Ram Sanehi (Punjabi Story) : Surinder Neer
ਰਾਮ ਸਨੇਹੀ (ਕਹਾਣੀ) : ਸੁਰਿੰਦਰ ਨੀਰ
ਬਾਰਸ਼ ਦੀ ਤਾੜ-ਤਾੜ ਨੇ ਉਸਨੂੰ ਅੱਧ-ਕੱਚੀ ਨੀਂਦਰੋਂ
ਜਗਾ ਦਿੱਤਾ। ਅੱਭੜਵਾਹੇ ਉਠ ਖਿੜਕੀ ਖੋਲ ਉਸ ਵੇਖਿਆ ਕਿ
ਮੋਟੇ-ਮੋਟੇ ਗੜ੍ਹੇ ਧਰਤੀ ਉਤੇ ਵਰ੍ਹ ਰਹੇ ਸਨ। ਅਸਮਾਨ ਕਾਲਾ
ਸਿਆਹ। ਬੱਦਲਾਂ ਦਾ ਗਾੜ੍ਹਾ ਹਨੇਰਾ ਵੇਖ ਉਸ ਦੀ ਤਾਂ ਜਾਨ ਹੀ
ਨਿਕਲ ਗਈ। ਜੇ ਬਾਰਸ਼ ਪੈਣ ਲੱਗ ਪਈ ਤਾਂ ਅੱਜ ਦਾ ਕੰਮ ਤਾਂ
ਰਹਿ ਜਾਏਗਾ।
ਗੜੇ ਕੁਝ ਦੇਰ ਵਰ੍ਹ ਕੇ ਸ਼ਾਂਤ ਹੋ ਚੁੱਕੇ ਹਨ। ਬਾਰਸ਼ ਵੀ
ਹਲਕੀ-ਹਲਕੀ ਪੈ ਰਹੀ ਹੈ। ਉਸਨੇ ਪਰਮਾਤਮਾ ਦਾ ਸ਼ੁਕਰ
ਕੀਤਾ। ਘੜੀ ਵੇਖੀ ਸਵੇਰ ਦੇ ਪੰਜ ਵੱਜ ਚੁਕੇ ਸਨ। ਧਿਆਨ
ਆਇਆ ਕੱਲ੍ਹ ਰਾਤ ਟੱਬ ਭਰ ਕੇ ਕੱਪੜੇ ਭਿਉਂ ਰੱਖੇ ਸਨ
ਉਸਨੇ। ਰਾਤੀਂ ਹੀ ਧੋ ਲੈਂਦੀ ਪਰ ਉਸ ਵੇਲੇ ਗੁਆਂਢਣ ਕਿਸੇ
ਕੰਮ ਲਈ ਆ ਗਈ। ਉਹ ਗੱਲਾਂ ਵਿਚ ਏਨੀ ਛਿੜ ਪਈ ਕਿ
ਰੁਕਣ ਦਾ ਨਾਂ ਹੀ ਨਾ ਲਵੇ। ਜਦ ਉਸ ਦੀਆਂ ਗੱਲਾਂ ਦਾ ਭੋਗ
ਪਿਆ, ਰਾਤ ਦੇ ਨੌਂ ਵੱਜ ਚੁੱਕੇ ਸਨ। ਉਸ ਤੋਂ ਬਾਅਦ ਰਾਤ ਦੇ
ਖਾਣੇ ਤੇ ਹੋਰ ਖਲਜਗਣਾਂ ਨੇ ਉਸਨੂੰ ਏਨਾ ਥਕਾ ਮਾਰਿਆ ਕਿ
ਸੁਧ-ਬੁਧ ਹੀ ਗੁਆ ਬੈਠੀ। ਕੱਪੜੇ ਵੀ ਉਂਜ ਹੀ ਅਣਧੋਤੇ ਪਏ
ਰਹਿ ਗਏ।
ਉਹ ਬਿਸਤਰੇ 'ਚੋਂ ਅੱਭੜਵਾਹੇ ਉਠ ਖੜੋਤੀ। ਕੱਪੜੇ
ਹੁਣੇ ਹੀ ਧੋ ਕੇ ਸੁੱਕਣੇ ਪਾ ਦੇਣੇ ਚਾਹੀਦੇ ਹਨ। ਨਹੀਂ ਤਾਂ ਹੁਣ
ਪਤੀ ਦੇਵ ਜਾਗ ਪੈਣਗੇ, ਫਿਰ ਪੁੱਤਰ ਮਹਾਰਾਜ ਉਠ ਖੜੋਵੇਗਾ।
ਦੋਹਾਂ ਨੇ ਤਾਂ ਦੋ ਤਿੰਨ ਘੰਟੇ ਬਾਥਰੂਮ ਮੱਲੀ ਰੱਖਣਾ ਹੈ। ਉਧਰੋਂ
ਮਿਸਤਰੀ ਮਜ਼ਦੂਰਾਂ ਦੇ ਆ ਜਾਣ ਦਾ ਵਕਤ ਹੋ ਜਾਵੇਗਾ। ਉਨ੍ਹਾਂ
ਦੇ ਨਾਲ ਦੌੜ ਭੱਜ ਕਰਨ ਵਿਚ ਤਾਂ ਉਸਦੀ ਜਾਨ ਹੀ ਨਿਕਲਦੀ
ਜਾ ਰਹੀ ਹੈ। ਅੱਜ ਕੱਲ੍ਹ ਜਿਹੜਾ ਉਸ ਨੂੰ ਵੇਖਦਾ ਹੈ, ਉਹ ਪਲ
ਭਰ ਉਸਦੇ ਚਿਹਰੇ ਨੂੰ ਨਿਹਾਰਦਿਆਂ ਅਫ਼ਸੋਸ ਜਿਹੇ ਨਾਲ
ਕਹਿ ਦੇਂਦਾ ਹੈ, 'ਕੀ ਗੱਲ ਤੂੰ ਤਾਂ ਬੜੀ ਕਮਜ਼ੋਰ ਹੋ ਗਈ ਹੈਂ...
ਐਂ ਨਿੱਕਾ ਜਿਹਾ ਮੂੰਹ ਨਿਕਲ ਆਇਆ। ਕੀ ਗੱਲ ਬਿਮਾਰਸ਼ਮਾਰ
ਤਾਂ ਨਹੀਂ...?'
ਹੁਣ ਉਹ ਕਿਸ-ਕਿਸ ਨੂੰ ਦੱਸੇ ਕਿ ਉਸਨੂੰ ਅਸਲ
ਵਿਚ ਕੀ ਬਿਮਾਰੀ ਲੱਗੀ ਹੋਈ ਹੈ। ਟੈਨਸ਼ਨ ਨੂੰ ਕੋਈ ਬਿਮਾਰੀ
ਥੋੜੀ ਕਿਹਾ ਜਾ ਸਕਦਾ ਹੈ। ਨਾਲੇ ਉਹ ਕਿਸੇ ਨੂੰ ਆਪਣੀ
ਟੈਨਸ਼ਨ ਬਾਰੇ ਦੱਸੇ ਤਾਂ ਦੱਸੇ ਕੀ? ਨਿੱਕੀਆਂ ਨਿੱਕੀਆਂ ਗੱਲਾਂ
ਸੁਣਨ ਵਾਲਿਆਂ ਲਈ ਕੋਈ ਮਹੱਤਵ ਥੋੜੇ ਰੱਖਦੀਆਂ ਹਨ ਪਰ
ਉਹ ਨਿੱਕੀਆਂ-ਨਿੱਕੀਆਂ ਗੱਲਾਂ ਹੀ ਮਛਲੀ ਦੇ ਬਰੀਕ ਕੰਡਿਆਂ
ਵਾਂਗ ਜਦ ਹਲਕ ਵਿਚ ਚੁਭਦੀਆਂ ਹਨ ਤਾਂ ਉਨ੍ਹਾਂ ਦਾ ਦਰਦ
ਉਹ ਹੀ ਸਮਝਦਾ ਹੈ ਜੋ ਇਹ ਦਰਦ ਭੋਗਦਾ ਤੇ ਸਹਿੰਦਾ ਹੈ।
ਉਸਦਾ ਅੰਗ ਅੰਗ ਟੁੱਟ ਰਿਹਾ ਹੈ। ਰਾਤੀਂ ਕੰਮ ਕਾਜ
ਖ਼ਤਮ ਕਰਦਿਆਂ ਸਾਢੇ ਗਿਆਰਾਂ ਵੱਜ ਗਏ ਸਨ। ਜਦ ਤਕ
ਉਹ ਬਿਸਤਰੇ 'ਤੇ ਆਈ ਸੀ, ਪਤੀ ਦੇਵ ਘੁਰਾੜੇ ਮਾਰ ਰਹੇ
ਸਨ।
ਅਲਸਾਈ ਜਹੀ ਬਾਥਰੂਮ 'ਚ ਵੜ ਗਈ ਹੈ। ਸਭ ਤੋਂ
ਪਹਿਲਾਂ ਬਾਥਰੂਮ ਵਾਸ਼ਬੇਸਨ, ਕਮੋਡ ਸਾਫ਼ ਕਰਨ ਦੀ ਆਦਤ
ਹੈ ਉਸਦੀ। ਵਾਇਪਰ ਹੱਥ 'ਚ ਫੜੀ ਉਹ ਨਲਕਾ ਖੋਲ੍ਹਦੀ ਜਾ
ਰਹੀ ਹੈ ਪਰ ਪਾਣੀ ਤਾਂ ਨਦਾਰਦ ਹੈ। ਸੁੱਕਾ, ਮੂੰਹ ਟੱਡੀ ਨਲਕਾ
ਜਿਵੇਂ ਉਸਨੂੰ ਚਿੜਾ ਰਿਹਾ ਹੈ। ਉਸ ਦੇ ਪਤੀ ਵਾਂਗ। ਖਿਝ ਚੜ੍ਹ
ਜਾਂਦੀ ਹੈ ਉਸਨੂੰ। ਬਾਹਰ ਜਾ ਕੇ ਮੋਟਰ ਦੇ ਵਾਲਵ ਸੈਟ ਕਰਕੇ
ਸਵਿੱਚ ਦਬਾਂਦੀ ਹੈ। ਤਦ ਤਕ ਉਹ ਬਰੱਸ਼ ਕਰਨ ਲੱਗ ਪੈਂਦੀ
ਹੈ। ਚੰਗੀ ਤਰ੍ਹਾਂ ਦੰਦ ਸਾਫ ਕਰ ਲੈਣ ਬਾਅਦ ਚੂਲੀ ਕਰਨ ਲਈ
ਨਲਕੇ ਹੇਠਾਂ ਹੱਥ ਰੱਖ ਟੂਟੀ ਖੋਲ੍ਹਦੀ ਹੈ ਪਰ ਟੂਟੀ 'ਚੋਂ ਫਿਰ
ਉਹੀ ਡੱਕ-ਡੱਕ ਜਹੀ ਆਵਾਜ਼ ਆ ਰਹੀ ਹੈ। ਪਾਣੀ ਦੀ ਕੋਈ
ਬੂੰਦ ਨਹੀਂ ਆਂਦੀ। ਉਹ ਮੁੜ ਸਾਰੇ ਵਾਲਵ ਚੈਕ ਕਰਕੇ ਵੇਖਦੀ
ਹੈ। ਪਾਣੀ ਨਹੀਂ ਚੜ੍ਹਦਾ। ਤਾਂ ਕੀ ਮੋਟਰ ਵਿਚ ਕੋਈ ਨੁਕਸ ਆ
ਗਿਆ?
ਉਸਨੂੰ ਘਬਰਾਹਟ ਹੋਣ ਲੱਗਦੀ ਹੈ। ਸਾਢੇ ਪੰਜ ਵੱਜ
ਗਏ ਨੇ। ਹੁਣੇ ਹੀ ਦੋਵੇਂ ਪਿਉ ਪੁੱਤਰ ਬਿਸਤਰਿਆਂ ਤੋਂ ਉਠ
ਇਕ ਦੂਜੇ ਨੂੰ ਧੱਕਦੇ ਪਛਾੜਦੇ, 'ਪਹਿਲਾਂ ਮੈਂ, ਪਹਿਲਾਂ ਮੈਂ'
ਕਰਦੇ ਬਾਥਰੂਮ ਵਲ ਦੌੜਨਗੇ। ਪਰ ਪਾਣੀ?
ਮਿਸਤਰੀਆਂ ਨੇ ਵੀ ਤਾਂ ਸਾਰਾ ਦਿਨ ਸੀਮਿੰਟ ਬੱਜਰੀ ਹੀ
ਮਿਕਸ ਕਰਕੇ ਮਸਾਲਾ ਬਣਾਉਣਾ ਹੈ, ਉਹ ਵੀ ਕੀ ਕਰਨਗੇ?
ਤਿੰਨ ਸੌ ਰੁਪਏ ਇਕ ਮਿਸਤਰੀ ਲੈਂਦਾ ਹੈ, ਦੋ ਸੌ ਰੁਪਏ
ਮਜ਼ਦੂਰ। ਦੋ ਮਿਸਤਰੀ ਤੇ ਤਿੰਨ ਮਜ਼ਦੂਰ ਯਾਨਿ ਛੇ ਸੌ ਜਮ੍ਹਾ
ਛੇ ਸੌ ਕੁਲ ਬਾਰਾਂ ਸੌ ਰੁਪਏ। ਉਸਦਾ ਜ਼ਿਹਨ ਪਲ ਦੀ ਪਲ
ਵਿਚ ਸਾਰੀ ਗਿਣਤੀ ਕਰ ਲੈਂਦਾ ਹੈ ਤਾਂ ਕੀ ਅੱਜ ਦਿਹਾੜੀ ਦੇ
ਬਾਰਾਂ ਸੌ ਰੁਪਏ ਗਏ ਖੂਹ ਵਿਚ?
ਹੌਲੀ-ਹੌਲੀ ਪਤੀ ਨੂੰ ਜਗਾਉਂਦੀ ਹੈ। ਹਾਲਾਂਕਿ ਜਾਣਦੀ
ਹੈ, ਉਸਨੇ ਸਵੇਰੇ ਸੌ ਗੱਲਾਂ ਸੁਣਾ ਦੇਣੀਆਂ ਹਨ ਪਰ ਫਿਰ ਵੀ
ਹੁਣ ਤਾਂ ਜਾਗਣ ਦਾ ਵੇਲਾ ਹੋ ਹੀ ਗਿਆ ਹੈ। ਉਨ੍ਹਾਂ ਨੇ ਵੀ ਤਾਂ
ਤਿਆਰ ਹੋ ਕੇ ਆਫਿਸ ਜਾਣਾ ਹੈ। ਪਰ ਪਾਣੀ?
ਉਸਦੇ ਹਿਲਾਉਣ ਤੇ ਪਤੀ ਪਾਸੇ ਜਹੇ ਮਾਰਦਾ ਪੁੱਛਦਾ
ਹੈ, "ਕੀ ਹੈ?"
"ਉਠੋ! ਛੇ ਵੱਜਣ ਵਾਲੇ ਹਨ। ਆਫ਼ਿਸ ਜਾਣਾ ਹੈ ਤੁਸਾਂ।"
"ਹਾਂ, ਪਰ ਆਫ਼ਿਸ ਅੱਠ ਵਜੇ ਲੱਗਦਾ ਹੈ। ਮੈਨੂੰ ਸੌਣ
ਦੇ...ਇਕ ਤੇ ਅੱਧੀ ਰਾਤ ਤਕ ਤੇਰੇ ਭਾਂਡਿਆਂ ਦੀ ਠੱਕ-ਠੱਕ
ਹੀ ਨੀਂਦਰ ਨਹੀਂ ਆਉਣ ਦੇਂਦੀ। ਹੁਣ ਸਵੇਰੇ ਸਵੇਰੇ...।'
"ਮੋਟਰ ਪਾਣੀ ਨਹੀਂ ਖਿੱਚ ਰਹੀ। ਉਠ ਕੇ ਦੇਖੋ ਪਲੀਜ਼।
ਮੈਂ ਕੱਪੜੇ ਧੋਣ ਲੱਗੀ ਸਾਂ ਪਰ ਨਲਕੇ ਖੁਸ਼ਕ ਹੋਏ ਪਏ ਨੇ।
ਪਤਾ ਨਹੀਂ ਕੀ ਹੋ ਗਿਆ ਏ ਮੋਟਰ ਨੂੰ?" ਪੂਰੀ ਟੈਨਸ਼ਨ ਵਿਚ
ਹੈ ਉਹ।
"ਖ਼ੁਸ਼ਕ ਨਲਕਾ ਨਹੀਂ ਸਗੋਂ ਤੇਰਾ ਦਿਮਾਗ ਹੋ ਗਿਆ
ਹੈ। ਸਵੇਰੇ-ਸਵੇਰੇ ਰੌਲਾ ਪਾ ਰੱਖਿਆ ਖਾਹਮਖਾਹ।" ਨੀਂਦਰ
ਟੁੱਟਣ ਕਾਰਨ ਪਤੀ ਦਾ ਗੁੱਸਾ ਅਸਮਾਨ ਛੂਹ ਰਿਹਾ ਹੈ।
"ਰੌਲਾ ਪਾ ਰਹੀ ਹਾਂ ਮੈਂ? ਘੰਟੇ ਭਰ ਬਾਅਦ ਮਜ਼ਦੂਰਾਂ,
ਮਿਸਤਰੀਆਂ ਨੇ ਆ ਜਾਣਾ। ਪਾਣੀ ਬਿਨਾਂ ਕੀ ਕਰਨਗੇ ਉਹ?
ਐਵੇਂ ਠੱਕ-ਠਾਹ ਕਰਕੇ ਦਿਹਾੜੀ ਸਾਡੇ ਸਿਰ ਚਾੜ੍ਹ ਤੁਰ ਜਾਣਗੇ।
ਤੇ ਤੁਸੀਂ ਆਖ ਰਹੇ ਹੋ ਮੈਂ ਖਾਹ-ਮ-ਖਾਹ...?" ਰੋਣਹਾਕੀ
ਹੋ ਜਾਂਦੀ ਹੈ ਉਹ।
"ਨਾ, ਮੈਂ ਕੋਈ ਪਲੰਬਰ ਹਾਂ?"
"ਪਲੰਬਰ ਨਹੀਂ ਹੋ ਤਾਂ ਪਲੰਬਰ ਢੂੰਡ ਲਿਆਓ। ਸਾਢੇ ਛੇ
ਵੱਜ ਚੁੱਕੇ ਨੇ। ਅਜੇ ਸਾਰੇ ਕਾਰੀਗਰ ਆਪਣੇ ਘਰੀਂ ਹੀ ਹੋਣਗੇ।
ਉਠੋ। ਬਾਹਰ ਨਿਕਲੋ। ਕਿਸੇ ਤੋਂ ਪੁੱਛ ਕੇ ਪਤਾ ਚਲ ਹੀ
ਜਾਏਗਾ।"
"ਮੇਰੇ ਤੋਂ ਨਹੀਂ ਇਹ ਕਾਰੀਗਰਾਂ ਦੀਆਂ
ਮਰਦਮਸ਼ੁਮਾਰੀਆਂ ਹੁੰਦੀਆਂ। ਮਿਸਤਰੀ ਮਜ਼ਦੂਰ ਆਉਣਗੇ,
ਉਨ੍ਹਾਂ ਨੂੰ ਆਖੀਂ ਆਪੇ ਲੱਭ ਲਿਆਉਣਗੇ। ਮੈਂ ਮੰਦਰ ਵਿਚ ਜਾ
ਕੇ ਨਹਾ-ਧੋ ਆਉਂਦਾ ਹਾਂ।" ਉਹ ਤੌਲੀਆ, ਸਾਬਣ, ਬਰੱਸ਼,
ਪੇਸਟ ਚੁੱਕ ਤੁਰ ਪੈਂਦਾ ਹੈ।
"ਰਾਜੂ! ਉਠ ਬੇਟਾ ਸਕੂਲ ਦੇਰ ਹੋ ਜਾਏਗੀ।" ਦਸਵੀਂ
ਪੜ੍ਹਦੇ ਮੁੰਡੇ ਨੂੰ ਹਿਲਾ ਕੇ ਜਗਾਉਂਦੀ ਹੈ।
"ਮਮਾ! ਮੈਂ ਤੁਹਾਡੀਆਂ ਗੱਲਾਂ ਸੁਣਲੀਆਂ ਨੇ। ਜੇ ਪਾਣੀ
ਨਹੀਂ ਹੈ ਤਾਂ ਮੈਂ ਕਿਵੇਂ ਨਹਾਵਾਂਗਾ? ਬਿਨਾਂ ਨਹਾਏ ਤਾਂ ਮੈਂ
ਸਕੂਲ ਵਿਚ ਮੌਜੂ ਬਣ ਜਾਵਾਂਗਾ।"
"ਫਿਰ?"
"ਫਿਰ ਅੱਜ ਸਕੂਲੋਂ ਛੁੱਟੀ।" ਆਖ ਉਹ ਹੋਰ ਚੰਗੀ
ਤਰ੍ਹਾਂ ਪਸਰ ਕੇ ਸੌਂ ਜਾਂਦਾ ਹੈ।
ਉਸਨੂੰ ਜਾਪਦਾ ਹੈ ਜਿਵੇਂ ਤਣਾਓ ਕਾਰਨ ਉਸਦਾ ਸਿਰ
ਫਟ ਰਿਹਾ ਹੈ। ਇਹ ਮਰਦਾਂ ਦੀ ਜ਼ਾਤ ਏਨੀ ਲਾਪਰਵਾਹ ਕਿਉਂ
ਹੁੰਦੀ ਹੈ? ਕੀ ਕਮਾਉਣ ਖੱਟਣ ਵਾਲੀ ਔਰਤ ਦੀ ਇਹੋ ਤ੍ਰਾਸਦੀ
ਹੈ ਕਿ ਉਹ ਚੱਕੀ ਦੇ ਦੋਹਾਂ ਪੁੜਾਂ ਵਿਚਾਲੇ ਆ ਜਾਵੇ ਤੇ ਪਿਸੀ
ਜਾਵੇ ਦਿਨ ਰਾਤ। ਘਰ ਕੀ ਤੇ ਬਾਹਰ ਕੀ? ਕੀ ਹੁਣ ਪਾਣੀ ਤੇ
ਪਲੰਬਰ ਲਈ ਵੀ ਉਸੇ ਨੂੰ ਹੀ ਨੱਠ-ਭੱਜ ਕਰਨੀ ਪਵੇਗੀ?
ਰੋਣਾ ਆ ਰਿਹਾ ਹੈ ਉਸ ਨੂੰ। ਪਰ ਰੋਣ ਦਾ ਵੀ ਕੀ ਫਾਇਦਾ।
ਹਰ ਵਾਰ ਵਾਂਗ ਪਤੀ ਦੇਵ ਨੇ ਇਸ ਵੇਲੇ ਵੀ ਉਹੋ ਰਟੇ ਰਟਾਏ
ਸੰਵਾਦ ਦੁਹਰਾ ਦੇਣੇ ਹਨ, "ਤੈਨੂੰ ਹੀ ਤਾਂ ਪੰਗਾ ਲੈਣ ਦਾ ਚਾਅ
ਚੜ੍ਹਿਆ ਸੀ। ਕਰ ਤਾਂ ਰਿਹਾ ਸੀ ਠੇਕੇਦਾਰ ਚੰਗਾ ਭਲਾ ਕੰਮ।
ਅਖੇ ਨਹੀਂ ਜੀ ਮੈਂ ਜ਼ਿਆਦਾ ਸਿਆਣੀ ਹਾਂ। ਭਈ ਸਿਆਣੀ ਹੈਂ
ਤਾਂ ਫਿਰ ਸੰਭਾਲ ਆਪੇ। ਮੇਰੇ ਤੋਂ ਤਾਂ ਇਹ ਖਲਜਗਣ ਨਹੀਂ
ਸੰਭਾਲੇ ਜਾਂਦੇ। ਤਾਂ ਹੀ ਮੈਂ ਠੇਕੇ 'ਤੇ ਕੰਮ ਦੇ ਕੇ ਸਿਆਪਾ
ਮੁਕਾਇਆ ਸੀ। ਪਰ ਨਹੀਂ ਜੀ...।"
ਕਿੰਨੀ ਵਾਰ ਪੱਕੀ ਇੱਟ ਵਾਂਗ ਉਹ ਇਹੀ ਤਾਅਨਾ ਉਸਨੂੰ
ਮਾਰ ਚੁੱਕੇ ਹਨ। ਤਾਂ ਕੀ ਉਹ ਆਪਣੇ ਘਰ ਅਤੇ ਪੈਸੇ ਦੀ
ਬਰਬਾਦੀ ਹੁੰਦੀ ਵੇਖ ਉਨ੍ਹਾਂ ਵਾਂਗ ਹੀ ਅੱਖਾਂ ਮੀਟ ਕੇ
ਅਣਗੌਲਿਆਂ ਕਰ ਛੱਡਦੀ? ਤੇ ਜੋ ਜਿਵੇਂ ਹੋ ਰਿਹਾ ਸੀ ਉਸਨੂੰ
ਉਵੇਂ ਹੀ ਹੋਣ ਦੇਂਦੀ?
ਨੌਕਰੀ ਅਤੇ ਬੱਚੇ ਦੀ ਪੜ੍ਹਾਈ ਖਾਤਰ ਹੀ ਤਾਂ ਉਹ ਪਿੰਡ
ਛੱਡ ਕੇ ਪਿਛਲੇ ਪੰਦਰਾਂ ਸਾਲਾਂ ਤੋਂ ਇਸ ਸ਼ਹਿਰ ਵਿਚ ਮਹਿੰਗੇ
ਕਿਰਾਏ ਦੇ ਮਕਾਨਾਂ ਵਿਚ ਰਹਿ ਰਹੇ ਹਨ। ਹੁਣ ਤਾਂ ਉਨ੍ਹਾਂ ਦੀ
ਮਾਨਸਿਕਤਾ ਹੀ ਕਿਰਾਏਦਾਰਾਂ ਵਰਗੀ ਦਬੀ ਸੁੰਗੜੀ ਤੇ ਦਬੂ
ਜਹੀ ਹੋ ਗਈ ਹੋਈ ਹੈ। ਉਨ੍ਹਾਂ ਦੀ ਆਪਣੀ ਤਾਂ ਚਲੋ ਜਿਵੇਂ
ਤਿਵੇਂ ਨਿਭ ਹੀ ਰਹੀ ਸੀ ਪਰ ਦਸਵੀਂ 'ਚ ਪੜ੍ਹ ਰਹੇ ਜਵਾਨ ਹੁੰਦੇ
ਮੁੰਡੇ ਉਤੇ ਸੌ ਸੌ ਬੰਦਸ਼ਾਂ? ਗੱਲ ਗੱਲ ਉਤੇ ਮਕਾਨ ਮਾਲਕ
ਦੀ ਟੋਕਾ-ਟਾਕੀ। ਬਿਨਾਂ ਵਜ੍ਹਾ ਝਿੜਕ ਦੇਣਾ। ਟੇਡੀਆਂ ਅੱਖਾਂ
ਨਾਲ ਤਾੜਨਾ, ਖਿਝਣਾ। ਇਹ ਸਭ ਬੱਚੇ ਨੂੰ ਤਾਂ ਪ੍ਰੇਸ਼ਾਨ ਕਰ
ਹੀ ਰਿਹਾ ਸੀ, ਉਨ੍ਹਾਂ ਨੂੰ ਵੀ ਦੁਖੀ ਕਰ ਦੇਂਦਾ। ਚਾਰ ਜਗ੍ਹਾ ਉਹ
ਟਿਊਸ਼ਨ ਪੜ੍ਹਨ ਜਾਂਦਾ। ਪੜ੍ਹਨ ਪੜ੍ਹਾਉਣ ਉਸ ਕੋਲ ਦੋਸਤਾਂ,
ਸਹਿਪਾਠੀਆਂ ਨੇ ਆਉਣਾ-ਜਾਣਾ ਹੀ ਹੁੰਦਾ। ਪਰ ਮਕਾਨ
ਮਾਲਕ ਦਾ ਹਰ ਗੱਲ ਉਤੇ ਕਿੰਤੂ-ਪ੍ਰੰਤੂ।
"ਅਵਾਰਾ ਹੋ ਗਿਆ ਤੁਹਾਡਾ ਲੜਕਾ। ਫਜ਼ੂਲ ਜਿਹੇ
ਮੁੰਡਿਆਂ ਨੂੰ ਘਰ ਵਾੜੀ ਰੱਖਦਾ। ਸਾਡੇ ਘਰ ਵੀ ਪੜ੍ਹਨ ਵਾਲੀਆਂ
ਜਵਾਨ ਕੁੜੀਆਂ ਹਨ। ਉਨ੍ਹਾਂ ਉਤੇ ਬੁਰਾ ਅਸਰ ਪਊਗਾ। ਇਸ
ਨੂੰ ਸਮਝਾਓ, ਘਰੇ ਕੁੜੀਆਂ ਮੁੰਡਿਆਂ ਨੂੰ ਨਾ ਲਿਆਇਆ
ਕਰੇ...।"
ਉਹ ਮਜਬੂਰ ਹਨ। ਮਕਾਨ ਮਾਲਕ ਨੂੰ ਪਲਟ ਕੇ ਕੋਰਾ
ਖਰਵਾ ਜਵਾਬ ਦੇਣ ਦਾ ਸੋਚਣ ਤੋਂ ਪਹਿਲਾਂ ਉਹ ਆਪਣੇ ਆਪ
ਲਈ ਕਿਸੇ ਹੋਰ ਘਰ ਬੰਦੋਬਸਤ ਕਰ ਸਕਣ ਬਾਰੇ ਸੋਚ ਕੇ
ਚੁੱਪ ਕਰ ਜਾਂਦੇ ਹਨ। ਹੁਣ ਕੋ-ਐਡ ਵਿਚ ਪੜ੍ਹਨ ਵਾਲੇ ਬੱਚਿਆਂ
ਲਈ ਭਲਾਂ ਅੱਜ-ਕੱਲ੍ਹ ਮੁੰਡੇ ਕੁੜੀਆਂ ਵਿਚਲਾ ਫਰਕ ਕੀ
ਮਾਅਨੇ ਰੱਖਦਾ ਹੈ? ਉਹ ਤਾਂ ਬਸ ਸਹਿਪਾਠੀ ਹੁੰਦੇ ਹਨ ਜਾਂ
ਦੋਸਤ। ਅੱਜ ਦਾ ਵਕਤ ਪੁਰਾਣੇ ਵਾਲਾ ਕਿਥੇ ਰਿਹਾ?
ਹੁਣ ਤਾਂ ਟੀ.ਵੀ. 'ਤੇ ਇਕ ਮਾਂ ਆਪਣੀ ਬੇਟੀ ਦਾ ਅੱਧੀ
ਰਾਤੀਂ ਫੋਨ ਸੁਣ ਕੇ ਬਾਥਰੂਮ ਵਿਚ ਵੜ ਅੰਦਰੋਂ ਕੁੰਡੀ ਲਗਾ
ਲੈਂਦੀ ਹੈ। ਮੋਬਾਈਲ ਵਿਚ ਉਹ ਫੁਸਫੁਸਾਂਦੀ ਆਵਾਜ਼ ਵਿਚ
ਪੁੱਛਦੀ ਹੈ, "ਬਿਨਾਂ ਪ੍ਰੋਟੈਕਸ਼ਨ ਦੇ? ਕਬ? ਕਿਤਨੀ ਬਾਰ?
ਪਾਗਲ ਹੋ ਗਈ ਹੈ ਕਯਾ? ਅਗਰ ਪ੍ਰੈਗਨੈਂਟ ਹੋ ਗਈ ਤੋ?
ਜਾਨਤੀ ਹੈ ਸੀਧਾ ਅਬਾਰਸ਼ਨ....? ਤੁਮ ਇਤਨੀ ਲਾਪ੍ਰਵਾਹ
ਕੈਸੇ ਹੋ ਗਈ?"
ਫਿਰ ਸੁਘੜ ਤੇ ਮਾਡਰਨ ਮਾਂ ਕਿਸੇ ਦਵਾਈ ਦਾ ਨਾਂ
ਦੱਸਦੀ ਹੈ ਜਿਹੜੀ ਬਹੱਤਰ ਘੰਟਿਆਂ ਵਿਚ ਹੀ ਅਣਚਾਹਿਆ
ਗਰਭ ਠਹਿਰਣ ਤੋਂ ਬਚਾ ਸਕਦੀ ਹੈ। ਇਹ ਅੱਜ ਦੀ ਆਧੁਨਿਕਤਾ
ਹੈ। ਸਭ ਕੁਝ ਸਵੀਕਾਰਿਤ। ਘਰ, ਪਰਿਵਾਰ, ਸ਼ਹਿਰ ਤੋਂ ਦੂਰ
ਦੂਜੇ ਸ਼ਹਿਰਾਂ ਵਿਚ ਪੜ੍ਹਦੇ, ਨੌਕਰੀਆਂ ਕਰਦੇ ਬੱਚੇ ਅੱਖਾਂ ਸਾਹਵੇਂ
ਟੀ.ਵੀ. ਉਤੇ ਪਰੋਸੇ ਜਾ ਰਹੇ ਆਕ੍ਰਸ਼ਕ ਸੈਕਸ ਐਡਾਂ ਨੂੰ ਵੇਖ
ਕਿੰਨਾ ਸੰਜਮ ਰੱਖਦੇ ਹੋਣਗੇ? ਇਹ ਸ਼ਾਇਦ ਹੁਣ ਬਹੁਤਾ
ਵਿਚਾਰਨ ਵਾਲੀ ਗੱਲ ਹੀ ਨਹੀਂ ਰਹਿ ਗਈ।
ਪ੍ਰਾਈਵੇਟ ਕੰਪਨੀਆਂ, ਕਾਲ ਸੈਂਟਰਾਂ ਤੇ ਹੋਰ ਅਦਾਰਿਆਂ
ਵਿਚ ਦਿਨ ਰਾਤ ਤਣਾਓ ਭਰਪੂਰ ਜੌਬ ਕਰਨ ਵਾਲੇ ਨੌਜਵਾਨ,
ਤਣਾਓ ਦੂਰ ਕਰਨ ਲਈ ਕੀ ਕੀ ਤਰੀਕੇ ਅਪਨਾ ਰਹੇ ਹਨ,
ਹੁਣ ਮਾਪਿਆਂ ਲਈ ਇਹ ਚਿੰਤਾ ਦਾ ਵਿਸ਼ਾ ਨਹੀਂ ਰਹਿ ਗਿਆ।
ਚਿੰਤਾ ਦਾ ਵਿਸ਼ਾ ਇਹ ਹੈ ਕਿ ਏਨੇ ਜਾਨਲੇਵਾ ਕੰਪੀਟੀਸ਼ਨਾਂ
ਵਿਚ ਮਿਹਨਤ ਮੁਸ਼ੱਕਤ ਕਰਦਿਆਂ ਲਾਈਫ਼ ਇੰਜੁਆਏ ਕਰਨੀ
ਤਾਂ ਠੀਕ ਹੈ ਪਰ ਸਹੀ ਪ੍ਰੋਟੈਕਸ਼ਨ ਅਤੇ ਪ੍ਰੀਕਾਸ਼ਨਜ਼ ਨਾਲ।
ਹੁਣ 'ਹਾਇ ਕਿਉਂ?' ਵਰਗੇ ਸੁਆਲਾਂ ਦੇ ਜਵਾਬ 'ਪ੍ਰੋਟੈਕਸ਼ਨ'
ਤੇ 'ਪ੍ਰੀਕਾਸ਼ਨਜ਼' ਹਨ ਜਿਹੜੇ ਉਪਰੋਕਤ ਐਡ ਵਾਲੀ ਮਾਂ
ਆਪਣੀ ਮਾਡਰਨ ਬੇਟੀ ਨੂੰ ਸਮਝਾਉਂਦੀ ਹੈ। ਤੇ ਇਹ ਬੁੱਢਾ
ਮਕਾਨ ਮਾਲਕ ਹਰ ਵੇਲੇ ਆਪਣਾ ਰਾਗ ਅਲਾਪਣ ਲੱਗ ਪੈਂਦਾ
ਹੈ, ਅਖੇ ਤੁਹਾਡੇ ਪੁੱਤਰ ਨਾਲ ਘਰ ਆਉਣ ਵਾਲੇ ਦੋਸਤਾਂ
ਕਾਰਨ ਸਾਡੀਆਂ ਕੁੜੀਆਂ ਉਤੇ ਬੁਰਾ ਅਸਰ ਪੈਂਦਾ ਹੈ। ਉਸਨੂੰ
ਕੀ ਪਤਾ ਕਿ ਅੱਠਵੀਂ ਤੋਂ ਬਾਅਦ ਹੀ ਬੱਚੇ ਜਦ ਬਾਇਓਲੋਜੀ
ਪੜ੍ਹਨੀ ਤੇ ਪ੍ਰੈਕਟੀਕਲ ਕਰਨੇ ਸ਼ੁਰੂ ਕਰਦੇ ਹਨ ਤਾਂ ਅਜਿਹੇ
ਡਰ ਬੱਚਿਆਂ ਦੇ ਮਨਾਂ 'ਚੋਂ ਉਦੋਂ ਹੀ ਨਿਕਲ ਜਾਂਦੇ ਹਨ।
ਘਰ ਬਣਾਉਣ ਲਈ ਪਤੀ ਦੇਵ ਨੂੰ ਰਾਜ਼ੀ ਕਰਨਾ ਪਹਾੜ
ਕੱਟ ਕੇ ਪਾਣੀ ਦੀ ਨਹਿਰ ਵਗਾਉਣ ਜਿਹਾ ਦੁਸ਼ਵਾਰ ਕੰਮ ਸੀ।
ਖ਼ੈਰ... ਦੋਸਤਾਂ ਮਿੱਤਰਾਂ ਨੂੰ ਕਹਿ ਕਹਾ ਕੇ 'ਸਾਹਬ' ਨੂੰ ਇਸ
ਮਹਾਨ ਕੰਮ ਲਈ ਪ੍ਰੇਰਿਤ ਤਾਂ ਕਰ ਲਿਆ ਪਰ ਉਨ੍ਹਾਂ ਪਹਿਲਾਂ
ਹੀ ਆਖ ਦਿੱਤਾ, "ਮੇਰੇ ਤੋਂ ਇਹ ਝੰਜਟ ਨਹੀਂ ਹੋ ਸਕਦੇ। ਕੱਲ੍ਹ
ਨੂੰ ਮੈਨੂੰ ਨਹੀਂ ਕਹਿਣਾ ਕਿ ਸੀਮਿੰਟ ਲਿਆਓ, ਸਰੀਆ ਲਿਆਓ,
ਮਿਸਤਰੀ ਲੱਭੋ ਜਾਂ ਮਜ਼ਦੂਰ ਨਹੀਂ ਆਏ। ਇਹ ਕੰਮ ਮੇਰੇ
ਨਹੀਂ ਹਨ। ਜੇ ਮਕਾਨ ਬਣਾਉਣਾ ਤਾਂ ਸਿੱਧਾ ਕਿਸੇ ਠੇਕੇਦਾਰ
ਨਾਲ ਗੱਲ ਕਰਦੇ ਹਾਂ। ਉਸਨੂੰ ਇਕ ਨਕਸ਼ਾ ਬਣਵਾ ਕੇ ਪੁੱਛਦੇ
ਹਾਂ ਐਸਟੀਮੇਟ। ਪੈਸਾ ਉਸਨੂੰ ਪੇਅ ਕਰ ਦਿਆਂਗੇ। ਫਿਰ ਉਹ
ਜਾਣੇ ਤੇ ਉਸਦਾ ਕੰਮ ਜਾਣੇ। ਸਾਨੂੰ ਸਾਡੀ ਮਰਜ਼ੀ ਮੁਤਾਬਿਕ
ਘਰ ਬਣਿਆ ਮਿਲ ਜਾਣਾ ਚਾਹੀਦਾ ਹੈ। ਬਸ, ਠੀਕ ਹੈ...?"
ਉਨ੍ਹਾਂ ਨੇ ਕਿਵੇਂ ਜ਼ਿੰਦਗੀ ਵਿਚ ਪਹਿਲੀ ਵਾਰ ਏਨੀ
ਦਿਲਚਸਪ ਅਤੇ ਜ਼ਿੰਮੇਦਾਰਾਨਾ ਤਕਰੀਰ ਕੀਤੀ ਸੀ। ਕਮਰੇ
ਵਿਚ ਉਸ ਵੇਲੇ ਪਤਨੀ ਤੋਂ ਇਲਾਵਾ ਦੋ ਨਜ਼ਦੀਕੀ ਦੋਸਤ ਵੀ
ਬੈਠੇ ਸਨ। ਪਤੀ ਨੇ ਇਸ ਉਮੀਦ ਨਾਲ ਸਭ ਦੇ ਚਿਹਰਿਆਂ
ਵਲ ਨਜ਼ਰ ਮਾਰੀ ਕਿ ਉਹ ਖੁਸ਼ ਹੋ ਕੇ ਹੁਣੇ ਤਾੜੀਆਂ
ਮਾਰਨੀਆਂ ਸ਼ੁਰੂ ਕਰ ਦੇਣਗੇ।
"ਠੇਕੇ 'ਤੇ ਕੰਮ ਕਰਾਉਣਾ ਆਸਾਨ ਤਾਂ ਹੈ ਪਰ ਠੇਕੇਦਾਰਾਂ
ਉਤੇ ਵੀ ਨਜ਼ਰ ਰੱਖਣੀ ਪੈਂਦੀ ਹੈ। ਨਹੀਂ ਤਾਂ ਸਾਲੇ ਠੇਕੇਦਾਰ ਹੀ
ਅਸਲੀ ਚੂਨਾ ਲਗਾ ਜਾਂਦੇ ਹਨ। ਉਨ੍ਹਾਂ ਆਪਣਾ ਕੰਮ ਖਤਮ
ਕਰ, ਪੈਸੇ ਵੱਟ ਨਿਕਲ ਜਾਣਾ ਹੁੰਦਾ ਹੈ। ਫਿਰ ਭਾਵੇਂ ਦੀਵਾਰਾਂ
ਡਿੱਗਣ ਜਾਂ ਢੱਠਣ। ਉਨ੍ਹਾਂ ਨੂੰ ਕੌਣ ਪੁੱਛਦਾ ਹੈ?" ਇਕ ਦੋਸਤ
ਨੇ ਰਾਇ ਦਿੱਤੀ।
"ਭਈ ਮੈਂ ਤਾਂ ਆਫਿਸ ਤੋਂ ਛੁੱਟੀ ਨਹੀਂ ਲੈ ਸਕਦਾ।
ਤੁਹਾਨੂੰ ਪਤਾ ਹੀ ਹੈ ਬਈ ਇਹ ਮਾਰਚ ਮਹੀਨਾ ਆਉਣ ਵਾਲਾ
ਹੈ। ਤੁਸੀਂ ਸਾਰੇ ਮਾਰਚ ਮਹੀਨੇ ਦੀ ਅਹਿਮੀਅਤ ਸਮਝਦੇ ਹੋ
ਨਾ? ਇਹੋ ਤਾਂ ਸਮਾਂ ਹੁੰਦਾ ਹੈ ਜਦ ਸਾਰੇ ਸਾਲ ਦਾ 'ਹਿਸਾਬ
ਕਿਤਾਬ' ਕਰਨਾ ਹੁੰਦਾ ਹੈ। ਵਰਨਾ ਪੂਰਾ ਸਾਲ ਤਾਂ ਦਫਤਰਾਂ
ਵਿਚ ਝੱਖ ਹੀ ਮਾਰਨੀ ਹੁੰਦੀ ਹੈ। ਸੋ ਮੈਂ ਇਹ ਰਿਸਕ ਨਹੀਂ ਲੈ
ਸਕਦਾ। ਮੈਂ ਸੋਚ ਲਿਆ ਭਈ ਜੇ ਕੰਮ ਕਰਾਉਣਾ ਹੈ ਤਾਂ ਸਿੱਧਾ
ਠੇਕੇ ਉਤੇ ਦੇ ਕੇ...।"
ਇਸ ਤੋਂ ਪਹਿਲਾਂ ਕਿ ਉਹ ਅਗੇ ਕਹਿ ਦੇਂਦਾ, "ਵਰਨਾ..."
ਪਤਨੀ ਅੰਦਰ ਕਿਚਨ ਵਿਚ ਚਾਹ ਬਣਾਉਣ ਲਈ ਉਠ ਗਈ
ਸੀ।
ਮਕਾਨ ਦਾ ਕੰਮ ਇਕ ਭਈਏ ਠੇਕੇਦਾਰ ਨੂੰ ਸੌਂਪ ਦਿੱਤਾ
ਗਿਆ। ਅਗਲੇ ਦਿਨ ਹੀ ਉਹ ਆਪਣੇ ਦੋ-ਤਿੰਨ ਸਾਥੀਆਂ
ਨਾਲ ਪਲਾਟ ਦੀ ਲੰਬਾਈ ਚੌੜਾਈ ਮਾਪਣ ਆ ਗਿਆ ਸੀ ਤੇ
ਦੂਜੇ ਦਿਨ ਹੀ ਰੇਤ, ਬਜਰੀ, ਸੀਮਿੰਟ, ਸਰੀਆ, ਪੱਥਰ, ਇੱਟਾਂ
ਟਰਾਲੀਆਂ ਵਿਚ ਲੱਦਿਆ ਆ ਗਿਆ। ਪਲਾਟ ਦੇ ਨਾਲ ਹੀ
ਉਨ੍ਹਾਂ ਨੇ ਕਿਰਾਏ 'ਤੇ ਘਰ ਲਿਆ ਹੋਇਆ ਸੀ ਤਾਂ ਜੁ ਨਿਗਰਾਨੀ
ਰਹਿ ਸਕੇ।
ਪਤਨੀ ਆਪ ਆਲ ਇੰਡੀਆ ਰੇਡੀਓ ਦੀ ਹੋਸਟ ਹੈ।
ਕਦੀ ਸਵੇਰ ਦੀ ਡਿਊਟੀ, ਕਦੀ ਦੁਪਹਿਰ ਤੇ ਕਦੀ ਦੇਰ ਸ਼ਾਮ
ਤਕ ਦੀ। ਹਾਂ, ਸ਼ਾਮੀਂ ਅੱਠ ਵਜੇ ਫਰਮਾਇਸ਼ੀ ਫੋਨ ਪ੍ਰੋਗਰਾਮ
ਉਸਦੀ ਵਿਸ਼ੇਸ਼ ਪਹਿਚਾਣ ਬਣ ਗਿਆ ਹੋਇਆ ਹੈ। ਸਰੋਤੇ
ਉਸਦੀ ਆਵਾਜ਼ ਦੇ ਕੀਲੇ ਆਪਣੇ ਫੋਨ ਮਿਲਣ ਦੀ ਉਡੀਕ
ਵਿਚ ਨੰਬਰ ਮਿਲਾਉਂਦੇ ਰਹਿੰਦੇ ਹਨ।
ਜਦੋਂ ਤੋਂ ਮਕਾਨ ਦਾ ਕੰਮ ਸ਼ੁਰੂ ਹੋਇਆ ਹੈ, ਡਿਊਟੀ
ਕਰਦੀ ਦਾ ਧਿਆਨ ਹਰ ਵੇਲੇ ਘਰ ਵਲ ਹੀ ਰਹਿੰਦਾ ਹੈ। ਕੁਝ
ਤਾਂ ਲੋਕਾਂ ਨੇ ਵੀ ਉਸਨੂੰ ਵਹਿਮੀ ਕਰ ਛੱਡਿਆ ਹੋਇਆ ਹੈ।
ਡਿਊਟੀ ਕਰਦੀ ਦਾ ਜ਼ਿਹਨ ਵੀ ਕਈ ਵਾਰ ਗੈਰਹਾਜ਼ਰ ਜਿਹਾ
ਹੀ ਰਹਿੰਦਾ ਹੈ।
"ਕੁਝ ਦਿਨ ਛੁੱਟੀ ਕਿਉਂ ਨਹੀਂ ਲੈ ਲੈਂਦੇ, ਤੁਸੀਂ ਦੋਵੇਂ
ਪਤੀ-ਪਤਨੀ ਬਦਲ-ਬਦਲ ਕੇ। ਕੁਝ ਦਿਨ ਤੂੰ ਤੇ ਕੁਝ ਦਿਨ
ਤੇਰੇ ਸਾਹਬ। ਇੰਜ ਕੰਮ ਆਪਣੀ ਨਿਗਰਾਨੀ ਵਿਚ ਹੋਵੇਗਾ।
ਇਨ੍ਹਾਂ ਮੋਏ ਠੇਕੇਦਾਰਾਂ ਉਤੇ ਭਰੋਸਾ ਥੋੜਾ ਕੀਤਾ ਜਾ ਸਕਦਾ
ਹੈ। ਪੰਜਾਹ ਬੈਗ ਸੀਮਿੰਟ ਦੱਸਣਗੇ ਤੇ ਵੀਹ ਹੀ ਲਾਉਣਗੇ।"
ਕੁਲੀਗ ਸਲਾਹ ਦੇਂਦੇ ਹਨ।
"ਹਾਂ ਭਈ ਐਵੇਂ ਤਾਂ ਨਈਂ ਏਡੀਆਂ ਵੱਡੀਆਂ ਇਮਾਰਤਾਂ
ਅਤੇ ਪੁਲ ਬਣਨ ਤੋਂ ਪਹਿਲਾਂ ਹੀ ਟੁੱਟ ਜਾਂਦੇ...।" ਦੂਜਾ ਹਾਮੀ
ਭਰਦਾ ਹੈ।
"ਮਕਾਨ ਕੋਈ ਵਾਰ-ਵਾਰ ਥੋੜੇ ਬਣਦਾ ਹੈ। ਇਕ ਵਾਰ
ਬਣ ਗਿਆ, ਸੋ ਬਣ ਗਿਐ।"
ਉਹ ਘਰ ਆ ਕੇ ਝਿਜਕਦੇ ਹੋਏ ਇਹ ਗੱਲਾਂ ਪਤੀ ਨੂੰ
ਆਖਦੀ ਹੈ। ਪਰ ਉਹ ਤਾਂ ਖਿਝ ਹੀ ਗਿਆ ਸੀ।
"ਮੈਂ ਪਹਿਲਾਂ ਹੀ ਕਲੀਅਰ ਕਰ ਦਿੱਤਾ ਸੀ ਕਿ ਮੇਰੇ ਤੋਂ
ਅਜਿਹੀ ਕੋਈ ਆਸ ਨਾ ਰੱਖੀਂ। ਤੈਨੂੰ ਸ਼ੌਕ ਹੈ ਤਾਂ ਬੇਸ਼ਕ ਘਰ
ਬੈਠ ਕੇ ਉਨ੍ਹਾਂ ਦੀ ਨਿਗਰਾਨੀ ਕਰਦੀ ਰਹਿ।"
ਨੀਂਹਾਂ ਪੈ ਗਈਆਂ। ਨਕਸ਼ੇ ਮੁਤਾਬਕ
ਦੀਵਾਰਾਂ ਦੀ ਚਿਣਾਈ ਹੋ ਰਹੀ ਸੀ। ਪਤੀ ਦੇਵ ਦਾ
ਆਫ਼ਿਸ ਤਾਂ ਪੰਜ ਵਜੇ ਬੰਦ ਹੋ ਜਾਂਦਾ ਸੀ ਪਰ
ਆਦਤ ਅਨੁਸਾਰ ਉਹ ਰਾਤੀਂ ਅੱਠ-ਨੌਂ ਵਜੇ ਹੀ
ਘਰ ਪਰਤਦੇ। ਉਦੋਂ ਤਕ ਉਹ ਆਪ ਵੀ ਜ਼ਿਹਨੀ
ਤੇ ਜਿਸਮਾਨੀ ਤੌਰ ਉਤੇ ਏਨਾ ਥੱਕ ਚੁੱਕੀ ਹੁੰਦੀ
ਕਿ ਕੋਈ ਗੱਲ ਕਰਨ ਨੂੰ ਮਨ ਹੀ ਨਾ ਕਰਦਾ।
ਮਕਾਨ ਇੰਜ ਹੀ ਉਸਰਦਾ ਚਲਾ ਗਿਆ।
"ਆਂਟੀ ਜੀ ਪੀਨੇ ਕੇ ਲੀਏ ਪਾਨੀ
ਚਾਹੀਏ...।" ਭਈਆ ਜੱਗ ਲੈ ਕੇ ਦਰਵਾਜ਼ੇ ਉਤੇ
ਖੜ੍ਹਾ ਹੋ ਗਿਆ। ਉਸਨੇ ਜੱਗ ਵਿਚ ਪਾਣੀ ਭਰ
ਦਿੱਤਾ।
"ਆਂਟੀ ਜੀ, ਏਕ ਬਾਤ ਕਹੂੰ ਅਗਰ ਆਪ
ਮੇਰਾ ਨਾਮ ਕਿਸੀ ਕੋ ਨਾ ਬਤਾਏ ਤੋ।"
"ਹਾਂ...ਹਾਂ... ਬਤਾਓ ਕਿਆ ਬਾਤ ਹੈ?"
"ਆਂਟੀ ਜੀ, ਆਪ ਲੋਗ ਜ਼ਰਾ ਖੁਦ
ਠੇਕੇਦਾਰ ਪਰ ਨਜ਼ਰ ਰਖਾ ਕੀਜੀਏ। ਬੜੀ
ਗੜਬੜੀ ਕਰਤਾ ਹੈ। ਬੀਸ ਬੋਰੀ ਸੀਮਿੰਟ ਬਤਾ
ਕਰ ਦਸ ਹੀ ਲਗਵਾਤਾ ਹੈ। ਬਹੁਤ ਗੜਬੜ ਕਰਤਾ
ਹੈ।" ਹੌਲੀ-ਹੌਲੀ ਆਖਦਾ ਭਈਆ ਜੱਗ ਚੁੱਕ
ਤੁਰ ਗਿਆ ਹੈ।
ਉਸਨੂੰ ਫੇਰ ਟੈਨਸ਼ਨ ਨੇ ਘੇਰ ਲਿਆ ਹੈ।
ਕੀ ਕਰੇ ਉਹ? ਕਿਸ ਨੂੰ ਕਹੇ? ਪਤੀ ਨੂੰ? ਕੋਈ
ਫਾਇਦਾ ਨਹੀਂ।
ਸੋਚ ਸੋਚ ਕੇ ਉਸਨੇ ਆਪਣੇ ਮੁਤਾਬਕ
ਆਫ਼ਿਸ ਇਕ ਮਹੀਨੇ ਲਈ ਅਰਨ ਲੀਵ ਅਪਲਾਈ
ਕਰ ਲਈ ਹੈ ਤੇ ਅਗਲੇ ਹੀ ਦਿਨ ਤੋਂ ਉਹ ਘਰ
ਅਤੇ ਪਲਾਟ ਦੇ ਚੱਕਰਾਂ ਵਿਚਕਾਰ ਚਕਰਾਈ ਫਿਰਨ
ਲੱਗੀ।
"ਆਪ ਕੀ ਆਵਾਜ਼ ਕਿਸੀ ਸੇ ਮਿਲਤੀ ਹੈ
ਆਂਟੀ ਜੀ।" ਇਕ ਮਜ਼ਦੂਰ ਝਕਦੇ ਝਕਦੇ ਆਖਦਾ
ਹੈ।
"ਕਿਸ ਸੇ?" ਉਹ ਵੀ ਮੁਸਕਰਾ ਪਈ ਹੈ।
"ਵੋ ਰੇਡੀਓ ਪਰ ਆਤਾ ਹੈ ਨਾ ਸ਼ਾਮ ਕੋ
ਫੋਨ ਫਰਮਾਇਸ਼। ਵੋ ਜੇ ਮੈਡਮ ਫੋਨ ਪਰ ਬਾਤ
ਕਰਤੀ ਹੈ, ਬਿਲਕੁਲ ਉਸਕੇ ਜੈਸੀ ਹੈ।"
"ਅੱਛਾ ਤੁਮ ਸੁਨਤੇ ਹੋ ਵੋ ਪ੍ਰੋਗਰਾਮ?"
"ਹਾਂ ਜੀ, ਸਾਰਾ ਦਿਨ ਥਕਾਵਟ ਹੋਤਾ ਹੈ ਤੋ
ਸ਼ਾਮ ਕੋ ਬਸ ਰੇਡੀਓ ਹੀ ਸੁਨ ਕਰ ਹਮ ਲੋਗ
ਅਪਨੇ ਮਨ ਕੋ ਖੁਸ਼ ਕਰ ਲੇਤੇ ਹੈਂ।"
"ਤੁਮ ਨੇ ਕਭੀ ਫੋਨ ਨਹੀਂ ਕੀਆ?" ਉਹ
ਹੱਸਦੀ ਹੈ।
"ਮੈਡਮ ਜੀ... ਹਮ ਅਨਪੜ ਲੋਗ਼..
ਕਿਆ ਜਾਨੇ ਕੈਸੇ ਕਰਤੇ ਹੈਂ ਇਤਨੇ ਬੜੇ ਲੋਗੋਂ
ਸੇ ਬਾਤ... ਹਮਾਰੀ ਬਾਤ ਕੌਨ ਸੁਣੇਗਾ।"
"ਅਰੇ ਨਹੀਂ ਨਹੀਂ... ਵੋ ਪ੍ਰੋਗਰਾਮ ਸਭ ਕੇ
ਲੀਏ ਹੋਤਾ ਹੈ। ਤੁਮ ਚਾਹੋ ਤੋ ਤੁਮ ਭੀ ਫੋਨ ਕਰ
ਸਕਤੇ ਹੋ। ਹਮ ਤੁਮਾਰੀ ਕਾਲ ਪਰ ਫਰਮਾਇਸ਼ੀ
ਗੀਤ ਜ਼ਰੂਰ ਸੁਨਾਏਂਗੇ...।
"ਆਪ...?" ਉਹ ਸਚਮੁਚ ਹੈਰਾਨ ਹੋ
ਗਿਆ ਸੀ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਬਾਕੀ
ਮਜ਼ਦੂਰ ਮਿਸਤਰੀ ਵੀ ਹੈਰਾਨ ਹੋਏ ਉਨ੍ਹਾਂ ਵਲ
ਵੇਖਣ ਲੱਗ ਪਏ ਸਨ।
"ਮੈਂ ਹੀ ਪੇਸ਼ ਕਰਤੀ ਹੂੰ ਵੋ ਪ੍ਰੋਗਰਾਮ।"
"ਤੋ ਫਿਰ ਮੈਡਮ ਜੀ ਹਮ ਜ਼ਰੂਰ ਫੋਨ
ਕਰੇਂਗੇ। ਆਪ ਹਮਾਰੀ ਫ਼ਰਮਾਇਸ਼ ਜ਼ਰੂਰ ਪੂਰੀ
ਕਰਨਾ...। ਹਮ ਸਭ ਸਾਥ ਮੇਂ ਸੁਨਤੇ ਹੈਂ ਬੈਠ
ਕਰ ਰੇਡੀਓ।" ਬਾਕੀ ਮਜ਼ਦੂਰ ਵੀ ਚਹਿਕ ਉਠੇ
ਸਨ। ਉਨ੍ਹਾਂ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ
ਉਨ੍ਹਾਂ ਦੀ ਮਨਪਸੰਦ ਅਨਾਊਂਸਰ ਇਸ ਵੇਲੇ ਮਿੱਟੀ
ਨਾਲ ਮਿੱਟੀ ਹੋਈ, ਉਨ੍ਹਾਂ ਨਾਲ ਗੱਲਾਂ ਕਰ ਰਹੀ
ਹੈ।
ਠੇਕੇਦਾਰ ਵਲੋਂ ਹੋ ਰਹੀ ਬੇਈਮਾਨੀ ਬਾਰੇ
ਸੁਣ ਕੇ ਉਸ ਨੂੰ ਪ੍ਰੇਸ਼ਾਨੀ ਤਾਂ ਹੋਈ ਹੈ ਪਰ ਹੁਣ
ਚਿੰਤਾ ਕਾਰਨ ਉਸਦਾ ਤਣਾਓ ਵੀ ਵਧ ਰਿਹਾ ਹੈ।
ਠੇਕੇਦਾਰ ਘਾਗ ਬੰਦਾ ਹੈ। ਹੇਰਾਫੇਰੀਆਂ ਤੋਂ ਉਸ
ਬਾਜ਼ ਨਹੀਂ ਆਉਣਾ। ਖ਼ਾਸ ਕਰਕੇ ਜਦ ਕੋਈ
ਮਰਦ ਨਿਗਰਾਨੀ ਕਰਨ ਵਾਲਾ ਸਿਰ 'ਤੇ ਖੜੋਤਾ
ਨਾ ਹੋਵੇ। ਤਾਂ ਕੀ ਹੁਣ ਉਸਨੂੰ ਇਹ ਜ਼ਿੰਮੇਵਾਰੀ
ਵੀ ਸੰਭਾਲ ਲੈਣੀ ਚਾਹੀਦੀ ਹੈ?
"ਹਰ ਰੋਜ਼ ਦੇ ਪੈਸੇ ਖਰਚੇ ਮੁਤਾਬਕ ਲੈ
ਲਿਆ ਕਰੋ। ਹਰ ਸ਼ਾਮ ਕੰਮ ਦੀ ਰਿਪੋਰਟ ਦੇ ਕੇ
ਤੇ ਖਰਚਾ ਦੱਸ ਕੇ ਹਿਸਾਬ ਮੁਤਾਬਕ ਪੈਸੇ ਮਿਲ
ਜਾਣਗੇ। ਮਟੀਰੀਅਲ ਅਸੀਂ ਆਪਣੀ ਮਰਜ਼ੀ
ਮੁਤਾਬਕ ਲਿਆਵਾਂਗੇ।" ਜਿਸ ਦਿਨ ਉਸਨੇ
ਠੇਕੇਦਾਰ ਦੇ ਮੂੰਹ 'ਤੇ ਇਹ ਗੱਲ ਆਖੀ, ਠੇਕੇਦਾਰ
ਦੀਆਂ ਅੱਖਾਂ ਹੈਰਾਨੀ ਨਾਲ ਖੁੱਲ੍ਹੀਆਂ ਰਹਿ
ਗਈਆਂ। ਉਸ ਨੂੰ ਯਕੀਨ ਨਹੀਂ ਸੀ ਆ ਰਿਹਾ
ਕਿ ਦੁਬਲੀ ਪਤਲੀ ਜਿਹੀ ਇਹ ਔਰਤ ਇੰਨੇ ਸਖਤ
ਤੇਵਰਾਂ ਨਾਲ ਵੀ ਗੱਲ ਕਰ ਸਕਦੀ ਹੈ।
"ਠੇਕੇਦਾਰੀ ਐਸੇ ਨਹੀਂ ਹੋਤੀ ਮੈਡਮ ਜੀ।
ਪਹਿਲੇ ਠੇਕੇਦਾਰੀ ਦੇ ਤੌਰ ਤਰੀਕੇ ਜਾਨੀਏ, ਫਿਰ
ਕੁਝ ਕਹੀਏ। ਹਮ ਦਿਹਾੜੀਦਾਰ ਮਜ਼ਦੂਰ ਨਹੀਂ
ਹੈਂ ਕਿ ਰੋਜ਼ ਹਥੇਲੀ ਫੈਲਾ ਕਰ ਮਜ਼ਦੂਰੀ ਮਾਂਗੋ।
ਹਮ ਠੇਕੇਦਾਰ ਹੈਂ ਠੇਕੇਦਾਰ। ਪੈਸਾ ਲੋ ਔਰ ਕਾਮ
ਕਰੋ। ਯਹੀ ਫੰਡਾ ਹੈ ਹਮਾਰਾ। ਜਚਤਾ ਹੈ ਤੋ ਕਾਮ
ਕਰਵਾਈਏ, ਨਹੀਂ ਤੋ ਕਿਸੀ ਔਰ ਸੇ ਕਰਵਾ
ਲੀਜੀਏ, ਮੇਰਾ ਹਿਸਾਬ ਕਿਤਾਬ ਬਰਾਬਰ
ਕਰਕੇ।"
ਭੜਕ ਹੀ ਤਾਂ ਪਿਆ ਸੀ ਭਈਆ ਠੇਕੇਦਾਰ।
"ਆਪ ਕਹਾਂ ਕੇ ਰਹਿਨੇ ਵਾਲੇ ਹੋ?"
ਬੇਤੁਕਾ ਜਿਹਾ ਸੁਆਲ ਕਰ ਲਿਆ ਸੀ ਉਸਨੇ।
"ਰਾਂਚੀ ਕੇ।" ਫੁੱਲੇ-ਫੁੱਲੇ ਮੂੰਹ ਨਾਲ
ਠੇਕੇਦਾਰ ਨੇ ਜੁਆਬ ਦਿੱਤਾ।
"ਯੇ ਸਾਰੇ ਮਿਸਤਰੀ ਮਜ਼ਦੂਰ?"
"ਯੇ ਭੀ ਹਮਾਰੇ ਦੇਸ ਗਾਂਵ ਕੇ ਹੀ ਹੈਂ?"
"ਔਰ ਕਲ ਜਬ ਪੇਂਟ, ਪੀ ਓ ਪੀ, ਮਾਰਵਲ
ਵਗੈਰਾ ਕਰਨਾ ਹੋਗਾ ਤੋਂ ਭੀ ਤੁਮਾਰੇ ਗਾਂਵ-ਦੇਸ਼
ਕੇ ਹੀ ਲੋਗ ਕਰੇਂਗੇ?"
"ਤੋ...? ਇਸ ਮੇਂ ਆਪ ਕੋ ਕਿਆ
ਤਕਲੀਫ ਹੈ?" ਉਹ ਖਿਝ ਗਿਆ ਸੀ।
"ਨਹੀਂ ਨਹੀਂ, ਮੁਝੇ ਕੋਈ ਤਕਲੀਫ ਨਹੀਂ
ਹੈ। ਮੈਂ ਤੋ ਯੇ ਸੋਚ ਰਹੀ ਹੂੰ ਕਿ ਆਪ ਲੋਗ
ਅਪਨੇ ਘਰ ਪਰਿਵਾਰ ਛੋੜ ਕਰ ਕਿਤਨੀ ਕਿਤਨੀ
ਦੇਰ ਘਰ ਸੇ ਬੇਘਰ ਹੂਏ ਰਹਿਤੇ ਹੋ। ਘਰ ਮੇਂ
ਬੀਵੀ...ਬੱਚੇ...। ਬਈਆ...?"
ਉਹ ਪਤਾ ਨਹੀਂ ਕਿਸ ਸੰਵੇਦਨਾ ਨਾਲ ਪੁੱਛ
ਰਹੀ ਸੀ। ਪਰ ਬਈਆ ਠੇਕੇਦਾਰ ਤਾਂ ਕੁਝ ਹੋਰ
ਹੀ ਸਮਝ ਰਿਹਾ ਸੀ।
"ਹਾਂ ਮੈਡਮ, ਹਮ ਅਪਨਾ ਘਰ ਪਰਿਵਾਰ
ਛੋੜ ਕਰ ਆਪ ਲੋਗੋਂ ਕੇ ਸ਼ਹਰ ਮੇਂ ਕਾਮ ਨਾ
ਕਰੇਂ ਤੋਂ ਆਪ ਲੋਗੋਂ ਕਾ ਕਿਆ ਹੋਗਾ? ਕਹੀਂ
ਆਪਨੇ ਅਪਨੇ ਸ਼ਹਿਰ ਮੇਂ ਲੋਕਲ ਮਜ਼ਦੂਰ ਦੇਖੇ
ਹੈਂ? ਸਭ ਕੇ ਸਭ ਯੂ ਪੀ, ਬਿਹਾਰ, ਮਧਯਾ ਪ੍ਰਦੇਸ਼
ਔਰ ਜਾਨੇ ਕਹਾਂ ਕਹਾਂ ਸੇ ਹੈਂ। ਜਿਨਕੋ ਆਪ
ਬਈਆ ਬੁਲਾਤੇ ਹੋ।"
"ਬਈਆ" ਉਸ ਨੇ ਏਨੇ ਵਿਅੰਗਾਤਮਕ
ਤੇ ਕੌੜੇ ਲਹਿਜੇ ਵਿਚ ਕਿਹਾ ਜਿਵੇਂ ਉਸਨੂੰ
ਅਪਮਾਨਿਤ ਕਰ ਰਿਹਾ ਹੋਵੇ ਕਿ ਜਿਨ੍ਹਾਂ ਕਾਰੀਗਰਾਂ
ਨੂੰ ਤੁਸੀਂ 'ਬਈਆ' ਪੁਕਾਰਦੇ ਤੇ ਹੀਣ ਸਮਝਦੇ
ਹੋ ਦਰਅਸਲ ਉਹੋ ਤੁਹਾਡੇ ਵੱਡੇ ਵੱਡੇ ਸ਼ਹਿਰਾਂ ਦੇ
ਨਿਰਮਾਣ ਦਾ ਵਸੀਲਾ ਹਨ। ਨਹੀਂ ਤਾਂ ਤੁਹਾਡੇ
ਇਹ 'ਲੋਕਲ' ਲੋਕ ਕਿਸ ਕੰਮ ਦੇ ਹਨ। 'ਲੋਕਲ'
ਉਸਨੇ ਏਨੇ ਵਿਅੰਗ ਨਾਲ ਕਿਹਾ ਜਿਵੇਂ ਲੋਕਲ
ਦੀ ਜਗ੍ਹਾ ਅਸਲ ਵਿਚ 'ਨਿਪੁੰਸਕ' ਜਿਹਾ ਕੁਝ
ਕਹਿਣਾ ਚਾਹ ਰਿਹਾ ਹੋਵੇ।
ਠੇਕੇਦਾਰ ਮੂੰਹ ਵਿਚ ਪਾਨ ਜਾਂ ਜ਼ਰਦਾ
ਚਬਾਉਂਦਾ ਤੁਰ ਗਿਆ ਹੈ। ਹੋਂਠ, ਦੰਦ, ਜੀਭ ਸਭ
ਲਾਲ। ਜਿਵੇਂ ਕੋਈ ਖੂੰਖਾਰ ਜਾਨਵਰ ਕਿਸੇ ਕਮਜ਼ੋਰ
ਜਾਨਵਰ ਦਾ ਸ਼ਿਕਾਰ ਕਰਕੇ ਜੁਗਾਲੀ ਕਰ ਰਹਿ
ਹੋਵੇ।
ਠੇਕੇਦਾਰ ਦੀਆਂ ਗੱਲਾਂ ਉਸਦੇ ਜ਼ਿਹਨ ਵਿਚ
ਘੁੰਮਣਘੇਰੀ ਜਿਹੀ ਪੈਦਾ ਕਰ ਰਹੀਆਂ ਹਨ।
ਉਸਨੂੰ ਯਾਦ ਆ ਰਿਹਾ ਹੈ, ਬੜੀ ਦੇਰ ਪਹਿਲਾਂ
ਉਸਨੇ ਕਿਸੇ ਪੇਪਰ ਵਿਚ ਲੇਖ ਪੜ੍ਹਿਆ ਸੀ ਕਿ
ਪੰਜਾਬ ਦੇ ਜ਼ਿਮੀਂਦਾਰ ਆਪਣੀਆਂ ਜ਼ਮੀਨਾਂ ਤੇ
ਘਰ-ਬਾਰ 'ਭਈਆਂ' ਦੇ ਸਹਾਰੇ ਛੱਡ, ਆਪ
ਡਾਲਰ ਪੌਂਡ ਕਮਾਉਣ ਲਈ ਵਿਦੇਸ਼ਾਂ ਵਿਚ ਗੁੰਮ
ਹੋ ਜਾਂਦੇ ਹਨ।
ਘਰ ਗ੍ਰਹਿਸਥੀ ਹੋਵੇ ਜਾਂ ਖੇਤੀ। ਦੋਹਾਂ ਨੂੰ
ਦੇਖਭਾਲ ਸਾਂਭ-ਸੰਭਾਲ ਦੀ ਲੋੜ ਹੁੰਦੀ ਹੈ। ਨਹੀਂ
ਤਾਂ ਮਾਲਿਕ ਬਿਨਾਂ ਜ਼ਮੀਨ ਜਾਂ ਘਰ ਗ੍ਰਹਿਸਥੀ
ਉਜੜ-ਪੁੱਜੜ ਜਾਂਦੀ ਹੈ ਜਾਂ ਫਿਰ ਲੁੱਟ ਲਈ ਜਾਂਦੀ
ਹੈ।
ਪੰਜਾਬ ਦੀਆਂ ਜ਼ਮੀਨਾਂ ਤਾਂ ਭਈਆਂ ਨੇ
ਸੰਭਾਲ ਲਈਆਂ ਪਰ ਉਨ੍ਹਾਂ ਮਰਦਾਂ ਦੀਆਂ ਤ੍ਰੀਮਤਾਂ
ਦਾ ਕੀ ਬਣਿਆ ਜਿਹੜੇ ਡਾਲਰਾਂ-ਪੌਂਡਾਂ ਦੀ
ਚਕਾਚੌਂਧ ਵਿਚ ਘਰ ਵਾਪਸੀ ਦੇ ਰਾਹ ਹੀ ਭੁੱਲ
ਗਏ ਜਾਂ ਪਰਤੇ ਵੀ ਤਾਂ ਉਮਰ ਦੇ ਉਸ ਮੋੜ 'ਤੇ
ਜਦ ਅੱਖਾਂ ਇਕ ਦੂਜੇ ਨੂੰ ਪਹਿਚਾਨਣ ਦੀ ਸਮਰੱਥਾ
ਹੀ ਗੁਆ ਬਹਿੰਦੀਆਂ ਹਨ।
ਭਈਆਂ ਨੇ ਪੰਜਾਬ ਦੀ ਫ਼ਸਲ ਵਿਚ ਵਾਧਾ
ਕੀਤਾ ਜਾਂ ਨਹੀਂ ਪਰ ਨਵੀਂ ਨਸਲ ਵਿਚ ਉਨ੍ਹਾਂ ਦੇ
ਨਕਸ਼ਾਂ ਦੇ ਚਿੰਨ੍ਹ, ਰੰਗ ਤੇ ਅੰਸ਼ ਜ਼ਰੂਰ ਮੌਜੂਦ
ਹੋਣਗੇ।
ਉਸ ਦਾ ਧਿਆਨ ਆਪਣੇ ਸ਼ਹਿਰ ਵਲ ਚਲਾ
ਜਾਂਦਾ ਹੈ। ਪੰਜਾਬ ਵਾਂਗ ਜੰਮੂ ਕਸ਼ਮੀਰ ਵੀ ਤਾਂ
ਆਤੰਕਵਾਦ ਦੀ ਮਾਰ ਝੱਲ ਰਿਹਾ ਹੈ। ਫੌਜੀ,
ਪੁਲੀਸ, ਐਸ.ਪੀ.ਓ., ਮੁਜਾਹਿਦ, ਅਫਗਾਨੀ,
ਪਾਕਿਸਤਾਨੀ, ਬਿਹਾਰੀ, ਦੱਖਣ ਭਾਰਤੀ, ਬੰਗਾਲੀ,
ਪੰਜਾਬੀ, ਕਾਬਲੀ...ਕਿਥੋਂ ਕਿਥੋਂ ਦੇ ਲੋਕ ਤਾਂ ਇਸ
ਧਰਤੀ ਉਤੇ ਆ ਘੇਰਾ ਪਾਈ ਬੈਠੇ ਹਨ।
ਕਸ਼ਮੀਰ ਵਿਚ ਪਹਿਲਾਂ ਜੇਕਰ ਕੋਈ ਲਾਲ
ਸੂਹਾ (ਕਾਚਰਾ) ਬੰਦਾ ਨਜ਼ਰੀਂ ਪੈਂਦਾ ਤਾਂ ਕਿਹਾ
ਜਾਂਦਾ ਕਿ ਜ਼ਰੂਰ ਕੋਈ ਅੰਗਰੇਜ਼ ਸੈਲਾਨੀ ਇਥੋਂ
ਜਾਂਦੇ-ਜਾਂਦੇ ਆਪਣਾ ਬੀਜ ਛੱਡ ਗਿਆ ਹੋਇਆ
ਹੈ। ਪਰ ਹੁਣ ਤਾਂ ਉਥੇ ਹਰ ਰੰਗ, ਹਰ ਕਿਸਮ ਦੇ
ਬੀਜ ਤੁਰੇ ਫਿਰੇ ਦਿਸਦੇ ਹਨ। ਹਰ ਜਗ੍ਹਾ ਰਲਗੱਡ
ਸਭਿਆਚਾਰ। ਰਲਗੱਡ ਨਸਲ਼..। ਉਸ ਦੀਆਂ
ਸੋਚਾਂ ਵਾਰ-ਵਾਰ ਭਟਕ ਰਹੀਆਂ ਹਨ।
ਪਤੀ ਨਾਸ਼ਤਾ ਕਰਕੇ ਆਫ਼ਿਸ ਤੁਰ ਗਏ
ਹਨ। ਉਹ ਕਿਚਨ 'ਚੋਂ ਵਿਹਲੀ ਹੋ ਕੇ ਮਕਾਨ
ਵਲ ਗੇੜਾ ਮਾਰਦੀ ਹੈ।
ਠੇਕੇਦਾਰ ਤੋਂ ਕੰਮ ਛੁਡਵਾ ਕੇ ਹੁਣ
ਦਿਹਾੜੀਆਂ 'ਤੇ ਕੀਤਾ ਜਾ ਰਿਹਾ ਹੈ। ਪਤੀ ਭਾਵੇਂ
ਬੜਾ ਖਿਝਿਆ, ਕ੍ਰਿਝਿਆ ਸੀ ਪਰ ਉਸਨੇ ਰਿਸਕ
ਨਾ ਲੈਣ ਤੋਂ ਆਪਣੇ ਆਪ ਨੂੰ ਹੀ ਤਪਾ-ਖਪਾ
ਛੱਡਣਾ ਬਿਹਤਰ ਸਮਝਿਆ।
"ਰਾਮ ਸਨੇਹੀ ਕਿਸੀ ਪਲੰਬਰ ਕੋ ਬੁਲਾ
ਸਕਤੇ ਹੋ? ਮੋਟਰ ਖਰਾਬ ਹੋ ਗਈ ਹੈ। ਪਾਨੀ
ਨਹੀਂ ਚੜ੍ਹ ਰਹਾ।" ਉਸਨੇ ਵੱਡੇ ਮਜ਼ਦੂਰ ਨੂੰ ਕਿਹਾ।
ਇਹੋ ਹੁਣ ਸਾਰੇ ਕੰਮ ਕਰਦਾ ਹੈ। ਬਾਜ਼ਾਰ ਦਾ,
ਮਜ਼ਦੂਰਾਂ ਨੂੰ ਲਿਆਉਣ ਦਾ, ਬਾਕੀ ਹੋਰ ਸਭ।
ਰੋਜ਼ ਸ਼ਾਮ ਨੂੰ ਉਹ ਦਿਨ ਭਰ ਹੋਇਆ ਖਰਚਾ
ਮੈਡਮ ਨੂੰ ਲਿਖਵਾਂਦਾ। ਸਵੇਰੇ ਜੋ ਕੁਝ ਮੰਗਣਾ
ਹੈ, ਉਸਦੀ ਲਿਸਟ ਦਸਦਾ। ਮਜ਼ਦੂਰਾਂ
ਮਿਸਤਰੀਆਂ ਦੇ ਪੈਸੇ ਦਾ ਹਿਸਾਬ ਕਰਕੇ ਉਨ੍ਹਾਂ
ਨੂੰ ਦੇ ਦੇਂਦਾ ਹੈ।
ਪਰ ਉਸਨੂੰ ਦੁਖ ਹੁੰਦਾ ਹੈ ਨਾਜ਼ੁਕ ਜਹੀ
ਇਸ ਔਰਤ ਦਾ ਇੰਝ ਮਿੱਟੀ ਵਿਚ ਮਿੱਟੀ ਹੋ ਕੇ
ਰੁਲ ਜਾਣ ਦਾ। ਇਕ ਘਰ ਬਣਾਉਣ ਦੇ ਚੱਕਰ
ਵਿਚ ਇਹ ਔਰਤ ਕਿੰਨੀ ਕਮਜ਼ੋਰ ਹੋ ਗਈ ਹੈ।
ਦਿਨ ਰਾਤ ਦਾ ਹੋਸ਼ ਹੀ ਨਹੀਂ ਹੈ ਇਸ ਨੂੰ।
ਉਹ ਮੋਬਾਈਲ 'ਤੇ ਕਿਸੇ ਨੂੰ ਤੁਰੰਤ ਆਉਣ
ਲਈ ਆਖਦਾ ਹੈ।
"ਆ ਜਾਏਗਾ ਪਲੰਬਰ ਅਭੀ। ਆਪ ਪ੍ਰੇਸ਼ਾਨ
ਮਤ ਹੋਈਏ।" ਆਖਦਿਆਂ ਉਹ ਫਿਰ ਸੀਮਿੰਟ
ਰੇਤ ਮਿਕਸ ਕਰਕੇ ਮਸਾਲਾ ਬਣਾਉਣ ਵਿਚ ਰੁੱਝ
ਗਿਆ ਹੈ। ਉਹ ਘਰ ਪਰਤ ਆਉਂਦੀ ਹੈ। ਬੇਟਾ
ਅਜੇ ਵੀ ਆਪਣੇ ਕਮਰੇ ਵਿਚ ਪਿਆ ਹੈਡ ਫੋਨ
ਲਾ ਕੇ ਗਾਣੇ ਸੁਣਨ 'ਚ ਮਗਨ ਹੈ। ਉਸਨੂੰ ਗੁੱਸਾ
ਚੜ੍ਹ ਜਾਂਦਾ ਹੈ। ਚਾਦਰ ਖਿੱਚ ਕੇ ਉਸਨੂੰ
ਝੰਜੋੜਦਿਆਂ ਉਠਣ ਲਈ ਆਖਦੀ ਹੈ।
"ਮਾਮ... ਪਾਣੀ ਬਿਨਾਂ ਮੈਂ ਕੀ ਕਰਾਂ? ਮੈਨੂੰ
ਪ੍ਰੈਸ਼ਰ ਲੱਗਾ ਹੋਇਆ ਹੈ। ਮੈਂ ਆਪਣੀ ਅਟੈਨਸ਼ਨ
ਡਾਈਵਰਟ ਕਰਨ ਲਈ ਹੀ ਮਿਊਜ਼ਿਕ ਸੁਣ ਰਿਹਾ
ਹਾਂ...।"
ਪੁਤਰ ਦੀ ਗੱਲ ਸੁਣ ਉਸ ਨੂੰ ਅੰਤਾਂ ਦੇ
ਤਣਾਓ ਵਿਚ ਵੀ ਹਾਸਾ ਆ ਜਾਂਦਾ ਹੈ। ਇਹ ਹੈ
ਅੱਜ ਕੱਲ੍ਹ ਦੀ ਇੰਟਰਨੈਟੀ ਔਲਾਦ। ਪੇਟ ਦਾ
ਪ੍ਰੈਸ਼ਰ ਭੁਲਾਣ ਲਈ ਮਿਊਜ਼ਿਕ ਵਿਚ ਡੁਬਣ ਵਾਲੀ
ਜਨਰੇਸ਼ਨ।
ਕੱਪੜਿਆਂ ਦਾ ਟੱਬ ਮੁਸ਼ਕ ਮਾਰ ਰਿਹਾ ਹੈ।
ਕਿਚਨ ਵਿਚ ਭਾਂਡਿਆਂ ਦਾ ਅੰਬਾਰ ਲੱਗਾ ਹੋਇਆ
ਹੈ। ਹਰ ਚੀਜ਼ ਅਸਥ-ਵਿਅਸਥ। ਉਸਦੇ ਆਪਣੇ
ਆਪ ਵਾਂਗ। ਸਵੇਰ ਤੋਂ ਉਹ ਵੀ ਨਾ ਨਹਾਤੀ ਹੈ,
ਨਾ ਕੱਪੜੇ ਬਦਲੇ ਹਨ।
ਰਾਮ ਸਨੇਹੀ ਪਲੰਬਰ ਨੂੰ ਲੈ ਕੇ ਆ ਗਿਆ
ਹੈ। ਉਸਨੇ ਆਉਂਦਿਆਂ ਹੀ ਮੋਟਰ ਖੋਲ੍ਹ ਕੇ
ਪੁਰਜ਼ਿਆਂ ਦਾ ਢੇਰ ਲਗਾ ਮਾਰਿਆ ਹੈ। ਕੁਝ ਦੇਰ
ਦੀ ਮੁਸ਼ੱਕਤ ਬਾਅਦ ਮੋਟਰ ਦਾ ਨੁਕਸ ਪਲੰਬਰ
ਦੇ ਹੱਥ ਆ ਗਿਆ ਹੈ।
"ਐਮ ਸੀਲ ਔਰ ਏਕ ਵਾਲਵ ਬਾਜ਼ਾਰ ਸੇ
ਲਾਨਾ ਪੜੇਗਾ।" ਪਲੰਬਰ ਦੇ ਆਖਦਿਆਂ ਹੀ ਉਹ
ਫਿਰ ਪ੍ਰੇਸ਼ਾਨ ਹੋ ਗਈ ਹੈ। ਹੁਣ ਕੌਣ ਬਾਜ਼ਾਰੋਂ
ਸਾਮਾਨ ਲਿਆਏ? ਮਜ਼ਦੂਰ ਖਾਣਾ ਖਾ ਰਹੇ ਹਨ।
ਬੇਟਾ ਪੇਟ ਦੇ ਪ੍ਰੈਸ਼ਰ ਦਾ ਮਾਰਿਆ ਹਿਲੇਗਾ ਨਹੀਂ।
ਤਦੇ ਰਾਮ ਸਨੇਹੀ ਪਲੰਬਰ ਨੂੰ ਪੁੱਛਦਾ ਹੈ,
"ਹੋ ਗਿਆ ਕਾਮ?"
"ਨਹੀਂ ਭਈਆ! ਐਮ ਸੀਲ ਔਰ ਏਕ
ਵਾਲਵ ਲਾਨਾ ਪੜੇਗਾ ਬਾਜ਼ਾਰ ਸੇ।"
ਰਾਮ ਸਨੇਹੀ ਚੁੱਪ ਚਾਪ ਸਾਈਕਲ ਫੜ
ਬਾਜ਼ਾਰ ਵਲ ਤੁਰ ਪੈਂਦਾ ਹੈ। ਮੋਟਰ ਠੀਕ ਹੋ ਗਈ
ਹੈ। ਨਲਕਿਆਂ 'ਚੋਂ ਪਾਣੀ ਫਰ ਫਰ ਵਗ ਰਿਹਾ
ਹੈ। ਉਹ ਫਟਾਫਟ ਨਹਾ ਕੇ ਆ ਜਾਂਦੀ ਹੈ। ਪਲੰਬਰ
ਨੇ ਤਦ ਤਕ ਆਪਣਾ ਸਾਮਾਨ ਸਮੇਟ ਲਿਆ ਹੈ।
"ਸੌ ਰੁਪਏ ਦੇ ਦੀਜੀਏ ਇਸ ਕੋ ਮੈਡਮ।"
ਉਸਨੇ ਵੇਖਿਆ ਪਲੰਬਰ ਨਾਖੁਸ਼ ਜਿਹਾ ਸੀ।
ਸ਼ਾਇਦ ਉਹ ਜ਼ਿਆਦਾ ਮੰਗ ਰਿਹਾ ਸੀ ਪਰ ਰਾਮ
ਸਨੇਹੀ ਨੇ ਉਸਨੂੰ ਸੌ ਉਤੇ ਰਾਜ਼ੀ ਕਰ ਲਿਆ
ਸੀ। ਪੈਸੇ ਲੈ ਕੇ ਪਲੰਬਰ ਚਲਾ ਗਿਆ।
"ਰਾਮ ਸਨੇਹੀ ਚਾਏ ਪੀਓਗੇ?" ਉਹ
ਕਿਚਨ ਵਲ ਜਾਂਦੀ ਉਸਨੂੰ ਸੁਲਾਹ ਮਾਰ ਦੇਂਦੀ
ਹੈ। ਦਰਅਸਲ ਨਹਾਉਣ ਬਾਅਦ ਉਸਨੂੰ ਆਪ
ਚਾਹ ਦੀ ਤਲਬ ਜਾਗੀ ਹੈ। ਰਾਮ ਸਨੇਹੀ ਆਪਣਾ
ਕੰਮ ਛੱਡ ਬਾਜ਼ਾਰ ਦੌੜ ਗਿਆ ਹੈ, ਸੋ ਉਸਨੇ
ਸੋਚਿਆ ਇਕ ਦੀ ਜਗ੍ਹਾ ਦੋ ਕੱਪ ਚਾਹ ਹੀ ਸੀ।
ਰਾਮ ਸਨੇਹੀ ਬਰਾਂਡੇ 'ਤੇ ਪਈ ਬੈਂਤ ਦੀ
ਕੁਰਸੀ 'ਤੇ ਬੈਠ ਗਿਆ ਹੈ। ਪਰ ਕੁਝ ਗਹਿਰੀਆਂ
ਸੋਚਾਂ ਵਿਚ ਡੁੱਬਿਆ ਹੋਇਆ। ਉਹ ਚਾਹ ਲੈ ਕੇ
ਆ ਜਾਂਦੀ ਹੈ।
"ਕਿਆ ਸੋਚ ਰਹੇ ਹੋ ਰਾਮ ਸਨੇਹੀ?" ਉਹ
ਉਸਨੂੰ ਪੁੱਛਦੀ ਹੈ।
"ਸੋਚ ਰਹਾ ਹੂੰ ਕਿ ਇਤਨੇ ਦਿਨੋਂ ਸੇ ਮੈਂਨੇ
ਮਾਲਿਕ ਕੋ ਏਕ ਬਾਰ ਭੀ ਘਰ ਕਾ ਕਾਮ ਦੇਖਨੇ
ਆਤੇ ਕੋ ਨਹੀਂ ਦੇਖਾ।"
"ਉਨਕੇ ਪਾਸ ਵਕਤ ਨਹੀਂ ਹੋਤਾ।" ਉਹ
ਝੂਠ ਜਿਹਾ ਬੋਲ ਦੇਂਦੀ ਹੈ।
"ਫਿਰ ਆਪ ਕਿਉਂ ਕਰ ਰਹੀ ਹੈਂ ਯੇ ਸਭ
ਅਕੇਲੇ?" ਅੱਜ ਪਤਾ ਨਹੀਂ ਉਸਨੇ ਕਿਵੇਂ ਹਿੰਮਤ
ਕਰ ਲਈ ਹੈ, ਇਹ ਗੱਲਾਂ ਕਰਨ ਦੀ।
"ਯੇ ਮੇਰਾ ਘਰ ਹੈ ਰਾਮ ਸਨੇਹੀ। ਮੈਂ ਅਪਨੇ
ਘਰ ਕੇ ਲੀਏ ਕਰ ਰਹੀ ਹੂੰ ਸਭ ਕੁਝ।"
"ਪਰ ਘਰ ਤੋ ਆਪ ਕੇ ਪਤੀ ਕਾ ਭੀ ਹੈ।
ਆਪ ਨੇ ਅਪਨੀ ਸਿਹਤ ਦੇਖੀ ਹੈ? ਆਪ ਕੋ ਪਤਾ
ਹੈ ਕਿਤਨੀ ਕਮਜ਼ੋਰ ਹੋ ਗਈ ਹੈਂ ਆਪ?"
ਉਹ ਹੈਰਾਨੀ ਨਾਲ ਰਾਮ ਸਨੇਹੀ ਵਲ ਵੇਖਦੀ
ਹੈ। ਖੁਦ ਆਪ ਉਹ ਦੁਬਲਾ ਪਤਲਾ ਹੱਡੀਆਂ ਦਾ
ਪਿੰਜਰ ਜਿਹਾ ਹੈ ਪਰ ਕੰਮ ਕਾਜ਼ ਵਿਚ ਏਨਾ
ਫੁਰਤੀਲਾ ਕਿ ਦੋ ਮਜ਼ਦੂਰਾਂ ਦਾ ਕੰਮ ਉਹ ਇਕੱਲਾ
ਹੀ ਕਰ ਲੈਂਦਾ ਹੈ। ਫਿਰ ਠੇਕੇਦਾਰ ਤੋਂ ਕੰਮ ਵਾਪਸ
ਲੈਣ ਤੋਂ ਬਾਅਦ ਰਾਮ ਸਨੇਹੀ ਨੇ ਹੀ ਕਿੰਨਾ ਕੁਝ
ਆਪਣੀ ਜ਼ਿੰਮੇਦਾਰੀ 'ਤੇ ਸੰਭਾਲ ਲਿਆ। ਵਰਨਾ
ਉਹ ਇਕੱਲੀ। ਨਾਤਜਰਬੇਕਾਰ। ਕਿਵੇਂ ਸੰਭਾਲ
ਸਕਦੀ ਸਾਰਾ ਕੁਝ।
"ਔਰ ਕੌਨ ਕਰੇਗਾ ਬਈਆ। ਮੈਂ ਭੀ ਨਾ
ਕਰੂੰ ਤੋਂ ਫਿਰ ਕੋਈ ਠੇਕੇਦਾਰ ਦਸ ਕੀ ਜਗ੍ਹਾ
ਚਾਰ ਬੋਰੀ ਸੀਮਿੰਟ ਮਿਲਾ ਕਰ ਮਕਾਨ ਬਨਾ ਕਰ
ਚਲਾ ਜਾਏਗਾ। ਫਿਰ ਚਾਹੇ ਉਸ ਮਕਾਨ ਕੇ ਨੀਚੇ
ਹਮ ਹੀ ਕਿਉਂ ਨਾ ਦਬ ਜਾਏਂ...।"
"ਹਮ ਅਪਨੀ ਬੀਵੀ ਕੋ ਸਰ ਆਂਖੋਂ ਪਰ
ਬਿਠਾ ਕਰ ਰਖਤੇ ਹੈਂ। ਹਮਾਰੇ ਸਾਥ ਕਭੀ ਕਭੀ
ਵੋ ਭੀ ਮਜ਼ਦੂਰੀ ਕੇ ਲੀਏ ਆ ਜਾਤੀ ਥੀ। ਲੇਕਿਨ
ਅਬ ਉਸਕੀ ਸਿਹਤ ਕਮਜ਼ੋਰ ਹੋ ਗਈ ਹੈ।
ਆਪਕੀ ਤਰਹ। ਹਮਨੇ ਉਸਕੋ ਕਾਮ ਕਰਨੇ ਸੇ
ਮਨਾ ਕਰ ਦੀਆ। ਵੋ ਅਬ ਘਰ ਪਰ ਆਰਾਮ
ਕਰਤੀ ਹੈ। ਏਕ ਆਪ ਹੈਂ ਕਿ ਹਰ ਵਕਤ ਭਾਗ
ਦੌੜ... ਔਰਤੋਂ ਕੇ ਕਾਮ...ਮਰਦੋਂ ਕੇ ਕਾਮ...।"
ਅਚਾਨਕ ਰਾਮ ਸਨੇਹੀ ਨੂੰ ਲੱਗਾ ਜਿਵੇਂ ਉਹ
ਕੁਝ ਜ਼ਿਆਦਾ ਹੀ ਬੋਲ ਗਿਆ ਹੈ। ਮੈਡਮ ਚੁੱਪਚਾਪ
ਚਾਹ ਪੀ ਰਹੀ ਹੈ।
"ਸੌਰੀ ਮੈਡਮ...ਪਰ ਦੁਖ ਹੋਤਾ ਹੈ ਆਪਕੋ
ਦੇਖ ਕਰ...ਔਰ ਯੇ ਸਾਲੇ 'ਮਰਦ'...।"
ਪਤਾ ਨਹੀਂ ਰਾਮ ਸਨੇਹੀ ਨੇ ਮਰਦ ਕਿਸ
ਨੂੰ ਕਿਹਾ ਪਰ ਕੱਪ ਫਰਸ਼ 'ਤੇ ਰੱਖ ਉਹ ਝਟਕੇ
ਨਾਲ ਉਠ ਕੇ ਬਰਾਂਡੇ ਤੋਂ ਉਤਰ ਗਿਆ ਹੈ। ਜਾਂਦੇ
ਜਾਂਦੇ ਉਸਨੇ ਜ਼ੋਰ ਦੀ ਪਰ੍ਹੇ ਗਮਲੇ ਵਲ ਥੁੱਕ
ਦਿੱਤਾ ਹੈ।
ਉਹ ਸੁੰਨ ਜਹੀ ਬਰਾਂਡੇ 'ਤੇ ਖੜੀ ਜਾਂਦੇ
ਹੋਏ ਰਾਮ ਸਨੇਹੀ ਨੂੰ ਵੇਖ ਰਹੀ ਹੈ। ਉਸਦਾ
ਬੋਲਿਆ ਲਫਜ਼ 'ਮਰਦ' ਤੇ ਅਖੀਰ ਥੁੱਕ ਕੇ ਚਲੇ
ਜਾਣਾ ਉਸ ਨੂੰ ਜਿਵੇਂ ਕਿਸੇ ਚਕਰਵਾਤ ਵਿਚ ਸੁੱਟ
ਗਿਆ ਹੈ।