲ
ਵੇਖਿਆ ਤੇ ਕਿਹਾ, "ਸੱਚਮੁੱਚ ਅਜਿਹੇ ਸੈਂਡਵਿਚ
ਦਾਦ ਦੇ ਕਾਬਿਲ ਹਨ।"
"ਸ਼ੁਕਰੀਆ," ਸਲੀਮ ਨੇ ਕਿਹਾ। "ਮੈਂ
ਆਪਣੇ ਨਾਵਲਿਟ ਵਿਚ ਅਜਿਹੇ ਸੈਂਡਵਿਚ ਦਾ ਇਕ
ਥਾਂ ਜ਼ਿਕਰ ਕੀਤਾ ਏ।" ਉਹ ਚਾਹੁੰਦਾ ਸੀ ਕਿ
ਕੁੜੀ ਉਸ ਦੇ ਲਿਖਣ ਬਾਰੇ ਗੱਲ ਕਰੇ।
"ਅੱਛਾ!" ਕੁੜੀ ਨੇ ਕਿਹਾ ਤੇ ਸੈਂਡਵਿਚ ਦਾ
ਦੂਜਾ ਟੋਟਾ ਚੁੱਕ ਕੇ ਖਾਣ ਲੱਗੀ। ਤਦ ਨਾਵਲਿਟ
ਸੰਬੰਧੀ ਗੱਲਾਂ ਹੋਣ ਲੱਗੀਆਂ ਪਰ ਵਧੇਰੇ ਵਿਸਥਾਰ
ਨਾਲ ਨਹੀਂ।
ਉਨ੍ਹਾਂ ਗੱਲਾਂ ਦੇ ਦੌਰਾਨ ਕੁੜੀ ਨੇ ਪੁੱਛਿਆ,
"ਕੁਝ ਚਿਰ ਪਹਿਲਾਂ ਇਥੇ ਕੋਈ ਕੁੜੀ ਤਾਂ ਨਹੀਂ
ਆਈ ਸੀ?"
"ਕੁੜੀ? ਨਹੀਂ ਤਾਂ।"
"ਮੇਰੀ ਅਪਾਇੰਟਮੈਂਟ ਸੀ ਉਸ ਨਾਲ ਇਥੇ।
ਪਰ ਮੈਂ ਕਾਫ਼ੀ ਲੇਟ ਹੋ ਗਈ। ਸੁਨਹਿਰੇ ਫ਼ਰੇਮ
ਦੀ ਐਨਕ ਲਾਉਂਦੀ ਏ ਉਹ।"
"ਨਹੀਂ ਪਿਛਲੇ ਘੰਟੇ ਭਰ ਤੋਂ ਤਾਂ ਕੋਈ ਕੁੜੀ
ਨਹੀਂ ਆਈ ਇਥੇ ਤੇ ਜਿੱਥੋਂ ਤਕ ਮੇਰਾ ਖ਼ਿਆਲ
ਏ ਐਨਕ ਵਾਲੀ ਕੁੜੀ ਤਾਂ ਕੋਈ ਨਹੀਂ ਆਈ।"
"ਖੈਰ।" ਕੁੜੀ ਨੇ ਘੜੀ ਵੇਖੀ। "ਹੁਣ
ਤਾਂ ਆਉਣ ਦੀ ਆਸ ਵੀ ਨਹੀਂ ਏ। ਟਾਈਮ ਵੀ
ਹੋ ਗਿਆ ਏ। ਚੰਗਾ ਤਾਂ ਹੁਣ ਚਾਹ ਆ ਜਾਏ।
ਜ਼ਰਾ ਛੇਤੀ।"
ਚਾਹ ਪੀਂਦਿਆਂ ਕੁੜੀ ਨੇ ਸਲੀਮ ਨਾਲ ਕੁਝ
ਹੋਰ ਗੱਲਾਂ ਕੀਤੀਆਂ। ਇਕ ਵਾਰ ਉਸ ਨੇ ਪੁੱਛਿਆ
ਕਿ ਇਸਮਤ ਚੁਗਤਾਈ ਦੀਆਂ ਕਹਾਣੀਆਂ ਬਾਰੇ
ਉਸ ਦਾ ਕੀ ਖ਼ਿਆਲ ਹੈ ਤੇ ਕੈਥਰੀਨ ਮੈਨਸਫ਼ੀਲਡ
ਦੀਆਂ ਕਹਾਣੀਆਂ ਬਾਰੇ ਕੀ ਰਾਏ ਹੈ? ਪਰ ਉਸ ਦੇ
ਜਵਾਬ ਦੇਣ ਤੋਂ ਪਹਿਲਾਂ ਖੁਦ ਹੀ ਦੱਸਣ ਲੱਗੀ ਕਿ
ਉਸ ਨੂੰ ਕੈਥਰੀਨ ਮੈਨਸਫ਼ੀਲਡ ਦੀਆਂ ਕਹਾਣੀਆਂ
ਕਿਉਂ ਜ਼ਿਆਦਾ ਚੰਗੀਆਂ ਲੱਗਦੀਆਂ ਹਨ?
ਉਸ ਵੇਲੇ ਸਲੀਮ ਨੂੰ ਲੱਗਾ ਕਿ ਉਹ
ਸੱਚਮੁੱਚ ਇਕ ਅਦੀਬ ਸੀ। ਇਸਮਤ ਚੁਗ਼ਤਾਈ
ਤੇ ਕ੍ਰਿਸ਼ਨ ਚੰਦਰ ਤੇ ਮੰਟੋ-ਨਹੀਂ ਮੰਟੋ ਨਹੀਂ-ਤੇ
ਰਾਜਿੰਦਰ ਸਿੰਘ ਬੇਦੀ ਦੀ ਕੌਮ ਦਾ ਆਦਮੀ ਸੀ।
ਇਕ ਦਿਨ ਇਹ ਲੋਕ ਵੀ ਤਾਂ ਮਾਮੂਲੀ ਜਿਹੇ ਬੰਦੇ
ਸਨ, ਉਸ ਨੇ ਮਨ ਵਿਚ ਕਿਹਾ। ਬੇਦੀ ਤਾਂ ਸੁਣਿਐ
ਡਾਕਖਾਨੇ ਦਾ ਬਾਬੂ ਸੀ। ਕੀ ਪਤਾ ਕਦੇ ਮੈਂ ਵੀ ਉਨ੍ਹਾਂ
ਜਿੱਡਾ ਵੱਡਾ ਅਦੀਬ ਬਣ ਜਾਵਾਂ ਤੇ ਤਦ ਇਹ ਕੁੜੀ
ਸੋਚੇ...ਜਾਂ ਜੇ ਇਹ ਇਸ ਤਰ੍ਹਾਂ ਇਥੇ ਆਉਂਣੀ ਰਹੀ
ਤਾਂ ਕੀ ਪਤਾ ਇੱਕ ਦਿਨ-ਇਕ ਦਿਨ ਕੀ
ਪਤਾ...ਆਖ਼ਰ ਕਿਹੜੀ ਗੱਲ ਮੁਮਕਿਨ ਨਹੀਂ ਏ।
ਕੁੜੀ ਨੇ ਬਿਲ ਮੰਗਵਾਇਆ ਤੇ ਆਪਣਾ
ਪਰਸ ਤੇ ਦੂਹਰਾ ਕੀਤਾ ਹੋਇਆ ਅੰਗਰੇਜ਼ੀ ਦਾ
ਇਕ ਰਸਾਲਾ ਮੇਜ਼ ਤੋਂ ਚੁੱਕਿਆ।
ਸਲੀਮ ਪਲੇਟ ਵਿਚ ਬਿੱਲ ਰੱਖ ਕੇ
ਲਿਆਇਆ। ਕੁੜੀ ਨੇ ਪੰਜ ਰੁਪਏ ਦਾ ਨੋਟ ਪਲੇਟ
ਵਿਚ ਰਖਿਆ। ਸਲੀਮ ਬਾਕੀ ਪੈਸੇ ਲੈ ਕੇ ਆਇਆ
ਪਰ ਪਲੇਟ ਕੁੜੀ ਦੇ ਸਾਹਮਣੇ ਰੱਖਦਿਆਂ ਹੀ
ਕਿਸੇ ਸੰਕੋਚ ਜਿਹੇ ਵਿਚ ਉਥੋਂ ਚਲਾ ਗਿਆ।
ਕੁੜੀ ਨੇ ਪਲੇਟ ਵਿਚ ਪਏ ਪੈਸਿਆਂ ਵਲ
ਵੇਖਿਆ। ਤਿੰਨ ਰੁਪਏ ਸਨ ਤੇ ਕੁਝ ਭਾਨ ਉਸ ਨੇ
ਸੋਚਿਆ ਕਿ ਟਿੱਪ ਦੇ ਤੌਰ 'ਤੇ ਕੀ ਦੇਵੇ। ਇਕ
ਵਾਰ ਸਲੀਮ ਉਸ ਦੇ ਸਾਹਮਣੇ ਆਇਆ ਤੇ
ਉਸ ਲਈ ਉਸ ਦੇ ਮਨ ਵਿਚ ਪ੍ਰਸ਼ੰਸਾ ਤੇ ਤਰਸ
ਦਾ ਮਿਲਵਾਂ ਜਿਹਾ ਭਾਵ ਜਾਗਿਆ। ਤਦੇ ਉਹ ਪੈਸੇ
ਚੁੱਕ ਕੇ ਪਰਸ ਵਿਚ ਰੱਖਦਿਆਂ ਉਠੀ ਤੇ ਰੈਸਤੋਰਾਂ
'ਚੋਂ ਬਾਹਰ ਨਿਕਲ ਗਈ।
ਸਲੀਮ, ਜੋ ਉਸ ਵੇਲੇ ਕਿਸੇ ਦੇ ਬੁਲਾਉਣ ਤੇ
ਦੂਜੇ ਮੇਜ਼ ਵੱਲ ਚਲਾ ਗਿਆ ਸੀ, ਚਾਣਚੱਕ ਮੁੜਿਆ
ਤੇ ਕੁੜੀ ਨੂੰ ਰੈਸਤੋਰਾਂ 'ਚੋਂ ਬਾਹਰ ਨਿਕਲਦਿਆਂ
ਵੇਖਿਆ। ਫੇਰ ਉਹ ਉਸ ਨੁੰ ਬਾਰੀ ਦੇ ਕੱਚ 'ਚੋਂ
ਸੜਕ 'ਤੇ ਜਾਂਦਿਆਂ ਤਦ ਤਕ ਵੇਖਦਾ ਰਿਹਾ ਜਦ
ਤਕ ਉਹ ਅੱਖਾਂ ਤੋਂ ਓਝਲ ਨਹੀਂ ਹੋ ਗਈ।
ਉਹ ਚਲੀ ਗਈ ਸੀ ਪਰ ਆਪਣਾ ਇਕ
ਬਹੁਤ ਸੋਹਣਾ ਅਹਿਸਾਸ ਛੱਡ ਗਈ ਸੀ। ਸਲੀਮ
ਕੁਝ ਚਿਰ ਉਥੇ ਖੜ੍ਹਾ ਰਿਹਾ। ਅਖ਼ੀਰ ਉਸ ਦੀ
ਨਜ਼ਰ ਮੇਜ਼ ਵੱਲ ਗਈ ਤੇ ਮੇਜ਼ ਤੇ ਪਈ ਪਲੇਟ
ਉਸ ਨੂੰ ਦਿਸੀ ਜਿਸ ਵਿਚ ਇਕ ਰੁਪਏ ਦਾ ਨੋਟ
ਪਿਆ ਸੀ, ਟਿੱਪ ਦੇ ਤੌਰ 'ਤੇ।
ਉਹ ਅਗਾਂਹ ਵਧਦਾ-ਵਧਦਾ ਰੁਕ ਗਿਆ।
ਇਕ ਰੁਪਿਆ! ਏਨੀ ਵੱਡੀ ਟਿੱਪ ਅੱਜ ਤੱਕ ਉਸ
ਨੂੰ ਕਦੇ ਨਹੀਂ ਸੀ ਮਿਲੀ। ਕੋਈ ਹੋਰ ਮੌਕਾ ਹੁੰਦਾ
ਤਾਂ ਉਹ ਖ਼ੁਸ਼ੀ ਨਾਲ ਅੱਗੇ ਵਧ ਕੇ ਉਸ ਨੂੰ ਚੁੱਕਦਾ
ਪਰ ਉਸ ਵੇਲੇ ਉਸ ਦੇ ਪੈਰ ਉਸੇ ਥਾਂ ਜੰਮੇ ਰਹੇ
ਤੇ ਉਸ ਨੂੰ ਲੱਗਾ ਕਿ ਉਹ ਉਸ ਕੁੜੀ ਦੀ ਨਜ਼ਰ
ਵਿਚ ਇਕ ਬੈਰਾ ਸੀ-ਸਿਰਫ ਬੈਰਾ।