Pinjra (Punjabi Story) : Jasbir Dhand
ਪਿੰਜਰਾ (ਕਹਾਣੀ) : ਜਸਬੀਰ ਢੰਡ
ਦੋ ਤਿੰਨ ਦਿਨਾਂ ਤੋਂ ਬੇਹੱਦ ਗਰਮੀ ਪੈ ਰਹੀ ਸੀ।
ਉਹ ਟੀਵੀ ਮੂਹਰੇ ਬੈਠਾ ਖ਼ਬਰਾਂ ਸੁਣ ਰਿਹਾ ਸੀ। ਅਚਾਨਕ ਬਹੁਤ ਤੇਜ਼ ਹਨੇਰੀ ਚੱਲਣ ਦੀ ਆਵਾਜ਼ ਦੇ ਨਾਲ ਹੀ ਬੂਹੇ-ਬਾਰੀਆਂ ਤਾੜ-ਤਾੜ ਖੜਕਣ ਲੱਗੇ। ਕਾਲੀ-ਬੋਲੀ ਹਨੇਰੀ ਦੇ ਨਾਲ ਆਸਮਾਨ ’ਤੇ ਘਟਾ-ਟੋਪ ਛਾ ਗਈ। ਸ਼ਾਹ ਕਾਲੇ ਬੱਦਲਾਂ ਨੇ ਦਿਨੇ ਹੀ ਰਾਤ ਪਾ ਦਿੱਤੀ ਸੀ। ਫੇਰ ਸ਼ੈੱਡ ਦੀ ਟੀਨ ਦੀ ਛੱਤ ਤੋਂ ਜ਼ੋਰ-ਜ਼ੋਰ ਦੀ ਕਣੀਆਂ ਡਿੱਗਣ ਦੀ ਆਵਾਜ਼ ਆਈ। ਵੇਖਦੇ ਹੀ ਵੇਖਦੇ ਮੋਹਲੇਧਾਰ ਮੀਂਹ ਪੈਣ ਲੱਗ ਪਿਆ। ਉਸ ਨੂੰ ਅੰਦਰ ਹੁੰਮਸ ਮਹਿਸੂਸ ਹੋਈ। ਟੀਵੀ ਬੰਦ ਕਰਕੇ ਉਹ ਜਾਲੀ ਵਾਲਾ ਦਰਵਾਜ਼ਾ ਖੋਲ੍ਹ ਕੇ ਬਾਹਰ ਬਾਲਕਨੀ ਦੀ ਛੱਤ ਹੇਠ ਪਈ ਮੰਜੀ ’ਤੇ ਬੈਠ ਗਿਆ। ਬਾਹਰ ਦਾ ਨਜ਼ਾਰਾ ਹੀ ਹੋਰ ਸੀ।
ਮੀਂਹ ਦੀ ਠੰਢੀ ਹਵਾ ਦੇ ਛਰਾਟਿਆਂ ਨੇ ਪਿਛਲੇ ਦਿਨਾਂ ਦੀ ਗਰਮੀ ਨੂੰ ਦੂਰ ਭਜਾ ਦਿੱਤਾ ਸੀ। ਬੱਦਲ ਪੂਰੇ ਜ਼ੋਰ ਦੀ ਗੜ੍ਹਕ ਰਿਹਾ ਸੀ। ਬਿਜਲੀ ਵਾਰ-ਵਾਰ ਬੱਦਲਾਂ ਵਿਚਦੀ ਚਮਕਦੀ ਤੇ ਨਾਲ ਦੀ ਨਾਲ ਜ਼ੋਰਦਾਰ ਗੜਗੜਾਹਟ ਹੁੰਦੀ। ਮੀਂਹ ਦੀਆਂ ਠੰਢੀਆਂ ਫੁਹਾਰਾਂ ਉਸ ਉਪਰ ਪੈ ਰਹੀਆਂ ਸਨ। ਉਹ ਚੱਪਲਾਂ ਲਾਹ ਕੇ ਮੰਜੀ ’ਤੇ ਲੱਤਾਂ ਲਮਕਾ ਕੇ ਬੈਠ ਗਿਆ। ਫਰਸ਼ ’ਤੇ ਤੇਜ਼ ਵਗਦੇ ਪਾਣੀ ਵਿਚ ਉਹ ਨੰਗੇ ਪੈਰਾਂ ਨਾਲ ਛਪ-ਛਪ ਕਰਨ ਲੱਗਾ। ਅਕਹਿ ਆਨੰਦ ਦੀ ਅਵਸਥਾ ਵਿਚ ਗੜੂੰਦ ਉਹ ਕੁਦਰਤ ਦੇ ਬਲਿਹਾਰੇ ਜਾ ਰਿਹਾ ਸੀ। ਅਜੇ ਪੰਜਰਾਂ ਕੁ ਮਿੰਟ ਹੀ ਹੋਏ ਸਨ ਕਿ ਪਤਨੀ ਦੀ ਤੇਜ਼ ਆਵਾਜ਼ ਨਾਲ ਤ੍ਰਭਕ ਗਿਆ।
‘‘ਪੱਖਾ ਚੱਲਦਾ ਹੀ ਛੱਡ ਆਏ। ਹਜ਼ਾਰ ਵਾਰ ਕਹਿ-ਕਹਿ ਕੇ ਥੱਕ ਗਈ, ਪਰ ਤੁਹਾਡੇ ’ਤੇ ਕੋਈ ਅਸਰ ਨਹੀਂ ਹੁੰਦਾ। ਭਕਾਵੀ ਰੱਖੀ ਆਂ ਮੈਂ ਤਾਂ ਸਾਰੇ ਟੱਬਰ ਦੀ!’’ ਉਹ ਭਰੀ-ਪੀਤੀ ਢਾਕਾਂ ’ਤੇ ਹੱਥ ਧਰੀ ਉਸ ਦੇ ਸਿਰਹਾਣੇ ਖੜ੍ਹੀ ਸੀ। ‘‘ਨਾਲੇ ਆਹ ਮੀਂਹ ’ਚ ਭਿੱਜੀ ਜਾਨੇ ਓ। ਨਾਲੇ ਮੰਜੀ ਭਿੱਜੀ ਜਾਂਦੀ ਐ। ਤੁਹਾਨੂੰ ਤਾਂ ਕੋਈ ਪਤਾ ਈ ਨਹੀਂ ਲੱਗਦਾ। ਪਤਾ ਨਹੀਂ ਹਰ ਵੇਲੇ ਕੀਹਦੇ ਖਿਆਲਾਂ ’ਚ ਗੁਆਚੇ ਰਹਿੰਨੇ ਓ?’’ ਅਜਿਹੇ ਮੌਕਿਆਂ ’ਤੇ ਉਹ ਕੁਝ ਨਹੀਂ ਬੋਲਦਾ। ਕਿਸੇ ਮੁਜਰਮ ਵਾਂਗ ਚੁੱਪਚਾਪ ਕਟਹਿਰੇ ਵਿਚ ਖੜ੍ਹਾ ਰਹਿੰਦਾ ਹੈ। ਉਸ ਨੂੰ ਇੰਜ ਜਾਪਿਆ ਜਿਵੇਂ ਕਿਸੇ ਨੇ ਬਹਿਸ਼ਤ ਵਿਚੋਂ ਧੱਕਾ ਦੇ ਕੇ ਧਰਤੀ ’ਤੇ ਪਟਕਾ ਮਾਰਿਆ ਹੋਵੇ।
ਮੀਂਹ ਉਵੇਂ ਜਿਵੇਂ ਪੈ ਰਿਹਾ ਸੀ, ਬੱਦਲ ਉਵੇਂ ਜਿਵੇਂ ਗੜ੍ਹਕ ਰਿਹਾ ਸੀ, ਬਿਜਲੀ ਉਵੇਂ ਜਿਵੇਂ ਚਮਕ ਰਹੀ ਸੀ, ਪਰ ਹੁਣ ਉਸ ਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ। ਕੁਦਰਤ ਦਾ ਉਹ ਸਾਰਾ ਤਲਿਸਮ ਜੋ ਕੁਝ ਸਮਾਂ ਪਹਿਲਾਂ ਉਸ ਨੂੰ ਸ਼ਰਸ਼ਾਰ ਕਰ ਰਿਹਾ ਸੀ, ਇਕਦਮ ਕਿਧਰੇ ਛਾਈਂ-ਮਾਈਂ ਹੋ ਗਿਆ ਸੀ। ਉਸ ਨੂੰ ਇੰਜ ਜਾਪਿਆ ਜਿਵੇਂ ਦੋ ਦਿਨ ਪਹਿਲਾਂ ਵਾਲੀ ਧੁੱਪ ਅਤੇ ਲੋਅ ਉਸ ਦਾ ਪਿੰਡਾ ਲੂਹ ਰਹੀ ਹੋਵੇ!