Mande Bolan Karke (Punjabi Story) : Omkar Sood Bahona
ਮੰਦੇ ਬੋਲਾਂ ਕਰਕੇ (ਕਹਾਣੀ) : ਓਮਕਾਰ ਸੂਦ ਬਹੋਨਾ
ਬੜੀ ਪੁਰਾਣੀ ਗੱਲ ਹੈ ਕਿ ਇੱਕ ਰੁੱਖ ਉੱਤੇ ਇੱਕ ਕਾਂ ਰਹਿੰਦਾ ਸੀ । ਉਸੇ ਹੀ ਰੁੱਖ ਹੇਠਾਂ ਇੱਕ ਖੁੱਡ
ਵਿੱਚ ਚੂਹਾ ਰਹਿੰਦਾ ਸੀ । ਦੋਨੋਂ ਆਪਸ ਵਿੱਚ ਗੂਹੜੇ ਮਿੱਤਰ ਸਨ । ਇੱਕ ਦਿਨ ਕਾਂ ਰੁੱਖ ਉੱਤੇ ਬੈਠਾ ਬੇਰ ਖਾ ਰਿਹਾ
ਸੀ । ਗਿੜਕਾਂ ਥੱਲੇ ਡਿੱਗਦੀਆਂ ਵੇਖ ਕੇ ਚੂਹਾ ਉੱਪਰ ਝਾਕਿਆ ਤੇ ਬੋਲਿਆ, "ਕਾਵਾਂ-ਕਾਵਾਂ ਕੀ ਖਾ ਰਿਹਾ ਏਂ ?"
"ਬੇਰ ਖਾ ਰਿਹਾ ਹਾਂ ਮਿੱਤਰ ਜੀ!" ਕਾਂ ਨੇ ਉੱਤਰ ਦਿੱਤਾ ਤੇ ਨਾਲੇ ਇੱਕ ਬੇਰ ਚੂਹੇ ਵੱਲ ਨੂੰ ਸੁੱਟ ਦਿੱਤਾ । ਚੂਹੇ ਨੇ
ਬੇਰ ਖਾਧਾ ,ਉਹਨੂੰ ਬੇਰ ਬੜਾ ਸੁਆਦ ਲੱਗਿਆ । ਚੂਹੇ ਨੇ ਇੱਕ ਹੋਰ ਬੇਰ ਕਾਂ ਤੋਂ ਮੰਗਿਆ ਤਾਂ ਕਾਂ ਨੇ
ਕਿਹਾ, "ਮਿੱਤਰ, ਹੋਰ ਤਾਂ ਮੇਰੇ ਕੋਲ ਕੋਈ ਬੇਰ ਹੈ ਨਹੀਂ, ਪਰ ਹਾਂ ਕੱਲ੍ਹ ਨੂੰ ਮੇਰੇ ਨਾਲ ਚੱਲੀਂ, ਆਪਾਂ ਦੋਨੋਂ
ਰੱਜ-ਰੱਜ ਕੇ ਬੇਰ ਖਾਵਾਂਗੇ!" ਚੂਹਾ ਦੂਜੇ ਦਿਨ ਕਾਂ ਦੇ ਨਾਲ ਜਾਣ ਲਈ ਮੰਨ ਗਿਆ । ਅਗਲੇ ਦਿਨ ਦੋਨੋਂ ਜਣੇ ਬੇਰ ਲੈਣ
ਲਈ ਬੇਰੀਆਂ ਵੱਲ ਨੂੰ ਚੱਲ ਪਏ । ਬੇਰੀਆਂ ਦੇ ਰੁੱਖ ਕਾਫੀ ਦੂਰ ਸਨ । ਕਾਂ ਉੱਪਰ ਉੱਡਿਆ ਜਾ ਰਿਹਾ ਸੀ ਤੇ ਚੂਹਾ
ਧਰਤੀ 'ਤੇ ਦੌੜਿਆ ਜਾ ਰਿਹਾ ਸੀ । ਦੋਨੋਂ ਦੋਸਤ ਆਪਣੀ ਮੰਜ਼ਿਲ ਵੱਲ ਵਧ ਰਹੇ ਸਨ । ਅੱਗੇ ਰਸਤੇ ਵਿੱਚ ਇੱਕ ਖੂਹ
ਆਇਆ । ਉਹ ਪਾਣੀ ਪੀਣ ਅਤੇ ਦਮ ਮਾਰਨ ਲਈ ਉੱਥੇ ਠਹਿਰ ਗਏ । ਦੋਨਾਂ ਦੇ ਰੱਜ-ਰੱਜ ਕੇ ਪਾਣੀ ਪੀਤਾ । ਫਿਰ ਖੂਹ ਦੇ
ਨੇੜੇ ਹੀ ਲੱਗੇ ਹਰੇ-ਭਰੇ ਘਾਹ 'ਤੇ ਸਾਹ ਲੈਣ ਲਈ ਬੈਠ ਗਏ । ਨਿੱਘੀ-ਨਿੱਘੀ ਧੁੱਪ ਉਨ੍ਹਾਂ ਨੂੰ ਬੜੀ ਪਿਆਰੀ
ਲੱਗੀ । ਉੱਥੇ ਬਹਿਣ ਦਾ ਬੜਾ ਆਨੰਦ ਆ ਰਿਹਾ ਸੀ । ਕਾਂ ਬੈਠ ਕੇ ਊਂਘਣ ਲੱਗ ਪਿਆ । ਅਚਾਨਕ ਚੂਹਾ ਉੱਠਿਆ ਤੇ
ਖੂਹ ਦੀ ਮੌਣ 'ਤੇ ਚੜ੍ਹ ਕੇ ਖੂਹ ਵਿੱਚ ਝਾਤੀਆਂ ਮਾਰਨ ਲੱਗ ਪਿਆ । "ਕਾਵਾਂ, ਖੂਹ ਤਾਂ ਬਹੁਤ ਡੂੰਘਾ ਹੈ!"
ਚੂਹੇ ਨੇ ਕਾਂ ਨੂੰ ਕਿਹਾ । ਖੂਹ ਦਾ ਪਾਣੀ ਸਾਫ ਤੇ ਨੀਲੀ ਭਾਹ ਮਾਰਦਾ ਸੀ । ਚੂਹੇ ਨੂੰ ਆਪਣਾ ਅਕਸ ਖੂਹ ਦੇ
ਨੀਲੇ ਨਿਰਮਲ ਪਾਣੀ ਵਿੱਚ ਦਿਸਿਆ । ਉਹ ਹੋਰ ਅਗਾਂਹ ਹੋ ਕੇ ਆਪਣੀ ਸ਼ਕਲ ਨੂੰ ਨਿਹਾਰਨ ਲੱਗਾ । ਅਚਾਨਕ ਉਹਦਾ ਪੈਰ
ਤਿਲਕ ਗਿਆ ਤੇ ਉਹ ਧੈ ਕਰਦਾ ਖੂਹ ਵਿੱਚ ਜਾ ਡਿੱਗਿਆ । ਚੂਹਾ ਪਾਣੀ ਵਿੱਚ ਡੁਬਕੀਆਂ ਲਗਾ ਰਿਹਾ ਸੀ । ਕਾਂ ਨੇ ਆਪਣੇ
ਮਿੱਤਰ ਚੂਹੇ ਨੂੰ ਮੁਸ਼ਕਲ ਵਿੱਚ ਫਸਿਆ ਵੇਖ ਕੇ ਖੂਹ ਵਿੱਚ ਉਡਾਰੀ ਮਾਰ ਦਿੱਤੀ । ਪੂਛੋਂ ਫੜ੍ਹ ਕੇ ਚੂਹੇ ਨੂੰ
ਬਾਹਰ ਕੱਢ ਲਿਆਇਆ । ਚੂਹਾ ਬੇਹੋਸ਼ ਹੋ ਗਿਆ ਸੀ । ਕਾਂ ਨੇ ਉਸ ਨੂੰ ਹੋਸ਼ ਵਿੱਚ ਲਿਆਉਣ ਦੀ ਹਰ ਸੰਭਵ ਕੋਸ਼ਿਸ਼
ਕੀਤੀ । ਚੂਹਾ ਠੀਕ ਹੋ ਗਿਆ ।
"ਮਿੱਤਰ! ਜੇ ਮੈਂ ਤੈਨੂੰ ਨਾ ਕੱਢਦਾ ਤਾਂ ਤੂੰ ਮਰ ਜਾਣਾ ਸੀ!" ਕਾਂ ਚੂਹੇ ਨੂੰ ਮੁਖਾਤਿਬ ਹੋ ਕੇ
ਬੋਲਿਆ । ਕਾਂ ਸੋਚਦਾ ਸੀ ਚੂਹਾ ਜ਼ਰੂਰ ਹੀ 'ਧੰਨਵਾਦ' ਕਹਿ ਕੇ ਉਸ ਦਾ ਸਤਿਕਾਰ ਕਰੇਗਾ, ਪਰ ਸਵਾਰਥੀ ਚੂਹਾ
ਬੋਲਿਆ, "ਚੱਲ ਉਏ ਚੱਲ, ਵੱਡਾ ਆਇਆ ਮੈਨੂੰ ਬਚਾਉਣ ਵਾਲਾ! ਮੈਂ ਤਾਂ ਨਹਾਉਣ ਵਾਸਤੇ ਖੂਹ ਵਿੱਚ ਛਾਲ
ਮਾਰੀ ਸੀ!" ਕਾਂ ਨੂੰ ਚੂਹੇ ਤੋਂ ਅਜਿਹੀ ਉਮੀਦ ਨਹੀਂ ਸੀ ਪਰ ਸੁਣਕੇ ਕਾਂ ਨੇ ਚੁੱਪ ਰਹਿਣ ਵਿੱਚ ਹੀ ਆਪਣਾ ਭਲਾ
ਸਮਝਿਆ ਮਤੇ ਉਜੱਡ ਚੂਹਾ ਅੱਗਿਓ ਹੋਰ ਹੀ ਕੋਈ ਸਲੋਕ ਸੁਣਾ ਦੇਵੇ!
ਹੁਣ ਉਨ੍ਹਾਂ ਨੇ ਆਪਣੀ ਮੰਜ਼ਿਲ ਵੱਲ ਨੂੰ ਫਿਰ ਵਧਣਾ ਸ਼ੁਰੂ ਕਰ ਦਿੱਤਾ , ਚੱਲ-ਚਲਾ-ਚੱਲ, ਚੱਲ-ਚਲਾ-
ਚੱਲ………ਅੱਗੇ ਚੱਲ ਕੇ ਇੱਕ ਊਠ ਘਾਹ ਚਰ ਰਿਹਾ ਸੀ । ਅਚਾਨਕ ਚੂਹਾ ਕੋਲ ਦੀ ਲੰਘਣ ਲੱਗਿਆ ਤਾਂ ਊਠ ਦਾ ਪੈਰ
ਚੂਹੇ ਦੀ ਪੂਛ 'ਤੇ ਆ ਟਿਕਿਆ । ਚੂਹਾ ਦਰਦ ਨਾਲ ਚੀਕ ਉੱਠਿਆ ਤੇ ਲੱਗਾ ਸਹਾਇਤਾ ਲਈ ਕਾਂ ਨੂੰ ਪੁਕਾਰਨ । ਕਾਂ
ਨੂੰ ਚੂਹੇ 'ਤੇ ਫਿਰ ਤਰਸ ਆ ਗਿਆ । ਉਹਨੇ ਮੁਸ਼ਕਲ ਵਿੱਚ ਫਸੇ ਹੋਏ ਆਪਣੇ ਮਿੱਤਰ ਚੂਹੇ ਦੀ ਮਦਦ ਕਰਨ ਦਾ
ਫੈਸਲਾ ਕੀਤਾ । ਕਾਂ ਨੇ ਆ ਕੇ ਊਠ ਦੇ ਪੈਰ 'ਤੇ ਜ਼ੋਰ ਦੀ ਇੱਕ ਠੂੰਗਾ ਮਾਰਿਆ । ਊਠ ਨੇ ਪੈਰ ਉਤਾਂਹ ਚੁੱਕ
ਲਿਆ । ਚੂਹੇ ਦੀ ਪੂਛ ਊਠ ਦੇ ਪੈਰ ਥੱਲਿਓਂ ਨਿਕਲ ਗਈ । ਚੂਹੇ ਨੂੰ ਸੁਖ ਦਾ ਸਾਹ ਆਇਆ । ਕਾਂ ਨੇ ਸੋਚਿਆ,
'ਮੈਂ ਚੂਹੇ ਦੀ ਜਾਨ ਬਚਾਈ ਹੈ, ਜ਼ਰੂਰ ਹੀ ਚੂਹਾ ਐਤਕੀਂ ਮੇਰਾ ਧੰਨਵਾਦ ਕਰੇਗਾ!' ਕਾਂ ਫਿਰ ਚੂਹੇ ਨੂੰ
ਕਹਿਣ ਲੱਗਿਆ, "ਮਿੱਤਰ, ਜੇ ਮੈਂ ਤੈਨੂੰ ਊਠ ਦੇ ਪੈਰ ਹੇਠੋਂ ਨਾ ਕੱਢਦਾ ਤਾਂ ਤੂੰ ਮਰ ਜਾਣਾ ਸੀ!" ਚੂਹੇ ਨੇ
ਫਿਰ ਉਹੀ ਘੜਿਆ-ਘੜਾਇਆ ਉੱਤਰ ਦਿੱਤਾ, "ਚੱਲ ਉਏ ਚੱਲ! ਵੱਡਾ ਆਇਆ ਮੈਨੂੰ ਬਚਾਉਣ ਵਾਲਾ । ਮੇਰੇ
ਤਾਂ ਧਰਨ ਪਈ ਸੀ, ਮੈਂ ਤਾਂ ਊਠ ਕੋਲੋਂ ਧਰਨ ਕਢਵਾਉਂਦਾ ਸੀ!" ਕਾਂ ਨੂੰ ਚੂਹੇ ਦੇ ਅਜਿਹੇ ਖਰਵੇ ਬੋਲ ਸੁਣ ਕੇ
ਬੜਾ ਗੁੱਸਾ ਆਇਆ । ਉਹਨੇ ਅੱਗੇ ਤੋਂ ਨਾ-ਸ਼ੁਕਰੇ ਚੂਹੇ ਦੀ ਕੋਈ ਵੀ ਮਦਦ ਨਾ ਕਰਨ ਦਾ ਪੱਕਾ ਫੈਸਲਾ ਕਰ
ਲਿਆ ।
ਹੁਣ ਫਿਰ ਉਹ ਅਗਾਂਹ ਤੁਰ ਪਏ । ਅਜੇ ਥੋਹੜੀ ਦੂਰ ਹੀ ਗਏ ਸਨ ਕਿ ਅੱਗੇ ਬਹੁਤ ਸਾਰੇ ਬੇਰੀਆਂ ਦੇ
ਰੁੱਖ ਆ ਗਏ । ਬੇਰੀਆਂ ਉੱਤੇ ਲਾਲ-ਪੀਲੇ ਬੇਰ ਦੂਰੋਂ ਹੀ ਚਮਕਾਂ ਮਾਰ ਰਹੇ ਸਨ । ਵੇਖ ਕੇ ਚੂਹੇ ਦੇ ਮੂੰਹ ਵਿੱਚ
ਪਾਣੀ ਆਉਣਾ ਸ਼ੁਰੂ ਹੋ ਗਿਆ । ਉਹ ਦੋਨੋਂ ਜਣੇ ਇੱਕ ਬੇਰੀ ਉੱਤੇ ਚੜ੍ਹ ਕੇ ਬੇਰ ਖਾਣ ਲੱਗ ਪਏ । ਦੋਨਾਂ ਨੇ ਰੱਜ-
ਰੱਜ ਕੇ ਬੇਰ ਖਾਧੇ । ਸਵਾਦ-ਸਵਾਦ ਵਿੱਚ ਚੂਹਾ ਕੁਝ ਜਿਆਦਾ ਹੀ ਬੇਰ ਖਾ ਗਿਆ ਸੀ । ਉਹਦਾ ਪੇਟ ਫੁੱਟਬਾਲ ਵਾਂਗ
ਫੁੱਲਿਆ ਪਿਆ ਸੀ ।
ਦੁਪਹਿਰ ਬੀਤ ਚੁੱਕੀ ਸੀ । ਪਰਛਾਵੇਂ ਢਲ ਰਹੇ ਸਨ । ਹੁਣ ਉਹ ਵਾਪਸ ਜਾਣ ਲਈ ਤਿਆਰੀਆਂ ਕਰਨ ਲੱਗ ਪਏ
ਸਨ । ਅਚਾਨਕ ਬੇਰੀ ਤੋਂ ਉੱਤਰਣ ਲੱਗਿਆਂ ਜਿਆਦਾ ਰੱਜ ਕੇ ਮੋਟਾ ਹੋਇਆ ਚੂਹਾ ਬੇਰੀ ਦੇ ਕੰਡਿਆਂ ਵਿੱਚ ਫਸ
ਗਿਆ । ਚੂਹਾ ਦਰਦ ਨਾਲ ਕਰਾਹ ਉੱਠਿਆ । ਜਿਆਦਾ ਰੱਜਿਆ ਹੋਣ ਕਰਕੇ ਉਸ ਕੋਲੋਂ ਮਸਾਂ ਹੀ ਹਿੱਲਿਆ ਜਾ ਰਿਹਾ
ਸੀ । ਉਹ ਇੱਕ ਟਹਿਣੀ ਪਾਸੇ ਕਰਦਾ ਦੂਜੀ ਉਹਦੇ ਜਿਸਮ ਨਾਲ ਆਣ ਚੰਬੜਦੀ । ਇਸ ਤਰ੍ਹਾਂ ਕਿੰਨਾ ਚਿਰ ਬੀਤ ਗਿਆ । ਚੂਹਾ
ਲੱਖ ਕੋਸ਼ਸ਼ ਕਰਨ ਤੇ ਵੀ ਕੰਡਿਆਂ ਤੋ ਖਹਿੜਾ ਨਾ ਛੁਡਾ ਸਕਿਆ । ਅੰਤ ਹਾਰ ਕੇ ਉਸ ਨੇ ਕਾਂ ਦੀਆਂ ਮਿਨਤਾਂ
ਕਰਨੀਆਂ ਸ਼ੁਰੂ ਕਰ ਦਿੱਤੀਆਂ । ਅੱਗਿਓਂ ਕਾਂ ਨਿਮਰਤਾ ਸਹਿਤ ਬੋਲਿਆ, "ਦੋਸਤ, ਮੈਂ ਮਜ਼ਬੂਰ ਹਾਂ, ਮੈਂ ਤੈਨੂੰ
ਕੰਡਿਆਂ ਵਿੱਚੋਂ ਨਹੀਂ ਕੱਢ ਸਕਦਾ । ਜੇ ਮੈਂ ਤੈਨੂੰ ਕੰਡਿਆਂ ਵਿੱਚੋਂ ਕੱਢਣ ਲੱਗਾ ਤਾਂ ਕੰਡੇ ਮੇਰੇ ਵੀ ਵੱਜਣਗੇ!
ਤੇ ਆਖਰ ਵਿੱਚ ਤੂੰ ਇਹ ਹੀ ਕਹੇਂਗਾ, 'ਚੱਲ ਉਏ ਚੱਲ ਕਾਵਾਂ! ਮੈਂ ਤਾਂ ਕੰਨ ਬੰਨ੍ਹਾਉਂਦਾ ਸੀ' ਮੈਂ ਤੇਰੇ
ਵਰਗੇ ਸਵਾਰਥੀ ਮਿੱਤਰ ਦੀ ਖ਼ਾਤਿਰ ਆਪਣੀ ਜਾਨ ਖ਼ਤਰੇ ਵਿੱਚ ਕਿਉਂ ਪਾਵਾਂ ?"
ਚੂਹੇ ਨੇ ਕਾਂ ਦੀਆਂ ਬਹੁਤ ਮਿਨਤਾਂ ਕੀਤੀਆਂ, ਵਾਸਤੇ ਪਾਏ ਪਰ ਕਾਂ ਨੇ ਇੱਕ ਨਾ ਮੰਨੀ । ਸ਼ਾਮ
ਹੋ ਗਈ ਸੀ । ਕਾਂ ਨੇ ਉਡਾਰੀ ਮਾਰੀ ਤੇ ਸਿੱਧਾ ਆਪਣੇ ਆਹਲਣੇ ਵੱਲ ਚਲਿਆ ਆਇਆ । ਸਵਾਰਥੀ ਚੂਹਾ ਉੱਥੇ ਹੀ
ਕੰਡਿਆਂ 'ਚ ਫਸਿਆ ਲਹੂ-ਲੁਹਾਨ ਹੋਇਆ ਮਦਦ ਲਈ ਪੁਕਾਰ ਰਿਹਾ ਸੀ ।