Sirf Ik Cigarette (Story in Punjabi) : Rajinder Singh Bedi
ਸਿਰਫ ਇਕ ਸਿਗਰੇਟ (ਕਹਾਣੀ) : ਰਾਜਿੰਦਰ ਸਿੰਘ ਬੇਦੀ
ਸੰਤ ਰਾਮ ਦੀ ਅੱਖ ਖੁੱਲ੍ਹੀ-ਤਾਂ ਸਵੇਰ ਦੇ ਚਾਰ ਵੱਜੇ ਹੋਏ ਸਨ। ਸੌਣ ਤੋਂ ਪਹਿਲਾਂ ਉਹ ਸਾਵਧਾਨੀ ਵਜੋਂ, ਘੜੀ ਨੂੰ ਸਿਰਹਾਣੇ ਹੇਠ ਰੱਖ ਲੈਂਦਾ ਸੀ, ਪਰ ਇਸ ਸਮੇਂ ਉਹ ਉਸਨੂੰ ਆਪਣੇ ਹੇਠੋਂ ਲੱਭੀ, ਤਦੇ ਤਾਂ ਸਾਰੀ ਰਾਤ ਅਨਹਦ-ਨਾਦ ਸੁਣਾਈ ਦਿੰਦਾ ਰਿਹਾ ਸੀ। ਸੁੱਤੇ ਬੰਦੇ ਦੀ ਘੜੀ ਸਿਰਹਾਣੇ ਹੇਠੋਂ ਖਿਸਕ ਜਾਵੇ ਤਾਂ ਉਸਦੀ ਸਾਧਾਰਣ ਜਿਹੀ ਟਿਕ-ਟਿਕ ਵੀ ਚੰਗੇ ਖਾਸੇ ਘੜਿਆਲ ਦੀ ਆਵਾਜ਼ ਬਣ ਜਾਂਦੀ ਹੈ ਤੇ ਅਚੇਤਨ ਦੀਆਂ ਪਰਤਾਂ ਵਿਚ ਘੁਸੜ ਕੇ 'ਅਨਹਦ-ਨਾਦ' ਜਾਪਣ ਲੱਗ ਪੈਂਦੀ ਹੈ...ਤੇ ਆਦਮੀ ਨੂੰ ਖਾਹਮਖਾਹ ਆਪਣੇ ਬ੍ਰਹਮਗਿਆਨੀ ਹੋਣ ਦਾ ਭਰਮ ਹੁੰਦਾ ਰਹਿੰਦਾ ਹੈ।
ਘੜੀ ਦਾ ਰੇਡੀਅਮ, ਬੁੱਢਾ ਹੋ ਜਾਣ ਕਰਕੇ, ਆਪਣੀ ਚਮਕ ਗਵਾਈ ਬੈਠਾ ਸੀ ਪਰ ਵਫਾਦਾਰੀ ਪੱਖੋਂ ਅੱਜ ਵੀ ਸਮੇਂ ਦਾ ਅੰਦਾਜ਼ਾ ਕਰਵਾ ਦੇਂਦਾ ਸੀ। ਇਸ ਸਮੇਂ ਚਾਰ ਵੱਜ ਕੇ ਕੁਝ ਮਿੰਟ ਹੀ ਹੋਏ ਸਨ। ਸੰਤ ਰਾਮ ਨੇ ਹਨੇਰੇ ਵਿਚ ਅੱਖਾਂ ਝਪਕਦਿਆਂ ਹੋਇਆ ਫੇਰ ਘੜੀ ਵੇਖਣ ਦੀ ਕੋਸ਼ਿਸ਼ ਕੀਤੀ। ਇੰਜ ਕਈ ਵਾਰ ਹੁੰਦਾ ਹੈ ਕਿ ਘੜੀ ਦੀ ਚਾਬੀ ਨੂੰ ਅੱਖਾਂ ਸਾਹਵੇਂ, ਐਨ ਬਰਾਬਰ ਕਰਕੇ, ਨਾ ਰੱਖਿਆ ਜਾਵੇ ਤਾਂ ਇੰਜ ਲੱਗਦਾ ਹੈ, ਛੇ ਵੱਜ ਗਏ ਹਨ...ਤੁਸੀਂ ਦਾਤਨ-ਕੁਰਲੀ ਕਰਕੇ ਨਹਾ-ਧੋ ਲੈਂਦੇ ਹੋ, ਪੂਜਾ-ਪਾਠ ਵੀ ਕਰ ਕਰਾ ਲੈਂਦੇ ਹੋ, ਤਾਂ ਹੈਰਾਨ ਹੋ ਕੇ ਦੇਖਦੇ ਹੋ ਕਿ ਛੇ ਵੱਜੇ ਹਨ ! ਸੰਤ ਰਾਮ ਨੂੰ ਬੱਤੀ ਜਗਾ ਕੇ ਆਪਣੇ ਤੇ ਆਪਣੇ ਨਾਲ ਵਾਲੇ ਬੈੱਡ-ਰੂਮ ਵਿਚ ਸੁੱਤੇ ਬੱਚਿਆਂ ਦੀ ਨੀਂਦ ਖਰਾਬ ਕਰਨ ਦੀ ਲੋੜ ਨਹੀਂ ਪਈ, ਘਰ ਦੇ ਸਾਹਮਣੇ ਹੀ ਪੁਲਿਸ ਚੌਕੀ ਸੀ ਜਿਸ ਦੀ ਗਾਰਦ ਨੇ ਚਾਰ ਵਜਾ ਦਿੱਤੇ ਸਨ। ਉਸਨੇ ਸੋਚਿਆ, ਏਨਾ ਸਵਖ਼ਤੇ ਉੱਠ ਕੇ ਕੀ ਕਰਾਂਗਾ ? ਸੋ ਮੁੜ ਸੌਣ ਦਾ ਯਤਨ ਕੀਤਾ, ਪਰ ਨੀਂਦ ਆਪਣਾ ਪੇਟ ਭਰ ਚੁੱਕੀ ਸੀ ਤੇ ਬੁਢੇਪੇ ਵਿਚ ਤਾਂ ਜੇ ਇਕ ਵਾਰੀ ਜਾਗ ਪਏ, ਤਾਂ ਜਾਗ ਪਏ, ਜਿਵੇਂ ਇਕ ਵਾਰੀ ਸੌਂ ਗਏ, ਤਾਂ ਸੌਂ ਗਏ। ਉਸਨੇ ਚਾਦਰ ਲਾਹ ਕੇ ਪੁਆਂਦੀ ਵੱਲ ਸੁੱਟ ਦਿੱਤੀ ਤੇ ਇੰਜ ਭੁੜਕ ਕੇ ਬਿਸਤਰੇ 'ਚੋਂ ਨਿਕਲ ਆਇਆ ਜਿਵੇਂ ਤੜਾਕੇ ਨਾਲ ਖੁੰਬ ਜ਼ਮੀਨ 'ਚੋਂ ਬਾਹਰ ਨਿਕਲ ਆਉਂਦੀ ਹੈ।
ਨਾਲ ਵਾਲੇ ਬਿਸਤਰੇ ਉੱਤੇ ਧੋਬਨ ਸੁੱਤੀ ਹੋਈ ਸੀ---ਪਾਸੇ ਪਰਨੇ। ਧੋਬਨ, ਸੰਤ ਰਾਮ ਆਪਣੀ ਪਤਨੀ ਨੂੰ ਕਹਿੰਦਾ ਸੀ। ਉਸਦਾ ਨਾਂਅ ਤਾਂ ਚੰਗਾ ਭਲਾ ਸ਼ਾਂਤੀ ਸੀ, ਪਰ ਸੰਤ ਰਾਮ ਉਸਨੂੰ ਇਸੇ ਨਾਂਅ ਨਾਲ ਬੁਲਾਉਂਦਾ ਸੀ, ਕਿਉਂਕਿ ਉਹ ਲਾਂਡਰੀ ਵਿਚ ਕਪੜੇ ਧੁਆਉਣ ਦੇ ਬੜੀ ਖ਼ਿਲਾਫ ਸੀ। ਘਰ ਵਿਚ ਨੌਕਰ ਚਾਕਰ, ਪ੍ਰਮਾਤਮਾਂ ਦਾ ਦਿੱਤਾ ਸਭ ਕੁਝ ਹੋਣ 'ਤੇ ਵੀ ਉਹ ਰੁਮਾਲ ਤੋਂ ਲੈ ਕੇ ਭਾਰੀਆਂ-ਭਾਰੀਆਂ ਚਾਦਰਾਂ ਤਕ ਘਰੇ ਹੀ ਧੋਂਦੀ। ਜਦੋਂ ਥੱਕ ਜਾਂਦੀ, ਸਾਰਿਆਂ ਨਾਲ ਲੜਦੀ ਤੇ ਲਾਂਡਰੀ ਦੀ ਧੁਆਈ ਨਾਲੋਂ ਵੀ ਮਹਿੰਗੀ ਪੈਂਦੀ। ਫੇਰ ਰਾਤ ਨੂੰ ਸੌਣ ਤੋਂ ਪਹਿਲਾਂ ਉਹ ਹਮੇਸ਼ਾ ਨੱਪਣ-ਘੁੱਟਨ ਦੀ ਫਰਮਾਇਸ਼ ਕੁਝ ਇਸ ਢੰਗ ਨਾਲ ਕਰਦੀ ਕਿ ਫਰਮਾਇਸ਼ ਤੇ ਹੁਕਮ ਵਿਚ ਕੋਈ ਫਰਕ ਹੀ ਨਹੀਂ ਸੀ ਲੱਗਦਾ। ਨੱਪਣ-ਘੁੱਟਨ ਦੀ ਇਸ ਮੁਸੀਬਤ ਤੋਂ ਸੰਤ ਰਾਮ ਤਾਂ ਕੀ, ਧੋਬਨ ਦੇ ਬੱਚਿਆਂ ਨੂੰ ਵੀ ਬੜੀ ਚਿੜ ਸੀ। ਕੋਈ ਪੰਜ ਨਹੀਂ ਤਾਂ ਹੱਦ ਦਸ ਮਿੰਟ ਤਕ ਘੁਟਾਅ ਲਏ, ਪਰ ਇਹ ਕੀ ਹੋਇਆ ਕਿ ਘੰਟਾ-ਘੰਟਾ ਬਸ ਕਰਨ ਲਈ ਹੀ ਨਾ ਆਖੇ। ਅਜੀਬ ਤਮਾਸ਼ਾ ਹੁੰਦਾ ਸੀ। ਆਖ਼ਰ ਘੁੱਟਨ ਵਾਲੇ ਨੂੰ ਆਪੇ ਹੀ ਅੱਕ ਕੇ ਹਟ, ਤੇ ਥੱਕ ਕੇ ਲੇਟ ਜਾਣਾ ਪੈਂਦਾ ਸੀ। ਇਕ ਦਿਨ ਵੱਡੀ ਕੁੜੀ ਲਾਡੋ ਨਾਲ ਵੀ ਇਵੇਂ ਹੋਇਆ। ਮਾਂ ਨੂੰ ਨੱਪ ਘੁੱਟ ਕੇ ਉਹ ਅੱਕੀ, ਥੱਕੀ ਪਲੰਘ ਉੱਤੇ ਜਾ ਲੇਟੀ ਤੇ ਬੋਲੀ, ''ਹੁਣ ਤੂੰ ਮੈਨੂੰ ਘੁੱਟ ਦੇਅ, ਮੰਮਾਂ !''
ਨਾਲੇ ਏਸ ਨੱਪਣ-ਘੁੱਟਨ ਦੇ ਕਾਰਜ ਵਿਚ ਇਕ ਹੋਰ ਬੜੀ ਵੱਡੀ ਮੁਸੀਬਤ ਇਹ ਹੁੰਦੀ ਸੀ ਕਿ ਧੋਬਨ ਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਉਸਦੇ ਦਰਦ ਕਿੱਥੇ ਹੁੰਦਾ ਏ---ਜਿੱਥੇ ਹੱਥ ਰੱਖੋ, ਦਰਦ ਹਮੇਸ਼ਾ ਉਸ ਤੋਂ ਥੋੜ੍ਹਾ ਏਧਰ ਜਾਂ ਉਧਰ ਹੁੰਦਾ ਸੀ। ਤੇ ਉਹ ਜਗ੍ਹਾ ਲਭਦੇ-ਲਭਦੇ ਉਹ ਸਾਰਾ ਪਿੰਡਾ ਘੁਟਵਾ ਲੈਂਦੀ ਸੀ। ਕੋਈ ਕਹੇ ਇਹ ਉਸਦੀ ਚਾਲਾਕੀ ਸੀ, ਤਾਂ ਇੰਜ ਨਹੀਂ ਸੀ। ਉਸਨੂੰ ਸੱਚਮੁੱਚ ਪਤਾ ਨਹੀਂ ਸੀ ਲੱਗਦਾ ਤੇ ਆਖ਼ਰੀ ਫੈਸਲਾ ਇਹ ਹੁੰਦਾ ਸੀ ਕਿ ਸਾਰਾ ਪਿੰਡਾ ਹੀ ਦੁਖ ਰਿਹਾ ਹੈ। ਅੱਛਾ...ਧੋਬਨ ਨੂੰ ਘੁਟਵਾਉਣ ਦਾ ਹੀ ਨਹੀਂ ਘੁੱਟਨ ਦਾ ਵੀ ਬੜਾ ਸ਼ੌਕ ਸੀ। ਬਸ ਜ਼ਰਾ ਗੱਲ ਕਰੋ, ਉਹ ਤਿਆਰ ਹੈ। ਭਾਵੇਂ ਇਹ ਕਾਰਜ ਉਸ ਤੋਂ ਕੋਈ ਘੱਟ ਹੀ ਕਰਵਾਉਂਦਾ ਸੀ, ਕਿਉਂਕਿ ਉਸਦਾ ਹੱਥ ਕੀ ਸੀ, ਮਿਸਤਰੀ ਦੀ ਸੰਨ੍ਹੀ ਸੀ, ਜਿਸ ਨਾਲ ਚੰਗੇ-ਭਲੇ ਬੰਦੇ ਦੇ ਨਟ-ਬੋਲਟ 'ਕੱਸੇ' ਜਾਂਦੇ ਸਨ। ਉਸ ਦੀਆਂ ਬਾਹਾਂ ਦਾ ਜੱਫਾ ਨਾ ਸਿਰਫ ਮਰਦਾਨਾ ਬਲਿਕੇ ਪਹਿਲਵਾਨਾ ਕਿਹਾ ਜਾ ਸਕਦਾ ਸੀ। ਇੰਜ ਜਾਪਦਾ ਸੀ, ਜਿਵੇਂ ਉਹ ਕਿਸੇ ਆਦਮੀ ਨੂੰ ਨਾ ਘੁੱਟ ਰਹੀ ਹੋਵੇ, ਬਲਿਕੇ ਕੋਈ ਬੈੱਡ-ਕਵਰ ਨਿਚੋੜ ਰਹੀ ਹੋਵੇ। ਸੰਤ ਰਾਮ ਉਸਦੇ ਧੋਬੀ ਪਟਕੇ ਤੋਂ ਬੜਾ ਚਾਲੂ ਸੀ। ਧੋਬਨ...ਹਾਂ, ਸੰਤ ਰਾਮ ਨੇ ਉਸਦਾ ਇਹ ਨਾਂਅ ਇਸ ਲਈ ਵੀ ਰੱਖਿਆ ਸੀ ਕਿ ਬਚਪਨ ਵਿਚ ਉਸਨੇ ਬਾਈਸਕੋਪ ਵਿਚ ਬਾਰਾਂ ਮਣ ਦੀ ਧੋਬਨ ਦੇਖੀ ਹੋਈ ਸੀ, ਜਿਹੜੀ ਅੱਧ ਨੰਗੀ ਹਾਲਤ ਵਿਚ ਵੱਖੀ ਪਰਨੇ ਲੇਟੀ, ਹੱਥ ਵਿਚ ਮੋਰ ਦੇ ਖੰਭਾਂ ਵਾਲੀ ਪੱਖੀ ਫੜ੍ਹੀ ਇਕ ਭਰਪੂਰ ਔਰਤ ਜਾਪਦੀ ਹੁੰਦੀ ਸੀ। ਬਾਈਸਕੋਪ ਵਾਲਾ ਆਪਣੇ ਡੱਬੇ ਉੱਤੇ ਘੁੰਘਰੂ ਵਜਾਉਂਦਾ, ਗਲੀ ਵਿਚ ਆਉਂਦਾ ਤੇ ਹੋਕਰਾ ਲਾਉਂਦਾ, ''ਪੈਰਿਸ ਦੀ ਰਾਤ ਦੇਖ, ਆਪਣੀ ਬਾਰਾਤ ਦੇਖ !'' ਤੇ ਫੇਰ ਟਿਊਨ ਬਦਲ ਕੇ---''ਧੋਬਨ ਦੇਖ, ਬਾਰਾਂ ਮਣ ਦੀ ਗੋਰੀ-ਚਿੱਟੀ...ਆਹਾ ; ਤਨ ਦੀ...ਵਾ'ਵਾ !'' ਤੇ ਸਾਰੇ ਨਿਆਣੇ ਮਾਵਾਂ ਤੋਂ ਇਕ ਇਕ ਪੈਸਾ ਲੈ ਕੇ ਉਸ ਜਾਦੂ ਦੇ ਬਕਸੇ ਵਾਲੇ ਨੂੰ ਦੇ ਕੇ ਆਪਣਾ ਚਿਹਰਾ ਤੇ ਅੱਖਾਂ ਬਾਈਸਕੋਪ ਵਿਚ ਤੁੰਨ ਲੈਂਦੇ ਸਨ ਤੇ ਨਜ਼ਾਰਿਆਂ ਦਾ ਪੂਰਾ-ਪੂਰਾ ਆਨੰਦ ਮਾਣਦੇ ਸਨ। ਪੈਰਿਸ ਦੀ ਰਾਤ, ਬਾਰਾਤ, ਚਿੱਟਾ ਰਿੱਛ, ਸਰਕਸ ਦੇ ਜੋਕਰ ਤੋਂ ਪਿੱਛੋਂ ਜਦੋਂ ਧੋਬਨ ਆਉਂਦੀ ਸੀ, ਤਾਂ ਬੱਚਿਆਂ ਨੂੰ ਕੁਝ ਹੋਰ ਚੇਤੇ ਹੀ ਨਹੀਂ ਸੀ ਰਹਿੰਦਾ ; ਉਸ ਸੋਚਦੇ ਕਿ ਧੋਬਨ ਨੂੰ ਇਸ ਬਕਸੇ ਵਿਚ ਕਿਉਂ ਕੈਦ ਕੀਤਾ ਹੋਇਆ ਹੈ ? ਮਹੀਨਾ ਪਹਿਲਾਂ ਵੀ ਉਹ ਇਵੇਂ ਹੀ ਲੇਟੀ ਹੋਈ ਸੀ ਤੇ ਅੱਜ ਵੀ ਲੇਟੀ ਹੋਈ ਹੈ। ਇਕੋ ਪਾਸੇ ਪਈ-ਪਈ ਕੀ ਉਹ ਥੱਕਦੀ ਨਹੀਂ ? ਧੋਬਨ ਅਛੋਪਲੇ ਹੀ ਬੱਚਿਆਂ ਨੂੰ ਚੰਗੀ ਲੱਗਣ ਲੱਗ ਪਈ ਸੀ। ਉਸਦੇ ਦਿਮਾਗ ਵਿਚ ਵੀ ਘੁਸੀ ਹੋਈ ਸੀ ਤੇ ਅੱਜ ਕੋਈ ਪੰਦਰਾਂ ਵੀਹ ਵਰ੍ਹਿਆ ਬਾਅਦ ਬਾਹਰ ਨਿਕਲੀ ਸੀ।
ਨਾਲ ਵਾਲੇ ਕਮਰੇ ਵਿਚ , ਸੰਤ ਰਾਮ ਦੀ ਵਿਆਹੀ-ਵਰੀ ਕੁੜੀ ਲਾਡੋ, ਜਿਹੜੀ ਕੱਲ੍ਹ ਹੀ ਆਪਣੇ ਸਹੁਰਿਓਂ ਆਈ ਸੀ, ਸੁੱਤੀ ਹੋਈ ਸੀ ; ਏਨੀ ਗੂੜ੍ਹੀ ਨੀਂਦ---ਜਿਵੇਂ ਇਸ ਦੁਨੀਆਂ ਨਾਲ ਉਸਦਾ ਕੋਈ ਵਾਸਤਾ ਹੀ ਨਾ ਹੋਵੇ। ਉਸਦਾ ਮੂੰਹ ਅੱਡਿਆ ਹੋਇਆ ਸੀ, ਕਿਉਂਕਿ ਰਾਤ ਦੇ ਪਹਿਲੇ ਪਹਿਰ ਕਮੀਨੇ ਬਾਬੀ---ਉਸਦੇ ਮੁੰਡੇ---ਨੇ ਉਸਨੂੰ ਸੌਣ ਹੀ ਨਹੀਂ ਸੀ ਦਿੱਤਾ ਤੇ ਜਦੋਂ ਉਸਨੂੰ ਨੀਂਦ ਆਈ, ਤਾਂ ਸਾਹ ਲੈਣ ਲਈ ਵਧ ਹਵਾ ਦੀ ਜ਼ਰੂਤ ਪਈ। ਲਾਡੋ ਜਿਵੇਂ ਵਿਆਹ ਵੇਲੇ, ਛੇ ਵਰ੍ਹੇ ਪਹਿਲਾਂ, ਹੁੰਦੀ ਸੀ, ਹੁਣ ਵੀ ਓਵੇਂ ਲਗਦੀ ਸੀ। ਗੱਲ ਕਰਨ ਵੇਲੇ ਮੂੰਹ ਵਿਚੋਂ ਪਾਣੀ ਦੀਆਂ ਫੁਆਰਾਂ ਸੁਣਨ ਵਾਲੇ ਦੇ ਮੂੰਹ 'ਤੇ ਪੈਂਦੀਆਂ ਸਨ। ਜਿਵੇਂ ਉਹ ਰੁੱਸਦੀ, ਓਵੇਂ ਹੀ ਮੰਨ ਜਾਂਦੀ। ਸੰਤ ਰਾਮ ਤੇ ਧੋਬਨ ਨੂੰ ਇਹੀ ਫਿਕਰ ਸੀ---ਇਹ ਸਾਡੀ ਲੱਲ੍ਹੀ ਕੁੜੀ ਵੱਸੇਗੀ ਕਿਵੇਂ ? ਉਸਨੂੰ ਕੋਈ ਬਾਬੂ ਸੁਭਾਅ ਮੀਆਂ ਮਿਲ ਗਿਆ ਤਾਂ ਮੁਸੀਬਤ ਹੋ ਜਾਵੇਗੀ। ਪਰ ਉਸਨੂੰ ਜਿਹੜਾ ਮੀਆਂ ਮਿਲਿਆ, ਉਸਨੇ ਕੋਈ ਸ਼ਰਤ ਹੀ ਨਹੀਂ ਸੀ ਰੱਖੀ ਤੇ ਨਾ ਹੀ ਹੁਣ ਕੋਈ ਚੂੰ-ਚਰਾਂ ਕਰਦਾ ਹੈ। ਇਧਰ ਇਸ ਘਰ ਵਿਚ ਮਾਂ-ਬਾਪ ਦੀ ਅਣਬਣ, ਉਧਰ ਲਾਡੋ ਦੇ ਸਹੁਰੇ-ਘਰ ਮਾਤਾ-ਪਿਤਾ ਦੇ ਲਾਡ-ਪਿਆਰ ਦੇ ਭੰਡਾਰ ਨੇ ਜਾਂ ਲੋਕੀ ਕੀ ਆਖਣਗੇ ਦੇ ਡਰ ਨੇ, ਪਤੀ-ਪਤਨੀ ਦੋਵਾਂ ਨੂੰ ਇਕ ਮਜ਼ਬੂਤ ਰਿਸ਼ਤੇ ਵਿਚ ਬੰਨ੍ਹਿਆਂ ਹੋਇਆ ਸੀ। ਦਲੇਰ ਦੋਵੇਂ ਏਨੇ ਸਨ ਕਿ ਘਰੇ ਚੂਹਾ ਨਿਕਲ ਆਵੇ ਤਾਂ ਚੀਕ-ਚੀਕ ਕੇ ਇਕ-ਦੂਜੇ ਦੇ ਵਿਚ ਵੜਨ ਲੱਗ ਪੈਂਦੇ ਸਨ। ਸੰਤ ਰਾਮ ਉਸਦੇ ਚਿੜੀ ਜਿੱਡੇ ਦਿਲ ਉੱਤੇ ਬੜਾ ਖੁਸ਼ ਸੀ, ਕਿਉਂਕਿ ਉਹ ਜਾਣਦਾ ਸੀ ਕਿ ਬਹੁਤ ਸਾਰੇ ਨਾਕਾਰਾਤਮਕ ਭਾਵ ਜ਼ਿੰਦਗੀ ਲਈ ਕਿੰਨੇ ਲਾਭਵੰਤ ਹੁੰਦੇ ਨੇ, ਜਿਵੇਂ ਕਿ ਡਰ, ਕੰਜੂਸੀ, ਲੋਕ-ਲੱਜਾ ਵਗੈਰਾ। ਪਰ ਇਹ ਡਰ ਤਾਂ ਅਗਲੀ ਨਸਲ ਵਿਚ ਵੀ ਪਹੁੰਚ ਰਿਹਾ ਸੀ। ਲਾਡੋ ਨਾਲ ਉਸਦਾ ਬਾਲ---ਬਾਬੀ---ਸੁੱਤਾ ਹੋਇਆ ਸੀ ; ਮਾਂ ਦੇ ਗਲੇ ਵਿਚ ਬਾਹਾਂ ਪਾ ਕੇ। ਜਦੋਂ ਜ਼ਰਾ ਅੱਖ ਖੁੱਲ੍ਹਦੀ, ਉਸਦੇ ਕੰਨ ਮਸਲ ਲੱਗ ਪੈਂਦਾ। ਪਤਾ ਨਹੀਂ, ਇਹ ਕੀ ਆਦਤ ਸੀ ਉਸਦੀ, ਜਿਸਨੂੰ ਸਿਰਫ ਉਸਦੀ ਮਾਂ ਹੀ ਬਰਦਾਸ਼ਤ ਕਰ ਸਕਦੀ ਸੀ। ਸੰਤ ਰਾਮ ਨੇ ਜਦੋਂ ਵੀ ਕਦੀ ਮੋਹ ਵੱਸ ਹੋ ਕੇ ਆਪਣੇ ਦੋਹਤੇ ਨੂੰ ਨਾਲ ਸੰਵਾਇਆ, ਥੋੜ੍ਹੀ ਦੇਰ ਪਿੱਛੋਂ ਹੀ ਅੱਕ ਕੇ ਚੁੱਕਿਆ ਤੇ ਉਸਦੀ ਮਾਂ ਦੇ ਨਾਲ ਜਾ ਪਾਇਆ। ਸੁੱਤੇ ਹੋਏ ਬੱਚੇ ਦੀਆਂ ਬਾਹਾਂ ਦੀ ਗਲਵੱਕੜੀ ਇਕ ਆਮ ਗੱਲ ਸੀ, ਪਰ ਜਦੋਂ ਉਹ ਆਪਣੇ ਲਿਜਲਿਜੇ ਹੱਥਾਂ ਨਾਲ ਕੰਨ ਮਸਲਨ-ਮਰੋੜਨ ਲੱਗਦਾ ਸੀ ਤਾਂ ਅਜੀਬ ਜਿਹੀ ਕੁਤਕੁਤੀ ਹੁੰਦੀ ਸੀ ਜਿਵੇ ਕੋਈ ਕੰਨ ਵਿਚ ਡੱਕੇ ਮਾਰ ਰਿਹਾ ਹੋਵੇ।
ਦੋਵੇਂ ਛੋਟੇ ਬੱਚੇ, ਮੁੰਡਾ ਤੇ ਕੁੜੀ, ਆਪਣੇ ਮਾਮੇ ਕੋਲ ਗੁੜਗਾਂਵ ਗਏ ਹੋਏ ਸਨ। ਉਹਨਾਂ ਦੇ ਖਾਲੀ ਪਏ ਬਿਸਤਰੇ ਛੱਤ ਨੂੰ ਘੂਰ ਰਹੇ ਸਨ। ਵੱਡਾ ਪਾਲ ਇੱਥੇ ਹੀ ਸੀ, ਜਿਸਦੇ ਘੁਰਾੜੇ ਸੁਣਾਈ ਦੇ ਰਹੇ ਸਨ। ਕਿੰਜ ਉਹ ਵਿਹੰਦਿਆਂ- ਵਿਹੰਦਿਆ ਵੱਡਾ ਹੋ ਗਿਆ ਸੀ ਤੇ ਸੰਤ ਰਾਮ ਦੇ ਕਾਬੂ 'ਚੋਂ ਨਿਕਲ ਗਿਆ ਸੀ। ਪਹਿਲਾਂ ਸੰਤ ਰਾਮ ਉਸਨੂੰ ਉਸਦੀ ਗਲਤੀ ਉੱਤੇ ਤਾੜਦਾ ਤਾਂ ਉਹ ਨਿੱਕੇ-ਨਿੱਕੇ ਵਿਰੋਧ ਕਰਦਾ : ਆਪਣੀ ਮਾਂ ਨਾਲ ਲੜਨ ਲੱਗਦਾ, ਚਾਹ ਵਾਲੀ ਪਿਆਲੀ ਚੁੱਕ ਕੇ ਖਿੜਕੀ ਵਿਚੋਂ ਬਾਹਰ ਸੁੱਟ ਦਿੰਦਾ। ਪਰ ਹੁਣ ਉਹ ਪਿਓ ਦੇ ਤਾੜਨ 'ਤੇ ਬਿਲਕੁਲ ਚੁੱਪ ਹੋ ਜਾਂਦਾ ਸੀ। ਇਹ ਗੱਲ ਸੰਤ ਰਾਮ ਨੂੰ ਹੋਰ ਵੀ ਰੜਕਦੀ ਸੀ। ਸੰਤ ਰਾਮ ਚਾਹੁੰਦਾ ਸੀ, ਉਹ ਉਸਦੀ ਗੱਲ ਦਾ ਜਵਾਬ ਦੇਵੇ ਤੇ ਜਦੋਂ ਉਹ ਕਦੀ ਜਵਾਬ ਦਿੰਦਾ ਸੀ ਤਾਂ ਸੰਤ ਰਾਮ ਹੋਰ ਵੀ ਹਿਰਖ ਜਾਂਦਾ ਸੀ। ਉਹ ਚਾਹੁੰਦਾ ਸੀ, ਮੁੰਡਾ ਉਸਦੀ ਗੱਲ ਦਾ ਜਵਾਬ ਦੇਵੇ, ਤੇ ਨਹੀਂ ਵੀ ਚਾਹੁੰਦਾ ਸੀ---ਆਖ਼ਰ ਉਹ ਚਾਹੁੰਦਾ ਕੀ ਸੀ, ਉਹ ਨਹੀਂ ਸੀ ਜਾਣਦਾ ! ਸੰਤ ਰਾਮ ਨੇ ਆਪਣੇ ਪੁੱਤਰ ਪਾਲ ਨੂੰ ਆਪਣੀ ਜ਼ਿੰਦਗੀ ਦੀ ਆਖ਼ਰੀ ਚਪੇੜ ਛੇ ਵਰ੍ਹੇ ਪਹਿਲਾਂ ਮਾਰੀ ਸੀ, ਜਿਹੜੀ ਹੁਣ ਤਕ ਗੂੰਜ ਰਹੀ ਹੈ। ਹੁਣ ਤਾਂ ਉਹ ਉਸ ਤੋਂ ਡਰਨ ਵੀ ਲੱਗ ਪਿਆ ਸੀ। ਅੱਜ ਵੀ ਪਾਲ ਨਿੱਤ ਵਾਂਗ ਹੀ ਰਾਤ ਨੂੰ ਦੋ ਵਜੇ ਆਇਆ ਸੀ---ਡਿਪਲੋਮੇਟ ਦੇ ਦੋ-ਚਾਰ ਪੈਗ ਲਾ ਕੇ। ਵਿਸਕੀ ਦੀ ਅਸਲੀ ਮਹਿਕ ਤਾਂ ਘਰ ਦੇ ਲੋਕਾਂ ਨੇ ਨੀਂਦ ਵਿਚ ਵਿਸਾਰ ਦਿੱਤੀ ਸੀ, ਪਰ ਹੁਣ ਵੀ ਉਸਦੇ ਉਲਟੇ ਸਾਹਾਂ ਵਿਚ ਉਸਦੀ ਬੂ ਬਾਕੀ ਸੀ।
ਪਾਲ ਛੱਬੀ ਸਤਾਈ ਵਰ੍ਹਿਆਂ ਦਾ ਇਕ ਪਤਲੂ ਜਿਹਾ ਨੌਜਵਾਨ ਸੀ। ਅੰਦਰੇ-ਅੰਦਰ ਕੁੜ੍ਹਦੇ ਰਹਿਣ ਕਰਕੇ ਉਸਦੇ ਸਰੀਰ ਉੱਤੇ ਮਾਸ ਨਹੀਂ ਸੀ ਚੜ੍ਹ ਰਿਹਾ। ਇਸ ਦੇ ਬਾਵਜ਼ੂਦ ਚਿਹਰੇ ਦੀ ਬਨਾਵਟ ਤੇ ਮੁੱਛਾਂ ਦੀ ਬਰੀਕ ਜਿਹੀ ਲਕੀਰ ਸਦਕਾ, ਉਹ ਮਰਦ ਦੇ ਰੂਪ ਵਿਚ ਸਵਿਕਾਰ ਕਰ ਲੈਣ ਯੋਗ ਸੀ। ਔਰਤਾਂ ਉਸਨੂੰ ਬੜਾ ਪਸੰਦ ਕਰਦੀਆਂ ਸਨ, ਕਿਉਂਕਿ ਉਹ ਬੱਚਿਆਂ ਨੂੰ ਬੜਾ ਪਿਆਰ ਕਰਦਾ ਸੀ। ਉਹ ਸ਼ਾਦੀ ਤਾਂ ਕੀ, ਹਰ ਕਿਸਮ ਦੀ ਜ਼ਿਮੇਂਦਾਰੀ ਤੋਂ ਘਬਰਾਉਂਦਾ ਸੀ। ਪਰ ਉਸਦੇ ਹੁਣ ਤਕ ਕੁਆਰਾ ਰਹਿ ਜਾਣ ਦਾ ਇਕ ਕਾਰਣ ਇਹ ਵੀ ਸੀ ਕਿ ਉਸ ਨਾਲ ਲਿਵ ਲਾਉਣ ਵਾਲੀਆਂ ਜਿੰਨੀਆਂ ਮੁਇਆਰਾਂ ਸਨ, ਸਾਰੀਆਂ ਵਿਆਹੀਆਂ-ਵਰੀਆਂ ਹੋਈਆਂ ਸਨ, ਤੇ ਇਕ-ਦੋ ਬੱਚਿਆਂ ਦੀਆਂ ਮਾਵਾਂ ਵੀ ਸਨ, ਜਿੰਨ੍ਹਾਂ ਦੇ ਮਰਦ ਉਹਨਾਂ ਦੇ ਬੱਚਿਆਂ ਨੂੰ ਪਿਆਰ ਕਰਨ ਤੇ ਉਹਨਾਂ ਨਾਲ ਖੇਡਣ ਦੇ ਬਜਾਏ ਸਿਰਫ ਉਹਨਾਂ ਦੇ ਸੈਕਸ ਨਾਲ ਖੇਡਦੇ ਸਨ।
ਚਰਿੱਤਰ ਪੱਖੋਂ ਪਾਲ ਉਮੰਗਾਂ-ਉਮੀਦਾ ਨਾਲ ਭਰਪੂਰ ਸੀ ਤੇ ਆਸ਼ਾਵਾਦੀ ਵੀ ਸੀ। ਉਸ ਵਿਚ ਆਤਮ-ਸਨਮਾਨ ਦੀ ਭਾਵਨਾ ਅਥਾਹ ਸੀ। ਇਹ ਆਤਮ-ਸਨਮਾਨ, ਜਿਸ ਸਦਕਾ ਉਸਦੇ ਨੱਕ ਦੇ ਨਥਨੇ ਹਮੇਸ਼ਾ ਫੁੱਲੇ ਰਹਿੰਦੇ ਸਨ ਤੇ ਉਹ ਬੜੇ ਪ੍ਰਭਾਵਸ਼ਾਲੀ ਤਰੀਕੇ ਨਾਲ ਪਾਲ ਆਨੰਦ ਦੇ ਨਾਂਅ ਨਾਲ ਆਪਣੀ ਜਾਣ-ਪਛਾਣ ਕਰਵਾਉਂਦਾ ਹੁੰਦਾ ਸੀ, ਜਿਵੇਂ ਉਹ ਕੋਈ ਪਰੰਪਰਾ ਹੋਵੇ। ਇਹ ਪਰੰਪਰਾ ਉਸ ਵਿਚ ਕਿੱਥੋਂ ਆਈ ? ਆਪਣੇ ਪਿਤਾ ਸੰਤ ਰਾਮ ਆਨੰਦ ਤੋਂ ਹੀ ਨਾ...ਜਿਹੜਾ ਇਕ ਬੜੀ ਵੱਡੀ ਐਡਵਰਟਾਇਜ਼ਿੰਗ ਕੰਪਨੀ ਦਾ ਮਾਲਕ ਸੀ ਤੇ ਜਿਸ ਨੇ ਆਪਣੇ ਪੁੱਤਰ ਨੂੰ ਕਿਸੇ ਸ਼ਹਿਜ਼ਾਦੇ ਵਾਂਗ ਪਾਲਿਆ ਸੀ, ਉਸਦੀ ਮਾਂ---ਧੋਬਨ---ਤੋਂ ਚੋਰੀ-ਚੋਰੀ ਖਰਚਣ ਲਈ ਕਾਫੀ ਪੈਸੇ ਦੇ ਦਿੰਦਾ ਸੀ ਤੇ ਇਸੇ ਕਾਰਕੇ ਆਪਣੀ ਪਤਨੀ ਨਾਲ ਸੰਬੰਧ ਖਰਾਬ ਕਰੀ ਰੱਖਦਾ ਸੀ। ਨਾਲੇ ਉਸਨੇ ਪਾਲ ਨੂੰ ਇਕ ਸੁਰੱਖਿਅਤ ਛੱਤ ਦਿੱਤੀ ਹੋਈ ਸੀ---ਇਕ ਅਜਿਹੇ ਮਕਾਨ ਦੀ ਛੱਤ, ਜਿਸ ਵਿਚ ਤੀਹ ਬੈੱਡ-ਰੂਮ ਸਨ ਤੇ ਇਕ ਸ਼ਾਨਦਾਰ ਡਰਾਇੰਗ-ਰੂਮ, ਜਿਸ ਵਿਚ ਨਾਮੀਂ ਉਸਤਾਦ ਚਿੱਤਰਕਾਰਾਂ ਦੀਆਂ ਕਲਾ-ਕ੍ਰਿਤਾਂ ਲੱਗੀਆਂ ਹੋਈਆਂ ਸਨ ; ਨਾਲੇ ਦਿਨ ਵਿਚ ਦੋ-ਦੋ ਵਾਰੀ ਬਦਲਨ ਲਈ ਕਪੜੇ। ਇਹ ਸਭ ਕੁਝ ਆਪਣੇ ਪਿਤਾ ਤੋਂ ਲੈ ਕੇ, ਉਹ ਉਸੇ ਨੂੰ ਹੀ ਕਿਉਂ ਭੁੱਲ ਗਿਆ ਸੀ ! ਸਿਰਫ ਇਹੀ ਨਹੀਂ, ਉਸ ਨਾਲ ਨਫ਼ਰਤ ਵੀ ਕਰਨ ਲੱਗ ਪਿਆ ਸੀ ਤੇ ਉਸਦੇ ਲਾਗਿਓਂ ਇੰਜ ਲੰਘ ਜਾਂਦਾ ਸੀ, ਜਿਵੇਂ ਉਹ ਉਸਦਾ ਪਿਓ ਨਹੀਂ ਕੋਈ ਕੁਰਸੀ ਜਾਂ ਮੇਜ਼ ਵਰਗੀ ਸ਼ੈ ਹੋਵੇ। ਜੇ ਸਰਕਾਰ ਨੇ ਕੋਈ ਨਵਾਂ ਕਾਨੂੰਨ ਪਾਸ ਕਰ ਦਿੱਤਾ, ਜਿਸ ਕਾਰਣ ਕੰਪਨੀ ਫੇਲ੍ਹ ਹੋ ਗਈ ਤਾਂ ਇਸ ਵਿਚ ਸੰਤ ਰਾਮ ਦਾ ਕੀ ਦੋਸ਼ ਸੀ ਭਲਾ ? ਜ਼ਿੰਦਗੀ ਵਿਚ ਨਫ਼ਾ ਹੁੰਦਾ ਹੈ, ਤਾਂ ਨੁਕਸਾਨ ਵੀ। ਇਹ ਕੀ ਮਤਲਬ ਹੋਇਆ ਕਿ ਨਫ਼ੇ ਵਿਚ ਤਾਂ ਸਭੋ ਸ਼ਰੀਕ ਹੋ ਜਾਣ ਤੇ ਨੁਕਸਾਨ ਸਮੇਂ ਨਾ ਸਿਰਫ ਵੱਖ ਹੋ ਕੇ ਬੈਠ ਜਾਣ, ਬਲਿਕੇ ਗਾਲ੍ਹਾਂ ਵੀ ਕੱਢਣ ਲੱਗ ਪੈਣ ? ਪਰ ਇਸ ਵਿਚ ਪਾਲ ਦਾ ਬਹੁਤਾ ਕਸੂਰ ਨਹੀਂ ਸੀ। ਅੱਜ ਕੱਲ੍ਹ ਦੇ ਜ਼ਮਾਨੇ ਦਾ ਮੁੰਡਾ ਸੀ ਤੇ ਸਿਰਫ ਉਸੇ ਦੀ ਇੱਜ਼ਤ ਕਰ ਸਕਦਾ ਸੀ, ਜਿਸ ਦੇ ਬੋਝੇ ਵਿਚ ਪੈਸੇ ਹੋਣ, ਜਾਂ ਉਸਦੇ ਮੋਟੇ ਨੋਟ ਕਮਾਉਣ, ਬਿਲਡਿੰਗਾਂ ਖੜ੍ਹੀਆਂ ਕਰਨ ਤੇ ਇਮਪਾਲਾ ਕਾਰ ਖ਼ਰੀਦਨ ਦੀ ਸੰਭਾਵਨਾ ਹੋਵੇ। ਇਕ ਵਾਰੀ ਸੰਤ ਰਾਮ ਦੇ ਸਵਾਲ ਉੱਤੇ ਪਾਲ ਨੇ ਇਹ ਗੱਲ ਕਹਿ ਵੀ ਦਿੱਤੀ ਸੀ, ਜਿਸ ਨਾਲ ਬੁੱਢੇ ਨੂੰ ਬੜੀ ਠੇਸ ਲੱਗੀ ਸੀ। ਉਸਦੇ ਅੰਦਰ ਕੀ-ਕੀ ਟੁੱਟਿਆ ਸੀ, ਇਸਦਾ ਉਸਨੂੰ ਆਪ ਨੂੰ ਵੀ ਅੰਦਾਜ਼ਾ ਨਹੀਂ ਸੀ ਹੋਇਆ। ਉਸਦਾ ਕਿੰਨਾ ਦਿਲ ਕੀਤਾ ਸੀ ਕਿ ਉਹ ਕਿਤੇ ਚੋਰੀ-ਸ਼ੋਰੀ ਕਰਕੇ, ਡਾਕਾ-ਸ਼ਾਕਾ ਮਾਰ ਕੇ ਜਾਂ ਬੈਂਕ ਹੋਲਡ-ਅੱਪ ਕਰਕੇ ਲੱਖ ਰੁਪਈਆ ਲੈ ਆਵੇ ਤੇ ਆਪਣੇ ਪੁੱਤਰ ਦੇ ਪੈਰਾਂ ਵਿਚ ਸੁੱਟ ਕੇ ਉਸ ਦੀਆਂ ਤੇ ਉਸਦੀ ਮਾਂ ਦੀਆਂ ਨਜ਼ਰਾਂ ਵਿਚ ਆਪਣਾ ਗਵਾਚਿਆ ਹੋਇਆ ਸਨਮਾਣ ਮੁੜ ਪ੍ਰਾਪਤ ਕਰ ਲਵੇ। ਪਰ ਲੱਖ ਰੁਪਈਆ ਸਿੱਧੇ ਹੱਥੀਂ ਨਹੀਂ, ਕਿਸੇ ਦਾ ਗ਼ਲ ਵੱਢ ਕੇ ਹੀ ਬਣਦਾ ਹੈ...ਜਿਸਦੀ ਹਿੰਮਤ ਸੰਤ ਰਾਮ ਵਿਚ ਨਹੀਂ ਸੀ। ਜਦੋਂ ਘਾਟਾ ਪਿਆ ਤਾਂ ਧੋਬਨ ਜਾਂ ਲਾਡੋ ਜਾਂ ਪਾਲ ਵਿਚੋਂ ਕਿਸੇ ਨੇ ਏਨਾ ਵੀ ਤਾਂ ਨਹੀਂ ਸੀ ਕਿਹਾ---'ਏ ਜੀ ਜਾਂ ਪਾਪਾ ਜੀ, ਕੋਈ ਗੱਲ ਨਹੀਂ, ਇੰਜ ਹੋ ਜਾਂਦਾ ਹੈ। ਤੁਸੀਂ ਦਿਲ ਛੋਟਾ ਕਿਉਂ ਕਰਦੇ ਓ ! ਜਿਵੇਂ ਗਿਆ ਹੈ, ਓਵੇਂ ਫੇਰ ਆ ਜਾਵੇਗਾ।' ਜਿਹੜਾ ਪੈਸੇ ਕਮਾਉਣ ਨਿਕਲਦਾ ਹੈ, ਗੁਆ ਵੀ ਬਹਿੰਦਾ ਹੈ...ਤੇ ਇਹ ਕੋਈ ਜ਼ਰੂਰੀ ਤਾਂ ਨਹੀਂ ਕਿ ਹਰ ਨੁਕਸਾਨ ਝੱਲਣ ਵਾਲਾ ਬੇਵਕੂਫ਼ ਹੁੰਦਾ ਹੈ। ਇਹ ਤਾਂ ਉਹੀ ਗੱਲ ਹੋਈ, ਜਿਵੇਂ ਹਰ ਪੈਸਾ ਕਮਾਉਣ ਵਾਲਾ ਅਕਲਮੰਦ ਹੁੰਦਾ ਹੋਵੇ। ਕਿਉਂ ਸਾਰਿਆਂ ਨੇ ਉਸਨੂੰ ਬੁੱਢਾ ਤੇ ਸਠਿਆਇਆ ਹੋਇਆ ਸਮਝ ਲਿਆ ਸੀ...ਤੇ ਵੀਹ ਵਾਰੀ ਉਸ ਵੱਲ ਦੇਖੇ ਬਿਨਾਂ ਕੋਲੋਂ ਲੰਘ ਜਾਂਦੇ ਸਨ ਤੇ ਇਹ ਸਮਝਣ ਲਈ ਉਸਨੂੰ ਮਜ਼ਬੂਰ ਕਰ ਦਿੱਤਾ ਸੀ ਕਿ ਉਹ ਇਸ ਦੁਨੀਆਂ ਵਿਚ ਇਕੱਲਾ ਹੈ ! ਇਸ ਦਾ ਅਰਥ ਤਾਂ ਇਹੀ ਹੋਇਆ ਨਾ ਕਿ ਜੇ ਉਸਦੀ ਮਾਲੀ ਹਾਲਤ ਫੇਰ ਚੰਗੀ ਹੋ ਜਾਵੇ, ਤਾਂ ਉਹ ਇਹਨਾਂ ਬੀਤੀਆਂ ਹੋਈਆਂ ਸਾਰੀਆਂ ਗੱਲਾਂ ਨੂੰ ਦਿਲ ਵਿਚ ਰੱਖ ਕੇ ਇਕ ਹੰਟਰ ਫੜ੍ਹ ਲਵੇ ਤੇ ਕਿਸੇ ਹਾਏ-ਦਯਾ ਦੇ ਪਹਿਲਾਂ ਪਤਨੀ ਤੇ ਬੱਚਿਆਂ ਨੂੰ ਮਾਰ-ਮਾਰ ਕੇ ਨੀਲਾ ਕਰ ਦੇਵੇ। ਨਹੀਂ, ਇਹ ਪਤੀ ਤੇ ਪਿਤਾ ਦਾ ਕਰਤੱਵ ਨਹੀਂ...ਪਰ ਇਹ ਕਿਉਂ ਸਮਝ ਲਿਆ ਜਾਵੇ ਕਿ ਪਤੀ ਤੇ ਪਿਤਾ ਦਾ ਕਰਤੱਵ ਸਿਰਫ ਪਿਆਰ ਦੇਣਾ ਹੈ,ਪਿਆਰ ਚਾਹੁਣਾ ਨਹੀਂ ? ਜਿਵੇਂ ਉਸਨੂੰ ਪਿਆਰ ਦੀ ਲੋੜ ਹੀ ਨਹੀਂ ਹੁੰਦੀ ! ਪਿਆਰ ਦੀ ਲੋੜ ਕਿਸ ਨੂੰ ਨਹੀਂ ਹੁੰਦੀ ? ਇਕ ਸਾਲ ਦੇ ਬੱਚੇ ਨੂੰ ਹੁੰਦੀ ਹੈ ਤਾਂ ਸੌ ਸਾਲ ਦੇ ਬੁੱਢੇ ਨੂੰ ਵੀ। ਹੋਰ ਤਾਂ ਹੋਰ ਆਪਣੇ ਕਾਕਰ ਸਪੇਨਿਗਲ ਜਿੰਮੀ ਨੂੰ ਵੀ ਹੈ, ਜਿਹੜਾ ਇਸ ਸਮੇਂ ਆਪਣੇ ਠਿਕਾਣੇ ਉੱਤੇ ਸੁੱਤਾ ਪਿਆ ਹੋਵੇਗਾ ਤੇ ਕਦੀ-ਕਦਾਰ ਕਿਤੋਂ ਕਿਸੇ ਓਪਰੀ ਆਵਾਜ਼ ਦੇ ਆਉਣ 'ਤੇ ਭੌਂਕ ਪੈਂਦਾ ਹੋਵੇਗਾ। ਕਿੰਜ ਪਿਆਰ ਭਰੀਆਂ ਨਜ਼ਰਾਂ ਉਸ ਦੀਆਂ ਨਜ਼ਰਾਂ ਨਾਲ ਮਿਲ ਦੀਆਂ ਹਨ ਤਾਂ ਪਿਆਰ ਦੇ ਪੈਗ਼ਾਮ ਦੀ ਇਕ ਤਰੰਗ ਉਸਦੇ ਦਿਮਾਗ 'ਚੋਂ ਹੁੰਦੀ ਹੋਈ ਉਸਦੀ ਪੂਛ ਤਕ ਚਲੀ ਜਾਂਦੀ ਹੈ, ਜਿਹੜੀ ਜ਼ੋਰ-ਜ਼ੋਰ ਨਾਲ ਹਿੱਲਣ ਲੱਗਦੀ ਹੈ ਤੇ ਸਾਰੇ ਸਰੀਰ ਨੂੰ ਵੀ ਹਿਲਾਅ ਦੇਂਦੀ ਹੈ। ਜਿਸ ਦਿਨ ਕੋਈ ਉਸਨੂੰ ਇਸ ਨਜ਼ਰ ਨਾਲ ਨਾ ਦੇਖੇ, ਉਹ ਖਾਣਾ ਛੱਡ ਦਿੰਦਾ ਹੈ ਜਿਵੇਂ ਕਹਿ ਰਿਹਾ ਹੋਵੇ---ਮੈਂ ਭੁੱਖਾ ਰਹਿ ਸਕਦਾ ਹਾਂ ਪਰ ਪਿਆਰ ਬਿਨਾਂ ਨਹੀਂ ਰਹਿ ਸਕਦਾ।...ਤੇ ਇਸ ਧੋਬਨ, ਲਾਡੋ ਤੇ ਪਾਲ ਨੇ ਤਾਂ ਉਸਨੂੰ ਜਿੰਮੀ ਦੇ ਬਰਾਬਰ ਵੀ ਨਹੀਂ ਸੀ ਸਮਝਿਆ।
ਸ਼ਾਇਦ ਇਹ ਸਭ ਇਸ ਲਈ ਸੀ ਕਿ ਸੰਤ ਰਾਮ ਨੇ ਜ਼ਿੰਦਗੀ ਵਿਚ ਸਿਰਫ ਦੇਣਾ ਹੀ ਸਿਖਿਆ ਸੀ ਤੇ ਇਹ ਹੁਣ ਉਸਦੀ ਆਦਤ ਬਣ ਚੁੱਕੀ ਸੀ। ਜਦੋਂ ਉਹ ਦਿੰਦਾ ਸੀ, ਜਿਊਂਦਾ ਸੀ। ਕੁਝ ਲੈਣ ਵੇਲੇ ਉਸਦੀ ਰੂਹਾਨੀ ਮੌਤ ਹੋ ਜਾਂਦੀ ਸੀ। ਜਾਪਦਾ ਸੀ, ਉਸਨੂੰ ਕਾਰੋਬਾਰ ਦੇ ਘਾਟੇ ਦਾ ਏਨਾ ਗ਼ਮ ਨਹੀਂ, ਜਿੰਨਾਂ ਇਸ ਗੱਲ ਦਾ ਹੈ ਕਿ ਹੁਣ ਉਹ ਦੇ ਨਹੀਂ ਸਕਦਾ। ਤੇ ਜਦੋਂ ਘਰਵਾਲੇ ਚੁੱਪਚਾਪ ਕੋਲੋਂ ਲੰਘ ਜਾਂਦੇ ਸਨ ਤਾਂ ਉਹ ਉਹਨਾਂ ਦੀ ਚੁੱਪ ਦੇ ਅਜੀਬ, ਪੁੱਠੇ-ਸਿੱਧੇ ਅਰਥ ਕੱਢਣ ਬਹਿ ਜਾਂਦਾ ਸੀ। ਉਹ ਨਹੀਂ ਸੀ ਜਾਣਦਾ ਕਿ ਲੈਣ ਵਾਲਿਆਂ ਨੂੰ ਵੀ ਆਦਤ ਪੈ ਚੁੱਕੀ ਹੁੰਦੀ ਹੈ---ਲੈਣ ਦੀ। ਤੇ ਦਾਤਾ ਲੈਣ ਵਾਲੇ ਦੀ ਸ਼ਖ਼ਸੀਅਤ ਨੂੰ ਕਿੰਨਾਂ ਕੁਚਲ ਸਕਦਾ ਹੈ, ਇਸ ਦਾ ਸੰਤ ਰਾਮ ਨੂੰ ਅੰਦਾਜ਼ਾ ਨਹੀਂ ਸੀ। ਇਸ ਸਿਲਸਿਲੇ ਵਿਚ ਉਹ ਬੜਾ ਅਨਾੜੀ ਸਿੱਧ ਹੋਇਆ ਸੀ। ਉਸਨੇ ਕਈ ਵਾਰੀ ਉਧਾਰ ਚੁੱਕ ਕੇ ਵੀ ਪਤਨੀ ਤੇ ਬੱਚਿਆਂ ਨੂੰ ਤੋਹਫੇ ਦਿੱਤੇ ਸਨ, ਜਿਹੜੇ ਉਹਨਾਂ ਲੈ ਕੇ ਰੱਖ ਲਏ ਤੇ ਸ਼ਿਕਰੇ ਵਾਂਗਰ ਅੱਖਾਂ ਦੀਆਂ ਖਿੜਕੀਆਂ ਖੋਹਲੀ ਝਾਕਦੇ ਰਹੇ। ਕਿਸੇ ਨੇ ਸ਼ੁਕਰੀਏ ਦਾ ਇਕ ਸ਼ਬਦ ਵੀ ਨਹੀਂ ਸੀ ਕਿਹਾ ਤੇ ਨਾ ਹੀ ਅਹਿਸਾਨ ਮੰਨਦੀਆਂ ਅੱਖਾਂ ਨਾਲ ਉਸ ਵੱਲ ਤੱਕਿਆ ਹੀ ਸੀ। ਸਾਰਿਆਂ ਨੇ ਕਿੰਨੇ ਕਮੀਨੇ ਤੇ ਬੁਜ਼ਦਿਲਾਂ ਵਾਲੇੇ ਢੰਗ ਨਾਲ ਆਪਣੇ ਮੋਹ ਨੂੰ ਰੋਕਿਆ ਹੋਇਆ ਸੀ ਜਾਂ ਸ਼ਾਇਦ ਸੰਤ ਰਾਮ ਨੂੰ ਆਪਣੇ ਘਾਟੇ ਦਾ ਏਨਾ ਅਹਿਸਾਸ ਹੋ ਚੁੱਕਿਆ ਸੀ ਕਿ ਘਰਦਿਆਂ ਦੀਆਂ ਨਿਗਾਹਾਂ ਵਿਚ ਉਸਨੂੰ ਆਪਣੇ ਲਈ ਅਪਮਾਨ ਦੇ ਸਿਵਾਏ ਕੁਝ ਹੋਰ ਦਿਖਾਈ ਹੀ ਨਹੀਂ ਸੀ ਦਿੰਦਾ। ਇੰਜ ਲੱਗਦਾ ਸੀ ਕਿ ਹੁਣ ਆਪਣੇ ਲਈ ਨਫ਼ਰਤ ਤੇ ਅਪਮਾਨ ਨੂੰ ਹੀ ਪਸੰਦ ਕਰਨ ਲੱਗਾ ਹੈ ਉਹ, ਤੇ ਉਦੋਂ ਤਕ ਉਸਦੇ ਮਨ ਨੂੰ ਤੱਸਲੀ ਨਹੀ ਹੁੰਦੀ ਜਦੋਂ ਤਕ ਜ਼ਖ਼ਮੀਂ ਨਿਗਾਹਾਂ ਨਾਲ ਕਿਸੇ ਵੱਲ ਵੇਖ ਨਾ ਲਵੇ।
ਧੋਬਨ ਦੀ ਚੌਵੀ ਘੰਟੇ ਦੀ 'ਰੈਗਿੰਗ' ਤੇ ਨਸੀਹਤਾਂ ਦੀ ਸੰਤ ਰਾਮ ਨੂੰ ਏਨੀ ਪ੍ਰਵਾਹ ਨਹੀਂ ਸੀ, ਕਿਉਂਕਿ ਉਹ ਅਨਪੜ੍ਹ ਤੇ ਬੜਬੋਲੀ ਜ਼ਨਾਨੀ ਹੋਣ ਦੇ ਬਾਵਜ਼ੂਦ ਮਿਹਨਤੀ ਬੜੀ ਸੀ ਤੇ ਆਪਣੇ ਸਫਾਈ ਪਸੰਦ ਸੁਭਾਅ ਸਦਕਾ ਬਹੁਤ ਸਾਰੀਆਂ ਕਮੀਆਂ ਪੂਰੀਆਂ ਕਰ ਦਿੰਦੀ ਸੀ। ਪਰ ਇਕ ਰਾਤ ਬੁੱਢੇ ਪਿਆਰ ਦੇ ਛਿਣਾ ਵਿਚ ਉਸਨੇ ਹੋਂਠ ਚੁਰਾ ਲਏ, ਕਿਉਂਕਿ ਸੰਤ ਰਾਮ ਦੇ ਮੂੰਹ ਵਿਚੋਂ ਸਿਗਰੇਟ ਦੀ ਬੋ ਆਉਂਦੀ ਸੀ। ਪਰ ਉਹ ਤਾਂ ਬਚਪਨ ਤੋਂ ਹੀ ਸਿਗਰੇਟ ਪੀਂਦਾ ਸੀ। ਹੁਣ ਸਦੀਆਂ ਪਿੱਛੋਂ ਇਹ ਬੋ ਕੇਹੀ ? ਸ਼ਾਇਦ ਉਹ ਇਸੇ ਘਾਟੇ ਦੀ ਬੋ ਸੀ, ਜਾਂ ਸ਼ਾਇਦ ਧੋਬਨ ਬੁੱਢੀ ਹੋ ਗਈ ਸੀ ; ਤੇ ਠੰਡੀ ਤੇ ਖੁਸ਼ਕ ਵੀ...ਕਿਉਂਕਿ ਇਹ ਜਵਾਨੀ ਤੇ ਉਸਦੀ ਗਰਮੀ ਹੀ ਹੁੰਦੀ ਹੈ, ਜਿਸ ਵਿਚ ਸਾਰੀਆਂ ਬੋਆਂ ਕਾਫ਼ੂਰ ਹੋ ਜਾਂਦੀ ਨੇ ਤੇ ਭੂੰਮੰਡਲ ਦੀਆਂ ਸਾਰੀਆਂ ਖ਼ੁਸ਼ਬੋਈਆਂ ਉੱਤੇ ਭਾਰੂ ਹੋ ਜਾਂਦੀ ਨੇ। ਪਰ ਜੇ ਧੋਬਨ ਠੰਡੀ, ਖੁਸ਼ਕ ਤੇ ਬੁੱਢੀ ਹੋ ਗਈ ਏ, ਤਾਂ ਤੈਂ ਵੀ ਤੇ ਜਵਾਨ ਨਹੀਂ ਰਿਹਾ---ਸੰਤ ਰਾਮਾ। ਕਿਉਂ ਤੈਨੂੰ ਇਸ ਉਮਰ ਵਿਚ ਹੋਂਠਾਂ ਦੀ ਤਲਬ ਲੱਗੀ ? ਬੁੱਢੇ ਤੇ ਬਾਸੀ ਹੋਂਠਾਂ ਦੀ ਤਲਬ, ਜਿੰਨ੍ਹਾਂ ਵਿਚ ਰਸ ਨਾਂਅ ਦੀ ਕੋਈ ਸ਼ੈ ਬਾਕੀ ਨਹੀਂ ਸੀ ਬਚੀ। ਜਿੰਨ੍ਹਾਂ ਉਪਰ ਡੰਗ-ਚੋਭਾਂ ਤੇ ਮਿਹਨੇ-ਤਾਹਨਿਆਂ ਦੇ ਸਿਵਾਏ ਕੁਝ ਵੀ ਨਜ਼ਰ ਨਹੀਂ ਸੀ ਆਉਂਦਾ। ਧੋਬਨ ਵਰਗੀ ਸਿੱਧੀ-ਸਾਦੀ ਤੇ ਭੋਲੀ-ਭਾਲੀ ਜ਼ਨਾਨੀ ਤਾਂ ਇਹ ਵੀ ਨਹੀਂ ਸੀ ਜਾਣਦੀ ਕਿ ਉਹਨਾਂ ਲੋਕਾਂ ਨੂੰ ਲੱਭਦਾ ਹੋਇਆ ਤਾਂ ਉਹ ਰੁਲ-ਖੁਲ ਕੇ ਉਹਨਾਂ ਉਪਰ ਆਪਣੇ ਹੋਂਠ ਜਾ ਰਖਦਾ ਹੈ, ਜਿੰਨ੍ਹਾਂ ਉਪਰ ਸਿਵਾਏ ਦੁਰਗੰਧ ਦੇ ਹੋਰ ਕੁਝ ਨਹੀਂ ਹੁੰਦਾ।
ਜਾਂ ਸ਼ਾਇਦ ਬਾਈਸਕੋਪ ਵਾਲੀ ਧੋਬਨ ਉਪਰ 'ਮੀਨੋਪਾਜ਼' ਆ ਗਿਆ ਸੀ ਤੇ ਉਸਨੇ ਪਾਸਾ ਪਰਤ ਲਿਆ ਸੀ...ਤੇ ਸੇਜ਼ ਤੋਂ ਉੱਠ ਕੇ ਮੋਰਪੰਖੀ ਪੱਖੇ ਨੂੰ ਪਰ੍ਹਾਂ ਸੁੱਟਦੀ ਹੋਈ, ਦੇਖਣ ਵਾਲਿਆਂ ਵੱਲੋਂ ਮੂੰਹ ਮੋੜ ਕੇ ਬੈਠ ਗਈ ਸੀ ਉਹ। ਨਾ ਉਸ ਜਾਦੂ ਦੇ ਡੱਬੇ ਵਾਲਾ ਰਿਹਾ ਸੀ ਤੇ ਨਾ ਹੀ ਦੇਖਣ ਵਾਲੇ ਉਹ ਮਾਸੂਮ-ਭੋਲੇ ਬੱਚੇ। ਜਾਂ ਫੇਰ ਸੰਤ ਰਾਮ ਉਪਰ ਉਹ ਦਸ਼ਾ ਚੱਲ ਰਹੀ ਸੀ ਜਦੋਂ ਜਵਾਨੀ ਇਕ ਵਾਰੀ ਫੇਰ ਪਰਤ ਆਉਂਦੀ ਹੈ ਤੇ ਆਦਮੀ ਕਈ ਵਾਰੀ ਬਦਨਾਮੀ ਤੋਂ ਵਾਲ-ਵਾਲ ਬਚਦਾ ਹੈ। ਪਹਿਲਾਂ ਵਰਗੀ ਤਾਕਤ ਦੇ ਨਾਲ-ਨਾਲ ਅਕਲ ਤੇ ਤਜ਼ੁਰਬਾ ਜੋ ਸ਼ਾਮਲ ਹੋ ਜਾਂਦਾ ਹੈ ਤੇ ਆਦਮੀ ਅਕਲਮੰਦ ਤੇ ਬੁੱਧੀਵਾਨ ਹੋਣ ਦਾ ਭਰਮ ਪਾਲ ਕੇ ਆਪਣੇ ਆਪੇ ਵਿਚ ਵਾਧੂ ਦੀ ਸੜ੍ਹਾਂਦ ਪੈਦਾ ਕਰ ਲੈਂਦਾ ਹੈ ਤੇ ਘੱਟ ਪਾਣੀ ਵਾਲੇ ਚਿੱਕੜ ਦੇ ਚਾਹਲੇ ਵਿਚ ਮੱਝ ਵਾਂਗ ਲੋਟਨੀਆਂ ਲਾਉਣ ਲੱਗ ਪੈਂਦਾ ਹੈ। ਜਾਂ ਸ਼ਾਇਦ ਇਸਦਾ ਕਾਰਣ ਵੀ ਉਹੀ ਘਾਟਾ ਸੀ, ਜਿਹੜਾ ਸੰਤ ਰਾਮ ਨੂੰ ਆਪਣੇ ਕਾਰੋਬਾਰ ਵਿਚ ਪਿਆ ਸੀ ਤੇ ਆਰਥਕ ਰੂਪ ਵਿਚ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਦਾ ਅਹਿਸਾਸ, ਪਿਆਰ ਮੁਹੱਬਤ ਵਿਚ ਵੀ ਅਸੁਰੱਖਿਅਤ ਹੋਣ ਦੇ ਅਹਿਸਾਸ ਵਿਚ ਬਦਲ ਗਿਆ ਸੀ।
ਲਾਡੋ ਦੀ ਤਾਂ ਖ਼ੈਰ ਕੋਈ ਗੱਲ ਨਹੀਂ ਸੀ, ਉਹ ਤਾਂ ਵਿਆਹੀ-ਵਰੀ ਗਈ ਸੀ ਤੇ ਆਪਣੇ ਘਰ ਜਾ ਵੱਸੀ ਸੀ। ਹੁਣ ਤਾਂ ਉਹ 'ਬਾਬਲ ਦੇ ਵਿਹੜੇ ਦੀ ਚਿੜੀ' ਸੀ, ਜਿਹੜੀ ਕਦੀ-ਕਦੀ, ਆਪਣੇ ਭੁੱਲੇ ਦਾਣੇ, ਚੁਗਣ ਆ ਵੜਦੀ ਸੀ। ਪਰ ਪਾਲ ਤਾਂ ਇੱਥੇ ਹੀ ਸੀ ਤੇ ਉਸਨੇ ਇੱਥੇ ਹੀ ਰਹਿਣਾ ਸੀ---ਇਸ ਘਰ ਵਿਚ, ਇਸੇ ਛੱਤ ਹੇਠ ਜਿੱਥੇ ਉਸਨੇ ਬਹੂ ਨੂੰ ਲਿਆਉਣਾ ਤੇ ਵਸਾਉਣਾ ਸੀ। ਕਿਧਰੇ ਹੋਰ ਘਰ ਲੈ ਲੈਣ ਨਾਲ ਪਿਓ ਦੇ ਘਰ ਦੀ ਛੱਤ ਤਾਂ ਨਹੀਂ ਬਦਲ ਜਾਂਦੀ। ਉਹ ਕਿਉਂ ਕੁਝ ਗੱਲਾਂ ਨਹੀਂ ਸੀ ਸਮਝਦਾ ਜਾਂ ਸਮਝਣਾ ਨਹੀਂ ਸੀ ਚਾਹੁੰਦਾ ? ਕਿਉਂ ਉਸ ਕੋਲ ਆਪਣੇ ਮਾਂ-ਬਾਪ ਜਾਂ ਭੈਣ-ਭਰਾਵਾਂ ਲਈ ਕੁਝ ਮਿੰਟ ਵੀ ਨਹੀਂ ਸਨ ਹੁੰਦੇ ? ਅਮਰੀਕਨ ਫਰਮ ਵਿਚ ਐਗਜ਼ੀਕਿਊਟਿਵ ਲੱਗ ਜਾਣ ਨਾਲ ਕੀ ਉਹ ਰੱਬ ਬਣ ਗਿਆ ਸੀ...? ਕਿਉਂ ਉਹ ਉਸ ਫਰਮ ਦੇ ਜ਼ਰੀਏ ਪ੍ਰਾਈਵੇਟ ਕਾਂਟ੍ਰੇਕਟ ਲੈਣ, ਤੇ ਉਸਨੂੰ ਪੂਰਾ ਕਰਨ ਨੂੰ ਕੋਈ ਦੋਸ਼ ਨਹੀਂ ਸੀ ਸਮਝਦਾ ? ਉਹ ਕਦੀ ਤਾਂ ਪਿਓ ਨਾਲ ਸਲਾਹ ਕਰਦਾ। ਪਿਓ ਉਸ ਤੋਂ ਪੈਸੇ ਤਾਂ ਨਹੀਂ ਸੀ ਮੰਗਦਾ। ਉਹ ਤਾਂ ਸਿਰਫ ਇਹੀ ਚਾਹੁੰਦਾ ਦੀ ਕਿ ਉਸਦਾ ਪੁੱਤਰ ਉਸ ਕੋਲ ਬੈਠੇ। ਦੋਵੇਂ-ਤਿੰਨੇ ਜਿਸਮ ਇਕੱਠੇ ਹੋਣ, ਜਿਹੜੇ ਇਕ-ਦੂਜੇ ਵਿਚੋਂ ਨਿਕਲੇ ਨੇ। ਤਨ ਨਾਲ ਸਿਰਫ ਤਨ ਛੂਹ ਜਾਣ। ਇੰਜ ਨਾ ਵੀ ਹੋਵੇ ਤਾਂ ਅੱਖਾਂ ਤਾਂ ਮਿਲ ਜਾਣ, ਜਿਹੜੀਆਂ ਸਿਰਫ ਪਿਓ 'ਤੇ ਹੀ ਨਹੀਂ, ਵੱਡੇ-ਵਢੇਰਿਆਂ 'ਤੇ ਗਈਆਂ ਨੇ। ਕੋਲ ਬਹਿ ਕੇ ਉਹ ਅੱਜ ਦੀ ਨਵੀਂ ਤਾਲੀਮ ਬਾਰੇ ਗੱਲਾਂ ਕਰਨ, ਜਿਸ ਨਾਲ ਪੁਰਾਣੇ---ਵੱਡੇ ਪੜ੍ਹੇ-ਲਿਖੇ ਆਦਮੀ ਵੀ ਪਿੱਛੇ ਰਹਿ ਗਏ ਸਨ। ਕੁਝ ਉਹਨਾਂ ਦੀ ਦੁਨੀਆਂ ਦਾ ਪਤਾ ਲੱਗੇ, ਕੁਝ ਆਪਣੀ ਦੁਨੀਆਂ ਉਹਨਾਂ ਨੂੰ ਦਿਖਾਈ ਜਾ ਸਕੇ। ਉਸ ਤੋਂ ਸਿਖੀਏ ਤੇ ਉਸਨੂੰ ਦੱਸ ਵੀ ਸਕੀਏ ਕਿ ਸਿਰਫ ਤਾਲੀਮ ਹੀ ਬਸ ਨਹੀਂ, ਤਜ਼ੁਰਬਾ ਵੀ ਜ਼ਰੂਰੀ ਹੈ ਤੇ ਕੁਝ ਹਾਲਾਤਾਂ ਵਿਚ ਜੇਮਸ ਬਾਂਡ ਦੇ ਤਜ਼ੁਰਬੇ ਨਾਲੋਂ ਵੀ ਵੱਡਾ ਹੁੰਦਾ ਹੈ। ਉਹ ਕਦੀ ਕੁਛ ਤਾਂ ਮੰਗੇ...ਹੋਰ ਕੁਛ ਨਹੀਂ, ਤਾਂ ਸਲਾਹ-ਮਸ਼ਵਰਾ ਹੀ ਸਹੀ। ਕਿਉਂ ਉਹ ਇੰਜ ਇਕੱਲਾ ਹੀ ਖ਼ੁਦਮੁਖ਼ਤਿਆਰ ਤੇ ਨਿਰਲੇਪ ਹੋ ਗਿਆ ਹੈ ? ਇਹ ਦਲੀਲ ਕਾਫੀ ਨਹੀਂ ਕਿ 'ਵੱਡਾ ਹੋ ਕੇ ਹੁਣ ਉਹ ਮਾਂ-ਬਾਪ ਉਪਰ ਬੋਝ ਨਹੀਂ ਬਣਨਾ ਚਾਹੁੰਦਾ।' ਬੋਝ ਦੀ ਗੱਲ ਹੈ, ਤਾਂ ਉਹ ਤਾਂ ਹੁਣ ਵੀ ਬੋਝ ਹੈ : ਕਿੰਜ ਕਪੜੇ ਲਾਹ ਕੇ ਧੋਬਨ ਸਾਹਮਣੇ ਸੁੱਟ ਜਾਂਦਾ ਹੈ...ਕਿਉਂਕਿ ਘਰੇ ਕੁਝ ਪੈਸੇ ਦਿੰਦਾ ਹੈ, ਇਸ ਲਈ ਮਾਂ, ਮਾਂ ਨਹੀਂ ਰਹੀ, ਸੱਚਮੁੱਚ ਧੋਬਨ ਬਣ ਗਈ ਹੈ ! ਘਰੇ ਕਈ ਮਹਿਮਾਨ ਆਉਂਦੇ ਹਨ। ਉਹਨਾਂ ਨੂੰ ਏਅਰ ਪੋਰਟ ਤੋਂ ਲੈਣ ਜਾਣਾ ਜਾਂ ਗੱਡੀ ਚੜ੍ਹਾ ਕੇ ਆਉਣਾ ਕੀ ਸਿਰਫ ਮਾਂ-ਬਾਪ ਦਾ ਹੀ ਫਰਜ਼ ਹੈ ? ਹੋਰ ਕੁਝ ਨਹੀਂ ਤਾਂ ਲਾਡੋ ਨੂੰ ਹੀ ਮਿਲਣ ਜਾਂ ਲੈਣ ਚਾਲਾ ਜਾਇਆ ਕਰੇ। ਉਹ ਸਾਡੀ ਧੀ ਹੈ ਤਾਂ ਉਸਦੀ ਵੀ ਤਾਂ ਭੈਣ ਹੈ। ਜੇ ਪਾਲ ਇਹ ਸਾਰੀਆਂ ਹਰਕਤਾਂ ਨਾਸਮਝੀ ਵਿਚ ਕਰਦਾ, ਤਾਂ ਕੋਈ ਗੱਲ ਨਹੀਂ ਸੀ...ਪਰ ਉਹ ਤਾਂ ਬੜਾ ਸਮਝਦਾਰ ਸੀ ਤੇ ਇਕੋ ਪਲ ਵਿਚ ਹਰ ਮਾਮਲੇ ਦੀ ਤੈਹ ਤਕ ਪਹੁੰਚ ਜਾਂਦਾ ਸੀ। ਪਾਰ-ਸਾਲ ਜਦੋਂ ਇਕ ਬੜੇ ਹੀ ਅਮੀਰ ਮਾਂ-ਬਾਪ ਦੀ ਇਕਲੌਤੀ ਧੀ ਨਾਲ ਉਸਦੇ ਰਿਸ਼ਤੇ ਦੀ ਗੱਲ ਤੁਰੀ ਸੀ, ਤਾਂ ਝੱਟ ਇਨਕਾਰ ਕਰ ਦਿੱਤਾ ਸੀ ਉਸਨੇ ਤੇ ਬੋਲਿਆ ਸੀ---'ਦਸ ਸਾਲ ਮੈਨੂੰ ਤੁਹਾਡੇ ਚੱਕਰ ਵਿਚੋਂ ਨਿਕਲਣ 'ਚ ਲੱਗ ਗਏ ਨੇ, ਪਾਪਾ ! ਹੁਣ ਚਾਹੁੰਦੇ ਓ, ਮੈਂ ਹੋਰ ਦਸ ਸਾਲ ਇਸ ਅਮੀਰ ਆਦਮੀ ਦੀ ਇਕਲੌਤੀ ਧੀ ਦੇ ਚੱਕਰ 'ਚੋਂ ਨਿਕਲਣ ਲਈ ਗਾਲ ਦਿਆਂ ?''
ਕਿੰਨੀ ਪਤੇ ਦੀ ਗੱਲ ਕੀਤੀ ਸੀ ! ਸੰਤ ਰਾਮ ਤਾਂ ਇਹ ਸੁਣ ਕੇ ਹੈਰਾਨ ਹੀ ਰਹਿ ਗਿਆ ਸੀ। ਉਸਨੂੰ ਇਸ ਗੱਲ ਦਾ ਮਾਣ ਵੀ ਹੋਇਆ ਸੀ ਕਿ ਉਹ ਮੇਰਾ ਪੁੱਤਰ ਹੋਣ ਦੇ ਨਾਤੇ ਬੜੇ ਸਵੈਮਾਨੀ ਸੁਭਾਅ ਦਾ ਹੈ, ਤੇ ਅਫ਼ਸੋਸ ਵੀ। ਅਫ਼ਸੋਸ ਇਸ ਲਈ ਕਿ ਪਿਓ ਦੇ ਚੱਕਰ ਵਿਚੋਂ ਨਿਕਲਣ ਦਾ ਕੀ ਭਾਵ ਸੀ ? ਕੀ ਪੁੱਤਰ, ਪਿਓ ਦੇ ਚੱਕਰ ਵਿਚੋਂ ਨਿਕਲ ਸਕਦਾ ਹੈ, ਜਾਂ ਪਿਓ, ਪੁੱਤਰ ਦੇ ਚੱਕਰ ਵਿਚੋਂ ? ਕੀ ਮਹਾਦੀਪਾਂ ਵਿਚਕਾਰ ਫਾਸਲਾ ਹੋਣ ਦੇ ਬਾਵਜ਼ੂਦ ਵੀ ਉਹ ਇਕ ਦੂਜੇ ਨਾਲੋਂ ਦੂਰ ਹੁੰਦੇ ਨੇ ? ਆਖ਼ਰ ਕਿਹੜਾ ਉਹ ਅੰਨ੍ਹਾ ਹੈ, ਜਿਸਨੂੰ ਉਹ ਡੋਰ ਦਿਖਾਈ ਨਹੀਂ ਦਿੰਦੀ, ਜਿਹੜੀ ਪਿਓ, ਪੁੱਤਰ ਨਾਲੋਂ ਵਕਤੀ ਤੌਰ 'ਤੇ ਜਾਂ ਹਮੇਸ਼ਾ ਲਈ ਵੱਖ ਹੁੰਦਿਆਂ ਆਪਣੇ ਪਿੱਛੇ ਛੱਡਦਾ, ਤੇ ਛੱਡਦਾ ਹੀ ਚਲਾ ਜਾਂਦਾ ਹੈ ? ਪੁੱਤਰ ਭਾਵੇਂ ਪਿਓ ਦੇ ਚਲੇ ਜਾਣ ਪਿੱਛੋਂ ਇਹੀ ਕਹੇ ਕਿ 'ਮੇਰਾ ਪਿਓ ਨਾਲਾਇਕ ਆਦਮੀ ਸੀ, ਹਜ਼ਾਰਾਂ ਦਾ ਕਰਜ਼ਾ ਮੇਰੇ ਉੱਤੇ ਛੱਡ ਕੇ ਤੁਰਦਾ ਹੋਇਆ।' ਫੇਰ ਵੀ ਸੰਬੰਧ ਤਾਂ ਰਹਿੰਦਾ ਹੀ ਹੈ ਨਾ ? ਨਾਲਾਇਕ ਪਿਓ ਤੇ ਲਾਇਕ ਪੁੱਤਰ ਦਾ ਸੰਬੰਧ। ਮੈਂ ਤਾਂ ਮਰ ਹੀ ਨਹੀਂ ਸਕਦਾ, ਜਦੋਂ ਤਕ ਆਪਣੀ ਔਲਾਦ ਲਈ ਕੁਝ ਛੱਡ ਨਾ ਜਾਵਾਂ। ਇੰਜ ਹੋਇਆ ਤਾਂ ਇਹਨਾਂ ਦੀ ਮਾਂ ਧੋਬਨ ਨੇ ਤਾਂ ਮੈਨੂੰ ਰੱਬ ਦੇ ਘਰ ਵੀ ਨਹੀਂ ਛੱਡਣਾ---ਮੇਰੀ ਰੂਹ ਨੂੰ ਤੌਲੀਏ ਵਾਂਗ ਨਿਚੋੜ ਸੁੱਟੇਗੀ। ਪਰ ਮੇਰੇ ਬਾਪੂ ਜੀ ਨੇ ਮੇਰੇ ਲਈ ਕੀ ਛੱਡਿਆ ਸੀ ? ਤਾਂ ਵੀ ਤੇ ਉਹਨਾਂ ਦੀ ਇੱਜ਼ਤ ਮੇਰੇ ਦਿਲ ਵਿਚ ਕਦੀ ਘੱਟ ਨਹੀਂ ਹੋਈ। ਕੀ ਪੈਸਾ ਤੇ ਜਾਇਦਾਦ ਛੱਡ ਕੇ ਜਾਣ ਨਾਲ ਹੀ ਕੋਈ ਪਿਓ, ਪਿਓ ਕਹਾਉਣ ਦਾ ਹੱਕਦਾਰ ਹੁੰਦਾ ਹੈ ? ਇਹ ਤਾਂ ਸਿੱਧੇ ਸਾਦੇ ਹਿਸਾਬ ਦੀ ਗੱਲ ਹੈ---'ਜੇ ਇਕ ਪਿਓ ਕਰਜਾ ਛੱਡ ਕੇ ਮਰਿਆ ਹੋਵੇਗਾ, ਤਾਂ ਹੀ ਤਾਂ ਦੂਜਾ ਪਿਓ ਜਾਇਦਾਦ ਬਣਾ ਸਕਿਆ ਹੋਵੇਗਾ...ਹੈ ਨਾ ?' ਖ਼ੈਰ ਮੇਰਾ ਤਾਂ ਤੁਗਲਕ ਰੋਡ ਉੱਤੇ ਇਕ ਬੰਗਲਾ ਹੈ। ਕੀ ਹੋਇਆ, ਘਾਟੇ ਪਿੱਛੋਂ ਉਸ ਉੱਤੇ ਥੋੜ੍ਹਾ ਕਰਜਾ ਲੈ ਲਿਆ ਸੀ ? ਕੀ ਮੈਂ ਏਨਾ ਹੀ ਗਿਆ ਗੁਜ਼ਰਿਆ ਹਾਂ ਕਿ ਮਰਨ ਤੋਂ ਪਹਿਲਾਂ ਉਸਨੂੰ ਕਰਜਾ-ਮੁਕਤ ਨਹੀਂ ਕਰਵਾ ਸਕਾਂਗਾ ? ਫੇਰ ਪਿੰਡ ਜ਼ਗਦਲ ਵਿਚ ਜ਼ਮੀਨ ਪਈ ਹੈ...ਦੋ ਸੌ ਵਿਘੇ। ਕੁਝ ਵੱਡਿਆਂ ਦੀ ਹੈ ਤੇ ਕੁਝ ਮੈਂ ਆਪਣੇ ਪੈਸੇ ਨਾਲ ਬਣਾਈ ਹੈ। ਕੀ ਇਹ ਮੇਰੀ ਹਿੰਮਤ ਨਹੀਂ ਕਿ ਏਨੀ ਵੱਡੀ ਮੁਸੀਬਤ ਆ ਪੈਣ 'ਤੇ ਵੀ ਮੈਂ ਉਸ ਵਿਚੋਂ ਇਕ ਇੰਚ ਨਹੀਂ ਵੇਚੀ ? ਮੈਂ ਇਸ ਲਈ ਨਹੀਂ ਵੇਚੀ, ਤਾਂਕਿ ਮੇਰੇ ਵੱਡੇ-ਵਢੇਰਿਆਂ ਦੀ ਰੂਹ ਨੂੰ ਤਕਲੀਫ ਨਾਲ ਹੋਵੇ ਤੇ ਮੇਰੇ ਬੱਚੇ ਮੈਨੂੰ ਮਿਹਣੇ ਨਾ ਮਾਰਨ। ਫੇਰ ਬੀਮਾ ਹੈ। ਬਹੁਤੀ ਹੀ ਭੀੜ ਪੈ ਗਈ ਤਾਂ ਖ਼ੁਦਕਸ਼ੀ ਕਰਕੇ ਪਤਨੀ ਤੇ ਬੱਚਿਆਂ ਨੂੰ ਪੈਸੇ ਦਿਵਾਅ ਜਾਵਾਂਗਾ। ਉਦੋਂ ਹੀ ਸੰਤ ਰਾਮ ਨੂੰ ਆਪਣਾ ਬਾਪੂ ਜੀ ਯਾਦ ਆਇਆ ਤੇ ਉਸਦੀ ਮੌਤ ਦਾ ਸਮਾਂ ਵੀ, ਜਿਸ ਵਿਚ ਦੁੱਖ ਦੀ ਹੱਦ ਸੀ ਤੇ ਉਸੇ ਵਿਚ ਇਕ ਅਜੀਬ ਜਿਹੀ ਰਹੱਸਮਈ ਖ਼ੁਸ਼ੀ ਵੀ ਕਿ ਹੁਣ ਜੋ ਵੀ ਚੰਗਾ-ਮਾੜਾ ਕਰਾਂਗੇ, ਆਪਣਾ ਕਰਾਂਗੇ। ਤੇ ਪਾਲ ਵੱਲੋਂ ਇਸ ਵਿਚਾਰ ਨੇ ਸੰਤ ਰਾਮ ਨੂੰ ਯਕਲਖ਼ਤ ਮੁਕਤ ਕਰ ਦਿੱਤਾ ਸੀ ਕਿ 'ਆਖ਼ਰ ਉਹ ਕਿਹੜਾ ਪੁੱਤਰ ਹੈ, ਜਿਹੜਾ ਆਪਣੇ ਦਿਮਾਗ ਦੇ ਕਿਸੇ ਕੋਨੇ ਵਿਚ ਆਪਣੇ ਦੀ ਪਿਓ ਦੀ ਮੌਤ ਦੀ ਇੱਛਾ ਨਾ ਪਾਲੀ ਬੈਠਾ ਹੋਵੇ ?'
ਸੰਤ ਰਾਮ ਨੂੰ ਇਕ ਅਜੀਬ ਜਿਹੀ ਸ਼ਾਂਤੀ ਮਹਿਸੂਸ ਹੋਈ। ਉਸਨੇ ਨਾਲ ਵਾਲੇ ਕਮਰੇ ਵਿਚ ਆ ਕੇ ਜ਼ੀਰੋ ਪਾਵਰ ਦਾ ਬੱਲਬ ਜਗਾਇਆ ਤੇ ਉਸਦੀ ਮੱਧਮ ਰੌਸ਼ਨੀ ਵਿਚ ਲਾਡੋ, ਉਸਦੇ ਬੱਚੇ, ਪਤਨੀ ਤੇ ਫੇਰ ਪਾਲ ਦਾ ਚਿਹਰਾ ਦੇਖਿਆ ਤੇ ਕੁਝ ਚਿਰ ਖੜ੍ਹਾ ਦੇਖਦਾ ਹੀ ਰਿਹਾ। ਉਹ ਆਪਣੇ ਪੁੱਤਰ ਵਿਚ ਜਿਊਂਦਾ ਰਹੇਗਾ ਤੇ ਫੇਰ ਆਪਣੇ ਪੋਤੇ, ਪੜਪੋਤਿਆਂ ਵਿਚ...
ਉਦੋਂ ਹੀ ਸੰਤ ਰਾਮ ਨੂੰ ਇਕ ਸਿਗਰੇਟ ਪੀਣ ਦੀ ਭਲ ਉੱਠੀ।
ਓਇ ਯਾਰੋ, ਇਹ ਸਿਗਰੇਟ ਵੀ ਕੀ ਚੀਜ਼ ਹੈ ! ਜਿਸ ਨੇ ਵੀ ਇਸਦੀ ਕਾਢ ਕੱਢੀ ਹੈ, ਬਈ ਕਮਾਲ ਹੀ ਕਰ ਛੱਡੀ ਹੈ--- ਜ਼ਿੰਦਗੀ ਦਾ ਇਕ ਨਿੱਕਾ ਜਿਹਾ ਸਾਥੀ, ਜਿਹੜਾ ਤੁਹਾਡੇ ਇਕਾਂਤ ਤੇ ਪਲਾਂ ਵਿਚ ਕਿਸੇ ਸਾਥੀ ਦੀ ਮੌਜ਼ੂਦਗੀ ਦਾ ਅਹਿਸਾਸ ਕਰਵਾਉਂਦਾ ਰਹਿੰਦਾ ਹੈ...ਜਿਸ ਕਰਕੇ ਤੁਸੀਂ ਕਦੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਦੇ। ਬਲਿਕੇ ਸਿਗਰੇਟ ਤਾਂ ਖ਼ੁਦ ਇਕ ਜ਼ਿੰਦਗੀ ਹੈ, ਜਿਸਦਾ ਇਕ ਸਿਰਾ ਜ਼ਿੰਦਗੀ ਵਾਂਗਰ ਹੀ ਹੌਲੀ-ਹੌਲੀ ਸੁਲਗਦਾ ਤੇ ਦੂਜਾ ਮੌਤ ਦੇ ਮੂੰਹ ਜਾਂ ਮੂੰਹ ਨਾਲ ਮੌਤ ਜੋੜੀ ਰੱਖਦਾ ਹੈ। ਇਹ ਤੁਹਾਡੇ ਹਰੇਕ ਸਾਹ ਦੇ ਨਾਲ ਜਿਊਂਦਾ ਤੇ ਮਰਦਾ ਹੋਇਆ ਖ਼ੁਦ ਰਾਖ਼ ਬਣ ਜਾਂਦਾ ਹੈ, ਪਰ ਤੁਹਾਡੇ ਖਿੱਲਰੇ ਹੋਏ ਖ਼ਿਆਲਾਂ ਨੂੰ ਇਕ ਬਿੰਦੂ ਉੱਤੇ ਸਮੇਟ ਲਿਆਉਂਦਾ ਹੈ। ਤੁਸੀਂ ਕੁਝ ਅਜਿਹੇ ਰਹੱਸ ਸਮਝ ਚੁੱਕੇ ਹੁੰਦੇ ਹੋ, ਜਿੰਨ੍ਹਾਂ ਪਿੱਛੋਂ ਹੋਰ ਕੁਝ ਸਮਝਣ ਦੀ ਲੋੜ ਨਹੀਂ ਰਹਿ ਜਾਂਦੀ। ਲੋਕ ਕਹਿੰਦੇ ਨੇ, ਇਸ ਨਾਲ ਕੈਂਸਰ ਹੋ ਜਾਂਦਾ ਹੈ। ਹੁੰਦਾ ਫਿਰੇ। ਜਿਹੜੇ ਲੋਕ ਸਿਗਰੇਟ ਨਹੀਂ ਪੀਂਦੇ, ਉਹ ਕਿਹੜਾ ਲੰਮੀ ਉਮਰ ਦਾ ਪੱਕਾ ਪਟਾ ਲਿਖਵਾ ਕੇ ਲਿਆਏ ਹੁੰਦੇ ਨੇ ? ਦੁਨੀਆਂ ਦੇ ਹਰ ਆਦਮੀ ਨੂੰ ਲਿਜਾਣ ਲਈ ਮੌਤ ਨੂੰ ਕੋਈ ਨਾ ਕੋਈ ਬਹਾਨਾ ਤਾਂ ਬਣਾਉਣਾ ਹੀ ਪੈਣਾ ਹੈ ਨਾ...ਉਹ ਭਾਵੇਂ ਸਿਗਰੇਟ ਦਾ ਬਹਾਨਾ ਹੀ ਕਿਉਂ ਨਾ ਹੋਵੇ ?
ਰਾਤੀਂ ਜਦੋਂ ਸੰਤ ਰਾਮ ਘਰ ਪਰਤਿਆ ਸੀ ਤਾਂ ਸਿਗਰੇਟ ਲਿਆਉਣੇ ਭੁੱਲ ਗਿਆ ਸੀ, ਤੇ ਇਸ ਵੇਲੇ ਸਾਢੇ ਚਾਰ ਵਜੇ ਬਾਜ਼ਾਰ ਬੰਦ ਸੀ।...ਤੇ ਸੰਤ ਰਾਮ ਨੂੰ ਤਲਬ ਲੱਗੀ ਤਾਂ ਵਧਦੀ ਹੀ ਗਈ। ਸਾਹਮਣੇ ਪੁੱਤਰ ਪਾਲ ਦੇ ਸਿਗਰੇਟਾਂ ਦਾ ਪੈਕੇਟ ਪਿਆ ਸੀ, ਜਿਸ ਉਪਰ ਮਾਚਿਸ ਰੱਖੀ ਹੋਈ ਸੀ। ਪਾਲ ਸ਼ਹਿਜ਼ਾਦਾ ਹੋਣ ਕਾਰਣ ਸਟੇਟ ਐਕਸਪ੍ਰੈਸ ਤੋਂ ਘਟ ਸਿਗਰੇਟ ਹੀ ਨਹੀਂ ਸੀ ਪੀਂਦਾ, ਹਾਲਾਂਕਿ ਉਸਦੇ ਪਿਓ ਸੰਤ ਰਾਮ ਲਈ ਚਾਰ ਮਿਨਾਰ ਤੋਂ ਲੈ ਕੇ ਕੈਂਚੀ ਤੇ ਗੋਲਡ ਫਲੈਕ ਤਕ, ਸਭ ਹਲਾਲ ਸਨ। ਸਟੇਟ ਐਕਸਪ੍ਰੈਸ ਪੀ ਲਵਾਂ ? ਕੀ ਲੋੜ ਹੈ ? ਕੀ ਮੈਂ ਛੇ ਵਜੇ ਤਕ ਇੰਤਜ਼ਾਰ ਨਹੀਂ ਕਰ ਸਕਦਾ, ਉਦੋਂ ਤਕ ਪਾਨ-ਬੀੜੀ ਵਾਲੀਆਂ ਦੁਕਾਨਾਂ ਖੁੱਲ੍ਹ ਜਾਣਗੀਆਂ। ਪਰ ਇੰਤਜ਼ਾਰ ਕਰਨ ਦਵੇ ਤਾਂ ਇਹ ਸਿਗਰੇਟ ਨਹੀਂ ਦੁੱਧ ਦਾ ਗਿਲਾਸ ਹੋ ਗਿਆ---ਸੰਤ ਰਾਮ ਦਾ ਹੱਥ ਪੈਕੇਟ ਵੱਲ ਵਧ ਗਿਆ। ਜ਼ੀਰੋ ਪਾਵਰ ਦੇ ਬੱਲਬ ਦੀ ਰੌਸ਼ਨੀ ਵਿਚ ਉਸਨੇ ਦੇਖਿਆ, ਪੈਕੇਟ ਵਿਚ ਸਿਰਫ ਦੋ ਹੀ ਸਿਗਰੇਟ ਸਨ। ਇਕ ਤਾਂ ਪਾਲ ਨੂੰ ਬਾਥਰੂਮ ਲਈ ਚਾਹੀਦਾ ਹੀ ਸੀ, ਤੇ ਦੂਜਾ ? ਕੀ ਪਤਾ ਇਕ ਸਿਗਰੇਟ ਨਾਲ ਨਾ ਸਰਦਾ ਹੋਵੇ ਤੇ ਦੂਜੇ ਦੀ ਵੀ ਲੋੜ ਮਹਿਸੂਸ ਹੁੰਦੀ ਹੋਵੇ---ਉਦੋਂ ਨਹੀਂ ਤਾਂ ਸ਼ੇਵ ਪਿੱਛੋਂ ਸਹੀ ਜਾਂ ਫੇਰ ਨਾਸ਼ਤੇ ਪਿੱਛੋਂ। ਇਸ ਇਲਾਕੇ ਵਿਚ ਸਟੇਟ ਐਕਸਪ੍ਰੈਸ ਕਿੱਥੇ ਮਿਲਦੇ ਸਨ, ਕਿ ਵਰਤ ਲੈਣ ਪਿੱਛੋਂ ਨੌਂ ਦਸ ਵਜੇ ਤਕ ਚੁੱਪਚਾਪ ਥਾਵੇਂ ਰੱਖ ਦਿੱਤੇ ਜਾਣ, ਤਦ ਤਕ ਪਾਲ ਉਠਦਾ ਸੀ। ਰੱਖੇ ਵੀ ਕਿਵੇਂ ਜਾ ਸਕਦੇ ਸਨ, ਕਿਉਂਕਿ ਇਹਨਾਂ ਸਿਗਰੇਟਾਂ ਲਈ ਕਨਾਟਪਲੇਸ ਜਾਣਾ ਤੇ ਆਉਣਾ ਪੈਣਾ ਸੀ, ਜਿਸਦਾ ਅਰਥ ਦੀ ਅੱਧਾ ਗੇਲਨ ਪੈਟ੍ਰੋਲ ਫੂਕ ਦੇਣਾ---ਉਹ ਵੀ ਸਿਰਫ ਇਕ ਸਿਗਰੇਟ ਲਈ ! ਇਸ ਨਾਲੋਂ ਚੰਗਾ ਹੈ, ਛੇ ਸਾਢੇ-ਛੇ ਵੱਜਣ ਦਾ ਇੰਤਜ਼ਾਰ ਕਰ ਲਿਆ ਜਾਵੇ।
ਪਰ ਸਾਹਬੋ, ਸਿਗਰੇਟ ਜਦੋਂ ਬੁਲਾਉਂਦਾ ਹੈ ਤਾਂ ਏਨੀ ਜ਼ੋਰ ਦੀ ਆਵਾਜ਼ ਮਾਰਦਾ ਹੈ ਕਿ ਕੰਨਾਂ ਦੇ ਪਰਦੇ ਪਾੜ ਜਾਂਦੇ ਨੇ। ਇਹ ਆਵਾਜ਼ ਨਾ ਪੀਣ ਵਾਲਿਆਂ ਨੂੰ ਸੁਣਾਈ ਨਹੀਂ ਦਿੰਦੀ, ਉਹਨਾਂ ਦੇ ਕੰਨ ਸੁਰ ਵਿਚ ਜੋ ਨਹੀਂ ਹੁੰਦੇ। ਕਿਉਂ ਨਾ ਭੀਕੂ, ਆਪਣੇ ਨੌਕਰ, ਤੋਂ ਸਿਗਰੇਟ ਮੰਗ ਲਿਆ ਜਾਵੇ ? ਪਰ ਉਹ ਤਾਂ ਬੀੜੀਆਂ ਪੀਂਦਾ ਹੈ ; ਚਲੋ, ਬੀੜੀ ਹੀ ਸਹੀ। ਪਰ ਭੀਕੂ ਨੂੰ ਉਸਦੀ ਕੁੰਭਕਰਨੀ ਨੀਂਦ ਤੋਂ ਜਗਾਉਣ ਦੇ ਅਰਥ ਇਹ ਸਨ ਕਿ ਪੂਰਾ ਪਹਾੜ ਪੁੱਟੋ ਤੇ ਉਸ ਤੋਂ ਇਕ ਕੈਂਕਰ ਲੈਣ ਦੀ ਫਰਮਾਇਸ਼ ਕਰੋ। ਕਿਉਂਕਿ ਭੀਕੂ ਹਮੇਸ਼ਾ ਬੌਂਦਲਿਆ-ਭੰਵਤਰਿਆ 'ਕਾ ਹੁਈ ਗਵਾ...ਕਾ ਹੁਈ ਗਵਾ ?' ਕਰਦਾ ਹੋਇਆ ਉਠਦਾ ਸੀ, ਜਿਸ ਨਾਲ ਘਰ ਦੇ ਸਾਰੇ ਲੋਕ ਜਾਗ ਪੈਂਦੇ ਸਨ। ਇਸ ਕਮੀਨੇ ਦੀ ਨੀਂਦ, ਪੁੱਠੀਆਂ ਆਦਤਾਂ ਕਰਕੇ ਕਦੀ ਪੂਰੀ ਨਹੀਂ ਹੁੰਦੀ। ਹਾਂ ਬਈ, ਬਾਹਰ ਚੌਕੀਦਾਰ ਵੀ ਤਾਂ ਹੈ। ਸੰਤ ਰਾਮ ਨੇ ਬੂਹਾ ਖੋਹਲ ਕੇ ਬਾਹਰਲੀ ਬੱਤੀ ਦੀ ਰੌਸ਼ਨੀ ਵਿਚ ਏਧਰ ਉਧਰ ਤੱਕਿਆ, ਚੌਕੀਦਾਰ ਦਾ ਪੱਠਾ ਵੀ ਕਿਧਰੇ ਨਜ਼ਰ ਨਹੀਂ ਸੀ ਆਇਆ। ਪੌਣੇ ਪੰਜ ਵੱਜੇ ਸਨ ਤੇ ਉਹ ਆਪਣੀ ਜਾਚੇ ਪੰਜ ਵਜਾ ਕੇ ਆਪਣੀ ਡਿਊਟੀ ਪੂਰੀ ਕਰਦਾ ਹੋਇਆ ਕਿਸੇ ਚੋਰ ਨਾਲ ਜਾ ਸੁੱਤਾ ਸੀ। ਅਸੀਂ ਲੋਕ ਉਸਨੂੰ ਐਵੇਂ ਹੀ, ਵਾਧੂ ਦੇ ਪੈਸੇ ਦਿੰਦੇ ਹਾਂ---ਏਥੇ ਕਿਹੜਾ ਡਾਕਾ ਪੈਣ ਲੱਗਾ ਹੈ, ਸਾਹਮਣੇ ਹੀ ਤਾਂ ਪੁਲਸ ਚੌਕੀ ਹੈ। ਭੀਕੂ, ਚੌਕੀਦਾਰ ਜਾਂ ਚੌਕੀ ਦੇ ਕਿਸੇ ਸੰਤਰੀ ਤੋਂ ਬੀੜੀ ਮੰਗਣ ਤੋਂ ਚੰਗਾ ਤਾਂ ਇਹੀ ਹੈ ਕਿ ਆਪਣੇ ਪੁੱਤਰ ਦਾ ਸਟੇਟ ਐਕਸਪ੍ਰੈਸ ਪੀਤਾ ਜਾਵੇ। ਉਸਨੂੰ ਬੁਰਾ ਤਾਂ ਲਗੇਗਾ ਹੀ, ਪਰ ਜੋ ਹੋਵੇਗੀ, ਦੇਖੀ ਜਾਏਗੀ।
ਸੋ ਸੰਤ ਰਾਮ ਨੇ ਪੈਕੇਟ ਚੁੱਕ ਲਿਆ ਤੇ ਇਕ ਸਿਗਰੇਟ ਕੱਢ ਕੇ ਸੁਲਗਾ ਲਿਆ। ਪਹਿਲੇ ਕਸ਼ ਵਿਚ ਸੰਤ ਰਾਮ ਦੀ ਬੇਚੈਨੀ ਅੱਧੀ ਰਹਿ ਗਈ, ਦੂਜੇ ਵਿਚ ਚੌਥਾ ਹਿੱਸਾ। ਇਸ ਹਿਸਾਬ ਨਾਲ ਤਾਂ ਤੀਜੇ ਚੌਥੇ ਕਸ਼ ਵਿਚ ਪੂਰੀ ਤਸੱਲੀ ਹੋ ਜਾਣੀ ਚਾਹੀਦੀ ਸੀ, ਪਰ ਸਿਗਰੇਟ ਦਾ ਵੀ ਇਕ ਅਜ਼ੀਬ ਹਿਸਾਬ-ਕਿਤਾਬ ਹੁੰਦਾ ਹੈ, ਜਿਵੇਂ ਬੇਚੈਨੀ ਦਾ ਆਪਣਾ ਲਾਜ਼ਿਕ ਹੈ। ਚੌਥੇ ਕਸ਼ ਪਿੱਛੋਂ ਬੇਚੈਨੀ ਦੇ ਘੱਟ ਹੋਣ ਦੀ ਰਿਫ਼ਤਾਰ ਘਟ ਜਾਂਦੀ ਹੈ ਤੇ ਸਿਗਰੇਟ ਦੇ ਬਲਨ ਦੀ ਵਧ ਜਾਂਦੀ ਹੈ। ਖ਼ੈਰ ਬੜਾ ਮਜ਼ਾ ਆਇਆ। ਸਟੇਟ ਐਕਸਪ੍ਰੈਸ ਐਨਾ ਸਟਰੋਂਗ ਸਿਗਰੇਟ ਤਾਂ ਨਹੀਂ, ਜਿੰਨਾਂ ਚਾਰ ਮੀਨਾਰ, ਪਰ ਠੀਕ ਹੈ।
ਪੂਰਾ ਸਿਗਰੇਟ ਪੀ ਲੈਣ ਪਿੱਛੋਂ ਸੰਤ ਰਾਮ ਨੇ ਮਹਿਸੂਸ ਕੀਤਾ ਕਿ ਉਸਨੇ ਚੰਗਾ ਨਹੀਂ ਕੀਤਾ। ਕੀ ਉਹ ਥੋੜ੍ਹੀ ਦੇਰ ਹੋਰ, ਇਕ ਸਿਗਰੇਟ ਤੋ ਬਿਨਾਂ ਨਹੀਂ ਸੀ ਰਹਿ ਸਕਦਾ ? ਨਹੀਂ, ਜਵਾਨੀ ਵਿਚ ਆਦਮੀ ਆਪਣੇ ਹੋਸ਼ 'ਤੇ ਕਾਬੂ ਰੱਖ ਸਕਦਾ ਹੈ, ਬੁਢੇਪੇ ਵਿਚ ਨਹੀਂ। ਆਖ਼ਰ ਪੁੱਤਰ ਦਾ ਹੀ ਤਾਂ ਸਿਗਰੇਟ ਪੀਤਾ ਹੈ ਨਾ ? ਮੈਨੂੰ ਖੁਸ਼ ਹੋਣਾ ਚਾਹੀਦਾ ਹੈ ਤੇ ਜੇ ਉਹ ਮੇਰਾ ਪੁੱਤਰ ਹੈ, ਤਾਂ ਉਸਨੂੰ ਵੀ। ਕੈਸਾ ਮਜ਼ਾ ਆਇਆ ! ਛੋਟੀ ਚੋਰੀ ਵਿਚ ਬੜਾ ਮਜ਼ਾ ਆਉਂਦਾ ਹੈ। ਉਦੋਂ ਹੀ ਬਾਬੀ ਦੇ ਬਰੜਾਉਣ ਦੀ ਆਵਾਜ਼ ਆਈ---'ਮਾਲੂੰਗਾ, ਮੈਂ ਤੇਲੇ ਮਾਲੂੰਗਾ !' ਉਹ ਸੁਪਨੇ ਵਿਚ ਕਿਸ ਨਾਲ ਲੜ ਰਿਹਾ ਸੀ ? ਲਾਡੋ ਨੇ ਅੱਧੀ ਸੁੱਤੀ, ਅੱਧੀ ਜਾਗੀ ਅਵਸਥਾ ਵਿਚ ਉਸਨੂੰ ਥਾਪੜਨਾ ਸ਼ੁਰੂ ਕਰ ਦਿੱਤਾ---'ਸੌਂ ਜਾ, ਬਾਬੀ, ਸੌਂ ਜਾ !' ਬਾਬੀ ਸੌਂ ਗਿਆ ਤੇ ਉਹ ਵੀ ਸੌਂ ਗਈ। ਪਾਲ ਨੂੰ ਕੁਝ ਪਤਾ ਨਹੀਂ ਲੱਗਿਆ। ਉਸਦੇ ਘੁਰਾੜੇ ਤਾਂ ਬੰਦ ਹੋ ਚੁੱਕੇ ਸਨ, ਹਾਂ ਨੱਕ ਵਿਚ ਕੋਈ ਚੀਜ਼ ਅੜੀ ਹੋਣ ਕਰਕੇ ਸੀਟੀ ਜਿਹੀ ਵੱਜ ਰਹੀ ਸੀ। ਉਦੋਂ ਹੀ ਅੰਦਰੋਂ ਧੋਬਨ ਦੀ ਆਵਾਜ਼ ਆਈ---''ਸਿਗਰੇਟ ਪੀ ਰਹੇ ਓ ?''
''ਹਾਂ''---ਸੰਤ ਰਾਮ ਨੇ ਉੱਥੋਂ ਹੀ ਕਿਹਾ।
ਜਿਸ ਦੇ ਜਵਾਬ ਵਿਚ ਉਹ ਬੋਲੀ, ''ਸਵੇਰੇ ਸਵੇਰੇ ਈ ਸ਼ੁਰੂ ਹੋ ਜਾਂਦੇ ਓ, ਦਿਨ ਤਾਂ ਚੜ੍ਹ ਲੈਣ ਦਿਆ ਕਰੋ...! ਇੰਜ ਕਾਲਜਾ ਫੂਕਣ ਨਾਲ ਬਿਮਾਰ ਹੋਵੋਗੇ ਕਿ ਨਹੀਂ ਹੋਵੋਗੇ ?''
ਸੰਤ ਰਾਮ ਨੇ ਦਿਲ ਹੀ ਦਿਲ ਵਿਚ ਕਿਹਾ---'ਮੇਰੀ ਬਿਮਾਰੀ ਦੀ ਬੜੀ ਪ੍ਰਵਾਹ ਏ ਤੁਹਾਨੂੰ।' ਇਹ ਘਰ ਵਾਲੇ ਵੀ ਜਦੋਂ ਪ੍ਰਵਾਹ ਕਰਨੀ ਹੁੰਦੀ ਹੈ, ਨਹੀਂ ਕਰਦੇ...ਤੇ ਜਦੋਂ ਨਹੀਂ ਕਰਨੀ ਹੁੰਦੀ, ਤਾਂ ਮੱਲੋਮੱਲੀ ਕਰਨ ਲੱਗ ਪੈਂਦੇ ਨੇ। ਉਸਨੇ ਅੰਦਰਲੇ ਕਮਰੇ ਵੱਲ ਮੂੰਹ ਕਰਕੇ ਸਿਰਫ ਏਨਾ ਕਿਹਾ, ''ਤੂੰ ਸੌÎਂ ਜਾਅ, ਅਜੇ ਸਵਾ ਪੰਜ ਵੱਜੇ ਨੇ।''
ਧੋਬਨ ਦੀ ਆਵਾਜ਼ ਉਸਦੀ ਅੰਗੜਾਈ ਵਿਚੋਂ ਛਣ ਕੇ ਆਈ, ''ਨਹੀਂ, ਮੈਂ ਹੀਟਰ ਲਾਉਣੈ, ਪਾਣੀ ਗਰਮ ਕਰਨੈਂ...ਕਪੜਿਆਂ ਦਾ ਢੇਰ ਲੱਗਿਆ ਪਿਐ...।''
ਫੇਰ ਧੋਬਨ ਦੇ ਉੱਠਣ ਦੀ ਆਵਾਜ਼ ਆਈ। ਹਾਂ ਸਾਹਬ, ਜਦੋਂ ਧੋਬਨ ਉੱਠਦੀ ਹੈ, ਤਾਂ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੀ ਕਿ ਉਸਦੇ ਧੂਮ-ਧੜਾਕੇ ਨਾਲ ਕੋਈ ਡਿਸਟਰਬ ਹੋਏਗਾ। ਉਹ ਬਿਸਤਰੇ ਦੀ ਚਾਦਰ ਝਾੜੇਗੀ ਜਿਵੇਂ ਉਸ ਉੱਤੇ ਰੇਤ ਹੀ ਰੇਤ ਪਈ ਹੋਈ ਹੋਵੇ। ਫੇਰ ਅਲਮਾਰੀ ਦੀ 'ਕੈਂ' ਸੁਣਾਈ ਦੇਵੇਗੀ ਤੇ ਉਸ ਵਿਚੋਂ ਦੁੱਧ ਲਈ ਪੈਸੇ ਨਿਕਲਣਗੇ, ਫੇਰ ਸੈਂਡਲਾਂ ਦੀ 'ਟਿਪ-ਟਿਪ' ਦੀ ਆਵਾਜ਼, ਜਿਹੜੀ ਕਈ ਵਰ੍ਹੇ ਪਹਿਲਾਂ ਬੜੀ ਚੰਗੀ ਲੱਗਦੀ ਹੁੰਦੀ ਸੀ ਤੇ ਦਿਮਾਗ ਵਿਚ ਖੜਮਸਤੀ ਪੈਦਾ ਕਰ ਦੇਂਦੀ ਸੀ, ਹੁਣ ਇੰਜ ਜਾਪਦੀ ਹੈ ਜਿਵੇਂ ਘਣ ਮਾਰ ਰਹੀ ਹੈ।
ਚਾਦਰ ਛੰਡਦਿਆਂ ਹੋਇਆਂ ਧੋਬਨ ਦੀ ਆਵਾਜ਼ ਆਈ, ''ਓ-ਹੋ...ਉਫ਼ ! ਦਿਮਾਗ ਸੜ ਗਿਐ ਸਿਗਰੇਟ ਦੀ ਬੋ ਨਾਲ !''
''ਅੱਛਾ...ਅੱਛਾ,'' ਸੰਤ ਰਾਮ ਨੇ ਕਿਹਾ, ''ਤੈਨੂੰ ਤਾਂ ਹਰ ਵੇਲੇ ਬੋ ਹੀ ਆਉਂਦੀ ਰਹਿੰਦੀ ਏ !''
ਧੋਬਨ ਨੂੰ ਵਾਕਈ ਬੜੀ ਬੋ ਆਉਂਦੀ ਸੀ, ਜਿਹੜੀ ਸ਼ਾਇਦ ਉਮਰ ਦਾ ਲਿਹਾਜ਼ ਸੀ। ਚੌਥੇ ਕਮਰੇ ਵਿਚ ਕੋਈ ਸਿਗਰੇਟ ਪੀਵੇ, ਉਸਨੂੰ ਉੱਥੋਂ ਹੀ ਪਤਾ ਲੱਗ ਜਾਂਦਾ ਸੀ। ਇਵੇਂ ਹੀ ਵਿਸਕੀ, ਸ਼ਰਾਬ ਭਾਵੇਂ ਕਿਸੇ ਨੇ ਚੱਖੀ ਹੀ ਹੋਵੇ, ਉਸਨੂੰ ਬੂ ਆ ਜਾਂਦੀ ਸੀ। ਉਸਦੀ ਕੰਜੂਸੀ ਨੇ ਤੇ ਉਸਦੇ ਨੈਤਿਕ ਰੂਪ ਵਿਚ ਚੰਗਾ ਹੋਣ ਨੇ, ਘਰ ਦੇ ਹੋਰ ਸਾਰੇ ਲੋਕਾਂ ਨੂੰ ਇਕ ਤਰ੍ਹਾਂ ਨਾਲ ਚੋਰ ਬਣਾ ਦਿੱਤਾ ਸੀ। ਸਾਰੇ ਬੇਹਾਲ ਹੋ ਕੇ ਮਾੜੀਆਂ ਹਰਕਤਾਂ ਕਰਦੇ ਤੇ ਫੇਰ ਉਹਨਾਂ ਨੂੰ ਲਕੋਣ ਦੀ ਕੋਸ਼ਿਸ਼ ਕਰਦੇ ਸੀ। ਪਰ ਧੋਬਨ ਤੋਂ ਕੁਝ ਲੁਕਿਆ ਨਹੀਂ ਸੀ ਰਹਿੰਦਾ। ਕਈ ਵਾਰੀ ਇੰਜ ਹੋਇਆ ਕਿ ਤੁਸੀਂ ਬਾਹਰ ਨਿਕਲ ਦੇ ਬਾਲਕੋਨੀ ਵਿਚ ਜਾ ਕੇ ਸਿਗਰੇਟ ਸੁਲਗਾਇਆ, ਪਰ ਜਦੋਂ ਮੁੜ ਕੇ ਦੇਖਿਆ, ਤਾਂ ਧੋਬਨ ਪਿੱਛੇ ਮੌਜ਼ੂਦ ਹੈ। ਸਿਗਰੇਟ ਦਾ ਮਜ਼ਾ ਹੀ ਜਾਂਦਾ ਰਿਹਾ। ਉਸਦੀ ਇਸ ਰੋਕ-ਟੋਕ ਨੇ ਪਾਲ ਵਿਚ ਬਗ਼ਾਵਤ ਦੀ ਭਾਵਨਾ ਪੈਦਾ ਕਰ ਦਿੱਤੀ ਸੀ। ਹੁਣ ਉਹ ਖੁੱਲ੍ਹੇ-ਆਮ ਸਿਗਰੇਟ ਪੀਂਦਾ ਸੀ, ਬਲਿਕੇ ਉਸਨੇ ਸਕਾਚ ਦੀ ਇਕ ਬੋਤਲ ਘਰੇ ਵੀ ਲਿਆ ਰੱਖੀ ਸੀ। ਬਾਹਰੋਂ ਆਉਣ 'ਤੇ ਜਦੋਂ ਉਸਨੂੰ ਮਹਿਸੂਸ ਹੁੰਦਾ ਕਿ ਜ਼ਰਾ ਕੱਚਾ ਹੈ ਤਾਂ ਇਕ ਦੋ ਪੈਗ ਲਾ ਲੈਂਦਾ। ਮਾਂ ਨਾਲ ਉਸਦੀ ਕਈ ਵਾਰੀ ਲੜਾਈ ਹੋਈ ਸੀ। ਧੋਬਨ ਆਖ਼ਰ ਉਸ ਤੋਂ ਹਾਰ ਗਈ ਸੀ। ਉਸਨੇ ਕਿਹਾ ਵੀ ਤਾਂ ਏਨਾ, ''ਮੇਰਾ ਕੀ ਐ, ਜਿਹੜੀ ਆਊਗੀ, ਆਪਣੀ ਕਿਸਮਤ ਨੂੰ ਰੋਊਗੀ ਬੈਠੀ !''
ਸਿਗਰੇਟ...! ਦਰਅਸਲ ਮਰਦ ਤੇ ਔਰਤ ਦੇ ਮੂੰਹ ਦੀ ਬੂ ਨੂੰ ਇਕ ਹੋਣਾ ਚਾਹੀਦਾ ਹੈ, ਵਰਨਾ ਸਭ ਕੁਝ ਤਬਾਹ ਹੋ ਜਾਂਦਾ ਹੈ। ਇਸ ਤਬਾਹੀ ਦੇ ਡਰ ਦੇ ਕਾਰਣ ਹੀ ਸੰਤ ਰਾਮ ਨੇ ਆਪਣੀ ਟਾਈਪਿਸਟ ਡਾਲੀ ਨੂੰ ਪਹਿਲਾਂ ਸਿਗਰੇਟ ਪਿਆ ਲਿਆ ਸੀ।
ਪਾਲ ਉੱਠਿਆ ਤਾਂ ਕੀ ਕਹੇਗਾ ? ਉਂਜ ਇਕ ਸਿਗਰੇਟ ਪੀ ਲੈਣ ਦੀ ਤਾਂ ਕੋਈ ਗੱਲ ਨਹੀਂ ਸੀ, ਪਰ ਕਿਸੇ ਦੀ ਨਿੱਤ-ਕਿਰਿਆ ਵਿਚ ਵਿਘਣ ਪੈਣਾ, ਜਾਂ ਕਿਸੇ ਸਵਾਦ ਦੀ ਪੂਰਤੀ ਨਾ ਹੋ ਸਕਣਾ ਮਾੜੀ ਗੱਲ ਹੁੰਦੀ ਹੈ। ਇਹ ਇੰਜ ਹੀ ਹੈ ਜਿਵੇਂ ਦੋ ਪਿਆਰ ਕਰਨ ਵਾਲਿਆਂ ਵਿਚਕਾਰ ਕੋਈ ਤੀਜਾ ਆ ਜਾਵੇ। ਫੇਰ ਪਾਲ ਕਈ ਗੱਲਾਂ ਵਿਚ ਕਿੱਡਾ ਕਮੀਨਾ ਹੈ ! ਇਕ ਵਾਰੀ ਉਸਦੇ ਬੂਟ ਪਾ ਲਏ ਸਨ, ਤਾਂ ਉਸਨੇ ਕਿੰਨੀ ਬੁੜਬੁੜ ਕੀਤੀ ਸੀ ! ਉਸਨੇ ਉਹ ਬੂਟ, ਸੁੱਟ ਦਿੱਤੇ ਸਨ ਤੇ ਕਿਹਾ ਸੀ, ''ਮੇਰੇ ਤੇ ਪਾਪਾ ਦੇ ਪੈਰ ਇਕੋ ਜਿੱਡੇ ਨੇ ਕੋਈ...? ਹੁਣ ਇਹ ਖੁੱਲ੍ਹ ਗਏ ਨੇ ਤੇ ਮੇਰੇ ਕੰਮ ਦੇ ਨਹੀਂ ਰਹੇ !'' ਸੁਣ ਕੇ ਸੰਤ ਰਾਮ ਨੂੰ ਬੜਾ ਦੁੱਖ ਹੋਇਆ ਸੀ। ਇਕ ਵਾਰੀ ਪੁੱਤਰ ਦੇ ਬੂਟ ਪਾ ਲਏ ਤਾਂ ਕੀ ਹੋ ਗਿਆ ? ਵੀਹ ਵਾਰੀ ਉਸਨੇ ਮੇਰੀਆਂ ਚੱਪਲਾਂ ਪਾਈਆਂ ਨੇ, ਮੈਂ ਤਾਂ ਕਦੀ ਕੁਛ ਨਹੀਂ ਕਿਹਾ। ਉਲਟਾ ਮੈਨੂੰ ਖੁਸ਼ੀ ਹੀ ਹੋਈ ਹੈ, ਇਸ ਅਹਿਸਾਸ ਨਾਲ ਕਿ ਮੇਰੇ ਪੁੱਤਰ ਨੇ ਮੇਰੀ ਚੱਪਲ ਪਾਈ ਹੈ। ਤੇ ਵੱਡਿਆਂ ਦਾ ਇਹ ਕਹਿਣਾ ਵੀ ਦਿਮਾਗ ਵਿਚ ਆਇਆ ਕਿ ਜਦੋਂ ਪਿਓ ਦੀ ਜੁੱਤੀ ਪੁੱਤ ਦੇ ਮੇਚ ਆਉਣ ਲੱਗ ਪਏ ਤਾਂ ਉਸਨੂੰ ਕੁਝ ਨਹੀਂ ਕਹਿਣਾ ਚਾਹੀਦਾ। ਸੋ ਮੈਂ ਉਦੋਂ ਦਾ ਸਭ ਕੁਝ ਕਹਿਣਾ-ਸੁਣਨਾ ਛੱਡ ਦਿੱਤਾ ਸੀ। ਨਹੀਂ, ਇਕ ਵਾਰੀ ਉਸਨੇ ਕਿਸੇ ਸਮਗਲਰ ਤੋਂ ਅਮਰੀਕੀ ਜਰਕਿਨ ਖ਼ਰੀਦੀ ਸੀ, ਜਿਹੜੀ ਮੈਨੂੰ ਬੜੀ ਚੰਗੀ ਲੱਗੀ ਸੀ। ਪਾਲ ਨੂੰ ਵੀ ਤਾਂ ਜਚੀ ਹੋਏਗੀ, ਤਾਂ ਹੀ ਤਾਂ ਉਸਨੇ ਖ਼ਰੀਦੀ ਸੀ। ਪਰ ਮੈਂ ਹਮੇਸ਼ਾ ਵਾਂਗ ਆਪਣੇ ਬੁਢੇਪੇ ਦੇ ਕਾਰਣ, ਉਸਨੂੰ ਪਾਉਣ ਦੇ ਜਜ਼ਬੇ ਨੂੰ ਰੋਕ ਨਹੀਂ ਸੀ ਸਕਿਆ। ਸੋ ਮੈਂ ਪਾ ਲਈ ਸੀ। ਉਸਦੇ ਰੰਗ ਬੜੇ ਗੂੜ੍ਹੇ ਸਨ ਤੇ ਮੈਨੂੰ ਉਸਨੂੰ ਪਾ ਕੇ ਬੜਾ ਮਜ਼ਾ ਆਇਆ ਸੀ। ਪਰ ਪਹਿਲਾਂ ਤਾਂ ਧੋਬਨ ਨੇ ਮੇਰੇ ਮਜ਼ੇ ਨੂੰ ਕਿਰਕਿਰਾ ਕੀਤਾ---ਉਹ ਮੈਨੂੰ ਦੇਖ ਕੇ ਹੱਸ ਪਈ।
''ਕੀ ਹੋਇਆ ?'' ਮੈਂ ਪੁੱਛਿਆ।
ਉਹ ਅੰਦਰੇ ਅੰਦਰ ਆਪਣੀ ਹਾਸੀ ਰੋਕਦੀ ਹੋਈ ਬੋਲੀ, ''ਕੁਛ ਨਹੀਂ...'' ਤੇ ਫੇਰ ਰਹਿ ਵੀ ਨਾ ਸਕੀ ਤੇ ਕਹਿਣ ਲੱਗੀ, ''ਕਿਵੇਂ ਘੁੰਮ ਰਹੇ ਓ...ਜਿਵੇਂ ਦੇਸੀ ਮੁਰਗਾ ਵਲਾਇਤੀ ਮੁਰਗੀ ਦੇ ਇਰਦ-ਗਿਰਦ ਘੁੰਮਦੈ !''
ਇਹ ਜਜ਼ਬਾਤਾਂ ਦਾ ਧੋਬੀ ਪਟਕਾ ਸੀ, ਖ਼ੈਰ।
ਪਰ ਰਹੀ ਸਹੀ ਕਸਰ ਪਾਲ ਨੇ ਪੂਰੀ ਕਰ ਦਿੱਤੀ। ਮੈਂ ਆਪਣਾ ਸ਼ੌਕ ਪੂਰਾ ਕਰਨ ਪਿੱਛੋਂ ਉਸ ਜਰਕਿਨ ਨੂੰ ਸਾਂਭ ਦੇ ਵਾਰਡਰੋਬ ਵਿਚ ਰੱਖ ਦਿੱਤਾ ਸੀ, ਪਰ ਸਵੇਰੇ ਹੀ ਪਾਲ ਜਰਕਿਨ ਨੂੰ ਮੇਰੇ ਕੋਲ ਲੈ ਆਇਆ ਤੇ ਬੋਲਿਆ, ''ਪਾਪਾ, ਤੁਸੀਂ ਹੀ ਇਸਨੂੰ ਪਾ ਲਿਆ ਕਰੋ...''
ਮੈਂ ਅਪਰਾਧੀਆਂ ਵਾਂਗ ਕਿਹਾ, ''ਕਿਉਂ, ਤੂੰ ਨਹੀਂ ਪਾਉਣੀ...?''
''ਇਹ ਮੇਰੇ ਕੰਮ ਦੀ ਨਹੀਂ ਰਹੀ !'' ਉਸ ਕਿਹਾ, ਦੇਖਦੇ ਨਹੀਂ ਤੁਹਾਡਾ ਪੇਟ ਕਿੱਡਾ ਵੱਡਾ ਹੈ, ਇਸਨੂੰ ਪਾਉਣ ਨਾਲ ਐਲਾਸਟਿਕ ਢਿੱਲਾ ਹੋ ਗਿਆ ਏ ਇਸਦਾ !''
ਮੈਨੂੰ ਬੜਾ ਗੁੱਸਾ ਆਇਆ ਤੇ ਮੈਂ ਉਸ ਉੱਤੇ ਵਰ੍ਹ ਹੀ ਪਿਆ। ਮੈਂ ਕਿਹਾ, ''ਮੈਂ ਤੇਰਾ ਬਾਪ ਹਾਂ। ਜਰਕਿਨ ਪਾ ਲਈ ਤੇ ਤੇਰਾ ਨੁਕਸਾਨ ਕਰ ਦਿੱਤਾ ? ਤੂੰ ਸੈਂਕੜੇ ਨਹੀਂ ਹਜ਼ਾਰਾਂ ਵਾਰੀ ਮੇਰਾ ਨੁਕਸਾਨ ਕੀਤਾ ਏ। ਮੈਂ ਕਦੀ ਤੈਨੂੰ ਕੁਛ ਕਿਹਾ ਏ...? ਉਲਟਾ ਮੈਂ ਖੁਸ਼ ਹੀ ਹੋਇਆਂ। ਚੱਲ ਇੰਜ ਕਹਿ ਲੈ ਬਾਹਰੋਂ ਨਾਰਾਜ਼ਗੀ ਦਾ ਸਬੂਤ ਦਿੱਤਾ, ਪਰ ਅੰਦਰੋਂ ਮੈਂ ਕਿੰਨਾਂ ਖੁਸ਼ ਸਾਂ ? ਤੂੰ ਸੈਂਕੜੇ ਵਾਰੀ ਮੇਰੀ ਕਮੀਜ਼, ਮੇਰੇ ਬੂਟ ਪਾ ਕੇ ਗਿਆ ਏਂ। ਮੈਂ ਇਹੀ ਕਿਹੈ...'ਮੇਰੇ ਪੁੱਤਰ ਦੇ ਮੇਰੇ ਕਪੜੇ ਆਉਣ ਲੱਗ ਪਏ ਨੇ', ਤੇ ਤੂੰ ਇੰਜ ਉਸ ਦਿਨ ਦੋ ਘੋੜਿਆਂ ਵਾਲੀ ਬੋਸਕੀ ਦੀ ਕਮੀਜ਼ ਮੇਰੇ ਮੂੰਹ 'ਤੇ ਦੇ ਮਾਰੀ ! ਤੂੰ ਬੜਾ ਕਮੀਨਾ, ਬੜਾ ਬੇਸ਼ਰਮ ਆਦਮੀ ਏਂ !''
ਬਜਾਏ ਇਸ ਦੇ ਕੇ ਪਾਲ ਨੂੰ ਅਫ਼ਸੋਸ ਹੁੰਦਾ ਉਹ ਮੇਰੇ ਨਾਲ ਦਲੀਲ ਬਾਜ਼ੀ ਉੱਤੇ ਉਤਰ ਆਇਆ, ''ਤੁਸੀਂ ਪਾਨ ਖਾਂਦੇ ਓ,'' ਉਹ ਕਹਿਣ ਲੱਗਾ, ''ਤੇ ਉਸਦੀ ਕੋਈ ਨਾ ਕੋਈ ਛਿੱਟ ਉੱਤੇ ਪੈ ਜਾਂਦੀ ਹੈ ; ਕੀ ਫੇਰ ਉਹ ਕਮੀਜ਼ ਮੇਰੇ ਪਾਉਣ ਵਾਲੀ ਰਹਿ ਜਾਂਦੀ ਹੈ ?''
ਉਹਨੀਂ ਦਿਨੀਂ ਵੀ ਲਾਡੋ ਇੱਥੇ ਆਈ ਹੋਈ ਸੀ। ਉਸ ਝਗੜੇ ਵਿਚ ਉਹ ਵੀ ਬਾਹਰ ਆ ਗਈ ਤੇ ਬੋਲੀ, ''ਪਾਪਾ ਬਿਲਕੁਲ ਮੇਰੇ ਵਰਗੇ ਨੇ...!''
ਉਹਨੀਂ ਦਿਨੀਂ ਦੋਵੇਂ ਛੋਟੇ ਵੀ, ਜਿਹੜੇ ਇਸ ਵੇਲੇ ਆਪਣੇ ਮਾਮੇ ਕੋਲ ਗੁੜਗਾਂਵ ਗਏ ਹੋਏ ਸਨ, ਇੱਥੇ ਹੀ ਸਨ। ਛੋਟੀ ਭੀਕੂ ਦੀ ਮਦਦ ਨਾਲ ਬਿਸਤਰੇ ਦੇ ਵੱਟ ਕਢਦੀ ਹੋਈ ਬੋਲੀ, ''ਹਾਂ, ਗੱਲ ਕਰਦੇ ਨੇ, ਤਾਂ ਲਾਡੋ ਦੀਦੀ ਵਾਂਗ ਮੂੰਹ ਦਾ ਫੁਆਰਾ ਸਾਹਮਣੇ ਵਾਲੇ 'ਤੇ ਛੱਡ ਦਿੰਦੇ ਨੇ। ਤਮਾਸ਼ਾ ਉਦੋਂ ਵੇਖਣ ਵਾਲਾ ਹੁੰਦਾ ਹੈ, ਜਦੋਂ ਕਦੀ ਲਾਡੋ-ਦੀਦੀ ਤੇ ਪਾਪਾ ਆਪਸ ਵਿਚ ਗੱਲਾਂ ਕਰ ਰਹੇ ਹੋਣ...!''
ਹੋਰ ਤਾਂ ਹੋਰ ਛੋਟਾ ਦੁਮਨ ਵੀ ਹੱਸ ਰਿਹਾ ਸੀ---ਕੰਜੂਸਾਂ ਵਾਂਗ। ਫੇਫੜੇ ਪੈਦਾਇਸ਼ੀ ਕਮਜ਼ੋਰ ਹੋਣ ਕਾਰਨ ਉਹ ਕਦੀ ਖੁੱਲ੍ਹ ਕੇ ਨਹੀਂ ਸੀ ਹੱਸਦਾ---''ਹੀ-ਹੀ, ਪਾਨ ਖਾਂਦੇ ਨੇ ਤਾਂ ਪਾਪਾ,'' ਉਸਨੇ ਕਿਹਾ---''ਤਾਂ ਕਮੀਜ਼ ਉੱਤੇ ਸਾਹਮਣੇ ਤਾਂ ਡਿਗਦਾ ਈ ਐ, ਪਿੱਠ ਉੱਤੇ ਵੀ ਪਤਾ ਨਹੀਂ ਕਿੰਜ ਜਾ ਪੈਂਦੈ !'' ਸਾਰੇ ਇਹੀ ਸਮਝਦੇ ਸਨ ਕਿ ਮੈਂ ਪਾਨ ਮੂੰਹ ਨਾਲ ਤਾਂ ਖਾਂਦਾ ਹੀ ਨਹੀਂ, ਕਮੀਜ਼ ਨਾਲ ਖਾਂਦਾ ਹਾਂ ! ਇਸ ਉੱਤੇ ਮਜ਼ਾ ਇਹ ਧੋਬਨ ਵੀ ਮੰਚ ਉੱਤੇ ਚੜ੍ਹ ਆਈ। ਮੇਰਾ ਖ਼ਿਆਲ ਸੀ, ਉਹ ਆਪਣਾ ਪੱਖ ਲਵੇਗੀ, ਪਰ ਸਾਹਬ, ਉਸਨੇ ਉਲਟਾ ਧੀਆਂ-ਪੁੱਤਰਾਂ ਦੀ ਹਮਾਇਤ ਸ਼ੁਰੂ ਕਰ ਦਿੱਤੀ---''ਕੀ ਪੁੱਛਦੇ ਹੋ ਇਹਨਾਂ ਦਾ !'' ਉਹ ਬੋਲੀ, ''ਬਿਲਕੁਲ ਬਾਬੀ ਨੇ ਦੂਜੇ ! ਖਾਣਾ ਖਾਣਗੇ ਤਾਂ ਦਾਲ ਕੁੜਤੇ ਤੇ ਡਿੱਗੀ ਹੋਵੇਗੀ, ਲਿਖਣ ਬੈਠਣਗੇ, ਤਾਂ ਸਿਆਹੀ। ਮੈਂ ਇਹਨਾਂ ਦਾ ਕੀ ਕਰਾਂ ? ਪਤਾ ਤਾਂ ਮੈਨੂੰ ਲੱਗਦੈ ਨਾ, ਧੋਂਦੇ-ਧੋਂਦੇ ਜਿਸਦੇ ਹੱਥ ਰਹਿ ਜਾਂਦੇ ਨੇ... ਪਰ ਮੇਰੀ ਕਿਸਮਤ ! ਉਮਰ ਬੀਤ ਗਈ ਏ ਮੇਰੀ ਇਹਨਾਂ ਦੇ ਦਾਗ਼ ਧੋਂਦਿਆਂ...!''
ਸਿਰਫ ਇਕ ਬਾਬੀ ਰਹਿ ਗਿਆ ਸੀ। ਉਸਦੇ ਹੱਥ ਵਿਚ ਇਕ ਛੋਟਾ ਜਿਹਾ ਬਾਂਸ ਦਾ ਡੰਡਾ ਸੀ, ਜਿਸ ਨਾਲ ਉਹ ਕਿਸੇ 'ਬੁੱਢੇ-ਬਾਬੇ' ਨੂੰ ਭਜਾਅ ਰਿਹਾ ਸੀ। ''ਮਾਲੂੰਗਾ !''---ਉਸ ਸ਼ੁੰਨ ਵਿਚ ਕਲਪਿਤ ਦੁਸ਼ਮਣ ਨੂੰ ਸੰਬੋਧਤ ਕਰਦਿਆਂ ਕਿਹਾ। ਮੈਨੂੰ ਇੰਜ ਮਹਿਸੂਸ ਹੋਣ ਲੱਗਾ ਜਿਵੇਂ ਉਸਦਾ ਬੁੱਢਾ ਬਾਬਾ, ਉਸਦਾ ਕਲਪਿਤ ਦੁਸ਼ਮਣ, ਮੈਂ ਹਾਂ। ਫੇਰ ਜਿੰਮੀ ਦੇ ਭੌਂਕਣ ਦੀ ਆਵਾਜ਼ ਆਈ, ਜਿਸਨੂੰ ਤੁਸੀਂ ਸੰਯੋਗ ਹੀ ਕਹਿ ਲਵੋ। ਭੀਕੂ ਬਿਜਲੀ ਦਾ ਬਿਲ ਭਰਨ ਚਲਾ ਗਿਆ ਸੀ, ਨਹੀਂ ਤਾਂ ਉਹ ਆਪਣੀ ਮਗਨੀ ਬੋਲੀ ਵਿਚ ਕਹਿੰਦਾ---''ਹਮ ਮੀਆਂ-ਬੀਬੀ ਕਾ ਝਗੜਾ ਮੇਂ ਨਈਂ ਪਰਬ...!'' ਤੇ ਇਹ ਗੱਲ ਹੋਰ ਵੀ ਮੇਰੇ ਖ਼ਿਲਾਫ਼ ਜਾਂਦੀ। ਸਾਰਾ ਘਰ ਮੇਰਾ ਦੁਸ਼ਮਣ ਹੋ ਗਿਆ ਸੀ...ਇੰਜ ਪਹਿਲਾਂ ਤਾਂ ਨਹੀਂ ਸੀ ਹੁੰਦਾ---ਕੁਝ ਵਰ੍ਹੇ ਪਹਿਲਾਂ। ਜਦੋਂ ਦਾ ਮੈਨੂੰ ਕਾਰੋਬਾਰ ਵਿਚ ਘਾਟਾ ਪਿਆ ਹੈ, ਦੁਨੀਆਂ ਹੀ ਬਦਲ ਗਈ ਹੈ। ਕਿਸੇ ਨੂੰ ਮੇਰੀ ਗੱਲ ਹੀ ਪਸੰਦ ਨਹੀਂ ਆਉਂਦੀ ਜਾਂ ਸ਼ਾਇਦ ਮੈਂ ਬੁੱਢਾ ਹੋ ਗਿਆ ਹਾਂ ਇਸ ਲਈ ਸਾਰਿਆਂ ਨੂੰ ਮਾੜਾ ਲੱਗਣ ਲੱਗ ਪਿਆ ਹਾਂ। ਮੈਨੂੰ ਇਹਨਾਂ ਦੇ ਸਾਹਮਣਿਓਂ ਟਲ ਜਾਣਾ ਚਾਹੀਦਾ ਹੈ ਜਾਂ ਸ਼ਾਇਦ ਦੁਨੀਆਂ ਤੋਂ ਹੀ ਟਾਲਾ ਵੱਟ ਲੈਣਾ ਚਾਹੀਦਾ ਹੈ...ਪਰ ਮੈਂ ਜਾਵਾਂ, ਤਾਂ ਜਾਵਾਂ ਕਿੱਥੇ...? ਮੈਂ ਇਸ ਘਰ, ਇਹਨਾਂ ਲੋਕਾਂ ਉੱਤੇ ਆਪਣੀ ਜਾਨ ਤਕ ਵਾਰ ਦਿੱਤੀ, ਨਾ ਕਿਸੇ ਕਲੱਬ ਦਾ ਮੈਂਬਰ ਬਣਿਆਂ, ਨਾ ਕਦੀ ਰੇਸ ਕੋਰਸ ਗਿਆ, ਇਹ ਤਾਂ ਇਹ, ਕੋਈ ਪਿਕਚਰ ਵੀ ਢੰਗ ਨਾਲ ਨਹੀਂ ਦੇਖੀ। ਕੰਮ, ਕੰਮ ਤੇ ਹਰ ਵੇਲੇ ਬਸ ਕੰਮ ! ਮੌਜ ਮੇਲੇ ਲਈ ਇਕ ਪਲ ਨਹੀਂ। ਇਸ ਲਈ ਮੈਂ ਮਾਨਸਿਕ ਤੌਰ 'ਤੇ ਬਿਮਾਰ ਹੋ ਗਿਆ ਹਾਂ। ਸ਼ਾਇਦ ਪਾਗਲ। ਪਾਗਲ ਨਹੀਂ ਤਾਂ ਸਨਕੀ ਜ਼ਰੂਰ ਹਾਂ। ਕਦੀ ਪਾਗਲ ਜਾਂ ਸਨਕੀ ਨੂੰ ਵੀ ਪਤਾ ਲੱਗਿਆ ਹੈ ਕਿ ਉਹ ਕੀ ਹੈ ? ਉਸਨੂੰ ਤਾਂ ਸਿਰਫ ਦੂਜੇ ਜਾਣੇ ਹਨ। ਕਦੀ ਕਦੀ ਉਹਨਾਂ ਦੀਆਂ ਸ਼ਕਲਾਂ ਵਿਚ ਆਪਣੀ ਸ਼ਕਲ ਦਿਸ ਪੈਂਦੀ ਹੈ। ਨਹੀਂ, ਇਹ ਗੱਲ ਨਹੀਂ। ਰੱਬ ਕਿਸੇ ਨੂੰ ਘਾਟਾ ਨਾ ਪਾਵੇ। ਜਵਾਨੀ ਵਿਚ ਜੋ ਹੋਣਾ ਹੈ, ਹੋ ਜਾਵੇ ਪਰ ਇਸ ਢਲਦੀ, ਆਖ਼ਰੀ ਅਵਸਥਾ ਵਿਚ ਨਹੀਂ, ਜਦ ਬਚਾਅ ਕਰਨ ਦਾ ਸਾਰਾ ਬਲ ਸਮਾਪਤ ਹੋ ਚੁੱਕਿਆ ਹੁੰਦਾ ਹੈ। ਬੱਚਿਆਂ ਦਾ 'ਫਾਦਰ ਇਮੇਜ਼' ਗਡਮਡ ਹੋ ਜਾਂਦਾ ਹੈ ਤੇ ਪਤਨੀ ਦਾ ਵੀ...
ਪਾਲ ਅੱਠ ਵਜੇ ਉੱਠਿਆ। ਉਸਨੂੰ ਉਠਦੇ ਦੇਖ ਕੇ ਸੰਤ ਰਾਮ ਨੂੰ ਇਕ ਧੁੜਧੁੜੀ ਜਿਹੀ ਆਈ। ਡਰ ਦੀ ਇਕ ਨਿਸ਼ਾਨੀ ਇਹ ਵੀ ਹੁੰਦੀ ਹੈ ਕਿ ਆਦਮੀ ਮੂੰਹੋਂ ਜਾਂ ਮਨ ਹੀ ਮਨ ਵਿਚ ਇਹ ਕਹੇ ਕਿ 'ਮੈਂ ਕਿਸੇ ਤੋਂ ਡਰਦਾ ਹਾਂ ਕੋਈ ?' ਵੈਸੇ ਸੰਤ ਰਾਮ ਦਾ ਓਹਲਾ ਮੁੱਕਿਆ ਹੋਇਆ ਸੀ ਕਿ ਉਹ ਆਪਣੇ ਪੁੱਤਰ ਤੋਂ ਨਹੀਂ ਡਰਦਾ। ਉਹ ਨਹੀਂ ਚਾਹੁੰਦਾ ਸੀ, ਮਾਮਲੇ ਨੂੰ ਉਸ ਮੋੜ 'ਤੇ ਲੈ ਆਵੇ, ਜਿਸ ਉੱਤੇ ਪੁੱਤਰ ਇਹ ਕਹੇ ਕਿ ਮੈਂ ਇਸ ਘਰ ਵਿਚ ਨਹੀਂ ਰਹਿਣਾ। ਪਾਲ ਤਾਂ ਚਾਹੁੰਦਾ ਸੀ ਕਿ ਕੋਈ ਅਜਿਹਾ ਮੌਕੇ ਮਿਲੇ...ਕੋਈ ਸੁਣੇ, ਤਾਂ ਹੱਸੇ, ਪੁੱਤਰ ਦਾ ਇਕ ਸਿਗਰੇਟ, ਸਿਰਫ ਇਕ ਸਿਗਰੇਟ ਪੀ ਲੈਣ 'ਤੇ ਏਨਾ ਡਰ ਤੇ ਏਨੀ ਦਿਮਾਗੀ ਬੜਬੜ ?
ਚਾਹ ਤੋਂ ਪਹਿਲਾਂ ਪਾਲ ਨੇ ਪਿਤਾ ਵੱਲ ਦੇਖਿਆ ਤੇ ਸਦਾ ਵਾਂਗ ਨਮਸਕਾਰ ਕੀਤੀ, ਜਿਸ ਦੇ ਜਵਾਬ ਵਿਚ ਸੰਤ ਰਾਮ ਨੇ ਸਿਰ ਹਿਲਾ ਦਿੱਤਾ ਤੇ ਨੀਵੀਂ ਪਾ ਲਈ। ਉਹ ਚਾਹੁੰਦਾ ਸੀ ਕਿ ਪਾਲ ਦੂਜੇ ਪਾਸੇ ਦੇਖੇ, ਤਾਂ ਉਹ ਉਸ ਵੱਲ ਦੇਖ ਸਕੇ। ਪਰ ਪਾਲ ਨੇ ਆਪਣਾ ਮੂੰਹ ਉਸੇ ਵੱਲ ਰੱਖਿਆ, ਜਿਸ ਕਰਕੇ ਸੰਤ ਰਾਮ ਨੇ ਘਬਰਾ ਕੇ ਆਪਣਾ ਚਿਹਰਾ ਅਖ਼ਬਾਰ ਪਿੱਛੇ ਛਿਪਾ ਲਿਆ। ਫੇਰ ਉਸ ਨੇ ਥੋੜ੍ਹਾ ਕੁ ਅਖ਼ਬਾਰ ਹਟਾਅ ਦੇ ਦੇਖਿਆ ਪਾਲ ਸੜੁਕੇ ਮਾਰ-ਮਾਰ ਕੇ ਚਾਹ ਪੀ ਰਿਹਾ ਸੀ। ਉਸ ਪਿੱਛੋਂ ਉਸਨੇ ਖੜਕੇ ਨਾਲ ਪਿਆਲੀ, ਪਿੱਚਰ ਵਿਚ ਰੱਖੀ। ਫੇਰ ਉਹ ਸਿਗਰੇਟ ਦਾ ਪੈਕੇਟ ਚੁੱਕ ਕੇ ਬਾਥਰੂਮ ਵੱਲ ਤੁਰ ਗਿਆ।
ਹੁਣ ਤਕ ਤਾਂ ਸਭ ਠੀਕ ਠਾਕ ਸੀ...ਪਾਲ ਨੇ ਪੈਕੇਟ ਖੋਹਲ ਕੇ ਨਹੀਂ ਸੀ ਦੇਖਿਆ। ਜਦ ਉਹ ਬਾਥਰੂਮ ਜਾਵੇਗਾ ਤਦ ਉਸਨੂੰ ਪਤਾ ਲਗੇਗਾ। ਤੇ ਸੰਤ ਰਾਮ ਪੁੱਤਰ ਦੇ ਬਾਹਰ ਆਉਣ 'ਤੇ ਉਸਦਾ ਚਿਹਰਾ ਦੇਖਣ ਲਈ ਉਂਜ ਹੀ ਉਧਰ ਦੇਖਦਾ ਰਿਹਾ। ਧੋਬਨ ਨੇ ਕਿਹਾ---''ਨਹਾਉਣਾ ਨਹੀਂ ?'' ਤਾਂ ਉਤਰ ਵਿਚ ਜ਼ਰਾ ਹਿਰਖ ਦੇ ਸੰਤ ਰਾਮ ਨੇ ਜਵਾਬ ਦਿੱਤਾ, ''ਤੈਨੂੰ ਨਹਾਉਣ ਦੀ ਪਈ ਹੈ, ਹੁਣ ਇਕੋ ਵਾਰ ਨਹਾਵਾਂਗਾ !''
ਧੋਬਨ ਨੇ ਹੈਰਾਨੀ ਨਾਲ ਸੰਤ ਰਾਮ ਦੇ ਮੂੰਹ ਵੱਲ ਤੱਕਿਆ। ਫੇਰ ਉਸਦੇ ਬਕੜਵਾਹ ਨੂੰ ਹਮੇਸ਼ਾ ਵਾਂਗ ਬੇ-ਲੋੜਾ ਸਮਝ ਦੇ ਨਾਸ਼ਤਾ ਬਣਾਉਣ ਵਿਚ ਰੁੱਝ ਗਈ।
ਥੋੜ੍ਹੀ ਦੇਰ ਬਾਅਦ ਪਾਲ ਬਾਥਰੂਮ ਵਿਚੋਂ ਬਾਹਰ ਆਇਆ, ਉਸਦੇ ਬੁੱਲ੍ਹ ਭਿਚੇ ਹੋਏ ਸਨ ਤੇ ਮੱਥਾ ਵਟਿਆਇਆ ਹੋਇਆ। ਉਹ ਵਾਸ਼ਵੇਸਨ ਵਿਚ ਕਾਹਲੀ-ਕਾਹਲੀ ਆਪਣੇ ਹੱਥ ਧੋ ਰਿਹਾ ਸੀ। ਏਨੀ ਕਾਹਲੀ ਕਾਹਦੀ ਸੀ ? ਕੀ ਕਿਤੇ ਜਾਣ ਦੀ ਕਾਹਲ ਸੀ ਉਸਨੂੰ ? ਸਾਹਮਣੇ ਸ਼ੀਸ਼ੇ ਵਿਚ ਉਸਨੇ ਆਪਣੇ ਚਿਹਰੇ ਨੂੰ ਦੇਖਿਆ। ਮੂੰਹ ਉੱਤੇ ਝੱਗ ਲੱਗੀ ਹੋਈ ਸੀ। ਨਹੀਂ, ਹੱਥ ਧੋਂਦਿਆਂ ਹੋਇਆ ਝੱਗ ਦੇ ਛਿੱਟੇ ਚਿਹਰੇ ਉੱਤੇ ਪੈ ਗਏ ਜਾਪਦੇ ਸਨ। ਕਿਉਂਕਿ ਹੱਥ ਅਜੇ ਵੀ ਝੱਗ ਨਾਲ ਭਰੇ ਹੋਏ ਸਨ, ਇਸ ਲਈ ਉਸਨੇ ਕੁੜਤੇ ਦੀ ਬਾਂਹ ਨਾਲ ਝੱਗ ਦੇ ਛਿੱਟਿਆਂ ਨੂੰ ਪੂੰਝ ਦਿੱਤਾ ਤੇ ਫੇਰ ਆਪਣਾ ਚਿਹਰਾ ਦੇਖਣ ਲੱਗਾ। ਉਸਦੀਆਂ ਨਾਸਾਂ ਫੁੱਲੀਆਂ ਹੋਈਆਂ ਸਨ। ਦੂਜਿਆਂ ਵੱਲ ਦੇਖ ਕੇ ਨਾਸਾਂ ਫੁਲਾਉਣਾ ਤਾਂ ਸਮਝ ਵਿਚ ਆਉਂਦਾ ਹੈ, ਪਰ ਆਪਣੇ ਆਪ ਨੂੰ ਦੇਖ ਕੇ ਨਹੀਂ। ਹੱਥ ਧੋਂਦਿਆਂ ਹੋਇਆਂ ਪਾਲ ਨੇ ਪਰਤ ਕੇ ਦੇਖਿਆ ਤਾਂ ਧੋਬਨ ਦੀ ਆਵਾਜ਼ ਸੁਣਾਈ ਦਿੱਤੀ---''ਰਾਤ ਤੂੰ ਫੇਰ ਸ਼ਰਾਬ ਪੀ ਕੇ ਆਇਆ ਸੈਂ ?''
ਪਾਲ ਨੇ ਕੋਈ ਉਤਰ ਨਾ ਦਿੱਤਾ। ਸਿਰਫ ਏਨਾ ਕਿਹਾ, ''ਹਾਂ, ਅੱਜ ਫੇਰ ਪੀ ਕੇ ਆਵਾਂਗਾ।''
ਧੋਬਨ ਤਣ ਗਈ। ਉਹ ਇੰਜ ਦਬਣ ਵਾਲੀ ਥੋੜ੍ਹਾ ਈ ਸੀ। ਉਸਨੇ ਸਾਫ ਕਹਿ ਦਿੱਤਾ, ''ਅੱਜ ਪੀ ਕੇ ਆਇਆ, ਤਾਂ ਮੈਂ ਘਰੇ ਨਹੀਂ ਵੜਨ ਦੇਣਾ !''
ਜਵਾਬ ਵਿਚ ਪਾਲ ਨੇ ਕਿਹਾ, ''ਆਉਣਾ ਕੌਣ ਚਾਹੁੰਦਾ ਏ ਇਸ ਜੇਲ੍ਹਖਾਨੇ ਵਿਚ ? ਮੈਂ ਪਹਿਲਾਂ ਹੀ ਗੋਲਫ ਲਿੰਕਸ ਵਿਚ ਇਕ ਕਮਰਾ ਦੇਖ ਲਿਐ।''
ਫੇਰ ਧੋਬਨ ਦੀ ਕੜਾਕੇਦਾਰ ਆਵਾਜ਼ ਆਈ, ''ਨਿਕਲ ਜਾਹ...ਹੁਣੇ ਨਿਕਲ ਜਾਹ !''ਸੰਤ ਰਾਮ ਦੀ ਤਾਂ ਜਿਵੇਂ ਜਾਨ ਨਿਕਲ ਗਈ ਸੀ...
''ਸ਼ਾਂਤੀ !'' ਉਸ ਨੇ ਕੜਕ ਕੇ ਕਿਹਾ, ''ਕੀ ਬਕ ਰਹੀ ਏਂ ! ਇਹ ਘਰ ਤੇਰਾ ਐ ?''
ਉਸੇ ਪੰਜਚਮ ਸੁਰ ਵਿਚ ਧੋਬਨ ਨੇ ਜਵਾਬ ਦਿੱਤਾ, ''ਹਾਂ, ਮੇਰਾ ਐ ! ਜਾਂਦਾ ਐ ਤਾਂ ਜਾਏ ! ਤੂੰ ਵੀ ਜਾਣਾ ਚਾਹੁੰਦਾ ਏਂ, ਤਾਂ ਜਾਹ ! ਭਲਾ ਹੋਏ ਤੁਹਾਡਾ ਦੋਵਾਂ ਪਿਓ-ਪੁੱਤਾਂ ਦਾ, ਜਿੰਨ੍ਹਾਂ ਜਿਊਂਣਾ ਸਿਖਾਅ ਦਿੱਤਾ !'' ਤੇ ਫੇਰ ਉਹ ਰੋਣ ਲੱਗ ਪਈ।
ਸੰਤ ਰਾਮ ਇਸੇ ਡਰ ਤੋਂ ਡਰਦਾ ਆਇਆ ਸੀ ਕਿ ਅਜਿਹਾ ਮੌਕਾ ਨਾ ਆਵੇ। ਪੁੱਤ ਦੇ ਮਾੜੇ ਲੱਛਣ ਵੇਖ ਕੇ ਉਹ ਅੰਦਰੇ-ਅੰਦਰ ਕੁੜ੍ਹਦਾ ਰਹਿੰਦਾ ਸੀ, ਪਰ ਕੁਝ ਕਹਿ ਨਹੀਂ ਸੀ ਸਕਦਾ। ਇਹ ਕਹਿਣਾ ਤਾਂ ਬੜੀ ਆਸਾਨ ਗੱਲ ਹੁੰਦੀ ਹੈ...'ਚਲਾ ਜਾਅ', ਪਰ ਫੇਰ 'ਵਾਪਸ ਆ ਜਾਅ' ਕਹਿਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਪਾਲ ਦੇ ਬਾਕੀ ਕੰਮਾਂ ਦੀ ਰਿਫ਼ਤਾਰ ਹੋਰ ਵੀ ਤੇਜ਼ ਹੋ ਗਈ। ਉਹ ਛੇਤੀ ਛੇਤੀ ਸ਼ੇਵ ਬਣਾ ਰਿਹਾ ਸੀ ਤੇ ਆਪਣੀ ਠੋਡੀ ਉੱਤੇ ਅਗਿਣਤ ਕੱਟ ਲਾ ਰਿਹਾ ਸੀ ; ਤੇ ਖ਼ੂਨ ਪੂੰਝ ਰਿਹਾ ਸੀ। ਉਸਨੇ ਮਾਂ ਨੂੰ ਇਹ ਜਵਾਬ ਕਿਉਂ ਦਿੱਤਾ। ਉਹ ਮਾਂ ਨੂੰ ਉਲਟਾ-ਸਿੱਧਾ ਕਹਿੰਦਾ ਸੀ ਤਾਂ ਸੰਤ ਰਾਮ ਨੂੰ ਤਕਲੀਫ ਹੁੰਦੀ ਸੀ ਤੇ ਮਾਂ ਉਸਨੂੰ ਕੁਝ ਕਹਿੰਦੀ ਸੀ ਤਾਂ ਬੜਾ ਦੁੱਖ। ਪਰ ਮਾਂ-ਪੁੱਤ ਦਾ ਰਿਸ਼ਤਾ ਬੜਾ ਸਹਿਜ ਸੀ, ਜਿਸ ਵਿਚ ਉਹ ਇਕ-ਦੂਜੇ ਨੂੰ ਕਹਿ-ਸੁਣ ਕੇ ਫੇਰ ਇਕ ਹੋ ਜਾਂਦੇ ਸਨ। ਪਰ ਅੱਜ ਪਾਲ ਦਾ ਵਤੀਰਾ ਇਹੀ ਸੀ ਕਿ ਉਹ ਜਾਵੇਗਾ ਤੇ ਫੇਰ ਵਾਪਸ ਨਹੀਂ ਆਵੇਗਾ...।
ਆਉਣਾ ਕੌਣ ਚਾਹੁੰਦਾ ਹੈ ਇਸ ਜੇਲ੍ਹਖਾਨੇ ਵਿਚ ?---ਇਸ ਦਾ ਕੀ ਮਤਲਬ ? ਪਾਲ ਕੁਝ ਕਹਿ ਨਹੀਂ ਰਿਹਾ ਸੀ। ਪਰ ਰੰਗ-ਢੰਗ ਤੋਂ ਸਾਫ ਪਤਾ ਲੱਗਦਾ ਸੀ, ਜਿਵੇਂ ਕਹਿ ਰਿਹਾ ਹੋਵੇ, ਇਸ ਘਰ ਵਿਚ ਆਉਣ ਦਾ ਕੀ ਫਾਇਦਾ, ਜਿੱਥੇ ਕੋਈ ਚੀਜ਼ ਆਪਣੀ ਨਾ ਰਹਿ ਸਕੇ---ਬੂਟ, ਨਾ ਜਾਕੇਟ, ਨਾ ਸਿਗਰੇਟ। ਫੇਰ ਪਾਲ ਛੇਤੀ ਛੇਤੀ ਨਹਾਇਆ ਤੇ ਕਪੜੇ ਪਾ ਕੇ ਪਿਓ ਕੋਲੋਂ ਕਾਹਲ ਨਾਲ ਲੰਘ ਗਿਆ। ਸੰਤ ਰਾਮ ਨੇ ਉਸਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਅਣਗੌਲਿਆ ਕਰ ਛੱਡਿਆ। ਅਖ਼ਬਾਰ ਵੀ ਚੁੱਕ ਕੇ ਨਹੀਂ ਸੀ ਦੇਖਿਆ ਉਸਨੇ...ਤੇ ਸਟੇਟ ਐਕਸਪ੍ਰੈਸ ਦਾ ਪੈਕੇਟ ਬੜੀ ਨਫ਼ਰਤ ਨਾਲ ਖਿੜਕੀ ਵਿਚੋਂ ਬਾਹਰ ਸੁੱਟਦਾ ਹੋਇਆ ਬਾਹਰ ਨਿਕਲ ਗਿਆ ਸੀ। ਧੋਬਨ ਤਾਂ ਉਸ ਉੱਤੇ ਸੜੀ-ਬਲੀ ਬੈਠੀ ਸੀ, ਇਸ ਲਈ ਉਸਨੇ ਪੁੱਤਰ ਨੂੰ ਨਾਸ਼ਤੇ ਲਈ ਵੀ ਨਹੀਂ ਸੀ ਪੁੱਛਿਆ। ਸੰਤ ਰਾਮ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ, ''ਬੇਟਾ ਨਾਸ਼ਤਾ ਤਾਂ ਕਰ ਲੈ !''
''ਨਹੀਂ !'' ਪਾਲ ਨੇ ਕੋਰਾ ਜਵਾਬ ਦਿੱਤਾ ਤੇ ਬਾਹਲ ਨਿਕਲ ਗਿਆ। ਜਿਸ ਢੰਗ ਨਾਲ ਉਸਨੇ ਦਰਵਾਜ਼ ਬੰਦ ਕੀਤਾ ਸੀ, ਉਸ ਨਾਲ ਰੂਹ ਤਕ ਕੰਬ ਗਈ ਸੀ।
ਪਾਲ ਦੇ ਜਾਂਦਿਆਂ ਹੀ ਧੋਬਨ ਤੇ ਸੰਤ ਰਾਮ ਵਿਚ ਠਣ ਗਈ। ਉਹ ਤਾਂ ਸਿਰਫ ਉਸਨੂੰ ਅੱਜ ਵਾਲੀ ਘਟਨਾ ਲਈ ਹੀ ਲਾਹਣਤ ਪਾਉਣ ਲੱਗਾ ਸੀ, ਪਰ ਧੋਬਨ ਇਕ ਪਾਸੇ ਰੋ ਰਹੀ ਸੀ ਤੇ ਦੂਜੇ ਪਾਸੇ ਸਿਲਵਤਾਂ ਸੁਣਾ ਰਹੀ ਸੀ। ਇਸ ਸਿਲਸਿਲੇ ਵਿਚ ਉਹ ਨਵੇਂ-ਪੁਰਾਣੇ ਸਾਰੇ ਦਫ਼ਤਰ ਖੋਲ੍ਹੀ ਬੈਠੀ ਸੀ। ਉਸਦੀਆਂ ਗੱਲਾਂ ਤੋਂ ਤਾਂ ਇੰਜ ਹੀ ਲੱਗਦਾ ਸੀ ਕਿ ਇਸ ਘਰ ਵਿਚ ਆ ਕੇ ਉਸਨੇ ਕਦੀ ਕੋਈ ਸੁਖ ਨਹੀਂ ਸੀ ਦੇਖਿਆ। ਉਹ ਬੜੀ ਫੁੱਟੀ-ਕਿਸਮਤ ਵਾਲੀ ਸੀ, ਹਾਲਾਂਕਿ ਸੰਤ ਰਾਮ ਸਮਝਦਾ ਸੀ ਕਿ ਇਸ ਦੁਨੀਆਂ ਦਾ ਕੋਈ ਅਜਿਹਾ ਸੁਖ ਨਹੀਂ, ਜਿਹੜਾ ਉਸਨੇ ਪਤਨੀ ਨੂੰ ਨਾ ਦਿੱਤਾ ਹੋਵੇ। ਤੇ ਜੇ ਦੁਖ ਹੀ ਦੇਖਿਆ ਹੈ, ਤਾਂ ਨਾਲ ਉਸਨੇ ਵੀ ਤਾਂ ਦੇਖਿਆ ਹੈ। ਪਰ ਪਤਨੀ ਨਾ ਸਿਰਫ ਆਪਣੀ, ਬਲਿਕੇ ਔਲਾਦ ਦੀ ਵੀ, ਪੂਰੀ ਤਬਾਹੀ ਤੇ ਬਰਬਾਦੀ ਦਾ ਜ਼ਿਮੇਂਵਾਰ ਸੰਤ ਰਾਮ ਨੂੰ ਹੀ ਦੱਸ ਰਹੀ ਸੀ। ਉਹ ਕਹਿ ਰਹੀ ਸੀ---''ਪਹਿਲਾਂ ਯਤੀਮ ਭਰਾ ਭੈਣਾ ਦੇ ਕਾਰਨ ਮੈਨੂੰ ਡਾਂਟਦੇ ਰਹੇ, ਲੜਦੇ-ਝਗਦੇ ਰਹੇ ਮੇਰੇ ਨਾਲ, ਫੇਰ ਦੋਸਤ ਮੇਰੇ 'ਤੇ ਲੱਦ ਦਿੱਤੇ ! ਇਕ ਹੱਥ ਨਾਲ ਬੱਚਾ ਖਿਡਾਅ ਰਹੀ ਹਾਂ ਤੇ ਦੂਜੇ ਨਾਲ ਰੋਟੀਆਂ ਪਕਾ ਰਹੀ ਹਾਂ ਇਹਨਾਂ ਲਗਾੜਿਆਂ ਲਈ ! ਹੁਣ ਕਸਾਈ ਔਲਾਦ ਦੇ ਹਵਾਲੇ ਕਰ ਦਿਤੈ ! ਏਨੀ ਖੁੱਲ੍ਹ ਦੇ ਦਿੱਤੀ, ਪੈਸੇ ਕਪੜੇ ਦੀ, ਕਿ ਸਾਰੇ ਸਾਰੇ ਨਾਲਾਇਕ ਨਿਕਲ ਆਏ, ਤੇ ਹੁਣ ਪੁੱਤ ਦੀ ਇਹ ਹਿੰਮਤ ਕਿ ਤੁਹਾਡੇ ਹੁੰਦਿਆਂ ਹੋਇਆਂ ਮੈਨੂੰ ਅੱਖਾਂ ਵਿਖਾਏ ?''
ਸੰਤ ਰਾਮ ਹਮਲੇ ਦੀ ਬਜਾਏ ਬਚਾਅ ਉੱਤੇ ਉਤਰ ਆਇਆ। ਵਾਕਈ ਇਹ ਕੀ ਸੀ, ਜਿਹੜਾ ਪਤਨੀ ਨੂੰ ਬੱਚਿਆਂ ਤੋਂ ਨਹੀਂ ਬਚਾਅ ਸਕਦਾ ਸੀ ਤੇ ਬੱਚਿਆਂ ਨੂੰ ਪਤਨੀ ਤੋਂ ? ਤਦ ਤਕ ਲਾਡੋ ਵੀ ਜਾਗ ਪਈ ਤੇ ਅੱਖਾਂ ਮਲਦੀ ਹੋਈ ਇਸ ਘੁਟਨ ਭਰੇ ਦ੍ਰਿਸ਼ ਨੂੰ ਦੇਖਣ ਲੱਗੀ। ਕਾਸ਼ ਉਹ ਥੋੜ੍ਹੀ ਦੇਰ ਪਹਿਲਾਂ ਉੱਠ ਪਈ ਹੁੰਦੀ ਤਾਂ ਆਪਣੇ ਭਰਾ ਨੂੰ ਤਾਂ ਜਾਣ ਤੋਂ ਰੋਕ ਲੈਂਦੀ। ਉਹ ਮੇਰਾ ਪੁੱਤਰ ਹੈ, ਤਾਂ ਉਸਦਾ ਵੀ ਤੇ ਭਰਾ ਹੈ। ਪਰ ਮਾਂ ਨੂੰ ਰੋਂਦਿਆਂ ਦੇਖ ਕੇ ਉਹ ਉਸ ਵੱਲ ਹੋ ਗਈ। ਵਿਖਾਵੇ ਲਈ ਉਸਨੇ ਮਾਂ ਨੂੰ ਹੀ ਚੁੱਪ ਕਰਨ ਲਈ ਕਿਹਾ ਸੀ ਤੇ ਸੰਤ ਰਾਮ ਵੱਲ ਤਾਂ ਸਿਰਫ ਦੇਖਿਆ ਸੀ। ਪਰ ਉਸਦੇ ਦੇਖਣ ਨੇ ਹੀ ਉਹ ਕੁਝ ਕਹਿ ਦਿੱਤਾ ਸੀ, ਜਿਸ ਨਾਲ ਸੰਤ ਰਾਮ ਥਾਵੇਂ ਗੱਡਿਆ ਗਿਆ ਸੀ। ਤੇ ਉਸ ਪਿੱਛੋਂ ਉਹ ਬੱਚੇ ਨੂੰ ਸੰਭਾਲਣ ਤੇ ਘਰੇ ਆਪਣੇ ਮੀਆਂ ਨੂੰ ਟੈਲੀਫ਼ੋਨ ਕਰਨ ਲੱਗ ਪਈ ਸੀ ਤਾਂਕਿ ਉਹ ਆ ਕੇ ਉਸਨੂੰ ਲੈ ਜਾਵੇ। ਇਸ ਪਿੱਛੋਂ ਇਕ ਚੁੱਪ ਵਾਪਰ ਗਈ ਸੀ, ਜਿਸ ਵਿਚ ਧੋਬਨ ਦੇ ਸਿਸਕਨ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਇਹ ਚੁੱਪ...ਲਾਡੋ ਤੇ ਉਸਦਾ ਬੱਚਾ ਵੀ ਸਮਝ ਚੁੱਕੇ ਸਨ ਕਿ ਰੋਜ਼ ਦਾ ਮਾਮਲਾ ਹੈ, ਕਿਹੜਾ ਇਸ ਪਿੱਛੇ ਸਿਰ ਖਪਾਏ ? ਕੀ ਇਹ ਸਿਰਫ ਮੇਰਾ ਹੀ ਮਾਮਲਾ ਸੀ ? ਸੰਤ ਰਾਮ ਨੇ ਸੋਚਿਆ---ਘਰ ਤੇ ਕਿਸੇ ਹੋਰ ਮੈਂਬਰ ਦਾ ਨਹੀਂ ? ਪਾਲ ਤਾਂ ਪਹਿਲਾਂ ਹੀ ਭਰਿਆ-ਪੀਤਾ ਬੈਠਾ ਸੀ---ਮਾਂ ਨਾਲ ਗੱਲ ਕਰਨ ਤੋਂ ਪਹਿਲਾਂ ਹੀ। ਧੋਬਨ ਦੀ ਗੱਲ ਤਾਂ ਸਿਰਫ ਇਕ ਬਹਾਨਾ ਬਣ ਗਈ ਸੀ। ਉਹ ਨਹੀਂ ਸੀ ਚਾਹੁੰਦਾ ਕਿ ਪਾਲ ਨੂੰ ਕੋਈ ਬਹਾਨਾ ਦੇਵੇ, ਉਹਨੇ ਨਹੀਂ ਤਾਂ ਉਸਦੀ ਮਾਂ ਨੇ ਦਿੱਤਾ, ਪਰ ਉਸਨੂੰ ਕੀ ਪਤਾ ਸੀ ਕਿ ਉਹ ਪਹਿਲਾਂ ਹੀ ਸੜਿਆ-ਕੁੜ੍ਹਿਆ ਹੋਇਆ ਹੈ, ਪੈਕੇਟ ਵਿਚ ਸਿਰਫ ਇਕ ਸਿਗਰੇਟ ਦੇਖ ਕੇ।
--- --- ---
ਸੰਤ ਰਾਮ ਦਫ਼ਤਰ ਗਿਆ ਤਾਂ ਉਸਨੇ ਕਿਸੇ ਦੀ ਦੁਆ ਸਲਾਮ ਦਾ ਜੁਆਬ ਨਾ ਦਿੱਤਾ। ਪਰ ਉਹਨਾਂ ਲੋਕਾਂ ਨੂੰ ਕੀ ਪ੍ਰਵਾਹ ਸੀ ! ''ਅੱਜ ਸਾਹਬ ਦਾ ਮੂਡ ਠੀਕ ਨਹੀਂ !'' ਕਿਸੇ ਨੇ ਕਿਹਾ।
ਫੇਰ ਦੂਜੇ ਪਾਸਿਓਂ ਆਵਾਜ਼ ਆਈ---''ਠੀਕ ਕਿੱਦੇਂ ਹੁੰਦੈ ?''
ਕੈਬਿਨ ਵਿਚ ਵੜਦਿਆਂ ਹੀ ਚਪੜਾਸੀ ਚੰਦੂ ਤੋਂ ਸੰਤ ਰਾਮ ਨੇ ਸਿਗਰੇਟਾਂ ਦਾ ਪੈਕੇਟ ਮੰਗਵਾਇਆ। ਚੰਦੂ ਹਮੇਸ਼ਾ ਪਹਿਲਾਂ ਹੀ ਸਿਗਰੇਟਾਂ ਖਰੀਦ ਕੇ ਰੱਖਦਾ ਸੀ। ਉਹ ਆਪਣੇ ਕੋਲੋਂ ਪੈਸੇ ਲਾ ਆਉਂਦਾ ਸੀ ਤੇ ਜਦੋਂ ਮਾਲਿਕ ਤੋਂ ਮਿਲ ਜਾਂਦੇ ਸਨ ਜੇਬ ਵਿਚ ਪਾ ਲੈਂਦਾ ਸੀ। ਸੰਤ ਰਾਮ ਨੇ ਆਪਣਾ ਕੋਟ ਟੰਗਿਆ। ਪੈਕੇਟ ਉਤਲਾ ਕਾਗਜ਼ ਫਾੜਿਆ, ਸਿਗਰੇਟ ਕੱਢਿਆ, ਸੁਲਗਾਇਆ ਤੇ ਕੰਮ ਕਰਨ ਬੈਠ ਗਿਆ। ਪਰ ਅੱਜ ਸੰਤ ਰਾਮ ਦਾ ਮਨ ਕੰਮ ਵਿਚ ਨਹੀਂ ਸੀ ਲੱਗ ਰਿਹਾ। ਇਕ ਵੱਡੇ ਡਰ ਨੇ ਉਸਦੇ ਤਨ ਮਨ ਨੂੰ ਨਿੱਸਲ ਕੀਤਾ ਹੋਇਆ ਸੀ। ਉਸਨੇ ਘੁੰਮਣ ਵਾਲੀ ਕੁਰਸੀ ਉੱਤੇ ਪਿੱਛੇ ਹਟ ਕੇ ਆਪਣੀਆਂ ਲੱਤਾਂ ਮੇਜ਼ ਉੱਤੇ ਰੱਖ ਲਈਆਂ ਤੇ ਸਿਗਰੇਟ ਦੇ ਦੋ ਚਾਰ ਲੰਮੇਂ ਸੂਟੇ ਲਾਉਂਦਿਆਂ ਸੋਚਣ ਲੱਗਿਆ : ਮੈਂ ਕਿਵੇਂ ਤਬਾਹ ਕਰ ਦਿੱਤਾ ਹੈ ਘਰ ਦੇ ਲੋਕਾਂ ਨੂੰ ? ਪਤਨੀ ਤੇ ਬੱਚਿਆਂ ਨੂੰ ? ਮੈਂ ਉਮਰ ਦੇ ਨਾਲ-ਨਾਲ ਪੜ੍ਹਦੇ ਰਹਿਣ ਕਾਰਣ ਅੱਜ-ਕੱਲ੍ਹ ਦੇ ਜ਼ਮਾਨੇ ਦਾ ਹਾਂ। ਮੈਂ ਪਤੀ ਤੇ ਪਿਤਾ ਬਣਨ ਦੇ ਬਜਾਏ ਉਹਨਾਂ ਦਾ ਦੋਸਤ ਬਣਨ ਦੀ ਕੋਸ਼ਿਸ਼ ਕੀਤੀ। ਸ਼ਾਇਦ ਇਹੋ ਕਸੂਰ ਤਾਂ ਨਹੀਂ ਸੀ ਮੇਰਾ ? ਮੈਂ ਧੀ ਨਾਲ ਅਜਿਹੀਆਂ ਗੱਲਾਂ ਕੀਤੀਆਂ, ਜਿਹੜੀਆਂ ਪੁਰਾਣੇ ਖ਼ਿਆਲਾਂ ਦੇ ਪਿਓ ਨਹੀਂ ਕਰ ਸਕਦੇ। ਜਦ ਉਹ ਕਾਲੇਜ ਜਾ ਰਹੀ ਸੀ, ਤਾਂ ਮੈਂ ਕਿਹਾ---''ਉੱਥੇ ਸਾਂਝੀ ਸਿਖਿਆ ਹੈ। ਲਾਡ, ਉੱਥੇ ਕੁੜੀਆਂ ਹੋਣਗੀਆਂ ਤੇ ਮੁੰਡੇ ਵੀ, ਤੇ ਮੁੰਡੇ ਨੇੜੇ ਹੋਣ ਦੀ ਕੋਸ਼ਿਸ਼ ਕਰਣਗੇ। ਅੱਜ ਕੱਲ੍ਹ ਸਾਡੇ ਸਮਾਜ ਵਿਚ ਇਕ ਨਵੀਂ ਚੀਜ਼ ਆ ਗਈ ਹੈ, ਜਿਸਨੂੰ ਗੁੱਡ ਟਾਈਮ ਕਹਿੰਦੇ ਨੇ। ਠੀਕ ਹੈ, ਗੁੱਡ ਟਾਈਮ ਹੈ...ਪਰ ਮਰਦ ਤੇ ਔਰਤ ਵਿਚ ਜਿਹੜਾ ਬੁਨਿਆਦੀ ਫਰਕ ਹੈ, ਉਸਨੂੰ ਤੂੰ ਨਾ ਭੁੱਲੀਂ। ਮਰਦ ਉੱਤੇ ਕੋਈ ਜ਼ਿਮੇਂਵਾਰੀ ਨਹੀਂ, ਸ਼ਰਤ ਇਹ ਕਿ ਉਹ ਆਪਣੀ ਨੈਤਿਕਤਾ, ਆਪਣੀ ਸਭਿਅਤਾ ਨਾਲ ਉਸਨੂੰ ਸਵਿਕਾਰ ਨਾ ਕਰੇ, ਪਰ ਔਰਤ ਉੱਤੇ ਬੜੀ ਵੱਡੀ ਜ਼ਿੰਮੇਂਵਾਰੀ ਹੈ, ਕਿਉਂਕਿ ਬੱਚਾ ਉਸਨੂੰ ਪਾਲਣਾ-ਸੰਭਾਲਣਾ ਪੈਂਦਾ ਹੈ। ਇਸ ਲਈ ਦੁਨੀਆਂ ਭਰ ਦੀਆਂ ਔਰਤਾਂ ਨਾ ਸਿਰਫ ਪੁਰਾਤਨ-ਪੰਥੀ ਨੇ, ਬਲਿਕੇ ਉਹਨਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਪੁਰਾਤਨ-ਪੰਥੀ ਹੀ ਰਹਿਣ। ਤੇ ਇਹ ਠੀਕ ਵੀ ਹੈ, ਉਸ ਨੂੰ ਕਦੀ ਆਪਣੇ ਆਪ ਨੂੰ ਕਿਸੇ ਅਜਿਹੇ ਮਰਦ ਦੇ ਹਵਾਲੇ ਨਹੀਂ ਕਰਨਾ ਚਾਹੀਦਾ, ਜਿਹੜਾ ਉਸ ਦੀ ਤੇ ਬੱਚੇ ਦੀ ਜ਼ਿਮੇਂਦਾਰੀ ਨੂੰ ਕਬੂਲ ਨਾ ਕਰੇ...।''
ਧੂੰਏਂ ਦੀਆਂ ਬਦਲੀਆਂ ਵਿਚ ਸੰਤ ਰਾਮ ਨੂੰ ਉਸ ਸਮੇਂ ਦਾ ਧੀ ਦਾ ਚਿਹਰਾ ਯਾਦ ਆਇਆ। ਉਹ ਬਿਟਰ-ਬਿਟਰ ਪਿਓ ਵੱਲ ਤੱਕਦੀ ਰਹੀ ਸੀ। ਕੁਝ ਸਮਝ ਰਹੀ ਸੀ ਤੇ ਕੁਝ ਨਹੀਂ ਵੀ। ਸ਼ਾਇਦ ਉਹ ਸੋਚ ਰਹੀ ਸੀ---ਪਾਪਾ ਇਹ ਅੱਜ ਕੀ ਲੈ ਬੈਠੇ ਨੇ ? ਇਸ ਗੱਲ ਨੂੰ ਤਾਂ ਅੱਜ ਦੇ ਜ਼ਮਾਨੇ ਦੀ ਹਰ ਔਰਤ, ਹਰ ਕੁੜੀ ਸਮਝਦੀ ਹੈ। ਪਾਪਾ ਕਿੰਨੇ ਪੁਰਾਣੇ ਵਿਚਾਰਾਂ ਦੇ ਨੇ ! ਜੇ ਮੈਂ ਪੁਰਾਣੇ ਵਿਚਾਰਾਂ ਦਾ ਸਾਂ ਤਾਂ ਰੋਜ਼ ਇਹ ਕਿੱਸੇ ਕਿਉਂ ਸੁਣਦਾ ਹਾਂ ? ਇਹ ਤਾਂ ਇਕ ਅਜਿਹੀ ਗੱਲ ਹੈ ਜਿਹੜੀ ਬੁੱਧ ਦੇ ਜ਼ਮਾਨੇ ਵਿਚ ਵੀ ਕਹੀ ਜਾਂਦੀ ਸੀ ਤੇ ਅੱਜ ਵੀ। ਕੀ ਇਨਸਾਨ ਅਭਿਆਸ ਤੇ ਗਲਤੀ ਤੋਂ ਹੀ ਸਿਖਦਾ ਹੈ ? ਪਰ ਇਸ ਦਾ ਨਤੀਜਾ ਚੰਗਾ ਹੀ ਨਿਕਲਿਆ। ਜਿੱਥੇ ਇਸ ਮੁਹੱਲੇ ਦੇ ਹੋਰ ਬੱਚਿਆਂ ਨੇ ਮਾੜੀਆਂ ਵਹਿਵਤਾਂ ਕੀਤੀਆਂ, ਉੱਥੇ ਮੇਰੇ ਬੱਚਿਆਂ ਨੇ ਨਹੀਂ, ਘੱਟੋਘੱਟ ਕੁੜੀਆਂ ਨੇ ਨਹੀਂ...ਇਹ ਉਸੇ ਤਾਲੀਮ ਦਾ ਨਤੀਜਾ ਸੀ, ਜਿਹੜੀ ਮੈਂ ਉਹਨਾਂ ਨੂੰ ਦਿੱਤੀ ਸੀ। ਤਾਂ ਫੇਰ ਇਹ ਤਬਾਹੀ ਕਿਉਂ ? ਪਾਲ ਪੱਚੀ ਸਾਲ ਦਾ ਹੋ ਗਿਆ ਸੀ, ਜਦ ਮੈਂ ਸਿੱਧਾ ਉਸਨੂੰ ਪੁੱਛਿਆ ਕਿ ਉਸਨੂੰ ਜ਼ਨਾਨੀ ਦੇ ਸਿਲਸਿਲੇ ਵਿਚ ਕੋਈ ਤਜ਼ਰਬਾ ਹੋਇਆ...?...ਕਿਉਂਕਿ ਪੁੱਤਰ ਹੋਣ ਦੇ ਨਾਲ ਮੇਰਾ ਦੋਸਤ ਵੀ ਸੀ ਉਹ। ਉਸਨੇ ਸਭ ਕੁਝ ਦੱਸ ਦਿੱਤਾ। ਹੁਣ ਮੈਨੂੰ ਇਸ ਗੱਲ ਦੀ ਫਿਕਰ ਪੈ ਗਈ ਕਿ ਇਹ ਤਜ਼ੁਰਬਾ ਕਾਮਯਾਬ ਹੋਇਆ ਕਿ ਨਹੀਂ, ਕਿਉਂਕਿ ਸਰੀਰਕ ਸੰਭੋਗ ਇਕ ਬੜੀ ਵਡੀ ਜ਼ਿਮੇਂਵਾਰੀ ਦੀ ਚੀਜ਼ ਹੈ। ਇਸ ਵਿਚ ਹੋਈ ਕੋਈ ਵੀ ਗਲਤੀ ਪੂਰੀ ਜ਼ਿੰਦਗੀ ਉੱਤੇ ਛਾ ਸਕਦੀ ਹੈ। ਇਸੇ ਲਈ ਤਾਂ ਮਰਦ ਔਰਤ ਦੇ ਵਿਚਕਾਰ ਮੁਹੱਬਤ ਤੇ ਸ਼ਾਦੀ ਰੂਪੀ ਚਾਰਦੀਵਾਰੀ ਦੀ ਸੁਰੱਖਿਆ ਲਾਜ਼ਮੀ ਹੈ। ਪਰ ਪਾਲ ਵੀ ਮੇਰੇ ਵੱਲ ਬਿਟਰ-ਬਿਟਰ ਤੱਕਦਾ ਰਿਹਾ ਸੀ ਤੇ ਸ਼ਾਇਦ ਮਨ ਹੀ ਮਨ ਵਿਚ ਹੱਸ ਵੀ ਰਿਹਾ ਸੀ ਤੇ ਸੋਚ ਰਿਹਾ ਸੀ---ਊਂਹ ! ਜ਼ਿਮੇਂਵਾਰੀ...! ਪਾਪਾ ਉੱਨੀਵੀਂ ਸਦੀ ਵਿਚ ਸਾਹ ਲੈ ਰਹੇ ਨੇ ! ਪਰ ਇਹ ਸਪਸ਼ਟ ਸੀ ਕਿ ਬਹੁਤ ਸਾਰੀਆਂ ਗੱਲਾਂ ਉਹ ਨਹੀਂ ਸੀ ਜਾਣਦਾ ਤੇ ਮੈਂ ਉਸਦੇ ਦਿਮਾਗੀ ਜਾਲੇ ਤੇ ਉੱਲੀ ਨੂੰ ਲਾਹ ਕੇ ਉਸਨੂੰ ਇਸ ਕਾਬਿਲ ਬਣਾਇਆ ਸੀ ਕਿ ਉਹ ਇਸ ਦੁਨੀਆਂ ਤੇ ਉਸਦੇ ਹਾਲਾਤ ਦਾ ਮੁਕਾਬਲਾ ਕਰ ਸਕੇ। ਤੇ ਅੱਜ ਉਸੇ ਪੁੱਤਰ ਨੇ ਉਸਦਾ ਇਕ ਸਿਗਰੇਟ ਪੀ ਲੈਣ 'ਤੇ ਮੂੰਹ ਮੋੜ ਲਿਆ ਹੈ ਮੈਥੋਂ !
ਨਹੀਂ, ਹੋ ਸਕਦਾ ਹੈ, ਹਮੇਸ਼ਾ ਵਾਂਗ ਉਹ ਆਪਣੀ ਹੀ ਕਿਸੇ ਧੁਨ ਵਿਚ ਹੋਵੇ ਤੇ ਜਲਦੀ ਘਰੋਂ ਨਿਕਲ ਗਿਆ ਹੋਵੇ। ਫ਼ਰਕ ਇਹੀ ਹੈ ਨਾ ਕਿ ਪਹਿਲਾਂ ਉਹ ਦਸ ਦੇ ਆਸਪਾਸ ਜਾਂਦਾ ਸੀ ਅੱਜ ਸਾਢੇ ਨੌ ਵਜੇ ਨਿਕਲ ਗਿਆ ਸੀ...। ਕੱਲ੍ਹ ਮੇਰੀ ਇਕ ਫਰਮ ਨਾਲ ਲੱਖ ਰੁਪਏ ਦੀ ਡੀਲ ਹੋਣੀ ਹੈ, ਸਭ ਠੀਕ-ਠਾਕ ਹੋ ਜਾਵੇਗਾ। ਜੇ ਪਾਲ ਨਾਰਾਜ਼ ਹੋ ਗਿਆ ਹੈ ਤਾਂ ਮੰਨ ਵੀ ਜਾਵੇਗਾ। ਫੇਰ ਸਾਰੇ ਰਲ ਕੇ ਕੁੱਲੂ ਦੇ ਪਹਾੜ 'ਤੇ ਜਾਣ ਦਾ ਪ੍ਰੋਗ੍ਰਾਮ ਬਣਾਵਾਂਗੇ।
ਪਰ ਇਕ ਸਿਗਰੇਟ...ਸਿਰਫ ਇਕ ਸਿਗਰੇਟ !
ਸੰਤ ਰਾਮ ਦਾ ਖ਼ੂਨ ਵਾਰੀ-ਵਾਰੀ ਉਬਾਲੇ ਖਾਣ ਲੱਗਦਾ ਜਿਵੇਂ ਉਸਨੇ ਪੁੱਤਰ ਨੂੰ ਮੁਆਫ਼ ਨਾ ਕੀਤਾ ਹੋਵੇ। ਪਰ ਜੇ ਪਿਓ, ਪੁੱਤਰ ਨਾਲ ਨਫ਼ਰਤ ਕਰਦਾ ਹੈ ਤਾਂ ਆਪਣੇ ਆਪ ਨਾਲ ਵੀ ਤਾਂ ਨਫ਼ਰਤ ਕਰਦਾ ਹੈ...ਤੇ ਇਸ ਦਾ ਉਲਟ ਇਹ ਵੀ ਤਾਂ ਹੈ ਕਿ ਜੇ ਪੁੱਤਰ, ਪਿਓ ਨੂੰ ਨਫ਼ਰਤ ਕਰਦਾ ਹੈ ਤਾਂ ਉਹ ਵੀ ਆਪਣੇ ਆਪ ਨਾਲ ਨਫ਼ਰਤ ਕਰਦਾ ਹੈ। ਪਾਲ ਦਰਅਸਲ ਪਿਓ ਨਾਲ ਨਫ਼ਰਤ ਸੀ ਨਹੀਂ ਕਰਦਾ, ਖ਼ੁਦ ਆਪਣੇ ਆਪ ਨਾਲ ਕਰਦਾ ਸੀ, ਕਿਉਂਕਿ ਮੁਕਾਬਲੇ ਦੇ ਇਸ ਜ਼ਮਾਨੇ ਵਿਚ ਜਦ ਤਕ ਉਹ ਪਿਓ ਤੋਂ ਅੱਗੇ ਨਹੀਂ ਨਿਕਲ ਜਾਂਦਾ, ਆਪਣੇ ਆਪ ਨੂੰ ਮੁਆਫ਼ ਨਹੀਂ ਕਰ ਸਕਦਾ। ਉਹ ਪਿਓ ਨਾਲ ਮੁਹੱਬਤ ਉਸ ਸਮੇਂ ਕਰ ਸਕੇਗਾ, ਜਦ ਉਸਨੂੰ ਨਾਲਾਇਕ ਤੇ ਬੇਵਕੂਫ਼ ਸਿੱਧ ਕਰ ਦਵੇਗਾ...।
ਸੰਤ ਰਾਮ ਨੇ ਘੰਟੀ ਉੱਤੇ ਹੱਥ ਮਾਰਿਆ ਤੇ ਚੰਦੂ ਨੂੰ ਕਿਹਾ---''ਮਿਸ ਡਾਲੀ ਨੂੰ ਬੁਲਾਓ।''
ਡਾਲੀ ਅੰਦਰ ਆਈ। ਅੱਜ ਉਸਨੇ ਵਾਲਾਂ ਦੇ ਪਫ਼ ਬਣਵਾਏ ਹੋਏ ਸਨ ਤੇ ਤੰਗ ਬਲਾਊਜ਼ ਦੇ ਨਾਲ ਸਫ਼ੈਦ ਰੰਗ ਦੀ ਸਾੜ੍ਹੀ ਬੰਨ੍ਹੀ ਹੋਈ ਸੀ, ਕਿਉਂਕਿ ਸੰਤ ਰਾਮ ਨੂੰ ਸਫ਼ੈਦ ਰੰਗ ਬੜਾ ਪਸੰਦ ਸੀ। ਪਰ ਸੰਤ ਰਾਮ ਨੇ ਢੰਗ ਨਾਲ ਉਸ ਵੱਲ ਨਹੀਂ ਦੇਖਿਆ। ਡਾਲੀ ਜਾਣਦੀ ਸੀ, ਅੱਜ ਕੱਲ੍ਹ ਬਾਸ ਵੱਟੇ-ਵੱਟੇ ਜਿਹੇ ਰਹਿੰਦੇ ਨੇ। ਉਸਨੇ ਵੀ ਕੰਮ ਨਾਲ ਕੰਮ ਰੱਖਣਾ ਸੁਰੂ ਕਰ ਦਿੱਤਾ ਸੀ। ਇਹ ਤਾਂ ਉਸਦੀ ਕ੍ਰਿਪਾ ਸੀ ਕਿ ਇਕ ਬੁੱਢੇ ਆਦਮੀ ਨਾਲ ਗੱਲਾਂ ਕਰ ਲੈਂਦੀ ਸੀ। ਉਹ ਕੰਮ ਕਰਦੀ ਸੀ ਤਾਂ ਤਨਖ਼ਾਹ ਲੈਂਦੀ ਸੀ, ਫਾਲਤੂ ਦਾ ਗੱਪਸ਼ੱਪ ਕੇਹਾ !
ਅੰਦਰ ਆਉਣ ਪਿੱਛੋਂ ਜਦੋਂ ਡਾਲੀ ਨੇ 'ਯਸ ਸਰ' ਕਿਹਾ ਤਾਂ ਸੰਤ ਰਾਮ ਨੇ ਇਕ ਸਰਸਰੀ ਜਿਹੀ ਨਜ਼ਰੇ ਉਸ ਵੱਲ ਤੱਕਿਆ ਤੇ ਆਪਣੇ ਆਪ ਨੂੰ ਇਹ ਕਹਿਣ ਤੋਂ ਰੋਕ ਲਿਆ ਕਿ 'ਤੂੰ ਬੜੀ ਖੂਬਸੂਰਤ ਲੱਗ ਰਹੀ ਹੈਂ, ਡਾਲੀ !'
ਪਰ ਇਕ ਪਲ ਲਈ ਉਸਦਾ ਦਿਲ ਜਿਹੜਾ ਹਰੇਕ ਤੋਂ ਛੁਟਕਾਰਾ ਪਾਉਣ ਲਈ ਤੜਫ ਰਿਹਾ ਸੀ, ਡਾਲੀ ਦੇ ਖੂਬਸੂਰਤ ਵਾਲਾਂ ਵਿਚ ਅਟਕ ਗਿਆ। ਇਹ ਔਰਤਾਂ ਵੀ ਖੂਬ ਹੁੰਦੀਆਂ ਹਨ। ਜੇ ਮਰਦ ਦਾ ਦਿਲ ਸਿੱਧੇ ਵਹਿਣ ਵਿਚ ਨਾ ਵਹੇ ਤਾਂ ਉਸਨੂੰ ਲਹਿਰਾਂ ਤੇ ਹਿਚਕੋਲਿਆਂ ਵਿਚ ਡੋਬ ਦਿਓ। ਪਰ ਸੰਤ ਰਾਮ ਨੇ ਛੇਤੀ ਦੇਣੇ ਆਪਣੀਆਂ ਅੱਖਾਂ ਉਹ ਤੂਫ਼ਾਨੀ ਵਹਾਅ ਤੇ ਉਸ ਦੇ ਪਿੱਛੇ ਬਣਦੇ ਭੰਵਰ ਤੋਂ ਹਟਾਅ ਲਈਆਂ ਤੇ ਸੱਜੇ ਪਾਸੇ ਲੱਗੇ ਦਰਾਕਸ਼ਾਸਵ ਦੇ ਕਲੰਡਰ ਨੂੰ ਦੇਖਣ ਲੱਗਾ, ਜਿਵੇਂ ਉਸਨੇ ਕੋਈ ਤਾਰੀਖ਼ ਦੇਖਣੀ ਹੋਵੇ। ਅਜਿਹੀਆਂ ਹਰਕਤਾਂ ਨੂੰ ਔਰਤਾਂ ਖੂਬ ਸਮਝਦੀਆਂ ਹਨ ਤੇ ਆਪਣੀਆਂ ਨਜ਼ਰਾਂ ਆਪਣੇ ਸ਼ਿਕਾਰ ਉੱਤੇ ਗੱਡੀ ਰੱਖਦੀਆਂ ਹਨ। ਮਰਦ ਜਾਣਦਾ ਹੈ ਕਿ ਉਸਨੇ ਔਰਤ ਦੀਆਂ ਅੱਖਾਂ ਵਿਚ ਦੇਖਿਆ, ਤਾਂ ਗਿਆ, ਇਸ ਲਈ ਪਰੇ੍ਹ ਹੋਰ ਪਰੇ੍ਹ ਦੇਖਣ ਤੇ ਬਚਣ ਦੀ ਕੋਸ਼ਿਸ਼ ਕਰਦਾ ਹੈ। ਪਰ ਕਦੋਂ ਤਕ ? ਆਖ਼ਰ ਮਿੰਟ ਦੇ ਸੌਵੇਂ ਹਿੱਸੇ ਵਿਚ ਉਹ ਮਜ਼ਬੂਰੀ ਤੇ ਲਾਚਾਰੀ ਦੀ ਹਾਲਤ ਵਿਚ ਫੇਰ ਦੇਖ ਲੈਂਦਾ ਹੈ ਤੇ ਇਹ ਉਹ ਪਲ ਹੁੰਦਾ ਹੈ, ਜਿਸ ਵਿਚ ਉਸਦੀ ਆਖ਼ਰੀ ਫੜਫੜਾਹਟ ਠੰਡੀ ਹੋ ਜਾਂਦੀ ਹੈ।
ਸੰਤ ਰਾਮ ਨੇ ਡਾਲੀ ਨੂੰ ਪੁੱਛਿਆ---''ਪ੍ਰਕਿੰਜ਼ ਕਿੱਥੇ ਹੁੰਦਾ ਏ ਅੱਜਕੱਲ੍ਹ ?''
ਪ੍ਰਕਿੰਜ਼---ਡਾਲੀ ਦਾ ਭਰਾ, ਜਾਨ ਪ੍ਰਕਿੰਜ਼।
''ਇੱਥੇ ਹੀ,'' ਡਾਲੀ ਨੇ ਉਤਰ ਦਿੱਤਾ ਤੇ ਥੋੜ੍ਹਾ ਮੁਸਰਾਉਣ ਦੀ ਕੋਸ਼ਿਸ਼ ਕੀਤੀ। ਉਹ ਸੰਤ ਰਾਮ ਦੇ ਇਸ ਸਵਾਲ ਨੂੰ ਏਧਰ ਉਧਰ ਦੀਆਂ ਗੱਲਾਂ ਵਿਚੋਂ ਸਮਝਦੀ ਸੀ, ਜਿਹੜੀਆਂ ਮਤਲਬ ਉੱਤੇ ਆਉਣ ਤੋਂ ਪਹਿਲਾਂ ਮਰਦ ਹਮੇਸ਼ਾ ਕਰਦਾ ਹੈ। ਪਰ ਉਹ ਪੂਰੀ ਤਰ੍ਹਾਂ ਨਾਲ ਪ੍ਰੋਫੈਸ਼ਨਲਜ਼ ( ਕਰੋਬਾਰੀਆਂ ) ਵਾਲਾ ਵਤੀਰਾ ਧਾਰੀ ਰੱਖਣਾ ਚਾਹੁੰਦੀ ਸੀ। ਆਖ਼ਰ ਕੋਈ ਮਜ਼ਾਕ ਹੈ ?---ਜਦੋਂ ਚਾਹੋ ਬੁਲਾਅ ਲਓ, ਜਦੋਂ ਚਾਹੋ ਝਿੜਕ ਦਿਓ। ਏਨੇ ਦਿਨਾਂ ਤਾਈਂ ਗੱਲ ਹੀ ਨਹੀਂ ਕੀਤੀ। ਦੇਖਿਆ ਤਕ ਨਹੀਂ, ਮੂੰਹ ਭੁੰਆਂ ਕੇ ਲੰਘ ਗਏ ਤੇ ਅੱਜ ਅਚਾਨਕ ਪ੍ਰਕਿੰਜ਼ ਯਾਦ ਆ ਰਿਹਾ ਹੈ।
ਪਰ ਡਾਲੀ ਵੀ ਕਦੋਂ ਤਕ ਕਾਰੋਬਾਰੀ ਬਣੀ ਰਹਿ ਸਕਦੀ ਹੈ ?
ਸੰਤ ਰਾਮ ਨੇ ਡਾਲੀ ਨੂੰ ਭੋਲੇ ਭਾਅ ਹੀ ਸਿਗਰੇਟ ਪੇਸ਼ ਕਰ ਦਿੱਤਾ। ਇਕ ਲਹਿਰ ਜਿਹੀ ਡਾਲੀ ਦੇ ਸਾਰੇ ਸਰੀਰ ਵਿਚ ਦੌੜ ਗਈ, ਜਿਹੜੀ ਉਸਦੇ ਵਾਲਾਂ ਦੇ ਪਫ਼ਾਂ ਨਾਲੋਂ ਵਧੇਰੇ ਬੇਚੈਨ ਸੀ। ਉਸਨੇ ਆਪਣਾ ਵਧਦਾ ਹੋਇਆ ਹੱਥ ਰੋਕ ਦਿੱਤਾ ਤੇ ਬੋਲੀ, ''ਨੋ, ਥੈਂਕਸ !'' ਤੇ ਫੇਰ ਗੁੱਸੇ ਤੇ ਉਲਾਂਭੇ ਕਾਰਣ ਉਸਦੀਆਂ ਛਾਤੀਆਂ ਹੇਠ-ਉੱਤੇ ਹੋਣ ਲੱਗੀਆਂ। ਸੰਤ ਰਾਮ ਨੇ ਉਸਦੀਆਂ ਅੱਖਾਂ ਵਿਚ ਆਪਣੀਆਂ ਅੱਖਾਂ ਗੱਡਦਿਆਂ ਹੋਇਆਂ ਰੋਣ ਹਾਕੀ ਆਵਾਜ਼ ਵਿਚ ਕਿਹਾ, ''ਡਾਲੀ...!''
ਇੰਜ ਜਾਪਦਾ ਸੀ, ਜਿਵੇਂ ਸੰਤ ਰਾਮ ਕਹਿਣਾ ਚਾਹੁੰਦਾ ਹੋਵੇ---ਦੁਨੀਆਂ ਨੇ ਮੇਰੇ ਨਾਲ ਇਹ ਸਭ ਕੀਤਾ, ਘਰਦੇ ਲੋਕਾਂ ਨੇ ਵੀ ਕੀਤਾ। ਇਕ ਤੂੰ ਸੀ, ਜਿਹੜੀ ਮੈਨੂੰ ਇਕ ਮਾਮੂਲੀ ਜਿਹੇ ਰੋਜ਼ਗਾਰ ਖਾਤਰ ਇਕ ਹੁਸੀਨ ਧੋਖੇ ਵਿਚ ਰੱਖ ਸਕਦੀ ਸੈਂ ਤੇ ਤੂੰ ਉਸ ਧੋਖ ਨੂੰ ਜਾਰੀ ਰੱਖਿਆ...ਤੇ ਉਹ ਮੈਨੂੰ ਇਕ ਅਜਿਹੀ ਮੁਹੱਬਤ ਲੱਗੀ, ਜਿਹੜੀ ਸੱਚੀ ਮੁਹੱਬਤ ਤੋਂ ਕਿਤੇ ਉੱਚੀ ਹੁੰਦੀ ਹੈ। ਇਸ ਵਿਚ ਉਹੀ ਫਰਕ ਸੀ, ਜਿਹੜਾ ਅਸਲੀ ਬੋਸੇ ( ਪੱਪੀ ) ਤੇ ਚੋਰੀ-ਛਿਪੇ ਦੇ ਬੋਸੇ ਵਿਚ ਹੁੰਦਾ ਹੈ। ਜਿਸ ਵਿਚ ਪਿਛਲਾ ਲੱਖ ਰੁਪਏ ਦਾ ਘਾਟਾ ਤੇ ਹੋਣ ਵਾਲਾ ਦੋ ਲੱਖ ਰੁਪਏ ਨਫ਼ਾ ਬੜੀ ਖੂਬਸੂਰਤੀ ਨਾਲ ਰਲਗਡ ਹੋ ਜਾਂਦੇ ਨੇ...। ਡਾਲੀ ਨੇ ਸੰਤ ਰਾਮ ਵੱਲ ਦੇਖਿਆ, ਵਰਨਾ ਉਹ ਹੋਰ ਵੀ ਬੁੱਢਾ ਹੋ ਜਾਂਦਾ ਤੇ ਉਸਨੂੰ ਇਕੋ ਪਲ ਵਿਚ ਕਈ ਹੋਰ ਘਾਟੇ ਪੈ ਜਾਂਦੇ, ਜਿੰਨ੍ਹਾਂ ਕਾਰਣ ਉਹ ਖ਼ੁਦ ਵੀ ਬੇਰੁਜ਼ਗਾਰ ਹੋ ਜਾਂਦੀ। ਉਸਨੇ ਆਪਣੇ ਗਰਭਸਥਲ ਦੀਆਂ ਤੈਹਾਂ 'ਚੋਂ ਸੋਚਿਆ ਸੀ, ਜਿੱਥੇ ਉਸਦੀ ਮਾਂ ਦੀ ਮਮਤਾ ਵਾਲਾ ਖਾਨਾਂ ਸੀ ਤੇ ਸਾਰੀ ਦੁਨੀਆਂ ਦੇ ਮਰਦਾਂ ਦੀ ਮਾਂ ਦਾ ਰੂਪ-ਸਰੂਪ...ਚਾਹੇ ਉਹ ਜਵਾਨ ਹੋਣ, ਜਾਂ ਬੁੱਢੇ, ਫੇਰ ''ਆਲ ਰਾਈਟ'' ਕਹਿਕੇ ਆਪਣਾ ਹੱਥ ਸਿਗਰੇਟ ਵੱਲ ਵਧਾਅ ਦਿੱਤਾ। ਸੰਤ ਰਾਮ ਨੇ ਲਾਈਟਰ ਬਾਲ ਕੇ ਡਾਲੀ ਦੀ ਸਿਗਰੇਟ ਸੁਲਗਾ ਦਿੱਤੀ। ਡਾਲੀ ਨੇ ਕਸ਼ ਲਾ ਕੇ ਧੂੰਆਂ ਛੱਡਦਿਆਂ ਹੋਇਆਂ ਉਂਜ ਹੀ ਸਿਗਰੇਟ ਵੱਲ ਦੇਖਿਆ। ਫੇਰ ਦੂਜਾ ਕਸ਼ ਲਾਉਣ ਪਿੱਛੋਂ ਉਹ ਆਪਣੀ ਸੀਟ ਤੋਂ ਉੱਠੀ। ਪਿੱਛੇ ਕੈਬਿਨ ਦੇ ਦਰਵਾਜ਼ੇ ਵੱਲ ਦੇਖਦੀ ਹੋਈ ਸੰਤ ਰਾਮ ਵੱਲ ਵਧੀ।
ਉਦੋਂ ਹੀ ਸੰਤ ਰਾਮ ਨੇ ਕਿਹਾ, ''ਪ੍ਰਕਿੰਜ਼ ਸ਼ਾਹਿਰ ਵਿਚ ਹੈ ਤਾਂ ਉਸਨੂੰ ਕਹੋ...''
ਡਾਲੀ ਉੱਥੇ ਹੀ ਰੁਕ ਗਈ ਤੇ ਉਸ ਵੱਲ ਦੇਖਣ ਲੱਗੀ, ਤਾਂਕਿ ਉਹ ਆਪਣੀ ਗੱਲ ਪੂਰੀ ਕਰ ਲਵੇ। ਸੰਤ ਰਾਮ ਨੇ ਕਿਹਾ, ''ਮੈਨੂੰ ਸਟੇਟ ਐਕਸਪ੍ਰੈਸ ਦਾ ਇਕ ਕਾਰਟਨ ਲਿਆ ਦੇਵੇ, ਪੈਸੇ ਫੇਰ ਦਿਆਂਗਾ।''
''ਆਲ ਰਾਈਟ !'' ਡਾਲੀ ਨੇ ਕਿਹਾ ਤੇ ਪਿੱਛੇ ਹਟਦੀ ਹੋਈ ਕੈਬਿਨ ਵਿਚੋਂ ਬਾਹਰ ਨਿਕਲ ਗਈ।
--- --- ---
ਸੰਤ ਰਾਮ ਘਰ ਪਹੁੰਚਿਆ, ਤਾਂ ਕਾਰਟਨ ਦੀ ਕਿਲੇ ਬੰਦੀ ਦੇ ਬਾਵਜ਼ੂਦ ਵੀ ਡਰ ਰਿਹਾ ਸੀ। ਇਕ ਨਹੀਂ, ਵੀਹ ਸੰਸਿਆਂ ਵਿਚ ਘਿਰਿਆ ਹੋਇਆ ਸੀ, ਜਿੰਨ੍ਹਾਂ ਬਾਰੇ ਉਹ ਧੋਬਨ ਜਾਂ ਲਾਡੋ ਨਾਲ ਵੀ ਗੱਲ ਨਹੀਂ ਸੀ ਕਰ ਸਕਦਾ। ਉਸਦੇ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਹੀ ਪਾਲ ਆ ਗਿਆ। ਸੰਤ ਰਾਮ ਦੇ ਅੰਦਰ ਜਿਹੜੀ ਕੰਬਣੀ ਛਿੜੀ ਹੋਈ ਸੀ, ਬੰਦ ਹੋ ਗਈ ਬਲਿਕੇ ਉਸਨੂੰ ਅਜ਼ੀਬ ਤਰ੍ਹਾਂ ਦੀ ਸ਼ਾਂਤੀ, ਨਰਮੀ ਤੇ ਨਿੱਘ ਦਾ ਅਹਿਸਾਸ ਹੋਣ ਲੱਗਾ, ਜਿਵੇਂ ਸਰਦੀਆਂ ਵਿਚ ਕਿਸੇ ਨੇ ਕਮਰੇ ਅੰਦਰ ਅੰਗੀਠੀ ਬਾਲ ਦਿੱਤੀ ਹੋਵੇ। ਪਰ ਫੇਰ ਉਹ ਡਰ ਉਸਦੇ ਤਨ ਦੇ ਨਾਲ ਨਾਲ ਮਨ ਉੱਤੇ ਵੀ ਭਾਰੂ ਹੋਣ ਲੱਗਾ---ਕਿਤੇ ਉਹ ਆਪਣੇ ਕਪੜੇ ਵਗੈਰਾ ਤਾਂ ਨਹੀਂ ਸੀ ਲੈਣ ਆਇਆ, ਗੋਲਫ ਲਿੰਕਸ ਦੇ ਕਮਰੇ ਵਿਚ ਜਾਣ ਲਈ...? ਪਰ ਇਸ ਦੇ ਤਾਂ ਕੋਈ ਆਸਾਰ ਨਜ਼ਰ ਨਹੀਂ ਸਨ ਆ ਰਹੇ। ਫੇਰ ਅੱਜ ਉਹ ਜਲਦੀ ਕਿਉਂ ਆ ਗਿਆ ਹੈ ? ਪਹਿਲਾਂ ਤਾਂ ਕਦੀ ਨਹੀਂ ਸੀ ਆਇਆ, ਰਾਤ ਦੇ ਇਕ ਦੋ ਵਜੇ ਤੋ ਪਹਿਲਾਂ !
ਕੀ ਉਹ 'ਲਾਇਕ ਪੁੱਤਰ' ਬਣ ਗਿਆ ਸੀ ? ਪਰ ਲਾਇਕ ਪੁੱਤਰ ਹੋਣ ਦੇ ਬਾਵਜ਼ੂਦ ਉਹ ਚੁੱਪ ਕਿਉਂ ਸੀ ? ਉਹ ਲਾਡੋ ਨਾਲ ਗੱਲ ਕਰ ਸਕਦਾ ਸੀ। ਹੋਰ ਨਹੀਂ ਤਾਂ ਬਾਬੀ ਨਾਲ ਖੇਡ ਸਕਦਾ ਸੀ। ਕਮੀਨਾ ! ਕਿੰਨੀ ਆਕੜ ਨਾਲ ਭਰਿਆ ਹੋਇਆ ਸੀ ਉਸਦਾ ਸੀਨਾ ! ਪਰ ਪਾਲ ਨੇ ਕਪੜੇ ਇਕੱਠੇ ਨਹੀਂ ਕੀਤੇ। ਇਕ ਦੋ ਮਿੰਟਾਂ ਲਈ ਆਪਣੇ ਕਮਰੇ ਵਿਚ ਗਿਆ ਤੇ ਫੇਰ ਬਾਹਰ ਆਉਂਦਾ ਹੋਇਆ ਪਿਓ ਵਲ ਆਇਆ ਤੇ ਜੇਬ ਵਿਚੋਂ ਇਕ ਸਿਗਰੇਟ ਪੈਕੇਟ ਕੱਢ ਕੇ ਪਾਪਾ ਨੂੰ ਪੇਸ਼ ਕਰ ਦਿੱਤਾ। ਸੰਤ ਰਾਮ ਨੇ ਦੇਖਿਆ ਤੇ ਪੁੱਛਿਆ, ''ਇਹ ਕੀ ?''
''ਰਸ਼ੀਅਨ ਸੋਬਰਾਇਨ।''
ਰਸ਼ੀਅਨ ਸੋਬਰਾਇਨ ਸਿਗਰੇਟ...ਤੇ ਪੂਰਾ ਪੈਕੇਟ ! ਖ਼ੂਨ ਸੰਤ ਰਾਮ ਦੇ ਕੰਨਾ ਤੇ ਅੱਖਾਂ ਤਕ ਆਉਣ ਲੱਗਾ। ਇਕ ਸਿਗਰੇਟ ਕੀ ਪੀ ਲਈ ਹੈ ਇਸਦੀ, ਉਸ ਬਦਲੇ ਪੂਰਾ ਪੈਕੇਟ ਲਿਆ ਕੇ ਦੇ ਰਿਹਾ ਹੈ ! ਜੁੱਤੀ ਮਾਰ ਰਿਹਾ ਹੈ, ਆਪਣੇ ਢੰਗ ਨਾਲ ! ਸੰਤ ਰਾਮ ਨੇ ਪੈਕੇਟ ਚੁੱਕਿਆ ਤੇ ਪੂਰੇ ਜ਼ੋਰ ਨਾਲ ਪਾਲ ਦੇ ਮੂੰਹ ਉੱਤੇ ਮਾਰਿਆ।
''ਲੁੱਚੇ ! ਸ਼ੋਹਦੇ ! ਹਰਾਮੀ !'' ਸੰਤ ਰਾਮ ਕਹਿ ਰਿਹਾ ਸੀ, ''ਕੀ ਸਮਝਦਾ ਏਂ ਤੂੰ, ਮੈਂ ਆਪਣੇ ਲਈ ਸਿਗਰੇਟ ਵੀ ਨਹੀਂ ਖਰੀਦ ਸਕਦਾ ? ਤੈਨੂੰ ਖਰੀਦ ਕੇ ਨਹੀਂ ਦੇ ਸਕਦਾ ? ਏਨਾ ਤਾਂ ਨਹੀਂ ਮਰਿਆਂ ਮੈਂ ਅਜੇ, ਜਿੰਨਾਂ ਤੂੰ ਸਮਝਦਾ ਏਂ ! ਅਜੇ ਤਾਂ ਤੇਰੇ ਵਰਗੇ ਸੌ ਕਮੀਨਿਆਂ ਨੂੰ ਖਰੀਦ ਕੇ ਜੇਬ ਵਿਚ ਰੱਖ ਸਕਦਾਂ...ਬਸਟਰਡ !''
ਪਾਲ ਦੀ ਕੁਝ ਸਮਝ ਵਿਚ ਨਹੀਂ ਸੀ ਆ ਰਿਹਾ। ਉਸਨੇ ਆਪਣਾ ਹੱਥ ਬੁੱਲ੍ਹ ਉੱਤੇ ਰੱਖ ਲਿਆ, ਜਿਸ ਉੱਤੇ ਪੈਕੇਟ ਵੱਜਣ ਨਾਲ ਡੂੰਘ ਜਿਹਾ ਪੈ ਗਿਆ ਸੀ ਤੇ ਖ਼ੂਨ ਸਿੰਮਣ ਲੱਗ ਪਿਆ ਸੀ। ਉਸਨੇ ਕਿਹਾ ਵੀ ਤਾਂ ਸਿਰਫ ਏਨਾ, ''ਪਾਪਾ...!''
ਲਾਡੋ ਬੈੱਡ-ਰੂਮ ਵਿਚੋਂ ਦੌੜਦੀ ਹੋਈ ਆਈ ਤੇ ਉਸਨੇ ਵੀ ਬਸ ਏਨਾ ਹੀ ਕਿਹਾ, ''ਪਾਪਾ !''
ਫੇਰ ਧੋਬਨ ਵੜਦੀ ਹੋਈ ਬੋਲੀ, ''ਕੀ ਹੋਇਆ ਜੀ ?''
ਸੰਤ ਰਾਮ ਨੇ ਉਸਨੂੰ ਪਿੱਛੇ ਧਰੀਕਦਿਆਂ ਹੋਇਆਂ ਕਿਹਾ, ''ਮੈਨੂੰ ਇਸ ਪਿੱਲੇ ਨਾਲ ਆਪਣਾ ਹਿਸਾਬ ਬਰਾਬਰ ਕਰ ਲੈਣ ਦੇਅ ! ਬੜੀ ਦੇਰ ਹੋ ਗਈ ਇਸਦੀ ਠੁਕਾਈ ਹੋਇਆਂ...!'' ਫੇਰ ਆਪਣੇ ਪੁੱਤਰ ਦੇ ਚਿਹਰੇ 'ਤੇ ਸਿੰਮਦੇ ਹੋਏ ਖ਼ੂਨ ਨੂੰ ਦੇਖ ਕੇ ਸੰਤ ਰਾਮ ਹੋਰ ਵੀ ਡਰ ਗਿਆ ਸੀ, ਠਠੇਂਬਰ ਗਿਆ ਸੀ, ਕਿਉਂਕਿ ਪੁੱਤਰ ਦਾ ਖ਼ੂਨ ਦੇਖਣਾ ਕੋਈ ਆਸਾਨ ਗੱਲ ਨਹੀਂ ਹੁੰਦੀ। ਦੇਖਣ ਵਲੇ ਲਈ ਤਾਂ ਇਹ ਸਿਰਫ ਖ਼ੂਨ ਹੁੰਦਾ ਹੈ, ਪਰ ਖ਼ੂਨ ਉਸਦਾ ਹੁੰਦਾ ਹੈ, ਜਿਸਦਾ ਉਹ ਖ਼ੂਨ ਹੈ...ਪਰ ਅੱਗੇ ਵਧ ਕੇ, ਮੂੰਹ ਵਿਚੋਂ ਝੱਗ ਸੁੱਟਦਾ ਹੋਇਆ, ਸੰਤ ਰਾਮ ਕਹਿ ਰਿਹਾ ਸੀ, ''ਮੈਂ ਤੈਨੂੰ ਜਾਨੋਂ ਮਾਰ ਦਿਆਂਗਾ ਅੱਜ ! ਛੱਡ ਦੇਅ...ਛੱਡ ਦੇਅ ਮੈਨੂੰ...! ਇਹ ਵੀ ਇਕ ਮਿਸਾਲ ਹੋ ਜਾਣ ਦੇਅ ! ਪੁੱਤਰ, ਪਿਓ ਨੂੰ ਕਤਲ ਕਰਦੇ ਆਏ ਨੇ, ਅੱਜ ਪਿਓ ਨੂੰ ਪੁੱਤਰ ਦਾ ਖ਼ੂਨ ਕਰ ਲੈਣ ਦੇਅ ! ਮਾਦਰ...ਮੈਂ ਤੈਨੂੰ ਕੀ ਨਹੀਂ ਦਿੱਤਾ ? ਤੂੰ ਬਾਹਰ ਪੰਜਾਬ ਪੜ੍ਹਨ ਲਈ ਗਿਆ, ਤਾਂ ਚਾਰ ਸੌ ਰੁਪਏ ਮਹੀਨਾ ਭੇਜਦਾ ਰਿਹਾ। ਫੇਰ ਤੂੰ ਉੱਥੋਂ ਭੱਜ ਆਇਆ ਤੇ ਮੇਰੇ ਦੋਸਤ ਨੇ ਤੈਨੂੰ ਦੋ ਸਾਲ ਆਪਣੇ ਕੋਲ ਰੱਖਿਆ ਤੇ ਤੈਨੂੰ ਟ੍ਰੇਨਿੰਗ ਦਿੱਤੀ। ਮੇਰੇ ਕਰਕੇ ਤੈਨੂੰ ਆਪਣੇ ਕੋਲ ਰੱਖਿਆ, ਨਹੀਂ ਤਾਂ ਤੈਨੂੰ ਕੌਣ ਪੁੱਛਦਾ ਹੈ---ਚੀਥੜੇ ਨੂੰ...! ਤੇ ਫੇਰ ਵੀ ਪੈਸੇ ਭੇਜਦਾ ਰਿਹਾ ਕਿ ਮੇਰੇ ਬੇਟੇ ਨੂੰ ਤਕਲੀਫ ਨਾ ਹੋਵੇ। ਤੇ ਤੂੰ ਉਹਨਾਂ ਨਾਲ ਹੋਟਲਾਂ ਤੇ ਰੇਸਟੋਰੇਂਟਾਂ ਵਿਚ ਜਾਂਦਾ ਰਿਹਾ, ਹਰ ਕਿਸਮ ਦੀਆਂ ਬਦਮਾਸ਼ੀਆਂ ਕਰਦਾ ਰਿਹਾ। ਤੇਰੇ ਆਪਣੇ ਬਕਣ ਦੇ ਮੁਤਾਬਿਕ ਤੇਰੇ ਆਪਣੇ ਦੋਸਤ ਤੈਨੂੰ ਸ਼ਹਿਜ਼ਾਦਾ ਕਹਿੰਦੇ ਸੀ, ਕਿਉਂਕਿ ਤੂੰ ਪਿਓ ਦੇ ਮਾਲ 'ਤੇ ਐਸ਼ ਕਰਦਾ ਸੈਂ। ਫੇਰ ਤੂੰ ਬੀ.ਏ. ਵਿਚੋਂ ਕੰਪਾਰਟਮੈਂਟ ਲਈ ਤੇ ਡਿਗਰੀ ਪੂਰੀ ਨਹੀਂ ਕਰ ਸਕਿਆ ਕਿਉਂਕਿ ਹਿੰਦੀ ਵਿਚੋਂ ਫੇਲ੍ਹ ਜੋ ਗਿਆ ਸੈਂ। ਹਿੰਦੀ 'ਚੋਂ ਵੀ ਕੋਈ ਫੇਲ੍ਹ ਹੋਣ ਵਾਲੀ ਗੱਲ ਸੀ ਭਲਾ ? ਮੈਂ ਤੇਰੀਆਂ ਕਿੰਨੀਆਂ ਮਿੰਨਤਾਂ ਕੀਤੀਆਂ ਕਿ ਇਕ ਵਿਸ਼ਾ ਹੈ, ਪਾਸ ਕਰ ਲੈ, ਪਰ ਤੈਨੂੰ ਉਸ ਨਾਲ ਚਿੜ ਹੋ ਗਈ। ਫੇਰ ਵੀ ਮੈਂ ਤੈਨੂੰ ਕੁਛ ਨਹੀਂ ਕਿਹਾ। ਛੱਬੀ ਸਾਲ ਦੀ ਉਮਰ ਤਕ ਤੈਨੂੰ ਘਰ ਰੱਖਿਆ ਤੇ ਰੋਟੀਆਂ ਖੁਆਉਂਦਾ ਰਿਹਾ। ਹੁੰਦਾ ਕਿਸੇ ਬਾਹਰਲੇ ਮੁਲਕ ਵਿਚ, ਤਾਂ ਅਠਾਰਵਾਂ ਲੰਘਦਿਆਂ ਹੀ ਪਿਓ, ਚਿੱਤੜਾਂ 'ਤੇ ਲੱਤ ਮਾਰਦਾ ਤੇ ਬਾਹਰ ਕੱਢ ਦੇਂਦਾ। ਇਹ ਆਪਣਾ ਮੁਲਕ ਹੀ ਹੈ, ਜਿਸ ਵਿਚ ਹਰ ਕਿਸਮ ਦੀ ਚੂਤੀਆ-ਪੰਥੀ ਚੱਲਦੀ ਹੈ...! ਜਦ ਤੇਰੀ ਜੇਬ ਵਿਚ ਪੈਸੇ ਨਹੀਂ ਹੁੰਦੇ ਸੀ, ਤਾਂ ਮੈਂ ਤੇਰੀ ਮਾਂ ਤੋਂ ਚੋਰੀਓਂ ਦਸ-ਵੀਹ ਰੁਪਏ ਪਾ ਦੇਂਦਾ ਸਾਂ ਤੇ ਅੱਜ ਇਹ ਉਸੇ ਦੇ ਕਾਰਣ ਹੈ ਕਿ ਇਹ ਮੈਨੂੰ ਅੱਖਾਂ ਦਿਖਾਉਂਦੀ ਹੈ ਤੇ ਕਹਿੰਦੀ ਹੈ---ਮੈਂ ਆਪਣੀ ਔਲਾਦ ਨੂੰ ਤਬਾਹ-ਬਰਬਾਦ ਕਰ ਦਿੱਤਾ ਹੈ...! ਤੇਰੇ ਕਾਰਣ ਮੈਂ ਆਪਣੀ ਜ਼ਿੰਦਗੀ ਬਰਬਾਦ ਕਰ ਲਈ ! ਇਹ ਤੈਂ ਹੀ ਕਿਹਾ ਸੀ ਨਾ ਕਿ ਮੇਰੀ ਮਾਂ ਜਿਸ ਕਿਸਮ ਦੀ ਔਰਤ ਹੈ, ਇਸ ਨਾਲੋਂ ਚੰਗਾ ਤਾਂ ਮੇਰਾ ਪਿਓ ਕੋਈ ਰਖੈਲ ਰੱਖ ਲਏ...! ਬੋਲ ਨਹੀਂ ਸੀ ਕਿਹਾ ਤੂੰ ? ਜਿਹੜਾ ਪੁੱਤਰ ਮਾਂ ਬਾਰੇ ਇਹ ਕਹਿ ਸਕਦਾ ਹੈ, ਉਹ ਪਿਓ ਬਾਰੇ ਕੀ ਨਹੀਂ ਕਹਿੰਦਾ ਹੋਣਾ ? ਰੋਜ਼ ਤੂੰ ਮਾਂ ਦੀ ਨਕਦਰੀ ਕਰਦਾ ਹੋਇਆ ਨਿਕਾਲ ਜਾਂਦਾ ਹੈਂ, ਉਹ ਬੇਇੱਜ਼ਤੀ ਕਿਸਦੀ ਹੁੰਦੀ ਏ ? ਉਹ ਗਾਲ੍ਹਾਂ ਕੱਢਦੀ ਹੈ, ਗਾਲ੍ਹਾਂ ਕਿਸ ਨੂੰ ਸੁਣਨੀਆਂ ਪੈਂਦੀਆਂ ਨੇ...? ਕੀ ਇਸ ਘਰ ਦਾ ਕੋਈ ਮਾਲਿਕ ਨਹੀਂ ? ਕੋਈ ਪਿਓ ਨਹੀਂ ? ਕੀ ਹੋਇਆ ਜੇ ਇਕ ਵਾਰੀ, ਜ਼ਿੰਦਗੀ ਵਿਚ ਸਿਰਫ ਇਕ ਵਾਰੀ ਘਾਟਾ ਪੈ ਗਿਆ...! ਮੈਂ ਲੱਖਾਂ ਰੁਪਏ ਕਮਾਏ ਨੇ, ਲੱਖਾਂ ਗੰਵਾਏ ਨੇ ਅੱਜ ਹੀ ਲੱਖ ਰੁਪਏ ਦਾ ਕੰਟਰੇਕਟ ਕੀਤਾ ਏ, ਜਿਸ ਵਿਚੋਂ ਬਹੁਤੇ ਨਹੀਂ ਤਾਂ ਤੀਹ, ਬੱਤੀ ਹਜ਼ਾਰ ਬਚ ਜਾਣਗੇ। ਤਦ ਤਾਂ ਤੇਰੀ ਮਾਂ ਵੀ ਖੁਸ਼ ਹੋਵੇਗੀ ਤੇ ਇਹ ਲਾਡੋ ਵੀ, ਜਿਹੜੀ ਉਸ ਦਿਨ ਪਾਪਾ ਦੇ ਬਜਾਏ ਮੈਨੂੰ ਅੰਕਲ ਕਹਿ ਰਹੀ ਸੀ, ਤੇ ਤੂੰ ਵੀ ਖੁਸ਼ ਹੋਵੇਂਗਾ ਤੇ ਮਾਣ ਨਾਲ ਮੇਰਾ ਨਾਂਅ ਲਵੇਂਗਾ ਤੇ ਮੇਰੇ ਕੋਲ ਬੈਠ ਕੇ 'ਹਿੜ-ਹਿੜ' ਕਰੇਂਗਾ ਤੇ ਗੱਲਾਂ-ਬਾਤਾਂ ਕਰਨ ਦੀ ਕੋਸ਼ਿਸ਼ ਕਰੇਂਗਾ। ਪਰ ਮੈਂ...ਮੈਂ ਤੁਹਾਨੂੰ ਸਾਰਿਆਂ ਨੂੰ ਸਮਝ ਗਿਆ ਹਾਂ। ਮੂੰਹ ਤਕ ਨਹੀਂ ਲਾਵਾਂਗਾ ਕਿਸੇ ਨੂੰ...!''
ਪਾਲ ਦੇ ਬੁੱਲ੍ਹ ਫਰਕਣ ਲੱਗੇ...ਉਸਨੇ ਡਰਦਿਆਂ-ਡਰਦਿਆਂ ਕਿਹਾ ਵੀ ਤਾਂ ਸਿਰਫ ਏਨਾ, ''ਪਰ...ਪਾਪਾ ਮੈਂ ਕੀਤਾ ਕੀ ਏ ?''
''ਤੂੰ...?'' ਸੰਤ ਰਾਮ ਹੋਰ ਉੱਚੀ ਆਵਾਜ਼ ਵਿਚ ਕੂਕਿਆ, ''ਤੂੰ ਮੈਨੂੰ ਉਹ ਗਾਲ੍ਹ ਕੱਢੀ ਏ, ਜਿਹੜੀ ਕਿਸੇ ਨੇ ਨਹੀਂ ਕੱਢੀ...ਕਿਸੇ ਦੀ ਹਿੰਮਤ ਹੀ ਨਹੀਂ ਪਈ ! ਸਾਰੇ ਜਾਣਦੇ ਨੇ ਕਿ ਮੈਂ ਖ਼ਾਲੀ ਹੱਥੀਂ ਵੀ ਉਹਨਾਂ ਦੀਆਂ ਬੋਟੀਆਂ ਉਡਾਅ ਦਿਆਂਗਾ ! ਤੇਰੀ ਇਹ ਹਿੰਮਤ ਕਿ ਇਕ ਸਿਗਰੇਟ ਪੀ ਲੈਣ 'ਤੇ ਤੂੰ ਪੂਰਾ ਪੈਕੇਟ ਮੇਰੇ ਮੂੰਹ 'ਤੇ ਮਾਰੇਂ ?''
''ਇਕ ਸਿਗਰੇਟ ?'' ਪਾਲ ਨੇ ਕਿਹਾ।
''ਹਾਂ !'' ਸੰਤ ਰਾਮ ਨੇ ਕਿਹਾ, ''ਤੈਨੂੰ ਪਤਾ ਲੱਗ ਗਿਆ ਨਾ, ਮੈਂ ਤੇਰੀ ਇਕ ਸਟੇਟ ਐਕਸਪ੍ਰੈਸ ਸਵੇਰੇ ਪੀ ਲਈ ਸੀ...?''
''ਨਹੀਂ...ਮੈਨੂੰ ਤਾਂ ਕੁਝ ਨਹੀਂ ਪਤਾ !''
ਇਸ ਤੋਂ ਪਹਿਲਾਂ ਕਿ ਸੰਤ ਰਾਮ ਜਿਹੜਾ ਕੰਬ ਰਿਹਾ ਸੀ ਹੇਠਾਂ ਡਿੱਗ ਪੈਂਦਾ, ਪੁੱਤਰ ਨੇ ਅੱਗੇ ਵਧ ਕੇ ਉਸਨੂੰ ਬਾਹਾਂ ਵਿਚ ਬੋਚ ਲਿਆ ਤੇ ਜੱਫੀ ਪਾ ਕੇ ਫੁੱਟ ਫੁੱਟ ਕੇ ਰੋਣ ਲੱਗ ਪਿਆ ਤੇ ਕਹਿਣ ਲੱਗਾ, ''ਮਾਫ਼ ਕਰ ਦਿਓ...ਮੈਨੂੰ ਮਾਫ਼ ਕਰ ਦਿਓ ਪਾਪਾ !''
--- --- ---
ਅਗਲੇ ਦਿਨ ਸੰਤ ਰਾਮ ਨਿੱਤ ਵਾਂਗ ਹੀ ਸਵੇਰੇ ਚਾਰ ਵਜੇ ਉੱਠ ਪਿਆ ਸੀ। ਉਸਨੂੰ ਫੇਰ ਸਿਗਰੇਟ ਦੀ ਤਲਬ ਲੱਗੀ। ਧੋਬਨ ਨੂੰ ਡਿਸਟਰਬ ਕੀਤੇ ਬਗ਼ੈਰ ਉਹ ਨਾਲ ਵਾਲੇ ਕਮਰੇ ਵਿਚ ਚਲਾ ਗਿਆ, ਜਿੱਥੇ ਪਾਲ, ਲਾਡੋ ਤੇ ਉਸਦਾ ਬੱਚਾ ਸੁੱਤੇ ਹੋਏ ਸਨ। ਸੰਤ ਰਾਮ ਨੇ ਜ਼ੀਰੋ ਪਾਵਰ ਦਾ ਬੱਲਬ ਜਗਾਇਆ ਤੇ ਉਹਨਾਂ ਵੱਲ ਤੱਕਣ ਲੱਗਿਆ। ਹਲਕੀ, ਮੱਧਮ ਜਿਹੀ ਪੀਲੀ ਰੌਸ਼ਨੀ ਵਿਚ ਸਾਰੇ ਫ਼ਰਿਸ਼ਤਿਆਂ ਵਰਗੇ ਲੱਗ ਰਹੇ ਸਨ, ਇਕ ਨਾਲੋਂ ਇਕ ਹੁਸੀਨ, ਸੁੰਦਰ ਤੇ ਖੁਸ਼ਬੂਦਾਰ। ਅੱਜ ਬਾਬੀ ਦੀਆਂ ਬਾਹਾਂ ਮਾਂ ਦੇ ਗ਼ਲੇ ਵਿਚ ਨਹੀਂ ਸਨ। ਉਹ ਬੇਫ਼ਿਕਰੀ ਨਾਲ ਚੌੜਾ ਹੋ ਕੇ ਸੁੱਤਾ ਹੋਇਆ ਸੀ।
ਸੰਤ ਰਾਮ ਨੇ ਸੋਚਿਆ ਕਾਲੇਜ ਭੇਜਣ ਤੋਂ ਪਹਿਲਾਂ ਮੈਂ ਇਸ ਬੱਚੀ ਨੂੰ ਲੈਕਚਰ ਦਿੱਤਾ ਸੀ। ਪਰ ਜੇ ਇਹ ਕੋਈ ਊਚ-ਨੀਚ ਕਰ ਬਹਿੰਦੀ, ਤਾਂ ਕੀ ਮੈਂ ਇਸਨੂੰ ਸੜਕ ਉੱਤੇ ਸੁੱਟ ਦੇਂਦਾ ? ਪਾਲ ਦਾ ਤਜ਼ੁਰਬਾ ਫੇਲ੍ਹ ਹੁੰਦਾ, ਤਾਂ ਮੈਂ ਉਸਨੂੰ ਜ਼ਿੰਦਗੀ ਦੀ ਖੇਡ ਖੇਡਣ ਨਹੀਂ ਸੀ ਸਿਖਾਉਣਾ ? ਇਹ ਨੈਤਿਕਤਾ...ਇਹ ਸੰਸਕ੍ਰਿਤੀ, ਸਭ ਵਾਧੂ ਦੀਆਂ ਗੱਲਾਂ ਨੇ। ਇਹ ਤੇ ਹੋਰ ਬਾਹਰਲੇ ਸਾਰੇ ਬੱਚੇ, ਖੇਡਦੇ ਨੇ, ਡਿੱਗਦੇ ਨੇ, ਫੇਰ ਉੱਠ ਕੇ ਖੇਡਣ ਲੱਗ ਪੈਂਦੇ ਨੇ।...ਧੋਬਨ....? ਧੋਬਨ ਬੇਵਕੂਫ਼ ਹੈ, ਉਹ ਸਿਵਾਏ ਕਪੜੇ ਧੋਣ ਦੇ ਹੋਰ ਕੁਝ ਨਹੀਂ ਜਾਣਦੀ...
ਸੰਤ ਰਾਮ ਨੇ ਸਟੇਟ ਐਕਸਪ੍ਰੈਸ ਦਾ ਕਾਰਟਨ ਕੱਢਿਆ ਤੇ ਉਸਨੂੰ ਪੁੱਤਰ ਦੇ ਸਿਰਹਾਣੇ ਰੱਖ ਦਿੱਤਾ। ਜਿਹੜਾ ਰਾਤ ਉਸ ਕਲੇਸ਼ ਕਰਕੇ ਉਹ ਆਪਣੇ ਬੱਚੇ ਨੂੰ ਨਹੀਂ ਸੀ ਦੇ ਸਕਿਆ। ਚੱਲੋ ਇਹ ਤਾਂ ਹੋਰ ਵੀ ਚੰਗਾ ਹੋਇਆ, ਅਚਾਨਕ ਪੂਰਾ ਭਰਿਆ ਕਾਰਟਨ ਵੇਖ ਕੇ ਕਿੰਨਾਂ ਖੁਸ਼ ਹੋਵੇਗਾ ਉਹ...! ਫੇਰ ਸੰਤ ਰਾਮ ਨੇ ਪੁੱਤਰ ਦੇ ਦਿੱਤੇ ਹੋਏ ਰਸ਼ੀਅਨ ਸੋਬਰਾਇਨ ਦੇ ਪੈਕੇਟ ਵਿਚੋਂ ਇਕ ਸਿਗਰੇਟ ਕੱਢਿਆ, ਉਸਨੂੰ ਸੁਲਗਾਇਆ ਤੇ ਧੂੰਏਂ ਦੇ ਵੱਡੇ-ਵੱਡੇ ਬੱਦਲ ਛੱਡੇ। ਜ਼ੀਰੋ ਪਾਵਰ ਦੇ ਬੱਲਬ ਦੀ ਰੌਸ਼ਨੀ ਪਹਿਲਾਂ ਹੀ ਕਿੰਨੀ ਕੁ ਸੀ, ਇਸ ਧੂੰਏਂ ਨੇ ਹੋਰ ਵੀ ਧੂੰਦਲਾ ਦਿੱਤੀ...ਤੇ ਬੱਚੇ ਫ਼ਰਿਸ਼ਤਿਆਂ ਨਾਲੋਂ ਵੀ ਵੱਧੇਰੇ ਹੁਸੀਨ ਲੱਗਣ ਲੱਗ ਪਏ। ਸੰਤ ਰਾਮ ਦਾ ਦਿਲ ਕੀਤਾ ਉਹ ਅੱਗੇ ਵਧ ਕੇ ਪਾਲ ਦਾ ਮੂੰਹ ਚੁੰਮ ਲਵੇ...ਪਰ ਕਹਿੰਦੇ ਨੇ, ਸੁੱਤੇ ਬੱਚੇ ਦਾ ਮੂੰਹ ਨਹੀਂ ਚੁੰਮਣਾ ਚਾਹੀਦਾ। ਪਤਾ ਨਹੀਂ ਕਿਉਂ ! ਉਸ ਸਮੇਂ ਤਾਂ ਸੰਤ ਰਾਮ ਨੇ ਇਹੀ ਸੋਚਿਆ ਕਿ ਜੇ ਉਸਨੇ ਇੰਜ ਕੀਤਾ ਤਾਂ ਉਹ ਜਾਗ ਪਏਗਾ...।
ਸੋਬਰਾਇਨ ਦੇ ਚੌਥੇ ਕਸ਼ ਵਿਚ ਕੋਈ ਨਸ਼ਾ ਸੀ ਜਾਂ ਸ਼ਾਇਦ ਸੰਤ ਰਾਮ ਦੀਆਂ ਅੱਖਾਂ ਨੂੰ ਪੁੱਤਰ ਦੇ ਦੀਦ ਦੀ ਸ਼ਰਾਬ ਚੜ੍ਹ ਗਈ ਸੀ। ਉਸਨੇ ਧੂੰਆਂ ਸਾਫ ਕਰਦਿਆਂ ਹੋਇਆਂ ਇਕ ਵਾਰੀ ਫੇਰ ਸਾਰਿਆਂ ਵੱਲ ਤੱਕਿਆ ਤੇ ਫੇਰ ਪ੍ਰਾਰਥਨਾਂ ਲਈ, ਪੂਜਾ ਵਾਲੇ ਕਮਰੇ ਵਿਚ ਚਲਾ ਗਿਆ।
(ਅਨੁਵਾਦ: ਮਹਿੰਦਰ ਬੇਦੀ, ਜੈਤੋ)