Machhere Di Neendar (Punjabi Story) : Heinrich Boll (Böll)
ਮਛੇਰੇ ਦੀ ਨੀਂਦਰ (ਕਹਾਣੀ) : ਹਾਈਨਰਿਕ ਬੋਇਲ/ਬੋ'ਲ
ਗਰਮੀਆਂ ਦੀ ਰੁੱਤ ਦਾ ਸੋਹਾਣਾ ਦਿਨ ਸੀ । ਪੱਛਮੀ ਯੂਰਪ ਦੀ ਇਕ ਬੰਦਰਗਾਹ 'ਤੇ ਇਕ ਗਰੀਬ ਮਛਵਾਰਾ ਜਿਹਨੇ ਪਾਟੇ-ਪੁਰਾਣੇ ਕੱਪੜੇ ਪਾਏ ਹੋਏ ਸਨ, ਆਪਣੀ ਬੇੜੀ 'ਚ ਸੌਾ ਰਿਹਾ ਸੀ । ਇਸ ਵਿਚਕਾਰ ਇਕ ਸੈਲਾਨੀ ਆ ਪਹੁੰਚਿਆ । ਉਹਨੇ ਮਛਵਾਰੇ ਨੂੰ ਇੰਜ ਲੰਮੇ ਪਏ ਵੇਖ ਕੇ ਆਪਣੇ ਕੈਮਰੇ ਨਾਲ ਉਹਦੀਆਂ ਤਸਵੀਰਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ । ਜਦੋਂ ਉਹ ਤਸਵੀਰਾਂ ਖਿੱਚ ਰਿਹਾ ਸੀ ਤਾਂ ਕੈਮਰੇ ਦੀ 'ਕਲਿੱਕ-ਕਲਿੱਕ' ਨਾਲ ਮਛਵਾਰੇ ਦੀ ਅੱਖ ਖੁੱਲ੍ਹ ਗਈ । ਉਹਨੇ ਵੇਖਿਆ ਕਿ ਕੋਈ ਆਦਮੀ ਉਹਦੀਆਂ ਤਸਵੀਰਾਂ ਖਿੱਚ ਰਿਹਾ ਹੈ । ਉਹਨੇ ਪ੍ਰਵਾਹ ਕੀਤੇ ਬਿਨਾਂ ਆਪਣੀ ਜੇਬ੍ਹ 'ਚ ਹੱਥ ਮਾਰਿਆ ਤੇ ਸਿਗਾਰ ਕੱਢ ਕੇ ਬਾਲਣ ਲਈ ਮਾਚਸ ਬਾਲ ਹੀ ਰਿਹਾ ਸੀ ਕਿ ਸੈਲਾਨੀ ਨੇ ਆਪਣਾ ਲਾਈਟਰ ਬਾਲ ਕੇ ਅੱਗੇ ਕਰ ਦਿੱਤਾ । ਸੈਲਾਨੀ ਨੇ ਗੱਲਬਾਤ ਸ਼ੁਰੂ ਕਰਦੇ ਹੋਏ ਕਿਹਾ, 'ਅੱਜ ਮੌਸਮ ਬਹੁਤ ਸੋਹਣਾ ਏ । ਮੇਰਾ ਵਿਚਾਰ ਏ ਕਿ ਤੂੰ ਅੱਜ ਬਹੁਤ ਵਧੇਰੇ ਮੱਛੀਆਂ ਫੜ ਸਕੇਂਗਾ । ਪਰ ਮੈਂ ਤਾਂ ਅੱਜ ਤੱਕ ਇਕ ਹੀ ਚੱਕਰ 'ਚ ਹੋਰ ਮੱਛੀਆਂ ਤੋਂ ਇਲਾਵਾ ਚਾਰ ਲਪਟਾਰ ਤੇ ਦੋ ਮਾਇਕ ਲਾਇਨ ਫੜ ਲਿਆਇਆ ਹਾਂ । ਇਹ ਮੱਛੀਆਂ ਬਹੁਤ ਮਹਿੰਗੀਆਂ ਹੁੰਦੀਆਂ ਹਨ । ਇਸ ਤਰ੍ਹਾਂ ਮੈਨੂੰ ਦੋ-ਤਿੰਨ ਦਿਨ ਮੱਛੀਆਂ ਫੜਨ ਦੀ ਲੋੜ ਹੀ ਨਹੀਂ ।' ਮਛਵਾਰੇ ਨੇ ਜਵਾਬ ਦਿੱਤਾ । 'ਤੇਰੀ ਨਿੱਜੀ ਜ਼ਿੰਦਗੀ ਹੈ ਮੈਨੂੰ ਦਖਲ ਦੇਣ ਦੀ ਲੋੜ ਤਾਂ ਨਹੀਂ ਸੀ, ਫਿਰ ਵੀ ਮੈਂ ਤੈਨੂੰ ਇਕ ਸਲਾਹ ਦਿੰਦਾ ਹਾਂ । ਅੱਜ ਵਾਂਗ ਕਿਸੇ ਦਿਨ ਤੈਨੂੰ ਇਕ ਹੀ ਚੱਕਰ 'ਚ ਮਹਿੰਗੀਆਂ ਤੇ ਚੰਗੀਆਂ ਮੱਛੀਆਂ ਮਿਲ ਜਾਣ ਤਾਂ ਉਸ ਦਿਨ ਤੂੰ ਤਿੰਨ-ਚਾਰ ਚੱਕਰ ਲਾਇਆ ਕਰ । ਹੋ ਸਕਦਾ ਏ, ਤੂੰ ਅੱਜ ਤੋਂ ਕਈ ਗੁਣਾ ਵੱਧ ਲਪਟਾਰ ਤੇ ਮਾਇਕ ਲਾਇਨ ਤੇ ਹੋਰ ਮੱਛੀਆਂ ਫੜ ਕੇ ਲਿਆ ਸਕਦਾ ਏਾ । ਉਨ੍ਹਾਂ ਨੂੰ ਵੇਚ ਕੇ ਤੂੰ ਸਾਲ ਭਰ ਦੇ ਅੰਦਰ ਲਾਂਚ ਖਰੀਦ ਲਵੇਂਗਾ ਤੇ ਫਿਰ ਸਮੰੁਦਰ 'ਚ ਦੂਰ ਤੱਕ ਜਾ ਕੇ ਉਸ ਤੋਂ ਕਈ ਗੁਣਾ ਵਧੇਰੇ ਮੱਛੀਆਂ ਫੜ ਸਕੇਂਗਾ । ਤੂੰ ਇਹ ਮੱਛੀਆਂ ਹੋਰ ਸ਼ਹਿਰਾਂ 'ਚ ਵੀ ਸਪਲਾਈ ਕਰ ਸਕਦਾ ਏਾ । ਅਜਿਹਾ ਕਰਨ ਨਾਲ ਤੂੰ ਬਹੁਤ ਸਾਰੇ ਪੈਸੇ ਕਮਾ ਲਵੇਂਗਾ । ਫਿਰ ਤੂੰ ਇਕ ਰੇਸਤਰਾਂ ਖੋਲ੍ਹ ਲਵੀਂ । ਤੁਹਾਡੇ ਬਹੁਤ ਸਾਰੇ ਨੌਕਰ ਹੋਣਗੇ । ਇਸ ਪ੍ਰਕਾਰ ਤੇਰਾ ਇਕ ਫਾਰਮ ਬਣ ਜਾਵੇਗਾ ।' ਇੰਨਾ ਕਹਿ ਕੇ ਸੈਲਾਨੀ ਨੇ ਅੱਗੇ ਫਿਰ ਕਿਹਾ, 'ਤੇਰੇ ਕੋਲ ਬਹੁਤ ਸਾਰੇ ਨੌਕਰ ਹੋਣਗੇ, ਜਿਹੜਾ ਤੇਰਾ ਕੰਮ ਕਰਨਗੇ, ਫਿਰ ਤੂੰ ਆਰਾਮ ਨਾਲ ਆਪਣੀ ਮੋਟਰਬੋਟ 'ਚ ਇਸ ਪ੍ਰਕਾਰ ਸੋਇਆ ਰਹੀਂ । ਇਸ 'ਤੇ ਮਛਵਾਰੇ ਨੇ ਕਿਹਾ, 'ਹੁਣ ਵੀ ਤਾਂ ਮੈਂ ਇਹੀ ਕਰ ਰਿਹਾ ਸੀ । ਕੇਵਲ ਤੇਰੇ ਕੈਮਰੇ ਦੀ ਕਲਿੱਕ-ਕਲਿੱਕ ਨੇ ਮੈਨੂੰ ਜਗਾ ਦਿੱਤਾ', ਸੈਲਾਨੀ ਸ਼ਰਮਿੰਦਾ ਹੋ ਕੇ ਰਹਿ ਗਿਆ ।*
(ਅਨੁਵਾਦ: ਸੁਰਜੀਤ)