Sunstroke (Story in Punjabi) : Ivan Bunin
ਸਨਸਟ੍ਰੋਕ (ਕਹਾਣੀ) : ਇਵਾਨ ਬੂਨਿਨ
ਖਾਣਾ ਖਾ ਚੁੱਕਣ ਪਿੱਛੋਂ ਉਹ ਰੋਸ਼ਨੀ ਵਿਚ ਜਗਮਗਾਂਦੇ
ਡਾਈਨਿੰਗ ਰੂਮ ਵਿਚੋਂ ਬਾਹਰ ਨਿਕਲੇ ਅਤੇ ਡੈਕ 'ਤੇ ਆ
ਜੰਗਲੇ ਨਾਲ ਢੋਹ ਲਾ ਕੇ ਖੜੋ ਗਏ। ਕੁੜੀ ਨੇ ਅੱਖਾਂ ਮੀਟ
ਲਈਆਂ। ਆਪਣੇ ਹੱਥ ਦੇ ਪੁੱਠੇ ਪਾਸੇ ਨਾਲ ਗੱਲ੍ਹ ਨੂੰ ਘੁੱਟਿਆ
ਤੇ ਕੁਦਰਤੀ ਅੰਦਾਜ਼ ਵਿਚ ਹੱਸੀ। ਸੱਚ-ਮੁੱਚ ਹੀ ਇਹ ਨਿੱਕੀ
ਜਿਹੀ ਕੁੜੀ ਹਰ ਪੱਖੋਂ ਖੂਬਸੂਰਤ ਸੀ। ਫਿਰ ਬੋਲੀ-''ਏਸ
ਵੇਲੇ ਮੈਂ ਪੂਰੇ ਲੋਰ 'ਚ ਹਾਂ...ਮੈਨੂੰ ਜਿਵੇਂ ਕੋਈ ਹੋਸ਼ ਹੀ ਨਹੀਂ
ਰਿਹਾ। ਤੂੰ ਕਿਧਰੋਂ ਬਹੁੜ ਪਿਆ। ਹੁਣੇ ਤਿੰਨ ਘੰਟੇ ਪਹਿਲੋਂ
ਤੇਰਾ ਏਥੇ ਹੋਣ ਦਾ ਕੋਈ ਅਹਿਸਾਸ ਹੀ ਜਿਵੇਂ ਨਹੀਂ ਸੀ। ਮੈਨੂੰ
ਤਾਂ ਇਹ ਵੀ ਪਤਾ ਨਹੀਂ ਕਿ ਤੂੰ ਕਿੱਥੋਂ ਬੋਰਡ 'ਤੇ ਆਇਆ ਸੈਂ।
ਕਿਤੇ ਸਮਾਰੇ ਤੋਂ ਤਾਂ ਨਹੀਂ ਚੜ੍ਹਿਆ? ਖ਼ੈਰ ਛੱਡ ਇਸ ਗੱਲ
ਨੂੰ...ਸੱਚੀ, ਮੇਰਾ ਸਿਰ ਘੁੰਮ ਰਿਹਾ ਹੈ। ਕਿਤੇ ਆਪਣਾ ਸਟੀਮਰ
ਤਾਂ ਮੋੜ ਨਹੀਂ ਕੱਟ ਰਿਹਾ?''
ਉਨ੍ਹਾਂ ਅੱਗੇ ਹਨੇਰਾ ਸੀ ਤੇ ਰੌਸ਼ਨੀਆਂ ਵੀ। ਉਸ ਹਨੇਰੇ
ਵਿਚੋਂ ਦੀ ਵਗਦੀ ਠੰਢੀ, ਤੇਜ਼ ਹਵਾ ਉਨ੍ਹਾਂ ਦੇ ਚਿਹਰਿਆਂ ਨੂੰ
ਮਹਿਸੂਸ ਹੁੰਦੀ ਸੀ, ਜਦ ਕਿ ਰੌਸ਼ਨੀਆਂ ਉਨ੍ਹਾਂ ਦੇ ਪਿੱਛੇ ਤਿਲਕ
ਆਈਆਂ ਸਨ। ਵੋਲਗਾ ਦੇ ਪਾਣੀ ਨਾਲ ਕਲੋਲਾਂ ਕਰਦੇ ਸਟੀਮਰ
ਨੇ ਤੇਜ਼ੀ ਨਾਲ ਮੋੜ ਕੱਟਿਆ ਤੇ ਉਹ ਛੋਟੇ ਜਿਹੇ ਘਾਟ ਵਲ ਨੂੰ
ਵਧਿਆ।
ਲੈਫ਼ਟੀਨੈਂਟ ਉਸ ਦਾ ਹੱਥ ਫੜ ਕੇ ਚੁੰਮਣ ਨੂੰ ਬਹੁੜਿਆ।
ਇਸ ਨਿੱਕੇ ਪਰ ਤਕੜੇ ਹੱਥ ਵਿਚੋਂ ਧੁੱਪ ਨਾਲ ਸਾਂਵਲੇ ਹੋ ਜਾਣ
ਦੀ ਗੰਧ ਆਈ। ਲੈਫਟੀਨੈਂਟ ਦਾ ਦਿਲ ਇਹ ਸੋਚ ਕੇ, ਕਿ ਏਸ
ਵੇਲੇ ਹਲਕੀ ਲਿਨਨ ਦੀ ਪੁਸ਼ਾਕ ਵਿਚ ਉਸ ਔਰਤ ਦਾ ਸਰੀਰ
ਮਹੀਨਾ ਭਰ ਦੱਖਣੀ ਸਮੁੰਦਰ ਦੇ ਕਿਨਾਰੇ ਦੀ ਤੱਤੀ ਰੇਤ ਉੱਤੇ
ਲਿਟ ਕੇ, ਧੁੱਪਾਂ ਸੇਕ-ਸੇਕ ਕੇ ਕਿੰਨਾ ਗਠ ਪੱਕ ਗਿਆ ਹੋਣਾ
ਹੈ, ਇੱਕੋ ਵੇਲੇ ਵਿਸਮਾਦ ਤੇ ਦਰ ਨਾਲ ਲਰਜ਼ ਜਿਹਾ ਗਿਆ।
(ਇਸ ਬਾਰੇ ਕੁੜੀ ਨੇ ਖ਼ੁਦ ਹੀ ਦੱਸਿਆ ਸੀ ਕਿ ਉਹ ਅਨਾਪੂ
ਤੋਂ ਆਈ ਸੀ)
''ਏਥੋਂ ਚੱਲੀਏ ਹੁਣ'' ਲੈਫਟੀਨੈਂਟ ਨੇ ਹੌਲੀ ਦੇਣੇ ਕਿਹਾ।
''ਕਿੱਥੇ?'' ਕੁੜੀ ਨੇ ਹੈਰਾਨੀ ਜਿਹੀ ਨਾਲ ਪੁੱਛਿਆ।
''ਏਧਰ, ਉਸ ਘਾਟ ਵਲ।''
''ਕਿਉਂ?''
ਉਹ ਚੁੱਪ ਸੀ। ਕੁੜੀ ਨੇ ਫਿਰ ਹੱਥ ਦੇ ਪੁੱਠੇ ਪਾਸੇ ਨਾਲ
ਆਪਣੀ ਤੱਤੀ ਗੱਲ੍ਹ ਨੂੰ ਘੁੱਟ ਲਿਆ।
''ਤੂੰ ਤਾਂ ਪਾਗਲ ਏਂ..."
''ਬੱਸ, ਏਥੋਂ ਚੱਲੀਏ, ਮੈਂ ਹੱਥ ਬੰਨ੍ਹਦਾਂ ਤੇਰੇ ਅੱਗੇ,''
ਉਸ ਨੇ ਕੁਝ ਉਦਾਸ ਭਾਵ ਨਾਲ ਕਿਹਾ।
''ਅੱਛਾ, ਜਿਵੇਂ ਤੇਰੀ ਮਰਜ਼ੀ,'' ਕੁੜੀ ਨੇ ਉਸ ਵਲ
ਮੁੜ ਕੇ ਕਿਹਾ।
ਸਟੀਮਰ ਅੱਧ-ਚਾਨਣੇ ਘਾਟ ਨਾਲ ਹੌਲੀ ਜਿਹੇ
ਟਕਰਾਇਆ। ਦੋਵੇਂ ਜਣੇ ਇਕ ਦੂਜੇ ਉੱਤੇ ਜਿਵੇਂ ਡਿੱਗ ਜਿਹੇ
ਪਏ। ਉਨ੍ਹਾਂ ਦੇ ਸਿਰ ਉੱਤੇ ਦੀ ਵਗਾਹੇ ਹੋਏ ਰੱਸੇ ਦਾ ਸਿਰਾ
ਉਡਦਾ ਹੋਇਆ ਲੰਘਿਆ। ਸਟੀਮਰ ਡੋਲਦਾ, ਘਿਸਰਦਾ
ਕਿਨਾਰੇ ਲੱਗਿਆ। ਪਾਣੀ ਵਿਚ ਬੜੇ ਸ਼ੋਰ ਨਾਲ ਬੁਲਬੁਲੇ ਉੱਠਣ
ਲੱਗੇ, ਪੌੜੀਆਂ ਦਾ ਖੜਾਕ ਹੋਇਆ ਤੇ ਲੈਫ਼ਟੀਨੈਂਟ ਸਾਮਾਨ
ਚੁੱਕਣ ਦੇ ਆਹਰ ਵਿਚ ਹੋ ਗਿਆ।
ਹੁਣ ਉਹ ਘਾਟ ਦੇ ਛੋਟੇ ਜਿਹੇ ਧੁੰਦਲੇ ਸ਼ੈੱਡ ਹੇਠੋਂ ਦੀ
ਲੰਘੇ ਤੇ ਘਾਟ ਤੋਂ ਬਾਹਰ ਆ ਰੇਤ ਵਿਚ ਗਿੱਟਿਆਂ ਤੱਕ ਗਡ
ਗਏ। ਫਿਰ ਚੁੱਪ ਚਾਪ ਧੂੜ-ਅੱਟੀ ਗੱਡੀ ਵਿਚ ਬੈਠ ਗਏ। ਟੇਢੀ
ਚੜ੍ਹਾਈ ਵਾਲੀ ਸੜਕ ਪੀਕ ਨਾਲ ਅੱਟੀ ਹੋਈ ਸੀ। ਆਸੇ ਪਾਸੇ
ਟਾਵੀਆਂ-ਟਾਵੀਆਂ ਰੌਸ਼ਨੀਆਂ ਦੇ ਟੇਢੇ-ਤਿਰਛੇ ਖੰਭੇ ਦੂਰਦੂਰ
ਤੱਕ ਖੜ੍ਹੇ ਜਾਪਦੇ ਸਨ। ਅਖ਼ੀਰ ਉਹ ਸਿਰੇ ਅੱਪੜ ਗਏ।
ਗੱਡੀ ਇੱਟਾਂ ਦੇ ਫਰਸ਼ ਵਾਲੀ ਗਲੀ ਵਿਚ ਖੜਕਣ ਲੱਗੀ। ਹੁਣ
ਇਕ ਚੌਕ ਆ ਗਿਆ ਸੀ-ਕੁਝ ਦਫਤਰੀ ਇਮਾਰਤਾਂ, ਘੰਟਾ
ਘਰ...ਇਕ ਪ੍ਰਾਂਤਿਕ ਕਸਬੇ ਵਿਚ ਗਰਮੀਆਂ ਦੀ ਰਾਤ ਦਾ
ਨਿੱਘ ਤੇ ਹੁੰਮਸ਼..ਗੱਡੀ ਇਕ ਚਾਨਣੇ ਬੂਹੇ ਅੱਗੇ ਰੁਕੀ। ਖੁਲ੍ਹੇ
ਦਰਵਾਜ਼ੇ ਵਿਚੋਂ ਦੀ ਸਿੱਧੀਆਂ ਲੱਕੜ ਦੀਆਂ ਪੌੜੀਆਂ ਸਾਫ਼
ਦਿਸਦੀਆਂ ਸਨ।
ਗੁਲਾਬੀ ਕਮੀਜ਼ ਤੇ ਲੁਬਾਦਾ ਪਹਿਨੇ ਤੇ ਵਧੀ ਹੋਈ ਦਾਹੜੀ
ਵਾਲੇ ਬੁੱਢੇ ਨੌਕਰ ਨੇ ਝਿਜਕਦਿਆਂ ਹੋਇਆ ਉਨ੍ਹਾਂ ਦੇ ਬੈਗ
ਫੜੇ ਤੇ ਥੱਕਿਆ ਜਿਹਾ ਵਾਪਿਸ ਮੁੜ ਗਿਆ। ਉਹ ਇਕ ਵੱਡੇ
ਪਰ ਅੰਤਾਂ ਦੇ ਦਮਘੋਟੂ ਕਮਰੇ ਵਿਚ, ਜਿਸ ਵਿਚ ਅਜੇ ਵੀ
ਦਿਨ ਦੀ ਹੁੰਮਸ ਸੀ, ਦਾਖ਼ਲ ਹੋਏ। ਬਾਰੀਆਂ 'ਤੇ ਸਫੈਦ ਪਰਦੇ
ਲੱਗੇ ਹੋਏ ਸਨ ਤੇ ਸ਼ੀਸ਼ੇ ਵਾਲੀ ਮੈਟਲਪੀਸ ਉੱਤੇ ਦੋ
ਅਣਲੱਗੀਆਂ ਮੋਮਬੱਤੀਆਂ ਪਈਆਂ ਸਨ। ਅਜੇ ਉਹ ਕਮਰੇ
ਅੰਦਰ ਦਾਖਲ ਹੀ ਹੋਏ ਸਨ ਕਿ ਬੁੱਢਾ ਬੂਹਾ ਬੰਦ ਕਰ ਕੇ ਚਲਾ
ਗਿਆ। ਲੈਫਟੀਨੈਂਟ ਬੜੀ ਬੇਸਬਰੀ ਨਾਲ ਉਸ ਕੁੜੀ ਉੱਤੇ
ਝੁਕ ਗਿਆ। ਦੋਵੇਂ ਕੁਝ ਅਜਿਹੀ ਬਿਹਬਲਤਾ ਨਾਲ ਇੱਕ-ਦੂਜੇ
ਨੂੰ ਵੇਖਣ ਲੱਗੇ। ਇਹ ਪਲ ਉਨ੍ਹਾਂ ਦੀ ਯਾਦ ਦਾ ਸਦੀਵੀ ਅੰਗ
ਬਣ ਗਿਆ। ਇਸ ਤੋਂ ਪਹਿਲਾਂ ਦੋਵਾਂ ਨੂੰ ਹੀ ਕਦੇ ਅਜਿਹਾ
ਅਨੁਭਵ ਨਹੀਂ ਹੋਇਆ ਸੀ।
ਅਗਲੀ ਨਿੱਘੀ ਤੇ ਧੁਪੀਲੀ ਸਵੇਰ ਕੋਈ ਦਸ ਵਜੇ, ਜਦੋਂ
ਗਿਰਜੇ ਦੀਆਂ ਘੰਟੀਆਂ ਦੀ ਆਵਾਜ਼ ਮਾਹੌਲ ਵਿਚ ਗੂੰਜ ਪੈਦਾ
ਕਰ ਰਹੀ ਸੀ, ਜਦੋਂ ਹੋਟਲ ਦੇ ਸਾਹਮਣੇ ਦੀ ਮਾਰਕਿਟ ਵਿਚ
ਸ਼ੋਰਮਈ ਰੌਣਕ ਹੋ ਗਈ ਸੀ, ਜਦੋਂ ਘਾਹ ਤੇ ਤਾਰਕੋਲ ਦੀ
ਅਜਿਹੀ ਰਲੀ ਮਲੀ ਗੰਧ ਆ ਰਹੀ ਸੀ ਜਿਹੜੀ ਰੂਸ ਦੇ ਹਰ
ਦਿਹਾਤੀ ਕਸਬੇ ਦਾ ਖਾਸਾ ਹੈ ਤਾਂ ਉਹ ਬੇਨਾਮ ਨਿੱਕੀ ਕੁੜੀ,
(ਬੇਨਾਮ ਇਸ ਲਈ ਕਿ ਉਸ ਲੈਫਟੀਨੈਂਟ ਨੂੰ ਆਪਣਾ ਨਾਂ
ਨਹੀਂ ਦੱਸਿਆ ਸੀ ਤੇ ਮਖ਼ੌਲ ਨਾਲ ਕਿਹਾ ਸੀ ਕਿ ਉਹ ਉਸਨੂੰ
ਇਕ ਖੂਬਸੂਰਤ ਅਜਨਬੀ ਕਹਿ ਲਵੇ) ਉਸਨੂੰ ਛੱਡ ਮੁੜ ਆਪਣੇ
ਰਾਹ ਪੈ ਗਈ ਸੀ। ਉਹ ਬਹੁਤ ਥੋੜ੍ਹੇ ਚਿਰ ਲਈ ਸੁੱਤੇ ਸਨ ਪਰ
ਜਦੋਂ ਬਿਸਤਰੇ ਦੇ ਲਾਗਲੇ ਪਰਦੇ ਪਿੱਛਿਉ ਉਹ ਪੰਜਾਂ ਮਿੰਟਾਂ
ਵਿਚ ਹੀ ਨ੍ਹਾਤੀ-ਧੋਤੀ, ਪਹਿਨੀ-ਪੱਚਰੀ ਬਾਹਰ ਆਈ ਸੀ ਤਾਂ
ਸਤਾਰ੍ਹਾਂ ਵਰ੍ਹਿਆਂ ਦੀ ਕੁੜੀ ਵਾਂਗ ਲਵੀ-ਲਵੀ ਲਗਦੀ ਸੀ। ਕੀ
ਉਹ ਕੁਝ ਪ੍ਰੇਸ਼ਾਨ ਸੀ? ਨਹੀਂ, ਬਹੁਤ ਘੱਟ। ਉਹ ਤਾਂ ਸਗੋਂ
ਪਹਿਲਾਂ ਵਾਂਗ ਹੀ ਸਾਦਾ, ਖੁਸ਼ ਤੇ ਬਿਲਕੁਲ ਸਾਧਾਰਣ ਲਗਦੀ
ਸੀ। ਹੁਣੇ ਜੋ ਲੈਫਟੀਨੈਂਟ ਨੇ ਉਸ ਨੂੰ ਇਕੱਠੇ ਚੱਲਣ ਬਾਰੇ
ਕਿਹਾ ਸੀ, ਦਾ ਹੁੰਗਾਰਾ ਦਿੰਦਿਆਂ ਉਸ ਕਿਹਾ ਸੀ, ''ਨਹੀਂ,
ਇੰਜ ਨਹੀਂ। ਤੂੰ ਪਿਛਲੇ ਸਟੀਮਰ ਵਿਚ ਆਈਂ। ਜੇ ਅਸੀਂ ਇਕੱਠੇ
ਗਏ ਤਾਂ ਸਭ ਚੌੜ ਹੋ ਜਾਣਾ ਏਂ, ਤੇ ਮੈਨੂੰ ਇਹ ਪਸੰਦ ਨਹੀਂ।
ਮੇਰੇ 'ਤੇ ਯਕੀਨ ਕਰ। ਮੈਂ ਬਿਲਕੁਲ ਓਸ ਤਰ੍ਹਾਂ ਦੀ ਔਰਤ
ਨਹੀਂ ਜਿਸ ਤਰ੍ਹਾਂ ਦੀ ਔਰਤ ਬਾਰੇ ਤੂੰ ਸੋਚਿਆ ਹੋਣਾ ਹੈ। ਜੋ
ਕੁਝ ਅੱਜ ਇੱਥੇ ਵਾਪਰਿਆ ਹੈ ਅਜਿਹਾ ਨਾ ਪਹਿਲਾਂ ਕਦੇ
ਵਾਪਰਿਆ ਹੈ ਤੇ ਨਾ ਅਗਾਂਹ ਨੂੰ ਵਾਪਰਨਾ ਹੈ। ਇਹ ਉਵੇਂ
ਹੋਇਆ ਏ ਜਿਵੇਂ ਮੈਨੂੰ ਗ੍ਰਹਿਣ ਲੱਗ ਗਿਆ ਹੋਵੇ...ਜਾਂ ਜਿਵੇਂ
ਅਸੀਂ ਦੋਵਾਂ ਨੇ ਹੀ ਸਨਸਟ੍ਰੋਕ ਜਿਹਾ ਕੁਝ ਮਹਿਸੂਸ ਕੀਤਾ
ਹੋਵੇ।''
ਲੈਫਟੀਨੈਂਟ ਦਾ ਹੁੰਗਾਰਾ ਮਨ ਉੱਤੇ ਬੋਝ ਪਾਉਣ ਵਾਲਾ
ਨਹੀਂ ਸੀ। ਉਹ ਖੁਸ਼ੀ-ਖੁਸ਼ੀ ਉਸਨੂੰ ਘਾਟ ਤੱਕ ਛੱਡਣ
ਆਇਆ। ਜਦ ਪਹੁੰਚੇ ਤਾਂ ਸਟੀਮਰ ਤੁਰਨ ਹੀ ਵਾਲਾ ਸੀ ਤੇ
ਉਸਨੇ ਸਭ ਦੇ ਸਾਹਮਣੇ ਹੀ ਕੁੜੀ ਨੂੰ ਡੈਕ ਉਤੇ ਹੀ ਗਲ
ਨਾਲ ਲਾ ਲਿਆ। ਮੁਸ਼ਕਿਲ ਨਾਲ ਹੀ ਉਹ ਸਟੀਮਰ ਤੋਂ ਪਿਛੇ
ਹਟ ਰਹੀਆਂ ਪੌੜੀਆਂ ਉਤੇ ਚੜ੍ਹ ਸਕਿਆ।
ਉਸੇ ਚਾਅ ਨਾਲ ਹੀ ਉਹ ਹੋਟਲ ਪਰਤਿਆ। ਫੇਰ ਵੀ
ਕੁਝ ਤਬਦੀਲੀ ਵਾਪਰ ਗਈ ਸੀ। ਕੁੜੀ ਬਿਨਾ ਉਹ ਕਮਰਾ
ਕੁਝ ਹੋਰ ਹੋਰ ਹੀ ਲਗਦਾ ਸੀ। ਇਹ ਅਜੇ ਵੀ ਉਸ ਬੇਨਾਮ
ਕੁੜੀ ਨਾਲ ਭਰਿਆ-ਭਰਿਆ ਵੀ ਸੀ ਤੇ ਸੱਖਣਾ ਵੀ। ਇਹ
ਸੱਚ ਮੁੱਚ ਅਜਨਬੀ ਗੱਲ ਸੀ।
ਕਮਰੇ ਵਿਚੋਂ ਅਜੇ ਵੀ ਕੁੜੀ ਦੀ ਅੰਗ੍ਰੇਜ਼ੀ ਕੋਲੋਨ ਦੀ
ਸੁਗੰਧ ਆਉਂਦੀ ਸੀ। ਉਸ ਦਾ ਜੂਠਾ ਤੇ ਅੱਧਾ-ਭਰਿਆ ਗਿਲਾਸ
ਉਵੇਂ ਟ੍ਰੇ ਵਿਚ ਪਿਆ ਸੀ ਪਰ ਉਹ ਉਥੇ ਨਹੀਂ ਸੀ...ਤੇ
ਲੈਫਟੀਨੈਂਟ ਦਾ ਦਿਲ ਇਕ ਅਜੀਬ ਨਾਜ਼ੁਕਤਾ ਦੀ ਲਰਜ਼ਸ਼
ਮਹਿਸੂਸ ਕਰ ਰਿਹਾ ਸੀ। ਉਹ ਝੱਟ ਪੱਟ ਸਿਗਰਟ ਪੀਣ ਨੂੰ
ਅਹੁੜਿਆ ਤੇ ਫਿਰ ਛਟੀ ਨਾਲ ਆਪਣੇ ਬੂਟ ਨੂੰ ਠਕੋਰਦਾ
ਕਮਰੇ ਵਿਚ ਏਧਰ-ਉਧਰ ਘੁੰਮਣ ਲੱਗਾ।
''ਵਾਕਿਆ ਹੀ ਅਜੀਬ ਮੁਲਾਕਾਤ ਸੀ ਇਹ!'' ਉਸਨੇ
ਹਸਦਿਆਂ ਹੋਇਆਂ ਉੱਚੀ ਦੇਣੇ ਕਿਹਾ, ਭਾਵੇਂ ਏਸ ਵੇਲੇ
ਆਪਣੀਆਂ ਅੱਖਾਂ ਵਿਚਲੀ ਸੇਜਲ ਤੋਂ ਵੀ ਉਹ ਚੇਤੰਨ ਸੀ।
"ਮੇਰੇ ਤੇ ਯਕੀਨ ਕਰ, ਮੈਂ ਬਿਲਕੁਲ ਉਹੋ ਜਿਹੀ ਔਰਤ ਨਹੀਂ
ਜਿਸ ਤਰ੍ਹਾਂ ਦੀ ਔਰਤ ਬਾਰੇ ਤੂੰ ਸੋਚਿਆ ਹੋਣਾ ਹੈ...ਤੇ ਹੁਣ
ਉਹ ਚਲੀ ਗਈ....ਉੱਕਾ ਹੀ ਇਕ ਬੇ ਤੁਕੀ ਮੁਟਿਆਰ।''
ਉਸ ਪਰਦਾ ਇਕ ਪਾਸੇ ਨੂੰ ਖਿਸਕਾ ਦਿੱਤਾ ਪਰ ਅਜੇ
ਬਿਸਤਰਾ ਨਹੀਂ ਸੀ ਵਿਛਾਇਆ। ਉਸਨੂੰ ਮਹਿਸੂਸ ਹੋਇਆ
ਕਿ ਪਤਾ ਨਹੀਂ ਕਿਉਂ ਉਸਦਾ ਬਿਸਤਰੇ ਵਲ ਤੱਕਣ ਦਾ ਵੀ
ਹੀਆ ਨਹੀਂ ਪੈਂਦਾ। ਉਸ ਮੁੜ ਪਰਦਾ ਖਿੱਚ ਦਿੱਤਾ ਤੇ ਮਾਰਕਿਟ
ਦੇ ਸ਼ੋਰ ਤੇ ਗੱਡੀਆਂ ਦੇ ਪਹੀਆਂ ਦੇ ਘਿੜ ਘਿੜ ਕਰਨ ਦੀ
ਆਵਾਜ਼ ਤੋਂ ਬਚਣ ਲਈ ਖਿੜਕੀ ਬੰਦ ਕਰ ਦਿੱਤੀ। ਫਿਰ ਚਿੱਟੇ
ਰੰਗ ਦੇ ਪਾਟੇ ਪਰਦਿਆਂ ਨੂੰ ਹੇਠਾਂ ਕਰ ਕੇ ਦੀਵਾਨ ਉੱਤੇ ਬੈਠ
ਗਿਆ...''ਠੀਕ, ਇਸ ਅਚਾਨਕ-ਮੇਲ ਦਾ ਇਹੋ ਅੰਤ ਹੋਣਾ
ਸੀ।'' ਉਹ ਜਾ ਚੁੱਕੀ ਸੀ, ਉਸ ਤੋਂ ਦੂਰ, ਬਹੁਤ ਦੂਰ! ਏਸ
ਵੇਲੇ ਉਹ ਸ਼ੀਸ਼ੇ ਦੀਆਂ ਚਮਕਦੀਆਂ ਬਾਰੀਆਂ ਵਾਲੇ ਕੈਬਿਨ
ਵਿਚ ਬੈਠੀ ਹੋਵੇਗੀ, ਜਾਂ ਡੈੱਕ ਉੱਤੇ ਖੜ੍ਹੀ ਧੁੱਪ ਵਿਚ ਲਿਸ਼ਕਦੇ
ਦਰਿਆ ਦੇ ਪਾਣੀ ਕੋਲੋਂ ਦੀ ਲੰਘਦੇ ਸਟੀਮਰ, ਪੀਲੀ ਰੇਤ
ਵਾਲੇ ਕਿਨਾਰਿਆਂ, ਵੋਲਗਾ ਦੀ ਅਮਿਣਵੀਂ ਲੰਬਾਈ ਉੱਤੇ ਦੂਰ
ਪਾਣੀ ਤੇ ਆਕਾਸ਼ ਦੀ ਦੁਮੇਲ ਨੂੰ ਬੜੀ ਨੀਝ ਨਾਲ ਦੇਖ ਰਹੀ
ਹੋਵੇਗੀ...। ਅੱਛਾ ਅਲਵਿਦਾ, ਸਦਾ ਲਈ। ਸ਼ਾਇਦ, ਅਨੰਤ
ਕਾਲ ਲਈ...ਭਲਾ, ਹੁਣ ਉਹ ਮੁੜ ਮਿਲ ਵੀ ਕਿਵੇਂ ਸਕਦੇ
ਸਨ। ਫਿਰ ਉਸ ਆਪਣੇ ਆਪ ਨੂੰ ਹੀ ਕਿਹਾ ''ਘੱਟੋ-ਘੱਟ
ਕਿਸੇ ਕਾਰਨ ਮੈਂ ਵੀ ਤਾਂ ਉਸ ਸ਼ਹਿਰ ਨਹੀਂ ਜਾ ਸਕਦਾ ਜਿੱਥੇ
ਉਸ ਦਾ ਪਤੀ, ਤਿੰਨਾਂ ਵਰ੍ਹਿਆਂ ਦੀ ਉਹਦੀ ਧੀ ਤੇ ਉਸਦਾ
ਸਾਰਾ ਪਰਿਵਾਰ ਰਹਿੰਦਾ ਹੈ, ਜਿੱਥੇ ਉਹ ਆਪਣਾ ਹਰ ਰੋਜ਼ ਦਾ
ਜੀਵਨ ਗੁਜ਼ਾਰਦੀ ਹੈ।'' ਤੇ ਬਿੰਦ ਦੀ ਬਿੰਦ ਉਹ ਸ਼ਹਿਰ ਉਸਨੂੰ
ਇਕ ਅਸਾਧਾਰਨ ਤੇ ਵਰਜਿਤ ਸ਼ਹਿਰ ਜਾਪਿਆ ਜਿੱਥੇ ਉਹ
ਆਪਣਾ ਲੰਬਾ ਤਨਹਾ ਜੀਵਨ ਗੁਜ਼ਾਰੇਗੀ। ਸ਼ਾਇਦ, ਲਗਾਤਾਰ
ਉਸ ਦੀ ਯਾਦ ਵਿਚ, ਉਨ੍ਹਾਂ ਪਲਾਂ ਦੀ ਯਾਦ ਵਿਚ ਜਿਨ੍ਹਾਂ ਵਿਚ
ਉਨ੍ਹਾਂ ਦਾ ਇਹ ਸੰਜੋਗੀ ਪਰ ਥੁੜ-ਚਿਰਾ ਮੇਲ ਹੋਇਆ ਸੀ।
ਹੁਣ ਉਹ ਉਸ ਨੂੰ ਕਦੀ ਵੀ ਨਹੀਂ ਮਿਲ ਸਕੇਗਾ। ਇਹ ਖ਼ਿਆਲ
ਆਉਂਦਿਆਂ ਹੀ ਉਹ ਜਿਵੇਂ ਮਰ ਜਿਹਾ ਗਿਆ, ਉੱਕੀ ਹੀ ਸਾਹ
ਸੱਤ ਹੀਣ। ਨਹੀਂ, ਇੰਜ ਨਹੀਂ ਹੋ ਸਕਦਾ। ਇਹ ਸਭ ਬੇਤੁਕਾ,
ਅਣਹੋਣਾ ਸੀ। ਇਸ 'ਤੇ ਇਤਬਾਰ ਨਹੀਂ ਕੀਤਾ ਜਾ ਸਕਦਾ
ਸੀ। ਉਸਨੇ ਏਨਾ ਦਰਦ, ਆਪਣੇ ਜਿਉਂਦੇ ਰਹਿਣ ਦੀ ਏਨੀ
ਨਿਰਾਰਥਕਤਾ ਮਹਿਸੂਸ ਕੀਤੀ ਕਿ ਉਹ ਜਿਵੇਂ ਇਕ ਅਸੀਮ
ਭੈਅ ਤੇ ਨਿਰਾਸ਼ਤਾ ਹੇਠ ਦੱਬਿਆ ਗਿਆ।
''ਸ਼ੈਤਾਨ ਕਿਤੋਂ ਦੀ,'' ਉਸ ਸੋਚਿਆ। ਤੇ ਪਰਦੇ ਪਿੱਛੇ
ਬਿਸਤਰੇ ਉੱਤੇ ਵਾਪਰ ਚੁੱਕੀ ਘਟਨਾ ਤੋਂ ਧਿਆਨ ਹਟਾਉਣ
ਲਈ ਕਮਰੇ ਵਿਚ ਏਧਰ-ਓਧਰ ਘੁੰਮਣ ਲੱਗਾ। ''ਮੈਨੂੰ ਹੋ
ਕੀ ਗਿਆ ਸੀ? ਕਿਸ ਨੂੰ ਪਤਾ ਸੀ ਕਿ ਜ਼ਿੰਦਗੀ ਵਿਚ ਪਹਿਲੀ
ਵਾਰ ਮੈਂ ਏਥੇ..ਯਾ..ਏਥੇ ਹੀ ਉਸ ਨਾਲ਼..ਉਸ ਨਾਲ ਕੀ,
ਉਸ ਨਾਲ ਅਸਲ ਵਿਚ ਕੀਤਾ ਕੀ ਸੀ ਮੈਂ? ਸੱਚ ਮੁੱਚ ਹੀ,
ਇਹ ਇੰਜ ਹੀ ਲੱਗਦਾ ਹੈ ਜਿਵੇਂ ਇਹ ਸਨਸਟ੍ਰੋਕ ਹੋਵੇ। ਪਰ
ਅਸਲ ਗੱਲ ਤਾਂ ਇਹ ਵੇ ਕਿ ਮੈਂ ਏਸ ਓਪਰੀ, ਤਨਹਾ ਥਾਂ 'ਤੇ
ਓਹਦੇ ਬਿਨਾ ਸਾਰਾ ਦਿਨ ਇਕੱਲਾ ਕਿਵੇਂ ਕੱਟਾਂਗਾ?'' ਉਸਨੂੰ
ਏਸ ਘੜੀ ਉਸਦਾ ਸਭ ਕੁਝ ਇਨ ਬਿਨ ਯਾਦ ਹੋ ਆਇਆ,
ਉਸਦੇ ਆਂਤ੍ਰਿਕ ਗੁਣ, ਧੁੱਪ ਦੇ ਸੇਕ ਨਾਲ ਪੱਕੇ ਪਿੰਡੇ ਦੀ
ਮਹਿਕ, ਲਿਨਨ ਦੇ ਕੱਪੜੇ, ਪੱਕਾ-ਪੀਡਾ ਸਰੀਰ, ਉਸ ਆਵਾਜ਼
ਵਿਚਲੀ ਤਾਜ਼ਗੀ, ਸਾਦਾਪਣ ਤੇ ਖੂਬਸੂਰਤੀ...ਔਰਤ ਦੇ
ਔਰਤਪੁਣੇ ਦੀ ਖੂਬਸੂਰਤੀ ਭਾਵੇਂ ਆਪਣੇ ਜੀਵਨ ਵਿਚ ਉਸਨੇ
ਕਾਫੀ ਪਛੜ ਕੇ ਹੀ ਮਾਣੀ ਸੀ ਪਰ ਇਸ ਦੀ ਰਉਂ ਅਜੇ ਵੀ
ਉਸਦੇ ਮਨ ਉੱਤੇ ਭਾਰੂ ਸੀ। ਫੇਰ ਵੀ ਏਸ ਵੇਲੇ ਜੋ ਉਸਦੇ
ਦਿਮਾਗ ਵਿਚ ਸੀ ਉਹ ਅਸਲੋਂ ਹੀ ਇਕ ਨਵੀਂ ਰਉਂ ਸੀ...ਇਕ
ਅਜਿਹੀ ਅਨੋਖੀ ਤੇ ਅਬੁੱਝ ਰਉਂ ਜਿਸ ਦੀ ਉਦੋਂ ਵੀ ਕੋਈ ਹੋਂਦ
ਨਹੀਂ ਸੀ ਜਦੋਂ ਉਹ ਇਕੱਠੇ ਸਨ, ਤੇ ਜਿਸਦਾ ਅਜੇ ਕੱਲ੍ਹ
ਉਸਨੂੰ ਚਿੱਤ-ਚੇਤਾ ਵੀ ਨਹੀਂ ਸੀ ਜਦੋਂ ਕਿ ਉਸਨੇ ਉਸਦੇ
ਆਪਣੇ ਸੋਚਣ ਅਨੁਸਾਰ ਕੇਵਲ ਤਫਰੀਹ ਲਈ ਇਹ ਨਵੀਂ
ਸਾਂਝ ਬਣਾਈ ਸੀ ਤੇ ਜਿਸ ਬਾਰੇ ਹੁਣ ਉਹ ਕਦੀ ਕਿਸੇ ਕੋਲ
ਵੀ ਕੋਈ ਗੱਲ ਵੀ ਨਹੀਂ ਕਰ ਸਕਦਾ ਸੀ, ਕਦੀ ਵੀ ਨਹੀਂ।
''ਹਾਂ, ਸਭ ਤੋਂ ਅਹਿਮ ਗੱਲ ਇਹ ਹੈ ਕਿ ਤੂੰ ਕਦੇ ਵੀ
ਕਿਸੇ ਕੋਲ ਇਸ ਦਾ ਜ਼ਿਕਰ ਨਹੀਂ ਕਰ ਸਕੇਂਗਾ,'' ਕਿੰਨੀ ਹੀ
ਦੇਰ ਤੱਕ ਉਹ ਇਹੋ ਹੀ ਸੋਚਦਾ ਰਿਹਾ। ਤੇ ਕੋਈ ਕੁਝ ਵੀ ਕਰੇ
ਪਰ ਇਨ੍ਹਾਂ ਯਾਦਾਂ, ਇਸ ਅਸਹਿ ਦਰਦ, ਇਸ ਟੂਣੇਹਾਰੇ ਨਿੱਕੇ
ਕਸਬੇ ਵਿਚ ਜਿਹੜਾ ਵੋਲਗਾ ਦੇ ਉਸ ਕੰਢੇ 'ਤੇ ਵਸਿਆ ਹੋਇਆ
ਹੈ ਜਿਸ ਦੇ ਪਾਣੀਆਂ 'ਤੇ ਉਹ ਗੁਲਾਬੀ ਰੰਗਾ ਸਟੀਮਰ ਉਸ
ਦੀ ਉਸ ਨੂੰ ਕਿਤੇ ਦੂਰ ਲੈ ਗਿਆ ਹੈ, ਆਪਣਾ ਇਹ ਨਾ
ਮੁੱਕਣ ਵਾਲਾ ਦਿਨ ਕਿਵੇਂ ਕੱਟੇ!''
ਇਸ ਸਭ ਕੁਝ ਤੋਂ ਬਚਣ ਲਈ, ਕਿਸੇ ਹੋਰ ਚੀਜ਼ ਵਲ
ਆਪਣੇ ਮਨ ਨੂੰ ਲਾਈ ਰੱਖਣ ਲਈ, ਕਿਧਰੇ ਮਨ ਪਰਚਾਣ
ਲਈ ਉਸ ਦਾ ਏਥੋਂ ਕਿਤੇ ਨਾ ਕਿਤੇ ਹੋਰ ਜਾਣਾ ਜ਼ਰੂਰੀ ਹੋ
ਗਿਆ ਸੀ। ਉਸਨੇ ਇਕ ਇਰਾਦਾ ਕਰਕੇ ਟੋਪੀ ਸਿਰ ਉੱਤੇ
ਰੱਖੀ, ਜੁਰਕੇ ਨਾਲ ਕਦਮ ਪੁੱਟੇ, ਜੁੱਤੀ ਹੇਠਲੀਆਂ ਮੇਖਾਂ
ਚਿਰਕੀਆਂ। ਖਾਲੀ ਬਰਾਮਦਿਆਂ ਵਿਚੋਂ ਦੀ ਹੁੰਦਾ ਹੋਇਆ
ਕਾਹਲੀ-ਕਾਹਲੀ ਪੌੜੀਆਂ ਉਤਰ ਕੇ ਬਾਹਰਲੇ ਬੂਹੇ ਵਲ ਨੂੰ
ਵਧਿਆ...ਪਰ ਜਾਵੇ ਕਿੱਥੇ? ਬਾਹਰਲੇ ਬੂਹੇ ਕੋਲ ਇਕ ਚੁਸਤ
ਦਿਹਾਤੀ ਪੁਸ਼ਾਕ ਵਿਚ ਇਕ ਗੱਭਰੂ ਗੱਡੀ ਵਾਲਾ ਆਪਣੀ ਰਉਂ
ਵਿਚ ਬੈਠਾ ਸਿਗਾਰ ਪੀ ਰਿਹਾ ਸੀ।
ਜ਼ਾਹਿਰ ਹੈ ਕਿ ਉਹ ਕਿਸੇ ਸਵਾਰੀ ਦੀ ਹੀ ਉਡੀਕ ਕਰ
ਰਿਹਾ ਸੀ। ਲੈਫਟੀਨੈਂਟ ਨੇ ਉਸ ਵਲ ਕੁਝ ਹੈਰਾਨਕੁਨ ਪ੍ਰੇਸ਼ਾਨੀ
ਜਿਹੀ ਨਾਲ ਦੇਖਿਆ, ਭਲਾ ਇਹ ਕਿਵੇਂ ਹੋ ਸਕਦਾ ਸੀ ਕਿ
ਕੋਈ ਕਿਰਾਏ ਦੀ ਗੱਡੀ ਵਾਹੁਣ ਵਾਲਾ ਹੋਵੇ ਪਰ ਚੁੱਪ-ਚਾਪ,
ਉੱਕਾ ਹੀ ਓਪਰੀ ਤੇ ਬੇਨਿਆਜ਼ੀ ਜਿਹੀ ਵਿਚ ਬੈਠਾ ਸਿਗਰਟ
ਪੀਵੀ ਜਾ ਰਿਹਾ ਹੋਵੇ, ਜਿਵੇਂ ਉਸਨੂੰ ਕਿਸੇ ਸਵਾਰੀ ਦੀ ਕੋਈ
ਉਡੀਕ ਹੀ ਨਾ ਹੋਵੇ। ''ਸ਼ਾਇਦ ਮੈਂ ਇਕੱਲਾ ਹੀ ਇਸ ਭਰੇ
ਸ਼ਹਿਰ ਵਿਚ ਉਦਾਸ ਹਾਂ,'' ਉਸਨੇ ਗੱਡੀ ਵਾਲੇ ਤੋਂ ਧਿਆਨ
ਹਟਾ ਬਾਜ਼ਾਰ ਵਲ ਮੁੜਦਿਆਂ ਸੋਚਿਆ।
ਬਾਜ਼ਾਰ ਬੰਦ ਹੋ ਰਿਹਾ ਸੀ। ਅਣ ਮੰਨੇ ਜਿਹੇ ਉਹ ਤਾਜ਼ੀ
ਰਹੁ ਦੀਆਂ ਭਰੀਆਂ ਗੱਡੀਆਂ, ਕੱਕੜੀਆਂ ਨਾਲ ਭਰੇ ਗੱਡਿਆਂ,
ਤੇ ਉਨ੍ਹਾਂ ਭਾਂਡੇ ਵੇਚਣ ਵਾਲੀਆਂ ਦੇ ਵਿਚਕਾਰੋਂ ਦੀ ਅੜ੍ਹਕਦਾ
ਜਿਹਾ ਲੰਘਿਆ, ਜਿਨ੍ਹਾਂ ਵਿਚ ਆਪਣੇ-ਆਪਣੇ ਭਾਂਡਿਆਂ ਵਲ
ਉਸਦਾ ਧਿਆਨ ਖਿੱਚਣ ਲਈ ਜਿਵੇਂ ਕੋਈ ਹੋੜ ਲੱਗੀ ਹੋਈ
ਸੀ। ਉਹ ਜ਼ਨਾਨੀਆਂ ਆਪਣੇ ਆਪਣੇ ਭਾਂਡਿਆਂ ਦੀ ਪਕਿਆਈ
ਦੱਸਣ ਲਈ ਵਾਰ ਵਾਰ ਉਂਗਲਾਂ ਨਾਲ ਭਾਂਡਿਆਂ ਨੂੰ ਠਕੋਰਦੀਆਂ
ਸਨ। ਉਧਰ ਉਸਦੇ ਕੰਨੀ ਕਿਸਾਨਾਂ ਦੀਆਂ ਆਵਾਜ਼ਾਂ ਪੈ ਰਹੀਆਂ
ਸਨ...''ਵਧੀਆ ਕੱਕੜੀਆਂ ਖਾਓ, ਤੇ ਯਾਦ ਕਰੋ!'' ਉਸ ਨੂੰ
ਇਹ ਸਭ ਕੁਝ ਇੰਨਾ ਫਜ਼ੂਲ ਤੇ ਵਾਹਯਾਤ ਜਾਪਿਆ ਕਿ ਉਹ
ਉਥੋਂ ਕਾਹਲੀ ਕਾਹਲੀ ਤੁਰ ਗਿਆ। ਚਰਚ ਵਿਚ ਗਿਆ ਤਾਂ
ਪ੍ਰਾਰਥਨਾ ਹੋ ਰਹੀ ਸੀ। ਪ੍ਰਾਰਥਨਾ ਏਨੀ ਸਪੱਸ਼ਟ, ਖੂਬਸੂਰਤ
ਤੇ ਨਿਹਚੇ ਨਾਲ ਕੀਤੀ ਜਾ ਰਹੀ ਸੀ ਜਿਵੇਂ ਪ੍ਰਾਰਥਨਾ ਕਰਨ
ਵਾਲੇ ਸੱਚਮੁੱਚ ਆਪਣਾ ਫਰਜ਼ ਨਿਭਾਉਣ ਬਾਰੇ ਚੇਤੰਨ ਹੋਣ।
ਉਹ ਏਥੋਂ ਵੀ ਤੁਰ ਗਿਆ ਤੇ ਗਲੀਆਂ ਵਿਚੋਂ ਦੀ ਹੁੰਦਾ ਹੋਇਆ,
ਅੰਤਾਂ ਦੀ ਧੁੱਪ ਵਿਚ, ਪਹਾੜੀ ਢਲਵਾਨ ਦੇ ਨਾਲ ਨਾਲ ਇੱਕ
ਸੁੰਨੇ ਜਿਹੇ ਬਾਗ ਦੁਆਲੇ ਫਿਰਦਾ ਫਿਰਦਾ ਦੂਰ ਤੱਕ ਚਮਕਦੇ
ਫੌਲਾਦ ਵਾਂਗ ਲਿਸ਼ਕਦੇ ਦਰਿਆ ਨੂੰ ਦੇਖਦਾ ਰਿਹਾ। ਉਸਦੇ
ਮੋਢਿਆਂ ਦੇ ਸਟਾਰ ਤੇ ਚਿੱਟੀ ਠੰਢੀ ਵਰਦੀ ਦੇ ਬਟਨ ਏਨੇ ਤਪ
ਗਏ ਸਨ ਕਿ ਉਨ੍ਹਾਂ ਨੂੰ ਹੱਥ ਤੱਕ ਨਹੀਂ ਸੀ ਲਗਦਾ। ਉਸ ਦੀ
ਟੋਪੀ ਅੰਦਰਲਾ ਕੱਪੜਾ ਮੁੜ੍ਹ ਕੇ ਨਾਲ ਭਿੱਜ ਕੇ ਗੱਚ ਹੋ ਗਿਆ
ਸੀ, ਤੇ ਚਿਹਰੇ ਦਾ ਰੰਗ ਲਾਲ ਸੂਹਾ...।
ਹੋਟਲ ਵਿਚ ਮੁੜਨ 'ਤੇ ਉਸ ਵੱਡੇ ਪਰ ਸੱਖਣੇ ਡਾਈਨਿੰਗ
ਹਾਲ ਵਿਚ ਆ ਕੇ ਸੁਖ ਦਾ ਸਾਹ ਲਿਆ। ਟੋਪੀ ਲਾਹ ਕੇ ਉਹ
ਹਵਾ ਲੈਣ ਲਈ (ਭਾਵੇਂ ਤੱਤੀ ਹੀ ਸਹੀ) ਇਕ ਖਿੜਕੀ ਕੋਲ
ਲੱਗੇ ਨਿੱਕੇ ਜਿਹੇ ਮੇਜ਼ ਨਾਲ ਲੱਗੀ ਕੁਰਸੀ 'ਤੇ ਬੈਠ ਗਿਆ,
ਤੇ ਪਾਲਕ ਦੇ ਠੰਢੇ ਸੂਪ ਦਾ ਆਰਡਰ ਦਿੱਤਾ। ਏਥੇ ਸਭ ਕੁਝ
ਖੂਬਸੂਰਤ ਸੀ, ਅੰਤਾਂ ਦੀ ਖੁਸ਼ੀ, ਏਥੋਂ ਤੱਕ ਕਿ ਬਾਜ਼ਾਰ ਦੀ
ਹੁੰਮਸ ਤੇ ਕਥਿੱਤ ਗੰਦਗੀ ਵਿਚ, ਇਸ ਸਾਰੇ ਦੇ ਸਾਰੇ ਅਜਨਬੀ
ਸ਼ਹਿਰ ਵਿਚ, ਇਸ ਹੋਟਲ ਵਿਚ ਜਿੱਥੇ ਕਿ ਉਹ ਇਸ ਵੇਲੇ
ਬੈਠਾ ਸੀ, ਵੀ ਇਕ ਅਨੰਦ ਦੀ ਰਉਂ ਸੀ ਪਰ ਇਸ ਮਾਹੌਲ
ਵਿਚ ਵੀ ਉਸ ਦਾ ਦਿਲ ਜਿਵੇਂ ਖਿੰਡ ਰਿਹਾ ਸੀ।...ਉਸ ਨੇ
ਇੱਕੇ ਸਾਹ ਵੋਦਕਾ ਦੀਆਂ ਕਈ ਘੁੱਟਾਂ ਚਾੜ੍ਹ ਲਈਆਂ ਤੇ
ਕੱਕੜੀਆਂ ਦੇ ਅਚਾਰ ਦਾ ਹਲਕਾ ਨਾਸ਼ਤਾ ਕੀਤਾ। ਮੈਂ ਨਿਰਸੰਦੇਹ
ਕੱਲ੍ਹ ਨੂੰ ਮਰ ਜਾਵਾਂਗਾ', ਉਸਨੇ ਮਹਿਸੂਸ ਕੀਤਾ, ਪਰ ਜੇ
ਕਿਤੇ ਸਬੱਬ ਨਾਲ ਉਹ ਮੁੜ ਆਉਂਦੀ ਤੇ ਮੈਂ ਅੱਜ ਦਾ ਸਾਰਾ
ਦਿਨ, ਕੇਵਲ ਇਹੋ ਦਿਨ ਉਸ ਨਾਲ ਗੁਜ਼ਾਰ ਸਕਦਾ। ਉਸਨੂੰ
ਆਪਣੀ ਦਰਦ ਭਰੀ ਪਰ ਅਤਿ ਖੂਬਸੂਰਤ ਮੁਹੱਬਤ ਬਾਰੇ ਦੱਸ
ਸਕਦਾ, ਬਲਕਿ ਸਾਬਤ ਕਰ ਸਕਦਾ, ਤੇ ਉਸਨੂੰ ਆਪਣੀ
ਮੁਹੱਬਤ ਦਾ ਕਾਇਲ ਕਰ ਸਕਦਾ...ਪਰ ਕਿਉਂ? ਸਾਬਤ ਕਰਨ
ਦੀ ਕੀ ਲੋੜ ਏ ਤੇ ਉਸਨੂੰ ਕਾਇਲ ਕਰਨ ਦੀ ਵੀ ਕੀ? ਇਸ
'ਕਿਉਂ' ਦਾ ਉੱਤਰ ਉਸਨੂੰ ਨਹੀਂ ਸੀ ਆਉਂਦਾ ਪਰ ਉਂਜ ਏਸ
ਵੇਲੇ ਇਹ ਸਭ ਕੁਝ ਉਸਨੂੰ ਆਪਣੀ ਜ਼ਿੰਦਗੀ ਨਾਲੋਂ ਵੀ ਵਧੇਰੇ
ਜ਼ਰੂਰੀ ਜਾਪਦਾ ਸੀ। ਵੋਦਕਾ ਦਾ ਪੰਜਵਾਂ ਜਾਮ ਪੀਂਦਿਆਂ ਉਸ
ਸੋਚਿਆ- 'ਮੇਰੀਆਂ ਨਸਾਂ ਹੀ ਮੇਰੇ ਨਾਲ ਅਠਖੇਲੀਆਂ ਕਰ
ਰਹੀਆਂ ਨੇ।'
ਉਸਨੇ ਵੋਦਕਾ ਦੀ ਉਹ ਨਿੱਕੀ ਜਿਹੀ ਮੀਨਾ ਖਤਮ ਕਰ
ਦਿੱਤੀ, ਇਸ ਆਸ ਨਾਲ ਕਿ ਨਸ਼ੇ ਵਿਚ ਸਭ ਕੁਝ ਉਸਨੂੰ
ਭੁੱਲ ਜਾਏਗਾ, ਉਸ ਦਾ ਇਹ ਦਰਦ ਭਰਿਆ ਉਨਮਾਦ ਖ਼ਤਮ
ਹੋ ਜਾਏਗਾ, ਪਰ ਇੰਜ ਹੋਇਆ ਨਾ, ਉਸ ਦੀ ਪੀੜ ਸਗੋਂ ਹੋਰ
ਵੀ ਗ਼ਹਿਰੀ ਹੋ ਗਈ।
ਫਿਰ ਉਸਨੇ ਪਾਲਕ ਦੀ ਠੰਢੀ ਤਰੀ ਨੂੰ ਪਰ੍ਹਾਂ ਕਰਦਿਆਂ
ਕਾਲੀ ਕਾਫੀ ਲਿਆਉਣ ਲਈ ਕਿਹਾ। ਸਿਗਰਟ ਸੁਲਗਾ ਕੇ
ਇਸ ਅਣਚਾਹੀ ਤੇ ਅਚਾਨਕ ਹੋਈ ਮੁਹੱਬਤ ਤੋਂ ਮੁਕਤ ਹੋਣ
ਲਈ ਕੋਈ ਹੋਰ ਢੰਗ ਸੋਚਣ ਦਾ ਇਰਾਦਾ ਕੀਤਾ। ਪਰ ਅਜਿਹਾ
ਹੋ ਨਹੀਂ ਸੀ ਸਕਦਾ-ਇਹ ਉਹ ਖੁਦ ਵੀ ਭਲੀ ਭਾਂਤ ਮਹਿਸੂਸ
ਕਰਦਾ ਸੀ। ਅਚਾਨਕ ਉਹ ਉੱਠਿਆ। ਟੋਪੀ ਤੇ ਛਟੀ ਚੁੱਕੀ ਤੇ
ਡਾਕਖਾਨੇ ਦਾ ਪਤਾ ਪੁੱਛ ਓਧਰ ਨੂੰ ਤੁਰ ਪਿਆ। ਰਾਹ ਵਿਚ
ਉਸ ਦੇ ਮਨ ਵਿਚ ਤਾਰ ਦਾ ਮਜ਼ਮੂਨ ਘੁੰਮਦਾ ਰਿਹਾ- 'ਅੱਜ
ਤੋਂ ਮੇਰੀ ਜ਼ਿੰਦਗੀ ਮੇਰੀ ਨਹੀਂ, ਤੇਰੀ ਹੈ, ਜਿਵੇਂ ਚਾਹੇਂ ਇਸਨੂੰ
ਵਰਤ ਲਈਂ!' ਡਾਕਖਾਨੇ ਦੀਆਂ ਉੱਚੀਆਂ-ਚੌੜੀਆਂ ਕੰਧਾਂ ਵਾਲੀ
ਇਮਾਰਤ ਕੋਲ ਪੁੱਜ ਕੇ ਉਹ ਜਿਵੇਂ ਦਹਿਲ ਜਿਹਾ ਗਿਆ।
ਉਸਨੂੰ ਉਸਦੇ ਸ਼ਹਿਰ ਦਾ ਪਤਾ ਸੀ, ਇਹ ਵੀ ਪਤਾ ਸੀ ਕਿ
ਉੱਥੇ ਉਸ ਦਾ ਪਤੀ ਹੈ। ਤਿੰਨਾ ਵਰ੍ਹਿਆਂ ਦੀ ਉਹਦੀ ਧੀ ਵੀ।
ਪਰ ਉਸ ਦਾ ਨਾਂ, ਉਪ ਨਾਂ? ਬੀਤੀ ਸ਼ਾਮ ਕਿੰਨੀ ਹੀ ਵਾਰ
ਉਸਨੇ ਉਸ ਦਾ ਨਾਂ-ਪਤਾ ਪੁੱਛਿਆ ਸੀ ਪਰ ਉਹ ਹਰ ਵਾਰ
ਹੱਸ ਕੇ ਆਖ ਦਿੰਦੀ ਸੀ- "ਭਲਾ ਇਹ ਜਾਨਣਾ ਕੀ ਜ਼ਰੂਰੀ ਹੈ
ਕਿ ਮੈਂ ਕੌਣ ਹਾਂ? ਕੋਈ ਵੀ ਹੋ ਸਕਦੀ ਹਾਂ...ਮਾਰੀਆ ਗਰੀਨ,
ਪਰੀਆਂ ਦੀ ਰਾਣੀ ਜਾਂ ਸਿਰਫ ਇਕ 'ਖੂਬਸੂਰਤ ਅਜਨਬੀ'...ਕੀ
ਏਨਾ ਹੀ ਕਾਫੀ ਨਹੀਂ ਤੇਰੇ ਲਈ?''
ਡਾਕਖ਼ਾਨੇ ਦੇ ਲਾਗੇ ਹੀ ਕੋਨੇ ਵਿਚ ਇਕ ਤਸਵੀਰਾਂ ਵਾਲਾ
ਸ਼ੋਅਕੇਸ ਸੀ। ਉਹ ਕਿੰਨਾ ਹੀ ਚਿਰ ਇਕ ਕੱਦਾਵਰ
ਫੌਜੀ ਦੀ ਤਸਵੀਰ ਵਲ ਵਿੰਹਦਾ ਰਿਹਾ। ਉੱਭਰੀਆਂ
ਅੱਖਾਂ, ਮੱਥਾ ਰਤਾ ਕੁ ਡੂੰਘਾ, ਵੱਡੀਆਂ, ਭਾਰੀ
ਮੁੱਛਾਂ, ਚੌੜੀ ਛਾਤੀ ਸਾਰੀ ਦੀ ਸਾਰੀ ਤਮਗਿਆਂ
ਨਾਲ ਭਰੀ ਹੋਈ...ਕਿੰਨਾ ਊਟ ਪਟਾਂਗ ਤੇ
ਹਾਸੋਹੀਣਾ, ਕਿੰਨੀ ਡਰਾਉਣੀ ਸਾਧਾਰਣਤਾ ਸੀ
ਇਸ ਸਭ ਕੁਝ ਵਿਚ। ਇਹ ਸ਼ਾਇਦ ਇਸ ਕਰਕੇ
ਸੀ ਕਿ ਉਸਦਾ ਆਪਣਾ ਦਿਲ, ਥੋੜ੍ਹਾ ਚਿਰ ਪਹਿਲੋਂ
ਮਹਿਸੂਸ ਕੀਤੇ 'ਸਨਸਟ੍ਰੋਕ', ਅਤਿ ਦੀ ਮੁਹੱਬਤ
ਤੇ ਅਤਿ ਦੀ ਖੁਸ਼ੀ ਹੱਥੋਂ ਹਾਰ ਚੁੱਕਾ ਸੀ। ਦੂਜੀ
ਤਸਵੀਰ ਕਿਸੇ ਸੱਜ ਵਿਆਹੇ ਜੋੜੇ ਦੀ ਸੀ। ਗੱਭਰੂ
ਨੇ ਲੰਮਾ ਫਰਾਕ ਕੋਟ ਤੇ ਚਿੱਟੀ ਨਕਟਾਈ ਪਹਿਨੀ
ਹੋਈ ਸੀ। ਉਸਦੇ ਵਾਲ ਝਾਹੇ ਵਰਗੇ ਸਨ, ਉਤਾਂਹ
ਨੂੰ ਖੜ੍ਹੇ ਹੋਏ ਤੇ ਉਸਦੀ ਬਾਂਹ ਤੇ ਝੁਕੀ ਵਿਆਹੁਣੇ
ਲਿਬਾਸ ਵਾਲੀ ਕੁੜੀ...ਪਰ ਉਸਨੇ ਉਧਰੋਂ ਧਿਆਨ
ਹਟਾ ਇਕ ਹੋਰ ਤਸਵੀਰ ਉਤੇ ਨਿਗ੍ਹਾ ਟਿਕਾਈ ਤਸਵੀਰ
ਵਿਚਲੀ ਕੁੜੀ ਬਣਦੀ ਤਣਦੀ ਤੇ ਚੰਚਲ
ਸੀ, ਸਿਰ ਤੇ ਵਿਦਿਆਰਥੀਆਂ ਵਾਲੀ ਟੋਪੀ, ਕੁੜੀ
ਟੇਢੀ ਖੜ੍ਹੀ ਸੀ।...ਫਿਰ ਇਨ੍ਹਾਂ ਸਾਰੇ ਅਜਨਬੀਆਂ
ਨਾਲ ਅਜਨਬੀ ਜਿਨ੍ਹਾਂ ਨੂੰ ਕੋਈ ਗਮ ਫਿਕਰ ਨਹੀਂ
ਸੀ, ਈਰਖਾ ਜਿਹੀ ਕਰਦਿਆਂ ਉਸ ਉਧਰੋਂ ਆਪਣਾ
ਧਿਆਨ ਹਟਾ ਕੇ ਹੇਠਾਂ ਵਲ ਇਕ ਟੱਕ ਦੇਖਣਾ
ਸ਼ੁਰੂ ਕਰ ਦਿੱਤਾ।
''ਕਿੱਥੇ ਜਾਵਾਂ? ਕੀ ਕਰਾਂ?'' ਇੱਕ ਨਾ
ਹੱਲ ਹੋਣ ਵਾਲੇ ਬੋਝਲ ਸਵਾਲ ਨੇ ਉਸ ਦੇ ਮਨ
ਤੇ ਰੂਹ ਨੂੰ ਜਿਵੇਂ ਦੱਬ ਜਿਹਾ ਲਿਆ।
ਸੁੰਨੀ ਗਲੀ, ਘਰ ਇੱਕੋ ਜਿਹੇ ਕਲੀ-ਕੀਤੇ
ਦੁਮੰਜ਼ਿਲੇ, ਮੱਧਵਰਗੀ, ਖੁੱਲ੍ਹੇ-ਖੁੱਲ੍ਹੇ ਬਾਗ। ਇੰਜ
ਲਗਦਾ ਸੀ ਜਿਵੇਂ ਏਥੇ ਕੋਈ ਵੱਸਦਾ ਹੀ ਨਹੀਂ
ਸੀ। ਫੁੱਟਪਾਥਾਂ ਉਤੇ ਧੂੜ ਜੰਮੀ ਹੋਈ ਸੀ, ਇਹ
ਸਭ ਕੁਝ ਚੁੰਧਿਆ ਦੇਣ ਵਾਲਾ ਸੀ। ਹਰ ਚੀਜ਼
ਤਪਦੀ, ਅਨੰਦਦਾਇਕ ਪਰ ਵਿਅਰਥ ਜਾਪਦੀ ਧੁੱਪ
ਨਾਲ ਗੜੁੱਚ ਸੀ। ਦੂਰ ਪਰ੍ਹਾਂ ਗਲੀ ਜਿਵੇਂ ਕੁੱਬੀ ਤੇ
ਦੱਬੀ ਜਿਹੀ ਉਤਾਂਹ ਉਠ ਰਹੀ ਸੀ। ਭੂਰੇ ਰੰਗ ਦੀ
ਦੁਮੇਲ ਤੋਂ ਨੀਲੀ ਭਾਅ ਮਾਰਦੀ ਸੀ। ਇਸ ਵਿਚ
ਕੁਝ ਅਜਿਹਾ ਜ਼ਰੂਰ ਸੀ ਜਿਸ ਤੋਂ ਦੱਖਣੀ
ਇਲਾਕਿਆਂ ਸਬਸਤਾਪੋਲ, ਕਰਚ...ਅਨਾਪੂ ਆਦਿ
ਯਾਦ ਆਉਂਦਾ ਸੀ। ਅਨਾਪੂ ਦੀ ਯਾਦ ਤਾਂ ਅਸਲੋਂ
ਹੀ ਉਸ ਲਈ ਅਸਹਿ ਸੀ। ਤੇ ਲੈਫਟੀਨੈਂਟ ਨੇ
ਰੌਸ਼ਨੀ ਵਲੋਂ ਨਜ਼ਰ ਮੋੜ ਕੇ ਹੇਠਾਂ ਧਰਤੀ ਵਲ
ਨਜ਼ਰਾਂ ਗੱਡ ਦਿੱਤੀਆਂ ਤੇ ਫਿਰ ਲੜਖੜਾਂਦਿਆਂ
ਹੋਇਆਂ ਤੇਜ਼ੀ ਨਾਲ ਆਪਣੀਆਂ ਪੈੜਾਂ ਦਾ ਪਿੱਛਾ
ਕੀਤਾ।
ਉਹ ਇੰਜ ਥੱਕ ਟੁੱਟ ਕੇ ਹੋਟਲ ਪਰਤਿਆ,
ਜਿਵੇਂ ਉਹ ਤੁਰਕਿਸਤਾਨ ਜਾਂ ਸਹਾਰਾ ਦਾ ਕੋਈ
ਲੰਬਾ ਪੈਂਡਾ ਤੈਅ ਕਰ ਕੇ ਆਇਆ ਹੋਵੇ। ਬਚੀਖੁਚੀ
ਤਾਕਤ ਜੋੜ ਕੇ ਉਹ ਆਪਣੇ ਵੱਡੇ ਸਾਰੇ
ਪਰ ਸੁੰਨੇ ਪਏ ਕਮਰੇ ਵਿਚ ਆਇਆ। ਕਮਰਾ
ਸਾਫ ਕਰ ਦਿੱਤਾ ਗਿਆ ਸੀ। ਉਸ 'ਅਜਨਬੀ' ਦੇ
ਆਖਰੀ ਚਿੰਨ੍ਹ ਮਿਟਾ ਦਿੱਤੇ ਗਏ ਸਨ। ਸਿਰਫ
ਉਸ ਦੀ ਵਾਲਾਂ ਦੀ ਸੂਈ, ਜੋ ਉਹ ਭੁੱਲ ਗਈ
ਸੀ, ਬਿਸਤਰੇ ਲਾਗਲੇ ਮੇਜ਼ ਉੱਤੇ ਪਈ ਸੀ। ਉਸ
ਜਾਕਟ ਉਤਾਰ ਕੇ ਸ਼ੀਸ਼ੇ ਵਿਚ ਆਪਣੇ ਆਪ ਨੂੰ
ਦੇਖਿਆ-ਇਕ ਸਾਧਾਰਨ ਅਫਸਰ ਦਾ ਚਿਹਰਾ,
ਧੁੱਪ ਨਾਲ ਸਾਂਵਲਾ ਹੋਇਆ, ਧੁੱਪ ਨਾਲ ਹੀ
ਚਿੱਟੀਆਂ ਹੋਈਆਂ ਮੁੱਛਾਂ, ਨੀਲੀਆਂ-ਚਮਕੀਲੀਆਂ
ਅੱਖਾਂ ਜੋ ਧੁੱਪ ਨਾਲ ਸਾਂਵਲੇ ਹੋਏ ਚਿਹਰੇ ਉੱਤੇ
ਕੁਝ ਵਧੇਰੇ ਚਮਕੀਲੀਆਂ ਜਾਪਦੀਆਂ ਸਨ, ਹੁਣ
ਉਦਾਸ ਤੇ ਪ੍ਰੇਸ਼ਾਨ ਸਨ। ਉਸ ਦੀ ਮਾਵੇ ਨਾਲ
ਆਕੜੇ ਹੋਏ ਕਾਲਰਾਂ ਵਾਲੀ ਕਮੀਜ਼ ਹੇਠਾਂ ਉਸਦੀ
ਦੇਹ ਸੁਡੌਲ ਹੋਣ ਦੇ ਬਾਵਜੂਦ ਵੀ ਅੰਤਾਂ ਦੀ
ਗਮਗੀਨ ਸੀ। ਉਸਨੇ ਆਪਣੇ ਧੂੜ-ਅੱਟੇ ਬੂਟ
ਲਾਹੇ ਤੇ ਅਲਮਾਰੀ ਵਿਚ ਰੱਖ ਦਿੱਤੇ। ਫਿਰ ਪਿੱਠ
ਪਰਨੇ ਮੰਜੇ 'ਤੇ ਲੇਟ ਗਿਆ। ਤਾਕੀਆਂ ਖੁੱਲ੍ਹੀਆਂ
ਸਨ ਉਂਜ ਪਰਦੇ ਕੀਤੇ ਹੋਏ ਸਨ। ਸਮੇਂ-ਸਮੇਂ
ਉਨ੍ਹਾਂ ਰਾਹੀਂ ਹਲਕੀ ਹਵਾ ਅੰਦਰ ਆਉਂਦੀ ਤੇ
ਕਮਰੇ ਵਿਚ ਤਪਦੀਆਂ ਛੱਤਾਂ ਦੀ ਮਹਿਕ ਤੇ ਏਸ
ਵੇਲੇ ਵੋਲਗਾ ਦੀ ਸੁੰਨੀ, ਸ਼ਾਂਤ ਤੇ ਲੋਕ ਰਹਿਤ
ਦੁਨੀਆਂ ਦਾ ਉਹ ਸਭ ਕੁਝ ਜੋ ਰੌਸ਼ਨ ਸੀ, ਕਮਰੇ
ਵਿਚ ਭਰ ਜਾਂਦੀ। ਉਹ ਕੂਹਣੀ ਉਤੇ ਸਿਰ ਰੱਖ ਕੇ
ਉਪਰ ਦੇਖਣ ਲੱਗਾ। ਉਸਦੇ ਮਨ ਵਿਚ ਏਸ ਵੇਲੇ
ਦੂਰ ਦੱਖਣ, ਉਥੋਂ ਦਾ ਸੂਰਜ, ਸਮੁੰਦਰ ਤੇ ਅਨਾਪੂ
ਦੀ ਇੱਕ ਧੁੰਦਲੀ ਤਸਵੀਰ ਸੀ ਤੇ ਇਹ ਸਾਰਾ
ਕੁਝ ਖਿਆਲੀ ਸੀ-ਜਿਵੇਂ ਕਿਤੇ ਉਹ ਸ਼ਹਿਰ,
ਜਿੱਥੇ ਨੂੰ ਉਹ ਗਈ ਸੀ, ਜਿਥੇ ਉਹ ਹਰ ਹਾਲਤ
ਪੁੱਜ ਚੁੱਕੀ ਹੋਵੇਗੀ, ਕਿਸੇ ਵੀ ਹੋਰ ਸ਼ਹਿਰ ਵਰਗਾ
ਨਹੀਂ ਸੀ-ਇਹ ਸੋਚਦਿਆਂ ਹੀ ਉਸ ਬਹੁਤ
ਤੀਬਰਤਾ ਨਾਲ ਮਹਿਸੂਸ ਕੀਤਾ, ਅੱਖਾਂ 'ਚ ਤੱਤੇ
ਹੰਝੂ...ਤੇ ਫਿਰ ਉਹ ਸੌਂ ਗਿਆ। ਜਦੋਂ ਮੁੜ
ਜਾਗਿਆ ਤਾਂ ਪਰਦਿਆਂ ਵਿਚੋਂ ਦੀ ਡੁੱਬ ਰਹੇ ਸੂਰਜ
ਦੀ ਲਾਲੀ ਸਾਫ ਦਿਸਦੀ ਸੀ। ਹਵਾ ਬੰਦ ਹੋ ਚੁੱਕੀ
ਸੀ ਤੇ ਕਮਰਾ ਮੁੜ ਦਮ ਘੋਟੂ ਤੇ ਨੀਰਸ ਹੋ
ਗਿਆ ਸੀ ਜਿਵੇਂ ਪੌਣ ਭੱਠੀ ਵਿਚ ਹੁੰਦਾ ਹੈ।
...ਤੇ ਫਿਰ ਉਸ ਨੇ ਬੀਤੀ ਕੱਲ੍ਹ ਤੇ ਅੱਜ
ਦੀ ਸਵੇਰ ਨੂੰ ਇੰਜ ਯਾਦ ਕੀਤਾ ਜਿਵੇਂ ਇਹ ਦਸ
ਵਰ੍ਹੇ ਪਹਿਲਾਂ ਦੀ ਗੱਲ ਹੋਵੇ।
ਹੌਲੀ ਹੌਲੀ ਉਹ ਉੱਠਿਆ, ਹੌਲੀ-ਹੌਲੀ
ਉਸ ਹੱਥ-ਮੂੰਹ ਧੋਤੇ ਤੇ ਫਿਰ ਪਰਦੇ ਖਿਸਕਾ ਕੇ
ਨੌਕਰ ਨੂੰ ਬੁਲਾਉਣ ਲਈ ਘੰਟੀ ਮਾਰੀ ਤੇ ਨੌਕਰ
ਨੂੰ ਸਮੋਵਾਰ ਲਿਔਣ ਲਈ ਕਿਹਾ, ਤੇ ਨਾਲ ਹੀ
ਬਿੱਲ ਵੀ। ਤੇ ਫਿਰ ਬੜੀ ਦੇਰ ਤੱਕ ਨਿੰਬੂ ਵਾਲੀ
ਚਾਹ ਪੀਂਦਾ ਰਿਹਾ। ਫਿਰ ਉਸਨੇ ਗੱਡੀ ਮੰਗਵਾਈ,
ਸਾਮਾਨ ਬਾਹਰ ਕਢਵਾਇਆ ਤੇ ਗੱਡੀ ਦੀ ਤਪੀ
ਹੋਈ ਸੀਟ ਉੱਤੇ ਬੈਠਦਿਆਂ ਨੌਕਰ ਨੂੰ ਟਿੱਪ ਵਜੋਂ
ਪੰਜ ਰੂਬਲ ਦੇ ਦਿੱਤੇ।
''ਏਦਾਂ ਲਗਦੈ ਸਾਹਬ ਜਿਵੇਂ ਬੀਤੀ ਰਾਤ
ਤੁਹਾਨੂੰ ਮੈਂ ਹੀ ਏਥੇ ਲੈ ਕੇ ਆਇਆ ਸਾਂ,''
ਗੱਡੀਵਾਲੇ ਨੇ ਲਗਾਮਾਂ ਸੰਭਾਲਦਿਆਂ ਜਿਵੇਂ ਚਾਅ
ਜਿਹੇ ਨਾਲ ਆਖਿਆ।
ਜਦੋਂ ਉਹ ਘਾਟ 'ਤੇ ਪੁੱਜੇ ਤਾਂ ਅੱਗੇ ਪੈਣ
ਵਾਲੀ ਗਰਮੀਆਂ ਦੀ ਨੀਲੀ ਰਾਤ ਦਾ ਹਨੇਰਾ
ਵੋਲਰਮ ਉਤੇ ਪਸਰ ਚੁੱਕਾ ਸੀ। ਪਾਣੀ ਵਿਚ
ਬਹੁਰੰਗੀਆਂ ਰਸ਼ਨੀਆਂ ਖਿੰਡਰੀਆਂ ਹੋਈਆਂ ਸਨ।
ਕੁਝ ਰੌਸ਼ਨੀਆਂ ਉਨ੍ਹਾਂ ਵਲ ਆ ਰਹੀਆਂ ਸਨ ਜੋ
ਘਾਟ ਵਲ ਆ ਰਹੇ ਸਟੀਮਰ ਦੇ ਮਸਤੂਲਾਂ ਉਤੇ
ਲੱਗੀਆਂ ਹੋਈਆਂ ਸਨ।
''ਵਕਤ ਸਿਰ ਹੀ ਤੁਹਾਨੂੰ ਏਥੇ ਲੈ
ਆਇਆ'' ਗੱਡੀਵਾਲੇ ਨੇ ਅਪਣੱਤ ਜਿਹੀ ਨਾਲ
ਕਿਹਾ। ਲੈਫਟੀਨੈਂਟ ਨੇ ਉਸਨੂੰ ਵੀ ਪੰਜ ਰੂਬਲ
ਦਿੱਤੇ ਤੇ ਫਿਰ ਟਿਕਟ ਹੱਥ ਵਿਚ ਲੈ ਘਾਟ ਵਲ ਨੂੰ
ਹੋ ਲਿਆ...ਅੱਜ ਵੀ ਕੱਲ੍ਹ ਵਾਂਗ ਹੀ ਲੰਗਰਾਂ ਦੀ
ਕੂਲੀ ਜਿਹੀ ਆਵਾਜ਼ ਸੀ, ਸਟੀਮਰ ਦੇ ਡੋਲਣ
ਨਾਲ ਹੇਠਲੇ ਪਾਣੀ ਦੀ ਸਰਸਰਾਹਟ ਸੀ, ਫੇਰ
ਵਗਾਹੇ ਹੋਏ ਰੱਸੇ ਦਾ ਸਿਰਾ ਤੇ ਜ਼ਮੀਨ ਨਾਲ
ਟਕਰਾਉਣ ਤੋਂ ਬਿਨਾ ਹੀ ਸਟੀਮਰ ਦੇ ਪਹੀਆਂ
ਹੇਠਾਂ ਸਰਕਦੇ ਪਾਣੀ ਦਾ ਸ਼ੋਰ...ਉਸ ਤੋਂ ਅੱਗੇ
ਸਵਾਰੀਆਂ ਨਾਲ ਲੱਦੇ ਤੇ ਰੌਸ਼ਨੀਆਂ ਨਾਲ
ਚਮਕਦੇ ਸਟੀਮਰ ਦਾ ਦ੍ਰਿਸ਼ ਤੇ ਸਟੀਮਰ ਦੀਆਂ
ਰਸੋਈਆਂ ਵਿਚੋਂ ਆ ਰਹੀ ਖੁਸ਼ਬੋ ਉਸਨੂੰ
'ਖੁਸ਼ਆਮਦੀਦ' ਕਹਿ ਰਹੀ ਜਾਪਦੀ ਸੀ।
ਦੂਜੇ ਹੀ ਪਲ ਸਟੀਮਰ ਆਪਣੇ ਰਾਹ ਤੁਰ
ਪਿਆ, ਉਸੇ ਰਾਹ ਜਿਸ ਰਾਹ ਉਹ ਉਸਦੀ 'ਉਸ'
ਨੂੰ ਲੈ ਗਿਆ ਸੀ। ਉਸ ਦੇ ਅੱਗੇ, ਗਰਮੀਆਂ ਦੀ
ਸੰਘਣੀ ਸ਼ਾਮ ਲਗਾਤਾਰ ਮੁਰਝਾ ਰਹੀ ਸੀਉਦਾਸ,
ਸੁਪਨੀਲੇ, ਸਤਰੰਗੇ ਰੂਪ ਵਿਚ। ਇਹ
ਸਾਰਾ ਕੁਝ ਦੂਰ ਡੁਬਦੇ ਸਮੁੰਦਰ ਹੇਠ ਦਰਿਆ
ਦੀਆਂ ਟਿਮਟਿਮਾਂਦੀਆਂ, ਲਰਜ਼ਦੀਆਂ ਲਹਿਰਾਂ
ਵਿਚ ਖਿੰਡੇ-ਪੁੰਡੇ ਟੁਕੜਿਆਂ ਦੇ ਰੂਪ ਵਿਚ
ਪ੍ਰਤੀਬਿੰਬਤ ਹੋ ਰਿਹਾ ਸੀ। ਸਟੀਮਰ ਦੁਆਲੇ ਦੇ
ਹਨੇਰੇ ਵਿਚ ਦੂਰ ਤਕ ਖਿੰਡਰੀਆਂ ਬੱਤੀਆਂ ਤੇ
ਰੌਸ਼ਨੀਆਂ ਪਿੱਛੇ ਹੀ ਪਿੱਛੇ ਰਹਿੰਦੀਆਂ ਜਾ ਰਹੀਆਂ
ਸਨ। ਲੈਫਟੀਨੈਂਟ ਡੈਕ ਉਤੇ ਇਕ ਓਟ ਜਿਹੀ
ਵਿਚ ਬੈਠ ਗਿਆ ਜਿਵੇਂ ਉਮਰ ਵਿਚ ਇਕ ਦਮ
ਦਸ ਸਾਲ ਵੱਡਾ ਹੋ ਜਾਣ ਬਾਰੇ ਸੋਚ ਰਿਹਾ ਹੋਵੇ।
(ਅਨੁਵਾਦ-ਜੋਗਾ ਸਿੰਘ)