Pakistani (Punjabi Story) : Muhammad Imtiaz
ਪਾਕਿਸਤਾਨੀ (ਕਹਾਣੀ) : ਮੁਹੰਮਦ ਇਮਤਿਆਜ਼
ਫੋਨ ਦਾ ਰਿਸੀਵਰ ਰੱਖਦਿਆਂ ਹੀ ਜਾਵੇਦ ਕੁਰਸੀ ਤੇ ਨਿਢਾਲ ਜਿਹਾ ਹੋ ਕੇ
ਬੈਠ ਗਿਆ। ਥੋੜ੍ਹੀ ਦੇਰ ਬਾਅਦ ਉਸਨੇ ਆਪਣੇ ਗੁੱਟ ਤੇ ਲੱਗੀ ਘੜੀ ਵੱਲ ਵੇਖਿਆ।
''ਦਾਦਰ ਐਕਸਪ੍ਰੈਸ ਤਾਂ ਕੋਈ ਸਾਢੇ ਬਾਰਾਂ-ਇੱਕ ਵਜੇ ਪਹੁੰਚੂ!'' ਸੋਚ ਉਹ ਬੇਫਿਕਰ
ਜਿਹਾ ਹੋ ਗਿਆ। ਥੋੜ੍ਹੀ ਦੇਰ ਬਾਅਦ ਉਸਨੇ ਅਖ਼ਬਾਰ ਚੁੱਕ ਲਿਆ। ਸਾਰਾ ਅਖ਼ਬਾਰ
ਤਾਂ ਉਹ ਪਹਿਲਾਂ ਹੀ ਪੜ੍ਹ ਚੁੱਕਿਆ ਸੀ। ਪਿੱਛੋਂ ਸ਼ੁਰੂ ਕਰ ਅਖ਼ਬਾਰ ਦੇ ਪੰਨੇ ਫਰੋਲਦਿਆਂ
ਉਹ ਪਹਿਲੇ ਪੰਨੇ ਤੇ ਪਹੁੰਚ ਗਿਆ। ਬਾਬਰੀ ਮਸਜਿਦ ਦਾ ਮੁੱਦਾ, ਕਸ਼ਮੀਰ ਦਾ
ਰੌਲਾ, ਓਸਾਮਾ-ਬਿਨ-ਲਾਦੇਨ ਦੀ ਦਹਿਸ਼ਤਗਰਦੀ! ਸੁਰਖ਼ੀਆਂ ਦੀਆਂ ਸੁਰਖੀਆਂ ਨੇ
ਉਸਦੇ ਮਨ ਨੂੰ ਬੇਚੈਨ ਕਰ ਦਿੱਤਾ। ਦੰਦ ਕਿਰਚਦਿਆਂ ਉਸਨੇ ਅਖ਼ਬਾਰ ਤੋੜ-ਮਰੋੜ
ਕੇ ਪਰ੍ਹਾਂ ਵਗਾਹ ਮਾਰਿਆ।
''ਸਮਝ ਨੀ ਆਉਂਦੀ ਟਾਇਮ ਕਿਵੇਂ ਪਾਸ ਕਰਾਂ!'' ਸੋਚਦਿਆਂ ਉਹ ਇਧਰ-
ਉਧਰ ਵੇਖਣ ਲੱਗ ਪਿਆ। ਉਸਨੂੰ ਆਪਣੇ ਕਰਨ ਲਈ ਕੋਈ ਕੰਮ ਨਾ ਲੱਭਿਆ।
ਲਗਭਗ ਆਪਣਾ ਸਾਰਾ ਕੰਮ ਤਾਂ ਉਹ ਪਹਿਲਾਂ ਹੀ ਨਿਪਟਾ ਚੁੱਕਿਆ ਸੀ।
ਸਵੇਰੇ ਉੱਠ ਕੇ ਉਸਨੇ ਫਜਰ ਦੀ ਨਮਾਜ਼ ਪੜ੍ਹੀ ਸੀ। ਫਿਰ ਥੋੜ੍ਹੀ ਜਿਹੀ ਕਸਰਤ
ਕਰਨ ਤੋਂ ਬਾਅਦ ਨਹਾ ਧੋ ਕੇ ਕੱਪੜੇ ਪਾਏ। ਨਾਸ਼ਤਾ ਕਰਨ ਤੋਂ ਬਾਅਦ ਅਖ਼ਬਾਰ
ਪੜ੍ਹਕੇ ਹਾਲੀਂ ਕੁਰਸੀ ਨਾਲ ਢਾਹ ਲਾ ਕੇ ਬੈਠਿਆ ਹੀ ਸੀ ਕਿ ਟੈਲੀਫੋਨ ਦੀ ਘੰਟੀ
ਵੱਜ ਪਈ। ਢਿੱਲੋਂ ਦਾ ਫੋਨ ਸੀ। ਅੱਜ ਉਹ ਦਾਦਰ ਐਕਸਪ੍ਰੈਸ ਰਾਹੀਂ ਉਸਨੂੰ ਮਿਲਣ
ਮਲੇਰਕੋਟਲੇ ਆ ਰਿਹਾ ਸੀ। ਜਾਵੇਦ ਨੇ ਉਸਨੂੰ ਸਟੇਸ਼ਨ ਤੋਂ ਲੈਣ ਜਾਣਾ ਸੀ।
ਐਤਵਾਰ ਹੋਣ ਕਰਕੇ ਅੱਜ ਕਲੀਨਿਕ ਵੀ ਬੰਦ ਸੀ। ਅੰਮੀ ਅਤੇ ਨਾਵੇਦ
ਬਾਹਰ ਗਏ ਹੋਏ ਸਨ। ਇਸੇ ਕਰਕੇ ਜਾਵੇਦ ਨੂੰ ਬੋਰੀਅਤ ਮਹਿਸੂਸ ਹੋ ਰਹੀ ਸੀ।
ਅਖ਼ੀਰ ਜਦੋਂ ਉਸਨੂੰ ਕੁਝ ਵੀ ਨਾ ਸੁੱਝਿਆ ਤਾਂ ਉਸਨੇ ਕੁਰਸੀ ਦੀ ਪਿੱਠ ਦੇ
ਉਪਰਲੇ ਪਾਸੇ ਪਿੱਛੇ ਵੱਲ ਨੂੰ ਸਿਰ ਸੁੱਟ ਕੇ ਅੱਖਾਂ ਬੰਦ ਕਰ ਲਈਆਂ। ਉਸਦੇ
ਸਾਹਮਣੇ ਢਿੱਲੋਂ ਦਾ ਚਿਹਰਾ ਘੁੰਮਣ ਲੱਗਿਆ। ਗੋਰਾ ਰੰਗ, ਗੋਲ ਚਿਹਰਾ, ਹਲਕੀਆਂ-
ਹਲਕੀਆਂ ਦਾੜ੍ਹੀ-ਮੁੱਛਾਂ, ਲੰਮਾ ਕੱਦ! ਸ਼ੌਕੀਨ ਵੀ ਅੰਤਾਂ ਦਾ! ਅੱਧਾ-ਅੱਧਾ ਘੰਟਾ
ਤਾਂ ਉਹ ਪੱਗ ਦੇ ਪੇਚਾਂ ਤੇ ਹੀ ਲਾ ਛੱਡਦਾ! ਉਸਦਾ ਪੂਰਾ ਨਾਂ ਤਾਂ ਮਨਦੀਪ ਸਿੰਘ
ਢਿੱਲੋਂ ਸੀ, ਪਰ ਸਾਰਾ ਹੋਸਟਲ ਉਸਨੂੰ 'ਢਿੱਲੋਂ ਸਾਹਬ' ਕਹਿ ਕੇ ਬੁਲਾਉਂਦਾ ਸੀ।
ਜਾਵੇਦ ਤਾਂ ਉਸਨੂੰ ਸਿਰਫ਼ 'ਢਿੱਲੋਂ' ਹੀ ਕਹਿੰਦਾ ਸੀ। ਉਹ ਵੀ ਜਾਵੇਦ ਨੂੰ ਜਾਵੇਦ
ਫਾਰੂਕੀ ਦੀ ਥਾਂ 'ਜਾਵੇਦ ਮੀਆਂਦਾਦ' ਕਿਹਾ ਕਰਦਾ ਸੀ। ਕਈ ਵਾਰ 'ਪਾਕਿਸਤਾਨੀ'
ਵੀ ਕਹਿ ਦਿੰਦਾ ਸੀ।
'ਪਾਕਿਸਤਾਨੀ' ਸ਼ਬਦ ਧਿਆਨ ਵਿੱਚ ਆਉਂਦਿਆਂ ਹੀ ਜਾਵੇਦ ਦੀਆਂ ਅੱਖਾਂ
ਫੱਟ ਖੁੱਲ੍ਹ ਗਈਆਂ। ਉਸਨੇ ਕਦੇ ਵੀ ਢਿੱਲੋਂ ਦੇ ਇਸ ਸ਼ਬਦ ਤੇ ਗੁੱਸਾ ਨਹੀਂ ਸੀ ਕੀਤਾ।
ਪਰ ਜਦੋਂ ਕੋਈ ਹੋਰ ਉਸਨੂੰ ਪਾਕਿਸਤਾਨੀ ਕਹਿੰਦਾ ਤਾਂ ਉਸਨੂੰ ਗੁੱਸਾ ਚੜ੍ਹ ਜਾਂਦਾ।
ਪਰ ਉੱਪਰੋਂ-ਉੱਪਰੋਂ ਉਹ ਮਜ਼ਾਕੀਆਂ ਚਿਹਰਾ ਬਣਾਉਣ ਦੀ ਕੋਸ਼ਿਸ਼ ਕਰਦਾ।
ਅਸਲ ਵਿੱਚ ਢਿੱਲੋਂ ਤੋਂ ਇਲਾਵਾ ਬਾਕੀ ਸਾਰੇ ਖੁਧਕ ਖਾ ਕੇ ਉਸਨੂੰ ਅਜਿਹੇ
ਸ਼ਬਦ ਬੋਲਦੇ ਸਨ। ਕਦੇ ਉਹ ਮਰਦ ਨੂੰ ਚਾਰ ਵਿਆਹਾਂ ਦੇ ਅਧਿਕਾਰ ਤੇ ਟਿੱਪਣੀ
ਕਰਦੇ ਅਤੇ ਕਦੇ ਇਸਲਾਮ ਦੇ ਕਿਸੇ ਹੋਰ ਨਿਯਮ ਦਾ ਮਜ਼ਾਕ ਉਡਾਉਂਦੇ। ਅਜਿਹੇ
ਵਰਤਾਓ ਕਾਰਨ ਜਾਵੇਦ ਦਾ ਹੋਸਟਲ ਵਿੱਚ ਦਿਲ ਨਾ ਲੱਗਦਾ, ਤੇ ਉਹ ਘਰ
ਵਾਪਿਸ ਆ ਜਾਂਦਾ। ਪਰ ਉਸਦੀ ਅੰਮੀ ਉਸਨੂੰ ਬਹੁਤ ਸਮਝਾਉਂਦੀ, ''ਪੁੱਤ, ਮੈਡੀਕਲ
ਕਾਲਜਾਂ ਵਿੱਚ ਦਾਖਲੇ ਕਿਹੜਾ ਆਸਾਨੀ ਨਾਲ ਮਿਲਦੇ ਨੇ! ਮਸਾਂ ਤਾਂ ਤੈਨੂੰ ਐਮ.
ਬੀ. ਬੀ. ਐਸ. ਵਿੱਚ ਦਾਖਲਾ ਮਿਲਿਐ! ਨਾ ਮੇਰਾ ਪੁੱਤਰ, ਸ਼ੇਰ ਬਣ! ਲੋਕਾਂ ਦਾ ਕੀ
ਐ, ਇਹ ਤਾਂ ਕੁਸ਼ ਨਾ ਕੁਸ਼ ਕਹਿੰਦੇ ਈ ਰਹਿੰਦੇ ਨੇ! ਜੇ ਤੂੰ ਏਸ ਤਰ੍ਹਾਂ ਢੇਰੀ ਢਾਹ
ਲੇਂਗਾ, ਤਾਂ ਤੇਰੇ ਮਰੇ ਬਾਪ ਦਾ ਸੁਪਨਾ ਕਿਵੇਂ ਪੂਰਾ ਕਰੇਂਗਾ?'' ਜਾਵੇਦ ਵੀ ਵਗੈਰ
ਸਿਰ ਦੇ ਸਾਈਂ ਵਾਲੀ ਮਾਂ ਤੇ ਛੋਟੇ ਜਿਹੇ ਨਾਵੇਦ ਵੱਲ ਵੇਖ ਕੇ ਪਿਘਲ ਜਾਂਦਾ ਤੇ
ਵਾਪਿਸ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿੱਚ ਚਲਿਆ ਜਾਂਦਾ।
ਜਦੋਂ ਕਦੇ ਭਾਰਤ ਅਤੇ ਪਾਕਿਸਤਾਨ ਦਾ ਕ੍ਰਿਕੇਟ ਮੈਚ ਹੁੰਦਾ, ਤਾਂ ਹੋਸਟਲ
ਦਾ ਟੀ.ਵੀ. ਰੂਮ ਭਰਿਆ ਪਿਆ ਹੁੰਦਾ। ਸਾਰੇ ਮੁੰਡੇ ਡਟ ਕੇ ਭਾਰਤ ਦਾ ਪੱਖ ਲੈਂਦੇ।
ਜਾਵੇਦ ਵੀ ਉਹਨਾਂ ਦੀ ਹਮਦਰਦੀ ਪ੍ਰਾਪਤ ਕਰਨ ਲਈ ਅਤੇ ਆਪਣੀ ਦੇਸ਼-
ਭਗਤੀ ਦਿਖਾਉਣ ਲਈ ਉੱਚੀ-ਉੱਚੀ ਬੋਲ ਕੇ ਭਾਰਤ ਦਾ ਪੱਖ ਪੂਰਦਾ। ਪਰ ਸਾਰੇ
ਮੁੰਡੇ ਉਸਦੀਆਂ ਭਾਵਨਾਵਾਂ ਦੀ ਪਰਵਾਹ ਕੀਤੇ ਬਿਨਾ ਪਾਕਿਸਤਾਨੀ ਖਿਡਾਰੀਆਂ
ਨੂੰ 'ਮੁਸਲੇ' ਕਹਿ ਕੇ ਗਾਲ੍ਹਾਂ ਕੱਢਦੇ। ਸੁਣਕੇ ਜਾਵੇਦ ਦੁਖੀ ਤਾਂ ਬਹੁਤ ਹੁੰਦਾ, ਪਰ ਪੂਰੇ
ਕਾਲਜ ਵਿੱਚ ਇੱਕਲਾ ਮੁਸਲਮਾਨ ਹੋਣ ਕਰਕੇ ਚੁੱਪ ਕਰ ਜਾਂਦਾ। ਪਰ ਦਿਲੋਂ ਉਹ
ਚਾਹੁੰਦਾ ਕਿ ਭਾਰਤ ਪਾਕਿਸਤਾਨ ਕੋਲੋਂ ਬੁਰੀ ਤਰ੍ਹਾਂ ਨਾਲ ਹਾਰ ਜਾਵੇ। ਇਸ ਤਰ੍ਹਾਂ
ਹੌਲੀ-ਹੌਲੀ ਉਹ ਭਾਰਤੀ ਸਮਰਥਕ ਤੋਂ ਕੱਟੜ ਪਾਕਿਸਤਾਨੀ ਸਮਰਥਕ ਬਣ ਗਿਆ।
ਪੂਰੇ ਹੋਸਟਲ ਵਿੱਚ ਢਿੱਲੋਂ ਹੀ ਉਸਦੇ ਜਜ਼ਬਾਤਾਂ ਨੂੰ ਸਮਝਦਾ ਸੀ। ਢਿੱਲੋਂ
ਗੁਰਦਾਸਪੁਰ ਦੇ ਇੱਕ ਮੱਧ-ਸ਼੍ਰੇਣੀ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਜਾਵੇਦ ਦਾ
ਬੈਚਮੇਟ ਹੋਣ ਕਰਕੇ ਉਹ ਉਸਦਾ ਦੋਸਤ ਬਣ ਗਿਆ ਸੀ। ਹੁਣ ਅੰਮ੍ਰਿਤਸਰ ਵਿੱਚ
ਉਸਦਾ ਆਪਣਾ ਕਲੀਨਿਕ ਸੀ।
ਐਮ. ਬੀ. ਸੀ. ਐਸ. ਕਰ ਲੈਣ ਤੋਂ ਬਾਅਦ ਜਾਵੇਦ ਪਟਿਆਲੇ ਦੇ ਇੱਕ
ਪ੍ਰਾਈਵੇਟ ਹਸਪਤਾਲ ਵਿੱਚ ਡਾਕਟਰ ਲੱਗ ਗਿਆ। ਉੱਥੇ ਸਾਰੇ ਹੀ ਉਸਨੂੰ 'ਡਾਕਟਰ
ਫਾਰੂਕੀ' ਕਹਿ ਕੇ ਬੁਲਾਉਂਦੇ। ਉੱਥੇ ਕੋਈ ਵੀ ਉਸਨੂੰ 'ਪਾਕਿਸਤਾਨੀ' ਨਹੀਂ ਕਹਿੰਦਾ
ਸੀ। ਜਾਵੇਦ ਬਹੁਤ ਖ਼ੁਸ਼ ਸੀ। ਸ਼ਾਇਦ ਉੱਥੇ ਸਾਰੇ ਪੜ੍ਹੇ-ਲਿਖੇ ਤੇ ਸਿਆਣੇ ਲੋਕ ਹੋਣ
ਕਰਕੇ ਅਸਲੀਅਤ ਨੂੰ ਸਮਝਣ ਦੇ ਸਮਰਥ ਸਨ।
ਇੱਕ ਦਿਨ ਜਾਵੇਦ ਨੂੰ ਬਾਜ਼ਾਰ ਵਿੱਚ ਉਸਦਾ ਸਾਥੀ ਡਾਕਟਰ ਗੁਪਤਾ ਮਿਲ
ਗਿਆ।
''ਕੀ ਗੱਲ, ਫਾਰੂਕੀ ਸਾਹਿਬ, ਮਿਲਣ-ਗਿਲਣ ਤੋਂ ਵੀ ਰਹਿ ਗਏ! ਕਿਤੇ
ਕਾਰਗਿਲ ਕਰਕੇ ਤਾਂ ਨਹੀਂ ਮਿਲਣਾ-ਜੁਲਣਾ ਬੰਦ ਕਰ ਦਿੱਤਾ?'' ਗੁਪਤੇ ਨੇ ਜਾਵੇਦ
ਤੋਂ ਅਨੋਖਾ ਸਵਾਲ ਪੁੱਛਿਆ ਸੀ। ਜਾਵੇਦ ਹੈਰਾਨ ਖੜ੍ਹਾ ਰਹਿ ਗਿਆ—''ਕਿੱਥੇ
ਸਾਡੀ ਦੋਸਤੀ ਤੇ ਕਿੱਥੇ ਕਾਰਗਿਲ ਦਾ ਯੁੱਧ!'' ਜਾਵੇਦ ਨੂੰ ਲੱਗਿਆ ਕਿ ਜਿਵੇਂ
ਅੰਮ੍ਰਿਤਸਰ ਦਾ ਸਾਰਾ ਮੈਡੀਕਲ ਕਾਲਜ ਇੱਕਠਾ ਹੋ ਕੇ ਉਸਦੇ ਸਾਹਮਣੇ ਆ ਗਿਆ
ਹੋਵੇ। ਇਸ ਗੱਲ ਨੇ ਜਾਵੇਦ ਨੂੰ ਇੰਨਾ ਦੁਖੀ ਕੀਤਾ ਕਿ ਉਹ ਉੱਥੋਂ ਨੌਕਰੀ ਛੱਡਕੇ
ਮਲੇਰਕੋਟਲੇ ਆ ਗਿਆ ਤੇ ਆ ਕੇ ਉਸਨੇ ਆਪਣਾ ਕਲੀਨਿਕ ਖੋਲ੍ਹ ਲਿਆ।
ਕਈ ਵਾਰ ਜਾਵੇਦ ਨੂੰ ਆਪਣੇ ਬਜ਼ੁਰਗਾਂ ਤੇ ਗੁੱਸਾ ਆਉਣ ਲੱਗ ਪੈਂਦਾ,
ਜਿਹੜੇ ਪਾਕਿਸਤਾਨ ਜਾਣ ਦੀ ਥਾਂ ਭਾਰਤ ਵਿੱਚ ਹੀ ਰਹਿ ਗਏ ਸਨ। ਜਾਵੇਦ ਨੂੰ
ਆਪਣੀ ਬੁੱਢੀ ਦਾਦੀ ਯਾਦ ਆਉਣ ਲੱਗੀ।
ਉਹ ਜਾਵੇਦ ਨੂੰ ਦੱਸਦੀ ਹੁੰਦੀ ਸੀ ਕਿ ਕਿਵੇਂ ਦੇਸ਼ ਦੀ ਵੰਡ ਸਮੇਂ ਬੇਕਸੂਰ
ਕੁੜੀਆਂ ਦੀ ਪੱਤ ਲੁੱਟ ਲਈ ਜਾਂਦੀ ਸੀ ਤੇ ਗੱਭਰੂਆਂ ਦੇ ਖ਼ੂਨ ਦੀ ਹੋਲੀ ਖੇਡੀ ਜਾਂਦੀ
ਸੀ। ਤੁਰੇ ਜਾਂਦੇ ਕਾਫਲਿਆਂ ਨੂੰ ਜਦੋਂ ਕੋਈ ਖੂਹ ਦਿਖਾਈ ਦਿੰਦਾ, ਤਾਂ ਸਾਰੇ ਪਾਣੀ
ਲੈਣ ਲਈ ਉਸ ਵੱਲ ਦੌੜਦੇ, ਪਰ ਖੂਹ ਲਾਸ਼ਾਂ ਨਾਲ ਭਰਿਆ ਹੁੰਦਾ। ਉਹ ਅਕਸਰ
ਉਸ ਚੰਦਰੇ ਵੇਲੇ ਵੱਢੇ ਗਏ ਆਪਣੇ ਭਰਾਵਾਂ ਨੂੰ ਯਾਦ ਕਰਕੇ ਰੋ ਪੈਂਦੀ। ਕਦੇ-ਕਦੇ
ਉਹ ਵਿੱਛੜੇ ਹੋਏ, ਪਾਕਿਸਤਾਨ ਵਿੱਚ ਵੱਸ ਰਹੇ, ਆਪਣੇ ਇੱਕੋ-ਇੱਕ ਭਰਾ ਦੀਆਂ
ਸੁੱਖਾਂ ਸੁੱਖਦੀ। ਜਦੋਂ ਕਦੇ ਉਹ ਪਾਕਿਸਤਾਨ ਦੀ ਕੋਈ ਖ਼ਬਰ ਸੁਣਦੀ, ਤਾਂ ਬੇਚੈਨ ਹੋ
ਉੱਠਦੀ ਤੇ ਜਾਵੇਦ ਤੋਂ ਪਾਕਿਸਤਾਨ ਦਾ ਬਾਰਡਰ ਖੁੱਲ੍ਹਣ ਬਾਰੇ ਪੁੱਛਦੀ। ਅਜਿਹੇ ਹੀ
ਫਿਕਰ ਤੇ ਦੁੱਖ ਉਸਨੂੰ ਉਸਦੀ ਕਬਰ ਤੱਕ ਲੈ ਗਏ।
ਅਚਾਨਕ ਜਾਵੇਦ ਦੇ ਸ਼ਰੀਰ ਵਿੱਚ ਇੱਕ ਝੁਣਝੁਣੀ ਜਿਹੀ ਉੱਠੀ। ਉਸਨੇ
ਆਪਣੀ ਘੜੀ ਵੱਲ ਵੇਖਿਆ। ਬਾਰਾਂ ਵੱਜਣ ਵਿੱਚ ਸੱਤ-ਅੱਠ ਮਿੰਟ ਰਹਿੰਦੇ ਸਨ।
ਉਸਨੇ ਆਪਣੇ ਆਪ ਨੂੰ ਤਰੋ-ਤਾਜ਼ਾ ਕੀਤਾ ਤੇ ਫਿਰ ਕਾਰ ਤੇ ਕੱਪੜਾ
ਮਾਰਿਆ।
ਫਿਰ ਉਸਦੀ ਕਾਰ ਸਟੇਸ਼ਨ ਵੱਲ ਨੂੰ ਚੱਲ ਪਈ।
ਕਾਰ ਪਾਰਕਿੰਗ ਵਿੱਚ ਖੜ੍ਹਾਉਣ ਤੋਂ ਬਾਅਦ ਜਾਵੇਦ ਪਲੇਟਫਾਰਮ ਤੇ ਚਲਿਆ
ਗਿਆ। ਪੰਦਰਾਂ-ਵੀਹ ਮਿੰਟਾਂ ਬਾਅਦ ਗੱਡੀ ਆ ਗਈ।
ਜਾਵੇਦ ਨੂੰ ਗੱਡੀ ਵਿੱਚੋਂ ਉਤਰ ਰਹੇ ਢਿੱਲੋਂ ਨੂੰ ਪਹਿਚਾਣਦਿਆਂ ਦੇਰ ਨਾ
ਲੱਗੀ। ਉਹ ਅੱਗੇ ਨਾਲੋਂ ਥੋੜ੍ਹਾ ਜਿਹਾ ਮੋਟਾ ਹੋ ਗਿਆ ਸੀ ਤੇ ਉਸਦੀਆਂ ਦਾੜ੍ਹੀ-
ਮੁੱਛਾਂ ਵੀ ਭਰਵੀਆਂ ਆ ਗਈਆਂ ਸਨ।
''ਉਏ, ਵਾਹ ਉਏ, ਮੇਰਾ ਪਾਕਿਸਤਾਨੀ!'' ਬਾਹਾਂ ਜਾਵੇਦ ਵੱਲ ਵਧਾਉਂਦਿਆਂ
ਢਿੱਲੋਂ ਖ਼ੁਸ਼ੀ ਭਰੀ ਉੱਚੀ ਆਵਾਜ਼ ਵਿੱਚ ਚਹਿਕਿਆ।
ਜਾਵੇਦ ਨੇ ਵੀ ਉਸਨੂੰ ਘੁੱਟ ਕੇ ਜੱਫੀ ਪਾ ਲਈ ਤੇ ਬੋਲਿਆ, ''ਨਾਂਹ ਯਾਰ,
ਹੁਣ ਨਾ ਤੂੰ ਮੈਨੂੰ ਪਾਕਿਸਤਾਨੀ ਆਖ।''
''ਨਾਂਹ, ਹੋਰ ਕੀ ਤੂੰ ਹਿੰਦੋਸਤਾਨੀ ਏਂ!'' ਢਿੱਲੋਂ ਹਾਲੀਂ ਵੀ ਮਜ਼ਾਕੀਆ ਲਹਿਜੇ
ਵਿੱਚ ਸੀ।
''ਮੈਂ ਕਦ ਕਿਹਾ ਆ, ਬਈ, ਮੈਂ ਹਿੰਦੋਸਤਾਨੀ ਆਂ! ਮੈਂ ਤਾਂ, ਭਰਾਵਾ, ਧੋਬੀ ਦਾ
ਕੁੱਤਾ ਆਂ, ਨਾ ਘਰ ਦਾ, ਨਾ ਘਾਟ ਦਾ।''
ਹੁਣ ਢਿੱਲੋਂ ਦੇ ਚਿਹਰੇ ਤੇ ਗੰਭੀਰਤਾ ਫੈਲ ਗਈ।
(ਕਹਾਣੀ-ਸੰਗ੍ਰਹਿ 'ਪਾਕਿਸਤਾਨੀ' ਵਿੱਚੋਂ)