Neeli (Punjabi Story) : Kartar Singh Duggal
ਨੀਲੀ (ਕਹਾਣੀ) : ਕਰਤਾਰ ਸਿੰਘ ਦੁੱਗਲ
'ਨੀਲੀ' ਰੰਗ ਦੀ ਗੋਰੀ ਸੀ, ਜਿਵੇਂ ਕੋਈ ਮੱਖਣ ਦੇ ਪੇੜੇ ਨੂੰ ਦੁੱਧ ਨਾਲ਼ ਧੋ
ਕੇ ਰੱਖੇ ।
ਸੋਹਣੀ, ਸਿਹਤਮੰਦ ਗਾਂ ਦਾ ਦੁੱਧ ਵੀ ਵਧੀਆ ਹੁੰਦਾ ਹੈ । ਗਵਾਲ਼ੇ ਦੇ ਢੇਰ
ਸਾਰੇ ਡੰਗਰਾਂ ਵਿੱਚੋਂ ਚੁਣ ਕੇ ਮੇਰੀ ਤ੍ਰੀਮਤ ਨੇ ਨੀਲੀ ਨੂੰ ਪਸੰਦ ਕੀਤਾ ਸੀ । ਤੇ ਫੇਰ
ਇਸੇ ਦੇ ਦੁੱਧ ਦਾ ਭਾਅ ਚੁਕਾਇਆ ਗਿਆ ।
ਹਰ ਰੋਜ਼ ਸਵੇਰੇ ਗੁਆਲਾ ਨੀਲੀ ਨੂੰ ਸਾਡੇ ਲੈ ਆਉਂਦਾ ਤੇ ਸਾਹਮਣੇ ਮਹਿੰਦੀ
ਦੇ ਬੂਟੇ ਹੇਠ ਖਲੋਤੀ ਉਹ ਗਾਗਰ ਭਰ ਕੇ ਤੁਰ ਜਾਂਦੀ ।
ਹਰ ਰੋਜ਼ ਸਵੇਰੇ ਪਹਿਲੇ ਨੀਲੀ ਆਉਂਦੀ । ਫੇਰ ਗੁਆਲਾ ਆਉਂਦਾ... ਸਿਰ 'ਤੇ
ਚਾਰੇ ਦੀ ਟੋਕਰੀ ਚੁੱਕੀ । ਨੀਲੀ ਦੇ ਸਾਹਮਣੇ ਚਾਰਾ ਰੱਖਦਾ, ਉਹਦੇ ਪਿੰਡੇ 'ਤੇ ਹੱਥ ਫੇਰਦਾ
'ਤੇ ਫੇਰ ਦੁੱਧ ਚੋਣ ਬੈਠ ਜਾਂਦਾ । ਫੇਰ ਗਾਗਰ ਵਿੱਚ ਧਾਰਾਂ ਦਾ ਸੰਗੀਤ ਸੁਣਾਈ ਦੇਣ
ਲੱਗ ਪੈਂਦਾ ।
ਜਿਤਨਾ ਚਿਰ ਗੁਆਲਾ ਦੁੱਧ ਚੋਂਦਾ ਰਹਿੰਦਾ, ਨੀਲੀ ਟੋਕਰੀ ਵਿੱਚੋਂ ਦਾਣਾ,
ਵੜੇਵੇਂ, ਖਲ਼ੀ ਆਦਿ ਚਾਰਾ ਖਾਂਦੀ ਰਹਿੰਦੀ । ਦੁੱਧ ਦਾ ਭਾਅ ਚੁਕਾਣ ਵੇਲ਼ੇ ਇਸ
ਤਰ੍ਹਾਂ ਦਾ ਚੰਗਾ ਚਾਰਾ ਖੁਆਣ ਦੀ ਵੀ ਸ਼ਰਤ ਤੈਅ ਹੋਈ ਸੀ ਤੇ ਕਦੀ-ਕਦੀ ਮੇਰੀ
ਤ੍ਰੀਮਤ ਉਚੇਚਾ ਜਾ ਕੇ ਟੋਕਰੀ ਵਿੱਚ ਵੇਖ ਲੈਂਦੀ, ਗੁਆਲਾ ਆਪਣਾ ਇਕਰਾਰ ਪੂਰਾ
ਕਰ ਰਿਹਾ ਸੀ ਕਿ ਨਹੀਂ । ਚੰਗੀ ਖ਼ੁਰਾਕ ਡੰਗਰ ਨੂੰ ਮਿਲ਼ੇ ਤੇ ਦੁੱਧ ਚੰਗਾ ਹੁੰਦਾ ਹੈ,
ਵਿੱਚੋਂ ਮੱਖਣ ਚੋਖਾ ਨਿਕਲ਼ਦਾ ਹੈ ।
ਹਰ ਰੋਜ਼ ਸਵੇਰੇ ਨੀਲੀ ਆਉਂਦੀ, ਤਾਵਲੀ-ਤਾਵਲੀ । ਕਦੀ ਮੈਂ ਸੋਚਦਾ
ਉਸ ਨੂੰ ਮਸਾਲੇਦਾਰ ਚਾਰਾ ਖਾਣ ਦੀ ਕਾਹਲ਼ ਹੁੰਦੀ ਹੈ । ਕਦੀ ਮੈਂ ਸੋਚਦਾ ਉਸ ਨੂੰ
ਦੁੱਧ ਦੇ ਕੇ ਸੁਰਖ਼ਰੂ ਹੋ ਜਾਣ ਦੀ ਖ਼ੁਸ਼ੀ ਹੁੰਦੀ ਹੈ ।
ਨੀਲੀ ਨਿੱਤ ਆਉਂਦੀ । ਕਦੀ ਜਦੋਂ ਅਸੀਂ ਅਜੇ ਸਾ ਰਹੇ ਹੁੰਦੇ । ਕਦੀ ਜਦੋਂ
ਅਸੀਂ ਸਾ ਕੇ ਉੱਠ ਰਹੇ ਹੁੰਦੇ । ਕਦੀ ਜਦੋਂ ਅਸੀਂ ਸਾ ਕੇ ਉੱਠ ਚੁੱਕੇ ਹੁੰਦੇ । ਮਲਕੜੇ
ਆਉਂਦੀ, ਪਿੱਤਲ਼ ਦੀ ਗਾਗਰ ਵਿੱਚ ਧਾਰਾਂ ਦਾ ਨਗਮਾ ਛੇੜ ਕੇ ਤੁਰ ਜਾਂਦੀ ।
ਕਈ ਮਹੀਨੇ ਇੰਞ ਗੁਜ਼ਰ ਗਏ । ਫੇਰ ਇੱਕ ਰੋਜ਼ ਸੁਣਿਆ ਨੀਲੀ ਅੱਜ ਲੱਤ
ਮਾਰ ਗਈ ਹੈ । ਨਵੀਂ ਹੋਈ ਨੂੰ ਵੀ ਤੇ ਕਿਤਨੇ ਦਿਨ ਹੋ ਚੁੱਕੇ ਸਨ ।
ਬਹੁਤ ਦਿਨ, ਖ਼ੈਰ, ਸਾਨੂੰ ਨੀਲੀ ਦੀ ਉਡੀਕ ਨਹੀਂ ਕਰਨੀ ਪਈ । ਹੁਣ
ਨੀਲੀ ਵੀ ਆਉਂਦੀ, ਪਿਛੇ ਨੀਲੀ ਦੀ ਵੱਛੀ ਵੀ ਆਉਂਦੀ । ਨਿਰੀ-ਪੁਰੀ ਨੀਲੀ ਦੀ
ਸ਼ਕਲ । ਗੋਰਾ ਗੋਰਾ ਰੰਗ, ਮਲੂਕੜੀ ਜਿਹੀ ਚਮੜੀ, ਲੰਮੀ ਫੁੰਮਣਦਾਰ ਪੂਛ,
ਸ਼ਰਮਾਕਲ-ਸ਼ਰਮਾਕਲ ਲੱਖ ਲਾਜਾਂ ਭਰੀਆਂ ਅੱਖੀਆਂ ।
ਮੇਰੀ ਤ੍ਰੀਮਤ ਦੀ ਦੁੱਧ ਦੀ ਲੋੜ ਜਿਵੇਂ ਨੀਲੀ ਦੇ ਦੁੱਧ ਦੇਣ 'ਤੇ ਨਿਰਭਰ ਹੋ
ਗਈ ਸੀ । ਜਿਤਨਾ ਨੀਲੀ ਇੱਕ ਵੇਲ਼ੇ ਦਾ ਦੁੱਧ ਦੇਂਦੀ ਸਾਰਾ ਅਸੀਂ ਖ਼ਰੀਦ ਲੈਂਦੇ ।
ਵਸੇਂ-ਵਸੇਂ ਕਿਸੇ ਹੋਰ ਡੰਗਰ ਦਾ ਦੁੱਧ ਸਾਡੇ ਘਰ ਨਹੀਂ ਵੜਦਾ ਸੀ । ਤੇ ਅੱਜ-ਕੱਲ
ਮੇਰੀ ਤ੍ਰੀਮਤ ਮੁੜ- ਮੁੜ ਗੁਆਲੇ ਨੂੰ ਕਹਿੰਦੀ, ''ਭੈੜਿਆ ਇਸ ਵੱਛੀ ਨੂੰ ਵੀ ਕੁਝ
ਛੋੜਿਆ ਕਰ । ਬੜੀ ਵਧੀਆ ਗਾਂ ਬਣੇਗੀ ।'' ਪਰ ਗਵਾਲਾ ਆਪਣੀ ਮਰਜ਼ੀ
ਕਰਦਾ । ਜਦੋਂ ਮੇਰੀ ਤ੍ਰੀਮਤ ਉਸ ਨੂੰ ਵੱਛੀ ਬਾਰੇ ਯਾਦ ਕਰਵਾਉਂਦੀ, ਉਹ ਨੱਕ
ਵਿੱਚ ਕੁਝ ਗੁਣਗੁਣਾ ਛੱਡਦਾ ।
ਕਿਉਂਕਿ ਵੱਛੀ ਦੇ ਮੂੰਹ ਮਾਰਨ 'ਤੇ ਨੀਲੀ ਦੁੱਧ ਲਾਹ ਲੈਂਦੀ ਸੀ, ਅੱਜ-ਕੱਲ੍ਹ
ਗਵਾਲ਼ੇ ਨੇ ਮਸਾਲਾ ਹੀ ਲਿਆਣਾ ਬੰਦ ਕਰ ਛੱਡਿਆ ਸੀ । ਸਾਡੇ ਸ਼ਿਕਾਇਤ ਕਰਨ
'ਤੇ ਉਹ ਹਮੇਸ਼ਾਂ ਕਹਿੰਦਾ, ਉਹ ਮਸਾਲਾ ਬਕਾਇਦਾ ਖੁਆਂਦਾ ਸੀ, ਕੇਵਲ ਵਕਤ
ਉਸ ਬਦਲ ਛੱਡਿਆ ਸੀ । ਸ਼ਾਮੀਂ ਤੂੜੀ ਨਾਲ਼ ਵੀ ਖੁਆ ਛੱਡਦਾ ਸੀ ।
ਮੇਰੀ ਤ੍ਰੀਮਤ ਖਪਦੀ ਰਹਿੰਦੀ । ਇਸ ਗੱਲ 'ਤੇ ਖੱਪ-ਖੱਪ ਹਟਦੀ ਕਿ ਦੁੱਧ
ਅੱਜ-ਕੱਲ੍ਹ ਪਾਣੀ ਵਰਗਾ ਸੀ ਤੇ ਕਦੀ ਇਸ ਗੱਲ 'ਤੇ ਖਪਣ ਲੱਗ ਪੈਂਦੀ ਕਿ
ਗਵਾਲਾ ਵੱਛੀ ਲਈ ਚੂਲ਼ੀ ਦੁੱਧ ਦੀ ਨਹੀਂ ਬਚਾਂਦਾ ਸੀ ਤੇ ਵਿਚਾਰੀ ਬੇਜ਼ਬਾਨ
ਹੱਡੀਆਂ ਦੀ ਮੁੱਠ ਨਿਕਲ਼ਦੀ ਆ ਰਹੀ ਸੀ । ਗਵਾਲਾ ਕਹਿੰਦਾ, ''ਨੀਲੀ ਵੱਛੀ ਲਈ
ਦੁੱਧ ਛੁਪਾ ਕੇ ਰੱਖ ਲੈਂਦੀ ਏ ਤੇ ਪਿੱਛੋਂ ਉਸ ਨੂੰ ਪਿਲ਼ਾਂਦੀ ਹੈ ।'' ਤੇ ਹਮੇਸ਼ਾਂ ਮੁੜ-ਮੁੜ
ਥਣਾਂ ਨੂੰ ਧੁੱਸਾ ਮਾਰ ਰਹੀ ਵੱਛੀ ਵੱਲ ਇਸ਼ਾਰੇ ਕਰ-ਕਰ ਕੇ ਸਾਨੂੰ ਝੂਠਿਆਂ ਕਰਨ
ਦੀ ਕੋਸ਼ਸ਼ ਕਰਦਾ ।
ਅਖ਼ੀਰ ਉਹੀ ਗੱਲ ਹੋਈ । ਵੱਛੀ ਮਰ ਗਈ ।
ਅਗਲੇ ਰੋਜ਼ ਗਵਾਲਾ ਨਿੱਕਾ ਜਿਹਾ ਮੂੰਹ ਲੈ ਕੇ ਆਇਆ । ਪਿਛਲੀ ਰਾਤ
ਵੱਛੀ ਮਰ ਗਈ ਸੀ ਤੇ ਨੀਲੀ ਨੇ ਨਾ ਕੁਝ ਖਾਧਾ ਸੀ ਨਾ ਕੁਝ ਪੀਤਾ ਸੀ । ਇੱਕ
ਦਿਨ ਦੁੱਧ ਦਾ ਨਾਗਾ ਹੋਣਾ ਸੀ ।
ਮੇਰੀ ਤ੍ਰੀਮਤ ਦੰਦ ਕਰੀਚ ਕੇ ਰਹਿ ਗਈ । ਉਸ ਨੂੰ ਪਤਾ ਸੀ, ਗਵਾਲਾ ਵੱਛੀ
ਨੂੰ ਜਾਣ ਕੇ ਮਾਰ ਰਿਹਾ ਸੀ । ਪਹਿਲੇ ਵੀ ਤੇ ਨੀਲੀ ਦਾ ਵੱਛਾ-ਵੱਛੀ ਕੋਈ ਨਹੀਂ
ਸੀ । ਪਰ ਅੱਗੇ ਹੀ ਗਵਾਲੇ ਵਿਚਾਰੇ ਦਾ ਨੁਕਸਾਨ ਹੋ ਰਿਹਾ ਸੀ, ਖ਼ਬਰੇ ਗਾਂ ਉੱਕਾ
ਹੀ ਲੱਤ ਮਾਰ ਜਾਏ, ਡੰਗਰ ਦਾ ਪਤਾ ਨਹੀਂ ਹੁੰਦਾ, ਤੇ ਅਸੀਂ ਚੁੱਪ ਕਰ ਰਹੇ । ਨਾਲ਼ੇ
ਗਵਾਲੇ ਦੀਆਂ ਅੱਖੀਆਂ ਵਿੱਚ ਅੱਥਰੂ ਤਾਂ ਪਹਿਲੇ ਹੀ ਡੁਲੂੰ-ਡੁਲੂੰ ਪਏ ਕਰਦੇ ਸਨ ।
''ਚੂਲ਼ੀ ਦੁਧ ਬਚਾਣ ਲਈ ਭੈੜੇ ਨੇ ਵੱਛੀ ਗੁਆ ਲਈ ਏ ।'' ਗਵਾਲਾ ਜਦੋਂ
ਮੁੜਿਆ, ਮੇਰੀ ਤ੍ਰੀਮਤ ਆਪਣੇ ਹੋਠਾਂ ਵਿੱਚ ਬੁੜਬੁੜਾ ਰਹੀ ਸੀ ।
ਅਗਲੇ ਰੋਜ਼ ਸਵੇਰੇ ਮੈਂ ਵੇਖਿਆ, ਕੋਠੀ ਦੇ ਸਾਹਮਣੇ ਗੇਟ ਦੇ ਬਾਹਰ ਨੀਲੀ
ਆ ਕੇ ਖੜੋ ਗਈ । ਪਿੱਛੇ-ਪਿੱਛੇ ਗਵਾਲਾ ਆ ਰਿਹਾ ਸੀ । ਉਹਦੇ ਸਿਰ 'ਤੇ ਮਸਾਲੇ
ਦੀ ਟੋਕਰੀ ਸੀ । ਅਕਸਰ ਸਵੇਰੇ ਜਦੋਂ ਨੀਲੀ ਇੰਞ ਆਂਦੀ, ਧੁੱਸ ਮਾਰ ਕੇ ਗੇਟ ਨੂੰ ਖੋਲ੍ਹ
ਲੈਂਦੀ ਸੀ । ਅੱਜ ਚੁਪਾਤੇ ਜਿਹੇ ਆ ਕੇ ਗੇਟ ਦੇ ਬਾਹਰ ਖੜੋ ਗਈ । ਅਕਸਰ ਜੇ ਕਦੀ
ਗੇਟ ਬੰਦ ਹੁੰਦਾ ਤਾਂ ਉਹ ਆਪਣੇ ਸਿੰਗਾਂ ਨਾਲ਼ ਗੇਟ ਨੂੰ ਖੜਕਾਉਣ ਲੱਗ ਪੈਂਦੀ
ਸੀ । ਅੱਜ ਉਸ ਨੇ ਇੰਞ ਨਹੀਂ ਕੀਤਾ । ਵੀਰਾਨ-ਵੀਰਾਨ ਭਰਵੱਟਿਆਂ ਹੇਠ ਉਦਾਸ
ਅੱਖੀਆਂ, ਉਹ ਨਿੰਮੋਝੂਣ ਆ ਕੇ ਖਲੋ ਗਈ ।
ਤਾਵਲਾ-ਤਾਵਲਾ ਗਵਾਲਾ ਆਇਆ । ਉਸ ਗੇਟ ਖੋਲ੍ਹਿਆ । ਉਹਦੇ ਪਿੱਛੇ
ਨੀਲੀ ਆਈ । ਗਿਣ-ਗਿਣ ਕੇ ਕਦਮ ਰੱਖ ਰਹੀ ਸੀ ।
ਬਰਾਂਡੇ ਵਿੱਚ ਮੈਂ ਖਲੋਤਾ ਸਾਂ । ਕੋਲ਼ ਮੇਰੇ ਮੇਰੀ ਤ੍ਰੀਮਤ ਖਲੋਤੀ ਸੀ । ਮੇਰੀ
ਤ੍ਰੀਮਤ ਦੇ ਕੁਛੜ ਸਾਡੀ ਬੱਚੀ ਸੀ, ਹੁਮਲੀਆਂ ਭਰ ਰਹੀ, ਉੱਛਲ਼-ਉੱਛਲ਼ ਪੈ ਰਹੀ
ਕਿਲਕਾਰੀਆਂ ਮਾਰ ਰਹੀ ।
ਮਹਿੰਦੀ ਦੇ ਬੂਟੇ ਹੇਠ ਗਵਾਲੇ ਨੇ ਮਸਾਲੇ ਦੀ ਟੋਕਰੀ ਲਿਆ ਰੱਖੀ ਤੇ ਉਹ
ਹੱਥ ਮਾਰ ਕੇ ਖਲ਼ੀ ਦੀ ਖੱਟੀ-ਖੱਟੀ ਖ਼ੁਸ਼ਬੂ ਨੂੰ ਖਿਲਾਰਨ ਲੱਗ ਪਿਆ । ਨੀਲੀ ਅਜੇ
ਵੀ ਨਹੀਂ ਪਹੁੰਚੀ ਸੀ । ਫ਼ਿਕਰਾਂ ਵਿੱਚ ਗੜੂੰਦ, ਉੱਖੜੇ-ਉੱਖੜੇ ਕਦਮ, ਬੇਦਿਲੇ-
ਬੇਦਿਲੇ ਪੈਰ ਉਹ ਆ ਰਹੀ ਸੀ । ਮਹਿੰਦੀ ਹੇਠ ਆ ਕੇ ਖੜੋ ਗਈ । ਉਸ ਟੋਕਰੀ ਵੱਲ
ਵੇਖਿਆ ਤੱਕ ਨਹੀਂ । ਗਵਾਲੇ ਨੇ ਮਸਾਲੇ ਵਿੱਚ ਫੇਰ ਆਪਣੀ ਬਾਂਹ ਫੇਰੀ ਤੇ ਟੋਕਰੀ
ਨੂੰ ਉਛਾਲ਼ ਕੇ ਵੜੇਵਿਆਂ ਨੂੰ ਵਿਖਾਇਆ, ਦਾਣੇ ਨੂੰ ਵਿਖਾਇਆ । ਇਸ ਵਾਰ ਖਲ਼ੀ
ਦੀ ਖ਼ੁਸ਼ਬੂ ਸਾਡੇ ਤੱਕ ਬਰਾਂਡੇ ਵਿੱਚ ਵੀ ਆਈ । ਨੀਲੀ ਅੱਗੇ ਹੋਈ । ਫੇਰ ਰੁਕ ਗਈ ।
ਫੇਰ ਅੱਗੇ ਹੋਈ । ਮੁੜ ਉਸ ਮੂੰਹ ਮੋੜ ਲਿਆ । ਕਿਤਨਾ ਚਿਰ ਜਿਵੇਂ ਸੋਚਦੀ ਰਹੀ,
ਸੋਚਦੀ ਰਹੀ । ਸਾਹਮਣੇ ਟੋਕਰੀ ਵਿੱਚ ਪੀਲ਼ਾ-ਪੀਲ਼ਾ ਦਾਣਾ ਸੀ, ਇੱਧਰੋਂ ਖਾਓ
ਉੱਧਰ ਹਜ਼ਮ ਹੋ ਜਾਏ । ਨਾਲ਼ੇ ਖਲ਼ੀ ਖਾਓ ਤੇ ਭੁੱਖ ਕਿਤਨੀ ਲੱਗਦੀ ਏ । ਪਰ ਅੱਜ
ਨੀਲੀ ਤੋਂ ਕੁਝ ਖਾਧਾ ਨਹੀਂ ਸੀ ਜਾ ਰਿਹਾ । ਗਵਾਲਾ ਨੀਲੀ ਦੇ ਸਿਰ 'ਤੇ ਹੱਥ ਫੇਰਨ
ਲੱਗ ਪਿਆ, ਮੂੰਹ ਨਾਲ਼ ਉਹਨੂੰ ਪੁਚਕਾਰਨ ਲੱਗ ਪਿਆ । ਕਿਤਨਾ ਚਿਰ ਇੰਞ
ਕਰਦਾ ਰਿਹਾ । ਟੋਕਰੀ ਕੋਲ਼ ਬੈਠ ਕੇ ਉਸ ਫਿਰ ਹੱਥ ਫੇਰਿਆ । ਖਲ਼ੀ ਦੀ ਖ਼ੁਸ਼ਬੂ ਫੇਰ
ਉੱਠੀ । ਨੀਲੀ ਦੀ ਜਿਵੇਂ ਅਬੜਵਾਹੇ ਗਰਦਨ ਉਸ ਪਾਸੇ ਮੁੜ ਗਈ । ਆਪ ਹੀ
ਆਪ ਉਸ ਦਾ ਕਦਮ ਜਿਵੇਂ ਅੱਗੇ ਪਿਆ ਤੇ ਉਸ ਟੋਕਰੀ ਵਿੱਚ ਆਪਣੀ ਥੂਥਣੀ
ਨੂੰ ਛੱਡ ਦਿੱਤਾ । ਕਿਤਨਾ ਚਿਰ ਇੰਞ ਉਹਦਾ ਮੂੰਹ ਮਸਾਲੇ ਵਿੱਚ ਪਿਆ ਰਿਹਾ । ਪਰ
ਨੀਲੀ ਤੋਂ ਕੁਝ ਖਾਧਾ ਨਹੀਂ ਗਿਆ । ਅੱਜ ਨੀਲੀ ਤੋਂ ਕੁਝ ਨਹੀਂ ਖਾਧਾ ਜਾ ਰਿਹਾ
ਸੀ ਤੇ ਫੇਰ ਨੀਲੀ ਨੇ ਆਪਣੀ ਥੂਥਣੀ ਨੂੰ ਚੁੱਕ ਲਿਆ, ਗਰਦਨ ਨੂੰ ਟੋਕਰੀ ਵੱਲੋਂ
ਮੋੜ ਲਿਆ ਤੇ ਜਿਵੇਂ ਉੱਧਰ ਕੰਡ ਕਰ ਕੇ ਖਲੋ ਗਈ ।
ਪਰੇਸ਼ਾਨ-ਪਰੇਸ਼ਾਨ ਨਜ਼ਰਾਂ, ਗਵਾਲੇ ਨੇ ਸਾਡੇ ਵੱਲ ਵੇਖਿਆ ਤੇ ਬੇਵੱਸ
ਟੋਕਰੀ ਨੂੰ ਸਿਰ 'ਤੇ ਚੁੱਕੀ ਉਹ ਮੁੜ ਪਿਆ । ਪਿੱਛੇ-ਪਿੱਛੇ ਉਹਦੇ ਨੀਲੀ ਤੁਰ ਪਈ ।
''ਚੂਲ਼ੀ ਦੁਧ ਬਚਾਣ ਲਈ ਭੈੜੇ ਨੇ ਵੱਛੀ ਗਵਾ ਲਈ ਹੈ ।'' ਮੇਰੀ ਤ੍ਰੀਮਤ
ਨੇ ਆਪਣੇ ਹੋਠਾਂ ਵਿੱਚ ਮੁੜ ਬੁੜਬੁੜਾਇਆ ਤੇ ਫੇਰ ਅੰਦਰ ਨੌਕਰ ਨੂੰ ਕਹਿਣ ਤੁਰ
ਗਈ ਕਿ ਡੇਰੀ ਤੋਂ ਜਾ ਕੇ ਉਹ ਦੁੱਧ ਲੈ ਆਵੇ ।
ਸਾਡੀ ਬੱਚੀ ਹੁਣ ਮੇਰੀ ਛਾਤੀ ਨਾਲ਼ ਲੱਗੀ ਹੋਈ ਸੀ ਤੇ ਬਰਾਂਡੇ ਵਿੱਚ
ਟਹਿਲਦਾ ਮੈਂ ਦੂਰ ਸੜਕ 'ਤੇ ਅੱਗੇ-ਅੱਗੇ ਗਵਾਲੇ ਨੂੰ ਜਾਂਦਾ ਵੇਖ ਰਿਹਾ ਸਾਂ । ਉਹਦੇ
ਪਿੱਛੇ ਨੀਲੀ ਸੀ, ਜਿਵੇਂ ਕੋਈ ਹਨੇਰੇ ਵਿੱਚ ਗਰੋਲੇ ਦਿੰਦਾ ਰਾਹ ਟੋਲ਼ਦਾ ਜਾ ਰਿਹਾ
ਹੋਵੇ ।
''ਨਾਲ਼ੇ ਡੇਅਰੀ ਤੋਂ ਗਊ ਦਾ ਤਨਕ ਗੋਹਾ ਵੀ ਲੈ ਆਵੀਂ, ਕੱਲ੍ਹ ਸੰਗਰਾਂਦ
ਏ, ਚਾਕਾ ਲਿੰਬਣਾ ਹੋਵੇਗਾ ।'' ਮੇਰੀ ਤ੍ਰੀਮਤ ਅੰਦਰ ਨੌਕਰ ਨੂੰ ਸਮਝਾ ਰਹੀ ਸੀ ।
ਤੇ ਮੈਂ ਅਜੇ ਵੀ ਦੂਰ ਸੜਕ 'ਤੇ ਜਾ ਰਹੀ ਨੀਲੀ ਵੱਲ ਵੇਖ ਰਿਹਾ ਸਾਂ । ਜਿਵੇਂ
ਪੇਤਲੇ ਪਾਣੀ ਵਿੱਚ ਸੁੱਕੀ ਗੇਲੀ ਡਿੱਕਡੋਲੇ ਖਾਂਦੀ ਹੈ । ਜਿਵੇਂ ਬਿਖਰੇ ਪੈਂਡਿਆਂ ਵਿੱਚ
ਅਣਿਖ਼ਆਲਿਆ ਹੰਝੂ । ਕੱਟੀ ਹੋਈ ਗੁੱਡੀ ਵਾਂਗ ਜਿਵੇਂ ਢਹਿਣ-ਢਹਿਣ ਕਰ ਰਹੀ
ਹੋਵੇ । ਉਹ ਅੱਖੀਉਂ ਉਹਲੇ ਹੋ ਰਹੀ ਸੀ । ਤੇਜ਼-ਤੇਜ਼ ਆ-ਜਾ ਰਹੇ ਲੋਕਾਂ ਵਿੱਚ
ਗੁੰਮਦੀ ਜਾ ਰਹੀ ਸੀ । ਸੜਕ 'ਤੇ ਕਈ ਲੋਕੀਂ ਕਿਤਨੇ ਤੇਜ਼ ਤੁਰਦੇ ਹਨ ।
ਅਗਲੇ ਰੋਜ਼ ਅਜੇ ਮੂੰਹ-ਝਾਖੜਾ ਹੀ ਸੀ ਕਿ ਮੈਂ ਵੇਖਿਆ, ਸਾਹਮਣੇ ਕੋਠੀ
ਦਾ ਗੇਟ ਖੁੱਲ੍ਹਿਆ । ਅੱਗੇ-ਅੱਗੇ ਗਵਾਲਾ ਸੀ, ਸਿਰ 'ਤੇ ਮਸਾਲੇ ਦੀ ਟੋਕਰੀ ਚੁੱਕੀ
ਤੇ ਉਹਦੇ ਪਿੱਛੇ-ਪਿੱਛੇ ਨੀਲੀ ਸੀ । ਮੂੰਹ ਚੁੱਕੀ ਜਿਵੇਂ ਖਲ਼ੀ ਦੀ ਖੱਟੀ ਖ਼ੁਸ਼ਬੂ ਸੁੰਘ ਰਹੀ
ਹੋਵੇ । ਮੈਂ ਸੋਚਿਆ ਗਵਾਲੇ ਨੇ ਮੈਦਾਨ ਮਾਰ ਲਿਆ ਹੈ ਤੇ ਉਹੀ ਗੱਲ ਹੋਈ, ਮਹਿੰਦੀ
ਦੇ ਰੁੱਖ ਥੱਲੇ ਉਸ ਆ ਕੇ ਟੋਕਰੀ ਰੱਖੀ ਹੀ ਸੀ ਕਿ ਨੀਲੀ ਅੱਗੇ ਵਧ ਕੇ ਟੋਕਰੀ ਵਿੱਚ
ਮੂੰਹ ਮਾਰਨ ਲੱਗ ਪਈ । ਕੁਝ ਚਿਰ ਉਸ ਨੂੰ ਇੰਞ ਮਸਾਲਾ ਖਾਂਦੀ ਨੂੰ ਵੇਖ ਗਵਾਲਾ
ਗਾਗਰ ਫੜ ਨੀਲੀ ਕੋਲ਼ ਬੈਠ ਗਿਆ ।
ਨੀਲੀ ਪਰੇ ਹੋ ਗਈ ।
ਗਵਾਲ਼ੇ ਨੇ ਮੁੜ ਕੇ ਉਹਦੇ ਮੂੰਹ ਵੱਲ ਵੇਖਿਆ । ਟੋਕਰੀ ਵਿੱਚ ਮੂੰਹ ਦਿੱਤੀ
ਮਸਾਲਾ ਤੇ ਖਾ ਰਹੀ ਸੀ । ਗਵਾਲਾ ਫੇਰ ਨੀਲੀ ਵੱਲ ਜ਼ਰਾ ਖਿਸਕਿਆ । ਨੀਲੀ ਹੋਰ
ਪਰੇ ਹੋ ਗਈ ।
ਗਵਾਲਾ ਹਾਰ ਕੇ ਉੱਠ ਖਲੋਤਾ ।
ਨੀਲੀ ਮਸਾਲੇ ਦੀ ਟੋਕਰੀ ਵਿੱਚ ਆਪਣੀ ਥੂਥਣੀ ਜਮਾਈ, ਹੌਲ਼ੇ-ਹੌਲ਼ੇ
ਮਸਾਲਾ ਖਾਂਦੀ ਜਾ ਰਹੀ ਸੀ । ਤਿੰਨ ਦਿਨ ਦੀ ਭੁੱਖੀ ਸੀ ।
ਗਵਾਲਾ ਉਹਦੇ ਪਿੰਡੇ 'ਤੇ ਹੱਥ ਫੇਰਨ ਲੱਗ ਪਿਆ । ਕਿਤਨਾ ਚਿਰ ਲਾਡ
ਨਾਲ਼ ਉਹਦੀ ਪਿੱਠ 'ਤੇ ਆਪਣੇ ਪੋਟਿਆਂ ਨੂੰ ਫੇਰਦਾ ਰਿਹਾ । ਵਿੱਚ-ਵਿੱਚ ਮੂੰਹ ਨਾਲ਼
ਉਹਨੂੰ ਪੁਚਕਾਰਨ ਵੀ ਲੱਗ ਜਾਂਦਾ । ਮੁੜ-ਮੁੜ ਉਹਨੂੰ ਨੀਲ, ਨੀਲ ਕਹਿ ਕੇ
ਬੁਲਾਂਦਾ । ਕੋਈ ਪੰਜ ਮਿੰਟ ਉਹ ਇੰਞ ਕਰਦਾ ਰਿਹਾ ।
ਫੇਰ ਗਵਾਲਾ ਪੋਲੇ ਜਿਹੇ ਨੀਲੀ ਥੱਲੇ ਬੈਠ ਗਿਆ । ਹੁਣ ਨੀਲੀ ਮਸਾਲਾ
ਜ਼ਰਾ ਤੇਜ਼ੀ ਨਾਲ਼ ਖਾ ਰਹੀ ਸੀ । ਉਹ ਹਿੱਲੀ ਨਹੀਂ । ਇੱਕ ਨਜ਼ਰ ਉਹਦੇ ਮੂੰਹ ਵੱਲ
ਵੇਖ ਕੇ ਗਵਾਲੇ ਨੇ ਨੀਲੀ ਦੇ ਥਣਾਂ ਵੱਲ ਹੱਥ ਵਧਾਇਆ । ਨੀਲੀ ਲੱਤ ਛੰਡ ਕੇ
ਪਰੇ ਹੋ ਗਈ ।
ਗਵਾਲਾ ਫੇਰ ਆਪਣਾ ਜਿਹਾ ਮੂੰਹ ਲੈ ਕੇ ਉੱਠ ਖੜੋਤਾ । ਮਸਾਲਾ ਤੇ ਖਾਂਦੀ
ਜਾ ਰਹੀ ਸੀ, ਪਰ ਦੁੱਧ ਦਾ ਨਾਂ ਨਹੀਂ ਲੈਣ ਦਿੰਦੀ ਸੀ । ਗਵਾਲਾ ਅੱਗੇ ਹੋ ਕੇ ਨੀਲੀ
ਦੇ ਨਿੱਕੇ- ਨਿੱਕੇ ਸਿੰਗਾਂ ਨੂੰ ਸਹਿਲਾਣ ਲੱਗ ਪਿਆ । ਫੇਰ ਉਹਦੀ ਲੰਮੀ ਗਰਦਨ
ਨੂੰ ਆਪਣੀਆਂ ਉਂਗਲ਼ੀਆਂ ਨਾਲ਼ ਪਲੋਸਣ ਲੱਗ ਪਿਆ । ਕਿਤਨਾ ਚਿਰ ਇੰਞ
ਕਰਦਾ ਰਿਹਾ । ਗਰਦਨ ਨੂੰ ਲਡਿਆਂਦਾ-ਲਡਿਆਂਦਾ, ਗਵਾਲਾ ਪਿੱਠ 'ਤੇ ਪੋਲੇ-
ਪੋਲੇ ਹੱਥ ਫੇਰਨ ਲੱਗ ਪਿਆ, ਪਿੱਠ 'ਤੇ ਹੱਥ ਫੇਰਦਾ ਉਹ ਨੀਲੀ ਦੀ ਪੂਛ ਨਾਲ਼
ਖੇਡਦਾ ਰਿਹਾ । ਇੰਞ ਪਿਆਰਦਾ ਫੇਰ ਉਹ ਮਲਕਣੇ ਹੀ ਨੀਲੀ ਹੇਠ ਬੈਠ ਗਿਆ ।
ਕਿਤਨਾ ਚਿਰ ਬੈਠ ਪੂਛ ਨੂੰ ਮਲ਼ਦਾ ਰਿਹਾ । ਨੀਲੀ ਦੀਆਂ ਪਿਛਲੀਆਂ ਟੰਗਾਂ ਤੇ ਗੋਹੇ
ਦੀਆਂ ਛਿੱਟਾਂ ਨੂੰ ਪੋਟਿਆਂ ਨਾਲ਼ ਲਾਂਹਦਾ ਰਿਹਾ ਤੇ ਫੇਰ ਉਸ ਭਗਵਾਨ ਦਾ ਨਾਂ ਲੈ
ਉਹਦੇ ਇੱਕ ਥਣ ਨੂੰ ਪੋਲੇ ਜਿਹੇ ਫੜਿਆ । ਨੀਲੀ ਨੇ ਤ੍ਰਭਕ ਕੇ ਜ਼ੋਰ ਦੀ ਲੱਤ ਛੰਡੀ
ਤੇ ਫੁੰਕਾਰਦੀ ਹੋਈ ਪਰੇ ਹਟ ਗਈ ।
ਗਵਾਲਾ ਕ੍ਰੋਧ ਵਿੱਚ ਉੱਠਿਆ । ਇੱਕ ਨਜ਼ਰ ਉਸ ਨੀਲੀ ਵੱਲ ਵੇਖਿਆ ।
ਉਹਦੀਆਂ ਨਜ਼ਰਾਂ ਵਿੱਚ ਗ਼ਜ਼ਬ ਸੀ । ਇੱਕ ਸਾਹ ਨੀਲੀ ਮਸਾਲੇ ਨੂੰ ਖਾ ਰਹੀ ਸੀ
ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ।
ਤੇ ਗਵਾਲੇ ਨੇ ਅੱਗੇ ਵਧ ਕੇ ਮਸਾਲੇ ਦੀ ਟੋਕਰੀ ਨੂੰ ਖੋਹ ਲਿਆ । ਤੇ ਉਸ
ਨੂੰ ਸਿਰ 'ਤੇ ਰੱਖ ਤੇਜ਼-ਤੇਜ਼ ਕਦਮ ਮੁੜ ਤੁਰਿਆ । ਨੀਲੀ ਉੱਥੇ ਦੀ ਉੱਥੇ ਖਲੋਤੀ
ਗਰਦਨ ਮੋੜ ਗਵਾਲੇ ਨੂੰ ਵੇਖਣ ਲੱਗ ਪਈ । ਉਹ ਤੇ ਮਸਾਲੇ ਦੀ ਟੋਕਰੀ ਚੁੱਕੀ
ਵਾਹੋ-ਦਾਹੀ ਜਾ ਰਿਹਾ ਸੀ । ਦੂਰ ਕੋਠੀ ਦੇ ਗੇਟ ਕੋਲ਼ ਜਦੋਂ ਉਹ ਪੁੱਜਾ, ਨੀਲੀ
ਉੜੀਕੀ, ਜਿਵੇਂ ਉਸ ਨੂੰ ਬੁਲਾ ਰਹੀ ਹੋਵੇ । ਗਵਾਲੇ ਨੇ ਪ੍ਰਵਾਹ ਨਹੀਂ ਕੀਤੀ । ਜਦੋਂ
ਹੱਥ ਵਧਾ ਕੇ ਉਹ ਗੇਟ ਨੂੰ ਖੋਲ੍ਹਣ ਲੱਗਾ, ਨੀਲੀ ਨੇ ਫੇਰ ਉੜੀਕ ਕੇ ਜਿਵੇਂ ਉਹਨੂੰ
ਬੁਲਾਇਆ । ਗਵਾਲਾ ਗੁੱਸੇ ਵਿੱਚ ਕੋਠੀ ਤੋਂ ਬਾਹਰ ਚਲਾ ਗਿਆ ।
ਕਿਤਨਾ ਚਿਰ ਉਂਞ ਹੀ ਉਂਞ ਮਹਿੰਦੀ ਹੇਠ ਖਲੋਤੀ, ਬੂਥੀ ਚੁੱਕੀ ਨੀਲੀ ਗੇਟ
ਵੱਲ ਵੇਖਦੀ ਰਹੀ, ਜਿਵੇ ਗਵਾਲੇ ਨੂੰ ਉਡੀਕ ਰਹੀ ਹੋਵੇ । ਵਿੱਚ-ਵਿੱਚ ਨੀਲੀ
ਕਦੀ-ਕਦੀ ਉੜੀਕਦੀ ਜਿਵੇਂ ਗਵਾਲੇ ਨੂੰ ਅਵਾਜ਼ਾਂ ਦੇ ਰਹੀ ਹੋਵੇ । ਜਿਵੇ ਨੀਲੀ
ਉਹਨੂੰ ਕਹਿ ਰਹੀ ਹੋਵੇ.. ਮੇਰੇ ਮਾਲਕ! ਤੈਨੂੰ ਕਿਉਂ ਨਹੀਂ ਸਮਝ ਆਉਂਦੀ ਅਜੇ ਤੇ
ਦੋ ਦਿਨ ਨਹੀਂ ਹੋਏ ਮੇਰੀ ਬੱਚੀ ਨੂੰ ਮੋਇਆਂ? ਮੇਰੀ ਕੁੱਖੋਂ ਜਾਈ ਮੈਥੋਂ ਖੋਹ ਲਈ ਗਈ
ਹੋ । ਮੇਰੀ ਆਂਦਰ! ਹਾਏ ਉਹਦੀ ਯਾਦ ਵਿਸਾਰਿਆਂ ਨਹੀਂ ਵਿਸਰਦੀ । ਇਸ ਪੇਟ ਭੈੜੇ
ਦਾ ਕੀ ਕਰਾਂ । ਇਸ ਵਿੱਚ ਤੇ ਝੁਲ਼ਕਾ ਪਾਣਾ ਹੀ ਹੋਇਆ । ਅੱਜ ਤਿੰਨ ਦਿਨਾਂ ਦੀ
ਮੈਂ ਭੁੱਖੀ-ਭਾਣੀ ਡਿੱਕਡੋਲੇ ਪਈ ਖਾਂਦੀ ਹਾਂ । ਤੈਨੂੰ ਕਿਉਂ ਸਮਝ ਨਹੀਂ ਆਉਂਦੀ,
ਇਹਨਾਂ ਥਣਾਂ ਨੂੰ ਮੇਰੀ ਲਾਡਲੀ ਦੇ ਪੋਲੇ-ਪੋਲੇ ਹੋਂਠ ਜਦੋਂ ਲਗਦੇ ਸਨ ਤੇ ਆਪਣੇ-
ਆਪ ਹੀ ਮੇਰਾ ਦੁੱਧ ਲਹਿ ਆਉਂਦਾ ਸੀ? ਇੰਞ ਧੁੱਸਾਂ ਮਾਰਦੀ ਸੀ ਲਾਡ ਵਿੱਚ ਉਹ
ਮੇਰੀ ਖੀਰੀ ਨੂੰ, ਤੈਨੂੰ ਨਹੀਂ ਪਤਾ, ਮਾਂ ਬੱਚੇ ਦਾ ਕੀ ਰਿਸ਼ਤਾ ਹੁੰਦਾ ਹੈ? ਮੈਂ ਨਹੀਂ
ਕਹਿੰਦੀ ਕਿ ਮੈਂ ਉਸ ਨੂੰ ਭੁੱਲਾਂਗੀ ਨਹੀਂ । ਮੈਂ ਉਸ ਨੂੰ ਭੁੱਲ ਜਾਵਾਂਗੀ । ਮੈਂ ਨਹੀਂ
ਕਹਿੰਦੀ ਮੈਂ ਹਮੇਸ਼ਾਂ ਦੁੱਧ ਨਹੀਂ ਦਿਆਂਗੀ । ਮੈਂ ਦੁੱਧ ਦਿਆਂਗੀ । ਪਰ ਕੁਝ ਚਿਰ ਹੋਰ
ਤੂੰ ਸਬਰ ਕਰ ਲੈ । ਖ਼ਬਰੇ ਇੱਕ ਦਿਨ ਹੀ ਹੋਰ । ਤੇ ਫੇਰ ਮੈਂ ਆਪਣੇ ਦਿਲ ਦੇ ਟੁਕੜੇ
ਨੂੰ ਭੁੱਲ ਜਾਵਾਂਗੀ । ਫੇਰ ਮੈਨੂੰ ਆਪਣਾ ਲਾਂਭ-ਚਾਂਭ ਖ਼ਾਲੀ-ਖ਼ਾਲੀ ਨਹੀਂ ਲੱਗੇਗਾ ।
ਅੱਗੇ-ਪਿੱਛੇ ਮੈਨੂੰ ਇਹ ਹਨੇਰਾ-ਹਨੇਰਾ ਨਹੀਂ ਮਹਿਸੂਸ ਹੋਵੇਗਾ । ਤੇ ਫੇਰ ਮਸਾਲਾ
ਖਾਂਦੀ ਆਪਣੇ ਧਿਆਨ ਮੈਂ ਦੁੱਧ ਲਾਹ ਦਿਆ ਕਰਾਂਗੀ । ਮੈਂ ਹੁਣ ਦੁੱਧ ਨੂੰ ਕੀ ਕਰਨਾ
ਏ? ਦੁਧ ਪੀਣ ਵਾਲ਼ੀ ਤੇ ਮੇਰੀ ਤੁਰ ਗਈ । ਤੂੰ ਮੁੜ ਆ, ਇੰਞ ਮੈਨੂੰ ਭੁੱਖਾ ਨਾ ਮਾਰ ।
ਅੱਗੇ ਥੋੜ੍ਹਾ ਮੇਰੇ ਨਾਲ਼ ਅਨਿਆਂ ਹੋਇਆ ਏ ਤੂੰ ਮੁੜ ਆ, ਮੇਰੇ ਮਾਲਕ....
ਕਿਤਨਾ ਚਿਰ ਮਹਿੰਦੀ ਹੇਠ ਉਂਞ ਦੀ ਉਂਞ ਖੜੋਤੀ ਨੀਲੀ ਕੋਠੀ ਦੇ ਗੇਟ
ਵੱਲ ਵੇਖਦੀ ਰਹੀ, ਵੇਖਦੀ ਰਹੀ । ਗਵਾਲਾ ਨਹੀਂ ਮੁੜਿਆ ।