ਸਰਪੰਚ (ਕਹਾਣੀ) : ਸੁਖਵਿੰਦਰ ਸਿੰਘ ਖਾਰਾ

ਸ਼ਾਮ ਦੇ ਛੇ ਵਜੇ ਦੋ ਵਾਰ ਬੂਹਾ ਖੜਕਾਇਆ, ਪਿੰਡ ਦੇ ਸੱਤ ਅੱਠ ਪਤਵੰਤੇ ਅਤੇ ਮੋਹਤਬਰ ਬੰਦਿਆਂ ਨੇ, ਸਾਬਕਾ ਸਰਪੰਚ ਭਗਵਾਨ ਸਿੰਘ ਦਾ, "ਕੌਣ ਭਾਈ, ਆਉਂਦਾ ਹਾਂ, ਸਰਪੰਚ ਨੇ ਵਿਹੜੇ ਵਿਚੋਂ ਅਵਾਜ਼ ਦਿੰਦਿਆ ਆਖਿਆ। ਆਪਣੇ ਹੀ ਹਾਂ, ਬੂਹਾ ਖੋਲ੍ਹੇਂਗਾ ਕਿ ਸਾਨੂੰ ਦਰਵਾਜ਼ੇ ਵਿੱਚ ਹੀ ਖੜ੍ਹੇ ਰੱਖੇਂਗਾ, ਮੋਹਤਬਰਾਂ ਵਿੱਚੋਂ ਇਕ ਨੇ ਸਰਪੰਚ ਨੂੰ ਹੱਸਦੇ ਆਖਿਆ,

"ਆਉ ਜੀ ਆਇਆਂ ਨੂੰ, ਅੱਜ ਤਾਂ ਕੀੜੀ ਦੇ ਘਰ ਨਰੈਣ ਆਏ ਹਨ, ਅੰਦਰ ਲੰਘ ਆਉ ਬੈਠਕੇ ਬੈਠੋ, ਮੈਂ ਠੰਡੇ ਪਾਣੀ ਦੀ ਬੋਤਲ ਕੈਡੀ ਵਿੱਚੋਂ ਫੜ ਲਿਆਵਾਂ," ਸਾਬਕਾ ਸਰਪੰਚ ਨੇ ਬੂਹਾ ਖੋਲ੍ਹ ਕੇ ਬੈਠਕ ਵਲ ਇਸ਼ਾਰਾ ਕਰਦਿਆਂ ਆਖਿਆ।

ਪਾਣੀ ਪੀ ਕੇ ਸਾਰਿਆਂ ਨੇ ਇਕ ਦੂਜੇ ਦੀ ਖੈਰ ਸੁੱਖ ਪੁੱਛੀ। "ਸਰਪੰਚ ਸਹਿਬ ਜੀ, ਦੂਸਰੀ ਪਾਰਟੀ ਵਾਲਿਆਂ ਨੇ ਕੇਹਰ ਸਿੰਘ ਨੂੰ ਸਰਪੰਚ ਖੜ੍ਹਾ ਕਰ ਦਿੱਤਾ ਹੈ।ਅਸੀਂ ਆਪਣੀ ਪਾਰਟੀ ਵਲੋਂ ਤੁਹਾਨੂੰ ਫੇਰ ਸਰਪੰਚ ਖੜ੍ਹਾ ਕਰਨ ਦੀ ਬੇਨਤੀ ਕਰਨ ਆਏ ਹਾਂ।ਆਪਣੇ ਵਲ ਮਜ਼ਦੂਰਾਂ ਦਾ ਵਿਹੜਾ ਵੀ ਇਕ ਮੁੱਠ ਭੁਗਤ ਜਾਵੇਗਾ। ਤੁਹਾਡੀ ਜਿੱਤ ੧੦੦% ਪੱਕੀ ਹੈ," ਮੋਹਤਬਰਾਂ ਦਾ ਸੁਲਝਿਆ ਹੋਇਆ ਆਗੂ ਦਿਆਲ ਸਿੰਘ ਬੋਲਿਆ।

"ਵੋਖੋ ਜੀ, ਸਿਆਣੇ ਕਹਿੰਦੇ ਹਨ , ਘਰ ਆਈ ਪੰਚਾਇਤ ਦਾ ਵਾਹ ਲੱਗਦੀ ਆਖਿਆ ਮੋੜਨਾ ਨਹੀਂ ਚਾਹੀਦਾ ਪਰੰਤੂ ਮੈਂ ਸਰਪੰਚ ਨਹੀਂ ਖਲੋਣਾ, ਤੁਸੀਂ ਹੋਰ ਕਿਸੇ ਨੂੰ ਡੱਕ ਦਿਉ, ਮੇਰੇ ਹੱਥ ਖੜ੍ਹੇ ਹਨ," ਸਾਬਕਾ ਸਰਪੰਚ ਨੇ ਬੱਚਿਆਂ ਵਾਂਗ ਪੱਕੀ ਨਾਂਹ ਕਰਦੇ ਆਖਿਆ।

"ਗੱਲ ਕੀ ਹੈ?ਲੋਕ ਤਾਂ ਸਰਪੰਚੀ ਦੀ ਚੋਣ ਲੜਨ ਲਈ ਵੀਹ ਵੀਹ ਲੱਖ ਰੁਪਏ ਪਾਣੀ ਵਾਂਗ ਰੋੜ੍ਹ ਦਿੰਦੇ ਹਨ। ਅਸੀਂ ਤੁਹਾਨੂੰ ਤੁਹਾਡੇ ਘਰ ਆ ਕੇ ਖੜ੍ਹਾ ਕਰਨ ਆਏ ਹਾਂ। ਖਰਚਾ ਵੀ ਤੁਹਾਡਾ ਬਹੁਤਾ ਨਹੀਂ ਹੋਣ ਦਿਆਂਗੇ। ਦਾਰੂ ਦਾ ਸਾਰਾ ਕੰਮ ਮੇਰੇ ਜੁੰਮੇ ਰਹਿਣ ਦਿਉ," ਮੋਹਤਬਰਾਂ ਵਿੱਚੋਂ ਨੰਬਰਦਾਰ ਕਰਮ ਸਿੰਘ ਪੂਰੀ ਵਾਹ ਲਾਉਂਦਿਆਂ ਬੋਲਿਆ।

"ਸਰਪੰਚਾ ਖਰਚੇ ਤੋਂ ਨਾ ਮਰ, ਪੋਸਤ ਦਾ ਸਾਰਾ ਕੰਮ ਮੈਂ ਸੰਭਾਲ ਲਵਾਂਗਾ," ਮੋਹਤਬਰਾਂ ਵਿੱਚੋਂ ਸਾਬਕਾ ਪੰਚਾਇਤ ਮੈਬਰ ਨੱਥਾ ਸਿੰਘ ਬੋਲਿਆ ।

"ਵੇਖੋ ਭਾਈ ਮੈਨੂੰ ਖਰਚੇ ਖੁਰਚੇ ਦੀ ਕੋਈ ਪਰਵਾਹ ਨਹੀਂ ਹੈ ।ਤੁਹਾਡੀ ਕਿਰਪਾ ਨਾਲ ਇਕ ਮੁੰਡਾ ਅਮਰੀਕਾ ਵਿੱਚ ਪੱਕਾ ਹੈ। ਦੂਜਾ ਆਸਟ੍ਰੇਲੀਆ ਪੱਕਾ ਹੋ ਗਿਆ ਹੈ।ਤੀਜਾ ਪੰਦਰਾਂ ਕਿਲਿਆਂ ਵਿੱਚ ਚੰਗੀ ਵਾਹੀ ਕਰੀ ਜਾਂਦਾ ਹੈ। ਕੁੜੀ ਵੀ ਕਨੇਡਾ ਪੱਕੀ ਹੋ ਗਈ ਹੈ। ਜਦੋਂ ਮੈਂ ਪਹਿਲੀ ਵਾਰ ਸਰਪੰਚ ਬਣਿਆ ਸੀ।ਸਭ ਕੁਝ ਉਸ ਸਮੇਂ ਪੌਂਅ ਬਾਰਾਂ ਹੋ ਗਈਆ ਸਨ। ਉਸ ਸਮੇਂ ਗ੍ਰਾਂਟਾਂ ਸਰਕਾਰ ਦੀਆਂ ਮਗਰਲੇ ਦੋ ਸਾਲਾਂ ਵਿੱਚ ਮੀਂਹ ਵਾਂਗ ਵਰ੍ਹਦੀਆਂ ਸਨ। ਨੱਬੇ ਲੱਖ ਗਰਾਂਟ ਵਿੱਚੋਂ ਤੀਸਰਾ ਹਿੱਸਾ ਪਿੰਡ ਦੀਆਂ ਗਲੀਆਂ ਨਾਲੀਆਂ ਵਿੱਚ ਲਾ ਦਿੱਤਾ ਸੀ। ਇਕ ਹਿੱਸਾ ਮੰਤਰੀ ਤੇ ਅਫਸਰ ਡਕਾਰ ਗਏ ਸਨ। ਤੀਹ ਪੈਂਤੀ ਲੱਖ ਮ੍ਹਾਤੜ ਨੂੰ ਬਚ ਗਿਆ ਸੀ।

ਸਾਰੇ ਪਿੰਡ ਵਾਲੇ ਵੀ ਪਿੰਡ ਵਿੱਚ ਹੋਏ ਕੰਮ ਤੋਂ ਬਹੁਤ ਖੁਸ਼ ਸਨ। ਇਸ ਤੋਂ ਇਲਾਵਾ ਪਿੰਡ ਵਿੱਚ ਬੁਢਾਪਾ ਪੈਨਸ਼ਨਾਂ ਅੱਧੀਆਂ ਵੰਡ ਵੁੰਡ ਕੇ ਅੱਧੀਆਂ ਬਚ ਜਾਂਦੀਆਂ ਸਨ। ਭਾਵ ਨਾਲੇ ਫਲ ਤੇ ਨਾਲੇ ਫਲੀਆਂ ਮਿਲ ਜਾਂਦੀਆਂ ਸਨ। ਮਤਲਬ ਨਾਲੇ ਟੌਹਰ ਤੇ ਨਾਲੇ ਕਮਾਈ ਹੋ ਜਾਂਦੀ ਸੀ।

ਹੁਣ ਪਿਛਲੀ ਸਰਕਾਰ ਨੇ ਵੀ ਸਿੱਧੇ ਚੈੱਕ ਦੇਣੇ ਬੰਦ ਕਰ ਦਿੱਤੇ ਸਨ। ਨਰੇਗਾ ਸਕੀਮ ਦੇ ਖਾਤਿਆਂ ਰਾਹੀਂ ਬਾਅਦ ਵਿੱਚ ਪੈਸੇ ਆਉਂਦੇ ਸਨ। ਬਹੁਤੇ ਸਰਪੰਚਾਂ ਪਹਿਲਾਂ ਪੰਜ ਸੱਤ ਲੱਖ ਕੋਲੋਂ ਖਰਚੇ ਹਨ। ਸਰਕਾਰ ਨੇ ਪੈਸੇ ਖਾਤਿਆਂ ਵਿੱਚ ਪਾਉਂਦਿਆਂ ਦੇਰੀ ਕਰ ਦਿੱਤੀ । ਉਤੋਂ ਸਰਕਾਰ ਬਦਲ ਗਈ, ਨਵੀਂ ਪਾਰਟੀ ਦੀ ਸਰਕਾਰ ਬਣ ਗਈ। ਮਰਦੀ ਨੇ ਅੱਕ ਚੱਬਿਆ, ਬਹੁਤੇ ਸਰਪੰਚਾਂ ਨੂੰ ਇਸ ਪਾਰਟੀ ਵਿੱਚ, ਡੁੱਬੇ ਪੈਸੇ ਕਢਾਉਣ ਦਾ ਕਰਕੇ ਜਾਣਾ ਪਿਆ, "ਮੁੱਛਾਂ ਵੀ ਮਨਾਈਆਂ ਤੇ ਲੱਸੀ ਤੋਂ ਵੀ ਜਵਾਬ ਹੋ ਗਿਆ, ਭਾਵ ਪਾਰਟੀ ਵੀ ਬਦਲੀ ਪੈਸੇ ਵੀ ਡੁੱਬੇ ਹੀ ਰਹਿ ਗਏ। ਮੁੱਕਦੀ ਗਲ ਹਮੇਸ਼ਾ ਹਵਾ ਦਾ ਰੁਖ ਵੇਖ ਕੇ ਚਲਣਾ ਚਾਹੀਦਾ ਹੈ," ਸਾਬਕਾ ਸਰਪੰਚ ਨੇ ਕੋਰੀ ਨਾਂਹ ਕਰਦਿਆਂ ਆਪਣੀ ਰਾਮ ਕਹਾਣੀ ਮੁਕਾਈ।

"ਹਵਾ ਦਾ ਰੁਖ, ਇਹ ਕੀ ਬੁਝਾਰਤ ਹੈ, ਸਰਪੰਚ ਸਹਿਬ," ਮੋਹਤਬਰਾਂ ਵਿੱਚੋਂ ਇਕ ਹੋਰ ਬੋਲਿਆ।

"ਤੁਸੀਂ ਮੇਰਾ ਇਸ਼ਾਰਾ ਸਮਝੇ ਨਹੀਂ, ਭਾਈ ਸਹਿਬ, ਹੁਣ ਕਟੜ ਇਮਾਨਦਾਰਾਂ ਦੀ ਸਰਕਾਰ ਹੈ। ਪੈਸਾ ਇਹਨਾਂ ਨੇ ਨਾ ਖਾਣਾ ਤੇ ਨਾ ਖਾਣ ਦੇਣਾ ਹੈ। ਤੜਕੇ ਤੋਂ ਲੋਕ ਬੂਹਾ ਭੰਨਣਾ ਸੁਰੂ ਕਰ ਦਿੰਦੇ ਹਨ। ਕੋਈ ਕਹਿੰਦੀ ਮੇਰੀ ਪੈਨਸ਼ਨ ਕੱਟੀ ਗਈ ਹੈ, ਕੋਈ ਕਹਿੰਦਾ ਮੈਨੂੰ ਕਣਕ ਨਹੀਂ ਮਿਲੀ। ਕੋਈ ਕਹਿੰਦਾ ਮੇਰੀ ਬੁਢਾਪਾ ਪੈਨਸ਼ਨ ਲਗਵਾ ਦਿਉ, ਕੋਈ ਕਹਿੰਦਾ ਮੈਂ ਅਸਲੇ ਦਾ ਲਸੰਸ ਬਣਾਉਣਾ ਹੈ। ਕੋਈ ਕਹਿੰਦਾ ਮੇਰੀ ਵੱਟ ਵੱਢ ਦਿੱਤੀ ਹੈ। ਮੁੱਕਦੀ ਗਲ ਸਾਰਾ ਦਿਨ ਲੋਕ ਬੂਹਾ ਖੜਕਾਈ ਜਾਂਦੇ ਹਨ। ਘੜੀ ਅਰਾਮ ਕਰਨ ਦਾ ਜਾਂ ਖੇਤਾਂ ਨੂੰ ਗੇੜਾ ਮਾਰਨ ਦਾ ਵੀ ਟਾਇਮ ਨਹੀਂ ਮਿਲਦਾ।

ਉਤੋਂ ਅਫਸਰਾਂ ਦੀਆਂ ਨਵੇਂ ਸੂਰਜ ਵੰਗਾਰਾਂ ਕੋਈ ਅਫਸਰ ਕਹਿੰਦਾ ਸ਼ਰਾਬ ਦੀ ਕੈਨੀ ਮੈਨੂੰ ਭੇਜ ਦੇਈਂ, ਕੋਈ ਅਫਸਰ ਕਹਿੰਦਾ ਲੀਡਰ ਦੀ ਮਾਂ ਦਾ ਭੋਗ ਹੈ, ਦੁੱਧ ਕੁਵਿੰਟਲ ਤੇਰੇ ਜੁੰਮੇ ਹੈ। ਇਥੇ ਬੱਸ ਨਹੀਂ ਲੋਹੜੀ, ਦੀਵਾਲੀ, ਵਿਸਾਖੀ ਤੇ ਠਾਣੇਦਾਰ ਸੁੱਕੀ ਪਾਰਟੀ ਮੰਗ ਲੈਂਦਾ ਹੈ। ਫੇਰ ਲੀਡਰ ਕਹਿ ਦਿੰਦੇ ਪਾਰਟੀ ਦੀ ਕਾਨਫਰੰਸ ਹੈ-ਦੋ ਟਰਾਲੀਆਂ ਬੰਦਿਆਂ ਬੁੱਢੀਆਂ ਦੀਆਂ ਭਰ ਕੇ ਲਿਆਉਣੀਆਂ ਜਰੂਰੀ ਹਨ। ਜਿਨ੍ਹਾਂ ਭੈਣ ਭਰਾਵਾਂ ਨੂੰ ਕਾਨਫਰੰਸ ਤੇ ਖੜੀਦਾ ਹੈ। ਸਵੇਰੇ ਉਹਨਾਂ ਨੂੰ ਪੋਸਤ ਖਵਾਉਣਾ ਪੈਂਦਾ ਹੈ ਅਤੇ ਰਾਤ ਨੂੰ ਪੈੱਗ ਲਵਾਉਣੇ ਪੈਂਦੇ ਹਨ। ਇਥੇ ਹੀ ਬੱਸ ਨਹੀਂ, ਜਦੋਂ ਮੰਤਰੀ ਜਾਂ ਲੀਡਰ ਨੇ ਆਉਣਾ ਹੁੰਦਾ ਹੈ ਫੇਰ ਪਿੰਡ ਦਾ ਇਕੱਠ ਮਾਰਨਾ ਪੈਂਦਾ ਹੈ। ਮੰਤਰੀ ਲਈ ਵੰਨ ਸਵੰਨੀਆਂ ਮਿਠਾਈਆਂ ਲਿਆਉਣੀਆਂ ਪੈਂਦੀਆਂ ਹਨ। ਪਿੰਡ ਦੇ ਲੋਕਾਂ ਲਈ ਵੱਖ ਚਾਹ ਪਕੌੜਿਆਂ ਦਾ ਪਰਬੰਧ ਕਰਨਾ ਪੈਂਦਾ ਹੈ। ਜੇਕਰ ਲੜਾਈ ਝਗੜੇ ਵਿੱਚ ਸੱਚੀ ਗਲ ਕਰ ਦੇਈਏ ਫੇਰ ਇਕ ਧਿਰ ਦੁਸ਼ਮਣ ਬਣ ਜਾਂਦੀ ਹੈ । ਸਰਪੰਚੀ ਉਸਤਰਿਆਂ ਦੀ ਮਾਲਾ ਹੁੰਦੀ ਹੈ। ਰਹਿੰਦੀ ਕਸਰ ਪਿੰਡ ਵਾਲੇ ਕੱਢ ਦਿੰਦੇ ਗਾਲਾਂ ਕੱਢ ਕੇ ਅਤੇ ਬਦਦੁਵਾਵਾਂ ਦੇ ਕੇ, ਸਰਪੰਚ ਗ੍ਰਾਟਾਂ ਖਾ ਗਿਆ, ਪਿੰਡ ਦਾ ਸਵਾਰਿਆ ਕੁਝ ਨਹੀਂ ਹੈ," ਸਾਬਕਾ ਸਰਪੰਚ ਨੇ ਸਰਪੰਚਾਂ ਨੂੰ ਆਉਂਦੀਆਂ ਮੁਸ਼ਕਲਾਂ ਦਾ ਲੇਖਾ ਜੋਖਾ ਕਰਦਿਆਂ ਆਪਣੀ ਗੱਲ ਮੁਕਾਈ।

ਸਰਪੰਚ ਦੀ ਗਲ ਸੁਣ ਕੇ ਕੁਝ ਮਿੰਟਾਂ ਲਈ ਬੈਠਕ ਵਿੱਚ ਚੁੱਪ ਵਰਤ ਗਈ। ਸਾਰੇ ਸਵਾਲੀਆ ਨਜ਼ਰਾਂ ਨਾਲ ਇਕ ਦੂਜੇ ਵਲ ਵੇਖਣ ਲੱਗ ਪਏ।

"ਸਰਪੰਚ ਸਹਿਬ ਜੀ, ਜੇਕਰ ਸਰਕਾਰ ਨੇ ਸਰਪੰਚਾਂ ਨੂੰ ਪਿੰਡ ਦੀਆਂ ਗਰਾਂਟਾਂ ਖਾਣ ਤੋਂ ਰੋਕਣਾ ਹੈ, ਜਾਂ ਇਮਾਨਦਾਰ ਸਰਪੰਚ ਬਣਾਉਣੇ ਹਨ।ਫਿਰ ਸਰਪੰਚਾਂ ਦੀ ਤਨਖਾਹ ਘੱਟੋ ਘੱਟ ਪੰਜਾਹ ਹਜ਼ਾਰ ਤੋਂ ਵੱਧ ਚਾਹੀਦੀ ਹੈ। ਇਸ ਤੋਂ ਇਲਾਵਾ ਚੰਗੇ ਅਕਸ ਵਾਲੇ ਸਰਪੰਚਾਂ ਦੀ ਪੈਨਸ਼ਨ ਵੀ ਦਸ ਹਜਾਰ ਲੱਗਣੀ ਚਾਹੀਦੀ ਹੈ," ਮੋਹਤਬਰਾਂ ਵਿੱਚੋਂ ਨੰਬਰਦਾਰ ਕਰਮ ਸਿੰਘ ਚੁੱਪ ਤੋੜਨ ਵਿੱਚ ਪਹਿਲ ਕਰਦਾ ਅਤੇ ਸਰਕਾਰਾਂ ਨੂੰ ਕੋਸਦਾ ਬੋਲਿਆ।

"ਪੇਟ ਨਾ ਪਈਆਂ ਰੋਟੀਆਂ ਸਭੇ ਗਲਾਂ ਖੋਟੀਆਂ, ਕਿਹੜਾ ਘਰ ਦੇ ਸਾਰੇ ਕੰਮ ਧੰਦੇ ਛੱਡ ਕੇ, ਕੋਲੋਂ ਖਰਚੇ ਕਰਕੇ ਪੰਜ ਸਾਲ ਪਿੰਡ ਦਾ ਬੀਂਡਾ ਖਿੱਚੀ ਜਾਵੇ। ਇਸ ਕਰਕੇ ਮੈਂ ਬਿਲਕੁੱਲ ਸਰਪੰਚੀ ਵਾਲੇ ਪੰਗੇ ਵਿੱਚ ਨਹੀਂ ਪੈਣਾ, ਸੌ ਹੱਥ ਰੱਸਾ ਸਿਰੇ ਤੇ ਗੰਢ," ਸਾਬਕਾ ਸਰਪੰਚ ਨੇ ਤੋੜ ਕੇ ਜਵਾਬ ਦਿੰਦਿਆਂ ਆਖਿਆ।

"ਨਾ ਨੌ ਮਣ ਤੇਲ ਇਕੱਠਾ ਹੋਵੇ ਨਾ ਰਾਧਾ ਨੱਚੇ, ਭਾਵ ਤੁਹਾਡੀਆਂ ਮੁਸ਼ਕਲਾਂ ਦਾ ਸਾਡੇ ਕੋਲ ਕੋਈ ਹੱਲ ਨਹੀਂ ਹੈ, ਅਸੀਂ ਸਰਪੰਚ ਸਹਿਬ ਫਿਰ ਚੱਲਦੇ ਹਾਂ," ਮੋਹਤਬਰਾਂ ਵਿੱਚੋਂ ਨੱਥਾ ਸਿੰਘ ਬੋਲਿਆ। ਠਹਿਰੋ ਮੈਂ ਬੋਤਲ ਲਿਆਉਂਦਾ ਹਾਂ, ਹੁਣ ਮੂੰਹ ਕੌੜਾ ਕਰਕੇ ਜਾਇਓ, ਸਰਪੰਚ ਦੇਸੀ ਦਾਰੂ ਦੀ ਬੋਤਲ ਲੈਣ ਚਲਾ ਗਿਆ।

  • ਮੁੱਖ ਪੰਨਾ : ਕਹਾਣੀਆਂ, ਸੁਖਵਿੰਦਰ ਸਿੰਘ ਖਾਰਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ