Pokati-Goroshek : Ukrainian Fairytale
ਪੋਕਾਤੀ-ਗੋਰੋਸ਼ੇਕ : ਯੂਕਰੇਨੀ ਪਰੀ-ਕਹਾਣੀ
ਇਕ ਵਾਰੀ ਇਕ ਆਦਮੀ ਹੁੰਦਾ ਸੀ , ਜਿਹਦੇ ਛੇ ਪੁੱਤਰ ਸਨ ਤੇ ਅਲਯੋਨਕਾ ਨਾਂ ਦੀ ਇਕ ਧੀ ਸੀ । ਇਕ ਦਿਨ ਪੁੱਤਰ ਪੈਲੀ ਵਾਹੁਣ ਗਏ ਤੇ ਉਹਨਾਂ ਆਪਣੀ ਭੈਣ ਨੂੰ ਕਿਹਾ , ਉਹਨਾਂ ਦੀ ਰੋਟੀ ਓਥੇ ਆਵੇ ।
“ਮੈਨੂੰ ਦੱਸੋ , ਹੋਵੋਗੇ ਕਿੱਥੇ , ਮੈਨੂੰ ਪਤਾ ਲਗੇ ਨਾ , ਮੈਂ ਆਣਾ ਕਿਹੜੀ ਥਾਂ ਏ ," ਅਲਯੋਨਕਾ ਨੇ ਕਿਹਾ।
ਭਰਾਵਾਂ ਨੇ ਆਖਿਆ : ਅਸੀਂ ਝੁੱਗੀ ਤੋਂ ਓਸ ਟੋਟੇ ਤਕ , ਜਿਹੜਾ ਅਸੀਂ ਵਾਹ ਰਹੇ ਹੋਵਾਂਗੇ , ਇਕ ਸਿਆੜ ਕੱਢੀ ਜਾਵਾਂਗੇ। ਜੇ ਤੂੰ ਸਿਆੜ ਦੇ ਨਾਲ-ਨਾਲ ਟੁਰਦੀ ਆਵੇਂ , ਸਾਨੂੰ ਲਭ ਲਵੇਂਗੀ।" ਤੇ ਇਹ ਕਹਿ ਉਹ ਚਲੇ ਗਏ ।
ਤੇ ਓਧਰ ਜੰਗਲ ਵਿਚ ਓਸ ਪੈਲੀ ਕੋਲ ਇਕ ਅਜਗਰ ਰਹਿੰਦਾ ਸੀ , ਤੇ ਉਹ ਆਇਆ ਤੇ ਉਹਨੇ ਭਰਾਵਾਂ ਦੀ ਪੁੱਟੀ ਸਿਆੜ ਭਰ ਦਿਤੀ , ਤੇ ਆਪਣੀ ਕਢ ਲਈ , ਜਿਹੜੀ ਸਿੱਧੀ ਉਹਦੇ ਘਰ ਦੇ ਬੂਹੇ ਤਕ ਜਾਂਦੀ ਸੀ। ਤੇ ਜਦੋਂ ਅਲਯੋਨਕਾ ਆਪਣੇ ਭਰਾਵਾਂ ਦੀ ਰੋਟੀ ਲੈ ਉਹਨਾਂ ਵਲ ਚੱਲੀ , ਉਹ ਨਕਲੀ ਸਿਆੜ ਦੇ ਨਾਲ-ਨਾਲ ਟੁਰਦੀ ਗਈ ਤੇ ਸਿੱਧੀ ਅਜਗਰ ਦੇ ਵਿਹੜੇ ਵਿਚ ਜਾ ਵੜੀ , ਜਿਥੇ ਉਹਨੂੰ ਅਜਗਰ ਨੇ ਇਕਦਮ ਫੜ ਲਿਆ।
ਸ਼ਾਮਾਂ ਨੂੰ ਮੁੰਡੇ ਘਰ ਆਏ , ਤੇ ਆਪਣੀ ਮਾਂ ਨੂੰ ਕਹਿਣ ਲਗੇ : "ਸਾਰਾ ਦਿਨ ਅਸੀਂ ਹਲ ਚਲਾਂਦੇ ਰਹੇ ਹਾਂ । ਸਾਨੂੰ ਕੁਝ ਖਾਣ ਨੂੰ ਕਿਉਂ ਨਹੀਂ ਜੇ ਭੇਜਿਆ ?
“ਪਰ ਮੈਂ ਤਾਂ ਭੇਜਿਆ ਸੀ, ਮਾਂ ਨੇ ਜਵਾਬ ਦਿਤਾ। ਮੈਂ ਤੁਹਾਡੀ ਰੋਟੀ ਦੇ ਅਲਯੋਨਕਾ ਨੂੰ ਪੈਲੀ ਵਲ ਘਲਿਆ ਸੀ , ਤੇ ਮੇਰਾ ਖਿਆਲ ਸੀ , ਉਹ ਤੁਹਾਡੇ ਨਾਲ ਆ ਰਹੀ ਹੋਵੇਗੀ। ਰਾਹ ਤਾਂ ਨਹੀਂ ਭੁੱਲ ਗਈ ਹੋਵੇਗੀ ? "ਅਸੀਂ ਜਾਨੇ ਹਾਂ ਤੇ ਉਹਨੂੰ ਲਭਦੇ ਹਾਂ , ਭਰਾਵਾਂ ਨੇ ਕਿਹਾ।
ਤੇ ਛੇਏਂ ਦੇ ਛੇਏਂ ਅਜਗਰ ਦੀ ਸਿਆੜ ਦੇ ਨਾਲ-ਨਾਲ ਟੁਰਦੇ ਗਏ ਤੇ ਅਖ਼ੀਰ ਉਹਦੇ ਵਿਹੜੇ ਵਿਚ ਆ ਪੁੱਜੇ , ਤੇ ਉਹਨਾਂ ਕੀ ਵੇਖਿਆ , ਉਹਨਾਂ ਸਾਹਮਣੇ ਉਹਨਾਂ ਦੀ ਭੈਣ ਖਲੋਤੀ ਸੀ !
"ਮੇਰੇ ਵੀਰਨਿਉਂ , ਅਜਗਰ ਆ ਗਿਆ ਤਾਂ ਮੈਂ ਤੁਹਾਨੂੰ ਕਿਥੇ ਲੁਕਾਵਾਂਗੀ ? ਤੁਹਾਨੂੰ ਖਾ ਜਾਏਗਾ ਉਹ !" ਅਲਯੋਨਕਾ ਕੁਰਲਾਈ।
ਤੇ ਵੇਖੋ ! - ਅਜਗਰ ਉਹਨਾਂ ਵਲ ਉਡਦਾ ਆ ਰਿਹਾ ਸੀ ਤੇ ਸਪ ਵਾਂਗ , ਜੁ ਉਹ ਸੀ , ਸੂਕਰਾਂ ਛਡ ਰਿਹਾ ਸੀ ।
"ਆਦਮ ਬੋ ! ਆਦਮ ਬੋ !" ਉਹ ਕੂਕਿਆ। “ਹੱਛਾ ਵਾਈ ਜਵਾਨੋ , ਅਸੀਂ ਲੜਾਈ ਲੜਨੀਂ ਏਂ ਕਿ ਸੁਲਾਹ ਕਰਨੀ ਏਂ ? “
"ਅਸੀਂ ਲੜਾਈ ਲੜਨੀਂ ਏਂ !" ਉਹ ਲਲਕਾਰੇ ।
“ਤਾਂ ਆਓ ਫੇਰ ਲੋਹੇ ਦੇ ਫ਼ਰਸ਼ ਵਾਲੇ ਗਹਾਈ-ਪਿੜ ਨੂੰ ਚਲੀਏ।"
ਤੇ ਉਹ ਲੋਹੇ ਦੇ ਫ਼ਰਸ਼ ਵਾਲੇ ਗਹਾਈ-ਪਿੜ ਵਲ ਗਏ , ਪਰ ਉਹ ਬਹੁਤਾ ਚਿਰ ਨਾ ਲੜੇ । ਇਸ ਲਈ ਕਿ ਅਜਗਰ ਨੇ ਉਹਨਾਂ ਉਤੇ ਇਕ ਵਾਰ ਹੀ ਕੀਤਾ ਤੇ ਉਹਨਾਂ ਨੂੰ ਫ਼ਰਸ਼ ਦੇ ਵਿਚ ਧਕ ਦਿਤਾ। ਫੇਰ ਉਹਨੇ ਅਧ-ਮੋਇਆਂ ਨੂੰ ਬਾਹਰ ਧਰੂਹਿਆ ਤੇ ਡੂੰਘੀ ਕਾਲ-ਕੋਠੜੀ ਵਿਚ ਸੁਟ ਦਿਤਾ।
ਮਾਪੇ ਆਪਣੇ ਪੁੱਤਰਾਂ ਦੇ ਪਰਤਣ ਦੀ ਉਡੀਕ ਕਰਦੇ ਰਹੇ , ਪਰ, ਅਫ਼ਸੋਸ ! ਉਹ ਐਵੇਂ ਹੀ ਉਡੀਕਦੇ ਰਹੇ।
ਇਕ ਦਿਨ ਮਾਂ ਕੁਝ ਕਪੜੇ ਧੋਣ ਦਰਿਆ 'ਤੇ ਗਈ; ਉਹਨੇ ਵੇਖਿਆ ਤੇ ਓਥੇ ਸੜਕ ਉਤੇ ਉਹਦੇ ਵਲ ਰਿੜ੍ਹਦਾ ਆਉਂਦਾ ਇਕ ਨਿਕ-ਮੁਨਿੱਕਾ ਮਟਰ ਉਹਦੀ ਨਜ਼ਰੇ ਪਿਆ। ਉਹਨੇ ਮਟਰ ਚੁੱਕ ਲਿਆ ਤੇ ਖਾ ਲਿਆ ਤੇ ਵਕਤ ਪਾ ਕੇ , ਉਹਦੇ ਘਰ ਇਕ ਮੁੰਡਾ ਹੋਇਆ ਤੇ ਉਹਦਾ ਨਾਂ ਉਹਨਾਂ ਪੋਕਾਤੀ-ਗੋਰੋਸ਼ੇਕ ਜਾਂ ਰਿੜ੍ਹਦਾ ਮਟਰ ਰਖ ਦਿਤਾ ਙ
ਪੋਕਾਤੀ-ਗੋਰੋਸ਼ੇਕ ਵਡਾ ਹੋਣ ਲਗਾ , ਉਹ ਵਡਾ ਹੁੰਦਾ ਗਿਆ ਤੇ ਵਡਾ ਹੁੰਦਾ ਗਿਆ , ਤੇ ਭਾਵੇਂ ਉਹਦੀ ਉਮਰ ਬਹੁਤੀ ਨਹੀਂ ਸੀ , ਉਹ, ਉਚਾ-ਲੰਮਾ ਤੇ ਤਕੜਾ ਨਿਕਲ ਆਇਆ ।
ਇਕ ਦਿਨ ਉਹਦਾ ਬਾਪੂ ਤੇ ਉਹ ਇਕ ਖੂਹ ਪੁੱਟਣ ਲਗੇ , ਤੇ ਉਹ ਪੁਟਦੇ ਗਏ ਜਦੋਂ ਤਕ ਉਹਨਾਂ ਦੇ ਬੇਲਚੇ ਇਕ ਬਹੁਤ ਵਡੀ ਚਟਾਨ ਨਾਲ ਨਾ ਆ ਵੱਜੇ । ਪਿਓ ਚਟਾਨ ਨੂੰ ਚੁੱਕਣ ਵਿਚ ਮਦਦ ਲਈ ਲੋਕਾਂ ਨੂੰ ਬੁਲਾਣ ਗਿਆ , ਪਰ ਉਹਦੇ ਪਰਤਣ ਤੋਂ ਪਹਿਲਾਂ ਹੀ ਪੋਕਾਤੀ-ਗੋਰੋਸ਼ੇਕ ਨੇ ਚਟਾਨ ਨੂੰ ਆਪਣੇ ਆਪ ਹੀ ਚੁਕ ਕੇ ਪਰ੍ਹਾਂ ਸੁਟ ਲਿਆ ਹੋਇਆ ਸੀ। ਲੋਕ ਆਏ ਤੇ ਉਹਨਾਂ ਵੇਖਿਆ ਤੇ ਉਹ , ਹੈਰਾਨ ਰਹਿ ਗਏ ਤੇ ਡਰ ਵੀ ਗਏ , ਕਿਉਂਕਿ ਪੋਕਾਤੀ-ਗੋਰੋਸ਼ੇਕ ਉਹਨਾਂ ਵਿਚੋਂ ਹਰ ਕਿਸੇ ਨਾਲੋਂ ਬਹੁਤ ਹੀ ਤਕੜਾ ਸੀ। ਸਚੀ ਮੁਚੀ ਹੀ , ਉਹ ਏਨਾ ਡਰ ਗਏ ਸਨ ਕਿ ਉਹਨਾਂ ਪੋਕਾਤੀ-ਗੋਰੋਸ਼ੇਕ ਨੂੰ ਮਾਰ-ਮੁਕਾਣ ਦਾ ਮਤਾ ਪਕਾ ਲਿਆ । ਪਰ ਪੋਕਾਤੀ-ਗੋਰੋਸ਼ੇਕ ਨੇ ਚਟਾਨ ਉਤਾਂਹ ਹਵਾ ਵਿਚ ਸੁਟ ਵਗਾਈ ਤੇ ਫੇਰ ਝੋਪ ਲਈ , ਤੇ ਤਾਕਤ ਦਾ ਇਹ ਕਰਤਬ ਵੇਖ ਲੋਕ ਓਥੋਂ ਤਿੱਤਰ ਹੋ ਗਏ ।
ਪਿਓ ਤੇ ਪੁੱਤਰ ਪੁੱਟਦੇ ਗਏ। ਉਹ ਪੁਟਦੇ ਗਏ , ਜਦੋਂ ਤਕ ਉਹਨਾਂ ਨੂੰ ਲੋਹੇ ਦਾ ਇਕ ਬਹੁਤ ਵੱਡਾ ਟੋਟਾ ਨਾ ਲਭ ਪਿਆ , ਤੇ ਉਹ ਟੋਟਾ ਪੋਕਾਤੀ-ਗੋਰੋਸ਼ੇਕ ਨੇ ਬਾਹਰ ਕਢ ਲਿਆ ਤੇ ਲੁਕਾ ਦਿਤਾ। ਇਕ ਦਿਨ ਪੋਕਾਤੀ-ਗੋਰੋਸ਼ੇਕ ਨੇ ਆਪਣੇ ਮਾਂ-ਪਿਉ ਨੂੰ ਪੁਛਿਆ : "ਮੇਰੇ ਕੋਈ ਭੈਣ-ਭਰਾ ਨਹੀਂ ਸਨ ਹੁੰਦੇ ?"
"ਹੁੰਦੇ ਕਿਉਂ ਨਹੀਂ ਸਨ , ਬਚਿਆ , ਉਹਨਾਂ ਜਵਾਬ ਦਿਤਾ। ‘ਤੇਰੀ ਇਕ ਭੈਣ ਸੀ ਤੇ ਛੇ ਭਰਾ , ਪਰ ..." ਤੇ ਉਹਨਾਂ ਉਹਨੂੰ ਸਾਰੀ ਕਹਾਣੀ ਸੁਣਾ ਦਿੱਤੀ।
"ਮੈਂ ਉਹਨਾਂ ਨੂੰ ਲੱਭਣ ਜਾਂਗਾ", ਪੋਕਾਤੀ-ਗੋਰੋਸ਼ੇਕ ਨੇ ਕਿਹਾ।
ਮਾਂ-ਪਿਉ ਨੇ ਉਹਨੂੰ ਬੜਾ ਕਿਹਾ , ਉਹ ਨਾ ਜਾਵੇ। “ ਨਾ ਜਾ , ਬਚਿਆ ," ਉਹਨਾਂ ਆਖਿਆ। "ਤੇਰੇ ਭਰਾ ਗਏ ਸਨ , ਤੇ ਛੇਏਂਦੇ ਛੇਏਂ ਕੰਮ ਆ ਗਏ ਸਨ , ਤੇ ਤੂੰ , ਹੈ ਵੀਂ ਇਕੱਲਾ , ਬਚਣ ਨਹੀਂ ਲਗਾ। "
"ਨਹੀਂ , ਜਾਣਾ ਮੈਂ ਹਰ ਹਾਲੇ ਏ ," ਪੋਕਾਤੀ-ਗੋਰੋਸ਼ੇਕ ਨੇ ਕਿਹਾ। "ਏਸ ਲਈ ਕਿ ਮੈਂ ਆਪਣੇ ਸੱਕੇ ਛੁਡਾਣੇ ਜ਼ਰੂਰ ਨੇ।”
ਤੇ ਉਹਨੇ ਲੋਹੇ ਦਾ ਉਹ ਟੋਟਾ ਲਿਆ , ਜਿਹੜਾ ਉਹਨੂੰ ਲੱਭਾ ਸੀ, ਤੇ ਲੈ ਕੇ ਲੁਹਾਰ ਕੋਲ ਗਿਆ ।
“ਮੈਨੂੰ ਇਕ ਤਲਵਾਰ ਬਣਾ ਦੇ , ਜਿੰਨੀ ਵਡੀ ਬਣੇ , ਓਨਾ ਈ ਚੰਗੈ ! ਉਹਨੇ ਲੁਹਾਰ ਨੂੰ ਆਖਿਆ ।"
ਤੇ ਲੁਹਾਰ ਨੇ ਉਹਨੂੰ ਏਡੀ ਵਡੀ ਤੇ ਭਾਰੀ ਤਲਵਾਰ ਬਣਾ ਕੇ ਦਿੱਤੀ ਕਿ ਉਹਨੂੰ ਕੋਈ ਕਾਰਖਾਨੇ ਵਿਚੋਂ ਬਾਹਰ ਹੀ ਕਢ ਲਿਆਵੇ , ਤਾਂ ਬੜੀ ਗਲ ਸੀ । ਪਰ ਪੋਕਾਤੀ-ਗੋਰੋਸ਼ੇਕ ਨੇ ਤਲਵਾਰ ਫੜ ਲਈ , ਘੁਮਾਈ ਤੇ ਉਪਰ ਅਸਮਾਨ ਵਿਚ ਉਛਾਲ ਦਿਤੀ। “ ਹੁਣ ਮੈਂ ਲੰਮੀ ਨੀਂਦਰੇ ਸੌਣ ਲਗਾਂ , ਉਹਨੇ ਆਪਣੇ ਪਿਉ ਨੂੰ ਆਖਿਆ। ਮੈਨੂੰ ਬਾਰਾਂ ਦਿਨਾਂ ਬਾਅਦ ਜਗਾ ਦੇਣਾ , ਜਦੋਂ ਤਲਵਾਰ ਉਡਦੀ ਵਾਪਸ ਆਵੇ।"
ਉਹ ਲੇਟ ਗਿਆ ਤੇ ਬਾਰਾਂ ਦਿਨ ਸੁੱਤਾ ਰਿਹਾ , ਤੇ ਤੇਰ੍ਹਵੇਂ ਦਿਨ ਤਲਵਾਰ ਉਡਦੀ ਵਾਪਸ ਆਈ , ਉਹਦੇ ਉੱਡਣ ਨਾਲ ਸਾਂ-ਸਾਂ ਦੀ ਆਵਾਜ਼ ਆਉਂਦੀ ਸੀ। ਪਿਉ ਨੇ ਪੋਕਾਤੀ-ਗੋਰੋਸ਼ੇਕ ਨੂੰ ਜਗਾ ਦਿਤਾ ਤੇ ਪੋਕਾਤੀ-ਗੋਰੋਸ਼ੇਕ ਕੁਦ ਖਲੋਤਾ ਤੇ ਉਹਨੇ ਆਪਣੀ ਮੁਠ ਉਪਰ ਕੀਤੀ; ਤਲਵਾਰ ਉਹਦੇ ਨਾਲ ਆ ਵੱਜੀ , ਭੁੰਜੇ ਜਾ ਪਈ ਤੇ ਦੋ ਟੋਟੇ ਹੋ ਗਈ।
"ਮੈਂ ਏਸ ਤਲਵਾਰ ਨਾਲ ਆਪਣੀ ਭੈਣ ਤੇ ਭਰਾਵਾਂ ਨੂੰ ਲੱਭਣ ਨਹੀਂ ਜਾ ਸਕਦਾ , ਪੋਕਾਤੀ-ਗੋਰੋਸ਼ੇਕ ਨੇ ਆਖਿਆ। “ਮੈਨੂੰ ਹੋਰ ਲੈਣੀ ਪਵੇਗੀ ।"
ਤੇ ਟੁੱਟੀ ਹੋਈ ਤਲਵਾਰ ਲੈ , ਉਹ ਫੇਰ ਲੁਹਾਰ ਕੋਲ ਗਿਆ ।
"ਏਸ ਨਾਲ ਮੈਨੂੰ ਇਕ ਨਵੀਂ ਤਲਵਾਰ ਬਣਾ ਦੇ , ਉਹਨੇ ਆਖਿਆ । ਇਹੋ ਜਿਹੀ ਬਣਾ ਦੇ , ਜਿਹੜੀ ਮੇਰੇ ਜ਼ੋਰ ਦੇ ਮੇਚ ਆਵੇ ।" ਲੁਹਾਰ ਨੇ ਉਹਨੂੰ ਤਲਵਾਰ ਬਣਾ ਦਿੱਤੀ , ਜਿਹੜੀ ਪਹਿਲਾਂ ਨਾਲੋਂ ਵੀ ਵਡੀ ਸੀ , ਤੇ ਪੋਕਾਤੀ-ਗੋਰੋਸ਼ੇਕ ਨੇ ਉਹਨੂੰ ਉਪਰ ਅਸਮਾਨ ਵਿਚ ਉਛਾਲ ਘਤਿਆ ਤੇ ਲੰਮਾ ਪੈ ਗਿਆ ਤੇ ਬਾਰ੍ਹਾਂ ਦਿਨ ਹੋਰ ਸੁੱਤਾ ਰਿਹਾ। ਤੇਰ੍ਹਵੇਂ ਦਿਨ ਤਲਵਾਰ ਉਡਦੀ ਵਾਪਸ ਆਈ , ਇੰਜ ਭੀਂ-ਭੀਂ ਤੇ ਸਾਂ-ਸਾਂ ਕਰਦੀ ਕਿ ਜ਼ਮੀਨ ਕੰਬ ਉਠੀ। ਮਾਂ-ਪਿਉ ਨੇ ਪੋਕਾਤੀ-ਗੋਰੋਸ਼ੇਕ ਨੂੰ ਜਗਾ ਦਿਤਾ ਤੇ ਉਹ ਇਕਦਮ ਹੀ ਕੁੱਦ ਖਲੋਤਾ। ਉਹਨੇ ਮੁਠ ਅਗੇ ਕੀਤੀ , ਤੇ ਤਲਵਾਰ ਉਹਨੂੰ ਆ ਵੱਜੀ , ਪਰ ਟੁੱਟੀ ਨਾ , ਸਿਰਫ਼ ਥੋੜੀ ਜਿਹੀ ਲਿਫ਼ ਹੀ ਗਈ ।
"ਇਹ ਸਚੀ-ਮੁਚੀ ਈ ਚੰਗੀ ਤਲਵਾਰ ਏ," ਪੋਕਾਤੀ-ਗੋਰੋਸ਼ੇਕ ਨੇ ਆਖਿਆ । “ਹੁਣ ਮੈਂ ਆਪਣੀ ਭੈਣ ਤੇ ਭਰਾਵਾਂ ਨੂੰ ਲਭ ਸਕਨਾਂ। ਬੇਬੇ , ਮੈਨੂੰ ਕੁਝ ਰੋਟੀ ਪਕਾ ਦੇ , ਤੇ ਕੁਝ ਰਸ ਸੁਕਾ ਦੇ , ਤੇ ਮੈਂ ਆਪਣੇ ਰਾਹੇ ਪੈ ਜਾਵਾਂਗਾ।”
ਤੇ ਉਹਨੇ ਆਪਣੀ ਤਲਵਾਰ , ਰਸਾਂ ਦੀ ਬੁਗਚੀ ਫੜੀ , ਤੇ ਮਾਂ-ਪਿਓ ਤੋਂ ਵਿਦਿਆ ਹੋ, ਚਲ ਪਿਆ। ਙ
ਉਹ ਅਜਗਰ ਦੀ ਪੁਰਾਣੀ ਸਿਆੜ ਦੇ ਨਾਲ-ਨਾਲ ਟੁਰਦਾ ਗਿਆ , ਜਿਹੜੀ ਹੁਣ ਮਸਾਂ-ਮਸਾਂ ਹੀ ਦਿਸਦੀ ਸੀ , ਤੇ ਜੰਗਲ ਵਿਚ ਜਾ ਵੜਿਆ। ਜੰਗਲ ਵਿਚ ਉਹ ਟੁਰਦਾ ਗਿਆ , ਟੁਰਦਾ ਗਿਆ ਤੇ ਅਖ਼ੀਰ ਇਕ ਵਡੇ ਸਾਰੇ , ਵਾੜ ਵਾਲੇ ਵਿਹੜੇ ਕੋਲ ਪਹੁੰਚਿਆ। ਉਹ ਵਿਹੜੇ ਵਿਚ ਜਾ ਵੜਿਆ ਤੇ ਅਗੇ ਉਸ ਸੁਹਣੇ ਮਹਿਲ ਵਿਚ , ਜਿਹੜਾ ਓਥੇ ਖੜਾ ਸੀ , ਉਹਨੂੰ ਆਪਣੀ ਭੈਣ , ਅਲਯੋਨਕਾ ਮਿਲ ਪਈ , ਪਰ ਅਜਗਰ ਦਾ ਨਾ ਤੇ ਕੋਈ ਨਾਂ-ਨਿਸ਼ਾਨ ਸੀ ਤੇ ਨਾ ਹੀ ਕੋਈ ਆਵਾਜ਼ । “ ਭਲਾ ਹੋਈ ਸੁਹਣੀਏ ਮੁਟਿਆਰੇ ! ਪੋਕਾਤੀ-ਗੋਰੋਸ਼ੇਕ ਨੇ ਕਿਹਾ। “ ਭਲਾ ਹੋਈ , ਬਾਂਕੇ ਗਭਰੂਆ ! ਏਥੇ ਕਿਉਂ ਆਇਐਂ ? ਅਜਗਰ ਆਉਣ ਈ ਵਾਲੈ ਤੇ ਉਹ ਤੈਨੂੰ ਖਾ ਜਾਏਗਾ ।"
"ਵੇਖਾਂਗੇ ! ਸ਼ਾਇਦ ਉਹ ਨਾ ਖਾਏ। ਪਰ ਤੂੰ ਕੌਣ ਏਂ , ਸੁਹਣੀਏ ਮੁਟਿਆਰੇ ?"
“ ਮੈਂ ਆਪਣੇ ਮਾਂ-ਪਿਓ ਨਾਲ ਰਹਿੰਦੀ ਹੁੰਦੀ ਸੀ , ਤੇ ਮੈਂ ਉਹਨਾਂ ਦੀ ਇਕੋ-ਇਕ ਧੀ ਸਾਂ , ਪਰ ਅਜਗਰ ਮੈਨੂੰ ਚੁਕ ਲਿਆਇਆ , ਤੇ ਭਾਵੇਂ ਮੇਰੇ ਛੇ ਭਰਾਵਾਂ ਨੇ ਮੈਨੂੰ ਛੁਡਾਣ ਦੀ ਕੋਸ਼ਿਸ਼ ਕੀਤੀ , ਉਹ ਛੁਡਾ ਨਾ ਸਕੇ ।
“ਭਰਾ ਕਿਥੇ ਨੇ ?"
"ਅਜਗਰ ਨੇ ਕਾਲ-ਕੋਠੜੀ 'ਚ ਪਾ ਦਿੱਤੇ ਸਨ। ਪਤਾ ਨਹੀਂ ਜਿਉਂਦੇ ਨੇ ਕਿ ਮਰ ਗਏ ਨੇ।"
“ਸ਼ਾਇਦ ਤੈਨੂੰ ਮੈਂ ਛੁਡਾ ਸਕਾਂ ," ਪੋਕਾਤੀ-ਗੋਰੋਸ਼ੇਕ ਨੇ ਕਿਹਾ।
“ਤੂੰ ਕਿਵੇਂ ਛੁਡਾ ਸਕਣੈ ! ਮੇਰੇ ਭਰਾ ਨਾ ਛੁਡਾ ਸਕੇ , ਤੇ ਉਹ ਛੇ ਜਣੇ ਸਨ , ਤੇ ਤੂੰ ਤਾਂ 'ਕੱਲਾ ਏਂ !"
“ਇਹ ਕੋਈ ਗਲ ਨਹੀਂ , ਪੋਕਾਤੀ-ਗੋਰੋਸ਼ੇਕ ਨੇ ਆਖਿਆ।
ਤੇ ਉਹ ਇਕ ਬਾਰੀ ਕੋਲ ਬਹਿ ਉਡੀਕਣ ਲਗਾ।
ਐਨ ਓਸੇ ਵੇਲੇ ਅਜਗਰ ਉਡਦਾ ਵਾਪਸ ਆਇਆ। ਉਹ ਉਡਦਾ ਘਰ ਅੰਦਰ ਆ ਵੜਿਆ ਤੇ ਨਾਸਾਂ ਸੜੂੰ-ਸੜੂੰ ਕਰਨ ਲਗਾ।
“ਆਦਮ ਬੋ !" ਉਹ ਕੁਕਿਆ।
“ਬੋ ਤੈਨੂੰ ਆਦਮੀ ਦੀ ਈ ਆ ਰਹੀ ਏ ," ਪੋਕਾਤੀ-ਗੋਰੋਸ਼ੇਕ ਨੇ ਜਵਾਬ ਦਿਤਾ। “ਉਹ ਏਥੇ ਜੁ ਹੋਇਆ !"
“ਨਹੀਂ ਰੀਸਾਂ , ਮੇਰੇ ਨੌਜਵਾਨ ਦੀਆਂ ! ਕੀ ਚਾਹੁੰਣੈ - ਲੜਾਈ ਲੜਨਾ ਕਿ ਸੁਲਾਹ ਕਰਨਾ ?"
“ਲੜਾਈ ਲੜਨਾ , ਹੋਰ ਕੀ !" ਪੋਕਾਤੀ-ਗੋਰੋਸ਼ੇਕ ਨੇ ਜਵਾਬ ਦਿਤਾ ।
“ਤਾਂ ਆ ਫੇਰ ਲੋਹੇ ਦੇ ਫ਼ਰਸ਼ ਵਾਲੇ ਗਹਾਈ-ਪਿੜ ਨੂੰ ਚਲੀਏ।"
“ਚਲ।"
ਉਹ ਲੋਹੇ ਦੇ ਫ਼ਰਸ਼ ਵਾਲੇ ਗਹਾਈ-ਪਿੜ ਨੂੰ ਗਏ , ਤੇ ਅਜਗਰ ਨੇ ਕਿਹਾ : “ਪਹਿਲੋਂ ਤੂੰ ਵਾਰ ਕਰ ।"
“ਨਹੀਂ , ਤੂੰ ਕਰ ! ਪੋਕਾਤੀ-ਗੋਰੋਸ਼ੇਕ ਨੇ ਜਵਾਬ ਦਿਤਾ। ਉਹਨਾਂ ਤਲਵਾਰਾਂ ਟਕਰਾਈਆਂ ਤੇ ਅਜਗਰ ਨੇ ਪੋਕਾਤੀ-ਗੋਰੋਸ਼ੇਕ ਉਤੇ ਡਾਢਾ ਸ਼ਖਤ ਵਾਰ ਕੀਤਾ ਤੇ ਉਹਨੂੰ ਗਿਟਿਆਂ ਤੀਕ ਲੋਹੇ ਦੇ ਫ਼ਰਸ਼ ਵਾਲੇ ਗਹਾਈ-ਪਿੜ ਵਿਚ ਧਕ ਦਿਤਾ। ਪਰ ਪੋਕਾਤੀ-ਗੋਰੋਸ਼ੇਕ ਨੇ ਆਪਣੇ ਆਪ ਨੂੰ ਕਢ ਲਿਆ ਤੇ ਆਪਣੀ ਤਲਵਾਰ ਘੁਮਾਈ ਤੇ ਅਜਗਰ ਉਤੇ ਜਵਾਬੀ ਵਾਰ ਕੀਤਾ ਤੇ ਉਹਨੂੰ ਗੋਡਿਆਂ ਤਕ ਲੋਹੇ ਦੇ ਫ਼ਰਸ਼ ਵਾਲੇ ਹਾਈ-ਪਿੜ ਵਿਚ ਧਕ ਦਿਤਾ। ਪਰ ਅਜਗਰ ਨੇ ਆਪਣੇ ਆਪ ਨੂੰ ਕਢ ਲਿਆ ਤੇ ਪੋਕਾਤੀ-ਗੋਰੋਸ਼ੇਕ ਉਤੇ ਇਕ ਹੋਰ ਵਾਰ ਕੀਤਾ ਤੇ ਉਹਨੂੰ ਗੋਡਿਆਂ ਤੀਕ ਫ਼ਰਸ਼ ਵਿਚ ਧਕ ਦਿਤਾ। ਪੋਕਾਤੀ-ਗੋਰੋਸ਼ੇਕ ਨੇ ਦੂਜਾ ਵਾਰ ਕੀਤਾ , ਜਿਹਦੇ ਨਾਲ ਅਜਗਰ ਫ਼ਰਸ਼ ਵਿਚ ਲਕ ਤਕ ਧਕਿਆ ਗਿਆ , ਤੇ ਉਹਨੇ ਫੇਰ ਤੀਜਾ ਵਾਰ ਕੀਤਾ , ਜਿਹਦੇ ਨਾਲ ਅਜਗਰ ਥਾਏਂ ਹੀ ਮਾਰਿਆ ਗਿਆ। ਙ
ਫੇਰ ਉਹ ਕਾਲ-ਕੋਠੜੀ ਵਲ ਗਿਆ ; ਉਹ ਡੂੰਘੀ ਤੇ ਹਨੇਰੀ ਸੀ ; ਉਹਨੇ ਆਪਣੇ ਭਰਾਵਾਂ ਨੂੰ ਛੁਡਾ ਲਿਆ , ਜਿਹੜੇ ਏਨੇ ਜਿਉਂਦੇ ਨਹੀਂ ਸਨ , ਜਿੰਨੇ ਮੋਏ ਹੋਏ , ਤੇ ਉਹਨਾਂ ਨੂੰ ਤੇ ਅਲਯੋਨਕਾ ਨੂੰ , ਤੇ ਅਜਗਰ ਦੇ ਘਰ ਦਾ ਸਾਰੇ ਸੋਨਾ ਤੇ ਚਾਂਦੀ ਲੈ , ਘਰ ਵਲ ਹੋ ਪਿਆ। ਪਰ ਉਹਨੇ ਇਕ ਵਾਰੀ ਵੀ ਨਾ ਦਸਿਆ ਕਿ ਉਹ ਉਹਨਾਂ ਦਾ ਭਰਾ ਸੀ।
ਉਹਨਾਂ ਨੂੰ ਰਾਹ ਵਿਚ ਬਹੁਤਾ ਵਕਤ ਗਿਆ ਜਾਂ ਥੋੜਾ ਵਕਤ ਲਗਿਆ , ਇਹਦੀ ਖ਼ਬਰ ਕਿਸੇ ਨੂੰ ਨਹੀਂ , ਪਰ ਅਖੀਰ ਉਹ ਸ਼ਾਹ ਬਲੂਤ ਦੇ ਇਕ ਲਵੇ ਰੁਖ ਥੱਲੇ ਸਾਹ ਲੈਣ ਲਈ ਬਹਿ ਗਏ । ਤੇ ਲੜਾਈ ਪਿਛੋਂ ਪੋਕਾਤੀ-ਗੋਰੋਸ਼ੇਕ ਏਨਾ ਥਕਿਆ ਹੋਇਆ ਸੀ ਕਿ ਉਹਨੂੰ ਗੂਹੜੀ ਨੀਂਦਰ ਆ ਗਈ। ਤੇ ਉਹਦੇ ਛੇ ਭਰਾ ਆਪੋ ਵਿਚ ਸਲਾਹ ਕਰਨ ਲਗ ਪਏ ਤੇ ਕਹਿਣ ਲਗੇ :
“ਜਦੋਂ ਲੋਕਾਂ ਨੂੰ ਪਤਾ ਲਗਾ ਕਿ ਅਸੀਂ ਛੇ ਜਣੇ ਰਲ ਕੇ ਅਜਗਰ ਨੂੰ ਨਾ ਮਾਰ ਸਕੇ ਤੇ ਏਸ ਮੁੰਡੇ-ਖੁੰਡੇ ਨੇ ਉਹਨੂੰ 'ਕਲਿਆਂ ਈ ਮਾਰ ਲਿਆ , ਉਹ ਸਾਡੇ 'ਤੇ ਹੱਸਣਗੇ । ਨਾਲੇ , ਹੁਣ ਅਜਗਰ ਦੀ ਸਾਰੀ ਦੌਲਤ ਉਹਦੀ ਹੋ ਜਾਏਗੀ।"
ਜਦੋਂ ਪੱਕਾਤੀ-ਗੋਰੋਸ਼ੇਕ ਸੁੱਤਾ ਪਿਆ ਸੀ ਤੇ ਕੁਝ ਮਹਿਸੂਸ ਨਹੀਂ ਸੀ ਕਰ ਸਕਦਾ , ਉਹ ਇਸ ਤਰ੍ਹਾਂ ਗੱਲਾਂ ਕਰਦੇ ਰਹੇ ਤੇ ਉਹਨਾਂ ਮਤਾ ਪਕਾਇਆ ਕਿ ਪੋਕਾਤੀ-ਗੋਰੋਸ਼ੇਕ ਨੂੰ ਸਕ ਦੀਆਂ ਰੱਸੀਆਂ ਨਾਲ ਸ਼ਾਹ ਬਲੂਤ ਦੇ ਦਰਖ਼ਤ ਨਾਲ ਬੰਨ੍ਹ ਦਿਤਾ ਜਾਏ, ਤੇ ਜੰਗਲੀ ਜਨੌਰਾਂ ਦੇ ਨਿਘਾਰੇ ਜਾਣ ਲਈ ਓਥੇ ਹੀ ਛਡ ਦਿਤਾ ਜਾਵੇ ! ਕਹਿੰਦਿਆਂ ਸਾਰ ਹੀ ਉਹਨਾਂ ਕਰਨ ਦੀ ਕੀਤੀ । ਉਹਨਾਂ ਉਹਨੂੰ ਦਰਖ਼ਤ ਨਾਲ ਬੰਨ੍ਹ ਦਿਤਾ ਤੇ ਓਥੇ ਹੀ ਛੱਡ ਦਿਤਾ ਤੇ ਆਪ ਚਲੇ ਗਏ ।
ਏਧਰ ਪੋਕਾਤੀ-ਗੋਰੋਸ਼ੇਕ ਸੁੱਤਾ ਰਿਹਾ ਤੇ ਉਹਨੂੰ ਕੁਝ ਵੀ ਮਹਿਸੂਸ ਨਾ ਹੋਇਆ ; ਉਹ ਇਕ ਦਿਨ ਸੁੱਤਾ ਰਿਹਾ ਤੇ ਇਕ ਰਾਤ ਸੁੱਤਾ ਰਿਹਾ ਤੇ ਫੇਰ ਜਾਗਿਆ ਤੇ ਵੇਖਿਆ ਉਹ ਦਰਖ਼ਤ ਨਾਲ ਬੱਝਾ ਪਿਆ ਸੀ। ਉਹਨੇ ਇਕਦਮ ਝਟਕਾ ਮਾਰਿਆ ਤੇ ਸ਼ਾਹ ਬਲੂਤ ਨੂੰ ਜੜ੍ਹਾਂ ਤੋਂ ਪੁਟ ਲਿਆ , ਤੇ ਉਹਨੂੰ ਚੁਕ ਕੇ ਮੋਢੇ ਉਤੇ ਰਖ ਘਰ ਚਲਾ ਗਿਆ। ਉਹ ਝੁੱਗੀ ਕੋਲ ਆਇਆ ਤੇ ਉਹਨੇ ਸੁਣਿਆ , ਉਹਦੇ ਭਰਾ ਆਪਣੀ ਮਾਂ ਨਾਲ ਗੱਲਾਂ ਕਰ ਰਹੇ ਸਨ।
“ਬੇਬੇ , ਕੋਈ ਹੋਰ ਬਾਲ ਵੀ ਹੋਇਆ ਸਾਈ ? ਉਹਨਾਂ ਉਹਨੂੰ ਪੁਛਿਆ।
ਤੇ ਮਾਂ ਨੇ ਜਵਾਬ ਦਿਤਾ : “ਹਾਂ, ਹੋਇਆ ਕਿਉਂ ਨਹੀਂ ਸੀ ! ਇਕ ਹੋਰ ਮੁੰਡਾ ਹੋਇਆ ਸੀ , ਪੋਕਾਤੀ-ਗੋਰੋਸ਼ੇਕ ਨਾਂ ਸੀ ਉਹਦਾ , ਉਹ ਤੁਹਾਨੂੰ ਛੁਡਾਣ ਚਲਾ ਗਿਆ ਸੀ।"
ਭਰਾਵਾਂ ਨੇ ਆਖਿਆ : “ਤਾਂ ਜਿਹਨੂੰ ਅਸੀਂ ਸ਼ਾਹ ਬਲੂਤ ਦੇ ਦਰਖ਼ਤ ਨਾਲ ਬੰਨਿਆ ਸੀ , ਉਹ ਪੋਕਾਤੀ-ਗੋਰੋਸ਼ੇਕ ਹੀ ਹੋਣੈ ! ਚਲੀਏ , ਉਹਨੂੰ ਖੋਲ੍ਹੀਏ ਜਾ ਕੇ ।"
ਪਰ ਪੋਕਾਤੀ-ਗੋਰੋਸ਼ੇਕ ਨੇ ਮੋਢੇ ਚੁਕੇ ਹੋਏ ਸ਼ਾਹ ਬਲੂਤ ਨੂੰ ਘੁਮਾਇਆ ਤੇ ਝੁੱਗੀ ਦੀ ਛਤ ਉਤੇ ਏਨੀ ਜ਼ੋਰ ਨਾਲ ਦੇ ਮਾਰਿਆ ਕਿ ਝੁੱਗੀ ਖੇਰੂੰ-ਖੇਰੂੰ ਹੁੰਦੀ ਬਚੀ ।
“ਜਿਥੇ ਹੋ , ਓਥੇ ਈ ਰਹੋ , ਏਸ ਲਈ ਕਿ ਤੁਸੀਂ ਜੁ ਹੈ ਹੋ , ਉਹੀਉ ਈ ਹੋ ! ਉਹ ਚਿਲਕਿਆ। "ਤੇ ਮੈਂ ਜਾਨਾਂ ਤੇ ਖੁਲ੍ਹੀ ਦੁਨੀਆਂ 'ਚ ਘੁੰਮਨਾਂ।"
ਤੇ ਤਲਵਾਰ ਨੂੰ ਮੋਢੇ ਉਤੇ ਰਖ ਉਹ ਟੁਰ ਪਿਆ।
ਉਹ ਟੁਰਦਾ ਗਿਆ , ਟੁਰਦਾ ਗਿਆ ਤੇ ਅਖ਼ੀਰ ਉਹਨੂੰ ਦੋ ਪਹਾੜ ਦਿੱਸੇ , ਇਕ ਖੱਬੇ ਪਾਸੇ ਤੇ ਇਕ ਸੱਜੇ ਪਾਸੇ ; ਤੇ ਉਹਨਾਂ ਵਿਚਕਾਰ ਇਕ ਬੰਦਾ ਖਲੋਤਾ ਹੋਇਆ ਸੀ, ਜਿਹੜਾ ਹੱਥਾਂ ਤੇ ਪੈਰਾਂ ਨਾਲ ਉਹਨਾਂ ਨੂੰ ਧਕ ਰਿਹਾ ਸੀ ਤੇ ਇਕ ਦੂਜੇ ਤੋਂ ਪਰ੍ਹਾਂ ਕਰ ਰਿਹਾ ਸੀ।
" ਖ਼ੈਰ ਹੋਈ , ਦੋਸਤਾ !" ਪੋਕਾਤੀ-ਗੋਰੋਸ਼ੇਕ ਨੇ ਕਿਹਾ।
"ਤੇਰੀ ਵੀ ਖ਼ੈਰ ਹੋਵੇ !"
“ਕੀ ਪਿਆ ਕਰਨੈਂ ? ਰਾਹ ਬਣਾਣ ਲਈ ਪਹਾੜ ਪਰਾਂ ਕਰ ਰਿਹਾਂ।"
"ਕਿੱਧਰ ਨੂੰ ਚੜ੍ਹਾਈਆਂ ਨੇ ?"
“ਜਿਥੇ ਕਿਤੇ ਆਪਣੀ ਕਿਸਮਤ ਬਣਾ ਸਕਾਂ।"
"ਮੈਂ ਵੀ ਤਾਂ ਓਥੇ ਈ ਜਾ ਰਿਹਾਂ ! ਨਾਂ ਕੀ ਆ ?"
"ਸਵੇਰਨੀ-ਗੋਰਾ , ਪਹਾੜ ਹਿਲਾਣ ਵਾਲਾ । ਤੇਰਾ , ਕੀ ਨਾਂ ਏ ?"
"ਪੋਕਾਤੀ-ਗੋਰੋਸ਼ੇਕ , ਰਿੜ੍ਹਦਾ ਮਟਰ । ਚਲ 'ਕੱਠੇ ਚਲੀਏ !"
“ਚਲ !"
ਤੇ ਉਹ ਇਕੱਠੇ ਚਲ ਪਏ ; ਉਹ ਟੁਰਦੇ ਗਏ , ਟੁਰਦੇ ਗਏ ਤੇ ਅਖ਼ੀਰ ਜੰਗਲ 'ਚ ਉਹਨਾਂ ਨੂੰ ਇਕ ਬੰਦਾ ਮਿਲਿਆ। ਸ਼ਾਹ ਬਲੂਤ ਦੇ ਦਰਖ਼ਤ ਨੂੰ ਜੜ੍ਹੋਂ, ਪੁਟੱਣ ਲਈ ਉਹਨੂੰ ਸਿਰਫ਼ ਆਪਣਾ ਹਥ ਹੀ ਹਿਲਾਣਾ ਪੈਂਦਾ ਸੀ ।
"ਖ਼ੈਰ ਹੋਈ , ਦੋਸਤਾ !" ਪੋਕਾਤੀ-ਗੋਰੋਸ਼ੇਕ ਤੇ ਸਵੇਰਨੀ-ਗੋਰਾ ਨੇ ਬੁਲਾਇਆ ।
"ਤੁਹਾਡੀ ਵੀ ਖੈਰ ਹੋਏ !"
“ਕੀ ਪਿਆ ਕਰਨੈਂ ? "
"ਟੁਰਨ ਲਈ ਥਾਂ ਬਣਾਣ ਵਾਸਤੇ ਦਰਖ਼ਤ ਪੁਟ ਰਿਹਾਂ।"
"ਕਿੱਧਰ ਨੂੰ ਚੜ੍ਹਾਈਆਂ ਨੇ ?"
"ਜਿਥੇ ਕਿਤੇ ਆਪਣੀ ਕਿਸਮਤ ਬਣਾ ਸਕਾਂ।"
"ਅਸੀਂ ਵੀ ਤਾਂ ਓਥੇ ਈ ਜਾ ਰਹੇ ਹਾਂ। ਨਾਂ ਕੀ ਆ ?"
"ਵੇਰਤੀ-ਦੂਬ , ਸ਼ਾਹ-ਬਲੂਤ ਪੁੱਟਣ ਵਾਲਾ । ਤੁਹਾਡੇ ਕੀ ਨਾਂ ਨੇ ?"
"ਪੋਕਾਤੀ-ਗੋਰੋਸ਼ੇਕ , ਰਿੜ੍ਹਦਾ ਮਟਰ ਤੇ ਸਵੇਰਨੀ-ਗੋਰਾ , ਪਹਾੜ ਹਿਲਾਣ ਵਾਲਾ । ਚਲ 'ਕੱਠੇ ਚਲੀਏ।"
“ਚੱਲੋ !"
ਤੇ ਉਹ ਤਿੰਨੇ ਇਕੱਠੇ ਚਲ ਪਏ। ਉਹ ਟੁਰਦੇ ਗਏ ਤੇ ਟੁਰਦੇ ਗਏ , ਤੇ ਅਖ਼ੀਰ ਉਹਨਾਂ ਨੂੰ ਇਕ ਬੰਦਾ ਦਿਸਿਆ , ਜਿਹਦੀਆਂ ਮੁੱਛਾਂ ਲੰਮੀਆਂ ਤੋਂ ਲੰਮੀਆਂ ਸਨ। ਉਹ ਦਰਿਆ ਉਤੇ ਖਲੋਤਾ ਸੀ , ਤੇ ਉਹਦੇ ਇੱਕ ਮੁਛ ਨੂੰ ਵੱਟ ਦੇਣ ਨਾਲ ਪਾਣੀ ਚੀਰਿਆ ਜਾਂਦਾ ਸੀ ਤੇ ਪਰ੍ਹਾਂ ਵਹਿ ਜਾਂਦਾ ਸੀ ਤੇ ਦਰਿਆ ਦੀ ਸੁੱਕੀ ਤਹਿ ਉਤੇ ਟੁਰ ਕੇ ਲੰਘਣ ਲਈ ਰਾਹ ਬਣ ਜਾਂਦਾ ਸੀ।
“ਖ਼ੈਰ ਹੋਈ , ਦੋਸਤਾ !" ਉਹਨਾਂ ਉਹਨੂੰ ਬੁਲਾਇਆ।
"ਤੁਹਾਡੀ ਵੀ ਖ਼ੈਰ ਹੋਵੇ !"
"ਕੀ ਪਿਆ ਕਰਨੈਂ ?"
"ਦਰਿਆ ਪਾਰ ਕਰਨ ਲਈ ਪਾਣੀ ਚੀਰ ਰਿਹਾਂ।"
"ਕਿੱਧਰ ਨੂੰ ਚੜ੍ਹਾਈਆਂ ਨੇ ?"
“ਜਿਥੇ ਕਿਤੇ ਆਪਣੀ ਕਿਸਮਤ ਬਣਾ ਸਕਾਂ।"
"ਅਸੀਂ ਵੀ ਤਾਂ ਓਥੇ ਈ ਜਾ ਰਹੇ ਹਾਂ। ਨਾਂ ਕੀ ਆ ?"
“ਕਰੂਤੀ-ਉਸ , ਮੁੱਛਾਂ ਨੂੰ ਵੱਟ ਦੇਣ ਵਾਲਾ । ਤੇ ਤੁਹਾਡੇ ਕੀ ਨਾਂ ਨੇ ?
“ਪੋਕਾਤੀ-ਗੋਰੋਸ਼ੇਕ, ਰਿੜ੍ਹਦਾ ਮਟਰ , ਸਵੇਰਨੀ-ਗੋਰਾ , ਪਹਾੜ ਹਿਲਾਣ ਵਾਲਾ ਤੇ ਵੇਰਤੀ-ਦੂਬ , ਸ਼ਾਹ ਬਲੂਤ ਪੁੱਟਣ ਵਾਲਾ । ਆ ੱਕੱਠੇ ਚਲੀਏ !"
"ਚੱਲੋ !"
ਤੇ ਉਹ ਇਕੱਠੇ ਚਲ ਪਏ ਤੇ ਇਕੱਠੇ ਜਾਣਾ ਉਹਨਾਂ ਨੂੰ ਬੜਾ ਹੀ ਸੌਖਾ ਲਗਾ , ਕਿਉਂ ਜੁ ਸਵੇਰਨੀ-ਗੋਰਾ ਹਰ ਪਹਾੜ ਨੂੰ ਪਰ੍ਹਾਂ ਕਰ ਦੇਂਦਾ , ਵੇਰਤੀ-ਦੂਬ ਹਰ ਜੰਗਲ ਜੜ੍ਹੋਂ ਪੁਟ ਧਰਦਾ , ਤੇ ਕਰੂਤੀ-ਉਸ ਰਾਹ ਵਿਚ ਪੈਂਦੇ ਹਰ ਦਰਿਆ ਦਾ ਪਾਣੀ ਚੀਰ ਦੇਂਦਾ।
ਟੁਰਦਿਆਂ-ਟੁਰਦਿਆਂ ਉਹ ਇਕ ਬਹੁਤ ਵਡੇ ਜੰਗਲ ਵਿਚ ਆ ਵੜੇ ਤੇ ਓਥੇ ਉਹਨਾਂ ਨੂੰ ਇਕ ਨਿੱਕੀ ਜਹੀ ਝੁੱਗੀ ਦਿੱਸੀ। ਉਹ ਅੰਦਰ ਗਏ ਤੇ ਉਹਨਾਂ ਤਕਿਆ ਕਿ ਝੁੱਗੀ ਖਾਲੀ ਸੀ।
"ਅਸੀਂ ਰਾਤ , ਇਸ ਝੁੱਗੀ 'ਚ ਕੱਟ ਸਕਣੇ ਹਾਂ," ਪੋਕਾਤੀ-ਗੋਰੋਸ਼ੇਕ ਨੇ ਕਿਹਾ।
ਤੇ ਉਹਨਾਂ ਰਾਤ ਝੁੱਗੀ ਵਿਚ ਗੁਜ਼ਾਰੀ , ਤੇ ਅਗਲੀ ਸਵੇਰੇ ਪੌਕਾਤੀ-ਗੋਰੋਸ਼ੇਕ ਨੇ ਆਖਿਆ : "ਸਵੇਰਨੀ-ਗੋਰਾ , ਤੂੰ ਘਰ ਰਹੋ , ਤੇ ਸਾਡੀ ਰੋਟੀ ਬਣਾ , ਤੇ ਅਸੀਂ ਤਿੰਨੇ ਸ਼ਿਕਾਰ ਲਈ ਜਾਣੇ ਆਂ।"
ਤੇ ਉਹ ਚਲੇ ਗਏ ਤੇ ਸਵੇਰਨੀ-ਗੋਰਾ ਨੇ ਕਿੰਨੀਆਂ ਸਾਰੀਆਂ ਚੀਜ਼ਾਂ ਉਬਾਲੀਆਂ , ਭੁੰਨੀਆਂ ਤੇ ਚਾੜ੍ਹੀਆਂ ਤੇ ਫੇਰ ਸੌਣ ਲਈ ਲੰਮਾ ਪੈ ਗਿਆ। ਚਾਣਚਕ ਹੀ ਬਹੇ 'ਤੇ ਖੜਾਕ ਹੋਇਆ ।
"ਬੂਹਾ ਖੋਲ੍ਹ ! ਕਿਸੇ ਆਵਾਜ਼ ਦਿੱਤੀ ।
"ਕਿਥੋਂ ਆਇਐਂ ਬੋਲ , ਆਪੇ ਪਿਆ ਖੋਲ੍ਹ !" ਸਵੇਰਨੀ-ਗੋਰਾ ਨੇ ਪਰਤਵਾਂ ਜਵਾਬ ਦਿੱਤਾ।
ਬੂਹਾ ਖੁਲ੍ਹ ਗਿਆ , ਤੇ ਓਹੀਉ ਆਵਾਜ਼ ਫੇਰ ਚਿਲਕੀ : "ਮੈਨੂੰ ਦਹਿਲੀਜ਼ ਪਾਰ ਕਰਾ!"
"ਤੈਨੂੰ ਪਤਾ ਨਾ ਸਾਰ , ਆਪੇ ਕਰ ਪਿਆ ਪਾਰ !" ਸਵੇਰਨੀ-ਗੋਰਾ ਨੇ ਜਵਾਬ ਦਿਤਾ।
ਤੇ ਚਾਣਚਕ ਹੀ ਇਕ ਕੱਦੋਂ ਏਡੇ ਛੋਟੇ ਬੁੱਢੇ ਆਦਮੀ ਨੇ ਦਹਿਲੀਜ਼ ਪਾਰ ਕੀਤੀ , ਜਿੱਡਾ ਛੋਟਾ ਆਦਮੀ ਦੀ ਕਿਸੇ ਨਹੀਂ ਸੀ ਵੇਖਿਆ : ਉਹਦੀ ਦਾੜ੍ਹੀ ਏਨੀ ਲੰਮੀ ਸੀ ਕਿ ਉਹਨੇ ਜ਼ਮੀਨ ਉਤੇ ਪੂਰੇ ਪੰਜ ਫੁਟ ਮੱਲੇ ਹੋਏ ਙ ਛੋਟੇ ਕਦ ਵਾਲੇ ਬੰਦੇ ਨੇ ਸਵੇਰਨੀ-ਗੋਰਾ ਨੂੰ ਛਤਿਆਂ ਤੋਂ ਫੜ ਲਿਆ ਤੇ ਉਹਨੂੰ ਕੰਧ ਉਤੇ ਠੁਕੇ ਇਕ ਕਿਲ ਨਾਲ ਟੰਗ ਦਿਤਾ। ਤੇ ਫੇਰ ਉਹਨੇ ਸਾਰਾ ਜੁ ਕੁਝ ਖਾਣ ਵਾਲਾ ਸੀ , ਖਾ ਲਿਆ , ਤੇ ਸਾਰਾ ਜੁ ਕੁਝ ਪੀਣ ਵਾਲਾ ਸੀ , ਪੀ ਲਿਆ , ਤੇ ਸਵੇਰਨੀ-ਗੋਰਾ ਦੀ ਪਿਠ ਤੋਂ ਮਾਸ ਦੀ ਇਕ ਲੰਮੀ ਸਾਰੀ ਲੜਫ਼ ਲਾਹ , ਚਲਾ ਗਿਆ।
ਸਵੇਰਨੀ-ਗੋਰਾ ਕਿਲ ਨਾਲ ਵੱਟ ਤੇ ਮਰੋੜੇ ਖਾਂਦਾ ਗਿਆ , ਜਿੰਨਾ ਚਿਰ ਉਹਨੇ ਆਪਣੇ ਆਪ ਨੂੰ ਛੁਡਾ ਨਾ ਲਿਆ , ਭਾਵੇਂ ਇਸ ਤਰ੍ਹਾਂ ਕਰਦਿਆਂ ਉਹਦੀ ਇਕ ਲਿੱਟ ਪੁੱਟੀ ਗਈ; ਫੇਰ ਉਹ ਨਵੇਂ ਸਿਰੋਂ ਰੋਟੀ ਪਕਾਣ ਵਿਚ ਜੁਟ ਗਿਆ। ਜਦੋਂ ਉਹਦੇ ਦੋਸਤ ਪਰਤੇ , ਉਹ ਅਜੇ ਵੀ ਉਹਦੇ ਵਿਚ ਰੁੱਝਾ ਹੋਇਆ ਸੀ।
"ਰੋਟੀ ਪਕਾਂਦਿਆਂ ਚਿਰਕ ਕਿਉਂ ਹੋ ਗਈ ਆ ?" ਉਹਨਾਂ ਹੈਰਾਨ ਹੋ ਪੁਛਿਆ ।
“ਮੈਨੂੰ ਜ਼ਰੂਰ ਉਂਘ ਆ ਗਈ ਸੀ ਤੇ ਚਿਤ-ਚੇਤਾ ਈ ਨਹੀਂ ਸੀ ਰਿਹਾ ," ਸਵੇਰਨੀ-ਗੋਰਾ ਨੇ ਜਵਾਬ ਦਿਤਾ।
ਉਹਨਾਂ ਢਿਡ ਭਰ ਕੇ ਖਾਧਾ-ਪੀਤਾ ਤੇ ਸੌਂ ਗਏ , ਤੇ ਅਗਲੀ ਸਵੇਰੇ ਪੋਕਾਤੀ-ਗੋਰੋਸ਼ੇਕ ਨੇ ਆਖਿਆ :
"ਵੇਰਤੀ-ਦੂਬ , ਹੁਣ ਤੂੰ ਘਰ ਰਹੋ , ਤੇ ਬਾਕੀ ਦੇ ਅਸੀਂ ਸ਼ਿਕਾਰ ਖੇਡਣ ਜਾਨੇਂ ਹਾਂ।"
ਉਹ ਚਲੇ ਗਏ , ਤੇ ਵੇਰਤੀ-ਦੂਬ ਨੇ ਕਿੰਨੀਆਂ ਸਾਰੀਆਂ ਚੀਜ਼ਾਂ ਉਬਾਲੀਆਂ , ਭੁੰਨੀਆਂ ਤੇ ਚਾੜ੍ਹੀਆਂ ਤੇ ਫੇਰ ਸੌਣ ਲਈ ਲੰਮਾ ਪੈ ਗਿਆ। ਚਾਣਚਕ ਹੀ ਬੂਹੇ ਤੇ ਖੜਾਕ ਹੋਇਆ ।
"ਬੂਹਾ ਖੋਲ੍ਹ !" ਕਿਸੇ ਆਵਾਜ਼ ਦਿਤੀ।
"ਕਿਥੋਂ ਆਇਐਂ ਬੋਲ , ਆਪੇ ਪਿਆ ਖੋਲ੍ਹ !" ਵੇਰਤੀ-ਦੂਬ ਨੇ ਪਰਤਵਾਂ ਜਵਾਬ ਦਿਤਾ ।
"ਮੈਨੂੰ ਦਹਿਲੀਜ਼ ਪਾਰ ਕਰਾ !" ਉਹੀਉ ਆਵਾਜ਼ ਫੇਰ ਚਿਲਕੀ ।
“ਤੈਨੂੰ ਪਤਾ ਨਾ ਸਾਰ , ਆਪੇ ਕਰ ਪਿਆ ਪਾਰ !" ਵੇਰਤੀ-ਦੂਬ ਨੇ ਜਵਾਬ ਦਿਤਾ ।
ਤੇ ਵੇਖੋ ! - ਝੁੱਗੀ ਵਿਚ ਇਕ ਕੱਦੋਂ ਏਡਾ ਛੋਟਾ ਬੁੱਢਾ ਆਦਮੀ ਚੜ੍ਹ ਆਇਆ , ਜਿੱਡਾ ਛੋਟਾ ਆਦਮੀ ਕਦੀ ਕਿਸੇ ਨਹੀਂ ਸੀ ਵੇਖਿਆ ; ਉਹਦੀ ਦਾੜ੍ਹੀ ਏਨੀ ਲੰਮੀ ਸੀ ਕਿ ਉਹਨੇ ਜ਼ਮੀਨ ਉਤੇ ਪੂਰੇ ਪੰਜ ਫੁਟ ਮੱਲੇ ਹੋਏ ਸਨ। ਉਹਨੇ ਵੇਰਤੀ-ਦੂਬ ਨੂੰ ਛਤਿਆਂ ਤੋਂ ਫੜ ਲਿਆ ਤੇ ਉਹਨੂੰ ਕੰਧ ਉਤੇ ਚੁੱਕੇ ਇਕ ਕਿਲ ਨਾਲ ਟੰਗ ਦਿਤਾ , ਤੇ ਫੇਰ ਉਹਨੇ ਸਾਰਾ ਜੁ ਕੁਝ ਖਾਣ ਵਾਲਾ ਸੀ , ਖਾ ਲਿਆ , ਤੇ ਸਾਰਾ ਜੁ ਕੁਝ ਪੀਣ ਵਾਲਾ ਸੀ , ਪੀ ਲਿਆ , ਤੇ ਵੇਰਤੀ-ਦੂਬ ਦੀ ਪਿਠ ਤੋਂ ਮਾਸ ਦੀ ਇਕ ਲੰਮੀ ਸਾਰੀ ਲੜਫ਼ ਲਾਹ , ਚਲਾ ਗਿਆ।
ਵੇਰਤੀ-ਦੂਬ ਨੇ ਏਧਰ ਓਧਰ ਵਟ ਤੇ ਮਰੋੜੇ ਖਾਧੇ , ਤੇ ਉਹ ਇੰਜ ਤੜਫ਼ਦਾ ਰਿਹਾ , ਜਿਵੇਂ ਪਾਣੀ ਬਿਨ ਮੱਛੀ ਤੜਫ਼ਦੀ ਏ , ਤੇ ਅਖ਼ੀਰ ਉਹ ਆਪਣੇ ਆਪ ਨੂੰ ਛੁਡਾਣ ਤੇ ਭੁੰਜੇ ਆ ਪੈਣ ਵਿਚ ਸਫਲ ਹੋ ਗਿਆ । ਇਕਦਮ ਹੀ ਉਹ ਰੋਟੀ ਨਵੇਂ ਸਿਰੋਂ ਪਕਾਣ ਵਿਚ ਜੁਟ ਗਿਆ।
ਉਹਦੇ ਦੋਸਤ ਆਏ ਤੇ ਹੈਰਾਨ ਰਹਿ ਗਏ।
ਰੋਟੀ ਪਕਾਂਦਿਆਂ ਏਨੀ ਚਿਰਕ ਕਿਉਂ ਹੋ ਗਈ ਆ ?”
“ਮੈਨੂੰ ਜ਼ਰੂਰ ਉਂਘ ਆ ਗਈ ਹੋਵੇਗੀ ," ਉਹਨੇ ਆਖਿਆ।
ਪਰ ਸਵੇਰਨੀ-ਗੋਰਾ ਕੁਝ ਵੀ ਨਾ ਬੋਲਿਆ , ਕਿਉਂ ਜੁ ਉਹਨੂੰ ਸੱਚੀ ਗਲ ਦਾ ਪਤਾ ਸੀ।
ਤੀਜੇ ਦਿਨ ਘਰ ਰਹਿਣ ਵਾਲਾ ਕਰੂਤੀ-ਉਸ ਸੀ ਤੇ ਉਹਦੇ ਨਾਲ ਵੀ ਉਹੀਉ ਕੁਝ ਹੀ ਬੀਤਿਆ !
ਪੋਕਾਤੀ-ਗੋਰੋਸ਼ੇਕ ਨੇ ਆਖਿਆ : “ਤੁਸੀਂ ਸਾਰੇ ਦੇ ਸਾਰੇ ਰੋਟੀ ਪਕਾਣ ’ਚ ਬੜੇ ਜਿੱਲ੍ਹੇ ਹੋ ! ਪਰ ਕੋਈ ਗੱਲ ਨਹੀਂ। ਕਲ੍ਹ ਤੁਸੀਂ ਸ਼ਿਕਾਰ 'ਤੇ ਜਾਣਾ , ਤੇ ਮੈਂ ਘਰ ਰਹਾਂਗਾ।"
ਤੇ ਉਹਨਾਂ ਐਨ ਇਹੀਉ ਹੀ ਕੀਤਾ ਙ ਅਗਲੀ ਸਵੇਰੇ ਉਹਦੇ ਤਿੰਨ ਦੋਸਤ ਸ਼ਿਕਾਰ ਖੇਡਣ ਚਲੇ ਗਏ , ਤੇ ਪੋਕਾਤੀ-ਗੋਰੋਸ਼ੇਕ ਘਰ ਰਿਹਾ। ਉਹਨੇ ਕਿੰਨੀਆਂ ਹੀ ਚੀਜ਼ਾਂ ਉਬਾਲੀਆਂ ਤੇ ਭੁੰਨੀਆਂ ਤੇ ਪਕਾਈਆਂ , ਤੇ ਫੇਰ ਉਹ ਸੌਣ ਲਈ ਲੰਮਾ ਪੈ ਗਿਆ।
“ ਬੂਹਾ ਖੋਲ੍ਹ !" ਕਿਸੇ ਨੇ ਆਵਾਜ਼ ਦਿੱਤੀ ।
“ਠਹਿਰ ਜਾ , ਆਉਣਾ ਪਿਆਂ !" ਪੋਕਾਤੀ-ਗੋਰੋਸ਼ੇਕ ਨੇ ਜਵਾਬ ਦਿਤਾ।
ਉਹਨੇ ਬੂਹਾ ਖੋਲ੍ਹਿਆ ਤੇ ਉਹਦੇ ਸਾਹਮਣੇ ਕੱਦੋਂ ਏਡਾ ਛੋਟਾ ਇਕ ਬੁੱਢਾ ਆਦਮੀ ਖੜਾ ਸੀ , ਜਿੱਡਾ ਛੋਟਾ ਕਦੀ ਕੋਈ ਹੋਇਆ ਹੋਣਾ ਏਂ ; ਉਹਦੀ ਦਾੜ੍ਹੀ ਏਨੀ ਲੰਮੀ ਸੀ ਕਿ ਉਹਨੇ ਜ਼ਮੀਨ ਉਤੇ ਪੂਰੇ ਪੰਜ ਫੁੱਟ ਮੱਲੇ ਹੋਏ ਸਨ।
“ ਮੈਨੂੰ ਦਹਿਲੀਜ਼ ਪਾਰ ਕਰਾ !" ਛੋਟੇ ਕਦ ਵਾਲੇ ਬੁਢੜੇ ਨੇ ਕਿਹਾ।
ਪੋਕਾਤੀ-ਰੋਸ਼ੇਕ ਨੇ ਬੁਢੜੇ ਨੂੰ ਚੁੱਕ ਲਿਆ ਤੇ ਉਹਨੂੰ ਝੁਗੀ ਵਿਚ ਲੈ ਆਇਆ , ਬੁੱਢਾ ਉਹਨੂੰ ਉਡ ਉਡ ਪੈਂਦਾ ਰਿਹਾ।
“ਚਾਹੀਦਾ ਕੀ ਈ ?" ਪੋਕਾਤੀ-ਗੋਰੋਸ਼ੇਕ ਨੇ ਪੁਛਿਆ ।
“ਛੇਤੀ ਪਤਾ ਲਗ ਜਾਏਗਾ ਈ , ਮੈਨੂੰ ਕੀ ਚਾਹੀਦੈ ," ਛੋਟੇ ਕਦ ਵਾਲੇ ਬੁਢੜੇ ਨੇ ਕਿਹਾ , ਤੇ ਉਹ ਪੋਕਾਤੀ-ਗੋਰੋਸ਼ੇਕ ਦੇ ਛੱਤਿਆਂ ਵਲ ਹਥ ਵਧਾਂਦਿਆਂ , ਉਹਨਾਂ ਨੂੰ ਪਕੜਨ ਹੀ ਲਗਾ ਸੀ ਕਿ ਪੋਕਾਤੀ-ਗੋਰੋਸ਼ੇਕ ਕੜਕ ਪਿਆ :
“ਹੱਛਾ , ਏਸ ਕਿਸਮ ਦਾ ਏਂ ਤੂੰ !" ਤੇ ਉਹਨੇ ਉਹਨੂੰ ਉਹਦੀ ਦਾੜ੍ਹੀਉਂ ਫੜ ਲਿਆ !
ਫੇਰ , ਕੁਹਾੜਾ ਫੜ , ਉਹ ਛੋਟੇ ਕਦ ਵਾਲੇ ਬੁੱਢੇ ਨੂੰ ਸ਼ਾਹ ਬਲੂਤ ਦੇ ਇਕ ਦਰਖ਼ਤ ਕੋਲ ਧੂਹ ਲਿਆਇਆ , ਉਹਨੇ ਸ਼ਾਹ ਬਲੂਤ ਦੇ ਦਰਖ਼ਤ ਨੂੰ ਦੁਫਾੜ ਕੀਤਾ ਤੇ ਛੋਟੇ ਕੱਦ ਵਾਲੇ ਬੱਚੇ ਦੀ ਦਾੜ੍ਹੀ ਨੂੰ ਚੀਰ ਵਿਚ ਇਸ ਤਰਾਂ ਘਸੋੜ ਦਿਤਾ ਕਿ ਉਹ ਉਹਦੇ ਵਿਚ ਚੰਗੀ ਤਰ੍ਹਾਂ ਫਸ ਗਈ ।
"ਕਿਉਂਕਿ ਤੂੰ ਏਨਾ ਕਮੀਨਾ ਨਿਕਲਿਐਂ ਕਿ ਤੂੰ ਮੈਨੂੰ ਵਾਲਾਂ ਤੋਂ ਫੜਨ ਦੀ ਕੋਸ਼ਿਸ਼ ਕੀਤੀ," ਤਾਂ ਉਹਨੇ ਛੋਟੇ ਕਦ ਵਾਲੇ ਬੁਢੜੇ ਨੂੰ ਆਖਿਆ , “ਏਸ ਲਈ ਜਿੰਨਾ ਚਿਰ ਮੈਂ ਵਾਪਸ ਨਹੀਂ ਆਉਂਦਾ , ਤੂੰ ਏਥੇ ਈ ਬੈਠੇਂਗਾ।"
ਉਹ ਝੁੱਗੀ ਨੂੰ ਪਰਤ ਆਇਆ , ਤੇ ਓਥੇ ਉਹਦੇ ਦੋਸਤ ਸ਼ਿਕਾਰ ਤੋਂ ਵਾਪਸ ਪਹੁੰਚੇ ਹੋਏ ਸਨ ।
"ਰੋਟੀ ਤਿਆਰ ਏ ?" ਉਹਨਾਂ ਪੁਛਿਆ।
"ਆਹਖੋ , ਕਿੰਨੇ ਚਿਰ ਤੋਂ ਤਿਆਰ ਪਈ ਏ ," ਪੋਕਾਤੀ-ਗੋਰੋਸ਼ੇਕ ਨੇ ਜਵਾਬ ਦਿਤਾ।
ਉਹਨਾਂ ਰੋਟੀ ਖਾਧੀ , ਤੇ ਪੋਕਾਤੀ-ਗੋਰੋਸ਼ੇਕ ਨੇ ਆਖਿਆ : "ਮੇਰੇ ਨਾਲ ਆਓ ਤੇ ਮੈਂ ਤੁਹਾਨੂੰ ਏਡੀ ਕਮਾਲ ਦੀ ਝਾਕੀ ਵਿਖਾਨਾਂ , ਜਿੱਡੀ ਕਦੀ ਤੁਸੀਂ ਵੇਖੀ ਨਹੀਂ ਹੋਣੀ !"
ਬਲੂਤ ਉਹ ਉਹਨਾਂ ਨੂੰ ਸ਼ਾਹ ਬਲੂਤ ਦੇ ਦਰਖ਼ਤ ਵਲ ਲੈ ਗਿਆ , ਪਰ ਵੇਖੋ ! ਓਥੇ ਸ਼ਾਹ ਬਲੂਤ ਦੇ ਦਰਖ਼ਤ ਦਾ ਨਾਂ-ਨਿਸ਼ਾਨ ਹੀ ਨਹੀਂ ਸੀ , ਤੇ ਨਾ ਹੀ ਛੋਟੇ ਕੱਦ ਵਾਲੇ ਬੁਢੜੇ ਦਾ। ਇਸ ਲਈ ਕਿ ਛੋਟੇ ਕਦ ਵਾਲੇ ਬੁਢੜੇ ਨੇ ਸ਼ਾਹ ਬਲੂਤ ਨੂੰ ਜੜ੍ਹੋਂ ਪੁਟ ਲਿਆ ਹੋਇਆ ਸੀ ਤੇ ਉਹਨੂੰ ਆਪਣੇ ਨਾਲ ਹੀ ਧਰੀਕ ਲੈ ਗਿਆ ਸੀ ।
ਫੇਰ ਪੋਕਾਤੀ-ਗੋਰੋਸ਼ੇਕ ਨੇ ਆਪਣੇ ਦੋਸਤਾਂ ਨੂੰ ਸਾਰਾ ਕੁਝ ਦਸਿਆ ਜੁ ਉਹਦੇ ਨਾਲ ਹੋਇਆ ਸੀ , ਤੇ ਆਪਣੀ ਵਾਰੀ , ਉਹਨਾਂ ਨੇ ਮੰਨਿਆ ਕਿ ਬੁੱਢੇ ਨੇ ਉਹਨਾਂ ਨੂੰ ਛਤਿਆਂ ਤੋਂ ਟੰਗ ਦਿਤਾ ਸੀ , ਤੇ ਉਹਨਾਂ ਦੀਆਂ ਪਿੱਠਾਂ ਤੋਂ ਮਾਸ ਦੀਆਂ ਲੜਫ਼ਾਂ ਲਾਹੀਆਂ ਸਨ।
"ਜੇ ਏਸ ਕਿਸਮ ਦਾ ਇਹ ਉਹ," ਪੋਕਾਤੀ-ਗੋਰੋਸ਼ੇਕ ਨੇ ਆਖਿਆ , "ਤਾਂ ਸਾਨੂੰ ਚਾਹੀਦੈ , ਜਾਈਏ ਤੇ । ਲੱਭੀਏ ਉਹਨੂੰ।"
ਤੇ ਛੋਟੇ ਕਦ ਵਾਲਾ ਬੁਢੜਾ ਜ਼ਮੀਨ ਉਤੇ , ਜਿਥੇ ਉਹਨੇ ਸ਼ਾਹ ਬਲਤ ਦਾ ਦਰਖ਼ਤ ਧਰੀਕਿਆ ਸੀ , ਨਿਸ਼ਾਨ ਛਡ ਗਿਆ ਹੋਇਆ ਸੀ। ਤੇ ਚਾਰੇ ਦੋਸਤ ਉਸ ਨਿਸ਼ਾਨ ਦੇ ਨਾਲ-ਨਾਲ ਹੋ ਪਏ।
ਉਹ ਟੁਰਦੇ ਗਏ ਤੇ ਅਖ਼ੀਰ ਜ਼ਮੀਨ ਵਿਚ ਹੋਏ ਪਏ ਇਕ ਏਡੇ ਡੂੰਘੇ ਟੋਏ ਕੋਲ ਪੁੱਜੇ ਕਿ ਉਹਦੀ ਤਹਿ ਹੀ ਨਹੀਂ ਸੀ ਦਿਸਦੀ।
“ਸਵੇਰਨੀ-ਗੋਰਾ , ਉਤਰ ਖਾਂ ਮਘੋਰੇ 'ਚ" ਪੋਕਾਤੀ-ਗੋਰੋਸ਼ੇਕ ਨੇ ਕਿਹਾ।
“ਨਹੀਂ , ਮੈਂ ਨਹੀਂ ਉਤਰਨਾ !"
"ਤਾਂ , ਵੇਰਤੀ-ਦੂਬ , ਤੂੰ ਚਾ ਉਤਰ !"
ਪਰ ਨਾ ਵੇਰਤੀ-ਦੂਬ ਹੀ ਮੰਨਿਆ ਤੇ ਨਾ ਕਰੂਤੀ-ਉਸ ਹੀ।
"ਠੀਕ ਏ , ਫੇਰ ਮੈਂ ਆਪ ਉਤਰਨਾਂ," ਪੋਕਾਤੀ-ਗੋਰੋਸ਼ੇਕ ਨੇ ਕਿਹਾ। “ਆਓ , ਇਕ ਰੱਸੀ ਵਟ ਲਈਏ !"
ਉਹਨਾਂ ਇਕ ਰੱਸੀ ਵੱਟੀ ਤੇ ਪੋਕਾਤੀ-ਗੋਰਸ਼ੇਕ ਨੇ ਇਕ ਸਿਰਾ ਆਪਣੇ ਹਥ ਦੁਆਲੇ ਵਲ੍ਹੇਟ ਲਿਆ।
"ਮੈਨੂੰ ਲਮਕਾ ਦਿਓ ਹੁਣ !" ਉਹਨੇ ਆਖਿਆ।
ਉਹ ਉਹਨੂੰ ਲਮਕਾਣ ਲਗ ਪਏ , ਤੇ ਉਹਨਾਂ ਨੂੰ ਬੜਾ ਹੀ ਚਿਰ ਲੱਗਾ ਏਸ ਲਈ ਕਿ ਟੋਇਆ ਏਨਾ ਡੂੰਘਾ ਸੀ ਕਿ ਉਹਦੀ ਤਹਿ ਤੇ ਪਹੁੰਚਣਾ ਪਾਤਾਲ ਪਹੁੰਚਣ ਦੇ ਬਰਾਬਰ ਸੀ। ਪਰ ਅਖੀਰ ਉਹਨਾਂ ਉਹਨੂੰ ਟਿਕਾ ਦਿਤਾ , ਤੇ ਪੋਕਾਤੀ-ਗੋਰੋਸ਼ੇਕ ਏਧਰ-ਓਧਰ ਟੁਰਨ ਤੇ ਆਪਣੇ ਚੌਹਾਂ ਪਾਸੀਂ ਵੇਖਣ ਲਗ ਪਿਆ , ਤੇ ਅਖੀਰ ਉਹਨੂੰ ਇਕ ਬਹੁਤ ਵੱਡਾ ਮਹਿਲ ਦਿਸਿਆ। ਉਹਨੇ ਮਹਿਲ ਵਿਚ ਪੈਰ ਧਰਿਆ , ਤੇ ਓਥੋਂ ਦੀ ਹਰ ਚੀਜ਼ ਲਿਸ਼ਕਾਂ ਤੇ ਡਲ੍ਹਕਾਂ ਮਾਰ ਰਹੀ ਸੀ, ਕਿਉਂ ਜੁ ਉਹ ਸਾਰੇ ਦਾ ਸਾਰੇ ਸੋਨੇ ਤੇ ਹੀਰੇ-ਜਵਾਹਰਾਂ ਦਾ ਬਣਿਆ ਹੋਇਆ ਸੀ। ਉਹ ਕਮਰਿਉਂ ਕਮਰੀ ਹੁੰਦਾ ਗਿਆ , ਤੇ ਚਾਣਚਕ ਹੀ ਉਹਦੇ ਵਲ ਇਕ ਸ਼ਹਿਜ਼ਾਦੀ ਭੱਜੀ ਆਈ; ਉਹ ਏਨੀ ਸੁਹਣੀ ਸੀ ਕਿ ਕੋਈ ਕਲਮ ਉਹਦਾ ਬਿਆਨ ਨਹੀਂ ਕਰ ਸਕਦੀ ਤੇ ਕੋਈ ਗਲਾ ਉਹਦੀਆਂ ਸਿਫ਼ਤਾਂ ਨਾ ਗੌਂ ਸਕਦਾ।
“ਹਾਇ , ਭਲੇ ਨੌਜਵਾਨਾਂ , ਏਥੇ ਕਿਉਂ ਆਇਐਂ ?" ਸ਼ਹਿਜ਼ਾਦੀ ਨੇ ਪੁਛਿਆ ।
"ਮੈਂ ਲੰਮੀ ਸੰਘਣੀ ਦਾੜ੍ਹੀ ਵਾਲੇ ਇਕ ਨਿਕ-ਨਿੱਕੇ ਬੁਢੜੇ ਨੂੰ ਲਭ ਰਿਹਾਂ ," ਪੋਕਾਤੀ-ਗੋਰੋਸ਼ੇਕ ਨੇ ਜਵਾਬ ਦਿਤਾ।
"ਉਈ ," ਉਹ ਬੋਲੀ, “ਛੋਟੇ ਕਦ ਵਾਲਾ ਬੁਢੜਾ ਸ਼ਾਹ ਬਲੂਤ ਦੇ ਦਰਖ਼ਤ 'ਚੋਂ ਆਪਣੀ ਦਾੜੀ ਕੱਢਣ ਲਗਾ ਹੋਇਐ। ਉਹਦੇ ਵਲ ਨਾ ਜਾਈਂ , ਮਾਰ ਦਈਗਾ ! ਉਹਨੇ ਬੜੇ ਬੰਦੇ ਮਾਰੇ ਨੇ।"
“ਮੈਨੂੰ ਨਹੀਂ ਮਾਰ ਸਕਣ ਲਗਾ , ਪੋਕਾਤੀ-ਗੋਰੋਸ਼ੇਕ ਨੇ ਕਿਹਾ। “ਮੈਂ ਈ ਸਾਂ , ਜਿਨ੍ਹੇ, ਉਹਦੀ ਦਾੜ੍ਹੀ ਫਸਾਈ ਸੀ। ਪਰ ਤੂੰ ਕੌਣ ਏ ਤੇ ਏਥੇ ਕੀ ਕਰ ਰਹੀਂ ਏਂ ?"
"ਮੈਂ ਸ਼ਹਿਜ਼ਾਦੀ ਹਾਂ , ਤੇ ਇਹ ਛੋਟੇ ਕਦ ਵਾਲਾ ਬੁੱਢਾ ਮੈਨੂੰ ਮੇਰੇ ਘਰੋਂ ਚੁੱਕ ਲਿਆਇਆ ਹੋਇਐ ਤੇ ਮੈਨੂੰ ਕੈਦੀ ਬਣਾ ਕੇ ਰਖਿਆ ਹੋਇਆ ਸੂ।"
“ਡਰ ਨਾ , ਮੈਂ ਤੈਨੂੰ ਛੁਡਾ ਦਿਆਂਗਾ। ਤੇ ਮੈਨੂੰ ਹੁਣ ਉਹਦੇ ਵਲ ਲੈ ਜਾ !"
ਉਹ ਉਹਨੂੰ ਛੋਟੇ ਕੱਦ ਵਾਲੇ ਬੁੱਢੇ ਆਦਮੀ ਵਲ ਲੈ ਗਈ ਤੇ ਪੋਕਾਤੀ-ਗੋਰੋਸ਼ੇਕ ਨੇ ਵੇਖਿਆ ਤੇ ਤਕਿਆ ਕਿ ਸ਼ਹਿਜ਼ਾਦੀ ਨੇ ਸਚ ਹੀ ਕਿਹਾ ਸੀ , ਕਿਉਂ ਜੁ ਛੋਟੇ ਕੱਦ ਵਾਲਾ ਬੁਢੜਾ ਓਥੇ ਬੈਠਾ ਸੀ , ਪਰ ਓਦੋਂ ਤਕ ਉਹਨੇ ਆਪਣੀ ਦਾੜੀ ਸ਼ਾਹ ਬਲੂਤ ਦੇ ਦਰਖ਼ਤ ਵਿਚੋਂ ਕਢ ਲਈ ਹੋਈ ਸੀ । ਪੋਕਾਤੀ-ਗੋਰੋਸ਼ੇਕ ਨੂੰ ਵੇਖ ਗੁੱਸੇ ਨਾਲ ਉਹ ਚਿਲਕਿਆ :
“ਕੀ ਕਰਨ ਆਇਐਂ ? ਲੜਾਈ ਕਰਨ ਲਈ ਜਾਂ ਸੁਲਾਹ ਕਰਨ ਲਈ ?"
"ਮੈਨੂੰ ਤੇਰੇ ਨਾਲ ਸੁਲਾਹ ਨਹੀਂ ਚਾਹੀਦੀ ," ਪੋਕਾਤੀ-ਗੋਰੋਸ਼ੇਕ ਨੇ ਜਵਾਬ ਦਿਤਾ। “ਆ ਲੜਾਈ ਲੜੀਏ ।"
ਫੇਰ ਉਹਨਾਂ ਤਲਵਾਰਾਂ ਟਕਰਾਈਆਂ , ਤੇ ਡਾਢੀ ਤੁੰਦੀ ਨਾਲ ਤੇ ਕਿੰਨਾ ਹੀ ਚਿਰ ਲੜਦੇ ਗਏ , ਤੇ ਅਖੀਰ , ਪੋਕਾਤੀ-ਗੋਰੋਸ਼ੇਕਕ ਦੇ ਇਕ ਵਾਰ ਨਾਲ ਛੋਟੇ ਕੱਦ ਵਾਲਾ ਬੁਢੜਾ ਚੀਰਿਆ ਗਿਆ ਤੇ ਮਰ ਕੇ ਡਿਗ ਪਿਆ।
ਪੋਕਾਤੀ-ਗੋਰੋਸ਼ੇਕ ਤੇ ਸ਼ਹਿਜ਼ਾਦੀ ਨੇ ਸਾਰਾ ਸੋਨਾ ਤੇ ਹੀਰੇ-ਜਵਾਹਰ ਚੁਕ ਲਏ , ਤੇ ਇਸ ਖਜ਼ਾਨੇ ਨਾਲ ਤਿੰਨ ਬੋਰੀਆਂ ਭਰ , ਉਸ ਟੋਏ ਵਲ ਹੋ ਪਏ , ਜਿਥੋਂ ਪੋਕਾਤੀ-ਗੋਰੋਸ਼ੇਕ ਉਤਰਿਆ ਸੀ ।
ਉਹ ਟੋਏ ਕੋਲ ਆਏ , ਤੇ ਪੋਕਾਤੀ-ਗੋਰੋਸ਼ੇਕ ਨੇ ਉਪਰ ਆਪਣੇ ਦੋਸਤਾਂ ਨੂੰ ਆਵਾਜ਼ ਦਿਤੀ : “ਓਏ , ਮੇਰੇ ਭਰਾਵੋ , ਓਥੇ ਹੋ ?"
“ਹਾਂ ! ਉਹਦੇ ਦੋਸਤਾਂ ਨੇ ਜਵਾਬ ਵਿਚ ਆਵਾਜ਼ ਦਿੱਤੀ । ਫੇਰ ਪੋਕਾਤੀ-ਗੋਰੋਸ਼ੇਕ ਨੇ ਇਕ ਬੋਰੀ ਨੂੰ ਰੱਸੀ ਨਾਲ ਬੰਨ੍ਹ ਦਿੱਤਾ ਤੇ ਆਪਣੇ ਦੋਸਤਾਂ ਨੂੰ ਆਵਾਜ਼ ਦਿਤੀ ਕਿ ਉਪਰ ਖਿਚ ਲੈਣ।
“ਇਹ ਤੁਹਾਡੀ ਜੇ !" ਉਹਨੇ ਹਾਕ ਮਾਰੀ।
ਉਹਨਾਂ ਬੋਰੀ ਖਿਚ ਲਈ ਤੇ ਰੱਸੀ ਫੇਰ ਲਮਕਾ ਦਿਤੀ , ਤੇ ਪੋਕਾਤੀ-ਗੋਰੋਸ਼ੇਕ ਨੇ ਉਹਦੇ ਨਾਲ ਦੂਜੀ ਬੋਰੀ ਬੰਨ੍ਹ ਦਿਤੀ।
"ਇਹ ਵੀ ਤੁਹਾਡੀ ਜੇ !" ਉਹਨੇ ਫੇਰ ਹਾਕ ਮਾਰੀ।
ਤੇ ਤੀਜੀ ਬੋਰੀ ਵੀ ਉਹਨੇ ਉਹਨਾਂ ਨੂੰ ਦੇ ਦਿਤੀ । ਛੋਟੇ ਕੱਦ ਵਾਲੇ ਬੁੱਢੇ ਤੋਂ ਉਹਨੇ ਜੁ ਕੁਝ ਵੀ ਲਿਆ ਸੀ , ਉਹ ਉਹਨੇ ਉਹਨਾਂ ਨੂੰ ਦੇ ਦਿਤਾ।
ਉਸ ਪਿਛੋਂ ਉਹਨੇ ਸ਼ਹਿਜ਼ਾਦੀ ਨੂੰ ਰੱਸੀ ਨਾਲ ਬੰਨ੍ਹ ਦਿੱਤਾ।
“ਹੁਣ ਇਹ ਮੇਰੀ ਜੇ !" ਉਹਨੇ ਹਾਕ ਮਾਰੀ ।
ਤਿੰਨਾਂ ਦੋਸਤਾਂ ਨੇ ਸ਼ਹਿਜ਼ਾਦੀ ਨੂੰ ਉਪਰ ਖਿਚ ਲਿਆ, ਤੇ ਹੁਣ ਥੱਲੇ ਸਿਰਫ਼ ਪੋਕਾਤੀ-ਗੋਰਸ਼ੇਕ ਹੀ ਰਹਿ ਗਿਆ ਸੀ। ਇਸ ਤੇ ਉਹ ਸੋਚਣ ਲਗ ਪਏ।
“ਉਹਨੂੰ ਕਿਉਂ ਉਪਰ ਖਿੱਚੀਏ ?" ਉਹਨਾਂ ਆਖਿਆ। “ਜੋ ਉਹਨੂੰ ਓਥੇ ਰਹਿਣ ਦਈਏ , ਤਾਂ ਸ਼ਹਿਜ਼ਾਦੀ ਵੀ ਸਾਡੀ ਹੋ ਜਾਏਗੀ। ਚਲੋ, ਉਹਨੂੰ ਥੋੜਾ ਜਿਹਾ ਖਿਚ ਲੈਣੇ ਹਾਂ ਤੇ ਫੇਰ ਛਡ ਦੇਣੇ ਹਾਂ, ਤੇ ਉਹ ਡਿਗ ਪਏਗਾ ਤੇ ਮਰ ਜਾਏਗਾ।" . ਪੋਕਾਤੀ-ਗਰੋਸ਼ੇਕ ਨੂੰ ਸੁਝ ਗਿਆ , ਉਹ ਕੀ ਕਰਨ ਵਾਲੇ ਸਨ , ਤੇ ਉਹਨੇ , ਰੱਸੀ ਨਾਲ ਇਕ ਬਹੁਤ ਵੱਡੇ ਪੱਥਰ ਨੂੰ ਬੰਨ੍ਹਦਿਆਂ , ਹਾਕ ਮਾਰੀ : “ਹੁਣ ਮੈਨੂੰ ਖਿਚ ਲਓ !"
ਤੇ ਉਹਨਾਂ ਪੱਥਰ ਨੂੰ ਕੁਝ ਉਪਰ ਖਿਚਿਆ ਤੇ ਫੇਰ ਰੱਸੀ ਛਡ ਦਿਤੀ , ਇਸ ਤਰ੍ਹਾਂ ਕਿ ਪੱਥਰ ਘੁੰਮ ਕਰਦਾ ਹੇਠ ਆ ਪਿਆ।
"ਤੇ ਇਹੋ ਜਿਹੇ ਨੇ ਮੇਰੇ ਦੋਸਤ !"
ਪੋਕਾਤੀ-ਗੋਰਸ਼ੇਕ ਨੇ ਦਿਲ ਵਿਚ ਸੋਚਿਆ , ਤੇ ਉਹ ਟੋਏ ਦੀ ਤਹਿ ਵਾਲੀ ਦੁਨੀਆਂ ਵਿਚ ਘੁੰਮਣ ਲਈ ਨਿਕਲ ਪਿਆ। ਉਹ ਟੁਰਦਾ ਗਿਆ , ਟੁਰਦਾ ਗਿਆ ਤੇ ਵੇਖੋ ਹੋਇਆ ਕੀ ! ਅਸਮਾਨ ਉਤੇ ਝੱਖੜ ਵਾਲੇ ਬੱਦਲ ਛਾ ਗਏ ਤੇ ਮੀਂਹ ਵੱਸਣ ਲਗ ਪਿਆ , ਤੇ ਗੜਾ ਵੀ ਪੈਣ ਲਗ ਪਿਆ। ਪੋਕਾਤੀ-ਗੋਰਸ਼ੇਕ ਸ਼ਾਹ ਬਲੂਤ ਦੇ ਇਕ ਦਰਖ਼ਤ ਥੱਲੇ ਲੁਕ ਗਿਆ , ਤੇ ਅੱਚਣਚੇਤੀ ਹੀ ਉਹਨੂੰ ਦਰਖ਼ਤ ਦੀ ਟੀਸੀ ਤੋਂ ਆਲ੍ਹਣੇ ਵਿਚੋਂ ਉਕਾਬ ਦੇ ਬਚਿਆਂ ਦੀ ਚੀਂ-ਚੀਂ ਸੁਣੀਤੀ। ਤੇ ਫੇਰ ਉਹ ਸ਼ਾਹ ਬਲੂਤ ਦੇ ਦਰਖ਼ਤ 'ਤੇ ਚੜ੍ਹ ਗਿਆ ਤੇ ਉਹਨੇ ਉਕਾਬ ਦੇ ਬਚਿਆਂ ਨੂੰ ਆਪਣੇ ਗਰਮ ਕੋਟ ਨਾਲ ਢਕ ਦਿਤਾ। ਓਦੋਂ ਤਕ ਮੀਂਹ ਦੇ ਪਰਨਾਲੇ ਛੁਟ ਪਏ ਹੋਏ ਸਨ , ਤੇ ਇਕ ਬਹੁਤ ਵੱਡਾ ਉਕਾਬ ਉਡਦਾ ਆਇਆ , ਉਹ ਜਿਹਦੇ ਆਲ੍ਹਣੇ ਵਿਚ ਬੱਚੇ ਸਨ। ਉਹਨੇ ਵੇਖਿਆ , ਬੱਚੇ ਢਕੇ ਹੋਏ ਸਨ ਤੇ ਉਹਨੇ ਪੁਛਿਆ : “ ਬਚੜਿਓ , ਕਿੰਨੇ ਢਕਿਐ ਤੁਹਾਨੂੰ ?"
ਤੇ ਉਕਾਬ ਦੇ ਬਚਿਆਂ ਨੇ ਜਵਾਬ ਦਿਤਾ : "ਤੈਨੂੰ ਤਾਂ ਦੱਸੀਏ , ਜੇ ਤੂੰ ਉਹਨੂੰ ਖਾ ਨਾ ਜਾਏਂ।"
"ਉਕਾ ਨਾ ਡਰੋ , ਮੈਂ ਨਹੀਂ ਖਾਵਾਂਗਾ।"
“ਚੰਗਾ , ਉਹ ਦਰਖ਼ਤ ਥੱਲੇ ਬੈਠਾ ਆਦਮੀ ਦਿਸਦਾ ਈ ? ਇਹ ਸੀ , ਜਿਨੇ ਢਕਿਆ ਸੀ।"
ਤੇ ਉਕਾਬ ਉਡ ਹੇਠਾਂ ਪੋਕਾਤੀ-ਗੋਰਸ਼ੇਕ ਕੋਲ ਆ ਗਿਆ। “ਜੁ ਚਾਹੇਂ , ਮੈਨੂੰ ਆਖ ਕਰਨ ਲਈ, ਤੇ ਮੈਂ ਕਰਾਂਗਾ ," ਉਹਨੇ ਕਿਹਾ। “ਇਹ ਪਹਿਲੀ ਵੇਰ ਏ ਜਦੋਂ ਮੇਰਾ ਕੋਈ ਬੱਚਾ , ਮੇਰੇ ਕੋਲ ਨਾ ਹੋਣ ਵੇਲੇ , ਏਡੇ ਮੀਂਹ 'ਚ ਡੁਬਿਆ ਨਾ ਹੋਵੇ ।"
“ਮੈਨੂੰ ਏਥੋਂ ਬਾਹਰ ਮੇਰੀ ਆਪਣੀ ਦੁਨੀਆਂ 'ਚ ਲੈ ਜਾ , ਪੋਕਾਤੀ-ਗੋਰਸ਼ੇਕ ਨੇ ਆਖਿਆ ।
"ਇਹ ਮੈਨੂੰ ਤੂੰ ਕੋਈ ਸੌਖਾ ਕੰਮ ਨਹੀਉਂ ਪਾਇਆ ," ਉਕਾਬ ਨੇ ਜਵਾਬ ਦਿਤਾ । “ਪਰ ਚਾਰਾ ਕੋਈ ਨਹੀਂ । ਜੋ ਤੂੰ ਆਖਿਐ , ਮੈਂ ਵਾਹ ਲਾਵਾਂਗਾ ਕਰਨ ਦੀ। ਅਸੀਂ ਆਪਣੇ ਨਾਲ ਛੇ ਪੀਪੀਆਂ ਮਾਸ ਦੀਆਂ ਤੇ। ਛੇ ਪੀਪੀਆਂ ਪਾਣੀ ਦੀਆਂ ਲੈ ਜਾਵਾਂਗੇ । ਜਦੋਂ ਵੀ ਮੈਂ ਸਿਰ ਸੱਜੇ ਪਾਸੇ ਮੋੜਾਂ , ਤੂੰ ਮੇਰੇ ਮੂੰਹ 'ਚ ਮਾਸ ਦੀ ਬੋਟੀ ਪਾਣੀ ਹੋਵੇਗੀ , ਤੇ ਜਦੋਂ ਵੀ ਮੈਂ ਮੂੰਹ ਖੱਬੇ ਪਾਸੇ ਮੋੜਾਂ , ਤਾਂ ਤੂੰ ਮੈਨੂੰ ਘੁਟ ਪਾਣੀ ਦਾ ਪਿਆਣਾ ਹੋਵੇਗਾ ! ਜੇ, ਜਿਵੇਂ ਮੈਂ ਕਹਿ ਰਿਹਾਂ , ਤੂੰ ਨਾ ਕੀਤਾ , ਮੈਂ ਓਥੇ ਕਦੀ ਵੀ ਨਹੀਂ ਪਹੁੰਚ ਸਕਾਂਗਾ, ਤੇ ਰਾਹ 'ਚ ਹੇਠਾਂ ਭੁੰਜੇ ਜਾ ਪਾਂਗਾ।"
ਉਹਨੇ ਛੇ ਪੀਪੀਆਂ ਮਾਸ ਦੀਆਂ ਤੇ ਛੇ ਪੀਪੀਆਂ ਪਾਣੀ ਦੀਆਂ ਲੈ ਲਈਆਂ , ਪੋਕਾਤੀ-ਗੋਰਸ਼ੇਕ ਉਕਾਬ ਦੀ ਪਿਠ ਉਤੇ ਚੜ੍ਹ ਬੈਠਾ ਤੇ ਉਹ ਉਡੇ ਪਏ ! ਉਹ ਉਡਦੇ ਗਏ , ਉਡਦੇ ਗਏ , ਤੇ ਜਦੋਂ ਵੀ ਉਕਾਬ ਸਿਰ ਸੱਜੇ ਪਾਸੇ ਮੋੜਦਾ , ਪੋਕਾਤੀ-ਗੋਰਸ਼ੇਕ ਉਹਦੇ ਮੂੰਹ ਵਿਚ ਕੁਝ ਮਾਸ ਪਾ ਦੇਂਦਾ , ਤੇ ਜਦੋਂ ਵੀ ਉਹ ਸਿਰ ਖੱਬ ਪਾਸੇ ਮੋੜਦਾ , ਉਹ ਉਹਨੂੰ ਘੁਟ ਪਾਣੀ ਦਾ ਪਿਆ ਦੇਂਦਾ।
ਕਿੰਨਾ ਹੀ ਚਿਰ ਲੰਘ ਗਿਆ ਤੇ ਉਹ ਅਜੇ ਵੀ ਉਡਦੇ ਜਾ ਰਹੇ ਸਨ , ਪਰ ਹੁਣ ਮਨੁਖਾਂ ਦੀ ਦੁਨੀਆ ਵਿਚ ਪਹੁੰਚਣ ਲਈ ਵਾਟ ਥੋੜੀ ਜਿਹੀ ਰਹਿ ਗਈ ਸੀ। ਉਕਾਬ ਨੇ ਮਾਸ ਲਈ ਸਿਰ ਸੱਜੇ ਪਾਸੇ ਮੋੜਿਆ , ਪਰ ਕੋਈ ਵੀ ਬੋਟੀ ਬਾਕੀ ਨਹੀਂ ਸੀ ਬਚੀ ਹੋਈ । ਤਾਂ ਪੋਕਾਤੀ-ਗੋਰਸ਼ੇਕ ਨੇ ਆਪਣੀ ਲਤ ਦਾ ਇਕ ਡਕਰਾ ਲਾਹਿਆ ਤੇ ਉਕਾਬ ਦੇ ਮੂੰਹ ਵਿਚ ਸੁਟ ਦਿਤਾ। ਉਹ ਫੇਰ ਉਪਰ ਉਡ ਪਏ , ਤੇ ਉਕਾਬ ਨੇ ਪੁਛਿਆ :
“ਇਹ ਮੈਨੂੰ ਖਾਣ ਲਈ ਕੀ ਦਿਤਾ ਈ ? ਬੜਾ ਸੁਆਦੀ ਏ।"
"ਆਪਣੇ ਮਾਸ ਦੀ ਬੋਟੀ ," ਲਤ ਵਲ ਸੈਣਿਤ ਕਰਦਿਆਂ , ਪੋਕਾਤੀ-ਗੋਰਸ਼ੇਕ ਨੇ ਜਵਾਬ ਦਿੱਤਾ।
ਫੇਰ ਉਕਾਬ ਨੇ ਬੋਟੀ ਕਢ ਦਿਤੀ ਤੇ ਇਕ ਪਾਸੇ ਉਡਿਆ ਤੇ ਜਾਦੂ ਦਾ ਪਾਣੀ ਲੈ ਆਇਆ ! ਤੇ ਜਿਵੇਂ ਹੀ ਉਹਨਾਂ ਕੱਢੀ ਹੋਈ ਬੋਟੀ ਨੂੰ ਪੋਕਾਤੀ-ਗੋਰਸ਼ੇਕ ਦੇ ਫਟ ਉਤੇ ਰਖਿਆ , ਤੇ ਉਹਦੇ ਉਤੇ ਕੁਝ ਪਾਣੀ ਛਿੜਕਿਆ , ਤਿਵੇਂ ਹੀ , ਵੇਖਦਿਆਂ ਵੇਖਦਿਆਂ , ਲਤ ਫੇਰ ਸਬੂਤ ਦੀ ਸਬੂਤ ਹੋ ਗਈ।
ਇਸ ਪਿਛੋਂ ਉਕਾਬ ਵਾਪਸ ਘਰ ਵਲ ਨੂੰ ਉਡ ਗਿਆ , ਤੇ ਪੋਕਾਤੀ-ਗੋਰਸ਼ੇਕ ਆਪਣੇ ਤਿੰਨਾਂ ਦੋਸਤਾਂ ਦੀ ਭਾਲ ਵਿਚ ਨਿਕਲ ਪਿਆ।
ਪਰ ਤਿੰਨੇ ਦੋਸਤ ਸ਼ਹਿਜ਼ਾਦੀ ਦੇ ਪਿਓ ਦੇ ਮਹਿਲੀਂ ਪੁੱਜੇ ਹੋਏ ਸਨ ਤੇ ਹੁਣ ਉਥੇ ਰਹਿ ਰਹੇ ਸਨ ਤੇ ਆਪੋ ਵਿਚ ਝਗੜ ਰਹੇ ਸਨ , ਇਸ ਲਈ ਕਿ ਹਰ ਕੋਈ ਚਾਹੁੰਦਾ ਸੀ , ਸ਼ਹਿਜ਼ਾਦੀ ਨਾਲ ਵਿਆਹ ਕਰਾਏ , ਤੇ ਉਹਨੂੰ ਦੂਜੇ ਲਈ ਛਡਣਾ ਨਹੀਂ ਸੀ ਚਾਹੁੰਦਾ।
ਪੋਕਾਤੀ-ਗੋਰੋਸ਼ੇਕ ਨੇ ਉਹਨਾਂ ਨੂੰ ਮਹਿਲੀਂ ਜਾ ਲਭਿਆ , ਤੇ ਉਹਨੂੰ ਵੇਖ ਉਹਨਾਂ ਦਾ ਤਰਾਹ ਨਿਕਲ ਗਿਆ , ਇਸ ਲਈ ਕਿ ਉਹ ਸੋਚ ਸਕਦੇ ਸਨ ਕਿ ਪੋਕਾਤੀ-ਗੋਰਸ਼ੇਕ ਉਹਨਾਂ ਨੂੰ ਮਾਰ ਦੇਵੇਗਾ ।
ਪੋਕਾਤੀ-ਗੋਰਸ਼ੇਕ ਨੇ ਆਖਿਆ : "ਮੇਰੇ ਨਾਲ ਤਾਂ ਮੇਰੇ ਆਪਣੇ ਭਰਾਵਾਂ ਨੇ ਧਰੋਹ ਕਮਾਇਆ ਸੀ , ਏਸ ਲਈ ਮੈਂ ਤੁਹਾਡੇ ਤੋਂ ਕੀ ਆਸ ਰਖ ਸਕਨਾਂ ! ਮੈਂ ਤੁਹਾਨੂੰ ਬਖ਼ਸ਼ ਈ ਸਕਨਾਂ।"
ਤੇ ਉਹਨੇ ਬਖ਼ਸ਼ ਉਹਨਾਂ ਨੂੰ ਦਿਤਾ , ਤੇ ਆਪ ਸ਼ਹਿਜ਼ਾਦੀ ਨਾਲ ਵਿਆਹ ਕਰਾ ਲਿਆ , ਤੇ ਓਦੋਂ ਤੋਂ ਉਹਦੇ ਨਾਲ ਪਿਆਰ ਤੇ ਖੁਸ਼ੀ ਸਹਿਤ ਰਹਿ ਰਿਹਾ ਏ।