Sharab Pio-Sikhia Bachao : Dr. Faqir Chand Shukla
ਸ਼ਰਾਬ ਪੀਓ- ਸਿੱਖਿਆ ਬਚਾਓ (ਵਿਅੰਗ) : ਫ਼ਕੀਰ ਚੰਦ ਸ਼ੁਕਲਾ
ਸਕੂਲ ਵਿੱਚ ਸਾਡੇ ਸਤਿਕਾਰਯੋਗ ਅਧਿਆਪਕ, ਮਾਸਟਰ ਬਨਾਰਸੀ ਦਾਸ ਜੀ ਪੜ੍ਹਾਇਆ ਕਰਦੇ ਸਨ ਕਿ ਵਿੱਦਿਆ ਉਹ ਧਨ ਹੈ ਜਿਸ ਨੂੰ ਨਾ ਚੋਰ ਚੁਰਾ ਸਕਦਾ ਹੈ, ਨਾ ਹੀ ਵੰਡਣ ’ਤੇ ਘਟਦਾ ਹੈ ਅਤੇ ਜਿਸ ਦਾ ਕੋਈ ਮੁੱਲ ਨਹੀਂ ਭਾਵ ਅਨਮੋਲ ਹੁੰਦਾ ਹੈ। ਅਸੀਂ ਵੀ ਇਸ ਨੂੰ ਤੋਤੇ ਵਾਂਗ ਰਟ ਲਿਆ ਸੀ ਅਤੇ ਹੁਣ ਤਕਰੀਬਨ ਸੱਠ ਸਾਲ ਬੀਤ ਜਾਣ ਮਗਰੋਂ ਵੀ ਉਨ੍ਹਾਂ ਦਾ ਕਥਨ ਸਹੀ ਜਾਪਦਾ ਹੈ।
ਭਲਾ! ਵਿੱਦਿਆ ਧਨ ਨੂੰ ਚੋਰ ਕਾਹਦੇ ਲਈ ਚੁਰਾਵੇਗਾ? ਇਹ ਕੋਈ ਪਿਆਜ਼ ਤਾਂ ਹੈ ਨਹੀਂ, ਜਿਸ ਦਾ ਭਾਅ ਰਾਕੇਟ ਵਾਂਗ ਆਸਮਾਨੀ ਚੜ੍ਹ ਜਾਵੇਗਾ। ਚੋਰ ਨੇ ਕੁਝ ਚੁਰਾਉਣਾ ਹੀ ਹੋਇਆ ਤਾਂ ਬੋਰਡ ਜਾਂ ਪੀਐੱਮਟੀ ਦੀਆਂ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਜਾਂ ਉੱਤਰ ਕਾਪੀਆਂ ਚੁਰਾਵੇਗਾ। ਇੱਕ ਪ੍ਰਸ਼ਨ ਪੱਤਰ ਚੋਰੀ ਕਰਨ ਨਾਲ ਕਿੰਨੇ ਵਿਦਿਆਰਥੀਆਂ ਦਾ ਭਲਾ ਹੁੰਦਾ ਹੈ, ਇਹ ਮਾਸਟਰ ਨੇਕ ਚੰਦ ਤੋਂ ਬਿਨਾਂ ਹੋਰ ਕੌਣ ਦੱਸ ਸਕਦਾ ਹੈ! ਪਿਛਲੇ ਸਾਲ ਮੈਟ੍ਰਿਕ ਦੀ ਪ੍ਰੀਖਿਆ ਦੇ ਦਿਨਾਂ ਵਿੱਚ ਹਿਸਾਬ ਦੇ ਪਰਚੇ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਦੇ ਹੱਥ ਇਹ ਪੇਪਰ ਲੱਗ ਗਿਆ ਸੀ। ਹੁਣ ਉਨ੍ਹਾਂ ਦੀ ਨੇਕਦਿਲੀ ਵੇਖੋ ਕਿ ਉਨ੍ਹਾਂ ਨੇ ਤੁਰੰਤ ਉਸ ਦੀਆਂ ਫੋਟੋ ਕਾਪੀਆਂ ਕਰਵਾ ਕੇ 200-300 ਰੁਪਏ ਪ੍ਰਤੀ ਕਾਪੀ ਦੇ ਹਿਸਾਬ ਨਾਲ ਵੇਚ ਦਿੱਤੀਆਂ। ਮਾਸਟਰ ਨੇਕ ਚੰਦ ਜੀ ਨੇ ਇਹ ਕੰਮ ਇੰਨੇ ਘੱਟ ਸਮੇਂ ਵਿੱਚ ਨੇਪਰੇ ਚਾੜ੍ਹਿਆ ਕਿ ਸੁਨਾਮੀ ਦੀ ਰਫ਼ਤਾਰ ਨੂੰ ਵੀ ਮਾਤ ਪਾ ਦਿੱਤੀ। ਇਹ ਵੀ ਉਨ੍ਹਾਂ ਦੀ ਨੇਕੀ ਦਾ ਹੀ ਕਮਾਲ ਸੀ ਕਿ ਇੱਕੋ ਰਾਤ ਵਿੱਚ ਪ੍ਰਸ਼ਨ ਪੱਤਰ ਦੀਆਂ ਹਜ਼ਾਰਾਂ ਕਾਪੀਆਂ ਵੇਚ ਦਿੱਤੀਆਂ, ਪਰ ਫਿਰ ਵੀ ਪ੍ਰਸ਼ਨ ਪੱਤਰਾਂ ਦੀ ਕੋਈ ਘਾਟ ਨਹੀਂ ਆਈ ਭਾਵ ਵਿੱਦਿਆ ਧਨ ਘਟਿਆ ਨਹੀਂ। ਵਿੱਦਿਆ ਧਨ ਵੰਡਣ ਪੱਖੋਂ ਨੇਕ ਚੰਦ ਤੋਂ ਇਲਾਵਾ ਹੋਰ ਕੋਈ ਨੇਕਦਿਲ ਤੇ ਫ਼ਰਾਖਦਿਲ ਕਿਵੇਂ ਹੋ ਸਕਦਾ ਹੈ!
ਸਾਡੇ ਪ੍ਰੋ. ਧਰਮ ਚੰਦ ਵੀ ਕਿਸੇ ਤੋਂ ਘੱਟ ਨਹੀਂ। ਸਵੇਰੇ ਸ਼ਾਮ ਵਿਦਿਆਰਥੀਆਂ ਦੇ ਗਰੁੱਪ ਲਾਉਂਦੇ ਹਨ। ਹਰ ਗਰੁੱਪ ਵਿੱਚ 45-50 ਬੱਚੇ ਹੁੰਦੇ ਹਨ। ਇੰਨੇ ਗਰੁੱਪ ਲਾ ਕੇ ਅਤੇ ਇੰਨੇ ਵਿਦਿਆਰਥੀਆਂ ਨੂੰ ਟਿਊਸ਼ਨ ਪੜ੍ਹਾਉਣ ਦੇ ਬਾਵਜੂਦ ਉਨ੍ਹਾਂ ਨੇ ਵਿੱਦਿਆ ਧਨ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ। ਇਹ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਸਾਡੇ ਪੂਜਨੀਕ ਮਾਸਟਰ ਬਨਾਰਸੀ ਦਾਸ ਨੇ ਅੱਜ ਤੋਂ ਪਚਵੰਜਾ-ਛਪੰਜਾ ਸਾਲ ਪਹਿਲਾਂ ਜਿਹੜਾ ਗਿਆਨ ਸਾਨੂੰ ਦਿੱਤਾ ਸੀ, ਉਹ ਅੱਜ ਵੀ ਅਸ਼ੋਕ ਦੀ ਲਾਟ ਵਾਂਗ ਅਡਿੱਗ ਖਲੋਤਾ ਹੈ।
ਵਿੱਦਿਆ ਸੱਚਮੁੱਚ ਹੀ ਅਨਮੋਲ ਹੈ। ਇਸ ਨੂੰ ਕੋਈ ਖ਼ਰੀਦ ਨਹੀਂ ਸਕਦਾ। ਇਹ ਵੱਖਰੀ ਗੱਲ ਹੈ ਕਿ ਮੇਰੇ ਪੁੱਤਰ ਦੀ ਮੈਰਿਟ ਵਿੱਚ ਪੁਜ਼ੀਸ਼ਨ ਹੋਣ ਦੇ ਬਾਵਜੂਦ ਉਸ ਨੂੰ ਮੈਡੀਕਲ ਵਿੱਚ ਦਾਖ਼ਲਾ ਨਹੀਂ ਮਿਲਿਆ ਸੀ। ਦੂਜੇ ਪਾਸੇ ਨਿਰਧਨ ਦਾਸ ਦਾ ‘ਹੋਣਹਾਰ’ ਬੇਟਾ ਮਸਾਂ ਸੈਕਿੰਡ ਡਿਵੀਜ਼ਨ ਵਿੱਚ ਪਾਸ ਹੋਇਆ ਸੀ। ਉਸ ਨੂੰ ਇੱਕ ਮੰਨੇ-ਪ੍ਰਮੰਨੇ ਮੈਡੀਕਲ ਕਾਲਜ ਵਿੱਚ ਦਾਖ਼ਲਾ ਮਿਲ ਗਿਆ ਸੀ ਕਿਉਂਕਿ ਉਸ ਨੇ ਵਿਦੇਸ਼ ਰਹਿੰਦੇ ਆਪਣੇ ਰਿਸ਼ਤੇਦਾਰਾਂ ਤੋਂ ਡਾਲਰ ਮੰਗਵਾਏ ਸਨ ਅਤੇ ਐੱਨਐੱਰਆਈ ਕੋਟੇ ਦੀ ਸੀਟ ਲੈ ਲਈ ਸੀ।
+++
‘ਅਖ਼ਬਾਰਾਂ ਵਿੱਚ ਅਕਸਰ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਕਿ ਸਾਡੀ ਸਰਕਾਰ ’ਤੇ ਆਰਥਿਕ ਸੰਕਟ ਦੇ ਬੱਦਲ ਛਾਏ ਹੋਏ ਹਨ। ਬੱਦਲ ਕੀ ਛਾਏ ਹੋਏ ਹਨ, ਮੋਹਲੇਧਾਰ ਮੀਂਹ ਪੈਣ ਵਾਲਾ ਹੈ। ਕਰਮਚਾਰੀਆਂ ਨੂੰ ਸਮੇਂ ਸਿਰ ਤਨਖ਼ਾਹ ਨਹੀਂ ਮਿਲਦੀ। ਉਨ੍ਹਾਂ ਦੇ ਟੀਏ, ਪੀਐੱਫ਼ ਤੇ ਬਿੱਲਾਂ ਦਾ ਭੁਗਤਾਨ ਲਟਕ ਜਾਣਾ ਅੱਜਕੱਲ੍ਹ ਆਮ ਗੱਲ ਹੋ ਗਈ ਹੈ। ਕੀ ਬਣੇਗਾ ਸਾਡੇ ਦੇਸ਼ ਦਾ! ਇਸ ਸਮੱਸਿਆ ਤੋਂ ਛੁਟਕਾਰਾ ਕਿਵੇਂ ਮਿਲੇਗਾ।’ ਮੈਂ ਇਸ ਗੰਭੀਰ ਸਮੱਸਿਆ ’ਤੇ ਵਿਚਾਰ ਕਰਦਾ ਹੋਇਆ ਜਾ ਰਿਹਾ ਸੀ ਕਿ ਅਚਾਨਕ ਸੜਕ ਦੇ ਦੂਜੇ ਪਾਸੇ ਨਵੇਂ ਖੁੱਲ੍ਹੇ ਠੇਕੇ ’ਤੇ ਮਾਸਟਰ ਵਿਦਿਆ ਸਾਗਰ ਨੂੰ ਖਲੋਤਿਆਂ ਵੇਖ ਕੇ ਹੱਕਾ ਬੱਕਾ ਰਹਿ ਗਿਆ। ਉਨ੍ਹਾਂ ਦੇ ਦੋਵਾਂ ਹੱਥਾਂ ਵਿੱਚ ਗੇਂਦੇ ਦੇ ਤਾਜ਼ੇ ਫੁੱਲਾਂ ਦੇ ਹਾਰ ਸਨ। ਮੈਨੂੰ ਆਪਣੀਆਂ ਅੱਖਾਂ ’ਤੇ ਪਾਕਿਸਤਾਨ ਦੇ ਸਮਝੌਤੇ ਵਾਂਗ ਵਿਸ਼ਵਾਸ ਨਹੀਂ ਹੋਇਆ।
ਲਾਗੇ ਪਹੁੰਚਦਿਆਂ ਸਾਰ ਮੈਂ ਸਹਿਜ ਸੁਭਾਅ ਪੁੱਛ ਲਿਆ, ‘‘ਮਾਸਟਰ ਜੀ, ਤੁਸੀਂ ਇੱਥੇ?’’
ਇਹ ਸੁਣਦਿਆਂ ਹੀ ਉਨ੍ਹਾਂ ਦੇ ਭਰਵੱਟੇ ਤਣ ਗਏ ਸਨ, ‘‘ਕਿਉਂ ਬਈ, ਇੱਥੇ ਕੀ ਖਰਾਬੀ ਹੈ?’’
ਮੈਨੂੰ ਆਪਣੇ ਕੰਨਾਂ ’ਤੇ ਜਿਵੇਂ ਯਕੀਨ ਨਹੀਂ ਆਇਆ। ਮੈਂ ਸੋਚੀਂ ਪੈ ਗਿਆ ਸਾਂ ਕਿ ਇਹ ਉਹੀ ਮਾਸਟਰ ਵਿਦਿਆ ਸਾਗਰ ਹਨ ਜਿਨ੍ਹਾਂ ਮੇਰੇ ਪੁੱਤਰ ਨੂੰ ਇਸ ਕਰਕੇ ਕੁਟਾਪਾ ਚਾੜ੍ਹ ਦਿੱਤਾ ਸੀ ਕਿਉਂਕਿ ਉਨ੍ਹਾਂ ਨੇ ਉਸ ਨੂੰ ਇੱਕ ਸਿਨਮੇ ਮੂਹਰੇ ਫ਼ਿਲਮੀ ਪੋਸਟਰ ਪੜ੍ਹਦਿਆਂ ਵੇਖ ਲਿਆ ਸੀ। ਮੇਰੇ ਵੱਲੋਂ ਉਲਾਂਭਾ ਦੇਣ ’ਤੇ ਉਨ੍ਹਾਂ ਨੇ ਮੈਨੂੰ ਇਨ੍ਹਾਂ ਸ਼ਬਦਾਂ ਨਾਲ ਨਿਰਉੱਤਰ ਕਰ ਦਿੱਤਾ ਸੀ, ‘‘…ਇੰਨੇ ਅਸ਼ਲੀਲ ਪੋਸਟਰ ਵੇਖ ਕੇ ਬੱਚਿਆਂ ਦੀ ਬੁੱਧੀ ਭ੍ਰਿਸ਼ਟ ਨਹੀਂ ਹੋਵੇਗੀ ਤਾਂ ਹੋਰ ਕੀ ਹੋਵੇਗਾ…?’’ ਤੇ ਅੱਜ ਉਹੀ ਮਾਸਟਰ ਵਿਦਿਆ ਸਾਗਰ ਠੇਕੇ ਮੂਹਰੇ ਖਲੋਤੇ ਕਿਹੋ ਜਿਹਾ ਆਚਰਨ ਸੁਧਾਰ ਰਹੇ ਸਨ!
‘‘ਜੀ ਖਰਾਬੀ ਤਾਂ ਕੁਝ ਨ੍ਹੀਂ,’’ ਕੁਝ ਕਹਿਣ ਲਈ ਮੈਨੂੰ ਜਿਵੇਂ ਸ਼ਬਦ ਨਹੀਂ ਸਨ ਮਿਲ ਰਹੇ, ‘‘ਆਪ ਜੀ ਨੂੰ ਇੱਥੇ ਵੇਖ ਕੇ…’’
‘‘ਨਾ ਮੈਨੂੰ ਇੱਥੇ ਵੇਖ ਕੇ ਕੀ ਕਸ਼ਟ ਹੋ ਗਿਆ?’’ ਉਨ੍ਹਾਂ ਦੀ ਆਵਾਜ਼ ਤਲਖ਼ੀ ਭਰੀ ਸੀ, ‘‘ਤੁਹਾਨੂੰ ਕੁਝ ਪਤਾ ਵੀ ਏ ਪੰਜਾਬ ਕਿੰਨੇ ਸੰਕਟ ’ਚੋਂ ਗੁਜ਼ਰ ਰਿਹਾ ਹੈ…।’’
‘‘ਜੀ…?’’
‘‘ਮਹਿੰਗਾਈ ਆਸਮਾਨ ਛੂਹ ਰਹੀ ਹੈ। ਸਰਕਾਰ ਦਾ ਖ਼ਜ਼ਾਨਾ ਖਾਲੀ ਹੋ ਰਿਹਾ ਹੈ। ਕਰਮਚਾਰੀਆਂ ਨੂੰ ਤਨਖ਼ਾਹ ਮੁਸ਼ਕਿਲ ਨਾਲ ਮਿਲਦੀ ਹੈ। ਸਾਰੇ ਪੰਜਾਬ ਨੂੰ ਘੋਰ ਆਰਥਿਕ ਸੰਕਟ ਨੇ ਜਕੜਿਆ ਹੋਇਆ ਹੈ,’’ ਏਧਰ ਉਹ ਬਗੈਰ ਬਰੇਕਾਂ ਲਾਏ ਬੋਲੀ ਜਾ ਰਹੇ ਸਨ, ਓਧਰ ਮੈਨੂੰ ਸ਼ੱਕ ਹੋਣ ਲੱਗਾ ਸੀ ਕਿ ਕਿਤੇ ਮਾਸਟਰ ਜੀ ਟੱਲੀ ਤਾਂ ਨਹੀਂ ਹੋ ਗਏ। ਖ਼ੈਰ! ਮੈਂ ਹੌਸਲਾ ਕਰ ਕੇ ਪੁੱਛ ਹੀ ਲਿਆ ਸੀ, ‘‘ਪਰ ਪੰਜਾਬ ਦੇ ਆਰਥਿਕ ਸੰਕਟ ਦਾ ਤੁਹਾਡੇ ਇੱਥੇ ਖਲੋਣ ਨਾਲ ਕੀ ਸਬੰਧ?’’ ‘‘ਇਹ ਤੇਰੀ ਸਮਝ ’ਚ ਨਹੀਂ ਆਉਣ ਲੱਗਿਆ ਬੇਅਕਲ ਮਨੁੱਖ,’’ ਉਨ੍ਹਾਂ ਮੇਰੇ ਵੱਲ ਘੂਰ ਕੇ ਵੇਖਦਿਆਂ ਕਿਹਾ, ‘‘ਮੰਨ ਲਓ ਕੱਲ੍ਹ ਨੂੰ ਮੇਰੀ ਛਾਂਟੀ ਹੋ ਜਾਂਦੀ ਹੈ ਤਾਂ ਮੇਰੇ ਟੱਬਰ ਦਾ ਹਸ਼ਰ ਵੀ ਨਵਾਜ਼ ਸ਼ਰੀਫ਼ ਵਾਂਗ ਕਰਵਾਉਣਾ ਚਾਹੁੰਦਾ ਹੈਂ! ਕਿਵੇਂ ਗੁਜ਼ਾਰਾ ਕਰਾਂਗੇ ਅਸੀਂ!’’
ਮੈਂ ਤਾਂ ਜਿਵੇਂ ਬੌਂਦਲ ਗਿਆ ਸੀ। ਸੋਚਣ ਸਮਝਣ ਦੀ ਸ਼ਕਤੀ ਜਿਵੇਂ ਜਵਾਬ ਦੇ ਗਈ ਸੀ। ਮੈਨੂੰ ਆਪਣੇ ਵੱਲ ਟਿਕਟਿਕੀ ਲਾ ਕੇ ਤੱਕਦਿਆਂ ਵੇਖ ਉਨ੍ਹਾਂ ਨੇ ਇੰਕਸ਼ਾਫ਼ ਕੀਤਾ, ‘‘ਕੀ ਤੈਨੂੰ ਇੰਨਾ ਵੀ ਨਹੀਂ ਪਤਾ ਕਿ ਸਰਕਾਰ ਵੱਲੋਂ ਨਵੀਂ ਬਣਾਈ ਐਕਸਾਈਜ਼ ਨੀਤੀ ਅਨੁਸਾਰ ਸ਼ਰਾਬ ਪੀਣ ਵਾਲੇ ਇਸ ਸਾਲ 240 ਕਰੋੜ ਰੁਪਏ ਤੋਂ ਵੱਧ ਦਾ ਯੋਗਦਾਨ ਸਰਕਾਰ ਨੂੰ ਦੇਣਗੇ ਜਿਸ ਵਿੱਚੋਂ ਦਸ ਫ਼ੀਸਦੀ ਧਨ ਸਿੱਖਿਆ ’ਤੇ ਖ਼ਰਚ ਕੀਤਾ ਜਾਵੇਗਾ। ਇਸ ਲਈ ਜਿੰਨੀਆਂ ਜ਼ਿਆਦਾ ਬੋਤਲਾਂ ਸ਼ਰਾਬ ਦੀਆਂ ਵਿਕਣਗੀਆਂ, ਓਨਾ ਹੀ ਜ਼ਿਆਦਾ ਟੈਕਸ ਇਕੱਠਾ ਹੋਵੇਗਾ। ਇਸ ਤਰ੍ਹਾਂ ਨਾ ਤਾਂ ਸਿੱਖਿਆ ਸੰਸਥਾਵਾਂ ਬੰਦ ਹੋਣ ਦਾ ਡਰ ਰਹੇਗਾ ਤੇ ਨਾ ਹੀ ਮੇਰੇ ਵਰਗੇ ਅਧਿਆਪਕ ਬਲੀ ਦਾ ਬੱਕਰਾ ਬਣਨਗੇ।’’
ਸ਼ਾਇਦ ਉਹ ਕੁਝ ਹੋਰ ਕਹਿੰਦੇ, ਪਰ ਅਚਾਨਕ ਉਨ੍ਹਾਂ ਦੀ ਨਜ਼ਰ ਠੇਕੇ ’ਚੋਂ ਟੁੰਨ ਹੋ ਕੇ ਨਿਕਲ ਰਹੇ ਇੱਕ ਸ਼ਰਾਬੀ ਵੱਲ ਘੁੰਮ ਗਈ। ਉਨ੍ਹਾਂ ਨੇ ਤੁਰੰਤ ਅੱਗੇ ਵਧ ਕੇ ਫੁੱਲਾਂ ਦਾ ਹਾਰ ਉਸ ਦੇ ਗਲ ਵਿੱਚ ਪਾ ਦਿੱਤਾ ਅਤੇ ਹੱਥ ਜੋੜ ਕੇ ਜਿਵੇਂ ਪ੍ਰਾਰਥਨਾ ਕਰਨ ਲੱਗੇ ਸਨ, ‘‘ਹੇ ਮੇਰੇ ਪਾਲਣਹਾਰ, ਖ਼ੂਬ ਪੀਓ, ਹਰ ਰੋਜ਼ ਪੀਓ, ਸਵੇਰੇ ਸ਼ਾਮ ਪੀਓ। ਤੁਹਾਡੀ ਮਿਹਰ ਸਦਕਾ ਹੀ ਸਿੱਖਿਆ ਦਾ ਬਚਾਅ ਹੋਣਾ ਏ…।’’