Pahuta Pandhi (Punjabi Story) : Gurbakhsh Singh Preetlari

ਪਹੁਤਾ ਪਾਂਧੀ (ਕਹਾਣੀ) : ਗੁਰਬਖ਼ਸ਼ ਸਿੰਘ ਪ੍ਰੀਤਲੜੀ

ਅੰਮ੍ਰਿਤਸਰੋਂ ਲੁਧਿਆਣੇ ਵਲ ਗੱਡੀ ਆ ਰਹੀ ਸੀ । ਤੀਸਰੇ ਦਰਜੇ ਦੇ ਡੱਬੇ ਖਚਾਖਚ ਭਰੇ ਸਨ। ਸਾਰੀ ਗੱਡੀ ਭੌਂ ਭੁਆ ਕੇ ਇਕ ਭਾਰਾ ਜਿਹਾ ਸੱਜਨ ਇਕ ਡੱਬੇ ਅਗੇ ਆ ਖਲੋਤਾ ਤੇ ਮਿੰਨਤਾਂ ਕੀਤੀਆਂ ਪਰ ਅੰਦਰਲਿਆਂ ਨੇ ਝਾੜ ਛੱਡਿਆ । "ਕੋਈ ਥਾਂ ਨਹੀਂ ।" ਉਹ ਨਿਮੋਝੂਣ ਹੋਇਆ, ਹਿਲਣ ਹੀ ਲਗਾ ਸੀ ਕਿ ਉਸੇ ਅੰਦਰੋ ਕਿਸੇ ਆਖਿਆ, "ਥਾਂ ਕਿਉਂ ਨਹੀਂ, ਤੁਸੀ' ਆਓ ਜੀ ।"
ਇਹ ਕੋਈ ਫ਼ੌਜੀ ਵਰਦੀ ਵਿਚ ਸਨ ਤੇ ਇਹਨਾਂ ਨਾਲ ਦੇ ਸਿਪਾਹੀ ਇਹਨਾਂ ਨੂੰ ਮੇਜਰ ਸਾਹਿਬ ਆਖਦੇ ਸਨ। ਬਾਹਰਲਾ ਸੱਜਨ ਅੰਦਰ ਧੁਸ ਕੇ ਇਹਨਾਂ ਦੇ ਕੋਲ ਜਾ ਖੜੋਤਾ।
ਇਕ ਦੋ ਮਿੰਟਾਂ ਬਾਅਦ ਉਹਨਾਂ ਆਖਿਆ !
"ਔਸ ਅਖ਼ੀਰਲੀ ਸੀਟ ਤੇ ਬੈਠੇ ਆਦਮੀ ਨੇ ਅਗਲੇ ਸਟੇਸ਼ਨ ਤੇ ਉਤਰ ਜਾਣਾ ਏਂ-ਤੁਸੀ' ਕਿਸੇ ਤਰ੍ਹਾਂ ਉੇਥੇ ਪਹੁੰਚ ਜਾਓ।"
"ਪਹੁੰਚਣਾ ਹੀ ਮੁਸ਼ਕਲ ਹੈ", ਉਸ ਆਖਿਆ ।
"ਵੇਖੋ, ਮੈਂ ਤੁਹਾਨੂੰ ਕਿਸ ਤਰ੍ਹਾਂ ਪੁਚਾਂਦਾ ਹਾਂ।" ਤੇ ਉਹਨਾਂ ਆਪਣਾ ਪਾਸਾ ਜ਼ਰਾ ਕੁ ਚੁਕ ਕੇ ਉਹਨੂੰ ਬੰਚਾਂ ਦੀ ਵਿਚਕਕਾਰਲੀ ਢੋ ਉਤੇ ਖੜਾ ਕਰ ਦਿੱਤਾ ।
"ਉਤੋਂ ਛੱਤ ਨੂੰ ਹੱਥ ਪਾ ਲਵੋ ।" ਤੇ ਦੂਜੀਆਂ ਸਵਾਰੀਆਂ ਨੂੰ ਹਾਸੇ ਵਿਚ ਪਾਣ ਲਈ ਉਹਨਾਂ ਆਖਿਆ:
"ਇਹ ਸਰਦਾਰ ਜੀ ਕੋਈ ਤਮਾਸ਼ਾ ਵਿਖਾਣ ਲਗੇ ਹਨ- ਜ਼ਰਾ ਜ਼ਰਾ ਸੰਭਲ ਜਾਵੋ-ਮਤੇ ਇਹਨਾਂ ਹੇਠਾਂ ਕੋਈ ਬੰਦਾ ਪੀਸਿਆ ਜਾਏ !"
ਭਾਰੇ ਸਰੀਰ ਵਲ ਵੇਖ ਕੇ ਸਵਾਰੀਆਂ ਹੱਸੀਆਂ ਤੇ ਸਭ ਨੇ ਢੋ ਨਾਲੋਂ ਪਿਠਾਂ ਪਰ੍ਹਾਂ ਕਰ ਲਈਆਂ । ਉਹ ਦੂਜੇ ਸਿਰੇ ਪਹੁੰਚ ਗਿਆ । ਸਟੇਸ਼ਨ ਆਉਂਦਿਆਂ ਹੀ, ਸੀਟ ਖ਼ਾਲੀ ਹੋਈ-ਉਹ ਅਰਾਮ ਨਾਲ ਬਹਿ ਗਿਆ ਤੇ ਉਸ ਨੇ ਸ਼ੁਕਰੀਏ ਵਿਚ ਦੂਰੋਂ ਮੇਜਰ ਸਾਹਿਬ ਨੂੰ ਹੱਥ ਜੋੜੇ ।
ਉਸ ਸਟੇਸ਼ਨ ਤੇ ਉਤਰਿਆ ਤਾਂ ਇਕੋ ਸੀ ਪਰ ਚੜ੍ਹਨ ਵਾਲੇ ਦੋ ਆ ਗਏ।ਬੂਹੇ ਅਗੇ ਖੜੋਤੇ ਸਿਪਾਹੀਆਂ ਨੇ ਝਿੜਕ ਛੱਡਿਆ। ਉਹਨਾਂ ਦੋਹਾਂ ਨੇ ਬੜੇ ਹੀ ਤਰਲੇ ਕੀਤੇ । ਮੇਜਰ ਸਾਹਿਬ ਨੇ ਫੇਰ ਆਖਿਆ, "ਆ ਜਾਣ ਦਿਓ ।"
"ਪਰ ਕੋਠਾ ਇਹਨਾਂ ਨੂੰ ਸਬਾਬ ਲਈ ਚਾਹੀਦਾ ਏ, ਉਹ ਕਿਥੇ ਧਰਾਂਗੇ ?" ਸਿਪਾਹੀਆਂ ਆਖਿਆ ।
ਮੇਜਰ ਸਾਹਿਬ ਟੱਟੀ ਦੇ ਨੇੜੇ ਬੈਠੇ ਸਨ। ਉਹਨਾਂ ਟੱਟੀ ਦਾ ਬੂਹਾ ਖੋਲ੍ਹਿਆ । ਬੜੀ ਮਹਿਕ ਆਈ। ਸਵਾਰੀਆਂ ਨੱਕ ਕਜ ਲਏ । ਪਰ ਮੇਜਰ ਸਾਹਿਬ ਉਠੇ, "ਮੈਂ ਇਕ ਮਿੰਟ ਵਿਚ ਸਾਫ਼ ਕਰ ਦੇਂਦਾ ਹਾਂ-ਤੁਸੀਂ ਸਮਾਨ ਅੰਦਰ ਧਰਨ ਦੀ ਕਰੋ ।"
ਸਿਪਾਹੀਆਂ ਨੂੰ ਸ਼ਰਮ ਆ ਗਈ। ਇਕ ਸਿਪਾਹੀ ਟੱਟੀ ਵਿਚ ਗਿਆ । ਦੂਜੇ ਨੇ ਸਬਾਬ ਨੂੰ ਹੱਥ ਪਾਇਆ ।
ਟੱਟੀ ਸਾਫ਼ ਹੁੰਦੀ ਰਹੀ, ਮੇਜਰ ਸਾਹਿਬ ਹੱਸਦੇ ਰਹੇ:
"ਭਾਈ ਮੈਂ ਤੁਹਾਥੋਂ ਪਹਿਲਾਂ ਧਰਮਰਾਜ ਕੋਲ ਜਾਣਾ ਏ- ਮੈਂ ਉਹਨੂੰ ਦਸਾਂਗਾ-ਬੰਤਾ ਸਿੰਘ ਨੇ ਕਿਹੋ ਜਹੀ ਸਫ਼ਾਈ ਕੀਤੀ ਸੀ । ਖ਼ੂਬ ਪਾਣੀ ਡੋਲ੍ਹੀਂ, ਵੇਖੀਂ ਜ਼ਰਾ ਬੋ ਨਾ ਰਹੇ !"
ਟੱਟੀ ਚੰਗੀ ਸਾਫ਼ ਹੋ ਗਈ ।ਅਸਬਾਬ ਉਹਦੇ ਵਿਚ ਚਿਣ ਦਿੱਤਾ ਗਿਆ। ਸਾਰੇ ਡੱਬੇ ਦੀ ਫ਼ਿਜ਼ਾ ਬਦਲ ਗਈ । ਉਹ ਅਫ਼ਸਰ ਡੱਬੇ ਦਾ ਕੇਂਦ੍ਰ ਬਣ ਗਿਆ । ਬੜਾ ਰੌਣਕੀ, ਹਸਮੁਖ- ਸਭ ਅੱਖਾਂ ਉਸੇ ਵਲ ਭੌਂ ਗਈਆਂ।
ਅਗਲੇ ਸਟੇਸ਼ਨ ਤੇ ਸ਼ਕੰਜਵੀ ਵੇਚਣ ਵਾਲਾ ਆਇਆ। ਆਂਹਦਾ ਸੀ, "ਠੰਢੇ ਮਿੱਠੇ ਗਲਾਸ, ਆਨੇ ਆਨੇ ਗਲਾਸ ਗਰਮੀ ਨਾਲ ਕਈਆਂ ਦੇ ਮੂੰਹ ਸੁਕੇ ਹੋਏ ਸਨ।
"ਵੇਖ ਭਈ ਬੰਤਾ ਸਿੰਹਾਂ-ਠੰਢੇ ਮਿੱਠੇ ਹੈਨ ਵੀ ?"
ਦੋਹਾਂ ਸਿਪਾਹੀਆਂ ਨੂੰ ਗਲਾਸ ਦੁਆ ਦਿੱਤੇ ।ਭੀੜ ਬਹੁਤ ਸੀ। ਪੀਣਾ ਕਈ ਚਾਹੁੰਦੇ ਸਨ, ਪਰ ਬਾਰੀ ਤਕ ਪਹੁੰਚਣਾ ਮੁਸ਼ਕਲ ਸੀ।
"ਫੜਾਈਂ ਬੰਤਾ ਸਿੰਹਾਂ-ਉਹਨਾਂ ਭਾਈਆ ਜੀ ਨੂੰ-ਉਹ ਲਾਲਾ ਜੀ ਵੀ ਬੁਲ੍ਹ ਪਏ ਚੂਸਦੇ ਨੀਂ। ਔਹ ਕਾਕੇ ਨੂੰ ਭੀ ਦਈਂ ।" ੧੯ ਗਲਾਸ ਪਿਆਏ ਗਏ, ਗੱਡੀ ਤੁਰਨ ਵਾਲੀ ਸੀ। ਪਾਣੀ ਵਾਲਾ ਪੈਸਿਆਂ ਬਾਰੇ ਚਿੰਤਾ ਕਰ ਰਿਹਾ ਸੀ।
"ਲੈ ਭਈ-ਤੂੰ ਤੇ ਜਾ।" ਸਵਾ ਰੁਪਿਆ ਉਹਦੇ ਹੱਥ ਫੜਾ ਕੇ ਮੇਜਰ ਸਾਹਿਬ ਆਖਿਆ, "ਮੈਂ ਇਹਨਾਂ ਕੋਲੋਂ ਆਪੇ ਉਗਰਾਹ ਲਵਾਂਗਾ ।"
ਸਵਾਰੀਆਂ ਦੇ ਦਿਲਾਂ ਵਿਚ ਉਸ ਹਸੂੰ ਹਸੂੰ ਕਰਦੇ ਮੇਜਰ ਦੀ ਬੜੀ ਇੱਜ਼ਤ ਬਣ ਗਈ ਸੀ । ਉਹਨਾਂ ਆਪੋ ਆਪਣੇ ਪੈਸੇ ਹੱਥੋ ਹੋਥੀਂ ਘਲਣੇ ਸ਼ੁਰੂ ਕਰ ਦਿੱਤੇ । ਪਰ ਮੇਜਰ ਸਾਹਿਬ ਨੇ ਝੋਲੀ ਅਡ ਕੇ ਹਾਸੇ ਵਿਚ ਗੱਲ ਉਡਾ ਦਿੱਤੀ:
'ਆਨਾ-ਆਨਾ ਮੈਂ ਨਹੀਂ ਲੈਣਾ, ਜੇ ਦੇਣਾ ਜੇ ਤਾਂ ਨੋਟ ਨਾਟ ਪਾਓ। ਮੇਰਾ ਕੁਝ ਬਣੇ ਵੀ। ਮੈਂ ਘਰ ਛੁੱਟੀ ਜਾ ਰਿਹਾ ਹਾਂ।"
ਸਭ ਦੇ ਆਨੇ ਮੁੜ ਗਏ ਤੇ ਲੋਕ ਉਸ ਭਖਦੇ ਦਿਲ ਵਾਲੇ ਅਫ਼ਸਰ ਕੋਲੋਂ ਝੜਦੇ ਚੰਗਿਆੜਿਆਂ ਵਿਚ ਮਸਤ ਹੋ ਗਏ।
ਏਨੇ ਨੂੰ ਕਿਸੇ ਨੇ ਤਮਾਕੂ ਪੀਣਾ ਚਾਹਿਆ । ਨਾਲ ਦੇ ਨੇ ਆਖਿਆ,
"ਨਾ-ਨਾ ਸਰਦਾਰ ਸਾਹਿਬ ਦੇ ਹੁੰਦਿਆਂ ਨਹੀਂ ਪੀਣਾ ।"
ਮੇਜਰ ਸਾਹਿਬ ਨੇ ਸੁਣ ਲਿਆ ਤੇ ਹਸ ਕੇ ਬੋਲੇ:
"ਪੀਣਾ ਕਿਉਂ ਨਹੀਂ । ਬੇਸ਼ਕ ਪੀਓ ਪਰ ਕੋਈ ਵਧੀਆ ਜਿਹਾ ਸਿਗਰਟ ਪੀਣਾ ।"
ਕਿਸੇ ਨੇ ਪੁਛਿਆ, "ਵਧੀਆ ਨਾਲ ਕੀ ਫ਼ਰਕ ਪੈ ਜਾਏਗਾ ?"
"ਵਧੀਆ ਸਿਗਰਟਾਂ ਦਾ ਧੂੰਆਂ ਤਾਂ ਕਈ ਵਾਰੀ ਸਾਡੇ ਅੰਗਰੇਜ਼ ਅਫ਼ਸਰਾਂ ਸਾਡੇ ਮੂੰਹ ਤੇ ਮਾਰਿਆ ਹੈ, ਉਸ ਧੂੰਏਂ ਦੀ ਸਾਨੂੰ ਆਦਤ ਹੈ ।"
ਪੀਣ ਵਾਲੇ ਕੋਲ ਵਧੀਆ ਸਿਗਰਟ ਨਹੀਂ ਸੀ । ਉਹ ਬੀੜੀ ਪੀਣ ਵਾਲਾ ਸੀ । ਸ਼ਰਮਾ ਗਿਆ । ਕਹਿਣ ਲਗਾ, "ਮੈਂ ਨਹੀਂ ਪੀਂਦਾ ।"
ਜਦੋਂ ਮੇਜਰ ਸਾਹਿਬ ਨੂੰ ਬੀੜੀ ਦੀ ਸਮਝ ਆਈ, ਤਾਂ ਉਹਨਾਂ ਆਖਿਆ:
"ਬੀੜੀ ਦਾ ਧੂੰਆਂ ਤੂੰ ਬਾਰੀ ਵਿਚੋਂ ਬਾਹਰ ਸੁਟ ਛੱਡੀਂ-ਨਾ ਸਾਡੇ ਵਲ ਮਾਰੀਂ, ਪਰ ਭਈ-ਪੀ ਜ਼ਰੂਰ ।"
ਤੇ ਆਖ ਵੇਖ ਕੇ ਉਨ੍ਹਾਂ ਉਹਨੂੰ ਸੂਟਾ ਲੁਆ ਹੀ ਦਿੱਤਾ।
ਅਗਲੇ ਸਟੇਸ਼ਨ ਤੇ ਇਕ ਹੌਲਦਾਰ ਨੇ ਪਲੇਟਫ਼ਾਰਮ ਤੋਂ ਸਲੂਟ ਖੜਕਾਈ ਤੇ ਪੁਛਿਆ:
"ਸਾਹਿਬ ਆਪ ਆਪਣਾ ਡੱਬਾ ਛੱਡ ਕੇ ਏਥੇ ਕਿਉਂ ਆ ਗਏ?"
"ਮੈਂ ਕੀ ਲੈਣਾ ਸੀ, ਪੇ-ਮਰਿਆਂ ਦੇ ਡੱਬੇ ਵਿਚ ? ਕੋਈ ਅਖ਼ਬਾਰ ਪੜ੍ਹਦਾ ਸੀ, ਕੋਈ ਕਿਤਾਬ ਮੂੰਹ ਅਗੇ ਧਰੀ ਬੈਠਾ ਸੀ, ਕੋਈ ਸਿਗਰਟ ਦੇ ਧੂੰਏਂ ਵਲ ਹੀ ਵੇਖੀ ਜਾ ਰਿਹਾ ਸੀ । ਮੈਂ ਇਥੇ ਆ ਗਿਆ । ਏਥ ਸਭ ਦੇ ਪੇ ਜਿਉਂਦੇ ਜਾਪਦੇ ਨੇ।"
"ਫੇਰ ਮੈਂ ਤੁਹਾਡੀ ਸੀਟ ਤੇ ਜਾ ਬਵ੍ਹਾਂ ? ਸਮਾਨ ਦਾ ਧਿਆਨ ਰਖਾਂਗਾ ?"
"ਨ ਭਈ-ਨਾ, ਉਥੇ ਤਾਂ ਮੇਰਾ ਜਾ-ਨਸ਼ੀਨ ਬੈਠਾ ਈ।"
"ਉਹ ਕੌਣ ਸਾਹਿਬ ?"
"ਤੁਰਦੀ ਗੱਡੀ ਦੇ ਜੰਗਲੇ ਨਾਲ ਕੋਈ ਲਟਕ ਗਿਆ । ਮੈਨੂੰ ਡਰ ਲਗਾ ਕਿਤੇ ਡਿਗ ਡਿਗਾ ਕੇ ਮਰ ਜਾਏਗਾ । ਫੇਰ ਗਵਾਹੀਆਂ ਭੁਗਤਣੀਆਂ ਪੈਣਗੀਆਂ ।ਮੈਂ ਉਹਨੂੰ ਅੰਦਰ ਵਾੜ ਲਿਆ ।ਅਗਲੇ ਸਟੇਸ਼ਨ ਤੇ ਮੈਂ ਉਹਨੂੰ ਆਖਿਆ ਕਿਸੇ ਹੋਰ ਡੱਬੇ ਵਿਚ ਚਲਾ ਜਾ । ਪਰ ਉਹ ਪੈਰੀਂ ਪਏ, 'ਜੀ ਮੈਨੂੰ ਕਿਸ ਥਾਂ ਦੇਣੀ ਏ।' ਮੈਂ ਆਪਣੀ ਟਿਕਟ ਉਹਦੇ ਨਾਲ ਵਟਾ ਕੇ ਏਥੇ ਆ ਗਿਆ। ਬੰਤਾ ਸਿੰਘ ਹੋਰੀਂ ਇੱਥੇ ਬੈਠੇ ਸਨ।"
ਸੁਣ ਕੇ ਸਵਾਰੀਆਂ ਦੰਗ ਰਹਿ ਗਈਆਂ । ਪਰ ਉਸ ਭਲੇ ਸਰਦਾਰ ਨੇ ਕਿਸੇ ਨੂੰਆਪਣੀ ਤਾਰੀਫ਼ ਨਾ ਕਰਨ ਦਿੱਤੀ। ਜਿਹੜਾ ਕੋਈ ਸ਼ੁਰੂਕਰੇ, ਕੋਈ ਹੋਰ ਈ ਗੱਲ ਆਪਣੇ ਕੋਲੋਂ ਵਾਹ ਕੇ ਉਹਨੂੰ ਉਹ ਚੁਪ ਕਰਾ ਦੇਵੇ।
ਅਗਲੇ ਸਟੇਸ਼ਨ ਤੇ ਮੇਜਰ ਸਾਹਿਬ ਨੇ ਲਹਿ ਜਾਣਾ ਸੀ।
ਉਹਨਾਂ ਕੋਲੋਂ ਨਾਲ ਦਿਆਂ ਨੇ ਨਾਂ ਪਤਾ ਪੁਛਿਆ । ਉਹ ਸਿਪਾਹੀਆਂ ਨਾਲ ਉਹਨਾਂ ਦਾ ਅਸਬਾਬ ਕੱਠਾ ਕਰਨ ਲਗ ਪਏ।
"ਸਬਾਬ ਦਾ ਯੁੱਧ ਮੁਕਾ ਲਈਏ-ਫੇਰ ਮੈਂ ਤੁਹਾਨੂੰ ਆਪਣਾ ਸਾਰਾ ਪਤਾ ਲਿਖਾ ਦਿਆਂਗਾ ।"
ਸਟੇਸ਼ਨ ਆਇਆ, ਕੁਲੀਆਂ ਤੇ ਸਵਾਰੀਆਂ ਦਾ ਰੌਲਾ ਪੈ ਗਿਆ । ਤੇ ਮੇਜਰ ਸਾਹਿਬ ਸਭ ਨੂੰ ਹੱਥ ਜੋੜਦੇ ਤੇ ਇਹ ਕਹਿੰਦੇ ਕਾਹਲੀ ਕਾਹਲੀ ਗੱਡੀਓਂ ਹੇਠਾਂ ਉਤਰ ਗਏ:
"ਮੈਂ ਆਪਣਾ ਨਿੱਕ ਸੁਕ ਵੀ ਪੇ-ਮਰਿਆਂ ਦੇ ਡੱਬੇ ਚੋਂ ਕੱਠਾ ਕਰਨਾ ਹੈ-ਐਤਕੀਂ ਮਾਫ਼ੀ ਦੇ ਦਿਓ । ਜੇ ਫੇਰ ਇਹੋ ਜਿਹਾ ਮੌਕਾ ਮਿਲ ਗਿਆ ਤਾਂ ਪੂਰਾ ਪਤਾ ਨੋਟ ਕਰਾ ਦਿਆਂਗਾ।"
ਔਹ ਗਏ-ਔਹ ਗਏ-ਸਾਰੇ ਡੱਬੇ 'ਚੋਂ ਰੂਹ ਨਿਕਲ ਗਈ- ਡੱਬਾ ਭਾਂ ਭਾਂ ਕਰਨ ਲਗ ਪਿਆ ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਬਖ਼ਸ਼ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ