ਮਿੰਨੀ ਕਹਾਣੀਆਂ : ਸੁਖਵਿੰਦਰ ਸਿੰਘ ਖਾਰਾ
ਮਾਲ਼ਾ
ਬਚਨੋਂ ਹਰ ਰੋਜ ਤੜਕੇ ਇਸ਼ਨਾਨ ਕਰਕੇ ਪਾਠ ਪੂਜਾ ਕਰਨ ਲੱਗ ਪੈਂਦੀ । ਉਹ ਆਪਣੀ ਮਾਲ਼ਾ ਨੂੰ ਫੜ ਕੇ ਉਸ ਦੇ ਮਣਕੇ ਘੁਮਾਈ ਜਾਂਦੀ, ਨਾਲ ਨਾਮ ਜਪੀ ਜਾਂਦੀ ।ਉਸ ਦੀ ਨੋਂਹ ਦੋਨੋਂ ਮੱਝਾਂ ਚੋ ਕੇ ਦੁਧ ਰਸੋਈ ਵਿਚ ਬਣੇ ਵਾਧੇ ਤੇ ਰੱਖ ਗਈ ਸੀ । ਆਪ ਬੱਚਿਆਂ ਨੂੰ ਸਕੂਲ ਜਾਣ ਲਈ ਤਿਆਰ ਕਰਨ ਲੱਗ ਪਈ । ਮਾਲ਼ਾ ਫੇਰਦਿਆਂ ਬਚਨੋਂ ਦੀ ਨਜ਼ਰ ਬਾਹਰਲੇ ਦਰਵਾਜ਼ੇ ਤੇ ਪੈ ਗਈ । ਮੁਲ ਦੁਧ ਲੈਣ ਲਈ ਹਰ ਰੋਜ ਦੀ ਤਰ੍ਹਾਂ ਗਰੀਬਾਂ ਦੇ ਬੱਚੇ ਦਰਵਾਜ਼ਾ ਖੜਕਾਅ ਰਹੇ ਸਨ । ਬਚਨੋਂ ਇਕ ਹੱਥ ਵਿਚ ਮਾਲ਼ਾ ਫੜਕੇ ਤੇਜੀ ਨਾਲ ਰਸੋਈ ਵਿਚ ਆਈ, ਦੋ ਗੜਵੀਆਂ ਪਾਣੀ ਦੁਧ ਵਿਚ ਮਿਲਾ ਕੇ ਮੁੜ ਆਪਣੇ ਆਸਣ ਤੇ ਬੈਠ ਗਈ । ਬੁੜ, ਬੁੜ ਕਰਨ ਲੱਗ ਪਈ, ਨੋਂਹ ਵੀ ਮੈਨੂੰ ਡੰਗਰ ਹੀ ਵੱਜ ਗਈ ਹੈ । ਕੜੀ ਵਰਗਾ ਮੋਟਾ ਦੁਧ ਕਮਜਾਤਾਂ ਨੂੰ ਪਾ ਦਿੰਦੀ ਹੈ । ਜੇ ਮੈਂ ਉਦਮ ਨਾ ਕਰਾਂ ਇਹ ਤਾਂ ਘਰ ਨੂੰ ਥੱਲੇ ਲਾ ਦੇਵੇਗੀ । ਹੁਣ ਬਚਨੋਂ ਨੇ ਪਾਠ ਪੂਜਾ ਕਰਕੇ ਮਾਲ਼ਾ ਦਾ ਕੱਚੀ ਲੱਸੀ ਦੇ ਨਾਲ ਇਸ਼ਨਾਨ ਕੀਤਾ, ਮੁੜ ਕਿਲੀ ਨਾਲ ਟੰਗ ਦਿੱਤੀ । ਆਪ ਗੁਰਦੁਆਰੇ ਖਰੇ ਦੁਧ ਦੀ ਗੜਵੀ ਲੈ ਕੇ ਮੱਥਾ ਟੇਕਣ ਤੁਰ ਪਈ ।
ਕੁੰਡੀ
ਬਲਦੇਵ ਸਿੰਘ ਪੱਕਾ ਨਿਤਨੇਮੀ ਧਾਰਮਿਕ ਵਿਚਾਰਾਂ ਵਾਲਾ ਬੰਦਾ ਸੀ । ਉਹ ਹਰ ਰੋਜ ਕੇਸ਼ੀ ਇਸ਼ਨਾਨ ਕਰਕੇ ਪਾਠ ਪੂਜਾ ਕਰਦਾ ਹੁੰਦਾ ਸੀ । ਬਹੁਤੇ ਲੋਕ ਉਸ ਨੂੰ ਜਥੇਦਾਰ ਕਹਿ ਕੇ ਬੁਲਾਇਆ ਕਰਦੇ ਸਨ । ਕਿਉਂਕਿ ਉਹ ਬਾਬਿਆਂ (ਸਾਧਾਂ) ਦੀ ਬਹੁਤ ਸੇਵਾ ਵੀ ਕਰਦਾ ਰਹਿੰਦਾ, ਮੋਟੀ ਉਗਰਾਹੀ ਵੀ ਕਾਰ ਸੇਵਾ ਵਾਲਿਆਂ ਨੂੰ ਦਿਆ ਕਰਦਾ ਸੀ ।ਉਹ ਆਪਣੇ ਖੇਤਾਂ ਵਿਚ ਬਹਿਕ ਤੇ ਰਹਿੰਦਾ ਸੀ ।
ਉਹ ਹਰ ਰੋਜ ਤੜਕੇ ਮੱਥਾ ਟੇਕਣ ਵੀ ਗੁਰਦੁਆਰੇ ਜਾਇਆ ਕਰਦਾ ਸੀ । ਪ੍ਰੰਤੂ ਅੱਜ ਉਹ ਸਾਹੋ ਸਾਹੀ ਹੋਇਆ ਪਿਛਲੇ ਪੈਰੀਂ ਵਾਪਿਸ ਆ ਗਿਆ ਸੀ ।
"ਬਾਪੂ ਜੀ, ਕੀ ਗੱਲ ਹੋ ਗਈ ਹੈ, ? ਬਹੁਤ ਘਬਰਾਏ ਹੋਏ ਹੋ ?ਖੈਰ, ਸੁਖ ਹੈ, ਇਤਨੀ ਜਲਦੀ ਵਾਪਿਸ ਆ ਗਏ ਹੋ?" ਫਿਕਰ ਜਿਹਾ ਕਰਦਿਆਂ ਉਸ ਦੀ ਵੱਡੀ ਨੋਂਹ ਗੁਰਮੀਤ ਕੌਰ ਨੇ ਪੁੱਛਿਆ । ਧੀਏ ਪਿੰਡ ਬਿਜਲੀ ਵਾਲਿਆਂ ਦੀ ਫਲਾਇੰਗ ਪੈ ਗਈ ਹੈ, ਉਹ ਕੁੰਡੀਆਂ ਤੇ ਹੀਟਰ ਫੜੀ ਜਾਂਦੇ ਹਨ । ਮੈਂ ਆਪਣੀ ਰਾਤ ਦੀ ਲੱਗੀ ਕੁੰਡੀ ਲਾਹੁਣੀ ਭੁਲ ਗਿਆ ਸੀ ," ਘਬਰਾਇਆ ਹੋਇਆ ਬਲਦੇਵ ਸਿੰਘ ਬੋਲਿਆ । ਗੱਲਾਂ ਕਰਦਿਆਂ ਹੀ ਉਹ ਕੁੰਡੀ ਲਾਹੁਣ ਲਈ ਪੌੜੀ ਤੇ ਚੜ੍ਹ ਗਿਆ ।