Piar Dian Panj Minni Kahanian : Mohanjeet Kukreja

“ਪਿਆਰ ਦੀਆਂ ਪੰਜ ਮਿਨੀ ਕਹਾਣੀਆਂ” : ਮੋਹਨਜੀਤ ਕੁਕਰੇਜਾ

1. ਸਮਾਨਤਾ

ਵੈਸੇ ਉਹ ਦੋਨੋਂ ਇਕ ਦੂਜੇ ਤੋਂ ਉਲਟ ਸਨ, ਪਰ ਪਿਆਰ ਉਨ੍ਹਾਂ ਵਿਚ ਬਹੁਤ ਹੀ ਜ਼ਿਆਦਾ ਸੀ ।

ਦੋਹਾਂ ਦੀਆਂ ਚਾਰ ਇੰਦ੍ਰੀਆਂ ਇਕ-ਦੂਜੇ ਤੋਂ ਬਿਲਕੁਲ ਵਿਰੋਧੀ ਕੰਮ ਕਰਦੀਆਂ ਸਨ... ਮੁੰਡੇ ਨੂੰ ਗ਼ਜ਼ਲਾਂ ਸੁਨਣ ਦਾ ਸ਼ੌਕ ਸੀ, ਕੁੜੀ ਨੂੰ ਅੰਗਰੇਜ਼ੀ ਮਿਊਜ਼ਿਕ । ਕੁੜੀ ਨੂੰ ਪਰਫ਼ਿਊਮ ਬੜੇ ਚੰਗੇ ਲੱਗਦੇ ਸਨ, ਮੁੰਡੇ ਨੂੰ ਜ਼ਰਾ ਵੀ ਨਹੀਂ । ਮੁੰਡੇ ਨੂੰ ਹਿੰਦੁਸਤਾਨੀ ਵਿਅੰਜਨ ਸਵਾਦ ਲੱਗਦੇ ਸਨ, ਤੇ ਕੁੜੀ ਨੂੰ ਮੈਕਸੀਕਨ ਖਾਣਾ । ਕੁੜੀ ਨੂੰ ਬੜਾ ਚਾਅ ਸੀ ਕੇ ਉਸਨੂੰ ਪਿਆਰ ਨਾਲ ਛੂਹਿਆ-ਪਲੋਸਿਆ ਜਾਵੇ, ਜਦ ਕਿ ਮੁੰਡੇ ਨੂੰ ਇਹ ਸਭ ਨਹੀਂ ਸੀ ਭਾਉਂਦਾ ।

ਹਾਂ, ਜੇ ਅਸੀਂ ਪੰਜਵੀਂ ਇੰਦ੍ਰੀ ਦੀ ਗੱਲ ਕਰੀਏ, ਤਾਂ ਉਸ ਵਿਚ ਗ਼ਜ਼ਬ ਦੀ ਸਮਾਨਤਾ ਸੀ...

ਦੋਨੋਂ ਨੇਤਰਹੀਣ ਸਨ ।

2. ਖਲਨਾਇਕ

ਅਭਿਨਵ ਮਿਸ਼ਰਾ... ਮੈਂ, ਇਕ ਕੱਟੜ ਹਿੰਦੂ ਪਰਿਵਾਰ ਤੋਂ ।
ਜੂਲੀਅਨ ਬਰਗੈਨਜ਼ਾ... ਇਕ ਨਿਹਚਾਵਾਨ ਰੋਮਨ ਕੈਥੋਲਿਕ ।
ਪਹਿਲੀ ਝਲਕ ’ਚ ਹੀ ਪਿਆਰ ਹੋ ਗਿਆ ਸੀ...

ਸਾਨੂੰ ਦੋਨੋਂ ਪਰਿਵਾਰਾਂ ਵਲੋਂ ਬੜੀ ਮੁਖਾਲਫ਼ਤ ਦਾ ਡਰ ਸੀ, ਪਰ ਐਸਾ ਕੁੱਝ ਖ਼ਾਸ ਨਾ ਹੋਇਆ!

ਫੇਰ ਵਿਚਾਲੇ ਕਿਤੋਂ ਇਕ ਖਲਨਾਇਕ ਆ ਗਿਆ, ਜੋਹਨ ਡਿਸੂਜ਼ਾ – ਅਮਰੀਕਾ ’ਚ ਰਹਿੰਦਾ ਉਸਦਾ ਕੋਈ ਅੰਕਲ ।

ਬਸ ਉਹੀ ਅੰਤ ਸੀ...
ਉਸ ਤੋਂ ਬਾਅਦ ਕਦੇ ਕੋਈ ਸੁਖੀ ਨਾ ਰਹਿ ਸਕਿਆ ।
ਡਿਸੂਜ਼ਾ ਸਾਹਬ ਨੇ ਆਉਂਦਿਆਂ ਹੀ ਜੂਲੀਅਨ ਦਾ ਵਿਆਹ ਕਰਵਾ ਦਿੱਤਾ ।

... ਮੇਰੇ ਨਾਲ!

3. ਵਿਆਹ

ਕਾੱਲੇਜ ਦਾ ਜ਼ਿਕਰ ਛਿੜਦਿਆਂ ਹੀ ਮੈਨੂੰ ਸੰਜਨਾ ਦੀ ਯਾਦ ਆ ਜਾਉਂਦੀ ਹੈ... ਮੇਰਾ ਪਹਿਲਾ ਪਿਆਰ - ਇਕ-ਤਰਫ਼ਾ!
ਕੁੱਝ ਸੁਫ਼ਨੇ ਕਦੇ ਵੀ ਸੱਚ ਨਹੀਂ ਹੁੰਦੇ...
ਕਾੱਲੇਜ ਛੱਡਿਆਂ ਕਈ ਸਾਲ ਹੋ ਗਏ ਹਨ, ਪਰ ਉਹ ਕਦੇ ਮੇਰੀਆਂ ਯਾਦਾਂ ’ਚੋਂ ਨਹੀਂ ਨਿਕਲੀ!

ਮੈਂ ਕੱਲਿਆਂ ਹੀ ਰਹਿਣ ਦਾ ਫ਼ੈਸਲਾ ਕਰ ਲਿਆ ।

ਫੇਰ ਮੈਂ ਆਪਣੇ ਕੰਮ-ਕਾਜ ਦੇ ਸਿਲਸਿਲੇ ’ਚ ਦਿੱਲੀ ਤੋਂ ਮੁੰਬਈ ਆ ਗਿਆ ।

ਪਿੱਛਲੇ ਸ਼ਨੀਵਾਰ ਦਫ਼ਤਰ ਦੇ ਇਕ ਸਾਥੀ ਨੇ ਡਿਨਰ ਤੇ ਆਪਣੇ ਘਰ ਬੁਲਾਇਆ, “ਮੇਰੀ ਘਰਵਾਲੀ ਨੂੰ ਮਿਲ ਯਾਰ, ਸੰਜਨਾ; ਇਹ ਵੀ ਦਿੱਲੀ ਦੀ ਹੈ...”

ਹੁਣ ਮੈਂ ਵੀ ਵਿਆਹ ਕਰਵਾਉਣ ਵਾਲਾ ਹਾਂ!

4. ਐਕਸਪ੍ਰੈਸ ਲਵ

“ਇਹ ੨੦ ਨੰਬਰ ਦੀ ਸੀਟ ਤਾਂ ਮੇਰੀ ਹੈ ।”
ਮੈਂ ਇਕ ਇੰਟਰਵਿਊ ਦੇਣ ਵਾਸਤੇ ਮੁੰਬਈ ਜਾ ਰਿਹਾ ਸਾਂ...
੧੨੯੫੪ (ਰਾਜਧਾਨੀ ਐਕਸਪ੍ਰੈਸ) ਦੇ ਕੋਚ ਬੀ-੬ ਵਿਚ ਮੈਂ ਕਿਨਾਰੇ ਵਾਲੀ ਆਪਣੀ ੨੨ ਨੰਬਰ ਦੀ ਸੀਟ ਤੇ ਬੈਠਾ ਸਾਂ ।
ਮੈਂ ਉਸ ਕੁੜੀ ਵਾਲ ਵੇਖਿਆ, ਬਹੁਤ ਹੀ ਸੋਹਣੀ ਸੀ! ਮੁਸਕੁਰਾ ਕੇ ਮੈਂ ਉਸਦੀ ਬਾਰੀ ਦੇ ਨਾਲ ਵਾਲੀ ਸੀਟ ਵੱਲ ਇਸ਼ਾਰਾ ਕਿੱਤਾ ।
“ਉਹ ਹੋ, ਥੈਂਕ ਯੂ! ਅਸਲ ’ਚ ਮੈਂ ਪਹਿਲੀ ਵਾਰੀ ਕੱਲੀ ਸਫਰ ਕਰ ਰਹੀ ਹਾਂ ਨਾ...”

ਸਤਾਰ੍ਹਾਂ ਘੰਟਿਆਂ ਮਗਰੋਂ ਜਦੋਂ ਤੀਕ ਗੱਡੀ ਮੁੰਬਈ ਪਹੁੰਚੀ, ਮੈਂ ਪੂਰੀ ਤਰਾਂ ਉਸ ਰੂਪਵਤੀ ਦੇ ਪਿਆਰ ’ਚ ਗਿਰਫ਼ਤਾਰ ਹੋ ਚੁਕਾ ਸਾਂ ।

“ਅਮਿਤ - ਮਾਈ ਹਸਬੈਂਡ,” ਫੇਰ ਉਸਨੇ ਮੈਨੂੰ ਸਟੇਸ਼ਨ ਤੇ ਇੰਤਜ਼ਾਰ ਕਰਦੇ ਇਕ ਮੁੰਡੇ ਨਾਲ ਮਿਲਵਾਇਆ...

5. ਪ੍ਰਸਤਾਵ

“ਹੋਰ ਤੇਰੀ ਸ਼ਾਦੀਸ਼ੁਦਾ ਜ਼ਿੰਦਗੀ ਕਿਸ ਤਰਾਂ ਚੱਲ ਰਹੀ ਹੈ?”
“ਉਹ ਤਾਂ ਕੋਈ ਸਾਲ ਕੁ ਹੀ ਚੱਲੀ, ਫੇਰ ਮੇਰੀ ਵਹੁਟੀ ਇਕ ਕਾਰ ਐਕਸੀਡੈਂਟ ’ਚ ਚੱਲ ਵਸੀ ।”
“ਬੜੇ ਅਫ਼ਸੋਸ ਦੀ ਗੱਲ ਹੈ!”
“ਤੂੰ ਸੁਣਾ...”
“ਮੇਰਾ ਤੇ ਠੀਕ ਤਰਾਂ ਨਿਬਾਹ ਹੀ ਨਹੀਂ ਹੋਇਆ... ਛੇਤੀ ਹੀ ਤਲਾਕ਼ ਵੀ ਹੋ ਗਿਆ ।”
“ਅੱਛਾ...?!”

ਰਾਜ ਮੈਨੂੰ ਅੱਜ ਐਂਵੇ ਹੀ ਇਕ ਮਾੱਲ ’ਚ ਟਕਰਾ ਗਿਆ ਸੀ । ਕਾੱਲੇਜ ਦੇ ਦੌਰਾਨ ਮੈਂ ਉਹਨੂੰ ਬਹੁਤ ਪਿਆਰ ਕਰਦੀ ਸਾਂ, ਪਰ ਉਹ ਸਿਲਸਿਲਾ ਅੱਗੇ ਨਹੀਂ ਵੱਧਿਆ । ਹੁਣ ਉਸਦੇ ਨਾਲ ਬਹਿ ਕੇ ਕਾੱਫ਼ੀ ਪੀਂਦਿਆਂ ਮੈਂ ਇਹੋ ਸੋਚ ਰਹੀ ਸਾਂ ਕਿ ਸ਼ਾਇਦ ਹੁਣ ਕੋਈ ਗੱਲ ਬਣ ਜਾਵੇ...

ਉਸਨੇ ਸੋਚਾਂ ’ਚੋਂ ਨਿਕਲ ਕਿ ਅਚਾਨਕ ਮੇਰੇ ਵੱਲ ਤੱਕਿਆ ’ਤੇ ਬੋਲਿਆ, “ਤੂੰ ਵਿਆਹ ਕਰੇਂਗੀ ਮੇਰੇ ਨਾਲ?”
ਮੈਂ ਹੈਰਾਨੀ ਅਤੇ ਖੁਸ਼ੀ ਨਾਲ ਮੁਸਕੁਰਾ ਕੇ ਝੱਟ ਹਾਮੀ ਭਰੀ!

ਕੀ ਪਤਾ ਲੱਗਦੈ ਰੱਬ ਨੂੰ ਕੀ ਮੰਜ਼ੂਰ ਹੈ!

  • ਮੁੱਖ ਪੰਨਾ : ਕਹਾਣੀਆਂ, ਮੋਹਨਜੀਤ ਕੁਕਰੇਜਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ