ਸ਼ੁਦਾਈ (ਕਹਾਣੀ) : ਬਲੀਜੀਤ

''ਖੰਡ ਨੀਂ ਲਿਆਇਆ? '' ਬਾਪੂ ਨੇ ਬਜ਼ਾਰੋਂ ਆਉਂਦਿਆਂ ਆਦਤਨ ਸੌਦਿਆਂ ਵਾਲਾ ਝੋਲਾ ਬੇਬੇ ਨੂੰ ਫੜਾ ਦਿੱਤਾ । ਪਰ ਝੋਲਾ ਖ਼ਾਲੀ ਸੀ ।

''ਨਹੀਂ । ਬਜ਼ਾਰ ਬੰਦ ਐ ।'' ਬਾਪੂ ਨੇ ਬੇਬੇ ਵੱਲ ਇਉਂ ਦੇਖਿਆ ਜਿਵੇਂ ਉਸ ਦੀਆਂ ਅੱਖਾਂ ਵਿੱਚ ਕੋਈ ਗੱਲ ਕੋਈ ਸੁਆਲ ਪੁੱਛੇ ਜਾਣ ਦੀ ਖ਼ਾਹਿਸ਼ ਲੁਕੀ ਹੋਵੇ ।

''ਕਿਉਂ? ਖੰਡ ਬਿਨਾਂ ਚਾਹ ਦਾ ਕਿਆ ਕਰੂੰਗੇ ।''

''ਅੱਜ ਬਚਨਾ ਮਰ ਗਿਆ । ਸਾਰਾ ਬਜ਼ਾਰ ਬੰਦ ਐ । ਹੱਟੀਆਂ ਆਲੇ 'ਕੱਠੇ ਹੋਏ ਬੇ ਐ ।''

''ਕਿਹੜਾ ਬਚਨਾ...'' ਇੱਕ ਬਚਨਾ ਬੇਬੇ ਦਾ ਭਾਈ ਸੀ ।

''ਓਅ... ਆਹ ਹੈ ਨੀਂ ਬਚਨਾ ਸਦਾਈ, ਜੇੜ੍ਹਾ ਹਣਸੂ ਕੋਲੇ ਬੈਠੇ ਕਰਦਾ ਤਾ । ਜੁੱਤੀਆਂ ਗੱਠਣੇ ਆਲੇ ਕੋਲ । ਸਿਲਮੇ ਦੇ ਮੂਹਰੇ'' ।

''ਅੱਛਿਆ ਅੱਛਿਆ'' ਮਾਂ ਸਹਿਜ ਹੋ ਕੇ ਬੋਲੀ । ਖੰਡ ਉਸ ਨੂੰ ਭੁੱਲ ਗਈ ਸੀ ।

''ਚਲੋ ਚੰਗਾ ਹੋਇਆ । ਬੇਚਾਰੇ ਦੀ ਮੁਕਤੀ ਹੋ ਗੀ । ਕੌਣ ਤਾ ਬੇਚਾਰੇ ਦਾ'', ਮਾਂ ਖੁਰਪਾ ਪੱਲੀ ਚੁੱਕ ਕੇ ਕੱਖਾਂ ਦੀ ਝੋਲੀ ਲੈਣ ਤੁਰ ਗਈ ।

ਮੈਂ ਨਾਲ ਦੀ ਕੋਠੜੀ 'ਚ ਬੈਠਾ ਸੁਣ ਰਿਹਾ ਸਾਂ । 'ਅੱਛਿਆ ਅੱਛਿਆ', ਕੋਈ ਗੂੰਗੀ ਆਵਾਜ਼ ਨੇ ਮੇਰੇ ਅੰਦਰੋਂ ਹੰਗੂਰਾ ਭਰਿਆ । 'ਅੱਜ ਬਚਨਾ ਸਦਾਈ ਮਰ ਗਿਆ ।'

''ਸਦਾਈ, ਸਦਾਈ'', ਲੋਕ ਕਿਹਾ ਕਰਦੇ ਸਨ । ਛੇੜਿਆ ਕਰਦੇ ਸਨ ।

ਅੱਜ ਕੱਲ ਦੇ ਸਮੇਂ 'ਚ 'ਮਾਰ ਤਾ', 'ਮਾਰ ਤਾ' ਆਮ ਸੁਣੀਂਦੀ ਐ । ਮਰਨ-ਮਰਾਉਣ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ । ਕੋਈ ਰੋਜ਼ ਇਸੇ ਕੰਮ ਲਈ ਵਿਹਲਾ ਬੈਠਾ ਐ । ਪਰ ਅੱਜ ਕੋਈ ਮਰ ਗਿਆ ਸੀ । ਉਹ ਵੀ ਇੱਕ ਸ਼ੁਦਾਈ । ਉਸ ਦਾ ਕੋਈ ਨਹੀਂ ਸੀ । ਦੁਸ਼ਮਣ ਕੋਈ ਨਹੀਂ ਸੀ । ਦੋਸਤ ਵੀ ਨਹੀਂ । ਨਾ ਕਾਹੂ ਸੇ ਦੋਸਤੀ, ਨਾ ਕਾਹੂ ਸੇ ਵੈਰ । ਮੈਂ ਸ਼ੁਦਾਈ ਬਾਰੇ ਸੋਚ ਰਿਹਾ ਸਾਂ । ਜਿਵੇਂ ਉਹ ਕੋਈ ਮੇਰਾ ਆਪਣਾ ਖਾਸ ਹੋਵੇ ।

ਇਹ ਮੈਨੂੰ ਪਤਾ ਸੀ ਕਿ ਸਾਡੇ ਸ਼ਹਿਰ 'ਚ ਇੱਕ ਸ਼ੁਦਾਈ ਫਿਰਦਾ ਰਹਿੰਦਾ ਐ । ਪਰ ਉਸ ਦਾ ਨਾਂ ਨਹੀਂ ਸੀ ਪਤਾ । ਸ਼ੁਦਾਈਆਂ ਦੇ ਨਾਂ ਤੋਂ ਕੀ ਲੈਣਾ । ਸ਼ੁਦਾਈ ਨੂੰ ਆਪਣੇ ਨਾਂ ਤੋਂ ਵੀ ਕੀ ਲੈਣਾ । ਉਸ ਦੀ ਗੱਲ ਕਰਨ ਵਾਲੀਆਂ ਜੀਭਾਂ ਨੇ ਉਸ ਨੂੰ 'ਬਚਨਾ' ਕਹਿਣਾ ਸ਼ੁਰੂ ਕਰ ਦਿੱਤਾ ਸੀ । ਨਿਆਣਾ ਹੁੰਦੇ ਤੋਂ ਮੈਂ ਉਸ ਨੂੰ ਜਾਣਦਾ ਸਾਂ । ਬਾਈ ਵਰ੍ਹੇ ਪਹਿਲਾਂ ਅਸੀਂ ਆਪਣਾ ਪਿੰਡ ਛੱਡ ਕੇ ਸ਼ਹਿਰ ਆ ਵਸੇ ਸਾਂ । ਉਸ ਸਮੇਂ ਦੀ ਮੈਨੂੰ ਸੋਝੀ ਵੀ ਨਹੀਂ । ਜਦੋਂ ਦੀ ਸੋਝੀ ਆਈ ਐ ਸ਼ਹਿਰ ਇੰਨਾ ਫੈਲਿਆ ਹੋਇਆ ਨਹੀਂ ਸੀ । ਸ਼ਹਿਰ ਦੇ ਚਾਰੇ ਪਾਸੇ ਝੂੰਡ ਹੀ ਝੂੰਡ ਉੱਗੇ ਹੋਏ ਹੁੰਦੇ ਸਨ । ਸ਼ੁਦਾਈ ਨੂੰ ਪਹਿਲੀ ਵਾਰ ਮੈਂ ਆਪਣੇ ਬਾਬੇ ਨਾਲ ਜਾਂਦਿਆ ਦੇਖਿਆ ਸੀ । ਅਸੀਂ ਹਸਪਤਾਲ 'ਡਾਕਦਾਰ' ਤੋਂ ਪੱਟੀ ਕਰਾਉਣ ਜਾ ਰਹੇ ਸਾਂ । ਉਹ ਇੱਕ ਦੁਕਾਨ ਦੇ ਥੜ੍ਹੇ ਉੱਤੇ ਬੈਠਾ ਮੱਖੀਆਂ ਮਾਰ ਰਿਹਾ ਸੀ । ਸੱਚੀ ਮੁੱਚੀ ਕਿੰਨੀਆਂ ਹੀ ਮੱਖੀਆਂ ਓਹਦੇ ਦੁਆਲੇ ਭਿਣ-ਭਿਣਾ ਰਹੀਆਂ ਸਨ । ਪਤਾ ਨਹੀਂ ਕਿਵੇਂ ਉਹ ਮੱਖੀਆਂ ਮਾਰ ਮਾਰ ਪੱਲੇ 'ਚ ਪਾਈ ਜਾ ਰਿਹਾ ਸੀ । ਬਾਬਾ ਅੱਗੇ ਨਿਕਲ ਗਿਆ, ਪਰ ਮੈਂ ਉਸ ਦੀ ਖੇਡ ਵਿੱਚ ਮਗਨ ਹੋ ਕੇ ਰੁਕ ਗਿਆ । ਮਰੀਆਂ ਹੋਈਆਂ, ਸਹਿਕਦੀਆਂ ਹੋਈਆਂ ਮੱਖੀਆਂ ਦੀ ਲੱਪ ਪੱਲੇ ਵਿੱਚੋਂ ਭਰ ਕੇ ਨੀਝ ਨਾਲ ਦੇਖ ਰਿਹਾ ਸੀ । ਤੇ ਬਿੰਦ ਕੁ ਪਿੱਛੋਂ ਪੱਲੇ 'ਚ ਉਲਟਾ ਦਿੱਤੀ । ਵਿਹਲੇ ਹੱਥ ਦਬਾ ਦਬ ਵਾਲਾਂ 'ਚ ਫੇਰਨ ਲੱਗਿਆ । ਜ਼ੋਰ ਜ਼ੋਰ ਨਾਲ ਸਿਰ ਝੱਸਦਾ । ਬੁੜ ਬੁੜਾਉਂਦਾ । ਕਿਸੇ ਅਗਿਆਤ ਆਦਮੀ ਦੀ ਮਾਂ-ਭੈਣ ਕਰਦਾ । 'ਸੀਂਢ' ਸਿਣਕਦਾ, ਪਰ 'ਉਹ' ਉਸ ਦੀਆਂ ਦਾੜ੍ਹੀ-ਮੁੱਛਾਂ 'ਚ ਹੀ ਲੱਗੀ ਜਾਂਦਾ ।

''ਐਥੇ ਕਾਹਨੂੰ ਖੜ੍ਹ ਗਿਆ'' ਬਾਬਾ ਪਿੱਛੇ ਮੁੜ ਕੇ ਮੈਨੂੰ ਹਾਕ ਮਾਰ ਰਿਹਾ ਸੀ । ਖਵਰੇ ਬਾਬੇ ਨੂੰ ਕੀ ਛੇਤੀ ਪਈ ਹੋਈ ਸੀ । ''ਚੱਲ ਤੁਰ ਸਦਾਈ ਨੀਂ ਦੇਖਿਆ ਕਦੀ,'' ਬਾਬਾ ਮੇਰੀ ਉਂਗਲ਼ੀ ਫੜਦਾ ਤੇਜ਼ ਤੇਜ਼ ਤੁਰ ਪਿਆ । ਸ਼ਾਇਦ ਬਾਬਾ ਵੀ ਸ਼ੁਦਾਈ ਤੋਂ ਡਰਦਾ ਹੋਵੇ । ਮੈਂ ਵੀ ਡਰ ਗਿਆ । ਸ਼ੁਦਾਈ ਤਾਂ ਫੜ ਲੈਂਦੇ ਐ । ਅੰਮਾਂ ਵੀ ਡਰਾਉਂਦੀ ਹੁੰਦੀ ਸੀ : 'ਚੁੱਪ ਕਰ ਜਾ । ਤੈਨੂੰ ਸਦਾਈ ਕੋਲ ਫੜਾ ਦੂੰ ਨਹੀਂ ਤਾਂ ।' ਮੇਰੀ ਉਮਰ ਦੇ ਸਾਰੇ ਬੱਚਿਆਂ ਨੂੰ ਇਵੇਂ ਹੀ ਡਰਾਇਆ ਜਾਂਦਾ ਸੀ । ਜਦੋਂ ਨਿਆਣੇ ਤੰਗ ਕਰਦੇ ਤਾਂ ਸ਼ੁਦਾਈ ਯਾਦ ਆਉਂਦਾ : ਓ ਸਦਾਈ, ਇਹ ਚੁੱਪ ਨੀਂ ਕਰਦਾ । ਫੜੀਂ ਇਸ ਨੂੰ ।

... ਅਤੇ ਫੇਰ ਜਦੋਂ ਵੀ ਮੈਂ 'ਉਹਦੇ' ਕੋਲੋਂ ਲੰਘਣਾ ਤਾਂ ਡਰ ਜਾਣਾ । ਜਦੋਂ ਉਹ ਮੈਨੂੰ ਫੜਨ ਲਈ ਹੱਥ ਹਿਲਾਉਂਦਾ ਤਾਂ ਮੈਂ ਡਰ ਨਾਲ ਕੰਬ ਜਾਂਦਾ । ਉਸ ਤੋਂ ਡਰ ਕੇ ਭੱਜਣਾ ਤਾਂ ਲੱਗਣਾ ਕਿ ਘਰ ਬਹੁਤ ਦੂਰ ਐ । ਜੇ ਉਹ ਸਾਹਮਣਿਓਂ ਆ ਰਿਹਾ ਹੁੰਦਾ ਤਾਂ ਮੈਂ ਪਿੱਛੇ ਨੂੰ ਮੁੜ ਆਉਣਾ । ਦੂਜੇ ਰਾਹੋਂ ਘੁੰਮ ਕੇ ਘਰ ਪੁੱਜਣਾ । ਪਿੱਛੇ ਮੁੜ ਮੁੜ ਦੇਖਣਾ । ਕਿਤੇ ਮਗਰ ਤਾਂ ਨਹੀਂ ਪੈ ਗਿਆ । ਜੇ ਬੈਠਾ ਹੁੰਦਾ ਤਾਂ ਮੱਖੀਆਂ ਮਾਰਨ 'ਚ ਰੁੱਝਿਆ ਹੁੰਦਾ । ਉਸ ਦੇ ਕੱਪੜੇ ਗੰਦੀਆਂ ਲੀਰਾਂ ਹੁੰਦੇ । ਬੈਠਦਾ ਵੀ ਗੰਦ ਕੋਲ ਸੀ । ਜਿੱਥੇ ਮੱਖੀਆਂ ਹੋਣ । ਕੀ ਇਹ ਮੱਖੀਆਂ ਰਿੰਨ੍ਹ ਕੇ ਖਾਂਦਾ ਹੋਏਗਾ? ਭਲਾ ਮੱਖੀਆਂ ਵੀ ਕੋਈ ਖਾਂਦਾ? ਘਰਾਂ ਚਾਹ 'ਚ ਮੱਖੀ ਪੈ ਜਾਏ ਕੋਈ ਨੀਂ ਪੀਂਦਾ । ਚਾਚਾ ਬਿਕਰਮ ਪਤੀਲੀ 'ਤੇ ਲੱਤ ਮਾਰੂ । ਇਹ ਮੱਖੀਆਂ ਦੀ ਭੁਰਜੀ ਬਣਾਉਂਦਾ ਹੋਏਗਾ । ਹੱਤ । ਤਾਂ ਹੀ ਤਾਂ ਸਦਾਈ ਹੋਈ ਫਿਰਦਾ ਐ । ਕਈ ਵਾਰ ਉਹ ਬਜ਼ਾਰ 'ਚ ਬਿਲਕੁਲ ਨੰਗਾ ਫਿਰਦਾ ਹੁੰਦਾ । ਪੋਹ ਦੇ ਮਹੀਨੇ ਵੀ । ਤੀਵੀਂਆਂ ਕੋਲੋਂ ਲੰਘਦੀਆਂ ਸਿਰ ਥੱਲੇ ਕਰ ਲੈਂਦੀਆਂ । ਤਪਦੀ ਰੋਹੀ ਵਿੱਚ ਕਈ ਕਈ ਕੱਪੜੇ ਪਾਈ ਫਿਰੀ ਜਾਂਦਾ । ਕਮੀਜ਼ ਦੀ ਥਾਂ ਪਜਾਮਾ । ਪਜਾਮੇ ਦੀ ਥਾਂ ਕਮੀਜ਼ । ਨਾਲੀ ਵਿੱਚ ਤਰਦੀਆਂ ਗਲੀਆਂ ਬੁੱਸੀਆਂ ਚੀਜ਼ਾਂ ਨਾਲ ਪੱਲਾ ਭਰ ਲੈਂਦਾ । ਰਾਤ ਨੂੰ ਥੱਕ ਹਾਰ ਕੇ ਕਿਤੇ ਗਿਰ ਜਾਂਦਾ ਤੇ ਸਵੇਰੇ ਪੁਰਾਣਾ ਸਮਾਨ ਉੱਥੇ ਈ ਛੱਡ ਕੇ ਨਵਾਂ ਇਕੱਠਾ ਕਰਦਾ ।

''ਹੋ-ਅ, ਸਦਾਈ, ਸਦਾਈ ਹੋ-ਅ''

''ਊਈ, ਊਈ ਓਰਰ-ਰ, ਊਈ''

''ਬਚਨਾ ਸਦਾਈ, ਮੱਖੀ ਮਾਰ ਕੇ ਖਲਾਈ'' ਆਪਣੇ ਸਕੂਲ ਦੀਆਂ ਵੱਡੀਆਂ ਜਮਾਤਾਂ ਦੇ ਪਾੜੂਆਂ ਨੂੰ ਮੈਂ ਰੋਜ਼ ਤੱਕਦਾ । ਉਸ ਨੂੰ ਛੇੜ ਉਹ ਨੱਸ ਜਾਂਦੇ ।

''ਖੜ੍ਹੋ ਥੁਆਡੀ ਭੈਣ ਦੀ...'' ਸਤਿਆ ਹੋਇਆ ਬੜੀ ਵਾਰੀ ਦੁਪਹਿਰ ਵੇਲੇ ਉਹ ਨਾਲ਼ੇ ਦੀ ਪੁਲੀ ਉੱਤੇ ਬੈਠਾ ਪਤਾ ਨਹੀਂ ਕਿਸ ਕਿਸ ਨੂੰ ਗਾਲ਼ਾਂ ਕੱਢੀ ਜਾਂਦਾ । ਹਿੱਕ ਦੇ ਪੂਰੇ ਜ਼ੋਰ ਨਾਲ ਮੂੰਹ ਭਰਵੀਆਂ ਗਾਲ਼ਾਂ ਬਕਦਾ । ਮੇਰੇ ਬਾਬੇ ਵਰਗੀਆਂ ਗਾਲ਼ਾਂ । ਇੱਕ ਪਲ ਰੁਕ ਕੇ ਮੈਂ ਉਸ ਦਾ ਬਰਾਟ ਸੁਣਦਾ । ਕੀ ਇਹ ਮੇਰੇ ਬਾਬੇ ਵਰਗਾ ਨਹੀਂ? ਪਰ ਮੇਰਾ ਬਾਬਾ ਤਾਂ ਟੱਬਰ ਟੀਹਰ ਵਾਲਾ ਐ । ਇਹ ਸ਼ੁਦਾਈ?

ਮੈਂ ਉਸ ਕੋਲ ਇੱਕ ਦੋ ਪਲ ਤੋਂ ਵੱਧ ਰੁੱਕਣ ਦਾ ਸਾਹਸ ਨਾ ਕਰਦਾ ।

ਇੱਕ ਦਿਨ ਮੈਂ ਉਸ ਨੂੰ 'ਆਜ਼ਾਦ ਨਿਵਾਸ' ਦੇ ਸ੍ਹਾਮਣੇ ਮੰਦਰ ਦੇ ਪਿੱਪਲ ਨਾਲ ਢੋਅ ਲਾਈ ਦੇਖਿਆ ਸੀ । ਵਗਦੀ ਸੜਕ ਉਸ ਨੂੰ ਦੇਖ ਦੇਖ ਆਪਣਾ ਰਾਹ ਫੜ ਰਹੀ ਸੀ । ਉਸ ਦੇ ਹੱਥਾਂ ਪੈਰਾਂ 'ਤੇ ਸੱਟਾਂ ਲੱਗੀਆਂ ਹੋਈਆਂ ਸਨ । ਮੱਖੀਆਂ ਅੱਜ ਉਸ ਦਾ ਖ਼ੂਨ ਪੀ ਰਹੀਆਂ ਸਨ । ਨੰਗੇ ਜ਼ਖਮ ਦੇਖ ਨਹੀਂ ਸਨ ਹੁੰਦੇ । ਅੰਨ੍ਹੇ-ਵਾਹ ਸੜਕਾਂ ਉੱਤੇ ਆਵਾਜ਼ਾਈ ਨਾਲ ਟਕਰਾ ਜਾਂਦਾ । ਬੜਾ ਈ ਜ਼ਿੱਦੀ ਸੀ । ਕਿਸੇ ਹਿੰਡ ਪੈ ਜਾਏ ਮੁੜਦਾ ਨਾ । ਜੇ ਕਿਸੇ ਹੋਟਲ ਅੱਗੇ ਲੰਬਾ ਪੈ ਗਿਆ ਤਾਂ ਦੋ ਦੋ ਦਿਨ ਨਾ ਹਿੱਲਦਾ । ਅਗਲੇ ਅੱਕੇ ਹੋਏ ਉਸ 'ਤੇ ਡੰਡਾ ਵੀ ਫੇਰ ਦੇਂਦੇ । ਦੂਰੋਂ ਹੀ ਪੱਥਰ ਮਾਰਦੇ । ਨੇੜੇ ਤੋਂ ਮੁੱਕਾ ਮਾਰਨ ਨੂੰ ਤਾਂ ਦਿਲ ਨਹੀਂ ਸੀ ਕਰਦਾ ਕਿਸੇ ਦਾ । ਇੰਨੇ ਗੰਦੇ ਨੂੰ ਪਤਿਆਉਣ ਵੀ ਕੌਣ ਕੋਲ ਜਾਵੇ । ਉਸ ਦਾ ਹੁਲੀਆ ਦੇਖ ਕੇ ਦਿਲ ਕੱਚਾ ਹੁੰਦਾ । ਜੰਗਲੀ । ਪੱਥਰ ਵੀ ਉਹ ਬਰਾਬਰ ਚਲਾਉਂਦਾ । ਕਾਲਜ ਦੇ ਮਸਤੇ ਹੋਏ ਮੁੰਡੇ ਛੇੜ ਬਹਿੰਦੇ ਤਾਂ ਪਿੱਛਾ ਛੁਡਾਉਣਾ ਮੁਸ਼ਕਲ ਹੁੰਦਾ । ਉਸ ਦੇ ਬੜੇ ਬੜੇ ਨਹੁੰਆਂ ਤੋਂ ਭੈਅ ਆਉਂਦੀ । ਉਂਜ ਭਾਵੇਂ ਕਿਸੇ ਨੂੰ ਕੁੱਝ ਨਾ ਕਹੇ ਚੰਗੇ-ਭਲੇ ਸਾਰੇ ਈ ਉਸ ਕੋਲੋਂ ਇੱਕ ਦੂਰੀ ਤੋਂ ਗੁਜ਼ਰਦੇ ।

ਕਦੇ ਕਦੇ ਪਤਾ ਨਹੀਂ ਕਿਹੜਾ ਨਾਈ ਉਸ ਦੀ ਸ਼ੇਵ ਕਰ ਦਿੰਦਾ । ਸਿਰ ਮੁੰਨ ਦਿੰਦਾ । ਸ਼ਹਿਰ ਵਿੱਚ ਵਿਚਰਦਾ ਕਦੇ ਚਿੜਿ੍ਹਆ ਹੁੰਦਾ । ਕਦੇ ਸ਼ਾਂਤ । ਕਦੇ ਚੁੱਪ । ਕਦੇ ਖਰੂਦੀ । ਪਰ ਰੋਂਦਾ ਉਸ ਨੂੰ ਕਿਸੇ ਨਾ ਵੇਖਿਆ ਸੀ ।

ਕਿਆ ਜ਼ਿੰਦਗੀ ਸੀ!!

ਜਿਉਂ ਜਿਉਂ ਮੇਰੀ ਉਮਰ ਵਧਦੀ ਗਈ ਉਸ ਪ੍ਰਤੀ ਦਿਲ 'ਚੋਂ ਡਰ ਘਟਦਾ ਗਿਆ । ਕਿਤੇ ਕਿਤੇ ਉਸ ਦੀ ਗੱਲ ਸੁਣਨ ਨੂੰ ਮਿਲਦੀ । ਕਿਸੇ ਨੂੰ ਉਸ ਦਾ ਥਹੁ-ਟਿਕਾਣਾ ਪਤਾ ਨਹੀਂ ਸੀ । ਸਾਰਿਆਂ ਨੇ ਉਸ ਨੂੰ ਇਸ ਸ਼ਹਿਰ ਵਿੱਚ ਹੀ ਦੇਖਿਆ ਸੀ । ਸ਼ੁਦਾਈ । ਸ਼ੁਦਾਈਆਂ ਦੇ ਵੀ ਕੋਈ ਮਾਂ ਬਾਪ ਹੁੰਦੇ ਐ । ਭਾਵੇਂ ਹੋਣ ਵੀ । ਪਰ ਸ਼ੁਦਾਈ ਨੂੰ ਘਰ ਰੱਖ ਕੇ ਉਹ ਆਪਣਾ ਬੇੜਾ ਕਿਉਂ ਗਰਕ ਕਰਨ । ੲ੍ਹੀਦੇ ਵਰਗਾ ਸਾਰਿਆਂ ਦੀ ਐਸੀ ਤੈਸੀ ਫੇਰ ਦਏ । ਚੰਗਾ ਹੋਇਆ ਇਸ ਨੂੰ ਘਰੋਂ ਕੱਢ ਦਿੱਤਾ । ਹੋ ਸਕਦਾ ਐ ਪਾਗਲਖ਼ਾਨੇ ਵੀ ਭੇਜਿਆ ਹੋਵੇ । ਕਿਆ ਪਤਾ ਠੀਕ ਵੀ ਹੋ ਗਿਆ ਹੋਵੇ । ਯਾ ਪਾਗਲ ਕਰ ਦਿੱਤਾ ਹੋਵੇ ।

ਇਵੇਂ ਹੀ ਸ਼ੁਦਾਈ ਦੀ ਜ਼ਿੰਦਗੀ ਬਾਰੇ ਕਈ ਕਿਆਫ਼ੇ ਅਚਨਚੇਤ ਮੇਰੇ ਮਨ ਵਿੱਚੋਂ ਗੁਜ਼ਰ ਜਾਂਦੇ । ਪਿਛਲੇ ਸਮੇਂ ਮੈਂ ਉਸ ਨੂੰ ਉਹੀ ਹਰਕਤਾਂ ਦੁਹਰਾਉਂਦੇ ਦੇਖਿਆ ਸੁਣਿਆ ਸੀ । ਲੋਕਾਂ ਦਾ ਰਵੱਈਆਂ ਉਵੇਂ ਹੀ ਸੀ ।

ਲੋਕ ਵੀ ਮਜਬੂਰ ਸਨ ।

ਮੇਰੇ ਜੁਆਨ ਹੋਣ ਤੱਕ ਉਹ ਬੁੱਢਾ ਹੋ ਗਿਆ ਸੀ । ਦੰਦ ਨਾ ਰਹੇ । ਧੌਲੇ ਆ ਗਏ ।

ਅਜੇ ਪਿਛਲੇ ਮਹੀਨੇ ਤਾਂ ਉਹ ਮੈਨੂੰ ਟੱਕਰਿਆ ਸੀ । ਮੈਂ ਹਣਸੂ ਮੋਚੀ ਕੋਲੋਂ ਜੁੱਤੀ ਨੂੰ ਟਾਂਕੇ ਲੁਆ ਰਿਹਾ ਸਾਂ । ਉਹ ਹਣਸੂ ਦੀ ਝੁੱਗੀ ਕੋਲ ਲੇਟਿਆ ਹੋਇਆ ਸੀ । ਹਣਸੂ ਦੱਸ ਰਿਹਾ ਸੀ ਕਿ ਬਚਨਾ ਹੁਣ ਕਈ ਮਹੀਨਿਆਂ ਤੋਂ ਉਸ ਕੋਲ ਹੀ ਰਹਿੰਦਾ ਐ । ਚਾਹ ਸਿਗਰਟ ਉਸ ਨੂੰ ਪਿਲਾਅ ਦਿੰਦਾ ਸੀ । ਭੰਗ ਵਾਲੀ ਸਿਗਰਟ ਦਾ ਸ਼ੁਕੀਨ ਸੀ । ਉਦੋਂ ਵੀ ਉਹ ਸਿਗਰਟ ਹੀ ਪੀ ਰਿਹਾ ਸੀ । ਉਸ ਨੇ ਪੂਰੀ ਸਿਗਰਟ ਪੀਤੀ ਸੀ । ਉਸ ਵੇਲੇ ਸੁੱਟੀ ਸੀ ਜਦੋਂ ਅੱਗ ਉਸ ਦੇ ਪੋਟਿਆਂ ਨੂੰ ਛੂਹ ਗਈ ਸੀ । ਹਣਸੂ ਉਸ ਨੂੰ 'ਬਾਬਿਓ' ਕਹਿ ਕੇ ਬੁਲਾ ਰਿਹਾ ਸੀ । ਉਸ ਨੇ 'ਬਾਬਿਆਂ' ਨੂੰ ਆਪਣੇ ਵਾਲੀ ਸਿਗਰਟ ਫੜਾ ਦਿੱਤੀ ਪਰ ਸਿਗਰਟ ਉਸ ਨੇ ਪੋਟਿਆ 'ਚ ਈ ਫੜੀ ਰੱਖੀ । ਪੀਤੀ ਨਹੀਂ ਸੀ । ਧੁਖ ਧੁਖ ਝੜਦੀ ਸਿਗਰਟ ਹਣਸੂ ਨੇ ਫੜ ਕੇ ਪੀਣੀ ਸ਼ੁਰੂ ਕਰ ਦਿੱਤੀ ਸੀ । ਤੇ ਸ਼ੁਦਾਈ ਬਾਹਾਂ 'ਚ ਸਿਰ ਵਲ੍ਹੇਟ ਕੇ ਪਿੱਛੇ ਨੂੰ ਢਿਲਕ ਗਿਆ ਸੀ । ਹਣਸੂ ਇਹ ਵੀ ਦੱਸ ਰਿਹਾ ਸੀ ਕਿ ਬਚਨਾ ਹੁਣ ਪਹਿਲਾਂ ਵਾਲੀਆਂ ਹਰਕਤਾਂ ਨਹੀਂ ਕਰਦਾ । ਸਾਰੀ ਉਮਰ ਇੱਲਤਾਂ ਕਰ ਵੀ ਕੌਣ ਸਕਦਾ ਐ?

ਤੇ ਹੁਣ ਉਸ ਹਰਕਤ ਕਿੱਥੋਂ ਕਰਨੀ ਸੀ ।

...ਅੱਜ ਉਹ ਮਰ ਗਿਆ ਸੀ । ਬੱਚਿਆਂ ਨੇ ਖੇਡਦੇ ਖੇਡਦੇ ਉਸ ਨੂੰ ਹਰ ਰੋਜ਼ ਮਾਰਿਆ ਸੀ:

''ਬਚਨਾ ਸਦਾਈ ਮਰ ਗਿਆ । ਬਚਨੀ ਨੂੰ ਰੰਡੀ ਕਰ ਗਿਆ । ਹਈ ਸ਼ਾਬਾ ਮਰ ਗਿਆ ।''

ਰਾਤ ਹੋਈ ਤਾਂ ਮੈਂ ਕੋਠੇ ਉੱਤੇ ਬਾਪੂ ਕੋਲ ਜਾ ਬੈਠਿਆ । ਜਦੋਂ ਦੀ ਖ਼ਬਰ ਸੁਣੀ ਸੀ ਮੈਂ ਸ਼ੁਦਾਈ ਬਾਰੇ ਹੀ ਸੋਚ ਰਿਹਾ ਸਾਂ । ਤੇ ਉਸ ਬਾਰੇ ਕਿਸੇ ਨਾਲ ਗੱਲ ਕਰਨੀ ਚਾਹੁੰਦਾ ਸਾਂ । ਮੇਰਾ ਖ਼ਿਆਲ ਸੀ ਕਿ ਉਸ ਦੀ ਲਾਸ਼ ਦਾ ਬਹੁਤ ਬੁਰਾ ਹਾਲ ਹੋਏਗਾ । ਸੁਣਿਆ ਸੀ ਕਿ ਦੂਰੋਂ ਦੂਰੋਂ ਰਿਸ਼ਤੇਦਾਰ ਇਕੱਠੇ ਹੋਣ ਦੀ ਉਡੀਕ 'ਚ ਲਾਸ਼ ਬਰਫ਼ 'ਚ ਲਾ ਦਿੱਤੀ । ਪਰ ਇਸ ਵਿਚਾਰੇ ਦਾ ਤਾਂ ਕੋਈ ਨਹੀਂ । ਇਸ ਦੀ ਲਾਸ਼ ਨੂੰ ਕੁੱਤੇ ਬਿੱਲੇ ਖਿੱਚੀ ਫਿਰਨਗੇ । ਚਲੋ ਕੋਈ ਨਾ । ਜਿਵੇਂ ਹੈ ਉਵੇਂ ਈ ਸਈ । ਪਹਿਲਾਂ ਕਿਹੜਾ ਉਹ ਜਿਊਂਦਾ ਸੀ । ਕੁੱਤਿਆਂ ਵਾਂਗ ਹੀ ਆਪਣੀ ਲਾਸ਼ ਨੂੰ ਘੜੀਸੀ ਫਿਰਦਾ ਸੀ; ਨਹੀਂ ਤਾਂ ਬੜੀ ਹੱਦ ਮਿਊਂਸਪੈਲਿਟੀ ਵਾਲੇ, ਕੂੜੇ ਵਾਲੀ ਟਰਾਲੀ ਦਾ ਇੱਕ ਗੇੜਾ ਲਾ ਆਉਣਗੇ । ਇਹ ਉਹਨਾਂ ਦੀ ਡਿਊਟੀ ਐ । ਮੁਰਦਾ ਡੰਗਰਾਂ ਪ੍ਰਤੀ ਉਨ੍ਹਾਂ ਨੂੰ ਕੋਈ ਫ਼ਿਕਰ ਨਹੀਂ । ਮੁਰਦਾ ਡੰਗਰਾਂ ਦਾ ਤਾਂ ਪਹਿਲਾਂ ਹੀ ਠੇਕਾ ਦਿੱਤਾ ਹੋਇਆ ਐ । ਦੋ ਠੇਕੇਦਾਰ ਐ । ਮੁਰਦਾ ਡੰਗਰ ਚੁੱਕਣ ਵੇਲੇ ਤਾਂ ਦੋਵੇਂ ਠੇਕੇਦਾਰਾਂ ਦੀ ਲੜਾਈ ਠਾਣੇ ਜਾ ਕੇ ਸੁਲਝਦੀ ਐ । ਦੋਵੇਂ ਕਹਿੰਦੇ ਐ ਕਿ ਬੱਛੀ ਉਸ ਦੀ ਹਦੂਦ ਵਿੱਚ ਮਰੀ ਸੀ । ਪਰ ਸ਼ੁਦਾਈ ... ਇਸ ਦੀ ਲੋਥ ਨੂੰ ਤਾਂ ਮਿਊਂਸਪੈਲਿਟੀ ਆਪ ਹੀ ਸਮੇਟੇਗੀ । ਪਰ ਕਦੋਂ? ਸਮੇਟ ਲਵੇਗੀ । ਕਾਹਲ ਕਾਹਦੀ? ਉਹ ਮੱਖੀਆਂ ਨੂੰ ਮਾਰਦਾ ਸੀ । ਉਸ ਦੇ ਮਰਨ 'ਤੇ ਅਜੇ ਮੱਖੀਆਂ ਨੂੰ ''ਤੂਤਕ ਤੂਤਕ'' ਤਾਂ ਕਰ ਲੈਣ ਦਿਓ ।

ਮੈਂ ਬਾਪੂ ਦੇ ਪੈਂਦੀ ਬਹਿ ਗਿਆ । ਬਾਪੂ ਨੇ ਅਜੇ ਸਿਗਰਟ ਲਾਈ ਹੀ ਸੀ ।

''ਬਾਪੂ...! '' ਮੈਂ ਇੰਨਾਂ ਹੀ ਬੋਲ ਸਕਿਆ ਕਿ ਬਾਪੂ ਸ਼ੁਰੂ ਹੋ ਗਿਆ । ਜਿਵੇਂ ਕੋਈ ਗੱਲ ਜ਼ੋਰ ਪਾ ਰਹੀ ਹੋਵੇ ।

''ਬੜਾ 'ਕੱਠ ਹੋਇਆ ਬਈ । ਬੜੇ ਬੜੇ ਲੋਕ ਆਏ ਬੇ ਤੇ । ਬਾਣੀਏਾ । ਬਜਾਜ । ਓ ਪਰਲੇ ਸਬਜ਼ੀ ਮੰਡੀ ਆਲੇ । ਸਾਰੇ । ਦੁਆ ਬੜਾ ਠੇਕੇਦਾਰ । ਮਿੱਤਲ । ਆਲੂ ਮੰਡੀ ਆਲੇ । ਸਾਰਾ ਬਜ਼ਾਰ 'ਕੱਠਾ ਹੋਇਆ ਬਾ ਤਾ । ਬਾਲਣ ਵੀ ਬਹੁਤ 'ਕੱਠਾ ਹੋਇਆ । ਕੋਈ ਅੰਤ ਨੀਂ ਰਿਹਾ । ਸਾਰਿਆਂ ਨੇ ਆਪਣੇ ਆਪਣੇ ਦੁਸ਼ਾਲੇ ਪਾਏ । ਚਿੱਟੇ ਕੱਫਣ । ਚੰਗੇ ਤੋਂ ਚੰਗੇ । ਐਂ ਤਾਂ ਜਿਕਣਾ ਕੋਈ ਰਜਵਾੜਾ ਮਰ ਗਿਆ ਹੋਬੇ । ਬਦਲ ਬਦਲ ਕੇ ਅਰਥੀ ਲੇ ਗੇ । ਸਾਰੇ ਮੁੰਡੇ 'ਕੱਠੇ ਹੋਏ ਬੇ ਤੇ । ਬਬਾਨ ਵੀ ਕੱਢਿਆ । ਹੋਰ ਕਿਆ! 'ਆਜ਼ਾਦ ਹਿੰਦ ਬੈਂਡ' ਆਲੇ ਨੇ ਮੁਖਤੀ ਬਜਾਇਆ । ਪੂਰਾ ਜਲੂਸ ਤਾ ਮਜ਼ਲ ਵਿੱਚ...''

ਬਾਪੂ ਬੜੀ ਦੇਰ ਇਸੇ ਰੁਕ ਵਿੱਚ ਬੋਲਦਾ ਗਿਆ । ਬਾਪੂ ਨੇ ਤਾਂ ਮੇਰੀ ਸੋਚ ਈ ਫ਼ੇਲ੍ਹ ਕਰ ਦਿੱਤੀ । ਠੀਕ ਐ ਉਸ ਦਾ ਕੋਈ ਨਹੀਂ ਸੀ । ਬਥੇਰੇ ਐ ਜਿਹਨਾਂ ਦੇ ਅੱਗੇ ਪਿੱਛੇ ਕੋਈ ਨੀਂ ਹੁੰਦੇ । ਪਰ ਮਰੇ ਦਾ ਕਿਰਿਆ-ਕਰਮ ਕਰਨਾ ਤਾਂ ਬਣਦਾ ਈ ਐ । ਨਹੀਂ ਤਾਂ ਸ਼ਹਿਰੋ ਸ਼ਹਿਰ ਖ਼ਬਰ ਫੈਲਦੀ ਕਿ ਇਹ ਸ਼ਹਿਰ ਈ ਜਿੱਥੇ ਬੜੇ ਖੱਬੀਖ਼ਾਨ ਰਹਿੰਦੇ ਐ... ਮੁਰਦਿਆਂ... ਸ਼ੁਦਾਈਆਂ ਦਾ ਐ... ਜਿਹਨਾਂ ਸਾਲਿਆਂ ਤੋਂ ਇੱਕ ਸ਼ੁਦਾਈ ਨੀਂ ਕਿਓਟ ਹੋਇਆ । ਪੂਰੇ ਸ਼ਹਿਰ ਨੇ ਬਚਨੇ ਦਾ ਸਿਵਾ ਬਲਦਾ ਦੇਖਿਆ ।

''ਸਾਰੇ ਸ਼ਹਿਰ ਦੀ ਰੌਣਕ ਸੀ'' ਲੋਕ ਕਹਿੰਦੇ ।

''ਸਭ ਨੇ ਚਲੇ ਜਾਣਾ ਜੀ ਇੱਕ ਦਿਨ । ਕਿਸੇ ਨੀਂ ਰਹਿਣਾ'' ਹਣਸੂ ਅੰਦਰੋਂ ਬਹੁਤ ਉਦਾਸ ਸੀ ।

ਸ਼ੁਦਾਈ ਸਾਰੇ ਸ਼ਹਿਰ ਨੂੰ ਮੌਤ ਯਾਦ ਕਰਾ ਗਿਆ ਸੀ । ਮੋਹਤਬਰ ਲੋਕਾਂ ਦਾ ਵਿਚਾਰ ਸੀ ਕਿ ਪੈਸੇ 'ਕੱਠੇ ਕਰ ਕੇ ਉਸ ਦੀ ਪੱਕੀ ਮੜ੍ਹੀ ਤਿਆਰ ਕੀਤੀ ਜਾਵੇ । ਬਾਕੀ ਮੜ੍ਹੀਆਂ ਵੀ ਤਾਂ ਲੋਕ ਪੂਜਦੇ ਈ ਐ । ''ਨਾਲੇ ਉਹ ਤਾਂ ਦਰਵੇਸ਼ ਆਤਮਾ ਸੀ । ਫੁੱਰਰ ਦੇ ਕੇ ਉੜ ਗੀ'' ਕਈ ਗੱਲਾਂ ਕਰਦੇ । ਕਈਆਂ ਨੇ ਅੱਖਾਂ ਭਰੀਆਂ । ਪੂਰੇ ਸ਼ਹਿਰ 'ਤੇ ਮਾਤਮ ਛਾਇਆ ਹੋਇਆ ਸੀ । ਹਰ ਇੱਕ ਨਾਲ ਜਿਵੇਂ ਉਸ ਦੀ ਸਾਂਝ ਸੀ । ਹਰ ਕੋਈ ਦੇਖੀ ਸੁਣੀ ਗੱਲ ਦੂਸਰੇ ਨੂੰ ਦੱਸ ਕੇ ਬਚਨੇ ਨੂੰ ਯਾਦ ਕਰ ਰਿਹਾ ਸੀ । ''ਫਕੀਰ ਤਾ । ਉਦ੍ਹੀ ਮੜ੍ਹੀ ਪਰ ਦੁੱਧ ਚੜ੍ਹੇ ਕਰੂੰਗਾ । ਸੁੱਖਾਂ ਵਰ ਆਊਂਗੀਆਂ ।''

  • ਮੁੱਖ ਪੰਨਾ : ਕਹਾਣੀਆਂ, ਬਲੀਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ