Opra Banda (Punjabi Story) : Ashok Vasishth
ਓਪਰਾ ਬੰਦਾ (ਕਹਾਣੀ) : ਅਸ਼ੋਕ ਵਾਸਿਸ਼ਠ
“ਬੜਾ ਢੀਠ ਬੰਦਾ ਹੈ! ਕਈ ਵਾਰ ਕਹਿ ਚੁਕੀ ਹਾਂ, ਮੈਡਮ ਅੱਜ ਕਿਸੇ ਹਾਲਤ ਵਿਚ ਮਿਲ ਨਹੀਂ ਸਕਦੇ, ਪਰ ਉਹ ਸੁਣਦਾ ਹੀ ਨਹੀਂ; ਅਖੇ ‘ਕੋਈ ਗੱਲ ਨਹੀਂ, ਜਦ ਉਹ ਮਿਲ ਸਕਣਗੇ, ਅਸੀਂ ਉਨ੍ਹਾਂ ਨੂੰ ਮਿਲ ਲਵਾਂਗੇ, ਤੁਸੀਂ ਜਾਓ ਆਪਣਾ ਕੰਮ ਕਰੋ!’ ਦੱਸੋ, ਮੈਂ ਕੀ ਕਰਾਂ!”
“ਕਿਸੇ ਪ੍ਰਾਬਲਮ ਵਿਚ ਹੋਵੇਗਾ, ਕੋਈ ਗੱਲ ਨਹੀਂ, ਉਨ੍ਹਾਂ ਨੂੰ ਥੋੜ੍ਹੀ ਦੇਰ ਰੁਕਣ ਲਈ ਕਹਿ ਦੇਹ!” ਮੈਡਮ ਨੇ ਉਹਦੀ ਗੱਲ ਸੁਣ ਹਮਦਰਦੀ ਨਾਲ ਕਿਹਾ।
“ਇਹ ਗੱਲ ਤਾਂ ਮੈਂ ਪੰਜਾਹ ਵਾਰ ਕਹਿ ਚੁਕੀ ਹਾਂ, ਉਹ ਕੁਝ ਸੁਣੇ ਵੀ ਤਾਂ!”
“ਐਵੇਂ ਨਿੱਕੀ ਨਿੱਕੀ ਗੱਲ ‘ਤੇ ਘਬਰਾ ਨਾ ਜਾਇਆ ਕਰ, ਤੂੰ ਚੱਲ, ਉਹਨੂੰ ਮੈਂ ਆਪੇ ਦੇਖ ਲਵਾਂਗੀ!” ਮੈਡਮ ਨੇ ਉਹਨੂੰ ਸਮਝਾ ਕੇ ਬਾਹਰ ਭੇਜ ਦਿੱਤਾ।
“ਸ਼ਾਲੂ, ਕੋਈ ਪੁਰਾਣਾ ਪ੍ਰੇਮੀ ਲਗਦੈ, ਜੋ ਨਿੱਠ ਕੇ ਬਹਿ ਗਿਐ!” ਉਸ ਦੇ ਪਾਸ ਬੈਠੀ ਚੰਗੀ ਵਾਕਫ ਔਰਤ ਦੇ ਮੂੰਹੋਂ ਨਿਕਲਿਆ।
“ਸਭ ਦੀ ਆਪੋ ਆਪਣੀ ਸਮੱਸਿਆ, ਆਪੋ ਆਪਣੇ ਦੁੱਖ, ਇਹ ਵਿਚਾਰੀ ਇਸ ਗੱਲ ਲਈ ਦੁਖੀ ਹੈ ਕਿ ਬਾਹਰ ਇਕ ਬੰਦਾ ਬੈਠਾ ਹੋਇਐ।”
“ਤੇ ਉਹ ਵਿਚਾਰਾ ਇਸ ਲਈ ਪ੍ਰੇਸ਼ਾਨ ਹੋਵੇਗਾ ਕਿ ਮੈਡਮ ਉਹਨੂੰ ਨਹੀਂ ਮਿਲਦੀ!” ਸ਼ਾਲੂ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਮਿਲਣ ਆਈ ਔਰਤ ਬੋਲ ਪਈ।
“ਉਹ ਪ੍ਰੇਸ਼ਾਨ ਹੈ ਜਾਂ ਨਹੀਂ, ਮੈਂ ਕਹਿ ਨਹੀਂ ਸਕਦੀ, ਪਰ ਉਹਦੀ ਕੋਈ ਸਮੱਸਿਆ ਵੀ ਤਾਂ ਹੋ ਸਕਦੀ ਹੈ, ਅਜਿਹੀ ਸਮੱਸਿਆ ਕਿ ਉਸ ਲਈ ਮਿਲਣਾ ਜਰੂਰੀ ਹੋਵੇ।” ਸ਼ਾਲੂ ਨੇ ਗੱਲ ਪੁੱਠੇ ਪਾਸੇ ਜਾਣ ਤੋਂ ਰੋਕਣ ਦਾ ਯਤਨ ਕਰਦਿਆਂ ਕਿਹਾ।
“ਹਾਂ ਇਹ ਤਾਂ ਹੋ ਸਕਦੈ, ਉਸ ‘ਤੇ ਥੋੜ੍ਹੀ ਕਿਰਪਾ ਕਰ ਦਿਓ ਨਾ!”
“ਹੋਰ ਸਾਡਾ ਕੰਮ ਈ ਕੀ ਐ, ਅਸੀਂ ਇਥੇ ਬੈਠੇ ਹੀ ਕਿਸ ਲਈ ਹਾਂ!”
“ਪਹਿਲਾਂ ਤੁਸੀਂ ਦਸੋ, ਕੀ ਸਮੱਸਿਆ ਹੈ ਤੁਹਾਡੀ?” ਸ਼ਾਲੂ ਨੇ ਮਿਲਣ ਆਈ ਔਰਤ ਨੂੰ ਸਵਾਲ ਕੀਤਾ।
“ਕਹਿੰਦੇ ਨੇ ਜੀ, ਮਾਂ ਤੇ ਡਾਕਟਰ ਤੋਂ ਕੁਝ ਲੁਕੌਣਾ ਨਹੀਂ ਚਾਹੀਦਾ, ਪਿਛਲੇ ਕੁਝ ਦਿਨਾਂ ਤੋਂ ਢਿੱਡ ਵਿਚ ਬਹੁਤ ਦਰਦ ਹੋ ਰਿਹੈ, ਮੈਂ ਪ੍ਰੇਸ਼ਾਨ ਹੋ ਗਈ ਹਾਂ।” ਔਰਤ ਨੇ ਆਪਣੀ ਵਿਥਿਆ ਦੱਸੀ।
ਸ਼ਾਲੂ ਨੇ ਔਰਤ ਤੋਂ ਇਕ ਦੋ ਪ੍ਰਸ਼ਨ ਪੁੱਛੇ, ਢਿੱਡ ਟੋਹ ਕੇ ਦੇਖਿਆ ਤੇ ਚੰਗੀ ਤਰ੍ਹਾਂ ਜਾਂਚ ਕਰਨ ਮਗਰੋਂ ਪਰਚੀ ‘ਤੇ ਲਿਖਣ ਲੱਗੀ, “ਅਹਿ ਕੁਝ ਦਵਾਈਆਂ ਨੇ, ਕੰਪਾਉਡਰ ਨੂੰ ਪਰਚੀ ਦਿਖਾ ਦਿਓ, ਓਹ ਤੁਹਾਨੂੰ ਦੇ ਦੇਵੇਗਾ, ਇਕ ਹਫਤੇ ਦਾ ਕੋਰਸ ਹੈ, ਅਰਾਮ ਆ ਜਾਵੇਗਾ, ਘਾਬਰਨ ਦੀ ਲੋੜ ਨਹੀਂ, ਮਾਮੂਲੀ ਇਨਫੈਕਸ਼ਨ ਹੈ।”
ਔਰਤ ਦਾ ਕੰਮ ਕਰਨ ਮਗਰੋਂ ਸ਼ਾਲੂ ਨੇ ਕਾਲ ਬੈਲ ਵਜਾਈ ਤਾਂ ਜੋ ਬਾਹਰ ਬੈਠੇ ਸੱਜਣ ਨੂੰ ਅੰਦਰ ਸੱਦ ਸਕੇ। ਸੇਵਾਦਾਰਨੀ ਨੇ ਅੰਦਰ ਵੜਦਿਆਂ ਸਾਰ ਉਸ ਦੇ ਪੁੱਛਣ ਤੋਂ ਪਹਿਲਾਂ ਹੀ ਕਹਿ ਦਿੱਤਾ, “ਜੀ ਉਹ ਹੁਣੇ ਹੁਣੇ ਕਿਤੇ ਚਲਾ ਗਿਐ!”
“ਅਜੀਬ ਆਦਮੀ ਹੈ! ਪਹਿਲਾਂ ਏਨਾ ਕਾਹਲਾ ਪਿਆ ਹੋਇਆ ਸੀ! ਕੁਝ ਕਹਿ ਕੇ ਤਾਂ ਨਹੀਂ ਗਿਆ?”
“ਜੀ ਉਹ ਕਹਿੰਦਾ ਸੀ, ਤੇਰੀ ਡਾਕਟਰ ਮੈਡਮ ਨੇ ਪਤਾ ਨਹੀਂ ਕਦ ਵਿਹਲੀ ਹੋਣਾ, ਮੈਂ ਫੇਰ ਕਦੇ ਆ ਜਵਾਂਗਾ।” ਸੇਵਾਦਾਰਨੀ ਨੇ ਦੱਸਿਆ।
“ਚਲ ਕੋਈ ਨਹੀਂ, ਹੁਣ ਜਦ ਉਹ ਆਇਆ ਤਾਂ ਉਹਨੂੰ ਸਿੱਧਾ ਮੇਰੇ ਪਾਸ ਭੇਜ ਦੇਈਂ!” ਸ਼ਾਲੂ ਨੇ ਇਹ ਕਹਿ ਕੇ ਸੇਵਾਦਾਰਨੀ ਬਾਹਰ ਤੋਰ ਦਿੱਤੀ।
‘ਤੇਰੀ ਡਾਕਟਰ ਮੈਡਮ ਨੇ ਪਤਾ ਨਹੀਂ ਕਦ ਵਿਹਲੀ ਹੋਣਾ?’ ਓਪਰੇ ਬੰਦੇ ਦੇ ਇਹ ਬੋਲ ਇਕ ਵਾਰ ਫੇਰ ਉਹਦੇ ਕੰਨਾਂ ਵਿਚ ਗੂੰਜੇ, ਉਹ ਸੋਚਾਂ ਵਿਚ ਪੈ ਗਈ, ਕੁਝ ਚੇਤੇ ਆਇਆ, ਇਕ ਅਕਸ ਦਿਮਾਗ ਦੇ ਦ੍ਰਿਸ਼ ਪਟਲ ‘ਤੇ ਉਭਰਿਆ, ਉਸ ਦਾ ਚਿਹਰਾ ਖਿੜ ਗਿਆ, ਉਹ ਵੀ ਇਹੋ ਜਿਹਾ ਸੀ, ਮਜ਼ਾਲ ਏ ਇਕ ਮਿੰਟ ਵੀ ਵੇਟ ਕਰ ਲਵੇ। ਜੋ ਸਮਾਂ ਉਹਨੇ ਦਿੱਤਾ ਹੁੰਦਾ, ਜੇ ਉਸ ਸਮੇਂ ਦੂਜਾ ਬੰਦਾ ਨਾ ਪੁੱਜਦਾ ਤਾਂ ਉਹ ਕਿਸੇ ਹੋਰ ਰਾਹ ਤੁਰ ਪੈਂਦਾ ਸੀ। ਇਹ ਮਨ ਬਚਨੀ ਬੁੱਲ੍ਹਾਂ ਦਾ ਜੰਗਲਾ ਤੋੜ ਮੱਲੋ ਮੱਲੀ ਬਾਹਰ ਆ ਗਈ।
“ਕੌਣ ਕਿਸੇ ਹੋਰ ਰਸਤੇ ਤੁਰ ਪੈਂਦਾ ਸੀ, ਕੁਝ ਅਸੀਂ ਵੀ ਤਾਂ ਸੁਣੀਏ।” ਕੈਬਿਨ ਅੰਦਰ ਵੜਦੀ ਡਾਕਟਰ ਮੈਡਮ ਦੀ ਇਕ ਗੂੜ੍ਹੀ ਸਹੇਲੀ ਨੇ ਸਵਾਲੀ ਗੋਲਾ ਦਾਗ ਦਿੱਤਾ।
“ਤੁਸੀਂ ਪਹਿਲਾਂ ਚੱਜ ਨਾਲ ਬਹਿ ਤਾਂ ਜਾਓ, ਪਾਣੀ-ਧਾਣੀ ਪੀਓ, ਫੇਰ ਦੂਜੇ ਦੀ ਗੱਲ ਪੁੱਛ ਲਿਓ।” ਸ਼ਾਲੂ ਨੇ ਹੱਸਦਿਆਂ ਜਵਾਬ ਦਿੱਤਾ।
“ਚਲ ਕੋਈ ਨਹੀਂ ਜੀ, ਅਸੀਂ ਪਾਣੀ-ਧਾਣੀ ਵੀ ਪੀ ਲੈਂਦੇ ਹਾਂ!” ਸਹੇਲੀ ਹੱਸਦੀ ਉਸ ਦੇ ਸਾਹਮਣੇ ਵਾਲੀ ਸੀਟ ‘ਤੇ ਬਹਿ ਗਈ।
“ਚਲ ਹੁਣ ਦੱਸ, ਅੰਦਰਲੀ ਗੱਲ!” ਸਹੇਲੀ ਨੇ ਪਾਣੀ ਦਾ ਘੁੱਟ ਭਰਦਿਆਂ ਪੁੱਛਿਆ।
“ਅੰਦਰ ਦੀ ਕੋਈ ਗੱਲ ਨਹੀਂ, ਜੋ ਹੈ, ਬਾਹਰ ਦੀ ਹੈ, ਕਈ ਸਾਲ ਪਹਿਲਾਂ ਮੇਰੇ ਜੀਵਨ ਵਿਚ ਵਾਪਰਦੀ ਰਹੀ ਹੈ।”
“ਕਈ ਸਾਲ ਪਹਿਲਾਂ? ਤੈਂ ਇਹ ਭੇਦ ਕਦੇ ਸਾਂਝਾ ਨਹੀਂ ਕੀਤਾ!”
“ਫੇਰ ਉਹੋ ਗੱਲ! ਕੋਈ ਭੇਦ ਨਹੀਂ ਜੀ, ਨਾ ਗੁੱਝਾ ਤੇ ਨਾ ਨਿੱਕਾ ਜਿਹਾ। ਜ਼ਿੰਦਗੀ ਵਿਚ ਕਈ ਤਰ੍ਹਾਂ ਦੇ ਲੋਕ ਆਉਂਦੇ ਨੇ, ਹਰ ਇਕ ਵਿਚ ਕੋਈ ਨਾ ਕੋਈ ਵਿਲੱਖਣ ਗੱਲ ਹੁੰਦੀ ਐ, ਉਹੋ ਜਿਹੀ ਗੱਲ ਜਾਂ ਉਹੋ ਜਿਹਾ ਕਿਰਦਾਰ ਕਿਸੇ ਮੋੜ ‘ਤੇ ਆ ਜਾਂਦਾ ਹੈ ਤਾਂ ਬੀਤੇ ਪਲ ਅੱਖਾਂ ਅੱਗੇ ਰੂਪਮਾਨ ਹੋਣ ਵਿਚ ਦੇਰ ਨਹੀਂ ਲਾਉਂਦੇ।”
“ਤੈਂ ਤਾਂ ਇਸ ਨਿੱਕੀ ਜਿਹੀ ਗੱਲ ਨੂੰ ਦਾਰਸ਼ਨਿਕ ਰੰਗ ਦੇ ਦਿੱਤੈ, ਗੁੱਡ!”
“ਥੈਂਕਸ! ਪਰ ਇਹ ਤਾਂ ਆਮ ਵਰਤਾਰਾ ਏ।”
“ਚਲ ਹੁਣ ਕੰਮ ਦੀ ਗੱਲ ਕਰ!”
“ਮੈਂ ਆਪਣੇ ਕੈਰੀਅਰ ਦੇ ਸ਼ੁਰੂ ਦੇ ਦੌਰ ਵਿਚੋਂ ਗੁਜ਼ਰ ਰਹੀ ਸਾਂ। ਕਈ ਗੱਲਾਂ ਦਾ ਪਤਾ ਨਹੀਂ ਸੀ, ਆਪਣੇ ਸੀਨੀਅਰਜ਼ ਕੋਲੋਂ ਮਦਦ ਲਈਦੀ ਸੀ। ਉਹ ਵਿਚਾਰੇ ਬਹੁਤ ਚੰਗੀ ਤਰ੍ਹਾਂ ਪੇਸ਼ ਆਉਂਦੇ ਤੇ ਗੱਲ ਦੀ ਤੰਦ ਫੜਨ ਵਿਚ ਮਦਦ ਕਰਦੇ ਸਨ!”
“ਉਹ ਜਰੂਰ ਮੁੰਡੇ ਹੋਣਗੇ!”
“ਨਹੀਂ, ਕੁੜੀਆਂ ਵੀ ਹੁੰਦੀਆਂ ਸਨ, ਮੁੰਡਾ ਕੀ ਤੇ ਕੁੜੀ ਕੀ, ਸਾਡੇ ਮਨਾਂ ਵਿਚ ਲਿੰਗ ਭੇਦ ਉਕਾ ਈ ਨਹੀਂ ਸੀ ਹੁੰਦਾ, ਸਭ ਦਾ ਰੁਖ ਦੋਸਤਾਨਾ ਹੁੰਦਾ ਸੀ, ਹਮਦਰਦੀ ਵਾਲਾ, ਪਿਆਰ ਵਾਲਾ, ਨਵੇਂ ਬੰਦੇ ਨੂੰ ਉਤਸ਼ਾਹ ਦੇਣ ਵਾਲਾ। ਮੇਰੇ ਨਾਲ ਉਂਜ ਤਾਂ ਸਾਰੇ ਚੰਗੇ ਸਨ, ਪਰ ਉਨ੍ਹਾਂ ਵਿਚੋਂ ਇਕ ਭਲਾ ਲੋਕ, ਠੰਡੀ ਤਬੀਅਤ ਦਾ ਸੀ, ਗੁੱਸਾ ਤਾਂ ਕਦੇ ਉਹਨੂੰ ਚੜ੍ਹਦਾ ਹੀ ਨਹੀਂ ਸੀ। ਉਹ ਮਿਠਬੋਲੜਾ ਸੀ, ਪਰ ਬੋਲਦਾ ਬਹੁਤ ਘੱਟ, ਕੰਮ ਦੀ ਗੱਲ ਕਰਕੇ ਚੁੱਪ ਵੱਟ ਲੈਂਦਾ। ਹਾਸਾ ਮਜ਼ਾਕ ਵੀ ਬਹੁਤਾ ਨਹੀਂ ਸੀ ਕਰਦਾ। ਉਹਦੀ ਸੋਹਣੀ ਦਿੱਖ ਨੇ ਮੋਹ ਲਿਆ ਸੀ ਮੈਨੂੰ। ਮੈਂ ਅਚਨਚੇਤ ਹੀ ਉਸ ਵੱਲ ਖਿੱਚੀ ਗਈ। ਮੇਰਾ ਦਿਲ ਕਰਦਾ ਕਿ ਉਹ ਹਰ ਵੇਲੇ ਮੇਰੇ ਨਾਲ ਰਹੇ, ਮੇਰੇ ਨਾਲ ਗੱਲਾਂ ਕਰੇ, ਮੇਰੇ ਨਾਲ ਹਾਸਾ ਮਜ਼ਾਕ ਕਰੇ, ਮੇਰੇ ਨਾਲ ਸਮਾਂ ਬਿਤਾਵੇ! ਪਰ ਕਿੱਥੇ ਜੀ, ਉਹ ਹਰ ਵੇਲੇ ਆਪਣੀ ਦੁਨੀਆਂ ਵਿਚ ਗੁਆਚਾ ਰਹਿੰਦਾ!”
“ਜੇ ਏਨਾ ਚਾਹੁੰਦੀ ਸੀ ਤਾਂ ਉਹਨੂੰ ਲਿਫਟ ਦਿੰਦੀ, ਉਹਨੇ ਆਪੇ ਈ ਖੁਲ੍ਹ ਜਾਣਾ ਸੀ।” ਸਹੇਲੀ ਨੇ ਟੋਣਾ ਮਾਰਿਆ।
“ਲਿਫਟ ਤਾਂ ਬਥੇਰੀ ਦਿੱਤੀ ਪਰ ਉਸ ਨੇ ਕਦੇ ਗੌਲਿਆ ਈ ਨਹੀਂ!”
“ਫੇਰ ਕੀ ਹੋਇਆ?” ਸਹੇਲੀ ਨੇ ਸਵਾਦ ਲੈਣ ਲਈ ਪੁੱਛਿਆ।
“ਪੁੱਛ ਤਾਂ ਇੰਜ ਰਹੀ ਐ ਜਿੱਦਾਂ ਲੈਲਾ-ਮਜਨੂੰ ਦੀ ਕਹਾਣੀ ਹੋਵੇ, ਇਹੋ ਜਿਹੀ ਵੀ ਕੋਈ ਗੱਲ ਨਹੀਂ ਸੀਂ।”
“ਨਾ ਸਹੀ, ਤੂੰ ਅੱਗੇ ਦੀ ਗੱਲ ਕਰ!”
“ਪਤਾ ਨਹੀਂ ਕਿਉਂ, ਉਹ ਇਕ ਦਿਨ ਮੇਰੇ ਪਾਸ ਆਇਆ, ਕੋਲ ਬਹਿ ਗਿਆ। ਮੈਂ ਖੁਸ਼ ਹੋਈ, ਪਰ ਜਦ ਉਹਦਾ ਗੰਭੀਰ ਚਿਹਰਾ ਤੱਕਿਆ ਤਾਂ ਮੇਰੀ ਖੁਸ਼ੀ ਠੰਡੀ ਪੈ ਗਈ। ਮੈਂ ਧਿਆਨ ਨਾਲ ਉਹਦੇ ਵੱਲ ਦੇਖਣ ਲੱਗੀ। ਉਹਦੇ ਮੂੰਹੋਂ ਬੋਲ ਨਹੀਂ ਸਨ ਨਿਕਲ ਰਹੇ, ਖਬਰੇ ਇਹ ਪਿਆ ਸੋਚ ਰਿਹਾ ਹੋਵੇ, ‘ਕਹਾਂ ਜਾਂ ਨਾ ਕਹਾਂ!’
ਦਸ ਪੰਦਰਾਂ ਮਿੰਟ ਲੰਘ ਗਏ ਤਾਂ ਮੈਂ ਪੁੱਛ ਲਿਆ, “ਤੁਸੀਂ ਕੁਝ ਕਹਿਣਾ ਚਾਹੁੰਦੇ ਹੋ?”
“ਜੀ, ਨਹੀਂ ਕੁਝ ਨਹੀਂ, ਤੁਸੀਂ ਕਰੋ ਆਪਣਾ ਕੰਮ।” ਏਨਾ ਕਹਿ ਕੇ ਉਹ ਉਠਿਆ ਤੇ ਮੈਥੋਂ ਹਟ ਕੇ ਪਰ੍ਹੇ ਜਾ ਖਲੋਤਾ।
“ਚੰਗਾ ਬੰਦਾ ਏ! ਜੇ ਗੱਲ ਨਹੀਂ ਕਰਨੀ ਸੀ ਤਾਂ ਰੋਂਦੂਆਂ ਵਾਲਾ ਮੂੰਹ ਬਣਾਉਣ ਦੀ ਕੀ ਲੋੜ ਸੀ? ਮੇਰੇ ਕੋਲ ਬੈਠਣ ਨਾਲ ਉਹਨੂੰ ਕੰਡੇ ਲੱਗਦੇ ਸਨ, ਜੋ ਪਰ੍ਹੇ ਜਾ ਕੇ ਖਲੋ ਗਿਐ! ਮੈਨੂੰ ਇਸ ਗੱਲ ਦਾ ਰੋਸ ਸੀ।”
“ਉਹਨੇ ਬਾਅਦ ਵਿਚ ਗੱਲ ਕੀਤੀ?”
“ਕਿੱਥੇ ਜੀ, ਉਹਨੂੰ ਦੇਖ ਇਹੋ ਲੱਗਦਾ, ਉਹ ਕੋਈ ਗੱਲ ਕਰਨੀ ਚਾਹੁੰਦੈ, ਪਰ ਗੱਲ ਮੂੰਹੋਂ ਨਿਕਲੇ ਤਦ ਨਾ! ਅਜਿਹੀ ਹਾਲਤ ਵਿਚ ਉਹ ਚੁੱਪ ਵੱਟ ਲੈਂਦਾ!”
“ਕਿਸੇ ਸਾਹਮਣੇ ਬੋਲਣ ਤੋਂ ਝਕਦਾ ਹੋਊ, ਥੋੜ੍ਹਾ ਓਹਲੇ ਲੈ ਜਾਣਾ ਸੀ। ਹੋ ਸਕਦੈ ਉਹਦੇ ਅੰਦਰ ਦਾ ਕੜ ਪਾਟ ਜਾਂਦਾ।” ਸਹੇਲੀ ਨੇ ਦਾਨੀ ਗੱਲ ਕੀਤੀ।
“ਉਹ ਤਾਂ ਉਂਜ ਈ ਮੇਰੇ ਪਾਸ ਆਉਣ ਤੋਂ ਤ੍ਰਹਿੰਦਾ ਸੀ, ਨੇੜੇ ਹੋ ਕੇ ਵੀ ਹਟ ਕੇ ਬਹਿਣ ਦਾ ਯਤਨ ਕਰਦਾ, ਓਹਲੇ ਜਾਣ ਦੀ ਗੱਲ ਈ ਨਾ ਕਰ!”
“ਫੇਰ?”
“ਉਸ ਵੇਲੇ ਤਾਂ ਉਹਨੇ ਕੋਈ ਗੱਲ ਨਾ ਕੀਤੀ, ਦੂਜੇ ਦਿਨ ਮਿਲਿਆ ਤਾਂ ਮੈਂ ਸਹਿਜੇ ਹੀ ਪੁੱਛਿਆ, “ਕਲ੍ਹ ਤੁਸੀਂ ਮੇਰੇ ਨਾਲ ਕੋਈ ਗੱਲ ਕਰਨੀ ਚਾਹੁੰਦੇ ਸੀ, ਪਰ ਕੀਤੀ ਨਹੀਂ, ਕੋਈ ਖਾਸ ਗੱਲ ਤਾਂ ਨਹੀਂ ਸੀ!”
“ਗੱਲ ਤਾਂ ਖਾਸ ਹੀ ਸੀ।” ਉਸ ਹੌਲੀ ਜਿਹੇ ਕਿਹਾ।
“ਦਸ ਨਾ ਫੇਰ!”
“ਛੱਡੋ ਜੀ, ਤੁਸੀਂ ਕੀ ਲੈਣਾ ਨਿੱਕੀਆਂ-ਮੋਟੀਆਂ ਗੱਲਾਂ ਤੋਂ!”
“ਲੈਣਾ ਭਾਵੇਂ ਕੁਝ ਨਹੀਂ ਹੁੰਦਾ ਪਰ ਜੇ ਗੱਲ ਕਰਨ ਨਾਲ ਬੰਦੇ ਦਾ ਮਨ ਹੌਲਾ ਹੋ ਜਾਵੇ ਤਾਂ ਇਸ ਵਿਚ ਹਰਜ ਵੀ ਕੋਈ ਨਹੀਂ!”
“ਸਾਡਾ ਮਨ ਤਾਂ ਹਮੇਸ਼ਾ ਹੌਲਾ ਰਹਿੰਦੈ!”
“ਮੈਂ ਸਮਝ ਗਈ, ਉਹ ਗੱਲ ਨਹੀਂ ਕਰਨੀ ਚਾਹੁੰਦਾ, ਮੇਰੇ ਲਈ ਇਹ ਨਵੀਂ ਗੱਲ ਨਹੀਂ ਸੀ, ਅੱਗੇ ਵੀ ਕਈ ਵਾਰ ਉਹਨੂੰ ਇਹੋ ਜਿਹੀ ਮਾਨਸਿਕ ਦਸ਼ਾ ਵਿਚੋਂ ਲੰਘਦੇ ਦੇਖਿਆ ਸੀ, ਪੁੱਛਣ ਦਾ ਯਤਨ ਕਰਦੇ ਤਾਂ ਹੱਥ ਪੱਲੇ ਕੁਝ ਨਾ ਪੈਂਦਾ, ਇਹੋ ਜਿਹਾ ਸੀ, ਉਹ!”
“ਮੈਡਮ।” ਸ਼ਾਲੂ ਦੇ ਬੋਲਣ ਤੋਂ ਪਹਿਲਾਂ ਸੇਵਾਦਾਰਨੀ ਦਾ ਬੋਲ ਸੁਣਾਈ ਦਿੱਤਾ!
“ਦੱਸ!”
“ਬਾਹਰ ਕੁਝ ਲੋਕ ਬੈਠੇ ਨੇ, ਜੇ ਕਹੋ ਤਾਂ ਅੰਦਰ ਭੇਜ ਦੇਵਾਂ?”
“ਇਸ ਤੋਂ ਅਗਲੀ ਕਥਾ ਬਾਅਦ ਵਿਚ!” ਸ਼ਾਲੂ ਨੇ ਸਹੇਲੀ ਨੂੰ ਕਿਹਾ ਤੇ ਨਾਲ ਹੀ ਸੇਵਾਦਾਰਨੀ ਵੱਲ ਦੇਖਿਆ, “ਇਕ ਇਕ ਕਰਕੇ ਭੇਜੀ ਜਾਹ!”
“ਵੋ ਕਹਾਨੀ ਫਿਰ ਸਹੀ, ਚੰਗਾ ਹੁਣ ਮੈਂ ਚਲਦੀ ਹਾਂ, ਤੈਨੂੰ ਦੇਰ ਲੱਗ ਜਾਵੇਗੀ!” ਸਹੇਲੀ ਜਾਣ ਲਈ ਉਠ ਖਲੋਤੀ।
—
“ਮੈਡਮ, ਸਮਾਂ ਬਹੁਤ ਹੋ ਗਿਐ, ਹੁਣ ਉਠੋ!” ਸ਼ਾਲੂ ਅਗਲੇ ਮਰੀਜ ਨੂੰ ਆਵਾਜ਼ ਮਾਰਨ ਵਾਲੀ ਹੀ ਸੀ ਕਿ ਸੇਵਾਦਾਰਨੀ ਨੇ ਵਿਚੋਂ ਟੋਕ ਦਿੱਤਾ।
“ਉਪਰ ਘੜੀ ਵੱਲ ਦੇਖੋ, ਤੁਸੀਂ ਪਹਿਲਾਂ ਈ ਲੇਟ ਹੋ!” ਸੇਵਾਦਾਰਨੀ ਕੰਧ ‘ਤੇ ਲੱਗੇ ਕਲਾਕ ਵੱਲ ਮੈਡਮ ਦਾ ਧਿਆਨ ਖਿੱਚ ਰਹੀ ਸੀ।
“ਤੂੰ ਬਹੁਤ ਖਿਆਲ ਰੱਖਦੀ ਏਂ, ਦੱਸ ਮੈਂ ਤੇਰਾ ਦੇਣਾ ਕਿੱਥੇ ਦੇਵਾਂਗੀ।” ਇਹ ਕਹਿੰਦਿਆਂ ਸ਼ਾਲੂ ਮੈਡਮ ਸੀਟ ਤੋਂ ਉਠ ਖਲੋਤੀ।
“ਮੈਡਮ ਇਕ ਹੋਰ ਗੱਲ ਐ!” ਸੇਵਾਦਾਰਨੀ ਨੇ ਸੰਕੋਚ ਕਰਦਿਆਂ ਕਿਹਾ, “ਉਹ ਜਿਹੜਾ ਬੰਦਾ ਆਇਆ ਸੀ!”
“ਉਹਨੇ ਕੁਝ ਕਿਹਾ ਸੀ?”
“ਕੁਝ ਕਿਹਾ ਤਾਂ ਨਹੀਂ, ਉਹ ਬੜੇ ਆਰਾਮ ਨਾਲ ਬੈਠਾ ਰਿਹਾ, ਇਕ-ਦੋ ਵਾਰ ਵਾਲ ਕਲਾਕ ਵੱਲ ਜਰੂਰ ਦੇਖਿਆ, ਫਿਰ ਕੁਝ ਯਾਦ ਕਰਕੇ ਉਠ ਖਲੋਤਾ, ਤੇ ਚਲਾ ਗਿਆ।”
“ਹੂੰ, ਉਸ ਵਾਂਗ ਹੀ…!” ਸ਼ਾਲੂ ਦੇ ਮੂੰਹੋਂ ਆਪ ਮੁਹਾਰੇ ਨਿਕਲਿਆ।
“ਕੌਣ ਮੈਡਮ?” ਸੇਵਾਦਾਰਨੀ ਪੁੱਛ ਰਹੀ ਸੀ। ਡਾਕਟਰ ਮੈਡਮ (ਸ਼ਾਲੂ) ਦਾ ਉਸ ਵੱਲ ਧਿਆਨ ਗਿਆ ਤਾਂ ਉਹ ਸੁਚੇਤ ਹੋ ਗਈ, “ਐਵੇਂ ਕੋਈ ਪੁਰਾਣੀ ਗੱਲ ਸੀ!”
“ਠੀਕ ਹੈ ਮੈਡਮ।” ਕਹਿੰਦੀ ਸੇਵਾਦਾਰਨੀ ਬਾਹਰ ਚਲੀ ਗਈ।
ਦੂਜਾ ਦਿਨ। ਅਜੇ ਬਹੁਤੇ ਮਰੀਜ ਨਹੀਂ ਸਨ ਆਏ। ਜਿਹੜੇ ਇੱਕਾ-ਦੁੱਕਾ ਆਏ, ਉਨ੍ਹਾਂ ਨੂੰ ਭੁਗਤਾਣ ਵਿਚ ਕਿੰਨੀ ਦੇਰ ਲੱਗਦੀ ਏ! ਕਹਿੰਦੇ ਨੇ ਖਾਲੀ ਦਿਮਾਗ ਸ਼ੈਤਾਨ ਦੀ ਟਕਸਾਲ ਹੁੰਦਾ ਏ, ਪਰ ਮੈਡਮ ਤਾਂ ਅਜਿਹੀ ਨਹੀਂ ਸੀ। ਉਹ ਵੀ ਖਾਲੀ ਬੈਠੀ ਸੀ, ਪਰ ਪੁਰਾਣੀਆਂ ਯਾਦਾਂ ਹੱਥ ਆਏ ਮੌਕੇ ਕਿੱਥੋਂ ਜਾਣ ਦਿੰਦੀਆਂ ਨੇ। ਮੈਡਮ ਦੇ ਨਾਂਹ ਨਾਂਹ ਕਰਦਿਆਂ ਵੀ ਉਨ੍ਹਾਂ ਦੀ ਇਕ ਕੰਨੀ ਬਦੋ ਬਦੀ ਖੁੱਲ੍ਹ ਗਈ। ਮੈਡਮ ਨੇ ਬਥੇਰਾ ਤਾਣ ਲਾਇਆ, ਇਹ ਕੰਨੀ ਹੋਰ ਨਾ ਖੁੱਲ੍ਹੇ ਪਰ ਉਹ ਖਹਿੜੇ ਪੈ ਗਈ ਤੇ ਖੁੱਲ੍ਹਦੀ ਹੀ ਚਲੀ ਗਈ।
—
ਟੀਚਰ ਅਜੇ ਆਈ ਨਹੀਂ ਸੀ। ਮੈਡੀਕਲ ਦੇ ਸਾਰੇ ਵਿਦਿਆਰਥੀ ਸਮੇਂ ਤੋਂ ਪਹਿਲਾਂ ਪੁੱਜ ਚੁਕੇ ਸਨ। ਕਹਿੰਦੇ ਨੇ, ਇੰਤਜ਼ਾਰ ਦੀਆਂ ਘੜੀਆਂ ਲੰਮੀਆਂ ਹੁੰਦੀਆਂ ਨੇ। ਫੌਜੀ ਜਵਾਨਾਂ ਵਾਂਗ ਐਵੇਂ ਤਾਂ ਕੋਈ ਅਟੈਨਸ਼ਨ ਹੁੰਦਾ ਨਹੀਂ। ਕੀ ਕੁੜੀਆਂ ਤੇ ਕੀ ਮੁੰਡੇ, ਸਭ ਆਪੋ ਆਪਣੀ ਥਾਂ ਬੈਠੇ ਦਰਵਾਜੇ ਵੱਲ ਤੱਕ ਰਹੇ ਸਨ। ਮੁੰਡੇ-ਕੁੜੀਆਂ ਵਿਚ ਘੁਸਰ-ਮੁਸਰ ਹੋਣ ਲੱਗੀ।
“ਲੱਗਦੈ, ਅੱਜ ਟੀਚਰ ਲੇਟ ਆਏਗੀ!” ਇਕ ਨਾਲ ਦੀ ਸੀਟ ‘ਤੇ ਬੈਠੇ ਆਪਣੇ ਸਾਥੀ ਨੂੰ ਕਹਿ ਰਿਹਾ ਸੀ।
“ਮੈਨੂੰ ਨਹੀਂ ਲੱਗਦਾ, ਉਹ ਲੇਟ ਹੋਵੇਗੀ, ਉਂਜ ਵੀ ਅਜੇ ਪੰਜ ਮਿੰਟ ਰਹਿੰਦੇ ਨੇ।” ਦੂਜੇ ਨੇ ਘੜੀ ਦੇਖਦਿਆਂ ਕਿਹਾ।
“ਮੈਂ ਉਨ੍ਹਾਂ ਨੂੰ ਰਾਹ ਵਿਚ ਕਾਲਜ ਆਉਂਦਿਆਂ ਦੇਖਿਆ ਸੀ।” ਪਿਛਲੀ ਸੀਟ ‘ਤੇ ਬੈਠੀ ਵਿਦਿਆਰਥਣ ਨੇ ਦਸਿਆ।
“ਫੇਰ ਉਹ ਆਈ ਕਿ ਆਈ!” ਨਾਲ ਦੀ ਨੇ ਤਸੱਲੀ ਦਿੱਤੀ।
ਜਿਥੇ ਅਜਿਹੀਆਂ ਗੱਲਾਂ ਹੋ ਰਹੀਆਂ ਸਨ, ਉਥੇ ਕੁਝ ਜਣੇ ਸੀਟਾਂ ‘ਤੇ ਬੈਠੇ ਸੁਸਤਾ ਰਹੇ ਸਨ, ਕੁਝ ਗੱਪਾਂ ਮਾਰ ਰਹੇ ਸਨ, ਕੁਝ ਇਕ-ਦੂਜੇ ਨਾਲ ਮਜਾਕ ਕਰ ਰਹੇ ਸਨ। ਇਕ-ਦੋ ਤਾਂ ਕਿਸੇ ਡੂੰਘੀ ਸੋਚ ਵਿਚ ਮਗਨ ਸਨ। ਸਭ ਕੁਝ ਆਮ ਵਾਂਗ। ਟੀਚਰ ਆਈ। ਰੋਲ ਕਾਲ ਮਗਰੋਂ ਲੈਕਚਰ ਸ਼ੁਰੂ ਕੀਤਾ, ਕਲਾਸ ਵਿਚ ਪਿਨ ਡਰਾਪ ਸਾਈਲੈਂਸ ਸੀ। ਵਿਸ਼ਾ ਚੀੜ੍ਹਾ ਸੀ, ਸਾਰੇ ਪੂਰੇ ਧਿਆਨ ਨਾਲ ਸੁਣ ਰਹੇ ਸਨ, ਪਰ ਪਿੱਛੇ ਬੈਠੀ ਸ਼ਾਲੂ ਦੀ ਤਬੀਅਤ ਅਚਾਨਕ ਵਿਗੜ ਗਈ। ਨਾਲ ਬੈਠੇ ਕੁੜੀਆਂ-ਮੁੰਡਿਆਂ ਦਾ ਧਿਆਨ ਉਸ ਵੱਲ ਬਦੋ ਬਦੀ ਖਿਚਿਆ ਗਿਆ, “ਕੀ ਹੋਇਐ, ਕੀ ਹੋਇਐ, ਕੀ ਹੋਇਐ?” ਸਾਰੀ ਕਲਾਸ ਵਿਚੋਂ ਆਵਾਜ਼ਾਂ ਉਠਣ ਲੱਗੀਆਂ। ਟੀਚਰ ਉਹਦੀ ਸੀਟ ਵੱਲ ਭੱਜੀ ਆਈ, ਉਸ ਨੂੰ ਦੇਖਿਆ, “ਡਿਹਾਈਡਰੇਸ਼ਨ ਤਾਂ ਨਹੀਂ ਲੱਗਦੀ, ਘਾਬਰਨ ਦੀ ਲੋੜ ਨਹੀਂ, ਇਹਨੂੰ ਮੇਰੇ ਕਮਰੇ ਵਿਚ ਲੈ ਆਓ, ਡਾਕਟਰ ਨੂੰ ਦਿਖਾਉਂਦੇ ਹਾਂ।” ਉਸ ਇਕ-ਦੋ ਵਿਦਿਆਰਥੀਆਂ ਨੂੰ ਕੁਝ ਹਦਾਇਤਾਂ ਦਿੱਤੀਆਂ ਤੇ ਪ੍ਰਿੰਸੀਪਲ ਦੇ ਕਮਰੇ ਵਿਚ ਚਲੀ ਗਈ।
—
“ਇਹੋ ਜਿਹੀ ਗਲਤੀ ਫੇਰ ਨਾ ਕਰਿਓ।” ਡਿਸਪੈਂਸਰੀ ਵਿਚੋਂ ਬਾਹਰ ਨਿਕਲਦਾ ਸਮੀਰ ਬੋਲ ਰਿਹਾ ਸੀ।
“ਕੁਝ ਨਹੀਂ ਹੋਇਆ ਮੈਨੂੰ, ਐਵੇਂ ਚੱਕਰ ਜਿਹਾ ਆ ਗਿਆ। ਕਦੇ ਅੱਗੇ ਨਾ ਪਿੱਛੇ, ਅਜਿਹੀ ਹਾਲਤ ਪਹਿਲਾਂ ਕਦੇ ਨਹੀਂ ਹੋਈ!” ਸ਼ਾਲੂ ਨੇ ਉਸ ਦਾ ਖਿਝਿਆ ਚਿਹਰਾ ਦੇਖ ਸਫਾਈ ਦੇਣ ਦਾ ਯਤਨ ਕੀਤਾ।
“ਚਲ ਕੋਈ ਨਾ, ਅਸੀਂ ਤਾਂ ਘਬਰਾ ਈ ਗਏ ਸੀ! ਡਾਕਟਰ ਨੇ ਵੀ ਇਹੋ ਕਿਹਾ ਸੀ, ਬਦਲਦੇ ਮੌਸਮ ਦਾ ਅਸਰ ਹੈ!” ਸਮੀਰ ਨੇ ਸ਼ਾਲੂ ਦੀ ਸੰਭਲੀ ਹਾਲਤ ਦੇਖ ਤਸੱਲੀ ਪ੍ਰਗਟਾਈ।
ਪ੍ਰੈਕਟੀਕਲ ਦਾ ਕੁਝ ਕੰਮ ਕਰਨ ਵਾਲਾ ਰਹਿੰਦਾ ਸੀ, ਦੋਵੇਂ ਜਣੇ ਕਾਲਜ ਦੀ ਲੈਬਾਰਟਰੀ ਵੱਲ ਹੋ ਤੁਰੇ। ਸਵੇਰ ਦੀ ਢਿਲ੍ਹੀ, ਹੌਲੀ ਹੌਲੀ ਤੁਰਨ ਵਾਲੀ ਸ਼ਾਲੂ ਦੀ ਗਤੀ ਪਹਿਲਾਂ ਨਾਲੋਂ ਤੇਜ ਹੋ ਚੁਕੀ ਸੀ। ਉਹਦੀ ਚਾਲ ਦੇਖ ਸਮੀਰ ਸੋਚਣ ਲੱਗਾ, ਇਹ ਉਹੀ ਸ਼ਾਲੂ ਏ ਜਿਸ ਨੂੰ ਦੇਖ ਉਹ ਚਿੰਤਿਤ ਹੋਇਆ ਪੁੱਛ ਬੈਠਾ ਸੀ, “ਕੀ ਗੱਲ ਤੁਸੀਂ ਠੀਕ ਤਾਂ ਹੋ?”
“ਸਵੇਰ ਦੀ ਤਬੀਅਤ ਠੀਕ ਨਹੀਂ!”
“ਜੇ ਤਬੀਅਤ ਠੀਕ ਨਹੀਂ ਸੀ ਤਾਂ ਕਾਲਜ ਕਿਉਂ ਆਏ?”
“ਕੁਝ ਕੰਮ ਸੀ ਕਰਨ ਵਾਲਾ, ਇਸ ਲਈ ਮੇਰਾ ਆਉਣਾ ਜ਼ਰੂਰੀ ਸੀ।”
“ਉਹ ਤਾਂ ਠੀਕ ਹੈ, ਪਰ ਜੇ ਬੰਦਾ ਕੰਮ ਕਰਨ ਦੀ ਹਾਲਤ ਵਿਚ ਹੀ ਨਾ ਹੋਵੇ ਤਾਂ ਦੇਖਣਾ ਪੈਂਦੈ।”
“ਯੂ ਆਰ ਰਾਈਟ, ਕੰਮ ਖਤਮ ਕਰਕੇ ਮੈਂ ਛੁੱਟੀ ਕਰ ਲਵਾਂਗੀ।”
“ਮੈਂ ਕੁਝ ਕਰ ਸਕਦਾਂ ਤਾਂ ਤੁਸੀਂ ਨਿਰਸੰਕੋਚ ਕਹਿ ਸਕਦੇ ਹੋ!” ਸਮੀਰ ਨੇ ਮਦਦ ਦਾ ਹੱਥ ਅੱਗੇ ਵਧਾਇਆ। ਗੱਲ ਆਈ ਗਈ ਹੋ ਗਈ। ਹੁਣ ਉਹ ਠੀਕ ਠਾਕ ਸੀ।
“ਜੇ ਕੋਈ ਜਰੂਰੀ ਕੰਮ ਨਹੀਂ ਤਾਂ ਮੇਰੇ ਨਾਲ ਲੈਬਾਰਟਰੀ ਵਿਚ ਚੱਲੋਗੇ?” ਸ਼ਾਲੂ ਦੇ ਮਾਖਿਓਂ ਮਿੱਠੇ ਬੋਲ ਉਹਦੇ ਕੰਨਾਂ ਵਿਚ ਪਏ।
“ਜਰੂਰ!”
ਸਮੀਰ ਨੇ ਕੋਈ ਕਿੰਤੂ-ਪ੍ਰੰਤੂ ਨਹੀਂ ਸੀ ਕੀਤਾ। ਉਹ ਚੁਪ ਚੁਪੀਤਾ ਸ਼ਾਲੂ ਦੇ ਮਗਰ ਤੁਰ ਪਿਆ। ਉਹਨੂੰ ਵੀ ਲੈਬਾਰਟਰੀ ਵਿਚ ਥੋੜ੍ਹਾ ਬਹੁਤਾ ਕੰਮ ਸੀ, ਪਰ ਏਨਾ ਵੀ ਜ਼ਰੂਰੀ ਨਹੀਂ ਸੀ ਕਿ ਇਸ ਸਮੇਂ ਉਥੇ ਗਏ ਬਿਨਾ ਸਰਦਾ ਨਾ ਹੋਵੇ, ਸ਼ਾਲੂ ਦੇ ਬੋਲ ਸੁਣ ਉਹ ਵੀ ਉਧਰ ਈ ਤੁਰ ਪਿਆ। ਉਹਦਾ ਕੰਮ ਤਾਂ ਜਾਂਦਿਆਂ ਈ ਮੁਕ ਗਿਆ ਸੀ, ਪਰ ਸ਼ਾਲੂ ਨੇ ਜਾਣੋ ਗਿੱਲਾ ਪੀਹਣ ਪਾ ਲਿਆ ਹੋਵੇ, ਦੋ ਘੰਟਿਆਂ ਤੋਂ ਵੱਧ ਸਮਾਂ ਲੱਗ ਗਿਆ ਸੀ। ਉਹ ਵਿਹਲੀ ਹੋਈ ਤਾਂ ਸਮੀਰ ਦੀ ਜਾਨ ਛੁੱਟੀ। ਭਾਵੇਂ ਡਾਕਟਰ ਨੇ ਇਹ ਕਹਿ ਕੇ ਤੋਰ ਦਿੱਤਾ ਸੀ, “ਮਾਮੂਲੀ ਬੁਖਾਰ ਹੈ। ਘਬਰਾਉਣ ਦੀ ਲੋੜ ਨਹੀਂ। ਦਵਾਈ ਖਾ ਕੇ ਆਰਾਮ ਕਰੋ, ਸ਼ਾਮ ਤਕ ਨੌ ਬਰ ਨੌ ਹੋ ਜਾਵੋਗੇ!” ਤਾਂ ਉਹਦੇ ਸਿਰੋਂ ਮਣਾਂ ਮੂੰਹੀਂ ਬੋਝ ਲੱਧ ਗਿਆ ਸੀ, ਪਰ ਜਿਸ ਤਰ੍ਹਾਂ ਸ਼ਾਲੂ ਸਭ ਭੁੱਲ ਭੁਲਾ ਕੇ ਕੰਮ ਵਿਚ ਜੁਟ ਗਈ ਸੀ, ਉਸ ਨੂੰ ਥੋੜ੍ਹੀ ਚਿੰਤਾ ਜਰੂਰ ਹੋਈ।
ਸਾਲਾਂ ਬਾਅਦ ਖੁੱਲ੍ਹੀਆਂ ਯਾਦਾਂ ਦੀ ਇਸ ਨਿੱਕੀ ਜਿਹੀ ਕੰਨੀ ਨੇ ਸਮੀਰ ਨਾਲ ਬਿਤਾਏ ਇਕ-ਇਕ ਪਲ ਨੂੰ ਮੁੜ ਸੁਰਜੀਤ ਕਰ ਦਿੱਤਾ।
“ਵੈਰੀ ਕੋਆਪਰੇਟਿਵ, ਵੈਰੀ ਕੇਅਰਿੰਗ, ਅਜਿਹੇ ਬੰਦੇ ਕਿਥੇ ਮਿਲਦੇ ਨੇ! ਜਾਨ ਤਕ ਦੀ ਬਾਜੀ ਲਾ ਦਿੰਦਾ ਸੀ ਉਹ, ਪਰਵਾਹ ਨਹੀਂ ਸੀ ਕਰਦਾ, ਪਿੱਛੇ ਹਟਣ ਦਾ ਤਾਂ ਸਵਾਲ ਹੀ ਨਹੀਂ, ਇਹੋ ਜਿਹਾ ਸੀ, ਵਿਲੱਖਣ, ਸਭ ਤੋਂ ਅੱਡ।” ਸ਼ਾਲੂ ਨੇ ਮਨ ਹੀ ਮਨ ਸਮੀਰ ਦੀ ਸ਼ਲਾਘਾ ਕੀਤੀ।
ਯਾਦਾਂ ਦੀ ਇਕ ਹੋਰ ਕੰਨੀ ਬਦੋ ਬਦੀ ਖੁੱਲ੍ਹ ਗਈ। ਇਕ ਦਿਨ ਦੀ ਗੱਲ ਹੈ। ਉਹ ਆਪਣੇ ਕੰਮ ਦੇ ਸਬੰਧ ਵਿਚ ਕਿਸੇ ਦੁਰੇਡੀ ਥਾਂ ਗਈ। ਘਰ ਮੁੜਦਿਆਂ ਦੇਰ ਹੋ ਗਈ। ਕਾਲੋਨੀ ਦਾ ਸਟਾਪ ਆਇਆ, ਉਹ ਬੱਸ ਤੋਂ ਉਤਰੀ, ਘਰ ਜਾਣ ਲਈ ਅੱਗੇ ਵਧੀ ਸੀ ਕਿ ਕੁਝ ਗੁੰਡਿਆਂ ਨੇ ਹਨੇਰੇ ਦਾ ਲਾਭ ਲੈ ਕੇ ਅੱਗੋਂ ਘੇਰ ਲਿਆ। ਇਕ ਨੇ ਤਾਂ ਉਸ ਨੂੰ ਪਿੱਛੋਂ ਜੱਫਾ ਮਾਰ ਲਿਆ। ਗੁੰਡਿਆਂ ਦੇ ਅਚਨਚੇਤ ਹਮਲੇ ਤੋਂ ਉਹ ਘਾਬਰ ਜਰੂਰ ਗਈ ਪਰ ਹੌਸਲਾ ਨਹੀਂ ਛੱਡਿਆ, ਉਨ੍ਹਾਂ ਦਾ ਮੁਕਾਬਲਾ ਕਰਨ ਦਾ ਯਤਨ ਕੀਤਾ। ਗੁੰਡਿਆਂ ਦੀ ਗਿਣਤੀ ਵੱਧ ਸੀ, ਉਸ ਦੀ ਕੋਈ ਪੇਸ਼ ਨਾ ਗਈ, ਤਾਂ ਉਸ ਰੌਲਾ ਪਾ ਦਿੱਤਾ। ਚੰਗੇ ਭਾਗਾਂ ਨੂੰ ਉਸ ਸਮੇਂ ਇਕ ਹੋਰ ਬਸ ਸਟਾਪ ‘ਤੇ ਰੁਕੀ, ਕੁਝ ਮੁਸਾਫਰ ਹੇਠਾਂ ਉਤਰੇ, ਚੀਕ ਦੀ ਆਵਾਜ਼ ਉਨ੍ਹਾਂ ਦੇ ਕੰਨਾਂ ਵਿਚ ਪਈ, ‘ਕੀ ਹੋਇਆ, ਕੀ ਹੋਇਆ’, ਉਨ੍ਹਾਂ ਦੇ ਮੂੰਹੋਂ ਨਿਕਲਿਆ। ਉਹ ਉਧਰ ਦੌੜੇ ਤਾਂ ਗੁੰਡੇ ਉਹਨੂੰ ਛੱਡ ਖਿਸਕ ਗਏ। ਉਹ ਵਾਲ ਵਾਲ ਬਚ ਗਈ, ਪਰ ਇਸ ਘਟਨਾ ਦਾ ਦਰਦ ਉਹਨੂੰ ਪੂਰੀ ਰਾਤ ਸਤਾਉਂਦਾ ਰਿਹਾ।
“ਤੂੰ ਮੈਨੂੰ ਦੱਸ ਨਹੀਂ ਸਕਦੀ ਸੀ?” ਸਮੀਰ ਦਾ ਰੋਸਾ ਬੋਲ ਰਿਹਾ ਸੀ।
“ਇਸ ਵਿਚ ਦੱਸਣ ਵਾਲੀ ਕਿਹੜੀ ਗੱਲ ਸੀ?”
“ਜੇ ਕੋਈ ਗੱਲ ਨਹੀਂ ਸੀ ਤਾਂ ਦੂਜਿਆਂ ਨੂੰ ਇਸ ਦੀ ਭਿਣਕ ਕਿਵੇਂ ਪੈ ਗਈ?”
“ਦੋਸਤਾਂ ਮਿੱਤਰਾਂ ਨੂੰ ਦਸ ਹੋ ਜਾਂਦੈ!”
“ਤੇ ਅਸੀਂ ਬੇਗਾਨੇ ਹੋਏ, ਤਾਂ ਹੀ…।” ਸਮੀਰ ਚੀਕਿਆ।
“ਓ ਨੋ ਮਾਈ ਡੀਅਰ, ਪਲੀਜ਼ ਡੌਂਟ ਮਾਈਂਡ, ਗਲਤੀ ਹੋ ਗਈ!” ਸ਼ਾਲੂ ਨੇ ਕੰਨਾਂ ਨੂੰ ਹੱਥ ਲਾਏ।
“ਮਾਫੀ ਮਿਲ ਸਕਦੀ ਹੈ, ਪਰ ਇਕ ਸ਼ਰਤ ‘ਤੇ!” ਸਮੀਰ ਨੇ ਢੈਲਾ ਪੈਂਦਿਆਂ ਕਿਹਾ।
“ਤੁਸੀਂ ਜੋ ਕਹੋਗੇ, ਮੈਂ ਉਹੋ ਕਰਾਂਗੀ। ਖੁਸ਼?”
“ਮੈਂ ਤੁਹਾਨੂੰ ਘਰ ਛੱਡਣ ਜਾਵਾਂਗਾ।”
“ਨਹੀਂ, ਇਹ ਨਹੀਂ ਹੋ ਸਕਦਾ। ਉਹ ਬੜੇ ਖਤਰਨਾਕ ਬੰਦੇ ਨੇ, ਉਨ੍ਹਾਂ ਦਾ ਇੰਤਜਾਮ ਮੈਂ ਕਰ ਦਿੱਤੈ, ਤੁਸੀਂ ਚਿੰਤਾ ਨਾ ਕਰੋ!”
“ਕੀ ਇੰਤਜਾਮ ਕੀਤਾ ਏ?”
“ਰਿਸ਼ਤੇ ਵਿਚੋਂ ਮੇਰੇ ਭਰਾ ਪੁਲਿਸ ਦੇ ਵੱਡੇ ਅਫਸਰ ਨੇ, ਉਨ੍ਹਾਂ ਨੂੰ ਮੈਂ ਕਹਿ ਦਿੱਤਾ ਹੈ, ਉਹ ਕੁਝ ਨਾ ਕੁਝ ਕਰ ਦੇਣਗੇ, ਸਮੱਸਿਆ ਕੇਵਲ ਅੱਜ ਦੀ ਹੈ।” ਉਸ ਚਿੰਤਿਤ ਹੁੰਦਿਆਂ ਕਿਹਾ।
ਸ਼ਾਲੂ ਦੀ ਗੱਲ ਸੁਣ ਉਹ ਨਾ ਡਰਿਆ ਨਾ ਥਿੜਕਿਆ, ਇਕ ਦਮ ਬੋਲ ਪਿਆ, “ਕੋਈ ਗੱਲ ਨਹੀਂ। ਤੂੰ ਘਾਬਰ ਨਾ, ਅੱਜ ਮੈਂ ਜਾਵਾਂਗਾ ਤੇਰੇ ਨਾਲ। ਤੇ ਨਾਲੇ ਦੇਖ ਲਵਾਂਗਾ ਉਹ ਕਿਹੜਾ ਖੱਬੀ ਖਾਨ ਹੈ, ਜਿਸ ਸਾਡੀ ਸ਼ਾਲੂ ਨੂੰ ਛੇੜਨ ਦੀ ਹਿਮਾਕਤ ਕੀਤੀ ਏ।”
ਇਕ ਦਿਨ ਤਾਂ ਕੀ ਉਹ ਕਈ ਦਿਨ ਸ਼ਾਲੂ ਨੂੰ ਉਹਦੇ ਘਰ ਛੱਡਣ ਜਾਂਦਾ ਰਿਹਾ। ਅਜਿਹਾ ਸੀ ਉਹ! ਅਜਿਹੇ ਹੋਰ ਵੀ ਕਈ ਮੌਕੇ ਆਏ, ਜਦ ਉਸ ਅੱਗੇ ਵਧ ਕੇ ਸ਼ਾਲੂ ਦੀ ਮਦਦ ਕੀਤੀ ਸੀ। ਡਾਕਟਰੀ ਦੀਆਂ ਪੜ੍ਹਾਈਆਂ ਖਤਮ ਹੋਈਆਂ। ਜ਼ਿੰਦਗੀ ਦੇ ਕਿਆਸੇ ਰਾਹਾਂ ‘ਤੇ ਚੱਲਦੇ ਉਹ ਇਕ ਦੂਜੇ ਤੋਂ ਜੁਦਾ ਹੋ ਗਏ। ਕਾਰੋਬਾਰੀ ਤੇ ਗ੍ਰਹਿਸਥੀ ਜੀਵਨ ਦੀਆਂ ਜਿੰਮੇਵਾਰੀਆਂ ਆਉਂਦੀਆਂ ਗਈਆਂ, ਨਿਭਾਈਆਂ ਜਾਂਦੀਆਂ ਰਹੀਆਂ, ਪਰ ਕਿੰਨਾ ਵੀ ਰੁਝੇਵਾਂ ਕਿਉਂ ਨਾ ਹੋਵੇ, ਸਮੀਰ ਦੀਆਂ ਨਿੱਘੀਆਂ ਯਾਦਾਂ ਦੀ ਪੰਡ ਦਾ ਕੋਈ ਨਾ ਕੋਈ ਸਿਰਾ ਖੁੱਲ੍ਹਦਾ ਹੀ ਰਿਹਾ, ਤੇ ਸ਼ਾਲੂ ਮੁੜ ਮੁੜ ਉਨ੍ਹਾਂ ਵਿਚ ਗੁਆਚ ਜਾਂਦੀ। ਇਹ ਜੀਵਨ ਵੀ ਕਿੰਨਾ ਅਜੀਬ ਏ, ਸੱਚ!
—
ਸ਼ਾਲੂ ਮਰੀਜ ਦੇਖਣ ਵਿਚ ਰੁੱਝੀ ਹੋਈ ਸੀ। ਹੁਣ ਤਕ ਸਿਰ ਖੁਰਕਣ ਦੀ ਵਿਹਲ ਨਹੀਂ ਸੀ ਮਿਲੀ। ਇਕ ਜਾਂਦਾ ਤੇ ਦੋ ਹੋਰ ਆ ਜਾਂਦੇ। ਮਸ਼ੀਨ ਵੀ ਜ਼ਿਆਦਾ ਗਰਮ ਹੋ ਜਾਣ ‘ਤੇ ਕੰਮ ਨਹੀਂ ਕਰਦੀ, ਕੁਝ ਦੇਰ ਰੁਕਣਾ ਪੈ ਜਾਂਦਾ ਏ; ਫੇਰ ਇਨਸਾਨ, ਹੱਡ ਮਾਸ ਦਾ ਪੁਤਲਾ, ਕਿੱਥੋਂ ਤਕ ਚੱਲਦਾ ਰਹੇ! ਜੇ ਉਹ ਆਪ ਨਹੀਂ ਰੁਕਦਾ ਤਾਂ ਸ਼ਰੀਰ ਅੜ ਜਾਂਦਾ ਏ, ਉਹ ਨਹੀਂ ਚਲਦਾ। ਸ਼ਾਲੂ ਦਾ ਹਾਲ ਵੀ ਕੁਝ ਇਹੋ ਜਿਹਾ ਹੋ ਗਿਆ ਸੀ। ਇਕ ਮਰੀਜ ਨੂੰ ਦੇਖ ਕੇ ਉਸ ਅੱਖਾਂ ਬੰਦ ਕਰ ਲਈਆਂ, ਮੁਸ਼ਕਿਲ ਨਾਲ ਦੋ-ਚਾਰ ਮਿੰਟ ਹੋਏ ਹੋਣਗੇ ਕਿ ਸੇਵਾਦਾਰਨੀ ਦੀ ਆਵਾਜ਼ ਕੰਨੀਂ ਪਈ, “ਮੈਡਮ!”
“ਹੂੰ!”
“ਜੀ ਓਦਣ ਵਾਲਾ ਬੰਦਾ ਫੇਰ ਆਇਆ ਏ!”
“ਕਦੇ ਕਿਸੇ ਜਾਨਵਰ ਨੂੰ ਵੀ ਇਥੇ ਆਉਂਦਾ ਤੱਕਿਆ ਏ?”
“ਜੀ!”
“ਭਲੀਏ ਲੋਕੇ ਇਥੇ ਬੰਦੇ ਈ ਆਉਂਦੇ ਨੇ, ਕੋਈ ਤਕਲੀਫ ਵਿਚ ਹੋਵੇਗਾ, ਓਦਣ ਨਹੀਂ ਮਿਲ ਸਕੀ, ਅੱਜ ਮਿਲ ਲਵਾਂਗੀ। ਭੇਜ ਦੇ ਉਹਨੂੰ…।” ਸ਼ਾਲੂ ਦਾ ਦਿਲ ਹੋਰ ਕਿਸੇ ਮਰੀਜ ਨੂੰ ਦੇਖਣ ਲਈ ਨਹੀਂ ਸੀ ਕਰਦਾ, “ਇਹ ਬੰਦਾ ਆਪਣੀ ਤਕਲੀਫ ਲੈ ਕੇ ਦੂਜੀ ਵਾਰ ਮਿਲਣ ਆਇਆ ਏ, ਉਹਨੂੰ ਨਾ ਮਿਲਾਂ, ਇਹ ਹੋ ਨਹੀਂ ਸਕਦਾ।” ਉਹ ਮਨ ਹੀ ਮਨ ਬੁਦਬੁਦਾਈ।
“ਮੈਂ ਅੰਦਰ ਆ ਸਕਦਾਂ?” ਬਾਹਰੋਂ ਆਏ ਬੰਦੇ ਨੇ ਪੁੱਛਿਆ।
“ਅੰਦਰ ਤਾਂ ਤੁਸੀਂ ਆ ਈ ਚੁਕੇ ਹੋ, ਬਹਿ ਜਾਓ ਤੇ ਆਪਣੀ ਤਕਲੀਫ ਦੱਸੋ!” ਸ਼ਾਲੂ ਨੇ ਉਸ ਵੱਲ ਦੇਖੇ ਬਿਨਾ ਕਿਹਾ।
“ਤਕਲੀਫ ਹੈ ਵੀ ਤੇ ਨਹੀਂ ਵੀ?”
“ਮਤਲਬ?”
“ਮਤਲਬ ਇਹ ਕਿ ਜਿਸ ਮਹਾਨ ਹਸਤੀ ਨੂੰ ਮਿਲਣ ਲਈ ਏਨੇ ਦਿਨਾਂ ਤੋਂ ਹੱਥ ਪੈਰ ਮਾਰਦਾ ਰਿਹਾਂ, ਉਹ ਨੇ ਤਾਂ ਸਾਡੇ ਵੱਲ ਦੇਖਿਆ ਈ ਨਹੀਂ!”
ਉਹਦੀ ਗੱਲ ਸੁਣ ਸ਼ਾਲੂ ਨੇ ਅੱਖਾਂ ਖੋਲ੍ਹੀਆਂ, ਸਾਹਮਣੇ ਬੈਠਾ ਬੰਦਾ ਜਾਣਿਆ-ਪਛਾਣਿਆ ਲੱਗਾ, ਪਰ ਇਹ ਹੈ ਕੌਣ, ਉਹ ਚੰਗੀ ਤਰ੍ਹਾਂ ਸਿਆਣ ਨਾ ਸਕੀ। ਬੰਦੇ ਤੋਂ ਉਹਦੀ ਦੁਚਿੱਤੀ ਗੁੱਝੀ ਨਹੀਂ ਰਹਿ ਸਕੀ, ਉਹ ਫੇਰ ਬੋਲਿਆ, “ਡਾਕਟਰ ਸ਼ਾਲੂ, ਨਹੀਂ ਸ਼ਾਲੂ ਈ ਕਾਫੀ ਏ, ਬਹੁਤ ਸਾਲ ਪਹਿਲਾਂ ਤੁਸੀਂ…।”
‘ਡਾਕਟਰ ਸ਼ਾਲੂ, ਨਹੀਂ ਸ਼ਾਲੂ ਹੀ ਕਾਫੀ ਏ’ ਉਸ ਦੇ ਨਿੱਘੇ ਬੋਲ ਸੁਣ ਸ਼ਾਲੂ ਤ੍ਰਭਕੀ। ਉਸ ਇਕ ਭਰਵੀਂ ਨਜ਼ਰ ਨਾਲ ਉਹਨੂੰ ਤੱਕਿਆ। “ਹਾਏ, ਇਹ ਤਾਂ ਉਹੀ ਏ!” ਇਹ ਉਸ ਦੇ ਦਿਲ ਦੀ ਆਵਾਜ਼ ਸੀ। ਇਸ ਤੋਂ ਪਹਿਲਾਂ ਕਿ ਓਪਰਾ ਬੰਦਾ ਕੁਝ ਹੋਰ ਬੋਲਦਾ, ਸ਼ਾਲੂ ਆਪ ਮੁਹਾਰੇ ਬੋਲ ਪਈ, “ਹਾਂ ਜੀ ਬਹੁਤ ਸਾਲ ਪਹਿਲਾਂ, ਇਸ ਸ਼ਹਿਰ ਵਿਚ, ਇਕ ਸੁਹਿਰਦ ਇਨਸਾਨ ਮੇਰੇ ਨਾਲ ਪੜ੍ਹਦਾ ਸੀ, ਮੇਰੇ ਦੁੱਖ-ਸੁੱਖ ਦਾ ਭਾਈਵਾਲ, ਹਰ ਵੇਲੇ ਮੇਰਾ ਖਿਆਲ ਰੱਖਣ ਵਾਲਾ। ਪੜ੍ਹਾਈ ਮੁਕਾ ਲੈਣ ਮਗਰੋਂ ਉਹ ਪਤਾ ਨਹੀਂ ਕਿਧਰ ਚਲਾ ਗਿਐ, ਮੁੜ ਕਦੇ ਦਿਸਿਆ ਈ ਨਹੀਂ, ਜੇ ਉਹ ਤੁਹਾਨੂੰ ਕਿਤੇ ਘੁੰਮਦਾ ਫਿਰਦਾ ਨਜ਼ਰ ਆ ਜਾਵੇ ਤਾਂ ਫੜ ਕੇ ਲੈ ਆਉਣਾ ਮੇਰੇ ਪਾਸ, ਫੇਰ ਮੈਂ ਜਾਣਾ ਤੇ ਮੇਰਾ ਕੰਮ ਜਾਣੇ, ਸੁੱਕਾ ਨਹੀਂ ਜਾਣ ਦਿੰਦੀ ਉਸ ਮਹਾਪੁਰਸ਼ ਨੂੰ!”
ਸ਼ਾਲੂ ਬੋਲਦੀ-ਬੋਲਦੀ ਕਦ ਕੋਲ ਆ ਕੇ ਖਲੋ ਗਈ, ਓਪਰੇ ਬੰਦੇ ਨੂੰ ਪਤਾ ਈ ਨਾ ਲੱਗਾ। ਉਹ ਤ੍ਰਭਕਿਆ, ਆਪਣੀ ਥਾਂ ਤੋਂ ਉਠ ਖਲੋਤਾ, ਸ਼ਾਲੂ ਉਹਦੀ ਹਿੱਕ ਨਾਲ ਲੱਗ, “ਸਮੀਰ, ਸਮੀਰ! ਉਹ ਮਾਈ ਗਾਡ!…ਉਹ ਓਪਰਾ ਬੰਦਾ ਤੂੰ ਹੀ ਸੀ, ਐਕਸਕਿਉਜ਼ ਮੀ ਪਲੀਜ਼!” ਉਹਦਾ ਗੱਚ ਭਰ ਆਇਆ