ਪੀਰ ਰੋੜਿਆਂ ਵਾਲਾ (ਕਹਾਣੀ) : ਸੁਖਵਿੰਦਰ ਸਿੰਘ ਖਾਰਾ
ਮੁਰੱਬੇਬੰਦੀ ਤੋਂ ਪਹਿਲਾਂ ਹੀ ਪਿੰਡ ਦੇ ਬਾਹਰਵਾਰ ਇਕ ਸੰਘਣੇ ਰੁੱਖਾਂ ਦੀ ਝੌਂਪੜੀ ਸੀ। ਜਿਸ ਵਿੱਚ ਕਿੱਕਰ, ਕਰੀਰ ਅਤੇ ਬੋਹੜ ਦੇ ਰੁੱਖ ਉਗੇ ਹੋਏ ਸਨ। ਕੁਦਰਤੀ ਥਾਂ ਉੱਚਾ ਹੋਣ ਕਰਕੇ ਵਿਚਕਾਰ ਲੋਕਾਂ ਨੇ ਥੜ੍ਹਾ ਪੱਧਰਾ ਕਰਕੇ ਬਣਾਇਆ ਹੋਇਆ ਸੀ । ਕਿੱਕਰ ਅਤੇ ਕਰੀਰਾਂ ਦੁਆਲੇ ਕੁਝ ਅੰਧਵਿਸ਼ਵਾਸੀ ਲੋਕ ਲਾਲ ਚੁੰਨੀਆਂ ਲਾਲ ਮੌਲੀਆਂ ਅਤੇ ਹੋਰ ਹਰੇ ਰੰਗ ਦੀਆਂ ਲੀਰਾਂ ਲਪੇਟ ਜਾਂਦੇ ਸਨ।ਜਿਸ ਕਰਕੇ ਮੁਰੰਬੇਬੰਦੀ ਵਿੱਚ ਪੰਚਾਇਤ ਦੇ ਕਹਿਣ ਤੇ ਕਨਾਲ ਕੁ ਥਾਂ ਹੋਰ ਸ਼ਾਮਲਾਟ ਛੱਡ ਦਿੱਤਾ ਗਿਆ ਸੀ।
ਪੁਰਾਣੇ ਸਮੇਂ ਘੋੜੀਆਂ ਤੇ ਪਾਰ ਦੀ ਸ਼ਰਾਬ ਵੇਚਣ ਵਾਲਿਆਂ ਵੀ ਇਸ ਜਗ੍ਹਾ ਨੂੰ ਆਪਣਾ ਅੱਡਾ ਬਣਾ ਰੱਖਿਆ ਸੀ। ਲੋਕ ਸ਼ਾਮ ਨੂੰ ਇਕ ਰੁਪਏ ਬੋਤਲ ਦੇ ਦਿੰਦੇ ਅਤੇ ਬੋਤਲਾਂ ਭਰਵਾ ਕੇ ਲਈ ਜਾਂਦੇ । ਘੋੜੀ ਵਾਲਾ ਵੀ ਦੋ ਤਿੰਨ ਘੰਟਿਆਂ ਵਿੱਚ ਸਾਰੀ ਟਿਊਬ ਵੇਚ ਕੇ ਅਤੇ ਕਮਾਈ ਕਰਕੇ ਆਪਣੇ ਪਿੰਡ ਨੂੰ ਚਲਾ ਜਾਂਦਾ। ਕਈ ਸ਼ਰਾਬ ਪੀਣ ਵਾਲੀਆਂ ਢਾਣੀਆਂ ਇਥੇ ਹੀ ਮਹਿਫਲ ਲਾ ਕੇ ਬੈਠ ਜਾਂਦੀਆਂ। ਇਹ ਸ਼ਰਾਬੀ ਦੇਰ ਰਾਤ ਤੱਕ ਇੱਥੇ ਹੀ ਲੇਟਦੇ ਰਹਿੰਦੇ। ਕੁਝ ਵਿਹਲੜਾਂ ਦੀਆਂ ਢਾਣੀਆਂ ਇੱਥੇ ਦੁਪਿਹਰ ਵੇਲੇ ਤਾਸ਼ ਕੁੱਟਦੀਆਂ ਰਹਿੰਦੀਆਂ ਸਨ।
ਨੇੜੇ ਪੁਰਾਣਾ ਥੇਹ ਹੋਣ ਕਰਕੇ, ਨੇੜੇ ਦੇ ਖੇਤਾਂ ਵਿੱਚ ਇੱਟਾਂ ਰੋੜੇ ਹਲ ਸਵ੍ਹਾਗਿਆਂ ਵਿੱਚ ਅੜਦੇ ਰਹਿੰਦੇ ਸਨ। ਨੇੜੇ ਦੇ ਕਿਸਾਨ ਇਹ ਇੱਟਾਂ ਰੋੜੇ ਇਕੱਠੇ ਕਰਕੇ ਬੋਹੜ ਦੇ ਮੁੱਢ ਨਾਲ ਸੁੱਟਦੇ ਰਹਿੰਦੇ ਸਨ। ਇਸ ਤਰ੍ਹਾਂ ਕਈ ਸਾਲਾਂ ਵਿੱਚ ਬੋਹੜ ਥੱਲੇ ਇੱਟਾਂ ਰੋੜਿਆਂ ਦਾ ਕਾਫੀ ਵੱਡਾ ਢੇਰ ਲੱਗ ਗਿਆ ਸੀ। ਇਸ ਬੋਹੜ ਥੱਲੇ ਗੁੱਗੇ ਵਾਲੇ ਦਿਨ ਸਾਹਸੀ ਲੋਕ ਆਪਣਾ ਆਸਣ ਵੀ ਲਾ ਲੈਂਦੇ ਸਨ। ਬੋਹੜ ਦੇ ਮੁੱਢ ਨਾਲ ਕਾਫੀ ਚੂਹਿਆਂ ਦੀਆਂ ਖੁੱਡਾਂ ਸਨ, ਜੋ ਸੱਪਾਂ ਨੇ ਮੱਲ ਲਈਆਂ ਸਨ। ਗੁੱਗੇ ਵਾਲੇ ਦਿਨ ਪਿੰਡ ਦੇ ਲੋਕ ਮਿੱਠੀਆਂ ਸੇਵੀਆਂ, ਚੌਲ, ਕੱਚੀ ਲੱਸੀ ਅਤੇ ਕੱਚੇ ਸੂਤ ਦੀ ਛੱਲੀ ਲੈ ਕੇ ਆਉਂਦੇ ਸਨ। ਉਥੇ ਬੈਠੀ ਮਰਾਸਣ ਕੱਚੇ ਸੂਤ ਦੇ ਧਾਗੇ ਬੋਹੜ ਨਾਲ ਲਪੇਟ ਦਿੰਦੀ ਅਤੇ ਕੁਝ ਸੇਵੀਆਂ ਵਰਮੀ ਵਿੱਚ ਪਾ ਦਿੰਦੀ। ਕੱਚੀ ਲੱਸੀ ਬੋਹੜ ਦੇ ਮੁੱਢ ਨਾਲ ਡੋਲ੍ਹ ਦਿੰਦੀ। ਲੋਕ ਮੱਥਾ ਟੇਕ ਕੇ ਆਸਾ ਮੁਰਾਦਾਂ ਸੁੱਖ ਕੇ ਤੁਰੇ ਜਾਂਦੇ।ਵਰਮੀ ਵਿਚਲੇ ਸੱਪ ਅੱਖ ਬਚਾਅ ਕੇ ਫੁਰਤੀ ਨਾਲ ਸੇਵੀਆਂ ਨੂੰ ਝਪਟ ਮਾਰ ਕੇ ਖੁੱਡ ਵਿੱਚ ਲੈ ਜਾਂਦੇ।ਕਈ ਲੋਕ ਵੇਖ ਕੇ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪੈਂਦੇ। ਮਰਾਸਣ ਲੋਕਾਂ ਵਲੋਂ ਢੇਰੀ ਕੀਤੇ ਦਾਣੇ, ਪੈਸੇ, ਸੇਵੀਆਂ ਲੈ ਕੇ ਸ਼ਾਮਾਂ ਨੂੰ ਆਪਣੀ ਕਮਾਈ ਕਰਕੇ ਘਰੇ ਆ ਜਾਂਦੀ।
ਇਸ ਤੋਂ ਇਲਾਵਾ ਇਥੇ ਹਨੇਰੀਆਂ ਰਾਤਾਂ ਨੂੰ ਪ੍ਰੇਮੀ ਜੋੜੇ ਵੀ ਰੰਗ ਰਲੀਆਂ ਮਨਾਉਂਦੇ ਰਹਿੰਦੇ। ਸਮੇਂ ਸਮੇਂ ਇਸ ਝੌਂਪੜੀ ਵਿੱਚ ਬਲਾਤਕਾਰ ਤੇ ਗੈਂਗਰੇਪ ਵੀ ਹੋਣ ਲੱਗ ਪਏ ਸਨ। ਕੁਝ ਸਮੇਂ ਬਾਅਦ ਪਿੰਡ ਦੇ ਲੋਕਾਂ ਇਸ ਦੁਆਲੇ ਕੰਡਿਆਂ ਵਾਲੀ ਤਾਰ ਲਾ ਦਿੱਤੀ ਅਤੇ ਚੜ੍ਹਦੇ ਪਾਸੇ ਛੋਟਾ ਜਿਹਾ ਗੇਟ ਲਾ ਦਿੱਤਾ ਸੀ।
ਇਕ ਵਾਰ ਗਰਮੀਆਂ ਵਿੱਚ ਬਹੁਤ ਔੜ ਲੱਗ ਗਈ ਸੀ। ਨੇੜੇ ਖਾਲੀ ਥਾਂ ਵਿੱਚ ਉਗਿਆ ਬਰੂ ਅਤੇ ਦਿਬ ਵਾਲਾ ਘਾਹ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਿਹਾ ਸੀ। ਇਹ ਬਰੂ ਔੜ ਨਾਲ ਜ਼ਹਿਰੀਲਾ ਹੋ ਗਿਆ ਸੀ। ਇਕ ਦਿਨ ਅਣਜਾਣ ਵਾਗੀਆਂ ਨੇ ਆਪਣੀਆਂ ਮੱਝਾਂ ਇਸ ਘਾਹ ਵਿੱਚ ਚਰਨੀਆਂ ਛੱਡ ਦਿੱਤੀਆਂ ਸਨ। ਆਪ ਝੌਂਪੜੀ ਵਿੱਚ ਤਾਸ਼ ਖੇਡਣ ਲੱਗ ਪਏ ਸਨ। ਜਦੋਂ ਭੁੱਖੀਆਂ ਮੱਝਾਂ ਨੇ ਬਰੂ ਘਾਹ ਖਾ ਲਿਆ ਤਾ ਉਹਨਾਂ ਨੂੰ ਜ਼ਹਿਰੀਲਾ ਬਰੂ ਘਾਹ ਲੜ ਗਿਆ ਅਤੇ ਤਿੰਨ ਚਾਰ ਮੱਝਾਂ ਮਰ ਗਈਆਂ ਸਨ।
ਇਸ ਗੱਲ ਦਾ ਰੌਲਾ ਸਾਰੇ ਪਿੰਡ ਵਿੱਚ ਪੈ ਗਿਆ ਸੀ, ਕਿ ਰੋੜਿਆਂ ਵਾਲੇ ਪੀਰ ਦੀ ਕਰੋਪੀ ਨਾਲ ਮੱਝਾਂ ਮਰ ਗਈਆਂ ਹਨ। ਉਸ ਦਿਨ ਤੋਂ ਇਸ ਜਗ੍ਹਾ ਨੂੰ ਕਰੜੀ ਜਗ੍ਹਾ ਸਮਝਿਆ ਜਾਣ ਲੱਗ ਪਿਆ ਸੀ। ਉਸ ਦਿਨ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਇਸ ਜਗ੍ਹਾ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਸੀ। ਹੁਣ ਪਿੰਡ ਦੇ ਲੋਕ ਹਰ ਸੂਈ ਮੱਝ ਗਾਂ ਦਾ ਦੁੱਧ ਇਕ ਦਿਨ ਦਾ ਬੋਹੜ ਦੇ ਮੁੱਢ ਨਾਲ ਕੁੱਝ ਡੋਲ੍ਹ ਕੇ ਮੱਥਾ ਟੇਕਣ ਲੱਗ ਪਏ ਸਨ। ਬਾਕੀ ਦੁੱਧ ਨੇੜੇ ਕੰਮ ਕਰਦੇ ਕਿਸਾਨਾਂ ਨੂੰ ਪੀਣ ਲਈ ਵੰਡ ਜਾਂਦੇ। ਕੁਝ ਹਿੱਸਾ ਆਪਣੇ ਘਰੇ ਲੈ ਜਾਂਦੇ ਸਨ।
ਮਾਲਵੇ ਵਾਲੇ ਪਾਸੇ ਇਕ ਬੰਦੇ ਤੋਂ ਦੋ ਕਤਲ ਹੋ ਗਏ ਸਨ। ਪਰੰਤੂ ਉਹ ਭਗੌੜਾ ਹੋ ਗਿਆ ਸੀ ਤੇ ਪੁਲੀਸ ਦੇ ਹੱਥ ਨਹੀਂ ਆਇਆ ਸੀ। ਉਹ ਵਿਆਕਤੀ ਕੁਝ ਮਾਨਸਿਕ ਰੋਗੀ ਹੋ ਗਿਆ ਸੀ। ਇਸ ਤੋਂ ਇਲਾਵਾ ਉਸ ਨੇ ਭੇਸ ਬਦਲ ਲਿਆ ਸੀ। ਹਰੇ ਰੰਗ ਦਾ ਚੋਲਾ ਪਾ ਲਿਆ ਸੀ। ਸਿਰ ਦੇ ਵਾਲਾਂ ਦੀਆਂ ਜੜਾਵਾਂ ਬਣਾ ਲਈਆਂ ਸਨ। ਗਲ ਵਿੱਚ ਕਈ ਰੰਗ ਬਰੰਗੀਆਂ ਮਣਕਿਆਂ ਦੀਆਂ ਮਾਲਾ ਪਾ ਲਈਆਂ ਸਨ। ਪੁਲਿਸ ਤੋਂ ਬਚਣ ਲਈ ਉਸ ਨੇ ਫੱਕਰ ਦਾ ਭੇਸ ਧਾਰਨ ਕਰ ਲਿਆ ਸੀ।ਉਹ ਵਿਆਕਤੀ ਇਕ ਦਿਨ ਘੁੰਮਦਾ ਘੁਮਾਉਂਦਾ ਥੱਕਿਆ ਟੁੱਟਿਆ ਇਸ ਝੌਂਪੜੀ ਵਿੱਚ ਲੰਮਾ ਪੈ ਗਿਆ ਸੀ । ਉਸ ਨੇ ਰਾਤ ਰਹਿਣ ਦਾ ਮਨ ਇੱਥੇ ਹੀ ਬਣਾ ਲਿਆ ਸੀ। ਰਾਤ ਨੂੰ ਦੁੱਧ ਚੜ੍ਹਾਉਣ ਆਏ ਇਕ ਵਿਆਕਤੀ ਨੇ ਕੁਝ ਦੁੱਧ ਉਸ ਨੂੰ ਪੀਣ ਲਈ ਦੇ ਦਿੱਤਾ। ਉਸ ਨੇ ਸੋਚਿਆ ਕੇ ਇਹ ਟਿਕਾਣਾ ਵਧੀਆ ਹੈ। ਉਹ ਕਾਫੀ ਦਿਨ ਇੱਥੇ ਹੀ ਠਹਿਰ ਗਿਆ। ਹੁਣ ਪਿੰਡ ਦੇ ਲੋਕ ਫੱਕਰ ਸਮਝ ਕੇ ਦੁੱਧ ਅਤੇ ਰੋਟੀਆਂ ਉਸ ਨੂੰ ਸਵੇਰੇ ਸ਼ਾਮ ਦੇ ਜਾਂਦੇ ਸਨ। ਉਸ ਨੇ ਵੀ ਜਗ੍ਹਾ ਦੀ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਸੀ।
ਹੁਣ ਸਾਰੇ ਪਿੰਡ ਵਿੱਚ ਰੌਲਾ ਪੈ ਗਿਆ ਸੀ ਕਿ ਇਸ ਜਗ੍ਹਾ ਤੇ ਫੱਕਰ ਪ੍ਰਤੱਖ ਹੋ ਗਏ ਹਨ। ਜਦੋਂ ਹਿੰਮਤ ਕਰਕੇ ਕੁਝ ਲੋਕ ਉਸ ਨੂੰ ਪੁੱਛਦੇ ਤੂੰ ਕਿਥੋਂ ਆਇਆ ਹੈਂ। ਉਹ ਕਹਿ ਦਿੰਦਾ, ਪੀਰ ਰੋੜਿਆਂ ਵਾਲੇ ਸਾਈਂ ਨੇ ਮੈਨੂੰ ਇਸ ਜਗ੍ਹਾ ਦੀ ਸੇਵਾ ਸੰਭਾਲ ਕਰਨ ਲਈ ਭੇਜਿਆ ਹੈ। ਇਸ ਰੋੜਿਆਂ ਵਾਲੇ ਪੀਰ ਦਾ ਮੇਰੇ ਸਿਰ ਤੇ ਪਹਿਰਾ ਹੈ। ਲੋਕਾਂ ਦੀ ਇੰਨੇ ਨਾਲ ਤਸੱਲੀ ਹੋ ਜਾਂਦੀ ਤੇ ਹੋਰ ਕੁਝ ਨਾ ਪੁੱਛਦੇ।
ਇਕ ਦਿਨ ਇਕ ਸ਼ਰਾਬੀ ਨੇ ਉਸ ਨੂੰ ਮੱਝਾਂ ਮਰਨ ਵਾਲੀ ਸਾਰੀ ਗੱਲਬਾਤ ਦੱਸ ਦਿੱਤੀ ਸੀ। ਪਰੰਤੂ ਆਪ ਘਰੇ ਜਾ ਕੇ ਰਾਤ ਨੂੰ ਸੁੱਤਾ ਹੀ ਰਹਿ ਗਿਆ ਸੀ। ਹੁਣ ਪੀਰ ਲੋਕਾਂ ਨੂੰ ਕਹਿ ਦਿੰਦਾ ਕੇ ਕੁਝ ਸਮਾਂ ਪਹਿਲਾਂ ਰੋੜਿਆਂ ਵਾਲੇ ਪੀਰ ਨੇ ਤੁਹਾਡੇ ਪਿੰਡ ਦੀਆਂ ਮੱਝਾਂ ਮਾਰ ਦਿੱਤੀਆਂ ਸਨ। ਮੈਂ ਸਭ ਕੁਝ ਜਾਣਦਾ ਹਾਂ । ਇਸ ਤਰ੍ਹਾਂ ਦਿਨੋਂ ਦਿਨ ਪੀਰ ਦੀ ਮੰਨਤਾ ਵਧਣੀ ਸੁਰੂ ਹੋ ਗਈ ਸੀ। ਹੁਣ ਪਿੰਡ ਦੀਆਂ ਬਹੁਤ ਬੀਬੀਆਂ ਆ ਕੇ ਪੀਰ ਦੀ ਮਿੰਨਤ ਕਰਦੀਆਂ ਕਿ ਸਾਡੇ ਦੋ ਕੁੜੀਆਂ ਹੋ ਗਈਆ ਹਨ । ਪੀਰ ਜੀ ਮੁੰਡੇ ਦੀ ਦਾਤ ਬਖਸ ਦਿਉ। ਉਹ ਹਰੇਕ ਦੇ ਪਿੰਡੇ ਤੇ ਹੱਥ ਫੇਰਦਿਆਂ ਕਹਿ ਦਿੰਦਾ, ਇਸ ਵਾਰ ਸਾਈਂ ਭਲੀ ਕਰੇਗਾ, ਜਰੂਰ ਮੁੰਡਾ ਹੋਵੇਗਾ। ਇਸ ਤਰ੍ਹਾਂ ਅੱਧੀਆਂ ਕੁ ਬੀਬੀਆਂ ਦੇ ਕੁਦਰਤੀ ਮੁੰਡੇ ਜੰਮ ਪੈਂਦੇ। ਉਹ ਇਸ ਫੱਕਰ ਦੀ ਹੀ ਕਿਰਪਾ ਸਮਝਦੀਆਂ ਸਨ। ਪਰੰਤੂ ਜਿਨ੍ਹਾਂ ਅੱਧੀਆਂ ਦੇ ਕੁੜੀਆਂ ਹੋ ਜਾਂਦੀਆਂ ਉਹ ਵੀ ਫੱਕਰ ਨੂੰ ਮੰਦਾ ਨਾ ਬੋਲਦੀਆਂ ਅਗਲੀ ਵਾਰ ਤੇ ਆਸ ਰੱਖ ਕੇ ਫੱਕਰ ਦੀ ਸੇਵਾ, ਭਗਤੀ ਵਿੱਚ ਜੁੱਟੀਆਂ ਰਹਿੰਦੀਆਂ ਸਨ।
ਹੁਣ ਮੁੰਡੇ ਵਾਲੀਆਂ ਜਨਾਨੀਆਂ ਨੇ ਫੱਕਰ ਦੀ ਮਸ਼ਹੂਰੀ ਕਈ ਪਿੰਡਾਂ ਤੱਕ ਕਰ ਦਿੱਤੀ ਸੀ।ਇਸ ਕਰਕੇ ਹੁਣ ਉਸ ਨੂੰ ਦੁੱਧ, ਦਹੀਂ, ਮੱਖਣ, ਪਰੌਠਿਆਂ, ਕਪੜਿਆਂ ਦੀ ਕੋਈ ਘਾਟ ਨਾ ਰਹਿੰਦੀ।ਪੀਰ ਦੇ ਕਹਿਣ ਤੇ ਪਿੰਡ ਦੇ ਲੋਕਾਂ ਨੇ ਤਿੰਨ ਚਾਰ ਕਮਰੇ ਪਾ ਦਿੱਤੇ ਅਤੇ ਵੱਖਰੀ ਦਰਗਾਹ ਪੀਰ ਰੋੜਿਆਂ ਵਾਲੇ ਦੀ ਵੀ ਬਣਾ ਦਿੱਤੀ ਸੀ। ਮੋਟਰ ਅਤੇ ਬਾਥਰੂਮਾਂ ਦਾ ਵੀ ਵਧੀਆ ਪਰਬੰਧ ਕਰ ਦਿੱਤਾ ਸੀ। ਚੰਗੀ ਖੁਰਾਕ ਦਾ ਕਰਕੇ, ਫੱਕਰ ਦੇ ਸਰੀਰ ਤੇ ਫਿਕਰਾਂ ਗਮਾਂ ਵਿੱਚ ਡੁੱਬੀ ਜਵਾਨੀ ਮੁੜ ਪਰਤ ਆਈ ਸੀ। ਹੁਣ ਉਸ ਕੋਲ ਕੁਝ ਬੀਬੀਆਂ ਸੇਵਾ ਦੇ ਬਹਾਨੇ ਰਾਤ ਵੀ ਰਹਿਣ ਲੱਗ ਪਈਆਂ ਸਨ। ਇਸ ਤਰ੍ਹਾਂ ਫੱਕਰ ਹੁਣ ਮੌਜ ਮਸਤੀ ਵੀ ਕਰਨ ਲੱਗ ਪਿਆ ਸੀ।
ਫੱਕਰ ਦੇ ਕਹਿਣ ਤੇ ਹੁਣ ਹਰ ਸਾਲ ਪਹਿਲੀ ਹਾੜ੍ਹ ਨੂੰ ਬਹੁਤ ਭਾਰੀ ਮੇਲਾ ਕਰਵਾਇਆ ਜਾਂਦਾ ਸੀ। ਸਾਰਾ ਦਿਨ ਪੀਰ ਦੇ ਪੈਰੀਂ ਹੱਥ ਲਾਉਣ ਵਾਲਿਆਂ ਦਾ ਤਾਂਤਾ ਲੱਗਾ ਰਹਿੰਦਾ ਸੀ। ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਜਾਣ ਵਾਲੇ ਮੁੰਡੇ ਵੀ ਉਸ ਦੇ ਪੈਰੀਂ ਹੱਥ ਲਾ ਸੁੱਖਣਾਂ ਸੁੱਖ ਕੇ ਪੁੱਛਦੇ ਰਹਿੰਦੇ ਪੀਰ ਜੀ ਸਾਡਾ ਵੀਜਾ ਕਦੋਂ ਲੱਗੇਗਾ, ਉਹ ਹਰੇਕ ਨੂੰ ਕਹਿ ਦਿੰਦਾ ਕੇ ਸਾਈਂ ਭਲੀ ਕਰੇਗਾ, ਇਸ ਸਾਲ ਲੱਗ ਜਾਵੇਗਾ।ਇਸ ਤਰ੍ਹਾਂ ਕੁਝ ਮੁੰਡਿਆ ਦੇ ਵੀਜੇ ਏਜੰਟਾਂ ਦੀ ਮਿਹਨਤ ਨਾਲ ਲੱਗ ਜਾਂਦੇ ਪਰੰਤੂ ਉਹ ਸਭ ਇਸ ਫੱਕਰ ਦੀ ਕਿਰਪਾ ਸਮਝਦੇ ਸਨ ਅਤੇ ਬਾਹਰ ਜਾ ਕੇ ਲੱਖਾਂ ਰੁਪਏ ਇਸ ਫੱਕਰ ਨੂੰ ਭੇਜਦੇ ਰਹਿੰਦੇ।ਪਰੰਤੂ ਜਿਨ੍ਹਾਂ ਦੇ ਵੀਜੇ ਨਾ ਲੱਗਦੇ ਉਹ ਆਪਣੀ ਕਿਸਮਤ ਨੂੰ ਕੋਸਦੇ ਰਹਿੰਦੇ । ਇਸ ਫੱਕਰ ਨੂੰ ਮਾੜਾ ਨਾ ਕਹਿੰਦੇ ਅਤੇ ਫੱਕਰ ਦੀ ਹੋਰ ਸੇਵਾ ਭਗਤੀ ਵਿੱਚ ਜੁੱਟ ਜਾਂਦੇ।
ਇਸ ਤਰ੍ਹਾਂ ਕੁੱਝ ਸਾਲਾਂ ਵਿੱਚ ਇਹ ਬਹੁਤ ਵੱਡਾ ਡੇਰਾ ਬਣ ਗਿਆ ਸੀ। ਇਸ ਫੱਕਰ ਦੀ ਮਸ਼ਹੂਰੀ ਬਹੁਤ ਦੂਰ ਦੂਰ ਤੱਕ ਫੈਲ ਗਈ ਸੀ। ਹਰ ਵੀਰਵਾਰ ਲੋਕਾਂ ਦੀ ਬਹੁਤ ਵੱਡੀ ਭੀੜ ਲੱਗੀ ਰਹਿੰਦੀ। ਦਰਗਾਹ ਵਿੱਚ ਅਨੇਕਾਂ ਚਿਰਾਗ ਦਿਨ ਰਾਤ ਜਗਦੇ ਰਹਿੰਦੇ।
ਹੁਣ ਫੱਕਰ ਕਦੇ ਕਦੇ ਆਪਣੇ ਪਿੰਡ ਵੀ ਗੇੜਾ ਮਾਰ ਆਉਂਦਾ ਸੀ। ਕਾਫੀ ਪੈਸੇ ਆਪਣੇ ਭਰਾਵਾਂ ਨੂੰ ਦੇ ਆਉਂਦਾ ਸੀ। ਉਸ ਦੇ ਮਾਲਵੇ ਜਾਣ ਆਉਣ ਕਰਕੇ, ਇਕ ਦਿਨ ਪੈੜ ਨੱਪਦੀ ਪੁਲੀਸ ਨੇ ਤੜਕੇ ਛਾਪਾ ਮਾਰ ਕੇ ਫੱਕਰ ਨੂੰ ਆ ਦਬੋਚਿਆ । ਪਿੰਡ ਦੇ ਲੋਕਾਂ ਨੇ ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ। ਪਰੰਤੂ ਜਦੋਂ ਪੁਲਿਸ ਨੇ ਸਖਤੀ ਨਾਲ ਪੁੱਛਿਆ ਫੱਕਰ ਪੰਚਾਇਤ ਦੇ ਸਾਹਮਣੇ ਦੋ ਕਤਲ ਕੀਤੇ ਮੰਨ ਗਿਆ। ਪੁਲੀਸ ਉਸ ਨੂੰ ਲੈ ਕੇ ਔਹ ਦੀ ਔਹ ਗਈ।ਪਿੰਡ ਵਾਲੇ ਸੋਚ ਰਹੇ ਸੀ ਅਸੀਂ ਤੇ ਇਸ ਨੂੰ ਪੁੱਜਿਆ ਹੋਇਆ ਫੱਕਰ ਸਮਝਦੇ ਸੀ ਪਰੰਤੂ ਇਹ ਤੇ ਖੂਨੀ ਨਿਕਲਿਆ, ਪਿੰਡ ਵਾਲਿਆਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ।