Salaami (Punjabi Story) : Khalid Farhad Dhariwal

ਸਲਾਮੀ (ਕਹਾਣੀ) : ਖ਼ਾਲਿਦ ਫ਼ਰਹਾਦ ਧਾਰੀਵਾਲ

ਕਿਸੇ ਮਰਯਾਦਾ ਦਾ ਖ਼ਾਤਮਾ ਦੁੱਖ ਵਾਲੀ ਗੱਲ ਏ। ਇਕ ਅਜਿਹਾ ਕੰਮ ਜੋ ਕਿਸੇ ਸਮਾਜ ਵਿਚ ਭਲਿਆਈ ਦਾ ਆਧਾਰ ਬਣ ਗਿਆ ਹੋਵੇ, ਉਹਦਾ ਜਾਰੀ ਰਹਿਣਾ ਬਹੁਤ ਜ਼ਰੂਰੀ ਏ।

ਪਰ ਮੈਨੂੰ ਇਹ ਦੱਸਦਿਆਂ ਹਿਰਖ ਹੋ ਰਿਹਾ ਏ ਕਿ ਸਾਡੇ ਸ਼ਹਿਰ ਵਿੱਚ ਅਗਲੇ ਸਾਲ ਇਕ ਅਜ਼ੀਮ ਰਸਮ ਨਹੀਂ ਦੁਹਰਾਈ ਜਾਵੇਗੀ। ਸ਼ਾਇਦ ਤੁਸੀਂ ਆਖੋ ਕਿ ਉਸ ਉੱਤੇ ਲੱਗੀ ਰੋਕ ਦਾ ਸਾਰਿਆਂ ਨੂੰ ਰਲ਼ ਕੇ ਵਿਰੋਧ ਕਰਨਾ ਚਾਹੀਦਾ ਏ ਤੇ ਰਸਮ ਦੇ ਪ੍ਰਬੰਧਕ ਦੀ ਗ੍ਰਿਫਤਾਰੀ ਦੀ ਸੂਰਤ ਵਿਚ ਕਿਸੇ ਹੋਰ ਨੂੰ ਅੱਗੇ ਆਉਣਾ ਪਵੇਗਾ।

ਨਹੀਂ, ਅਜਿਹਾ ਕੁਝ ਨਹੀਂ ਜਨਾਬ।

ਨਾ ਤਾਂ ਕਿਸੇ ਨੇ ਰੋਕ ਲਾਈ ਏ ਤੇ ਨਾ ਏਥੇ ਕਿਸੇ ਹੋਰ ਨੂੰ ਪ੍ਰਬੰਧਕ ਬਣਨ ਦੀ ਲੋੜ ਏ। ਸਗੋਂ ਪ੍ਰਬੰਧਕ ਤਾਂ ਬਦਲਿਆ ਹੀ ਨਹੀਂ ਜਾ ਸਕਦਾ। ਹਰ ਸਾਲ ਇਸ ਰਸਮ ਵਿਚ ਪੂਰੇ ਉਤਸ਼ਾਹ ਨਾਲ ਸਾਰਾ ਸ਼ਹਿਰ ਸ਼ਾਮਿਲ ਹੁੰਦਾ ਏ, ਪਰ ਇਹਦੀ ਪੁਰਤੀ ਇੱਕੋ ਆਦਮੀ ਉੱਤੇ ਨਿਰਭਰ ਏ। ਉਹਦੀ ਥਾਂ ਕੋਈ ਦੂਜਾ ਨਹੀਂ ਲੈ ਸਕਦਾ।

ਹੈ ਨਾ ਅਜੀਬ ਗੱਲ!

ਲਓ ਮੈਂ ਤੁਹਾਨੂੰ ਪੂਰੀ ਵਾਰਤਾ ਸੁਣਾਉਂਦਾ ਹਾਂ:

ਸਾਡਾ ਨਿੱਕਾ ਜਿਹਾ ਸ਼ਹਿਰ ਚੌਗ਼ੱਤਿਆਂ ਦੇ ਰਾਜ ਵਿੱਚ ਇਕ ਪਰਗਨਾ ਸੀ, ਜੋ ਅੰਗਰੇਜ਼ਾਂ ਦੇ ਸਮੇਂ ਸੁੰਗੜ ਕੇ ਤਹਿਸੀਲ ਹੈੱਡਕੁਆਰਟਰ ਰਹਿ ਗਿਆ। ਏਸੇ ਸ਼ਹਿਰ ਵਿੱਚ ਇਕ ਚੌਕ ਏ, ਜਿਸ ਨੂੰ ਸੱਭੇ ਲਾਲ ਚੌਖੰਡੀ ਕਹਿੰਦੇ ਹਨ। (ਇਹ ਨਾਂ ਕਿਵੇਂ ਪਿਆ, ਮੈਂ ਅੱਗੇ ਜਾ ਕੇ ਦੱਸਾਂ ਗਾ।) ਓਥੇ ਇਕ ਚੁਬਾਰਾ ਏ, ਜਿਹਦੀ ਸੌੜੀ ਜਿਹੀ ਕੋਠੜੀ ਵਿੱਚ ਬੈਂਡ ਮਾਸਟਰ ਪਿਆਰੇ ਲਾਲ ਜੀ ਰਹਿੰਦੇ ਹਨ। ਚੁਬਾਰੇ ਦੀ ਬਾਰੀ ਤੋਂ ਹੇਠਾਂ ਬਾਹਰ ਵਾਰ ਫਿੱਕੀ ਪੈ ਚੁੱਕੀ ਲਿਖਾਈ ਵਾਲਾ 'ਮੌਜੀ ਬੈਂਡ' ਦਾ ਬੋਰਡ ਲਟਕਿਆ ਰਹਿੰਦਾ ਏ। (ਪਹਿਲਾ ਸ਼ਬਦ ਅਸਲ ਵਿੱਚ ਫੌਜੀ ਏ। ਉੱਤੋਂ ਬੇਧਿਆਨੀ ਨਾਲ ਥੁੱਕੀ ਪਾਨ ਦੀ ਪਿਚਕਾਰੀ ਨੇ ਨੁਕਤਾ ਉੜਾ ਛੱਡਿਆ ਏ। ਨੀਝ ਨਾਲ ਵੇਖਿਆਂ ਹੀ ਇਹ ਪਤਾ ਲਗਦਾ ਏ।) ਕਦੇ ਵਿਆਹ ਸ਼ਾਦੀ ਵਿਚ ਜੰਞ ਨਾਲ ਜਾਂਦੇ ਹੋਣਗੇ। ਖ਼ੈਰ, ਅਸਾਂ ਤੇ ਨਹੀਂ ਡਿੱਠਾ।

ਪਿਆਰੇ ਲਾਲ ਜੀ ਬ੍ਰਿਟਿਸ਼ ਇੰਡੀਅਨ ਆਰਮੀ ਵਿਚ ਸਨ।

ਰਾਜਪੂਤਾਂ ਦੀ ਦੇਖਾ ਦੇਖੀ ਦੋ ਮੀਰ ਜ਼ਾਦਿਆਂ ਦੇ ਭਰਤੀ ਹੋਣ ਲਈ ਛਾਉਣੀ ਵਿੱਚ ਅੰਗਰੇਜ਼ ਸਾਹਮਣੇ ਬਹਾਦਰੀ ਦਾ ਇਮਤਿਹਾਨ ਦੇਣ ਦਾ ਲਤੀਫ਼ਾ ਤੁਸਾਂ ਸੁਣਿਆ ਹੋਵੇਗਾ? ਯਕੀਨ ਮੰਨੋ ਉਨ੍ਹਾਂ ਦੋਵਾਂ ਵਿੱਚੋਂ ਇੱਕ ਸਾਡੇ ਇਹੀ ਪਿਆਰੇ ਲਾਲ ਜੀ ਸਨ। ਪਤਲੂਨ ਗੰਦੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਫ਼ੌਜ ਵਿੱਚ ਰੱਖ ਲਿਆ ਗਿਆ ਸੀ। ਪਰ ਅੰਗਰੇਜ਼ ਅਫ਼ਸਰ ਨੇ ਉਨ੍ਹਾਂ ਦੇ ਹੱਥ ਲੋਹੇ ਦੀ ਬੰਦੂਕ ਦੇਣ ਦੀ ਬਜਾਏ ਪਿੱਤਲ ਦਾ ਧੂਤਾ ਫੜਾ ਦਿੱਤਾ ਸੀ।

ਤਰੱਕੀ ਕਰਦੇ ਕਰਦੇ ਉਹ ਬੈਂਡ ਮਾਸਟਰ ਬਣ ਗਏ।

ਓਧਰ ਦੇਸ਼ ਭਗਤਾਂ ਵੱਲੋਂ ਆਜ਼ਾਦੀ ਦੀ ਲਹਿਰ ਵਿੱਚ ਜੋਸ਼ ਆ ਗਿਆ ਸੀ ਜਿਹਦਾ ਲਾਜ਼ਮੀ ਅਸਰ ਪਿਆਰੇ ਲਾਲ ਉੱਤੇ ਵੀ ਪਿਆ। ਜਦੋਂ ਲਾਹੌਰ ਵਿੱਚ ਵਾਇਸਰਾਏ ਦਾ ਪੁਰਜੋਸ਼ ਧੁਨਾਂ ਨਾਲ ਸਵਾਗਤ ਕਰਨ ਵਾਲੀ ਮੰਡਲੀ ਵਿੱਚ ਉਨ੍ਹਾਂ ਦਾ ਨਾਂ ਲਿਖਿਆ ਗਿਆ ਤਾਂ ਉਨ੍ਹਾਂ ਨੇ ਲਾਰਡ ਨੂੰ ਸਲੂਟ ਮਾਰਨ ਤੋਂ ਇਨਕਾਰ ਕਰ ਦਿੱਤਾ। ਨਿਯਮ ਦੀ ਇਸ ਉਲੰਘਣਾ ਪਾਰੋਂ ਉਨ੍ਹਾਂ ਦੀ ਨੌਕਰੀ ਜਾਂਦੀ ਰਹੀ ਸੀ।

ਦੇਸ਼ ਭਗਤੀ ਉਨ੍ਹਾਂ ਦੇ ਸਿਰ ਚੜ ਗਈ ਸੀ। ਹੁਣ ਉਹ ਮੇਲਿਆਂ-ਠੇਲ੍ਹੀਆਂ ਵਿੱਚ ਭਗਤ ਸਿੰਘ ਦੀ ਘੋੜੀ ਗਾਉਂਦੇ :

'ਆਓ ਨੀ ਭੈਣੋਂ ਰਲ਼ ਗਾਈਏ ਘੋੜੀਆਂ
ਜੰਞ ਤੇ ਹੋਈ ਏ ਤਿਆਰ ਵੇ ਹਾਂ
ਮੌਤ ਕੁੜੀ ਨੂੰ ਪਰਨਾਵਣ ਚੱਲਿਆ
ਭਗਤ ਸਿੰਘ ਸਰਦਾਰ ਵੇ ਹਾਂ….'

ਆਵਾਜ਼ ਕੁੱਝ ਐਨੀ ਸੁਰੀਲੀ ਨਹੀਂ ਸੀ ਪਰ ਲੋਕਾਂ ਉੱਤੇ ਏਸ ਗਾਉਣ ਦੇ ਬੋਲ ਅਸਰ ਕਰਦੇ। ਗੁਜ਼ਾਰੇ ਜੋਗਾ ਵੇਲਾਂ ਦੀ ਸ਼ਕਲ ਵਿੱਚ ਉਨ੍ਹਾਂ ਨੂੰ ਲੱਭ ਈ ਜਾਂਦਾ।

ਕਹਿੰਦੇ ਨੇ ਕਿ ਇਕ ਮੇਲੇ ਅੰਦਰ ਮੌਤ ਦੇ ਖੂਹ ਵਿੱਚ ਫੱਟੇ ਉੱਤੇ ਨੱਚਣ ਵਾਲੀ ਇਕ ਮੁਟਿਆਰ ਉੱਤੇ ਪਿਆਰੇ ਲਾਲ ਜੀ ਆਪਣਾ ਦਿਲ ਹਾਰ ਬੈਠੇ ਸਨ। ਮਨ ਵਿੱਚ ਦੇਸ਼ ਭਗਤੀ ਨਾਲੋਂ ਹੁਣ ਪ੍ਰੇਮ ਭਗਤੀ ਦੀ ਭਾਵਨਾ ਵੱਧ ਸੀ। ਵੇਲਾਂ ਵਿੱਚ ਕਮਾਏ ਧਨ ਦਾ ਇਕ ਵੱਡਾ ਹਿੱਸਾ ਉਹ ਅੱਗੇ ਵੇਲਾਂ ਦੇਣ ਵਿਚ ਉਡਾ ਛੱਡਦੇ। ਤੇ ਫੇਰ ਭਿੜੀ ਸ਼ਾਹ ਰਹਿਮਾਨ ਦੇ ਮੇਲੇ ਵਿੱਚ ਜਿਥੇ ਪੰਜਵੇਂ ਦਿਨ ਅਗੱਥ ਜ਼ਰੂਰ ਵਗਦਾ ਏ, ਉਨ੍ਹਾਂ ਉੱਤੇ ਇਹ ਭੇਤ ਖੁੱਲ੍ਹ ਗਿਆ ਕਿ ਮੁਟਿਆਰ ਦੇ ਭੇਸ ਵਿੱਚ ਨੱਚਣ ਵਾਲਾ ਅਸਲੋਂ ਇਕ ਮੁੰਡਾ ਏ।

ਉਹ ਬੜੇ ਸ਼ਰਮਿੰਦਾ ਹੋਏ ਤੇ ਮੇਲਿਆਂ ਨੂੰ ਸਦਾ ਲਈ ਖ਼ੈਰਬਾਦ ਆਖ ਦਿੱਤਾ।

ਹੁਣ ਪਿਆਰੇ ਲਾਲ ਜੀ ਨੇ ਸਿਆਸੀ ਜਲਸਿਆਂ ਵਿੱਚ ਘੋੜੀ ਗਾਉਣ ਦਾ ਮਿਥਿਆ। ਪਰ ਉਹ ਦੁਚਿੱਤੀ ਵਿੱਚ ਪੈ ਗਏ ਕਿ ਕਾਂਗਰਸ ਦੇ ਇਕੱਠਾਂ ਵਿੱਚ ਗਾਉਣ ਜਾਂ ਲੀਗ ਦੇ? ਉਹ ਦੋਵਾਂ ਵਿੱਚ ਵਾਰੋ ਵਾਰੀ ਗਏ ਤੇ ਓਥੋਂ ਦਾ ਮਾਹੌਲ ਵੇਖਿਆ ਤਾਂ ਮੁੜ ਆਏ। ਦੋਵਾਂ ਪਾਸੇ ਦੇਸ਼ ਭਗਤੀ ਨੂੰ ਧਰਮ ਦੀ ਪੁੱਠ ਚਾੜ੍ਹੀ ਜਾ ਰਹੀ ਸੀ। ਪਿਆਰੇ ਲਾਲ ਜੀ ਨੂੰ ਲੱਗਿਆ ਕਿ ਲੋਕਾਂ ਦੀ ਇਕ ਨਾਸਤਿਕ ਯੋਧੇ ਦਾ ਜਸ ਸੁਣਨ ਨਾਲੋਂ ਹਜ਼ਾਰ ਵਰ੍ਹਿਆਂ ਦੀ ਮਰਿਯਾਦਾ ਵਾਲੇ ਧਰਮਾਂ ਦੀ ਕਥਾ ਸੁਣਨ ਵਿੱਚ ਰੁਚੀ ਬਾਹਲੀ ਏ। ਉਹ ਕੰਨ ਵਲ੍ਹੇਟ ਕੇ ਆਪਣੇ ਸ਼ਹਿਰ ਪਰਤ ਆਏ।

ਉਹ ਸਿੱਧੇ ਚੌਖੰਡੀ ਵਾਲੇ ਚੁਬਾਰੇ ਉੱਤੇ ਅੱਪੜੇ। ਇਹ ਅਸਲੋਂ ਸ਼ਹਿਰ ਦੀ ਮਸ਼ਹੂਰ ਗਾਇਕਾ ਨਵਾਬ ਪਰੀ ਦੇ ਸਾਜ਼ਿੰਦਿਆਂ ਦਾ ਠਿਕਾਣਾ ਸੀ। ਇਸ ਪਰੀ ਬਾਰੇ ਧੁੰਮਿਆ ਹੋਇਆ ਏ ਕਿ ਉਹ ਕਿਸੇ ਦੂਜੇ ਸ਼ਹਿਰ ਮੁਜਰਾ ਕਰਨ ਗਈ ਇਕ ਰਾਤੀਂ ਅਖਾੜੇ ਵਿੱਚੋਂ ਉੱਡ ਗਈ ਸੀ। (ਬਹੁਤੀਆਂ ਦਾ ਮੰਨਣਾ ਏ ਕਿ ਉਹ ਆਪਣੇ ਵੇਲੇ ਦੇ ਕਿਸੇ ਦੇਵ ਦੀ ਢਾਹੇ ਚੜ੍ਹ ਗਈ।) ਸਾਜ਼ਿੰਦਿਆਂ ਦਾ ਧੰਦਾ ਗਾਇਕਾ ਦੇ ਅਲੋਪ ਹੋਣ ਵਜੋਂ ਠੱਪ ਹੋ ਗਿਆ ਸੀ। ਚੁਬਾਰੇ ਵਿੱਚ ਪਿਆਰੇ ਲਾਲ ਜੀ ਦੀ ਆਮਦ ਉਨ੍ਹਾਂ ਲਈ ਸ਼ੁੱਭ ਸਾਬਤ ਹੋਈ। ਇੱਥੇ ਪਿਆਰੇ ਲਾਲ ਜੀ ਨੇ ਉਨ੍ਹਾਂ ਨੂੰ ਨਾਲ ਰਲਾ ਕੇ ਸਾਡੇ ਸ਼ਹਿਰ ਦੇ ਸਭ ਤੋਂ ਕਦੀਮੀ 'ਫ਼ੌਜੀ ਬੈਂਡ' ਦੀ ਨੀਂਹ ਰੱਖੀ।

ਲਾਰਡ ਨੂੰ ਸਲਾਮੀ ਨਾ ਦੇਣ ਵਾਲੀ ਦੰਦ ਕਥਾ ਸਭ ਨੇ ਸੁਣੀ ਹੋਈ ਸੀ ਤੇ ਜਦੋਂ ਏਸ ਘਟਨਾ ਦੇ ਮਹਾਂ ਪਾਤਰ ਬੈਂਡ ਮਾਸਟਰ ਪਿਆਰੇ ਲਾਲ ਜੀ ਨੂੰ ਲੋਕ ਆਪਣੇ ਵਿਚਕਾਰ ਵੇਖਦੇ ਤਾਂ ਉਨ੍ਹਾਂ ਨੂੰ ਮਾਣ ਮਹਿਸੂਸ ਹੁੰਦਾ। ਹਰ ਕੋਈ ਉਨ੍ਹਾਂ ਨਾਲ ਹੱਥ ਮਿਲਾਉਣ ਵਿੱਚ ਫ਼ਖ਼ਰ ਸਮਝਦਾ। ਰਾਜੇ, ਮਹਾਰਾਜੇ ਤੇ ਨਵਾਬ ਆਪਣੇ ਹੱਥੀਂ ਜਿਹਦੀਆਂ ਜੁੱਤੀਆਂ ਸਿੱਧੀਆਂ ਕਰਨ ਲਈ ਉਤਾਵਲੇ ਰਹਿੰਦੇ, ਉਸ ਹਸਤੀ ਨੂੰ ਸਲਾਮੀ ਦੇਣ ਤੋਂ ਇਨਕਾਰ ਪਿਆਰੇ ਲਾਲ ਜੀ ਦੇ ਹੱਥ ਨੂੰ ਵਾਕਈ ਮੁੱਲਵਾਨ ਬਣਾਉਂਦਾ ਸੀ।

ਸ਼ਾਇਦ ਏਥੋਂ ਹੀ ਪਿਆਰੇ ਲਾਲ ਜੀ ਨੂੰ ਕਈ ਵਰ੍ਹੇ ਬਾਅਦ ਇਕ ਅਜ਼ੀਮ ਰਸਮ ਦਾ ਮੁੱਢ ਬੰਨ੍ਹਣ ਦਾ ਖਿਆਲ ਆਇਆ। ਉਨ੍ਹਾਂ ਮਿਥ ਲਿਆ ਕਿ ਉਹ ਹਰ ਵਰ੍ਹੇ ਵਿਸਾਖੀ ਵਾਲੇ ਦਿਨ ਸ਼ਹਿਰ ਦੀ ਕਿਸੇ ਉਚੇਚੀ ਹਸਤੀ ਨੂੰ ਫ਼ੌਜੀ ਢੰਗ ਨਾਲ ਸਲਾਮੀ ਦੇਣਗੇ।

ਤੇ ਪਹਿਲੀ ਸਲਾਮੀ ਉਨ੍ਹਾਂ ਮਹਾਸ਼ੇ ਦੇਵੀਪ੍ਰਸ਼ਾਦ ਨੂੰ ਪੇਸ਼ ਕੀਤੀ, ਜਿਨ੍ਹੇ ਵੰਡ ਨੂੰ ਯਕੀਨੀ ਵੇਖਦਿਆਂ ਆਲੇ ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਦਾ ਵਿਆਜ ਮਾਫ਼ ਕਰਨ ਦਾ ਐਲਾਨ ਕੀਤਾ ਸੀ। ਲੋਕ ਦੱਸਦੇ ਨੇ ਕਿ ਮਹਾਸ਼ੇ ਹੁਰਾਂ ਇਸ ਸਲਾਮੀ ਤੋਂ ਬਾਅਦ ਆਪਣੇ ਸਾਰੇ ਵਹੀ ਖਾਤੇ ਬਾਹਰ ਚੌਕ ਵਿੱਚ ਲਿਆ ਰੱਖੇ, ਉੱਤੇ ਤੇਲ ਦੀ ਪਲੀ ਛਿੜਕੀ ਤੇ ਅੱਗ ਲਾ ਕੇ ਫੂਕ ਦਿੱਤੇ। ਤੇ ਇਕੱਠੀ ਹੋਈ ਭੀੜ ਨੂੰ ਕਿਹਾ ਕਿ ਆਦਰ ਮਾਣ ਵਾਲੀ ਦੌਲਤ ਹੀ ਮੇਰੇ ਲਈ ਕਾਫ਼ੀ ਏ। ਕੁਝ ਮਹੀਨਿਆਂ ਮਗਰੋਂ ਉਥਲ-ਪੁਥਲ ਵੇਲੇ ਜਦੋਂ ਬੰਦਿਆਂ ਦੀ ਰੱਤ ਨਾਲ ਚੌਖੰਡੀ ਦੀ ਸੜਕ ਲਾਲ ਹੋ ਗਈ ਸੀ ਤਾਂ ਇਕੱਲਾ ਮਹਾਸ਼ਾ ਦੇਵੀਪ੍ਰਸਾਦ ਦਾ ਪਰਿਵਾਰ ਹੀ ਸੀ, ਜਿਸ ਨੂੰ ਕਿਸੇ ਭੈੜੇ ਤੋਂ ਭੈੜੇ ਲਫੰਗੇ ਵੀ ਹੱਥ ਲਾਉਣਾ ਪਾਪ ਜਾਣੀਆ।

ਮੈਂ ਏਥੇ ਦੱਸ ਦਿਆਂ ਕਿ ਚੌਕ ਦਾ ਨਾਂ ਏਸੇ ਰੱਤ ਵਹਿਣ ਵਾਲੀ ਘਟਨਾ ਤੋਂ 'ਲਾਲ ਚੌਖੰਡੀ' ਵੱਜਣ ਲੱਗਾ ਸੀ। ਅੱਜ ਇਹ ਕਿਸੇ ਨੂੰ ਵੀ ਪਤਾ ਨਹੀਂ ਤੇ ਬਹੁਤੇ ਲੋਕ ਬੈਂਡ ਮਾਸਟਰ ਪਿਆਰੇ ਲਾਲ ਜੀ ਦੀ ਨਿਸਬਤ ਨੂੰ ਹੀ ਇਹਦਾ ਆਧਾਰ ਸਮਝਦੇ ਹਨ।

ਸਲਾਮੀ ਵਾਲਾ ਸਿਲਸਿਲਾ ਲੰਮੇ ਅਰਸੇ ਤਕ ਜਾਰੀ ਰਹਿਣ ਪਾਰੋਂ ਸਾਡੇ ਸ਼ਹਿਰ ਦੀ ਮਰਯਾਦਾ ਬਣ ਗਿਆ। ਬੈਂਡ ਮਾਸਟਰ ਪਿਆਰੇ ਲਾਲ ਜੀ ਬਹੁਤ ਬੁੱਢੇ ਹੋਣ ਦੇ ਬਾਵਜੂਦ ਇਸ ਪਰੰਪਰਾ ਨੂੰ ਨਿਭਾਉਂਦੇ ਆ ਰਹੇ ਨੇ। ਕਈ ਵਾਰ ਉਹ ਹੱਸਦੇ ਹੋਏ ਦੱਸਦੇ ਕਿ ਸ਼ਹਿਰ ਵਿੱਚ ਅੰਗਰੇਜ਼ਾਂ ਦੇ ਸਮੇਂ ਦੀਆਂ ਬੱਸ ਦੋ ਹੀ ਸ਼ੈਵਾਂ ਬਚੀਆਂ ਨੇ। ਇਕ ਰੇਲ ਗੱਡੀ ਦਾ ਸਟੇਸ਼ਨ ਤੇ ਦੂਜਾ ਬੈਂਡ ਮਾਸਟਰ ਪਿਆਰੇ ਲਾਲ ਖ਼ੁਦ ਆਪ। ਸਲਾਮੀ ਵਾਲਾ ਸਨਮਾਨ ਹਾਸਿਲ ਕਰਨ ਵਾਲਿਆਂ ਦੀ ਇਕ ਲੰਮੀ ਫ਼ਹਿਰਿਸਤ ਏ। ਉਨ੍ਹਾਂ ਵਿੱਚੋਂ ਬਹੁਤੇ ਅੱਜ ਸਾਡੇ ਦਰਮਿਆਨ ਮੌਜੂਦ ਨਹੀਂ।

ਪਿਛਲੇ ਕੁੱਝ ਵਰ੍ਹਿਆਂ ਦੀ ਗੱਲ ਏ, ਇਕ ਨਵੇਂ ਅਫ਼ਸਰ ਐਡਮਿਨਿਸਟੇਟਰ ਮਿਉਂਸੀਪਲ ਕਮੇਟੀ ਦੀ ਇਸ ਸ਼ਹਿਰ ਬਦਲੀ ਹੋਈ। ਜਿਵੇਂ ਕਿ ਕਾਲੋਨੀਅਲ ਦੌਰ ਤੋਂ ਅਫ਼ਸਰ ਸ਼ਾਹੀ ਦਾ ਰਿਵਾਜ ਏ, ਉਸ ਆਉਂਦਿਆਂ ਹੀ ਸ਼ਹਿਰ ਅਤੇ ਇੱਥੋਂ ਦੇ ਲੋਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ। ਜਦੋਂ ਉਹਨੂੰ ਇਸ ਸਲਾਮੀ ਵਾਲੇ ਸਨਮਾਨ ਦਾ ਪਤਾ ਲੱਗਿਆ ਤਾਂ ਉਹ ਵੀ ਇਹਨੂੰ ਹਾਸਲ ਕਰਨ ਬਾਰੇ ਸੋਚਣ ਲੱਗਾ। 'ਉਹ ਅਜਿਹਾ ਕੀ ਕਰੇ ਕਿ ਉਹਨੂੰ ਸ਼ਹਿਰ ਵਿੱਚ ਏਸ ਵਰ੍ਹੇ ਦੀ ਸਭ ਤੋਂ ਵਧੀਆ ਹਸਤੀ ਮਿਥਿਆ ਜਾਵੇ ?' ਕਈ ਲੋਕ ਪੱਕ ਨਾਲ ਚਿਰਾਂ ਤੋਂ ਇਸ ਯਤਨ ਵਿੱਚ ਲੱਗੇ ਹੋਣਗੇ! ਆਪਣੀ ਵਿੱਤ ਮੂਜਬ ਦੂਸਰਿਆਂ ਦੇ ਜੀਵਨ ਵਿੱਚ ਸੁਖਾਲ ਲਿਆਉਣ ਲਈ ਜੂਝਦੇ ਰਹਿਣਾ ਸੌਖਾ ਕੰਮ ਨਹੀ। ਪਰ ਉਹ ਕੁੱਝ ਅਜਿਹਾ ਕਰ ਵਿਖਾਏਗਾ ਕਿ ਸਭ ਤੋਂ ਅਗੇਰਾ ਤੇ ਉੱਘਾ ਹੋ ਨਿੱਬੜੇ।

ਉਹਨੂੰ ਇਕ ਅਨੋਖੀ ਤਰਕੀਬ ਸੁੱਝੀ ਤਾਂ ਮਾਲੀ ਨੂੰ ਸੱਦ ਕੇ ਉਸ ਹੁਕਮ ਜਾਰੀਕਰ ਦਿੱਤਾ।

ਐਡਮਿਨਿਸਟੇਟਰ ਹਫ਼ਤੇ ਵਿੱਚ ਇਕ ਵਾਰ ਲਾਲ ਚੌਖੰਡੀ ਵਿੱਚ ਖੋਖੇ ਉੱਤੇ ਚਾਹ ਪੀਣ ਜਾਓਣ ਲੱਗਾ। ਉਹਦਾ ਮਕਸਦ ਬੈਂਡ ਮਾਸਟਰ ਪਿਆਰੇ ਲਾਲ ਜੀ ਨਾਲ ਜਾਣ-ਪਛਾਣ ਬਣਾਉਣ ਦਾ ਸੀ, ਜੋ ਅਕਸਰ ਓਥੇ ਬੈਠੇ ਮਿਲਦੇ।

ਫਿਰ ਇਕ ਦਿਨ ਸ਼ਹਿਰ ਭਰ ਵਿੱਚ ਮਿਉਂਸੀਪੈਲਿਟੀ ਵੱਲੋਂ 'ਮੁਫ਼ਤ ਸਬਜ਼ੀ' ਦਾ ਹੋਕਾ ਦਿਵਾਇਆ ਗਿਆ। ਆਪਣੀ ਲੋੜ ਮੁਤਾਬਿਕ ਹਰ ਕੋਈ ਸੜਕਾਂ ਦੇ ਵਿਚਕਾਰ ਕਿਆਰੀਆਂ ਵਿੱਚੋਂ, ਕੱਚੀਆਂ ਪਗਡੰਡੀਆਂ ਦੇ ਨਾਲੋਂ ਤੇ ਮਿਉਂਸੀਪਲ ਪਾਰਕ ਤੋਂ ਵੇਲੇ ਦੀ ਸੌਗਾਤ 'ਸਾਗ' ਤੋੜ ਕੇ ਲਿਜਾ ਸਕਦਾ ਸੀ।

ਚਿਰਾਂ ਤੋਂ ਕੁੱਝ ਬੰਦਿਆਂ ਦੀ ਮੱਦਦ ਕਰਦੇ ਆਏ ਲੋਕਾਂ ਵਿੱਚ ਕਿਸੇ ਵੱਲੋਂ ਇੱਕੋ ਵੇਲੇ ਐਨੇ ਸਾਰੇ ਜੀਆਂ ਲਈ ਕੋਈ ਸ਼ੈ ਮੁਫ਼ਤ ਵੰਡਣ ਦੀ ਇਹ ਘਟਨਾ ਵਾਕਈ ਅਨੋਖੀ ਹੋ ਸਕਦੀ ਸੀ। ਇਹੀ ਗੁਣ ਐਡਮਿਨਿਸਟੇਟਰ ਨੂੰ ਸ਼ਾਇਦ ਸਭ ਤੋਂ ਵੱਖਰਾ ਦਰਸਾਉਣ ਲਈ ਕਾਫ਼ੀ ਹੋਵੇਗਾ! ਪੂਰੇ ਸ਼ਹਿਰ ਵਿੱਚ ਮੁਨਾਦੀ ਐਡਮਿਨਿਸਟੇਟਰ ਦੇ ਨਾਂ ਨਾਲ ਹੋਈ। ਸਮਾਂ ਵੀ ਠੀਕ ਚੁਣਿਆ ਗਿਆ ਸੀ, ਜਦੋਂ ਪੰਜਾਬ ਵਿੱਚ ਰਹਿਤਲ ਦਿਹਾੜਾ ਮਨਾਇਆ ਜਾ ਰਿਹਾ ਸੀ। ਉਹ ਆਪਣੇ ਦਫ਼ਤਰ ਵਿੱਚ ਪੈਂਟ ਕੋਟ (ਲਾਚਾ ਬੰਨਦੀਆਂ ਉਹਨੂੰ ਸੰਗਾ ਆਉਂਦੀ) ਉੱਤੇ ਪੱਗ ਬੰਨ ਕੇ ਸਾਰਾ ਦਿਨ ਬੈਠਾ ਰਿਹਾ। ਰਹਿਤਲ ਦਿਹਾੜ ਉੱਤੇ ਰਵਾਇਤੀ ਖਾਭੇ ਦਾ ਤੋਹਫ਼ਾ ਸ਼ਹਿਰ ਵਾਸੀਆਂ ਨੂੰ ਅਚੰਭੇ ਵਿੱਚ ਪਾ ਦੇਵੇਗਾ।

ਸਵੇਰੇ ਦਫ਼ਤਰ ਆਉਂਦੇ ਹੋਏ ਇਹ ਵੇਖ ਕੇ ਉਹ ਤ੍ਰਭਕ ਗਿਆ ਕਿ ਕਿਸੇ ਨੇ ਇਕ ਮੁੱਠ ਵੀ ਨਹੀਂ ਤੋੜੀ ਸੀ।

"ਸਰ੍ਹੋਂ ਨਹੀਂ, ਸਰ! ਇਹ ਤਾਰਾਮੀਰਾ ਏ।" ਪਿੰਡ ਤੋਂ ਆਉਂਦੇ ਕਲਰਕ ਨੇ ਦੱਸਿਆ ਸੀ।

ਐਡਮਿਨਿਸਟੇਟਰ ਜੋ ਇਸ ਭਲਾਈ ਦੇ ਬਦਲੇ ਸਲਾਮੀ ਦਾ ਸੁਫ਼ਨਾ ਵੇਖਦਾ ਰਿਹਾ ਸੀ ਖਿੱਝ ਕੇ ਸਿਰ ਖੁਰਕਣ ਲੱਗ ਪਿਆ। ਤੇ ਜਦੋਂ ਚੇਅਰਮੈਨ ਨੇ ਸਰ੍ਹੋਂ ਤੇ ਤਾਰੇਮੇਰੇ ਦਾ ਫ਼ਰਕ ਸਮਝਾਉਂਦਿਆਂ ਆਖਿਆ ਕਿ ਇਹਦਾ ਤੇਲ ਖਾਜ ਮਿਟਾਉਣ ਦੇ ਕੰਮ ਆਉਂਦਾ ਏ, ਤਾਂ ਉਸ ਝੱਬਦੇ ਹੱਥ ਥੱਲੇ ਕਰ ਲਿਆ।

ਇਸ ਘਟਨਾ ਤੋਂ ਐਡਮਿਨਿਸਟੇਟਰ ਏਨਾ ਪੱਚੀ ਹੋਇਆ ਕਿ ਉਹ ਵਿਸਾਖੀ ਤੋਂ ਪਹਿਲੇ ਹੀ ਅਪਣਾ ਤਬਾਦਲਾ ਕਰਵਾ ਗਿਆ।

ਸਲਾਮੀ ਦੇ ਲੋਭ ਨੇ ਰਿਟਾਇਰਮੈਂਟ ਦੇ ਲਾਗੇ ਅੱਪੜੇ ਇਕ ਤਹਿਸੀਲਦਾਰ ਨੂੰ ਰਿਸ਼ਵਤ ਛੱਡਣ ਲਈ ਪ੍ਰੇਰਿਆ ਸੀ। ਸ਼ਹਿਰ ਵਿੱਚ 'ਵੱਢੀ' ਨੂੰ 'ਹੱਡੀ' ਆਖਣ ਦਾ ਰਿਵਾਜ ਉਹਦੀ ਵਜੋਂ ਹੀ ਪਿਆ। ਪੈਸਾ ਬਹੁਤ ਇਕੱਠਾ ਕਰ ਲਿਆ ਸੀ ਪਰ ਆਦਰ ਮਾਣ ਮਾਸਾ ਨਹੀਂ ਸੀ ਉਹਦਾ। ਫਿਰ ਉਹਨੇ ਬੰਦਾ ਬਣ ਕੇ ਰਹਿਣ ਦਾ ਸੋਚ ਲਿਆ।

ਇਹ ਵੇਖਦਿਆਂ ਇਕ ਵਕੀਲ ਨੇ ਵੀ ਅਸ਼ਟਾਮ ਪੇਪਰਾਂ ਉੱਤੇ ਆਪਣਾ ਨੌਟਰੀ ਪਬਲਿਕ ਦਾ ਠੱਪਾ ਲਾਉਣ ਦੀ ਮੋਖ ਛੱਡ ਦਿੱਤੀ। ਉਸ ਆਪਣੇ ਕੋਲ ਆਉਣ ਵਾਲਾ ਹਰ ਵਰਕਾ ਜ਼ਿੰਮੇ ਵਾਰੀ ਨਾਲ ਪੜ੍ਹਨ ਦਾ ਪ੍ਰਣ ਕੀਤਾ। ਭਾਵੇਂ ਇਸ ਤੋਂ ਅਗਦੋਂ ਲੋਕੀਂ ਵੱਢੀ ਦੇ ਕੇ ਕੋਰੇ ਕਾਗ਼ਜ਼ ਉੱਤੇ ਵੀ ਉਹਦੇ ਕੋਲੋਂ ਮੋਹਰ ਲਗਵਾ ਲੈਂਦੇ ਸਨ।

ਇਸੇ ਸ਼ਹਿਰ ਦੀ ਬਾਰ ਕੌਂਸਲ ਦੇ ਸਦਰ ਨੇ ਤਾਂ ਹਮਾਤੜਾਂ ਦੇ ਮੁਕੱਦਮੇ ਮੁਫ਼ਤ ਲੜਨ ਦਾ ਐਲਾਨ ਕਰ ਦਿੱਤਾ ਸੀ। ਇਸ ਖ਼ਬਰ ਵਾਲੇ ਪੋਸਟਰਾਂ ਨਾਲ ਉਹਨੇ ਲਾਲ ਚੌਖੰਡੀ ਵਿਚ ਦੁਕਾਨਾਂ ਦੀਆਂ ਕੰਧਾਂ ਰੰਗ ਦਿੱਤੀਆਂ ਸਨ।

ਭਾਵੇਂ ਇਹ ਸਲਾਮੀ ਹੁਣ ਤੀਕ ਕਈ ਹਮਾਤੜ ਲੋਕਾਂ ਨੂੰ ਵੀ ਮਿਲੀ ਪਰ ਅਮੀਰ ਲੋਕਾਂ ਨੂੰ ਇਹਦੀ ਲਾਲਸਾ ਬਹੁਤੀ ਰਹਿੰਦੀ। ਨਿਮਾਣਿਆਂ ਵਿੱਚ ਤਾੜੀ ਦੀ ਭੁੱਖ ਨਹੀਂ ਹੁੰਦੀ। ਉਨ੍ਹਾਂ ਨੂੰ ਤਾਂ ਇਹ ਨਿਰਾ ਆਦਰ ਹੀ ਜਾਪਦਾ ਸੀ ਪਰ ਧਨਾਢ ਲੋਕਾਂ ਲਈ ਇਹ ਸ਼ੋਹਰਤ ਤੇ ਮਾਣ ਦਾ ਕਾਰਨ ਵੀ ਸੀ। ਇਸ ਸਲਾਮੀ ਪਿੱਛੋਂ ਹਰ ਕੋਈ ਤੁਹਾਨੂੰ ਜਾਣਨ ਲੱਗਦਾ ਸੀ। ਉਹ ਸਾਰੇ ਇਕ ਦੂਜੇ ਦੀ ਨਜ਼ਰ ਵਿਚ ਬਰਾਬਰ ਹੁੰਦੇ ਪਰ ਵਰ੍ਹੇ ਪਿੱਛੋਂ ਅਚਨਚੇਤੀ ਕੋਈ ਇਕ ਸਭ ਤੋਂ ਅੱਡ ਉੱਘੜ ਖਲੋਂਦਾ। ਇਕੱਲੀ ਇਕ ਸ਼ਖ਼ਸ ਦੀ ਹੀ ਨਹੀਂ ਸਗੋਂ ਪੂਰੇ ਪਰਿਵਾਰ ਦੀ ਬੱਲੇ ਬੱਲੇ ਹੋ ਜਾਂਦੀ। ਇਹ ਉਹ ਪਛਾਣ ਸੀ ਜਿਹੜੀ ਕਿਧਰੋਂ ਮੁੱਲ ਨਹੀਂ ਮਿਲਦੀ ਸੀ।

ਇਹ ਸਲਾਮੀ ਸ਼ਹਿਰ ਦੇ ਮੋਹਤਬਰ ਲੋਕਾਂ ਦੇ ਸੁਭਾਅ ਵਿੱਚ ਸੁਧਾਰ ਦਾ ਸਬੱਬ ਵੀ ਸੀ। ਉਨ੍ਹਾਂ ਵਿੱਚ ਇਸ ਮਾਣ ਨੂੰ ਖੱਟਣ ਦੀ ਤਾਂਘ ਵਧਦੀ ਗਈ। ਤੇ ਇੰਝ ਇਹ 'ਅਵਾਮੀ ਗਾਰਡ ਆਫ਼ ਆਨਰ' ਇਸ ਨਿੱਕੇ ਜਿਹੇ ਸ਼ਹਿਰ ਦਾ ਸਭ ਥੀਂ ਉਚੇਚਾ ਕਾਰਾ ਹੋ ਨਿੱਬੜਿਆ ਸੀ।

ਸਲਾਮੀ ਦੇ ਲੋਭੀ ਅਫ਼ਸਰ ਭਲਿਆਈ ਇੰਝ ਕਰਦੇ ਕਿ ਲੋਕਾਂ ਨੂੰ ਇਹ ਅਹਿਸਾਨ ਜਾਪਦਾ। ਆਪਣੀ ਨੌਕਰੀ ਨੂੰ ਇਮਾਨਦਾਰੀ ਨਾਲ ਕਰਨਾ ਤਾਂ ਉਨ੍ਹਾਂ ਦਾ ਕਰਤੱਵ ਹੋਇਆ। ਤੇ ਇਸ ਸੇਵਾ ਬਦਲੇ ਸਰਕਾਰ ਹਰ ਮਹੀਨੇ ਉਨ੍ਹਾਂ ਨੂੰ ਪਗਾਰ ਦਿੰਦੀ ਏ। ਪਿਆਰੇ ਲਾਲ ਜੀ ਇਸ ਗੱਲ ਤੋਂ ਖ਼ੂਬ ਵਾਕਫ਼ ਨੇ। ਇਸੇ ਲਈ ਅਜਿਹੇ ਲੋਕ ਉਨ੍ਹਾਂ ਦੇ ਮਨ ਨੂੰ ਜ਼ਰਾ ਨਹੀਂ ਭਾਉਂਦੇ।

ਪਿਆਰੇ ਲਾਲ ਜੀ ਨੂੰ ਨਿੱਤ ਸੱਦੇ ਆਉਂਦੇ। ਕਦੇ ਆਗੂਵਾਂ ਵੱਲੋਂ ਤੇ ਕਦੇ ਅਫ਼ਸਰਾਂ ਵੱਲੋਂ। ਹਰਕਾਰਾ ਘੱਲ ਕੇ ਖੁੱਲ੍ਹੀਆਂ ਕਚਹਿਰੀਆਂ ਵਿੱਚ ਰਲਤ ਦੀ ਬੇਨਤੀ ਕੀਤੀ ਜਾਂਦੀ। ਜੇ ਉਹ ਜਾਂਦੇ ਤਾਂ ਪੱਕ ਨਾਲ ਮੁਹਰਲੀ ਸਫ਼ ਵਿੱਚ ਕੁਰਸੀ ਮਿਲਦੀ, ਪਰ ਉਹ ਕਿਧਰੇ ਜਾਂਦੇ ਨਹੀ ਸਨ। ਆਗੂ ਲੋਕਾਂ ਦੇ ਸਿਆਸੀ ਡੇਰਿਆਂ ਉੱਤੇ ਹੋਣ ਵਾਲੇ ਅਵਾਮੀ ਇਕੱਠ ਵਿੱਚ ਉਨ੍ਹਾਂ ਕਦੇ ਪੈਰ ਨਾ ਧਰਿਆ। ਉਹ ਨਿਰਪੱਖ ਸਨ ਤੇ ਉਨ੍ਹਾਂ ਦਾ ਮੋਹ ਕਿਸੇ ਖ਼ਾਸ ਮਨੁੱਖ ਵਿੱਚ ਨਹੀਂ, ਸਗੋਂ ਮਨੁੱਖਤਾ ਨਾਲ ਸੀ।

ਪਿਛਲੀ ਵਿਸਾਖੀ ਉੱਤੇ ਮੰਮਦੇ ਮੋਚੀ ਨੂੰ ਸ਼ਰਧਾਂਜਲੀ ਪੇਸ਼ ਕੀਤੀ ਗਈ ਸੀ। ਸਰਕਾਰੀ ਸਕੂਲ ਦੇ ਸਾਹਮਣੇ ਮਾਇਆ ਦੇਵੀ ਦੀ ਢੱਠੀ ਹੋਈ ਸਰਾਂ ਦੀ ਕੰਧ ਨਾਲ ਬੈਠਾ ਉਹ ਬੁੱਢਾ ਇੱਕ ਉਮਰ ਤੋਂ ਲੋਕਾਂ ਦੀਆਂ ਜੁੱਤੀਆਂ ਚਮਕਾਉਣ ਤੋਂ ਵੱਖ ਬਾਲਾਂ ਦੀਆਂ ਕਿਤਾਬਾਂ ਨੂੰ ਮੁਫ਼ਤ ਜਿਲਦਾਂ ਕਰਦਾ ਆ ਰਿਹਾ ਏ। ਉਹਦੇ ਲੱਕੜੀ ਦੇ ਸੰਦੂਕ ਵਿੱਚ ਬਣੇ ਰਖਣੇ ਅੰਦਰ ਪੀਲੇ ਪੰਨਿਆਂ ਵਾਲੀ ਇਕ ਕਿਤਾਬ ਹਮੇਸ਼ਾ ਮੌਜੂਦ ਹੁੰਦੀ ਏ। ਕਿਤਾਬਾਂ ਜਿਲਦ ਕਰਵਾਉਣ ਆਏ ਮੁੰਡਿਆਂ ਕੋਲੋਂ ਉਹ ਇਹਦਾ ਇਕ ਬੰਦ ਜ਼ਰੂਰ ਸੁਣਦਾ ਏ। ਮੁੰਡਿਆਂ ਕੋਲੋਂ ਇਸ ਕਿਤਾਬ ਦੇ ਸ਼ਬਦ ਔਖੇ ਹੀ ਵਾਚੇ ਜਾਂਦੇ ਨੇ। ਕਿਤਾਬਾਂ ਨੂੰ ਤੋਪੇ ਭਰਦਾ ਹੋਇਆ ਬਾਬਾ ਮੰਮਦਾ ਬਾਲਾਂ ਦੀ ਨਾਲਾਇਕੀ ਉੱਤੇ ਸਰਪਰ ਝੁਰਦਾ।

ਬਾਲਾਂ ਨੂੰ ਇਹ ਜਾਣ ਕੇ ਅਚੰਭਾ ਹੁੰਦਾ ਪਈ ਉਨ੍ਹਾਂ ਦੀਆਂ ਲਿਸ਼ਕਵੇਂ ਵਰਕਿਆਂ ਵਾਲੀਆਂ ਕਿਤਾਬਾਂ ਨਾਲ ਰਲਦੀ ਮਿਲਦੀ ਅੱਖਰ ਪੱਟੀ ਵਾਲੀ ਇਹ ਪੀਲੀ ਕਿਤਾਬ ਉਨ੍ਹਾਂ ਦੇ ਪੁਰਖਿਆਂ ਦੀ ਬੋਲੀ ਵਿਚ ਏ, ਜਿਹਨੂੰ ਸਕੂਲਾਂ ਵਿੱਚੋਂ ਧੂਤਕਾਰ ਦਿੱਤਾ ਗਿਆ ਏ। ਮੰਮਦਾ ਦੱਸਦਾ ਕਿ ਤੁਹਾਡੀ ਸਿਖਲਾਈ ਦਾ ਆਧਾਰ ਕੋਈ ਓਭੜ ਬੋਲੀ ਏ। "ਜਿਵੇਂ ਮੈਂ ਤੁਹਾਡੇ ਲਈ ਅਣਪੜ ਆਂ, ਓਵੇਂ ਹੀ ਬਚੜਾ ਤੁਸੀ ਮੇਰੇ ਲਈ ਅਣਪੜ ਓ।" ਇਹ ਆਖਦਾ ਹੋਇਆ ਉਹ 'ਹੀਰ ਵਾਰਿਸ ਸ਼ਾਹ' ਦਾ ਨੁਸਖ਼ਾ ਮੁੜ ਸੰਦੂਕ ਵਿਚ ਰੱਖ ਲੈਂਦਾ।

ਓਸ ਵਰ੍ਹੇ ਮਾਸਟਰ ਜੀ ਨੂੰ ਲਾਲ ਚੌਖੰਡੀ ਤੋਂ ਮਾਇਆ ਦੇਵੀ ਦੀ ਸਰਾਂ ਤਾਈਂ ਇਕ ਲੰਮਾ ਚੱਕਰ ਕੱਟ ਕੇ ਆਉਣਾ ਪਿਆ। ਓਥੇ ਅੱਪੜਣ ਤੀਕ ਇਹ ਜਲੂਸ ਦਾ ਰੂਪ ਧਾਰ ਗਿਆ ਸੀ। ਅੱਗੇ ਅੱਗੇ ਸੋਟੀ ਘੁਮਾਉਦੇ ਹੋਏ ਬੈਂਡ ਮਾਸਟਰ ਪਿਆਰੇ ਲਾਲ ਜੀ, ਪਿੱਛੇ ਢੋਲੀ, ਨਾਲ ਪਿੱਤਲ ਦੇ ਵੱਡੇ ਧੂਤੇ ਵਾਲਾ ਇਕ ਅਧਖੜ, ਪਿੱਛੇ ਛੈਣੇ ਖੜਕਾਉਣ ਵਾਲਾ ਛੋਹਰ, ਜਿਸ ਦੇ ਸੱਜੇ ਖੱਬੇ ਤੁਰੀਆਂ ਵਜਾਉਣ ਵਾਲੇ ਦੋ ਜਣੇ। ਪੰਜਾਬ ਦੀਆਂ ਲੋਕ ਧੁਨਾਂ ਵਜਾਉਂਦਾ ਇਹ ਬੈਂਡ ਰਾਹ ਵਿੱਚ ਰੁਕ ਕੇ ਆਪਣੇ ਪਿੱਛੇ ਆਉਂਦੇ ਮਜਮੇ ਨੂੰ ਲੁੱਡੀ ਦੀ ਥਾਪ ਉੱਤੇ ਨੱਚਣ ਦੀ ਖੁੱਲ੍ਹ ਦਿੰਦਾ।

ਸਰਾਂ ਤੋਂ ਥੋੜਾ ਪਿੱਛੇ ਪਿਆਰੇ ਲਾਲ ਜੀ ਵੱਲੋਂ ਇਸ਼ਾਰਾ ਮਿਲਦਿਆਂ ਹੀ ਢੋਲੀ ਨੇ ਤਾਲ ਬਦਲ ਲਈ ਤੇ ਤੁਰੀਆਂ ਵਾਲਿਆਂ ਨੇ 'ਆਉਂਦੀਆਂ ਨਸੀਬਾਂ ਨਾਲ ਇਹ ਘੜੀਆਂ' ਵਾਲੀ ਧੁਨ ਛੇੜ ਲਈ। ਮੰਮਦਾ ਇਹ ਵੇਖਣ ਲਈ ਅਜੇ ਸੰਭਲਦਾ ਹੋਇਆ ਉੱਠ ਹੀ ਰਿਹਾ ਸੀ ਕਿ ਧੂਤੇ ਵਾਲੇ ਨੇ ਤਿੰਨ ਵਾਰ ਉੱਚੀ ਸਾਰੀ 'ਪੂੰ ਪਾਂ' ਕੀਤਾ। ਇਹ ਮੰਜ਼ਿਲ 'ਤੇ ਪੁੱਜਣ ਦਾ ਹੋਕਾ ਸੀ। ਪਿਆਰੇ ਲਾਲ ਜੀ ਆਪਣੇ ਬੈਂਡ ਸਣੇ ਮੰਮਦੇ ਮੋਚੀ ਦੇ ਸਾਹਮਣੇ ਜਾ ਖਲੋਤੇ ਸਨ।

ਬੈਂਡ ਨੇ ਇਕ ਵਾਰ ਫਿਰ ਧੁਨ ਬਦਲੀ। ਐਤਕੀਂ ਸਾਜ਼ਾਂ ਵਿੱਚੋਂ ਨਿਕਲਦੇ ਰਾਗ ਵਿੱਚ ਇਕ ਤਰੰਗ ਸੀ। ਮਜਮੇ ਨੂੰ ਪਤਾ ਲੱਗ ਗਿਆ ਕਿ ਇਸ ਵਰ੍ਹੇ ਦਾ ਸਨਮਾਨ ਬੁੱਢੇ ਮੰਮਦੋ ਲਈ ਏ।

"ਬਾਬਾ ਜੀ ਮੁਹੰਮਦ ਦੀਨ!" ਕਿਸੇ ਨੇ ਉੱਚੀ ਦੇਣੀ ਨਾਅਰੇ ਵਾਂਗ ਇਹ ਨਾਂ ਬੋਲਿਆ ਤੇ ਵਲਦੇ ਵਿੱਚ ਲੋਕਾਂ ਦੇ "ਜ਼ਿੰਦਾ ਬਾਦ" ਆਖਣ ਸਾਰ ਪਿਆਰੇ ਲਾਲ ਜੀ ਨੇ ਫ਼ੌਜੀ ਢੰਗ ਵਿੱਚ ਅਗਾਂਹ ਵੱਧ ਕੇ ਬੁੱਢੇ ਨੂੰ ਪੂਰੇ ਜੋਸ਼ ਨਾਲ਼ ਸਲੂਟ ਮਾਰ ਦਿੱਤਾ।

ਜੀਵਨ ਵਿੱਚ ਸ਼ਾਇਦ ਪਹਿਲੀ ਵਾਰ ਉਹਨੂੰ ਇੰਝ ਸ਼ਰੇਆਮ 'ਮੰਮਦੇ' ਦੀ ਬਜਾਏ 'ਮੁਹੰਮਦ ਦੀਨ' ਪੁਕਾਰਿਆ ਗਿਆ ਸੀ। ਇਸ ਸਲਾਮੀ ਵਿੱਚ ਬੁੱਢੇ ਮੋਚੀ ਨੂੰ ਵਾਕਈ ਆਦਰ ਮਹਿਸੂਸ ਹੋਇਆ। ਚਾਅ ਨਾਲ ਉਹਦੀਆਂ ਅੱਖਾਂ ਸਿੱਲੀਆਂ ਹੋ ਗਈਆਂ ਸਨ।

ਫੇਰ ਕਈ ਮਿੰਟਾਂ ਤੀਕ ਢੋਲ ਦੀ ਆਵਾਜ਼ ਢੱਠੀ ਸਰਾਂ ਦੀਆਂ ਕੰਧਾਂ ਨਾਲ ਖਹਿੰਦੀ ਰਹੀ ਤੇ ਜਾਪਿਆ ਇਹ ਸ਼ਰਧਾਂਜਲੀ ਮਾਇਆ ਦੇਵੀ ਲਈ ਵੀ ਹੈ, ਜਿਸ ਨੇ ਸਦੀਆਂ ਪਹਿਲਾਂ ਇੱਥੇ ਥੱਕੇ-ਹੁੱਟੇ ਪਾਂਧੀਆਂ ਦੇ ਵਿਸਰਾਮ ਦਾ ਮੁਫ਼ਤ ਬੰਨ-ਸੁੱਭ ਕੀਤਾ ਸੀ।

ਮਿਉਂਸੀਪਲ ਕਮੇਟੀ ਦੇ ਦੋ ਵਾਰ ਚੇਅਰਮੈਨ ਰਹਿ ਚੁੱਕੇ ਅਹਮੋਂ ਸੇੜ੍ਹ ਦੇ ਮਨ ਵਿੱਚ ਪਿਆਰੇ ਲਾਲ ਜੀ ਕੋਲੋਂ ਸਲਾਮੀ ਲੈਣ ਦੀ ਲਾਲਸਾ ਵਧਦੀ ਗਈ। ਦੂਜੇ ਕਈ ਲੋਕਾਂ ਵਾਂਗੂੰ ਉਹ ਖ਼ੁਦ ਨੂੰ ਹਰ ਵਾਰੀ ਉਮੀਦਵਾਰ ਸਮਝਦਾ ਸੀ। ਸਾਗ ਵਾਲੀ ਉਸ ਮਖ਼ੌਲੀ ਘਟਨਾ ਤੋਂ ਬਾਅਦ ਉਹ ਵਿਸਾਖੀ ਤੋਂ ਤਿੰਨ ਦਿਨ ਪਹਿਲਾਂ ਹਲਵਾਈ ਨੂੰ ਸੱਦ ਕੇ ਪੂਰੇ ਸ਼ਹਿਰ ਲਈ ਆਪਣੇ ਡੇਰੇ ਉੱਤੇ ਜਲੇਬੀਆਂ ਦਾ ਲੰਗਰ ਲਾਉਣ ਲੱਗ ਪਿਆ ਸੀ। ਪਰ ਇਸ ਦਾਨ ਦਾ ਲਾਭ ਉਹਦੀ ਪਾਰਟੀ ਦੇ ਕੁਝ ਲੋਕ ਹੀ ਖੱਟਦੇ। ਵਿਰੋਧੀ ਧਿਰਾਂ ਇਸ ਚਾਸ਼ਨੀ ਦਾ ਸਵਾਦ ਲੈਣ ਤੋਂ ਪ੍ਰਹੇਜ਼ ਹੀ ਕਰਦੀਆਂ ਸਨ। ਕਈ ਅਣਖੀ ਲੋਕ ਤਾਂ ਉਹਦੇ ਡੇਰੇ ਉੱਤੇ ਜਾ ਕੇ ਖਾਣ ਨੂੰ ਪਿੰਨਣ ਵਰਗਾ ਸਮਝਦੇ। ਪਰ ਅਹਮੋਂ ਸੇੜ੍ਹ ਵੱਲੋਂ ਇਹ ਆਮ ਐਲਾਨ ਸੀ।

ਵਿਸਾਖੀ ਤੋਂ ਠੀਕ ਪਹਿਲੇ ਇਕ ਤਰ੍ਹਾਂ ਆਪਣੇ ਸਖ਼ੀ ਹੋਣ ਨੂੰ ਦਰਸਾਉਣ ਵਾਲਾ ਇਹ ਉਪਰਾਲਾ ਪਿਆਰੇ ਲਾਲ ਜੀ ਨੂੰ ਕਦੇ ਪ੍ਰਭਾਵਿਤ ਨਹੀਂ ਕਰ ਸਕਿਆ।

ਚੇਤਰ ਦੇ ਅਖ਼ੀਰਲੇ ਹਫ਼ਤੇ ਜਦੋਂ ਬੈਂਡ ਮਾਸਟਰ ਦੀ ਵਰਦੀ ਦੀਮੈ ਧੋਬੀ ਕੋਲ ਆਉਂਦੀ ਤਾਂ ਓਥੇ ਸ਼ਹਿਰ ਦੇ ਕਈ ਧਨਾਢ ਲੋਕਾਂ ਦੇ ਪੈਂਟ ਕੋਟ, ਸ਼ੇਰਵਾਨੀ ਤੇ ਐਚਕਨ ਵੀ ਅੱਪੜਨ ਲੱਗ ਪੈਂਦੇ। ਕੀ ਪਤਾ ਵਿਸਾਖੀ ਵਾਲੇ ਦਿਨ ਮਾਸਟਰ ਆਪਣੇ ਬੈਂਡ ਸਮੈਤ ਅਚਨਚੇਤੀ ਉਹਦੇ ਬੂਹੇ 'ਤੇ ਪਹੁੰਚ ਜਾਵੇ। ਆਪਣੇ ਵੱਲੋਂ ਇੱਕੋ ਵੇਲੇ ਸ਼ਹਿਰ ਦੇ ਕਈ ਲੋਕ ਘਰਾਂ ਵਿਚ ਤਿਆਰ ਬੈਠੇ ਰਹਿੰਦੇ।

ਪਰ ਬਹੁਤਿਆਂ ਦੀ ਆਸ ਛੇਤੀ ਹੀ ਮੁੱਕ ਜਾਂਦੀ। ਲਾਲ ਚੌਖੰਡੀ ਵਿੱਚੋਂ ਬੈਂਡ ਧੁਨਾਂ ਬਿਖੇਰਦਾ ਜੇਕਰ ਸੱਜੇ ਮੁੜਿਆ ਤਾਂ ਬਾਕੀ ਦਿਸ਼ਾਵਾਂ ਵਿੱਚ ਰਹਿਣ ਵਾਲੇ ਉਮੀਦਵਾਰ ਉਸ ਵਰ੍ਹੇ ਉਡੀਕਣਾ ਛੱਡ ਦੇਣਗੇ। ਅਗਲੇ ਵਰ੍ਹੇ ਜੇ ਮਾਸਟਰ ਖੱਬੀ ਲਾਮ੍ਹ ਮੁੜ ਗਿਆ ਤਾਂ ਸੱਜੇ ਪਾਸੇ ਦੀਆਂ ਵਸਨੀਕ ਧਿਰਾਂ ਦੀ ਸਲਾਮੀ ਵਾਲੀ ਆਸ ਮੁੱਕ ਵੈਸੀ।

ਇੰਝ ਹੀ ਹੁੰਦਾ ਸੀ। ਵਿਸਾਖੀ ਵਾਲੇ ਦਿਨ ਸਰਘੀ ਵੇਲੇ ਮਿਉਂਸੀਪੈਲਿਟੀ ਵੱਲੋਂ ਸ਼ਹਿਰ ਦੀਆਂ ਸੜਕਾਂ ਉੱਤੇ ਸਫ਼ਾਈ ਪਿੱਛੋਂ ਪਾਣੀ ਦਾ ਤਰੌਂਕਾ ਲਾਇਆ ਜਾਂਦਾ। ਅਫ਼ਸਰਾਂ ਸਮੇਤ ਲੋਕ ਅੰਗਰੇਜ਼ੀ ਕਲੰਡਰ ਦੇ ਨਾਲ ਹੁਣ ਦੇਸੀ ਮਹੀਨਿਆਂ ਤੇ ਤਾਰੀਖ਼ਾਂ ਦਾ ਹਿਸਾਬ ਵੀ ਰੱਖਣ ਲੱਗ ਪਏ ਸਨ। ਆਮ ਤੌਰ ਤੇ ਸਵੇਰੇ ਦੇਰ ਨਾਲ ਜਾਗਣ ਵਾਲੇ ਓਸ ਦਿਨ ਛੇਤੀ ਉੱਠ ਖਲੋਂਦੇ। ਬੱਚੇ ਮਾਵਾਂ ਨਾਲ ਜ਼ਿਦ ਕਰਕੇ ਸਕੂਲੋਂ ਛੁੱਟੀ ਕਰ ਲੈਂਦੇ ਤੇ ਸਹੁਰਿਆਂ ਤੋਂ ਫੋਨ ਕਰ ਕੇ ਵਿਆਹੁਤਾ ਕੁੜੀਆਂ ਆਪਣੇ ਮਾਪਿਆਂ ਤੋਂ ਪੁੱਛਦੀਆਂ ਕਿ ਐਤਕੀਂ ਸਾਡੇ ਸ਼ਹਿਰ ਦਾ ਸਨਮਾਨ ਕਿਸ ਨੂੰ ਮਿਲਿਆ ਏ?

ਪਿਆਰੇ ਲਾਲ ਜੀ ਦੀ ਚੋਣ ਉੱਤੇ ਕਈ ਵਾਰ ਅਚੰਭਾ ਜ਼ਰੂਰ ਹੁੰਦਾ ਪਰ ਇਹ ਕੋਈ ਨਹੀਂ ਸੀ ਆਖ ਸਕਦਾ ਕਿ ਗ਼ਲਤ ਬੰਦੇ ਨੂੰ ਸਨਮਾਨ ਭੇਟ ਕੀਤਾ ਗਿਆ। ਇਸ ਗੱਲ ਉੱਤੇ ਸਭ ਦੀ ਖ਼ਾਮੋਸ਼ ਸਹਿਮਤੀ ਸੀ ਕਿ ਬੈਂਡ ਮਾਸਟਰ ਜਿਹਨੂੰ ਸਲਾਮੀ ਦੇਵੇਗਾ, ਉਹ ਸ਼ਹਿਰ ਭਰ ਦੇ ਆਦਰ ਦਾ ਹੱਕਦਾਰ ਏ। ਕਈ ਲੋਕਾਂ ਨੂੰ ਸਾੜਾ ਜ਼ਰੂਰ ਹੁੰਦਾ ਪਰ ਹਰ ਥਾਂ ਉਸ ਬੰਦੇ ਦੀ ਲਾਜ਼ਮੀ ਇੱਜ਼ਤ ਕੀਤੀ ਜਾਂਦੀ।

ਇਕ ਸਾਲ ਕੈਥੋਲਿਕ ਗਿਰਜੇ ਦੇ ਪਾਦਰੀ ਨੂੰ ਸਲਾਮੀ ਦਿੱਤੀ ਗਈ। ਪਾਦਰੀ ਸਾਹਿਬ ਕੋਲ ਜ਼ਹਿਰ ਚੂਸਣ ਵਾਲਾ ਮਣਕਾ ਸੀ। ਤੇ ਉਹ ਸ਼ਹਿਰ ਤੇ ਆਲ ਦੁਆਲੇ ਦੇ ਪਿੰਡਾਂ ਵਿੱਚੋਂ ਆਉਣ ਵਾਲੇ ਸੱਪ ਦੇ ਡੰਗੇ ਲੋਕਾਂ ਦਾ ਮੁਫ਼ਤ ਇਲਾਜ ਕਰਦੇ ਸਨ। ਪਿਆਰੇ ਲਾਲ ਜੀ ਦੇ ਇਸ ਫ਼ੈਸਲੇ ਉੱਤੇ ਕਿਸੇ ਨੇ ਇਤਰਾਜ਼ ਨਹੀਂ ਕੀਤਾ। ਪਾਦਰੀ ਸਾਹਿਬ, ਜਿਨ੍ਹਾਂ ਦੀ ਪਹਿਲੋਂ ਹੀ ਬਥੇਰੀ ਇੱਜ਼ਤ ਸੀ, ਦਾ ਆਦਰ ਹੋਰ ਵਧ ਗਿਆ ਸੀ।

ਨਿੱਤ ਦੇ ਛੜੇ-ਛਾਂਟ ਪਿਆਰੇ ਲਾਲ ਜੀ ਲਈ ਇਸ ਸ਼ਹਿਰ ਵਿੱਚ ਸਭ ਕੁਝ ਮੁਫ਼ਤ ਏ। ਪਰ ਉਨ੍ਹਾਂ ਲੋੜ ਤੋਂ ਵੱਧ ਦਾ ਕਦੇ ਲਾਲਚ ਨਹੀਂ ਕੀਤਾ। ਉਹ ਜਿਹੜੇ ਮਰਜ਼ੀ ਹੋਟਲ ਤੋਂ ਜਿਵੇਂ ਦਾ ਚਾਹੁਣ, ਇਕ ਦਮੜੀ ਦਿੱਤੇ ਬਿਨਾ ਰੱਜ ਕੇ ਖਾ ਸਕਦੇ ਨੇ। ਮੌਸਮ ਬਦਲਦਿਆਂ ਹੀ ਸ਼ਹਿਰ ਦਾ ਮਸ਼ਹੂਰ ਬਜਾਜ਼ ਦੋ ਜੋੜੇ ਸਿਲਵਾ ਕੇ ਕਿੱਲੀ ਉੱਤੇ ਟੰਗ ਜਾਂਦਾ। ਗਰਮੀਆਂ ਵਿੱਚ ਉਹ 'ਜਲੰਧਰ ਚੱਪਲ ਸਟੋਰ' ਵਾਲਿਆਂ ਦੀ ਜੁੱਤੀ ਪਹਿਨਦੇ ਤੇ ਸਰਦੀਆਂ ਵਿਚ 'ਬਾਟਾ ਸ਼ ੂਕੰਪਨੀ' ਦਾ ਮਕਾਮੀ ਡੀਲਰ ਆਪ ਚੁਬਾਰੇ 'ਚ ਆ ਕੇ ਗਰਮ ਬੂਟਾਂ ਦੀ ਜੋੜੀ ਰੱਖ ਜਾਂਦਾ। ਸਿਗਰਟ ਨੋਸ਼ੀ ਤੋਂ ਪਿਆਰੇ ਲਾਲ ਜੀ ਪ੍ਰਹੇਜ਼ ਕਰਦੇ। ਦਾਰੂ ਦੀ ਮਨਾਹੀ ਨਹੀਂ ਸੀ, ਪਰ ਪੀਂਦੇ ਉਹ ਸਿਰਫ਼ ਚਾਹ, ਦਿਹਾੜੀ ਵਿੱਚ ਤਿੰਨ ਵਾਰ। ਲਾਲ ਚੌਖੰਡੀ ਵਿਚਲੇ ਖੋਖੇ ਵਾਲੇ ਦੀ ਬੋਹਣੀ ਸਵੇਰ ਸਾਰ ਚੁਬਾਰੇ ਉੱਤੇ ਚਾਹ ਅਪੜਾਉਣ ਨਾਲ ਹੁੰਦੀ ਏ। ਦੁਪਹਿਰ ਤੇ ਸ਼ਾਮ ਦੀ ਚਾਹ ਪਿਆਰੇ ਲਾਲ ਜੀ ਆਪ ਖੋਖੇ ਦੇ ਥੜੇ ਉੱਤੇ ਬੈਠ ਕੇ ਪੀਂਦੇ ਨੇ।

ਅੱਵਲ ਤਾਂ ਉਹ ਬੀਮਾਰ ਹੁੰਦੇ ਨਹੀਂ ਪਰ ਜੇ ਕਦੇ ਦਵਾਈ ਲਈ ਹਸਪਤਾਲ ਜਾਣਾ ਪਵੇ ਤਾਂ ਸਾਰਾ ਅਮਲਾ ਉਨ੍ਹਾਂ ਦੀ ਸੇਵਾ ਕਰਨ ਵਿੱਚ ਮਾਣ ਮਹਿਸੂਸ ਕਰਦਾ ਹੈ। ਇਕ ਵਾਰ ਪੋਹ ਵਿੱਚ ਬੀਮਾਰ ਹੋ ਗਏ ਤਾਂ ਉਨ੍ਹਾਂ ਦੇ ਚੁਬਾਰੇ ਵਿੱਚ ਉਹ ਲੋਕ ਵੀ ਪਤਾ ਲੈਣ ਆਏ ਜਿਨ੍ਹਾਂ ਕਦੇ ਆਪਣੇ ਸਕਿਆਂ ਦੀ ਸਾਰ ਨਹੀਂ ਲਈ। ਉਨ੍ਹਾਂ ਰੁਪਏ ਪੈਸੇ ਦੀ ਸ਼ਕਲ ਵਿੱਚ ਸੇਵਾ ਕਰਨ ਵਾਲਿਆਂ ਨੂੰ ਸਖ਼ਤੀ ਨਾਲ ਹਟਕ ਦਿੱਤਾ। ਇਸ ਮਗਰੋਂ ਨਿੱਕੀ ਜਿਹੀ ਕੋਠੜੀ ਫਲ-ਫ਼ਰੂਟ ਦੀਆਂ ਡਾਲੀਆਂ ਨਾਲ ਭਰੀਚ ਗਈ। ਤੇ ਉਸ ਵਰ੍ਹੇ ਮਾਈ ਅੱਲਾ ਰੱਖੀ ਦੀ ਦਰਗਾਹ ਦੇ ਮਲੰਗਾਂ ਨੇ ਬੈਂਡ ਮਾਸਟਰ ਪਿਆਰੇ ਲਾਲ ਜੀ ਦੀ ਮਿਹਰਬਾਨੀ ਨਾਲ ਜ਼ਿੰਦਗੀ ਵਿੱਚ ਪਹਿਲੀ ਵਾਰ ਰੱਬ ਦੀਆਂ ਉਹ ਉਹ ਨਿਆਮਤਾਂ ਚੱਖੀਆਂ ਜਿਨ੍ਹਾਂ ਦੇ ਬਾਰੇ ਵਿੱਚ ਉਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ। ਕੁੱਝ ਇਕ ਨੂੰ ਤਾਂ ਸਾਵੀ (ਜਿਹਨੂੰ ਉਹ ਰੋਜ਼ ਘੋਟਾ ਲਾਉਂਦੇ ਤੇ ਬਿੱਲਾ ਨਾਗ਼ਾ ਪੀਂਦੇ ਹਨ) ਦੇ ਲੋਰੇ ਵਿਚ ਆਪਣੇ ਸਵਰਗ ਵਿਚ ਹੋਣ ਦਾ ਭਰਮ ਵੀ ਹੋਇਆ। ਜੇਕਰ ਓਥੇ ਹੂਰਾਂ ਦੀ ਥੋੜ੍ਹ (ਜਿਨ੍ਹਾਂ ਲਈ ਉਹ ਡਾਢੇ ਤਰਸੇ ਹੋਏ ਨੇ) ਨਾ ਦਿੱਸਦੀ ਤਾਂ ਸ਼ਾਇਦ ਉਨ੍ਹਾਂ ਦਾ ਭਰਮ ਯਕੀਨ ਵਿਚ ਬਦਲ ਜਾਂਦਾ।

ਵਿਸਾਖੀ ਆਉਣ ਤਕ ਪਿਆਰੇ ਲਾਲ ਜੀ ਨੌਂ ਬਰ ਨੌਂ ਹੋ ਗਏ। ਕੋਈ ਵੇਖ ਕੇ ਗਵੇੜ ਨਹੀਂ ਲਾ ਸਕਦਾ ਸੀ ਕਿ ਬੁੱਢਾ ਸੌ ਵਰ੍ਹਿਆਂ ਨੂੰ ਟੱਪ ਖਲੋਤਾ ਏ। ਉਨ੍ਹਾਂ ਦੇ ਕਈ ਸ਼ਾਗਿਰਦ ਆਏ ਤੇ ਗਏ ਪਰ ਉਹ ਓਥੇ ਦੀ ਓਥੇ, ਕਾਇਮ ਦਾਇਮ ਸਨ।

ਦੀਮਾ ਧੋਬੀ ਪੁਰਾਣੀ ਵਰਦੀ ਦੀ ਥਾਂ ਬੈਂਡ ਮਾਸਟਰ ਦੀ ਕਲਫ਼ ਲੱਗੀ ਨਵੀਂ ਵਰਦੀ ਹੈਂਗਰ ਸਮੇਤ ਕਿੱਲੀ ਉੱਤੇ ਟੰਗ ਗਿਆ ਸੀ। ਜੇ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਅਹਮੋਂ ਸੇੜ੍ਹ ਨੇ ਧੋਬੀ ਨੂੰ ਭਿਜਵਾਈ ਏ ਤਾਂ ਉਹ ਕਦੇ ਨਾ ਪਹਿਨਦੇ। ਅਹਮੋਂ ਸੇੜ੍ਹ ਨੂੰ ਆਪਣੇ ਮਨ ਵਿੱਚ ਪੱਕ ਸੀ ਕਿ ਐਤਕੀਂ ਸਲਾਮੀ ਸਰਪਰ ਉਹਨੂੰ ਹੀ ਮਿਲਣੀ ਏ। ਤੇ ਉਹ ਨਹੀਂ ਸੀ ਚਾਹੁੰਦਾ ਕਿ ਉਹਦੇ ਡਰਾਇੰਗ ਰੂਮ ਦੀ ਕੰਧ 'ਤੇ ਸਜਣ ਵਾਲੀ ਤਸਵੀਰ ਵਿੱਚ ਉਹਨੂੰ ਸਲੂਟ ਕਰ ਰਹੇ ਬੈਂਡ ਮਾਸਟਰ ਦੀ ਵਰਦੀ ਉਹਦੇ ਲਿਸ਼ਕਦੇ ਪੈਂਟ ਕੋਟ ਦੇ ਮੁਕਾਬਲੇ ਵਿੱਚ ਬਦਰੰਗ ਤੇ ਫਿੱਕੀ ਨਜ਼ਰ ਆਵੇ। ਹੁਣ ਤਾਂ ਡਿਜੀਟਲ ਕੈਮਰਿਆਂ ਦਾ ਦੌਰ ਏ। ਏਸ ਸਲਾਮੀ ਨੂੰ ਹਰ ਤਰ੍ਹਾਂ ਸ਼ਾਨਦਾਰ ਹੋਣਾ ਚਾਹੀਦਾ ਏ। ਅਹਮੋਂ ਸੇੜ੍ਹ ਨੇ ਸ਼ਹਿਰ ਦੇ ਸਭ ਤੋਂ ਵਧੀਆ ਕੈਮਰਾ ਮੈਨ ਨੂੰ ਚੁੱਪ ਚੁਪੀਤੇ ਸਾਈ ਫੜਾ ਛੱਡੀ ਸੀ।

ਪਿਆਰੇ ਲਾਲ ਜੀ ਨੇ ਬਹੁਤ ਗੌਹ ਕੀਤਾ ਪਰ ਉਨ੍ਹਾਂ ਨੂੰ ਕੋਈ ਜੀ ਅਜਿਹਾ ਨਜ਼ਰ ਨਹੀਂ ਆਇਆ ਜਿਹਨੂੰ ਇਸ ਵਰ੍ਹੇ ਦੀ ਸਲਾਮੀ ਪੇਸ਼ ਕੀਤੀ ਜਾਵੇ। ਸ਼ਹਿਰ ਜਿਵੇਂ ਮੁਨਾਫ਼ਿਕ ਤੇ ਲੋਭੀ ਲੋਕਾਂ ਨਾਲ ਭਰਿਆ ਪਿਆ ਸੀ। ਚੰਗੇ ਬੰਦੇ ਤਾਂ ਸਾਰੇ ਲੱਦ ਗਏ ਸਨ। ਪਰ ਜਦ ਤੀਕ ਪਿਆਰੇ ਲਾਲ ਜਿਉਂਦੇ ਨੇ ਹਰ ਵਰ੍ਹੇ ਕਿਸੇ ਇਕ ਹਸਤੀ ਨੂੰ ਉਹ ਸ਼ਰਧਾਂਜਲੀ ਜ਼ਰੂਰ ਭੇਂਟ ਕਰਨਗੇ। ਖ਼ੈਰ! ਇਹਦਾ ਬੰਨ-ਸ਼ੁੱਭ ਉਨ੍ਹਾਂ ਕਰ ਲਿਆ ਸੀ।

ਵਿਸਾਖੀ ਵਾਲੇ ਦਿਨ ਦੀ ਹਰ ਕਿਸੇ ਨੂੰ ਉਡੀਕ ਸੀ। ਸਵੇਰ ਹੋਈ। ਪਿਆਰੇ ਲਾਲ ਜੀ ਦੇ ਲੱਥਣ ਤੋਂ ਪਹਿਲੇ ਹੀ ਚੌਖੰਡੀ ਵਿੱਚ ਹਿਲਜੁਲ ਸ਼ੁਰੂ ਹੋ ਗਈ ਸੀ। ਸਭ ਤੋਂ ਅਗਦੋਂ ਚਾਅ ਵਾਲੇ ਖੋਖੇ 'ਤੇ ਕੈਮਰਾਮੈਨ ਅੱਪੜਿਆ। ਥੜਿਆਂ ਉੱਤੇ ਬੈਠੇ ਬੰਦੇ ਪਿਛਲੇ ਸਾਲਾਂ ਵਾਂਗੂੰ ਐਤਕੀਂ ਵੀ ਇਸ ਵਰ੍ਹੇ ਦੀ ਸਲਾਮੀ ਦੇ ਜੇਤੂ ਨਾਂ ਉੱਤੇ ਸ਼ਰਤਾਂ ਲਾ ਰਹੇ ਸਨ।

ਇਕ ਆਦਮੀ ਨੇ ਭੋਇੰ ਉੱਤੇ ਕਰਾਸ ਦਾ ਨਿਸ਼ਾਨ ਵਾਹਿਆ ਤੇ ਸਭ ਨੂੰ ਮੁਤਵੱਜੋ ਕਰਕੇ ਪੁੱਛਣ ਲੱਗਾ ਕਿ ਦੱਸੋ ਭਲਾ ਇਹ ਚੌਖੰਡੀ ਵਿੱਚੋਂ ਐਤਕੀਂ ਬੈਂਡ ਮਾਸਟਰ ਕਿਹੜੀ ਲਾਮ੍ਹ ਨੂੰ ਨਿਕਲੇਗਾ?

"ਸੱਜੇ।" ਕੈਮਰਾਮੈਨ ਝੱਟ ਦੇਣੀ ਬੋਲ ਪਿਆ।

"ਸ਼ਰਤ ਲਾਉਂਦਾ ਐਂ?" ਕਿਸੇ ਨੇ ਕਿਹਾ।

ਕੈਮਰਾਮੈਨ ਨੂੰ ਪੂਰਾ ਯਕੀਨ ਸੀ ਕਿਉਂਜੋ ਅਹਮੋਂ ਸੇੜ੍ਹ ਦਾ ਘਰ ਚੁਬਾਰੇ ਵੱਲ ਮੁੰਹ ਕਰਕੇ ਖਲੋਵੋ ਤਾਂ ਚੋਖੰਡੀ ਵਿੱਚੋਂ ਸੱਜੇ ਹੱਥ ਹੀ ਪੈਂਦਾ ਏ। ਉਹਨੇ ਸ਼ਰਤ ਲਾਉਂਦਿਆਂ ਚਿਰ ਨਾ ਲਾਇਆ। ਖੋਖੇ ਉੱਤੇ ਮੌਜੂਦ ਬੰਦੇ ਗਿਣੇ ਗਏ ਤੇ ਸਲਾਮੀ ਤੋਂ ਬਾਅਦ ਹਾਰਨ ਵਾਲੇ ਦੇ ਪੱਲਿਓ ਸਾਰਿਆਂ ਨੂੰ ਮੁੜ ਚਾਹ ਪਿਆਉਣ ਦਾ ਵਾਅਦਾ ਕੀਤਾ ਗਿਆ। ਹਰ ਵਿਸਾਖੀ ਨੂੰ ਸ਼ਹਿਰ ਵਿਚ ਅਜਿਹੀਆਂ ਹੀ ਛੋਟੀਆਂ-ਛੋਟੀਆਂ ਸ਼ਰਤਾਂ ਲਗਦੀਆਂ ਸਨ, ਜਿਨ੍ਹਾਂ ਨੂੰ ਜੂਆ ਨਹੀਂ ਆਖ ਸਕਦੇ।

ਚੁਬਾਰੇ 'ਚ ਪਿਆਰੇ ਲਾਲ ਜੀ ਜਦੋਂ ਵਰਦੀ ਪਾ ਰਹੇ ਸਨ ਠੀਕ ਉਦੋਂ ਸ਼ਹਿਰ ਦੇ ਵੱਖ-ਵੱਖ ਕੋਨਿਆਂ ਵਿੱਚ ਕਈ ਬੰਦੇ ਆਪਣੇ ਘਰਾਂ ਵਿਚ ਬਣ ਫੱਬ ਰਹੇ ਸਨ। ਜਿਨ੍ਹਾਂ ਵਿੱਚੋਂ ਚਾਰ ਬੰਦਿਆਂ ਨੂੰ ਤਾਂ ਆਪਣੇ ਵੱਲੋਂ ਜਿਵੇਂ ਵਿਸ਼ਵਾਸ ਸੀ। ਰਿਟਾਇਰਡ ਤਹਿਸੀਲਦਾਰ, ਬਾਰ ਕੌਂਸਲ ਦਾ ਸਦਰ, ਨੌਟਰੀ ਪਬਲਿਕ ਵਾਲਾ ਵਕੀਲ ਤੇ ਸਾਬਕਾ ਚੇਅਰਮੈਨ ਅਹਮੋਂ ਸੇੜ੍ਹ।

ਬਾਰ ਕੌਂਸਲ ਦਾ ਸਦਰ ਤਾਂ ਪਿਛਲੇ ਪੰਦਰਾਂ ਦਿਨਾਂ ਤੋਂ ਲਗਾਤਾਰ ਸ਼ਾਮੀਂ ਲਾਲ ਚੌਖੰਡੀ ਵਾਲੇ ਖੋਖੇ 'ਤੇ ਚਾਹ ਪੀਣ ਆ ਰਿਹਾ ਸੀ। ਤੇ ਓਥੇ ਮੌਜੂਦ ਪਿਆਰੇ ਲਾਲ ਜੀ ਨੂੰ ਸੁਣਾਉਣ ਲਈ 'ਵਿਸਾਖੀ ਵਾਲੇ ਦਿਨ ਮੈਂ ਘਰ ਈ ਹੁੰਦਾਂ' ਘੱਟੋ ਘੱਟ ਇਕ ਵਾਰ ਜ਼ਰੂਰ ਬੋਲਦਾ। ਮਤਲਬ ਕਿ ਬੈਂਡ ਮਾਸਟਰ ਪਿਆਰੇ ਲਾਲ ਜੀ ਉਹਨੂੰ ਕਚਹਿਰੀ 'ਚ ਨਾ ਲੱਭਦਾ ਫਿਰੇ।

ਦਸ ਵਜੇ ਦੇ ਲਾਗੇ ਜਦੋਂ ਚੌਖੰਡੀ ਵਿਚ ਬਾਲਾਂ ਦੀ ਚੋਖੀ ਭੀੜ ਜਮ੍ਹਾ ਹੋ ਗਈ ਸੀ, ਪਿਆਰੇ ਲਾਲ ਜੀ ਨਵੀਂ ਨਕੋਰ ਵਰਦੀ ਵਿੱਚ ਆਪਣੇ ਬੈਂਡ ਸਮੇਤ ਥੱਲੇ ਉੱਤਰੇ। ਸਭ ਤੋਂ ਪਹਿਲਾਂ ਧੂਤੇ ਵਾਲੇ ਨੇ ਇਕ ਵਾਰ ਲੰਮਾ ਸਾਰਾ 'ਪੂੰ ਪਾਂ' ਕੀਤਾ। ਫਿਰ ਢੋਲੀ ਨੇ ਡੱਗਾ ਮਾਰਿਆ ਤੇ ਮੁੜ ਛੈਣਿਆਂ ਦੀ ਤਾਲ ਵਿੱਚ ਤੁਰੀਆਂ ਵਾਲਿਆਂ ਨੇ ਭਗਤ ਸਿੰਘ ਦੀ ਘੋੜੀ ਦੀ ਧੁਨ ਵਜਾਈ। ਏਹੀ ਰਿਵਾਜ ਸੀ। ਹਰ ਸਾਲ ਮੁੱਢ ਇੰਝ ਈ ਬੱਝਦਾ।

ਧੂਤੇ ਵਾਲੇ ਦੀ ਲੰਮੀ 'ਪੂੰ ਪਾਂ' ਸਾਰੇ ਸ਼ਹਿਰ ਵਿਚ ਸੁਣੀ ਗਈ। ਸਲਾਮੀ ਵਾਲੇ ਕਾਫ਼ਲੇ ਨਾਲ ਰਲਣ ਲਈ ਲੋਕ ਗਲੀਆਂ ਬਾਜ਼ਾਰਾਂ ਵਿੱਚੋਂ ਨਿਕਲ ਕੇ ਬਾਹਰ ਸੜਕ 'ਤੇ ਆ ਗਏ। ਧੁਨਾਂ ਬਿਖੇਰਦੇ ਬੈਂਡ ਨੇ ਐਤਕੀਂ ਕਿਸੇ ਇਕ ਦਿਸ਼ਾ ਵੱਲ ਮੂੰਹ ਕਰਨ ਦੀ ਬਜਾਏ ਸੋਟੀ ਘੁਮਾਉਂਦੇ ਹੋਏ ਬੈਂਡ ਮਾਸਟਰ ਦੇ ਪਿੱਛੇ ਚੌਖੰਡੀ ਵਿਚਲੇ ਦਾਇਰੇ ਦਾ ਚੱਕਰ ਪੂਰਾ ਕੀਤਾ। ਚੁਬਾਰੇ ਦੀ ਸੇਧ ਲੈਣ ਤੋਂ ਪਹਿਲਾਂ ਢੋਲੀ ਨੇ ਆਪਣੀ ਥਾਪ ਰਾਹੀਂ ਬਾਲਾਂ ਨੂੰ ਭੰਗੜੇ ਦੇ ਆਹਰ ਲਾ ਦਿੱਤਾ। 'ਆਉਂਦੀਆਂ ਨਸੀਬਾਂ ਨਾਲ ਇਹ ਘੜੀਆਂ' ਵਾਲੀ ਧੁਨ ਸ਼ੁਰੂ ਹੁੰਦਿਆਂ ਹੀ ਲੋਕ ਚੌਖੰਡੀ ਵੱਲ ਦੌੜ ਪਏ। ਉਨ੍ਹਾਂ ਦੇ ਓਥੇ ਆਉਣ ਤੀਕ ਧੂਤੇ ਵਾਲੇ ਨੇ ਛੇਕੜਲਾ ਸੁਰ ਫੂਕ ਦਿੱਤਾ ਸੀ।

ਬੈਂਡ ਮਾਸਟਰ ਦੇ ਸੋਟੀ ਖੱਬੀ ਕੱਛ ਵਿੱਚ ਦਬਦੀਆਂ ਹੀ ਚੁਬਾਰੇ ਦੀ ਛੱਤ ਉੱਤੋਂ ਦਸ ਬਾਈ ਵੀਹ ਦੀ ਈਧੀ ਸਾਹਿਬ ਦੀ ਤਸਵੀਰ ਵਾਲੀ ਫ਼ਲੈਕਸ ਥੱਲੇ ਲਮਕ ਪਈ। ਚੌਖੰਡੀ ਤੋਂ ਸੱਜੇ ਪਾਸੇ ਤੁਰਿਆ ਜਾਂਦਾ ਕੈਮਰਾਮੈਨ ਇਹ ਵੇਖ ਕੇ ' ਅਬਦੁਲ ਸੱਤਾਰ ਈਧੀ' ਦੇ ਨਾਅਰੇ ਲਾਉਂਦਾ ਮੁੜ ਪਿਆ। ਬੈਂਡ ਮਾਸਟਰ ਪਿਆਰੇ ਲਾਲ ਜੀ ਨੇ ਅਗਾਂਹ ਵੱਧ ਕੇ ਪੂਰੀ ਸ਼ਰਧਾ ਨਾਲ ਈਧੀ ਸਾਹਿਬ ਨੂੰ ਸਲਾਮੀ ਪੇਸ਼ ਕਰ ਦਿੱਤੀ। ਇਹ ਪਹਿਲੀ ਵਾਰ ਸੀ ਕਿ 'ਜ਼ਿੰਦਾਬਾਦ' ਆਖਦੇ ਮਜਮੇ ਦੇ ਹੱਥ ਵੀ ਆਪ ਮੁਹਾਰੇ ਸਲਾਮੀ ਲਈ ਉੱਠ ਗਏ ਸਨ।

ਯੂ. ਐੱਸ. ਐੱਸ. ਆਰ. ਵੱਲੋਂ ਮਿਲੇ 'ਲੈਨਿਨ ਅਮਨ ਪ੍ਰਾਈਜ਼' ਦੀ ਤੁਲਨਾ ਵਿੱਚ ਈਧੀ ਸਾਹਿਬ ਨੂੰ ਬੈਂਡ ਮਾਸਟਰ ਪਿਆਰੇ ਲਾਲ ਜੀ ਵੱਲੋਂ ਭੇਂਟ ਕੀਤਾ ਗਿਆ ਸਨਮਾਨ ਭਾਵੇਂ ਬੜਾ ਛੋਟਾ ਸੀ, ਪਰ ਇਹ ਸ਼ਹਿਰ ਭਰ ਦੇ ਪਖੰਡੀਆਂ ਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਬਹੁਤ ਹੀਣਾ ਕਰ ਗਿਆ। ਖ਼ਾਸ ਕਰ ਕੇ ਅਹਮੋਂ ਸੇੜ੍ਹ ਨੂੰ।

ਵਿਸਾਖੀ ਤੋਂ ਪਿੱਛੋਂ ਇਕ ਦਿਨ ਪਿਆਰੇ ਲਾਲ ਜੀ ਰੋਜ਼ ਵਾਂਗੂੰ ਮਸੀਤ ਜਾਣ ਲਈ ਘੁਸ ਮੱਸੇ ਵਿੱਚ ਥੱਲੇ ਉੱਤਰੇ ਤਾਂ ਭੋਇੰ ਤੇ ਪੈਰ ਰੱਖਦਿਆਂ ਹੀ ਕੇਲੇ ਦੀ ਛਿੱਲੜੇ ਉੱਤੋਂ ਤਿਲਕ ਗਏ। ਸੰਭਲਣ ਲਈ ਉਨ੍ਹਾਂ ਸੱਜੇ ਹੱਥ ਦਾ ਸਹਾਰਾ ਲਿਆ ਤਾਂ ਉਨ੍ਹਾਂ ਦੇ ਆਪਣੇ ਭਾਰ ਨਾਲ ਹੀ ਗੁੱਟ ਟੁੱਟ ਗਿਆ।

ਚਾਂਗਰ ਸੁਣ ਕੇ ਦੂਰ ਨੇੜੇ ਦੇ ਗਲੀ ਮੁਹੱਲਿਆਂ ਵਿੱਚੋਂ ਲੋਕ ਇਕੱਠੇ ਹੋ ਗਏ, ਸਿਵਾਏ ਨੇੜੇ ਹੀ ਰਹਿਣ ਵਾਲੇ ਅਹਮੋਂ ਸੇੜ੍ਹ ਦੇ। ਪਿਆਰੇ ਲਾਲ ਜੀ ਨੂੰ ਚੁੱਕ ਕੇ ਖੜ੍ਹਾ ਕੀਤਾ ਗਿਆ। ਉਹ ਬਾਂਹ ਉਤਾਂਹ ਕਰਦੇ ਤਾਂ ਸੱਜਾ ਹੱਥ ਲੇਲੇ ਦੇ ਕੰਨ ਵਾਂਗੂੰ ਲਮਕ ਜਾਂਦਾ।

ਹਸਪਤਾਲ ਲਿਜਾਣ ਤੋਂ ਪਹਿਲਾਂ ਕਈ ਵਾਰ ਤੱਤੇ ਤਾਅ ਉਨ੍ਹਾਂ ਦਾ ਗੁੱਟ ਚਾੜਨ ਦੀ ਕੋਸ਼ਿਸ਼ ਕੀਤੀ ਗਈ।

ਡਾਕਟਰਾਂ ਨੇ ਐਕਸਰੇ ਤੋਂ ਬਾਅਦ ਦੱਸਿਆ ਕਿ ਹੱਡੀ ਟੁੱਟ ਗਈ ਏ, ਜੁੜ ਜਾਵੇਗੀ ਪਰ ਗੁੱਟ ਚਾੜਨ ਦੇ ਚੱਕਰ ਵਿੱਚ ਸ਼ਾਇਦ ਹੱਥ ਨੂੰ ਵਾਰ ਵਾਰ ਹਿਲਾਉਣ ਵਜੋਂ ਪੱਠਾ ਕੱਟ ਕੀਤਾ ਏ। ਉਹਦਾ ਕੋਈ ਉਪਾਅ ਨਹੀਂ। ਉਹ ਸੁੱਕ ਜਾਵੇਗਾ ਤੇ ਹੱਥ ਸਦਾ ਲਈ ਬੇਕਾਰ ਹੋ ਗਿਆ ਏ।

ਤੇ ਇੰਝ ਸਾਡੇ ਸ਼ਹਿਰ ਵਿਚ ਇਕ ਮਰਯਾਦਾ ਦਾ ਖ਼ਾਤਮਾ ਹੋ ਗਿਆ।

  • ਮੁੱਖ ਪੰਨਾ : ਕਹਾਣੀਆਂ, ਖ਼ਾਲਿਦ ਫ਼ਰਹਾਦ ਧਾਰੀਵਾਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ