Surat De Hotel Di Mandali (Russian Story in Punjabi) : Leo Tolstoy
ਸੂਰਤ ਦੇ ਹੋਟਲ ਦੀ ਮੰਡਲੀ (ਰੂਸੀ ਕਹਾਣੀ) : ਲਿਉ ਤਾਲਸਤਾਏ
ਸੂਰਤ ਸ਼ਹਿਰ ਵਿਚ ਇਕ ਵਡਾ ਹੋਟਲ ਸੀ। ਇਸ ਦੇ ਇਕ ਕਮਰੇ ਵਿਚ ਸੰਸਾਰ ਦੇ ਅਡੋ ਅੱਡ ਹਿੱਸਿਆਂ ਤੋਂ ਆਏ ਹੋਏ ਮੁਸਾਫਰ ਗਲਾਂ ਬਾਤਾਂ ਕਰਦੇ ਹੁੰਦੇ ਸਨ । ਇਕ ਦਿਨ ਓਥੇ ਇਕ ਫਾਰਸੀ ਪੜ੍ਹਿਆ ਹੋਇਆ: ਮੌਲਵੀ ਆ ਨਿਕਲਿਆ। ਇਸ ਮੌਲਵੀ ਨੇ ਮਜ੍ਹਬੀ ਕਿਤਾਬਾਂ ਪੜ੍ਹਕੇ ਬਹੁਤ ਚਰਚਾ ਕੀਤੀ ਸੀ, ਕਈ ਪੁਸਤਕਾਂ ਆਪ ਲਿਖੀਆਂ ਤੇ "ਰੱਬ ਕੀ ਹੈ ?" ਇਹ ਸੋਚਦਾ ੨ ਰੱਬ ਤੋਂ ਮੁਨਕਰ ਹੋ ਗਿਆ ਸੀ। ਜਦ ਉਸਨੂੰ ਇਹ ਸਮਝ ਪਈ ਕਿ ਰੱਬ ਕੀ ਹੈ ਤਾਂ ਉਹ ਇਹ ਕਹਿਣ ਲਗਾ ਕਿ "ਰੱਬ ਕੋਈ ਚੀਜ਼ ਨਹੀਂ।" ਫਾਰਸ ਦੇ ਬਾਦਸ਼ਾਹ ਨੇ ਨਾਰਾਜ਼ ਹੋਕੇ ਉਸ ਨੂੰ ਦੇਸ ਨਿਕਾਲਾ ਦੇ ਦਿਤਾ।
ਸ੍ਰਿਸ਼ਟੀ ਦੇ ਆਦਿ ਅੰਤ ਦੇ ਮਸਲੇ ਨੂੰ ਸੋਚਦਿਆਂ ੨ ਇਸ ਵਿਚਾਰੇ ਮੌਲਵੀ ਦੀ ਮੱਤ ਮਾਰੀ ਗਈ ਤੇ ਬੌਤਲਿਆ ਹੋਇਆ ਮੌਲਵੀ ਇਹ ਆਖੇ ਕਿ ਦੁਨੀਆਂ ਐਵੇਂ ਹੀ ਬੇਥੱਵੀ ਅਰ ਬੇਤਰਤੀਬੀ ਬਣੀ ਹੋਈ ਹੈ। ਇਸ ਫਾਰਸੀ ਮੌਲਵੀ ਦੇ ਨਾਲ ਇਕ ਹਬਸ਼ੀ ਗੁਲਾਮ ਸਦਾ ਰਹਿੰਦਾ ਸੀ । ਜਦ ਮੌਲਵੀ ਹੋਟਲ ਦੇ ਅੰਦਰ ਵੜਿਆ ਤਾਂ ਗੁਲਾਮ ਬਾਹਰ ਦਰਵਾਜੇ ਕੋਲ ਧੁਪ ਵਿਚ ਬਹਿ ਗਿਆ ਤੇ ਆਪਣੇ ਸਰੀਰ ਤੋਂ ਮਖੀਆਂ ਉਡਾਣ ਲੱਗਾ। ਮੌਲਵੀ ਕਮਰੇ ਵਿਚ ਇਕ ਚੌਂਂਕੀ ਤੇ ਬੈਠ ਗਿਆ ਅਤੇ ਅਫੀਮ ਛਕਕੇ ਪਾਣੀ ਪੀਕੇ ਤਿਆਰ ਬਰ ਤਿਆਰ ਹੋ ਗਿਆ। ਜਦ ਅਮਲ ਸ਼ੁਰੂ ਹੋਇਆ ਤਾਂ ਖੁਲ੍ਹੇ ਦਰਵਾਜੇ ਵਿਚੋਂ ਪੁਛਣ ਲੱਗਾ-"ਕਿਉਂ ਓਏ ਹਬਸ਼ੀ! ਦੱਸ ਕੋਈ ਰਬ ਭੀ ਹੈ ਕਿ ਨਹੀਂ?"
"ਰੱਬ ਜ਼ਰੂਰ ਹੈ" ਇਹ ਆਖਕੇ ਹਬਸ਼ੀ ਨੇ ਆਪਣੇ ਲਕ ਤੋਂ ਇਕ ਛੋਟਾ ਜਿਹਾ ਲੱਕੜੀ ਦਾ ਬੁਤ ਖੋਹਲਿਆ-"ਇਹ ਮੇਰਾ ਰਬ ਹੈ, ਮੇਰੇ ਜਨਮ ਤੋਂ ਇਸ ਨੇ ਮੇਰੀ ਰਖਿਆ ਕੀਤੀ ਹੈ, ਜਿਸ ਪਵਿਤਰ ਲੱਕੜੀ ਤੋਂ ਇਹ ਬਣਿਆਂ ਹੋਇਆ ਹੈ, ਉਸਦੀ ਸਾਡੇ ਦੇਸ ਵਿਚ ਸਾਰੇ ਪੂਜਾ ਕਰਦੇ ਹਨ, ਸਾਡਾ ਇਹੋ ਰਬ ਹੈ!"
ਮੌਲਵੀ ਅਤੇ ਉਸਦੇ ਨੌਕਰ ਦੀ ਇਹ ਬਾਤ ਚੀਤ ਸੁਣਕੇ ਬਾਕੀ ਬੈਠੇ ਆਦਮੀ ਕੁਝ ਹੈਰਾਨ ਹੋਏ। ਮੌਲਵੀ ਦਾ ਸਵਾਲ ਵੀ ਅਜੀਬ ਸੀ, ਪਰ ਨੌਕਰ ਦਾ ਜਵਾਬ ਉਸ ਤੋਂ ਭੀ ਵਧਕੇ ਅਜੀਬ ਸੀ। ਸੁਣਨ ਵਾਲਿਆਂ ਵਿਚ ਇਕ ਤਕੜਾ ਪੰਡਤ ਬੈਠਾ ਸੀ, ਉਹ ਤੁਰਤ ਬੋਲ ਉਠਿਆ:-
"ਸ਼ੁਦਾਈ ਪਾਗਲ! ਕਦੀ ਰੱਬ ਨੂੰ ਵੀ ਕੋਈ ਲੱਕ ਨਾਲ ਬੰਨ੍ਹ ਸਕਦਾ ਹੈ? ਰੱਬ ਇਕੋ ਹੈ, ਉਸ ਦਾ ਨਾਮ ਬ੍ਰਹਮ ਹੈ, ਉਹ ਸੰਸਾਰ ਤੋਂ ਉਚਾ ਹੈ, ਸੰਸਾਰ ਉਸ ਆਪ ਬਣਾਇਆ ਹੈ, ਬ੍ਰਹਮਾਂ ਹੀ ਕੇਵਲ ਮਹਾਨ ਅਰ ਸਭ ਤੋਂ ਬਲਵਾਨ ਦੇਵਤਾ ਹੈ। ਅਸੀਂ ਗੰਗਾ ਦੇ ਤਟ ਤੇ ਉਸੇ ਦੀ ਪੂਜਾ ਲਈ ਮੰਦਰ ਬਣਾਂਦੇ ਹਾਂ, ਜਿਨ੍ਹਾਂ ਵਿਚ ਵਿਦਵਾਨ ਬ੍ਰਾਹਮਨ ਉਸਦੀ ਉਪਾਸ਼ਨਾ ਕਰਦੇ ਹਨ। ਕੇਵਲ ਉਹੀ ਸ਼ਾਸਤਰਾਂ ਦੇ ਵਿਦਵਾਨ ਬ੍ਰਹਮ ਨੂੰ ਜਾਣਦੇ ਹਨ, ਹੋਰ ਕਿਸੇ ਨੂੰ ਕੀ ਪਤਾ? ਲੱਖਾਂ ਸਾਲ ਗੁਜ਼ਰ ਗਏ, ਹਿੰਦ ਵਿਚ ਕਈ ਰਾਜੇ ਆਏ, ਕਈ ਗਏ, ਪਰ ਉਹ ਮੰਦਰ ਅਚਲ ਹਨ, ਬ੍ਰਹਮਾ ਜੀ ਆਪ ਉਨ੍ਹਾਂ ਦੀ ਰਖਿਆ ਕਰਦੇ ਚਲੇ ਆਏ।"
ਬ੍ਰਾਹਮਨ ਦਾ ਖਿਆਲ ਸੀ ਕਿ ਇਸ ਗੱਲ ਨੂੰ ਸਾਰੇ ਸਵੀਕਾਰ ਕਰ ਲੈਣਗੇ, ਪਰ ਇਕ ਯਹੂਦੀ ਦਲਾਲ ਓਥੇ ਮੌਜੂਦ ਸੀ, ਉਹ ਆਖਣ ਲਗਾ - "ਇਹ ਝੂਠ ਹੈ, ਸਚੇ ਰਬ ਦੇ ਮੰਦਰ ਹਿੰਦ ਵਿਚ ਨਹੀਂ, ਤੇ ਨਾ ਹੀ ਸਚਾ ਰਬ ਬਰਾਹਮਣਾਂ ਦੀ ਰਖਿਆ ਕਰਦਾ ਹੈ। ਸਚਾ ਰੱਬ ਬ੍ਰਾਹਮਣਾਂ ਦਾ ਰਬ ਨਹੀਂ, ਉਹ ਹਜ਼ਰਤ ਇਬਰਾਹੀਮ, ਇਜ਼ਾਕ ਤੇ ਯਕੂਬ ਦਾ ਰਬ ਹੈ। ਉਹ ਕੇਵਲ ਆਪਣੀ ਪਿਆਰੀ ਬਨੀ ਇਸਰਾਈਲ ਦੇ ਬਿਨਾਂ ਹੋਰ ਕਿਸੇ ਦੀ ਰਖਿਆ ਨਹੀਂ ਕਰਦਾ। ਦੁਨੀਆਂ ਦੇ ਸ਼ੁਰੂ ਤੋਂ ਕੇਵਲ ਸਾਡੀ ਕੌਮ ਈ ਰੱਬ ਦੀ ਪਿਆਰੀ ਟੁਰੀ ਆਈ ਹੈ। ਜੇ ਅਸੀਂ ਹੁਣ ਦੁਨੀਆਂ ਦੇ ਕਈ ਹਿਸਿਆਂ ਤੇ ਰੁਲਦੇ ਫਿਰਦੇ ਹਾਂ ਤਾਂ ਕੀ ਹੋ ਗਿਆ, ਸਾਡਾ ਇਮਤਿਹਾਨ ਪਿਆ ਹੁੰਦਾ ਹੈ। ਸਾਨੂੰ ਰਬ ਨੇ ਆਪ ਵਾਇਦਾ ਦਿੱਤਾ ਹੋਇਆ ਹੈ ਕਿ ਉਹ ਸਾਡੀ ਕੌਮ ਨੂੰ ਯੁਰੋਸ਼ਲਮ ਵਿਚ ਕਠਿਆਂ ਕਰੇਗਾ, ਤਦੋਂ ਯੁਰੋਸ਼ਲਮ ਦਾ ਮੰਦਰ ਪੁਰਾਤਨ ਰੌਣਕ ਤੇ ਹੋਵੇਗਾ ਅਰ ਬਨੀ ਇਸਰਾਈਲ ਦਾ ਰਾਜ ਸਾਰੀ ਦੁਨੀਆਂ ਤੇ ਹੋਵੇਗਾ।"
ਇਹ ਗਲ ਕਰਕੇ ਯਹੂਦੀ ਦਾ ਮਨ ਭਰ ਆਇਆ ਤੇ ਉਸ ਦੀ ਅੱਖਾਂ ਥੀਂ ਅੱਥਰੂ ਡਿੱਗ ਪਏ। ਉਹ ਹੋਰ ਕੁਝ ਕਹਿਣਾ ਚਾਹੁੰਦਾ ਸੀ, ਪਰ ਓਥੇ ਬੈਠੇ ਇਕ ਕੈਥੋਲਿਕ ਪਾਦਰੀ ਨੇ ਉਸ ਨੂੰ ਟੋਕਿਆ:
"ਜੋ ਕੁਝ ਤੁਸੀਂ ਕਿਹਾ ਹੈ ਸਭ ਝੂਠ ਹੈ, ਤੁਸੀਂ ਰਬ ਨੂੰ ਸਮਦ੍ਰਿਸ਼ਟ ਨਹੀਂ ਮੰਨਦੇ। ਉਹ ਤੁਹਾਡੀ ਕੌਮ ਨਾਲ ਬਾਕੀਆਂ ਤੋਂ ਵੱਧ ਕਿਸ ਤਰਾਂ ਪਿਆਰ ਕਰ ਸਕਦਾ ਹੈ? ਨਹੀਂ, ਸਗੋਂ ਜੇਕਰ ਇਹ ਠੀਕ ਭੀ ਹੋਵੇ ਕਿ ਤੁਹਾਡੀ ਪੁਰਾਣੀ ਬਣੀ ਇਸਰਾਈਲ ਕੌਮ ਤੇ ਉਹ ਪਰਸੰਨ ਸੀ ਤਾਂ ਹੁਣ ਤਾਂ ਤੁਸੀਂ ੧੯00 ਸਾਲ ਦਾ ਉਸ ਨੂੰ ਨਾਰਾਜ਼ ਕੀਤਾ ਹੋਇਆ ਹੈ, ਇਸੇ ਕਰਕੇ ਤੁਸਾਡੀ ਕੌਮ ਤਬਾਹ ਹੋ ਗਈ ਤੇ ਦੁਨੀਆਂ ਦੇ ਕਈ ਹਿੱਸਿਆਂ ਤੇ ਰੁਲ ਰਹੀ ਹੈ। ਤੁਸਾਡੇ ਮਜ਼ਹਬ ਵਿਚ ਹੁਣ ਬਾਹਰੋਂ ਕੋਈ ਨਹੀਂ ਆਉਂਦਾ ਅਤੇ ਕਿਸੇ ੨ ਥਾਂ ਇਕ ਦੋ ਆਦਮੀਆਂ ਤੋਂ ਸਿਵਾ ਤੁਸਾਡਾ ਮਜ਼ਹਬ ਖ਼ਤਮ ਹੋ ਚੁਕਾ ਹੈ। ਰੱਬ ਨੂੰ ਸਾਰੀਆਂ ਕੌਮਾਂ ਇਕੋ ਜਿਹੀਆਂ ਪਿਆਰੀਆਂ ਹਨ, ਪਰ ਉਹ ਮੁਕਤ ਤਦੋਂ ਹੋ ਸਕਦੀਆਂ ਹਨ ਜੇ ਰੋਮਨ ਕੈਥੋਲਿਕ ਮਜ਼ਹਬ ਵਿਚ ਸ਼ਾਮਲ ਹੋ ਜਾਣ।"
ਇਹ ਸੁਣਕੇ ਇਕ ਪ੍ਰੋਟੈਸਟੈਂਟ ਪਾਦਰੀ ਨੇ ਗੁੱਸੇ ਨਾਲ ਲਾਲ ਹੋ ਕੇ ਕੈਥੋਲਿਕ ਪਾਦਰੀ ਨੂੰ ਪੁਛਿਆ:--"ਤੁਸੀਂ ਇਹ ਕਿਸ ਤਰਾਂ ਕਹਿ ਸਕਦੇ ਹੋ ਕਿ ਮੁਕਤੀ ਕੇਵਲ ਕੈਥੋਲਿਕ ਮਤ ਵਿਚ ਹੀ ਹੈ? ਕੇਵਲ ਓਹੀ ਬਚਣਗੇ ਜੇਹੜੇ ਮਨ, ਬਚ, ਕਰਮ ਕਰਕੇ ਬਾਈਬਲ ਤੇ ਅਮਲ ਕਰਨ ਅਰ ਯਸੂਹ ਮਸੀਹ ਦੇ ਪਿਛੇ ਲਗਣ।"
ਇਕ ਤੁਰਕ ਜੋ ਉਸੇ ਸਰਾਂ ਵਿਚ ਮੁਨਸ਼ੀ ਦਾ ਕੰਮ ਕਰਦਾ ਸੀ ਅਤੇ ਇਕ ਪਾਸੇ ਬੈਠਾ ਹੁੱਕਾ ਪੀਂਦਾ ਸੀ, ਇਹ ਸੁਣਕੇ ਬੋਲਿਆ:-
"ਤੁਸਾਡੇ ਕੈਥੋਲਿਕ ਅਰ ਪ੍ਰੋਟਸਟੈਂਟ ਮਤ ਦੋਵੇਂ ਫ਼ਜ਼ੂਲ ਹਨ। ਇਨ੍ਹਾਂ ਦੋਹਾਂ ਦੇ ਉਪਰ ਰੱਬ ਨੇ ਅੱਜ ਤੋਂ ਬਾਰਾਂ ਸੌ ਸਾਲ ਪਹਿਲੇ ਨਵਾਂ ਮਜ਼ਹਬ ਭੇਜਿਆ। ਤੁਸੀਂ ਵੇਖਦੇ ਨਹੀਂ, ਦੀਨ ਮੁਹੰਮਦੀ ਬੜੇ ਜ਼ੋਰ ਸ਼ੋਰ ਨਾਲ ਏਸ਼ੀਆ, ਅਫਰੀਕਾ ਅਰ ਯੂਰਪ ਵਿਚ ਫੈਲਿਆ। ਹੁਣ ਭੀ ਇਹ ਯੂਰਪ ਵਿਚ ਵੱਧ ਰਿਹਾ ਹੈ। ਤੁਸੀਂ ਆਪ ਮੰਨਿਆ ਹੈ ਕਿ ਯਹੂਦੀ ਰਬ ਦੇ ਫ਼ਿਟਕਾਰੇ ਹੋਏ ਹਨ, ਪਰ ਸੱਚ ਤਾਂ ਇਹ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਦੇ ਵੇਲੇ ਤੋਂ ਤੁਸੀਂ ਭੀ ਫਿਟਕਾਰੇ ਗਏ ਹੋ! ਰੱਬ ਦਾ ਅਖੀਰੀ ਰਸੂਲ ਮੁਹੰਮਦ ਹੈ ਤੇ ਮੁਹੰਮਦ ਦੇ ਨਾਮ ਲੈਣ ਵਾਲਿਆਂ ਵਿਚੋਂ ਸੱਚੇ ਸੁੱਨੀ ਹਨ। ਸ਼ੀਏ ਭੀ ਐਵੇਂ ਝੂਠੇ ਹਨ।"
ਇਸ ਹਮਲੇ ਦਾ ਜਵਾਬ ਸਾਡੇ ਮੌਲਵੀ ਸਾਹਿਬ ਦੇਣਾ ਚਾਹੁੰਦੇ ਸਨ, ਪਰ ਹੁਣ ਰੌਲਾ ਬਹੁਤ ਵਧ ਗਿਆ ਸੀ। ਉੱਥੇ ਅੱਗ ਪੂਜ, ਬੁੱਤ ਪੂਜ, ਪਿਤਰ ਪੂਜ,ਚੀਨੀ, ਪਾਰਸੀ, ਐਬੀਸੀਨੀਆਂ ਦੇ ਈਸਾਈ ਕਈ ਮਤਿ ਮਤਾਂਤਰਾਂ ਦੇ ਲੋਕ ਕੱਠੇ ਹੋਏ ੨ ਸਨ। ਸਾਰੇ ਦਸਦੇ ਸਨ ਕਿ "ਰੱਬ ਇਹ ਚੀਜ਼ ਹੈ ਅਰ ਉਸਦੀ ਇਸ ਤਰਾਂ ਪੂਜਾ ਕਰਨੀ ਚਾਹੀਦੀ ਹੈ । ਹਰ ਇਕ ਬੜੇ ਜ਼ੋਰ ਨਾਲ ਕਹਿੰਦਾ ਸੀ ਕਿ ਮੇਰੇ ਹੀ ਦੇਸ਼ ਵਿਚ ਸਚੇ ਰੱਬ ਦੀ ਪੂਜਾ ਹੁੰਦੀ ਹੈ ਹੋਰ ਕਿਤੇ ਨਹੀਂ।"
ਇਹ ਸਾਰੇ ਝਗੜ ਰਹੇ ਸਨ, ਪਰ ਇਕ ਚੀਨੀ ਕਨਫ੍ਯੂਸ਼ਸ਼ ਦਾ ਨਾਮ ਲੇਵਾ ਹੋਟਲ ਦੇ ਇਕ ਖੂੰਜੇ ਵਿਚ ਬੈਠਾ ਚੁਪ ਕੀਤੇ ਚਾਹ ਪੀ ਰਿਹਾ ਸੀ। ਉਹ ਚਾਹ ਭੀ ਪੀਂਦਾ ਰਿਹਾ ਅਤੇ ਇਸ ਰਾਮ ਰੌਲੇ ਨੂੰ ਭੀ ਸੁਣਦਾ ਰਿਹਾ। ਜਦ ਤੁਰਕ ਦੀ ਨਿਗਾਹ ਓਧਰ ਗਈ ਤਾਂ ਉਸ ਨੂੰ ਬੁਲਾਕੇ ਤੁਰਕ ਨੇ ਆਖਿਆ ਚੀਨੀ ਜੀ! ਤੁਸੀ ਮੈਨੂੰ ਜ਼ਰੂਰ ਸੱਚਾ ਮੰਨਦੇ ਹੋਵੋਗੇ, ਹਾਲਾਂ ਤਕ ਤੁਸੀਂ ਚੁੱਪ ਰਹੇ ਹੋ, ਪਰ ਮੈਨੂੰ ਪਤਾ ਹੈ ਜੇ ਤੁਸੀਂ ਬੋਲੇ ਤਾਂ ਮੇਰੀ ਪਰੋੜ੍ਹਤਾ ਕਰੋਗੇ, ਤੁਸਾਡੇ ਦੇਸ਼ ਦੇ ਜੇਹੜੇ ਸੌਦਾਗਰ ਇੱਥੇ ਮੇਰੇ ਪਾਸ ਆਉਦੇ ਹਨ, ਸਾਰੇ ਦਸਦੇ ਹਨ ਕਿ ਚੀਨ ਵਿਚ ਕਈ ਮਤ ਆਏ, ਪਰ ਇਸਲਾਮ ਵਰਗਾ ਕਾਮਯਾਬ ਕੋਈ ਨਹੀਂ ਹੋਇਆ। ਆਓ ਤੁਸੀਂ ਮੇਰੀ ਪ੍ਰੋੜ੍ਹਤਾ ਕਰੋ। ਤੁਸੀਂ ਇਹਨਾਂ ਨੂੰ ਦਸੋ ਕਿ ਰਬ ਦਾ ਸੱਚਾ ਰਸੂਲ ਕੇਵਲ ਮੁਹੰਮਦ ਹੈ।"
ਇਹ ਸੁਣਕੇ ਸਾਰੇ ਬੋਲ ਉਠੇ "ਠੀਕ, ਚੀਨੀ ਨੂੰ ਪੁਛੋ ਕੇਹੜਾ ਸੱਚਾ ਹੈ।"
ਕਾਨਫ੍ਯੂਸ਼ਸ਼ ਦੇ ਸਿਖ ਇਸ ਚੀਨੀ ਨੇ ਅੱਖਾਂ ਬੰਦ ਕਰਕੇ ਕੁਝ ਚਿਰ ਸੋਚਿਆ, ਫੇਰ ਆਪਣੇ ਕੁੜਤੇ ਵਿਚੋਂ ਹੱਥ ਕਢਕੇ ਉਸ ਨੇ ਸਾਰੀ ਮੰਡਲੀ ਨੂੰ ਹੱਥ ਜੋੜ ਕੇ ਕਿਹਾ:-
"ਮਿੱਤਰੋ! ਮੈਨੂੰ ਤਾਂ ਇਹ ਜਾਪਦਾ ਹੈ ਕਿ ਧਰਮ ਦੇ ਝਗੜਿਆਂ ਵਿਚ ਜਦ ਅਸੀਂ ਹੰਕਾਰ ਨਾਲ ਬੋਲਦੇ ਹਾਂ ਤਾਂ ਕਿਸੇ ਸਿਟੇ ਤੇ ਨਹੀਂ ਪਹੁੰਚ ਸਕਦੇ। ਜੇ ਤੁਸੀਂ ਧਿਆਨ ਨਾਲ ਮੇਰੀ ਗੱਲ ਸੁਣੋ ਤਾਂ ਮੈਂ ਇਕ ਦ੍ਰਿਸ਼ਟਾਂਤ ਦੇਕੇ ਇਹ ਗਲ ਤੁਸਾਨੂੰ ਦਸਾਂ:-
"ਮੈਂ ਚੀਨ ਤੋਂ ਇਥੇ ਇਕ ਅਜਿਹੇ ਸਟੀਮਰ ਵਿਚ ਆਇਆ ਹਾਂ, ਜਿਹੜਾ ਸਾਰੀ ਦੁਨੀਆਂ ਦੇ ਚੁਫੇਰ ਫਿਰ ਆਇਆ ਸੀ। ਅਸੀਂ ਸਾਫ ਪਾਣੀ ਲੈਣ ਵਾਸਤੇ ਸਮਾਟਰਾ ਦੇ ਪੂਰਬੀ ਤਟ ਤੇ ਉੱਤਰੇ। ਦੁਪਹਿਰ ਦਾ ਵੇਲਾ ਸੀ ਅਤੇ ਇਕ ਪਿੰਡ ਤੋਂ ਕੁਝ ਦੂਰ ਖਜੂਰਾਂ ਦੇ ਥਲੇ ਅਸੀਂ ਆਰਾਮ ਕਰਨ ਬੈਠ ਗਏ। ਸਾਡੇ ਵਿਚ ਕਈ ਕੌਮਾਂ ਦੇ ਆਦਮੀ ਸਨ।
ਜਦ ਅਸੀਂ ਓਥੇ ਬੈਠੇ ਸਾਂ, ਇਕ ਅੰਨ੍ਹਾ ਆਦਮੀ ਸਾਡੇ ਪਾਸ ਆਇਆ। ਸਾਨੂੰ ਪਤਾ ਲਗਾ ਕਿ ਇਹ ਪੁਰਸ਼ ਸੂਰਜ ਦੀ ਅਸਲੀਅਤ ਦਾ ਪਤਾ ਲੈਣ ਵਾਸਤੇ ਸੂਰਜ ਵਲ ਤੱਕਦਾ ਰਿਹਾ। ਅਸਲੀਅਤ ਦਾ ਤਾਂ ਇਸ ਨੂੰ ਪਤਾ ਕੀ ਲਗਨਾ ਸੀ, ਸਗੋਂ ਆਪਣੀਆਂ ਅਖਾਂ ਗਵਾ ਬੈਠਾ। ਤਦ ਇਹ ਪੁਰਸ਼ ਸੋਚਣ ਲੱਗਾ:-
ਸੂਰਜ ਦੀ ਰੋਸ਼ਨੀ ਵੈਂਹਦੜ ਵੀ ਨਹੀਂ, ਜੇ ਵੈਂਹਦੀ ਹੁੰਦੀ ਤਾਂ ਇਸ ਨੂੰ ਇਕ ਘੜੇ ਵਿਚੋਂ ਦੂਜੇ ਵਿੱਚ ਪਾ ਸਕਦੇ ਅਤੇ ਜਿਸ ਤਰਾਂ ਪਵਨ ਨਾਲ ਜਲ ਹਿਲਦਾ ਹੈ ਉਸੇ ਤਰਾਂ ਇਹ ਭੀ ਹਿਲਦੀ। ਇਹ ਅੱਗ ਭੀ ਨਹੀਂ, ਜੇ ਅੱਗ ਹੁੰਦੀ ਤਾਂ ਇਸ ਨੂੰ ਪਾਣੀ ਨਾਲ ਬੁਝਾ ਸਕਦੇ। ਇਹ ਸੂਖਸ਼ਮ ਆਤਮਾ ਭੀ ਨਹੀਂ, ਕਿਉਂ ਜੋ ਇਹ ਅੱਖ ਨਾਲ ਨਜ਼ਰ ਆਉਂਦੀ ਹੈ ਇਹ ਸਥੂਲ ਭੀ ਨਹੀਂ, ਕਿਉਂ ਜੋ ਇਸ ਨੂੰ ਚੁਕਕੇ ਲਿਜਾ ਨਹੀਂ ਸਕਦੇ। ਇਸ ਵਾਸਤੇ ਸੂਰਜ ਦੀ ਰੌਸ਼ਨੀ ਵੈਂਹਦੜ ਨਹੀਂ, ਸਥੂਲ ਨਹੀਂ, ਸੂਖਸ਼ਮ ਨਹੀਂ, ਅਗਨੀ ਨਹੀਂ, ਵਾਸਤਵ ਵਿਚ ਇਹ ਹੈ ਹੀ ਕੁਝ ਨਹੀਂ"।
ਇਹ ਪੁਰਸ਼ ਆਪਣੇ ਮਨ ਵਿਚ ਇਸ ਤਰ੍ਹਾਂ ਬਹਿਸ ਕਰਕੇ, ਅਰ ਸੂਰਜ ਵਲ ਤੱਕ ਤੱਕ ਕੇ ਅੱਖਾਂ ਤੇ ਅਕਲ ਦੋਵੇਂ ਗੰਵਾ ਬੈਠਾ ਅਤੇ ਜਦ ਅੰਨ੍ਹਾ ਹੋ ਗਿਆ ਤਾਂ ਇਸ ਨੂੰ ਯਕੀਨ ਹੋ ਗਿਆ ਕਿ ਸੂਰਜ ਕੁਝ ਚੀਜ਼ ਹੈ ਹੀ ਨਹੀਂ।"
ਇਸ ਪਰਸ਼ ਦੇ ਨਾਲ ਇਕ ਗ਼ੁਲਾਮ ਸੀ? ਗੁਲਾਮ ਆਪਣੇ ਮਾਲਕ ਨੂੰ ਇਕ ਰੁਖ ਦੀ ਛਾਂ ਤਲੇ ਬਿਠਾਕੇ ਆਪ ਪਾਸ ਬੈਠ ਗਿਆ। ਅੰਨ੍ਹੇ ਆਦਮੀ ਨੇ ਨੌਕਰ ਨੂੰ ਕਿਹਾ-"ਕਿਉਂ ਭਈ, ਮੈਂ ਜੁ ਤੈਨੂੰ ਕਹਿੰਦਾ ਸਾਂ ਸੂਰਜ ਕੋਈ ਨਹੀਂ। ਵੇਖ ਖਾਂ ਕਿਤਨਾ ਅਨ੍ਹੇਰਾ ਹੈ। ਪਰ ਮੂਰਖ ਲੋਗ ਫਿਰ ਵੀ ਕਹਿੰਦੇ ਹਨ, ਸੂਰਜ ਹੈ। ਸਵਾਲ ਤਾਂ ਇਹ ਹੈ ਕਿ "ਸੂਰਜ ਜੇਕਰ ਹੈ ਤਾਂ ਕੀ ਵਸਤੁ ਹੈ"?
ਨੌਕਰ ਨੇ ਜਵਾਬ ਦਿੱਤਾ- "ਜਨਾਬ, ਮੇਰਾ ਇਸ ਝਗੜੇ ਨਾਲ ਕੋਈ ਵਾਸਤਾ ਨਹੀਂ ਤੇ ਨਾ ਹੀ ਮੈਨੂੰ ਪਤਾ ਹੈ ਕਿ ਸੂਰਜ ਕੀ ਵਸਤੁ ਹੈ। ਮੈਂ ਤਾਂ ਇਹ ਜਾਣਦਾ ਹਾਂ ਕਿ ਜਦ ਅਨ੍ਹੇਰਾ ਹੋ ਜਾਏ ਤਾਂ ਨਰੇਲ ਦੇ ਖੋਪੇ ਵਿਚੋਂ ਬਤੀ ਬਣਕੇ ਨਰੇਲ ਦੇ ਤੇਲ ਵਿਚ ਭਿਉਂਕੇ ਉਸੇ ਦੀ ਠੂਠੀ ਵਿਚ ਰਖ ਦੇਂਦਾ ਹਾਂ। ਬਸ ਮੇਰਾ ਸੂਰਜ ਓਹੋ ਹੀ ਬਣ ਜਾਂਦਾ ਹੈ ਤੇ ਉਸ ਦੀ ਰੌਸ਼ਨੀ ਨਾਲ ਤੁਹਾਨੂੰ ਜਿਥੇ ਲਿਜਾਣਾ ਹੋਵੇ ਲੈ ਜਾਂਦਾ ਹਾਂ। ਮੇਰਾ ਇਹੋ ਸੂਰਜ ਹੈ।"
ਇਕ ਲੰਗੜਾ ਆਦਮੀ ਫਹੌੜੀ ਦੇ ਆਸਰੇ ਪਾਸ ਬੈਠਾ ਸੀ, ਉਹ ਸੁਣਕੇ ਹਸ ਪਿਆ ਤੇ ਬੋਲਿਆ:- "ਤੁਸੀਂ ਦੋਵੇਂ ਜਮਾਂਦਰੂ ਅੰਨ੍ਹੇ ਹੋ, ਤੁਹਾਨੂੰ ਪਤਾ ਨਹੀਂ ਸੂਰਜ ਕੀ ਹੈ? ਲੌ, ਮੇਰੇ ਪਾਸੋਂ ਸੁਣੋ, ਸੂਰਜ ਅੱਗਨੀ ਦਾ ਗੋਲਾ ਹੈ, ਹਰ ਸਵੇਰੇ ਸਮੁੰਦਰ ਵਿਚੋਂ ਉਦੈ ਹੋਕੇ ਸਾਡੇ ਟਾਪੂ ਦੇ ਪਹਾੜਾਂ ਦੇ ਪਿਛੇ ਹਰ ਸ਼ਾਮ ਨੂੰ ਛੁਪ ਜਾਂਦਾ ਹੈ। ਅਸੀਂ ਸਾਰੇ ਉਸ ਨੂੰ ਹਰ ਰੋਜ਼ ਦੇਖਦੇ ਹਾਂ ਤੇ ਜੇ ਤੁਹਾਡੀਆਂ ਅਖਾਂ ਹੁੰਦੀਆਂ ਤਾਂ ਤੁਸੀਂ ਭੀ ਦੇਖਦੇ।"
ਇਕ ਮਛੇਰਾ ਇਹ ਗਲ ਬਾਤ ਸੁਣਕੇ ਬੋਲਿਆ- "ਮੈਨੂੰ ਇਹ ਸਾਫ ਪਤਾ ਲਗਦਾ ਹੈ ਕਿ ਤੂੰ ਲੰਗੜਾ ਨਾ ਹੁੰਦਾ ਅਰ ਮੇਰੇ ਵਾਂਗ ਕਿਸ਼ਤੀ ਵਿਚ ਬੈਠਕੇ ਸਮੁੰਦਰ ਤੋਂ ਮਛੀਆਂ ਫੜਨ ਦਾ ਕੰਮ ਕਰਦਾ, ਤਾਂ ਤੈਨੂੰ ਪਤਾ ਲਗ ਜਾਂਦਾ ਕਿ ਸੂਰਜ ਸਾਡੇ ਟਾਪੂ ਦੇ ਪਹਾੜਾਂ ਪਿਛੇ ਨਹੀਂ ਛਪਦਾ। ਮੈਂ ਟਾਪੂ ਤੋਂ ਬਹੁਤ ਦੂਰ ਜਾਕੇ ਵੇਖਿਆ ਹੈ, ਸੂਰਜ ਉਦੈ ਭੀ ਸਮੁੰਦਰ ਤੋਂ ਹੁੰਦਾ ਹੈ ਅਰ ਲਹਿੰਦਾ ਭੀ ਸਮੁੰਦਰ ਵਿਚ ਹੈ। ਇਹ ਬਿਲਕੁਲ ਸਚ ਹੈ ਤੇ ਮੇਰੀ ਆਪਣੀ ਹਰ ਰੋਜ਼ ਦੀ ਅੱਖੀਂ ਡਿੱਠੀ ਗਲ ਹੈ।"
ਸਾਡੀ ਪਾਰਟੀ ਵਿਚ ਇਕ ਹਿੰਦੁਸਤਾਨੀ ਸੀ, ਉਹ ਬੋਲਿਆ-"ਮੈਂ ਤੁਹਾਡੀਆਂ ਫਜ਼ੂਲ ਗਲਾਂ ਸੁਣਕੇ ਹੈਰਾਨ ਹਾਂ, ਤੁਸੀਂ ਤਾਂ ਸਿਆਣੇ ਹੁੰਦੇ ਹੋਏ ਵੀ ਅਜਿਹੀਆਂ ਗਲਾਂ ਪਏ ਕਰਦੇ ਹੋ। ਸੂਰਜ ਜੇਕਰ ਅਗਨੀ ਦਾ ਗੋਲਾ ਹੈ ਤਾਂ ਸਮੁੰਦਰ ਵਿਚ ਬੁਝ ਕਿਉਂ ਨਹੀਂ ਜਾਂਦਾ। ਅਸਲ ਗੱਲ ਇਹ ਹੈ ਕਿ ਸੂਰਜ ਇਕ ਦੇਵਤਾ ਹੈ ਤੇ ਸੁਮੇਰ ਪਰਬੱਤ ਦੇ ਚਫੇਰੇ ਰਥ ਦੀ ਸਵਾਰੀ ਕਰਦਾ ਹੈ। ਕਦੀ ੨ ਉਸ ਨੂੰ ਰਾਹੂ ਅਰ ਕੇਤੂ ਫੜ ਲੈਂਦੇ ਹਨ ਤਾਂ ਅੰਨ੍ਹੇਰਾ ਹੋ ਜਾਂਦਾ ਹੈ, ਫੇਰ ਸਾਡੇ ਬ੍ਰਾਹਮਨ ਦੇਵਤਾ ਉਸ ਦੀ ਆਜ਼ਾਦੀ ਲਈ ਪ੍ਰਾਰਥਨਾਂ ਅਰ ਪੁੰਨ ਦਾਨ ਕਰਦੇ ਹਨ ਤਾਂ ਉਸ ਨੂੰ ਰਾਹੂ ਕੇਤੂ ਛਡ ਜਾਂਦੇ ਹਨ। ਤੁਸੀਂ ਸਾਰੇ ਅਨਜਾਣ ਪੁਰਸ਼ ਹੋ, ਆਪਣੇ ਟਾਪੂ ਤੋਂ ਦੂਰ ਕਦੇ ਗਏ ਨਹੀਂ ਤੇ ਪਏ ਸੋਚਦੇ ਹੋ ਕਿ ਸੂਰਜ ਕੇਵਲ ਤੁਹਾਡੇ ਹੀ ਟਾਪੂ ਵਿਚ ਹੁੰਦਾ ਹੈ।"
ਇਕ ਮਿਸਰੀ ਜਹਾਜ਼ ਦਾ ਕਪਤਾਨ ਬੈਠਾ ਸੀ; ਹੁਣ ਉਸ ਦੀ ਵਾਰੀ ਆਈ ਉਸ ਨੇ ਆਖਿਆ:-"ਹਿੰਦੁਸਤਾਨੀ ਭੀ ਗਲਤ ਕਹਿੰਦਾ ਹੈ, ਸੂਰਜ ਦੇਵਤਾ ਨਹੀਂ ਅਤੇ ਨਿਰਾ ਹਿੰਦੁਸਤਾਨ ਦੇ ਸੁਮੇਰੂ ਪਰਬਤ ਦੇ ਚੁਫੇਰੇ ਨਹੀਂ ਭੌਂਦਾ ਰਹਿੰਦਾ। ਮੈਂ ਕਈ ਸਮੁੰਦਰਾਂ ਦਾ ਸਫ਼ਰ ਕੀਤਾ ਹੈ, ਮਡਗਾਸਕਰ ਅਰ ਜਾਪਾਨ ਟਾਪੂਆਂ ਤਕ ਹੋ ਆਇਆ ਹਾਂ, ਸੂਰਜ ਕੇਵਲ ਹਿੰਦੁਸਤਾਨ ਤੇ ਹੀ ਨਹੀਂ ਚਮਕਦਾ, ਉਹ ਸਾਰੇ ਸੰਸਾਰ ਨੂੰ ਚਾਨਣ ਦੇਂਦਾ ਹੈ, ਉਹ ਕੇਵਲ ਇਕੋ ਪਹਾੜ ਦੇ ਗਿਰਦ ਨਹੀਂ ਘੁੰਮਦਾ, ਬਲਕਿ ਜਾਪਾਨ ਤੋਂ ਦੂਰ ਪੂਰਬ ਵਿਚੋਂ ਚੜ੍ਹਦਾ ਅਰ ਪੱਛਮ ਵਿਚ ਇੰਗਲੈਂਡ ਦੇ ਪਰਲੇ ਪਾਸੇ ਡੁਬਦਾ ਹੈ। ਮੈਨੂੰ ਇਹ ਚੰਗੀ ਤਰ੍ਹਾਂ ਪਤਾ ਹੈ, ਮੈਂ ਆਪ ਬਹੁਤ ਕੁਝ ਦੇਖਿਆ ਹੈ।"
ਉਸ ਦੀ ਗਲ ਅੱਧ ਵਿਚੇ ਟੁਕ ਕੇ ਇਕ ਅੰਗਰੇਜ਼ ਬੋਲਿਆ-"ਸੂਰਜ ਦੇ ਚੱਕਰ ਦਾ ਜੋ ਪਤਾ ਸਾਨੂੰ ਅੰਗਰੇਜ਼ਾਂ ਨੂੰ ਹੈ ਹੋਰ ਕਿਸੇ ਨੂੰ ਨਹੀਂ। ਸਾਡੇ ਦੇਸ ਵਿਚ ਹਰ ਇਕ ਨੂੰ ਪਤਾ ਹੈ ਕਿ ਸੂਰਜ ਨਾ ਕਿਤੋਂ ਚੜ੍ਹਦਾ ਹੈ ਤੇ ਨਾ ਕਿਤੇ ਡੁਬਦਾ ਹੈ। ਉਹ ਹਮੇਸ਼ਾ ਜ਼ਮੀਨ ਦੇ ਗਿਰਦ ਚੱਕਰ ਲਾਂਦਾ ਰਹਿੰਦਾ ਹੈ। ਸਾਨੂੰ ਇਹ ਪਤਾ ਇਉਂ ਲੱਗਾ ਕਿ ਅਸੀਂ ਸਾਰੀ ਦੁਨੀਆਂ ਦੇ ਗਿਰਦ ਚੱਕਰ ਲਾਇਆ ਹੈ, ਪਰ ਸਾਨੂੰ ਰਸਤੇ ਵਿਚ ਕਿਤੇ ਭੀ ਸੂਰਜ ਟਕਰਿਆ ਨਹੀਂ ਅਸੀਂ ਜਿਥੇ ੨ ਭੀ ਗਏ, ਇਥੋਂ ਵਾਂਗ ਸਵੇਰੇ ਚੜ੍ਹਦਾ ਅਰ ਰਾਤ ਨੂੰ ਡੁਬ ਜਾਂਦਾ ਸੀ।
ਅੰਗਰੇਜ਼ ਨੇ ਇਕ ਸੋਟੀ ਚੁਕ ਲਈ ਅਰ ਰੇਤ ਦੇ ਗੋਲ ਦਾਇਰੇ ਪਾਕੇ ਸਮਝਾਣ ਲੱਗਾ ਕਿ ਕਿਸ ਤਰ੍ਹਾਂ ਅਸਮਾਨ ਵਿਚ ਸੂਰਜ ਚਲਦਾ ਹੈ, ਅਰ ਜ਼ਮੀਨ ਦੇ ਚੁਫੇਰ ਘੁੰਮਦਾ ਹੈ, ਪਰ ਉਹ ਚਿਤਰ ਚੰਗੀ ਤਰਾਂ ਨ ਬਣਾ ਸਕਿਆ ਤੇ ਜਹਾਜ਼ ਦੇ ਪਾਈਲਾਟ ਵਲ ਇਸ਼ਾਰਾ ਕਰਕੇ ਆਖਣ ਲੱਗਾ- ਮੇਰੇ ਨਾਲੋਂ ਜ਼ਿਆਦਾ ਇਸ ਨੂੰ ਪਤਾ ਹੈ, ਇਹ ਚੰਗੀ ਤਰਾਂ ਤੁਹਾਨੂੰ ਦਸੇਗਾ।"
ਪਾਈਲਾਟ ਹੁਣ ਤਕ ਚੁਪ ਬੈਠਾ ਸੁਣਦਾ ਸੀ, ਜਦ ਉਸ ਨੂੰ ਬੋਲਣ ਲਈ ਆਖਿਆ ਗਿਆ ਤਾਂ ਰਤੀ ਨੇੜੇ ਹੋਕੇ ਉਸ ਨੇ ਕਿਹਾ-"ਤਸੀਂ ਸਾਰੇ ਇਕ ਦੂਜੇ ਨੂੰ ਗ਼ਲਤੀ ਵਿਚ ਪਾ ਰਹੇ ਹੋ ਤੇ ਆਪ ਭੁਲੜ ਹੋ। ਸੂਰਜ ਜ਼ਮੀਨ ਦੇ ਚੁਫੇਰੇ ਚੱਕਰ ਨਹੀਂ ਲਾਂਦਾ ਸਗੋਂ ਜਮੀਨ ਸੂਰਜ ਦੇ ਚੁਫੇਰੇ ਘੁੰਮ ਰਹੀ ਹੈ। ਆਪ ਪਈ ਭੁਆਟੀਆਂ ਖਾਂਦੀ ਹੈ ਅਰ ਹਰ ਮੁਲਕ ਨੂੰ ਵਾਰੀ ੨ ਨਾਲ ਸੂਰਜ ਦੇ ਸਾਹਮਣੇ ਕਰਦੀ ਹੈ। ਸੂਰਜ ਕੇਵਲ ਇਕ ਟਾਪੂ, ਪਹਾੜ, ਦੇਸ਼ ਜਾਂ ਸਮੁੰਦਰ ਵਾਸਤੇ ਨਹੀਂ ਤੇ ਨਾਂ ਹੀ ਕੇਵਲ ਇਸੇ ਧਰਤੀ ਲਈ ਹੈ। ਜੇ ਤੁਸੀ ਹੇਠਾਂ ਵੇਖਣ ਦੀ ਥਾਂ ਉਤਾਂਹ ਵੇਖੋ ਤਾਂ ਪਤਾ ਲਗੇ ਕਿ ਸੂਰਜ ਕਈ ਧਰਤੀਆਂ ਵਾਸਤੇ ਚਮਕ ਰਿਹਾ ਹੈ; ਸਿਆਣੇ ਪਾਈਲਾਟ ਦੀ ਇਹ ਗੱਲ ਸਚੀ ਸੀ, ਉਸ ਨੇ ਆਪਣਾ ਖਿਆਲ ਉੱਚਾ ਰਖਿਆ ਹੋਇਆ ਸੀ।
ਇਹ ਦਿਸ਼ਟਾਂਤ ਦੇਕੇ ਚੀਨੀ ਨੇ ਆਖਿਆ-"ਮਿੱਤਰੋ ! ਮਜ਼ਹਬ ਦੇ ਝਗੜਿਆਂ ਵਿਚ ਅਭਿਮਾਨ ਸਾਨੂੰ ਨਿਖੇੜਦਾ ਹੈ। ਸੂਰਜ ਵਾਲੀ ਗਲ ਰੱਬ ਤੇ ਘਟਾਓ। ਹਰ ਇਕ ਆਦਮੀ ਰੱਬ ਨੂੰ ਲੋੜਦਾ ਹੈ, ਪਰ ਉਹ ਆਪਣੇ ਦੇਸ, ਆਪਣੀ ਕੌਮ ਦਾ ਵਖਰਾ ਰਬ ਚਾਹੁੰਦਾ ਹੈ। ਜੇਹੜਾ ਰੱਬ ਸਾਰੀ ਦੁਨੀਆਂ ਵਿਚ ਨਹੀਂ ਮਿਲ ਸਕਦਾ, ਉਸ ਨੂੰ ਹਰ ਕੌਮ ਆਪੋ ਆਪਣੇ ਮੰਦਰਾਂ ਵਿਚ ਡਕਕੇ ਰੱਖਣ ਦਾ ਯਤਨ ਕਰਦੀ ਹੈ। ਜਿਹੜਾ ਮੰਦਰ ਰੱਬ ਨੇ ਸਾਰੇ ਸੰਸਾਰ ਨੂੰ ਕੱਠਿਆਂ ਕਰਨ ਲਈ ਬਣਾਇਆ ਹੈ, ਉਸ ਦਾ ਮੁਕਾਬਲਾ ਕੌਣ ਕਰ ਸਕਦਾ ਹੈ। ਉਸੇ ਨਮੂਨੇ ਤੇ ਬਾਕੀ ਸਾਰੇ ਮੰਦਰ ਬਣੇ ਹਨ। ਹਰ ਇਕ ਮੰਦਰ ਵਿਚ ਤਲਾ, ਗੁੰਬਦ, ਲੈਂਪ, ਮੂਰਤੀਆਂ ਆਦਿ ਹੁੰਦੇ ਹਨ, ਪਰ ਸਮੁੰਦਰ ਵਰਗਾ ਤਲਾ, ਅਸਮਾਨ ਵਰਗਾ ਗੁੰਬਦ, ਚੰਨ ਤਾਰਿਆਂ ਵਰਗੇ ਲੈਂਪ, ਆਦਮੀ ਵਰਗੀਆਂ ਮੂਰਤੀਆਂ, ਰੱਬ ਦੀ ਕਿਰਪਾ ਦ੍ਰਿਸ਼ਟੀ ਨਾਲ ਆਤਮਾ ਵਰਗੀ ਸੁਚੀ ਕਿਤਾਬ, ਆਦਮੀ ਦੀ ਜ਼ਬਤ ਅਰ ਕੁਰਬਾਨੀ, ਇਨਸਾਨ ਦੇ ਦਿਲ ਵਰਗਾ ਪੂਜਾ ਅਸਥਾਨ ਕੇਹੜਾ ਹੋ ਸਕਦਾ ਹੈ। ਰੱਬ ਨੂੰ ਇਸੇ ਮੰਦਰ ਵਿਚ ਭੇਟ ਪਰਵਾਨ ਹੈ।
ਰੱਬ ਦੀ ਬਾਬਤ ਜਿੰਨਾ ਕਿਸੇ ਦਾ ਉੱਚਾ ਖਿਆਲ ਹੋਵੇ, ਉਤਨਾ ਹੀ ਉਹ ਮਹਿਮਾਂ ਨੂੰ ਵਧੀਕ ਪਛਾਣੇਗਾ, ਪਛਾਣਕੇ ਨੇੜੇ ਹੋਵੇਗਾ ਅਰ ਉਸ ਵਰਗਾ ਬਣ ਜਾਵੇਗਾ।
ਜੇਹੜਾ ਆਦਮੀ ਆਪ ਸੂਰਜ ਨਹੀਂ ਵੇਖਦਾ ਹੈ। ਉਹ ਵੇਖਣ ਵਾਲਿਆਂ ਨਾਲ ਨਫਰਤ ਨਾਂ ਕਰੇ। ਜੇ ਕਿਸੇ ਨੂੰ ਰੱਬ ਨਹੀਂ ਦਿਸਦਾ ਤਾਂ ਉਸ ਨਾਲ ਪ੍ਰੇਮ ਕਰੋ।"
ਕਨਫਯੂਸ਼ਸ ਦੇ ਸਿੱਖ ਚੀਨੀ ਪੁਰਸ਼ ਦੀ ਗਲ ਖਤਮ ਹੋਈ ਅਤੇ ਸੂਰਤ ਦੇ ਹੋਟਲ ਵਿਚ ਬੈਠੀ ਮੰਡਲੀ ਨੂੰ ਪਤਾ ਲਗ ਗਿਆ ਕਿ:-
ਪਾਰਬ੍ਰਹਮ ਕੇ ਸਗਲੇ ਠਾਉ ॥
ਜਿਤੁ ਜਿਤੁ ਘਰਿ ਰਾਖੇ ਤੈਸਾ ਤਿਨ ਨਾਉ ॥
(ਅਨੁਵਾਦਕ: ਅਭੈ ਸਿੰਘ ਬੀ.ਏ. ਬੀ. ਟੀ. 'ਚੰਬੇ ਦੀਆਂ ਕਲੀਆਂ' ਵਿੱਚੋਂ)