Pinjre Ch Pali Hoi Gull (Story in Punjabi) : Mazhar ul Islam
ਪਿੰਜਰੇ 'ਚ ਪਾਲੀ ਹੋਈ ਗੱਲ (ਕਹਾਣੀ) : ਮਜ਼ਹਰ ਉਲ ਇਸਲਾਮ
ਉਹ ਹੁਣ ਬੁੱਢਾ ਹੋ ਗਿਆ ਹੈ ਤੇ ਆਪਣੀ ਬੰਦੂਕ ਵੇਚਣੀ ਚਾਹੁੰਦਾ ਹੈ...ਬੰਦੂਕ ਦੀ ਜ਼ਿਆਦਾ ਕੀਮਤ ਵੀ ਨਹੀਂ ਮੰਗਦਾ, ਪਰ ਚਾਹੁੰਦਾ ਹੈ ਕਿ ਆਪਣੀ ਬੰਦੂਕ ਕਿਸੇ ਅਜਿਹੇ ਆਦਮੀ ਨੂੰ ਵੇਚੇ ਜਿਹੜਾ ਇਸ ਨਾਲ ਓਨੀ ਹੀ ਮੁਹੱਬਤ ਕਰੇ ਜਿੰਨੀ ਕਿ ਉਹ ਆਪ ਕਰਦਾ ਹੈ। ਪਿਛਲੀ ਜੁਮੇਂਰਾਤ ਨੂੰ ਜਦ ਉਹ ਪੂਰੇ 80 ਵਰ੍ਹਿਆਂ ਦਾ ਹੋ ਗਿਆ ਤਾਂ ਉਸਦੀ ਬੇਚੈਨੀ ਵਿਚ ਵਾਧਾ ਹੋਣ ਲੱਗ ਪਿਆ ਉਸਦੀ ਮਲਕੀਅਤ ਵਿਚ ਸਭ ਤੋਂ ਵੱਧ ਕੀਮਤੀ ਚੀਜ਼ ਬੰਦੂਕ ਹੀ ਹੈ; ਜਿਸਨੂੰ ਛੇਤੀ ਤੋਂ ਛੇਤੀ ਵੇਚ ਦੇਣਾ ਚਾਹੁੰਦਾ ਹੈ ਉਹ। ਬੰਦੂਕ ਦੀ ਚਿੰਤਾ ਉਸਨੂੰ ਅੰਦਰੇ-ਅੰਦਰ ਖਾਈ ਜਾ ਰਹੀ ਹੈ...ਤੇ ਉਸਦੀ ਹਾਲਤ ਉਸ ਬੁੱਢੇ ਵਰਗੀ ਹੋ ਗਈ ਹੈ ਜਿਸਦੀ ਮੁਟਿਆਰ ਕੁਆਰੀ ਧੀ ਘਰ ਬੈਠੀ ਹੋਵੇ ਤੇ ਕੋਈ ਯੋਗ ਵਰ ਲੱਭ ਹੀ ਨਾ ਰਿਹਾ ਹੋਵੇ। ਉਹ ਆਪਣੀ ਬੰਦੂਕ ਨੂੰ ਮੁਫ਼ਤ ਵਿਚ ਨਹੀਂ ਦੇਣਾ ਚਾਹੁੰਦਾ ਤੇ ਕਿਸੇ ਮੋਟੀ ਰਕਮ ਦੀ ਮੰਗ ਵੀ ਨਹੀਂ ਕਰ ਰਿਹਾ...ਬਸ, ਕਿਸੇ ਅਜਿਹੇ ਆਦਮੀ ਦੀ ਭਾਲ ਵਿਚ ਹੈ ਜਿਹੜਾ ਇਸ ਬੰਦੂਕ ਨਾਲ ਮੁਹੱਬਤ ਕਰਨ ਦੇ ਨਾਲ ਨਾਲ ਇਸ ਦੀ ਹਿਫਾਜ਼ਤ ਵੀ ਕਰ ਸਕਦਾ ਹੋਵੇ।
ਕਈ ਲੋਕ ਬੁੱਢੇ ਕੋਲ ਆਏ ਪਰ ਬੰਦੂਕ ਦਾ ਸੌਦਾ ਨਹੀਂ ਹੋ ਸਕਿਆ ਕਿਉਂਕਿ ਆਪਣੀ ਬੰਦੂਕ ਦੇ ਨਵੇਂ ਮਾਲਿਕ ਦੋ ਰੂਪ ਵਿਚ ਕੋਈ ਵੀ ਬੁੱਢੇ ਨੂੰ ਪਸੰਦ ਨਹੀਂ ਆਇਆ...ਉਸ ਹਰੇਕ ਵਿਚ ਕੋਈ ਨਾ ਕੋਈ ਖੋਟ ਕੱਢ ਦਿੱਤੀ।
ਉਸ ਦਿਨ ਜਿਹੜਾ ਆਦਮੀ ਬੰਦੂਕ ਖਰੀਦਣ ਆਇਆ, ਉਸਦੀ ਉਮਰ ਲਗਭਗ ਪੰਜਾਹ ਸਾਲ ਦੀ ਸੀ। ਬੁੱਢੇ ਨੇ ਉਸਨੂੰ ਵੇਚਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿ ਉਸ ਦੇ ਖ਼ਿਆਲ ਵਿਚ ਜਿਹੜਾ ਆਦਮੀ ਪੰਜਾਹਾਂ ਦਾ ਹੋ ਚੁੱਕਿਆ ਹੈ, ਉਹ ਲੰਮੇ ਸਮੇਂ ਤਕ ਬੰਦੂਕ ਦਾ ਸਾਥ ਨਹੀਂ ਦੇ ਸਕਦਾ ਤੇ ਬੰਦੂਕ ਵਾਸਤੇ ਲੰਮੀ ਉਮਰ ਦਾ ਆਦਮੀ ਚਾਹੀਦਾ ਸੀ।
ਫੇਰ ਇਕ ਕਦਾਵਰ, ਖ਼ੂਬਸੂਰਤ ਤੇ ਸਿਹਤਮੰਦ ਨੌਜਵਾਨ ਬੰਦੂਕ ਖਰੀਦਣ ਲਈ ਆਇਆ ਤਾਂ ਬੁੱਢੇ ਨੇ ਉਸਨੂੰ ਪੁੱਛਿਆ, ''ਤੂੰ ਬੰਦੂਕ ਕਿਉਂ ਖਰੀਦਣੀ ਚਾਹੁੰਦਾ ਏਂ ਬਈ?''
''ਹਿਫਾਜ਼ਤ ਲਈ...'' ਨੌਜਵਾਨ ਨੇ ਬੁੱਢੇ ਦੀਆਂ ਅੱਖਾਂ ਵਿਚ ਅੱਖਾਂ ਪਾਉਣ ਦੀ ਕੋਸ਼ਿਸ਼ ਕਰਦਿਆਂ ਹੋਇਆਂ ਕਿਹਾ।
'ਕੀਹਦੀ ਹਿਫਾਜ਼ਤ ਲਈ? ਆਪਣੀ, ਆਪਣੇ ਮਾਲ ਦੀ ਜਾਂ...?'' ਏਨਾ ਕਹਿ ਕੇ ਬੁੱਢਾ ਚੁੱਪ ਹੋ ਗਿਆ, ਜਿਵੇਂ ਅੱਗੇ ਨੌਜਵਾਨ ਆਪ ਹੀ ਸਮਝ ਗਿਆ ਹੋਵੇ।
''ਆਪਣੀ, ਆਪਣੇ ਮਾਲ ਦੀ ਤੇ ਹਰੇਕ ਉਸ ਚੀਜ਼ ਦੀ...'' ਨੌਜਵਾਨ ਨੇ ਵੀ ਗੱਲ ਅਧੂਰੀ ਹੀ ਛੱਡ ਦਿੱਤੀ ਜਿਵੇਂ ਅਗਲੀ ਗੱਲ ਆਪੇ ਹੀ ਬੁੱਢੇ ਨੂੰ ਸਮਝ ਆ ਜਾਏਗੀ।
''ਪਰ ਬੰਦੂਕ ਦੀ ਹਿਫਾਜ਼ਤ ਕੌਣ ਕਰੇਗਾ?'' ਬੁੱਢੇ ਨੇ ਪੁੱਛਿਆ।
ਤੇ ਫੇਰ ਉਸਦੀ ਗੱਲ ਲੰਮੀ ਹੁੰਦੀ ਗਈ...:
'ਪੁੱਤਰ ਬੰਦੂਕ ਸਿਰਫ ਉਹਨਾਂ ਦੀ ਹਿਫਾਜ਼ਤ ਕਰਦੀ ਏ, ਜਿਹੜੇ ਇਸ ਦੀ ਹਿਫਾਜ਼ਤ ਕਰਨੀ ਜਾਣਦੇ ਹੋਣ। ਅਸਲਾ ਹਰੇਕ ਬੰਦੇ ਦੇ ਹੱਥ ਵਿਚ ਕਾਰਆਮਦ ਸਿੱਧ ਨਹੀਂ ਹੁੰਦਾ। ਬੰਦੂਕ ਇਕ ਤਾਕਤ ਏ ਤੇ ਇਸਦੇ ਲਈ ਬੇਪਨਾਹ ਤਾਕਤਵਰ ਆਦਮੀ ਦੀ ਲੋੜ ਹੁੰਦੀ ਏ,'' ਫੇਰ ਉਸਨੇ ਉਹ ਗੱਲ ਕਹੀ ਜਿਹੜੀ ਪਹਿਲਾਂ ਵੀ ਕਈ ਲੋਕਾਂ ਨੂੰ ਕਹੀ ਸੀ—''ਦੇਖ ਪੁੱਤਰ! ਇਹ ਬੰਦੂਕ ਮੈਂ ਵੀਹ ਸਾਲ ਦੀ ਉਮਰ ਵਿਚ ਸ਼ਿਕਾਰ ਖੇਡਣ ਲਈ ਖ਼ਰੀਦੀ ਸੀ ਪਰ ਪਿੱਛੋਂ ਲਾਇਸੰਸ ਵਿਚ 'ਆਪਣੀ ਹਿਫਾਜ਼ਤ ਲਈ ਹੈ' ਵੀ ਦਰਜ਼ ਕਰਵਾਉਣਾ ਪਿਆ। ਪਿੱਛਲੇ ਸੱਠਾਂ ਸਾਲਾਂ ਤੋਂ ਇਹ ਮੇਰੀ ਸਾਥਣ ਤੇ ਗ਼ਮਖ਼ਾਰ ਰਹੀ ਹੈ। ਤੂੰ ਨੌਜਵਾਨ ਜ਼ਰੂਰ ਏਂ, ਪਰ ਬੰਦੂਕ ਰੱਖਣ ਲਈ ਇਸ ਤੋਂ ਬਿਨਾਂ ਵੀ ਕਈ ਕੁਝ ਚਾਹੀਦਾ ਹੁੰਦੈ...।''
ਕੁਝ ਦਿਨਾਂ ਪਿੱਛੋਂ ਇਕ ਹੋਰ ਨੌਜਵਾਨ ਬੁੱਢੇ ਦੀ ਬੰਦੂਕ ਖਰੀਦਣ ਆਇਆ ਤਾਂ ਉਸਨੇ ਕਿਹਾ, ''ਮੈਨੂੰ ਪਤਾ ਏ ਕਿ ਤੈਨੂੰ ਬੰਦੂਕ ਰੱਖਣ ਦਾ ਬੜਾ ਸ਼ੌਕ ਹੈ—ਪਰ ਪੁੱਤਰ, ਸ਼ੌਕ ਖਾਤਰ ਖਰੀਦੀ ਹੋਈ ਬੰਦੂਕ ਦਾ ਨਿਸ਼ਾਨਾ ਠੀਕ ਨਹੀਂ ਬੈਠਦਾ ਹੁੰਦਾ, ਜਿੰਨੇ ਪੈਸੇ ਤੂੰ ਇਸ ਬੰਦੂਕ ਉੱਤੇ ਖਰਚ ਕਰਨਾ ਚਾਹੁੰਦਾ ਏਂ, ਓਨਿਆਂ ਦਾ ਸੂਟ ਬਣਵਾ ਲੈ। ਸੂਟ ਪਾਵੇਂਗਾ ਤਾਂ ਤੇਰੀ ਖ਼ੂਬਸੂਰਤੀ ਹੋਰ ਵੀ ਵਧ ਜਾਏਗੀ ਤੇ ਤੇਰੇ ਕੀਮਤੀ ਕੱਪੜੇ ਵੇਖ ਕੇ ਸਮਾਜ ਆਪ ਹੀ ਤੇਰੀ ਹਿਫਾਜ਼ਤ ਕਰੇਗਾ।''
ਫੇਰ ਇਕ ਹੋਰ ਆਦਮੀ ਬੁੱਢੇ ਤੋਂ ਬੰਦੂਕ ਖਰੀਦਣ ਆਇਆ, ਜਿਸ ਕੋਲ ਪਹਿਲਾਂ ਵੀ ਇਕ ਬੰਦੂਕ ਸੀ। ਉਹ ਮੰਨਿਆਂ ਹੋਇਆ ਸ਼ਿਕਾਰੀ ਸੀ ਤੇ ਉਸਦਾ ਨਿਸ਼ਾਨਾਂ ਵੀ ਖਾਸਾ ਪੱਕਾ ਸੀ ਪਰ ਬੁੱਢੇ ਨੇ ਉਸਨੂੰ ਇਹ ਕਹਿ ਕੇ ਬੰਦੂਕ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਦੋ ਬੰਦੂਕਾਂ ਰੱਖਣ ਵਾਲੇ ਦੀ ਇਕ ਬੰਦੂਕ ਹਮੇਸ਼ਾ ਦੁਸ਼ਮਣ ਦੇ ਕੰਮ ਆਉਂਦੀ ਹੈ। ਬੁੱਢੇ ਦੀ ਗੱਲ ਸੁਣ ਕੇ ਉਸ ਆਦਮੀ ਨੇ ਦੱਸਿਆ ਕਿ 'ਪਹਿਲੀ ਬੰਦੂਕ ਬਾਰਾਂ ਬੋਰ ਦੀ ਹੈ, ਬਹੁਤੀ ਦੂਰ ਤਕ ਮਾਰ ਵੀ ਨਹੀਂ ਕਰਦੀ...ਤੇ ਕਿਉਂਕਿ ਬੁੱਢੇ ਦੀ ਬੰਦੂਕ ਸੈਵਨ ਐਮ. ਐਮ. ਦੀ ਹੈ ਤੇ ਖਾਸੀ ਦੂਰ ਤਕ ਮਾਰ ਵੀ ਕਰਦੀ ਹੈ। ਉਸਦੀ ਗੋਲੀ ਵੀ ਪੱਕੀ ਹੁੰਦੀ ਹੈ, ਇਸ ਲਈ ਇਸ ਕਿਸਮ ਦੀ ਬੰਦੂਕ ਦੀ ਮੈਨੂੰ ਸਖ਼ਤ ਲੋੜ ਹੈ।' ਉਸਦੀ ਗੱਲ ਸੁਣ ਕੇ ਬੁੱਢੇ ਦੇ ਸਾਹਾਂ ਦੀ ਗਤੀ ਤੇਜ਼ ਹੋਣ ਲੱਗੀ। ਉਹ ਕੁਝ ਕਹਿ ਵੀ ਰਿਹਾ ਸੀ ਤੇ ਬੰਦੂਕ ਲੈਣ ਦੀ ਗਰਜ ਨਾਲ ਆਇਆ ਆਦਮੀ ਤੇ ਉਸਦੇ ਨਾਲ ਵਾਲਾ ਆਦਮੀ ਬੁੱਢੇ ਦੇ ਮੂੰਹ ਵੱਲ ਦੇਖਣ ਲੱਗੇ। ਬੁੜਬੁੜ ਕਰਦਾ ਹੋਇਆ ਬੁੱਢਾ ਬਿੰਦ ਦਾ ਬਿੰਦ ਚੁੱਪ ਹੋ ਜਾਂਦਾ ਤੇ ਫੇਰ ਕਾਹਲੀ-ਕਾਹਲੀ ਬੁੜਬੁੜ ਕਰਨ ਲੱਗ ਪੈਂਦਾ...ਇੰਜ ਲੱਗਦਾ ਸੀ ਜਿਵੇਂ ਕੋਈ ਖਾਲੀ ਬੰਦੂਕ ਦੇ ਘੋੜੇ ਨੂੰ ਵਾਰੀ-ਵਾਰੀ ਨੱਪ ਰਿਹਾ ਹੋਵੇ। ਬੁੱਢੇ ਦੀਆਂ ਗੱਲਾਂ ਵਿਚੋਂ ਤਾਜ਼ੇ ਚੱਲੇ ਕਾਰਤੂਸ ਵਰਗੀ ਗੰਧ ਆਉਣ ਲੱਗ ਪਈ ਸੀ।
ਉਹ ਬੰਦੂਕ ਖਰੀਦਣ ਆਏ ਆਦਮੀਆਂ ਨੂੰ ਕਹਿ ਰਿਹਾ ਸੀ, ''ਦੂਰ ਤਕ ਮਾਰ ਕਰਨ ਵਾਲੀ ਬੰਦੂਕ ਨੂੰ ਹਰੇਕ ਨਹੀਂ ਚਲਾ ਸਕਦਾ। ਤੂੰ ਬਾਰਾਂ ਬੋਰ ਦੀ ਕੱਚੀਆਂ ਗੋਲੀਆਂ, ਮੇਰਾ ਭਾਵ ਏ, ਕਾਰਤੂਸਾਂ ਵਾਲੀ ਬੰਦੂਕ ਚਲਾਉਣ ਦਾ ਆਦੀ ਏਂ...ਇਸ ਲਈ ਸ਼ਾਇਦ ਤੈਨੂੰ ਇਲਮ ਨਹੀਂ ਕਿ ਇਹ ਦੂਰ ਤਕ ਮਾਰ ਕਰਨ ਵਾਲੇ ਹੱਥਾਂ ਵਿਚ ਹੀ ਠੀਕ ਰਹਿੰਦੀ ਏ। ਪਰ ਮੈਂ ਸਿਫਾਰਸ਼ੀ ਹੱਥਾਂ ਦੀ ਗੱਲ ਨਹੀਂ ਕਰਦਾ ਪਿਆ, ਉਹਨਾਂ ਦੀ ਗੱਲ ਕਰ ਰਿਹਾਂ ਜਿਹਨਾਂ ਦੀ ਦਿੱਖ ਜਵਾਨ ਪਰ ਤਜ਼ਰਬਾ ਬੁੱਢਾ ਹੁੰਦਾ ਏ।'' ਇਹ ਕਹਿ ਕੇ ਬੁੱਢਾ ਚੁੱਪ ਹੋ ਗਿਆ। ਸਾਰਿਆਂ ਨੇ ਉਸਦੇ ਮੂੰਹ ਵੱਲ ਦੇਖਿਆ, ਜਿਹੜਾ ਬਿਲਕੁਲ ਕਿਸੇ ਭਰੀ ਹੋਈ ਬੰਦੂਕ ਜਿਹਾ ਹੀ ਲੱਗ ਰਿਹਾ ਸੀ। ਨੱਕ ਘੋੜੇ ਵਾਂਗ ਤਣਿਆ ਹੋਇਆ ਸੀ ਤੇ ਅੱਖਾਂ ਕਿਸੇ ਦੁਨਾਲੀ ਵਾਂਗ ਨਿਸ਼ਾਨਾ ਸਿੰਨ੍ਹੀ ਖੜ੍ਹੀਆਂ ਸਨ। ਯਕਦਮ ਬੁੱਢਾ ਫੇਰ ਬੋਲਿਆ ਤਾਂ ਇੰਜ ਲੱਗਿਆ ਜਿਵੇਂ ਕਿਸੇ ਨੇ ਬੰਦੂਕ ਵਿਚ ਗੋਲੀ ਪਾ ਕੇ ਉਸਨੂੰ ਤਾਣ ਲਿਆ ਹੋਵੇ। ਉਹ ਕਹਿ ਰਿਹਾ ਸੀ, ''ਮੈਂ ਆਪਣੀ ਇਹ ਬੰਦੂਕ ਤੁਹਾਨੂੰ ਕਿੰਜ ਦੇ ਦਿਆਂ, ਜਿਹਨਾਂ ਦੇ ਮੂੰਹ ਨੂੰ ਖ਼ੂਨ ਲੱਗਿਆ ਹੋਇਆ ਏ? ਇਹ ਉਹ ਬੰਦੂਕ ਨਹੀਂ ਜਿਹੜੀ ਜਾਲਮ ਦੇ ਹੱਥ ਵਿਚ ਖੇਡਦੀ ਏ...ਇਹ ਮੇਰੀ ਬੰਦੂਕ ਏ, ਇਸਦੇ ਦਸਤੇ ਨਾਲ ਸ਼ੇਰ ਦੀ ਦਹਾੜ ਵੱਝੀ ਹੋਈ ਏ—ਉਸ ਸ਼ੇਰ ਦੀ ਦਹਾੜ ਨਹੀਂ ਜਿਹੜਾ ਜੰਗਲ ਦਾ ਬਾਦਸ਼ਾਹ ਕਹਾਉਂਦਾ ਏ, ਬਲਕਿ ਉਸ ਸ਼ੇਰ ਦੀ ਦਹਾੜ ਜਿਹੜਾ ਛੋਟੇ ਜਾਨਵਰਾਂ ਨਾਲ ਰਲ ਕੇ ਇਕੋ ਘਾਟ ਪਾਣੀ ਪੀ ਲੈਂਦਾ ਏ ਤੇ ਉਹਨਾਂ ਦੀ ਹਿਫਾਜ਼ਤ ਕਰਦਾ ਏ।'' ਬੁੱਢੇ ਦੀਆਂ ਗੱਲਾਂ ਵਿਚੋਂ ਬਾਰੂਦ ਦੀ ਬੂ ਫੈਲਣ ਲੱਗੀ। ਉਹ ਕਹਿ ਰਿਹਾ ਸੀ, ''ਮੇਰੀ ਬੰਦੂਕ ਦੀ ਨਾਲ ਉੱਤੇ ਉਸ ਭੀੜ ਦੇ ਨਾਅਰੇ ਚਿਪਕੇ ਹੋਏ ਨੇ ਜਿਹੜੀ ਦੂਜੀਆਂ ਬੰਦੂਕਾਂ ਦੀਆਂ ਗੋਲੀਆਂ ਨਾਲ ਲੀਰੋ-ਲੀਰ ਕਰ ਦਿੱਤੀ ਗਈ...ਹੁਣ ਤੁਸੀਂ ਆਪ ਹੀ ਦੱਸੋ ਮੈਂ ਆਪਣੀ ਇਹ ਬੰਦੂਕ ਤੁਹਾਨੂੰ ਕਿਵੇਂ ਦੇ ਦਿਆਂ?''
ਇਸ ਗੱਲ ਨੂੰ ਅਜੇ ਥੋੜ੍ਹੇ ਦਿਨ ਹੀ ਹੋਏ ਸਨ ਕਿ ਇਕ ਹੋਰ ਆਦਮੀ ਬੰਦੂਕ ਖਰੀਦਣ ਲਈ ਬੁੱਢੇ ਕੋਲ ਆਇਆ ਤਾਂ ਉਸ ਪਹਿਲਾ ਸਵਾਲ ਇਹ ਕੀਤਾ, ''ਤੇਰੇ ਕੋਲ ਲਾਇਸੰਸ ਹੈ?''
ਉਸ ਆਦਮੀ ਨੇ ਬੜੇ ਧੀਰਜ ਨਾਲ ਕਿਹਾ, ''ਬੰਦੂਕ ਦਾ ਸੌਦਾ ਹੋ ਗਿਆ ਤਾਂ ਲਾਇਸੰਸ ਦੀ ਗੱਲ ਵੀ ਹੋ ਜਾਏਗੀ, ਤੁਸੀਂ ਆਪਣੀ ਬੰਦੂਕ...''
ਅਜੇ ਉਸਨੇ ਏਨਾ ਹੀ ਕਿਹਾ ਸੀ ਕਿ ਬੁੱਢੇ ਨੇ ਉਸਦੀ ਗੱਲ ਟੁੱਕੀ, ''ਮੇਰੇ ਕੋਲ ਉਹ ਬੰਦੂਕ ਏ ਜਿਹੜੀ ਤੂੰ ਕਦੀ ਸੱਚਮੁੱਚ ਤਾਂ ਕੀ, ਸੁਪਨੇ ਵਿਚ ਵੀ ਨਹੀਂ ਦੇਖੀ ਹੋਣੀ। ਉਹ ਇਕ ਤਜ਼ਰਬੇਕਾਰ ਬੰਦੂਕ ਏ ਤੇ ਤੂੰ... ਖ਼ੈਰ! ਸੁਣ, ਇਕ ਬੰਦੂਕ ਆਦਮੀ ਦੇ ਹੱਥ ਵਿਚ ਹੁੰਦੀ ਏ ਤੇ ਦੂਜੀ ਦਿਮਾਗ਼ ਵਿਚ ਫਿੱਟ ਹੁੰਦੀ ਏ—ਤੇ ਨਿਸ਼ਾਨਾ ਉਦੋਂ ਹੀ ਫਿੱਟ ਬੈਠਦਾ ਏ ਜਦੋਂ ਦਿਮਾਗ਼ ਵਾਲੀ ਬੰਦੂਕ ਤੇ ਹੱਥ ਵਾਲੀ ਬੰਦੂਕ ਇਕੋ ਸਮੇਂ ਚੱਲਣ। ਪਰ ਤੁਸੀਂ ਲੋਕ ਹੱਥ ਵਾਲੀ ਬੰਦੂਕ ਨੂੰ ਦਿਮਾਗ਼ ਵਾਲੀ ਬੰਦੂਕ ਨਾਲੋਂ ਪਹਿਲਾਂ ਹੀ ਚਲਾ ਦਿੰਦੇ ਓ, ਜਿਸ ਲਈ ਤੂੰ ਮੇਰੀ ਬੰਦੂਕ ਦੀ ਕੀਮਤ ਤਾਂ ਦੇ ਸਕਦਾ ਏਂ ਪਰ ਇਸ ਦੇ ਹੌਸਲੇ ਦੀ ਤਲਬ ਨੂੰ ਨਹੀਂ ਮਿਟਾਅ ਸਕਦਾ।''
ਫੇਰ ਕਈ ਲੋਕ ਆਏ, ਪਰ ਬੁੱਢੇ ਤੋਂ ਬੰਦੂਕ ਨਾ ਖਰੀਦ ਸਕੇ। ਵੱਡੇ ਸ਼ਿਕਾਰੀਆਂ ਤੇ ਬੰਦੂਕ ਦੇ ਮਾਹਿਰਾਂ ਨੇ ਵੀ ਬੜੀਆਂ ਕੋਸ਼ਿਸ਼ਾਂ ਕੀਤੀਆਂ, ਪਰ ਕੋਈ ਵੀ ਬੁੱਢੇ ਦੀ ਪਰਖ ਉੱਤੇ ਪੂਰਾ ਨਾ ਉਤਰਿਆ। ਸ਼ਹਿਰ ਵਿਚ ਥਾਂ-ਥਾਂ ਬੁੱਢੇ ਦੀ ਬੰਦੂਕ ਦੇ ਚਰਚੇ ਸਨ...ਤੇ ਬੁੱਢਾ ਵੀ ਉਸਨੂੰ ਵੇਚਣ ਲਈ ਪਹਿਲਾਂ ਨਾਲੋਂ ਵਧੇਰੇ ਬੇਚੈਨ ਨਜ਼ਰ ਆਉਂਦਾ ਸੀ।
ਫੇਰ ਇਕ ਦਿਨ ਪਤਾ ਲੱਗਿਆ, ਬੁੱਢਾ ਮਰ ਗਿਆ ਹੈ। ਸ਼ਹਿਰ ਦੇ ਕੋਨੇ-ਕੋਨੇ ਤੋਂ ਲੋਕ ਉਸਦੇ ਜਨਾਜ਼ੇ ਵਿਚ ਸ਼ਾਮਲ ਹੋਣ ਲਈ ਆਏ। ਉਹਨਾਂ ਵਿਚ ਉਹ ਲੋਕ ਵੀ ਸਨ ਜਿਹੜੇ ਉਸਦੀ ਜ਼ਿੰਦਗੀ ਵਿਚ ਉਸ ਤੋਂ ਬੰਦੂਕ ਖਰੀਦਣ ਆਏ ਸਨ ਤੇ ਉਹ ਵੀ ਜਿਹਨਾਂ ਸਿਰਫ ਬੁੱਢੇ ਦੀਆਂ ਗੱਲਾਂ ਸੁਣੀਆਂ ਸਨ। ਕੋਈ ਉਸ ਬੰਦੂਕ ਉੱਤੇ ਕਬਜ਼ਾ ਕਰਨ ਬਾਰੇ ਸੋਚ ਰਿਹਾ ਸੀ; ਕਿਸੇ ਦੇ ਮਨ ਵਿਚ ਅਫ਼ਸੋਸ ਦੀ ਧੁੰਦ ਛਾਈ ਹੋਈ ਸੀ।
ਉਸੇ ਸ਼ਾਮ...:
ਬਹੁਤ ਸਾਰੇ ਲੋਕ ਬੁੱਢੇ ਦੇ ਘਰ ਅਫ਼ਸੋਸ ਕਰਨ ਆਏ ਬੈਠੇ ਸਨ। ਉਸਦੇ ਇਕ ਪੁਰਾਣੇ ਸਾਥੀ ਨੇ ਜੇਬ ਵਿਚੋਂ ਇਕ ਕਾਗਜ਼ ਕੱਢਿਆ ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦਿਆਂ ਹੋਇਆਂ ਬੋਲਿਆ, ''ਬੁੱਢੇ ਦੀ ਇੱਛਾ ਸੀ ਕਿ ਉਸਦੀ ਬੰਦੁਕ ਉਸਦੇ ਜਿਉਂਦੇ-ਜਿਉਂਦੇ ਹੀ ਸੁਰੱਖਿਅਤ ਹੱਥਾਂ ਵਿਚ ਚਲੀ ਜਾਏ, ਪਰ ਉਹ ਇੰਜ ਨਾ ਕਰ ਸਕਿਆ, ਜ਼ਿੰਦਗੀ ਨੇ ਉਸਨੂੰ ਮੋਹਲਤ ਹੀ ਨਹੀਂ ਦਿੱਤੀ। ਮਰਨ ਤੋਂ ਕੁਝ ਚਿਰ ਪਹਿਲਾਂ ਉਸਨੇ ਇਕ ਵਸੀਅਤ ਲਿਖੀ ਸੀ...ਮੈਂ ਤੁਹਾਨੂੰ ਸੁਣਾਅ ਦਿੰਦਾ ਵਾਂ।'' ਫੇਰ ਉਸਨੇ ਕਾਗਜ਼ ਦੀਆਂ ਤੈਹਾਂ ਖੋਲ੍ਹੀਆਂ ਤੇ ਪੜ੍ਹਨ ਲੱਗਾ...:
''ਮੈਂ ਆਪਣੀ ਵਿਰਾਸਤ ਵਿਚ ਇਕ ਬੰਦੂਕ ਤੇ ਇਕ ਪਿੰਜਰਾ ਛੱਡ ਕੇ ਜਾ ਰਿਹਾਂ, ਪਿੰਜਰਾ ਭਾਵੇਂ ਖਾਲੀ ਨਜ਼ਰ ਆਉਂਦਾ ਹੈ, ਪਰ ਇਹ ਖਾਲੀ ਨਹੀਂ...ਇਸ ਵਿਚ ਇਕ ਪਰਿੰਦਾ ਵੀ ਹੈ। ਸਾਰੇ ਇਸ ਪਿੰਜਰੇ ਨੂੰ ਦੇਖ ਕੇ ਖਾਲੀ ਕਹਿਣਗੇ...ਪਰ ਜਿਸ ਆਦਮੀ ਨੂੰ ਪਿੰਜਰੇ ਵਿਚ ਪਰਿੰਦਾ ਨਜ਼ਰ ਆ ਜਾਵੇ, ਉਸਨੂੰ ਹੀ ਇਹ ਪਿੰਜਰਾ ਦੇ ਦਿੱਤਾ ਜਾਵੇ। ਮੇਰੀ ਮੌਤ ਤੋਂ ਬਾਅਦਾ ਮੇਰੀ ਬੰਦੂਕ ਸ਼ਹਿਰ ਦੇ ਉਹਨਾਂ ਵਿਦਵਾਨਾ ਨੂੰ ਸੌਂਪ ਦਿੱਤੀ ਜਾਵੇ ਜਿਹਨਾਂ ਦੀਆਂ ਅੱਖਾਂ ਵਿਚ ਸੱਚ ਸਾਕਾਰ ਦਿਸਦਾ ਹੋਵੇ ਤਾਂ ਕਿ ਉਹ ਮੇਰੀ ਇਸ ਬੰਦੂਕ ਨੂੰ ਉਹਨਾਂ ਲੋਕਾਂ ਨੂੰ ਦੇਣ ਜਿਹਨਾਂ ਦੇ ਪੱਲੇ ਦੀ ਗੱਲ ਨੂੰ ਕੋਈ ਖੋਲ੍ਹ ਕੇ ਲੈ ਗਿਆ ਹੈ ਤੇ ਹੁਣ ਉਹਨਾਂ ਦੇ ਲੂੰ-ਲੂੰ ਵਿਚੋਂ ਬੰਦੂਕ ਦੀ ਤਲਾਸ਼ ਦੀ ਮਹਿਕ ਆਉਂਦੀ ਹੈ।''
ਵਸੀਅਤ ਪੜ੍ਹ ਕੇ ਬੁੱਢੇ ਦਾ ਸਾਥੀ ਕਾਗਜ਼ ਨੂੰ ਤਹਿ ਕਰਕੇ ਜੇਬ ਵਿਚ ਪਾਉਂਦਾ ਹੋਇਆ ਉਠ ਖੜ੍ਹਾ ਹੋਇਆ ਤੇ ਘਰ ਦੇ ਅੰਦਰਲੇ ਦਰਵਾਜ਼ੇ ਕੋਲ ਜਾ ਕੇ ਉਸਦਾ ਕੁੰਡ ਖੜਕਾਉਣ ਲੱਗ ਪਿਆ। ਅੰਦਰੋਂ ਬੁੱਢੇ ਦੀ ਘਰਵਾਲੀ ਬਾਹਰ ਆਈ ਤਾਂ ਉਸਨੇ ਉਸਨੂੰ ਕਿਹਾ, ''ਮਿਹਰਬਾਨੀ ਕਰਕੇ ਬੁੱਢੇ ਦੀ ਬੰਦੂਕ ਲਿਆ ਦਿਓ ਤਾਂ ਕਿ ਵਸੀਅਤ ਅਨੁਸਾਰ ਉਹ ਸ਼ਹਿਰ ਦੇ ਲੋਕਾਂ ਨੂੰ ਦੇ ਦਿੱਤੀ ਜਾਵੇ।''
ਬੁੱਢੇ ਦੀ ਘਰਵਾਲੀ ਹੈਰਾਨੀ ਨਾਲ ਪੁੱਛਣ ਲੱਗੀ, ''ਕਿਹੜੀ ਬੰਦੂਕ! ਉਸ ਕੋਲ ਕੋਈ ਬੰਦੂਕ ਨਹੀਂ ਸੀ। ਉਹ ਤਾਂ ਆਪ ਸਾਰੀ ਉਮਰ ਬੰਦੂਕ ਖਰੀਦਣ ਵਾਸਤੇ ਤਰਸਦਾ ਰਿਹਾ ਏ।''
(ਅਨੁਵਾਦ: ਮਹਿੰਦਰ ਬੇਦੀ ਜੈਤੋ)