Meenh Jaave Anheri Jaave (Punjabi Story) : Sant Singh Sekhon

ਮੀਂਹ ਜਾਵੇ ਅਨ੍ਹੇਰੀ ਜਾਵੇ (ਕਹਾਣੀ) : ਸੰਤ ਸਿੰਘ ਸੇਖੋਂ

ਜਦੋਂ ਦਾ ਮੰਗਲ ਸਿੰਘ ਫੌਜ ਵਿਚ ਭਰਤੀ ਹੋ ਗਿਆ ਸੀ, ਬਸੰਤ ਕੌਰ ਨੂੰ ਮੱਝ ਲਈ ਪੱਠੇ ਖੇਤੋਂ ਆਪ ਲਿਆਉਣੇ ਪੈ ਗਏ ਸਨ। ਪਿਛਲੇ ਛੇ ਮਹੀਨਿਆਂ ਵਿਚ ਦੋ ਬਰਸਾਤ ਦੇ ਸਨ, ਜਦੋਂ ਬੰਜਰਾਂ ਵਿਚ ਘਾਹ ਇਤਨਾ ਉਗਿਆ ਹੋਇਆ ਸੀ ਕਿ ਮੱਝਾਂ ਨੂੰ ਚਾਰ ਕੇ ਲਿਆਉਣ ਤੋਂ ਪਿਛੋਂ ਬਹੁਤਾ ਤੂੜੀ ਪੱਠਾ ਪਾਉਣ ਦੀ ਲੋੜ ਨਹੀਂ ਸੀ ਤੇ ਬਸੰਤ ਕੌਰ ਦੀ ਮੱਝ, ਜੋ ਦੁੱਧੋਂ ਨੱਸ ਚੁੱਕੀ ਸੀ, ਨੂੰ ਤਾਂ ਬੰਜਰਾਂ ਵਿਚ ਚਰਨ ਤੋਂ ਬਿਨਾਂ ਹੋਰ ਕੁਝ ਪਾਇਆ ਵੀ ਨਹੀਂ ਸੀ ਜਾਂਦਾ। ਚਾਰ ਇਸ ਨੂੰ ਵਾਗੀ ਮੁੰਡਾ ਲੈ ਆਉਂਦਾ ਸੀ ਜਿਸ ਨੂੰ ਦੋ ਰੁਪਏ ਮਹੀਨਾ ਦਿੱਤੇ ਜਾਂਦੇ ਸਨ, ਪਰ ਪਿਛਲੇ ਦੋ ਮਹੀਨਿਆਂ ਤੋਂ ਜਦੋਂ ਦੀ ਮੱਝ ਸੂ ਪਈ ਸੀ ਅਤੇ ਸਿਆਲ ਦੀ ਰੁੱਤ ਆ ਰਹੀ ਸੀ, ਇਸ ਨੂੰ ਮੱਕੀ ਦੇ ਪੱਠੇ ਪਾਉਣੇ ਬਹੁਤ ਜ਼ਰੂਰੀ ਹੋ ਗਏ ਸਨ ਜੋ ਵਟਾਈ ਉਤੇ ਦਿੱਤੇ ਖੇਤਾਂ ਵਿਚੋਂ ਬਸੰਤ ਕੌਰ ਨੂੰ ਆਪ ਲਿਆਉਣੇ ਪੈਂਦੇ ਸਨ।
ਬਸੰਤ ਕੌਰ ਦੀ ਸੱਸ, ਬੁੱਢੀ ਮਹਾਂ ਕੌਰ ਨੂੰ ਅੱਖਾਂ ਤੋਂ ਥੋੜ੍ਹਾ ਦਿਸਦਾ ਸੀ ਤੇ ਸ਼ਾਇਦ ਇਸੇ ਕਰ ਕੇ ਉਸ ਨੂੰ ਬਸੰਤ ਕੌਰ ਦੇ ਬਾਹਰ ਖੇਤ ਵਿਚੋਂ ਇਕੱਲੀ ਪੱਠੇ ਲੈਣ ਜਾਣ ਉਤੇ ਬਹੁਤ ਧੁੜਕੂ ਲਗਿਆ ਰਹਿੰਦਾ ਸੀ। ਜੇ ਉਸ ਦੀਆਂ ਅੱਖਾਂ ਦੀ ਜੋਤ ਠੀਕ ਹੁੰਦੀ ਤਾਂ ਉਹ ਸ਼ਾਇਦ ਘਰ ਤੋਂ ਲੈ ਕੇ ਖੇਤ ਤੱਕ ਬਸੰਤ ਕੌਰ ਦੇ ਰਾਹ ਦੀ ਰਾਖੀ ਕਰ ਸਕਦੀ, ਪਰ ਹੁਣ ਤਾਂ ਉਸ ਨੂੰ ਚੁੱਲ੍ਹੇ ਚੌਂਕੇ ਵਿਚ ਪਈਆਂ ਚੀਜ਼ਾਂ ਵੀ ਘੱਟ ਹੀ ਦਿਸਦੀਆਂ ਸਨ।
“ਪੁੱਤ, ਜ਼ਮਾਨਾ ਬੜਾ ਭੈੜਾ ਆ ਗਿਆ ਏ। ਆਪਣੀ ਪਤ ਆਪੇ ਸੰਭਾਲਣ ਦੀਓ ਈ ਐ”, ਉਹ ਬਸੰਤ ਕੌਰ ਨੂੰ ਤਾੜਨਾ ਕਰਦੀ।
“ਕੋਈ ਫਿਕਰ ਨਾ ਕਰ ਬੇਬੇ। ਕੋਈ ਜੰਮਿਆ ਨੀ ਅੱਖ ਚੱਕ ਕੇ ਦੇਖਣ ਵਾਲਾ ਮੈਨੂੰ”, ਬਸੰਤ ਕੌਰ ਦਿਲਜਮੀ ਨਾਲ ਉਤਰ ਦਿੰਦੀ।
“ਆਹੋ ਪੁੱਤ, ਆਪਣਾ ਮਨ ਚੰਗਾ ਹੋਵੇ ਤਾਂ ਕਿਸੇ ਦੀ ਕੀ ਮਜਾਲ ਐ।”
ਬਸੰਤ ਕੌਰ ਦਾ ਮਨ ਹਾਲੀ ਤੱਕ ਠੀਕ ਹੀ ਚੰਗਾ ਸੀ, ਪਰ ਜਾਗੀਰਦਾਰ ਹਰਦਿਆਲ ਸਿੰਘ ਦੇ ਪੁੱਤਰ ਗੁਰਦੇਵ ਸਿੰਘ ਦਾ ਮਨ ਚੰਗਾ ਨਹੀਂ ਸੀ। ਪਿਛਲੇ ਪੰਦਰਾਂ ਕੁ ਦਿਨਾਂ ਤੋਂ ਜਦੋਂ ਤੋਂ ਉਸ ਨੂੰ ਬਸੰਤ ਕੌਰ ਦੇ ਪੱਠਿਆਂ ਨੂੰ ਜਾਣ ਦੇ ਰਾਹ ਅਤੇ ਵੇਲੇ ਦਾ ਪੱਕ ਹੋ ਚੁਕਿਆ ਸੀ, ਉਹ ਰੋਜ਼ ਬਸੰਤ ਕੌਰ ਨੂੰ ਅੱਗੇ-ਪਿਛੇ ਰਾਹ ਵਿਚ ਮਿਲਦਾ ਅਤੇ ਖੰਘੂਰਾ ਮਾਰ ਕੇ ਲੰਘਦਾ ਸੀ। ਬਸੰਤ ਕੌਰ ਦਾ ਮਨ ਭਾਵੇਂ ਸਾਫ ਸੀ, ਉਸ ਨੂੰ ਗੁਰਦੇਵ ਸਿੰਘ ਦੇ ਇਸ ਤਰ੍ਹਾਂ ਰੋਜ਼ ਉਸ ਨੂੰ ਰਾਹ ਵਿਚ ਟੱਕਰਨ ਅਤੇ ਖੰਘੂਰਾ ਮਾਰਨ ਤੋਂ ਕੋਈ ਏਡਾ ਰੋਸ ਨਹੀਂ ਸੀ ਚੜ੍ਹਦਾ। ਇਸ ਨਾਲ ਸਗੋਂ ਉਸ ਦੇ ਮਨ ਵਿਚ ਇਕ ਤਰ੍ਹਾਂ ਦਾ ਅਭਿਮਾਨ ਜਿਹਾ ਉਪਜਦਾ ਸੀ। ਉਸ ਦਾ ਮਨ ਅੰਦਰੋ-ਅੰਦਰ ਗੁਰਦੇਵ ਸਿੰਘ ਦੀ ਇਸ ਵਿਅਰਥ ਚੇਸ਼ਟਾ ਉਤੇ ਮੁਸਕਰਾਂਦਾ ਸੀ, ਇਕ ਤੈਰਾਕ ਵਾਕਰ ਜਿਸ ਨੂੰ ਨਦੀ ਦੀ ਲਹਿਰ ਦੇ ਚੜ੍ਹਾਉ ਤੋਂ ਸਗੋਂ ਆਪਣੀ ਸ਼ਕਤੀ ਉਤੇ ਮਾਣ ਉਪਜਦਾ ਹੈ। ਬਸੰਤ ਕੌਰ ਉਸ ਦੇ ਅਤੇ ਉਸ ਦੇ ਖੰਘੂਰੇ ਦੇ ਪਾਸੋਂ ਅਡੋਲ ਲੰਘ ਕੇ ਹਰ ਰੋਜ਼ ਇਕ ਤਰ੍ਹਾਂ ਦੇ ਜਿੱਤ ਭਾਵ ਨਾਲ ਘਰ ਆਉਂਦੀ ਸੀ।

ਮੰਗਲ ਸਿੰਘ ਆਪਣੀ ਮਾਂ ਮਹਾਂ ਕੌਰ ਅਤੇ ਪਤਨੀ ਬਸੰਤ ਕੌਰ ਦੀ ਮਰਜ਼ੀ ਦੇ ਉਲਟ ਫੌਜ ਵਿਚ ਭਰਤੀ ਹੋਇਆ ਸੀ। ਭਰਤੀ ਨਾ ਹੁੰਦਾ ਤਾਂ ਕੀ ਕਰਦਾ? ਫਸਲਾਂ ਦੇ ਭਾਅ ਭਾਵੇਂ ਚੋਖੇ ਚੜ੍ਹੇ ਹੋਏ ਸਨ, ਫਿਰ ਵੀ ਪੰਝੀ ਕੱਚੇ ਵਿਘੇ ਭੋਇੰ ਵਿਚੋਂ ਉਹ ਕੀ ਕਮਾ ਸਕਦਾ ਸੀ? ਮਿੱਟੀ ਨਾਲ ਮਿੱਟੀ ਹੋ ਕੇ ਕੰਮ ਤਾਂ ਭਾਵੇਂ ਉਹ ਕਰਦਾ ਸੀ, ਪਰ ਉਹ ਅਤਿ ਗਰੀਬੀ ਦਾ ਜੀਵਨ ਜੋ ਇਸ ਮਿੱਟੀ ਵਿਚੋਂ ਪ੍ਰਾਪਤ ਹੋ ਸਕਦਾ ਸੀ, ਉਸ ਨੂੰ ਸੰਤੁਸ਼ਟ ਨਹੀਂ ਸੀ ਕਰ ਸਕਿਆ। ਪਿਛਲੇ ਚਾਰ ਵਰ੍ਹਿਆਂ ਵਿਚ ਉਸ ਦੇ ਸਿਰ ਹਜ਼ਾਰ ਦੇ ਕਰੀਬ ਕਰਜ਼ਾ ਹੋ ਗਿਆ ਸੀ। ਤੇ ਜੇ ਉਹ ਇਸੇ ਤਰ੍ਹਾਂ ਚਲਦਾ ਰਹਿੰਦਾ ਤਾਂ ਹੋਰ ਪੰਜਾਂ ਕੁ ਸਾਲਾਂ ਵਿਚ ਉਸ ਨੂੰ ਪਿਉ-ਦਾਦੇ ਦੀ ਭੌਇੰ ਤੋਂ ਵੀ ਹੱਥ ਧੋਣੇ ਪੈਣੇ ਸਨ। ਸੋ ਹਾਰ ਹੁੱਟ ਕੇ ਉਹ ਫੌਜ ਵਿਚ ਭਰਤੀ ਜਾ ਹੋਇਆ ਸੀ। ਉਸ ਨਾਲ ਉਸ ਦਾ ਕਰਜ਼ੇ ਦਾ ਭਾਰ ਵੀ ਹੌਲਾ ਹੋ ਗਿਆ ਸੀ। ਢੱਗੇ-ਢਾਂਡੇ ਵੇਚ ਕੇ ਉਸ ਨੇ ਕਰਜ਼ੇ ਵਿਚੋਂ ਪੰਜ ਸੌ ਉਤਾਰ ਵੀ ਦਿੱਤਾ ਸੀ।
ਪਰ ਘਰ ਵਿਚ ਭੋਇੰ ਤੋਂ ਵੀ ਵਧੇਰੇ ਦੌਲਤ ਸੀ ਬਸੰਤ ਕੌਰ, ਜਿਸ ਦਾ ਬੁੱਢੀ ਮਹਾਂ ਕੌਰ ਨੂੰ ਬਹੁਤ ਫਿਕਰ ਸੀ। ਜੇ ਮਹਾਂ ਕੌਰ ਦੀਆਂ ਅੱਖਾਂ ਠੀਕ ਹੁੰਦੀਆਂ ਤਾਂ ਉਸ ਨੂੰ ਏਡਾ ਫ਼ਿਕਰ ਨਾ ਹੁੰਦਾ, ਪਰ ਹੁਣ ਤਾਂ ਉਹ ਬਸੰਤ ਕੌਰ ਨੂੰ ਜਾਣੋਂ ਬਿਲਕੁਲ ਹੀ ਉਘਾੜ ਪਈ ਵਸਤ ਸਮਝਦੀ ਸੀ। ਉਹ ਅਗਲੇ ਪੰਜ ਸਾਲ ਕਿਸਮਤ ਨੂੰ ਪਰਤਿਆਉਣ ਲਈ ਤਿਆਰ ਸੀ। ਉਹ ਹੋਰ ਗਰੀਬੀ ਵਿਚ ਜੀ ਲੈਣ ਨੂੰ ਤਿਆਰ ਸੀ, ਜੇ ਮੰਗਲ ਸਿੰਘ ਘਰ ਰਹਿ ਕੇ ਬਸੰਤ ਕੌਰ ਦੀ ਰਾਖੀ ਰੱਖੇ, ਪਰ ਮੰਗਲ ਸਿੰਘ ਨਹੀਂ ਸੀ ਮੰਨਿਆ।
ਬਸੰਤ ਕੌਰ ਨੇ ਵੀ ਅੱਖਾਂ ਕਈ ਦਿਨ ਹੰਝੂਆਂ ਵਿਚ ਡੁਬਾਈ ਰੱਖੀਆਂ ਸਨ, ਜਦੋਂ ਮੰਗਲ ਸਿੰਘ ਭਰਤੀ ਹੋ ਕੇ ਘਰੋਂ ਚਲਿਆ ਗਿਆ ਸੀ; ਪਰ ਦੋ ਕੁ ਮਹੀਨੇ ਬਾਅਦ ਉਸ ਦੇ ਪੰਜਾਹ ਰੁਪਏ ਮਨੀਆਰਡਰ ਰਾਹੀਂ ਆ ਗਏ ਸਨ ਜਿਨ੍ਹਾਂ ਵਿਚੋਂ ਵੀਹਾਂ ਕੁ ਦੇ ਮਹਾਂ ਕੌਰ ਨੇ ਬਸੰਤ ਕੌਰ ਨੂੰ ਅਤੇ ਉਸ ਦੀ ਸਾਲ ਕੁ ਦੀ ਧੀ ਨੂੰ ਸਿਆਲ ਆਉਂਦਾ ਦੇਖ ਕੇ ਮੋਟੇ ਕੱਪੜੇ ਸੰਵਾ ਦਿੱਤੇ ਸਨ ਤੇ ਇਕ ਸੂਟ ਜ਼ਰਾ ਪਤਲੇ ਕਪੜੇ ਦਾ ਬਸੰਤ ਕੌਰ ਨੇ ਆਪਣੀ ਪਸੰਦ ਦਾ ਵੀ ਸੰਵਾ ਲਿਆ ਸੀ ਤੇ ਹੋਰ ਵੀਹਾਂ ਕੁ ਦੇ ਖਲ-ਵੜੇਵੇਂ ਆਦਿ ਮੱਝ ਲਈ ਆ ਗਏ ਸਨ ਜਿਨ੍ਹਾਂ ਸਦਕਾ ਘਰ ਵਿਚ ਘਿਉ ਦਾ ਪੀਪਾ ਰੋਜ਼-ਬਰੋਜ਼ ਭਰਦਾ ਜਾ ਰਹਿਆ ਸੀ।
ਜਦੋਂ ਗੁਰਦੇਵ ਸਿੰਘ ਅਤੇ ਬਸੰਤ ਕੌਰ ਨੂੰ ਰਾਹ ਵਿਚ ਟੱਕਰਦਿਆਂ ਪੰਦਰਾਂ ਕੁ ਦਿਨ ਲੰਘ ਗਏ ਤਾਂ ਬਸੰਤ ਕੌਰ ਨੂੰ ਮਹਿਸੂਸ ਹੋਣ ਲੱਗਿਆ ਕਿ ਉਸ ਦੇ ਕੱਪੜੇ ਭਾਵੇਂ ਇਹ ਉਸ ਨੇ ਦੋ-ਤਿੰਨ ਵਾਰੀ ਹੀ ਧੋਤੇ ਸਨ, ਕੁਝ ਵਧੇਰੇ ਹੀ ਉਦਾਸ ਪੈ ਗਏ ਸਨ। ਸੋ, ਸੋਲ੍ਹਵੇਂ ਕੁ ਦਿਨ ਉਸ ਨੇ ਆਪਣਾ ਸੂਟ ਬਦਲ ਲਿਆ।
ਇਸ ਦਿਨ ਉਹ ਨ੍ਹਾਤੀ ਵੀ ਜ਼ਰਾ ਵਧੇਰੇ ਸ਼ੌਕ ਨਾਲ ਸੀ। ਤੇ ਜਦੋਂ ਉਹ ਖੇਤ ਨੂੰ ਜਾ ਰਹੀ ਸੀ ਤਾਂ ਉਸ ਦੇ ਮਨ ਨੇ ਉਸ ਨੂੰ ਮਖੌਲ ਜਿਹੇ ਨਾਲ ਆਖਿਆ ਸੀ, ਅੱਜ ਗੁਰਦੇਵ ਸਿੰਘ ਦੇ ਸੰਘ ਵਿਚੋਂ ਖੰਘੂਰਾ ਨਹੀਂ, ਹਉਕਾ ਨਿਕਲੇਗਾ।
ਤੇ ਹੋਇਆ ਵੀ ਕੁਝ ਇਸੇ ਤਰ੍ਹਾਂ। ਜਦੋਂ ਗੁਰਦੇਵ ਸਿੰਘ ਅਤੇ ਬਸੰਤ ਕੌਰ ਰਾਹ ਵਿਚ ਮਿਲੇ ਤਾਂ ਗੁਰਦੇਵ ਸਿੰਘ ਨੇ ਖੰਘੂਰਾ ਕੋਈ ਨਾ ਮਾਰਿਆ। ਕੁਝ ਹੌਸਲਾ ਕਰ ਕੇ ਉਹ ਬੋਲਿਆ,
“ਬਸੰਤ ਕੌਰੇ, ਅੱਜ ਕਿਧਰੇ ਮੰਗਲ ਸਿਹੁੰ ਤਾਂ ਨਹੀਂ ਆਇਆ?”
“ਨਹੀਂ ਜੀ”, ਬਸੰਤ ਕੌਰ ਨੇ ਸ਼ਰਮਾਂਦੀ-ਸ਼ਰਮਾਂਦੀ ਨੇ ਜਵਾਬ ਦਿੱਤਾ।
“ਤਾਂ ਫੇਰ ਕੱਲ੍ਹ ਆਉਣਾ ਹੋਊ।”
ਬਸੰਤ ਕੌਰ ਉਸੇ ਧੀਮੀ ‘ਵਾਜ ਅਤੇ ਨੀਵੀਆਂ ਅੱਖਾਂ ਨਾਲ ਜਵਾਬ ਦੇ ਕੇ ਲੰਘ ਗਈ। ਇਸ ਤੋਂ ਤੀਜੇ ਕੁ ਦਿਨ ਗੁਰਦੇਵ ਸਿੰਘ ਐਨ ਉਸ ਵੇਲੇ ਬਸੰਤ ਕੌਰ ਕੋਲ ਖੇਤ ਵਿਚ ਆ ਗਿਆ ਜਦੋਂ ਉਹ ਪੱਠੇ ਵੱਢ ਕੇ ਭਰੀ ਚੁੱਕਣ ਦੀ ਸਲਾਹ ਕਰ ਰਹੀ ਸੀ। ਬਿਨਾਂ ਬੁਲਾਏ ਹੀ ਗੁਰਦੇਵ ਸਿੰਘ ਨੇ ਆ ਕੇ ਪੱਠਿਆਂ ਦੀ ਭਰੀ ਬਸੰਤ ਕੌਰ ਦੇ ਸਿਰ ਉਤੇ ਚੁਕਾ ਦਿੱਤੀ। ਬਸੰਤ ਕੌਰ ਦਾ ਲਹੂ ਜਾਣੋਂ ਉਸ ਦੀਆਂ ਨਾੜੀਆਂ ਵਿਚ ਜੰਮ ਗਿਆ। ਉਹ ਬੋਲੀ-ਚਾਲੀ ਕੁਝ ਨਾ ਅਤੇ ਪੱਠੇ ਚੁੱਕ ਕੇ ਘਰ ਨੂੰ ਆ ਗਈ।
ਘਰ ਆਉਂਦੀ ਨੂੰ ਉਹੋ ਹੀ ਮਹਾਂ ਕੌਰ ਦੀ ਨਿੱਤ ਦਿਹਾੜੀ ਵਾਲੀ ਤਾੜਨਾ ਹੋਈ-“ਦੇਖੀਂ ਪੁੱਤ, ਕਿਸੇ ਦੇ ਝਾਂਸੇ ਵਿਚ ਆ ਕੇ ਘਰ ਨੂੰ ਲਾਜ ਨਾ ਲਵਾ ਦੇਈਂ। ਸਾਡੇ ਪਿੰਡ ਦਾ ਰਵੱਈਆ ਕੁਝ ਚੰਗਾ ਨ੍ਹੀਂ। ਤੇ ਇਹ ਜਾਗੀਰਦਾਰਾਂ ਦਾ ਮੁੰਡਾ ਤਾਂ ਕਿਸੇ ਦੇ ਸਾਧਣ ਦਾ ਹੈ ਨ੍ਹੀਂ।”
ਬਸੰਤ ਕੌਰ ਦੇ ਇਹ ਗੱਲ ਖਾਨੇ ਤਾਂ ਲੱਗੀ, ਪਰ ਉਹ ਆਪਣੇ ਆਪ ਨੂੰ ਕੁੜੱਕੀ ਵਿਚ ਫਸੀ ਮਹਿਸੂਸ ਕਰ ਰਹੀ ਸੀ। ਜੇ ਰੱਬ ਇਸ ਮੁੰਡੇ ਨੂੰ ਆਪ ਹੀ ਸੁਮੱਤ ਦੇਵੇ ਤਾਂ ਚੰਗਾ ਏ, ਉਸ ਨੇ ਸੋਚਿਆ। ਉਸ ਨੇ ਪੰਜ ਪੈਸੇ ਦੇ ਪਤਾਸੇ ਸੁੱਖੇ, ਜੇ ਕੱਲ੍ਹ ਤੋਂ ਗੁਰਦੇਵ ਸਿੰਘ ਉਸ ਦਾ ਪਿੱਛਾ ਛੱਡ ਦੇਵੇ। ਮਹਾਂ ਕੌਰ ਦੀ ਉਸ ਨੇ ਅੱਗੇ ਵਾਂਗ ਹੀ ਦ੍ਰਿੜ੍ਹਤਾ ਭਰੇ ਉਤਰ ਨਾਲ ਤਸੱਲੀ ਕਰਵਾ ਦਿੱਤੀ।
ਪਰ ਕੱਪੜੇ-ਲੱਤੇ ਦੀ ਚੌਂਫ਼ ਬਸੰਤ ਕੌਰ ਦੀ ਕੋਈ ਨਾ ਘਟੀ। ਦੂਜੇ ਨਹੀਂ ਤਾਂ ਤੀਜੇ ਦਿਨ ਤਾਂ ਉਹ ਜ਼ਰੂਰ ਸੂਟ ਬਦਲਦੀ।
ਇਕ ਦਿਨ ਤਾਂ ਇਕ ਗੁਆਂਢਣ ਨੇ ਆਖ ਹੀ ਦਿੱਤਾ, “ਕੁੜੇ ਪੱਠਿਆਂ ਨੂੰ ਚੱਲੀ ਐਂ ਕਿ ਤੀਆਂ ‘ਤੇ।” ਪਰ ਬਸੰਤ ਕੌਰ ਨੇ ਹੱਸ ਕੇ ਗੱਲ ਟਾਲ ਦਿੱਤੀ।
ਫਿਰ ਵੀ ਬਸੰਤ ਕੌਰ ਆਪਣੇ ਪੱਠਿਆਂ ਨੂੰ ਜਾਣ ਦੇ ਵੇਲੇ ਵਿਚ ਥੋੜ੍ਹੇ ਬਹੁਤ ਮਿੰਟਾਂ ਦੀ ਬਦਲੀ ਜ਼ਰੂਰ ਨਿੱਤ ਕਰ ਦਿੰਦੀ। ਤੇ ਇਸ ਤਰ੍ਹਾਂ ਕਈ ਵਾਰੀ ਗੁਰਦੇਵ ਸਿੰਘ ਉਸ ਨੂੰ ਭਰੀ ਚੁਕਾਉਣ ਵੇਲੇ ਨਾ ਮਿਲ ਸਕਦਾ। ਉਨ੍ਹਾਂ ਦੀ ਅੱਗੇ ਪਿਛੇ ਰਾਹ ਵਿਚ ਹੀ ਟੱਕਰ ਹੋ ਜਾਂਦੀ। ਪੰਦਰਾਂ ਵੀਹ ਦਿਨ ਇਸ ਤਰ੍ਹਾਂ ਜਿਉਂ-ਤਿਉਂ ਕਰ ਕੇ ਲੰਘ ਗਏ ਤਾਂ ਮੰਗਲ ਸਿੰਘ ਦੀ ਚਿੱਠੀ ਆ ਗਈ ਕਿ ਉਹ ਹੋਰ ਪੰਦਰਾਂ ਕੁ ਦਿਨ ਤੱਕ ਮਹੀਨੇ ਦੀ ਛੁੱਟੀ ਆਵੇਗਾ। ਮਹਾਂ ਕੌਰ ਦੀ ਤਾਂ ਜਾਨ ਵਿਚ ਜਾਨ ਪੈ ਗਈ। ਬਸੰਤ ਕੌਰ ਦੇ ਭਾਵਾਂ ਨੂੰ ਵੀ ਸੁਭਾਵਕੀ ਹਿਲੂਣਾ ਆ ਗਿਆ। ਉਸ ਦੇ ਦਿਨ ਰਾਤ ਉਡੀਕ ਵਿਚ ਲੰਘਣ ਲਗੇ ਤੇ ਗੁਰਦੇਵ ਸਿੰਘ ਦੇ ਲਛਣਾਂ ਤੋਂ ਵੀ ਉਸ ਦਾ ਮਨ ਕੁਝ ਖਿਝਣ ਜਿਹਾ ਲੱਗ ਪਿਆ। ਦੋ ਚਾਰ ਵਾਰੀ ਤਾਂ ਉਸ ਨੇ ਗੁਰਦੇਵ ਸਿੰਘ ਪਾਸੋਂ ਭਰੀ ਚੁਕਾਉਣ ਤੋਂ ਨਾਂਹ ਵੀ ਕਰ ਦਿੱਤੀ।
ਇਕ ਦਿਨ ਜਦੋਂ ਗੁਰਦੇਵ ਸਿੰਘ ਨੇ ਉਸ ਨੂੰ ਭਰੀ ਚੁਕਾਈ ਤਾਂ ਪਿਛੋਂ ਉਸ ਦੇ ਹੱਥਾਂ ਨੂੰ ਹੱਥ ਲਾ ਦਿੱਤਾ ਜਿਸ ਉਤੇ ਉਸ ਨੇ ਖਿਝ ਕੇ ਗੁਰਦੇਵ ਸਿੰਘ ਨੂੰ ਕੁਝ ਬੁਰਾ ਭਲਾ ਵੀ ਭਾਸਰਿਆ ਜਿਸ ਨੂੰ ਗੁਰਦੇਵ ਸਿੰਘ ਨੇ ਮੁਸਕਰਾ ਕੇ ਸਵੀਕਾਰ ਕਰ ਲਿਆ, ਪਰ ਪਹਿਰਾਵੇ ਬਾਰੇ ਬਸੰਤ ਕੌਰ ਦੀ ਚੌਂਫ਼ ਵਿਚ ਕੋਈ ਫਰਕ ਨਾ ਆਇਆ ਤੇ ਨਾ ਹੀ ਗੁਰਦੇਵ ਸਿੰਘ ਨੇ ਉਸ ਦਾ ਪਿੱਛਾ ਕਰਨ ਦੇ ਜੋਸ਼ ਵਿਚ; ਸਗੋਂ ਪੰਜ ਚਾਰ ਦਿਨ ਬਾਅਦ, ਜਦੋਂ ਉਸ ਨੂੰ ਵੀ ਪਿੰਡ ਵਿਚੋਂ ਸਰੋਤ ਹੋ ਗਈ ਕਿ ਮੰਗਲ ਸਿੰਘ ਛੁੱਟੀ ਆ ਰਿਹਾ ਹੈ, ਉਸੇ ਨੇ ਸਮੇਂ ਨੂੰ ਆਪਣੇ ਵਿਰੁੱਧ ਜਾਂਦਾ ਅਨੁਭਵ ਕਰ ਕੇ ਕੁਝ ਅਗਲੇ ਕਦਮ ਪੁੱਟਣ ਦੀ ਧਾਰ ਲਈ।
ਹੁਣ ਜੇ ਕਦੀ ਬਸੰਤ ਕੌਰ ਜ਼ਰਾ ਦੇਰ ਕਰ ਕੇ ਵੀ ਪੱਠਿਆਂ ਵਾਲੇ ਖੇਤ ਵਿਚ ਪਹੁੰਚਦੀ ਤਾਂ ਉਹ ਉਥੋਂ ਮੁੜਦਾ ਨਾ ਅਤੇ ਜਿਤਨਾ ਚਿਰ ਉਹ ਪੱਠੇ ਨਾ ਵੱਢ ਲੈਂਦੀ, ਖੇਤ ਦੇ ਨੇੜੇ-ਨੇੜੇ ਘੁੰਮਦਾ ਰਹਿੰਦਾ। ਫਿਰ ਉਹ ਪੱਠੇ ਚੁਕਾਉਣ ਲਗਿਆ ਬਸੰਤ ਕੌਰ ਨੂੰ ਕੋਈ ਨਾ ਕੋਈ ਗੱਲ ਵੀ ਕਹਿਣ ਲੱਗ ਗਿਆ, ਉਸ ਦੀ ਸੁੰਦਰਤਾ ਬਾਰੇ ਅਤੇ ਆਪਣੀ ਬਿਹਬਲਤਾ ਬਾਰੇ। ਬਸੰਤ ਕੌਰ ਇਨ੍ਹਾਂ ਗੱਲਾਂ ਦਾ ਕੋਈ ਜਵਾਬ ਨਾ ਦਿੰਦੀ।
ਕਈ ਵਾਰੀ ਉਹ ਭਰੀ ਚੁਕਾਉਣ ਤੋਂ ਪਹਿਲਾਂ ਬਸੰਤ ਕੌਰ ਨੂੰ ਕੋਈ ਗੱਲ ਆਖਦਾ ਤਾਂ ਉਹ ਜਵਾਬ ਵਿਚ ਛੜਾ ਕਹਿ ਛੱਡਦੀ, “ਚੰਗਾ, ਪਰ੍ਹਾਂ ਹੋ। ਮੈਂ ਪੱਠੇ ਆਪੇ ਚੱਕ ਲਊਂ।” ਤੇ ਨਿਰੁੱਤਰ ਹੋ ਕੇ ਗੁਰਦੇਵ ਸਿੰਘ ਉਸ ਨੂੰ ਭਰੀ ਚੁਕਾ ਦੇਣ ਹੀ ਗਨੀਮਤ ਸਮਝਦਾ।
ਫਿਰ ਇਕ ਦਿਨ ਭਰੀ ਚੁਕਾਉਣ ਵੇਲੇ ਗੁਰਦੇਵ ਸਿੰਘ ਨੇ ਬਸੰਤ ਕੌਰ ਦੇ ਦੋਵੇਂ ਹੱਥ ਫੜ ਲਏ ਅਤੇ ਉਸ ਦੇ ਚਿਹਰੇ ਵਿਚ ਅੱਖਾਂ ਗੱਡ ਦਿਤੀਆਂ।
“ਛੱਡ ਦੇ, ਗੁਰਦੇਵ ਸਿਆਂਹ ਮੇਰੇ ਹੱਥ”, ਬਸੰਤ ਕੌਰ ਬੜੀ ਸਹਿਣਸ਼ੀਲਤਾ ਨਾਲ ਬੋਲੀ,
“ਭਲਕੇ ਮੇਰੇ ਸਰਦਾਰ ਨੇ ਛੁੱਟੀ ਆ ਜਾਣੈਂ।”
ਗੁਰਦੇਵ ਸਿੰਘ ਪਾਸੋਂ ਬਸੰਤ ਕੌਰ ਦੇ ਹੱਥ ਇਕਦਮ ਛੁੱਟ ਗਏ ਅਤੇ ਉਸ ਨੇ ਪੁੱਛਿਆ, “ਕਿੰਨੇ ਚਿਰ ਦੀ ਛੁੱਟੀ ਆਉਣੈ ਮੰਗਲ ਸਿਹੁੰ ਨੇ?”
“ਮਹੀਨੇ ਦੀ”, ਬਸੰਤ ਕੌਰ ਨੇ ਜਵਾਬ ਦਿੱਤਾ।
ਗੁਰਦੇਵ ਸਿੰਘ ਨੇ ਚੁੱਪ ਕਰ ਕੇ ਭਰੀ ਚੁਕਾ ਦਿੱਤੀ ਅਤੇ ਬਸੰਤ ਕੌਰ ਘਰ ਨੂੰ ਤੁਰ ਪਈ। ਉਸ ਦੇ ਮਨ ਵਿਚ ਅੱਜ ਫਿਰ ਕਿਸੇ ਵਿਸ਼ੇਸ਼ ਜਿੱਤ ਦਾ ਅਨੁਭਵ ਸੀ। ਇਹ ਜਿੱਤ ਉਸ ਦੀ ਆਪਣੇ ਆਪ ਉਤੇ ਸੀ ਕਿ ਗੁਰਦੇਵ ਸਿੰਘ ਉਤੇ, ਇਸ ਦਾ ਸ਼ਾਇਦ ਉਸ ਨੂੰ ਆਪ ਨੂੰ ਨਿਰਣੈਮਈ ਪਤਾ ਨਹੀਂ ਸੀ।

ਦੂਜੇ ਦਿਨ ਸਵੇਰ ਨੂੰ ਮੰਗਲ ਸਿੰਘ ਪਿੰਡ ਆ ਗਿਆ ਅਤੇ ਅੱਜ ਤੋਂ ਬਸੰਤ ਕੌਰ ਦੀ ਪੱਠੇ ਲਿਆਉਣ ਦੀ ਰੌਲ ਖਤਮ ਹੋ ਗਈ।
ਦਿਨ ਢਲੇ ਜਦੋਂ ਗੁਰਦੇਵ ਸਿੰਘ ਅੱਗੇ ਵਾਂਗ ਪੱਠਿਆਂ ਵਾਲੇ ਖੇਤ ਵਿਚ ਆਇਆ, ਤਾਂ ਉਸ ਨੂੰ ਬਸੰਤ ਕੌਰ ਦੀ ਥਾਂ ਮੰਗਲ ਸਿੰਘ ਪੱਠੇ ਵੱਢਦਾ ਦਿਸਿਆ। ਪਹਿਲਾਂ ਤਾਂ ਉਸ ਦਾ ਮਨ ਉਥੋਂ ਹੀ ਮੁੜ ਜਾਣ ਨੂੰ ਕੀਤਾ, ਪਰ ਉਸ ਨੇ ਕੋਲ ਜਾ ਕੇ ਮੰਗਲ ਸਿੰਘ ਨੂੰ ਬੁਲਾਉਣਾ ਹੀ ਵਧੇਰੇ ਮੁਨਾਸਿਬ ਸਮਝਿਆ।
“ਕਦੋਂ ਆਇਐਂ ਮੰਗਲ ਸਿਆਂ?” ਉਸ ਨੇ ਪੱਠੇ ਵੱਢ ਰਹੇ ਮੰਗਲ ਸਿੰਘ ਦੇ ਪਾਸ ਦੀ ਲੰਘਦੇ ਖਲੋ ਕੇ ਆਖਿਆ।
“ਅੱਜ ਈ ਆਇਐਂ ਸਰਦਾਰ ਗੁਰਦੇਵ ਸਿਆਂ। ਤੁਸੀਂ ਕਿਵੇਂ ਏਧਰ?” ਮੰਗਲ ਸਿੰਘ ਨੇ ਜਵਾਬ ਵਿਚ ਪੁਛਿਆ।
“ਮੈਂ ਵੀ ਫਿਰਦਾ-ਫਿਰਦਾ ਏਧਰ ਆ ਗਿਆ ਅੱਜ”, ਗੁਰਦੇਵ ਸਿੰਘ ਕਹਿਣ ਲਗਿਆ। “ਅਗੇ ਕੌਣ ਪੱਠੇ ਲਿਜਾਂਦਾ ਹੁੰਦਾ ਸੀ?”
“ਬਸੰਤ ਕੌਰ ਈ ਲੈ ਜਾਂਦੀ ਸੀ”, ਮੰਗਲ ਸਿੰਘ ਨੇ ਜ਼ਰਾ ਨਿਮਰ ਹੋ ਕੇ ਆਖਿਆ।
“ਹਾਂ, ਦੇਖੀ ਤਾਂ ਸੀ ਮੈਂ ਇਕ ਦੋ ਵਾਰੀ। ਕੋਈ ਚੂੜ੍ਹਾ-ਚੱਪੜਾ ਲਾ ਜਾਣਾ ਸੀ”, ਗੁਰਦੇਵ ਸਿੰਘ ਨੇ ਸ਼੍ਰੇਣੀ ਭਾਵ ਵਾਲੀ ਹਮਦਰਦੀ ਦਿਖਾ ਕੇ ਆਖਿਆ।
“ਏਨੀ ਪਹੁੰਚ ਹੋਵੇ ਤਾਂ ਫੌਜ ਵਿਚ ਧੱਕੇ ਖਾਣ ਜਾਈਏ ਸਰਦਾਰ ਗੁਰਦੇਵ ਸਿਆਂ! ਕੋਈ ਨੀ, ਬਸੰਤ ਕੁਰ ਦਾ ਕੁਝ ਨਹੀਂ ਘਸ ਗਿਐ ਪੱਠੇ ਲਿਜਾਣ ਨਾਲ!”
ਗੁਰਦੇਵ ਸਿੰਘ ਹੱਸ ਪਿਆ। “ਘਸਣਾ ਕੀ ਸੀ ਤੇਰੇ ਪਿਛੋਂ!” ਉਸ ਨੇ ਮਖੌਲ ਵਿਚ ਆਖਿਆ।
ਮੰਗਲ ਸਿੰਘ ਨੇ ਵੀ ਉਤਰ ਵਿਚ ਹੱਸ ਦਿੱਤਾ। ਗੁਰਦੇਵ ਸਿੰਘ ਉਸ ਨੂੰ ਪੱਠੇ ਵੱਢਦਾ ਛੱਡ ਕੇ ਅੱਗੇ ਲੰਘ ਗਿਆ।
“ਵੇ ਮੁੰਡਿਆ, ਹਾਲੇ ਹੋਰ ਕਿੰਨਾ ਕੁ ਚਿਰ ਫੌਜ ਵਿਚ ਰਹੇਂਗਾ?” ਮਹਾਂ ਕੌਰ ਨੇ ਇਕ ਦਿਨ ਮੰਗਲ ਸਿੰਘ ਨੂੰ ਪੁਛਿਆ।
“ਹਾਲੇ ਤਾਂ ਨਹੀਂ ਮਾਂ, ਮੇਰੀ ਪਿਨਸ਼ਨ ਲਗ ਜਾਣੀਂ ਛਿਆਂ ਹੀ ਮਹੀਨਿਆਂ ਪਿਛੋਂ!” ਮੰਗਲ ਸਿੰਘ ਨੇ ਜਵਾਬ ਦਿੱਤਾ।
“ਪਿਲਸਣ ਤਾਂ ਪੁੱਤ, ਵੱਡੇ ਹੋਏ ਦੀ ਜਾ ਕੇ ਹੋਊ। ਪਿਛੋਂ ਘਰ ਦਾ ਕੀ ਬਣੂੰ? ਮੈਂ ਤਾਂ ਨਦੀ ਕਿਨਾਰੇ ਰੁੱਖੜਾ ਹਾਂ। ਜਾਂ ਤੂੰ ਬਸੰਤ ਕੁਰ ਨੂੰ ਨਾਲ ਈ ਲੈ ਜਾ।”
“ਜਿੰਨਾ ਚਿਰ ਤੂੰ ਬੈਠੀ ਐਂ, ਓਨਾ ਚਿਰ ਮਾਂ ਮੈਨੂੰ ਕੀ ਫ਼ਿਕਰ ਐ ਘਰ ਦਾ ਜਾਂ ਬਸੰਤ ਕੁਰ ਦਾ?”
“ਫਿਕਰ ਤਾਂ ਤੈਨੂੰ ਕੋਈ ਨਹੀਂ। ਬਸੰਤ ਕੌਰ ਵੀ, ਮੂੰਹ ‘ਤੇ ਸਲਾਹੁਣਾ ਚੰਗਾ ਨਹੀਂ ਹੁੰਦਾ, ਤੇਰੀ ਭਾਈ ਕੁਠਾਲੀ ‘ਚੋਂ ਕਢਿਆ ਹੋਇਆ ਸੋਨਾ ਏਂ, ਪਰ ਪੁੱਤ ਸਮੋਂ ਬੜੀ ਬੁਰੀ ਐ।”
“ਪਈ ਹੋਵੇ ਬੁਰੀ ਸਮੋਂ”, ਮੰਗਲ ਸਿੰਘ ਨੇ ਜਾਣੋਂ ਸਮੇਂ ਨੂੰ ਆਪਣੀ ਮਾਂ ਅਤੇ ਬਸੰਤ ਕੌਰ ਦੀ ਤਕੜਾਈ ਦੇ ਸਹਾਰੇ ਵੰਗਾਰ ਦਿੱਤੀ।
“ਵੇ ਪੁੱਤ, ਊਂ ਤਾਂ ਘਰ ਵੀ ਕੋਈ ਘਾਟਾ ਨੀ ਸੀ। ਡੂਢ ਸੌ ਰੁਪਈਆ ਤੂੰ ਹੁਣ ਲਿਆ ਕੇ ਸ਼ਾਹੂਕਾਰ ਦਾ ਮੋੜ ਦਿੱਤਾ ਏ। ਚਾਰ ਕੁ ਸੌ ਸਾਰਾ ਰਹਿ ਗਿਆ। ਅਸੀਂ ਮਹਿੰ ਬੇਚ ਦੇਈਏ ਤਾਂ ਉਹ ਵੀ ਉਤਰ ਜਾਂਦੈ।”
“ਫੇਰ ਮੈਂ ਕਰੂੰ ਕੀ?”
“ਤੂੰ ਖੇਤੀ ਕਰ, ਹੋਰ ਕੀ ਕਰਨੈਂ।”
“ਪੰਜ ਸੌ ਦੇ ਬਲਦ ਨਹੀਂ ਫੇਰ ਲੈਣੇ ਪੈਣਗੇ?”
ਮਹਾਂ ਕੌਰ ਇਸ ਲੋੜ ਨੂੰ ਭੁਲਾਈ ਬੈਠੀ ਸੀ।
“ਮਹਿੰ ਤਾਂ ਅਸੀਂ ਹੁਣ ਬੇਚ ਈ ਦੇਣੀ ਐਂ”, ਬਸੰਤ ਕੌਰ ਨੇ ਗੱਲਬਾਤ ਵਿਚ ਸ਼ਾਮਲ ਹੋ ਕੇ ਆਖਿਆ। “ਛਿਆਂ ਮਹੀਨਿਆਂ ਨੂੰ ਮੇਰੀ ਝੋਟੀ ਨੇ ਸੂ ਪੈਣਾ ਏਂ।” ਇਹ ਝੋਟੀ ਉਹ ਸੀ ਜੋ ਬਸੰਤ ਕੌਰ ਦੇ ਪਿਉ ਨੇ ਕੱਟੀ ਹੋਣ ਸਮੇਂ ਤੋਂ ਬਸੰਤ ਕੌਰ ਦੀ ਬਣਾ ਦਿੱਤੀ ਸੀ ਅਤੇ ਹੁਣ ਤੱਕ ਉਸ ਦੇ ਪੇਕੇ ਘਰ ਹੀ ਪਲ ਰਹੀ ਸੀ।
“ਪਰ ਬਲਦ ਹੁਣ ਕਿਥੋਂ ਆਉਣਗੇ?” ਮੰਗਲ ਸਿੰਘ ਨੇ ਆਪਣਾ ਸਵਾਲ ਦੁਹਰਾਇਆ।
“ਬਲਦ?” ਬਸੰਤ ਕੌਰ ਕੁਝ ਸੋਚਣ ਲੱਗ ਪਈ। ਫਿਰ ਉਹ ਬੋਲੀ, “ਆਹ ਜਿਹੜਾ ਮੇਰੇ ਕੋਲ ਕੁਛ ਟੂਮ-ਛੱਲਾ ਏ, ਇਹ ਬੇਚ ਦਿੰਨੇ ਆਂ। ਫੇਰ ਬਣਾ ਲਵਾਂਗੇ ਜੇ ਰੱਬ ਫਸਲ ਚੰਗੀ ਲਾਊ ਤਾਂ।”
“ਨਾ ਧੀਏ, ਤੈਨੂੰ ਨੀ ਅਸੀਂ ਸੁੱਖੀਂ ਸਾਂਦੀਂ ਬੁੱਚੀ ਕਰਨਾ”, ਮਹਾਂ ਕੌਰ ਦ੍ਰਿੜ੍ਹਤਾ ਨਾਲ ਬੋਲੀ,
“ਫਸਲ ਲੱਗੂ ਤਾਂ ਬਲਦਾਂ ਵਾਲਾ ਪੰਜ ਸੌ ਵੀ ਉਤਰ ਈ ਜਾਊ।”
“ਦੇਖ ਮਾਂ”, ਮੰਗਲ ਸਿੰਘ ਫਿਰ ਬੋਲਿਆ, “ਖੇਤੀ ਦਾ ਕੋਈ ਭਰੋਸਾ ਨਹੀਂ। ਜੇ ਫਸਲ ਦੋ ਸਾਲ ਲੱਗ ਪਈ ਤਾਂ ਭਵਾਂ ਕਰਜ਼ਾ ਉਤਰ ਜਾਵੇ। ਜੇ ਨਾ ਲਗੀ ਤਾਂ ਸਵਾਂ ਹੋਰ ਚੜ੍ਹ ਜਾਊ। ਫੇਰ ਆਪਾਂ ਕਿਧਰੇ ਜੋਗੇ ਨੀ ਰਹਿਣਾ। ਹੁਣ ਮੈਂ ਪਚਵੰਜਾ ਰੁਪਈਏ ਚੜ੍ਹੇ ਮਹੀਨੇ ਲੈ ਲੈਨਾਂ। ਮੀਂਹ ਜਾਵੇ, ਨ੍ਹੇਰੀ ਜਾਵੇ, ਮਹੀਨੇ ਦੀ ਪੰਜ ਤਰੀਕ ਨੂੰ ਪਚਵੰਜਾ ਮਿਲ ਜਾਂਦੇ ਐ। ਰਸਦ ਪਾਣੀ ਸਰਕਾਰੀ ਐ। ਮੈਂ ਮਹੀਨੇ ਦੇ ਪੈਂਤੀ ਚਾਲੀ ਸਹਿਜੇ ਈ ਬਚਾ ਲੈਨਾਂ। ਤੁਸੀਂ ਮੇਰਾ ਪਿੱਛਾ ਪੂਰੋ, ਦਿਲ ਨਾ ਤੋੜੋ।”
ਇਸ ਉਤੇ ਦੋਵੇਂ ਜਣੀਆਂ ਚੁੱਪ ਕਰ ਗਈਆਂ। ਦੋਹਾਂ ਦੇ ਜ਼ੋਰ ਦੇਣ ਉਤੇ ਮੰਗਲ ਸਿੰਘ ਨੇ ਮੱਝ ਸਾਢੇ ਤਿੰਨ ਸੌ ਨੂੰ ਵੇਚ ਕੇ ਕਰਜ਼ੇ ਤੋਂ ਮੁਕਤੀ ਪ੍ਰਾਪਤ ਕਰ ਲਈ।

ਘਰ ਵਿਚ ਵੀਹ ਕੁ ਸੇਰ ਘਿਉ ਜੁੜਿਆ ਪਿਆ ਸੀ। ਮੰਗਲ ਸਿੰਘ ਦੇ ਛਾਉਣੀ ਨੂੰ ਮੁੜਨ ਤੋਂ ਇਕ ਦਿਨ ਪਹਿਲਾਂ ਬਸੰਤ ਕੌਰ ਇਸ ਘਿਉ ਨੂੰ ਤੱਤਾ ਕਰਨ ਲੱਗੀ ਤਾਂ ਮੰਗਲ ਸਿੰਘ ਨੇ ਇਸ ਦਾ ਕਾਰਨ ਪੁੱਛਿਆ। “ਕਿਉਂ ਤੈਂ ਇਹ ਲੈ ਕੇ ਜਾਣਾ?” ਬਸੰਤ ਕੌਰ ਨੇ ਪ੍ਰਸ਼ਨ ਵਿਚ ਉਤਰ ਦਿੱਤਾ।
“ਲੈ, ਮੈਂ ਕੀ ਕਰਨਾ ਏਂ ਘਿਉ? ਉਥੇ ਮਿਲ ਜਾਂਦੈ ਸਾਨੂੰ ਘਿਉ ਵੀ ਸਰਕਾਰੀ”, ਮੰਗਲ ਸਿੰਘ ਨੇ ਆਖਿਆ।
“ਸੁਆਹ ਹੁੰਦਾ ਹੋਊ ਉਹ ਘਿਉ”, ਬਸੰਤ ਕੌਰ ਆਪਣੇ ਜੁੜੇ ਹੋਏ ਖਰੇ ਘਿਉ ਦੇ ਅਭਿਮਾਨ ਵਿਚ ਬੋਲੀ। ਖਬਰਾਂ ਕੀ ਕੁਝ ਪਾਉਂਦੇ ਹੋਣਗੇ ਉਸ ਘਿਉ ਵਿਚ।”
“ਵੇ ਉਹ ਘਿਉ ਤਾਂ ਬਨਾਸਪਤੀ ਹੁੰਦਾ ਹੋਊ ਪੁੱਤ”, ਮਹਾਂ ਕੌਰ ਨੇ ਵੀ ਆਖਿਆ।
“ਮੈਂ ਕੋਈ ਮਾੜਾ ਤਾਂ ਨਹੀਂ ਹੋ ਕੇ ਆਇਆ ਉਹ ਘਿਉ ਖਾਂਦਾ, ਬਸੰਤ ਕੁਰੇ”, ਮੰਗਲ ਸਿੰਘ ਨੇ ਹਲਕੇ ਜਿਹੇ ਵਿਅੰਗ ਨਾਲ ਆਖਿਆ। ਨਾਲੇ ਹੁਣ ਥੋਡੇ ਕੋਲ ਦੁੱਧ ਨੀ ਹੋਣਾ, ਮਾਂ ਤੁਸੀਂ ਇਸ ਘਿਉ ਨਾਲ ਛੇ ਮਹੀਨੇ ਰੋਟੀ ਚੋਪੜੋਂਗੇ, ਜਦ ਤਾਈਂ ਬਸੰਤ ਕੌਰ ਦੀ ਝੋਟੀ ਨਹੀਂ ਸੂੰਦੀ।” ਦੋਹਾਂ ਦੇ ਨਾਂਹ-ਨਾਂਹ ਕਰਦਿਆਂ ਮੰਗਲ ਸਿੰਘ ਨੇ ਉਸ ਘਿਉ ਨੂੰ ਅੱਗ ਤੋਂ ਲਾਹ ਦਿੱਤਾ। “ਸਾਨੂੰ ਇਹ ਤੱਤਾ ਤਾਂ ਕਰ ਲੈਣ ਦੇ”, ਬਸੰਤ ਕੌਰ ਕਹਿਣ ਲੱਗੀ।
“ਮੇਰੇ ਗਏ ਤੋਂ ਕਰ ਲਿਓ ਤੱਤਾ”, ਮੰਗਲ ਸਿੰਘ ਨੇ ਸਲਾਹ ਬਦਲਣ ਦੀ ਗੁੰਜਾਇਸ਼ ਨਾਲ ਛਡਦਿਆਂ ਆਖਿਆ।
ਤਾਂ ਵੀ ਮੰਗਲ ਸਿੰਘ ਲਈ ਦੋ ਕੁ ਸੇਰ ਘਿਉ ਦੀ ਪੰਜੀਰੀ ਰਲਾ ਦਿੱਤੀ ਗਈ।
“ਮੈਨੂੰ ਵੀ ਹੁਣ ਛੇਤੀ ਬੁਲਾ ਲਈਂ ਛਾਉਣੀ”, ਬਸੰਤ ਕੌਰ ਨੇ ਰਾਤ ਦੀ ਇਕੱਲ ਵਿਚ ਮੰਗਲ ਸਿੰਘ ਪਾਸ ਬੇਨਤੀ ਕੀਤੀ।
“ਮਾਂ ਦੀ ਸੰਭਾਲ ਕੌਣ ਕਰੂ?” ਮੰਗਲ ਸਿੰਘ ਨੇ ਪੁਛਿਆ।
ਬਸੰਤ ਕੌਰ ਪਾਸ ਇਸ ਦਾ ਕੋਈ ਉਤਰ ਨਹੀਂ ਸੀ। “ਮੇਰਾ ਨੀ ਇਥੇ ਜੀ ਲਗਦਾ”, ਆਖ ਕੇ ਉਹ ਹਉਕੇ ਭਰਦੀ ਮੰਗਲ ਸਿੰਘ ਨੂੰ ਚੰਬੜ ਗਈ ਜਿਵੇਂ ਮੀਂਹ ਝੱਖੜ ਦਾ ਮਾਰਿਆ ਪੰਛੀ ਆਪਣੇ ਆਲ੍ਹਣੇ ਵਿਚ ਆ ਡਿਗਦਾ ਹੈ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸੰਤ ਸਿੰਘ ਸੇਖੋਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ