Minnhi Kahanian (Story in Punjabi) : Jamil Ahmad Pal
ਮਿੰਨ੍ਹੀ ਕਹਾਣੀਆਂ : ਜਮੀਲ ਅਹਿਮਦ ਪਾਲ
ਬੈਰ੍ਹਾ ਜਮੀਲ ਅਹਿਮਦ ਪਾਲ
ਦਫ਼ਤਰ ਵਿਚ ਚੌਥਾ ਚੱਕਰ ਲਾ ਕੇ ਨਿਕਲਿਆ ਤਾਂ ਦੋ ਵੱਜ ਰਹੇ ਸਨ ਤੇ ਅੰਤਾਂ ਦੀ ਭੁੱਖ ਲੱਗ ਰਹੀ ਸੀ । ਘਰ ਅੱਪੜਦਿਆਂ ਤਿੰਨ ਵੱਜ ਜਾਣੇ ਸਨ । ਇਸ ਲਈ ਮੈਂ ਨਾਲ ਈ ਹੋਟਲ ਵਿਚ ਜਾ ਵੜਿਆ ਤੇ ਰੋਟੀ ਆਦਿ ਮੰਗਵਾ ਲਈ, ਹੋਟਲ ਕੀ ਸੀ ਵੱਡਾ ਸਾਰਾ ਹਾਲ ਸੀ, ਜਿਥੇ ਅੰਨ੍ਹਾ ਰਸ਼ ਸੀ ਤੇ ਹਰ ਕੋਈ ਖਾਵਣ ਜਾਂ ਰੌਲਾ ਪਾਵਣ ਵਿਚ ਰੁਝਿਆ ਹੋਇਆ ਸੀ ।
ਖਾਂਦਿਆਂ-ਖਾਂਦਿਆਂ ਪਾਣੀ ਦੀ ਲੋੜ ਪਈ ਪਰ ਮੇਜ਼ ਉਤੇ ਪਾਣੀ ਨਹੀਂ ਸੀ । ਮੈਂ ਗਿਲਾਸ ਨਾਲ ਮੇਜ਼ ਖੜਕਾਇਆ ਪਰ ਕੋਈ ਨਾ ਬੋਲਿਆ । ਹੋਟਲ ਵਿਚ ਕੰਮ ਕਰਨ ਵਾਲੇ ਬੈਰ੍ਹੇ ਦੋ-ਚਾਰ ਮੁੰਡੇ ਸਨ । ਉਹ ਆਪਣੇ-ਆਪਣੇ ਕੰਮਾਂ ਵਿਚ ਰੁਝੇ ਹੋਏ ਸਨ । ਇਕ ਅੱਧੇ ਨੂੰ ਪਾਣੀ ਲਿਆਉਣ ਦਾ ਆਖਿਆ ਪਰ ਉਹਨੇ ਗੱਲ ਈ ਨਾ ਗੌਲੀ । ਗਿਲਾਸ ਫਿਰ ਖੜਕਾਇਆ ਪਰ ਕੋਈ ਨਾ ਬਹੁੜਿਆ । ਤੰਗ ਆ ਕੇ ਮੈਂ ਕੋਲੋਂ ਲੰਘਦੇ ਮੁੰਡੇ ਨੂੰ ਕਮੀਜ਼ ਤੋਂ ਫੜ ਕੇ ਖਿੱਚਿਆ ਤੇ ਆਖਿਆ, 'ਸੁਣਦਾ ਕਿਉਂ ਨਹੀਂ? ਜਾਹ, ਜਾ ਕੇ ਪਾਣੀ ਲਿਆ?'
ਮੁੰਡੇ ਨੇ ਇਕ ਵਾਰ ਮੇਰੇ ਵੱਲ ਵੇਖਿਆ ਤੇ ਚੁੱਪ-ਚਾਪ ਜਾ ਕੇ ਕੋਨੇ ਵਿਚ ਪਏ ਟੱਬ ਵਿਚੋਂ ਠੰਢੇ ਪਾਣੀ ਦਾ ਜੱਗ ਭਰ ਕੇ ਮੇਰੀ ਮੇਜ਼ 'ਤੇ ਲਿਆ ਰੱਖਿਆ ।
'ਬਸ ਜਾਹ, ਗਾਹਕਾਂ ਦੀ ਗੱਲ ਸੁਣ ਲਈ ਦੀ ਏ', ਮੈਂ ਆਖਿਆ ।
ਮੁੰਡਾ ਚੁੱਪ ਕਰਕੇ ਅੱਗੇ ਟੁਰ ਗਿਆ । ਮੈਂ ਐਵੇਂ ਉਹਦੇ ਵੱਲ ਵੇਖਦਾ ਰਿਹਾ । ਉਹਨੇ ਕਾਊਂਟਰ 'ਤੇ ਜਾ ਕੇ ਜੇਬ ਵਿਚ ਹੱਥ ਪਾਇਆ ਤੇ ਫਿਰ ਕਾਊਾਟਰ ਵਾਲੇ ਨੂੰ ਪੈਸੇ ਦੇ ਕੇ ਬਾਹਰ ਸੜਕ ਉਤੇ ਰਾਹੇ ਪੈ ਗਿਆ । ਮੈਂ ਨਦਾਮਤ (ਸ਼ਰਮਿੰਦਗੀ) ਦੇ ਪਾਣੀ ਵਿਚ ਗ਼ਰਕ (ਡੁੱਬਾ) ਸਾਂ ।
(ਅਨੁਵਾਦ: ਸਰਦਾਰ ਪੰਛੀ)
ਮੰਗਤਾ ਜਮੀਲ ਅਹਿਮਦ ਪਾਲ
ਵੈਂਗਨਾਂ ਵਾਲੇ ਬੱਸ ਅੱਡੇ ਉਹ ਮੰਗਦਿਆਂ ਰੋ ਪਿਆ, 'ਕਸਮ ਅੱਲ੍ਹਾ ਪਾਕ ਦੀ ਮੈਂ ਕੱਲ੍ਹ ਦੁਪਹਿਰ ਦੀ ਰੋਟੀ ਨਹੀਂ ਖਾਧੀ । ਮੈਨੂੰ ਅੱਲ੍ਹਾ ਦੇ ਨਾਂਅ ਦਾ ਇਕ ਰੁਪਈਆ ਦੇ ਦਿਓ ।' ਦਿਨ ਦੇ 10 ਵੱਜ ਰਹੇ ਸਨ । ਸਵਾਰੀਆਂ ਨੇ ਉਹਦੇ ਕੱਲ੍ਹ ਦੇ ਭੁੱਖੇ ਹੋਣ ਦਾ ਸੁਣ ਕੇ ਫਟਾਫਟ ਖੁੱਲ੍ਹੇ ਦਿਲ ਨਾਲ ਪੈਸੇ ਦੇਣੇ ਸ਼ੁਰੂ ਕਰ ਦਿੱਤੇ । ਉਸੇ ਦਿਨ ਰਾਤੀਂ ਉਸ ਨੇ ਦੁਕਾਨ ਤੋਂ ਕਬਾਬ ਮੰਗਾ ਕੇ ਖਾਧੇ ਸਨ ਜਿਹੜੇ ਅਜੇ ਹਜ਼ਮ ਨਹੀਂ ਸੀ ਹੋਏ । ਕਬਾਬ ਸੁਆਦੀ ਸਨ । ਇਸ ਲਈ ਉਹ ਬਹੁਤੇ ਖਾ ਗਿਆ ਸੀ । ਹੁਣ ਉਸ ਨੂੰ ਭੁੱਖ ਮਹਿਸੂਸ ਨਹੀਂ ਸੀ ਹੋ ਰਹੀ । ਇਸ ਲਈ ਉਸ ਨੇ ਮਿਲਕ ਸ਼ੇਕ ਦਾ ਇਕ ਗਿਲਾਸ ਬਣਵਾ ਕੇ ਪੀਤਾ ਤੇ ਫਿਰ ਵੈਂਗਨਾਂ ਵਾਲੇ ਬੱਸ ਅੱਡੇ 'ਤੇ ਅੱਪੜ ਗਿਆ ਤੇ ਰੋ-ਰੋ ਕੇ ਆਖਣ ਲੱਗਾ, 'ਕਸਮ ਅੱਲ੍ਹਾ ਪਾਕ ਦੀ ਮੈਂ ਕੱਲ੍ਹ ਦੁਪਹਿਰ ਦੀ ਰੋਟੀ ਨਹੀਂ ਖਾਧੀ ।'
(ਅਨੁਵਾਦ: ਸਰਦਾਰ ਪੰਛੀ)