Satwanti : Rajasthani Lok Kahani
ਸਤਵੰਤੀ : ਰਾਜਸਥਾਨੀ ਲੋਕ ਕਥਾ
ਜੰਗਲ ਵਿੱਚ ਗਿੱਦੜ ਗਿਦੜੀ ਦਾ ਜੋੜਾ ਰਿਹਾ ਕਰਦਾ। ਲਿੱਪੀ ਪੋਚੀ ਸਾਫ਼ ਸੁਥਰੀ ਖੱਡ। ਚਾਰ ਕੁ ਖੇਤਾਂ ਦੇ ਫਾਸਲੇ ਉੱਪਰ ਨਿਰਮਲ ਪਾਣੀ ਦਾ ਤਲਾਬ। ਜੰਗਲ ਵਿੱਚ ਬੇਰੀਆਂ ਝਾੜੀਆਂ ਦੇ ਅਨੇਕ ਬਿਰਖ ਬੂਟੇ। ਚੁਣ-ਚੁਣ ਕੇ ਮਿੱਠੇ ਬੇਰ ਖਾਂਦੇ। ਸੁੱਖ ਅਨੰਦ ਦੀ ਕੋਈ ਘਾਟ ਹੈ ਈ ਨੀਂ ਸੀ। ਆਪਸ ਵਿੱਚ ਪ੍ਰੇਮ। ਇੱਕ ਦੂਜੇ ਦੀ ਛਾਂ ਉੱਤੇ ਵੀ ਕੁਰਬਾਨ ਹੋਣ ਵਾਲੇ। ਗਿਦੜੀ, ਸਵਿੱਤਰੀ ਤੋਂ ਵੱਧ ਸਤਵੰਤੀ। ਮੱਖੀ ਮੱਛਰ ਨੂੰ ਆਗਿਆ ਨਹੀਂ ਸਰੀਰ ਨੂੰ ਛੁਹ ਸਕਣ! ਨਖਰੇ ਤੇ ਨਜ਼ਾਕਤ ਏਨੇ ਕਿ ਗਿੱਦੜ ਨੂੰ ਚੈਨ ਨਾ ਲੈਣ ਦਿੰਦੀ। ਗਿਦੜੀ ਜਦੋਂ ਆਪਣੀ ਉਪਮਾ ਕਰਨੋ ਹਟਦੀ ਈ ਨਾ, ਸੁਣ-ਸੁਣ ਕੇ ਗਿੱਦੜ ਵੀ ਗੱਪਾਂ ਮਾਰਨ ਲੱਗ ਪਿਆ ਕਿ ਇੱਕ ਦਿਨ ਜ਼ੋਰ ਨਾਲ ਸ਼ੇਰ ਉੱਪਰ ਪੂਛ ਦਾ ਉਹ ਜਬਰਦਸਤ ਵਾਰ ਕੀਤਾ ਕਿ ਸ਼ੇਰ ਸੱਤ ਲੋਟਣੀਆਂ ਖਾ ਗਿਆ। ਅਜੇ ਕਿਹੜਾ ਮੈਂ ਛੱਡਦਾ, ਮੂੰਹ ਵਿੱਚ ਘਾਹ ਦੇ ਤਿਣਕੇ ਲੈ ਕੇ ਮਾਫ਼ੀਆਂ ਮੰਗਣ ਲੱਗਾ ਤਾਂ ਕਿਤੇ ਜਾ ਕੇ ਛੱਡਿਆ। ਬਘਿਆੜ ਤਾਂ ਮੇਰੀਆਂ ਗੁਸੈਲੀਆਂ ਅੱਖਾਂ ਦੇਖਣ ਸਾਰ ਪੂਛ ਦਬਾ ਕੇ ਭੱਜ ਜਾਂਦੇ ਨੇ। ਹੁਣ ਮੈਨੂੰ ਜੰਗਲ ਦਾ ਰਾਜਾ ਕਹਿਣ ਉਨ੍ਹਾਂ ਦੀ ਮਰਜ਼ੀ, ਬਾਦਸ਼ਾਹ ਕਹਿਣ ਉਨ੍ਹਾਂ ਦੀ ਮਰਜ਼ੀ, ਮਾਲਕ ਤਾਂ ਮਾਲਕ ਹੁੰਦਾ ਈ ਐ। ਮੇਰੀ ਆਗਿਆ ਨਾ ਹੋਵੇ ਦਰਖ਼ਤ ਦਾ ਇੱਕ ਪੱਤਾ ਨੀ ਹਿੱਲ ਸਕਦਾ। ਇੱਕ ਵਾਰ ਮੌਜ ਵਿੱਚ ਆ ਕੇ ਮੈਂ ਟਿੱਬੇ ਨੂੰ ਠੁੱਡਾ ਮਾਰਿਆ, ਆਹਲਣੇ ਵਾਂਗੂੰ ਖਿੰਡ ਗਿਆ। ਜਦੋਂ ਦਹਾੜਨ ਲੱਗਾਂ, ਬੱਦਲ ਫਟ ਜਾਂਦੇ ਨੇ। ਗਿੱਦੜੀ ਨੂੰ ਆਪਣੇ ਪਤੀ ਉੱਪਰ ਪੂਰਾ ਮਾਣ।
ਇੱਕ ਵਾਰ ਅੱਧੀ ਰਾਤ ਦਾ ਵੇਲਾ, ਗਿਦੜੀ ਨੂੰ ਤ੍ਰੇਹ ਲੱਗ ਗਈ, ਪਤੀ ਨੂੰ ਜਗਾ ਕੇ ਕਿਹਾ- ਪਾਣੀ ਪਿਲਾ ਕੇ ਲਿਆ...। ਗਿੱਦੜ ਨੇ ਕਿਹਾ ਨੀਂਦ ਕਰਕੇ ਮੇਰੀਆਂ ਅੱਖਾਂ ਨੀ ਖੁੱਲ੍ਹਦੀਆਂ, ਤੂੰ ਇਕੱਲੀ...।
ਗਿੱਦੜ ਨੇ ਗੱਲ ਮੁਕਾਈ ਵੀ ਨਹੀਂ ਸੀ ਕਿ ਵਿੱਚੋਂ ਟੋਕ ਕੇ ਨਖਰੇ ਨਾਲ ਕਹਿਣ ਲੱਗੀ- ਮੈਂ ਤੀਵੀਂ ਜਾਤ, ਇਕੱਲੀ ਕਿਵੇਂ ਜਾਵਾਂ?
-ਪਰ ਤੈਨੂੰ ਛੇੜਨ ਵਾਲਾ ਇੱਥੇ ਹੈ ਕੌਣ?
-ਔਰਤ ਦੀ ਮਰਿਆਦਾ ਦਾ ਤੁਹਾਨੂੰ ਮਰਦਾਂ ਨੂੰ ਕੀ ਪਤਾ? ਮੇਰੇ ਨਾਲ ਹਵਾ ਅਤੇ ਧੁੱਪ ਖਹਿੰਦੀਆਂ ਨੇ ਮੈਨੂੰ ਤਾਂ ਉਦੋਂ ਵੀ ਗ਼ੁੱਸਾ ਚੜ੍ਹ ਜਾਂਦੈ ਪਰ ਕੀ ਕਰਾਂ ਵਸ ਨਹੀਂ ਚੱਲਦਾ।
ਉਬਾਸੀ ਲੈਂਦਾ ਗਿੱਦੜ ਬੋਲਿਆ- ਕਿਉਂ? ਇਸ ਵਿੱਚ ਵਸ ਦੀ ਕੀ ਗੱਲ? ਮੇਰਾ ਵਸ ਤਾਂ ਚਲਦਾ ਹੈ। ਤੂੰ ਕਹੇਂ ਹਵਾ ਅਰ ਧੁੱਪ ਨੂੰ ਝਾੜੀਆਂ ਕੰਡਿਆਂ ਵਿੱਚ ਇਉਂ ਉਲਝਾ ਦਿਆਂ ਕਿ ਸਾਰੀ ਉਮਰ ਨਾ ਨਿਕਲਣ।
-ਪਰ ਪਹਿਲਾਂ ਮੇਰੇ ਨਾਲ ਤਾਂ ਚੱਲੋ। ਜੀਭ ਸੁੱਕ ਗਈ, ਪਿਆਸ ਕਰਕੇ ਬੋਲ ਵੀ ਮੂੰਹੋਂ ਨਹੀਂ ਨਿਕਲਦਾ।
ਗਿਦੜੀ ਦੀ ਜ਼ਿੱਦ ਅੱਗੇ ਕੀ ਕਰਦਾ, ਆਖ਼ਰ ਤੁਰਨਾ ਪਿਆ। ਅਸਮਾਨ ਵਿੱਚ ਪੂਰਨਮਾਸੀ ਦਾ ਚੰਦ ਚਮਕ ਰਿਹਾ ਸੀ। ਝਾੜੀ ਝਾੜੀ ਤੇ ਲਾਲ ਬੇਰ ਲਟਕ ਰਹੇ ਸਨ। ਜੰਗਲ ਦਾ ਕਣ-ਕਣ ਚਾਨਣੀ ਦੀ ਗੋਦੀ ਵਿੱਚ ਸੁੱਤਾ ਪਿਆ। ਗਿਦੜੀ ਨੇ ਮੂੰਹ ਉੱਪਰ ਕਰਕੇ ਚੰਦ ਵੱਲ ਦੇਖਿਆ- ਕਿੰਨਾ ਸੁਹਣਾ! ਮਨਮੋਹਣਾ! ਲੱਖ ਗਿੱਦੜ ਵੀ ਇਹਦੇ ਮੁਕਾਬਲੇ ਤੁੱਛ!
ਗਿਦੜੀ ਥੋੜ੍ਹੀ ਅੱਗੇ ਹੋ ਕੇ ਪਾਣੀ ਪੀਣ ਲੱਗੀ, ਗਿੱਦੜ ਤਲਾਬ ਤੋਂ ਹਟ ਕੇ ਪਿੱਛੇ ਖਲੋਤਾ ਰਿਹਾ। ਰੱਜ ਕੇ ਪਾਣੀ ਪੀਕੇ ਬਾਹਰ ਆਉਣ ਹੀ ਲੱਗੀ ਸੀ ਕਿ ਉਸਨੂੰ ਚੰਦ ਦੀ ਬਦਮਾਸ਼ੀ ਦਿਸ ਗਈ। ਪਾਣੀ ਵਿੱਚ ਉੱਤਰ ਕੇ ਉਹ ਤਾਂ ਦੇਰ ਤੱਕ ਮੇਰੇ ਬੁੱਲ੍ਹਾਂ ਦੀਆਂ ਮਿੱਠੀਆਂ ਲੈਂਦਾ ਰਿਹਾ। ਮਰਦਾਂ ਦੀ ਜਾਤ ਹੁੰਦੀ ਓ ਕਮੀਨੀ ਹੈ। ਕੜਾਕੇ ਦੀ ਠੰਢ ਹੈ, ਫੇਰ ਵੀ ਪਰਵਾਹ ਨਹੀਂ, ਮਿੱਠੀਆਂ ਲੈਣ ਵਾਸਤੇ ਪਾਣੀ ਵਿੱਚ ਗੋਤਾ ਮਾਰ ਲਿਆ। ਇਹੋ ਜਿਹੇ ਕਲਮੂਹਿਆਂ ਮਰਦਾਂ ਤੋਂ ਕੋਈ ਕਿਵੇਂ ਸਤ ਬਚਾ ਕੇ ਰੱਖੇ?
ਪਿੱਛੇ ਮੁੜਕੇ ਪਤੀ ਵੱਲ ਦੇਖ ਕੇ ਬੋਲੀ- ਨੇੜੇ ਖੜ੍ਹਾ ਬਿਟਰ ਬਿਟਰ ਕੀ ਦੇਖੀ ਜਾਨੈ? ਇਹ ਲਫੰਗਾ ਚੰਦ ਮੇਰੀਆਂ ਮਿੱਠੀਆਂ ਲੈਣ ਦੀ ਹਿਮਾਕਤ ਕਰ ਰਿਹੈ। ਤੂੰ ਨਾਲ ਨਾ ਹੁੰਦਾ ਇਹਨੇ ਜਬਰਦਸਤੀ ਕਰਨੋ ਕਿੱਥੇ ਹਟਣਾ ਸੀ।
ਘਰਵਾਲੀ ਦੀ ਗੱਲ ਸੁਣਕੇ ਗਿੱਦੜ ਦਾ ਮੂੰਹ ਗੁੱਸੇ ਨਾਲ ਲਾਲ ਹੋ ਗਿਆ। ਦੰਦ ਪੀਂਹਦਾ ਹੋਇਆ ਬੋਲਿਆ- ਕੌਣ? ਮਰੀਅਲ ਚੂਹੀ ਵਰਗਾ ਇਹ ਚੰਦ? ਇਸਦੀ ਇਹ ਹਿੰਮਤ? ਕਹੇਂ ਤਾਂ ਉਧੇੜ ਦਿਆਂ ਬਖੀਏ ਇਹਦੇ?
ਏਨਾ ਕਹਿਕੇ ਸ਼ੇਰ ਵਾਂਗ ਪੰਜਾ ਪਟਕਣ ਲੱਗਾ ਜਿਵੇਂ ਚੰਦ ਦਾ ਕੰਮ ਤਮਾਮ ਕਰਕੇ ਹੀ ਸਾਹ ਲਏਗਾ। ਗਿਦੜੀ ਨੇ ਮੂੰਹ ਉੱਚਾ ਕਰਕੇ ਫਿਰ ਚੰਦ ਵੱਲ ਦੇਖਿਆ। ਚੰਦ ਵੀ ਜਿਵੇਂ ਉਸਦਾ ਮੂੰਹ ਦੇਖਣ ਵਾਸਤੇ ਤਰਸ ਰਿਹਾ ਹੋਵੇ। ਏਨਾ ਸੁਹਣਾ! ਕਿਆ ਕਮਾਲ! ਪਤੀ ਨੂੰ ਟੋਕਿਆ- ਛੱਡੋ ਪਰ੍ਹੇ। ਇਸ ਬਦਨਜ਼ਰ ਚੰਦ ਦੀ ਗ਼ੈਰਹਾਜ਼ਰੀ ਵਿੱਚ ਸਾਰੀ ਦੁਨੀਆ ਤਕਲੀਫ਼ ਸਹੇਗੀ। ਬਾਲ ਗੋਪਾਲ ਵਿਚਾਰੇ ਨ੍ਹੇਰੇ ਵਿਚ ਜ਼ਿਆਦਾ ਡਰਨਗੇ।
ਗਿੱਦੜ ਦਾ ਕ੍ਰੋਧ ਕਿੱਥੇ ਉਤਰਦਾ? ਫੇਰ ਪੰਜਾ ਪਟਕਿਆ- ਨਹੀਂ, ਨਹੀਂ, ਤੂੰ ਕਹੇਂ ਇਸ ਖਿੱਦੋ ਦੀਆਂ ਲੀਰਾਂ-ਲੀਰਾਂ ਕਰ ਦਿਆਂ।
ਪਤੀ ਦਾ ਹੱਥ ਫੜ ਕੇ ਬੋਲੀ- ਰਹਿਣ ਦਿਉ, ਰਹਿਣ ਦਿਉ। ਖਾਹਮਖਾਹ ਆਪਣੇ ਸਿਰ ਬਦਨਾਮੀ ਕਿਉਂ ਲੈਂਦੇ ਹੋ।
ਬਾਰ ਬਾਰ ਟੋਕੀ ਗਈ ਤਾਂ ਗਿੱਦੜ ਆਖ਼ਰ ਮੰਨ ਗਿਆ। ਨਾ ਮੰਨਦਾ ਦੁਨੀਆ ਦੀ ਬੜੀ ਦੁਰਗਤ ਹੁੰਦੀ। ਵਾਪਸ ਆਉਂਦੀ ਗਿਦੜੀ ਪਤੀ ਨੂੰ ਸਮਝਾਉਂਦਿਆਂ ਕਹਿਣ ਲੱਗੀ- ਆਪਣਾ ਜਤ ਸਤ ਆਪਣੇ ਹੱਥ। ਇਹ ਹਰਾਮੀ ਚੰਦ ਤਰਸਦੈ ਤਾਂ ਤਰਸੇ। ਰਾਤ ਨੂੰ ਖੱਡ ਵਿੱਚੋਂ ਮੈਂ ਜਦੋਂ ਮੂੰਹ ਵੀ ਨੀ ਬਾਹਰ ਕੱਢਣਾ!
ਬੇਸ਼ਰਮ ਚੰਦ ਵਿਰੁੱਧ ਗ਼ੁੱਸੇ ਨਾਲ ਦੰਦ ਪੀਂਹਦਾ ਗਿੱਦੜ ਵੀ ਖੱਡ ਅੰਦਰ ਜਾ ਵੜਿਆ। ਰੂਪ ਦੇ ਹੰਕਾਰ ਕਾਰਨ, ਨਸ਼ੇ ਸਦਕਾ ਗਿਦੜੀ ਨੂੰ ਦੇਰ ਬਾਅਦ ਨੀਂਦ ਆਈ। ਕਾਫ਼ੀ ਦਿਨ ਚੜ੍ਹੇ ਜਾਗੀ। ਅੱਖਾਂ ਮਲਦੀ-ਮਲਦੀ ਖੁੱਡ ਵਿੱਚੋਂ ਬਾਹਰ ਆਈ। ਉਸਦਾ ਰੂਪ ਨਿਹਾਰਨ ਵਾਸਤੇ ਹੁਣ ਸੂਰਜ ਬੇਸਬਰੀ ਨਾਲ ਤੜਪਣ ਲੱਗਾ। ਇਹ ਮਰਦਾਂ ਦੀ ਜਾਤ ਖੂਹ ਖਾਤੇ ਸੁੱਟਣ ਜੋਗੀ ਹੈ। ਸਾਰੇ ਇੱਕੋ ਜਿਹੇ। ਪਰ ਇਹ ਪੱਠਾ ਹੈ ਤਾਂ ਤੇਜਵਾਨ! ਤਪਧਾਰੀ। ਸਾਰੀ ਦੁਨੀਆ ਨੂੰ ਚਾਨਣ ਨਾਲ ਭਰ ਦਿੰਦੈ। ਦੇਖਦੀਆਂ ਚੰਦ ਵਾਂਗੂ ਇਹ ਵੀ ਬੇਸ਼ਰਮ ਹੈ ਕਿ ਨਹੀਂ? ਪਿਆਸ ਕੋਈ ਨਹੀਂ ਸੀ ਪਰ ਪਤੀ ਨੂੰ ਕਹਿਣ ਲੱਗੀ- ਪਾਣੀ ਪੀਣ ਚੱਲੀਏ। ਉਹ ਬੋਲਿਆ- ਪਗਲੀ ਚਿੱਟੇ ਦਿਨ ਵਿੱਚ ਕੀ ਡਰ? ਤੂੰ ਬੇਧੜਕ ਇਕੱਲੀ ਚਲੀ ਜਾਹ।
ਹਠ ਕਰਕੇ ਗਿਦੜੀ ਸਮਝਾਉਣ ਲੱਗੀ- ਚੰਦ ਵਰਗੇ ਵੱਡੇ ਵੱਡੇ ਦੇਵਤਿਆਂ ਦੀ ਵੀ ਨੀਤ ਮਾੜੀ ਹੋ ਜਾਂਦੀ ਐ ਤਾਂ ਕਿਸ ਤੇ ਭਰੋਸਾ ਕਰੀਏ? ਔਰਤਾਂ ਦਾ ਦਿਲ ਟਿਕੇ ਤਾਂ ਕਿਵੇਂ ਟਿਕੇ? ਮੇਰਾ ਤਾਂ ਕੱਲੀ ਦਾ ਮਰਨ ਨੂੰ ਵੀ ਜੀ ਨਹੀਂ ਕਰਦਾ!
ਜਦੋਂ ਗਿਦੜੀ ਖਹਿੜੇ ਪੈ ਗਈ, ਗਿੱਦੜ ਕੀ ਕਰਦਾ, ਉਤਰੇ ਦਿਲ ਨਾਲ ਜਾਣ ਪਿਆ। ਟੇਢੀ ਨਿਗਾਹ ਨਾਲ ਜਿੰਨੀ ਵਾਰੀ ਗਿਦੜੀ ਨੇ ਸੂਰਜ ਵੱਲ ਦੇਖਿਆ ਓਨੀ ਵਾਰ ਉਸ ਨੂੰ ਲੱਗਾ ਮੇਰੇ ਦਰਸ਼ਨ ਖ਼ਾਤਰ ਤਰਸ ਰਿਹੈ।
ਜਦੋਂ ਪਾਣੀ ਪੀਣ ਕਿਨਾਰੇ ਪੁੱਜੀ ਸੂਰਜ ਵੀ ਗੋਤਾ ਮਾਰ ਕੇ ਤਲਾਬ ਵਿੱਚ ਆ ਉਤਰਿਆ! ਪਰਾਈ ਇਸਤਰੀ ਦਾ ਸਤ ਭੰਗ ਕਰਨ ਨਾਲ ਇਨ੍ਹਾਂ ਮਰਦਾਂ ਨੂੰ ਪਤਾ ਨਹੀਂ ਮਿਲਦਾ ਕੀ ਹੈ। ਪਾਣੀ ਪੀਣ ਵਾਸਤੇ ਮੂੰਹ ਹੇਠਾਂ ਕੀਤਾ ਹੀ ਸੀ ਕਿ ਝਿਜਕਦੀ ਨੇ ਗਿੱਦੜ ਵੱਲ ਦੇਖਿਆ। ਪਤੀ ਵੱਲ ਦੇਖਕੇ ਕਹਿੰਦੀ- ਜੋ ਸੋਚਿਆ ਉਹੋ ਹੋਇਆ। ਇਹ ਕਮੀਣਾ ਸੂਰਜ ਤਾਂ ਚੰਦ ਤੋਂ ਅੱਗੇ ਲੰਘ ਲਿਆ। ਉਹ ਤਾਂ ਡਰਦਾ ਡਰਦਾ ਰਾਤ ਨੂੰ ਆਇਆ ਸੀ ਇਹ ਦਿਨ ਦਿਹਾੜੇ ਤਲਾਬ ਵਿੱਚ ਆ ਵੜਿਆ।
ਛਾਲ ਮਾਰਕੇ ਗਿੱਦੜ ਨੇੜੇ ਆਇਆ, ਪੁੱਛਿਆ- ਕਿੱਥੇ ਹੈ? ਕਿੱਥੇ ਹੈ? ਮੈਨੂੰ ਦਿਖਾ।
ਗਿਦੜੀ ਗੋਤਾਖ਼ੋਰ ਸੂਰਜ ਵੱਲ ਉਂਗਲ ਕਰਕੇ ਬੋਲੀ- ਅਹੁ ਦੇਖ, ਬਦਮਾਸ਼ ਕਿਤੇ ਦਾ!
ਹੁਣ ਗਿੱਦੜ ਦੇ ਗ਼ੁੱਸੇ ਦਾ ਕੀ ਪਾਰਾਵਾਰ? ਬੱਬਰ ਸ਼ੇਰ ਵਾਂਗ ਪੰਜਾ ਪਟਕਦਾ ਬੋਲਿਆ- ਕਹੇਂ ਤਾਂ ਇਸ ਹਰਾਮਖੋਰ ਨੂੰ ਜਮੀਨ ਵਿੱਚ ਗੱਡ ਦਿਆਂ?
ਗਿਦੜੀ ਨੂੰ ਫੇਰ ਤਰਸ ਆ ਗਿਆ। ਪਤੀ ਨੂੰ ਹਟਾਉਂਦੀ ਹੋਈ ਬੋਲੀ- ਛੱਡੋ ਪਰ੍ਹੇ। ਆਪਣੇ ਕਰਕੇ ਦੁਨੀਆ ਤਕਲੀਫ਼ ਉਠਾਏਗੀ। ਕਿਵੇਂ ਲੋਕ ਨ੍ਹੇਰੇ ਵਿੱਚ ਆਪਣਾ ਗੁਜ਼ਾਰਾ ਕਰਨਗੇ? ਕਿਵੇਂ ਰੋਜ਼ੀ ਰੋਟੀ ਕਮਾਉਣਗੇ?
ਗਿੱਦੜ ਦੇ ਦਿਲ ਅੰਦਰ ਅੱਗ ਹੋਰ ਭੜਕੀ। ਦੁੱਗਣੇ ਜੋਸ਼ ਵਿੱਚ ਪੰਜਾ ਜ਼ਮੀਨ ਤੇ ਮਾਰਿਆ। ਦੰਦ ਕਰੀਚਦਾ ਬੋਲਿਆ- ਨਹੀਂ ਨਹੀਂ, ਤੂੰ ਇੱਕ ਵਾਰ ਕਹਿ ਸਹੀ, ਬੇਰ ਵਾਂਗ ਇਸ ਨੂੰ ਨਿਗਲ ਜਾਵਾਂ, ਮਤੀਰੇ ਵਾਂਗ ਫਾੜੀ ਫਾੜੀ ਕਰਦਿਆਂ!
ਪਤੀ ਦੇ ਪੈਰ ਫੜਕੇ ਗਿਦੜੀ ਕਹਿੰਦੀ- ਰਹਿਣ ਦਿਉ। ਥੋੜ੍ਹੀ ਬਹੁਤ ਦਇਆ ਹਮਦਰਦੀ ਵੀ ਕਰੋ। ਦੁਨੀਆ ਬਦਦੁਆਵਾਂ ਦਏਗੀ। ਖਾਹਮਖਾਹ ਆਪਣੇ ਸਿਰ ਬਦਨਾਮੀ ਕਿਉਂ ਲੈਂਦੇ ਹੋ?
ਗਿੱਦੜ ਦਾ ਗ਼ੁੱਸਾ ਨਹੀਂ ਉਤਰਿਆ, ਕਿਹਾ- ਬੇਕਾਰ ਦੀ ਬਦਨਾਮੀ ਕਿਵੇਂ? ਇਸ ਅਵਾਰਾਗਰਦ ਨੂੰ ਝੰਬ ਦਿਆਂ ਤਾਂ ਬਦਨਾਮੀ ਕਿਸ ਗੱਲ ਦੀ? ਤੂੰ ਦੇਖਦੀ ਤਾਂ ਜਾਹ!
-ਮੈਂ ਨੀ ਹੁਣ ਕੁਝ ਦੇਖਦੀ। ਮੈਂ ਦੇਖਣ ਲੱਗੀ ਤਾਂ ਦੁਨੀਆ ਦਾ ਦੇਖਣਾ ਬੰਦ ਹੋ ਜਾਵੇਗਾ। ਤਰਸ ਕਰੋ। ਆਪਣਾ ਜਤ ਸਤ ਆਪਣੇ ਕੋਲ। ਤੁਸੀਂ ਇਸ ਵਿਗੜੇ ਹੋਏ ਸੂਰਜ ਦਾ ਧਿਆਨ ਰੱਖਿਓ, ਉਦੋਂ ਤੱਕ ਮੈਂ ਪਾਣੀ ਪੀ ਆਊਂਗੀ।
ਗਿਦੜੀ ਨੇ ਜਿਵੇਂ ਕਿਵੇਂ ਕਰਕੇ ਗਿੱਦੜ ਨੂੰ ਆਖ਼ਰ ਮਨਾ ਹੀ ਲਿਆ। ਬੜੀ ਮੁਸ਼ਕਲ ਨਾਲ ਗਿੱਦੜ ਨੇ ਗ਼ੁੱਸੇ ਉੱਪਰ ਕਾਬੂ ਪਾਇਆ। ਗਿਦੜੀ ਦੇ ਹੁਕਮ ਮੂਜਬ ਬਿਨਾਂ ਪਲਕ ਝਪਕੇ ਗਿੱਦੜ ਸੂਰਜ ਵੱਲ ਦੇਖਦਾ ਰਿਹਾ। ਸੂਰਜ ਵੀ ਪੂਰਾ ਡਰ ਚੁੱਕਾ ਸੀ, ਆਪਣੀ ਥਾਂ ਤੋਂ ਹਿੱਲਿਆ ਤੱਕ ਨਹੀਂ।
ਗਿਦੜੀ ਦੇਰ ਤੱਕ ਪਾਣੀ ਵਿੱਚ ਤੈਰਦੀ ਰਹੀ ਤੇ ਪਾਣੀ ਵਿੱਚ ਲੁਕਿਆ ਸੂਰਜ ਉਸਦੀਆਂ ਮਿੱਠੀਆਂ ਲੈਂਦਾ ਰਿਹਾ। ਏਨੀ ਤ੍ਰਿਪਤੀ ਕਦੀ ਨੀ ਹੋਈ।
ਪਿਆਸ ਲੱਗਣੀ ਨਾ ਲੱਗਣੀ ਇਹ ਕਿਸੇ ਦੇ ਵਸ ਦੀ ਗੱਲ ਨਹੀਂ। ਰਾਤੀਂ ਗਿੱਦੜ ਨੂੰ ਤਲਾਬ ਕਿਨਾਰੇ ਬਿਠਾ ਦਿੰਦੀ, ਉਹ ਚੰਦ ਵੱਲ ਦੇਖਦਾ ਸਖ਼ਤ ਪਹਿਰਾ ਦਿੰਦਾ। ਕਲਜੁਗ ਦਾ ਸਮਾਂ ਹੋਣ ਕਰਕੇ ਗਿੱਦੜ ਦਾ ਪਹਿਰਾ ਦੇਣ ਦਾ ਕੁਝ ਕੰਮ ਤਾਂ ਵਧਿਆ ਪਰ ਤਾਂ ਕੀ। ਆਪੋ ਆਪਣਾ ਜਤ, ਆਪੋ ਆਪਣਾ ਸਤ ਬਚਾਉਣਾ ਤਾਂ ਪਏਗਾ ਹੀ।
(ਮੂਲ ਲੇਖਕ: ਵਿਜੇਦਾਨ ਦੇਥਾ)
(ਅਨੁਵਾਦਕ: ਹਰਪਾਲ ਸਿੰਘ ਪੰਨੂ)