Nikke Ambar 'Te Vaddi Udari (Punjabi Story) : Gurmeet Karyalvi
ਨਿੱਕੇ ਅੰਬਰ ‘ਤੇ ਵੱਡੀ ਉਡਾਰੀ (ਕਹਾਣੀ) : ਗੁਰਮੀਤ ਕੜਿਆਲਵੀ
ਮੈਂ ਬਾਂਹ `ਤੇ ਸੁੱਤੀ ਪਈ ਜੈਸਿਕਾ ਦੇ ਚਿਹਰੇ ਨੂੰ ਗਹੁ ਨਾਲ ਨਿਹਾਰਿਆ। ਕਿੰਨੀ ਮਾਸੂਮੀਅਤ ਹੈ। ਕਿਸੇ ਬੱਚੇ ਵਰਗੀ। ਮੂੰਹ `ਤੇ ਲਾਲੀ ਖਿੜੀ ਪਈ ਹੈ ਜਿਵੇਂ ਫੱਗਣ ਚੇਤ ਦੀ ਕੋਸੀ ਕੋਸੀ ਧੁੱਪ `ਚ ਗੁਲਾਬ ਖਿੜਿਆ ਹੋਵੇ ਜਾਂ ਜਿਵੇਂ ਕਿਸੇ ਜੁਆਕ ਨੇ ਸਫੈਦ ਕੰਧ `ਤੇ ਸੂਹੇ ਰੰਗ ਦੀ ਪਿਚਕਾਰੀ ਮਾਰ ਦਿੱਤੀ ਹੋਵੇ।
`ਇਸਦੀ ਥਾਵੇਂ ਹਰਜੀਤ ਨੂੰ ਹੋਣਾ ਚਾਹੀਦਾ ਸੀ।’ ਸੋਚਦਿਆਂ ਉਦਾਸ ਹੋ ਗਿਆ ਹਾਂ। ਜਿਵੇਂ ਜੈਸਿਕਾ ਨੂੰ ਆਪਣੀ ਬਾਂਹ `ਤੇ ਸੰਵਾਂ ਕੇ ਹਰਜੀਤ ਤੋਂ ਬਦਲਾ ਲੈ ਰਿਹਾ ਹੋਵਾਂ। ਦਿਨ ਵੇਲੇ ਜੈਸਿਕਾ ਨਾਲ ਇਹ ਸੋਚ ਕੇ ਫੋਟੋ ਵੀ ਖਿੱਚੇ ਸਨ ਕਿ ਕਿਸੇ ਨਾ ਕਿਸੇ ਤਰਾਂ੍ਹ ਹਰਜੀਤ ਤੱਕ ਪੁੱਜਦੀਆਂ ਕਰਾਂਗਾ। ਹਰਜੀਤ ਇਹ ਫੋਟੋ ਵੇਖ ਕੇ ਅੰਦਰ ਤੱਕ ਤੜਫ ਜਾਵੇਗੀ-ਬਿਲਕੁੱਲ ਉਸੇ ਤਰਾਂ੍ਹ ਜਿਵੇਂ ਉਸ ਦੀਆਂ ਗੈਰੀ ਨਾਲ ਫੋਟੋਆਂ ਵੇਖ ਕੇ ਤੜਫਦਾ ਹਾਂ।
ਹਰਜੀਤ ਨਾਲ ਗੁਜ਼ਾਰਿਆ ਸਮਾਂ ਨਾ ਚਾਹੁੰਦਿਆਂ ਵੀ ਅੱਖਾਂ ਅੱਗੇ ਆ ਖੜਾ ਹੈ। ਮੈਂ ਮਲਕੜੇ ਜਿਹੇ ਜੈਸਿਕਾ ਦੇ ਸਿਰ ਥੱਲਿਓਂ ਬਾਂਹ ਖਿੱਚ ਕੇ, ਖਿੜਕੀ ਕੋਲ ਆ ਖੜ੍ਹਿਆ ਹਾਂ। ਦੂਰ ਸਮੁੰਦਰ ਵੱਲ ਵੇਖਿਆ ਹੈ। ਸਮੁੰਦਰ ਦੇ ਪਾਣੀਆਂ `ਚੋਂ ਉੱਠਦੀਆਂ ਲਹਿਰਾਂ ਖੌਰੂ ਪਾਉਂਦੀਆਂ ਹਨ। ਸਮੁੰਦਰ ਹਾਬੜਿਆ ਹਾਬੜਿਆ ਲੱਗਦਾ ਹੈ ਜਿਵੇਂ ਚਿਰਾਂ ਦਾ ਭੁੱਖਾ ਹੋਵੇ, ਆਲੇ-ਦੁਆਲੇ ਦੇ ਸਾਰੇ ਕੁੱਝ ਨੂੰ ਖਾ ਜਾਣ ਲਈ ਕਾਹਲਾ।
ਸਮੁੰਦਰ ਬਾਰੇ ਸੋਚਣਾ ਛੱਡ ਮੈਂ ਆਪਣੇ ਨਾਲਦਿਆਂ ਅੰਦਰਲੀ ਭੁੱਖ ਬਾਰੇ ਸੋਚਦਾ ਹਾਂ। ਤਿੰਨਾਂ ਅੰਦਰ ਅੱਡੋ-ਅੱਡਰੀ ਭੁੱਖ ਹੈ। ਤਿੰਨਾਂ ਦੀਆਂ ਅੱਡੋ-ਅੱਡਰੀਆਂ ਲੋੜਾਂ। ਟਰਾਂਸਪੋਰਟ ਮਹਿਕਮੇ ਵਾਲਾ ਸੁਭਾਸ਼ ਕੁਰੱਪਸ਼ਨ ਦੇ ਪੈਸਿਆਂ ਨਾਲ ਆਫਰਿਆ ਪਿਆ ਹੈ। ਗੱਡੀਆਂ ਦੀ ਪਾਸਿੰਗ ਕਰਨ ਬਦਲੇ ਰਿਸ਼ਵਤ ਦੇ ਮਿਲੇ ਪੈਸਿਆਂ ਨਾਲ ਜੇਬ ਭਰੀ ਰਹਿੰਦੀ ਹੈ। ਹਰਾਮ ਦੇ ਆਉਂਦੇ ਪੈਸੇ ਨੇ ਉਸ ਦੀਆਂ ਅੱਖਾਂ ਨੂੰ ਹੀ ਨਹੀਂ, ਸਰੀਰ ਦੇ ਸਾਰੇ ਅੰਗਾਂ ਨੂੰ ਹਰਾਮੀ ਬਣਾ ਦਿੱਤਾ ਹੈ। ਪਤਾ ਨਹੀਂ ਕਿੰਨਾ ਕੁ ਲਾਵਾ ਉਸਦੇ ਅੰਦਰ ਜੰਮਿਆ ਪਿਆ ਹੈ। ਜਿਵੇਂ ਵਰ੍ਹਿਆਂ ਤੋਂ ਕੋਈ ਔਰਤ ਹੀ ਨਾ ਵੇਖੀ ਹੋਵੇ। ਹਾਬੜਿਆ ਪਿਆ ਹੈ। ਬੈਂਕਾਕ ਦੇ ਸਵਰਨਭੂਮੀ ਏਅਰਪੋਰਟ `ਤੇ ਉਤਰਦਿਆਂ ਹੀ ਉਸ ਦੀਆਂ ਲਾਰਾਂ ਵਗਣ ਲੱਗ ਪਈਆਂ ਸਨ। ਜਿੱਦਣ ਦਾ ਆਇਆ ਹੈ ਆਪਣੇ ਅੰਦਰਲੀ ਭੁੱਖ ਨੂੰ ਭਰਨ `ਚ ਲੱਗਾ ਹੋਇਆ ਹੈ। ਹਰ ਵੇਲੇ ਕੋਈ ਕੁੜੀ ਉਸਦੇ ਕਮਰੇ `ਚ ਰਹਿੰਦੀ ਹੈ। ਕਦੇ ਕੋਈ ਚੀਨਣ, ਕਦੇ ਫਿਲਪਾਈਨਣ, ਕਦੇ ਮਲੇਸ਼ੀਅਨ, ਕੰਬੋਡੀਅਨ, ਬੰਗਲਾਦੇਸ਼ੀ ਜਾਂ ਕਿਸੇ ਹੋਰ ਦੇਸ਼ ਦੀ। ਉਸ ਦੇ ਕਹਿਣ ਅਨੁਸਾਰ, ਜਿੰਨੇ ਦਿਨ-ਓਨੇ ਮੁਲਕ। ਉਹ ਵੱਧ ਤੋਂ ਵੱਧ ਦੇਸ਼ਾਂ ਦੀਆਂ ਕੁੜੀਆਂ ਵੇਖ ਲੈਣਾ ਚਾਹੁੰਦਾ ਹੈ।
`ਬੰਦੇ ਨੂੰ ਹਰੇਕ ਦੇਸ਼ ਦੀ ਔਰਤ ਦੇ ਜਿਸਮ `ਚੋਂ ਆਉਂਦੀ ਮਹਿਕ ਦਾ ਪਤਾ ਹੋਣਾ ਚਾਹੀਦਾ। ਕੀ ਸਮਝੇ?” ਸੁਭਾਸ਼ ਦਲੀਲ ਦਿੰਦਾ ਹੈ। ਹਰੇਕ ਗੱਲ ਨਾਲ `ਕੀ ਸਮਝੇ’ ਕਹਿਣ ਦੀ ਆਦਤ ਕਰਕੇ ਉਸਨੂੰ ਜਾਨਣ ਵਾਲਿਆਂ ਨੇ ਉਸਦਾ ਨਾਂ ਹੀ `ਕੀ ਸਮਝੇ’ ਪਾਇਆ ਹੋਇਆ ਹੈ।
ਪੰਕਜ ਅਰੋੜਾ ਸ਼ਹਿਰ ਦੀ ਨਾਮੀ ਪਾਰਟੀ ਹੈ। ਅਰੋੜਾ ਟਰੇਡਿੰਗ ਕੰਪਨੀ ਦਾ ਮਾਲਕ। ਵੱਡੇ ਵੱਡੇ ਅਫਸਰਾਂ ਨਾਲ ਮੇਲ ਜੋਲ ਰੱਖਣਾ ਉਸ ਦਾ ਸ਼ੌਕ ਹੀ ਨਹੀਂ, ਲੋੜ ਵੀ ਹੈ। ਆਏ ਸਾਲ ਕਿਸੇ ਨਾ ਕਿਸੇ ਅਫਸਰ ਜਾਂ ਨੇਤਾ ਨੂੰ ਬੈਂਕਾਕ ਦਾ ਗੇੜਾ ਲੁਆਣ ਲਿਜਾਂਦਾ ਹੈ। ਪਿਛਲੇ ਸਾਲ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਬਤਰੇ ਅਤੇ ਈ ਟੀ ਓ ਨਵਰਾਜ ਨੂੰ ਲਿਆਇਆ ਸੀ। ਇਸ ਵਾਰ ਸੁਭਾਸ਼ ਅਤੇ ਪੱਤਰਕਾਰ ਅਰਜਨ ਵਿਵੇਕ ਨੂੰ ਲੈ ਕੇ ਆਇਆ ਹੈ। ਪੰਕਜ ਦੇ ਆਪਣੇ ਸ਼ਬਦਾਂ `ਚ, `ਇਨ੍ਹਾਂ ਨੂੰ ਹੌਲਾ ਕਰਨ ਲਈ ਲਿਆਇਆ ਹਾਂ। ਆਵਦਾ ਉੱਬਲਦਾ ਖੂਨ ਠੰਡਾ ਕਰ ਲੈਣਗੇ। ਹੁਣ ਏਹ ਸਾਲ ਭਰ ਏਧਰ ਓਧਰ ਦੀ ਝਾਕ ਨ੍ਹੀ ਕਰਦੇ ਨਹੀਂ ਤਾਂ ਸੁਭਾਸ਼ ਬਾਬੂ ਵਰਗੇ ਹਲਕੇ ਕੁੱਤੇ ਜਣੀ ਖਣੀ ਨੂੰ ਚੱਕ ਮਾਰਨ ਨੂੰ ਤਿਆਰ ਰਹਿੰਦੇ।’
ਅਰਜਨ ਵਿਵੇਕ ਬਿਨਾ ਬਹੁਤੇ ਅਫਸਰਾਂ, ਨੇਤਾਵਾਂ ਅਤੇ ਵਪਾਰੀਆਂ ਦਾ ਗੁਜ਼ਾਰਾ ਨਹੀਂ ਹੁੰਦਾ। ਅਰਜਨ ਦੋਸਤੀਆਂ ਗੰਢਣ `ਚ ਮਾਹਰ ਹੈ। ਜਿ਼ਲ੍ਹੇ `ਚ ਆਉਣ ਵਾਲੇ ਹਰ ਨਵੇਂ ਡੀ ਸੀ, ਐਸ ਐਸ ਪੀ ਤੇ ਹੋਰ ਮਹਿਕਮਿਆਂ ਦੇ ਵੱਡੇ ਅਫਸਰਾਂ ਨਾਲ ਆਉਂਦਿਆਂ ਹੀ ਗਾਟੀ ਪਾ ਲੈਂਦਾ ਹੈ। ਅਰਜਨ ਜਿਸ ਅਖਬਾਰ ਦਾ ਪੱਤਰਕਾਰ ਹੈ, ਉਹ ਦੇਸ਼ ਦਾ ਵੱਡਾ ਅਖਬਾਰ ਹੈ। ਵੱਡੇ ਅਖਬਾਰ ਦਾ ਪੱਤਰਕਾਰ ਭਾਵੇਂ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ, ਵੱਡਾ ਹੀ ਹੁੰਦਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵੱਡੇ ਪੱਤਰਕਾਰਾਂ ਨਾਲ ਆੜੀ ਪਾਏ ਬਿਨਾ ਕਦੋਂ ਸਰਦਾ ਹੈ। ਵੱਡੇ ਅਖਬਾਰ ਦਾ ਪੱਤਰਕਾਰ ਪ੍ਰਸ਼ਾਸਨ ਦੀ ਨਿੱਕੀ ਜਿਹੀ ਗ਼ਲਤੀ ਨੂੰ ਵੀ ਵੱਡੀ ਬਣਾ ਕੇ ਪੇਸ਼ ਕਰ ਸਕਦਾ ਹੈ। ਫਿਰ ਅਰਜਨ ਦੀ ਪੱਤਰਕਾਰੀ ਅੱਖ ਤਾਂ ਚਾਰ ਚੁਫੇਰੇ ਮਸ਼ਹੂਰ ਹੈ। ਉਸਦੀ ਕਲਮ ਤੇ ਅੱਖ ਸਿ਼ਕਾਰ ਦੇ ਮਗਰ ਮਗਰ ਦੌੜਨ `ਚ ਮਾਹਰ ਨੇ। ਉਹ ਕਾਲੇ ਨੂੰ ਚਿੱਟਾ ਅਤੇ ਚਿੱਟੇ ਨੂੰ ਕਾਲਾ ਬਣਾ ਸਕਦਾ ਹੈ। ਕੀ ਅਧਿਕਾਰੀ ਤੇ ਕੀ ਵਪਾਰੀ-ਵਿਵੇਕ ਤੋਂ ਕੰਨ ਭੰਨਦੇ ਹਨ ਤੇ ਉਸਨੂੰ ਖੁਸ਼ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ।
ਅਰਜਨ ਸਕੀ ਭੂਆ ਦਾ ਪੁੱਤ ਹੋਣ ਕਰਕੇ ਭਰਾ ਲੱਗਦਾ ਹੈ ਪਰ ਕਈ ਮਾਮਲਿਆਂ `ਚ ਭਰਾਵਾਂ ਨਾਲੋਂ ਵੀ ਵੱਧ ਹੈ। ਨਿੱਕੇ ਹੁੰਦਿਆਂ ਤੋਂ ਇਕੱਠੇ ਖੇਡਦੇ ਰਹੇ ਹਾਂ। ਮੇਰੇ ਨਾਲ ਖਾਸਾ ਮੋਹ ਰੱਖਦਾ ਹੈ। ਉਹ ਪੜ੍ਹਿਆ ਵੀ ਸਾਡੇ ਕੋਲ ਨਾਨਕੇ ਰਹਿ ਕੇ ਹੈ। ਫੁੱਫੜ ਫੌਜ ਵਿੱਚ ਸੀ। ਜਿੰਨਾ ਚਿਰ ਲੇਹ ਲਦਾਖ ਵੱਲ ਰਿਹਾ, ਅਰਜਨ ਸਾਡੇ ਕੋਲ ਰਿਹਾ। ਫਿਰ ਜਦੋਂ ਫੁੱਫੜ ਦੀ ਬਦਲੀ ਭੂਪਾਲ ਦੀ ਹੋ ਗਈ ਤਾਂ ਉਹ ਪਰਿਵਾਰ ਨੂੰ ਵੀ ਨਾਲ ਲੈ ਗਿਆ। ਦਸਵੀਂ ਤੱਕ ਅਰਜਨ ਭੂਪਾਲ ਦੇ ਮਿਲਟਰੀ ਸਕੂਲ `ਚ ਹੀ ਪੜ੍ਹਿਆ। ਉਸਤੋਂ ਅਗਲੇਰੀ ਪੜ੍ਹਾਈ ਚੰਡੀਗੜ੍ਹ ਰਹਿ ਕੇ ਕੀਤੀ। ਪਹਿਲਾਂ ਚੰਡੀਗੜ੍ਹ ਤੇ ਫੇਰ ਦਿੱਲੀ ਦੇ ਅਖਬਾਰਾਂ ਨਾਲ ਜੁੜਨ ਤੱਕ ਉਸਦੇ ਰੁਝੇਵੇਂ ਵਧਦੇ ਗਏ। ਮਿਲਣ ਗਿਲਣ ਭਾਵੇਂ ਘਟਦਾ ਗਿਆ ਪਰ ਨਾਨਕਿਆਂ ਨਾਲ ਮੋਹ ਘੱਟ ਨਹੀਂ ਹੋਇਆ। ਗਾਹੇ ਬਗਾਹੇ ਜਦੋਂ ਵੀ ਵਕਤ ਮਿਲਦਾ, ਮਾਮਿਆਂ ਕੋਲ ਗੇੜਾ ਮਾਰ ਜਾਂਦਾ। ਹੁਣ ਜਦੋਂ ਅਖਬਾਰ ਦੇ ਸਟਾਫ ਰਿਪੋਰਟਰ ਵਜੋਂ ਨਾਨਕਿਆਂ ਵਾਲੇ ਜਿ਼ਲ੍ਹੇ `ਚ ਆ ਗਿਆ ਸੀ-ਦੁਬਾਰਾ ਮੇਲ-ਜੋਲ ਵਧਣ ਲੱਗਾ ਸੀ।
ਉਹ ਜਦੋਂ ਵੀ ਆਉਂਦਾ, ਮੈਨੂੰ ਉਦਾਸ ਵੇਖ ਕੇ ਆਖਦਾ, “ਐਨੀ ਉਦਾਸੀ ਚੰਗੀ ਨਹੀਂ ਹੁੰਦੀ। ਉਦਾਸੀ ਬੰਦੇ ਨੂੰ ਅੰਦਰੋਂ ਅੰਦਰੀਂ ਘੁਣ ਵਾਂਗ ਖਾ ਜਾਂਦੀ ਹੈ।”
ਫਿਰ ਉਹ ਮੇਰੇ ਅੱਗੇ ਸਵਾਲ ਬਣ ਕੇ ਖੜ੍ਹਾ ਹੋ ਜਾਂਦਾ ਹੈ, “ਯਾਰ ਇਉਂ ਕਿੰਨਾ ਕੁ ਚਿਰ ਝੂਰਦਾ ਰਹੇਂਗਾ ਹਰਜੀਤ ਦੀ ਬੇਵਫ਼ਾਈ `ਤੇ ?”
ਥਾਈਲੈਂਡ ਵੀ ਉਹੀ ਜ਼ੋਰ ਪਾ ਕੇ ਲਿਆਇਆ, “ਮੇ ਬੀ ਚਾਰ ਸਾਲ ਹੋ ਗਏ ਹਰਜੀਤ ਨੂੰ ਛੱਡ ਕੇ ਗਈ ਨੂੰ, ਤੈਨੂੰ ਕਦੇ ਹੱਸਦਿਆਂ ਨ੍ਹੀਂ ਵੇਖਿਆ। ਪਤਾ ਨ੍ਹੀਂ ਤੂੰ ਉਦੋਂ ਦੀ ਕੋਈ ਔਰਤ ਨੇੜਿਓਂ ਜਾ ਕੇ ਵੇਖੀ ਵੀ ਐ ਕਿ ਨਹੀਂ। ਯਾਰ ਐਨੇ ਚਿਰ `ਚ ਤਾਂ ਬੰਦੇ ਅੰਦਰ ਖੂਹ ਬਣ ਜਾਂਦਾ! ਚੱਲ ਹੋ ਤਿਆਰ ਤੈਨੂੰ ਘੁਮਾ ਫਿਰਾ ਲਿਆਈਏ। ਚਾਰ ਦਿਨ ਫੰਨ ਸ਼ੰਨ ਹੋਜੂ।”
“ਕਾਹਦੇ ਫੰਨ ਸ਼ੰਨ ? ਹੁਣ ਤਾਂ—।” ਮੇਰੇ ਤੋਂ ਵਾਕ ਅਧੂਰਾ ਹੀ ਰਹਿ ਗਿਆ ਸੀ।
“ਬਾਈ ਅਮਰ, ਤੂੰ ਨਾ ਕਰੀਂ ਫੰਨ-ਸ਼ੰਨ। ਫੰਨ-ਸ਼ੰਨ ਕਰਨ ਨੂੰ ਅਸੀਂ ਬਥੇਰੇ ਆਂ। ਚੱਲ ਚਾਰ ਦਿਨ ਪੌਣ ਪਾਣੀ ਤਾਂ ਬਦਲੂ। ਮਾਹੌਲ ਬਦਲਣ ਨਾਲ ਬੰਦੇ ਦਾ ਮਨ ਵੀ ਬਦਲ ਜਾਂਦਾ ਹੁੰਦਾ। ਨਾਲੇ ਦੁਨੀਆਂ ਦੇ ਰੰਗ ਈ ਵੇਖਲੀਂ। ਤੈਨੂੰ ਦੁਨੀਆ ਦਾ ਪਤਾ ਤਾਂ ਲੱਗੇ ਕਿਵੇਂ ਹਾਬੜੀ ਫਿਰਦੀ ਆ। ਚੰਗੇ ਭਲੇ ਬੰਦਿਆਂ ਦੀਆਂ ਲਾਲ਼ਾਂ ਡਿੱਗਦੀਆਂ। ਦੁਨੀਆ ਭਰ ਦੇ ਸੈਲਾਨੀ ਆਉਂਦੇ ਥਾਈਲੈਂਡ ਘੁੰਮਣ ਫਿਰਨ ਵਾਸਤੇ। ਸਾਰੇ ਦੇ ਸਾਰੇ ਹਾਬੜੇ ਹੋਏ। ਯੁਗਾਂ ਯੁਗਾਂਤਰਾਂ ਦੇ ਭੁੱਖੇ। ਪੈਸੇ ਆਲੇ ਬੰਦੇਬਹੁਤੇ ਓਥੇ ਈ ਜਾਂਦੇ ਅੰਦਰਲੀ ਭੁੱਖ ਮਿਟਾਉਣ ਵਾਸਤੇ। ਯਾਰ ਕੀ ਪਤਾ ਲੱਗਦਾ-ਪੱਬਾਂ-ਕਲੱਬਾਂ `ਚ ਥਿਰਕਦੀ ਜਵਾਨੀ ਵੇਖ ਕੇ ਮੇ ਬੀ ਤੇਰੇ ਅੰਦਰ ਵੀ ਕੁੱਝ ਹਿਲਜੁੱਲ ਹੋਜੇ ? ਮੇ ਬੀ ਦੱਬੀ ਪਈ ਭੁੱਖ ਈ ਜਾਗ ਪਏ ?” ਏਧਰ ਓਧਰ ਦੀਆਂ ਮਾਰ ਕੇ ਉਸ ਨੇ ਮੱਲੋ ਮੱਲੀ ਆਪਣੇ ਨਾਲ ਤਿਆਰ ਕਰ ਲਿਆ ਸੀ।
ਜੈਸਿਕਾ ਨੂੰ ਜਾਗ ਆ ਗਈ। ਮੇਰੇ ਵੱਲ ਵੇਖਦਿਆਂ ਹਲਕਾ ਜਿਹਾ ਮੁਸਕਰਾਈ। ਮੇਰੇ ਕੋਲ ਆ ਖਿੜਕੀ ਦੇ ਬਾਹਰ ਮਚਲਦੇ ਸਮੁੰਦਰ ਵੱਲ ਵੇਖਣ ਲੱਗੀ। ਸਿਰ ਮੇਰੇ ਮੋਢੇ `ਤੇ ਸੁੱਟ ਲਿਆ।
“ਸਮੁੰਦਰ ਵੀ ਮੇਰੇ ਵਾਂਗ ਬੇਚੈਨ ਹੀ ਰਹਿੰਦਾ ਹੈ।” ਮੈਂ ਮੂੰਹ ਵਿਚ ਹੀ ਬੁੜਬੜਾਇਆ। ਜੈਸਿਕਾ ਨੂੰ ਭਲਾ ਕੀ ਸਮਝ ਲੱਗਦੀ ? ਉਹ ਸਮੁੰਦਰ ਅੰਦਰਲੀਆਂ ਤੂਫ਼ਾਨੀ ਲਹਿਰਾਂ ਵੱਲ ਇਸ਼ਾਰਾ ਕਰਨ ਲੱਗੀ। ਲਹਿਰਾਂ ਪਤਾਇਆ ਬੀਚ ਤੋਂ ਕੁੱਝ ਹਟਵੀਆਂ ਬਣੀਆਂ ਜਗਮਗ ਜਗਮਗ ਕਰਦੀਆਂ ਗਗਨਚੁੰਬੀ ਇਮਾਰਤਾਂ ਨੂੰ ਕਲਾਵੇ ਭਰਨ ਲਈ ਧਾਅ ਰਹੀਆਂ ਹਨ। ਜੈਸਿਕਾ ਮੇਰੇ ਅੰਦਰ ਖੌਰੂ ਪਾਈ ਫਿਰਦੇ ਤੂਫ਼ਾਨ ਤੋਂ ਬੇਖ਼ਬਰ, ਅਠਖੇਲੀਆਂ ਕਰਦੀਆਂ ਲਹਿਰਾਂ ਵੱਲ ਵੇਖਦਿਆਂ ਮੁਸਕਰਾਈ। ਮੈਂ ਉਸਦੇ ਮੁਸਕਰਾਉਂਦੇ ਚਿਹਰੇ ਵੱਲ ਵੇਖਿਆ। ਮੁਸਕਰਾਹਟ ਨੇ ਮੇਰੇ ਅੰਦਰਲੇ ਤੂਫਾਨ ਨੂੰ ਹੋਰ ਤਿੱਖਾ ਕਰ ਦਿੱਤਾ। ਮੈਂ ਹਰਜੀਤ ਬਾਰੇ ਸੋਚਣ ਲੱਗਾਂ। ਵਿਆਹ ਤੋਂ ਬਾਅਦ ਹਰਜੀਤ ਇਸ ਤਰ੍ਹਾਂ ਕਦੋਂ ਮੁਸਕਰਾਈ ਸੀ?
ਵਿਆਹ ਤੋਂ ਤੀਜੇ ਦਿਨ ਮੈਂ ਤੇ ਹਰਜੀਤ ਘੁੰਮਣ ਫਿਰਨ ਲਈ ਨਿਕਲ ਤੁਰੇ ਸਾਂ। ਬੇਬੇ ਨੇ ਤਾਂ ਅਜੇ ਚੱਜ ਨਾਲ ਸਾਰੇ ਸ਼ਗਨ ਵਿਹਾਰ ਵੀ ਨਹੀਂ ਸਨ ਕੀਤੇ। ਸਹੁਰਿਆਂ ਤੋਂ ਆਈਆਂ ਭੈਣਾਂ ਵੀ ਅਜੇ ਭਾਬੋ ਨਾਲ ਗੱਲਾਂ ਕਰ ਕੇ ਰੱਜੀਆਂ ਨਹੀਂ ਸਨ। ਅਜੇ ਤਾਂ ਸ਼ਰੀਕੇ ਕਬੀਲੇ ਦੀਆਂ ਜਨਾਨੀਆਂ ਨਵੀਂ ਆਈ ਵਹੁਟੀ ਨੂੰ ਵੇਖਣ ਆ ਰਹੀਆਂ ਸਨ। ਅਸੀਂ ਦੋਵੇਂ ਸਾਰਾ ਕੁੱਝ ਛੱਡ ਛੁਡਾ ਕੇ ਹਿਮਾਚਲ ਦੀਆਂ ਰੰਗੀਨ ਵਾਦੀਆਂ `ਚ ਆ ਗਏ ਸਾਂ। ਵਾਦੀਆਂ ਹਰਜੀਤ ਦੀਆਂ ਪੰਜੇਬਾਂ ਦੀ ਛਣ-ਛਣ ਨਾਲ ਸੁਰਬੱਧ ਹੋ ਗਈਆਂ। ਕਲੀਆਂ `ਚੋਂ ਖਾਸ ਕਿਸਮ ਦੀ ਮਹਿਕ ਆਉਣ ਲੱਗੀ। ਰੰਗ ਬਿਰੰਗੇ ਫੁੱਲ ਸਾਡੇ ਦੋਵਾਂ ਦੇ ਹਾਸੇ ਨਾਲ ਹੋਰ ਸੋਹਣੇ ਹੋ ਗਏ। ਝਰਨਿਆਂ `ਚੋਂ ਵਹਿੰਦੀ ਚਾਂਦੀ ਅਸੀਂ ਇੱਕ ਦੂਜੇ ਉੱਪਰ ਬੁੱਕਾਂ ਭਰ ਭਰ ਉਛਾਲਦੇ। ਪਾਣੀ ਨਾਲ ਭਿੱਜੀ ਉਹ ਸੋਭਾ ਸਿੰਘ ਦੀ ਬਣਾਈ ਤਸਵੀਰ ਵਿਚਲੀ ਸੋਹਣੀ ਵਰਗੀ ਜਾਪਦੀ। ਅਸੀਂ ਹੱਥਾਂ `ਚ ਹੱਥ ਪਾਈ ਪਹਾੜੀ ਢਲਾਣਾਂ `ਤੇ ਅਠਖੇਲੀਆਂ ਕਰਦੇ। ਉਹ ਬਿੰਦੇ ਝੱਟੇ ਬੁੱਕਲ ਵਿੱਚ ਆ ਡਿਗਦੀ। ਚੀੜ ਦੇ ਰੁੱਖਾਂ `ਤੇ ਬੈਠੀਆਂ ਨਿੱਕੀਆਂ-ਨਿੱਕੀਆਂ ਪਹਾੜੀ ਚਿੜੀਆਂ ਸਾਡੀ ਚੋਹਲ ਮੋਹਲ `ਤੇ ਤਾੜੀ ਮਾਰ ਕੇ ਹੱਸਦੀਆਂ। ਏਧਰ ਓਧਰ ਭੱਜੀਆਂ ਫਿਰਦੀਆਂ ਗਾਲੜ੍ਹਾਂ ਪਿਛਲੇ ਪਹੁੰਚਿਆਂ `ਤੇ ਖੜੀਆਂ ਹੋ ਸਾਡੇ ਵੱਲ ਹੈਰਾਨੀ ਨਾਲ ਵੇਖਦੀਆਂ।
“ਮੈਨੂੰ ਤਾਂ ਬਚਪਨ ਤੋਂ ਹੀ ਘੁੰਮਣ ਫਿਰਨ ਦਾ ਬੁਹਤ ਸ਼ੌਕ ਹੈ। ਮੇਰਾ ਵੱਸ ਚੱਲੇ ਤਾਂ ਸਾਰੀ ਦੁਨੀਆ ਹੀ ਘੁੰਮ ਲਵਾਂ।” ਹਰਜੀਤ ਨੇ ਮੇਰੇ ਮੋਢੇ `ਤੇ ਸਿਰ ਟਿਕਾਉਂਦਿਆਂ ਆਖਿਆ ਸੀ।
“ਇਹਦੇ `ਚ ਕੀ ਵੱਡੀ ਗੱਲ ਹੈ? ਘੁੰਮ ਲਵਾਂਗੇ ਸਾਰੀ ਦੁਨੀਆ। ਘੁੰਮਣ ਫਿਰਨ ਜੋਗੀ ਤਨਖਾਹ ਆਪਾਂ ਨੂੰ ਮਿਲ ਜਾਂਦੀ ਹੈ। ਨਿਕਲ ਤੁਰਿਆ ਕਰਾਂਗੇ ਆਏ ਸਾਲ। ਨਾਲੇ ਵਾਦੀਆਂ, ਪਰਬਤਾਂ, ਜੰਗਲਾਂ, ਬੇਲਿਆਂ ਤੇ ਮਾਰੂਥਲਾਂ ਨੂੰ ਹੱਸਣਾ ਖੇਡਣਾ ਸਿਖਾ ਜਾਇਆ ਕਰਾਂਗੇ।” ਹੱਸਦਿਆਂ ਹੱਸਦਿਆਂ ਮੈਂ ਹਰਜੀਤ ਨੂੰ ਨਾਲ ਘੁੱਟ ਲਿਆ ਸੀ।
ਪੂਰੇ ਵੀਹ ਦਿਨ ਪਹਾੜਾਂ ਦੀਆਂ ਕੰਦਰਾਂ `ਚ ਹਾਸੇ ਖਿਲਾਰਨ ਬਾਅਦ ਵਾਪਸ ਮੁੜੇ ਸਾਂ। ਬੀਬੀ ਬਾਈ ਦਾ ਚਾਅ ਚੱਕਿਆ ਨਹੀਂ ਸੀ ਜਾਂਦਾ।
“ਸ਼ਰੀਕਾਂ ਕਹਿਣਾ ਹਜੇ ਕੱਲ੍ਹ ਆਈ ਤੇ ਅੱਜ ਚੌਕੇ ਵੀ ਚਾੜ੍ਹ ਲਈ। ਨਾ ਭਾਈ ਮੈਂ ਤਾਂ ਆਪਣੀ ਨੂੰਹ ਨੂੰ ਛੇ ਮਹੀਨੇ ਕੰਮ ਨੂੰ ਹੱਥ ਨ੍ਹੀਂ ਲਾਉਣ ਦੇਣਾ। ਬਥੇਰੀ ਉਮਰ ਪਈ ਐ ਕੰਮਾਂ ਨੂੰ। ਮੈਂ ਤਾਂ ਚਾਅ ਪੂਰੇ ਕਰਨੇ। ਹਜੇ ਮੇਰੇ ਨੈਣ ਪਰਾਣ ਚੱਲਦੇ। ਮੈਂ ਆਪੇ ਕਰਲੂੰ ਸਾਰੇ ਕੰਮ ਧੰਦੇ।” ਬੀਬੀ ਨੇ ਹਰਜੀਤ ਹੱਥੋਂ ਭਾਂਡੇ ਛੁਡਾ ਲਏ। ਉਹ ਤਾਂ ਹਰਜੀਤ ਨੂੰ ਪੈਰ ਵੀ ਬੜੀ ਮੁਸ਼ਕਲ ਨਾਲ ਭੁੰਜੇ ਲਾਹੁਣ ਦਿੰਦੀ। ਧੀਏ-ਧੀਏ ਕਰਦੀ ਦਾ ਮੂੰਹ ਸੁੱਕਦਾ।
“ਹਰਜੀਤ ਦੇ ਰੰਗ ਨਾਲ ਤਾਂ ਘਰਦਾ ਵਿਹੜਾ ਵੀ ਗੁਲਾਬੀ ਹੋ ਗਿਆ। ਨਾ ਭਾਈ, ਮੈਂ ਨ੍ਹੀ ਏਹਨੂੰ ਧੁੱਪੇ ਨਿਕਲਣ ਦਿੰਦੀ- ਐਵੇਂ ਕਿਤੇ ਰੰਗ ਈ ਚੋਅ ਜਾਵੇ।” ਜਦੋਂ ਹੀ ਕੋਈ ਗੁਆਂਢਣ ਘਰ ਆ ਕੇ ਜਾਂਦੀ, ਬੀਬੀ ਨਜ਼ਰ ਉਤਾਰਨ ਬਹਿ ਜਾਂਦੀ। ਅਸੀਂ ਬੀਬੀ ਦੇ ਵਹਿਮਾਂ-ਭਰਮਾਂ `ਤੇ ਹੱਸਦੇ ਰਹਿੰਦੇ।
ਬਾਈ ਪਿਆਰ ਨਾਲ ਹਰਜੀਤ ਨੂੰ “ਜੀਤਿਆ ਸ਼ੇਰਾ” ਆਖਦਾ।
ਹਰਜੀਤ ਦੋ-ਤਿੰਨ ਦਿਨ ਲਈ ਵੀ ਪੇਕੇ ਮਿਲਣ ਜਾਂਦੀ, ਘਰਦੇ ਕੰਧਾਂ ਕੌਲੇ ਉਦਾਸ ਹੋ ਜਾਂਦੇ। ਮੈਨੂੰ ਵੀ ਲੱਗਦਾ ਜਿਵੇਂ ਕੋਈ ਮੇਰੀ ਰੂਹ ਹੀ ਕੱਢ ਕੇ ਲੈ ਗਿਆ ਹੋਵੇ। ਆਵਦਾ ਆਪ ਅਧੂਰਾ ਅਧੂਰਾ ਜਾਪਦਾ। ਹਰਜੀਤ ਮੇਰੇ ਸਰੀਰ ਦਾ ਅੰਗ ਬਣ ਗਈ ਸੀ। ਜਿਵੇਂ ਮੈਂ ਹਰਜੀਤ ਲਈ ਬਣਿਆ ਸਾਂ ਤੇ ਹਰਜੀਤ ਮੇਰੇ ਲਈ।
ਵਿਆਹ ਦਾ ਇੱਕ ਸਾਲ ਇੱਕ ਦਿਨ ਵਾਂਗ ਲੰਘ ਗਿਆ। ਉਸ ਦਿਨ ਵਿਆਹ ਦੀ ਵਰ੍ਹੇਗੰਢ ਸੀ ਜਿਸ ਦਿਨ ਹਰਜੀਤ ਦੀ ਕੈਨੇਡਾ ਵਾਲੀ ਮਾਸੀ ਦੀ ਕੁੜੀ ਜੈਸਮੀਨ ਅਤੇ ਉਸਦਾ ਪਤੀ ਮਿਲਣ ਆਏ। ਇਹ ਦਸੰਬਰ ਜਨਵਰੀ ਦੇ ਠੰਢੇ ਦਿਨ ਸਨ। ਜੈਸਮੀਨ ਦੇ ਦੱਸਣ ਅਨੁਸਾਰ ਇਨ੍ਹਾਂ ਦਿਨਾਂ `ਚ ਟੋਰਾਂਟੋ ਦੀਆਂ ਸੜਕਾਂ ਅਤੇ ਘਰਾਂ ਉੱਪਰ ਗੋਡੇ ਗੋਡੇ ਬਰਫ ਜੰਮੀ ਪਈ ਹੋਈ ਸੀ। ਹੱਡ-ਚੀਰਵੀਂ ਠੰਢ ਦੇ ਇਨ੍ਹਾਂ ਦਿਨਾਂ `ਚ ਪਰਵਾਸੀ ਕੂੰਜਾਂ ਵਤਨ ਵੱਲ ਦੀ ਉਡਾਰੀ ਭਰਦੀਆਂ। ਭੈਣ ਅਤੇ ਜੀਜੇ ਦੇ ਆਉਣ `ਤੇ ਹਰਜੀਤ ਉੱਡੀ ਫਿਰਦੀ ਸੀ। ਉਸਦੇ ਚਾਵਾਂ ਨੂੰ ਜਿਵੇਂ ਖੰਭ ਲੱਗ ਗਏ ਹੋਣ। ਅਸੀਂ ਸਾਰਾ ਟੱਬਰ ਵਿਦੇਸ਼ੀ ਪ੍ਰਾਹੁਣਿਆਂ ਦੀ ਆਓ ਭਗਤ `ਚ ਲੱਗੇ ਪਏ ਸਾਂ। ਜੈਸਮੀਨ ਗੱਲ਼ ਗੱਲ਼ `ਤੇ ਕੈਨੇਡਾ ਦੇ ਗੁਣ ਗਾਉਂਦੀ, “ਸਾਡੇ ਓਥੇ ਕੈਨਡਾ `ਚ ਇੱਦਾਂਸਾਡੇ ਓਥੇ ਕੈਨਡਾ `ਚ ਓਦਾਂ।”
ਗੱਲ਼ਾਂ ਸੁਣਦਿਆਂ ਹਰਜੀਤ ਦੀਆਂ ਅੱਖਾਂ ਕਦੇ ਸੁੰਗੜ ਕੇ ਨਿੱਕੀਆਂ ਨਿੱਕੀਆਂ ਅਤੇ ਕਦੇ ਫੈਲ਼ ਕੇ ਇੱਲ ਦੇ ਆਂਡੇ ਜਿੱਡੀਆਂ ਹੋ ਜਾਂਦੀਆਂ।
“ਜੀਜੂ ਤੁਸੀਂ ਪੀ ਆਰ ਦਾ ਕੇਸ ਕਿਉਂ ਨ੍ਹੀ ਪਾ ਦਿੰਦੇ ? ਜਿੱਦਾਂ ਤੁਸੀਂ ਐਮ ਐਸ ਸੀ ਪਾਸ ਕੀਤੀ ਹੋਈ ਹੈ। ਜਿੱਦਾਂ ਫਿਰ ਦੀਦੀ ਹਰਜੀਤ ਦੀ ਐਜੂਕੇਸ਼ਨ ਦੇ ਪੁਆਇੰਟ ਵੀ ਕਾਊਂਟ ਹੋ ਜਾਣੇ। ਵਿਦ ਇੰਨ ਵੰਨ ਯੀਅਰ ਤੁਸੀਂ ਕੇਨਡਾ ਮੂਵ ਹੋ ਜਾਣਾ। ਜਿੱਦਾਂ ਤੁਸੀਂ ਜਾਂਦਿਆਂ ਸਾਰ ਵਧੀਆ ਡਾਲਰ ਚੁੱਕਣ ਲੱਗ ਪੈਣਾ। ਇੱਦਾਂ ਇੱਥੇ ਕੀ ਬਣਦਾ ਹੋਊ?” ਜੈਸਮੀਨ ਨੇ ਬੜੇ ਅਜੀਬ ਜਿਹੇ ਢੰਗ ਨਾਲ ਮੋਢੇ ਉਪਰ ਚੁੱਕੇ ਤੇ ਮੂੰਹ ਮਚਕੋੜਿਆ ਸੀ। ਜੈਸਮੀਨ ਦੀ ਤਜਵੀਜ਼ ਸੁਣ ਕੇ ਹਰਜੀਤ ਦਾ ਚਿਹਰਾ ਖਿੜ ਗਿਆ ਸੀ। ਮੈਂ ਕੇਵਲ ਹਲਕਾ ਜਿਹਾ ਮੁਸਕਰਾਇਆ ਸਾਂ।
ਜੈਸਮੀਨ ਤੇ ਉਸਦੇ ਹਸਬੈਂਡ ਦੇ ਜਾਣ ਚਲੇ ਜਾਣ ਤੋਂ ਬਾਅਦ ਹਰ ਵੇਲੇ ਖਿੜੀ ਰਹਿਣ ਵਾਲੀ ਹਰਜੀਤ ਬੁੱਝੀ ਬੁੱਝੀ ਰਹਿਣ ਲੱਗੀ। ਚਿਹਰੇ `ਤੇ ਤਣਾਅ ਪਸਰਿਆ ਰਹਿੰਦਾ। ਉਸਦਾ ਜਿ਼ਆਦਾ ਸਮਾਂ ਮੋਬਾਇਲ ਨਾਲ ਜੁੜ ਕੇ ਲੰਘਣ ਲੱਗਾ।
“ਜੈੱਸ ਦੀਦੀ ਦਾ ਫੋਨ ਸੀ।” ਪੁੱਛਣ `ਤੇ ਹਰ ਵਾਰ ਇੱਕੋ ਜੁਆਬ ਹੁੰਦਾ।
“ਅਮਰ! ਦੀਦੀ ਜੈਸਮੀਨ ਠੀਕ ਕਹਿੰਦੇ ਨੇ। ਆਪਾਂ ਨੂੰ ਕੈਨਡਾ ਲਈ ਅਪਲਾਈ ਕਰਨਾ ਚਾਹੀਦਾ। ਮੈਂ ਆਪਣੇ ਮੰਮੀ-ਪਾਪਾ ਨਾਲ ਵੀ ਗੱਲ਼ ਕੀਤੀ ਐ। ਉਨ੍ਹਾਂ ਨੇ ਵੀ ਇਹੋ ਸੁਜੈਸ਼ਨ ਦਿੱਤੀ ਹੈ। ਉਨ੍ਹਾਂ ਤਾਂ ਸਗੋਂ ਕਿਸੇ ਜਾਣੂ ਇਮੀਗਰੇਸ਼ਨ ਵਾਲੇ ਨਾਲ ਆਪਣੇ ਕੇਸ ਸਬੰਧੀ ਗੱਲ਼ ਵੀ ਕਰ ਲਈ ਐ। ਆਈ ਥਿੰਕ ਤੁਸੀਂ ਜੌਬ ਤੋਂ ਮਹੀਨੇ ਵੀਹ ਦਿਨਾਂ ਦੀਆਂ ਛੁੱਟੀਆਂ ਲੈ ਕੇ ਕੋਈ ਕੋਚਿੰਗ ਸੈਂਟਰ ਜੁਆਇਨ ਕਰ ਲਵੋ। ਜੈਸ ਦੀਦੀ ਕਹਿੰਦੇ ਪੀ ਆਰ ਦੇ ਕੇਸ ਲਈ ਆਈਲੈਟਸ `ਚੋਂ ਸੈਵਨ ਈਚ ਬੈਂਡ ਹੋਣੇ ਚਾਹੀਦੇ। ਆਈ ਹੋਪ ਏਨੇ ਬੈਂਡ ਤਾਂ ਤੁਸੀਂ ਆਸਾਨੀ ਨਾਲ ਹੀ ਲੈ ਜਾਣੇ।”
“ਜੋਤ ! ਕੀ ਕਰਾਂਗੇ ਬਾਹਰ ਜਾ ਕੇ ? ਤੈਨੂੰ ਪਤਾ ਉੱਥੇ ਜਾ ਕੇ ਲੇਬਰ ਕਰਨੀ ਪਊ? ਏਥੇ ਚੰਗੀ ਭਲੀ ਪ੍ਰੋਫੈਸਰੀ ਕਰਦੇ ਹਾਂ-ਵ੍ਹਾਈਟ ਕਾਲਰ ਜੌਬ। ਠੀਕ ਹੈ ਅਜੇ ਪੂਰਾ ਗਰੇਡ ਨਹੀਂ ਮਿਲਣ ਲੱਗਾ ਪਰ ਕਿਤੇ ਨਾ ਕਿਤੇ ਉਹ ਵੀ ਮਿਲਣ ਲੱਗ ਜਾਊ।” ਮੈਂ ਗੱਲ ਹਾਸੇ ਪਾਉਣ ਦੀ ਕੋਸਿ਼ਸ਼ ਕਰਦਾ ਹਾਂ।
“ਕੈਨੇਡਾ-ਕੈਨੇਡਾ ਹੀ ਐ। ਐਵੇਂ ਤਾਂ ਨਹੀਂ ਸਾਰੀ ਦੁਨੀਆਂ ਭੱਜੀ ਜਾਂਦੀ। ਲੋਕ ਤਾਂ ਜ਼ਮੀਨਾਂ-ਜਾਇਦਾਦਾਂ ਵੇਚ-ਵੇਚ ਕੇ ਦੋ ਨੰਬਰ `ਚ ਤੁਰੇ ਜਾਂਦੇ, ਆਪਾਂ ਤਾਂ ਫੇਰ ਵੀ ਲੀਗਲ ਵੇਅ ਨਾਲ ਜਾਣੈ। ਤੁਸੀਂ ਆਪ ਸੋਚੋ-ਜੇ ਬਾਹਰ ਏਨਾ ਹੀ ਮਾੜਾ ਹੋਵੇ ਤਾਂ ਲੋਕ ਕਿਉਂ ਦੌੜ ਲਾਉਣ ਓਧਰ ਨੂੰ?” ਹਰਜੀਤ ਤਾਂ ਪੂਰੀ ਸੀਰੀਅਸ ਹੋਈ ਪਈ ਸੀ। ਉਸਦੇ ਚਿਹਰੇ ਦੀ ਰੰਗਤ ਨੇ ਦੱਸ ਦਿੱਤਾ ਸੀ ਕਿ ਉਸਨੂੰ ਮੇਰੀ ਗੱਲ਼ ਉੱਕਾ ਹੀ ਚੰਗੀ ਨਹੀਂ ਸੀ ਲੱਗੀ।
“ਜੋਤ ਮੇਰਾ ਕੋਈ ਵਿਚਾਰ ਨਹੀਂ ਬਾਹਰ ਜਾਣ ਦਾ।” ਮੈਂ ਸਪੱਸ਼ਟ ਹੋਣਾ ਜ਼ਰੂਰੀ ਸਮਝਿਆ।
‘ਤੁਸੀਂ ਜਿਸ ਦਿਨ ਵੇਖਣ ਆਏ ਸੀ, ਮੈਂ ਤਾਂ ਉਸ ਦਿਨ ਹੀ ਸੋਚ ਲਿਆ ਸੀ ਕੇ ਅਬਰੌਡ ਜਾਵਾਂਗੇ। ਹੁਣ ਜਦੋਂ ਦੀਦੀ ਤੇ ਜੀਜੂ ਨੇ ਇਨਕਰਜ ਕੀਤਾ, ਮੈਂ ਤਾਂ ਪੱਕਾ ਹੀ ਮਨ ਬਣਾ ਲਿਆ। ਫੇਰ ਆਪਣੇ ਪੁਆਇੰਟ ਵੀ ਤਾਂ ਬਣਦੇ ਆ। ਸਭ ਤੋਂ ਵੱਡੀ ਪਰੋਬਲਮ ਹੁੰਦੀ ਉਥੇ ਗਿਆਂ ਨੂੰ ਸਾਂਭਣ ਦੀ। ਆਪਾਂ ਨੂੰ ਤਾਂ ਉਹ ਵੀ ਨਹੀਂ ਆਉਣ ਲੱਗੀ। ਜੀਜੂ ਤੇ ਜੈੱਸ ਦੀਦੀ ਸਾਂਭ ਲੈਣਗੇ ਗਿਆਂ ਨੂੰ। ਕੰਮ ਧੰਦਾ ਵੀ ਆਪੇ ਲੱਭ ਕੇ ਦੇਣਗੇ।”
“ਪੁਆਇੰਟ ਬਣਨ ਜਾਂ ਨਾ ਬਣਨ ਦੀ ਤਾਂ ਗੱਲ਼ ਈ ਨਹੀਂ-ਜਦੋਂ ਜਾਣਾ ਈ ਨਹੀਂ ਬਾਹਰ।”
‘ਜਿਹੜੇ ਲੋਕ ਡਾਰਾਂ ਬੰਨ੍ਹ-ਬੰਨ੍ਹ ਤੁਰੇ ਜਾਂਦੇ-ਪਾਗਲ ਈ ਨੇ ਸਾਰੇ? ਆਪਾਂ ਈ ਸਿਆਣੇ ਹੋਗੇ ਸਾਰਿਆਂ ਤੋਂ?” ਐਨੇ ਤਿੱਖੇ ਬੋਲ ਹਰਜੀਤ ਦੇ ਮੂੰਹੋਂ ਪਹਿਲੀ ਵਾਰ ਸੁਣੇ ਸਨ। ਮੈਨੂੰ ਝਟਕਾ ਲੱਗਾ ਸੀ। ਮੈਂ ਮਹਿਸੂਸ ਕੀਤਾ, ਟੋਰਾਂਟੋ ਦੀਆਂ ਸੜਕਾਂ ਅਤੇ ਘਰਾਂ ਵਿਚਲਾ ਬਰਫ਼ ਦਾ ਗਲੇਸ਼ੀਅਰ ਸਾਡੇ ਘਰ ਵੱਲ ਸਰਕ ਆਇਆ ਸੀ।
ਹੁਣ ਉਹ ਹਰ ਦਿਨ ਸੌਣ ਵੇਲੇ ਬਾਹਰ ਚਲੇ ਚੱਲਣ ਦਾ ਰਾਗ ਅਲਾਪਣ ਲੱਗੀ, “ਮੈਂ ਤਾਂ ਇਉਂ ਸੋਚਦੀ ਸੀ, ਮੈਂ ਤਾਂ ਇਉਂ ਸੋਚਿਆ ਸੀ।” ਸਾਡਾ ਕਮਰਾ ਤਣਾਅ ਨਾਲ ਭਰਿਆ ਰਹਿੰਦਾ। ਉਸ ਦੀਆਂ ਪੰਜੇਬਾਂ ਦੀ ਛਣ-ਛਣ ਵਿਚੋਂ ਗੁੱਸਾ ਸਾਫ ਸੁਣਾਈ ਦਿੰਦਾ।
‘ਹਰਜੀਤ ਵੇਖ ਵਿਖਾਈ ਵੇਲੇ ਆਪਾਂ ਕਿੰਨਾ ਸਮਾਂ ਇਕੱਲੇ ਬੈਠੇ ਰਹੇ, ਤੈਨੂੰ ਇਹ ਗੱਲ ਉਸੇ ਦਿਨ ਸਾਂਝੀ ਕਰ ਲੈਣੀ ਚਾਹੀਦੀ ਸੀ। ਮੈਂ ਉਦੋਂ ਵੀ ਇਹੀ ਕਹਿਣਾ ਸੀ ਜੋ ਅੱਜ ਕਹਿ ਰਿਹਾਂ। ਫਿਰ ਤੂੰ ਆਪਣੇ ਹਿਸਾਬ ਨਾਲ ਨਿਰਣਾ ਲੈ ਸਕਦੀ ਸੀ।”
“ਨਾ ਮੈਨੂੰ ਇਹ ਤਾਂ ਦੱਸੋ, ਬਾਹਰ ਜਾਣ `ਚ ਦਿੱਕਤ ਕੀ ਹੈ ? ਕੋਈ ਨੁਕਸਾਨ ਹੈ?”
“ਨਾ ਕੋਈ ਦਿੱਕਤ ਹੈ ਤੇ ਨਾ ਹੀ ਕੋਈ ਨੁਕਸਾਨ। ਹਾਂ ਮੈਨੂੰ ਨਫ਼ਾ ਕੋਈ ਨਹੀਂ ਜਾਪਦਾ। ਜੋਤ! ਕੁੱਝ ਕੁ ਲੋਕ ਬਾਹਰ ਜਾ ਰਹੇ ਨੇ, ਬਹੁਤੇ ਤਾਂ ਏਥੇ ਹੀ ਨੇ ਤੇ ਉਨ੍ਹਾਂ ਏਥੇ ਹੀ ਰਹਿਣਾ। ਤੂੰ ਮੈਨੂੰ ਉਨ੍ਹਾਂ ਬਹੁਤੇ ਲੋਕਾਂ `ਚ ਸ਼ੁਮਾਰ ਕਰ ਸਕਦੀ ਏਂ। ਵੱਡੀ ਗੱਲ ਤਾਂ ਇਹ ਕਿ ਮੈਂ ਬੀਬੀ ਤੇ ਬਾਈ ਨੂੰ ਛੱਡ ਕੇ ਕਿਧਰੇ ਨਹੀਂ ਜਾਣਾ।”
“ਇੱਕੋ ਜਿ਼ੱਦ ਫੜੀ ਤੁਸੀਂ ਤਾਂ। ਇਨਸਾਨ ਆਪਣੇ ਪਰਿਵਾਰ ਦੀ ਖੁਸ਼ੀ ਲਈ ਕੀ ਨਹੀਂ ਕਰਦਾ? ਇਨਸਾਨ ਨੂੰ ਬਹੁਤ ਕੁੱਝ ਦਾ ਸੈਕਰੀਫਾਈਸ ਕਰਨਾ ਪੈਂਦਾ। ਕੱਲ੍ਹ ਨੂੰ ਬੱਚੇ ਹੋਣਗੇ, ਉਨ੍ਹਾਂ ਦਾ ਫਿਊਚਰ ਤਾਂ ਸੇਫ ਹੋਵੇਗਾ। ਓਥੋਂ ਦੀਆਂ ਤੇ ਏਥੋਂ ਦੀਆਂ ਸਹੂਲਤਾਂ ਨੂੰ ਕੰਪੇਅਰ ਕਰ ਕੇ ਤਾਂ ਦੇਖੋ। ਅਮਰ! ਇੰਡੀਆ ਦਾ ਅੰਬਰ ਬਹੁਤ ਨਿੱਕਾ ਹੈ, ਏਥੇ ਆਪਣੀ ਉਡਾਰੀ ਵੀ ਨਿੱਕੀ ਹੀ ਹੋਵੇਗੀ। ਕੈਨੇਡਾ ਦਾ ਅੰਬਰ ਬਹੁਤ ਵੱਡਾ ਹੈ-ਆਪਣੀ ਉਡਾਰੀ ਵੀ ਵੱਡੀ ਹੋਵੇਗੀ। ਤਾਂ ਹੀ ਤਾਂ ਦੀਦੀ-ਜੀਜੂ ਵਾਰ ਵਾਰ ਜ਼ੋਰ ਪਾ ਰਹੇ-ਉਨ੍ਹਾਂ ਨੂੰ ਕੀ ਬੈਨੀਫਿੱਟ? ਆਪਣੇ ਭਲੇ ਲਈ ਹੀ ਤਾਂ ਕਹਿੰਦੇ। ਤੁਸੀਂ ਸਮਝਦੇ ਕਿਉਂ ਨਹੀਂ?” ਹਰਜੀਤ ਦੀਆਂ ਗੱਲ਼ਾਂ ਸੁਣ ਕੇ ਮੇਰਾ ਸਿਰ ਫਟਣ ਲੱਗਦਾ। ਉਹ ਦਿਨ `ਚ ਪਤਾ ਨਹੀਂ ਕਿੰਨੀ ਵਾਰ ਦੀਦੀ-ਦੀਦੀ, ਜੀਜੂ-ਜੀਜੂ ਦਾ ਪਾਠ ਕਰਦੀ। ਮੈਂ ਚੁੱਪ-ਚਾਪ ਬਾਹਰ ਨਿਕਲ ਜਾਂਦਾ।
ਟੋਰਾਂਟੋ ਦੀਆਂ ਸੜਕਾਂ ਵਾਲੀ ਬਰਫ਼ ਹੁਣ ਸਾਡੇ ਰਿਸ਼ਤਿਆਂ `ਚ ਜੰਮ ਗਈ ਸੀ। ਇਹ ਗਲੇਸ਼ੀਅਰ ਦਿਨੋ-ਦਿਨ ਸੰਘਣਾ ਹੋਈ ਜਾਂਦਾ ਸੀ। ਇਸ ਗਲੇਸ਼ੀਅਰ ਉਪਰੋਂ ਦੀ ਲੰਘ ਕੇ ਜਾਣ ਵਾਲੀ ਠੰਡੀ ਹਵਾ ਬੀਬੀ ਤੇ ਬਾਈ ਕੋਲ ਵੀ ਚਲੀ ਗਈ। ਉਨ੍ਹਾਂ ਦੇ ਮੱਥਿਆਂ ਉੱਪਰ ਚਿੰਤਾਦੀਆਂ ਲਕੀਰਾਂ ਉਭਰ ਆਈਆਂ। ਬੀਬੀ ਹਰਜੀਤ ਦੇ ਵਿਹੜੇ `ਚ ਫਿਰਦਿਆਂ ਆਖਦੀ, “ਸਾਡੇ ਵਿਹੜੇ `ਚ ਤਾਂ ਚੰਨ ਰਾਤ ਬਰਾਤੇ ਪੌੜੀਆਂ ਲਾ ਕੇ ਉੱਤਰ ਆਇਆ।” ਹੁਣ ਉਹ ਉਦਾਸ ਉਦਾਸ ਰਹਿਣ ਲੱਗੀ। ਉਸਨੂੰ ਵਿਹੜੇ `ਚ ਉਤਰਦੀ ਆਉਂਦੀ ਮੱਸਿਆ ਦੀ ਕਨਸੋਅ ਸੁਣਾਈ ਦੇਣ ਲੱਗੀ।
“ਪੁੱਤ ਜਿ਼ੰਦਗੀ ਤੁਸਾਂ ਦੋਵਾਂ ਨੇ ਕੱਢਣੀ ਐ। ਅਸੀਂ ਤਾਂ ਕੱਚੇ ਘੜੇ ਦਾ ਪਾਣੀ ਆਂ। ਕਿੰਨਾ ਕੁ ਚਿਰ ਰਹਾਂਗੇ? ਪੁੱਤ ਅਮਰ, ਬਹੂ ਜਿਮੇ ਕਹਿੰਦੀ ਓਮੇ ਜਿਮੇ ਕਰਲਾ।” ਮੈਨੂੰ ਸਮਝਾਉਂਦਿਆਂ ਬੀਬੀ ਨੇ ਲੰਮਾ ਹਾਉਕਾ ਖਿੱਚ ਲਿਆ ਸੀ।
ਬੀਬੀ ਨੇ ਹੀ ਨਹੀਂ ਬਾਈ ਨੇ ਵੀ ਮੈਨੂੰ ਸਮਝਾਉਣ ਲਈ ਆਪਣੀ ਵਾਹ ਲਾ ਲਈ। ਮੇਰੀ ਨਾਂਹ ਤੋਂ ਤੰਗ ਆ ਆਖਰ ਇੱਕ ਦਿਨ ਉਸਨੇ ਹਰਜੀਤ ਅੱਗੇ ਹੱਥ ਜੋੜ ਦਿੱਤੇ ਸਨ।
“ਜੀਤਿਆ ਸ਼ੇਰਾ! ਇਹ ਤਾਂ ਪਹਿਲੇ ਦਿਨੋਂ ਈ ਹਿੰਡੀ ਐ, ਮੇਰਾ ਪੁੱਤ ਤੂੰ ਈ ਜਿ਼ੱਦ ਛੱਡਦੇ। ਦੇਖ, ਤੇਰੀ ਕੋਈ ਦਰਾਣੀ ਨ੍ਹੀ ਜੇਠਾਣੀ ਨ੍ਹੀ। ਏਥੋਂ ਵਾਲਾ ਸਾਰਾ ਕੁਛ ਥੋਡਾ ਈ ਤਾਂ ਹੈਗਾ। ਥੋਡੇ ਦੋਵਾਂ ਤੋਂ ਨ੍ਹੀ ਮੁੱਕਦਾ। ਫੇਰ ਅਮਰ ਦੀ ਨੌਕਰੀ ਵੀ ਹੈਗੀ। ਜੇ ਕਰਨੀ ਚਾਹੇਂ, ਤੈਨੂੰ ਵੀ ਮਿਲ ਸਕਦੀ। ਫੇ-ਕਾਹਤੋਂ ਐਮੇ ਟੈਸ਼ਨ ਪਾਉਣੀ। ਜਿ਼ੱਦ ਛੱਡ ਦੇ ਮੇਰਾ ਸ਼ੇਰ।”
ਬਾਈ ਦੇ ਜੁੜੇ ਹੱਥ ਵੇਖ ਮੈਨੂੰ ਉਸ `ਤੇ ਗੁੱਸਾ ਵੀ ਆਇਆ ਤੇ ਤਰਸ ਵੀ। ਉਸ ਤੋਂ ਕਈ ਗੁਣਾਂ ਵੱਧ ਗੁੱਸਾ ਹਰਜੀਤ `ਤੇ ਆਇਆ ਜਿਸਨੇ ਬਾਈ ਦੇ ਜੁੜੇ ਹੱਥਾਂ ਵੱਲ ਅੱਖ ਚੁੱਕ ਕੇ ਵੀ ਨਾ ਵੇਖਿਆ ਤੇ ਮੱਥੇ ਉਤਲੇ ਵੱਟ ਸੰਘਣੇ ਕਰਦਿਆਂ ਅੰਦਰ ਜਾ ਵੜੀ ਸੀ। ਬਾਈ ਕਿੰਨਾ ਚਿਰ ਹੱਥ ਬੰਨ੍ਹੀਂ ਉਵੇਂ ਦਾ ਉਵੇਂ ਖੜਾ ਰਿਹਾ ਸੀ।
ਮੇਰੇ ਤੇ ਹਰਜੀਤ ਵਿਚਕਾਰ ਠੰਢੀ ਜੰਗ ਚੱਲਣ ਲੱਗੀ ਸੀ ਤੇ ਇਸ ਜੰਗ `ਚ ਬੀਬੀ ਤੇ ਬਾਈ ਖਾਹ-ਮਖਾਹ ਦਰੜੇ ਜਾ ਰਹੇ ਸਨ।
“ਐਮਰ !” ਜੈਸਿਕਾ ਨੇ ਆਪਣੇ ਹੱਥਾਂ ਨਾਲ ਮੇਰਾ ਮੂੰਹ ਆਪਣੇ ਵੱਲ ਘੁਮਾਇਆ ਤੇ ਮੈਨੂੰ ਯਾਦਾਂ `ਚੋਂ ਧੁੂਹ ਕੇ ਵਾਪਸ ਕਮਰੇ `ਚ ਲੈ ਆਂਦਾ। ਮੱਥੇ `ਤੇ ਹਲਕਾ ਜਿਹਾ ਚੁੰਮਣ ਲਿਆ ਤੇ ਬਾਂਹ ਦੀ ਕਰਿੰਘੜੀ ਪਾ ਕੇ ਬੈੱਡ `ਤੇ ਲਿਆ ਬਹਾਇਆ। ਆਪਣੇ ਹੈਂਕੀ ਨਾਲ ਪੋਲਾ-ਪੋਲਾ ਮੇਰੇ ਚਿਹਰੇ ਨੂੰ ਸਾਫ ਕਰਨ ਲੱਗੀ। ਮੈਨੂੰ ਲੱਗਾ ਜਿਵੇਂ ਮੇਰੀ ਉਦਾਸੀ ਪੂੰਝ ਕੇ ਦੂਰ ਸੁੱਟ ਦੇਣਾ ਚਾਹੁੰਦੀ ਹੋਵੇ।
“ਫੈਮਲੀ ਯਾਦ ਆ ਰਹੀ ਹੈ?” ਜੈਸਿਕਾ ਨੇ ਮੇਰਾ ਚਿਹਰਾ ਦੋਵਾਂ ਹੱਥਾਂ `ਚ ਲੈ ਕੇ ਘੁੱਟਿਆ।
“ਊਂਹੂੰ!” ਮੈਂ ਉਸਦੇ ਦੋਵੇਂ ਹੱਥ ਪਾਸੇ ਕਰ ਮੂੰਹ ਦੂਜੇ ਪਾਸੇ ਘੁਮਾਇਆ ਤੇ ਬੜੀ ਸਫਾਈ ਨਾਲ ਅੱਖਾਂ `ਚ ਉੱਤਰ ਆਈ ਨਮੀ ਨੂੰ ਛੁਪਾ ਲਿਆ।
“ਕਦੇ ਕਦੇ ਮੈਂ ਵੀ ਆਪਣੀ ਫੈਮਲੀ ਨੂੰ ਬੜਾ ਮਿਸ ਕਰਦੀ ਹਾਂ।” ਉਹ ਕੁੱਝ ਚਿਰ ਚੁੱਪ ਰਹੀ ਤੇ ਫੇਰ ਆਪ ਹੀ ਆਪਣੇ ਪਰਿਵਾਰ ਬਾਰੇ ਦੱਸਣ ਲੱਗੀ, “ਮਾਂ-ਬਾਪ, ਛੋਟੇ ਭੈਣ ਭਰਾਵਾਂ ਤੇ ਆਪਣਿਆਂ ਨੂੰ ਮਿਸ ਕਰਦੀ ਹਾਂ। ਉਨ੍ਹਾਂ ਨਾਲ ਬਿਤਾਏ ਦਿਨ ਯਾਦ ਕਰਦੀ ਹਾਂ ਤਾਂ ਬਹੁਤ ਉਦਾਸ ਹੋ ਜਾਂਦੀ ਹਾਂ। ਮੈਨੂੰ ਲੱਗਦਾ ਤੁਸੀਂ ਵੀ ਆਪਣੀ ਗਰਲ ਫਰੈਂਡ ਨਾਲ ਬਿਤਾਏ ਦਿਨ ਯਾਦ ਕਰ ਕੇ ਉਦਾਸ ਹੋ ਰਹੇ ਹੋਵੋਂਗੇ। ਰਾਈਟ? ਕਿ ਵਾਈਫ ਨੂੰ ਮਿਸ ਕਰ ਰਹੇ ਓਂ?” ਜੈਸਿਕਾ ਦੀ ਟੁੱਟੀ ਫੁੱਟੀ ਅੰਗਰੇਜ਼ੀ ਉਸਦੇ ਜਜ਼ਬਾਤ ਮੇਰੇ ਤੱਕ ਪੁੱਜਦੇ ਕਰਨ ਲਈ ਕਾਫੀ ਹੈ।
ਮੈਂ ਕਾਹਲੀ ਨਾਲ ਸਿਰ ਘੁਮਾ ਕੇ ਜੈਸਿਕਾ ਵੱਲ ਵੇਖਿਆ। ਥਾਈਲੈਂਡ ਦੀਆਂ ਲੱਖਾਂ ਸੈਕਸ ਵਰਕਰਾਂ ਬਾਰੇ ਸੋਚਦਿਆਂ, “ਇਨ੍ਹਾਂ ਦਾ ਵੀ ਪਰਿਵਾਰ ਹੁੰਦਾ ਹੈ?” ਦੇ ਸਵਾਲ ਨੇ ਮੇਰਾ ਜਿ਼ਹਨ ਮੱਲ ਲਿਆ। ਜੈਸਿਕਾ ਨੇ ਮੇਰੇ ਅੰਦਰ ਮਚਲਦੇ ਸਵਾਲ ਨੂੰ ਪੜ੍ਹ ਲਿਆ।
“ਮੇਰੇ ਪਰਿਵਾਰ ਬਾਰੇ ਸੁਣ ਕੇ ਸੋਚਾਂ `ਚ ਪੈ ਗਿਐਂ? ਬਹੁਤੇ ਲੋਕ ਇਹੀ ਸੋਚਦੇ ਨੇ। ਬਹੁਤੇ ਕੀ ਏਥੇ ਆਉਣ ਵਾਲੇ ਸਾਰੇ ਲੋਕ ਇਹੀ ਸੋਚਦੇ ਨੇ ਜਾਂ ਕਹਿ ਲਵੋ ਸੋਚ ਸਕਦੇ ਨੇ। ਤੇਰਾ ਇੰਜ ਸੋਚਣਾ ਵੀ ਸੁਭਾਵਿਕ ਹੀ ਹੈ।”
ਇਨ੍ਹਾਂ ਨੂੰ ਵੀ ਤਾਂ ਕਿਸੇ ਮਾਵਾਂ ਨੇ ਹੀ ਜਨਮ ਦਿੱਤਾ ਹੈ।” ਮੈਨੂੰ ਆਪਣੀ ਸੋਚ `ਤੇ ਗਿਲਾਨੀ ਆਈ।
“ਮੇਰੇ ਮਾਤਾ-ਪਿਤਾ ਤੇ ਭੈਣ-ਭਰਾ ਦੂਰ ਦਰਾਜ ਦੇ ਇੱਕ ਪਿੰਡ `ਚ ਰਹਿੰਦੇ ਨੇ। ਜਿ਼ੰਦਗੀ `ਚ ਉਨ੍ਹਾਂ ਨੇ ਬੜੇ ਦੁੱਖ ਦੇਖੇ ਨੇ। ਬੜੇ ਹੀ ਔਖੇ ਦਿਨ। ਭਾਵੇਂ ਕੁੱਝ ਕੁ ਚੰਗੀ ਰੋਟੀ ਜੁੜਨ ਲੱਗੀ ਹੈ ਪਰ ਅਜੇ ਵੀ ਬਹੁਤ ਗਰੀਬ ਨੇ। ਮੈਂ ਉਨ੍ਹਾਂ ਨਾਲ ਵਧੀਆ ਘਰ ਬਣਾ ਕੇ ਦੇਣ ਦਾ ਵਾਅਦਾ ਕੀਤਾ ਸੀ, ਜੋ ਪੂਰਾ ਕਰ ਦਿੱਤਾ ਹੈ। ਬਾਪ ਕੋਲ ਥੋੜੀ ਜਿਹੀ ਜ਼ਮੀਨ ਸੀ, ਮੈਂ ਹੋਰ ਜ਼ਮੀਨ ਲੈ ਕੇ ਦੇ ਦਿੱਤੀ ਹੈ। ਹੁਣ ਉਹ ਉਥੇ ਰਬੜ ਦੇ ਰੁੱਖ ਪੈਦਾ ਕਰ ਸਕਣਗੇ। ਮੈਂ ਭੈਣ ਭਰਾ ਦੀ ਪੜ੍ਹਾਈ ਦਾ ਖਰਚਾ ਵੀ ਚੁੱਕਦੀ ਰਹੀ ਹਾਂ। ਦੋਵਾਂ ਨੇ ਇਸੇ ਸਾਲ ਕਾਲਜ ਪਾਸ ਕੀਤਾ ਹੈ। ਹੁਣ ਉਹ ਆਪਣੇ ਕਿਸੇ ਰੋਜ਼ਗਾਰ `ਤੇ ਹੋ ਜਾਣਗੇ। ਮੇਰੇ `ਤੇ ਬੋਝ ਉੱਕਾ ਘਟ ਜਾਵੇਗਾ। ਅਸੀਂ ਹੁਣ ਪੇਰੈਂਟਸ ਨੂੰ ਖੁਸ਼ ਰੱਖ ਸਕਾਂਗੇ। ਠੀਕ ਕੀਤਾ ਮੈਂ?”
‘ਬਿਲਕੁਲ ਠੀਕ ਕੀਤਾ ਤੂੰ! ਪੇਰੈਂਟਸ ਨੂੰ ਖੁਸ਼ ਰੱਖਣਾ ਭਲਾ ਕਿਵੇਂ ਗ਼ਲ਼ਤ ਹੋ ਸਕਦਾ?”
ਮੇਰਾ ਹਾਂ-ਪੱਖੀ ਹੁੰਗਾਰਾ ਸੁਣ ਕੇ ਉਹ ਬਾਗੋਬਾਗ ਹੋ ਗਈ। ਆਪਣੇ ਖੁੱਲ੍ਹੇ ਵਾਲ਼ਾਂ ਨੂੰ ਝਟਕਾ ਮਾਰ ਕੇ ਪਿੱਛੇ ਨੂੰ ਕੀਤਾ। ਵਾਲ਼ਾਂ `ਚੋਂ ਅਜੀਬ ਜਿਹੀ ਮਹਿਕ ਨਿਕਲ ਕੇ ਸਾਰੇ ਕਮਰੇ `ਚ ਫੈਲ਼ ਗਈ। ਜੈਸਿਕਾ ਦੇ ਕੁੰਡਲਦਾਰ ਵਾਲ਼ ਵੇਖ ਕੇ ਹਰਜੀਤ ਦੇ ਘਣੇ ਕਾਲੇ ਵਾਲ਼ ਯਾਦ ਆਏ। ਉਸ ਦੇ ਵਾਲ਼ ਮੋਢਿਆਂ ਤੋਂ ਥੱਲੇ ਤੱਕ ਆਉਂਦੇ ਸਨ। ਉਹ ਨਹਾਉਣ ਤੋਂ ਬਾਅਦ ਵਾਲ਼ ਖੁੱਲ੍ਹੇ ਛੱਡ ਕੇ ਤੁਰਦੀ ਤਾਂ ਜਾਪਦਾ ਜਿਵੇਂ ਸੈਂਕੜੇ ਕਾਲੇ ਨਾਗ ਫੰਨ ਖਿਲਾਰੀ ਖੜ੍ਹੇ ਹੋਣ। ਹਵਾ ਨਾਲ ਉੱਡਦੇ ਵਾਲ਼ ਅਸਮਾਨ `ਚ ਡਾਰਾਂ ਬੰਨ੍ਹ ਉੱਡਦੀਆਂ ਜਾਂਦੀਆਂ ਕੂੰਜਾਂ ਦਾ ਭੁਲੇਖਾ ਪਾਉਂਦੇ। ਹਰਜੀਤ ਬਿੰਦੇ ਝੱਟੇ ਝਟਕਾ ਮਾਰ ਕੇ ਵਾਲ਼ਾਂ ਨੂੰ ਸੱਜੇ ਖੱਬੇ ਕਰਦੀ ਕਤਲ ਕਰਨ ਤੱਕ ਚਲੀ ਜਾਂਦੀ। ਮੈਂ ਗਹੁ ਨਾਲ ਉਸ ਵੱਲ ਵੇਖੀ ਜਾਂਦਾ। ਉਹ ਸ਼ਰਮਾ ਜਾਂਦੀ।
“ਹੁਣ ਬੱਸ ਵੀ ਕਰੋਟਿਕਟਿਕੀ ਲਾ ਕੇ ਵੇਖੀ ਜਾਨੇ ਓਂ। ਜਵਾਂ ਪਾਗਲ ਲੱਗਦੇ ਓਂ!”
“ਲੱਗਦਾ ਕਾਹਨੂੰ, ਹੋ ਗਿਆ ਹਾਂ। ਸੱਚੀਮੁੱਚੀ ਦਾ ਪਾਗਲ। ਤੇਰੇ ਰੂਪ ਨੇ ਕਰਤਾ।”
“ਤੁਸੀਂ ਮੈਨੂੰ ਨਜ਼ਰ ਲਾ ਦੇਣੀ ਆ। ਸਿਆਣੇ ਕਹਿੰਦੇ, ਆਵਦਿਆਂ ਦੀ ਨਜ਼ਰ ਛੇਤੀ ਲੱਗਦੀ ਹੁੰਦੀ ਐ।”
“ਮੇਰੀ ਨ੍ਹੀਂ ਲੱਗਦੀ, ਮੈਂ ਨਜ਼ਰਵੱਟੂ ਆਂ।” ਮੇਰੀ ਗੱਲ਼ `ਤੇ ਉਹ ਜ਼ੋਰ ਜ਼ੋਰ ਨਾਲ ਹੱਸਣ ਲੱਗਦੀ।
ਸੱਚਮੁੱਚ ਹਰਜੀਤ ਨੂੰ ਮੇਰੀ ਨਜ਼ਰ ਲੱਗ ਗਈ ਸੀ। ਜਦੋਂ ਦੇ ਜੈਸਮੀਨ ਹੁਰੀਂ ਹੋ ਕੇ ਗਏ ਸਨ, ਉਹ ਉੱਕਾ ਹੀ ਬਦਲ ਗਈ ਸੀ। ਹੁਣ ਉਹ ਵਾਲ਼ ਖੁੱਲ੍ਹੇ ਛੱਡ ਕੇ ਝਟਕੇ ਨਾ ਮਾਰਦੀ। ਉਸਦੇ ਵਾਲ਼ਾਂ ਦੇ ਨਾਗ ਡੰਗਣੋਂ ਹਟ ਗਏ। ਕੂੰਜਾਂ ਹੁਣ ਅਸਮਾਨੀਂ ਨਹੀਂ ਸਨ ਉੱਡਦੀਆਂ।
“ਦੀਦੀ ਤੇ ਜੀਜੂ ਹਰ ਤਰ੍ਹਾਂ ਆਪਣੀ ਮੱਦਦ ਕਰਨੀ ਚਾਹੁੰਦੇ। ਜੇ ਤੁਸੀਂ ਆਈਲੈੱਟਸ ਨਹੀਂ ਕਰਨੀ ਤਾਂ ਦੀਦੀ ਨੇ—ਸੁਜੈਸਟ ਕੀਤਾ।” ਹਰਜੀਤ ਨੇ ਨਵੀਂ ਤਜਵੀਜ਼ ਪੇਸ਼ ਕਰਨ ਲਈ ਭੂਮਿਕਾ ਬੰਨ੍ਹੀ। ਕਿਸੇ ਬੁਰੀ ਖ਼ਬਰ ਦਾ ਕਿਆਸ ਕਰਦਿਆਂ ਮੇਰਾ ਦਿਲ ਜ਼ੋਰ ਨਾਲ ਧਕ-ਧਕ ਕਰਨ ਲੱਗਾ।
“ਜੈਸਮੀਨ ਦੀਦੀ ਆਪਣੇ ਦਿਓਰ ਗੈਰੀ ਨਾਲ ਮੈਨੂੰ ਬਾਹਰ ਕੱਢ ਲੈਣਗੇ। ਉਨ੍ਹਾਂ ਨੇ ਗੈਰੀ ਨੂੰ ਮਨਾ ਲਿਆ ਹੈ।” ਮੈਂ ਹੜਬੜਾ ਕੇ ਸਿਰ ਉੱਪਰ ਚੁੱਕਿਆ ਸੀ।
“ਜੈਸ ਦੀਦੀ ਕਹਿੰਦੇਗੈਰੀ ਦੀ ਮੇਰੇ ਨਾਲ ਪੇਪਰ ਮੈਰਿਜ ਕਰ ਕੇ ਮੈਨੂੰ ਬਾਹਰ ਕੱਢ ਲੈਣਗੇ।” ਹਰਜੀਤ ਦੀ ਗੱਲ਼ ਸੁਣ ਕੇ ਮਣਾ ਮੂੰਹੀਂ ਭਾਰਾ ਪੱਥਰ ਮੇਰੇ ਸਿਰ `ਤੇ ਆ ਡਿੱਗਿਆ ਸੀ। ਮੈਂ ਆਵਾਕ ਖੜਾ ਹਰਜੀਤ ਦੇ ਮੂੰਹ ਵੱਲ ਵੇਖਦਾ ਰਹਿ ਗਿਆ।
“ਪਹਿਲਾਂ ਸਾਨੂੰ ਦੋਵਾਂ ਨੂੰ ਲੀਗਲੀ ਡਾਈਵੋਰਸ ਲੈਣਾ ਪਊ। ਡਾਈਵੋਰਸ ਤੋਂ ਬਾਅਦ ਹੀ ਮੇਰੀ ਗੈਰੀ ਨਾਲ ਪੇਪਰ ਮੈਰਿਜ ਹੋ ਸਕੇਗੀ। ਬਾਹਰ ਜਾ ਕੇ ਮੈਂ ਗੈਰੀ ਨੂੰ ਤਲਾਕ ਦੇ ਦਿਆਂਗੀ। ਅਸੀਂ ਰੀਮੈਰਿਜ ਕਰ ਲਵਾਂਗੇ ਤੇ ਤੁਹਾਨੂੰ ਬਾਹਰ ਕੱਢਣ ਲਈ ਪੇਪਰ ਲਾ ਦੇਵਾਂਗੀ। ਦੇਟਸ ਈਜ਼ੀ ਵੇਅ-ਕੋਈ ਰਿਸਕ ਵੀ ਨਹੀਂ। ਥੈਂਕ ਗੌਡ! ਦੀਦੀ ਜੈਸ ਤੇ ਜੀਜੂ ਦੋਵੇਂ ਬੜੇ ਨਾਈਸ ਨੇ। ਆਪਣੇ ਲਈ ਬੜਾ ਸੈਕਰੀਫਾਈਸ ਕਰ ਰਹੇ।” ਹਰਜੀਤ ਦੀਦੀ-ਜੀਜੂ ਦਾ ਰਾਗ ਅਲਾਪੀ ਜਾਂਦੀ ਸੀ ਪਰ ਮੈਨੂੰ ਤਾਂ ਕੁੱਝ ਵੀ ਸੁਣਾਈ ਨਹੀਂ ਸੀ ਦਿੰਦਾ।
“ਅਮਰ! ਇਹ ਸਾਰਾ ਕੁੱਝ ਮਹਿਜ਼ ਪੇਪਰ ਵਰਕ ਹੀ ਹੋਵੇਗਾ। ਡਾਈਵੋਰਸ, ਮੈਰਿਜਡਾਈਵੋਰਸ, ਅਗੇਨ ਮੈਰਿਜ। ਲੋਕ ਇੰਜ ਹੀ ਤਾਂ ਕਰਦੇ ਨੇ। ਦੀਦੀ ਜੈਸ ਕਹਿੰਦੇ ਕਈ ਇੰਡੀਅਨਜ਼ ਨੇ ਤਾਂ ਪੰਜ ਪੰਜ ਮੈਰਿਜਜ਼ ਕਰਵਾਈਆਂ।”
ਹਰਜੀਤ ਨੂੰ ਕੀ ਜਵਾਬ ਦਿੰਦਾ? ਜੇ ਬਾਹਰ ਹੀ ਜਾਣਾ ਹੁੰਦਾ, ਆਈਲੈੱਟਸ ਕਰਨੀ ਮੇਰੇ ਲਈ ਕੀ ਔਖਾ ਕੰਮ ਸੀ? ਮੈਂ ਸਮਝ ਗਿਆ ਕਿ ਹਰਜੀਤ ਆਪਣੇ ਵਲੋਂ ਫੈਸਲਾ ਕਰੀ ਬੈਠੀ। ਉਸ ਦਾ ਵਾਪਸ ਮੁੜਨਾ ਔਖਾ। ਉਸ ਨੂੰ ਵਾਪਸ ਮੁੜਨ ਬਾਰੇ ਆਖਣਾ ਹੁਣ ਦਰੁਸਤ ਵੀ ਨਹੀਂ। ਹਰਜੀਤ ਵਲੋਂ ਅੱਧੀ-ਅੱਧੀ ਰਾਤ ਤੱਕ ਫੋਨ `ਤੇ ਚੈਟਿੰਗ ਕਰਨ ਨੂੰ ਮੈਂ ਕਦੇ ਗੰਭੀਰਤਾ ਨਾਲ ਨਹੀਂ ਸੀ ਲਿਆ। ਗੱਲ ਹੁਣ ਸਾਫ ਹੋ ਗਈ ਸੀ-ਹਰਜੀਤ ਲਗਾਤਾਰ ਗੈਰੀ ਦੇ ਸੰਪਰਕ `ਚ ਸੀ।
“ਤੂੰ ਕੁੱਝ ਵੀ ਕਰਨ ਲਈ ਆਜ਼ਾਦ ਏਂ ਹਰਜੀਤ! ਮੈਂ ਬਲੈਕ ਪੇਪਰ `ਤੇ ਸਾਈਨ ਕਰ ਦਿੰਦਾ ਹਾਂ-ਜਿੱਥੇ ਚਾਹੇਂ ਵਰਤ ਲਵੀਂ। ਕੋਰਟ ਕਚਹਿਰੀ ਜਿੱਥੇ ਵੀ ਮੇਰੇ ਤੋਂ ਕੁੱਝ ਲਿਖਣ-ਲਿਖਵਾਉਣ ਦੀ ਲੋੜ ਹੋਵੇ, ਦੱਸ ਦੇਣਾ। ਮੈਂ ਤੇਰੇ ਨਾਲ ਚੱਲੇ ਚੱਲਾਂਗਾ। ਬੜੀ ਖੁਸ਼ੀ ਦੀ ਗੱਲ਼ ਹੈ ਕਿ ਤੂੰ ਫੈਸਲਾ ਕਰ ਲਿਆ ਹੈ। ਤੈਨੂੰ ਆਪਣੇ ਸੁਪਨੇ ਪੂਰੇ ਕਰਨੇ ਚਾਹੀਦੇ। ਕੈਨੇਡਾ ਦਾ ਅੰਬਰ ਬੜਾ ਵੱਡਾ ਹੈ, ਤੂੰ ਉਸ ਅੰਬਰ `ਤੇ ਬੜੀ ਵੱਡੀ ਉਡਾਰੀ ਭਰ ਸਕੇਂਗੀ। ਮੇਰਾ ਫਿਕਰ ਨਾ ਕਰੀਂਮੇਰੀ ਉਡਾਣ ਬੜੀ ਨਿੱਕੀ ਹੈ। ਮੈਂ ਇੰਡੀਆ ਦੇ ਨਿੱਕੇ ਅੰਬਰ ਨਾਲ ਹੀ ਠੀਕ ਰਹਾਂਗਾ। ਮੈਂ ਇਸ ਨਾਲ ਹੀ ਖੁਸ਼ ਹਾਂ।” ਮੈਂ ਹਰਜੀਤ ਵਲੋਂ ਪੇਸ਼ ਕੀਤੀ ਤਜਵੀਜ਼ `ਚ ਰੰਗ ਭਰ ਦਿੱਤੇ ਸਨ।
ਹਰਜੀਤ ਖੁਸ਼ ਸੀ। ਮੈਂ ਵੀ ਖੁਸ਼ ਹੋਣ ਦਾ ਵਿਖਾਵਾ ਕਰ ਰਿਹਾ ਸਾਂ। ਬੀਬੀ ਤੇ ਬਾਈ ਨੂੰ ਪਤਾ ਲੱਗਾ ਤਾਂ ਉਨ੍ਹਾਂ ਦੇ ਸਿਰ ਉਤਲੀ ਛੱਤ ਹਿੱਲ ਗਈ।
“ਨਿਆਣਮੱਤੀਆਂ ਕਰਦੇ ਓਂ ਤੁਸੀਂ! ਦੋਵੇਂ ਜਿ਼ੱਦ ਫੜ ਕੇ ਬਹਿਗੇ। ਆਏਂ ਕਿਮੇ ਹੋਜੂ? ਵਿਆਹ-ਤਲਾਕ, ਕੋਈ ਗੁੱਡੇ ਗੁੱਡੀ ਦਾ ਖੇਲ ਆ?” ਬੀਬੀ ਬਾਈ ਨੇ ਆਵਦੇ ਵਲੋਂ ਸਮਝਾਉਣ ਦੀ ਵਾਹ ਲਾਉਣ ਤੋਂ ਬਾਅਦ ਸਮਝ ਲਿਆ ਕਿ ਹਰਜੀਤ ਲਈ ਇਹ ਗੁੱਡੇ-ਗੁੱਡੀ ਦੇ ਖੇਡ ਨਾਲੋਂ ਵੀ ਸੌਖੀ ਖੇਡ ਸੀ।
“ਹੱਛਾ, ਜਿਮੇ ਥੋਡੀ ਮਰਜ਼ੀ!” ਬਾਈ ਤੇ ਬੀਬੀ ਨੇ ਹਥਿਆਰ ਸੁੱਟ ਦਿੱਤੇ ਸਨ। ਉਨ੍ਹਾਂ ਦੀਆਂ ਸਿਲ੍ਹੀਆਂ ਅੱਖਾਂ ਦਾ ਸਾਹਮਣਾ ਕਰਨ ਦੀ ਹਿੰਮਤ ਮੇਰੇ `ਚ ਨਹੀਂ ਸੀ, ਮੈਂ ਬਹਾਨਾ ਬਣਾ ਕੇ ਘਰੋਂ ਬਾਹਰ ਆ ਗਿਆ ਸਾਂ।
“ਐਮਰ! ਮੇਰੇ ਗਰੈਂਡ ਪੇਰੈਂਟਸ ਵੀਅਤਨਾਮ ਤੋਂ ਆਏ ਸਨ। ਸਾਡੇ ਦੇਸ਼ `ਤੇ ਅਮਰੀਕਾ ਨੇ ਅਟੈਕ ਕਰ ਦਿੱਤਾ ਸੀ। ਬੜੇ ਸਾਲ ਜੰਗ ਲੱਗੀ ਰਹੀ। ਅਮਰੀਕਾ ਵਲੋਂ ਸੁੱਟੇ ਬਾਰੂਦ ਨੇ ਸਾਰਾ ਕੁੱਝ ਤਬਾਹ ਕਰ ਦਿੱਤਾ। ਬੰਬਾਂ ਨੇ ਫਸਲਾਂ ਪੈਦਾ ਕਰਨ ਵਾਲੀ ਧਰਤੀ ਹੀ ਸਾੜ ਦਿੱਤੀ। ਮੇਰੇ ਗਰੈਂਡ ਫਾਦਰ ਅਮਰੀਕਨ ਫੌਜ ਦੀਆਂ ਗੋਲੀਆਂ ਦਾ ਨਿਸ਼ਾਨਾ ਬਣ ਗਏ। ਸਾਡੇ ਵਡੇਰੇ ਭੁੱਖੇ ਮਰਨ ਲੱਗੇ। ਹੋਰ ਬਹੁਤ ਸਾਰੇ ਲੋਕਾਂ ਵਾਂਗ ਮੇਰੀ ਗਰੈਂਡ ਮਾਂ ਆਪਣੇ ਬੱਚਿਆਂ ਨੂੰ ਲੈ ਕੇ ਥਾਈਲੈਂਡ ਆ ਗਈ। ਮੇਰਾ ਫਾਦਰ ਉਦੋਂ ਸੱਤ ਕੁ ਸਾਲ ਦਾ ਸੀ। ਇੱਥੇ ਆ ਕੇ ਉਨ੍ਹਾਂ ਨੇ ਬੜੇ ਔਖੇ ਦਿਨ ਦੇਖੇ। ਬਿਗਾਨੀ ਧਰਤੀ ਛੇਤੀ ਕਿਸੇ ਨੂੰ ਜੜ੍ਹਾਂ ਕਦੋਂ ਲਾਉਣ ਦਿੰਦੀ ਹੈ? ਭੁੱਖ ਪੱਕੀ ਦੋਸਤ ਬਣ ਗਈ ਸੀ। ਮਜਬੂਰੀ ਵੱਸ ਘਰਦੀਆਂ ਔਰਤਾਂ ਨੂੰ ਪਰਿਵਾਰ ਦਾ ਬੋਝ ਚੁੱਕਣਾ ਪਿਆ।” ਜੈਸਿਕਾ ਨੇ ਆਪਣੇ ਪਰਿਵਾਰ ਦੀ ਬਦਨਸੀਬੀ ਦੀ ਕਹਾਣੀ ਸੁਣਾਈ।
“ਓਹ! ਬਦਨਸੀਬੀਆਂ ਸਾਰੀ ਦੁਨੀਆ `ਚ ਇੱਕੋ ਤਰ੍ਹਾਂ ਹੀ ਸਾਹ ਲੈਂਦੀਆਂ ਨੇ।’ ਮੇਰੇ ਅੰਦਰੋਂ ਹਉਕਾ ਨਿਕਲਿਆ। ਭਾਵੇਂ ਇਹ ਹਉਕਾ ਮੇਰੀ ਆਪਣੀ ਮਾਂ-ਬੋਲੀ `ਚ ਸੀ ਪਰ ਜੈਸਿਕਾ ਨੇ ਮੇਰੇ ਬੋਲਾਂ ਵਿਚਲੀ ਉਦਾਸੀ ਤੇ ਹਮਦਰਦੀ ਨੂੰ ਮਹਿਸੂਸ ਕਰ ਲਿਆ। ਸ਼ਾਇਦ ਦੁੱਖ ਅਤੇ ਹਮਦਰਦੀ ਦੀ ਭਾਸ਼ਾ ਸਾਰੀ ਦੁਨੀਆ `ਚ ਹੀ ਸਾਂਝੀ ਹੁੰਦੀ ਹੈ।
“ਏਥੇ ਤਾਂ ਲੋਕ ਆਯਾਸ਼ੀ ਕਰਨ ਆਉਂਦੇ ਨੇ…ਤੂੰ ਭਲਾ ਕੀ ਲੈਣ ਆਇਆਂ ? ਤੇਰੇ ਅੰਦਰ ਜੰਗਲੀ ਜਾਨਵਰ ਨਹੀਂ ਹੈ। ਤੂੰ ਬੜਾ ਸਹਿਜ ਏਂ ਵਰਨਾ ਹਾਬੜੇ ਹੋਏ ਮਰਦ ਤਾਂ ਸਾਨੂੰ ਨੋਚ ਕੇ ਖਾ ਜਾਣ ਤੱਕ ਜਾਂਦੇ ਨੇ। ਤੇਰੀਆਂ ਤਾਂ ਬਾਹਾਂ `ਤੇ ਸਿਰ ਰੱਖ ਕੇ ਸੌਂ ਵੀ ਜਾਨੀ ਹਾਂ। ਐਮਰ, ਮੈਂ ਮਹਿਸੂਸ ਕੀਤਾ-ਤੂੰ ਕਿਤੇ ਗੁਆਚ ਜਿਹਾ ਜਾਨਂੈ। ਲੱਗਦਾ ਕਿਸੇ ਨੇ ਤੇਰੀਆਂ ਨੀਂਦਾਂ ਦਾ ਕਤਲ ਕੀਤਾ ਹੈ।” ਜੈਸਿਕਾ ਮੇਰੇ ਦੋਵੇਂ ਹੱਥਾਂ ਨੂੰ ਆਪਣੇ ਛੋਟੇ ਛੋਟੇ ਤੇ ਮੁਲਾਇਮ ਮੁਲਾਇਮ ਹੱਥਾਂ `ਚ ਲੈ ਕੇ ਪੋਲ਼ੇ ਪੋਲੇ਼ ਘੁੱਟਣ ਲੱਗੀ।
ਮੈਂ ਕਹਿਣਾ ਚਾਹੁੰਦਾ, “ਮੇਰੀਆਂ ਨੀਂਦਾਂ ਕਤਲ ਕਰਨ ਵਾਲੇ ਅੱਜ-ਕੱਲ੍ਹ ਆਪਣੇ ਨਵੇਂ ਸੱਜਣਾਂ ਨਾਲ ਕੈਨੇਡਾ ਦੇ ਵੱਡੇ ਅੰਬਰ `ਤੇ ਉਡਾਰੀਆਂ ਭਰਦੇ ਨੇ।” ਪਰ ਮੈਂ ਕਹਿੰਦਾ ਨਹੀਂ।
ਅਸੀਂ ਕਿੰਨਾ ਚਿਰ ਚੁੱਪ ਬੈਠੇ ਰਹੇ। ਸ਼ਾਇਦ ਜੈਸਿਕਾ ਮੇਰੇ ਅੰਦਰਲੇ ਜ਼ਖ਼ਮਾਂ ਬਾਰੇ ਸੋਚ ਰਹੀ ਹੋਵੇ, ਪਰ ਮੈਂ ਜੈਸਿਕਾ ਵਰਗੀਆਂ ਜਿਸਮ ਵੇਚਦੀਆਂ ਲੱਖਾਂ ਕੁੜੀਆਂ ਬਾਰੇ ਸੋਚਣ ਲੱਗਿਆ।
“ਥਾਈਲੈਂਡ `ਚ ਹਜ਼ਾਰਾਂ ਲੱਖਾਂ ਔਰਤਾਂ ਜਿਸਮ ਫਰੋਸ਼ੀ ਦੇ ਧੰਦੇ `ਚ ਨੇ। ਜੇ ਸਿੱਧੇ ਤੇ ਸਾਫ ਸ਼ਬਦਾਂ `ਚ ਕਹਿਣਾ ਹੋਵੇ, ਮੁਲਕ ਦੀ ਅਰਥ-ਵਿਵਸਥਾ ਚੱਲਦੀ ਹੀ ਏਹਨਾਂ ਆਸਰੇ ਹੈ। ਦੁਨੀਆ ਭਰ ਦੇ ਦੇਸ਼ਾਂ `ਚੋਂ ਰੱਜੇ-ਪੁੱਜੇ ਲੋਕ ਜਹਾਜ਼ਾਂ ਦੇ ਜਹਾਜ਼ ਭਰ ਕੇ ਬੈਂਕਾਕ ਦੇ ਇੰਟਰਨੈਸ਼ਨਲ ਏਅਰਪੋਰਟ `ਤੇ ਉਤਰਦੇ। ਹੋਰ ਕੰਮਾਂ ਕਾਰਾਂ ਵਾਲੇ ਤਾਂ ਘੱਟ ਹੀ ਹੁੰਦੇ, ਮੇ ਬੀ ਬਹੁਤੇ ‘ਆਪਣੇ’ ਸੁਭਾਸ਼ ਵਰਗੇ ਈ ਹੁੰਦੇ। ਅੰਦਰ ਜੰਮਿਆ ਪਿਆ ਜੰਗਾਲ ਲਾਹੁਣ ਵਾਲੇ।” ਥਾਈ ਏਅਰਵੇਜ਼ ਦੇ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਣ ਭਰਦਿਆਂ ਹੀ ਅਰਜਨ ਵਿਵੇਕ ਨੇ ਆਪਣੇ ਗਿਆਨ ਦਾ ਬਹੁਮੁੱਲਾ ਖਜ਼ਾਨਾ ਮੇਰੇ ਅੱਗੇ ਢੇਰੀ ਕਰ ਦਿੱਤਾ ਸੀ।
ਰਬੜ ਦੀ ਗੁੱਡੀ ਵਰਗੀਆਂ ਹਵਾਈ ਪਰੀਆਂ ਖਾਣ ਪੀਣ ਵਾਲੀ ਰੇਹੜੀ ਲੈ ਕੇ ਆਈਆਂ ਤਾਂ ਅਰਜਨ ਦੀਆਂ ਅੱਖਾਂ ਵਿਚਲੀ ਚਮਕ ਦੁਗਣੀ ਹੋ ਗਈ। ਉਸ ਨੇ ਹੱਸਦਿਆਂ ਏਅਰ ਹੋਸਟੇਜ ਤੋਂ ਵਿਸਕੀ ਵਾਲਾ ਗਿਲਾਸ ਫੜਿਆ ਤੇ ਮੇਰੇ ਅੱਗੇ ਕਰ ਦਿੱਤਾ। ਉਸਨੇ ਆਪਣੇ ਲਈ ਥੋੜਾ ਵੱਡਾ ਪੈੱਗ ਬਣਾਉਣ ਦਾ ਇਸ਼ਾਰਾ ਕੀਤਾ। ਅਰਜਨ ਦੇ “ਥੈਂਕਊ’ ਦੇ ਜੁਆਬ `ਚ ਰਬੜ ਦੀ ਗੁੱਡੀ ਦੀ ਦੁੱਧ ਚਿੱਟੀ ਮੁਸਕਰਾਹਟ ਸਾਰੇ ਜਹਾਜ਼ `ਚ ਖਿੱਲਰ ਗਈ।
“ਦੂਸਰੇ ਸੰਸਾਰ ਯੁੱਧ ਵੇਲੇ ਥਾਈਲੈਂਡ ਲੰਮਾ ਸਮਾਂ ਅਮਰੀਕੀ ਫੌਜੀਆਂ ਦੀ ਛਾਉਣੀ ਬਣਿਆ ਰਿਹਾ। ਤੈਨੂੰ ਪਤਾ ਈ ਐਅਮਰੀਕਾ ਏਥੋਂ ਹਜ਼ਾਰਾਂ ਮੀਲ ਦੂਰ ਹੈ। ਘਰ ਤੋਂ ਕਈ ਕਈ ਮਹੀਨੇ ਦੂਰ ਬੈਠੇ ਅਮਰੀਕੀ ਫੌਜੀਆਂ ਨੇ ਆਪਣੇ ਅੰਦਰਲੀ ਅੱਗ ਕਿਸੇ ਅੱਗ ਨਾਲ ਤਾਂ ਠੰਢੀ ਕਰਨੀ ਈ ਸੀ। ਹੋਰ ਸੁਣ, ਅਮਰੀਕਨ ਸਰਕਾਰ ਆਪਣੇ ਫੌਜੀਆਂ ਨੂੰ ਸਪੈਸ਼ਲ ਖਰਚਾ ਦਿੰਦੀ ਸੀ ਏਸ ਕੰਮ ਵਾਸਤੇ। ਯਾਰ ਏਨਾ ਚਿਰ ਤੀਵੀਂ ਬਿਨਾ ਕੱਟਣਾ ਕਿਤੇ ਸੌਖਾ? ਅਮਰੀਕਨਾਂ ਦੇ ਧੱਕੇ ਨੇ ਥਾਈ ਔਰਤਾਂ ਨੂੰ ਦੇਹ ਵਪਾਰ ਦੇ ਧੰਦੇ `ਚ ਖਿੱਚ ਲਿਆਂਦਾ। ਸਮਝ ਲੈ ਥਾਈਲੈਂਡ ਦੀ ਸੈਕਸ ਇੰਡਸਟਰੀ ਅਮਰੀਕਾ ਦੀ ਪਰੋਡਕਟ ਹੈ। ਮੇ ਬੀ ਉਦੋਂ ਦਾ ਸ਼ੁਰੂ ਹੋਇਆ ਕੰਮਚੱਲ ਸੋ ਚੱਲ। ਹੁਣ ਤਾਂ ਨਾ ਸਰਕਾਰ ਰੋਕਣਾ ਚਾਹੁੰਦੀ ਹੈ ਤੇ ਨਾ ਰੋਕਦੀ ਹੈ। ਸੱਚੀ ਗੱਲ ਤਾਂ ਏਹ ਕਿ ਨਾ ਰੋਕ ਹੀ ਸਕਦੀ ਐ। ਇਉਂ ਸਮਝ ਲੈਜੇ ਇਹ ਇੰਡਸਟਰੀ ਬੰਦ ਹੋਗੀ, ਅੱਧਿਓਂ ਵੱਧ ਥਾਈਲੈਂਡ ਭੁੱਖਾ ਮਰਜੂ।” ਆਪਣੇ ਗਿਆਨ ਦਾ ਵਿਖਿਆਨ ਕਰਨ ਦੀ ਅਰਜਨ ਨੂੰ ਸ਼ੁਰੂ ਤੋਂ ਹੀ ਆਦਤ ਹੈ। ਸਾਰੇ ਰਾਹ ਉਹ ਥਾਈਲੈਂਡ ਦੀ ਦੇਹ ਵਪਾਰ ਮੰਡੀ ਬਾਰੇ ਜਾਣਕਾਰੀ ਦਿੰਦਾ ਰਿਹਾ।
ਅਰਜਨ ਦੀਆਂ ਗੱਲਾਂ ਸੁਣ ਕੇ ਮੈਂ ਸੋਚਦਾ ਰਿਹਾ ਸਾਂ-ਧੱਕੇਸ਼ਾਹੀ ਕਿਸੇ ਦੀ ਹੋਵੇ, ਕਿਸੇ ਦੇਸ਼ ਦੀ ਜਾਂ ਕਿਸੇ ਵਰਗ ਦੀ, ਇਸ ਦਾ ਸਿ਼ਕਾਰ ਔਰਤਾਂ ਨੂੰ ਹੀ ਹੋਣਾ ਪੈਂਦਾ ਹੈ। ਖਾਸ ਕਰ ਗਰੀਬ ਸਮਾਜ ਦੀਆਂ ਔਰਤਾਂ ਨੂੰ। ਬਹੁਤ ਚਿਰ ਪਹਿਲਾਂ ਕਿਸੇ ਕਿਤਾਬ `ਚ ਪੜ੍ਹਿਆ ਯਾਦ ਆਇਆ-ਪ੍ਰਾਚੀਨ ਕਾਲ `ਚ ਔਰਤਾਂ ਨੂੰ ਧੱਕੇ ਨਾਲ ਦੇਵਦਾਸੀਆਂ ਬਣਾ ਕੇ ਧਰਮ ਸਥਾਨਾਂ `ਚ ਰੱਖਿਆ ਜਾਂਦਾ ਸੀ। ਇਹ ਬੇਵੱਸ ਮਜਬੂਰ ਔਰਤਾਂ ਤੀਰਥ ਯਾਤਰਾ `ਤੇ ਆਏ ਉੱਚ ਜਾਤੀਆਂ ਦੇ ਲੋਕਾਂ ਦੀ ਹਵਸ ਪੂਰਤੀ ਕਰਨ ਲਈ ਖਿਡੌਣੇ ਵਾਂਗ ਵਰਤੀਆਂ ਜਾਂਦੀਆਂ ਸਨ।
“ਐਮਰ! ਅੱਜ ਚਾਰ ਦਿਨ ਹੋ ਗਏ ਤੇਰੇ ਨਾਲ ਰਹਿੰਦਿਆਂ। ਮੇਰੀ ਚੰਗੀ ਖਾਸੀ ਮਜ਼ਦੂਰੀ ਬਣਦੀ ਹੈ। ਇਸਨੂੰ ਮਜ਼ਦੂਰੀ ਕਹਿ ਲਵੋ ਜਾਂ ਰੈਂਟਇੱਕੋ ਗੱਲ਼ ਹੈ। ਕਿ ਨਹੀਂ? ਕਿੰਨੇ ਬਾਟ ਮਿਲਣਗੇ ਮੈਨੂੰ?” ਜੈਸਿਕਾ ਦੇ ਸਵਾਲ ਨੇ ਮੈਨੂੰ ਯਾਦਾਂ `ਚੋਂ ਵਾਪਸ ਲਿਆਂਦਾ। ਮੈਨੂੰ ਮਹਿਸੂਸ ਹੋਇਆ, ਜੈਸਿਕਾ ਨੇ ਇਹ ਸਵਾਲ ਮੇਰਾ ਧਿਆਨ ਬਦਲਣ ਲਈ ਹੀ ਕੀਤਾ ਵਰਨਾ ਚਾਰ ਦਿਨਾਂ `ਚ ਉਸ ਨੇ ਪੈਸੇ ਬਾਰੇ ਤਾਂ ਕਦੇ ਕੋਈ ਗੱਲ ਹੀ ਨਹੀਂ ਕੀਤੀ। ਸ਼ਾਇਦ ਉਸਨੂੰ ਮੇਰੇ ਅੰਦਰਲੇ ਖਲਾਅ ਦੀ ਕੁੱਝ ਟੋਹ ਲੱਗ ਗਈ ਹੋਵੇ।
“ਜਿੰਨੇ ਚਾਹੀਦੇ ਆਪ ਹੀ ਕੱਢ ਲੈ। ਮੈਂ ਤਾਂ ਕਹਿਨਾ ਸਾਰੇ ਹੀ ਲੈ ਲਾ। ਮੇਰੇ ਕਿਸ ਕੰਮ? ਮੈਂ ਕੀ ਕਰਨੇ?” ਮੈਂ ਪਰਸ ਜੈਸਿਕਾ ਦੇ ਹੱਥਾਂ `ਚ ਦੇ ਦਿੱਤਾ। ਉਸਨੇ ਪਰਸ ਵਿੱਚੋਂ ਸਾਰੇ ਪੈਸੇ ਕੱਢੇ ਤੇ ਬੜੇ ਸਲੀਕੇ ਨਾਲ ਆਪਣੇ ਪਰਸ `ਚ ਰੱਖੇ। ਆਪਣੀ ਹਰਕਤ ਦਾ ਪ੍ਰਤੀਕਰਮ ਜਾਨਣ ਲਈ ਭੇਤਭਰੀ ਤੱਕਣੀ ਨਾਲ ਮੇਰੇ ਵੱਲ ਵੇਖਿਆ। ਜੁਆਬ `ਚ ਮੈਂ ਮੁਸਕਰਾ ਦਿੱਤਾ।
“ਤੈਨੂੰ ਪੈਸਿਆਂ ਦੀ ਲੋੜ ਨਹੀਂ?”
“ਕੀ ਕਰਨੇ?” ਮੈਂ ਆਪਣੇ ਪਹਿਲੇ ਸ਼ਬਦ ਮੁੜ ਦੁਹਰਾਏ।
“ਬਾਕੀ ਟੂਰ ਕਿਵੇਂ ਲੰਘਾਵੇਂਗਾ?”
“ਇਸਦਾ ਫਿਕਰ ਪੰਕਜ ਨੂੰ ਹੋਵੇਗਾ ਜਾਂ ਅਰਜਨ ਵਿਵੇਕ ਨੂੰ ਜੋ ਮੈਨੂੰ ਧੱਕੇ ਨਾਲ ਲੈ ਕੇ ਆਇਆ। ਖਾਣ-ਪੀਣ ਤੇ ਰਹਿਣ ਦਾ ਸਾਰਾ ਖਰਚ ਉਹੀ ਕਰ ਰਹੇ ਨੇ। ਆਪਣੇ ਲਈ ਸ਼ੌਪਿੰਗ ਵਗੈਰਾ ਮੈਂ ਕਰਨੀ ਕੋਈ ਨਹੀਂ। ਹੋਰ ਕਿਸ ਲਈ ਚਾਹੀਦੀ ਹੈ ਤੇਰੇ ਦੇਸ਼ ਦੀ ਕਰੰਸੀ ?”
“ਸੱਚ?”
“ਬਿਲਕੁੱਲ ਸੱਚ! ਕੁੱਝ ਨਹੀਂ ਚਾਹੀਦਾ ਮੈਨੂੰ। ਇਸੇ ਲਈ ਕਿਹਾ ਕਿ ਸਾਰੇ ਬਾਟ ਲੈ ਲਾ।”
“ਐਮਰ ਤੂੰ ਬਹੁਤ ਚੰਗਾ ਏਂ! ਔਰਤ ਤੇਰੇ ਨਾਲ ਬਹੁਤ ਖੁਸ਼ ਰਹਿ ਸਕਦੀ ਹੈ। ਮੈਂ ਸੋਚਦੀ ਹਾਂ ਤੇਰੀ ਪਾਰਟਨਰ-ਤੇਰੇ ਨਾਲ ਬੜੀ ਖੁਸ਼ ਹੋਵੇਗੀ।” ਜੈਸਿਕਾ ਦੇ ਸ਼ਬਦਾਂ ਨੇ ਮੈਨੂੰ ਪੀੜ ਪੀੜ ਕਰ ਦਿੱਤਾ।
“ਐਮਰ ਅਸੀਂ ਜਿਸਮ ਵੇਚਦੀਆਂ ਹਾਂ-ਇਮਾਨ ਨਹੀਂ। ਜਿੰਨੇ ਬਣਦੇ ਹੋਏ, ਓਨੇ ਹੀ ਲਵਾਂਗੀ। ਤੇਰੇ ਤੋਂ ਤਾਂ ਉਹ ਵੀ ਨਹੀਂ ਲੈਣੇ ਬਣਦੇ।” ਜੈਸਿਕਾ ਨੇ ਆਪਣੇ ਪਰਸ `ਚੋਂ ਪੈਸੇ ਕੱਢ ਕੇ ਵਾਪਸ ਮੇਰੇ ਪਰਸ `ਚ ਪਾ ਦਿੱਤੇ।
“ਜੈਸਿਕਾ ! ਇੱਕ ਗੱਲ਼ ਪੁੱਛਾਂ ? ਸੱਚ ਦੱਸੀਂ।”
“ਕੀ ?”
“ਜੈਸਿਕਾ ਤੇਰਾ ਅਸਲੀ ਨਾਂ ਹੈ ?”
“ਤੈਨੂੰ ਕੀ ਲੱਗਦਾ ?”
“ਮੈਨੂੰ ਤਾਂ ਨਹੀਂ ਲੱਗਦਾ ਇਹ ਤੇਰਾ ਅਸਲੀ ਨਾਂ ਹੈ।”
“ਸਾਡੇ ਧੰਦੇ ਵਾਲੀਆਂ ਨੂੰ ਪਤਾ ਨਹੀਂ ਕਿੰਨੇ ਨਾਂ ਬਦਲਣੇ ਪੈਂਦੇ ਨੇ। ਹਰ ਰੋਜ਼ ਹੀ ਨਾਂ ਬਦਲਣਾ ਪੈਂਦਾ। ਹਰੇਕ ਦੇਸ਼ ਦੇ ਗਾਹਕ ਅਨੁਸਾਰ-ਗਾਹਕ ਦੇ ਧਰਮ ਅਨੁਸਾਰ। ਕਈ ਵਾਰ ਤਾਂ ਗਾਹਕ ਵੀ ਆਪਣੀ ਮਰਜ਼ੀ ਦਾ ਕੋਈ ਨਾਂ ਦੇ ਦਿੰਦੇ ਨੇ।”
“ਜੇ ਕੋਈ ਗਾਹਕ ਜਿਸਮ ਤੋਂ ਰੂਹ ਤੱਕ ਪੁੱਜ ਜਾਵੇ?”
“ਪੁੱਜ ਜਾਂਦੇ ਨੇ ਕਈ ਤੇਰੇ ਵਰਗੇ। ਮੇਰੀ ਇੱਕ ਫਰੈਂਡ ਹੈ ਸੂ-ਚੈਈ। ਉਸ ਦਾ ਫਰੈਂਡ ਜਰਮਨ ਹੈ। ਇੱਥੇ ਹੀ ਮਿਲਿਆ ਸੀ ਗ੍ਰਾਹਕ ਵਜੋਂ। ਹਰ ਮਹੀਨੇ ਮਨੀ ਭੇਜਦਾ ਹੈ। ਚੈਈ ਤੇ ਉਸਦਾ ਜਰਮਨ ਫਰੈਂਡ ਅਗਲੇ ਮਹੀਨੇ ਮੈਰਿਜ ਕਰ ਕੇ ਜਰਮਨ ਚਲੇ ਜਾਣਗੇ।”
“…ਤੇ ਜੇ ਤੈਨੂੰ ਵੀ ਕੋਈ ਮਿਲ ਜਾਵੇ ਦੂਰ ਦੇਸ਼ ਲੈ ਜਾਣ ਵਾਲਾ? ਚਲੇ ਜਾਵੇਂਗੀ?” ਮੈਂ ਹੱਥ ਨਾਲ ਜਹਾਜ਼ ਉਡਾਇਆ।
“ਨਹੀਂ!”
“ਕਿਉਂ ?”
“ਹੁਣ ਤਾਂ ਅਗਲੇ ਸਾਲ ਮੈਰਿਜ ਕਰਨ ਜਾ ਰਹੀ ਹਾਂ।”
“ਮੈਰਿਜ ? ਕਿਸ ਨਾਲ ?”
“ਵੌਂਗ ਨਾਲ। ਆਪਣੇ ਬੁਆਏ ਫਰੈਂਡ ਨਾਲ। ਦਸ ਸਾਲ ਤੋਂ ਅਸੀਂ ਇੱਕ ਦੂਜੇ ਲਈ ਜਿਉਂ ਰਹੇ ਹਾਂ। ਉਹ ਲੰਮੇ ਸਮੇ ਤੋਂ ਮੇਰੀ ਉਡੀਕ ਕਰ ਰਿਹਾ। ਦੂਰ ਦੇ ਕਸਬੇ `ਚ ਇੱਕ ਨਿੱਕੀ ਜਿਹੀ ਸ਼ੌਪ ਚਲਾ ਰਿਹਾ ਹੈ।”
“ਵੌਂਗ ਨੂੰ ਤੇਰੇ ਇਸ ਧੰਦੇ ਬਾਰੇ ਪਤਾ ਹੈ?”
“ਉਸੇ ਲਈ ਤਾਂ ਪੈਸੇ ਜੋੜ ਰਹੀ ਹਾਂ। ਸਾਲ ਕੁ ਤੱਕ ਮੇਰੇ ਕੋਲ ਚੰਗੀ ਮਾਤਰਾ `ਚ ਸੇਵਿੰਗ ਹੋ ਜਾਵੇਗੀ। ਫਿਰ ਮੈਂ ਵੌਂਗ ਕੋਲ ਚਲੀ ਜਾਵਾਂਗੀ। ਅਸੀਂ ਆਪਣੇ ਲਈ ਜ਼ਮੀਨ ਦਾ ਕੁੱਝ ਟੁਕੜਾ ਖਰੀਦ ਕੇ ਖੇਤੀ ਕਰਾਂਗੇ।”
“ਵੌਂਗ ਇਤਰਾਜ਼ ਤਾਂ ਕਰਦਾ ਹੀ ਹੋਊਆਪਣਾ ਆਪ ਦੂਜਿਆਂ ਨੂੰ ਸੌਂਪ ਦਿੰਦੀ ਏਂ?”
“ਵੌਂਗ ਜਾਣਦਾ-ਜੋ ਮੈਂ ਉਸਨੂੰ ਸੌਂਪਣਾ ਹੈ, ਉਹ ਹੋਰ ਕਿਸੇ ਨੂੰ ਨਹੀਂ ਸੌਂਪਦੀ। ਉਹ ਮੈਂ ਆਪਣੇ ਅੰਦਰ ਸੰਭਾਲ ਰੱਖਿਆ ਹੈ।”
ਜੈਸਿਕਾ ਦੇ ਜਵਾਬ ਨਾਲ ਮੈਂ ਅੰਦਰ ਤੱਕ ਹਿੱਲ ਗਿਆ।
“ਜੇ ਕੋਈ ਦੂਰ ਦੇਸ਼ ਦਾ ਬਹੁਤ ਅਮੀਰ ਬੰਦਾ ਮਿਲ ਜਾਵੇ? ਉਹ ਦੇਸ਼ ਵੀ ਬਹੁਤ ਖੂਬਸੂਰਤ ਹੋਵੇ। ਉਸ ਦੇਸ਼ ਦਾ ਅੰਬਰ ਵੀ ਬਹੁਤ ਵੱਡਾ ਹੋਵੇ ਜਿੱਥੇ ਤੂੰ ਬਹੁਤ ਵੱਡੀ ਉਡਾਰੀ ਭਰ ਸਕੇਂ। ਕੀ ਫੇਰ ਵੀ ਨਹੀਂ ਜਾਵੇਂਗੀ ਉਸ ਨਾਲ?”
“ਵੌਂਗ ਨਾਲੋਂ ਵੱਧ ਅਮੀਰ ਕੌਣ ਹੋਵੇਗਾ? ਵੌਂਗ ਮੇਰੇ ਲਈ ਸਭ ਕੁੱਝ ਹੈ। ਦੁਨੀਆ ਦਾ ਸਭ ਤੋਂ ਅਮੀਰ ਵੀ ਤੇ ਦੁਨੀਆਂ ਦਾ ਸਭ ਤੋਂ ਖੂਬਸੂਰਤ ਮਨੁੱਖ ਵੀ। ਅੰਬਰ ਨਿੱਕਾ ਹੋਵੇ ਜਾਂ ਵੱਡਾ, ਕੋਈ ਫਰਕ ਨਹੀਂ ਪੈਂਦਾ-ਵੌਂਗ ਨਾਲ ਮੈਂ ਬਹੁਤ ਉੱਚੀ ਉਡਾਰੀ ਭਰਾਂਗੀ।” ਜੈਸਿਕਾ ਪੂਰੇ ਮਾਣ ਨਾਲ ਬੋਲੀ।
“ਐਮਰ, ਅਹਿ ਵੇਖੋ ਸਾਡੀ ਫੋਟੋ!” ਉਸਨੇ ਆਪਣੇ ਮੋਬਾਈਲ ਦੀ ਗੈਲਰੀ `ਚੋਂ ਆਪਣੀ ਅਤੇ ਵੌਂਗ ਦੀ ਫੋਟੋ ਕੱਢ ਕੇ ਮੇਰੇ ਮੂਹਰੇ ਕਰ ਦਿੱਤੀ।
ਜੈਸਿਕਾ ਅਤੇ ਵੌਂਗ ਫੁੱਲਾਂ ਲੱਦੇ ਕਿਸੇ ਪਾਰਕ `ਚ ਖੜ੍ਹੇ। ਇੱਕ ਦੂਜੇ ਨਾਲ ਲਿਪਟੇ ਹੋਏ। ਜੈਸਿਕਾ ਨੇ ਵੌਂਗ ਦੇ ਮੋਢੇ `ਤੇ ਬਿਲਕੁੱਲ ਉਵੇਂ ਹੱਥ ਰੱਖਿਆ ਹੋਇਆ ਜਿਵੇਂ ਹਰਜੀਤ ਨੇ ਹਿਮਾਚਲ ਦੀਆਂ ਰੰਗੀਨ ਵਾਦੀਆਂ `ਚ ਫੋਟੋ ਖਿਚਵਾਉਣ ਸਮਂੇ ਮੇਰੇ ਮੋਢੇ `ਤੇ ਰੱਖਿਆ ਸੀ। ਮੇਰੀਆਂ ਅੱਖਾਂ ਭਰ ਆਈਆਂ। ਮੇਰਾ ਜੀਅ ਕੀਤਾ ਜੈਸਿਕਾ ਦੇ ਗਲ਼ ਲੱਗ ਕੇ ਉੱਚੀ ਉੱਚੀ ਰੋਵਾਂ।
“ਵਾਹ ! ਵੌਂਗ ਸੱਚਮੁੱਚ ਬਹੁਤ ਖੂਬਸੂਰਤ ਹੈ। ਜੈਸਿਕਾ, ਤੂੰ ਵੀ ਬਹੁਤ ਖੂਬਸੂਰਤ ਏਂ। ਤੁਹਾਡੀ ਜੋੜੀ ਦੁਨੀਆ ਦੀ ਸਭ ਤੋਂ ਖੂਬਸੂਰਤ ਜੋੜੀ ਹੋਵੇਗੀ।” ਜੈਸਿਕਾ ਨੇ ਖੁਸ਼ੀ ਨਾਲ ਵਾਲ਼ਾਂ ਨੂੰ ਪਿੱਛੇ ਵੱਲ ਝਟਕਿਆ ਤਾਂ ਕਮਰਾ ਮਹਿਕ ਉੱਠਿਆ।
“ਜੈਸਿਕਾ! ਆਪਣੀ ਇਹ ਗੱਲ਼ ਕਦੇ ਨਾ ਭੁੱਲੀਂ ਕਿ ਅੰਬਰ ਨਿੱਕਾ ਹੋਵੇ ਜਾਂ ਵੱਡਾ, ਕੋਈ ਫਰਕ ਨਹੀਂ ਪੈਂਦਾ। ਕਿ ਜੇ ਮਨ `ਚ ਉੱਡਣ ਦਾ ਚਾਅ ਹੋਵੇ-ਨਿੱਕੇ ਅੰਬਰ `ਤੇ ਵੀ ਵੱਡੀ ਉਡਾਰੀ ਭਰੀ ਜਾ ਸਕਦੀ ਹੈ।”
ਮੈਂ ਮੂੰਹ ਦੂਜੇ ਪਾਸੇ ਕਰ ਕੇ ਅੱਖਾਂ ਸਾਫ਼ ਕੀਤੀਆਂ। ਆਪਣੇ ਮੋਬਾਈਲ `ਚੋਂ ਜੈਸਿਕਾ ਨਾਲ ਖਿੱਚੀ ਫੋਟੋ ਡਿਲੀਟ ਕਰ ਦਿੱਤੀ। ਪਰਸ `ਚੋਂ ਸਾਰੇ ਬਾਟ ਕੱਢੇ ਤੇ ਜੈਸਿਕਾ ਦੇ ਨਾਂਹ-ਨੁੱਕਰ ਕਰਦਿਆਂ ਵੀ ਉਸਦੇ ਪਰਸ ਵਿੱਚ ਪਾ ਦਿੱਤੇ।