Muskand (Punjabi Story) : Maqsood Saqib
ਮੁਸਕਾਂਦ (ਕਹਾਣੀ) : ਮਕ਼ਸੂਦ ਸਾਕ਼ਿਬ
ਵੋਟਾਂ ਪੈਣ ਵਾਲੀਆਂ ਸਨ। ਪ੍ਰੈਸ ਵਿਚ ਪੋਸਟਰਾਂ ਤੇ
ਇਸ਼ਤਿਹਾਰਾਂ ਦੀ ਛਪਾਈ ਜ਼ੋਰਾਂ 'ਤੇ ਸੀ। ਸਵੇਰੇ ਅੱਠ ਵਜੇ ਤੋਂ
ਈ ਪ੍ਰੈਸ ਚਾਲੂ ਹੋ ਜਾਂਦਾ ਤੇ ਫੇਰ ਰਾਤ ਦਾ ਇਕ ਡੇਢ ਆਰਾਮ
ਨਾਲ ਵੱਜ ਜਾਂਦਾ। ਮਾਲਕਾਂ ਨੇ ਬਾਹਰਲੇ ਗੇਟ ਦੀਆਂ ਕੁੰਜੀਆਂ
ਮੈਨੂੰ ਈ ਸੌਂਪੀਆਂ ਹੋਈਆਂ ਸਨ। ਮੈਂ ਸਵੇਰੇ ਪ੍ਰੈਸ ਅੱਪੜ ਕੇ
ਜਿੰਦਰੇ ਖੋਲ੍ਹਦਾ, ਫੇਰ ਰਾਤੀਂ ਯਾਰਾਂ-ਬਾਰਾਂ ਵਜੇ ਤੀਕਰ ਮੇਰੀ
ਲੱਤ ਸਾਇਕਲੋਂ ਥੱਲੇ ਨਾ ਲਗਦੀ। ਪ੍ਰੈਸ ਵਿਚ ਰੂਲੇ ਸਾਫ ਕਰਨ
ਵਾਲੀਆਂ ਟਾਕੀਆਂ, ਸਿਆਹੀਆਂ, ਪਿੰਨਾਂ, ਪਲੇਟਾਂ, ਨੈਗੇਟਿਵ
ਪੋਜ਼ਿਟਿਵ, ਡਾਈਆਂ, ਸੇਬੇ, ਰੱਸੀਆਂ ਤੇ ਹੋਰ ਖਬਰੇ ਕੀ-ਕੀ
ਮੈਨੂੰ ਸਾਰਾ ਦਿਨ ਬਾਜ਼ਾਰੋਂ ਢੋਣਾ ਪੈਂਦਾ। ਰਾਤ ਨੂੰ ਛਪਿਆ ਮਾਲ
ਗਾਹਕਾਂ ਦੇ ਅੱਡਿਆਂ, ਡੇਰਿਆਂ ਉਤੇ ਅਪੜਾਂਦਿਆਂ ਤੇ
ਉਗਰਾਹੀਆਂ ਕਰਦਿਆਂ ਮੇਰੇ ਵਾਲਾ ਹਸ਼ਰ ਨਸ਼ਰ ਹੋ ਜਾਂਦਾ।
ਪ੍ਰੈਸ ਵਿਚ ਕੰਮ ਬੰਦ ਹੁੰਦਾ ਤੇ ਅੰਦਰਲੇ ਬੂਹੇ-ਬਾਰੀਆਂ ਢੋਅ
ਕੇ ਬਾਹਰਲੇ ਗੇਟ ਨੂੰ ਵੱਟੀ-ਵੱਟੀ ਦੇ ਜਿੰਦਰੇ ਮਾਰਦਿਆਂ ਮੈਨੂੰ
ਰੋਜ਼ ਈ ਰਾਤ ਦੇ ਦੋ-ਸਵਾ ਦੋ ਵੱਜ ਜਾਂਦੇ।
ਅੱਧੀ ਰਾਤ ਤੋਂ ਪਿੱਛੋਂ ਆਪਣੇ ਮੁਹੱਲੇ ਜਾਣ ਵਾਲੀ ਵੈਗਨ
ਲੱਭ ਪੈਣ ਦਾ ਸਵਾਲ ਈ ਨਹੀਂ ਸੀ। ਇਹ ਹੈ ਸੀ ਪਈ ਬੇਰੀ
ਵਾਲੇ ਅੱਡੇ ਤੀਕਰ ਵੈਗਨ ਸਾਰੀ ਰਾਤ ਚਲਦੀ ਰਹਿੰਦੀ ਸੀ।
ਉਹ ਵੀ ਏਸ ਲਈ ਕਿ ਏਸ ਵੈਗਨ ਦਾ ਅਖੀਰੀ ਸਟਾਪ ਫਿਲਮ
ਸਟੂਡੀਓ ਸਨ। ਬੇਰੀ ਵਾਲੇ ਅੱਡਿਓਂ ਸਾਡੇ ਮੁਹੱਲੇ ਤੇ ਅੱਗੇ
ਦਰਿਆ ਤੀਕਰ ਜਾਣ ਵਾਲਾ ਟਾਂਗਾ ਚਲਦਾ ਸੀ। ਅੱਡੇ ਵਿਚ
ਰਾਤੀਂ ਯਾਰਾਂ ਵਜੇ ਤੀਕਰ ਤੇ ਟਾਂਗਿਆਂ ਦਾ ਕਰਕੁੱਟ ਪਿਆ
ਰਹਿੰਦਾ ਪਰ ਆਖਰੀ ਸ਼ੋਅ ਤੋਂ ਮਗਰੋਂ ਟਾਂਗੇ ਵਿਰਲੇ ਈ ਰਹਿ
ਜਾਂਦੇ। ਫੇਰ ਵੀ ਐਨਾ ਜ਼ਰੂਰ ਸੀ ਪਈ ਧੰਮੀ ਤੀਕਰ ਕੋਈ ਨਾ
ਕੋਈ ਟਾਂਗਾ ਅੱਡੇ ਵਿਚ ਲੱਭ ਈ ਜਾਂਦਾ। ਬੇਰੀ ਵਾਲੇ ਅੱਡੇ ਤੇ
ਉਥੋਂ ਖਟੀਕ ਮੁਹੱਲੇ ਆਪਣੇ ਘਰ ਅੱਪੜਨ ਤੀਕਰ ਮੈਨੂੰ ਬਾਂਗਾਂ
ਮਿਲਣ ਵਾਲੀਆਂ ਹੋ ਜਾਂਦੀਆਂ।
ਏਸ ਨਵੇਂ ਟਾਈਮ ਟੇਬਲ ਮੂਜਬ ਚਲਦਿਆਂ ਮੈਨੂੰ ਅਜੇ
ਮਸਾਂ ਕੁਝ ਈ ਦਿਨ ਹੋਏ ਸਨ ਕਿ ਇਕ ਰਾਤੀਂ ਮੈਂ ਵੈਗਨ ਤੋਂ
ਲੱਥ ਕੇ ਅੱਡੇ ਵਿਚ ਅਪੜਿਆ ਤੇ ਅੱਗੇ ਟਾਂਗਾ ਤਿਆਰ ਖਲੋਤਾ
ਸੀ। ਪਿਛਲੇ ਪਾਸੇ ਸਵਾਰੀਆਂ ਪੂਰੀਆਂ ਹੋ ਗਈਆਂ ਸਨ। ਅਗਲੇ
ਪਾਸੇ ਇਕ ਸਵਾਰੀ ਘੱਟ ਸੀ ਪਰ ਸਾਰੀ ਸੀਟ ਦੋ ਮੋਟੇ-ਮੋਟੇ
ਬੰਦਿਆਂ ਨੇ ਮੱਲੀ ਹੋਈ ਸੀ। ਦੋਵੇਂ ਈ ਫਸ ਕੇ ਬੈਠੇ ਹੋਏ ਸਨ।
ਇਨ੍ਹਾਂ ਵਿਚੋਂ ਇਕ ਤੇ ਮੈਨੂੰ ਕੋਈ ਬਜਾਜੀ ਵਾਲਾ ਜਾਂ ਮੁਨਿਆਰ
ਲਗਦਾ ਸੀ ਤੇ ਦੂਜਾ ਕੋਈ ਮਿਸਤਰੀ ਜਾਂ ਵੈਲਡਿੰਗ ਕਰਨ
ਵਾਲਾ। ਮੈਂ ਪਾਏਦਾਨ ਉਤੇ ਪੈਰ ਧਰ ਕੇ ਦਿਲ ਵਿਚ ਹਿਸਾਬ
ਲਾਇਆ ਕਿ ਜੇ ਇਹ ਬੰਦੇ ਆਪੋ-ਆਪਣੀ ਚੌੜਿਤਣ ਥੋੜ੍ਹੀ
ਕੁੰਜ ਲੈਣ ਤਾਂ ਮੇਰੇ ਜਿਹੇ ਛੀਂਟਕੇ ਵਜੂਦ ਦੇ ਬੰਦੇ ਲਈ ਮਾੜੀਮੋਟੀ
ਗੁੰਜਾਇਸ਼ ਨਿਕਲ ਸਕਦੀ ਸੀ। ਪਰ ਇਨ੍ਹਾਂ ਨੂੰ ਚੌੜਿਤਣ
ਕੁੰਜਣ ਦਾ ਮੈਂ ਨਹੀਂ ਸਾਂ ਆਖ ਸਕਦਾ। ਇਹ ਕੰਮ ਕੋਚਵਾਨ
ਈ ਕਰ ਸਕਦਾ ਸੀ ਪਰ ਕੋਚਵਾਨ ਤੇ ਉਥੇ ਨੇੜੇ-ਤੇੜੇ ਕਿਧਰੇ
ਵਿਖਾਈ ਨਹੀਂ ਸੀ ਪਿਆ ਦੇਂਦਾ। ਘੋੜੇ ਦੇ ਮੂੰਹ ਨੂੰ ਦਾਣੇ ਵਾਲਾ
ਤੋਬੜਾ ਚਾੜ੍ਹ ਕੇ ਉਹ ਪਤਾ ਨਹੀਂ ਕਿਥੇ ਗਾਇਬ ਹੋਇਆ ਪਿਆ
ਸੀ। ਮੈਂ ਉਂਜ ਈ ਪਹੀਏ ਦੇ ਨਾਲ ਇਕ ਪੈਰ ਹੇਠਾਂ ਜ਼ਮੀਨ
ਉਤੇ ਅਤੇ ਦੂਜਾ ਪਾਏਦਾਨ ਉਤੇ ਟਿਕਾਈ ਖਲੋਤਿਆਂ ਉਨ੍ਹਾਂ
ਬੰਦਿਆਂ ਦੇ ਮੂੰਹਾਂ ਵਲ ਝਾਤੀ ਮਾਰੀ। ਉਨ੍ਹਾਂ ਮੇਰੇ ਵਲ ਮਾੜਾ
ਜਿਹਾ ਧਿਆਨ ਕਰਨ ਦੀ ਵੀ ਖੇਚਲ ਨਾ ਕੀਤੀ। ਮੈਨੂੰ ਜਾਪਿਆ
ਜਿਵੇਂ ਮਿਸਤਰੀ ਦੀ ਝੋਲੀ ਵਿਚੋਂ ਮੈਨੂੰ ਕੋਈ ਦੋ ਅੱਖਾਂ ਝਾਕਦੀਆਂ
ਪਈਆਂ ਸਨ। ਮੈਂ ਧਿਆਨ ਮਾਰਿਆ ਤੇ ਇਕ ਸੱਤਾਂ-ਅੱਠਾਂ
ਵਰ੍ਹਿਆਂ ਦਾ ਜਾਤਕ ਹੋਣਾ ਏ, ਕਾਲੇ ਗੁਲਾਬ ਦੀ ਰੰਗਤ ਵਾਲਾ
ਜਿਹੜਾ ਕੌਲ ਫੁੱਲਾਂ ਵਰਗੀਆਂ ਅੱਖਾਂ ਨਾਲ ਮੇਰੇ ਵਲ ਝਾਕਦਾ
ਪਿਆ ਸੀ। "ਕੰਗਾਰੂ ਬੱਚਾ!" ਮੈਂ ਦਿਲ ਈ ਦਿਲ ਵਿਚ ਆਖਿਆ।
ਫੇਰ ਪਤਾ ਨਹੀਂ ਮੈਨੂੰ ਕੀ ਹੋਇਆ, ਮੈਂ ਉਂਜ ਈ ਆਪਣੀ ਥਾਂਵੇਂ
ਖਲੋਤਿਆਂ ਇਕ ਹੱਥ ਲੰਮਾ ਕਰਕੇ "ਕੰਗਾਰੂ ਬੱਚੇ" ਦੇ ਮੁਖੜੇ
ਨੂੰ ਪਲੋਸਦਿਆਂ ਮੂੰਹੋਂ ਕਿਸੇ ਪੰਖੀ-ਪਸ਼ੂ ਨਾਲ ਰਲਦੀ-ਮਿਲਦੀ
ਕੋਈ ਆਵਾਜ਼ ਕੱਢੀ। "ਕੰਗਾਰੂ ਬੱਚੇ" ਦੇ ਹੋਠਾਂ ਉਤੇ ਪਹਿਲਾਂ
'ਤੇ ਮੁਸਕਾਂਦ ਦੀ ਇਕ ਮਹੀਨ ਜਿਹੀ ਪਰਤ ਜਾਗੀ ਤੇ ਫੇਰ
ਉਹ ਇਕ ਕਿਲਕਾਰੀ ਦਾ ਰੂਪ ਵਟਾ ਗਈ। ਮਿਸਤਰੀ ਨੇ
ਆਪਣੇ ਜਾਤਕ ਨੂੰ ਹੱਸਦਿਆਂ ਵੇਖਿਆ। ਉਹਨੂੰ ਕੁਝ ਸਮਝ
ਨਾ ਆਈ, ਫੇਰ ਜਦੋਂ ਉਹਨੇ ਮੇਰੇ ਮੂੰਹ ਉਤੇ ਵੀ ਆਪਣੇ
ਜਾਤਕ ਦੇ ਮੁਖੜੇ ਵਰਗਾ ਰੰਗ ਖਿੜਿਆ ਵੇਖਿਆ ਤਾਂ ਉਹ ਵੀ
ਗੁੜ੍ਹਕ ਪਿਆ।
"ਅੱਛਾ ਤੇ ਤੂੰ ਕਰ ਲਈ ਏ ਜਾਣ-ਪਛਾਣ ਬਾਵੇ ਹੋਰਾਂ
ਨਾਲ ਵੀ। ਕਮਾਲ ਏ ਬਈ, ਤੂੰ ਪਤਾ ਈ ਨਹੀਂ ਲੱਗਣ ਦੇਂਦਾ
ਕਿਸੇ ਨੂੰ।" ਮਿਸਤਰੀ ਆਪਣੇ ਜਾਤਕ ਨੂੰ ਆਖਦਾ ਪਿਆ ਸੀ।
ਮੇਰੀ ਦਾੜ੍ਹੀ ਤੇ ਪੁੜਪੜੀਆਂ ਦੇ ਚਿੱਟੇ ਵਾਲ ਵੇਖ ਕੇ
ਉਹਨੇ ਮੈਨੂੰ "ਬਾਵੇ" ਦਾ ਲਕਬ ਦੇ ਦਿੱਤਾ ਸੀ। ਮੈਂ ਇਕ ਵਾਰੀ
ਫੇਰ ਮੂੰਹ ਅੱਗੇ ਕਰਕੇ ਪਸ਼ੂਆਂ ਜਿਹੀ ਵਾਜ ਸੰਘੋਂ ਕੱਢੀ।
ਜਾਤਕ ਹੁਣ ਪਹਿਲਾਂ ਤੋਂ ਵੀ ਉਚੀ-ਉਚੀ ਹੱਸਣ ਲੱਗ ਪਿਆ।
"ਪੁੱਤਰ ਲਾਟੂ ਇੰਜ ਤੇ ਨਹੀਂ ਨਾ, ਤੂੰ ਉਤੇ ਬੈਠਾ ਏਂ
ਮੇਰੀ ਝੋਲੀ ਵਿਚ ਨਿੱਘਾ ਹੋ ਕੇ ਤੇ ਬਾਵੇ ਹੋਰੀਂ ਥੱਲੇ ਖਲੋਤੇ ਨੇ
ਪਾਲੇ ਵਿਚ, ਆਖ ਬਾਵਾ ਜੀ ਉਤੇ ਆ ਜਾਓ ਤੇ ਮੇਰੇ ਕੋਲ ਬਹਿ
ਜਾਓ।" ਮਿਸਤਰੀ ਨੇ ਮੇਰਾ ਖਿਆਲ ਕੀਤਾ।
"ਕੋਈ ਗੱਲ ਨਹੀਂ, ਮੈਂ ਆਪਣੀ ਮਰਜ਼ੀ ਨਾਲ ਖਲੋਤਾਂ।
ਕੋਚਵਾਨ ਆ ਜਾਂਦਾ ਏ ਤੇ ਬਹਿ ਜਾਨਾਂ।" ਮੈਂ ਗੱਲ ਵਲਾਈ।
"ਅਹਿਮਾ ਤੂੜੀ ਦਾਣਾ ਲੈਣ ਗਿਆ ਹੋਇਆ ਏ ਕਿਹੜੇ
ਵੇਲੇ ਦਾ। ਪੱਕੀ ਗੱਲ ਏ ਗਿੱਦੜ ਮਾਰਨ ਬਹਿ ਗਿਆ ਹੋਣਾ ਏ।
ਤੁਸੀਂ ਆ ਜਾਓ। ਉਹਨੇ ਝੱਟ ਲਾ ਕੇ ਈ ਆਉਣਾ ਏ। ਐਵੇਂ
ਕਾਹਨੂੰ ਖਲੋਂਦੇ ਓ ਤਰੇਲ ਵਿਚ ਹੇਠਾਂ।" ਫੇਰ ਉਹਨੇ ਆਪਣੇ
ਨਾਲ ਬੈਠੇ ਨੂੰ ਆਖਿਆ, "ਤੁਸੀਂ ਥੋੜ੍ਹਾ ਜਿਹਾ ਪਾਸਾ ਨਹੀਂ
ਵਟਦੇ, ਬਾਵੇ ਹੋਰਾਂ ਲਈ?"
ਮੈਂ ਉਨ੍ਹਾਂ ਦੋਵਾਂ ਵਿਚਾਲੇ ਬਣੀ ਮਾੜੀ ਜਿਹੀ ਵਿੱਥ ਵਿਚ
ਫਾਲ ਵਾਂਗੂੰ ਠੁਕ ਕੇ ਬਹਿ ਗਿਆ। "ਕੰਗਾਰੂ ਬੱਚੇ" ਨੇ ਕੌਲ
ਫੁੱਲ ਅੱਖਾਂ ਝਪਕਦਿਆਂ ਮੈਨੂੰ ਤੱਕਿਆ। ਮੈਂ ਉਹਦਾ ਸ਼ੁਕਰਾਨਾ
ਤਾਰਨ ਲਈ ਉਹਦੇ ਮੁਖੜੇ ਨੂੰ ਫੇਰ ਪਲੋਸ ਲਿਆ।
"ਚੱਲ ਆ ਜਾ ਓਏ ਅਹਿਮਿਆ ਭੈੜਿਆ, ਤੇਰਾ ਗਿੱਦੜ
ਨਹੀਂ ਮਰਿਆ ਅਜੇ ਤੀਕਰ। ਏਥੇ ਫੇਰਾ ਤਿਆਰ ਹੋਇਆ ਪਿਆ
ਈ।" ਮਿਸਤਰੀ ਤੋਂ ਜਿਵੇਂ ਆਪੋਂ ਵੀ ਹੁਣ ਹੋਰ ਚਿਰ ਜਰਨਾ
ਔਖਾ ਹੋ ਗਿਆ ਸੀ।
ਪਿਛਲੀ ਸੀਟ ਤੋਂ ਕਿਸੇ ਬੀਂਡੇ ਵਰਗੀ 'ਵਾਜ ਵਾਲੇ ਬੰਦੇ
ਨੇ ਮਿਸਤਰੀ ਦੀ ਗੱਲ ਫੜ ਲਈ। "ਗਿੱਦੜ ਮਾਰਨ ਗਿਆ ਏ।
ਏਥੇ ਸ਼ਹਿਰ ਵਿਚ ਗਿੱਦੜ ਵੀ ਹੈਣ?"
"ਹੋ ਸਕਦਾ ਏ ਇਨ੍ਹਾਂ ਬਿਲਡਿੰਗਾਂ ਤੋਂ ਪਰ੍ਹਾਂ ਝਾੜੀਆਂ ਤੇ
ਗਿੱਦੜ ਦੋਵੇਂ ਈ ਹੋਣ।" ਕੋਲੋਂ ਦੂਜੇ ਬੰਦੇ ਨੇ ਆਪਣੇ ਵਲੋਂ
ਚਾਨਣ ਪਾਉਣਾ ਚਾਹਿਆ ਸੀ।
ਮਿਸਤਰੀ ਨੇ ਮੈਨੂੰ ਹੌਲੀ ਜਿਹੀ ਅਰਕ ਮਾਰੀ, "ਲਉ
ਹੁਣੇ ਪਤਾ ਲੱਗ ਜਾਂਦਾ ਏ ਕਿੰਨੀਆਂ ਕੁ ਪੜ੍ਹੇ ਹੋਏ ਓ ਤੁਸੀਂ
ਵੀ?"
"ਨਾ ਪਰ ਇਹਨੂੰ ਕੋਚਵਾਨ ਨੂੰ ਕੀ ਲੋੜ ਪੈ ਗਈ ਗਿੱਦੜ
ਦੀ, ਜਿਹੜਾ ਸਾਨੂੰ ਏਥੇ ਟੰਗ ਕੇ ਉਹਨੂੰ ਮਾਰਨ ਚੜ੍ਹਿਆ
ਪਿਆ ਏ?" ਬੀਂਡੇ ਦੀ ਵਾਜ ਵਾਲੇ ਦਾ ਖਿਆਲ ਘੋੜਾ ਜਿਵੇਂ
ਪਹਿਲੇ ਈ ਪੈਰ ਉਤੇ ਅੱਗੇ ਟੁਰਨ ਤੋਂ ਇਨਕਾਰੀ ਸੀ। "ਹੋ
ਸਕਦਾ ਏ ਕੋਈ ਦਵਾਈ ਬਣਾਉਣੀ ਹੋਵੇ ਸੂ। ਕਿਸੇ ਨੁਸਖਾ
ਦੱਸਿਆ ਹੋਵੇ।" ਉਹੋ ਪਹਿਲਾਂ ਵਾਲੀ ਹੰਗੂਰਾ ਭਰਦੀ ਆਵਾਜ਼
ਫੇਰ ਸਾਡੇ ਕੰਨੀਂ ਪਈ।
"ਪਰ ਇਹ ਇਲਾਕਾ ਮੈਂ ਚੋਖਾ ਨਹੀਂ ਤੇ ਥੋੜ੍ਹਾ ਬਹੁਤਾ ਤਾਂ
ਫਿਰਿਆ ਈ ਹੋਇਆ ਏ। ਝਾੜੀਆਂ ਤੇ ਗਿੱਦੜਾਂ ਦੀ ਗੱਲ ਤੇ
ਕਦੇ ਨਹੀਂ ਕੀਤੀ ਕਿਸੇ ਮੇਰੇ ਨਾਲ। ਇਥੇ ਤੇ ਇਹੋ ਬਿਲਡਿੰਗਾਂ
ਤੇ ਕੋਠੀਆਂ ਈ ਨੇ।"
"ਚਲੋ ਉਹ ਆ ਗਿਆ ਏ ਅਹਿਮਾ ਵੀ। ਤੁਸੀਂ ਕਾਹਨੂੰ
ਦਿਮਾਗ ਥਕਾਂਦੇ ਓ ਅਜਾਈਂ। ਉਹਨੂੰ ਈ ਪੁੱਛ ਲੈਨੇ ਆਂ, ਕਿਥੇ
ਗਿੱਦੜ ਮਾਰਨ ਗਿਆ ਹੋਇਆ ਸੀ ਉਹ?" ਮਿਸਤਰੀ ਨੇ
ਇਕ ਵਾਰੀ ਫੇਰ ਮੈਨੂੰ ਪੋਲੀ ਜਿਹੀ ਅਰਕ ਮਾਰੀ ਤੇ ਉਚੀ
ਸਾਰੀ ਆਖਿਆ।
ਅਹਿਮਾ ਕੋਚਵਾਨ ਚਾਦਰ ਜਿਹੀ ਦੀ ਬੁੱਕਲ ਮਾਰੀ, ਮੋਢੇ
ਉਤੇ ਤੂੜੀ ਦਾਣੇ ਦਾ ਤੋੜਾ ਪਾਈ ਹਨ੍ਹੇਰੇ ਫੁੱਟਪਾਥ ਉਤੇ ਤੁਰਿਆ
ਆਉਂਦਾ ਸੀ।
"ਚਲ ਭਾਈ ਟੁਰ ਪਉ ਹੁਣ ਬਥੇਰੀ ਹੋ ਗਈ ਏ ਸਾਡੇ
ਨਾਲ। ਹੋਰ ਕਿੰਨੀ ਕੁ ਦੇਰ ਕਰਨੀ ਊ। ਹੁਣ ਨੂੰ ਤੇ ਅਸੀਂ
ਪੈਦਲ ਵੀ ਘਰ ਅੱਪੜ ਜਾਣਾ ਸੀ।" ਮੇਰੇ ਖੱਬੇ ਪਾਸਿਓਂ
ਬਜਾਜੀਆ ਜਾਂ ਮੁਨਿਆਰ ਬੋਲਿਆ।
"ਬਸ ਜੀ, ਚਲ ਪਏ ਹੁਣ। ਇਹ ਜ਼ਰਾ ਪੈਰ ਅੱਗੇ ਕਰਿਆ
ਜੇ, ਹੌਦੇ ਵਿਚ ਦਾਣਾ ਰੱਖ ਲਈਏ ਤੇ ਬਸ ਫੇਰ ਚੱਲੀਏ। ਓ
ਯਾਰ ਕੌਡੂ, ਮਲਿਕ ਮੈਨੂੰ ਛੇਤੀ ਈ ਨਹੀਂ ਸੀ ਕਰਦਾ ਪਿਆ।
ਬਥੇਰਾ ਆਖਿਆ ਉਹਨੂੰ। ਆਖੇ ਨਹੀਂ ਝੱਟ ਖਲੋ ਜਾ। ਅਸਾਂ ਵੀ
ਆਖਿਆ, ਲੈ ਬਈ ਤੂੰ ਖਲ੍ਹਿਆਰ ਲੈ।"
ਅਹਿਮਾ ਘੋੜੇ ਦੇ ਮੂੰਹ ਨਾਲੋਂ ਤੋਬੜਾ ਵੀ ਖੋਲ੍ਹ ਲਿਆਇਆ
ਸੀ। ਏਧਰੋਂ ਵਿਹਲਿਆਂ ਹੋ ਕੇ ਉਹਨੇ ਟਾਂਗੇ ਦੇ ਬੰਬ ਨਾਲ
ਬੰਨ੍ਹੀਆਂ ਹੋਈਆਂ ਰਾਸਾਂ ਖੋਲ੍ਹੀਆਂ ਤੇ ਉਨ੍ਹਾਂ ਨੂੰ ਮਾੜਾ-ਮਾੜਾ
ਛਿਕਦਾ ਤੇ ਮੂੰਹ ਵਿਚੋਂ ਵਾਜਾਂ ਕੱਢਦਾ ਹੋਇਆ ਘੋੜੇ ਨੂੰ ਟੋਰਨ
ਲੱਗ ਪਿਆ।
ਘੋੜਾ ਬਿਨਾਂ ਕੋਈ ਉਜਰ ਕੀਤਿਆਂ ਹੌਲੀ-ਹੌਲੀ ਪੌੜ
ਮਾਰਦਾ ਟੁਰ ਪਿਆ। ਅਹਿਮੇ ਨੇ ਪਾਏਦਾਨ ਉਤੇ ਖਲੋ ਕੇ ਦੂਜਾ
ਪੈਰ ਬੰਬ ਉਤੇ ਧਰ ਲਿਆ ਤੇ ਛਾਂਟੇ ਦੀ ਸੋਟੀ ਨਾਲ ਹੌਲੀ ਜਿਹੀ
ਕਰਕੇ ਘੋੜੇ ਨਾਲ ਕੋਈ ਗੱਲ ਕੀਤੀ। ਘੋੜਾ ਛੇਤੀ ਈ ਸੜਕ
ਉਤੇ ਚੜ੍ਹ ਕੇ ਆਪਣੀ ਚਾਲੇ ਹੋ ਗਿਆ।
"ਅਹਿਮਿਆ, ਤੂੰ ਮਲਿਕ ਦੀ ਗੱਲ ਛੱਡ ਤੇ ਸਾਨੂੰ ਇਹ
ਦੱਸ ਪਈ ਗਿੱਦੜ ਮਾਰਿਆ ਈ ਕਿ ਨਹੀਂ।" ਮਿਸਤਰੀ ਜਿਹਦਾ
ਨਾਂ ਅਹਿਮੇ ਕੋਚਵਾਨ ਨੇ ਹੁਣੇ-ਹੁਣੇ ਕੌਡੂ ਦੱਸਿਆ ਸੀ, ਬੋਲਿਆ।
"ਹਾਂ ਬਈ, ਇਨ੍ਹਾਂ ਬਿਲਡਿੰਗਾਂ ਮਕਾਨਾਂ ਵਿਚ ਕਿਹੜੇ
ਗਿੱਦੜ ਮਾਰਦਾ ਫਿਰਦਾ ਏਂ ਤੂੰ, ਸਾਨੂੰ ਵੀ ਤਾਂ ਪਤਾ ਲੱਗੇ।"
ਟਾਂਗੇ ਦੇ ਪਿਛਲੇ ਪਾਸਿਓਂ ਬੀਂਡੇ ਦੀ ਆਵਾਜ਼ ਆਈ।
"ਬੜਾ ਨਿੱਛ ਏਂ ਬਈ ਤੂੰ ਕੌਡੂ, ਸਾਰਿਆਂ ਨੂੰ ਦੱਸ ਦਿੱਤਾ
ਈ ਮੇਰੇ ਮਗਰੋਂ। ਚੰਗਾ ਬੰਦਾ ਏਂ ਬਈ ਤੂੰ।" ਅਹਿਮੇ ਗਿਲਾ
ਕੀਤਾ।
ਮਿਸਤਰੀ ਕੌਡੂ ਉਚੀ-ਉਚੀ ਹੱਸਣ ਲੱਗ ਪਿਆ। "ਭਾਈ
ਹੋਰਾਂ ਜੋ ਕੁਝ ਪੁੱਛਿਆ ਏ ਉਹ ਤੇ ਦੱਸ ਲੈ ਪਹਿਲਾਂ, ਫੇਰ
ਕਰਦਾ ਰਹੀਂ ਜਿੰਨੇ ਵੀ ਗਿਲੇ ਕਰਨੇ ਨੇ ਤੂੰ," ਇਹ ਆਖ ਕੇ
ਮਿਸਤਰੀ ਦਾ ਹਾਸਾ ਹੋਰ ਉਚਾ ਹੋ ਗਿਆ।
ਲਾਟੂ ਨੇ ਇੰਜ ਪਿਓ ਨੂੰ ਪਾਗਲਾਂ ਹਾਰ ਹਸਦਿਆਂ ਵੇਖਿਆ
ਤੇ ਉਹ ਵੀ ਹੱਸਣ ਲੱਗ ਪਿਆ। ਹੁਣ ਮੇਰੇ ਕੋਲੋਂ ਵੀ ਨਾ ਰਿਹਾ
ਗਿਆ। ਘੋੜਾ ਸਾਡੇ ਹਾਸੇ ਦੀ ਆਵਾਜ਼ ਸੁਣ ਕੇ ਫੁਰਕੜੇ
ਮਾਰਦਾ ਕਨੌਤੀਆਂ ਚੁੱਕਦਾ ਨੱਸੀ ਜਾਂਦਾ ਪਿਆ ਸੀ। ਮੈਨੂੰ ਲੱਗਾ
ਜਿਵੇਂ ਉਹ ਵੀ ਅਹਿਮੇ ਦੇ ਮੌਜੂ ਵਿਚ ਸਾਡੇ ਨਾਲ ਰਲ ਗਿਆ
ਹੋਵੇ।
ਅਹਿਮੇ ਨੇ ਮੂੰਹ ਭੰਵਾਂ ਕੇ ਕੌਡੂ ਨੂੰ ਘੂਰੀ ਵੱਟੀ ਤੇ ਫੇਰ
ਰਾਸਾਂ ਤੋਂ ਇਕ ਹੱਥ ਹਟਾ ਕੇ ਲਾਟੂ ਦੇ ਨੱਕ ਦੀ ਕਰੂੰਬਲ ਫੜ
ਲਈ। "ਕਿਉਂ ਉਏ ਖੇੜੂ ਫੁਲਿਆ, ਤੈਨੂੰ ਵੀ ਆਪਣੇ ਪਿਉ
ਵਾਂਗ ਬੜੇ ਹਾਸੇ ਆਉਂਦੇ ਨੇ?"
ਅਹਿਮੇ ਤੋਂ ਆਪਣਾ ਨੱਕ ਛੁਡਾਂਦਿਆਂ ਲਾਟੂ ਐਨਾ ਈ
ਆਖ ਸਕਿਆ, "ਚਾਚਾ ਗਿੱਦੜ...।" ਅੱਗੋਂ ਉਹਦੀ ਆਵਾਜ਼
ਨਾ ਨਿਕਲ ਹੋਈ।
ਹੁਣ ਤਾਂ ਸਾਰਾ ਟਾਂਗਾ ਈ ਹੱਸਣ ਲੱਗ ਪਿਆ। ਘੋੜੇ ਨੇ
ਵੀ ਜ਼ੋਰ ਦੀ ਫੁਰਕੜਾ ਮਾਰਿਆ। ਅਹਿਮਾ ਕੱਚਾ ਜਿਹਾ ਹੋ
ਗਿਆ। "ਓਏ ਭਰਾਓ, ਤੁਸੀਂ ਤੇ ਸਾਰੇ ਮੇਰੇ ਮਗਰ ਈ ਪੈ
ਗਏ ਓਂ। ਲਓ ਮੈਂ ਦੱਸ ਈ ਦੇਨਾਂ ਤੁਹਾਨੂੰ ਕਿ ਕਿਹੜਾ ਗਿੱਦੜ
ਮਾਰਨ ਗਿਆ ਸਾਂ ਮੈਂ। ਆਹ ਥਕੇਵਾਂ-ਥੀਕੜਾ ਲਾਹੁਣ ਲਈ
ਜਿਹੜਾ ਸਿਗਰਟ ਪੀਤਾ ਜਾਂਦਾ ਏ, ਉਹਨੂੰ ਈ ਗਿੱਦੜ ਮਾਰਨਾ
ਆਖਦੇ ਨੇ। ਹੋਰ ਸ਼ਹਿਰ ਵਿਚ ਗਿੱਦੜਾਂ ਹਜ਼ਾਮਤ ਕਰਾਉਣ
ਆਉਣਾ ਸੀ, ਭਲਾ ਬੰਦਾ ਪੁੱਛੇ।"
ਮੈਨੂੰ ਵੀ ਹੁਣ ਈ ਸਮਝ ਆਈ ਪਈ ਭਲਿਆ ਸਿਗਰਟ
ਪੀਣ ਨੂੰ ਈ ਲੋਕ ਗਿੱਦੜ ਮਾਰਨਾ ਆਖਦੇ ਨੇ। ਨਹੀਂ ਤਾਂ ਮੈਂ ਵੀ
ਐਵੇਂ ਵੇਖੋ-ਵੇਖੀ ਈ ਹੱਸੀ ਜਾਂਦਾ ਪਿਆ ਸਾਂ।
"ਮਿਸਤਰੀ ਕੌਡੂ ਜੀ, ਬੜੀ ਸ਼ੈ ਓ ਤੁਸੀਂ ਵੀ। ਉਸ ਵੇਲੇ
ਦਾ ਸਾਡਾ ਸਾਰਿਆਂ ਦਾ ਵਾਹਵਾ ਤਵਾ ਲਾਇਆ ਏ ਤੁਸੀਂ ਵੀ।"
ਮੈਂ ਕੌਡੂ ਨੂੰ ਆਖਿਆ।
"ਬਸ ਜੀ ਸਰਕਾਰ, ਅਸੀਂ ਲੰਗੋਟੀਏ ਆਂ ਦੋਵੇਂ ਜਣੇ।
ਤੁਸਾਂ ਨਹੀਂ ਸੁਣਿਆ ਕਿ ਹੋਰ ਕੋਈ ਮਿਲ ਪਵੇ ਸਾਲਾ ਲੰਗੋਟੀਆ
ਨਾ ਮਿਲੇ। ਅੱਜ ਮਿਲੇ ਆਂ ਤੇ ਫੇਰ ਹਾਸਾ ਖੇੜਾ ਤੇ ਹੋਣਾ ਈ ਸੀ
ਕਿ .... ਪਰ ਮੈਂ ਮਿਸਤਰੀ ਕੋਈ ਨਹੀਂ ਜੇ। ਐਵੇਂ ਮੇਰੇ
ਕੱਪੜਿਆਂ ਤੇ ਮੂੰਹ-ਮੁਹਾਂਦਰੇ ਤੇ ਭੁੱਲੇ ਨਾ ਰਿਹਾ ਜੇ।"
"ਤੇ ਕੀ ਕੰਮ ਕਰਦੇ ਓ ਤੁਸੀਂ?"
"ਲਓ ਕੰਮ-ਕਾਰ ਕਰਦੇ ਹੁੰਦੇ ਤੇ ਹੁਣ ਸਾਊਦੀ ਅਰਬ
ਬੈਠੇ ਸੂਦ ਨਾ ਖਾਂਦੇ ਪਏ ਹੁੰਦੇ। ਆਹ ਤੋਤੇ, ਚਿੜੀਆਂ ਵੇਚਦੇ
ਆਂ, ਚੀਨੀ ਦੇ ਬਣੇ ਹੋਏ ਨਹੀਂ ਹੁੰਦੇ। ਪੜਛੱਤੀਆਂ ਤੇ ਕਾਰਨਸਾਂ
ਦੀ ਸਜਾਵਟ ਲਈ ਲੈਂਦੇ ਨੇ ਲੋਕ।"
"ਇਹ ਲਾਟੂ ਵੀ ਤੇ ਨਾਲ ਏ ਤੁਹਾਡੇ?"
"ਇਹ ਰੋਜ਼ ਨਾਲ ਈ ਹੁੰਦਾ ਏ ਕਿ। ਦਿਨੇ ਸਕੂਲ ਜਾਂਦਾ
ਏ।"
ਐਡੀ ਕਵੇਲੇ ਈ ਇਹੋ ਜਿਹੀਆਂ ਸ਼ੈਵਾਂ ਵਿਕ ਜਾਂਦੀਆਂ
ਨੇ। ਕੌਣ ਲੈਂਦਾ ਏ?" ਮੈਂ ਪੁੱਛਿਆ।
"ਲਓ ਏਸ ਵੇਲੇ ਈ ਤਾਂ ਸਾਡੀ ਗਾਹਕੀ ਸਾਰੀ ਬਾਹਰ
ਨਿਕਲਦੀ ਏ। ਅਸੀਂ ਦੋਵੇਂ ਸ਼ਾਮ ਨੂੰ ਪਹਿਲੋਂ ਮਾਰਕੀਟ ਜਾਨੇ
ਆਂ। ਉਥੋਂ ਮਾਲ ਲੈ ਕੇ ਆ ਜਾਈਦਾ ਏ ਕੰਮ 'ਤੇ। ਆਹ
ਕੁੱਕੜ ਕੜ੍ਹਾਹੀਆਂ ਤੇ ਦੁੱਧ ਫਲੂਦਿਆਂ ਦੀ ਬਹਾਰ ਹੁੰਦੀ ਏ
ਰਾਤ ਨੂੰ। ਗੱਡੀਆਂ ਮੋਟਰਾਂ ਦਾ ਐਨਾ ਗਾਹੜ ਪਿਆ ਹੁੰਦਾ ਏ
ਕਿ ਵੇਖ ਕੇ ਮੱਤ ਮਾਰੀ ਜਾਂਦੀ ਏ ਚੰਗੇ ਭਲੇ ਬੰਦੇ ਦੀ। ਅਸੀਂ
ਵੀ ਇਕ-ਇਕ ਗੱਡੀ ਦੇ ਸ਼ੀਸ਼ੇ ਜਾ ਸੁੰਘਾਨੇ ਆਂ ਆਪਣੇ ਨਗ।
ਕਿਸੇ ਨਾ ਕਿਸੇ ਤੇ ਫੇਰ ਬੋਲਣਾ ਈ ਹੁੰਦਾ ਏ। ਕਈਆਂ ਦੇ
ਨਾਲ ਆਏ ਬਾਲ ਈ ਅੜੀ ਬੰਨ੍ਹ ਲੈਂਦੇ ਨੇ। ਪੱਚੀ ਹੁੰਦਿਆਂ ਹਵਾਂਦਿਆਂ
ਲੈ ਕੇ ਦੇਣੀ ਪੈਂਦੀ ਏ ਸ਼ੈ। ਬਸ ਰੋਟੀ ਨਿਕਲ
ਆਉਂਦੀ ਏ। ਸ਼ੇਰ, ਤਿਰਾ, ਬਾਰਾਂ ਸਿੰਗਾ ਜਾਂ ਪਾੜ੍ਹਾ ਹੋਵੇ, ਵੱਡੇ
ਸਾਈਜ਼ ਵਿਚ ਤਾਂ ਹੋਰ ਵੀ ਵਧੀਆ ਗੱਲਬਾਤ ਹੋ ਜਾਂਦੀ ਏ।"
ਕੌਡੂ ਨੇ ਵੇਰਵਾ ਕਰਦਿਆਂ ਦੱਸਿਆ।
ਅਹਿਮੇ ਨੇ ਘੋੜੇ ਦੀ ਕੰਡ ਉਤੇ ਛਾਂਟੇ ਦੀ ਸ਼ੂਕਰ ਫੇਰੀ
ਤੇ ਮੂੰਹ ਭੰਵਾ ਕੇ ਕੌਡੂ ਨੂੰ ਆਖਣ ਲੱਗਾ, "ਯਾਰ ਤੇਰੀ ਗੱਲ
ਵੱਡੀ ਹੁੰਦੀ ਏ। ਮੈਂ ਤੈਥੋਂ ਪੁੱਛਣਾ ਚਾਹੁੰਨਾਂ ਪਈ ਇਹ ਜਿਹੜੀ
ਸਾਡੇ ਮੁਲਕ ਵਿਚ ਐਨੀ ਗੱਡੀ ਸੂ ਗਈ ਏ, ਇਹ ਬਣਿਆ ਕੀ
ਏ? ਪਹਿਲਾਂ ਤਾਂ ਇੰਜ ਨਹੀਂ ਸੀ ਹੁੰਦਾ।"
"ਲੈ ਕੋਈ ਇਕ ਤੇ ਦੋ ਸੂ ਗਈ, ਏਥੇ ਤੇ ਕੜ੍ਹ ਈ ਪਾਟੇ
ਪਏ ਨੇ। ਅਮਰੀਕਾ ਵਾਲੇ ਤੇ ਅੱਗੇ ਆਂਹਦੇ ਨੇ ਪੂਰੀ ਦੁਨੀਆਂ
ਵਿਚ ਪਾਕਿਸਤਾਨ ਈ ਇਕ ਮੁਲਕ ਏ ਜਿਥੋਂ ਦੀ ਬਾਦਸ਼ਾਹੀ
ਕੰਗਲੀ ਤੇ ਅਵਾਮ ਅਮੀਰ ਏ।"
ਅਹਿਮਾ ਹੱਸ ਪਿਆ, "ਖਰੀ ਗੱਲ ਏ, ਪਰ ਅਸੀਂ ਤੇ
ਅਵਾਮ ਵਿਚ ਨਹੀਂ ਨਾ ਆਉਂਦੇ।"
"ਲੈ ਅਸੀਂ ਅਵਾਮ ਵਿਚ ਭਲਾ ਕਿਵੇਂ ਆਉਨੇ ਆਂ ਪਰ
ਅਗਲੇ ਸਾਨੂੰ ਵੀ ਅਵਾਮ ਵਿਚ ਈ ਗਿਣ ਲੈਂਦੇ ਨੇ... ਅੱਛਾ
ਛੱਡ ਆਹ ਗੱਡੀਆਂ ਮੋਟਰਾਂ ਵਾਲਿਆਂ ਦੀ ਦੱਸਨਾਂ ਤੈਨੂੰ ਇਕ
ਹੋਰ... ਇਹ ਕੱਜਲ ਹੋ ਤੇ ਬੜਾ ਸਵੱਲਾ ਗਿਆ ਏ ਪਰ ਜਿੰਨਾ
ਸਵੱਲਾ ਹੋਇਆ ਏ ਨਾ, ਓਨਾ ਈ ਟਮਕਾਣ ਵਾਲੇ ਪਾਸੇ ਵਿਹਲ
ਹੋ ਗਈ ਏ।"
"ਯਾਰ ਸਾਨੂੰ ਕੋਈ ਭੁੱਲ ਏ ਇਹਦੀ। ਸਾਰਾ ਦਿਨ ਅਸਾਂ
ਸੜਕ ਉਤੇ ਈ ਵਗਣਾ ਹੁੰਦਾ ਏ। ਕੀ ਦੱਸਾਂ ਤੈਨੂੰ ਕੀ-ਕੀ
ਤਮਾਸ਼ਾ ਵੇਖੀਦਾ ਏ ਇਨ੍ਹਾਂ ਦਾ। ਇੰਜ ਸਿੱਧੇ ਈ ਦੂਰੋਂ ਧੁੱਸ
ਮਾਰੀ ਆਉਂਦੇ ਨੇ ਜਿਵੇਂ ਅੱਖਾਂ ਤੇ ਅਸਲੋਂ ਘਰ ਈ ਰੱਖ ਆਏ
ਹੋਣ। ਅੱਲ੍ਹਾ ਦੀ ਕਸਮ ਏ ਕਿੰਨੀ ਵਾਰੀ ਡੰਗਰ ਡਿਗਦਾਡਿਗਦਾ
ਆਪਣਾ-ਆਪ ਸਾਂਭਦਾ ਏ ਤੇ ਕਿੰਨੀ ਵੇਰੀ ਤੇ ਸਾਂਭਿਆ
ਵੀ ਨਹੀਂ ਸੂ ਜਾਂਦਾ। ਆਖ ਬਹੀਏ ਤੇ ਸਾਲੇ ਅੱਗੋਂ ਝਈਆਂ ਲੈ
ਕੇ ਪੈਂਦੇ ਨੇ, ਓ ਟਾਂਗੇ ਵਾਲੇ ਸੜਕ ਤੇਰੇ ਬਾਪ ਕੀ ਹੈ? ਨਜ਼ਰ
ਨਹੀਂ ਆਤਾ ਤੁਮ ਕੋ। ਕੰਨ ਲਵੇਟ ਛੱਡੀਦੇ ਨੇ ਅੱਗੋਂ। ਦੋ ਦਿਨ
ਨਹੀਂ ਹੋਏ ਹੋਣੇ, ਹਾਲੇ ਆਹ ਅਗਲੇ ਮੋੜੋਂ ਮੁੜਿਆ ਈ ਇਕ
ਤੇ ਸਿੱਧਾ ਘੋੜੇ ਦੇ ਫਰਾਂ ਵਲ ਨੂੰ। ਮਸਾਂ ਮਰ ਕੇ ਡੰਗਰ ਸਾਂਭਿਆ
ਗਿਆ ਮੈਥੋਂ। ਮੈਂ ਆਖਿਆ, ਸਾਹਿਬ ਵੇਖ ਕੇ। ਅੱਗੋਂ ਮੈਨੂੰ
ਗੰਦ ਬਕਿਓਸ। ਮੇਰੇ ਤੇ ਭਾਂਬੜ ਬਲ ਪਿਆ ਇਕ ਵਾਰੀ। ਮੈਂ
ਕਿਹਾ, "ਖਲੋ ਭੂਤਨੀ ਦਿਆ।" ਛਾਲ ਮਾਰ ਕੇ ਮੈਂ ਲੱਥਾ ਘਚਪ
ਖਾ ਕੇ, ਛੂਟ ਲਾ ਗਿਆ ਅੱਗੋਂ। ਸਾਲਮ ਇੱਟ ਫੜ ਕੇ ਮੈਂ
ਵਗਾਈ ਪਿੱਛੋਂ। ਜਾਹ ਨਾ ਲਈ, ਮੈਂ ਆਖਿਆ। ਇਕ ਵਾਰੀ ਹੱਥ
ਆ ਜਾਂਦਾ ਨਾ ਤੇ ਝਸਣਾ ਮੈਂ ਬੜਾ ਸੀ ਨਾਢੂ ਖਾਂ ਦੇ ਸਾਲੇ ਨੂੰ।"
"ਇੰਜ ਈ ਨੇ ਸਾਰੇ।" ਕੌਡੂ ਨੇ ਹੁੰਗਾਰਾ ਦਿੱਤਾ।
ਅਹਿਮੇ ਟਾਂਗਾ ਖਲਿਹਾਰ ਲਿਆ। ਪਿਛਲੇ ਬੰਨਿਓਂ ਦੋ ਤੇ
ਅਗਲੇ ਬੰਨਿਓ ਬਜਾਜੀ ਵਾਲਾ ਲਹਿ ਪਏ। ਅਹਿਮੇ ਮੇਰੇ ਵਲ
ਵੇਖਿਆ, "ਤੁਸਾਂ ਕਿਥੇ ਉਤਰਨਾ ਏ ਸਰਕਾਰ?"
"ਖਟੀਕਾਂ ਦੇ ਮੁਹੱਲੇ ਉਤਾਰ ਦੇਵੀਂ ਯਾਰ।"
"ਥੋੜ੍ਹਾ ਈ ਏਥੋਂ ਖਟੀਕਾਂ ਦਾ ਮੁਹੱਲਾ।" ਕੌਡੂ ਪਾਸਾ
ਪਰਤਦਿਆਂ ਬੋਲਿਆ।
"ਤੁਸੀਂ ਵੀ ਉਥੇ ਈ ਉਤਰਨਾ ਏ ਜਾਂ ਅੱਗੇ?" ਮੈਂ
ਪੁੱਛਿਆ।
"ਅਗਾਂਹ ਦਰਿਆ 'ਤੇ।"
ਲਾਟੂ ਸੌਂ ਗਿਆ ਹੋਇਆ ਸੀ। ਕੌਡੂ ਨੇ ਉਹਨੂੰ ਆਪਣੇ
ਪੱਟਾਂ ਉਤੇ ਕਰ ਲਿਆ। ਹੁਣ ਉਹ ਕੌਡੂ ਦੀ ਬਾਂਹ ਉਤੇ ਸਿਰ
ਰੱਖੀ ਨਿੱਕੀਆਂ-ਨਿੱਕੀਆਂ ਘੁਰਾੜੀਆਂ ਪਿਆ ਮਾਰਦਾ ਸੀ।
"ਕੱਲ੍ਹ ਪਤਾ ਈ ਕੀ ਹੋਇਆ ਅਹਿਮਿਆ, ਇਕ ਬਾਸ਼ੇ
ਜਿਹੇ ਗੱਡੀ ਵਾਲੇ ਨੇ ਲਾਟੂ ਦੇ ਚਾਟ ਨਾ ਕੱਢ ਮਾਰੀ। ਮੈਂ ਕੁਝ
ਵਿੱਥ 'ਤੇ ਖਲੋਤਾ ਸਾਂ। ਰੋਣ ਦੀ ਆਵਾਜ਼ ਸੁਣ ਕੇ ਮੈਂ ਨੱਸਿਆ
ਆਇਆ। ਅਖੇ ਜੀ, ਇਹ ਸ਼ੀਸ਼ਿਆਂ ਵਿਚੋਂ ਝਾਤੀਆਂ ਮਾਰਦਾ
ਸੀ। ਨਾਲ ਇਕ ਨੂਤੀ ਜਿਹੀ ਬਹਾਈ ਹੋਈ ਸਾ ਸੂ। ਮੈਂ ਗਲਮਿਓਂ
ਫੜ ਕੇ ਝੂਣੇ ਦਿੱਤੇ ਤਾਂ ਉਹਦਾ ਵੀ ਰੰਗ ਉਡ ਗਿਆ। ਉਹ ਤੇ
ਚਲਾ ਗਿਆ ਗੱਡੀ ਲੈ ਕੇ। ਮੈਂ ਆ ਕੇ ਸੋਚੀਂ ਪਿਆ ਰਿਹਾ ਸਾਰੀ
ਰਾਤ। ਅੱਜ ਵੀ ਸਾਰਾ ਦਿਨ ਸੋਚੀਂ ਪਿਆ ਰਿਹਾ। ਕੁਝ ਸਮਝ
ਨਹੀਂ ਆਉਂਦੀ।" ਕੌਡੂ ਇਕ ਦਮ ਈ ਜਿਵੇਂ ਉਦਾਸਿਆ ਜਿਹਾ
ਗਿਆ।
"ਵਣ-ਵਣ ਦੀ ਲੱਕੜ ਜੋ ਆ ਵੜੀ ਏ ਸੋਹਣਿਆ ਸਾਡੇ
ਸ਼ਹਿਰ ਵਿਚ। ਅਸੀਂ ਤੇ ਹੋ ਗਏ ਆਂ ਪਰਦੇਸੀ। ਹੁਣ ਚੇਤੇ ਈ
ਨਾ, ਆਹ ਜਿੱਥੋਂ ਲੰਘਦੇ ਪਏ ਆਂ ਅਸੀਂ। ਕਦੀ ਏਥੇ ਟੋਏਟਿੱਬੇ
ਤੇ ਕੱਲਰ ਈ ਹੁੰਦਾ ਸੀ। ਤੁਹਾਡੇ ਬਾਰਡਰੋਂ ਆਵਣ ਤੋਂ
ਪਹਿਲਾਂ ਅੱਬਾ ਮੇਰਾ ਏਥੇ ਵਾਹੀ ਕਰਦਾ ਹੁੰਦਾ ਸੀ। ਫੇਰ ਅਸਾਂ
ਛੱਡ ਦਿੱਤੀ ਤੇ ਦੂਜੇ ਬੰਨ੍ਹੇ ਟੁਰ ਗਏ ਦਰਿਆ 'ਤੇ। ਇਹ ਸਾਰਾ
ਸਾਊਦੀ ਅਰਬ ਦਾ ਛੱਟਾ ਈ ਸਾਰਾ। ਲੱਖਾਂ ਕਰੋੜਾਂ ਲਾਇਆ
ਈ ਅਗਲਿਆਂ ਇਨ੍ਹਾਂ ਤਬੂਤਾਂ ਜਿਹਿਆਂ 'ਤੇ। ਵੇਖਿਆ ਲਗਦਾ
ਈ ਨਹੀਂ ਪਈ ਬੰਦੇ ਰਹਿੰਦੇ ਹੋਸਨ ਇਨ੍ਹਾਂ ਵਿਚ ਪਰ ਰਹਿੰਦੇ
ਪਏ ਨੇ ਅਗਲੇ।"
"ਹੂੰ!" ਕੌਡੂ ਕਿਤੋਂ ਦੂਰੋਂ ਈ ਬੋਲਿਆ, "ਉਨ੍ਹਾਂ ਕੋਲ ਵੀ
ਦੋ ਹੱਥ ਸਨ। ਸਾਡੇ ਕੋਲ ਵੀ ਹੱਥ ਈ ਨੇ ਅੱਗੋਂ ਸਾਡੇ ਬਾਲਾਂ
ਕੋਲ ਵੀ ਇਹ ਦੋ ਹੱਥ... ਢਿੱਡ ਤੇ ਫੇਰ ਇਕ-ਇਕ ਨਾਲ
ਕਈ-ਕਈ ਢਿੱਡ। ਲੱਪਾਂ ਨਾਲ ਖੂਹਾਂ ਕਿਹੜਾ ਭਰਿਆ ਜਾਣਾ
ਹੁੰਦਾ ਏ? ਓੜਕ ਲੱਪਾਂ ਈ ਖੋਟੀਆਂ ਪੈਣਾ ਹੁੰਦਾ ਏ। ਕਿਉਂ ਜੀ
ਬਾਊ ਜੀ, ਤੁਸੀਂ ਪੜ੍ਹੇ ਲਿਖੇ ਬੰਦੇ ਓ। ਉਂਜ ਈ ਨਹੀਂ?" ਉਹ
ਮੈਨੂੰ ਪੁੱਛਣ ਲੱਗੇ।
ਮੈਂ ਉਹਦੀ ਗੱਲ ਸੁਣਦਾ ਸੁੱਤੇ ਹੋਏ ਲਾਟੂ ਨੂੰ ਪਿਆ
ਵੇਖਦਾ ਸਾਂ। ਕਾਲੇ ਗੁਲਾਬ ਰੰਗ ਮੁਖੜੇ ਉਤੇ ਕੌਲ ਫੁੱਲ ਅੱਖਾਂ
ਮੀਟੀਆਂ ਹੋਈਆਂ ਵੀ ਇੰਜ ਸਨ ਜਿਵੇਂ ਕੁਝ ਵੇਖਦੀਆਂ ਪਈਆਂ
ਹੋਵਣ, ਉਹ ਕੁਝ ਜੋ ਅਸੀਂ ਵੇਖਣ ਯੋਗ ਨਹੀਂ ਸਾਂ। ਉਹਦੇ
ਹੋਠਾਂ ਉਤੇ ਇਕ ਨਿਵੇਕਲੀ ਜਿਹੀ ਮੁਸਕਾਂਦ ਪੁੰਗਰੀ ਹੋਈ ਸੀ।
ਇਹੋ ਜਿਹੀ ਮੁਸਕਾਂਦ ਮੈਂ ਸ਼ਾਇਦ ਆਪਣੀ ਹਯਾਤੀ ਵਿਚ ਕਦੀ
ਵੀ ਨਹੀਂ ਸੀ ਡਿੱਠੀ, "ਕੰਗਾਰੂ ਬੱਚਾ"।
ਕੌਡੂ ਨੂੰ ਆਪਣੀ ਗੱਲ ਦਾ ਕੋਈ ਜਵਾਬ ਨਾ ਮਿਲਿਆ ਤੇ
ਉਹਨੇ ਮੇਰੇ ਵਲ ਵੇਖਿਆ। ਹੁਣ ਉਹਦਾ ਧਿਆਨ ਵੀ ਆਪਣੇ
ਜਾਤਕ ਦੇ ਮੁਖੜੇ ਉਤੇ ਜਾ ਟਿਕਿਆ। "ਲਉ ਜੀ ਆ ਗਿਆ ਏ
ਖਟੀਕ ਮੁਹੱਲਾ।" ਅਹਿਮੇ ਨੇ ਘੋੜੇ ਦੀਆਂ ਵਾਗਾਂ ਛਿਕਦਿਆਂ
ਆਖਿਆ। ਮੈਂ ਛੇਤੀ ਨਾਲ ਥੱਲੇ ਲਹਿ ਕੇ ਉਹਨੂੰ ਭਾੜਾ ਦਿੱਤਾ
ਤੇ ਫੇਰ ਉਚੀ ਸਾਰੀ ਅੱਲ੍ਹਾ ਬੇਲੀ ਆਖ ਕੇ ਟੁਰ ਪਿਆ।