ਪਾਣੀ ਦੀ ਵਾਰੀ (ਕਹਾਣੀ) : ਸੁਖਵਿੰਦਰ ਸਿੰਘ ਖਾਰਾ
"ਉਏ ਮੁੰਡਿਉ, ਸੂਆ ਪੰਦਰਾਂ ਦਿਨਾਂ ਦੀ ਬੰਦੀ ਤੋਂ ਬਾਅਦ ਆਇਆ ਹੈ, ਤੁਸੀਂ ਦੋਵੇਂ ਜਣੇ ਮੋਘੇ ਤੋਂ ਲੈ ਕੇ ਆਪਣੀ ਪੈਲੀ ਤਕ ਸਾਰੇ ਪੰਦਰਾਂ ਵੀਹ ਮੂੰਹੇਂ (ਨੱਕੇ) ਤਕੜੇ ਕਰਦੇ ਜਾਇਓ, ਕੱਤੇ ਵਿੱਚ ਔੜ ਦੀ ਵਾਰੀ ਦਾ ਪਾਣੀ, ਜੱਟ ਦੀਆਂ ਲਹੂ ਦੀਆਂ ਘੁੱਟਾਂ ਹੁੰਦਾ ਹੈ। ਜੇਕਰ ਮੁੱਢ ਵਿੱਚ ਕੋਈ ਮੂੰਹਾਂ ਰੁੜ੍ਹ ਗਿਆ, ਫਿਰ ਸਾਰੀ ਵਾਰੀ ਮਾਰੀ ਜਾਵੇਗੀ। ਮੱਕੀ ਪਾਣੀ ਖੁਣੋਂ ਸੁੱਕ ਕੇ ਤੜਫ ਰਹੀ ਹੈ। ਬਰਸੀਮ ਦਾ ਛੱਟਾ ਤੜਕੇ ਮੱਕੀ ਵਿੱਚਲੇ , ਖਲੋਤੇ ਪਾਣੀ ਵਿੱਚ ਦੇ ਦੇਵਾਂਗੇ । ਬਾਕੀ ਰੌਣੀ ਹੋਏ ਖੇਤਾਂ ਵਿੱਚ ਕਣਕ ਟਾਇਮ ਨਾਲ ਪੋਰੀ ਜਾਊਗੀ। ਨਾਲੇ ਸੁੱਕੀ ਠੰਡ ਬਹੁਤ ਅਗੇਤੀ ਪੈਣ ਲੱਗ ਪਈ ਹੈ। ਇਸ ਕਰਕੇ ਬਾਲਟਾ ਕੁ ਮੱਕੀ ਦੇ ਸੁੱਕੇ ਤੁੱਕੇ ਅਤੇ ਕੁਝ ਪਾਥੀਆਂ ਬੋਰੀ ਵਿੱਚ ਪਾ ਕੇ ਲੈ ਜਾਇਉ। ਵੱਟ ਮੂੰਹਾਂ ਤਕੜਾ ਕਰਕੇ ਧੂਣੀ ਧੁਖਾਅ ਕੇ ਸੇਕ ਲਿਉ।
ਮੈਂ ਵੱਡੇ ਗੁਰਦੁਆਰੇ ਤਖਤਪੋਸ਼ ਤੇ ਸੁੱਟੀ ਹੋਈ ਪਰਾਲੀ ਤੇ ਲੰਮਾ ਪੈ ਜਾਊਂਗਾ। ਜਦੋਂ ਗੁਰਦੁਆਰੇ ਵਾਲੇ ਭਾਈ ਨੇ ਦੋ ਵਜੇ ਟਾਇਮ ਵੇਖ ਕੇ ਮੈਨੂੰ ਦੱਸ ਦਿੱਤਾ, ਤੁਹਾਡਾ ਟਾਈਮ ਹੋ ਗਿਆ ਹੈ। ਮੈਂ ਪੰਦਰਾਂ ਮਿੰਟ ਰਸਤੇ ਦੇ ਲੈ ਕੇ ਤੁਹਾਨੂੰ ਪਾਣੀ ਬੰਨ੍ਹਣ ਲਈ ਅਵਾਜ਼ ਮਾਰ ਦੇਵਾਂਗਾ, ਫੇਰ ਤੁਸੀਂ ਭੱਜ ਕੇ ਪਾਣੀ ਬੰਨ੍ਹ ਲਿਉ," ਮੇਰੇ ਬਾਬੇ ਉਜਾਗਰ ਸਿੰਘ ਨੇ ਮੇਰੇ ਬਾਪ ਅਤੇ ਤਾਏ ਨੂੰ ਪਾਣੀ ਦੀ ਵਾਰੀ ਬਾਰੇ ਚੌਕਸ ਅਤੇ ਚੁਕੰਨੇ ਰਹਿਣ ਦੀ ਨਸੀਹਤ ਦਿੰਦਿਆ ਆਖਿਆ।
ਮੇਰਾ ਬਾਪ ਅਤੇ ਤਾਇਆ ਰੋਟੀ ਉਤੋਂ ਦੁੱਧ ਦੇ ਦੋ ਦੋ ਗਿਲਾਸ ਪੀ ਕੇ, ਮੋਟੇ ਖੇਸਾਂ ਦੀਆਂ ਬੁੱਕਲਾਂ ਮਾਰ ਕੇ, ਹੱਥਾਂ ਵਿੱਚ ਡਾਂਗਾਂ ਅਤੇ ਮੋਢੇ ਤੇ ਵੱਡੀਆਂ ਕਹੀਆਂ ਰੱਖ ਕੇ ਖੇਤਾਂ ਨੂੰ ਤੁਰ ਗਏ। ਧੂਣੀ ਦਾ ਸਮਾਨ ਅਤੇ ਡੱਬੀ ਗਰਮ ਕੱਪੜੇ ਵਿੱਚ ਲਪੇਟ ਕੇ ਵੀ ਨਾਲ ਲੈ ਗਏ ਸਨ। ਨਾਲ ਤਿਲ ਅਤੇ ਗੁੜ ਵੀ ਲੈ ਗਏ।
ਬਾਬਾ ਮੇਰਾ ਵੀ ਕਹੀ ਅਤੇ ਡਾਂਗ ਲੈ ਕੇ ਵੱਡੇ ਗੁਰਦੁਆਰੇ ਚਲਿਆ ਗਿਆ ਸੀ। ਉਥੇ ਦਸ ਪੰਦਰਾਂ ਬੰਦੇ ਹੋਰ ਵੀ ਵੱਖ ਵੱਖ ਮੋਘਿਆਂ ਤੇ ਪਾਣੀ ਲਾਉਣ ਵਾਲੇ ਪਏ ਸਨ। ਇਹ ਲਾਰਮ ਵਾਲੀ ਘੜੀ ਪਿੰਡ ਵਾਲਿਆਂ ਪੈਸੇ ਇਕੱਠੇ ਕਰਕੇ ਕਾਫੀ ਸਮਾਂ ਪਹਿਲਾਂ ਦੀ ਗੁਰਦੁਆਰੇ ਦੀ ਦੁਆਰ ਵਿੱਚ ਬਣੀ ਉਚੀ ਬਾਰੀ ਵਿੱਚ ਫਿੱਟ ਕੀਤੀ ਹੋਈ ਸੀ। ਇਸ ਟਾਇਮਪੀਸ ਤੋਂ ਟਾਇਮ ਵੇਖ ਕੇ ਹੀ ਸਾਰੇ ਪਿੰਡ ਵਾਲੇ ਪਾਣੀ ਲਾਉਂਦੇ ਸਨ।ਪਿੰਡ ਦੀ ਪੰਚਾਇਤ ਵਲੋਂ ਵੱਖ ਵੱਖ ਰਸਤਿਆਂ ਦੇ ਤੁਰ ਕੇ ਜਾਣ ਦੇ ਮਿੰਟ ਬੱਧੇ ਹੋਏ ਸਨ। ਬੇਸ਼ੱਕ ਇਹ ਟਾਇਮਪੀਸ ਪੰਦਰਾਂ ਵੀਹ ਮਿੰਟ ਪਿੱਛੇ ਚਲ ਰਿਹਾ ਹੋਵੇ, ਫੇਰ ਵੀ ਪਾਣੀ ਲਾਉਣ ਲਈ ਇਸ ਘੜੀ ਦਾ ਟਾਇਮ ਸਹੀ ਅਤੇ ਪੱਕਾ ਮੰਨਿਆ ਜਾਂਦਾ ਸੀ।
ਜਦੋਂ ਸੂਏ ਦੀ ਬੰਦੀ ਹੁੰਦੀ ਸੀ ਫੇਰ ਗੁਰਦੁਆਰੇ ਦਾ ਭਾਈ ਇਸ ਦਾ ਟਾਈਮ ਰੇਡੀਉ ਨਾਲ ਬਰਾਬਰ ਕਰ ਲੈਂਦਾ ਸੀ। ਬਹੁਤੇ ਪਾਣੀ ਲਾਉਣ ਵਾਲਿਆਂ ਨੂੰ ਇਹ ਘੜੀ ਵੇਖਣ ਦੀ ਜਾਚ ਆ ਗਈ ਸੀ। ਉਹ ਆਪ ਹੀ ਟਾਇਮ ਵੇਖ ਕੇ ਪੰਦਰਾਂ ਮਿੰਟ ਰਸਤੇ ਦੇ ਲੈ ਕੇ ਪਹਿਲਾਂ ਤੁਰ ਪੈਂਦੇ ਸਨ। ਪਰੰਤੂ ਕੁਝ ਲੋਕਾਂ ਨੂੰ ਟਾਇਮ ਵੇਖਣਾ ਨਹੀਂ ਸੀ ਆਉਂਦਾ ।
ਮੇਰੇ ਬਾਬੇ ਅਤੇ ਬਾਪ ਨੂੰ ਵੀ ਟਾਇਮ ਵੇਖਣਾ ਨਹੀਂ ਸੀ ਆਉਂਦਾ।ਇਸ ਕਰਕੇ ਇਹੋ ਜਿਹੇ ਲੋਕਾਂ ਨੂੰ ਰਾਤ ਨੂੰ ਗੁਰਦੁਆਰੇ ਦਾ ਭਾਈ ਟਾਇਮ ਵੇਖ ਕੇ ਪਾਣੀ ਲਾਉਣ ਲਈ ਤੋਰ ਦਿੰਦਾ ਸੀ।ਟਾਇਮ ਸਾਰਾ ਸਾਲ ਦੱਸਣ ਵਾਲੇ ਨੂੰ ਛੇ ਮਹੀਨਿਆਂ ਬਾਅਦ ਮੱਕੀ ਅਤੇ ਕਣਕ ਦੀਆਂ ਦੋ ਦੋ ਭਰੀਆਂ ਦਿੱਤੀਆਂ ਜਾਂਦੀਆ ਸਨ।
"ਉਜਾਗਰ ਸਿਹਾਂ ਤੁਹਾਡਾ ਟਾਇਮ ਹੋ ਗਿਆ ਹੈ, ਪੰਦਰਾਂ ਮਿੰਟ ਰਸਤੇ ਦੇ ਪਾ ਕੇ ਤੇਰੇ ਜਾਂਦਿਆਂ ਨੂੰ ਦੋ ਵਜ ਜਾਣੇ ਹਨ। ਜਾਂਦੇ ਆਪਣਾ ਮੂੰਹਾਂ ਰੋੜ ਲਿਉ," ਗੁਰਦੁਆਰੇ ਦੇ ਭਾਈ ਨੇ ਮੇਰੇ ਬਾਬੇ ਨੂੰ ਪੌਣੇ ਦੋ ਵਜੇ ਇਹ ਕਹਿ ਕੇ ਤੋਰ ਦਿੱਤਾ ਅਤੇ ਦੋ ਹੋਰ ਮੋਘੇ ਵਾਲਿਆਂ ਨੂੰ ਵੀ ਤੋਰ ਦਿੱਤਾ।
ਬਾਬਾ ਮੇਰਾ ਧਮਕੜੇ ਪੰਜ ਸੱਤ ਮਿੰਟਾਂ ਵਿੱਚ ਨੱਕੇ ਤੇ ਪਹੁੰਚ ਗਿਆ। ਮੇਰਾ ਬਾਪ ਤੇ ਤਾਇਆ ਪਹਿਲਾਂ ਹੀ ਅਕਾਸ਼ ਵਿਚਲੇ ਤਾਰਿਆਂ ਤੋਂ ਅੰਦਾਜ਼ਾ ਜਿਹਾ ਲਾ ਕੇ ਮੂੰਹੇਂ ਨੇੜੇ ਤਿਆਰੀ ਵਿੱਚ ਬੈਠੇ ਸਨ। ਬਾਬੇ ਮੇਰੇ ਆਪਣੇ ਮੁੰਡਿਆਂ ਕੋਲ ਪਹੁੰਚ ਕੇ ਜੋਰ ਦੀ ਤਿੰਨ ਹਾਕਰਾਂ (ਅਵਾਜ਼ਾਂ) ਮਾਰੀਆਂ;
"ਉਏ ਪਾਣੀ ਵਾਲਿਆ, ਅਸੀਂ ਪਾਣੀ ਬੰਨ੍ਹਣ ਲੱਗੇ ਹਾਂ," ਸਾਡਾ ਟਾਇਮ ਹੋ ਗਿਆ ਹੈ।
"ਉਏ ਉਜਾਗਰ ਸਿਹਾਂ, ਮੇਰਾ ਕਿਆਰਾ ਥੋੜਾ ਜਿਹਾ ਰਹਿੰਦਾ ਹੈ, ਕਿਤੇ ਸੁੱਕੀਆਂ ਧੋੜੀਆਂ ਰਹਿ ਨਾ ਜਾਣ, ਪੰਜ ਸੱਤ ਘੜੇ ਹੋਰ ਪੈ ਲੈਣ ਦਿਉ, ਦੂਜੀ ਵਾਰੀ ਪੰਜ ਸੱਤ ਮਿੰਟ ਪਹਿਲਾਂ ਲਾ ਲਿਉ," ਅੱਗੋਂ ਬਰਾਬਰ ਦੋ ਤਿੰਨ ਅਵਾਜ਼ਾਂ ਚਰਨ ਸਿੰਘ ਦੀਆਂ ਆਈਆਂ। ਅਵਾਜ਼ ਮਾਰ ਕੇ ਪਾਣੀ ਲਾਉਣਾ ਇਕ ਕਨੂੰਨ ਜਿਹਾ ਬਣ ਗਿਆ ਸੀ। ਜੋ ਪੰਚਾਇਤ ਵਲੋਂ ਪਾਸ ਕੀਤਾ ਗਿਆ ਸੀ। ਅਵਾਜ਼ ਮਾਰਨ ਤੋਂ ਬਗੈਰ ਪਾਣੀ ਬੰਨ੍ਹਣ ਨਾਲ ਲੜਾਈ ਝਗੜਾ ਹੋ ਜਾਂਦਾ ਸੀ।
"ਉਏ ਚਰਨ ਸਿਹਾਂ, ਛੇਤੀ ਦੱਸੀ, ਸਾਡੀ ਵੀ ਸਾਰੀ ਫਸਲ ਬਾੜੀ ਸੁੱਕਦੀ ਜਾਂਦੀ ਹੈ, ਅਸੀਂ ਦੋ ਚਾਰ ਮਿੰਟ ਤੋਂ ਵੱਧ ਖਲੋਅ ਨਹੀਂ ਸਕਦੇ," ਮੇਰੇ ਬਾਬੇ ਹੋਰ ਅਵਾਜ਼ਾਂ ਛੱਡ ਦਿੱਤੀਆਂ ਅਤੇ ਮੂੰਹਾਂ ਬੰਨ੍ਹਣ ਲਈ ਨੇੜਿਉਂ ਨਿੱਕੇ ਬੂਝੇ ਪੁੱਟ ਕੇ ਅਤੇ ਵੱਡੀਆਂ ਘਾਹ ਵਾਲੀਆ ਗਾਚੀਆਂ ਪੁੱਟ ਕੇ ਨੇੜੇ ਰੱਖ ਲਈਆਂ ਸਨ।
"ਉਜਾਗਰ ਸਿਹਾਂ, ਪਾਣੀ ਬੰਨ੍ਹ ਲਵੋ, ਮੇਰਾ ਸੌਰ ਗਿਆ ਹੈ। ਬਹੁਤ ਤੁਹਾਡੀ ਮਿਹਰਬਾਨੀ ਹੋਵੇਗੀ," ਪੰਜ ਮਿੰਟ ਬਾਅਦ ਉਚੀਆਂ ਧੋੜੀਆਂ ਫਰੋਲਦੇ ਚਰਨ ਸਿੰਘ ਨੇ ਆਖਿਆ। ਮੇਰਾ ਬਾਪ ਤੇ ਤਾਇਆ ਟੁੱਟ ਕੇ ਮੂੰਹਾਂ ਬੰਨ੍ਹਣ ਨੂੰ ਇਸ ਤਰ੍ਹਾਂ ਪੈ ਗਏ, ਜਿਵੇਂ ਦਰਿਆ ਦਾ ਬੰਨ੍ਹ ਬੰਨ੍ਹਣਾ ਹੋਵੇ।
"ਉਏ ਵੱਡਿਆ, ਤੂੰ ਮੋਘੇ ਤਕ ਫੇਰਾ ਮਾਰ ਕੇ ਆ, ਮਾੜੇ ਮੂੰਹਿਆਂ ਤੇ ਮਿੱਟੀ ਪਾਉਂਦਾ ਜਾਵੀਂ ਅਤੇ ਸੀਰਾ ਸੂਰਾ ਵੀ ਪੈਰਾਂ ਨਾਲ ਨੱਪਦਾ ਜਾਵੀਂ। ਤੇਰਾ ਕੰਮ ਪਿੱਛੇ ਗੇੜੇ ਤੇ ਗੇੜਾ ਰੱਖਣਾ ਹੈ , ਇਹ ਪਾਣੀ ਜਾਨੀ ਚੋਰ ਹੁੰਦਾ ਹੈ। ਇਹ ਟੁੱਟ ਵੀ ਜਾਂਦਾ ਹੈ ਤੇ ਤੋੜ ਵੀ ਲੈਂਦੇ ਹਨ।
ਕਿਆਰਿਆਂ ਦਾ ਕੰਮ ਅਸੀਂ ਦੋਨੇ ਜਾਣੇ ਆਪੇ ਸੰਭਾਲ ਲਵਾਂਗੇ," ਮੇਰੇ ਬਾਬੇ ਮੇਰੇ ਤਾਏ ਨੂੰ ਹੁਸ਼ਿਆਰ ਕਰਨ ਲਈ ਥੋੜਾ ਜਿਹਾ ਗਰਮ ਲਹਿਜੇ ਵਿੱਚ ਆਖਿਆ।
ਕੁੱਕੜ ਬਾਂਗਾਂ ਦੇਣ ਲੱਗ ਪਏ ਸਨ, ਅਕਾਸ਼ ਵਿੱਚ ਸਰਵਣ ਦੀ ਵਹਿੰਗੀ ਪੱਛਮ ਵਲ ਖਿਸਕ ਗਈ ਸੀ । ਤਿੰਨ ਕਿੱਲੇ ਪੈਲੀ ਭਰ ਗਈ ਸੀ। ਮਰਦਾਨੇ ਵਾਂਗ ਪਿਆਸੀ ਅਤੇ ਸੁੱਕਦੀ ਜਾਂਦੀ ਮੱਕੀ ਵਿੱਚ ਜਾਨ ਪੈ ਗਈ ਸੀ। ਮੱਕੀ ਦੇ ਪੱਤੇ ਖੁਸ਼ੀ ਦੇ ਹੰਝੂ ਆਪਣੇ ਪੱਤਿਆਂ ਤੇ ਸੁੱਟਣ ਵਿੱਚ ਮਗਨ ਹੋ ਗਏ ਸਨ।
ਮੇਰਾ ਬਾਬਾ, ਤਾਇਆ ਤੇ ਬਾਪ ਦੀ ਤਿਗੜੀ ਨਾਲੇ ਧੂੰਏ ਤੇ ਛੱਲੀਆਂ ਭੁੰਨ ਕੇ ਚੱਬ ਰਹੇ ਸਨ, ਨਾਲੇ ਅੱਗ ਸੇਕ ਰਹੇ ਸਨ। ਕਦੇ ਕਦੇ ਘਰੋਂ ਲਿਆਂਦੇ ਤਿਲ, ਗੁੜ ਦਾ ਫੱਕਾ ਮਾਰ ਲੈਂਦੇ ਸਨ।
"ਉਏ ਪਾਣੀ ਵਾਲਿਆ, ਮੈਂ ਪਾਣੀ ਬੰਨ੍ਹਣ ਲੱਗਾ ਹਾਂ, ਸਾਡਾ ਪਾਣੀ ਦਾ ਟਾਈਮ ਹੋ ਗਿਆ ਹੈ," ਅਗਲੀ ਵਾਰੀ ਵਾਲੇ ਦੀ ਸਵਾ ਚਾਰ ਵਜੇ ਆਈ ਅਵਾਜ਼, ਸ਼ਾਂਤ ਸੁੱਤੀ ਫਿਜਾ ਨੂੰ ਚੀਰਦੀ ਜਾਨਵਰਾਂ ਨੂੰ ਜਗਾਉਂਦੀ ਕਈ ਮੀਲਾਂ ਤਕ ਪਹੁੰਚ ਗਈ ਸੀ।