ਸੁਨੇਹਾ (ਕਹਾਣੀ) : ਬਲੀਜੀਤ

ਮਾਂ ਵੀ ਨਾ ਹਟੀ । ਨਾ ਮੇਰਾ ਛੋਟਾ ਭਾਈ । ਉਹ ਬੋਲਿਆ ਤਾਂ ਬਹੁਤਾ ਨਾ, ਪਰ ਉਸ ਦੇ ਚਿਹਰੇ, ਹੱਥਾਂ ਪੈਰਾਂ ਦੀਆਂ ਹਰਕਤਾਂ ਅਤੇ ਸਾਹ ਦੀ ਰਫ਼ਤਾਰ ਤੋਂ ਮੈਨੂੰ ਯਕੀਨ ਹੋ ਗਿਆ ਕਿ ਉਹ ਵੀ ਮਾਂ ਦੇ ਨਾਲ ਹੀ ਸੀ । ਮਰਨ ਕਿਨਾਰੇ ਬੈਠੀ ਮਾਂ ਦੀ ਮਾਮੂਲੀ ਉਮੀਦ 'ਤੇ ਵੀ ਪੂਰਾ ਨਾ ਉਤਰਨਾ, ਕੋਈ ਸਿੱਧੀ ਹਾਂ, ਨਾਂਹ ਨਾ ਕਹਿਣੀ, ਇਸੇ ਚੱਕ ਥੱਲ ਵਿੱਚ ਪਿੰਡੋਂ ਵਾਪਸ ਆ ਕੇ ਰਾਤ ਨੂੰ ਨੀਂਦ ਵੀ ਚੱਜ ਦੀ ਨਾ ਆਈ ਤਾਂ ਮੈਂ ਸਵੇਰੇ ਉੱਠਦੇ ਸਾਰ ਹੀ ਮੇਜ਼ ਉੱਤੇ ਪੈੱਨ ਸਟੈਂਡ ਵਿੱਚ ਖੜ੍ਹੇ ਸਭ ਤੋਂ ਲੰਬੇ, ਮੋਟੇ ਛੁਰੇ ਵਰਗੇ ਪੈੱਨ ਨੂੰ ਹੱਥ ਪਾ ਲਿਆ । ਕਾਲੀ ਸਿਆਹੀ ਨਾਲ ਲਿੱਬੜੇ ਢੀਮਾਂ ਵਰਗੇ ਅੱਖਰ ਕਾਗਜ਼ 'ਤੇ ਝਰੀਟਣ ਲੱਗਿਆ:

''ਸੇਵਾ ਵਿਖੇ,

ਮੁੱਖ ਥਾਣਾ ਅਫਸਰ,

ਸਦਰ...

ਬੇਨਤੀ ਹੈ ਕਿ ਮੈਂ ਪਿੰਡ... ਵਿੱਚ... ਹੁਣ ਮੈਂ ਬਾਹਰ ਰਹਿੰਦਾ ਹਾਂ... ਪਿੰਡ ਵਿੱਚ ਮੇਰਾ ਪੁਰਾਣਾ ਮਕਾਨ ਹੈ... ਜੋ ਕਿ ਵਰਤੋਂ ਵਿੱਚ ਨਾ ਹੋਣ ਕਰਕੇ ਢਹਿ ਗਿਆ ਹੈ... ਮੈਨੂੰ ਪਤਾ ਲੱਗਿਆ ਹੈ ਕਿ ਮੇਰੇ ਪੁਰਾਣੇ ਘਰ ਨੂੰ ਹੌਲੀ ਹੌਲੀ ਢਾਹ ਕੇ ਉਸ ਦੀਆਂ ਪੁਰਾਣੀਆਂ ਇੱਟਾਂ ਚੋਰੀ ਹੋ ਰਹੀਆਂ ਹਨ... ਤੇ ਇਹ ਚੋਰੀ ਮੇਰੇ ਚਾਚੇ ਸ੍ਰੀ...''

ਉਸ ਨੂੰ ਚਾਚਾ ਕਹਿ ਕੇ ਬੁਲਾਉਂਦਾ ਸਾਂ । ਕਦੇ ਨਾਂਓ ਨਹੀਂ ਲਿਆ । ਦਰਖਾਸਤ ਉੱਤੇ ਕੀ ਲਿਖਿਆ ਜਾਵੇ? ਮੈਂ ਸਭ ਕੁਝ ਸਮੇਤ ਰੁਕ ਗਿਆ । ਕਾਗਜ਼ ਟੇਢਾ ਹੋ ਗਿਆ । ਸ੍ਹਾਮਣੇ ਕੰਧ ਉੱਤੇ ਨਕਲੀ ਫੁੱਲਾਂ ਦੇ ਹਾਰ ਦੇ ਵਿਚਾਲੇ ਲਟਕਦੀ ਬਾਪੂ ਦੀ ਫ਼ੋਟੋ ਤੋਂ ਖ਼ਿਆਲ ਆਇਆ ਕਿ ਆਪਣੇ ਕਿੰਨੇ ਬਜ਼ੁਰਗ ਹਨ । ਕਿਹੜਾ ਚੜ੍ਹਾਈ ਕਰ ਗਿਆ । ਕਿਹੜਾ ਅਜੇ ਹੈਗਾ । ਛੋਟੀ ਬੜੀ ਭੈਣ ਦੇ ਸੱਸ ਸਹੁਰਾ । ਫੁੱਫੜ । ਮਾਸੜ । ਮਾਸੀਆਂ । ਘਰ ਵਾਲੀ ਦਾ ਨਾਨਾ । ਨਾਨੀ । ਤਾਏ । ਚਾਚੇ । ਮੇਰੀ ਚਾਚੀ, ਚਾਚਾ...

ਘਰੋਂ ਦੂਰ ਰਹਿੰਦਿਆਂ ਜਦ ਵੀ ਕਦੇ ਪਿੱਛੇ ਰਿਸ਼ਤੇਦਾਰੀਆਂ ਵਿੱਚ ਕਿਸੇ ਬੁੜ੍ਹੇ ਬੁੜ੍ਹੀ ਦੀ ਚੜ੍ਹਾਈ ਹੋ ਜਾਂਦੀ ਤਾਂ ਮੈਨੂੰ ਸੁਨੇਹਾ ਜ਼ਰੂਰ ਆਉਂਦਾ । ਕਦੇ ਹੀ ਕਿਸੇ ਦੇ ਸਸਕਾਰ 'ਤੇ ਜਾ ਹੁੰਦਾ । ਉਹ ਵੀ ਮੌਕੇ ਦੇ ਮੌਕੇ । ਸਿੱਧਾ ਸ਼ਮਸ਼ਾਨ ਘਾਟ 'ਚ ਈ । ਨਹੀਂ ਤਾਂ ਭੋਗ 'ਤੇ । ਕਦੇ ਭੋਗ ਵੀ ਰਹਿ ਜਾਂਦਾ... ਤੇ ਮੇਰੇ ਅੰਦਰ ਦਸਵੀਂ 'ਚੋਂ ਮੈਥ ਚੋਂ ਤੇਤੀ ਪਰਸੈਂਟ ਨੰਬਰ ਲੈ ਕੇ ਪਾਸ ਹੋਣ ਵਾਲਾ ਮੁੰਡਾ ਹਿਸਾਬ ਲਾਉਂਦਾ, ਲਿਸਟਾਂ ਬਣਾਉਂਦਾ ਰਹਿੰਦਾ ਕਿ ਹੁਣ ਕੀਹਦੀ ਵਾਰੀ ਐ । ਕਈ ਵਾਰ ਕੋਈ ਬਿਨਾਂ ਵਾਰੀ ਤੋਂ ਵੀ ਚੋਲ਼ਾ ਛੱਡ ਜਾਂਦਾ । ਤੇ ਮਸੀਂ ਪਾਸ ਹੋਇਆ ਮੈਂ ਮੁੜ ਫ੍ਹੇਲ ਹੋ ਜਾਂਦਾ... ਪਰ ਈਹਦਾ ਨਹੀਂ ਆਇਆ ਸੁਨੇਹਾ । ਜਿਊਂਦਾ ਹੋਣੈ ਅਜੇ । ਹੈ ਵੀ ਜਿਉਂਦਾ... ਤਾਂ ਹੀ ਤਾਂ ਮੇਰੇ ਜਿਹਨ ਵਿੱਚ ਅਜੇ ਤੱਕ ਉਸ ਦੀਆਂ ਗੱਲਾਂ (ਮਾਂ ਕਹਿੰਦੀ: ਕਰਤੂਤਾਂ) ਇੱਧਰੋਂ ਉੱਧਰੋਂ ਜੁੜੀ ਜਾਂਦੀਆਂ... ਤੇ ਮੇਰੀ ਯਾਦਦਾਸ਼ਤ ਵਿੱਚ ਤੇਜ ਤੇਜ ਤੁਰਦੇ, ਅੱਖਾਂ ਘੁੰਮਾਉਂਦੇ, ਕਿਸੇ ਨੂੰ ਸਿੱਧੀ ਬਾਂਹ ਕੱਢ ਕੇ ਟਾਹਰਾਂ ਮਾਰਦੇ, ਕਿੱਲ੍ਹਦੇ ਚਾਚੇ ਦਾ ਅਕਸ ਵਧੀ ਘਟੀ ਜਾਂਦੈ । ਭਾਵੇਂ ਕਿ ਪੰਦਰਾਂ ਸਾਲ ਤੋਂ ਮੈਂ ਉਸ ਦਾ ਮੂੰਹ ਨਹੀਂ ਵੇਖਿਆ । ਅਚਾਨਕ ਸ੍ਹਾਮਣੇ ਆ ਜਾਵੇ ਤਾਂ ਮੈਂ ਅੱਖਾਂ ਘੁੰਮਾ ਲੈਂਦਾ ਹਾਂ । ਲੁੱਕਣ ਦੀ ਕੋਸ਼ਿਸ਼ ਕਰਦਾ ਹਾਂ । ਤਾਂ ਵੀ ਉਸ ਦੀ ਇੱਕ ਝਲਕ ਨਾਲ ਹੀ ਮੇਰੇ ਅੰਦਰ ਉਸ ਦਾ ਜਹਾਨ ਉੱਗ ਪੈਂਦਾ ਹੈ । ਉਹ... ਮੇਰਾ ਚਾਚਾ... ਜਿਸ ਨੇ ਨੌਂਵੀਂ ਦਸਵੀਂ ਜਮਾਤ 'ਚ ਮੈਨੂੰ ਮੈਥ ਪੜ੍ਹਾਇਆ । ਜੋ ਕਦੇ ਵੀ ਮੈਨੂੰ ਹਾਕ ਮਾਰ ਸਕਦਾ ਸੀ,''ਜੀਤ... ਓਅ... ਏ... '' ਘਰ 'ਚ ਮੈਨੂੰ ਉਸ ਦੀ ਪੂਰੀ ਠੁੱਕ ਬਣੀ ਲੱਗਦੀ । ਜਦੋਂ ਮੈਨੂੰ ਹਾਕ ਪੈਂਦੀ ਤਾਂ ਮੇਰੀ ਵੀ ਠੁੱਕ ਬਣ ਜਾਂਦੀ ।

ਪੂਰੇ ਕੋੜਮੇ ਵਿੱਚ ਮੈਥੋਂ ਪਹਿਲਾਂ ਕੋਈ ਦਸਵੀਂ ਪਾਸ ਨਹੀਂ ਸੀ ਕਰ ਸਕਿਆ । ਜਦ ਮੇਰਾ ਰੀਜ਼ਲਟ ਆਇਆ ਤਾਂ ਮੇਰੀ ਅੰਮਾਂ ਅਜੇ ਜਿਊਂਦੀ ਸੀ:

''ਮੇਰੇ ਪੋਤੇ ਨੇ ਅੱਜ ਪੰਤਾਲੀ ਤੋੜ 'ਤੀ ''

ਬਾਪੂ ਨੇ ਕਦੇ ਸਕੂਲ ਦਾ ਮੂੰਹ ਨਹੀਂ ਸੀ ਦੇਖਿਆ । ਛੋਟੀ, ਬੜੀ ਬੂਆ ਪੰਜ ਪੰਜ ਪੜ੍ਹੀਆਂ । ਏਸ ਚਾਚੇ ਨੂੰ ਤਿੰਨ ਵਾਰੀ ਦਸਵੀਂ 'ਚ ਮਦਰੱਸੇ ਲਾਇਆ । ਪਰ ਉਹ ਨੌਂ ਈ ਪਾਸ ਰਿਹਾ... ਤਾਂ ਵੀ ਮੈਨੂੰ ਅੱਜ ਤੱਕ ਆਪਣੇ ਚਾਚੇ 'ਤੇ ਰਸ਼ਕ ਆਉਂਦਾ ਕਿ ਉਹ ਉਰਦੂ ਦਾ ਅਖ਼ਬਾਰ ਪੜ੍ਹ ਕੇ ਹੋਰਾਂ ਨੂੰ ਸੁਣਾਉਂਦਾ ਹੁੰਦਾ ਸੀ । ਮੈਨੂੰ ਉਰਦੂ ਨਹੀਂ ਆਉਂਦੀ । ਉਹ ਮੈਥੋਂ ਵੀਹ ਸਾਲ ਵੱਡਾ । ਮੈਨੂੰ ਵੀਹ ਬੀਮਾਰੀਆਂ ਲੱਗੀਆਂ । ਉਸ ਨੂੰ ਕੋਈ ਨਹੀਂ । ਉਸ ਦੀ ਬੀਮਾਰ ਹੋਏ, ਦਾਖਲ ਹੋਏ, ਓਪਰੇਸ਼ਨ ਹੋਏ ਦੀ ਕੋਈ ਗੱਲ ਮਨ 'ਚੋਂ ਨਹੀਂ ਲੱਭਦੀ । ਦਿਮਾਗ ਨੂੰ ਬਹੁਤਾ ਫਰੋਲਿਆ ਤਾਂ ਇੱਕ ਵਾਰ ਉਸ ਨੂੰ ਜੁਲਾਬ ਲੱਗੇ ਸਨ । ਉਸ ਵੇਲੇ ਉਹ ਬਾਰ ਬਾਰ 'ਬਾਹਰ' ਜਾਣ ਦੀ ਬਜਾਏ ਆਪਣਾ ਮੰਜਾ ਖੇਤਾਂ ਵਿੱਚ ਈ ਲੈ ਗਿਆ ਸੀ । ਤੇ ਖੇਤ ਦੇ ਗੱਭੇ ਉੱਥੇ ਡਾਹ ਲਿਆ ਜਿੱਥੇ ਦਸ ਕੁ ਮੰਜੀਆਂ ਥਾਉਂ ਵਿੱਚ ਕਣਕ ਕਦੇ ਖੱਬਲ ਤੋਂ ਉੱਚੀ ਨਹੀਂ ਸੀ ਉੱਗਦੀ...

ਲਿਖਦੇ ਲਿਖਦੇ ਅਟਕਿਆ ਤਾਂ ਮਨ ਵਿੱਚ ਮਾਂ ਤੇ ਛੋਟੇ ਭਾਈ ਦੇ ਚਿਹਰੇ ਫੇਰ ਮੈਨੂੰ ਘੂਰਨ ਲੱਗ ਪਏ । ਸ੍ਹਾਮਣੇ ਦੀਵਾਰ ਉੱਤੇ ਸਵਰਗੀ ਪਿਤਾ ਜੀ ਦੀ ਫ਼ੋਟੋ ਵੀ ਮੈਨੂੰ ਕੌੜਾ ਕੌੜਾ ਝਾਕਣ ਲੱਗੀ । ਜਿਵੇਂ ਉਹ ਅਜੇ ਵੀ ਜਿਊਂਦਾ ਹੀ ਹੋਵੇ ਤੇ ਸੋਚ ਹੋ ਰਹੀ ਗੱਲ ਉੱਤੇ ਉਸ ਦਾ ਅਸਰ ਹੋਣਾ ਹੋਵੇ । ਮੈਂ ਫੈਸਲਾ ਕਰਨਾ ਹੈ । ਫੈਸਲਾ ਕਰਨਾ ਕਿੰਨਾ ਔਖਾ ਹੁੰਦਾ ਹੈ!! ਮੈਂ ਬਿਲਕੁਲ ਯਤੀਮ ਹੋ ਕੇ ਆਪਣੇ ਆਪ ਵਿੱਚ ਸੁੰਗੜ ਗਿਆ । ਅਸਲ ਫੈਸਲਾ ਕਦੇ ਹੁੰਦਾ ਹੀ ਨਹੀਂ! ਔਖਾ ਸੌਖਾ ਫੇਰ ਪੈੱਨ 'ਤੇ ਉਂਗਲਾਂ ਘੁੱਟਦਾ ਹਾਂ...

'' ਮੇਰਾ ਚਾਚਾ ਸ਼ਰਾਬੀ, ਕਬਾਬੀ ਹੈ... ''

ਸਾਰੀ ਉਮਰ ਦਾਰੂ ਦਾ ਜੁਗਾੜ ਓਹਦਾ ਬਣਦਾ ਈ ਰਿਹੈ । ਮੈਂ ਸਹੁੰ ਖਾ ਕੇ ਯਕੀਨ ਨਾਲ ਕਹਿ ਸਕਦਾਂ ਕਿ ਮੇਰੀ ਸਮਝ ਤੋਂ ਲੈ ਕੇ ਅੱਜ ਤੱਕ ਉਸ ਨੇ ਕਦੇ ਨਾਗਾ ਨੀਂ ਪਾਇਆ ਹੋਣਾ । ਮੇਰੇ ਪੈਸੇ ਥੁੜ੍ਹੇ ਈ ਰਹਿੰਦੇ ਐ । ਮੈਂ ਗਰਮੀਆਂ ਵਿੱਚ ਰੋਜ਼ ਬੀਅਰ ਦੀ ਇੱਕ ਬੋਤਲ ਪੀਣ ਤੋਂ ਵੀ 'ਅੱਜ ਮੰਗਲਵਾਰ ਐ', 'ਅੱਜ ਵੀਰਵਾਰ ਐ' ਕਰੀ ਜਾਂਦਾਂ । ਇਸ ਉਮਰ ਤੱਕ ਵੀ ਜਦੋਂ ਕਿ ਉਹ ਆਪਣੀਆਂ ਧੀਆਂ, ਪੁੱਤਾਂ, ਤੀਵੀਂ ਲਗਭਗ ਸਭ ਵੱਲੋਂ ਤਿਆਗਿਆ ਹੋਇਐ... ਨਾ ਕੋਈ ਉਸ ਨੂੰ ਮਿਲਣ ਆਉਂਦਾ, ਆਪ ਉਹ ਕਿਤੇ ਜਾਂਦਾ ਨੀਂ । ਤਾਂ ਵੀ ਪਤਾ ਨਹੀਂ ਰੋਜ਼ ਪੀਣ ਦਾ ਜੁਗਾੜ ਕਿੱਥੋਂ, ਕਿਵੇਂ ਕਰੀ ਜਾਂਦੈ । ...ਤੇ ਮਰਿਆ ਵੀ ਨਹੀਂ । ਕਿਉਂਕਿ ਮੈਨੂੰ ਉਸ ਦਾ ਸੁਨੇਹਾ ਨਹੀਂ ਆਇਆ । ਸੱਠ ਨੂੰ ਜਾ ਪੁੱਜਾ ਹੋਣੈ । ਬੜਾ ਰਸ਼ਕ ਆਉਂਦੈ...

ਏਦੂੰ ਹੋਰ ਵੀ ਬੜਾ ਰਸ਼ਕ ਏਸ ਕਰਕੇ ਆਉਂਦੈ ਕਿ ਪਤਾ ਨਹੀਂ ਉਸ ਨੇ ਕਿੰਨੀਆਂ ਓਪਰੀਆਂ ਤੀਵੀਂਆਂ 'ਤੇ ਹੱਥ ਫੇਰ ਦਿੱਤਾ ਹੋਣੈ । ਕਿੰਨੀਆਂ ਹੀ ਤੀਵੀਂਆਂ ਦੇ ਨਾਂਓ ਮੇਰੀ ਮਾਂ ਨੇ ਮੈਨੂੰ ਦੱਸੇ । ਅਜਿਹੇ ਵਹੀ ਖਾਤਿਆਂ ਦਾ ਹਿਸਾਬ ਲਾਉਂਦੇ ਊਂਈ ਮੇਰਾ ਸਾਹ ਫੁੱਲ ਜਾਂਦੈ । ਭਾਵੇਂ ਉਹ ਸਭ ਚਾਰ ਰੋਟੀਆਂ, ਜਾਂ ਦੋ ਕੱਪੜਿਆਂ ਖੁਣੋਂ ਥੁੜ ਦੀਆਂ ਮਾਰੀਆਂ ਹੋਣ...

''ਕੋਈ ਐਬ ਬਚਦਾ ਦੁਨੀਆ ਦਾ ਜਿਹੜੇ ਤੇਰੇ ਵਿੱਚ ਨਾ ਹੋਵੇ'', ਮੇਰੀ ਮਾਂ ਕਦੇ ਕਦੇ ਉਸ ਨੂੰ ਆਖ਼ਰੀ ਮਿਹਣਾ ਮਾਰਨ ਤੋਂ ਨਹੀਂ ਸੀ ਹਟਦੀ । ਤੇ ਉਸ ਨੂੰ ਦੁਆਨੀ ਦਾ ਨਹੀਂ ਸੀ ਗਿਣਦੀ ।

''ਅੱਗ ਦਾ ਫੂਕਿਆ ਅਮਲੀ ''

ਸਾਂਝੀ ਜਮੀਨ ਦੀ ਕਮਾਈ ਵਿੱਚੋਂ ਐਬ ਕਰਨ ਕਰਕੇ ਬਾਪੂ ਕਦੇ ਉਸ ਦੇ ਮੂੰਹ ਉੱਤੇ ਤੇ ਪਿੱਠ ਪਿੱਛੇ ਹਰ ਰੋਜ਼ ਭੌਂਕਦਾ, ''ਜਦ ਵੀ ਇਸ ਟੱਬਰ ਦਾ ਬੇੜਾ ਗਰਕ ਹੋਇਆ ਭੱਠਾ ਬੈਠਿਆ ਤੇਰੇ ਕਰਕੇ ਬੈਠੂੁ''

ਚਾਚੀ ਅੰਦਰ ਵੜ ਕੇ ਉਸ ਦੀ ਬਥੇਰੀ ਕੁਪੱਤ ਕਰਦੀ । ਪਰ ਜਦ ਕਦੇ ਸਭ ਦੇ ਸ੍ਹਾਮਣੇ ਜੂਤ–ਪਰੇਟ ਹੁੰਦੀ ਤਾਂ: ''ਸਾਰਾ ਦਿਨ ਹੱਡ ਵਾਹ ਕੇ ਜੇ ਸ਼ਾਮ ਨੂੰ ਪਊਆ ਪੀ ਿਲੰਦਾ ਤਾਂ ਅਪਣੀ ਕਮਾਈ ਦੀ ਪੀਂਦਾ । ਕਿਸੇ ਦੇ ਬਾਪ ਦੀ ਨੀਂ ਪੀਂਦਾ ਹਰਾਮ ਦੇ ਦੀ ।''

ਮੇਰੀ ਅੰਮਾਂ ਲਈ ਉਹ ਪੇਟ–ਅਰੋੜੀ ਦਾ ਸੀ । ਪਰ ਬਾਬਾ... ਬਾਬੇ ਨੇ ਤਾਂ ਮਰਨ ਵੇਲੇ ਮੰਜੀ 'ਤੇ ਕੁੱਬੇ ਬੈਠੇ ਹੋਏ ਨੇ ਚਾਹ ਦਾ ਕਿਰਮਚੀ ਮੱਗ ਉਸ ਦੇ ਮੂੰਹ 'ਤੇ ਦੇ ਮਾਰਿਆ... ਜਦ ਚਾਚੇ ਨੇ ਉਸ ਨੂੰ ਕਿਹਾ:

''ਦੋ ਮੁੰਡੇ ਐ ਤੇਰੇ । ਮੇਰੇ ਹਿੱਸੇ 'ਚ ਤੇਰੀ ਅੱਧੀ ਲੋਥ ਆਉਂਦੀ ਐ । ਮੈਂ ਅਪਣੀ ਅਲੱਗ ਫੂਕੂੰ ।''

ਕਦੇ ਸਵੇਰੇ ਈ ਸ਼ਾਂਤ ਜਿਹਾ ਲਗਦਾ ਉਹ ਘਰ ਦੇ ਖੁੱਲ੍ਹੇ ਵੱਡੇ ਵਿਹੜੇ ਵਿੱਚ ਰੜਕਾ ਮਾਰਨ ਲੱਗ ਪੈਂਦਾ । ਹੁਣ ਉਸ ਨੂੰ ਪੁੱਛੇ ਕਿਹੜਾ ਬਈ ਤੈਨੂੰ ਕੀ ਹੋਇਆ? ਕੀ ਕਰਨ ਲੱਗਿਆਂ? ਰਾਤ ਦੀ ਹਨੇਰੀ ਨਾਲ ਟੁੱਟੇ ਦਰਖ਼ਤਾਂ ਦੇ ਪੱਤੇ, ਡੱਕੇ, ਤੁੱਕੇ, ਫੂਸ ਰੜਕ ਕੇ ਖੂੰਜੇ ਵਿੱਚ ਢੇਰੀ ਲਾ ਦਿੰਦਾ । ਬਾਪੂ ਉਸ ਨੂੰ 'ਸੁਆਹ ਉੜਾਉਂਦੇ' ਨੂੰ ਦੇਖ ਕੇ 'ਹੂੰਅ' ਕਰ ਦਿੰਦਾ । ਬਾਕੀ ਸਭ ਸੋਚੀ ਜਾਂਦੇ, ਦੇਖੀ ਜਾਂਦੇ ਬਈ ਇਹ ਕੀ ਕੌਤਕ ਕਰਨ ਲੱਗਿਆ । ਪਤਾ ਉਦੋਂ ਈ ਲੱਗਿਆ ਜਦੋਂ ਘਾਹ ਫੂਸ ਦੀ ਢੇਰੀ ਨੂੰ ਅੱਗ ਲਾਉਣ ਲਈ ਉਸ ਨੇ ਬਿਨਾਂ ਕਿਸੇ ਦਾ ਨਾਂਓ ਲਏ ਸਾਂਝੇ ਘਰ ਵਿੱਚ ਨੂੰ ਤਿੱਖੀ ਹਾਕ ਮਾਰ ਦਿੱਤੀ:

''ਸੀਂਖਾਂ ਦੀ ਡੱਬੀ ਲਿਆ ਓਅ... ਏ...'', ਤੇ ਉਸ ਤੋਂ ਵੀ ਵੱਧ ਸਾਫ਼ ਸੁਥਰੀ ਸਮਝ ਤਾਂ ਲੱਗੀ ਜਦੋਂ ਉਸ ਨੇ ਕੁੜਤੇ ਦੀ ਬੱਖੀ 'ਚੋਂ ਗਰਦਣ ਭਾਰ ਘਸੋਇਆ ਮਰਿਆ ਕਬੂਤਰ ਕੱਢ ਕੇ ਬਲਦੀ ਅੱਗ 'ਤੇ ਧਰ ਦਿੱਤਾ । ਪਤਾ ਨਹੀਂ ਤੜਕੇ ਤੜਕੇ ਕਬੂਤਰ ਉਸ ਨੇ ਕਿੱਥੋਂ ਮਾਰ ਲਿਆਂਦਾ ਸੀ । ਜਾਂ ਰਾਤ ਦੀ ਨ੍ਹੇਰੀ 'ਚ ਮਰ ਕੇ ਡਿੱਗਿਆ ਪਿਆ ਕਿਤੋਂ ਓਹਦੇ ਹੱਥ ਲੱਗ ਗਿਆ ਸੀ ।

'' ਬੱਡੀ ਕਰਦ ਲਿਆ ਓਅ... ਏ... ''

'' ਪਲੇਟ ਲਿਆ ਓਅ... ਏ... ''

ਉਸ ਦੀਆਂ ਗੋਲ਼ ਮੋਲ ਹਾਕਾਂ ਦੇ ਮੈਂ ਹੀ ਜੁਆਬ ਦਿੰਦਾ ਜਦ ਮੈਂ ਘਰ ਹੁੰਦਾ । ਓਹਦੇ ਬੱਚੇ ਤਾਂ ਮੇਰੇ ਸ੍ਹਾਮਣੇ ਜੰਮੇ ਸਨ ।

ਅੱਗ ਨਾਲ ਤੜਫ਼ਦੀਆਂ ਛਿੱਟੀਆਂ ਦੇ ਢੇਰ ਦੁਆਲੇ ਉੱਠਦਾ, ਬੈਠਦਾ, ਘੁੰਮਦਾ ਕਬੂਤਰ ਨੂੰ ਤੇਜ ਅੱਗ ਉਪਰ ਨੂੰ ਕਰੀ ਜਾਂਦਾ । ਆਪਣੀਆਂ ਲਾਲਾਂ ਚੂਸੀ ਜਾਂਦਾ । ਭੁੱਜਦਾ ਕਬੂਤਰ ਤੇਜ ਬੁਖ਼ਾਰ ਚੜ੍ਹੇ ਮਰੀਜ਼ ਵਾਂਗ ਵਟੇ ਖਾਈ ਜਾਂਦਾ । ਤੇ ਅੰਤ ਨੂੰ ਕਬੂਤਰ ਪਹੁੰਚਿਆਂ ਤੋਂ ਲੈ ਕੇ ਚੁੰਜ ਦੀ ਨੋਕ ਤੱਕ ਪੂਰੀ ਲੰਬਾਈ, ਚੁੜਾਈ ਤੇ ਖਿਚਾਈ ਦਿਖਾ ਕੇ ਟਿੱਕ ਗਿਆ । ਚਾਚੇ ਨੇ ਨਿੱਚਲਾ ਜਿਹਾ ਬਣੇ ਕਬੂਤਰ ਦਾ ਕਲਬੂਤ ਪੰਜਿਆਂ ਤੋਂ ਫੜ ਕੇ ਪਲੇਟ 'ਚ ਟਿਕਾ ਦਿੱਤਾ । ਹੱਥਾਂ ਨੂੰ ਫੂਕ ਮਾਰ ਕੇ ਸਾਫ਼ ਕੀਤਾ । ਠੰਡੇ ਹੁੰਦੇ ਕਬੂਤਰ ਨੂੰ ਛੁਰੀ ਨਾਲ ਘਰੋੜ ਘਰੋੜ ਕੇ ਉੱਬਲੇ ਹੋਏ ਆਂਡੇ ਵਾਂਗ ਛਿੱਲ ਦਿੱਤਾ । ਸਿਰ ਪੰਜੇ ਪੋਟਾ, ਗੰਦ ਮੰਦ ਕੱਟ ਕੇ ਅੱਗ 'ਚ । ਖਾਣ ਵਾਲਾ ਸਾਫ਼ ਬੈਂਗਣੀ ਰੰਗ ਦਾ ਮੀਟ ਪਲੇਟ 'ਚ... ਤੇ ਅੱਖਾਂ ਧੂੰਏ ਨਾਲ ਲਾਲ । ''ਲਾ ਤੁੜਕਾ ਓਅ... ਏ...'' ਆਖ਼ਰੀ ਹਾਕ ਦੇ ਆਉਣ ਦਾ ਉਸ ਦੀ ਤੀਵੀਂ ਨੂੰ ਕਦੋਂ ਦਾ ਪਤਾ ਹੁੰਦਾ ਸੀ । ਮੈਨੂੰ ਉਸ ਦੇ ਕਬੂਤਰ ਭੁੰਨ ਕੇ ਇਕੱਲੇ ਈ ਖਾਣ ਉੱਤੇ ਅੱਜ ਤੱਕ ਰਸ਼ਕ ਈ ਆਈ ਜਾਂਦਾ । ਵੰਡ ਕੇ ਖਾਣ ਦੀ ਗੱਲ ਉਹ ਉਰਦੂ ਵਿੱਚ ਪੜਿ੍ਹਆ ਈ ਨਹੀਂ ਸੀ ।

ਗਰਮੀਆਂ 'ਚ ਕਿੱਕਰ ਹੇਠ ਬੈਠਾ ਮੈਨੂੰ ਕਹਿੰਦਾ:''ਤੂੰਬੀ ਲਿਆ, ਅਪਣੀ ਚਾਚੀ ਤੋਂ,'' ਉਸ ਦੀ ਆਵਾਜ਼ ਤੋਂ ਮੇਰੀ ਮਾਂ ਕੰਨ ਖੜ੍ਹੇ ਕਰ ਲੈਂਦੀ ਸੀ । ਘਰੋਂ ਬਾਹਰ ਨਿਕਲ ਆਈ ।

''ਨਲਕਾ ਗੇੜ ਦੱਬ ਕੇ । ਫੱਟ ਦੇ ਕੇ ਠੰਡਾ ਪਾਣੀ ਕੱਢ ।''

''ਚਾਕੂ ਲਿਆ ।''

''ਨਾਲੇ ਨੂਣ ਵੀ ਲਿਆ'' ਬਹੁਤੀ ਭਰੀ ਤੂੰਬੀ 'ਚੋਂ ਥੋੜ੍ਹਾ ਕੁ ਪਾਣੀ ਡੋਲ ਦਿੱਤਾ । ਖੀਸੇ 'ਚੋਂ ਤਿੰਨ ਨਿੰਬੂ ਕੱਢ ਕੇ ਐਨ ਵਿਚਾਲਿਓਂ ਕੱਟ ਕੇ ਬਰਾਬਰ ਦੇ ਦੋ ਦੋ ਟੁਕੜੇ ਕਰ ਦਿੱਤੇ । ਸਾਰੀਆਂ ਫਾੜੀਆਂ ਤੂੰਬੀ 'ਚ ਘਸੋ ਕੇ ਐਂ ਮਸਲ ਦਿੱਤੀਆਂ ਜਿਵੇਂ ਕਦੇ ਮੈਨੂੰ ਨਲ੍ਹਾਉਂਦੇ ਨੇ ਮੇਰੇ ਗਿੱਟੇ ਰਗੜ ਦਿੱਤੇ ਸਨ । ਗਿੱਟੇ ਵਿਆਹ ਤੋਂ ਦੂਸਰੇ ਦਿਨ ਵੀ ਦੁੱਖਦੇ ਰਹੇ ਸਨ ।

ਤੂੰਬੀ ਮੂੰਹ ਨੂੰ ਲਾ ਕੇ ਸਾਰੀ ਸਕੰਜਵੀਂ ਪੀ ਗਿਆ ।

''ਚੱਕ ਤੂੰਬੀ । ਚਾਕੂ । ਰੱਖ ਅੰਦਰ । ਕੋਈ ਚੱਕ ਕੇ ਲੇ ਜੂ''

''ਐਂ ਨੀਂ ਬੀ ਨਿਆਣੇ ਨੂੰ ਵੀ ਘੁੱਟ ਦੇ ਦਮਾਂ'', ਮੇਰੀ ਮਾਂ ਨੇ ਕਦੇ ਉਸ ਨੂੰ ਫੁੱਟੀ ਕਾਣੀ ਕੌਡੀ ਦਾ ਨਹੀਂ ਸੀ ਸਮਝਿਆ । 'ਬੇ ਅਕਲ' । ਜੇ ਉਹ ਸੋਫ਼ੀ ਵੀ ਹੁੰਦਾ ਤਾਂ ਵੀ ਮਾਂ ਨੂੰ ਸ਼ਰਾਬੀ ਈ ਲੱਗਦਾ । ਉਹ ਕਦੇ ਨਾ ਚਾਹੁੰਦੀ ਕਿ ਚਾਚਾ ਉਸ ਦੇ ਬੱਚਿਆਂ ਨੂੰ ਬੁਲਾਵੇ । ਕੰਮ ਲਾਵੇ । ਜਾਂ ਕਿਤੇ ਨਾਲ ਲਿਜਾਵੇ । ਭਾਣਜੀ ਦਾ ਨਾਨਕ ਸ਼ੱਕ ਲਾਉਣ ਜਾਣਾ ਸੀ ਤਾਂ ਮਾਂ ਓਹਦੇ ਨਾਲ ਲੜ ਈ ਪਈ । ਪਰ ਉਹ ਕਿੱਥੇ ਕਿਸੇ ਦੀ ਸੁਣਦਾ ਸੀ । ਮੈਂ ਵੀ ਬੂਆ ਦੇ ਪਿੰਡ ਮਾਂ–ਬਾਪ ਨਾਲ ਵਿਆਹ 'ਤੇ ਜਾਣਾ ਸੀ । ਮਾਂ ਨੇ ਮੇਰੇ ਸਿਰ 'ਤੇ ਹਲਕੀ ਗੁਲਾਬੀ ਮਾਵਾ ਦਿੱਤੀ ਪਗੜੀ ਬੰਨ੍ਹ ਦਿੱਤੀ । ਤੇ ਵਿਆਹ 'ਚ ਦੇਣ ਵਾਲੇ ਕੁੜਤੀ–ਝੋਨੇ ਤਹਿਆਂ ਮਾਰ ਕੇ ਗਿਣਨ ਲੱਗ ਪਈ । ਚਾਚਾ ਅੱਗ ਲੱਗੀ ਵਾਂਗ ਬਜ਼ਾਰ ਤੋਂ ਸਾਇਕਲ 'ਤੇ ਮੁੜਿਆ । ਸਮਾਨ ਦੇ ਝੋਲੇ ਸਿੱਟ ਕੇ, ਮੇਰੀ ਕੱਛ ਹੇਠ ਹੱਥ ਪਾਇਆ ਤੇ ਮੈਨੂੰ ਮੂਲੀ ਵਾਂਗ ਪੁੱਟ ਕੇ ਸਾਇਕਲ ਦੇ ਕੈਰੀਅਰ 'ਤੇ ਟੰਗ ਦਿੱਤਾ । ਵਿਆਹ ਦੀ ਤਿਆਰੀ ਕਰਦੇ ਸਾਰੇ ਜੀਆਂ 'ਚੋਂ ਉਹ ਮੇਰੇ ਈ ਗਲ਼ ਕਿਉਂ ਪੈ ਗਿਆ? ਮੈਂ ਘਬਰਾ ਗਿਆ । ਮੇਰੀ ਮਾਂ ਨੂੰ ਅੱਗ ਲੱਗ ਗਈ । ''ਓ ਤੈਨੂੰ ਹੁਣ ਕਿਆ ਦੌਰਾ ਪੈ ਗਿਆ । ਤਿਆਰ ਬਿਆਰ ਹੋਏ ਨਿਆਣੇ ਨੂੰ ਕਿੱਥੇ ਨੂੰ ਘੜੀਸ ਲੇ ਚੱਲਿਆ?'' ਪਰ ਉਸ ਦਾ ਸਾਇਕਲ ਮੈਨੂੰ ਢੋਂਦਾ ਬਜ਼ਾਰ ਨੂੰ ਤੁਰ ਪਿਆ ।

''ਸਿਰ 'ਚ ਪਈਆਂ ਧੜੀ ਜੂੰਆਂ । ਬੰਨ੍ਹੀ ਪੱਗ ਮਾਵਾ ਦੇ ਕੇ । ਨ੍ਹਾਉਣਾ ਨਾ ਧੋਣਾ '' ਮੇਰੇ ਸਿਰ 'ਚ ਫੇਰ ਕਿਸੇ ਕਾਲੀ ਮੋਟੀ ਜੂੰ ਨੇ ਦੰਦੀ ਵੱਡੀ । ਮੈਂ ਸਿਰ 'ਚ ਜੂੰ ਤੋਂ ਬਦਲਾ ਲੈਣ ਲਈ ਪੱਗ ਦੇ ਪੇਚਾਂ ਵਿੱਚੀਂ ਘਰੂਟ ਮਾਰਿਆ । ਮੇਰੀ ਪੱਗ ਪਹਿਲਾਂ ਹੀ ਢਿੱਲੀ ਹੋਈ ਪਈ ਸੀ । ਹੋਰ ਢਿੱਲੀ ਹੋ ਗਈ । ਚਾਚੇ ਨੇ ਮੈਨੂੰ ਘਰ ਵੜਦੇ ਸਾਰ ਹੀ ਪੱਗ ਦੇ ਲੜਾਂ ਵਿੱਚੀਂ ਉਂਗਲਾਂ ਵਾੜ ਵਾੜ ਕੇ ਜੂੰਆਂ ਨਾਲ ਲੜਦੇ, ਪੱਗ ਬੀਂਗੀ ਕਰਦੇ ਦੇਖ ਲਿਆ ਹੋਵੇਗਾ । ਮੈਨੂੰ ਪਤਾ ਹੀ ਨਾ ਲੱਗਿਆ ਕਿ ਕਦ ਉਸ ਨੇ ਮੈਨੂੰ ਚੁੱਕ ਕੇ ਨਾਈ ਦੀ ਕੁਰਸੀ 'ਚ ਸਿੱਟ ਦਿੱਤਾ । ਨਾਈ ਨੂੰ ਪਤਾ ਨਹੀਂ ਉਸ ਨੇ ਕਦ ਕੀ ਸਮਝਾ ਦਿੱਤਾ । ਜਦ ਮੈਨੂੰ ਸਮਝ ਲੱਗੀ ਤਾਂ ਮੇਰੇ ਸਾਰੇ ਵਾਲ ਹਜ਼ਾਮਤ ਹੋ ਚੁੱਕੇ ਸਨ । ਨਾਈ ਦੇ ਹੱਥ ਪੈਸੇ ਫੜਾਏ । ਮੇਰੇ ਹੱਥ ਸਾਫ਼ਾ ਫੜਾ ਕੇ ਉਵੇਂ ਸਾਇਕਲ 'ਤੇ ਘੜੀਸਦਾ ਮੈਨੂੰ ਘਰ ਲੈ ਆਇਆ । ਮੈਨੂੰ ਦੇਖ ਮੇਰੀ ਮਾਂ ਚੁੱਪ ਹੋ ਗਈ । ਬਾਪੂ ਸਿਰ ਨੀਵਾਂ ਕਰੀ ਬੈਠਾ ਰਿਹਾ । ਵਿਆਹ ਦੀ ਤਿਆਰੀ, ਸਗਨਾਂ ਦਾ ਕਾਰਜ... ਕਾਟੋ ਕਲੇਸ਼... ਜਿਸ ਨੂੰ ਬਾਪੂ ਹਮੇਸ਼ਾ ਟਾਲਣਾ ਹੀ ਠੀਕ ਸਮਝਦਾ । ਮੈਂ ਘਾਬਰਿਆ ਆਪਣੇ ਆਪ ਨੂੰ ਪਛਾਨਣ ਤੋਂ ਵੀ ਗਿਆ ਗੁਜਰਿਆ ਰੋਣ ਹਾਕਾ ਹੋਈ ਖੜ੍ਹਾ ਰਿਹਾ । ਕੋਈ ਮੇਰੀ ਮੱਦਦ ਨੂੰ ਨਾ ਆਇਆ । ਏਦੂੰ ਵੀ ਵੱਧ ਡਰ ਮੈਨੂੰ ਫੇਰ ਲੱਗਣਾ ਸ਼ੁਰੂ ਹੋਇਆ ਜਦ ਚਾਚੇ ਨੇ ਮੇਰੇ ਸਾਰੇ ਕੱਪੜੇ, ਬੰਦ ਕੀਤੇ ਕਰੜੇ ਮੂੰਹ ਨਾਲ ਬਿਨਾਂ ਕੁਝ ਬੋਲਿਆਂ, ਲਾਹ ਦਿੱਤੇ ਤੇ ਮੈਨੂੰ ਗੁੱਟ ਤੋਂ ਫੜ ਕੇ ਨਲਕੇ 'ਤੇ ਲੈ ਗਿਆ । ਕਿਸੇ ਹੋਰ... ਪਤਾ ਨਹੀਂ ਕਿਸ ਨੂੰ ਨਲਕਾ ਗੇੜਨ ਲਾ ਦਿੱਤਾ... ਤੇ ਮੈਨੂੰ ਕੱਪੜੇ ਧੋਣ ਵਾਲੇ ਸਾਬਣ ਨਾਲ ਨਲ੍ਹਾਓਣਾ ਸ਼ੁਰੂ ਕਰ ਦਿੱਤਾ । ਸਾਰਾ ਪਿੰਡਾ ਮਾਂਜ ਕੇ ਰੱਖ ਦਿੱਤਾ । ਇੰਨੇ ਜ਼ੋਰ ਦੀ 'ਗੂਠਿਆਂ, ਉਂਗਲ਼ੀਆਂ ਨਾਲ ਮੇਰਾ ਪਿੰਡਾ ਰਗੜਿਆ ਕਿ ਚਮੜੀ ਲਾਲ ਹੋ ਗਈ... ਤੇ ਗਿੱਟੇ...

''ਬਣ ਗਿਆ ਨਾ ਬੰਦਾ'' ਮੈਥੋਂ ਵਿਹਲਾ ਹੋ ਕੇ ਉੱਬਲੀ ਚਾਹ ਪੱਤੀ ਵਰਗਾ ਜਰਦਾ, ਬੁੱਲਾਂ ਵਿੱਚੋਂ ਜੀਭ ਦੀ ਨੋਕ ਨਾਲ ਚੁੱਕ ਕੇ ਥੁੱਕ ਦਿੱਤਾ । ਤੇ ਡੈਂਬਰੀ ਖੜ੍ਹੀ ਮੇਰੀ ਮਾਂ ਵੱਲ ਝਾਕਿਆ ।

''ਜੂੰਆਂ ਨਾਲ ਸਿਰ ਭਰਿਆ... ਬੰਨ੍ਹ 'ਤੀ ਪੱਗ ਮਾਵੇ ਆਲੀ... ਵਿਆਹ ਨੂੰ ''

ਚਾਚੇ ਤੋਂ ਛੁੱਟ ਕੇ ਬਚੇ ਆਏ ਮੈਨੂੰ ਦੇਖ ਕੇ ਮਾਂ ਨੇ ਸੁੱਖ ਦਾ ਸਾਹ ਲਿਆ । ਤੇ ਜਿੱਥੇ ਚਾਚੇ ਨੇ ਜਰਦਾ ਥੁੱਕਿਆ ਸੀ ਉੱਥੇ ਹੀ ਥੁੱਕ ਦਿੱਤਾ । ਮੈਂ ਆਪਣੀ ਮਾਂ ਤੋਂ ਇਹ ਗੱਲ ਲੁਕੋ ਕੇ ਰੱਖਦਾ ਕਿ ਚਾਚਾ ਮੈਨੂੰ ਜੀ ਟੀ ਰੋੜ ਵਾਲੀਆਂ ਦੁਕਾਨਾਂ ਤੋਂ ਪਾਨ ਤੇ ਜਰਦਾ ਲੈਣ ਭੇਜ ਦਿੰਦਾ ਸੀ । ਜਰਦਾ ਤਾਂ ਉਸ ਦੀਆਂ ਜ੍ਹਾਬਾਂ ਵਿੱਚ ਅੜਿਆ ਈ ਰਹਿੰਦਾ ਸੀ । ਮੱਕੀ ਗੁੱਡਦਾ ਇੱਕ ਵਾਰ ਮੇਰੇ ਪਿੱਛੇ ਪੈ ਗਿਆ:

''ਇਨ੍ਹੀ ਪੈਰੀਂ ਮੁੜ ਜਾ । ਤੈਂ ਨਾਂਓ ਨੀਂ ਲਿਆ ਮੇਰਾ?''

''ਲਿਆ ਤਾ ''

''ਕਿਆ ਕਿਹਾ?''

''ਚਾਚੇ ਨੇ ਪਾਨ ਮੰਗਾਇਆ''

''ਓ ਕੋੜ੍ਹੀ, ਤੈਂ ਨਾਂਓ ਲੇਣਾ ਤਾ ਮੇਰਾ!'', ਨਾਂਓ ਮੈਂ ਕਦੇ ਵੀ ਨਾ ਲੈ ਸਕਿਆ ਉਸ ਦਾ । ਅੱਗ ਦੀ ਲਾਟ ਵਰਗਾ ਨਾਂਓ । ਚੌਵੀ ਘੰਟੇ ਉਸ ਦੇ ਨਾਂਓ ਨੂੰ ਅੱਗ ਲੱਗੀ ਰਹਿੰਦੀ ।

''ਜਾਹ, ਮੋੜ ਕੇ ਆ । ਚੱਕ ਲਿਆਇਆ ਮਿੱਠਾ ਪਾਨ । ਜਾਹ! ਜਰਦੇ ਆਲਾ ਪਾਨ ਲਿਆਈਂ ।'' ਮੈਨੂੰ ਪਨਵਾੜੀ ਨੇ ਪੁੱਛਿਆ ਸੀ, ਕਿਹੜਾ ਪਾਨ ਦਵਾਂ, ਮਿੱਠਾ... ਕਿ... ਦੂਆ... ਤੇ ਮੈਂ ਜਿਵੇਂ ਆਪ ਖਾਣਾ ਹੋਵੇ ਮਿੱਠਾ ਪਾਨ ਮੰਗ ਲਿਆ ਸੀ । ਜੇ ਉਸ ਦਾ ਨਾਂਓ ਲੈ ਦਿੰਦਾ, ਤਾਂ... ਉਸ ਨੂੰ , ਉਸ ਦੇ ਨਾਂਓ ਨੂੰ , ਸ਼ਰਾਬ ਦੇ ਠੇਕਿਆਂ, ਹਾਤਿਆਂ ਵਾਲੇ, ਪਾਨ, ਬੀੜੀਆਂ, ਸਿਗਰਟਾਂ ਵੇਚਣ ਵਾਲੇ ਸਭ ਜਾਣਦੇ ਸਨ । ਦਾਰੂ, ਕੌੜੀ ਜ਼ੁੁਬਾਨ ਤੇ ਹੋਰ ਕਰਤੂਤਾਂ ਕਰਕੇ, ਜਿਹਨਾਂ ਦੀ ਮੇਰੀ ਅਨਪੜ੍ਹ ਮਾਂ ਨੇ ਲਿਸਟ ਬਣਾਈ ਹੋਈ ਸੀ, ਸਾਰੇ ਇਲਾਕੇ 'ਚ ਤੇ ਰਿਸ਼ਤੇਦਾਰੀਆਂ 'ਚ ਬਦਨਾਮ ਤੇ ਮੇਰੀ ਮਾਂ ਲਈ ''ਦੁਆਨੀ ਦਾ ਨੀਂ ''...

... ਮੇਰੀ ਮਾਂ ਲਈ ਉਹ ਭਾਵੇਂ ਦੁਆਨੀ ਦਾ ਨਾ ਹੋਵੇ, ਜਾਂ ਅਠਿਆਨੀ ਦਾ, ਪਰ ਮੈਨੂੰ ਬਚਪਨ ਦੀਆਂ ਗਰਜਾਂ ਸਾਰਨ ਲਈ ਝੂਠ ਸੱਚ ਸਮਝੇ ਬਗ਼ੈਰ ਚੁਆਨੀ ਦੇ ਦਿੰਦਾ ਸੀ । ਜਦ ਵੀ ਕਦੇ ਮੇਰੀ ਜੀਭ ਛੋਲੇ ਭਟੂਰੇ ਜਾਂ ਇਮਲੀ, ਮੱਛੀਆਂ ਖਾਣ ਨੂੰ ਮੂਤਦੀ ਤਾਂ ਮੈਂ ਝੂਠ ਬੋਲ ਕੇ ਉਸ ਤੋਂ ਚੁਆਨੀ ਮੰਗ ਲੈਂਦਾ ਸਾਂ । ਮੈਂ ਉਂਜ ਉਸ ਨੂੰ ਬੁਲਾਉਂਦਾ ਨਹੀਂ ਸਾਂ । ਉਹੀ ਮੈਨੂੰ ਹਾਕਾਂ ਮਾਰਦਾ ਸੀ । ਸੀ ਜਾਣੀ ਜਾਣ । ਉਸ ਦੇ ਕੋਲ ਜਾ ਕੇ ਹੌਲੀ ਹੌਲੀ ਫੁਸਫੁਸ ਕਰਨੀ:

''ਚਾਚੇ... ''

''ਕਿਆ ਚਾਹੀਦਾ?''

''ਚੁਆਨੀ''

''ਕਿਆ ਕਰਨੀ ਐਂ?''

''ਸਕੂਲ ਦੀ ਕਾਪੀ ਲੇਣੀ ਐਂ... ''

''ਅਪਣੇ ਬਾਪ ਤੋਂ ਮੰਗ'' ਪਰ ਚੁਆਨੀ ਤਲੀ 'ਤੇ ਪਹਿਲਾਂ ਈ ਧਰ ਦਿੰਦਾ ਸੀ । ਜਾਂ ਮੇਰੇ ਵੱਲ ਜਾਂ ਮੇਰੇ ਤੋਂ ਥੋੜ੍ਹਾ ਪਰਾਂਹ ਨੂੰ , ਮੁਰਗੀਆਂ ਨੂੰ ਦਾਣੇ ਪਾਉਣ ਵਾਂਗ ਵਗਾਹ ਕੇ ਮਾਰ ਦਿੰਦਾ ਸੀ । ਭੁਆਟਣੀਆਂ ਖਾਂਦੀ ਚੁਆਨੀ, ਨੱਚਦੀ ਮੇਰਾ ਧਿਆਨ ਖਿੱਚ ਲੈਂਦੀ । ਚੁਆਨੀ ਚਾਚੇ ਨੂੰ ਵੀ ਭੁਲਾ ਦਿੰਦੀ । ਮੇਰੇ ਸਾਂਝੇ ਪ੍ਰੀਵਾਰ ਵਿੱਚ ਕਿਸੇ ਵੀ ਬੱਚੇ ਨੂੰ ਦਿੱਤੀ ਜਾਣ ਵਾਲੀ ਇਹ ਸਭ ਤੋਂ ਵੱਡੀ ਰਕਮ ਹੁੰਦੀ ਸੀ... ਤੇ ਫੇਰ ਚੁਆਨੀ ਮੈਨੂੰ ਲੈ ਕੇ ਘੜੀਸੀ ਫਿਰਦੀ... ਨਾ ਚਾਚਾ ਮੁੜ ਕੇ ਪੁੱਛਦਾ ਕਿ ਕਾਪੀ ਲਈ ਕਿ ਨਹੀਂ । ਐਦਾਂ ਹੀ ਮੈਂ ਕਦੇ ਸਲੇਟ ਤੋੜ ਦਿੰਦਾ । ਸਲੇਟੀਆਂ ਮੁਕਾ ਦਿੰਦਾ । ਕਦੇ ਸਿਆਹੀ ਡੋਲ੍ਹ ਦਿੰਦਾ । ਯਾਦ ਨਹੀਂ ਕਦੇ ਮੈਂ ਮੰਗਿਆ ਹੋਵੇ... ਤੇ ਉਸ ਨੇ ਮੈਨੂੰ ਖਾਲੀ ਮੋੜ ਦਿੱਤਾ ਹੋਵੇ:

''ਚੁਆਨੀ ਨੀਂ ਹੈਗੀ ਅੱਜ । ਦਸੀ ਨਾਲ ਸਾਰ । ਆ ਜਾਂਦਾ ਰੋਜ਼ ਹੜਿੱਕਦਾ । ਚਲ ਭੱਜ ਜਾ'' ਫਟੇ ਹੋਏ ਮੂੰਹ ਨਾਲ ਪਤਾ ਨਹੀਂ ਕਦ ਕਿਸੇ ਨੂੰ ਕੀ ਕਹਿ ਦੇਵੇ । ਪਰ ਮੇਰੀ ਕਿਹੜਾ ਉਦੋਂ ਕੋਈ ਇੱਜ਼ਤ ਹੁੰਦੀ ਸੀ । ਉਸ ਤੋਂ ਕੌੜੀਆਂ ਗੱਲਾਂ ਤਾਂ ਮੇਰਾ ਬਾਪੂ ਵੀ ਮੈਨੂੰ ਕਹਿ ਦਿੰਦਾ ਸੀ । ਬਾਪੂ ਭਾਵੇਂ ਪੰਜ ਰੁਪਏ ਵੀ ਦੇ ਦਿੰਦਾ ਸੀ ਪਰ ਬਾਅਦ 'ਚ ਹਿਸਾਬ ਪੁੱਛਦਾ ਸੀ । ਉਸ ਤੋਂ ਬਚਣਾ ਮੁਸ਼ਕਿਲ, ਨਾ ਮੁਮਕਿਨ ਸੀ ।

ਕਿੱਥੇ ਉਸ ਦੀਆਂ ਚੁਆਨੀਆਂ!! ਕਿੱਥੇ ਬਾਪੂ ਦਾ ਰੁਪੱਈਆ?

'' ਓਅ... ਏ... ਆ ਬਈ, ਮੇਰੀ ਭਾਫ਼ ਕੱਢ'', ਜਦੋਂ ਚਾਚਾ ਕਦੇ ਅਚਾਨਕ ਐਂਜ ਦਾ ਹੁਕਮ ਉਹ ਵੀ ਰਾਤ ਨੂੰ ਨੌਂ ਵਜੇ ਦਿੰਦਾ ਤਾਂ ਮੇਰੀ ਮਾਂ ਤੇ ਬਾਪ ਮੇਰੇ ਉਸ ਕੋਲੋਂ ਮੁੜ ਆਉਣ ਤੱਕ ਸੌਂਦੇ ਨਹੀਂ ਸਨ । ਨਾਲ ਦੇ ਕਮਰੇ 'ਚ ਪਏ ਵਾਰੋ ਵਾਰੀ 'ਮਾਹਰਾਜ, ਮਾਹਰਾਜ' ਕਰੀ ਜਾਂਦੇ ਸਨ ਜਿਹੜੀ ਡਾਂਗ ਦੇ ਸਹਾਰੇ ਸਰੂਰ 'ਚ ਪਏ ਚਾਚੇ ਦੇ ਕੁੱਲਿ੍ਹਆਂ ਉਪਰ ਖੜ੍ਹੇ ਮੈਨੂੰ ਸੁਣੀ ਜਾਂਦੀ ।

''ਆਹ ਪੈਰ ਥੋੜ੍ਹਾ ਉਪਰ ਨੂੰ ਕਰ'', ਲਾਲਟੈਣ ਦੀ ਰੋਸ਼ਨੀ ਨੇ ਚਾਚੇ ਦੇ ਚਾਰ ਸ਼ਤੀਰੀਆਂ ਵਾਲੇ ਕਮਰੇ ਨੂੰ ਰੁਸ਼ਨਾਇਆ ਪਿਆ ਸੀ । ਮਾਮੂਲੀ ਫ਼ਰਕ ਨਾਲ ਇੱਕੋ ਜਹੇ ਲਗਦੇ ਉਹਨਾਂ ਦੇ ਸਾਰੇ ਨਿਆਣੇ ਸੁੱਤੇ ਪਏ ਸਨ । ਚਾਚੇ ਨੇ ਬੇ ਸੁਰਤੀ 'ਚ ਆਪਣਾ ਹੱਥ ਨਾਲ ਦੇ ਮੰਜੇ 'ਤੇ ਪਈ ਚਾਚੀ ਦੇ ਪੱਟਾਂ 'ਤੇ ਫੇਰ ਦਿੱਤਾ ਸੀ । ਉਹ ਤ੍ਰਬਕ ਕੇ ਉੱਠੀ ਤੇ ਲਾਲਟੈਣ ਦੀ ਬੱਤੀ ਇੰਨੀ ਨੀਂਵੀਂ ਕਰ ਦਿੱਤੀ ਕਿ ਲਾਲਟੈਣ ਬੁੱਝਦੀ ਬੁੱਝਦੀ ਬਚੀ । ਤੇ ਮੈਨੂੰ ਕਹਿੰਦੀ: ''ਜਾ ਪੁੱਤ, ਸਾਰੇ ਨਿਆਣੇ ਸੌਂ ਗੇ, ਤੂੰ ਵੀ ਸੌਂ ਜਾ ।''

ਬਾਅਦ ਵਿੱਚ ਉਮਰ ਦੇ ਹਿਸਾਬ ਜਦੋਂ ਮੈਨੂੰ ਵੀ ਫੰਘ ਲੱਗ ਗਏ ਤਾਂ ਚਾਚੀ ਦੀ ਲਾਲਟੈਣ ਵਾਲੀ ਗੱਲ ਮੈਨੂੰ ਬੜਾ ਸੁਆਦ ਦਿੰਦੀ । ਚਾਚਾ ਤਾਂ ਹੈ ਈ ਐਸ਼ੀ ਪੱਠਾ ਸੀ । ਮੈਨੂੰ ਜੁਆਨ, ਮੁੱਛ–ਫੁੱਟ ਹੁੰਦੇ ਨੂੰ ਮਰਦ ਔਰਤ ਦੀਆਂ ਇੱਕ ਦੂਜੇ ਪ੍ਰਤੀ ਸਥਾਈ ਹੁੜਕ ਨਾਲ ਜੁੜੀਆਂ ਅਸਲੀ ਗੱਲਾਂ ਮਾੜ੍ਹਾ ਜਿਹਾ ਓਹਲਾ ਰੱਖ ਕੇ ਸੁਣਾ ਦਿੰਦਾ । ਚੱਕਰਾਂ 'ਚ ਪਾ ਦਿੰਦਾ । ਇਹਨਾਂ ਗੱਲਾਂ ਨੂੰ ਪਿੱਛੋਂ ਯਾਦ ਕਰ ਕੇ, ਕੁਝ ਹੋਰ ਮਸਾਲਾ ਕੋਲੋਂ ਲਾ ਕੇ ਆਪਣੇ ਨਾਲ ਪੜ੍ਹਦੇ ਨੌਵੀਂ ਦਸਵੀਂ ਦੇ ਜਮਾਤੀਆਂ ਨੂੰ ਵੰਡ ਕੇ ਮੇਰਾ ਸਿਰ ੳੇੁਹਨਾਂ ਤੋਂ ਦਸ ਗਿੱਠ ਉੱਚਾ ਹੋ ਜਾਂਦਾ । ਚੂੜਿ੍ਹਆਂ ਦੀ ਚੜ੍ਹੱਕੀ ਦੇ ਪਿਛਲੇ ਪਾਸੇ ਖੇਤਾਂ ਵਿੱਚ ਸੁੱਟੇ ਫਟੇ ਪੁਰਾਣੇ ਸੁੱਕੇ ਖ਼ੂਨ ਨਾਲ ਆਕੜੇ ਕੱਪੜਿਆਂ ਦੇ ਮੋਈਏ ਜਿਹੇ ਦਾਤੀ ਨਾਲ ਪਰੇ੍ਹ ਕਰਦਿਆਂ ਮੈਨੂੰ ਫਾਂਟ 'ਚ ਬਰਾਬਰ ਕਣਕ ਵੱਢਦੇ ਨੂੰ ਬਿਨਾਂ ਪੁੱਛੇ ਕਹਿ ਦਿੰਦਾ: '' ਕੱਪੜੇ... ਕੱਪੜੇ ਆਉਂਦੇ ਜਨਾਨੀਆਂ ਨੂੰ , ਆਹ ਦੇਖ,'' ਤੇ ਇਹ ਕਹਿ ਕੇ ਜ਼ੋਰ ਦੀ ਨੱਕ ਸਿਣਕਣ ਦਾ ਸੁਆਦ ਲੈਂਦਾ ਤੇ ਖੰਘੂਰਾ ਮਾਰਦਾ । ਉਸ ਦੀਆਂ ਕਈ ਚੋਂਦੀਆਂ ਚੋਂਦੀਆਂ ਗੱਲਾਂ ਮੈਨੂੰ ਉਦੋਂ ਵੀ ਪੱਲੇ ਨਾ ਪਈਆਂ ਜਦੋਂ ਮੈਂ ਚੌਦਾਂ ਪਾਸ ਕਰ ਲਈਆਂ ਸਨ । ਤੇ ਵੱਡੇ ਸ਼ਹਿਰ ਨੋਕਰੀ ਕਰਨ ਚਲਿਆ ਗਿਆ ਸਾਂ । ਇਹ ਉਦੋਂ ਪਤਾ ਲੱਗੀਆਂ ਜਦੋਂ ਮੇਰਾ ਵਿਆਹ ਹੋ ਗਿਆ । ਤੇ ਚਾਚੇ ਦੀਆਂ ਦੱਸੀਆਂ ਸਾਰੀਆਂ ਗੱਲਾਂ 'ਚ ਨਵੇਂ ਬਰੀਕ, ਗੰਭੀਰ ਅਰਥ ਭਰ ਗਏ ।

ਵਿਆਹ ਸਭ ਤੋਂ ਪਹਿਲਾਂ ਮੈਤੋਂ ਸਾਲ ਛੋਟੀ ਮੇਰੀ ਭੈਣ ਦਾ ਹੋਇਆ ਸੀ । ਕੁੜੀ ਨੂੰ ਸਾਂਝੇ ਘਰ ਵਿੱਚੋਂ ਦਾਜ ਵਿੱਚ ਕੀ ਕੀ ਦੇਣਾ, ਟੂੰਬਾਂ ਕਿੱਥੋਂ, ਕਿੰਨੇ ਵਜ਼ਨ ਦੀਆਂ... ਸਭ ਗੱਲਾਂ ਨੂੰ ਲੈ ਕੇ ਬਖੇੜਾ ਖੜ੍ਹਾ ਹੋ ਗਿਆ ਸੀ ... ਤੇ ਲੱਗ ਭੱਗ ਸਾਫ਼ ਹੋ ਗਿਆ ਸੀ ਕਿ ਵਿਆਹ ਤੋਂ ਬਾਅਦ ਇੱਕ ਦੇ ਦੋ ਪ੍ਰੀਵਾਰ ਬਣ ਜਾਣਗੇ । ਮਾਂ ਬਾਪੂ ਨੂੰ ਚੁੱਕਣਾ ਦਿੰਦੀ । ਚਾਚੀ ਚਾਚੇ ਨੂੰ 'ਸਮਝਾਉਂਦੀ' ਕਿ ਤੂੰ ਹੀ ਕੰਮ ਕਰ ਕੇ ਸਭ ਨੂੰ ਰੋਟੀ ਖਲਾਉਂਦਾ:

'' ਦੇਖੀਂ... ਜਿੱਦਣ ਜੁਦੇ ਹੋਏ ''

ਓਧਰ ਮਾਂ ਕਹੇ : ਹੋਰ ਵੀ ਕੋਈ ਸ਼ਰਾਬ ਪੀਂਦਾ?

ਮੇਰੀ ਮਾਂ ਕਿਸੇ ਪਿੰਡ ਤੋਂ ਇਸ ਘਰ ਵਿੱਚ ਵਿਆਹੀ ਆਈ । ਚਾਚੀ ਕਿਸੇ ਹੋਰ ਪਿੰਡ ਤੋਂ । ਦੋਹਾਂ ਨੂੰ ਕੀ ਪਤਾ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਭਾਈ ਨੇ ਭਾਈ ਲਈ, ਮਾਂ ਬਾਪ ਨੇ ਆਪਣੇ ਬੱਚਿਆਂ ਲਈ ਜਾਂ ਬੱਚਿਆਂ ਨੇ ਮਾਂ ਬਾਪ ਲਈ ਕੀ ਕੀ ਕੀਤਾ । ਵਖ਼ਤ ਕੱਟੇ । ਕੁਰਬਾਨੀਆਂ ਦਿੱਤੀਆਂ । ਉਹਨਾਂ ਵਿੱਚੋਂ ਕਈ ਸਰਵਣ ਵੀ ਹੋਣਗੇ ਵਹਿੰਗੀਆਂ ਵਾਲੇ ਪਰ... ਫੇਰ ਵੀ ਬੰਦਾ ਆਪਣੀ ਜਨਾਨੀ ਪਿੱਛੇ ਨਾ ਲੱਗੇ... ਤਾਂ ਹੋਰ ਕੀਹਦੇ ਪਿੱਛੇ ਲੱਗੇ । ਰੋਜ ਸ਼ਾਮ ਨੂੰ ਝਗੜਾ । ਨੌਬਤ ਦੋਵੇਂ ਭਾਈਆਂ ਦੇ ਹੱਥੋ ਪਾਈ ਹੋਣ ਅਤੇ ਦੂਸਰੇ ਘਰਾਂ ਦੇ ਛੁਡਾਉਣ ਤੱਕ ਆ ਪੁੱਜੀ । ਗਾਲ਼ ਮ ਗਾਲ਼ੀ । ਗੁੱਛਮ ਗੁੱਛਾ । ਮਾਂ ਭੈਣ ਇੱਕ ਹੋਣ ਲੱਗੀ ।

ਸਭ ਕਾਸੇ ਦੀ ਵੰਡ ਪੈ ਗਈ । ਬਾਬਾ ਸਾਡੇ ਨਾਲ । ਅੰਮਾਂ ਚਾਚੇ ਨਾਲ । ਇੱਕ ਇੱਕ ਬਲਦ । ਸਾਢੇ ਤਿੰਨ ਤਿੰਨ ਕਿੱਲੇ ਜ਼ਮੀਨ । ਘਰ ਵਿਚਾਲੇ ਕੰਧ । ਸਾਂਝੀ ਕੰਧ ਦੇ ਦਰਵਾਜ਼ੇ, ਤਾਕੀਆਂ ਤੇ ਰੋਸ਼ਨਦਾਨ ਸੀਮਿੰਟ ਨਾਲ ਲਿੱਪ ਦਿੱਤੇ । ਕਈ ਚੀਜ਼ਾਂ ਮੈਥ ਦੇ ਤਕਸੀਮ ਦੇ ਫਾਰਮੂਲੇ ਮੁਤਾਬਿਕ ਪੂਰੀਆਂ ਪੂਰੀਆਂ ਵੰਡੀਆਂ ਨਹੀਂ ਜਾ ਸਕਦੀਆਂ ਸਨ । ਮੈ੍ਹਸਾਂ, ਬੋਰ, ਇੰਜਣ, ਹਲ, ਸੁਹਾਗੀ ਤੇ ਹੋਰ ਸੰਦ ਸੰਦੇੜਾ । ਮਾਂ ਆਪਣੇ ਦਾਜ ਦੇ ਸਮਾਨ ਦੀ ਪਛਾਣ ਕਰਦੀ । ਚਾਚੀ ਆਪਣੇ ਦੀ । ਸਾਡੀ ਅੰਮਾਂ ਵੀ ਆਪਣੇ ਸੰਦੂਖ਼, ਕੂੰਡੇ, ਚਰਖ਼ੇ ਗਿਣਨ ਲੱਗ ਪਈ । ਤੇ ਛੇ ਮਹੀਨੇ ਵੱਧੋ ਘੱਟੀ ਹੁੰਦੀ ਰਹੀ ।

ਜੁਦੇ ਹੋ ਕੇ ਵੀ ਰੋਜ਼ ਟਿਊਵੈੱਲ ਜਾਂ ਬਰਸਾਤ ਦੇ ਪਾਣੀ ਪਿੱਛੇ ਲੜਾਈ ਹੋਣ ਦੀ ਸੰਭਾਵਨਾ ਬਣ ਜਾਂਦੀ । ਬਾਪੂ ਦੇ ਕਹੇ ਤੋਂ ਮੈਨੂੰ ਚਾਚੇ ਨਾਲ ਬਰਾਬਰ ਬਹਿ ਕੇ ਬੋਰ 'ਤੇ ਰੱਖਿਆ ਇੰਜਣ ਠੀਕ ਕਰਵਾਉਣਾ ਪੈਂਦਾ । ਪੱਖਾ ਠੀਕ ਕਰਵਾਉਣਾ ਪੈਂਦਾ । ਤੇ ਪੈਸਿਆਂ ਦਾ ਸਿੱਕਿਆਂ ਤੱਕ ਹਿਸਾਬ ਆ ਕੇ ਮੈਂ ਮਾਂ ਬਾਪ ਨੂੰ ਦੱਸਦਾ... ਤਾਂ ਚਾਚੇ ਦੀ ਨਿਗ੍ਹਾ 'ਚ ਮੈਂ ਬਰਾਬਰ ਦਾ ਦੁਸ਼ਮਣ, ਸ਼ਰੀਕ ਬਣ ਗਿਆ... ਤੇ ਇੱਕ ਦਿਨ ਡੁੱਬਦੇ ਸੂਰਜ ਉਸ ਨੇ ਸਾਡੇ ਵਾਲੇ ਪਾਸੇ ਹੋ ਕੇ ਬੋਹੜ ਮਾਰੀ:

'' ਆ ਦੇਖਾਂ, ਤੈਨੂੰ ਬਹੁਤੇ ਬਰਿਆੜ ਨੂੰ '', ਅਸੀਂ ਦੋਵੇਂ ਭਾਈਆਂ ਨੇ ਬਰਸਾਤ ਦੇ ਮੁਫ਼ਤ ਆਉਂਦੇ ਪਾਣੀ ਦਾ ਨੱਕਾ ਆਪਣੇ ਝੋਨੇ ਦੇ ਖੇਤ ਵਿੱਚ ਮੋੜ ਦਿੱਤਾ ਸੀ । ਮੇਰੇ ਤਾਜੇ ਤਾਜੇ ਹਜਾਮਤ ਕਰਾਏ ਵਾਲ ਫੜ ਕੇ ਮੈਨੂੰ ਮਾਰਨ ਲੱਗਿਆ । ਦੋਵੇਂ ਘਰਾਂ ਵਿੱਚ ਚੀਕ ਚਿਹਾੜਾ ਪੈ ਗਿਆ । ਮੈਂ ਵੀ ਬਾਹਰਲੇ ਬੰਦਿਆਂ ਦਾ 'ਕੱਠ ਹੋਣ ਤੋਂ ਪਹਿਲਾਂ ਪਹਿਲਾਂ ਉਸ ਦੇ ਚੰਗੀਆਂ ਟਿਕਾਈਆਂ । ਮੇਰੀਆਂ ਠੁੱਡਾਂ ਪਤਾ ਨਹੀਂ ਉਸ ਦੇ ਕਿੱਥੇ ਕਿੱਥੇ ਵੱਜੀਆਂ । ਨਿਕਲਦੀਆਂ ਗਾਲ਼ਾਂ ਵਿੱਚ ਸਮਝੋਤਾ ਵੀ ਹੋ ਗਿਆ । ਚਾਰ ਪੰਜ ਦਿਨ ਚਾਚਾ ਦਿਸਿਆ ਈ ਨਾ । ਕਿੱਥੇ ਛਾਂਈ ਮਾਂਈ ਹੋ ਗਿਆ? ਮਾਂ ਨੇ ਚਾਚੀ ਨੂੰ ਉਲਾਂਭਾ ਦਿੱਤਾ ਕਿ ਉਸ ਦੇ ਘਰ ਵਾਲੇ ਨੇ ਮੇਰੇ, ਨਿਆਣੇ 'ਤੇ ਵਾਰ ਕੀਤਾ ਤਾਂ ਚਾਚੀ ਕੌਅਲੇ ਦੇ ਉੱਤੋਂ ਦੀ ਕਹਿੰਦੀ: ''ਕਿੱਥੇ ਬੀਬੀ ਤੇਰੇ ਮੁੰਡੇ ਨੇ ਤਾਂ ਠੁੱਡਾਂ ਮਾਰ ਮਾਰ ਕੇ ੲ੍ਹੀਦੇ ਸੂਤ ਭੰਨ 'ਤੇ । ਪੰਜ ਦਿਨ ਹੋ ਗੇ ਪਏ ਨੂੰ । ਰੋਜ ਮਾਲਸ ਕਰਾ ਕੇ ਆਉਂਦਾ । ਪਾਂਡੂ ਮਿੱਟੀ ਦਾ ਲੇਪ ਦੱਸਿਆ...''

ਇਹੀ ਗੱਲ ਮੈਨੂੰ ਮਾਂ ਨੇ ਦੱਸੀ ਤਾਂ ਮੇਰੀਆਂ ਸਾਰੀਆਂ ਗੁੱਝੀਆਂ ਸੱਟਾਂ ਉੱਡ ਗਈਆਂ । ਅਸੀ ਖੁਸ਼ ਹੋ ਗਏ । ਸਾਡੀ ਖੁਸ਼ ਦੁਨੀਆ ਬਿਲਕੁਲ ਅਲੱਗ ਹੋ ਗਈ । ਮੇਰਾ ਬਾਪ ਉਸ ਦੇ ਪਰਛਾਂਵੇਂ ਤੋਂ ਵੀ ਝਕਦਾ ਸੀ । ਸਾਂਝੇ ਰਿਸ਼ਤੇਦਾਰ ਆਉਂਦੇ ਤਾਂ ਦੋਹਾਂ ਘਰਾਂ ਨੂੰ ਅਲੱਗ ਅਲੱਗ ਮਿਲਦੇ । ਉਹ ਵੀ ਪਾਟ ਗਏ । ਚਾਚੀ ਮੇਰੇ ਮਾਮਿਆਂ ਦੇ ਦਿੱਤੇ ਲੱਡੂ ਮੋੜ ਦਿੰਦੀ, ''ਦੋ ਚਾਰ ਖਾ ਲਏ । ਬਾਕੀ ਮੋੜ 'ਤੇ । ਚੱਲ ਨਿਆਣਿਆਂ ਨੇ ਖਾ ਲੇ ਹੋਣੇ । '' ਚਾਚੇ ਦੇ ਸਹੁਰਿਆਂ ਤੋਂ ਆਈ ਮਠਿਆਈ ਮਾਂ ਸਾਡੇ ਤੋਂ ਲੁਕੋ ਕੇ ਰੱਖਦੀ । ਤੇ ਮੈਨੂੰ ਸਮਝਾਉਂਦੀ:

''ਆਪਾਂ ਉੱਕਣੇ ਮੋੜ ਦੇਣੀ ਐ । ਮੈਂ ਗਈ ਮੋੜਨ । ਉਹ ਬਾਜਰਾ ਵੱਡਣ ਗਈ ਹੋਈ ... ਆ ਜਾਣ ਦੇ ਮੁੜ ਕੇ । ''

ਚਾਚੇ ਦੀ ਸਭ ਤੋਂ ਵੱਡੀ ਕੁੜੀ ਦਾ ਸ਼ਗਨ ਪਾਉਣ ਲਈ ਮੈਨੂੰ ਨਾਲ ਤੋਰ ਦਿੱਤਾ । ਕੁੜੀ ਮੰਗ ਹੋ ਗਈ । ਸ਼ਰਾਬ ਕਈਆਂ ਨੇ ਪੀਤੀ । ਰੋਟੀ ਸਭ ਨੇ ਖਾਧੀ । ਵਾਪਸੀ 'ਤੇ ਬੱਸ 'ਚ ਕਿਸੇ ਨੂੰ ਸੀਟ ਨਾ ਮਿਲੀ । ਚਾਚੇ ਨੇ ਕਿਹਾ: ''ਬਈ ਜ੍ਹੀਨੇ ਜਿੱਥੇ ਜਿੱਥੇ ਉਤਰਨਾ ਅਪਣੀ ਟਿਕਟ ਉੱਥੇ ਦੀਓ ਲਿਓ । ''

ਪੰਦਰਾਂ ਸਾਲ ਬੀਤ ਗਏ । ਕਦੇ ਚਾਚੇ ਦਾ ਮੂੰਹ ਨਹੀਂ ਦੇਖਿਆ । ਘਰ ਦੇ ਵਿਚਕਾਰਲੀ ਲੰਬੀ ਸਾਂਝੀ ਕੰਧ ਨੇ ਸਾਡੀ ਸਾਂਝ, ਖ਼ੂੂਨ ਨੂੰ ਚੀਰ ਕੇ ਦੋ ਫਾੜ ਕਰ ਦਿੱਤਾ ਸੀ । ਦੋਵੇਂ ਘਰਾਂ ਦੇ ਜੀਅ ਅੱਖੀਂ ਨਹੀਂ ਸਨ ਸੁਖਾਉਂਦੇ । ਨਾ ਹੀ ਇੱਕ ਪਾਸੇ ਤੋਂ ਦੂਜੇ ਪਾਸੇ ਕੁਝ ਦਿਸਦਾ ਸੀ । ਪਰ ਕਿਸੇ ਘਰ 'ਚ ਹੜੁੱਬੇ ਬੰਦੇ ਕਦੋਂ ਤੱਕ ਘੁਸਰ ਮੁਸਰ ਨਾਲ ਸਾਰ ਸਕਦੇ ਹਨ । ਦੁੱਖੀ ਹੋ ਕੇ, ਗੁਬਾਰ ਕੱਢਣ ਸਮੇਂ ਉਹ ਭੁੱਲ ਜਾਂਦੇ ਹਨ ਕਿ ਕੰਧਾਂ ਨਾਲ ਕੰਨ ਲਟਕ ਰਹੇ ਹਨ । ਸਾਡੀਆਂ ਗੱਲਾਂ ਉਹ ਸੁਣ ਸਕਦੇ ਸਨ । ਕਦੇ ਕਦੇ ਸਾਨੂੰ ਵੀ ਉਹਨਾਂ ਦੀ ਗਰਮੋ ਗਰਮੀ ਸੁਣ ਜਾਂਦੀ । ਚਾਚੇ ਚਾਚੀ ਤੇ ਉਹਨਾਂ ਦੇ ਨਿਆਣਿਆਂ ਦੀ ਹੂਰਾ ਮੁੱਕੀ ਹੁੰਦੀ ਤਾਂ ਸਾਡੇ ਤੋਂ ਵਧੀਆ ਸਰੋਤਾ ਹੋਰ ਕੋਈ ਨਾ ਹੁੰਦਾ । ਇੱਕ ਵਾਰ ਚਾਚੇ ਦੀ ਲੜਦੇ ਦੀ ਆਵਾਜ਼ ਤਾਂ ਸਾਨੂੰ ਨਾ ਸੁਣੀ ਪਰ ਜੁਆਬ ਵਿੱਚ ਚਾਚੀ ਦੀ ਕਿਲਕਾਰੀ ਕੰਨ ਪਾੜ ਗਈ, ''ਝੂੰਆਂ? ਮਖਾਂ ਮੈਂ ਤੇਰਾ ਸਭ ਕੁਸ ਪੱਟ ਦੂੰੂ ''

ਜਦੋਂ ਮੇਰਾ ਵਿਆਹ ਧਰਿਆ ਗਿਆ ਤਾਂ ਮਾਂ ਚਾਚੇ ਨੂੰ ਵਿਆਹ 'ਚ ਵਾੜਨ ਤੋਂ ਸਾਫ਼ ਮੁਕਰ ਗਈ ਸੀ । ਕਹਿੰਦੀ : ਇਹ ਤਾਂ ਰੰਗ 'ਚ ਭੰਗ ਪਾਓਣੇ ਆਲਾ । ਸਾਰੀ ਬਰਾਤ ਦਾ ਜਲੂਸ ਕੱਢੂ... ਤੇ ਰਹਿੰਦੀ ਖੁੂੰਹਦੀ ਸਾਂਝ ਦਾ ਵੀ ਭੋਗ ਪਾ ਦਿੱਤਾ ਸੀ । ਬਰਾਤ ਤੁਰਨ ਤੋਂ ਪਹਿਲਾਂ ਚਾਚਾ ਦਾਰੂ ਨਾਲ ਰੱਜਿਆ ਨਵੇਂ ਕੱਪੜੇ ਪਾ ਕੇ ਸਾਡੇ ਘਰ ਸ੍ਹਾਮਣੇ ਘੁੰਮੀ ਗਿਆ । ਗੁੱਸੇ 'ਚ ਆਪਣਾ ਨੱਕ ਪੱਟੀ ਜਾਵੇ । ਮੇਰੀ ਮਾਂ ਕਹਿੰਦੀ : ''ਫਿਰੀ ਜਾਣ ਦੇਹ ''... ਤੇ ਫੇਰ ਸਾਲ ਦਰ ਸਾਲ ਦੋਵੇਂ ਘਰਾਂ ਦੇ ਨਿਆਣੇ ਵਿਆਹੇ ਗਏ । ਕੋਈ ਕੁੜੀ ਛੁੱਟ ਗਈ ਤਾਂ ਫੇਰ ਵਿਆਹ ਦਿੱਤੀ । ਕੋਈ ਪੰਚਾਇਤ ਆ ਗਈ । ਕੋਈ ਚਲੇ ਗਈ...

ਬਾਪੂ ਮਰਿਆ ਤਾਂ ਚਾਚਾ ਚੁੱਪ ਚਾਪ ਸਿਵੇ 'ਤੇ ਡੱਕਾ ਦੂਹਰਾ ਕਰ ਕੇ ਪਾ ਕੇ ਮੁੜ ਗਿਆ ਸੀ ...

... ਫੇਰ ਮੈਨੂੰ ਕਿਸੇ ਤੋਂ ਕਿਸੇ ਦਿਨ ਪਤਾ ਲੱਗਿਆ ਕਿ ਸ਼ਰਾਬੀ ਹੋਏ ਚਾਚੇ ਨੂੰ ਉਸ ਦੇ ਜੁਆਨ ਮੁੰਡਿਆਂ ਨੇ ਸਿਆਲ ਦੀ ਕੜਕਦੀ ਠੰਡ 'ਚ ਚੁੱਕ ਕੇ ਘਰ ਤੋਂ ਬਾਹਰ ਵਗਾਹ ਮਾਰਿਆ । ਦਾਰੂ ਉੱਤਰਨ ਤੋਂ ਬਾਅਦ ਹੀ ਅੰਦਰ ਵੜਨ ਦਿੱਤਾ ।

ਇੱਕ ਐਤਵਾਰ ਜਦੋਂ ਮੈਂ ਆਪਣੇ ਬੱਚਿਆਂ ਨਾਲ ਸ਼ਹਿਰੋਂ ਮਾਂ ਨੂੰ ਮਿਲਣ ਗਿਆ ਤਾਂ ਚਾਚਾ ਪੂਰੇ ਸਰੂਰ ਵਿੱਚ ਸਾਡਾ ਗੇਟ ਟੱਪ ਆਇਆ । ਕੋਈ ਬੋਲਿਆ ਨਾ । ਕਿਸੇ ਨੇ ਉਸ ਨੂੰ ਕੁਰਸੀ ਦੇ ਦਿੱਤੀ । ''ਮੈਂ ਬਾਰਾਂ ਵਜੇ ਦਾ ਤੈਨੂੰ ਟੋਲ਼ਦਾਂ । ਮੈਂ ਤੇਰੇ ਨਾਲ ਪੀਣੀ ਐ । ਆਹ ਅਧੀਆ ਕੱਦਾ ਮੈਂ ਖੀਸੇ 'ਚ ਪਾਈ ਘੁੰਮਦਾਂ '' । ਮੈਂ ਝੂਠ ਬੋਲ ਦਿੱਤਾ ਕਿ ਚਾਚਾ ਮੈਂ ਪੀਂਦਾ ਨਹੀਂ । ਮੈਂ ਘਰ 'ਚ ਕਿਸੇ ਨੂੰ ਸਟੂਲ ਅਤੇ ਪਾਣੀ ਲਿਆਉਣ ਲਈ ਕਿਹਾ । ਉਹ ਮੇਰਾ ਨਾਂਓ ਲੈਂਦਾ, ਮੇਰੇ ਬੱਚਿਆਂ ਦੀਆਂ ਕਲਾਸਾਂ ਪੁੱਛਦਾ, ਇੱਕ ਪੈੱਗ ਲਾ ਕੇ ਤੁਰਦਾ ਤੁਰਦਾ ਬੁੜ ਬੁੜਾਇਆ: ''ਮੈਂ ਸਵੇਰ ਦਾ ਦੇਖੀ ਜਾਂਦਾਂ ਬਈ ਆਹ ਅੰਗਰੇਜਾਂ ਵਰਗੇ ਨਿਆਣੇ ਕ੍ਹੀਦੇ ਐ?''

ਉਸ ਦੇ ਬੱਚੇ ਉਸ ਤੋਂ ਅੱਕ ਗਏ । ਜਨਾਨੀ ਰੱਜ ਗਈ । ਰੋਟੀ ਤਾਂ ਤਿੰਨ ਮੁੰਡਿਆਂ ਦੇ ਕਿਸੇ ਚੁੱਲ੍ਹੇ ਤੋਂ ਮਿਲ ਜਾਊ ਪਰ ਦਾਰੂ? ਨਾਗਾ ਉਸ ਨੇ ਪਾਉਣਾ ਨੀਂ । ਭਾਵੇਂ ਕੁਸ ਹੋ ਜਾਵੇ । ਪਰ ਪਤਾ ਨਹੀਂ ਕੀਹਦੀ ਕਿਰਪਾ ਸਦਕਾ ਦਾਰੂ ਦਾ ਜੁਗਾੜ ਓਹਦਾ ਫੇਰ ਵੀ ਤੁਰੀ ਜਾਂਦਾ ਜਿਸ ਨੂੰ ਤੋਰਨ ਲਈ ਉਹ ਨਵੇਂ ਨਵੇਂ ਢਾਣਸ ਕਰਦਾ । ਪਿਛਲੇ ਛੇ ਮਹੀਨਿਆਂ ਤੋਂ ਤੜਕੇ ਈ ਸਾਇਕਲ ਪਿੱਛੇ ਟੋਕਰੀ ਬੰਨ੍ਹ ਕੇ ਆਲੇ ਦੁਆਲੇ ਦੇ ਪੁਰਾਣੇ ਬਗਾਨੇ ਖੋਲਿਆਂ 'ਚੋਂ ਇੱਟਾਂ ਰੋੜੇ ਚੋਰੀ ਕਰ ਲਿਆਉਂਦਾ । ਤੇ ਰੋੜੀ ਕੁੱਟਦਾ । ਜਦੋਂ ਇੱਕ ਟਰਾਲੀ ਜੋਗੀ ਲਾਲ ਰੋੜੀ ਹੋ ਜਾਂਦੀ ਤਾਂ ਮਹਿੰਗਾ ਸਸਤਾ ਗਾਹਕ ਲੱਭਣ ਤੁਰ ਪੈਂਦਾ... ਤੇ ਹੁਣ ਉਸ ਨੇ ਮੇਰੇ ਹਿੱਸੇ ਦੇ ਪੁਰਾਣੇ ਢਹਿ ਚੁੱਕੇ ਮਕਾਨ ਨੂੰ ਵਾਢਾ ਲਾ ਲਿਆ ਸੀ ... ਜਿਸ ਦੀ ਛੱਤ ਗਲ਼ ਕੇ ਗਿਰ ਚੁੱਕੀ ਸੀ । ਕੰਧਾਂ ਅੱਧ ਪਚੱਧੀਆਂ । ਬਗਲ ਦੀਆਂ ਦੋਵੇਂ ਕੰਧਾਂ ਦੀ ਰੋੜੀ ਕੁੱਟ ਕੇ ਚਾਚਾ... ਸ੍ਰੀ... ਸ੍ਰੀ.... ਸ੍ਰੀ...

ਮੈਂ ਫੇਰ ਦਰਖਾਸਤ ਉੱਤੇ ਚਾਚੇ ਦਾ ਨਾਂਓ ਲਿਖਣ ਤੋਂ ਰੁਕਿਆ ਤਾਂ ਮੇਰੀ ਮਾਂ ਤੇ ਛੋਟੇ ਭਾਈ ਦੇ ਕੱਲ੍ਹ ਵਾਲੇ ਚਿਹਰੇ ਮੇਰੇ ਸ੍ਹਾਮਣੇ ਤਣਨ ਲੱਗ ਪਏ ।

'' ਸਾਰਾ ਦਿਨ 'ਥੌੜੀ ਨਾਲ ਠੱਕ ਠੱਕ ਟੁੱਕ ਟੁੱਕ ਕਰੀ ਜਾਂਦਾ । ਖ਼ਦਾਨ ਪਾ 'ਤੇ ਗੈਂਤੀਆਂ ਨਾਲ । ਨੀਹਾਂ ਪੱਟੀ ਜਾਂਦਾ । ਵੀਹ ਟਰਾਲੀਆ ਵੇਚ ਦਿੱਤੀਆਂ... ਮੈਂ ਕਿਹਾ ਵੀ... ਪਰ ੲ੍ਹੀਨੇ ਨੀਂ ਹਟਣਾ । ਸਾਰੀ ਉਮਰ ਹੋ ਗੀ ਦੇਖਦੀ ਨੂੰ ... ਤੂੰ ਠਾਣੇ 'ਚ ਦਰਖਾਸ' ਦੇ ਦੇਹ...''

ਥਾਣੇ? ਮੇਰੇ ਬੁੱਲ੍ਹ ਸੁੱਕ ਗਏ ਸਨ ।

''ਜੇ ਮੈਂ ੲ੍ਹੀਦੇ ਚਾਰ ਲਾ ਦਿੱਤੀਆਂ, ਹੋਰ ਕਿਤੇ ਗਲ਼ ਈ ਨਾ ਪੈ ਜਾਵੇ । ਜਾਨ ਤਾਂ ਹੈ ਨੀਂ '' ਮੇਰਾ ਭਾਈ ਵੀ ਮੇਰੇ ਥਾਣੇ ਜਾਣ ਵਿੱਚ ਹੀ ਰਾਜੀ ਸੀ । ਪਰ ਦਰਖਾਸਤ ਵਿੱਚ ਚਾਚੇ ਦਾ ਨਾਂਓ ਲਿਖਣਾ ਪੈਣਾ ਸੀ । ਥਾਣੇ ਵਿੱਚ ਓਹਦੇ ਬਰਾਬਰ... ਬਰਖਿਲਾਫ ਬੈਠਣਾ ਪੈਣਾ ਸੀ ।

"ਓਅ... ਹੋਅ..."

ਬਾਪੂ ਦੀ ਫ਼ੋਟੋ ਵੱਲ ਦੇਖਦਾ ਹਾਂ । ਚਾਚਾ । ਬਾਪੂ ਦਾ ਸਕਾ ਭਾਈ । ਮੇਰਾ ਸਕਾ ਚਾਚਾ ।

ਮੈਂ ਇੱਕ ਵਾਰ ਫੇਰ ਚਾਚੇ ਦੇ ਖਿਲਾਫ਼ ਦਰਖਾਸਤ ਲਿਖਣ ਲਗਦਾ ਹਾਂ... ਪਰ... ਪਰ... ਮੇਰੇ... ਗਲ... ਵਿੱਚ ਓਹਦੀਆਂ ਦੁਆਨੀਆਂ, ਚੁਆਨੀਆਂ ਤੇ... ਚੁਆਨੀਆਂ ਵਾਂਗ ਠਣਕਦੀਆਂ ਓਹਦੀਆਂ ਭੇਤ ਭਰੀਆਂ ਗੱਲਾਂ ਓਹਦੀਆਂ ਹਾਕਾਂ ਅੜੀ ਜਾਂਦੀਆਂ...

ਮੈਂ ਪੈੱਨ ਵਾਪਸ ਰੱਖ ਦਿੱਤਾ ਹੈ । ਸੋਚਦਾ ਹਾਂ ਕਿ ਜੀਵਨ ਵਿੱਚ ਖੁਸ਼ੀ ਦੇ ਕਿੰਨੇ ਕੁ ਛਿਣ ਆਉਂਦੇ ਹਨ । ਚਾਚੇ ਦੀਆਂ ਚੁਆਨੀਆਂ ਖਾਣ ਵਾਲੇ ਮੇਰੇ ਕੁਝ ਖੁਸ਼ੀ ਦੇ ਛਿਣ ਹਨ । ਇਹ ਛੋਟੀਆਂ ਛੋਟੀਆਂ ਖੁਸ਼ੀਆਂ ਇਕੱਠੀਆਂ ਹੋ ਕੇ ਮੇਰੀ ਛਾਤੀ ਨਾਲ ਲੱਗੀਆਂ ਮੇਰੇ ਨਾਲ ਜੀਉਂਦੀਆਂ ਚਲੀਆਂ ਆ ਰਹੀਆਂ ਹਨ ।

'' ਚੱਲ ਮੈਨੂੰ ਸੋਚ ਲੈਣ ਦੋ '', ਕੱਲ ਮੈਂ ਮਾਂ ਨੂੰ ਕਿਹਾ ਸੀ ।

'' ਤੂੰ ਸੋਚੀ ਜਾ । ਤੈਂ ਸੋਚੀ ਓ ਜਾਣਾ । ਤੇਰੇ ਤੋਂ ਨੀਂ ਹੋਣਾ ਕੁਸ । ''

'' ਚਲ ਵੇਚੀ ਜਾਣ ਦੇ ਰੋੜੀ । ਜਿੱਦਣ ਉਹ ਚੜ੍ਹਾਈ ਕਰ ਜੂ ਮੈਂ ਭਰਤ ਪੁਆ ਕੇ ਸਾਰੇ ਖ਼ਦਾਨ, ਸਾਰੀ ਜਗ੍ਹਾ ਪੱਧਰੀ ਕਰਾ ਦੂੰ...''

... ਤੇ ਮੈਨੂੰ ਪਤਾ ਐ ਕਿ ਜਿੱਦਣ ਚਾਚਾ ਚੜ੍ਹਾਈ ਕਰ ਜੂ ਓਦਣ ਮੈਨੂੰ ਓਹਦਾ ਸੁਨੇਹਾ ਜਰੂਰ ਆਊ...

  • ਮੁੱਖ ਪੰਨਾ : ਕਹਾਣੀਆਂ, ਬਲੀਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ